editor@sikharchives.org

ਅਮਰ ਕਥਾ, ਨਿਰਭੈ ਯੋਧੇ : ਭਾਈ ਸੰਗਤ ਸਿੰਘ ਜੀ

ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

“ਸਿੱਖਾਂ ਦਾ ਗੁਰੂ ਗਿਆ ਜੇ, ਫੜੋ!, ਸਿੱਖਾਂ ਦਾ ਗੁਰੂ ਗਿਆ ਜੇ, ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ”। ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ ਦੇ ਹਨ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਲੜਾਈ ਦੇ ਅੰਤਿਮ ਦਿਨਾਂ ਵਿਚ, ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਕੀਤਾ ਕਿ “ਉਹ ਚਮਕੌਰ ਦੀ ਹਵੇਲੀ ਛੱਡ ਜਾਣ”। ਮਹਾਂਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪਰੰਪਰਾ ਅਰਥਾਤ ਖਾਲਸਾ-ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ, ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ, ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ, ਉੱਚੀ ਅਵਾਜ਼ ਨਾਲ ਕਿਹਾ, “ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ ਲਉ”। ਜਦੋਂ ਨਿਰਭੈ ਮਹਾਂਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ ਤਾਂ ਮੁਗ਼ਲ ਫੌਜਾਂ ਵਿਚ ਭਗਦੜ ਮੱਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ ਨੂੰ ਟਿਕਣ ਨਾ ਦਿੱਤਾ। “ਹੁਣ ਕਿਤੇ ਵੇਲਾ ਖੁੰਝ ਨਾ ਜਾਵੇ, ਤਕੜੇ ਹੋ ਕੇ ਹਿੰਮਤ ਮਾਰ ਕੇ, ਗੁਰੂ ਨੂੰ ਜਿਊਂਦਾ ਹੀ ਫੜ ਲਉ”। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।

ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲ਼ੀ ਤੇ ਠੰਢੀ ਰਾਤ ਦੇ ਹਨ੍ਹੇਰੇ ਵਿਚ ਹੜਬੜਾਏ ਹੋਏ, ਮੁਗ਼ਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ ਲੱਗ ਪਏ। ਸਵੇਰੇ ਪਹੁ-ਫੁਟਾਲੇ ਨਾਲ, ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਉਨ੍ਹਾਂ ਨੇ, ਛੱਤ ਉੱਪਰ ਬੈਠੇ ਹੋਏ ਗੁਰੂ ਜੀ ਨੂੰ ਵੇਖਿਆ। ਵਾਸਤਵ ਵਿਚ ਸਤਿਗੁਰੂ ਜੀ ਦੁਆਰਾ ਬਖਸ਼ਿਆ ਹੋਇਆ ਚੋਲ਼ਾ ਅਤੇ ਕਲਗੀ ਸਜਾਈ ਬੈਠਾ, ਇਹ ਭਾਈ ਸੰਗਤ ਸਿੰਘ ਨਿਰਭੈ ਯੋਧਾ ਸੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ। ਵਜ਼ੀਰ ਖਾਨ ਨੇ ਖੁਦ ਅੱਖੀਂ ਵੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਹਵੇਲੀ ਉੱਪਰ ਬੈਠੇ ਹੋਏ ਹਨ। ਕਲਗੀ ਵੀ ਉਹੀ ਹੈ, ਸ਼ਕਲ, ਕੱਦ ਅਤੇ ਚੋਲ਼ਾ ਵੀ ਉਹੀ ਹੈ।… ਤਾਂ ਵਜ਼ੀਰ ਖਾਂ ਨੂੰ ਕੜਾਕੇਦਾਰ ਠੰਢ ਵਿਚ ਹੀ ਤ੍ਰੇਲੀਆਂ ਆਉਣ ਲੱਗ ਪਈਆਂ। ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ। “ਹੈਂ! ਗੁਰੂ ਅਜੇ ਜਿਊਂਦਾ ਹੈ? ਰਾਤ, ਉਹ ਕੌਣ ਸੀ, ਜਿਸ ਨੇ ਮੇਰੀ ਅਣਖ ਨੂੰ, ਤਾੜੀ ਮਾਰ ਕੇ, ਉੱਚੀ ਬੋਲ ਕੇ ਵੰਗਾਰਿਆ ਸੀ? ਏਨੀ ਸੈਨਾ ਵੀ ਮਰ ਗਈ, ਲਾਸ਼ਾਂ ਤੇ ਲਾਸ਼ਾਂ ਪਈਆਂ ਹੋਈਆਂ ਹਨ ਪਰ ਗੁਰੂ ਅਜੇ ਵੀ ਜਿਊਂਦਾ ਹੈ? ਹੇ ਖੁਦਾ! ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ।

ਇਨ੍ਹਾਂ ਨੂੰ ਨਾ ਭੁੱਖ ਲੱਗਦੀ ਹੈ, ਨਾ ਪਿਆਸ, ਨਾ ਹੀ ਇਹ ਕਿਸੇ ਤੋਂ ਡਰਦੇ ਹਨ। ਜੇ ਅਸੀਂ ਇਨ੍ਹਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਸ਼ਾਹ ਰਗ ਨੂੰ ਐਸਾ ਹੱਥ ਪਾਉਂਦੇ ਹਨ ਕਿ ਕਿਸੇ ਨੂੰ ਜਿਊਂਦਾ ਵਾਪਸ ਮੁੜਨ ਹੀ ਨਹੀਂ ਦਿੰਦੇ। ਗਿਣਤੀ ਦੇ ਕੁਝ ਦਰਜਨ ਕੁ ਸਿੰਘਾਂ ਨੇ ਸਾਡੀ ਫੌਜ ਲੱਗਭਗ ਖ਼ਤਮ ਹੀ ਕਰ ਦਿੱਤੀ ਹੈ। ਵੱਡੇ-ਵੱਡੇ ਸੈਨਾਪਤੀ ਨਹੀਂ ਰਹੇ।” ਵਜ਼ੀਰ ਖਾਨ ਦੇ ਕਮਾਂਡਰ ਇਕੱਠੇ ਹੋਏ। ਸੈਨਾਪਤੀ ਨੂਰ ਖਾਂ ਨੇ ਆਖਿਆ, “ਸਿੱਖਾਂ ਵਿਚ ਕੋਈ ਜਾਦੂ-ਸ਼ਕਤੀ ਕੰਮ ਕਰਦੀ ਹੈ। ਉਨ੍ਹਾਂ ਦੀ ਪਿੱਠ ਪਿੱਛੇ ਜ਼ਰੂਰ ਕੋਈ ਦੇਵਤਾ ਹੈ। ਗੁਰੂ ਦੀ ਸ਼ਕਤੀ ਦਾ ਤਾਂ ਅੰਦਾਜ਼ਾ ਹੀ ਬੇਹਿਸਾਬ ਹੈ, ਉਸ ਦੇ ਤਾਂ ਸਿੱਖ ਹੀ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਸਿੱਖਾਂ ਦਾ ਗੁਰੂ ਜੇਕਰ ਇਕ ਤੀਰ ਮਾਰਦਾ ਹੈ ਤਾਂ ਸਾਡੇ ਚਾਰ-ਚਾਰ, ਪੰਜ-ਪੰਜ ਸੂਰਮਿਆਂ ਨੂੰ ਵਿੰਨ੍ਹ ਦਿੰਦਾ ਹੈ। ਸੈਨਾਪਤੀ ਨੂਰ ਖਾਂ ਨੇ ਆਖਿਆ, “ਜੀ, ਤਾਂਹੀਓਂ ਤਾਂ ਸਾਨੂੰ ਇਨ੍ਹਾਂ ਸਿੰਘਾਂ ਤੋਂ ਡਰ ਲੱਗਦਾ ਹੈ।”

ਵਜ਼ੀਰ ਖਾਨ ਨੇ ਆਪਣੇ ਇਕੱਠੇ ਹੋਏ ਸੈਨਾਪਤੀਆਂ ਨੂੰ ਆਖਿਆ, “ਚਾਹੇ ਕੁਝ ਵੀ ਹੈ, ਸਾਨੂੰ ਹਮਲਾ ਤਾਂ ਕਰਨਾ ਹੀ ਪਵੇਗਾ। ਆਖਰੀ ਵੇਰ ਦਾ ਇਕ ਕਹਿਰੀ ਹੱਲਾ ਬੋਲ ਦਿਉ ਤੇ ਇਹ ਹੱਲਾ ਐਸਾ ਧਮਾਕੇਦਾਰ ਧੜੱਲੇ ਨਾਲ ਕਰੋ ਕਿ ਆਰ-ਪਾਰ ਦੀ ਲੜਾਈ ਹੋ ਜਾਵੇ। ਮੁੱਠੀ ਕੁ ਤਾਂ ਸਿੰਘ ਨੇ, ਹੁਣ ਬਚ ਕੇ ਨਾ ਜਾਣ! ਆਉ ਹੱਥੀਂ ਪਕੜ ਲਉ।”

ਏਧਰ ਗੁਰੂ ਕੇ ਸਿੰਘਾਂ ਨੂੰ ਭਿਣਕ ਪੈ ਗਈ। ਨਿਰਭੈ ਯੋਧੇ ਭਾਈ ਸੰਗਤ ਸਿੰਘ ਜੀ, ਹਵੇਲੀ ਦੇ ਬਾਹਰੀ ਦਰਵਾਜ਼ੇ ਲਾਗੇ ਖੜ੍ਹੇ, ਬਾਕੀ ਸਾਥੀ ਸਿੰਘਾਂ ਦੇ ਕੋਲ ਆ ਗਏ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ, ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ, ਹਵੇਲੀ ਦਾ ਬੂਹਾ ਇਕਦਮ ਖੋਲ੍ਹ ਕੇ, ਸਿੰਘ ‘ਸਤਿ ਸ੍ਰੀ ਅਕਾਲ’ ਬੁਲਾ ਕੇ, ਮੁਗ਼ਲ ਫੌਜਾਂ ’ਤੇ ਟੁੱਟ ਕੇ ਪੈ ਗਏ। ਤੇਗਾਂ ਨਾਲ ਤੇਗਾਂ ਇਸ ਤਰ੍ਹਾਂ ਟਕਰਾਉਣ ਲੱਗੀਆਂ ਜਿਵੇਂ ਅਸਮਾਨੀ ਬਿਜਲੀ ਕਾਲੇ ਬੱਦਲਾਂ ਵਿਚ ਚਮਕਦੀ ਹੈ। ਸਿੰਘਾਂ ਦੇ ਜੈਕਾਰਿਆਂ ਨਾਲ ਧਰਤੀ ਗੂੰਜ ਉੱਠੀ। ਸਿੰਘਾਂ ਦਾ ਏਨਾ ਜਬਰਦਸਤ ਹੱਲਾ ਹੋਣ ਨਾਲ, ਮੁਗ਼ਲ ਸੈਨਿਕ ਧੜਾ-ਧੜ ਧਰਤੀ ’ਤੇ ਡਿੱਗਣ ਲੱਗ ਪਏ। ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦਾ ਧੜ ਕੱਟਿਆ ਹੋਇਆ ਸੀ ਤੇ ਉਹ ਕੁਰਲਾ ਰਹੇ ਸਨ। ਭਾਈ ਸੰਗਤ ਸਿੰਘ ਜੀ ਸਿੰਘਾਂ ਦੇ ਸੈਨਾਪਤੀ ਦੇ ਰੂਪ ਵਿਚ ਲਲਕਾਰੇ ਮਾਰ ਰਹੇ ਸਨ। ਬਹਾਦਰ ਯੋਧੇ ਭਾਈ ਸੰਗਤ ਸਿੰਘ ਦੀ ਤਲਵਾਰ ਦਾ ਵਾਰ ਕੋਈ ਵੀ ਨਹੀਂ ਸੀ ਸਹਾਰ ਸਕਦਾ। ਉਹ ਵੀ ਇਸ ਵਾਰੀ ਆਰ-ਪਾਰ ਦੀ ਲੜਾਈ ਲੜ ਰਹੀਆਂ ਸਨ। ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗ਼ਲ ਫੌਜਾਂ ਦਾ ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ। ਉਨ੍ਹਾਂ ਨੂੰ ਭੁਲੇਖਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਭਾਈ ਸੰਗਤ ਸਿੰਘ ਜੀ ਦੋਵਾਂ ਹੱਥਾਂ ਨਾਲ ਸ਼ਸਤਰਾਂ ਦੇ ਵਾਰ ਕਰ ਰਹੇ ਸਨ। ਚਮਕੌਰ ਦੇ ਇਸ ਘਮਸਾਨ ਯੁੱਧ ਵਿਚ ਭਾਈ ਸੰਗਤ ਸਿੰਘ ਜੀ, ਬਾਕੀ ਸਿੰਘਾਂ ਦੇ ਨਾਲ ਮਹਾਨ ਸ਼ਹੀਦੀ ਪ੍ਰਾਪਤ ਕਰ ਗਏ।

ਇਹ ਸੀ ਬੀਰ-ਕਹਾਣੀ ਮਹਾਨ ਯੋਧੇ ਭਾਈ ਸੰਗਤ ਸਿੰਘ ਜੀ ਦੀ। ਇਹ ਮਹਾਨ ਯੋਧਾ ਮਾਤਾ ਅਮਰੋ ਜੀ ਅਤੇ ਪਿਤਾ ਭਾਈ ਰਣੀਆਂ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਇਆ। ਬਚਪਨ ਦੀ ਉਮਰ ਤੋਂ ਹੀ ਭਾਈ ਸੰਗਤ ਸਿੰਘ ਜੀ, ਸਤਿਗੁਰੂ ਜੀ ਦੀ ਸੰਗਤ ਵਿਚ ਰਹੇ। ਆਪ ਜੀ ਸ਼ਸਤਰ-ਵਿੱਦਿਆ ਵਿਚ ਬਹੁਤ ਮਾਹਰ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ, ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਰਹੇ। ਜਦੋਂ 1699 ਈ. ਵਿਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਦੋਂ ਤੋਂ ਭਾਈ ‘ਸੰਗਤਾ ਜੀ’ ਅੰਮ੍ਰਿਤਪਾਨ ਕਰਕੇ, ਭਾਈ ਸੰਗਤ ਸਿੰਘ ਬਣ ਗਏ ਸਨ। ਆਪ ਜੀ ਸਦਾ ਹੀ ਗੁਰੂ-ਘਰ ਪ੍ਰਤੀ ਵਫਾਦਾਰ, ਇਮਾਨਦਾਰ ਅਤੇ ਆਗਿਆਕਾਰ ਰਹੇ। ਪਰਉਪਕਾਰ, ਸੇਵਾ, ਸਿਮਰਨ ਵਿਚ ਵੀ ਆਪ ਘੱਟ ਨਹੀਂ ਸਨ। ਅਰੰਭਕ ਅਵਸਥਾ ਤੋਂ ਹੀ ਆਪ ਜੀ ਵਿਚ ਬੀਰ-ਰਸ, ਗੁਰੂ-ਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ- ਕੁੱਟ ਕੇ ਭਰਿਆ ਪਿਆ ਸੀ। ਨਾ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਭਾਈ ਸੰਗਤ ਸਿੰਘ ਵਿਚ ਰਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ “ਗੁਰੂ ਜੀ! ਮੇਰੀ ਘਰ ਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ, ਰੋਪੜ ਵਾਲੇ ਪਾਸੇ ਲੈ ਗਿਆ ਹੈ। ਕਿਰਪਾ ਕਰੋ ਜੀ, ਗਰੀਬ, ਨਿਮਾਣੇ, ਨਿਤਾਣੇ ਦੀ ਆਸ ਕੇਵਲ ਗੁਰੂ ਨਾਨਕ ਦੇਵ ਜੀ ਦਾ ਦਰ-ਘਰ ਹੀ ਹੈ। ਮਿਹਰ ਕਰਕੇ ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ ਜੀ”। ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਉ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ, ਘੋੜੇ ਏਨੇ ਤੇਜ਼ ਭਜਾਏ ਕਿ ਕਮਾਲ ਹੀ ਕਰ ਦਿੱਤੀ। ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਮਾਰਾ ਘਰ ਵਿਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਏਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ ਹੌਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ। ਜਦੋਂ ਉਸ ਨੂੰ ਪਾਰ (ਖ਼ਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ ਪਠਾਣ ਦੀ ਘਰਵਾਲੀ ਨੇ, ਤਰਲੇ ਪਾਏ, ਮਿੰਨਤਾਂ ਕੀਤੀਆਂ, ਪਠਾਣ ਨੇ ਅੱਗੇ ਤੋਂ ਅਜਿਹੇ ਕੁਕਰਮ ਨਾ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ ਦੀ ਜਾਨ ਬਖ਼ਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ, ਗੁਰੂ-ਦਰਬਾਰ ਦੀ ਸ਼ਰਨ ਵਿਚ ਆਏ ਪੰਡਤ ਦੇ ਹਵਾਲੇ ਕੀਤੀ। ਇਸ ਸਾਰੀ ਕਾਰਵਾਈ ਵਿਚ ਬਾਬਾ ਸੰਗਤ ਸਿੰਘ ਜੀ ਦਾ, ਸਾਹਿਬਜ਼ਾਦਾ ਅਜੀਤ ਸਿੰਘ ਨਾਲ ਸਹਿਯੋਗ ਸ਼ਲਾਘਾਯੋਗ ਸੀ।

ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ, ਸਰਸਾ ਨਦੀ ਦੇ ਕੰਢੇ ਹੋਏ ਮੁਗ਼ਲਾਂ ਨਾਲ ਘਮਸਾਨ ਯੁੱਧ ਵਿਚ ਭਾਈ ਸੰਗਤ ਸਿੰਘ ਜੀ ਨੇ ਵੀ ਤੇਗ਼ ਦੇ ਚੰਗੇ ਜੌਹਰ ਵਿਖਾਏ ਸਨ।

ਭਾਈ ਸੰਗਤ ਸਿੰਘ ਜੀ ਦੀ ਜੀਵਨ-ਕਥਾ, ਇਕ ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਕਥਾ ਹੈ। ਆਪ ਜੀ ਜਿੱਥੇ ਗੁਰੂ ਦਸਮੇਸ਼ ਪਿਤਾ ਦੇ ਪੂਰੇ ਵਿਸ਼ਵਾਸਪਾਤਰ ਤੇ ਆਗਿਆਕਾਰੀ ਸਨ, ਉਥੇ ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ। ਸਿੱਖ ਇਤਿਹਾਸ ਵਿਚ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ ਚੱਲੇਗੀ, ਉਥੇ ਭਾਈ ਸੰਗਤ ਸਿੰਘ ਜੀ ਦਾ ਨਾਮ ਵੀ ਜ਼ਰੂਰ ਲਿਆ ਜਾਵੇਗਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਖੇਤਰੀ ਖੋਜ ਕੇਂਦਰ -ਵਿਖੇ: ਪੰਜਾਬ ਐਗਰੀਕਲਚਰ ਯੂਨੀਵਰਸਿਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)