ਮੈਂ ਜਦੋਂ ਵੀ ਥਿੜਕਦਾ ਹਾਂ
ਆਪਣੀ ਥਾਂ ਤੋਂ ਜਾਂ ਆਪਣੀ ਜ਼ੁਬਾਂ ਤੋਂ
ਤਾਂ ਅੱਖਾਂ ਮੇਰੀਆਂ ਦੂਰ ਦੂਰ ਤਕ
ਤੱਕਦੀਆਂ ਹਨ ਇਲਾਹੀ ਨਦਰ ਦੇ ਪੈਂਡੇ
ਲੱਭਦੀਆਂ ਹਨ ਉਸ ਪ੍ਰੀਤਮ ਪਿਆਰੇ ਨੂੰ
ਬੇਗਮਪੁਰ ਦੇ ਵਾਸੀ ਨੂੰ ਜਿਸ ਦੇ ਚਿਹਰੇ ਦਾ ਜਾਹੋ-ਜਲਾਲ
ਜਿਸ ਦੀਆਂ ਮਸਤਕ ਸੋਚਾਂ ਦੀ ਅਨੂਪਮ ਦ੍ਰਿਸ਼ਟੀ
ਜਿਸ ਦੇ ਪੈਗੰਬਰੀ ਸਫ਼ਰ ਅਤੇ ਬੀਰਤਾ ਭਰੇ ਬੋਲਾਂ ਦੇ ਅੱਗੇ
ਧਰਤੀ ਸਿਮਟ ਸਿਮਟ ਜਾਂਦੀ ਸੀ।
ਮੈਂ ਜਦੋਂ ਵੀ ਥਿੜਕਦਾ ਹਾਂ
ਆਪਣੀ ਥਾਂ ਤੋਂ ਜਾਂ ਆਪਣੀ ਜ਼ੁਬਾਂ ਤੋਂ
ਤਾਂ ਬੁੱਲ੍ਹ ਬਾਣੀ ਛੋਹਣ ਦਾ ਜਤਨ ਕਰਦੇ ਹਨ
ਜਾਪ ਸਾਹਿਬ ਜਾਂ ਜ਼ਫ਼ਰਨਾਮੇ ’ਚੋਂ
ਤਾਂ ਕਿ ਸੰਸਿਆਂ ਭਰੇ ਮਨ ਨੂੰ
ਕੁਝ ਚਿਰ ਲਈ ਬੇਸੰਸਾ ਕਰ ਸਕਾਂ।
ਪਰ ਅਕਸਰ ਹੀ
ਉਸ ਜਾਹੋ-ਜਲਾਲ ਦੇ ਦੀਦਾਰ ਤੋਂ ਸੱਖਣਾ
ਉਸ ਪੈੜ ਦੀ ਪਛਾਣ ਤੋਂ ਹੀਣਾ
ਉਸ ਬਾਣੀ ਦੇ ਕੱਦ ਤੋਂ ਬੌਣਾ
ਮੈਂ ਚੁਰਾਹੇ ’ਤੇ ਹੀ ਖੜ੍ਹਾ ਰਹਿ ਜਾਂਦਾ ਹਾਂ
ਇਕ ਅਦਨੇ ਜਿਹੇ ਆਦਮੀ ਦੀ ਤਰ੍ਹਾਂ।
ਤੇ ਮੇਰੀ ਜਗਿਆਸਾ
ਮੇਰਾ ਸੁਪਨਾ ਮੇਰੀ ਇਬਾਦਤ
ਗੁਰਾਂ ਦੇ ਕਦਮ, ਗੁਰਾਂ ਦੇ ਬੋਲ
ਗੁਰਾਂ ਦੇ ਦੀਦਾਰ ਤੋਂ ਬਹੁਤ ਪਿਛਾਂਹ ਰਹਿ ਜਾਂਦੀ ਹੈ।
ਮੈਂ ਜਦੋਂ ਵੀ ਥਿੜਕਦਾ ਹਾਂ
ਆਪਣੀ ਥਾਂ ਤੋਂ ਜਾਂ ਆਪਣੀ ਜ਼ੁਬਾਂ ਤੋਂ
ਤਾਂ ਅੱਖਾਂ ਮੇਰੀਆਂ ਦੂਰ ਦੂਰ ਤਕ
ਤੱਕਦੀਆਂ ਹਨ ਇਲਾਹੀ ਨਦਰ ਦੇ ਪੈਂਡੇ।
ਲੇਖਕ ਬਾਰੇ
#90-ਐਫ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ
- ਹੋਰ ਲੇਖ ਉਪਲੱਭਧ ਨਹੀਂ ਹਨ