ਭਾਈ ਗੁਰਦਾਸ ਜੀ, ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸਮਾਜਕ, ਰਾਜਨੀਤਕ ਅਤੇ ਆਰਥਕ ਹਾਲਾਤਾਂ ਵਾਰੇ ਆਪਣੀਆਂ ਵਾਰਾਂ ਵਿੱਚ ਬਿਆਨ ਕਰਦੇ ਹਨ ਕਿ;
ਕਲ ਆਈ ਕੁਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥
ਕਾਜ਼ੀ ਹੋਏ ਰਿਸ਼ਵਤੀ ਵਢੀ ਲੈਕੇ ਹਕ ਗਵਾਈ॥
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥
ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥ ਵਾਰ ੧, ਪਉੜੀ ੩੦
ਅਰਥ: ਗੁਰਮਤ ਅਨੁਸਾਰ ਕਲਜੁਗ ਕਿਸੇ ਖਾਸ ਸਮੇਂ ਨਹੀਂ ਆਉਂਦਾ । ਜਦੋਂ ਸੰਸਾਰ ਦਾ ਵਰਤਾਰਾ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਮਾੜੀਆਂ ਬਿਰਤੀਆਂ ਦੇ ਅਧੀਨ ਹੋ ਜਾਂਦਾ ਹੈ, ਉਹ ਸਮਾਂ ਕਲਜੁਗ ਹੁੰਦਾ ਹੈ ਅਤੇ ਇਹ ਕਿਸੇ ਵੇਲੇ, ਕਿਸੇ ਵੀ ਸਥਾਨ ਜਾਂ ਮੁਲਕ ਵਿੱਚ ਵਾਪਰ ਸਕਦਾ ਹੈ । ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਨੂੰ ਕਲਜੁਗ ਦਾ ਸਮਾਂ ਦੱਸਦੇ ਹੋਏ, ਉਸ ਸਮੇਂ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਨੇ ਦੱਸਿਆ ਹੈ ਕਿ ਕਲਿਜੁਗ ਆ ਗਿਆ ਹੈ ਜਿਸ ਦਾ ਮੂੰਹ ਕੁੱਤੇ ਦੀ ਨਿਆਈਂ ਹੈ, ਜੋ ਮਰੇ ਹੋਏ ਜੀਵਾਂ ਨੂੰ ਖਾਂਦੇ ਹਨ । ਵਾੜ ਦਾ ਕੰਮ ਖੇਤ ਦੀ ਰਾਖੀ ਕਰਨਾ, ਫਸਲ ਨੂੰ ਅਵਾਰਾ ਪਸ਼ੂਆਂ ਅਤੇ ਹੋਰ ਉਜਾੜੇ ਤੋਂ ਬਚਾਉਣਾ ਹੁੰਦਾ ਹੈ । ਇਸੇ ਤਰ੍ਹਾਂ ਰਾਜੇ ਦਾ ਕੰਮ ਪਰਜਾ ਨੂੰ ਇਨਸਾਫ ਦੇਣਾ ਹੁੰਦਾ ਹੈ ਪਰ ਕਲਜੁਗ ਦੀ ਇਹ ਨਿਸ਼ਾਨੀ ਹੈ ਕਿ ਸਾਰਾ ਕੁੱਝ ਇਸ ਦੇ ਉਲਟ ਹੋ ਜਾਂਦਾ ਹੈ । ਜਦੋਂ ਰਾਜਾ ਇਨਸਾਫ ਦੇਣ ਦੀ ਥਾਂ ਆਪ ਹੀ ਪਾਪ ਜਾਂ ਅਨਿਆਂ ਕਰਨ ਲੱਗ ਜਾਵੇ ਤਾਂ ਇਹ ਵਾੜ ਦੇ ਖੇਤ ਨੂੰ ਖਾਣ ਵਰਗੀ ਗੱਲ ਹੋ ਜਾਂਦੀ ਹੈ ਜੋ ਬਚਾਅ ਕਰਨ ਦੀ ਥਾਂ ਉਜਾੜੇ ਦਾ ਕਾਰਨ ਬਣਦੀ ਹੈ । ਇਹ ਹੀ ਨਹੀਂ ਕਿ ਰਾਜੇ ਪਾਪੀ ਅਤੇ ਅਨਿਆ ਕਰਦੇ ਹਨ, ਪਰਜਾ ਵੀ ਗਿਆਨਹੀਣ ਅਤੇ ਅਕਲ ਦੀ ਅੰਨ੍ਹੀ ਹੋ ਗਈ ਹੈ ਜਿਸ ਨੂੰ ਸਹੀ ਅਤੇ ਗਲਤ, ਭਲੇ ਅਤੇ ਬੁਰੇ ਆਦਿ ਦੀ ਪਹਿਚਾਣ ਨਹੀਂ ਰਹੀ । ਇਸ ਲਈ ਸੱਚ ਪਛਾਨਣ ਜਾਂ ਸੱਚ ਬੋਲਣ ਦੀ ਥਾਂ ਉਹ ਝੂਠ ਅਤੇ ਪਾਪ ਹੀ ਬੋਲਦੀ ਹੈ । ਕਲਜੁਗ ਦੀ ਚਾਲ ਹੀ ਉਲਟ ਹੈ । ਇਥੇ ਗੁਰੂ ਚੇਲਿਆਂ ਨੂੰ ਪਿੱਛੇ ਲਾਉਣ ਦੀ ਥਾਂ, ਚੇਲੇ ਸਾਜ ਵਜਾ ਰਹੇ ਹਨ ਅਤੇ ਗੁਰੂ ਉਨ੍ਹਾਂ ਦੇ ਸਾਜ ਦੀ ਤਾਲ ਤੇ ਨੱਚ ਰਹੇ ਹਨ, ਚੇਲੇ ਆਪਣੇ ਘਰਾਂ ਵਿੱਚ ਬੈਠਦੇ ਹਨ ਅਤੇ ਗੁਰੂ ਉਨ੍ਹਾਂ ਕੋਲ ਚੱਲ ਕੇ ਜਾਂਦੇ ਹਨ । ਧਾਰਮਕ ਆਗੂ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਉਸ ਦਾ ਫ਼ਰਜ਼ ਹੈ ਕਿ ਆਪਣੀ ਪ੍ਰਜਾ ਨੂੰ ਇਨਸਾਫ ਦੇਵੇ ਪਰ ਇਸ ਸਮੇਂ ਕਾਜ਼ੀ ਧਾਰਮਕ ਆਗੂ ਰਿਸ਼ਵਤਖੋਰ ਹੋ ਗਏ ਹਨ ਅਤੇ ਵੱਢੀ ਲੈ ਕੇ ਸਹੀ ਗੱਲ ਨਹੀਂ ਕਰਦੇ । ਲੋਕੀਂ ਇਨ੍ਹੇ ਲਾਲਚੀ ਹੋ ਗਏ ਹਨ ਕਿ ਇਸਤਰੀ ਜਾਂ ਪੁਰਸ਼ ਇੱਕ-ਦੂਸਰੇ ਨੂੰ ਮਾੜੀ ਥਾਂ ਜਾਣ ਤੋਂ ਵੀ ਨਹੀਂ ਟੋਕਦੇ । ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਪਾਪ ਦਾ ਬੋਲ-ਬਾਲਾ ਹੋ ਗਿਆ ਹੈ ।
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥
ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥
ਆਪਣ ਹਥੀਂ ਆਪਣੀ ਜੜ ਆਪਿ ਉਪਟੈ ॥੧॥
ਅਰਥ: ਜੇ ਕਿਸੇ ਕੁੱਤੇ ਨੂੰ ਰਾਜ ਸਿੰਘਾਸਣ ਬਿਠਾ ਦਿੱਤਾ ਜਾਵੇ ਫੇਰ ਵੀ ਉਹ ਚੱਕੀ ਹੀ ਚਟੇਗਾ।
ਜੇ ਸੱਪ ਨੂੰ ਦੁਧ ਵੀ ਪਿਆਇਆ ਜਾਵੇ ਤਾਂ ਵੀ ਉਹ ਆਪਣੇ ਮੂੰਹ ਤੋਂ ਵਿਹੁ ਹੀ ਸੁੱਟਦਾ ਹੈ।
ਪੱਥਰ ਨੂੰ ਪਾਣੀ ਵਿੱਚ ਸੁੱਟਣ ਨਾਲ ਉਸ ਵਿੱਚ ਪਾਣੀ ਨਹੀਂ ਵੜਦਾ ਅਤੇ ਉਸ ਦਾ ਸੁਭਾਅ ਬਦਲ ਨਹੀਂ ਜਾਂਦਾ।
ਖੋਤਾ ਚੋਆ, ਚੰਦਨ ਆਦਿ ਸੁਗੰਧੀਆਂ ਨੂੰ ਛੱਡ ਕੇ ਮਿੱਟੀ ਵਿੱਚ ਹੀ ਲੇਟਦਾ ਹੈ ।
ਇਸ ਤਰ੍ਹਾਂ ਨਿੰਦਕ ਵੀ ਨਿੰਦਾ ਕਰਨ ਦੇ ਹਠ ਤੋਂ ਕਦੇ ਨਹੀਂ ਹਟਦਾ ਜਿਸ ਦਾ ਮਾੜਾ ਫਲ ਉਹ ਆਪ ਹੀ ਭੋਗਦਾ ਹੈ।
ਇਨ੍ਹਾਂ ਮਾੜੀਆਂ ਵਾਦੀਆਂ ਕਰਕੇ ਕੁੱਤਾ, ਸੱਪ, ਪਥਰ, ਖੋਤਾ ਅਤੇ ਨਿੰਦਕ ਆਪਣੇ ਹਥੀਂ ਆਪ ਹੀ ਆਪਣੀ ਜੜ੍ਹ ਪੁੱਟ ਲੈਂਦੇ ਹਨ।
ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ॥
ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ॥
ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ॥
ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ॥
ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨ ਭਾਵੈ॥
ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥੨॥
ਅਰਥ: ਜਿਵੇਂ ਕਾਂ ਕਪੂਰ ਨੂੰ ਨਹੀਂ ਖਾਂਦਾ ਉਸ ਨੂੰ ਵਿਸ਼ਟਾ ਹੀ ਚੰਗਾ ਲਗਦਾ ਹੈ।
ਜੇ ਹਾਥੀ ਨੂੰ ਪਾਣੀ ਵਿੱਚ ਨੁਹਾਇਆ ਜਾਵੇ ਤਾਂ ਉਹ ਆਪਣੇ ਉਪਰ ਆਪ ਹੀ ਮਿੱਟੀ ਸੁੱਟਦਾ ਹੈ।
ਜਿਵੇਂ ਤੁੰਮੇ ਨੂੰ ਅੰਮ੍ਰਿਤ ਦੁਧ ਨਾਲ ਜਿਨ੍ਹਾਂ ਮਰਜ਼ੀ ਸਿੰਜੀਏ ਉਸ ਦੀ ਕੁੜੱਤਣ ਨਹੀਂ ਜਾਂਦੀ।
ਜਿਵੇਂ ਸਿੰਬਲ ਦੇ ਰੁੱਖ ਨੂੰ ਜਿਨ੍ਹੇਂ ਚੰਗੇ ਢੰਗ ਨਾਲ ਵੀ ਪਾਲਿਆ ਜਾਵੇ ਤਾਂ ਵੀ ਉਸ ਦਾ ਫਲ ਕਿਸੇ ਕੰਮ ਨਹੀਂ ਆਉਂਦਾ।
ਜਿਵੇਂ ਨਿੰਦਕ ਲੋਕ ਨਿੰਦਾ ਕਰਨ ਤੋਂ ਵਗੈਰ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਸਤਸੰਗਤ ਨਹੀਂ ਭਾਉਂਦੀ।
ਉਸੇ ਤਰ੍ਹਾਂ ਜੇ ਅਨ੍ਹਾਂ ਆਗੂ ਅੱਗੇ ਲੱਗ ਜਾਵੇ ਤਾਂ ਉਹ ਆਪਣੇ ਸਾਰੇ ਸਾਥ ਨੂੰ ਲੁਟਾ ਦਿੰਦਾ ਹੈ।
ਗੁਰ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰਿਆਂ ਦੌਰਾਨ ਵੱਖ-ਵੱਖ ਖਿਆਲਾਂ ਦੇ ਸੰਸਾਰਕ, ਧਾਰਮਿਕ ਅਤੇ ਸਿਆਸੀ ਆਗੂਆਂ ਨਾਲ ਮਿਲਦੇ ਰਹੇ। ਇਤਹਾਸ ਵਿੱਚੋਂ ਸਾਨੂੰ ਕੋਈ ਅਜਿਹੀ ਘਟਨਾ ਨਹੀਂ ਮਿਲਦੀ ਜਦੋਂ ਗੁਰੂ ਨਾਨਕ ਸਾਹਿਬ ਗੁੱਸੇ ਵਿੱਚ ਆਏ ਹੋਣ ਜਾਂ ਕਿਸੇ ਦੀ ਗੱਲ ਚੰਗੀ ਤਰ੍ਹਾਂ ਨਾ ਸੁਣਿਆ ਹੋਵੇ ਜਾਂ ਉਨ੍ਹਾਂ ਨੂੰ ਅਣਗੋਲਿਆ ਕੀਤਾ ਹੋਵੇ। ਸਿਧ ਗੋਸਟਿ ਇੱਕ ਲੰਬੀ ਬਾਣੀ ਅਤੇ ਗੁਰੂ ਨਾਨਕ ਸਾਹਿਬ ਦੀ ਆਪਣੀ ਰਚਨਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਸਿੱਧ ਗੋਸਟਿ ਵਿੱਚ ਉਨ੍ਹਾਂ ਨੇ ਸਿੱਧਾਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਸਤਿਕਾਰ ਦਿੱਤਾ। ਗੁਰੂ ਨਾਨਕ ਸਾਹਿਬ ਸਿੱਧਾਂ ਦਾ ਸਤਿਕਾਰ ਕਰਦੇ ਹੋਏ ਗੋਸਟਿ ਸ਼ੁਰੂ ਕਰਨ ਵੇਲੇ ਉਨ੍ਹਾਂ ਲਈ ਹੇਠ ਲਿਖੇ ਸ਼ਬਦ ਪ੍ਰਗਟ ਕੀਤੇ;
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ॥
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ॥
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥੧॥ ਪੰਨਾਂ ੯੩੮
ਅਰਥ: ਸਾਡੀ ਉਨ੍ਹਾਂ ਸੰਤਾਂ ਦੀ ਸਭਾ ਨੂੰ ਨਮਸਕਾਰ ਹੈ ਜੋ ‘ਰੱਬੀ ਮਜਲਸ’ ਵਿੱਚ ਸਤਸੰਗ ਬਣਾ ਕੇ ਅਡੋਲ ਬੈਠੇ ਹਨ । ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿੱਚ ਸਦਾ ਕਾਇਮ ਰਹਿਣ ਵਾਲਾ ਅਪਰ-ਅਪਾਰ ਪ੍ਰਭੂ ਪ੍ਰਤੱਖ ਵੱਸਦਾ ਹੈ । ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਅਤੇ ਮਨ ਭੇਟਾ ਰੱਖ ਦਿਆਂ ਤਾਂ ਕਿ ਮੈਂ ਇਸ ਸਭਾ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾ ਸਕਾਂ । ਹੇ ਨਾਨਕ ! ਸਤਸੰਗਤ ਵਿੱਚ ਰੱਬ ਮਿਲ ਪੈਂਦਾ ਹੈ ।੧।
ਸੰਸਾਰ ਵਿੱਚ ਬਹੁਤ ਅੰਦੋਲਨ ਚਲਦੇ ਰਹੇ ਅਤੇ ਚੱਲ ਰਹੇ ਹਨ । ਪੁਰਾਣੇ ਸਮਿਆਂ ਵਿੱਚ ਸਰਕਾਰਾਂ ਅੰਦੋਲਨਕਾਰੀਆਂ ਤੇ ਤਸ਼ਦਦ ਕਰਦੀਆਂ ਸਨ ਜਿਨ੍ਹਾਂ ਨੂੰ ਅੱਜ ਦੇ ਸਮੇਂ ਕੋਈ ਥਾਂ ਨਹੀਂ ।
ਭਾਰਤ ਵਿੱਚ ਕਿਸਾਨ ਅੰਦੋਲਨ ਲਗ ਭਗ ਛੇ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਕਿਸਾਨ-ਮਜਦੂਰ ਮਜ਼ਬੂਰਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਡਰ ਤੇ ਠੰਡ, ਧੁੰਦ ਅਤੇ ਵਰਖਾ ਦੇ ਬਾਵਜੂਦ ਧਰਨੇ ਤੇ ਬੈਠੇ ਹੋਏ ਹਨ । ਕਿਸਾਨਾਂ ਦੇ ਅੰਦੋਲਨ ਨੂੰ ਦੇਸ਼-ਵਿਦੇਸ਼ ਹਰ ਵਰਗ ਤੋਂ ਹਮਾਇਤ ਅਤੇ ਹਮਦਰਦੀ ਮਿਲ ਰਹੀ ਹੈ। ਅੱਜ ਤੱਕ ਸੌ ਤੋਂ ਵਧ ਕਿਸਾਨ ਇਸ ਅੰਦੋਲਨ ਵਿੱਚ ਮਰ ਚੁੱਕੇ ਹਨ ਪਰ ਭਾਰਤ ਸਰਕਾਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਅਤੇ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਕਿਸੇ ਵਜੀਰ ਨੇ ਕਿਸੇ ਕਿਸਾਨ ਦੀ ਮੌਤ ਤੇ ਅਫਸੋਸ ਪ੍ਰਗਟ ਨਹੀਂ ਕੀਤਾ ਅਤੇ ਨਾ ਹੀ ਕੋਈ ਰੋਜ਼ਾਨਾ ਲੋੜਾਂ ਵਾਸਤੇ ਕੋਈ ਮਦਦ ਦੇ ਰਹੀ ਹੈ । ਇਸ ਦੇ ਉਲਟ ਸਰਕਾਰ ਵਲੋਂ ਕਈ ਢੰਗ ਵਰਤ ਕੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਕਿਸਾਨਾਂ ਦੇ ਵਿਰੁਧ ਹੋ ਜਾਣ ਅਤੇ ਕਿਸਾਨ ਅੰਦੋਲਨ ਖਤਮ ਕੀਤਾ ਜਾ ਸਕੇ । ਇਨ੍ਹਾਂ ਸਾਰੇ ਹਾਲਾਤਾਂ ਵਿੱਚ ਅੱਜ ਤੱਕ ਕਿਸਾਨ ਅੰਦੋਲਨ ਜਾਰੀ ਹੈ ।
ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਦੁਨੀਆ ਦੀ ਹਰ ਛੈ ਇੱਕ ਛੱਲ ਜਾਂ ਭਰਮ ਹੈ ਜੋ ਥੋੜ ਚਿਰੀ ਹੈ । ਕਿਸੇ ਨੂੰ ਅਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਅੰਤ ਹਰ ਚੀਜ਼ ਦਾ ਨਬੇੜਾ ਕੇਵਲ ਸੱਚ ਤੇ ਹੀ ਚੱਲ ਕੇ ਹੋਣਾ ਹੈ;
ਸਲੋਕੁ ਮਃ ੧॥
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥੧॥ ਪੰਨਾ ੪੬੮
ਪਦ ਅਰਥ: ਕੂੜੁ-ਛੱਲ ਅਤੇ ਭਰਮ ।
ਅਰਥ: ਇਹ ਸਾਰਾ ਸੰਸਾਰ ਛਲ ਰੂਪ ਹੈ ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ, ਇਸ ਵਿੱਚ ਕੋਈ ਰਾਜਾ ਹੈ ਅਤੇ ਕਈ ਲੋਕ ਪਰਜਾ ਹਨ । ਇਹ ਭੀ ਮਦਾਰੀ ਦੇ ਰੁਪਏ ਅਤੇ ਖੋਪੇ ਆਦਿ ਵਿਖਾਣ ਵਾਂਗ ਛਲ ਹੀ ਹਨ । ਇਸ ਸੰਸਾਰ ਵਿੱਚ ਕਿਤੇ ਇਨ੍ਹਾਂ ਰਾਜਿਆਂ ਦੇ ਸ਼ਾਮਿਆਨੇ ਅਤੇ ਮਹਲ ਮਾੜੀਆਂ ਹਨ, ਇਹ ਭੀ ਛੱਲ ਰੂਪ ਹਨ ਅਤੇ ਇਨ੍ਹਾਂ ਵਿੱਚ ਵੱਸਣ ਵਾਲਾ ਰਾਜਾ ਭੀ ਛੱਲ ਹੀ ਹੈ । ਸੋਨਾ, ਚਾਂਦੀ ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ ਭਰਮ ਰੂਪ ਹੀ ਹਨ, ਇਹ ਸਰੀਰਕ ਆਕਾਰ, ਸੋਹਣੇ-ਸੋਹਣੇ ਕੱਪੜੇ ਅਤੇ ਸਰੀਰਾਂ ਦਾ ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛੱਲ ਹੀ ਹਨ ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਰਿਹਾ ਹੈ । ਪ੍ਰਭੂ ਨੇ ਕਿਤੇ ਮਨੁੱਖ ਬਣਾ ਦਿੱਤੇ ਹਨ, ਕਿਤੇ ਇਸਤ੍ਰੀਆਂ; ਇਹ ਸਾਰੇ ਭੀ ਛੱਲ ਰੂਪ ਹਨ, ਜੋ ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛੱਲ ਵਿੱਚ ਖਚਤ ਹੋ ਕੇ ਖ਼ੁਆਰ ਹੋ ਰਹੇ ਹਨ ।
ਇਸ ਦ੍ਰਿਸ਼ਟਮਾਨ ਛੱਲ ਵਿੱਚ ਫਸੇ ਹੋਏ ਜੀਵ ਦਾ ਛੱਲ ਵਿੱਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਰੱਬ ਭੁੱਲ ਗਿਆ ਹੈ । ਇਸ ਨੂੰ ਯਾਦ ਨਹੀਂ ਰਹਿ ਗਿਆ ਕਿ ਸਾਰਾ ਸੰਸਾਰ ਨਾਸ਼ਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਉਣਾ ਚਾਹੀਦਾ ।
ਇਹ ਸਾਰਾ ਸੰਸਾਰ ਤਾਂ ਛੱਲ ਹੈ, ਪਰ ਇਹ ਛੱਲ ਸਾਰੇ ਜੀਵਾਂ ਨੂੰ ਪਿਆਰਾ ਲੱਗ ਰਿਹਾ ਹੈ, ਸ਼ਹਿਦ ਵਾਂਗ ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛੱਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ । ਹੇ ਪ੍ਰਭੂ ! ਨਾਨਕ ਤੇਰੇ ਅੱਗੇ ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ ਇਹ ਸੰਸਾਰ ਛੱਲ ਹੈ ।
ਸਰਕਾਰ ਦਾ ਕੰਮ ਹੈ ਕਿ ਉਹ ਆਪਣੀ ਪਰਜਾ ਨੂੰ ਨਿਆਂ ਦੇਵੇ ਅਤੇ ਉਨ੍ਹਾਂ ਦੀਆਂ ਯੋਗ ਲੋੜਾਂ ਦਾ ਖਿਆਲ ਰੱਖੇ । ਗੁਰੂ ਨਾਨਕ ਸਾਹਿਬ ਆਖਦੇ ਹਨ ਕਿ;
ਮਹਲਾ ੧॥
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ॥
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ॥
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ॥
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥੨॥ ਪੰਨਾ ੧੨੪੦
ਅਰਥ: ਹੇ ਨਾਨਕ ! ਨਿਰਾ ਪਾਣੀ ਨਾਲ ਚੁਲੀਆਂ ਕਰਨ ਨਾਲ ਆਤਮਕ ਜੀਵਨ ਵਿੱਚ ਸੁੱਚ ਨਹੀਂ ਆ ਸਕਦੀ, ਪਰ ਜੇ ਕੋਈ ਪ੍ਰਾਣੀ ਸੱਚੀ ਚੁਲੀ ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ ਜਿਵੇਂ ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ ਭਾਵ ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ, ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਅਤੇ ਗ੍ਰਿਹਸਤੀ ਲਈ ਉੱਚਾ ਆਚਰਨ ਅਤੇ ਸੇਵਾ ਚੁਲੀ ਹੈ । ਰਾਜੇ ਵਾਸਤੇ ਇਨਸਾਫ਼ ਚੁਲੀ ਹੈ।
ਪਾਣੀ ਪੀਣ ਨਾਲ ਤ੍ਰਿਹ ਮਿਟ ਜਾਂਦੀ ਹੈ ਅਤੇ ਪਾਣੀ ਨਾਲ ਚੁਲੀ ਕੀਤਿਆਂ ਮਨ ਨਹੀਂ ਦੀ ਸਫਾਈ ਨਹੀਂ ਹੋ ਸਕਦੀ । ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋ ਜਾਂਦਾ ਹੈ ਕਿਉਂਕਿ ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਅਤੇ ਪਾਣੀ ਹੀ ਸਾਰੇ ਸੰਸਾਰ ਨੂੰ ਨਾਸ਼ ਕਰਦਾ ਹੈ ।
ਝੂਠਾ, ਮਾੜਾ ਅਤੇ ਖੁਦਗਰਜ਼ ਆਗੂ ਆਪ ਤਾਂ ਡੁਬਦਾ ਹੀ ਹੈ ਪਰ ਆਪਣੀ ਪਰਜਾ ਅਤੇ ਸਾਥੀਆਂ ਨੂੰ ਭੀ ਡੋਬ ਦਿੰਦਾ ਹੈ;
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ ਪੰਨਾ ੭੬੭
ਅਰਥ : ਜੇ ਕਿਸੇ ਦੇਸ਼ ਦੇ ਰਾਜ ਦੀ ਅਗਵਾਈ ਕਰਨ ਵਾਲਾ ਹਾਕਮ ਆਪ ਹੀ ਅੰਨ੍ਹਾ ਹੋ ਜਾਵੇ ਤਾਂ ਫਿਰ ਉਹ ਆਪਣੇ ਵਰਗ ਨੂੰ ਮੰਜ਼ਲ ਵੱਲ ਲੈ ਕੇ ਜਾਣ ਲਈ ਕਿਸੇ ਯੋਗ ਰਸਤੇ ਦੀ ਅਗਵਾਈ ਨਹੀਂ ਕਰ ਸਕਦਾ ਹੈ । ਇਸ ਅੰਧਾਪਣ ਰੂਪੀ ਬਿਬੇਕਹੀਣ ਅਕਲ ਦੇ ਕਾਰਨ ਉਹ ਆਪ ਤਾਂ ਚੁਰਾਹੇ ’ਚ ਖੜ੍ਹਾ ਠੋਕਰਾਂ ਖਾਂਦਾ ਹੈ ਅਤੇ ਆਪਣੀ ਪ੍ਰਜਾ ਨੂੰ ਵੀ ਸਮੁੰਦਰ ਦੀ ਮੰਝਧਾਰ ਵਿੱਚ ਗੋਤੇ ਖਾਣ ਲਈ ਮਜਬੂਰ ਕਰ ਦਿੰਦਾ ਹੈ ।
ਸਲੋਕੁ ਮਃ ੧॥
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥੧॥ ਪੰਨਾ ੧੪੦
ਅਰਥ: ਜੋ ਪ੍ਰਾਣੀ ਝੂਠ ਬੋਲ ਕੇ ਆਪ ਤਾਂ ਦੂਜਿਆਂ ਦਾ ਹੱਕ ਖਾਂਦਾ ਹੈ ਅਤੇ ਹੋਰਾਂ ਨੂੰ ਸਿੱਖਿਆ ਦੇਣ ਜਾਂਦਾ ਹੈ ਕਿ ਝੂਠ ਨਾ ਬੋਲੋ, ਹੇ ਨਾਨਕ ! ਅਜੇਹਾ ਆਗੂ ਦਾ ਅੰਤ ਇਉਂ ਉੱਘੜਦਾ ਹੈ ਕਿ ਉਹ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾ ਦਿੰਦਾ ਹੈ ।
ਹਰੇਕ ਜੀਵ ਨੂੰ ਜਿਉਣ ਦਾ ਹੱਕ ਹੈ, ਕੋਈ ਕਿਸੇ ਨਾਲ ਧੱਕਾ ਨਾ ਕਰੇ ਅਤੇ ਕਿਸੇ ਦਾ ਹੱਕ ਨਾ ਮਾਰੇ ਕਿਉਂਕਿ;
ਸਲੋਕੁ ਮਃ ੧॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥੧॥ ਪੰਨਾ ੧੪੦
ਅਰਥ: ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ ਅਤੇ ਨਮਾਜ਼ ਨਹੀਂ ਹੋ ਸਕਦੀ। ਪਰ ਜੋ ਬੰਦੇ ਜੀਵਾਂ ਦਾ ਲਹੂ ਪੀਂਦੇ ਹਨ ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ, ਉਨ੍ਹਾਂ ਦਾ ਮਨ ਕਿਵੇਂ ਪਾਕ ਸਾਫ਼ ਰਹਿ ਸਕਦਾ ਹੈ ਅਤੇ ਪਲੀਤ ਮਨ ਨਾਲ ਨਮਾਜ਼ ਨਹੀਂ ਪੜ੍ਹੀ ਜਾ ਸਕਦੀ।
ਹੇ ਨਾਨਕ ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ, ਇਸ ਤੋਂ ਬਿਨ੍ਹਾਂ ਦੁਨੀਆ ਵਾਲੇ ਹੋਰ ਕੰਮ ਸਭ ਵਿਖਾਵੇ ਹਨ । ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ।
ਮਃ ੧॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥੨॥ ਪੰਨਾ ੧੪੧
ਅਰਥ: ਹੇ ਨਾਨਕ ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਅਤੇ ਹਿੰਦੂ ਲਈ ਗਾਂ ਹੈ । ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾ ਵਰਤੇ । ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਵਾਸਾ ਨਹੀਂ ਹੋ ਸਕਦਾ । ਸੱਚ ਨੂੰ ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹੋ, ਉਸ ਨੂੰ ਅਮਲੀ ਜੀਵਨ ਵਿੱਚ ਵਰਤਣ ਨਾਲ ਹੀ ਨਜਾਤ ਮਿਲਦੀ ਹੈ । ਬਹਿਸ ਆਦਿ ਗੱਲਾਂ ਦੇ ਮਸਾਲੇ ਹਰਾਮ ਮਾਲ ਵਿੱਚ ਪਾਉਣ ਨਾਲ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ । ਹੇ ਨਾਨਕ ! ਝੂਠੀਆਂ ਗੱਲਾਂ ਕਰਨ ਨਾਲ ਝੂਠ ਹੀ ਮਿਲਦਾ ਹੈ ।
ਇਸ ਲੇਖ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਚੁਣਿਆ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਨੇ ਕੁੱਝ ਨੁਕਤੇ ਦੱਸੇ ਹਨ ਅਤੇ ਦੱਸਿਆ ਹੈ ਕਿ ਗੋਸਟਿ ਕਿਸ ਤਰ੍ਹਾਂ ਕਰਨੀ ਹੈ ਅਤੇ ਕਿਸੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ।
ਅਹੰਕਾਰ: ਗੁਰੂ ਅਮਰ ਦਾਸ ਸਾਹਿਬ ਦਾ ਉਪਦੇਸ਼ ਹੈ ਕਿ ਰੱਬ ਅਤੇ ਹੰਕਾਰ ਦੋਨੋਂ ਇੱਕ ਥਾਂ ਇੱਕਠੇ ਨਹੀਂ ਰਹਿ ਸਕਦੇ ਅਤੇ ਰੱਬ ਨੂੰ ਅਹੰਕਾਰ ਚੰਗਾ ਨਹੀਂ ਲਗਦਾ;
ਵਡਹੰਸੁ ਮਹਲਾ ੩॥
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥ ਪੰਨਾਂ ੫੬੦
ਅਰਥ: ਹੇ ਭਾਈ ! ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇੱਕ ਹਿਰਦੇ ਵਿੱਚ ਇਕੱਠੇ ਨਹੀਂ ਵੱਸ ਸਕਦੇ। ਹਉਮੈ ਵਿੱਚ ਟਿਕੇ ਰਹਿਣ ਨਾਲ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ ਅਤੇ ਜਦੋਂ ਜੀਵ ਹਉਮੈ ਵਿੱਚ ਰਹਿ ਕੇ ਭਗਤੀ ਕਰਦਾ ਹੈ ਤਾਂ ਉਸ ਦਾ ਮਨ ਖ਼ਾਲੀ ਹੋ ਜਾਂਦਾ ਹੈ ।
ਪਉੜੀ॥
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ॥
ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ॥
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ॥
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥
ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ॥੯॥ ਪੰਨਾ ੧੦੮੯
ਅਰਥ: ਜੋ ਪ੍ਰਾਣੀ ਅਹੰਕਾਰ ਵਿੱਚ ਮਰਦੇ-ਖਪਦੇ ਅਤੇ ਦੁੱਖ ਪਾਉਦੇ ਹਨ ਉਨ੍ਹਾਂ ਨੂੰ ਸੂਰਮੇ ਨਹੀਂ ਆਖੀਦਾ, ਉਹ ਅਹੰਕਾਰੀ ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਅਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ, ਬਹੁਤ ਕ੍ਰੋਧ ਵਿੱਚ ਆ ਕੇ ਉਹ ਦੂਜਿਆਂ ਨਾਲ ਲੜਦੇ ਹਨ ਅਤੇ ਲੋਕ-ਪਰਲੋਕ ਵਿੱਚ ਦੁੱਖ ਹੀ ਪਾਉਂਦੇ ਹਨ। ਵੇਦ ਆਦਿ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ। ਜੋ ਪ੍ਰਾਣੀ ਅਹੰਕਾਰ ਵਿੱਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ ਉਨ੍ਹਾਂ ਦਾ ਜੀਵਨ ਨਾ ਸੁਧਰਿਆ, ਉਹ ਮੁੜ-ਮੁੜ ਮਰਦੇ ਜੰਮਦੇ ਰਹਿੰਦੇ ਹਨ ।
ਭਗਤ ਕਬੀਰ ਜੀ
ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ॥
ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ॥੧॥ ਪੰਨਾ ੩੩੬
ਅਰਥ: ਜਿਨ੍ਹਾਂ ਚਿਰ ਅਸੀਂ, ਹਉਮੈ ਹੰਕਾਰ ਕਰਦੇ ਹਾਂ ਉਨ੍ਹਾਂ ਚਿਰ ਹੇ ਪ੍ਰਭੂ ! ਤੂੰ ਸਾਡੇ ਅੰਦਰ ਪ੍ਰਗਟ ਹੋ ਕੇ ਆਪਣਾ ਚਾਨਣ ਪ੍ਰਗਟ ਨਹੀਂ ਕਰਦਾ, ਪਰ ਜਦੋਂ ਹੁਣ ਤੂੰ ਆਪ ਸਾਡੇ ਵਿਚ ਨਿਵਾਸ ਕੀਤਾ ਹੈ ਤਾਂ ਸਾਡੇ ਵਿੱਚ ਉਹ ਪਹਿਲੀ ਹਉਮੈ ਨਹੀਂ ਰਹੀ । ਹੇ ਪ੍ਰਭੂ ! ਹੁਣ ਤੂੰ ਅਤੇ ਅਸੀਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ ਕਿ ਤੂੰ ਹੀ ਤੂੰ ਹੈਂ, ਤੇਰੇ ਨਾਲੋਂ ਵੱਖਰੇ ਅਸੀਂ ਕੁੱਝ ਭੀ ਨਹੀਂ ਹਾਂ ।
ਅਹੰਕਾਰ ਵਿੱਚ ਗਰੀਬਾਂ ਦਾ ਮਖੌਲ ਉਡਾਉਣਾ ਚੰਗਾ ਨਹੀਂ;
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥੩੯॥ ਪੰਨਾ ੧੩੬੬
ਪਦ ਅਰਥ : ਰੰਕੁ-ਕੰਗਾਲ; ਨਾਉ-ਜ਼ਿੰਦਗੀ ਦੀ ਬੇੜੀ; ਕਿਆ ਜਾਨਉ-ਮੈਂ ਕੀ ਜਾਣਦਾ ਹਾਂ? ਨ ਹਸੀਐ-ਮਖ਼ੋਲ ਨਾ ਕਰੀਂ ।
ਅਰਥ: ਹੇ ਕਬੀਰ ! ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ ਮਾਣ ਨਾ ਕਰੀਂ, ਨਾ ਕਿਸੇ ਕੰਗਾਲ ਨੂੰ ਵੇਖ ਕੇ ਠੱਠਾ-ਮਖ਼ੌਲ ਕਰੀਂ । ਤੇਰੀ ਆਪਣੀ ਜੀਵਨ-ਬੇੜੀ ਅਜੇ ਸਮੁੰਦਰ ਵਿੱਚ ਹੈ, ਪਤਾ ਨਹੀਂ ਕੀ ਹੋ ਜਾਵੇ ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ ।
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ॥
ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ॥੨੦੦॥
ਅਰਥ: ਹੇ ਕਬੀਰ ! ਜੋ ਭੀ ਪ੍ਰਾਣੀ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; ਅਤੇ ਜ਼ੁਲਮ ਦਾ ਲੇਖਾ ਖ਼ੁਦਾ ਮੰਗਦਾ ਹੈ। ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ।
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥ ਪੰਨਾ ੧੩੭੨
ਅਰਥ: ਹੇ ਕਬੀਰ ! ‘ਊਚ ਭਵਨ ਕਨਕਾਮਨੀ’ ਆਦਿ ਮਾਇਆ ਤਿਆਗ ਦਿੱਤੀ ਤਾਂ ਭੀ ਕੁਝ ਨਹੀਂ ਸੰਵਾਰਦਾ, ਜੇ ਹੰਕਾਰ ਨਹੀਂ ਤਿਆਗਿਆ ਜਾਂਦਾ । ਵੱਡੇ ਵੱਡੇ ਰਿਸ਼ੀ ਮੁਨੀ ਤਿਆਗ ਦੇ ਇਸ ਮਾਣ-ਹੰਕਾਰ ਵਿੱਚ ਗਲ ਜਾਂਦੇ ਹਨ, ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ ਮਾਣ ਹਰੇਕ ਨੂੰ ਖਾ ਜਾਂਦਾ ਹੈ ਜੋ ਭੀ ਪ੍ਰਾਣੀ ਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ ।
ਭਗਤ ਰਵਿਦਾਸ॥
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ॥੧॥ ਪੰਨਾ ੬੫੮
ਅਰਥ: ਹੇ ਮਾਧੋ ! ਜਿਨ੍ਹਾਂ ਚਿਰ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਨ੍ਹੀਂ ਦੇਰ ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਾਂ ਸਾਡੀ ‘ਮੈਂ’ ਦੂਰ ਹੋ ਜਾਂਦੀ ਹੈ; ਇਸ ‘ਮੈਂ’ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਵੱਡਾ ਤੂਫ਼ਾਨ ਆਉਣ ਨਾਲ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਭਾਵ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਪਾਣੀ ਹੀ ਹੈ ਉਸੇ ਤਰ੍ਹਾਂ ਇਹ ਸਾਰੇ ਜੀਅ ਜੰਤਾਂ ਵਿੱਚ ਤੇਰਾ ਆਪਣਾ ਹੀ ਵਿਕਾਸ ਹੈ ।
2. ਗਰੀਬੀ ਸਭਾਅ ਅਤੇ ਅਹੰਕਾਰ: ਗਰੀਬੀ ਸਭਾਅ ਬਹੁਤ ਚੰਗਾ ਹੈ ਅਤੇ ਅਹੰਕਾਰ ਕਿਸੇ ਵੀ ਗੱਲ ਦਾ ਹੋਵੇ, ਮਾੜਾ ਹੈ । ਕੁੱਝ ਉਦਾਹਰਣਾਂ ਦੇ ਕੇ, ਗੁਰੂ ਅਰਜਨ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ;
ਸਲੋਕੁ॥
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥੧॥ ਪੰਨਾ ੨੭੮
ਅਰਥ: ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ ਅਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ । ਵੱਡੇ ਵੱਡੇ ਹੰਕਾਰੀ ਜੀਵ, ਹੇ ਨਾਨਕ ! ਹੰਕਾਰ ਵਿੱਚ ਹੀ ਗਲ ਜਾਂਦੇ ਹਨ ।
ਅਸਟਪਦੀ॥
ਜਿਸ ਕੈ ਅੰਤਰਿ ਰਾਜ ਅਭਿਮਾਨੁ॥
ਸੋ ਨਰਕਪਾਤੀ ਹੋਵਤ ਸੁਆਨੁ॥
ਜੋ ਜਾਨੈ ਮੈ ਜੋਬਨਵੰਤੁ॥
ਸੋ ਹੋਵਤ ਬਿਸਟਾ ਕਾ ਜੰਤੁ॥
ਆਪਸ ਕਉ ਕਰਮਵੰਤੁ ਕਹਾਵੈ॥
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥
ਧਨ ਭੂਮਿ ਕਾ ਜੋ ਕਰੈ ਗੁਮਾਨੁ॥
ਸੋ ਮੂਰਖੁ ਅੰਧਾ ਅਗਿਆਨੁ॥
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥੧॥ ਪੰਨਾ ੨੭੮
ਅਰਥ: ਜਿਸ ਪ੍ਰਾਣੀ ਦੇ ਮਨ ਵਿੱਚ ਰਾਜ ਦਾ ਮਾਣ ਹੈ, ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾਵਾਰ ਹੁੰਦਾ ਹੈ ।
ਜੋ ਪ੍ਰਾਣੀ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ, ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿੱਚ ਪਿਆ ਰਹਿੰਦਾ ਹੈ।
ਜੇਹੜਾ ਪ੍ਰਾਣੀ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿੱਚ ਭਟਕਦਾ ਫਿਰਦਾ ਹੈ ।
ਜੋ ਪ੍ਰਾਣੀ ਧਨ ਅਤੇ ਧਰਤੀ ਦੀ ਮਾਲਕੀ ਦਾ ਹੰਕਾਰ ਕਰਦਾ ਹੈ, ਉਹ ਮੂਰਖ ਹੈ, ਬੜਾ ਜਾਹਿਲ ਹੈ ।
ਮੇਹਰ ਕਰ ਕੇ ਜਿਸ ਪ੍ਰਾਣੀ ਦੇ ਦਿਲ ਵਿਚ ਗਰੀਬੀ ਸੁਭਾਉ ਪਾਉਂਦਾ ਹੈ, ਹੇ ਨਾਨਕ ! ਉਹ ਪ੍ਰਾਣੀ ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਅਤੇ ਪਰਲੋਕ ਵਿਚ ਸੁਖ ਪਾਉਂਦਾ ਹੈ ।
ਧਨਵੰਤਾ ਹੋਇ ਕਰਿ ਗਰਬਾਵੈ॥
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ॥
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ॥
ਪਲ ਭੀਤਰਿ ਤਾ ਕਾ ਹੋਇ ਬਿਨਾਸ॥
ਸਭ ਤੇ ਆਪ ਜਾਨੈ ਬਲਵੰਤੁ॥
ਖਿਨ ਮਹਿ ਹੋਇ ਜਾਇ ਭਸਮੰਤੁ॥
ਕਿਸੈ ਨ ਬਦੈ ਆਪਿ ਅਹੰਕਾਰੀ॥
ਧਰਮ ਰਾਇ ਤਿਸੁ ਕਰੇ ਖੁਆਰੀ॥
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥ ਪੰਨਾ ੨੭੮
ਅਰਥ: ਪ੍ਰਾਣੀ ਧਨ ਵਾਲਾ ਹੋ ਕੇ ਮਾਣ ਕਰਦਾ ਹੈ, ਪਰ ਉਸ ਦੇ ਨਾਲ ਅੰਤ ਵੇਲੇ ਇਕ ਤੀਲੇ ਜਿਨ੍ਹੀ ਭੀ ਕੋਈ ਚੀਜ਼ ਨਹੀਂ ਜਾਂਦੀ।
ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਪ੍ਰਾਣੀ ਆਸਾਂ ਲਾਈ ਰੱਖਦਾ ਹੈ, ਪਰ ਪਲਕ ਵਿੱਚ ਉਸ ਦਾ ਨਾਸ਼ ਹੋ ਜਾਂਦਾ ਹੈ ਅਤੇ ਉਨ੍ਹਾਂ ਵਿੱਚੋਂ ਕੋਈ ਭੀ ਸਹਾਈ ਨਹੀਂ ਹੁੰਦਾ।
ਪ੍ਰਾਣੀ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ, ਪਰ ਅੰਤ ਵੇਲੇ ਇੱਕ ਖਿਣ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ।
ਜੋ ਪ੍ਰਾਣੀ ਆਪ ਇਨ੍ਹਾਂ ਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ, ਧਰਮਰਾਜ ਅੰਤ ਵੇਲੇ ਉਸ ਦੀ ਮਿੱਟੀ ਪਲੀਤ ਕਰ ਦਿੰਦਾ ਹੈ ।
ਸਤਗੁਰੂ ਦੀ ਦਇਆ ਨਾਲ ਜਿਸ ਪ੍ਰਾਣੀ ਦਾ ਹੰਕਾਰ ਮਿਟਦਾ ਹੈ, ਉਹ ਪ੍ਰਾਣੀ, ਹੇ ਨਾਨਕ ! ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ।
ਕੋਟਿ ਕਰਮ ਕਰੈ ਹਉ ਧਾਰੇ॥
ਸ੍ਰਮੁ ਪਾਵੈ ਸਗਲੇ ਬਿਰਥਾਰੇ॥
ਅਨਿਕ ਤਪਸਿਆ ਕਰੇ ਅਹੰਕਾਰ॥
ਨਰਕ ਸੁਰਗ ਫਿਰਿ ਫਿਰਿ ਅਵਤਾਰ॥
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ॥
ਹਰਿ ਦਰਗਹ ਕਹੁ ਕੈਸੇ ਗਵੈ॥
ਆਪਸ ਕਉ ਜੋ ਭਲਾ ਕਹਾਵੈ॥
ਤਿਸਹਿ ਭਲਾਈ ਨਿਕਟਿ ਨ ਆਵੈ॥
ਸਰਬ ਕੀ ਰੇਨ ਜਾ ਕਾ ਮਨੁ ਹੋਇ॥
ਕਹੁ ਨਾਨਕ ਤਾ ਕੀ ਨਿਰਮਲ ਸੋਇ॥੩॥ ਪੰਨਾ ੨੭੮
ਅਰਥ: ਜੇ ਪ੍ਰਾਣੀ ਕਰੋੜਾਂ ਧਾਰਮਕ ਕੰਮ ਕਰੇ, ਉਨ੍ਹਾਂ ਦਾ ਹੰਕਾਰ ਭੀ ਕਰੇ ਤਾਂ ਉਹ ਸਾਰੇ ਕੰਮ ਵਿਅਰਥ ਹਨ, ਉਸ ਦੇ ਫਲ ਨਾਲ ਉਸ ਨੂੰ ਥਕੇਵਾਂ ਹੀ ਮਿਲਦਾ ਹੈ । ਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਨ੍ਹਾਂ ਦਾ ਮਾਣ ਕਰੇ, ਤਾਂ ਉਹ ਭੀ ਨਰਕਾਂ ਸੁਰਗਾਂ ਵਿੱਚ ਹੀ ਮੁੜ ਮੁੜ ਜੰਮਦਾ ਹੈ ਭਾਵ, ਕਦੇ ਸੁਖ ਅਤੇ ਕਦੇ ਦੁਖ ਭੋਗਦਾ ਹੈ। ਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ, ਉਹ ਪ੍ਰਾਣੀ ਪ੍ਰਭੂ ਦੀ ਦਰਗਾਹ ਵਿੱਚ ਨਹੀਂ ਪਹੁੰਚ ਸਕਦਾ ਜੋ ਪ੍ਰਾਣੀ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ।
ਜਿਸ ਪ੍ਰਾਣੀ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਆਖ, ਹੇ ਨਾਨਕ ! ਉਸ ਪ੍ਰਾਣੀ ਦੀ ਸੋਹਣੀ ਸੋਭਾ ਖਿਲਰਦੀ ਹੈ ।
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ॥
ਤਬ ਇਸ ਕਉ ਸੁਖੁ ਨਾਹੀ ਕੋਇ॥
ਜਬ ਇਹ ਜਾਨੈ ਮੈ ਕਿਛੁ ਕਰਤਾ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ॥
ਜਬ ਧਾਰੈ ਕੋਊ ਬੈਰੀ ਮੀਤੁ॥
ਤਬ ਲਗੁ ਨਿਹਚਲੁ ਨਾਹੀ ਚੀਤੁ॥
ਜਬ ਲਗੁ ਮੋਹ ਮਗਨ ਸੰਗਿ ਮਾਇ॥
ਤਬ ਲਗੁ ਧਰਮ ਰਾਇ ਦੇਇ ਸਜਾਇ॥
ਪ੍ਰਭ ਕਿਰਪਾ ਤੇ ਬੰਧਨ ਤੂਟੈ॥
ਗੁਰ ਪ੍ਰਸਾਦਿ ਨਾਨਕ ਹਉ ਛੂਟੈ॥੪॥ ਪੰਨਾ ੨੭੮
ਅਰਥ: ਪ੍ਰਾਣੀ ਜਦ ਤੱਕ ਇਹ ਸਮਝਦਾ ਹੈ ਕਿ ਮੈਥੋਂ ਕੁੱਝ ਹੋ ਸਕਦਾ ਹੈ, ਤਦ ਤੱਕ ਇਸ ਨੂੰ ਕੋਈ ਸੁਖ ਨਹੀਂ ਹੁੰਦਾ ।
ਜਦ ਤੱਕ ਇਹ ਸਮਝਦਾ ਹੈ ਕਿ ਮੈਂ ਆਪਣੇ ਬਲ ਨਾਲ ਕੁੱਝ ਕਰਦਾ ਹਾਂ, ਤਦ ਤੱਕ ਵਖਰਾ-ਪਨ ਦੇ ਕਾਰਣ ਜੂਨਾਂ ਵਿੱਚ ਪਿਆ ਰਹਿੰਦਾ ਹੈ ।
ਜਦ ਤੱਕ ਪ੍ਰਾਣੀ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿੱਤ੍ਰ ਸਮਝਦਾ ਹੈ, ਤਦ ਤੱਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ ।
ਜਦ ਤੱਕ ਬੰਦਾ ਮਾਇਆ ਦੇ ਮੋਹ ਵਿੱਚ ਗ਼ਰਕ ਰਹਿੰਦਾ ਹੈ, ਤਦ ਤੱਕ ਇਸ ਨੂੰ ਧਰਮ-ਰਾਜ ਡੰਡ ਦਿੰਦਾ ਹੈ ।
ਮਾਇਆ ਦੇ ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ, ਹੇ ਨਾਨਕ ! ਪ੍ਰਾਣੀ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ।
ਸਹਸ ਖਟੇ ਲਖ ਕਉ ਉਠਿ ਧਾਵੈ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥
ਅਨਿਕ ਭੋਗ ਬਿਖਿਆ ਕੇ ਕਰੈ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ॥
ਬਿਨਾ ਸੰਤੋਖ ਨਹੀ ਕੋਊ ਰਾਜੈ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ॥
ਨਾਮ ਰੰਗਿ ਸਰਬ ਸੁਖੁ ਹੋਇ॥
ਬਡਭਾਗੀ ਕਿਸੈ ਪਰਾਪਤਿ ਹੋਇ॥
ਕਰਨ ਕਰਾਵਨ ਆਪੇ ਆਪਿ॥
ਸਦਾ ਸਦਾ ਨਾਨਕ ਹਰਿ ਜਾਪਿ॥੫॥ ਪੰਨਾ ੨੭੯
ਅਰਥ: ਪ੍ਰਾਣੀ ਹਜ਼ਾਰਾਂ ਰੁਪਏ ਕਮਾਉਂਦਾ ਹੈ ਅਤੇ ਲੱਖਾਂ ਰੁਪਇਆਂ ਦੀ ਖ਼ਾਤਰ ਉੱਠ ਦੌੜਦਾ ਹੈ; ਮਾਇਆ ਜਮ੍ਹਾ ਕਰੀ ਜਾਂਦਾ ਹੈ, ਪਰ ਰੱਜਦਾ ਨਹੀਂ।
ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ, ਤਸੱਲੀ ਨਹੀਂ ਸੁ ਹੁੰਦੀ, ਭੋਗਾਂ ਦੇ ਮਗਰ ਹੋਰ ਭੱਜਦਾ ਹੈ ਅਤੇ ਬੜਾ ਦੁੱਖੀ ਹੁੰਦਾ ਹੈ ।
ਜੇ ਅੰਦਰ ਸੰਤੋਖ ਨਾ ਹੋਵੇ, ਤਾਂ ਕੋਈ ਪ੍ਰਾਣੀ ਰੱਜਦਾ ਨਹੀਂ, ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਉਸੇ ਤਰ੍ਹਾਂ ਸੰਤੋਖ-ਹੀਣ ਪ੍ਰਾਣੀ ਦੇ ਸਾਰੇ ਕੰਮ ਅਤੇ ਖ਼ਾਹਸ਼ਾਂ ਵਿਅਰਥ ਹਨ।
ਪ੍ਰਭੂ ਦੇ ਨਾਮ ਦੀ ਮੌਜ ਵਿਚ ਹੀ ਸਾਰਾ ਸੁਖ ਹੈ, ਅਤੇ ਇਹ ਸੁਖ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ ।ਜੋ ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਅਤੇ ਜੀਵਾਂ ਪਾਸੋਂ ਕਰਾਉਣ ਦੇ ਸਮਰੱਥ ਹੈ, ਹੇ ਨਾਨਕ ! ਉਸ ਪ੍ਰਭੂ ਨੂੰ ਸਦਾ ਸਿਮਰ।
ਧਨਾਸਰੀ ਮਹਲਾ ੧॥
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥੧॥
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ॥੧॥ਰਹਾਉ॥
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ॥
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ॥੨॥
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ॥
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ॥੩॥
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ॥
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ॥੪॥
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥੫॥੨॥ ਪੰਨਾਂ ੬੬੦-੬੧
ਪਦ ਅਰਥ: ਹਮ-ਅਸੀ; ਇਕ ਦਮੀ-ਇੱਕ ਦਮ ਵਾਲੇ; ਦਮ-ਸੁਆਸ, ਸਾਹ; ਮੁਹਲਤਿ-ਜ਼ਿੰਦਗੀ ਦੀ ਮਿਆਦ; ਮੁਹਤੁ-ਮੌਤ ਦਾ ਸਮਾ; ਨ ਜਾਣਾ-ਅਸੀਂ ਨਹੀਂ ਜਾਣਦੇ; ਸਰੇਵਹੁ-ਸਿਮਰੋ; ਜੀਅ ਪਰਾਣਾ-ਜਿੰਦ ਤੇ ਪ੍ਰਾਣ; ਅੰਧੇ-ਹੇ ਅੰਨ੍ਹੇ ਜੀਵ ! ਹੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਜੀਵ ! ਜੀਵਨਾ ਕੇਤੇ ਕੇ ਦਿਨਾ-ਕਿਤਨੇ ਕੁ ਦਿਨ ਦਾ ਜੀਵਨ ? ਭਾਵ ਥੋੜੇ ਹੀ ਦਿਨਾਂ ਦਾ ਜੀਵਨ; ਸਾਸੁ-ਸਾਹ, ਮਾਸੁ-ਸਰੀਰ; ਜੀਉ-ਜਿੰਦ; ਮੈ-ਮੈਨੂੰ; ਤੂ ਮੈ ਖਰਾ ਪਿਆਰਾ-ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ ! ਤੂੰ ਆਪਣਾ ਪਿਆਰ ਦੇ; ਸਾਇਰੁ-ਕਵੀ, ਢਾਢੀ; ਏਵ-ਇਹ ਹੀ; ਕਿਆ-ਕੀ? ਕੋ-ਕੋਈ ਜੀਵ; ਕਢੈ-ਪੇਸ਼ ਕਰੇ, ਦੇਵੇ; ਗਹਣਾ-ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼; ਸੋ ਕਿਛੁ-ਉਹੀ ਕੁੱਝ; ਪੁਰਬਿ-ਪਹਿਲੇ ਸਮੇ ਵਿੱਚ; ਲਹਣਾ-ਮਿਲਣ-ਜੋਗ ਚੀਜ਼; ਚਿਤਿ-ਚਿੱਤ ਵਿੱਚ; ਕਪਟੁ-ਫਲ ਦੇ ਕੰਮ; ਜਮ ਦੁਆਰਿ-ਜਮ ਦੇ ਦਰ ਤੇ; ਜਾ-ਜਦੋਂ; ਪਕੜਿ-ਪਕੜ ਕੇ; ਚਲਾਇਆ-ਤੋਰਿਆ ਗਿਆ; ਤਾ-ਤਦੋਂ; ਕਿਛੁ-ਪ੍ਰਭੂ ਦੀ ਕੁੱਝ; ਸਿਫ਼ਤਿ-ਸਾਲਾਹ; ਰਹਣੁ-ਸਦਾ ਦਾ ਟਿਕਾਣਾ; ਭਾਲਿ ਰਹੇ-ਢੂੰਢ ਕੇ ਥੱਕ ਗਏ ਹਾਂ; ਮਰਿ-ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ; ਰਹੀਐ-ਇੱਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।
ਅਰਥ: ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ ! ਅੱਖਾਂ ਖੋਲ੍ਹ ਕੇ ਵੇਖ, ਸੋਚ ਸਮਝ, ਇੱਥੇ ਸੰਸਾਰ ਵਿੱਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ।੧। ਰਹਾਉ ।
ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਭਾਈ ! ਅਸੀਂ ਆਦਮੀ ਇੱਕ ਦਮ ਦੇ ਹੀ ਮਾਲਕ ਹਾਂ ਕੀ ਪਤਾ ਹੈ ਕਿ ਸਾਹ ਕਦੋਂ ਮੁੱਕ ਜਾਏ ? ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਵੀ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ । ਇਸ ਲਈ ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਅਤੇ ਸੁਆਸ ਦਿੱਤੇ ਹੋਏ ਹਨ ।
ਪਰ ਇਨ੍ਹਾਂ ਜੀਵਾਂ ਦੇ ਭੀ ਕੀ ਵੱਸ ? ਹੇ ਪ੍ਰਭੂ ! ਤੇਰਾ ਢਾਢੀ ਨਾਨਕ ਤੇਰੇ ਦਰ ਤੇ ਇਹ ਹੀ ਬੇਨਤੀ ਕਰਦਾ ਹੈ ਕਿ ਹੇ ਸਦਾ ਅਟੱਲ ਰਹਿਣ ਵਾਲੇ ਅਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ ! ਜਿਵੇਂ ਇਹ ਸੁਆਸ, ਇਹ ਸਰੀਰ ਅਤੇ ਇਹ ਜਿੰਦ ਸਭ ਕੁੱਝ ਤੇਰਾ ਹੀ ਦਿੱਤਾ ਹੋਇਆ ਹੈ ਉਸੇ ਤਰ੍ਹਾਂ ਤੂੰ ਆਪਣਾ ਪਿਆਰ ਭੀ ਤੂੰ ਆਪ ਹੀ ਦੇ ।
ਹੇ ਮੇਰੇ ਮਾਲਕ ਪ੍ਰਭੂ ! ਜੇ ਤੂੰ ਆਪਣੇ ਪਿਆਰ ਦੀ ਦਾਤ ਆਪ ਹੀ ਕਿਸੇ ਜੀਵ ਨੂੰ ਨਾ ਦੇਵੇਂ, ਤਾਂ ਜੀਵ ਕੋਲ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿੱਚ ਦੇ ਕੇ ਤੇਰਾ ਪਿਆਰ ਵਿਹਾਝ ਲਏ । ਗੁਰੂ ਨਾਨਕ ਸਾਹਿਬ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁੱਝ ਮਿਲ ਸਕਦਾ ਹੈ ਜੋ ਉਸ ਦੇ ਆਪਣੇ ਜੀਵਨ ਵਿੱਚ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ ਉਸ ਦੇ ਮੱਥੇ ਤੇ ਲਿਖਿਆ ਹੋਇਆ ਹੈ ਆਪਣੇ ਨਾਮ ਤੇ ਪਿਆਰ ਦੀ ਦਾਤ ਤਾਂ ਤੂੰ ਆਪ ਹੀ ਦੇਣੀ ਹੈ ।
ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਛਲੀ ਪ੍ਰਾਣੀ ਤਾਂ ਛਲ ਹੀ ਕਮਾਉਦਾ ਰਹਿੰਦਾ ਹੈ ਅਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਨਹੀਂ ਵਸਾਉਦਾ । ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ ਇਥੋਂ ਤੁਰਨ ਵੇਲੇ ਹੱਥ ਮਲਦਾ ਹੈ ।
ਹੇ ਨਾਨਕ ! ਜੱਦ ਤੱਕ ਦੁਨੀਆ ਵਿੱਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ ਇਹ ਹੀ ਮਨੁੱਖਾ ਜਨਮ ਦਾ ਲਾਭ ਹੈ ਅਤੇ ਇਸ ਸੰਸਾਰ ਵਿੱਚ ਸਦਾ ਨਹੀਂ ਬੈਠੇ ਰਹਿਣਾ। ਅਸੀਂ ਦੇਖ ਚੁੱਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇੱਥੇ ਨਹੀਂ ਮਿਲਿਆ, ਇਸ ਲਈ ਜਿਨ੍ਹਾਂ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸ਼ਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ।
ਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ ਤਾਂ ਜੋ ਇਹ ਸਮਝ ਪੈ ਜਾਵੇ ਕਿ “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥“ ਵਧੀਆ ਸੰਬਾਦ ਕਰਕੇ ਖੇਤੀ ਕਨੂੰਨ ਖਤਮ ਕਰੇ, ਕਿਸਾਨਾਂ ਦੀਆਂ ਜਾਇਜ ਮੰਗਾਂ ਪੂਰੀਆਂ ਹੋਣ ਅਤੇ ਉਹ ਆਪਣੇ ਘਰਾਂ ਵਿੱਚ ਵਾਪਸ ਜਾ ਕੇ ਸੁਖੀ ਵਸਣ।
ਵਾਹਿਗੁਰੂ ਜੀ ਖਾਲਸਾ॥
ਵਾਹਿਗੁਰੂ ਜੀ ਕਿ ਫ਼ਤਹਿ॥
ਲੇਖਕ ਬਾਰੇ
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/September 1, 2014
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/March 1, 2015
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/February 1, 2018
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/March 1, 2021