ਸਮੁੱਚੀ ਮਨੁੱਖਤਾ ਲਈ ਇਕ ਸਹੀ ਸੇਧ ਧਰਮ ਹੈ। ਹਰ ਧਰਮ ਦੀ ਬੁਨਿਆਦ ਇਕ ਧਰਮ ਗ੍ਰੰਥ ਹੁੰਦਾ ਹੈ। ‘ਗ੍ਰੰਥ’ ਹੀ ਇਕ ਮਨੁੱਖ ਵਿਚ ਅਤੇ ਧਰਮ ਵਿਚ ਅਟੁੱਟ ਰਿਸ਼ਤਾ ਕਾਇਮ ਕਰਦਾ ਹੈ। ਚੰਗਾ ਮਨੁੱਖ ਬਣਨ ਦੇ ਮੂਲ ਸ੍ਰੋਤ ਗ੍ਰੰਥ ਹੀ ਹੁੰਦਾ ਹੈ। ਧਰਮ ਗ੍ਰੰਥ ਹੀ ਹੈ ਜੋ ਆਪਣੇ ਪੈਗ਼ੰਬਰਾਂ, ਗੁਰੂਆਂ, ਪੀਰਾਂ ਵੱਲੋਂ ਦਿੱਤੇ ਹੋਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਨ ਲਈ ਰਾਹ ਨਿਰਧਾਰਤ ਕਰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹਜ਼ਾਰਾਂ ਸਾਲਾਂ ਦੀ ਸਾਰਥਿਕਤਾ ਨੂੰ ਧਾਰਮਿਕ ਗ੍ਰੰਥ ਨਵਾਂ-ਨਰੋਆ ਬਣਾਈ ਬੈਠੇ ਹਨ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਧਰਮ ਗ੍ਰੰਥ ਹੀ ਧਰਮ ਦੇ ਸਿਧਾਂਤਾਂ ਦੀ ਜਿੰਦ-ਜਾਨ ਹੁੰਦੇ ਹਨ। ਸੋ ਜਗਿਆਸੂ ਦੇ ਜੀਵਨ ਦਾ ਆਸਰਾ ਧਰਮ ਹੈ ਅਤੇ ਭਵਸਾਗਰ ਤੋਂ ਪਾਰ ਲੰਘਾਉਣ ਲਈ ਆਸਰਾ ਧਰਮ ਗ੍ਰੰਥ ਹੀ ਬਣਦਾ ਹੈ। ਹਰ ਇਕ ਧਰਮ ਵਿਚ ਉਸ ਧਰਮ ਦੇ ਪਵਿੱਤਰ ਗ੍ਰੰਥ ਤੋਂ ਇਲਾਵਾ ਕੁਝ ਹੋਰ ਗ੍ਰੰਥ ਵੀ ਉਪਲਬਧ ਹੁੰਦੇ ਹਨ, ਜਿਨ੍ਹਾਂ ਨੂੰ ਧਰਮ ਗ੍ਰੰਥ ਦੇ ਰੂਪ ਵਿਚ ਪ੍ਰਵਾਨ ਕਰ ਲਿਆ ਜਾਂਦਾ ਹੈ, ਜਿਸ ਨੂੰ ਮਾਡਰਨ ਇਡੀਅਮ ਦੁਆਰਾ ਸਕਰਿਪਚਰਲ ਲਿਟਰੇਚਰ ਦਾ ਨਾਮ ਦਿੱਤਾ ਗਿਆ ਹੈ। ਸਿੱਖ ਧਰਮ ਵਿਚ ਪੂਰਨ ਰੂਪ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਪ੍ਰੋੜ੍ਹਤਾ ਕਰਦਾ ਲਿਟਰੇਚਰ ਭਾਈ ਗੁਰਦਾਸ ਜੀ ਦੀਆਂ ਵਾਰਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਅਤੇ ਭਾਈ ਨੰਦ ਲਾਲ ਰਚਨਾਵਲੀ ਆਦਿ ਸਤਿਕਾਰਤ ਰਚਨਾਵਾਂ ਨੂੰ ਅਹਿਮ ਉੱਚ ਸਥਾਨ ਪ੍ਰਾਪਤ ਹੈ। ਡਾ. ਤਾਰਨ ਸਿੰਘ ਅਨੁਸਾਰ: “‘ਜਾਪੁ ਸਾਹਿਬ ਅਤੇ ਅਕਾਲ ਉਸਤਤਿ’ ਬਾਰੇ ਵਿਦਵਾਨਾਂ ਦੀ ਰਾਇ ਇੱਕ ਹੈ। ਇਹ ਦੋਵੇਂ ਬਾਣੀਆਂ/ਰਚਨਾਵਾਂ ਸਰਬ-ਪ੍ਰਮਾਣਿਤ ਰਚਨਾਵਾਂ ਹਨ। ‘ਜਾਪੁ ਸਾਹਿਬ’ ਤੋਂ ਬਾਅਦ ਦਸਮ ਗ੍ਰੰਥ ਵਿਚ ‘ਅਕਾਲ ਉਸਤਤਿ’ ਦੂਸਰੀ ਅੰਕਿਤ ਕੀਤੀ ਗਈ ਬਾਣੀ ਹੈ। ਉਸ ਅਕਾਲ ਪੁਰਖ ਦੀ ਹੋਂਦ ਧਿਆਨ ਵਿਚ ਰੱਖਦਿਆਂ ਇਸ ਰਚਨਾ ਵਿੱਚੋਂ ਉਸ ਅਕਾਲ ਪੁਰਖ ਦੇ ਸਰੂਪ ਨੂੰ ਵੇਖਣ ਦਾ ਯਤਨ ਕੀਤਾ ਗਿਆ ਹੈ। ਧਰਮ ਭਾਵੇਂ ਵੱਖਰੇ-ਵੱਖਰੇ ਹਨ ਪਰ ਹਰ ਇਕ ਧਰਮ ਦੀ ਹੋਂਦ ਕਿਸੇ ਵੱਡੀ ਸ਼ਕਤੀ ’ਤੇ ਆਸਤਾ ਹੁੰਦੀ ਹੈ ਅਤੇ ਇਸ ਗੱਲ ’ਤੇ ਸਾਰੇ ਧਰਮ ਕੇਂਦਰਿਤ ਹੁੰਦੇ ਹਨ। ਇਹ ਕੇਂਦਰਿਤ ਬਿੰਦੂ ਅਕਾਲ ਪੁਰਖ ਜਾਂ ਸਰਬ ਸ਼ਕਤੀ ਹੀ ਹੈ। ਜੇਕਰ ਬੁੱਧ ਧਰਮ ਵਰਗਾ ਧਰਮ ਜਦੋਂ ‘ਸਤ’ ਦੀ ਜਗ੍ਹਾ ਸੱਚ ਦੀ ਗੱਲ ਕਰਦਾ ਹੈ ਤਾਂ ਉਹ ਸੱਚ ਵੀ ਕਿਸੇ ਵੱਡੇ ਸੱਚ ਵੱਲ ਇਸ਼ਾਰਾ ਹੈ ਅਤੇ ਵੱਡਾ ਸੱਚ ਕੇਵਲ ਅਕਾਲ ਪੁਰਖ ਹੀ ਹੈ।” ਸੋ ਉਸੇ ਅਕਾਲ ਪੁਰਖ ਦੇ ਗੁਣਾਂ ਨੂੰ ‘ਅਕਾਲ ਉਸਤਤਿ’ ਰਚਨਾ ਵਿਚ ਲੱਭਣ ਦਾ ਮੇਰਾ ਇਹ ਨਿਮਾਣਾ ਜਿਹਾ ਯਤਨ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਅਕਾਲ ਉਸਤਤਿ’ ਮਹਾਨ ਰਚਨਾ ਹੈ ਜੋ ਅਕਾਲ ਪੁਰਖ ਦੀ ਉਸਤਤਿ ਨੂੰ ਸਮਰਪਿਤ ਹੈ। ਇਸ ਰਚਨਾ ਦੇ 271 ਬੰਦ ਹਨ ਅਤੇ ਆਰੰਭਿਕ ਸ਼ਬਦ ਮੰਗਲਾਚਰਨ ਨਾਲ ਹੈ:
ੴ ਸਤਿਗੁਰ ਪ੍ਰਸਾਦਿ॥
ਸ੍ਰੀ ਭਗਉਤੀ ਜੀ ਸਹਾਇ॥
ਸ੍ਰੀ ਅਕਾਲ ਜੀ ਕੀ ਉਸਤਤਿ॥
ਉਤਾਰਾ ਖਾਸੇ ਦਸਤਖਤ ਕਾ॥ਪਾਤਿਸਾਹੀ॥10॥
ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਅਕਾਲ ਪੁਰਖ ਨੂੰ ਸਰਬ-ਵਿਆਪਕ ਸ਼ਕਤੀ ਅਤੇ ਸਰਬ ਲੋਹ ਸ਼ਕਤੀ ਦਰਸਾਇਆ ਹੈ। ਇਸ ਰਚਨਾ ਵਿਚ ਮੁੱਖ ਰੂਪ ਵਿਚ ਚੌਪਈ, ਕਬਿੱਤ, ਸਵੈਯੇ, ਤੋਮਰ ਛੰਦ, ਲਘੁ ਨਰਾਜ ਛੰਦ, ਭੁਜੰਗ ਪ੍ਰਯਾਤ ਛੰਦ, ਪਾਧੜੀ, ਤੋਟਕ, ਨਰਾਜ, ਰੂਆਮਲ, ਦੋਹਰਾ, ਦੋਹਾ, ਦੀਰਘ ਤ੍ਰਿਭੰਗੀ ਆਦਿ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ।
‘ਅਕਾਲ ਉਸਤਤਿ’ ਦੀ ਪਹਿਲੀ ਚੌਪਈ ਵਿਚ ਉਚਾਰਨ ਕੀਤਾ ਗਿਆ ਹੈ:
ਪ੍ਰਣਵੋ ਆਦਿ ਏਕੰਕਾਰਾ॥
ਜਲ ਥਲ ਮਹੀਅਲ ਕੀਓ ਪਸਾਰਾ॥
ਆਦਿ ਪੁਰਖ ਅਬਗਤਿ ਅਬਿਨਾਸੀ॥
ਲੋਕ ਚਤ੍ਰ ਦਸਿ ਜੋਤਿ ਪ੍ਰਕਾਸੀ॥
ਇਸੇ ਆਵਾਜ਼ ਨੂੰ ਲੋਕਾਂ ਤਕ ਪਹੁੰਚਾਉਣ ਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਸਰਬ-ਵਿਆਪਕ ਹੋਂਦ ਨੂੰ ਪ੍ਰਗਟ ਕੀਤਾ ਹੈ। ਇਸੇ ਸਰਬ-ਵਿਆਪਕਤਾ ਨੂੰ ਗੁਰੂ ਸਾਹਿਬ ਨੇ ਰੂਪਮਾਨ ਕੀਤਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਤ ਨੂੰ ਕੌਮ ਦੀ ਜਿੰਦ-ਜਾਨ ਸਮਝਦੇ ਸਨ, ਇਹ ਗੱਲ ਉਨ੍ਹਾਂ ਦੀਆਂ ਨਿੱਜੀ ਰਚਨਾਵਾਂ ਵਿੱਚੋਂ ਪ੍ਰਗਟ ਹੁੰਦੀ ਹੈ। ‘ਅਕਾਲ ਉਸਤਤਿ’ ਇਕ ਵੱਖਰੀ ਹੀ ਕਿਸਮ ਦਾ ਅਨੋਖਾ ਰਸ ਹੈ। ਮੁੱਢਲੀ ਜਾਣ-ਪਛਾਣ ਅਨੁਸਾਰ ਇਸ ਰਚਨਾ ਦੇ 271 ਛੰਦ ਹਨ, ਅੰਤ ਵਾਲਾ ਛੰਦ ਪੂਰਾ ਨਹੀਂ ਹੈ ਅਤੇ 17 ਵਾਰ ਛੰਦ ਪਰਿਵਰਤਨ ਹੁੰਦਾ ਹੈ। ਛੰਦ-ਵਾਰ ਬਿਓਰਾ ਇਸ ਪ੍ਰਕਾਰ ਹੈ:
(1) ਚੌਪਈ = 10 ਛੰਦ (ਸਰਬ-ਵਿਆਪਕ ਜੋਤ ਦੇ ਪਸਾਰੇ ਦਾ ਵਰਣਨ)
(2) ਕਬਿੱਤ 11 ਤੋਂ 20 = 10 ਛੰਦ (ਸਰਬ-ਵਿਆਪਕ ਹਸਤੀ ਦੀ ਵਿਆਖਿਆ)
(3) ਸਵੈਯਾ 21 ਤੋਂ 30 = 10 ਛੰਦ (ਕਰਮ-ਕਾਂਡੀ ਤੇ ਰਾਜਸੀ ਬਲ ਦੇ ਦਾਅਵੇਦਾਰਾਂ ਦਾ ਖੰਡਨ)
(4) ਤੋਮਰ ਛੰਦ 31 ਤੋਂ 50 = 20 ਛੰਦ (ਨਾਮ ਆਧਾਰ ਤੋਂ ਬਿਨਾਂ ਸਭ ਭਰਮ ਵਿਚਾਰ ਹੈ)
(5) ਲਘੁ ਨਰਾਜ 51 ਤੋਂ 70 = 20 ਛੰਦ (ਰੱਬੀ ਵਿਆਪਕਤਾ ਦਾ ਨਿੱਜੀ ਅਨੁਭਵ)
(6) ਕਬਿੱਤ 71 ਤੋਂ 90 = 20 ਛੰਦ (ਦੰਭੀ ਮਤ-ਮਤਾਂਤਰਾਂ ਦੇ ਵਿਅੰਗ)
(7) ਭੁਜੰਗ 91 ਤੋਂ 120 = 30 ਛੰਦ (15 ਵਿਚ ਰੱਬ ਇਹ ਨਹੀਂ, 15 ਵਿਚ ਰੱਬ ਇਹ ਹੈ)
(8) ਪਾਧੜੀ 121 ਤੋਂ 140 = 20 ਛੰਦ (ਕਰਮ-ਕਾਂਡ ’ਤੇ ਚੋਟ)
(9) ਤੋਟਕ 141 ਤੋਂ 160 = 20 ਛੰਦ (ਕਰਤਾ ਦੀ ਜੈ-ਜੈ ਕਾਰ)
(10) ਨਰਾਜ 161 ਤੋਂ 180 = 20 ਛੰਦ (ਰੂਪ ਰੇਖਾ ਤੋਂ ਉੱਪਰ ਜੋਤ ਦੀ ਸਰਬ- ਵਿਆਪਕਤਾ)
(11) ਰੂਆਮਲ 181 ਤੋਂ 200 = 20 ਛੰਦ (ਸਰਬ-ਕਰਤਾ ਦੀ ਮਹਿਮਾ)
(12) ਦੀਰਘ ਤ੍ਰਿਭੰਗੀ 201 ਤੋਂ 220 = 20 ਛੰਦ (ਦੁਰਜਨ ਦਲ ਦੰਡਣ ਦੀ ਮਹਿਮਾ)
(13) ਦੋਹਰਾ 221 ਤੋਂ 230 = 10 ਛੰਦ (ਆਤਮਾ ਦਾ ਵਰਣਨ)
(14) ਪਾਧੜੀ 231 ਤੋਂ 242 = 12 ਛੰਦ (ਬੇਅੰਤ ਪ੍ਰਭੂ ਦੇ ਸਾਰੇ ਦੇਵਤੇ ਸੇਵਕ ਹਨ)
(15) ਸਵੈਯਾ 243 ਤੋਂ 252 = 10 ਛੰਦ (ਰੱਬ ਪ੍ਰਤਿਪਾਲਕ ਹੈ, ਉਸ ਨੂੰ ਸਭ ਨੇਤਿ ਨੇਤਿ ਆਖਦੇ ਹਨ)
(16) ਕਬਿੱਤ 253 ਤੋਂ 266 = 14 ਛੰਦ (ਦੇਸ਼ਾਂ ਦੇ ਲੋਕਾਂ ਨੂੰ ਰੱਬੀ ਕੀਰਤੀ ਕਰ ਕੇ ਦੱਸਿਆ)
(17) ਪਾਧੜੀ 267 ਤੋਂ 271½ ਛੰਦ (ਵੇਰਵਾ ਅੰਕਿਤ)।
ਗੁਰੂ ਸਾਹਿਬ ਨੇ ‘ਅਕਾਲ ਉਸਤਤਿ’ ਵਿਚ ਮੁੱਖ ਰੂਪ ਵਿਚ ਪਰਮਾਤਮਾ ਦੇ ਸਰੂਪ, ਅਕਾਲ ਪੁਰਖ ਦੀ ਸਰਬ-ਵਿਆਪਕਤਾ, ਪ੍ਰੇਮਾ-ਭਗਤੀ ਵੱਲ ਪ੍ਰੇਰਨਾ, ਅਧਿਆਤਮਕ ਸਾਧਨਾ, ਦੁਨਿਆਵੀ ਮੋਹ ਤੋਂ ਉੱਚੇ ਉੱਠ ਕੇ ਸੱਚੀ-ਸੁੱਚੀ ਮਾਨਵਤਾ ਬਾਰੇ ਆਦਿ ਸੰਕਲਪ ਨੂੰ ਰੂਪਮਾਨ ਕੀਤਾ ਹੈ, ਪਰ ਆਪਣੇ ਪੇਪਰ ਦੀਆਂ ਸੀਮਾਵਾਂ ਨੂੰ ਨਜ਼ਰ ਅੰਦਰ ਰੱਖਦੇ ਹੋਏ ਮੈਂ ‘ਅਕਾਲ ਉਸਤਤਿ’ ਵਿਚਲੇ ਅਕਾਲ ਪੁਰਖ ਦੇ ਸੰਕਲਪ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ। ‘ਜਾਪੁ ਸਾਹਿਬ’ ਅਤੇ ‘ਅਕਾਲ ਉਸਤਤਿ’ ਇਸ ਦਾ ਅਹਿਦਨਾਮਾ ਹੈ। ਦੋਵੇਂ ਸਥਾਨਾਂ ’ਤੇ ਉਸ ਅਕਾਲ ਪੁਰਖ ਦੀ ਗੱਲ ਹੀ ਕੀਤੀ ਹੈ। ਸਿਰਫ਼ ਪਹਿਰਾਵੇ ਅਤੇ ਸ਼ੈਲੀ ਵਿਚ ਅੰਤਰ ਹੋ ਸਕਦਾ ਹੈ।
ਇਸ ਰਚਨਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਹਮ ਦੇ ਨਿਰਾਕਾਰ ਅਤੇ ਸਰਬ-ਵਿਆਪਕ ਰੂਪ ਦਾ ਵਰਣਨ ਕੀਤਾ ਹੈ। ਇਹ ਰਚਨਾ ਮਨੁੱਖੀ ਸਰੀਰ ਤੋਂ ਲੈ ਕੇ ਇਸ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ। ਗੁਰੂ ਸਾਹਿਬ ਨੇ ਪਰਮਾਤਮਾ ਦੇ ਇਸ ਸਰੂਪ ਨੂੰ ਜਿਸ ਲਈ ਰਾਜਾ ਅਤੇ ਰੰਕ, ਹਾਥੀ ਅਤੇ ਕੀੜੀ ਸਭ ਇਕ ਸਮਾਨ ਹਨ, ਉਸ ਸਰਬ-ਵਿਆਪਕ ਸ਼ਕਤੀ ਦਾ ਕੋਈ ਵੀ ਰਿਸ਼ਤੇਦਾਰ ਸੰਬੰਧੀ ਨਹੀਂ ਹੈ, ਸਮਾਜ ਵਿਚ ਸਾਰੇ ਫਰਜ਼ੀ ਰਿਸ਼ਤੇ-ਨਾਤੇ ਜਿਨ੍ਹਾਂ ਨਾਲ ਸਾਰੀ ਸ੍ਰਿਸ਼ਟੀ ਨੂੰ ਲੜੀ ਵਾਂਗ ਪਰੋ ਕੇ ਰੱਖਿਆ ਹੋਇਆ ਹੈ, ਪਰਮਾਤਮਾ ਦਾ ਸਰਗੁਣ ਅਤੇ ਅਵਤਾਰੀ ਸਰੂਪ ਜੋ ਸਾਡੇ ਸਮਾਜ ਵਿਚ ਪਰੰਪਰਾਗਤ ਹੈ, ਨੂੰ ਵਰਣਨ ਕੀਤਾ ਹੈ। ਸਾਰੀ ਸ੍ਰਿਸ਼ਟੀ ਦੇ ਨਿਰਮਾਤਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਇਹੀ ਨਿਰਮਾਤਾ ਸਾਕਾਰ ਰੂਪ ਵਿਚ ਸੰਸਾਰ ਦੇ ਸਾਰੇ ਪ੍ਰਾਣੀਆਂ ਵਿਚ ਮੌਜੂਦ ਹੈ। ਗੁਰੂ ਸਾਹਿਬ ਨੇ ਪਰਮਾਤਮਾ ਦੀ ਮਹਿਮਾ- ਵਰਣਨ ਦੇ ਅੰਤਰਗਤ ਸਮਾਜ ਦੀਆਂ ਵਾਸ਼ਨਾਵਾਂ, ਪਾਖੰਡ ਆਦਿ ਦਾ ਵੀ ਖੰਡਨ ਕੀਤਾ ਹੈ। ਆਪ ਜੀ ਦਾ ਸੰਕਲਪ ਲੋਕਾਂ ਨੂੰ ਸਰਬ-ਸ਼ਕਤੀ ਨਾਲ ਜੋੜਨ ਨਾਲ ਹੈ, ਲੋਕਾਂ ਨੂੰ ਦਿਖਾਵੇ ਵਿੱਚੋਂ ਕੱਢ ਕੇ ਜਾਂ ਅੱਖਾਂ ਬੰਦ ਕਰ ਕੇ ਧਿਆਨ ਲਗਾਉਣਾ, ਸੱਤਾਂ ਸਮੁੰਦਰਾਂ ਵਿਚ ਇਸ਼ਨਾਨ ਕਰਨਾ, ਬੁੱਤ ਅਤੇ ਪੱਥਰਾਂ ਦੀ ਪੂਜਾ ਕਰਨਾ, ਲਿੰਗ ਨੂੰ ਗਲ਼ੇ ਵਿਚ ਲਟਕਾਉਣਾ, ਸਰਾਧ ਆਦਿ ਕਰਨ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਪ੍ਰੇਮ-ਭਾਵਨਾ ਨਾਲ ਹੀ ਪ੍ਰਾਪਤੀ ਹੋ ਸਕਦੀ ਹੈ:
ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ-ਧਯਾਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ॥
ਬਾਸੁ ਕੀਓ ਬਿਖਿਆਨ ਸਿਉ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਸਾਡਾ ਸਮਾਜ ਕਿਸ ਤਰ੍ਹਾਂ ਕੁਰੀਤੀਆਂ ਵਿਚ ਫਸਿਆ ਹੋਇਆ ਹੈ, ਕਿਵੇਂ ਅੰਧ-ਵਿਸ਼ਵਾਸਾਂ ਵਿੱਚੋਂ ਕੱਢਿਆ ਜਾ ਸਕਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਵੇਂ ਬਿਰਤੀ ਟੁੱਟਦੀ ਹੈ, ਸਾਰੇ ਕਰਮ-ਧਰਮ, ਪੂਜਾ-ਅਰਚਾ, ਕਰਮ-ਕਾਂਡ ਸਭ ਫੋਕਟ ਹਨ। ਉਸ ਅਕਾਲ ਪੁਰਖ ਦੀ ਅਰਾਧਨਾ ਹੀ ਮੁਕਤੀ ਹੈ:
ਇਕ ਨਾਮ ਬਿਨਾ ਨਹੀਂ ਕੋਟਿ ਬ੍ਰਿਤੀ॥
ਇਸ ਬੇਦ ਉਚਾਰਤ ਸਾਰਸੁਤੀ॥
ਜੋਊ ਵਾਰਸ ਕੇ ਚਸਕੇ ਰਸ ਹੈ॥
ਤੇਊ ਭੂਲਿ ਨ ਕਾਲ ਫੰਧਾ ਫਸ ਹੈ॥160॥
ਇਸੇ ਤਰ੍ਹਾਂ ਪਰਮਾਤਮਾ ਦੀ ਸਤਾ ਅਤੇ ਸਰਬ-ਵਿਆਪਕਤਾ ਆਪ ਜੀ ਦੀ ਰਚਨਾ ‘ਅਕਾਲ ਉਸਤਤਿ’ ਦੇ ਸ਼ਬਦ ‘ਤੂੰ ਹੀ ਤੂੰ ਹੀ’ ਦੇ ਉਚਾਰਨ ਤੋਂ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਦੁਨਿਆਵੀ ਪ੍ਰਾਣੀ ਨੂੰ ਜਗਿਆਸੂ ਬਣਾ ਕੇ ਉਸ ਅਕਾਲ ਪੁਰਖ ਵਿਚ ਦ੍ਰਿੜ੍ਹ ਵਿਸ਼ਵਾਸ ਪੈਦਾ ਕਰਨਾ ਹੈ:
ਅਭੂ ਤੁਹੀ॥ ਅਭੈ ਤੁਹੀ॥ ਅਛੂ ਤੁਹੀ॥ ਅਛੈ ਤੁਹੀ॥67॥
ਜਤਸ ਤੁਹੀ॥ ਬ੍ਰਤਸ ਤੁਹੀ॥ ਗਤਸ ਤੁਹੀ॥ ਮਤਸ ਤੁਹੀ॥68॥
ਤੁਹੀ ਤੁਹੀ॥ ਤੁਹੀ ਤੁਹੀ॥ ਤੁਹੀ ਤੁਹੀ॥ ਤੁਹੀ ਤੁਹੀ॥69॥
ਤੁਹੀ ਤੁਹੀ॥ ਤੁਹੀ ਤੁਹੀ॥ ਤੁਹੀ ਤੁਹੀ॥ ਤੁਹੀ ਤੁਹੀ॥70॥
ਭਾਵ ਹੇ ਅਕਾਲ ਪੁਰਖ! ਤੂੰ ਤੱਤਾਂ ਤੋਂ ਰਹਿਤ, ਡਰ ਰਹਿਤ, ਛੂਹ ਰਹਿਤ, ਨਾਸ਼ ਰਹਿਤ, ਜਤੀ ਹੈਂ; ਬ੍ਰਤ ਧਾਰਨ ਕਰਨ ਵਾਲਾ, ਮੁਕਤੀ ਦਾਤਾ ਹੈਂ। ਮਤਾਂ ਵਾਲਾ ਹੈਂ;
ਤੂੰ ਹੀ ਹੈਂ; ਤੂੰ ਹੀ ਹੈਂ; ਤੂੰ ਹੀ ਹੈਂ॥ ਤੂੰ ਹੀ ਹੈਂ॥…
ਸੰਸਾਰ ਦੇ ਸਾਰੇ ਜੀਵ-ਜੰਤੂ ਤੇਰੀ ਰਚਨਾ ਹੈ ਅਤੇ ਸਾਰੇ ਮਨੁੱਖ ਤੇਰੇ ਸਾਜੇ ਹੋਏ ਹਨ, ਕਿਸੇ ਵਿਚ ਕੋਈ ਭੇਦ-ਭਾਵ ਨਹੀਂ ਹੈ। ਕਿਸੇ ਵੀ ਮਨੁੱਖ ਦੀ ਕੋਈ ਜਾਤ- ਪਾਤ ਨਹੀਂ ਹੈ:
ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ॥
ਜੇ ਮਨੁੱਖ ਦੀ ਕੋਈ ਜਾਤ ਨਹੀਂ ਹੈ ਤਾਂ ਸ੍ਰਿਸ਼ਟੀ ਦੇ ਮਾਲਕ ਰਚਨਾ ਕਰਨ ਵਾਲੇ ਮਾਲਕ ਦੀ ਵੀ ਕੋਈ ਜਾਤ-ਪਾਤ ਨਹੀਂ ਹੈ, ਉਹ ਹਮੇਸ਼ਾਂ ਸਭ ਥਾਈਂ ਵਰਤਮਾਨ ਹੈ:
ਜਾਤਿ ਪਾਤਿ ਨ ਤਾਤ ਜਾ ਕੋ ਮੰਤ੍ਰ ਮਾਤ ਨ ਮਿਤ੍ਰ॥
ਸਰਬ ਠਉਰ ਬਿਖੈ ਰਮਿਓ ਜਿਹ ਚਕ੍ਰ ਚਿਹਨ ਨ ਚਿਤ੍ਰ॥
ਆਦਿ ਦੇਵ ਉਦਾਰ ਮੂਰਤਿ ਅਗਾਧ ਨਾਥ ਅਨੰਤ॥
ਆਦਿ ਅੰਤਿ ਨ ਜਾਨੀਐ ਅਬਿਖਾਦ ਦੇਵ ਦੁਰੰਤ॥182॥
ਕੋਈ ਜਦ ਬਾਰ-ਬਾਰ ਮਨੁੱਖੀ ਸੁਰਤ ਉਸ ਅਕਾਲ ਪੁਰਖ ਨਾਲ ਜੁੜਨ ਲਈ ਯਤਨਸ਼ੀਲ ਹੁੰਦੀ ਹੈ, ਮਨੁੱਖ ਦੀ ਸੁਰਤ ਦੇ ਅੰਦਰ ਹੌਲੀ-ਹੌਲੀ ਪ੍ਰੇਮ-ਭਾਵਨਾ ਪੈਦਾ ਹੋਣੀ ਸ਼ੁਰੂ ਹੁੰਦੀ ਹੈ। ਇਹੀ ਪ੍ਰੇਮ-ਭਗਤੀ ਉਸ ਪਰਮ ਸੱਤਾ ਨਾਲ ਇਕਸੁਰਤਾ ਹੋਣ ਲਈ ਉਤੇਜਿਤ ਹੁੰਦੀ ਹੈ। ਅਕਾਲ ਪੁਰਖ ਨੂੰ ਸਮਾਜ ਵਿਚ ਰਹਿੰਦਿਆਂ ਅਤੇ ਵਿਚਰਦਿਆਂ ਕਿਸ ਤਰ੍ਹਾਂ ਪ੍ਰੇਮ-ਮਾਰਗ ਅਪਣਾਉਂਦਿਆਂ ਇਕ ਵਿਅਕਤੀ ਕਬਜ਼ੇ ਜਾਂ ਮਾਲਕੀ ਵਾਲੇ ਭਾਵਾਂ ਤੋਂ ਮੁਕਤ ਹੋ ਉਸ ਅਕਾਲ ਪੁਰਖ ਨਾਲ ਸਾਂਝ ਪੈਦਾ ਕਰ ਲੈਂਦਾ ਹੈ ਇਹੀ ਸਾਂਝ ਉਸ ਅਕਾਲ ਪੁਰਖ ਦੀ ਇਕਸੁਰਤਾ ਦੁਆਰਾ ਹੀ ‘ਇੱਕ’ ਦੇ ਦਰਸ਼ਨ ਕਰਵਾ ਦਿੰਦੀ ਹੈ। ਇਸ ਤਰ੍ਹਾਂ ਅਕਾਲ ਪੁਰਖ ਨਾਲ ਜੁੜੀ ਹੋਈ ਮਨੁੱਖੀ ਸੁਰਤ ਉਸ ਅਕਾਲ ਪੁਰਖ ਨਾਲ ਸਦਾ ਵਾਸਤੇ ਸੰਪਰਕ ਜੋੜ ਲੈਂਦੀ ਹੈ। ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਉਸ ਦਾ ਹੀ ਰੂਪ ਨਜ਼ਰ ਆਉਣ ਲੱਗ ਪੈਂਦੀ ਹੈ ਅਤੇ ਸਾਰੀ ਸਿਰਜਣਾ, ਹਰ ਵਜੂਦ ਅਤੇ ਕਰਮ ਵਿਚ ਅਕਾਲ ਪੁਰਖ ਆਪ ਹੀ ਨਜ਼ਰ ਆਉਣ ਲੱਗ ਪੈਂਦਾ ਹੈ। ਇਹ ਸਭ ਕੁਝ ਕਿਵੇਂ ਹੋ ਸਕਦਾ ਹੈ, ਗੁਰੂ ਸਾਹਿਬ ਨੇ ਦੋਹਰੇ ਦੇ ਰੂਪ ਵਿਚ ਪ੍ਰਸ਼ਨੋਤਰੀ ਸ਼ੈਲੀ ਦੁਆਰਾ ਇਸ ਸੰਕਲਪ ਨੂੰ ਸੰਪੂਰਨਤਾ ਦਿੱਤੀ ਹੈ:
ਤੂ ਪ੍ਰਸਾਦਿ॥ ਦੋਹਰਾ॥
ਏਕ ਸਮੇ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ॥
ਸਭ ਪ੍ਰਤਾਪ ਜਗਦੀਸ਼ ਕੋ ਕਹਹੁ ਸਕਲ ਬਿਧਿ ਤੈਨ॥221॥
ਭਾਵ ਇਕ ਸਮੇਂ ਜੀਵਾਤਮਾ ਨੇ ਬੁੱਧੀ ਪ੍ਰਤੀ ਬਚਨ ਕੀਤਾ ਕਿ ਜਿਸ ਪ੍ਰਕਾਰ ਜਗਤ ਦੇ ਮਾਲਕ ਦਾ ਸਾਰਾ ਪ੍ਰਤਾਪ ਹੈ, ਇਸੇ ਤਰ੍ਹਾਂ:
ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟਿ ਕੋ ਬਿਚਾਰ॥
ਕਉਨ ਧਰਮ ਕੋ ਕਰਮ ਹੈ ਕਹਹੁ ਸਕਲ ਬਿਸਥਾਰ॥
‘ਅਕਾਲ ਉਸਤਤਿ’ ਬਾਣੀ ਦੇ ਰਚੈਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 201 ਤੋਂ 220 ਬੰਦ ਤਕ ਦੀਰਘ ਤ੍ਰਿਭੰਗੀ ਛੰਦਾਂ ਦੇ ਅੰਤਰਗਤ ਅਕਾਲ ਪੁਰਖ ਦੇ ਨਿਰਮਾਣ ਨਿਰਾਕਾਰ ਸਰੂਪ ਦੇ ਸੰਕਲਪ ਨੂੰ ‘ਚੰਡੀ’ ਦੇ ਸਰਗੁਣ ਸਰੂਪ ਦੁਆਰਾ ਦਾਰਸ਼ਨਿਕ ਅਧਿਆਤਮਿਕ ਅਰਥਾਂ ਵਿਚ ਰੂਪਾਂਤਰਿਤ ਕਰਨਾ ਹੀ ਮੁੱਖ ਰੂਪ ਵਿਚ ਸੰਕਲਪ ਹੈ। ਧਰਤੀ ਅਤੇ ਅਕਾਸ਼ ਵਿਚ ਪਾਪਾਂ ਦਾ ਨਾਸ ਕਰਨ ਵਾਲੀ ਸ਼ਕਤੀ ਪ੍ਰਕਾਸ਼ਮਾਨ ਹੈ, ਜੋ ਦੁਨਿਆਵੀ ਸਾਰੀਆਂ ਸ਼ਕਤੀਆਂ ਤੋਂ ਸ਼ਕਤੀਸ਼ਾਲੀ ਮੰਨੀ ਹੈ। ਆਪ ਜੀ ਅਨੁਸਾਰ ਸ਼ਕਤੀਸ਼ਾਲੀ ਦੈਂਤਾਂ ਦੀ ਸ਼ਕਤੀ ਦਾ ਨਾਸ ਕਰਨਾ ਉਸ ਪਰਮ ਸ਼ਕਤੀ ਦਾ ਕਾਰਜ ਹੀ ਹੋ ਸਕਦਾ ਹੈ। ਇਸ ਤਰ੍ਹਾਂ ਸਮੂਹ ਬਾਣੀ-ਰਚਨਾ ਵਿਚ ਭਗਤੀ-ਭਾਵ ਦੀ ਅਭਿਵਿਅਕਤੀ ਅਤਿ ਪ੍ਰਬਲ ਰੂਪ ਵਿਚ ਦ੍ਰਿਸ਼ਟਮਾਨ ਹੁੰਦੀ ਹੈ। ਇਸ ਸਰਬ-ਸ਼ਕਤੀ ਦੇ ਅਨੰਤ ਅਥਾਹ ਸਰੂਪ ਦਾ ਅਨੁਭਵ ਜੋ ਆਮ ਵਿਅਕਤੀ ਦੀ ਕਲਪਨਾ ਅਤੇ ਬੁੱਧੀ ਤੋਂ ਪਰ੍ਹੇ ਹੈ, ਇਸ ਪ੍ਰਕਾਰ ਵਰਣਿਤ ਕੀਤਾ ਗਿਆ ਹੈ:
ਤੁਮ ਕਹੋ ਦੇਵ ਸਰਬੰ ਬਿਚਾਰ॥
ਜਿਮ ਕੀਓ ਆਪਿ ਕਰਤੇ ਪਸਾਰ॥
ਜੱਦਿਪਿ ਅਭੂਤ ਅਨਭੈ ਅਨੰਤ॥
ਤਉ ਕਹੋਂ ਜਥਾ ਮਤਿ ਤ੍ਰੈਣ ਤੰਤ॥
ਕਰਤਾ ਕਰੀਮ ਕਾਦਿਰ ਕ੍ਰਿਪਾਲ॥
ਅਦ੍ਵੈ ਅਭੂਤ ਅਨਭੈ ਦਿਆਲ॥
ਦਾਤਾ ਦੁਰੰਤ ਦੁਖ ਦੋਖ ਰਹਿਤ॥
ਜਿਹ ਨੇਤਿ ਨੇਤਿ ਸਭ ਬੇਦ ਕਹਤ॥232॥
ਪਰਮਾਤਮਾ ਦੇ ਸਰੂਪ ਨੂੰ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਆਸਥਾ, ਸਿਮਰਨ ਅਤੇ ਭਗਤੀ ਦੁਆਰਾ ਹੀ ਦਰਸਾਇਆ ਹੈ। ਸਮੁੱਚੀ ਮਨੁੱਖਤਾ ਨੂੰ ਸੰਸਾਰਿਕ ਕਰਤੱਵਾਂ ਦੀ ਪੂਰਤੀ ਕਰਦਿਆਂ ਅਧਿਆਤਮਕ ਖੇਤਰ ਵਿਚ ਅੱਗੇ ਵਧਣ ਦੀ ਪ੍ਰੇਰਨਾ ਕੀਤੀ ਹੈ। ਜਿਵੇਂ ਮਨੁੱਖ ਦੁਨਿਆਵੀ ਪ੍ਰਾਪਤੀ ਲਈ ਬਾਹਰ ਵੱਲ ਵਧਦਾ ਹੈ ਅਤੇ ਜੱਸ/ਵਡਿਆਈ ਪ੍ਰਾਪਤ ਕਰਦਾ ਦੁਨਿਆਵੀ ਸਤਿਕਾਰ ਵੀ ਪ੍ਰਾਪਤ ਕਰਦਾ ਹੈ, ਇਸੇ ਤਰ੍ਹਾਂ ਉਸ ਸਰਬ-ਸ਼ਕਤੀ ਪਰਮਾਤਮਾ ਦੀ ਪ੍ਰਾਪਤੀ ਲਈ ਮਨੁੱਖ ਨੂੰ ਬਾਹਰ ਦੀ ਬਜਾਏ ਅੰਦਰ ਵੱਲ ਵਧਣਾ ਪਵੇਗਾ ਭਾਵ ਆਪਣੇ ਅੰਦਰ ਡੂੰਘਾਈ ਤਕ ਜਾਣਾ ਪਵੇਗਾ, ਆਪਣੇ ਲਾਗੇ ਹੋਣਾ ਪਵੇਗਾ ਅਤੇ ਜਿੰਨਾ ਜ਼ਿਆਦਾ ਆਪਣੇ ਲਾਗੇ ਹੋਵੇਗਾ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਉਤਨਾ ਹੀ ਪਰਮਾਤਮਾ ਦੇ ਲਾਗੇ ਹੁੰਦਾ ਜਾਵੇਗਾ, ਇਸ ਰਸਤੇ ’ਤੇ ਪਹੁੰਚਣਾ ਹੀ ਗੁਰੂ ਸਾਹਿਬ ਦਾ ਸੰਕਲਪ ਹੈ। ਗੁਰੂ ਸਾਹਿਬ ਦਾ ਇਹ ਪ੍ਰਗਟ ਕਰਨਾ ਕਿ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਅਤੇ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਅਤੇ ਹਰ ਜਗ੍ਹਾ ਮੌਜੂਦ ਹੈ, ਸ਼ਾਇਦ ਮਨੁੱਖੀ ਜੀਵ ਨੂੰ ਜਗਾਉਣ ਦਾ ਹੀ ਸੰਕਲਪ ਹੈ:
ਜਲੇ ਹਰੀ॥ ਥਲੇ ਹਰੀ॥ ਉਰੇ ਹਰੀ॥ ਬਨੇ ਹਰੀ॥51॥
ਗਿਰੇ ਹਰੀ॥ ਗੁਫੇ ਹਰੀ॥ ਛਿਤੇ ਹਰੀ॥ ਨਭੈ ਹਰੀ॥52॥
ਈਹਾਂ ਹਰੀ॥ ਊਹਾਂ ਹਰੀ॥ ਜ਼ਿਮੀ ਹਰੀ॥ ਜਮਾਂ ਹਰੀ॥53॥
ਭਗਤੀ ਦੇ ਮਹੱਤਵ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਕੇਵਲ ਅਸੰਗਦਿਗਬ ਰੂਪ ਵਿਚ ਸਵੀਕਾਰ ਕੀਤਾ ਹੈ ਸਗੋਂ ਸਾਰੀ ਤਰ੍ਹਾਂ ਉਸ ਨੂੰ ਪੁਸ਼ਟ ਵੀ ਕੀਤਾ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿਚ ਕੋਈ ਵੀ ਵਿਅਕਤੀ ਆਪਣੇ ਹੋਰ ਗੁਣਾਂ ਦੇ ਕਰਕੇ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ ਪਰਮਾਤਮਾ ਦੇ ਸਨਮੁਖ ਉਸ ਦੀ ਹੋਂਦ ਕੇਵਲ ਭਗਤੀ ਦੇ ਆਧਾਰ ’ਤੇ ਹੁੰਦੀ ਹੈ। ਭਗਤੀ ਦੇ ਮਾਰਗ ’ਤੇ ਗੁਰੂ ਸਾਹਿਬ ਨੇ ਪਾਖੰਡ ਦੇ ਪ੍ਰਭਾਵ ਨੂੰ ਖੰਡਨ ਕਰਦਿਆਂ ਫੋਕਟ ਕਰਮ ਦੱਸਿਆ ਹੈ। ਇਸ ਤਰ੍ਹਾਂ ਦੇ ਪਾਖੰਡੀਆਂ ਨੂੰ ਧਰਮ ਦੇ ਨਾਮ ’ਤੇ ਲੁਟੇਰੇ ਆਖਿਆ ਹੈ। ਸਾਰੇ ਲੋਕ ਝੂਠੇ ਕੰਮਾਂ ਵਿਚ ਉਲਝੇ ਹੋਏ ਹਨ:
ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥
ਅਕਾਲ ਪੁਰਖ ਦਾ ਸਿਮਰਨ ਹੀ ਪ੍ਰੇਮ-ਭਗਤੀ ਦਾ ਪ੍ਰਥਮ ਸਾਧਨ ਹੈ। ਇਹ ਐਸਾ ਜਾਪੁ ਹੈ ਜਿਸ ਨਾਲ ਮਨੁੱਖ ਕਾਲ ਭਾਵ ਅੰਤ ਦੇ ਸਮੇਂ ਨੂੰ ਜਿੱਤ ਸਕਦਾ ਹੈ। ਉਸ ਅਕਾਲ ਪੁਰਖ ਦੇ ਜਾਪੁ ਤੋਂ ਬਿਨਾਂ ਮਨੁੱਖ ਦੀ ਸਥਿਤੀ ਹੇਠਾਂ ਉਚਾਰਨ ਕੀਤੇ ਅਨੁਸਾਰ ਹੁੰਦੀ ਹੈ:
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ॥…
ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨੁ ਨਿਦਾਨ ਚਲੈਂਗੇ॥
ਅਸਲ ਵਿਚ ਮਨੁੱਖਤਾ ਦਾ ਮਨੁੱਖਤਾ ਪ੍ਰਤੀ ਪ੍ਰੇਮ ਹੀ ਪ੍ਰਭੂ-ਪ੍ਰੇਮ ਹੈ। ਪ੍ਰੇਮ- ਭਗਤੀ ਹੀ ਸ੍ਰੇਸ਼ਟ ਅਤੇ ਸੂਰਮਗਤੀ ਮਾਰਗ ਹੈ ਜੋ ਮਨੁੱਖਤਾ ਨੂੰ ਸਹੀ ਮਾਰਗ ਵੱਲ ਇਕ ਪ੍ਰੇਰਨਾ ਸ੍ਰੋਤ ਹੈ। ਇਹ ਸਹੀ ਮਾਰਗ ਹੈ ਉਸ ਅਕਾਲ ਪੁਰਖ ਦੀ ਅਰਾਧਨਾ ਕਰਨੀ, ਅਰਾਧਨਾ ਤਾਂ ਹੀ ਹੋ ਸਕਦੀ ਹੈ ਜੇ ਮਨ ਵਿਚ ਪ੍ਰੇਮ-ਭਗਤੀ ਭਾਵ ਅਕਾਲ ਪੁਰਖ ਪ੍ਰਤੀ ਪ੍ਰੇਮ ਪੈਦਾ ਹੋਵੇਗਾ। ਸਾਰੇ ਫੋਕਟ ਧਰਮ-ਕਰਮਾਂ ਦਾ ਤਿਆਗਣਾ ਹੀ ਉੱਤਮ ਹੋਵੇਗਾ। ਮਨੁੱਖੀ ਜੀਵ ਨੂੰ ਇਸ ਤਰ੍ਹਾਂ ਦੇ ਫੋਕਟ ਧਰਮਾਂ ਪ੍ਰਤੀ ਗੁਰੂ ਸਾਹਿਬ ਦਾ ਉਚਾਰਨ ਹੈ:
ਅੰਗਨਾ ਅਧੀਨ ਕਾਮ ਕ੍ਰੌਧ ਮੈ ਪ੍ਰਬੀਨ
ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ॥
ਅਕਾਲ ਪੁਰਖ ਦਾ ਸਰੂਪ ਗਿਆਨੀ ਜਾਂ ਬ੍ਰਹਮ ਗਿਆਨੀ ਹੈ ਅਤੇ ਉਸ ਦੀ ਹੋਂਦ ‘ਬ੍ਰਹਮ ਆਦਿ ਜੁਗਾਦਿ ਸਚੁ’ ਹੈ। ਉਸ ਪ੍ਰਤੀ ਗਿਆਨ ਹੀ ਮਨੁੱਖਤਾ ਲਈ ਪ੍ਰੇਰਨਾ ਬਣਦੀ ਹੈ:
ਬੂਡੇ ਨਰਕ ਧਾਰਿ ਮੂੜ੍ਹ ਗਿਆਨ ਕੇ ਬਿਨਾ ਬਿਚਾਰ,
ਭਾਵਨਾ ਬਿਹੀਨ ਕੈਸੇ ਗਿਆਨ ਕੋ ਬਿਚਾਰ ਹੀਂ॥23॥83॥
ਮਨੁੱਖ ਦੀ ਨਾਮ ਦੀ ਅਰਾਧਨਾ ਹੀ ਮਨੁੱਖ ਨੂੰ ਸੰਸਾਰਕ ਆਵਾਗਵਨ ਵਿੱਚੋਂ ਕੱਢ ਸਕਦੀ ਹੈ। ਇਹ ਕਿਵੇਂ ਹੋ ਸਕਦਾ ਹੈ, ਗੁਰੂ ਸਾਹਿਬ ਨੇ ਉਸ ‘ਅਕਾਲ ਪੁਰਖ’ ਨੂੰ ‘ਜਗਦੀਸ਼’ ਮੰਨ ਕੇ ਉਸਤਤਿ ਕੀਤੀ ਹੈ:
ਏਕ ਸਮੇਂ ਸ੍ਰੀ ਆਤਮਾ ਉਚਰਿਓ ਮਤਿ ਸਿਉ ਬੈਨ॥
ਸਭ ਪ੍ਰਤਾਪ ਜਗਦੀਸ਼ ਕੋ, ਕਹਹੁ, ਸਕਲ ਬਿਧਿ ਤੈਨ॥221॥
ਗੁਰੂ ਸਾਹਿਬ ਨੇ ਪ੍ਰਸ਼ਨੋਤਰੀ ਸ਼ੈਲੀ ਦੀ ਵਰਤੋਂ ਕਰਦਿਆਂ ਦੋਹਰੇ ਦੇ ਰੂਪ ਵਿਚ ਪੰਜ-ਪੰਜ ਸਵਾਲ ਕਰਨ ਉਪਰੰਤ ਦੋਹਰੇ ਦੇ ਅੰਤਮ ਅਰਧ ਵਾਕ ਵਿਚ ਉੱਤਰ ਦੇ ਕੇ ਜਗਿਆਸੂ ਨੂੰ ਅਕਾਲ ਪੁਰਖ ਦੇ ਸੰਕਲਪ ਨੂੰ ਪ੍ਰਗਟਾਉਣ ਦਾ ਇਕ ਉੱਤਮ ਨਮੂਨਾ ਉਚਾਰਨ ਕੀਤਾ ਹੈ:
ਕੋ ਆਤਮਾ ਸਰੂਪ ਹੈ, ਕਹਾ ਸ੍ਰਿਸਟਿ ਕੋ ਬਿਚਾਰ॥
ਕਉਨ ਧਰਮ, ਕੋ ਕਰਮ ਹੈ, ਕਹਹੁ, ਸਕਲ ਬਿਸਥਾਰ॥222॥
ਭਾਵ ਆਤਮਾ, ਸ੍ਰਿਸ਼ਟਿ, ਵਿਚਾਰ, ਧਰਮ ਤੇ ਕਰਮ ਦੇ ਸਰੂਪ ਕੀ ਹਨ? ਉੱਤਰ ਹੈ ‘ਸਕਲ ਵਿਸਥਾਰ’। ਸਾਰਾ ਪਾਸਾਰ ਆਤਮਾ ਦਾ ਹੈ, ਸਾਰੇ ਪਾਸਾਰੇ ਦਾ ਨਾਮ ਸ੍ਰਿਸ਼ਟਿ ਹੈ। ਇਸ ਤਰ੍ਹਾਂ ਇਹ ਕੁੱਲ ਦਸ ਦੋਹਰੇ ਹਨ ਜਿਨ੍ਹਾਂ ਵਿਚ ਅਕਾਲ ਪੁਰਖ ਦੀ ਸ਼ਕਤੀ ਦਾ ਵਿਵੇਕ ਹੈ। ਇਹ ਸ਼ਕਤੀ ਕਿਸੇ ਨਾ ਕਿਸੇ ਰੂਪ ਵਿਚ ਹਰ ਦੇਸ਼, ਕੌਮ, ਧਰਮ, ਵਰਨ, ਵਿਸ਼ੇਸ਼ ਰੂਪ ਵਿਚ ਕਿਸੇ ਨਾ ਕਿਸੇ ਚਮਤਕਾਰ ਸਰੂਪ ਵਿਚ ਸਮੋਈ ਬੈਠੀ ਹੈ। ਅਕਾਲ ਪੁਰਖ ਦੀ ਹੋਂਦ ਦਾ ਅਨੁਭਵ ਗੂੰਗੇ ਦੀ ਮਠਿਆਈ ਵਾਂਙ ਹੈ। ਇਹੀ ਪਰਮਾਤਮਾ ਦੀ ਹੋਂਦ ਦਾ ਸੰਕਲਪ ਹੈ।
ਸਹਾਇਕ ਪੁਸਤਕਾਂ
1. ਗੁਰਬਾਣੀ: ਧਰਮ ਅਤੇ ਸਾਹਿਤ, ਡਾ. ਬਲਜੀਤ ਕੌਰ, ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜਨਲ, ਸੈਂਟਰ ਜਲੰਧਰ, ਪੰਨਾ 13.
2. ਦਸਮ ਗ੍ਰੰਥ ਦਾ ਛੰਦ ਬਿਓਰਾ ਤੇ ਛੰਦ ਵਿਧਾਨ, ਸ. ਗੁਲਜ਼ਾਰ ਸਿੰਘ, ਖੋਜ ਪੱਤ੍ਰਿਕਾ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ-47.
3. ਦਸਮ ਗ੍ਰੰਥ ਰੂਪ ਤੇ ਰਸ, ਡਾ. ਤਾਰਨ ਸਿੰਘ, ਪੰਨਾ 85-86.
4. ਹਿੰਦੂ ਸਾਮੀ ਧਰਮ ਪਰਿਪੇਖ ਵਿਚ ‘ਅਕਾਲ ਉਸਤਤਿ ਦੀ ਮਹੱਤਤਾ’।
5. ਗੁਰੂ ਗੋਬਿੰਦ ਸਿੰਘ ਔਰ ਉਨਕੀ ਹਿੰਦੀ ਕਵਿਤਾ, ਡਾ. ਮਹੀਪ ਸਿੰਘ, ਨੈਸ਼ਨਲ ਪਬਲੀਸ਼ਿੰਗ ਹਾਊਸ, ਨਵੀਂ ਦਿੱਲੀ।
6. ਗੁਰੂ ਗੋਬਿੰਦ ਸਿੰਘ ਔਰ ਉਨਕਾ ਕਾਵਯ, ਡਾ. ਪ੍ਰਸਿਨੀ ਸਹਗਲ, ਹਿੰਦੀ ਸਾਹਿਤਯ ਭੰਡਾਰ, ਲਖਨਊ।
7. ਦਸਮ ਗੁਰੂ ਬਾਣੀ ਸੰਚਾਰ, ਡਾ. ਅੰਮ੍ਰਿਤਪਾਲ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੇਖਕ ਬਾਰੇ
ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ, ਜਲੰਧਰ
- ਪ੍ਰੋ. ਸੁਖਬੀਰ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98/February 1, 2009