ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ, ਇਹਨਾਂ ਐਨੀ ਛੇਤੀ ਹਰਨਾ ਨਹੀਂ …..
ਇਨਸਾਨ ਦੀ ਜ਼ਿੰਦਗੀ ਵਿੱਚ ਹਾਦਸਿਆਂ ਦਾ ਵਾਪਰਨਾ ਕੋਈ ਨਵੀਂ ਗੱਲ ਨਹੀਂ ਸਗੋਂ ਉਹਨਾਂ ਹਾਦਸਿਆਂ ਦੇ ਰੁਬਰੂ ਹੋ ਕੇ ਜਾਂ ਉਹਨਾਂ ਨੂੰ ਆਪਣੇ ਉੱਤੇ ਝੱਲ ਕੇ, ਉਹ ਇਨਸਾਨ ਕਿੰਨੇ ਹੌਸਲੇ ਅਤੇ ਦ੍ਰਿੜਤਾ ਦੇ ਨਾਲ ਆਮ ਜੀਵਨ ਨਾਲ ਦੁਬਾਰਾ ਇੱਕਮਿੱਕਤਾ ਕਾਇਮ ਕਰਦਾ ਹੈ, ਜ਼ਰੂਰ ਇੱਕ ਅਸਰਦਾਰ ਅਤੇ ਵੱਡੀ ਗੱਲ ਹੈ। ਕਈ ਵਾਰ ਜ਼ਿੰਦਗੀ ਦੀਆਂ ਅਜਿਹੀਆਂ ਦੁਰਘਟਨਾਵਾਂ ਅਤੇ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਲੱਤਾਂ ਜਾਂ ਬਾਹਾਂ ਵੀ ਕੱਟਣੀਆਂ ਪੈਂਦੀਆਂ ਹਨ। ਇਹਨਾਂ ਸਰੀਰਕ ਅੰਗਾਂ ਦੀ ਅਣਹੋਂਦ ਵਿੱਚ ਜਦੋਂ ਅਜਿਹੇ ਲੋਕ ਸਾਡੇ ਵਰਗੇ ਆਮ ਲੋਕਾਂ ਸਾਹਮਣੇ ਨਵੇਂ ਕੀਰਤੀਮਾਨ ਸਥਾਪਤ ਕਰਦੇ ਹਨ ਤਾਂ ਸਾਡੀ ਹੈਰਾਨੀ ਵਿੱਚ ਵਾਧਾ ਹੋਣਾ ਸੁਭਾਵਿਕ ਹੁੰਦਾ ਹੈ।
ਭਾਵੇਂ ਕਿ ਲੱਤਾਂ ਬਾਹਾਂ ਦੀ ਅਣਹੋਂਦ ਵਿੱਚ ਜ਼ਿੰਦਗੀ ਜਿਉਣਾ ਸੌਖਾ ਨਹੀਂ ਹੁੰਦਾ, ਪਰ ਮਜ਼ਬੂਤ ਮਨੋਬਲ ਸੰਗ ਹਰ ਪਲ ਨਵੀਂਆਂ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਉਹਨਾਂ ਨੂੰ ਖਿੜੇ ਮੱਥੇ ਸਵੀਕਾਰਨ ਵਾਲੇ ਲੋਕ ਸ਼ੁਕਰਾਨੇ ਨਾਲ ਭਰਪੂਰ ਹੁੰਦੇ ਹਨ।
ਅਜਿਹੇ ਲੋਕਾਂ ਬਾਰੇ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਪਰ ਜੇਕਰ ਕਿਸੇ ਇਨਸਾਨ ਅੰਦਰ ਧੜਕਣ ਵਾਲਾ ਦਿਲ ਹੀ ਨਾ ਰਹੇ ਤਾਂ ਅਜਿਹੇ ਵਿੱਚ ਉਸ ਲਈ ਜੀਵਨ ਦੀ ਉਮੀਦ ਹੀ ਮੁੱਕ ਜਾਂਦੀ ਹੈ।
ਪਰ ਹੇਠਲੀ ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਕੋਈ ਆਮ ਔਰਤ ਨਹੀਂ ਹੈ। ਇਹ ਬਰਤਾਨੀਆ ਦੇ ਕਲੇਅਹਾਲ ਸ਼ਹਿਰ ਦੀ ਸਲਵਾ ਹੁਸੈਨ ਹੈ ਜਿਸ ਕੋਲ ਸੀਨੇ ਵਿੱਚ ਦਿਲ ਨਾ ਹੋਣ ਕਾਰਨ ਉਸਨੂੰ ਜਿਉਂਦੇ ਰਹਿਣ ਲਈ ਇਕ ਬਣਾਵਟੀ ਦਿਲ ਵਾਲੇ ਬੈਗ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਪੈਂਦਾ ਹੈ। ਜਿਸਨੂੰ ਉਹ ਆਪਣੀ ਪਿੱਠ ਉੱਤੇ ਲੱਦ ਕੇ ਰੁਜ਼ਾਨਾ ਦੇ ਕਾਰ ਵਿਹਾਰ ਕਰਦੀ ਨਜ਼ਰ ਆਉਂਦੀ ਹੈ।
ਸਲਵਾ ਨੂੰ ਸਾਲ 2017 ਵਿੱਚ ਇੱਕ ਜ਼ਬਰਦਸਤ ਦਿਲ ਦਾ ਦੌਰਾ ਪਿਆ ਸੀ। ਉਸ ਸਮੇਂ ਉਹ ਆਪਣੇ ਘਰ ਵਿੱਚ ਇਕੱਲੀ ਸੀ ਜਦੋਂ ਉਸ ਨੂੰ ਛਾਤੀ ਵਿੱਚ ਤਿੱਖਾ ਦਰਦ ਮਹਿਸੂਸ ਹੋਇਆ ਅਤੇ ਉਹ ਇੱਕਲੀ ਕਰਾ ਚਲਾ ਕੇ ਨੇੜਲੇ ਹਸਪਤਾਲ ਪਹੁੰਚ ਗਈ। ਉਹ ਦਿਲ ਦਾ ਦੌਰਾ ਐਨਾ ਖ਼ਤਰਨਾਕ ਸੀ ਕਿ ਉਸਦਾ ਦਿਲ ਪੂਰੀ ਤਰਾਂ ਨਕਾਰਾ ਹੋ ਗਿਆ। ਜਦੋਂ ਚਾਰ ਦਿਨ ਉਸਨੂੰ ਜ਼ਿੰਦਗੀ ਅਤੇ ਮੌਤ ਦੀ ਜੱਦੋ ਜਹਿਦ ਨਾਲ ਜੂਝਦਿਆਂ ਦੇਖ ਉਸ ਅੰਦਰ ਦਿਲ ਧੜਕਾਉਣ ਦੀ ਡਾਕਟਰਾਂ ਦੀ ਕੋਸ਼ਿਸ਼ ਨਾਕਾਮ ਰਹੀ ਤਾਂ ਉਸ ਦਾ ਦਿਲ ਸਰੀਰ ਵਿੱਚੋਂ ਹਟਾਉਣਾ ਪਿਆ। ਅਖੀਰ ਡਾਕਟਰਾਂ ਨੇ ਉਸ ਦੇ ਪਤੀ ਦੀ ਇਜਾਜ਼ਤ ਨਾਲ ਇੱਕ ਬੈਟਰੀ ਨਾਲ ਚੱਲਣ ਵਾਲੀ ਪਲਾਸਟਿਕ ਦੇ ਮਸ਼ੀਨ ਰੂਪੀ ਬਣਾਵਟੀ ਦਿਲ ਨਾਲ ਦੋ ਨਾਲੀਆਂ ਜੋੜ ਕੇ ਉਹਨਾਂ ਨੂੰ ਢਿੱਡ ਦੀ ਧੁੰਨੀ ਵਾਲੇ ਰਸਤੇ ਤੋਂ ਅੰਦਰ ਦੀਆਂ ਨਾਲੀਆਂ ਨਾਲ ਜੋੜ ਦਿੱਤਾ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਕਿਸਮ ਦਾ ਅਪਰੇਸ਼ਨ ਸੀ ਜਿਸ ਤਹਿਤ ਡਾਕਟਰ ਸਲਵਾ ਨੂੰ ਨਵਾਂ ਜੀਵਨ ਦੇਣ ਵਿੱਚ ਕਾਮਯਾਬ ਹੋਏ ਸਨ। ਸਲਵਾ ਹੁਣ ਇਸੇ ਬਣਾਵਟੀ ਦਿਲ ਨਾਲ ਜ਼ਿੰਦਗੀ ਜਿਉ ਰਹੀ ਹੈ। ਇਸ ਮਸ਼ੀਨ ਦਾ ਭਾਰ ਸਾਢੇ ਛੇ ਕਿੱਲੋ ਤੋਂ ਵੀ ਵੱਧ ਹੈ ਅਤੇ ਸਲਵਾ ਤੁਰਨ ਵੇਲੇ ਇਸ ਬੈਗ ਨੂੰ ਪਿੱਠ ਉੱਤੇ ਲੱਦ ਲੈਂਦੀ ਹੈ ਅਤੇ ਬੈਠਣ ਸਮੇਂ ਉਸਨੂੰ ਗੋਦੀ ਵਿੱਚ ਰੱਖ ਲੈਂਦੀ ਹੈ। ਉਸ ਨੂੰ ਕਿਸੇ ਤਰਾਂ ਦੀ ਅਚਾਨਕ ਲੋੜ ਸਮੇਂ ਇਕ ਦੇਖਭਾਲ ਕਰਨ ਵਾਲਾ ਹਮੇਸ਼ਾ ਉਸਦੇ ਨਾਲ ਹੁੰਦਾ ਹੈ। ਉਸ ਦੀ ਮਸ਼ੀਨ ਨੂੰ ਮਾਤਰ 90 ਸੈਕੰਡ ਦੇ ਸਮੇਂ ਵਿੱਚ ਹੀ ਜੋੜਨਾ ਪੈਂਦਾ ਹਾਂ ਨਹੀਂ ਤਾਂ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਸਲਵਾ ਲਈ ਜ਼ਿੰਦਗੀ ਦੇ ਅਰਥ ਬਦਲ ਚੁੱਕੇ ਹਨ, ਉਸਦੇ ਅਨੁਸਾਰ ਜਦੋਂ ਮੈਂ ਮੌਤ ਦੀ ਸੇਜ ਉੱਤੇ ਲੇਟੀ ਹੋਈ ਸਾਂ ਤਾਂ ਅਸਲ ਵਿੱਚ ਉਦੋਂ ਹੀ ਮੈਂ ਜ਼ਿੰਦਗੀ ਦੀ ਅਹਿਮੀਅਤ ਨੂੰ ਜਾਣਿਆ ਅਤੇ ਮੈਨੂੰ ਪਤਾ ਲੱਗਾ ਕਿ ਸਾਡੀਆਂ ਚਿੰਤਾਵਾਂ ਕਿੰਨੀਆਂ ਬੇਅਰਥ ਹਨ। ਅਸੀਂ ਸਭ ਕੁਝ ਹੋਣ ਦੇ ਬਾਵਜੂਦ ਸ਼ਿਕਾਇਤਾਂ ਨਾਲ ਭਰੇ ਹੋਏ ਹਾਂ। ਸਾਡੀ ਜ਼ਿੰਦਗੀ ਵਿੱਚ ਚੀਜ਼ਾਂ ਜਾਂ ਲੋਕਾਂ ਦਾ ਹੋਣਾ ਅਹਿਮ ਨਹੀਂ ਸਗੋਂ ਜ਼ਿੰਦਗੀ ਵਿੱਚ ਜੀਵਨ ਦਾ ਹੋਣਾ ਅਹਿਮ ਹੈ ਸਾਨੂੰ ਹਰ ਪਲ ਇਸ ਜੀਵਨ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
ਸਲਵਾ ਦੀ ਉਮਰ ਹੁਣ 41 ਸਾਲ ਹੈ, ਦੋ ਬੱਚਿਆਂ ਦੀ ਮਾਂ ਸਲਵਾ ਹੁਸੈਨ ਇਹਨਾਂ ਕਠੋਰ ਸਥਿਤੀਆਂ ਵਿੱਚ ਵੀ ਮਜ਼ਬੂਤ ਮਨੋਬਲ ਨਾਲ ਆਮ ਵਰਗੀ ਜ਼ਿੰਦਗੀ ਜੀਅ ਰਹੀ ਹੈ। ਉਸ ਨੂੰ ਨਵਾਂ ਦਿਲ ਕਦੋਂ ਮਿਲੇਗਾ ਅਜੇ ਪਤਾ ਨਹੀਂ ਪਰ ਇਸ ਮਸ਼ੀਨ ਸਦਕਾ ਉਸ ਅੰਦਰ ਖ਼ੂਨ ਸੰਚਾਰ ਦੀ ਪ੍ਰਕਿਰਿਆ ਚੱਲ ਰਹੀ ਹੈ ਜੋ ਉਸ ਲਈ ਜ਼ਿੰਦਾਦਿਲੀ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਜ਼ਿੰਦਗੀ ਜੀਉਣ ਦਾ ਸਾਧਨ ਵੀ ਬਣੀ ਹੈ। ਜੇ ਇੱਛਾ ਸ਼ਕਤੀ ਮਜ਼ਬੂਤ ਨਾ ਹੁੰਦੀ ਤਾਂ ਸ਼ਾਇਦ ਉਹ ਕਦੋਂ ਦੀ ਇਸ ਰੰਗਲੀ ਦੁਨੀਆਂ ਤੋਂ ਕੂਚ ਕਰ ਜਾਂਦੀ। ਉਹ ਸਾਡੇ ਸਭ ਲਈ ਪ੍ਰੇਰਣਾਸ੍ਰੋਤ ਬਣ ਚੁੱਕੀ ਹੈ। ਇਸ ਔਰਤ ਦੇ ਸਾਹਮਣੇ ਸਾਡੀਆਂ ਨਿੱਜੀ ਸਮੱਸਿਆਵਾਂ ਜਾਂ ਚਿੰਤਾਵਾਂ ਬੇਹੱਦ ਬੌਨੀਆਂ ਹੋਣਗੀਆਂ। ਉਹ ਮੌਤ ਨੂੰ ਹਰਾਉਣ ਵਿੱਚ ਸਫਲ ਰਹੀ ਹੈ ਅਤੇ ਅਜੇ ਵੀ ਮੌਤ ਨੂੰ ਲਗਾਤਾਰ ਮਾਤ ਦਿੰਦਿਆਂ ਉਸਦੇ ਚਿਹਰੇ ਉੱਤੇ ਮੁਸਕੁਰਾਹਟ ਹੈ। ਉਸਦੀ ਇਹ ਮੁਸਕੁਰਾਹਟ ਹੀ ਚੜ੍ਹਦੀ ਕਲਾ ਦੀ ਮਿਸਾਲ ਹੈ।
ਦੂਜੇ ਪਾਸੇ ਅਸੀਂ ਸਭ ਕੁਝ ਹਾਸਲ ਕਰਕੇ ਵੀ ਰੋਸਿਆਂ ਅਤੇ ਸ਼ਿਕਾਇਤਾਂ ਨਾਲ ਭਰੇ ਹੋਏ ਹਾਂ। ਅਸੀਂ ਛੋਟੀਆਂ-ਛੋਟੀਆਂ ਗੱਲਾਂ ਕਾਰਨ ਹੀ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਾਂ, ਮਨ ਦੀ ਸ਼ਾਂਤੀ ਖੋਹ ਬੈਠਦੇ ਹਾਂ। ਕੋਈ ਸਾਡਾ ਫ਼ੋਨ ਨਾ ਚੁੱਕੇ, ਕੋਈ ਸਾਡੀ ਪੋਸਟ ਲਾਈਕ ਨਾ ਕਰੇ, ਚਾਹ ਵਿੱਚ ਮਿੱਠਾ ਘੱਟ ਹੋਵੇ, ਕਾਫ਼ੀ ਠੰਡੀ ਮਿਲੇ, ਬਾਹਰ ਤੇਜ਼ ਹਨੇਰੀ ਜਾਂ ਮੀਂਹ ਹੋਵੇ, ਗਰਮੀ ਵੱਧ ਜਾਂ ਘੱਟ ਹੋਵੇ, ਠੰਡ ਵੱਧ ਹੋਵੇ ਜਾਂ ਘੱਟ ਹੋਵੇ, ਕਾਰ ਚਲਾਉਂਦਿਆਂ ਬਾਰ ਬਾਰ ਲਾਲ ਬੱਤੀ ਹੋ ਜਾਵੇ, ਟ੍ਰੈਫ਼ਿਕ ਜਾਮ ਹੋ ਜਾਵੇ, ਛੋਟੀ ਮੋਟੀ ਸੱਟ ਲੱਗ ਜਾਵੇ, ਪਤਾ ਨਹੀਂ ਹੋਰ ਕਿੰਨੇ ਬਹਾਨੇ ਹਨ ਜਿਨਾਂ ਕਾਰਨ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ।
ਜਦਕਿ ਪ੍ਰਮਾਤਮਾ ਵਲੋਂ ਮਿਲੀ ਜ਼ਿੰਦਗੀ ਰੂਪੀ ਸੌਗ਼ਾਤ ਲਈ ਹਰ ਪਲ ਉਸਦਾ ਸ਼ੁਕਰਗੁਜ਼ਾਰ ਹੋਣਾ ਬਣਦਾ ਹੈ। ਇਸ ਸ਼ੁਕਰਾਨੇ ਲਈ ਪਹਿਲਾਂ ਕਿਸੇ ਹਾਦਸੇ ਵਿੱਚੋਂ ਗੁਜ਼ਰਨਾ ਜ਼ਰੂਰੀ ਨਹੀਂ, ਸਗੋਂ ਜਿਸ ਪਲ ਅਸੀਂ ਕਿਸੇ ਦੂਜੇ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈ ਕੇ ਸ਼ੁਕਰਾਨੇ ਦੇ ਅਹਿਸਾਸ ਵਿੱਚ ਜਿਉਣਾ ਸਿੱਖ ਜਾਵਾਂਗੇ ਤਾਂ ਜ਼ਿੰਦਗੀ ਦੀਆਂ ਵੱਡੀਆਂ ਤੋਂ ਵੱਡੀਆਂ ਦੁਸ਼ਵਾਰੀਆਂ ਅਤੇ ਮੁਸ਼ਕਲਾਂ ਨੂੰ ਸਰ ਕਰਨ ਦਾ ਬਲ ਵੀ ਆਪਮੁਹਾਰੇ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰ ਜਾਵੇਗਾ।
ਉਸ ਪਲ ਅਸੀਂ ਜ਼ਿੰਦਗੀ ਦੀ ਅਹਿਮੀਅਤ ਨੂੰ ਸ਼ਿੱਦਤ ਨਾਲ ਮਹਿਸੂਸ ਕਰ ਪਾਵਾਂਗੇ ਅਤੇ ਜ਼ਿੰਦਗੀ ਦੀ ਕੀਮਤ ਵਧੇਰੇ ਨੇੜਿਓਂ ਜਾਣ ਪਾਵਾਂਗੇ।
ਲੇਖਕ ਬਾਰੇ
- ਅਮਰਦੀਪ ਕੌਰhttps://sikharchives.org/kosh/author/%e0%a8%85%e0%a8%ae%e0%a8%b0%e0%a8%a6%e0%a9%80%e0%a8%aa-%e0%a8%95%e0%a9%8c%e0%a8%b0/June 14, 2020