‘ਅਨੰਦ ਸਾਹਿਬ’ ਬਾਣੀ ਦੇ ਰਚਨਹਾਰ ਸ੍ਰੀ ਗੁਰੂ ਅਮਰਦਾਸ ਜੀ ਹਨ। ਇਸ ਬਾਣੀ ਵਿਚ ਨਾ ਕੇਵਲ ਗੁਰਮਤਿ ਸਿਧਾਂਤਾਂ ਅਤੇ ਉਨ੍ਹਾਂ ਦੀ ਪ੍ਰਾਪਤੀ ਦੀ ਸਾਧਨਾ- ਜੁਗਤਿ ਬਾਰੇ ਦੱਸਿਆ ਗਿਆ ਹੈ ਬਲਕਿ ਉਨ੍ਹਾਂ ਦੀ ਪ੍ਰਾਪਤੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਦਾ ਭੀ ਜ਼ਿਕਰ ਕੀਤਾ ਗਿਆ ਹੈ। ‘ਅਨੰਦ ਸਾਹਿਬ’ ਬਾਣੀ ਦਾ ਸੰਬੰਧ ਰਹੱਸਵਾਦੀ ਜੀਵਨ ਦੇ ਸਿਖਰ ਨਾਲ ਹੈ। ਮਨੁੱਖ ਅੰਦਰ ਜਦੋਂ ਤਕ ਬਾਹਰ ਦੀਆਂ ਦੁਨਿਆਵੀ ਭੁੱਖਾਂ ਜਿਵੇਂ ਲੋਕਾਂ ਦੀ ਵਾਹ-ਵਾਹ, ਸੁੰਦਰ ਪਦਾਰਥਾਂ ਦੇ ਭੋਗ, ਕਾਮ-ਕਲੋਲ, ਧਨ ਦੀ ਲਾਲਸਾ ਆਦਿ ਰਹਿਣਗੀਆਂ, ਉਦੋਂ ਤਕ ਉਸ ਵਿਚ ਰਜੇਵਾਂ ਆ ਹੀ ਨਹੀਂ ਸਕਦਾ। ਜਦੋਂ ਤਕ ਦੁਨਿਆਵੀ ਪਦਾਰਥਾਂ ਦਾ ਹਿਰਦੇ ਅੰਦਰੋਂ ਮੋਹ ਨਹੀਂ ਟੁੱਟਦਾ, ਜੀਵ-ਆਤਮਾ ਦੀ ਤ੍ਰਿਪਤੀ ਨਹੀਂ ਹੋ ਸਕਦੀ ਅਤੇ ਜਦੋਂ ਤਕ ਤ੍ਰਿਪਤੀ ਨਹੀਂ ਹੋ ਸਕਦੀ ਉਦੋਂ ਤਕ ਮਨੁੱਖ ਆਤਮਕ ਰਸ ਤੋਂ ਸੱਖਣਾ ਹੀ ਰਹਿੰਦਾ ਹੈ। ਆਤਮ-ਰਸ ਨੂੰ ਸੰਭਾਲਣ ਵਾਲੀ ਲਿਵਲੀਨਤਾ ਮਗਰੋਂ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਇਸ ਸਥਿਤੀ ਵੱਲ ਸੰਕੇਤ ਕਰਦਿਆਂ ਫ਼ੁਰਮਾਉਂਦੇ ਹਨ:
ਸਾਚੀ ਲਿਵੈ ਬਿਨੁ ਦੇਹ ਨਿਮਾਣੀ॥
ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ॥ (ਪੰਨਾ 917)
ਵਾਸਤਵ ਵਿਚ ਜੀਵ-ਆਤਮਾ ਦੀ ਤ੍ਰਿਪਤੀ ਆਤਮ-ਰਸ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਦਾ-ਥਿਰ ਪ੍ਰਭੂ-ਚਰਨਾਂ ਦੀ ਪ੍ਰੀਤ ਤੋਂ ਬਿਨਾਂ ਮਨੁੱਖ ਨਿਆਸਰਾ ਹੁੰਦਾ ਹੈ ਤੇ ਨਕਾਰੇ ਕੰਮ ਹੀ ਕਰਦਾ ਹੈ।

‘ਅਨੰਦ’ ਦਾ ਮੂਲ ਸੋਮਾ ‘ਨਾਮ ਸਿਮਰਨ’ ਹੈ। ‘ਨਾਮ ਸਿਮਰਨ’ ਨਾਲ ਮਨ ਮੌਲਦਾ ਹੈ, ਅੰਤਰ-ਆਤਮੇ ਖੇੜਾ ਜਾਗਦਾ ਹੈ। ਵਿਅਕਤੀ ਜਦ ਤਕ ਪੰਜ ਦੂਤ- ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੇ ਜਾਲ ਤੋਂ ਬਾਹਰ ਨਹੀਂ ਨਿਕਲਦਾ, ਮਨੁੱਖ ਦਾ ਮਨ ਬੁਝਿਆ, ਸੜਿਆ, ਮਲੀਨ ਅਤੇ ਚਿੰਤਾਵਾਂ ਵਿਚ ਡੁੱਬਿਆ ਰਹਿੰਦਾ ਹੈ। ਉਸ ਵਿਚ ਆਤਮਕ-ਖੇੜਾ ਪੈਦਾ ਹੋ ਹੀ ਨਹੀਂ ਸਕਦਾ। ਮਨੁੱਖ ਪ੍ਰਭੂ-ਨਾਮ ਦੇ ਸਿਮਰਨ ਦੁਆਰਾ ਸੱਚੀ ਖੁਸ਼ੀ ਲੈ ਸਕਦਾ ਹੈ। ਸ਼ਬਦ-ਗੁਰੂ ਨਾਲ ਜੁੜ ਸਕਦਾ ਹੈ ਅਤੇ ਅਗਿਆਨਤਾ ਦੂਰ ਕਰ ਸਕਦਾ ਹੈ। ਗੁਰੂ-ਕਿਰਪਾ ਨਾਲ ਪ੍ਰਾਣੀ ਮੋਹ, ਮਾਇਆ, ਅਹੰਕਾਰ ਅਤੇ ਪਰਵਾਰਿਕ ਬੰਧਨਾਂ ਤੋਂ ਉੱਪਰ ਉੱਠਦਾ ਹੈ ਅਤੇ ਗੁਰੂ-ਸ਼ਬਦ ਦੇ ਅਭਿਆਸ ਰਾਹੀਂ ਅਨੁਭਵੀ-ਗਿਆਨ ਆਪਣੇ ਮਨ ਵਿਚ ਵਸਾ ਕੇ, ਉਹ ਹੁਕਮੀ ਬੰਦਾ ਬਣ ਕੇ ਖ਼ਸਮ ਦੀ ਕਾਰ ਵਿਚ ਜੁੱਟਿਆ ਰਹਿੰਦਾ ਹੈ।
ਪ੍ਰਭੂ-ਨਾਮ ਦਾ ਸਿਮਰਨ, ਕੀਰਤਨ ਅਤੇ ਭਗਤੀ ‘ਅਨੰਦ’ ਦਾ ਖ਼ਜ਼ਾਨਾ ਹਨ। ਗੁਰਮਤਿ ਵਿਚ ਚੌਥਾ ਪਦ ‘ਸਹਜ ਅਵਸਥਾ’ ਦੀ ਪ੍ਰਾਪਤੀ ਨੂੰ ਵੀ ‘ਅਨੰਦ’ ਆਖਿਆ ਹੈ।
‘ਸਿੱਖ ਰਵਾਇਤ’ ਦੇ ਅਨੁਸਾਰ, “ਅਨੰਦ ਸਾਹਿਬ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਨੇ 1554 ਈ. ਨੂੰ ਆਪਣੇ ਪੋਤਰੇ ਅਨੰਦ ਜੀ ਨੂੰ ਸਿੱਖਿਆ ਦੇ ਮੰਤਵ ਨਾਲ ਉਚਾਰੀ ਮੰਨੀ ਜਾਂਦੀ ਹੈ।” ‘ਗੁਰਬਾਣੀ ਵਿਚਾਰਧਾਰਾ’ ਅਨੁਸਾਰ, “ਮਹਾਂਪੁਰਸ਼ ਜੋ ਵੀ ਉਪਦੇਸ਼ ਕਰਦੇ ਹਨ ਭਾਵੇਂ ਉਹ ਇਕ ਵਿਅਕਤੀ ਨੂੰ ਹੀ ਮੁਖ਼ਾਤਬ ਕੀਤਾ ਹੋਵੇ, ਉਸ ਦੀ ਸਿਖਿਆ (ਸੀਖ) ਸਾਰੇ ਜੀਵਾਂ ਪ੍ਰਤੀ ਸਾਂਝੀ ਤੇ ਕਲਿਆਣਕਾਰੀ ਹੁੰਦੀ ਹੈ।” ਸ੍ਰੀ ਗੁਰੂ ਅਮਰਦਾਸ ਜੀ ਸੋਰਠਿ ਰਾਗ ਅੰਦਰ ਬਹੁਤ ਸੁੰਦਰ ਸ਼ਬਦਾਂ ਵਿਚ ਫ਼ਰਮਾਉਂਦੇ ਹਨ:
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ (ਪੰਨਾ 647)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਵਿਚ ਅਨੰਦ ਸਾਹਿਬ ਬਾਣੀ ਨੂੰ ਪੰਨਾ 917 ਤੋਂ 922 ਤਕ ਅੰਕਿਤ ਕੀਤਾ ਗਿਆ ਹੈ। ਅਨੰਦ ਸਾਹਿਬ ਬਾਣੀ ਦੀਆਂ 40 ਪਉੜੀਆਂ ਹਨ। ਹਰ ਪਉੜੀ ਵਿਚ 5 ਤੋਂ 6 ਤੁਕਾਂ ਹਨ। ਪਉੜੀ ਦਾ ਕੇਂਦਰੀ ਭਾਵ ਸਪੱਸ਼ਟ ਕਰਨ ਲਈ ਉਸੇ ਪਉੜੀ ਵਿਚ ਤੁਕ ਨੂੰ ਦੁਹਰਾਇਆ ਗਿਆ ਹੈ।
ਗੁਰਮਤਿ ਵਿਚਾਰਧਾਰਾ ਵਿਚ ਇਸ ਬਾਣੀ ਦਾ ਖਾਸ ਮਹੱਤਵ ਹੈ ਅਤੇ ਇਸ ਨੂੰ ਨਿਤਨੇਮ ਦੀਆਂ ਬਾਣੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਧਾਰਮਿਕ ਮਰਯਾਦਾ ਅਨੁਸਾਰ ਸਿੱਖ ਆਪਣੇ ਹਰ ਕਾਰਜ ਭਾਵੇਂ ਉਹ ਸੁਖ ਨਾਲ ਤੇ ਭਾਵੇਂ ਦੁੱਖ ਨਾਲ ਸੰਬੰਧਿਤ ਹੋਣ, ਪ੍ਰਭੂ ਦਾ ਭਾਣਾ ਮੰਨਦਾ ਹੋਇਆ ਅਨੰਦ ਸਾਹਿਬ ਦੇ ਪਾਠ ਨਾਲ ਸਮਾਪਤ ਕਰਦਾ ਹੈ। ਜਿਸ ਤੋਂ ਭਾਵ ਇਹ ਹੈ ਕਿ ਗੁਰੂ ਦੇ ਸਿੱਖ ਲਈ ਪ੍ਰਭੂ ਦੇ ਭਾਣੇ ਅੰਦਰ ਸੁਖ ਤੇ ਦੁੱਖ ਵਿਚ ਸੰਤੁਲਿਤ ਰਹਿਣ ਦਾ ਆਦੇਸ਼ ਹੈ।
‘ਅਨੰਦ’ ਦੀ ਪਰਿਭਾਸ਼ਾ ਵਿਦਵਾਨਾਂ ਨੇ ਬੜੇ ਵਿਸਥਾਰ ਵਿਚ ਕੀਤੀ ਹੈ। ‘ਸੰਸਕ੍ਰਿਤ ਹਿੰਦੀ ਕੋਸ਼’ ਅਨੁਸਾਰ ਅਨੰਦ (ਆ+ਨੰਦ+ਅਵ) ਦੇ ਅਰਥ ਹਨ ਸ਼ਾਂਤ, ਸੁਖ, ਪ੍ਰੀਤੀ, ਆਮੋਦ, ਪ੍ਰਮੋਦ, ਹਰਸ਼ ਆਦਿ। ਪ੍ਰਾਚੀਨ ਗ੍ਰੰਥਾਂ ਵਿਚ ਅਨੰਦ ਦਾ ਅਰਥ ਪਰਮ-ਸੁਖ ਅਤੇ ਸੰਪੂਰਨ ਸਮ੍ਰਿਧੀ ਕੀਤੇ ਗਏ ਹਨ। ਦਰਸ਼ਨ ਗ੍ਰੰਥਾਂ ਵਿਚ ਦੁੱਖ ਦੇ ਅਭਾਵ ਨੂੰ ‘ਅਨੰਦ’ ਦੱਸਿਆ ਗਿਆ ਹੈ। ਅਨੰਦ ਸਿਧਾਂਤ ਭਾਰਤੀ ਦਰਸ਼ਨ ਦਾ ਕੇਂਦਰੀ ਬਿੰਦੂ ਮੰਨਿਆ ਗਿਆ ਹੈ। ਭਾਰਤੀ ਧਾਰਮਕ ਪਰੰਪਰਾ ਦੀਆਂ ਭਗਤੀ ਸੰਪਰਦਾਵਾਂ ਵਿਚ ਵੀ ਅਨੰਦ ਦੀ ਵਿਆਖਿਆ ਮਿਲਦੀ ਹੈ। ਵੱਲਭਾਚਾਰੀਆ ਅਨੁਸਾਰ, “ਸਤਿ-ਚਿਤ-ਅਨੰਦ ਤਿੰਨਾਂ ਤੱਤਾਂ ਵਿਚ ਕੇਵਲ ਅਨੰਦ ਹੀ ਆਕਾਰ ਸੰਪਰਕ ਤੱਤ ਹੈ। ਅਨੰਦ ਦੇ ਕਾਰਨ ਹੀ ਪਰਮ ਪਰਸ਼ੋਤਮ ਸਾਕਾਰ ਹੁੰਦਾ ਹੈ।” ਭਾਰਤੀ ਪ੍ਰਾਚੀਨ ਫ਼ਿਲਾਸਫ਼ੀ ਵਿਚ ਮੋਖ ਦੀ ਅਵਸਥਾ ਨੂੰ ‘ਪੂਰਨ ਅਨੰਦ’ ਅਵਸਥਾ ਮੰਨਿਆ ਗਿਆ ਹੈ। ਇਸ ਨੂੰ ਬੁੱਧ ਮਤ ਵਿਚ ‘ਨਿਰਵਾਣ’ ਅਤੇ ਜੈਨ ਮਤ ਵਿਚ ‘ਕੈਵਲਯ’ ਦਾ ਨਾਮ ਦਿੱਤਾ ਗਿਆ ਹੈ। ‘ਅਨੰਦ’ ਮਨੁੱਖੀ ਜੀਵਨ ਦਾ ਆਦਰਸ਼ ਹੈ।
ਧਾਰਮਿਕ ਚਿੰਤਕਾਂ ਨੇ ਮਨੁੱਖੀ ਚੇਤਨਾ ਤਿੰਨ ਪ੍ਰਕਾਰ ਦੀ ਮੰਨੀ ਹੈ- ਇੰਦਰਿਆਵੀ, ਤਾਰਕਿਕ ਤੇ ਅੰਤਰ ਬੋਧੀ। ਪ੍ਰਥਮ ਸੰਵੇਦੀ ਚੇਤਨਾ ਹੈ। ਦੂਸਰੀ ਤਰਕਸ਼ੀਲ ਬੁੱਧੀ ਦੇ ਪੱਧਰ ਦੀ ਹੈ ਅਤੇ ਤੀਸਰੀ ਅੰਤਰਮਈ ਜਿਹੜੀ ਬੁੱਧੀ ਦੀ ਪਹੁੰਚ ਤੋਂ ਉਚੇਰੀ ਹੁੰਦੀ ਹੈ। ਇਸ ਨੂੰ ਸਹਜ ਵੀ ਕਿਹਾ ਗਿਆ ਹੈ। ਗੁਰਬਾਣੀ ਵਿਚ ਸਹਜ ਮਨ ਦੀ ਸਥਿਰਤਾ, ਆਤਮ ਗਿਆਨ, ਬ੍ਰਹਮ ਗਿਆਨ, ਪਰਮ ਪਦ, ਚੌਥਾ ਪਦ ਆਦਿ ਦੇ ਨਾਮ ਦਿੱਤੇ ਗਏ ਹਨ। ਸਹਜ ਆਤਮ ਪ੍ਰਕਾਸ਼ ਹੈ। ਗੁਰਬਾਣੀ ਵਿਚ ਸਹਿਜ ਤੇ ਅਨੰਦ ਇੱਕੋ ਆਤਮਕ ਅਵਸਥਾ ਦੇ ਸੂਚਕ ਮੰਨੇ ਗਏ ਹਨ।
ਸ੍ਰੀ ਗੁਰੂ ਅਮਰਦਾਸ ਜੀ ਨੇ ਅਨੰਦ ਅਵਸਥਾ ਦਾ ਸੋਮਾ ‘ਗੁਰੂ’ ਦੱਸਿਆ ਹੈ। ਗੁਰੂ, ਅਨੰਦ-ਪ੍ਰਾਪਤੀ ਲਈ ਮਹੱਤਵਪੂਰਨ ਸ੍ਰੋਤ ਮੰਨਿਆ ਗਿਆ ਹੈ। ਉਨ੍ਹਾਂ ਲਈ ਅਕਾਲ ਪੁਰਖ ਤੇ ਗੁਰੂ ਇੱਕੋ ਹਸਤੀ ਦੇ ਦੋ ਗੁਣ ਹਨ। ਗੁਰੂ ਦਾ ਮਿਲਾਪ ਹੀ ਅਨੰਦ- ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਹੈ। ਸਿਧਾਂਤਕ ਤੌਰ ’ਤੇ ਨਿਰੰਕਾਰ ਦੀ ਬਾਣੀ ਗੁਰੂ ਹੈ। ਸ਼ਬਦ ਨੂੰ ਜਾਣਨਾ ਅਤੇ ਇਸ ਨੂੰ ਜੀਵਨ ਦਾ ਆਧਾਰ ਬਣਾਉਣਾ ਜੀਵਨ ਦਾ ਮਨੋਰਥ ਹੈ। ਸ੍ਰੀ ਗੁਰੂ ਅਮਰਦਾਸ ਜੀ ਇਸ ਸਥਿਤੀ ਵੱਲ ਸੰਕੇਤ ਕਰਦਿਆਂ ਫ਼ਰਮਾਉਂਦੇ ਹਨ:
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥
ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ॥
ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ॥
ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ॥
ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ॥7॥ (ਪੰਨਾ 917)
ਗੁਰੂ ਦੀ ਕਿਰਪਾ ਨਾਲ ਹਰਿ-ਰਸ ਦੀ ਪ੍ਰਾਪਤੀ ਹੁੰਦੀ ਹੈ। ਉੱਚੇ ਭਾਗਾਂ, ਚੰਗੇ ਕਰਮਾਂ ਦਾ ਸਦਕਾ ਗੁਰੂ ਦਾ ਮੇਲ ਅਤੇ ਸਦੀਵੀ ਰਸ ਪ੍ਰਾਪਤ ਹੁੰਦਾ ਹੈ। ਗੁਰੂ ਸਹਜ ਦਾਤਾ ਹੈ, ਗੁਰੂ ਭਗਤੀ ਦਾਤਾ ਹੈ ਅਤੇ ਸਤਿਗੁਰੂ ਸਾਧਕ ਨੂੰ ਬਿਬੇਕ ਬੁੱਧ ਬਖ਼ਸ਼ਦਾ ਹੈ। ਮਨੁੱਖ ਦੀ ਆਤਮਕ ਭੁੱਖ ਅਸਲ ਵਿਚ ਜੀਵਨ-ਮਨੋਰਥ ਦੀ ਪੂਰਤੀ ਦਾ ਸਾਧਨ ਬਣਦੀ ਹੈ। ਇਸ ਦੀ ਤ੍ਰਿਪਤੀ ਗੁਰੂ ਵੱਲੋਂ ਨਾਮ ਬਖ਼ਸ਼ਣ ਉਪਰੰਤ ਪ੍ਰਭੂ ਮਿਲਾਪ ਹੋਣ ਨਾਲ ਹੁੰਦੀ ਹੈ। ਪ੍ਰਭੂ ਦਾ ਨਾਮ ਮਨੁੱਖ ਨੂੰ ਅੰਦਰੋਂ-ਬਾਹਰੋਂ ਨਿਰਮਲ ਬਣਾ ਦਿੰਦਾ ਹੈ ਯਥਾ:
ਜੀਅਹੁ ਨਿਰਮਲ ਬਾਹਰਹੁ ਨਿਰਮਲ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ॥ (ਪੰਨਾ 919)
‘ਨਾਮ’ ਪਰਮਾਤਮਾ ਦੀ ਸਰਬ-ਵਿਆਪਕ ਸ਼ਕਤੀ ਹੈ ਅਤੇ ਸਮੇਂ-ਸਮੇਂ ਸੰਸਾਰ ਦੇ ਕਲਿਆਣ ਹਿੱਤ ਗੁਰੂ-ਸ਼ਬਦ ਰਾਹੀਂ ਪ੍ਰਗਟ ਹੁੰਦੀ ਹੈ। ਸ਼ਬਦ ਗਿਆਨ ਰੂਪ ਹੈ। ਗੁਰੂ-ਸ਼ਬਦ ਰਾਹੀਂ ਪ੍ਰਭੂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਗੁਰੂ-ਸ਼ਬਦ ਤੋਂ ਬਿਨਾਂ ਹੋਰ ਬਾਣੀ ਕੱਚੀ ਹੈ। ਸ਼ਬਦ ਪਰਮਾਤਮਾ ਦਾ ਦਰਸ਼ਨ ਹੈ। ਗੁਰ-ਦਰਸ਼ਨ ਨੂੰ ਭਾਉ ਤੇ ਪਿਆਰ ਨਾਲ ਮਨ ਵਿਚ ਵਸਾਉਣ ਨਾਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਕੱਚੀ ਬਾਣੀ ਨੂੰ ਉਚਾਰਨ ਕਰਨਾ ਅਤੇ ਸੁਣਨਾ ਦੋਨੋਂ ਹੀ ਕੱਚੇ ਭਾਵ ਪ੍ਰਗਟ ਕਰਦੇ ਹਨ ਅਤੇ ਅਧੂਰੇ ਹਨ। ਯਥਾ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥24॥ (ਪੰਨਾ 920)
ਮਨੁੱਖ ਦੀਆਂ ਸ਼ਕਤੀਆਂ ਵਿੱਚੋਂ ਯਾਦ ਇਕ ਮੁੱਖ ਸ਼ਕਤੀ ਹੈ ਜਿਸ ਦੇ ਬਲ ਸਦਕਾ ਮਨੁੱਖ ਆਪਣੇ ਜੀਵਨ ਦੀ ਘਾੜਤ ਘੜਦਾ ਹੈ। ਇਸ ਯਾਦ-ਸੱਤ੍ਹਾ ਦੀ ਵਰਤੋਂ ਚੰਗੀ ਜਾਂ ਮੰਦੀ ਹੋ ਸਕਦੀ ਹੈ। ਗੁਰਬਾਣੀ ਵਿਚ ਯਾਦ ਦੀਆਂ ਦੋਹਾਂ ਸੱਤ੍ਹਾਂ ਦੇ ਨਾਮ ਦਿੱਤੇ ਗਏ ਹਨ। ਜਿਸ ਯਾਦ ਵਿਚ ਮਨ ਨੂੰ ਭਰਮਾਉਣ ਵਾਲੇ ਅਸਥਿਰ ਪਦਾਰਥਾਂ ਵੱਲ ਰੁਚੀ ਹੋਵੇ ਉਸ ਯਾਦ ਦਾ ਨਾਮ ‘ਤ੍ਰਿਸ਼ਨਾ’ ਤੇ ਜਿਸ ਯਾਦ ਕਰਕੇ ਮਨ ਵਿਚ ਟਿਕਾਉ, ਸ਼ਾਂਤੀ, ਰਸ, ਸੁਖ ਤੇ ਅਨੰਦ ਉਪਜੇ ਉਹ ‘ਲਿਵ’ ਹੈ। ਅਜਿਹੀ ਹਾਲਤ ਵਿਚ ਜ਼ਰੂਰੀ ਤਾਂ ਇਹੀ ਹੈ ਕਿ ਤ੍ਰਿਸ਼ਨਾ ਨੂੰ ਛੱਡ ਕੇ ਮਨ ਨੂੰ ਲਿਵ ਵਾਲੇ ਪਾਸੇ ਲਾਇਆ ਜਾਏ। ਪਰ ਸੰਸਾਰ ਵਿਚ ਮਾਨਵ ਮਨ ਦੀ ਗਤੀ ਕੁਝ ਅਜਿਹੀ ਹੈ ਕਿ ਮਨੁੱਖ ਮਾਇਆ ਦੇ ਪ੍ਰਭਾਵ ਨਾਲ ਲਿਵ ਨੂੰ ਛੱਡ ਕੇ ਤ੍ਰਿਸ਼ਨਾ ਵੱਲ ਵਧੇਰੇ ਰੁਚਿਤ ਰਹਿੰਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਇਸ ਸਥਿਤੀ ਦਾ ਸੰਕੇਤ ਕਰਦਿਆਂ ਫ਼ਰਮਾਉਂਦੇ ਹਨ:
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ (ਪੰਨਾ 921)
ਗੁਰਮਤਿ ਵਿਚ ਨਾਮ-ਸਿਮਰਨ ਦਾ ਸਹਿਜ ਢੰਗ ਪ੍ਰਵਾਨਿਤ ਮੰਨਿਆ ਗਿਆ ਹੈ, ਕਿਉਂਕਿ ਹਠ ਯੋਗ ਵਿਚ ਸਰੀਰ ਨੂੰ ਕਸ਼ਟ ਦੇ ਕੇ ਮਨ ਨੂੰ ਕਾਬੂ ਕਰਨ ਦਾ ਯਤਨ ਕੀਤਾ ਜਾਂਦਾ ਹੈ ਜੋ ਗੁਰਮਤਿ ਅਨੁਸਾਰ ਠੀਕ ਨਹੀਂ। ਸਹਜ-ਯੋਗ ਕਾਰ-ਵਿਹਾਰ ਕਰਦਿਆਂ ਮਨ ਨੂੰ ਪ੍ਰਭੂ ਦੀ ਯਾਦ ਨਾਲ ਇਕਸੁਰ ਕਰਦਿਆਂ ਕੀਤਾ ਜਾ ਸਕਦਾ ਹੈ। ਇਸੇ ਸੰਬੰਧ ਵਿਚ ਗੁਰਮਤਿ ਵਿਚ ਜਗਤ ਨੂੰ ਪਰਮੇਸ਼ਰ ਦਾ ਰੂਪ ਮੰਨਿਆ ਹੈ। ਇਸ ਦੀ ਰੌਣਕ ਨੂੰ ਵਧਾਉਣਾ ਇਨਸਾਨ ਦਾ ਪ੍ਰਮੁੱਖ ਕਰਤੱਵ ਦੱਸਿਆ ਗਿਆ ਹੈ। ਸ੍ਰੀ ਗੁਰੂ ਅਮਰਦਾਸ ਜੀ ਬਹੁਤ ਸੁੰਦਰ ਸ਼ਬਦਾਂ ਵਿਚ ਸਪੱਸ਼ਟ ਕਰਦੇ ਹਨ:
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ (ਪੰਨਾ 922)
ਅੱਜ 21ਵੀਂ ਸਦੀ ਦੇ ਸੰਦਰਭ ਵਿਚ ਅਨੰਦ ਸਾਹਿਬ ਬਾਣੀ ਦੇ ਕੇਂਦਰੀ ਭਾਵ ਨੂੰ ਹੋਰ ਵੀ ਵਧੇਰੇ ਦ੍ਰਿੜ੍ਹ ਕਰਨ ਦੀ ਲੋੜ ਹੈ। ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਨਿਮਰਤਾ, ਸੇਵਾ ਭਾਵ, ਸਦਾ ਮਿੱਠਾ ਬੋਲਣਾ, ਦਸਾਂ-ਨਹੁੰਆਂ ਦੀ ਕਿਰਤ ਕਰਨੀ, ਸਾਧ ਸੰਗਤ ਦੀ ਸੇਵਾ ਕਰਨੀ ਅਤੇ ਗਰੀਬਾਂ ਦੁਖੀਆਂ ਦਾ ਹਮੇਸ਼ਾਂ ਭਲਾ ਕਰਨਾ ਆਦਿ ਗੁਣਾਂ ਬਾਰੇ ਸਿੱਖਿਆ ਮਿਲਦੀ ਹੈ ਉਥੇ ਆਪ ਜੀ ਦੁਆਰਾ ਰਚੀ ਬਾਣੀ ਪੜ੍ਹ ਕੇ ਮਨੁੱਖ ਨੂੰ ਜ਼ਿੰਦਗੀ ਦੀ ਸੇਧ ਭੀ ਮਿਲਦੀ ਹੈ। ਅਨੰਦ ਸਾਹਿਬ ਬਾਣੀ ਦਾ ਉਪਦੇਸ਼ ਗ੍ਰਹਿਣ ਕਰਨਾ ਅਤੇ ਇਸ ਨੂੰ ਅਮਲ ਵਿਚ ਲਿਆਉਣਾ ਮਨੁੱਖ-ਮਾਤਰ ਨੂੰ ਵਰਤਮਾਨ ਸਮੇਂ ਜੀਵਨ ਦੇ ਅੱਡ-ਅੱਡ ਪਹਿਲੂਆਂ ਵਿਚ ਵਾਪਰ ਰਹੀਆਂ ਔਕੜਾਂ ਦਾ ਹੱਲ ਲੱਭਣ ਵਿਚ ਭਾਰੀ ਮੱਦਦ ਕਰ ਸਕਦਾ ਹੈ।
ਅੱਜ ਦਾ ਮਨੁੱਖ ਹਰ ਸਮੇਂ ਆਪਣੇ ਪ੍ਰਤੀਦਿਨ ਦੇ ਕਾਰ-ਵਿਹਾਰ ਦੇ ਰੁਝੇਵਿਆਂ ਕਰਕੇ ਮਾਨਸਿਕ ਅਤੇ ਸਰੀਰਿਕ ਪੱਧਰ ’ਤੇ ਤਨਾਉਗ੍ਰਸਤ (in tension) ਰਹਿੰਦਾ ਹੈ ਜਿਸ ਤੋਂ ਉਸ ਨੂੰ ਕਈ ਹੋਰ ਬਿਮਾਰੀਆਂ ਘੇਰ ਲੈਂਦੀਆਂ ਹਨ; ਪਰੰਤੂ ਜਿਹੜਾ ਵਿਅਕਤੀ ਪਾਵਨ ਬਾਣੀ ਨੂੰ ਪੜ੍ਹਦਾ, ਵਿਚਾਰਦਾ ਅਤੇ ਇਸ ਦੇ ਨਿਰਮਲ ਉਪਦੇਸ਼ ਨੂੰ ਕਮਾਉਣ ਦਾ ਸੁਹਿਰਦ ਯਤਨ ਕਰਦਾ ਹੈ, ਅਕਾਲ ਪੁਰਖ ਉਸ ਦੇ ਹਰੇਕ ਕਾਰਜ ’ਚ ਸਹਾਈ ਹੁੰਦਾ ਹੈ। ਉਹ ਤਨਾਉ ਤੋਂ ਮੁਕਤ ਰਹਿੰਦਾ ਹੈ। ਉਹ ਮਨੁੱਖ ਸਹਿਜ-ਅਵਸਥਾ ਦਾ ਧਾਰਨੀ ਹੋ ਜਾਂਦਾ ਹੈ ਤੇ ਉਸ ਦੇ ਹਿਰਦੇ ਅੰਦਰ ‘ਅਨੰਦ’ ਸਮਾ ਜਾਂਦਾ ਹੈ। ਅਨੰਦ ਸਾਹਿਬ ਬਾਣੀ ਵਿਚ ਪਿਆਰ ਅਤੇ ਵੈਰਾਗ ਦੋਵੇਂ ਅੰਸ਼ ਹਨ। ਅਨੰਦ ਸਾਹਿਬ ਬਾਣੀ ਮਨੁੱਖ ਨੂੰ ਸੰਤੋਖ, ਨਿਸ਼ਕਾਮਤਾ, ਆਤਮ-ਸੰਜਮ, ਪਵਿੱਤਰਤਾ, ਨਿਮਰਤਾ, ਸਵੈ-ਸਮਰਪਣ, ਦੂਰ-ਦ੍ਰਿਸ਼ਟਤਾ, ਹਉਮੈ ਰਹਿਤਤਾ, ਆਤਮਿਕਤਾ ਅਤੇ ਸੱਚਾਈ ਵਰਗੇ ਮਹਾਨ ਸਦਗੁਣ ਧਾਰਨ ਕਰਾਉਣ ਦੀ ਬਖ਼ਸ਼ਿਸ਼ ਕਰਦੀ ਹੈ ਅਤੇ ਮਨੁੱਖ ਨੂੰ ਸੱਚਾ ਤੇ ਸੁੱਚਾ ਜੀਵਨ-ਢੰਗ ਦੱਸ ਕੇ ਆਦਰਸ਼ ਮਨੁੱਖ ਬਣਨ ਵਿਚ ਸਹਾਇਕ ਹੁੰਦੀ ਹੈ।
ਲੇਖਕ ਬਾਰੇ
# 66, ਚੰਦਰ ਨਗਰ, ਜਨਕਪੁਰੀ, ਨਵੀਂ ਦਿੱਲੀ-110058
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/April 1, 2010
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/January 1, 2016
- ਡਾ. ਗੁਰਚਰਨ ਸਿੰਘhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b0%e0%a8%9a%e0%a8%b0%e0%a8%a8-%e0%a8%b8%e0%a8%bf%e0%a9%b0%e0%a8%98/February 1, 2016