ਜਦੋਂ ਭੱਟ ਗਯੰਦ ਜੀ ਇਹ ਕਹਿੰਦੇ ਹਨ ‘ਗੁਰੂ ਨਾਨਕ ਨਿਕਟਿ ਵਸੈ ਬਨਵਾਰੀ’ ਤੇ ਪੰਚਮ ਪਾਤਸ਼ਾਹ ਜੀ ਇਨ੍ਹਾਂ ਬੋਲਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕਰਦੇ ਹਨ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਅਕਾਲ ਪੁਰਖ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਕਿੰਨੀ ਕੁ ਵਿੱਥ ਸੀ?
ਗੁਰੂ ਬੋਲ ਹਨ- ‘ਸਤਿਗੁਰੂ ਤੋਂ ਬਗੈਰ ਤੇਰਾ ਕੋਈ ਬੇਲੀ ਨਹੀਂ ਜੋ ਤੇਰਾ ਇਥੇ ਵੀ ਰਖਵਾਲਾ ਹੈ ਤੇ ਦਰਗਾਹ ਵਿਚ ਵੀ ਰਾਖੀ ਕਰੇਗਾ, ਸਹਾਈ ਹੋਵੇਗਾ:
ਸਤਿਗੁਰ ਬਾਝੁ ਨ ਬੇਲੀ ਕੋਈ॥
ਐਥੈ ਓਥੈ ਰਾਖਾ ਪ੍ਰਭੁ ਸੋਈ॥ (ਪੰਨਾ 1031)
ਪਹਿਲੇ ਪਾਤਸ਼ਾਹ ਦੇ ਅਨੁਭਵੀ ਬੋਲ ਹਨ, ਪ੍ਰਭੂ ਦੀ ਬੇਅੰਤਤਾ ਬਾਰੇ ਕਹਿਣਾ ਔਖਾ ਹੈ ਕਿਉਂਕਿ ਤੁਸੀਂ ਜੋ ਵੀ ਕਹੋਗੇ ਉਹ ਬੋਲ, ਲਫ਼ਜ਼ ਉਸ ਦੀ ਵਡੱਤਣ ਨੂੰ ਬਿਆਨ ਕਰਨ ਤੋਂ ਅਸਮਰੱਥ ਹੋਣਗੇ। ਬਿਆਨਣ ਵਾਲੇ ਦੀ ਮੱਤ ਹੌਲੀ ਹੋਵੇਗੀ। ਉਸ ਦੇ ਬੋਲ ਵੀ ਹੌਲੇ ਹੋਣਗੇ:
ਵਡਾ ਆਖਣੁ ਭਾਰਾ ਤੋਲੁ॥
ਹੋਰ ਹਉਲੀ ਮਤੀ ਹਉਲੇ ਬੋਲ॥ (ਪੰਨਾ 1239)
ਗੁਰੂ ਸਾਹਿਬ ਦਾ ਅਨੁਭਵ ਹੈ ਅਤੇ ਉਹ ਬੜੀ ਨਿਰਮਾਣਤਾ ਤੇ ਅਧੀਨਤਾ ਨਾਲ ਸਵੀਕਾਰਦੇ ਹਨ ਕਿ ਮੈਂ ਦੁਨੀਆਂ ਦੀਆਂ ਮਿੱਠੀਆਂ ਚੀਜ਼ਾਂ ਦਾ ਸਵਾਦ ਤਾਂ ਚੱਖ ਲਿਆ ਹੈ ਪਰ ਤੇਰੇ ਅੰਮ੍ਰਿਤ ਰੂਪ ਨਾਮ ਤੋਂ ਸਾਰੀਆਂ ਥੱਲੇ ਹਨ:
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ॥ (ਪੰਨਾ 155)
ਗੁਰੂ ਸਾਹਿਬ ਉੱਚੀ ਬਾਂਹ ਕਰ ਕੇ ਆਖਦੇ ਹਨ ਐ ਦੁਨੀਆਂ ਦੇ ਲੋਕੋ! ਦੁਚਿੱਤੀ ਛੱਡ ਕੇ ਉਸ ਦੇ ਹੋ ਜਾਓ, ਉਹ ਪ੍ਰਭੂ ਆਪਣੇ ਗਲ ਲਾਵੇਗਾ ਅਤੇ ਸੰਸਾਰ-ਸਾਗਰ ਤੋਂ ਪਾਰ ਕਰ ਦੇਵੇਗਾ। ਜਿਵੇਂ ਪੱਤਣ ’ਤੇ ਖੜ੍ਹਾ ਬੇੜੀ ਵਾਲਾ ਉੱਚੀ ਆਵਾਜ਼ ਵਿਚ ਕਹਿੰਦਾ ਹੈ ਨਿੱਡਰ ਹੋ ਕੇ ਆਓ, ਮੇਰਾ ਦਾਅਵਾ ਹੈ ਕਿ ਸਤਿਗੁਰੂ ਦੇ ਜਹਾਜ਼ ’ਤੇ ਚੜ੍ਹ ਕੇ ਪਾਰ ਲੱਗਦੇ ਮੈਂ ਅੱਖੀਂ ਵੇਖੇ ਹਨ:
ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ॥
ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ॥ (ਪੰਨਾ 1015)
ਸ੍ਰੀ ਗੁਰੂ ਅਮਰਦਾਸ ਜੀ ਦੇ ਬੋਲ ਹਨ, ਉਸ ਸਾਹਿਬ ਦੀਆਂ ਵਡਿਆਈਆਂ ਬਹੁਤ ਹਨ; ਹਿੰਦਸੇ ਮੁੱਕ ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ।
ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ॥ (ਪੰਨਾ 854)
ਪਰ ਨਾਲ ਹੀ ਕਹਿੰਦੇ ਹਨ ਕਿ ਗੁਰੂ ਦੀ ਸਿੱਖਿਆ ਕੋਈ ਵਿਰਲਾ ਹੀ ਲੈਂਦਾ ਹੈ ਕਿਉਂਕਿ ਲੈਂਦਾ ਵੀ ਓਹੋ ਹੀ ਹੈ ਜਿਸ ਨੂੰ ਆਪ ਵਡਿਆਈ ਦੇਂਦਾ ਹੈ:
ਗੁਰ ਕੀ ਸਿਖ ਕੋ ਵਿਰਲਾ ਲੇਵੈ॥
ਨਾਨਕ ਜਿਸੁ ਆਪਿ ਵਡਿਆਈ ਦੇਵੈ॥ (ਪੰਨਾ 509)
ਆਪਣੇ ਅਨੁਭਵ ਦੇ ਆਧਾਰ ’ਤੇ ਕਹਿੰਦੇ ਹਨ ਪ੍ਰਭੂ ਨਾਲ ਜੁੜੀਆਂ ਰੂਹਾਂ ਦੀ ਨਿਸ਼ਾਨੀ ਹੈ ਕਿ ਉਨ੍ਹਾਂ ਦੇ ਮੂੰਹੋਂ ਸੱਚ ਹੀ ਨਿਕਲਦਾ ਹੈ। ਬੋਲਣ ਤੋਂ ਹੀ ਪਤਾ ਲੱਗ ਜਾਂਦਾ ਹੈ:
ਸਬਦੌ ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ॥ (ਪੰਨਾ 429)
ਚੌਥੇ ਪਾਤਸ਼ਾਹ ਜੀ ਤਾਂ ਉਸ ਇਲਾਹੀ ਜੋਤ ਦੀ ਗੱਲ ਕਰਦੇ ਹਨ ਕਿ ਜੋ ਸਤਿਗੁਰ ਅੰਦਰ ਜਗੀ ਹੈ ਉਸ ਦਾ ਗਿਆਨ ਸਤਿਗੁਰੂ ਹੈ, ਪੂਜਾ ਸਤਿਗੁਰੂ ਹੈ ਸੇਵਾ ਵੀ ਉਸ ਦੀ ਹੀ ਕਰੋ, ਦੂਜੀ ਕੋਈ ਝਾਕ ਨਾ ਰੱਖੋ। ਸਤਿਗੁਰੂ ਤੋਂ ਹੀ ਮੈਂ ਨਾਮ-ਰੂਪੀ ਰਤਨ ਪਾਇਆ ਹੈ, ਉਸ ਦੀ ਸੇਵਾ ਹੀ ਮੇਰੀ ਜ਼ਿੰਦਗੀ ਹੈ, ਇਹੋ ਹੀ ਅਨੁਭਵ ਹੋਇਆ ਹੈ:
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥
ਸਤਿਗੁਰੁ ਸੇਵੀ ਅਵਰੁ ਨ ਦੂਜਾ॥
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ॥ (ਪੰਨਾ 162)
ਅੱਗੇ ਕਹਿੰਦੇ ਹਨ, ਮੇਰਾ ਸਤਿਗੁਰੂ ਨਾਲ ਪਿਆਰ ਹੈ, ਮੈਂ ਉਸ ਬਗੈਰ ਜ਼ਿੰਦਾ ਕਿਵੇਂ ਰਹਿ ਸਕਦਾ ਹਾਂ! ਮੇਰੇ ਜੀਣ ਦਾ ਆਧਾਰ ਹੀ ਗੁਰਬਾਣੀ ਹੈ ਤੇ ਮੈਂ ਤਾਂ ਅੱਠੇ ਪਹਿਰ ਗੁਰਬਾਣੀ ਨਾਲ ਲਗਾਓ ਰੱਖਦਾ ਹਾਂ:
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥ (ਪੰਨਾ 759)
ਪੰਚਮ ਪਾਤਸ਼ਾਹ ਜੀ ਤਾਂ ਕਹਿ ਉੱਠਦੇ ਹਨ, ਮੇਰਾ ਹਰੀ ਮਿਲਾਪ ਲਈ ਮਨ ਲੋਚਦਾ ਹੈ ਕਿ ਦਰਸ਼ਨ ਕਿਵੇਂ ਹੋਣਗੇ? ਹੇ ਪਭੂ! ਮੈਂ ਤਾਂ ਲੱਖਾਂ ਦੀ ਪ੍ਰਾਪਤੀ ਕਰ ਲਵਾਂ ਜੇ ਕਦੇ ਇਕ ਵਾਰ ਹੀ ਬੁਲਾ ਲਵੇਂ! ਮਨ ਦੀ ਬਿਹਬਲਤਾ ਦਾ ਬਿਆਨ ਹੋਰ ਕਿਹੜੇ ਲਫ਼ਜ਼ਾਂ ਵਿਚ ਬਿਆਨਿਆ ਜਾ ਸਕਦਾ ਹੈ?
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ॥
ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ॥ (ਪੰਨਾ 1096)
ਜਿਸ ਨੂੰ ਸਤਿਗੁਰੂ ਚੰਗਾ ਮਿਲ ਗਿਆ ਉਹ ਤਾਂ ਆਪੇ ਹੀ ਮੁਕਤ ਹੋ ਗਿਆ:
ਸੋ ਮੁਕਤੁ ਨਾਨਕ ਜਿਸ ਸਤਿਗੁਰ ਚੰਗਾ॥ (ਪੰਨਾ 1305)
ਮੇਰੇ ਮਨ ਦੀ ਅਵਸਥਾ ਇਹ ਹੋ ਗਈ ਹੈ ਕਿ ਉਹ ਸਾਰੇ ਥਾਈਂ ਸੋਂਹਦਾ ਹੈ। ਉਸ ਬਗੈਰ ਕੋਈ ਦੂਜਾ ਨਹੀਂ ਦਿੱਸਦਾ। ਇਹ ਸੋਝੀ ਮੈਨੂੰ ਹੀ ਹੋਈ ਹੈ ਜਦ ਮੈਂ ਆਪਣਾ ਆਪ ਸਤਿਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ:
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ॥
ਖੁਲ੍ੜੇ ਕਪਾਟ ਨਾਨਕ ਸਤਿਗੁਰ ਭੇਟਤੇ॥ (ਪੰਨਾ 80)
ਤੇ ਇੰਞ ਕਹਿ ਉੱਠਦੇ ਹਨ ਪ੍ਰਭੂ-ਜਸ ਕੰਨਾਂ ਨਾਲ ਸੁਣੀਏ, ਜੀਭਾ ਨਾਲ ਗਾਇਨ ਕਰੀਏ, ਹਿਰਦੇ ਵਿਚ ਉਸ ਨੂੰ ਧਿਆਈਏ। ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਉਸ ਦੇ ਦਰ ’ਤੇ ਝੁਕਣਾ ਵਿਅਰਥ ਨਹੀਂ, ਸਫ਼ਲਾ ਹੈ:
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ॥
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ॥ (ਪੰਨਾ 611)
ਗੁਰੂ ਜੀ ਨੇ ਸਿਰੇ ਦੀ ਗੱਲ ਕਹਿ ਦਿੱਤੀ ਹੈ, ਹੇ ਮਨੁੱਖ! ਜੇ ਤੂੰ ਪ੍ਰਭੂ ਨਾਲ ਜੁੜੇਂਗਾ ਤਾਂ ਸਭ ਤੇਰੇ ਮਿੱਤਰ ਹੋਣਗੇ, ਤੇਰਾ ਚਿਤ ਵੀ ਸਥਿਰ ਰਹੇਗਾ, ਕਦੀ ਸ਼ੱਕ ਅਤੇ ਕਦੀ ਸ਼ਰਧਾ-ਇਸ ਦੁਚਿੱਤੀ ਵਿਚ ਨਹੀਂ ਰਹੇਗਾ:
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ॥
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ॥ (ਪੰਨਾ 238)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖਸਮ ਦੇ ਬੋਲ ਹਨ। ਧੁਰ ਕੀ ਬਾਣੀ ਹੈ। ਗੁਰੂ ਸਾਹਿਬਾਨ ਦਾ ਅਕਾਲ ਪੁਰਖ ਬਾਰੇ ਅਨੁਭਵ ਹੈ। ਇਹ ਉਹ ਬੋਲ ਹਨ ਜੋ ਉਨ੍ਹਾਂ ਨੇ ਉੱਚੀ ਅਵਸਥਾ ਵਿਚ ਅਸਾਂ ਦੁਨਿਆਵੀਆਂ ਲਈ ਉਚਾਰੇ। ਉਹ ਆਪ ਤਾਂ ਅਨੰਦ ਮਾਣਦੇ ਸੀ, ਸਾਨੂੰ ਇਹ ਅਨੰਦਤ ਹੋਣ ਲਈ ਖਜ਼ਾਨਾ ਬਖਸ਼ ਗਏ ਹਨ। ‘ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ’ ਅਸੀਂ ਅਰਦਾਸ ਵੇਲੇ ਕਹਿੰਦੇ ਹਾਂ। ਗੁਰੂ ਸਾਹਿਬ ਵੀ ਤਾਂ ਕਹਿੰਦੇ ਨੇ ‘ਪੋਥੀ ਪਰਮੇਸਰ ਕਾ ਥਾਨੁ’।
ਸਾਡੇ ਰਹਿਬਰਾਂ ਨੂੰ ਜੋ ਪ੍ਰਭੂ-ਦਰੋਂ ਅਨੁਭਵੀ ਬੋਲ ਪ੍ਰਾਪਤ ਹੋਏ ਉਹ ਸਾਡੇ ਲਈ ਰਾਹ-ਦਸੇਰੇ ਹਨ। ਇਹ ਜੁਗਾਂ ਤੀਕਰ ਹਨ੍ਹੇਰੇ ਹਿਰਦਿਆਂ ਨੂੰ ਰੁਸ਼ਨਾਉਂਦੇ ਰਹਿਣਗੇ! ਹਰ ਸਿੱਖ ਮਾਣ ਨਾਲ ਕਹਿ ਸਕਦਾ ਹੈ: ਅਕਾਲ ਪੁਰਖ ਦਾ ਅਨੁਭਵੀ ਸਰੂਪ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ!
ਲੇਖਕ ਬਾਰੇ
# 248, ਅਰਬਨ ਅਸਟੇਟ, ਲੁਧਿਆਣਾ-10
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/October 1, 2007
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/November 1, 2007
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/March 1, 2008
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/April 1, 2009
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/May 1, 2009
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/June 1, 2010
- ਸ. ਸਤਿਨਾਮ ਸਿੰਘ ਕੋਮਲhttps://sikharchives.org/kosh/author/%e0%a8%b8-%e0%a8%b8%e0%a8%a4%e0%a8%bf%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%95%e0%a9%8b%e0%a8%ae%e0%a8%b2/February 1, 2011