ਪੰਜਾਬ ਦੀ ਧਰਤੀ ਅਤੇ ਇਸ ਦੇ ਵਸਨੀਕਾਂ ਨੂੰ ਸਿੱਖ ਗੁਰੂ ਸਾਹਿਬਾਨ ਦੀ ਵਿਸ਼ੇਸ਼ ਦੇਣ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਮਨੁੱਖਤਾ ਦੇ ਦਰਦ ਨੂੰ ਘੱਟ ਕੀਤਾ ਹੈ। ਲੋਕ-ਮਾਨਸਿਕਤਾ ਵਿੱਚੋਂ ਵਹਿਮਾਂ-ਭਰਮਾਂ ਨੂੰ ਕੱਢਿਆ ਹੈ। 1469 ਈ. ਤੋਂ 1708 ਈ. ਤਕ ਤਲਵੰਡੀ (ਨਨਕਾਣਾ ਸਾਹਿਬ) ਤੋਂ ਲੈ ਕੇ ਹਜ਼ੂਰ ਸਾਹਿਬ ਤਕ ਗੁਰੂ ਸਾਹਿਬ ਜੀ 10 ਸਰੀਰਕ ਜਾਮਿਆਂ ਵਿਚ ਵਿਚਰੇ ਹਨ ਪਰ ਮਹਾਨਤਾ ਸ਼ਬਦ ਨੂੰ ਹੀ ਦਿੱਤੀ ਹੈ। 1708 ਈ. ਵਿਚ ਤਾਂ ਫਿਰ ਦਸਮ ਪਿਤਾ ਜੀ ਨੇ ਪ੍ਰਤੱਖ ਰੂਪ ਅੰਦਰ ਸ਼ਬਦ ਨੂੰ ਗੁਰਤਾ ਦੇ ਕੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ।
ਸਿੱਖਾਂ ਨੇ ਵੀ ਸ਼ਬਦ-ਚੇਤਨਤਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਸੀਸ ਝੁਕਾਇਆ, ਗੁਰੂ ਸਾਖੀ ਜੋਤ ਨਾਲ ਹਿਰਦੇ-ਦੀਪ ਨੂੰ ਜਗਾ ਕੇ ਰੱਖਿਆ। ਗੁਰੂ ਸਾਹਿਬ ਤੋਂ ਲੈ ਕੇ ਹੁਣ ਤਕ ਸੂਝਵਾਨ ਗਿਆਨ ਧਾਰਨੀ ਜਗਿਆਸੂ ਸ਼ਬਦ ਦੇ ਰਾਹੀਂ ਹੀ ਅਕਾਲ ਪੁਰਖ ਦੀ ਅਰਾਧਨਾ ਕਰ ਰਹੇ ਹਨ।
ਪਰ ਇਸ ਦੇ ਬਾਵਜੂਦ ਪਿਛਲੇ ਕੁਝ ਦਹਾਕਿਆਂ ਤੋਂ ਦੇਹਧਾਰੀ ਗੁਰੂ-ਡੰਮ੍ਹ ਨੇ ਆਪਣਾ ਜ਼ੋਰ ਪਕੜਿਆ ਹੋਇਆ ਹੈ ਅਤੇ ਗੁਰਬਾਣੀ ਦੇ ਅਰਥ ਆਪਣੇ ਢੰਗ ਨਾਲ ਕਰਨੇ ਸ਼ੁਰੂ ਕਰ ਦਿੱਤੇ ਹੋਏ ਹਨ। ਇਸ ਨੇ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ। ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਇਨ੍ਹਾਂ ਨੇ ਸੈਂਕੜੇ ਏਕੜ ਜ਼ਮੀਨਾਂ ਵਿਚ ਡੇਰੇ ਖੋਲ੍ਹ ਲਏ ਹਨ ਜਿਨ੍ਹਾਂ ਨੂੰ ਇਹ ਧਰਮ ਅਸਥਾਨ ਦਾ ਨਾਂ ਦਿੰਦੇ ਹਨ। ਪਰ ਅਸਲ ਵਿਚ ਇਨ੍ਹਾਂ ਅਸਥਾਨਾਂ ’ਤੇ ਧਰਮ ਦੀ ਆੜ ਹੇਠ ਅਧਰਮ ਹੀ ਚੱਲਦਾ ਹੈ ਜਿਸ ਨੂੰ ਕਿ ਸਹੀ ਸੋਚ ਵਾਲੇ ਮੀਡੀਏ, ਟੀ.ਵੀ. ਚੈਨਲਾਂ ਨੇ ਨਸ਼ਰ ਵੀ ਕੀਤਾ ਹੈ। ਪੰਜਾਬ ਦੀ ਸਰਜ਼ਮੀਂ ’ਤੇ ਰਹਿਣ ਵਾਲੇ ਬਾਸ਼ਿੰਦਿਆਂ ਜਿਨ੍ਹਾਂ ਨੂੰ ਕਿ ਨਿੱਤ- ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਸਿਰਸੇ ਵਾਲੇ ਅਖੌਤੀ ਸਾਧ ਵੱਲੋਂ ਪੈਦਾ ਕੀਤੇ ਗਏ ਵਿਵਾਦ ਦੀ ਭੱਠੀ ਅੰਦਰ ਤਪਣਾ ਪੈ ਰਿਹਾ ਹੈ ਜਿਸ ਨੇ ਕਿ ਜਿੱਥੇ ਗੁਰੂ ਕਲਗੀਧਰ ਸਾਹਿਬ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਉਥੇ ਨਾਲ ਹੀ ਸਿੱਖ-ਪਰੰਪਰਾਵਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਦੁਨੀਆਂ ਭਰ ਦੇ ਸਿੱਖਾਂ ਦੇ ਮਨਾਂ ਵਿਚ ਰੋਹ ਫੈਲ ਗਿਆ।
ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਨੇ ਰੋਹ-ਮੁਜ਼ਾਹਰੇ ਕਰ ਕੇ ਆਪਣੇ ਮਨ ਦੇ ਵਲਵਲਿਆਂ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਦੇ ਸੱਦੇ ’ਤੇ ਪੰਥਕ ਇਕੱਠ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਿਆ ਗਿਆ ਜਿਸ ਵਿਚ ਧੜੇਬਾਜ਼ੀ, ਪਾਰਟੀ ਤੋਂ ਉੱਪਰ ਉੱਠ ਕੇ ਲੱਖਾਂ ਦੀ ਤਾਦਾਦ ਅੰਦਰ ਸਿੱਖ ਇਕੱਤਰ ਹੋਏ।
ਸਿਰਸੇ ਵਾਲਾ ਇਹ ਅਖੌਤੀ ਸਾਧ ਗੁਰਮੀਤ ਰਾਮ ਰਹੀਮ ਜੋ ਕਿ ਆਪਣੇ ਆਪ ਨੂੰ ਸਰਬ-ਸਾਂਝਾ ਗੁਰੂ ਕਹਾਉਂਦਾ ਹੈ ਅਸਲ ਵਿਚ ਧਰਮ ਦੇ ਪਰਦੇ ਹੇਠ ਲੁਕਿਆ ਮਨੁੱਖੀ ਇਖ਼ਲਾਕ ਤੋਂ ਡਿੱਗਿਆ ਨਜ਼ਰ ਆਉਂਦਾ ਹੈ। ਇਹ ਸ਼ੈਤਾਨੀਅਤ ਤੇ ਹੈਵਾਨੀਅਤ ਨਾਲ ਨੱਕੋ-ਨੱਕ ਭਰਿਆ ਨਜ਼ਰ ਆਉਂਦਾ ਹੈ ਕਿਉਂਕਿ ਜੋ ਕੁਝ ਇਸ ਬਾਰੇ ਅਖ਼ਬਾਰਾਂ, ਮੈਗ਼ਜ਼ੀਨਾਂ, ਟੀ.ਵੀ. ਚੈਨਲਾਂ ਅੰਦਰ ਦਸਤਾਵੇਜ਼ ਪੇਸ਼ ਕੀਤੇ ਜਾ ਰਹੇ ਹਨ ਉਹ ਕਿਸੇ ਸਾਧ ਦੇ ਨਹੀਂ ਹੁੰਦੇ। ਸਾਧ ਜਨ ਤਾਂ ਪਰਾਏ ਤਨ ਵੱਲ ਮੰਦੀ ਨਜ਼ਰ ਨਾਲ ਤੱਕਣਾ ਵੀ ਪਾਪ ਸਮਝਦੇ ਹਨ ਪਰ ਇਸ ਨੇ ਤਾਂ ਪਤਾ ਨਹੀਂ ਕਿੰਨੀਆਂ ਨਿਮਾਣੀਆਂ-ਨਿਤਾਣੀਆਂ ਜਿੰਦਾਂ ਦਾ ਸਰੀਰਕ ਸ਼ੋਸ਼ਣ ਤੇ ਜਬਰ ਜਿਨਾਹ ਕੀਤਾ ਹੈ। ਸਾਧ ਤਾਂ ਕਿਸੇ ਨੂੰ ਜੀਵਨ ਦਿੰਦੇ ਹਨ, ਸੱਚ ਨੂੰ ਕਹਿਣ ਕਮਾਉਣ ਵਾਲਿਆਂ ਨੂੰ ਮਾਣ-ਸਨਮਾਨ ਦਿੰਦੇ ਹਨ ਪਰ ਇਸ ਨੇ ਤਾਂ ਸੱਚ ਕਹਿਣ ਵਾਲੇ ਪੱਤਰਕਾਰ ਛੱਤਰਪਤੀ ਵਰਗੇ ਪਤਾ ਨਹੀਂ ਕਿੰਨਿਆਂ ਨੂੰ ਜਾਨੋਂ ਖ਼ਤਮ ਕੀਤਾ ਹੈ! ਸਾਧ ਜਨ ਤਾਂ ਆਪ ਕਸ਼ਟ ਵਿਚ ਰਹਿ ਕੇ ਦੂਜਿਆਂ ਨੂੰ ਸੁਖ-ਆਰਾਮ ਦੇਣ ਵਿਚ ਆਨੰਦਿਤ ਹੁੰਦੇ ਹਨ ਪਰ ਇਸ ਦੇ ਮਾਮਲੇ ਵਿਚ ਤਾਂ ਸਭ ਕੁਝ ਉਲਟਾ-ਪੁਲਟਾ ਹੋਇਆ ਪਿਆ ਹੈ।
ਇਹ ਵੀ ਇਕ ਹੈਰਾਨੀ ਦੀ ਗੱਲ ਹੈ ਕਿ ਇੰਨੇ ਕੁਕਰਮ ਕਮਾਉਣ ਵਾਲਾ ਆਪਣੇ ਆਪ ਨੂੰ ‘ਸੱਚੇ ਸੌਦੇ ਵਾਲਾ ਸਾਧ’ ਅਖਵਾ ਰਿਹਾ ਹੈ।
ਆਮ ਤੌਰ ’ਤੇ ਸਿਆਣਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਜਦ ਕਿਸੇ ਵੱਲੋਂ ਕੋਈ ਅਤਿ ਹੋ ਜਾਂਦੀ ਹੈ ਤਾਂ ਇਹੀ ਅਤਿ ਉਸ ਦੇ ਅੰਤ ਦੀ ਸੂਚਕ ਹੁੰਦੀ ਹੈ। ਇਥੇ ਮੈਂ ਇਹ ਕਹਿਣਾ ਇਸ ਮਾਮਲੇ ਵਿਚ ਜ਼ਰੂਰੀ ਸਮਝਦਾ ਹਾਂ ਕਿ ‘ਜ਼ਰੂਰੀ ਨਹੀਂ ਕਿ ਅੰਤ ਸਰੀਰ ਦੇ ਖ਼ਾਤਮੇ ਨਾਲ ਹੁੰਦਾ ਹੈ ਬਲਕਿ ਲੋਕ-ਮਾਨਸਿਕਤਾ ਅੰਦਰੋਂ ਕਿਸੇ ਦੀ ਸ਼ਖ਼ਸੀ ਹੋਂਦ ਦਾ ਖ਼ਤਮ ਹੋ ਜਾਣਾ ਵੀ ਇਕ ਪ੍ਰਕਾਰ ਦੀ ਮੌਤ ਹੁੰਦਾ ਹੈ।’
ਇਹੀ ਕੁਝ ਅੱਜ ਸਿਰਸੇ ਵਾਲੇ ਨਾਲ ਹੋ ਰਿਹਾ ਹੈ। ਸਮੇਂ-ਸਮੇਂ ’ਤੇ ਉਸ ਦੇ ਕੁਕਰਮ ਇਨਸਾਫ਼ਪਸੰਦ ਮੀਡੀਏ, ਪੱਤਰਕਾਰ, ਰਿਪੋਰਟਰ ਭੈਣਾਂ ਤੇ ਵੀਰ ਜਨਤਾ ਸਾਹਮਣੇ ਅਖ਼ਬਾਰਾਂ, ਟੀ.ਵੀ. ਉੱਪਰ ਪ੍ਰਗਟ ਕਰ ਰਹੇ ਹਨ ਜਿਸ ਕਾਰਨ ਉਸ ਦੇ ਹਜ਼ਾਰਾਂ ਹੀ ਸ਼ਰਧਾਲੂ ਉਸ ਨਾਲੋਂ ਟੁੱਟ ਚੁੱਕੇ ਹਨ ਪਰ ਫਿਰ ਵੀ ਅਜੇ ਬਹੁਤ ਸਾਰੇ ਐਸੇ ਹਨ ਜੋ ਸੱਚਾਈ ਪੜ੍ਹ-ਸੁਣ ਕੇ ਵੀ ਅੰਨ੍ਹੀ ਸ਼ਰਧਾ ਹੋਣ ਕਰਕੇ ਇਸ ਅਖੌਤੀ ਸਾਧ ਨਾਲ ਜੁੜੇ ਹੋਏ ਹਨ।
ਅਖ਼ੀਰ ’ਤੇ ਮੈਂ ਇਕ ਬੇਨਤੀ ਕਰਨਾ ਚਾਹਾਂਗਾ। ਵਿਦਵਾਨਾਂ ਦਾ ਮੱਤ ਹੈ ਕਿ ਦੂਜੇ ਨੂੰ ਦੋਸ਼ ਦੇਈ ਜਾਈਏ, ਆਪਣੇ ਵੱਲ ਝਾਤੀ ਹੀ ਨਾ ਮਾਰੀਏ ਤਾਂ ਇਹ ਗੱਲ ਵੀ ਠੀਕ ਨਹੀਂ ਹੁੰਦੀ। ਇਸ ਲਈ ਸਾਡੀਆਂ ਸਾਰੀਆਂ ਜਥੇਬੰਦੀਆਂ, ਕਮੇਟੀਆਂ, ਸਭਾ-ਸੁਸਾਇਟੀਆਂ ਨੂੰ ਸ਼ਬਦ-ਪ੍ਰਧਾਨ ਗੁਰਮਤਿ ਲਹਿਰ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਦੇਹਧਾਰੀ ਪੂਜਾ, ਕਬਰਾਂ, ਸਮਾਧਾਂ, ਵਹਿਮਾਂ-ਭਰਮਾਂ, ਫੋਕਟ ਕਰਮ-ਕਾਂਡਾਂ ਵਿੱਚੋਂ ਲੋਕਾਂ ਨੂੰ ਕੱਢ ਕੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣਾ ਚਾਹੀਦਾ ਹੈ। ਬਾਬਾਣੀਆਂ-ਕਹਾਣੀਆਂ, ਗੁਰ-ਇਤਿਹਾਸ/ਸਿੱਖ-ਇਤਿਹਾਸ ਦੇ ਪੰਨੇ ਜਿਨ੍ਹਾਂ ਅੰਦਰ ਗੁਰੂ ਸਾਹਿਬਾਨ ਵੱਲੋਂ ਕੀਤੇ ਗਏ ਭਲਾਈ-ਕਾਰਜਾਂ, ਕੁਰਬਾਨੀਆਂ, ਸਿੰਘਾਂ ਦੀ ਧਰਮ ਪ੍ਰਤੀ ਪਕਿਆਈ, ਗੁਰੂ ਨਾਲ ਪਿਆਰ ਆਦਿਕ ਪੱਖਾਂ ਨੂੰ ਸੰਗਤਾਂ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਧੁਰ-ਅੰਦਰੋਂ ਸਿੱਖੀ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਦੇਹਧਾਰੀ ਗੁਰੂ-ਡੰਮ ਨੂੰ ਠੱਲ੍ਹ ਪੈ ਸਕਦੀ ਹੈ।
ਗੁਰੂ ਕਿਰਪਾ ਕਰੇ, ਆਪਾਂ ਸਾਰੇ ਇਸ ਪੱਖ ਤੋਂ ਸੁਚੇਤ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ। ਕਿਸੇ ਨੂੰ ਵਹਿਮਾਂ-ਭਰਮਾਂ, ਪਾਖੰਡੀਆਂ, ਫ਼ਰੇਬੀਆਂ, ਦੇਹਧਾਰੀਆਂ ਨਾਲੋਂ ਤੋੜ ਕੇ ਜੁਗੋ ਜੁਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਪਰਮ ਪਾਵਨ ਗੁਰਬਾਣੀ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜਨਾ ਵੀ ਇਕ ਮਹਾਨ ਸੇਵਾ ਹੈ। ਆਓ! ਸੇਵਾ ਦੇ ਇਸ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਲੇਖਕ ਬਾਰੇ
ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ, ਫਗਵਾੜਾ
- ਭਾਈ ਜੈਦੀਪ ਸਿੰਘ ਕਥਾਵਾਚਕhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%88%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%95%e0%a8%a5%e0%a8%be%e0%a8%b5%e0%a8%be%e0%a8%9a%e0%a8%95/December 1, 2007
- ਭਾਈ ਜੈਦੀਪ ਸਿੰਘ ਕਥਾਵਾਚਕhttps://sikharchives.org/kosh/author/%e0%a8%ad%e0%a8%be%e0%a8%88-%e0%a8%9c%e0%a9%88%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98-%e0%a8%95%e0%a8%a5%e0%a8%be%e0%a8%b5%e0%a8%be%e0%a8%9a%e0%a8%95/December 1, 2009