ਲੋਕ ਸੂਤਕਾਂ-ਪਾਤਕਾਂ ਦੇ ਚੱਕਰਾਂ ਵਿੱਚ ਪੈ ਕੇ ਆਪਣਾ ਜੀਵਨ ਬੇਅਰਥ ਗਵਾ ਲੈਂਦੇ ਹਨ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਮੁਤਾਬਕ ਦੁਨੀਆਂ ਵਿੱਚ ਕੋਈ ਸੂਤਕ-ਪਾਤਕ ਨਹੀਂ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੪੭੨ ਤੇ ਆਸਾ ਕੀ ਵਾਰ ਵਿੱਚ ਆਪ ਇਹ ਸਿੱਧ ਕਰਦੇ ਹਨ ਕਿ ਸੰਸਾਰ ਵਿੱਚ ਕੋਈ ਸੂਤਕ-ਪਾਤਕ ਨਹੀਂ ਹੈ। ਸੂਤਕਾਂ-ਪਾਤਕਾਂ ਦਾ ਭਰਮ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਆਪਣੇ ਹੇਠ ਲਿਖੇ ਸ਼ਲੋਕ ਵਿੱਚ ਕੁੱਝ ਉਦਾਹਰਣਾਂ ਰਾਹੀਂ ਸਮਝਾਉਂਦੇ ਹਨ ਕਿ ਜੇ ਅਸੀਂ ਸੂਤਕ-ਪਾਤਕ ਨੂੰ ਮੰਨ ਵੀ ਲਈਏ ਤਾਂ ਇਸ ਨੂੰ ਲਾਗੂ ਕਰਨਾ ਅਸੰਭਵ ਹੈ।
ਸਲੋਕੁ ਮਃ ੧॥
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥੧॥ ਪੰਨਾਂ ੪੭੨
ਅਰਥ : ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ ਤਾਂ ਸੂਤਕ ਸਭ ਥਾਂ ਹੁੰਦਾ ਹੈ; ਗੋਹੇ ਅਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ ਜਿਥੇ ਉਹ ਜੰਮਦੇ-ਮਰਦੇ ਰਹਿੰਦੇ ਹਨ; ਅੰਨ ਦੇ ਜਿਨ੍ਹੇ ਭੀ ਦਾਣੇ ਹਨ, ਇਨ੍ਹਾਂ ਵਿੱਚੋਂ ਕੋਈ ਭੀ ਦਾਣਾ ਜੀਵਾਂ ਤੋਂ ਬਿਨ੍ਹਾਂ ਨਹੀਂ ਹੈ। ਪਾਣੀ ਆਪ ਭੀ ਜੀਵ ਹੈ, ਕਿਉਂਕਿ ਪਾਣੀ ਪੀਣ ਨਾਲ ਹੀ ਹਰੇਕ ਜੀਵ ਜਿਉਂਦਾ ਰਹਿ ਸਕਦਾ ਹੈ। ਸੂਤਕ-ਪਾਤਕ ਦਾ ਭਰਮ ਮੰਨਣਾ ਨਹੀਂ ਚਾਹੀਦਾ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ ਰਸੋਈ ਵਿੱਚ ਸੂਤਕ-ਪਾਤਕ ਪਿਆ ਰਹਿੰਦਾ ਹੈ। ਹੇ ਨਾਨਕ! ਇਸ ਤਰ੍ਹਾਂ ਭਰਮਾਂ ਵਿੱਚ ਪੈ ਕੇ ਸੂਤਕ–ਪਾਤਕ ਨਹੀਂ ਉੱਤਰ ਸਕਦਾ, ਇਸ ਸੂਤਕ–ਪਾਤਕ ਨੂੰ ਪ੍ਰਭੂ ਦਾ ਗਿਆਨ ਹੀ ਧੋ ਕੇ ਲਾਹ ਸਕਦਾ ਹੈ।
ਅਗਲੇ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਅਸਲ ਸੂਤਕ–ਪਾਤਕ ਕੀ ਹੈ। ਗੁਰੂ ਨਾਨਕ ਸਾਹਿਬ ਅਨੁਸਾਰ;
ਮਃ ੧॥
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ॥੨॥
ਅਰਥ : ਜੀਵਾਂ ਦੇ ਮਨ ਨੂੰ ਲੋਭ ਦਾ ਅਤੇ ਜੀਭ ਨੂੰ ਝੂਠ ਦਾ ਸੂਤਕ ਚੰਬੜਿਆ ਹੋਇਆ ਹੈ। ਜੀਵਾਂ ਦੀਆਂ ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ ਚੰਬੜਿਆ ਹੋਇਆ ਹੈ। ਜੀਵਾਂ ਦੇ ਕੰਨਾਂ ਵਿੱਚ ਭੀ ਸੂਤਕ ਹੈ ਕਿਉਂਕਿ ਉਹ ਕੰਨਾਂ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ। ਹੇ ਨਾਨਕ! ਇਹੋ ਜਿਹੇ ਜੀਵ ਦੇਖਣ ਨੂੰ ਤਾਂ ਭਾਵੇਂ ਹੰਸਾਂ ਵਰਗੇ ਸੋਹਣੇ ਹੋਣ ਪਰ ਉਹ ਬੱਧੇ ਹੋਏ ਨਰਕਾਂ ਵਾਲੀ ਜ਼ਿੰਦਗੀ ਵਿੱਚ ਪੈ ਜਾਂਦੇ ਹਨ।
ਸੂਤਕਾਂ-ਪਾਤਕਾਂ ਦੇ ਵਹਿਮ ਨੂੰ ਨਕਾਰਦੇ ਹੋਏ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਹਰ ਜੀਵ ਸੰਸਾਰ ਵਿੱਚ ਪ੍ਰਮਾਤਮਾ ਦੇ ਹੁਕਮ ਨਾਲ ਹੀ ਆਉਂਦਾ ਅਤੇ ਹੁਕਮ ਨਾਲ ਹੀ ਇਥੋਂ ਚਲਾ ਜਾਂਦਾ ਹੈ।
ਮਃ ੧॥
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨ੍ਹਾਂ ਸੂਤਕੁ ਨਾਹਿ॥੩॥ ਪੰਨਾਂ ੪੭੨
ਅਰਥ: ਸੂਤਕ ਨਿਰਾ ਭਰਮ ਹੀ ਹੈ, ਇਹ ਸੂਤਕ-ਰੂਪ ਭਰਮ ਮਾਇਆ ਵਿੱਚ ਗਲਤਾਨ ਪ੍ਰਾਣੀਆਂ ਨੂੰ ਆ ਲੱਗਦਾ ਹੈ। ਜੀਵਾਂ ਦਾ ਜੰਮਣਾ-ਮਰਨਾ ਪ੍ਰਭੂ ਦੇ ਹੁਕਮ ਵਿੱਚ ਹੈ, ਪ੍ਰਭੂ ਦੀ ਰਜ਼ਾ ਵਿੱਚ ਹੀ ਜੀਵ ਜੰਮਦਾ ਅਤੇ ਮਰਦਾ ਹੈ। ਪਦਾਰਥਾਂ ਦਾ ਖਾਣਾ-ਪੀਣਾ ਪਵਿੱਤਰ ਹੈ ਭਾਵ, ਮਾੜਾ ਨਹੀਂ, ਕਿਉਂਕਿ ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਸਾਰੇ ਜੀਵਾਂ ਨੂੰ ਦਿੱਤਾ ਹੈ। ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਨ੍ਹਾਂ ਨੂੰ ਸੂਤਕ ਨਹੀਂ ਲੱਗਦਾ।
ਜਨਮ ਅਤੇ ਮੌਤ ਦੇ ਵਿਚਕਾਰ ਦੇ ਸਮੇਂ ਨੂੰ ਜੀਵਨ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦੀ ਸਿੱਖਿਆ ਇਹ ਹੈ ਕਿ ਆਪਣੇ ਜੀਵਨ ਨੂੰ ਸੁਚੱਜਾ ਬਣਾਓ। ਪਰ ਇਸ ਜੀਵਨ ਨੂੰ ਕਿਸ ਤਰ੍ਹਾਂ ਜਿਉਂ ਕੇ ਸੁਚੱਜਾ ਬਣਾਉਣਾ ਹੈ ਇਹ ਜੀਵ ਦੀ ਆਪਣੀ ਮਰਜ਼ੀ ਹੈ। ਕਈ ਲੋਕ ਕਹਿੰਦੇ ਹਨ ਕਿ ਖਾਓ ਪੀਓ ਅਤੇ ਮੌਜ਼ ਕਰੋ। ਇਹ ਜੱਗ ਮਿੱਠਾ ਅੱਗਾ ਕਿਸ ਡਿੱਠਾ।
ਜੋ ਵੀ ਜੀਵ ਇਸ ਸੰਸਾਰ ਤੇ ਆਇਆ ਹੈ ਉਸ ਨੇ ਇੱਕ ਦਿਨ ਜ਼ਰੂਰ ਮਰਨਾ ਹੈ। ਜਨਮ ਅਤੇ ਮੌਤ ਜੀਵ ਦੇ ਵੱਸ ਵਿੱਚ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਹੇ ਜੀਵ! ਜੇ ਮੌਤ ਤੇਰੇ ਵੱਸ ਵਿੱਚ ਹੈ ਤਾਂ ਜ਼ੋਰ ਲਾ ਕੇ ਦੇਖ ਲੈ। ਅੰਤ ਨੂੰ ਸਭ ਕੁਝ ਛੱਡ ਕੇ ਖਾਲੀ ਹੱਥ ਇਥੋਂ ਜਾਣਾ ਪਵੇਗਾ।
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ॥
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ॥੨੭॥ ਪੰਨਾਂ ੧੩੬੫
ਅਰਥ: ਹੇ ਕਬੀਰ ! ਇੱਕ ਦਿਨ ਤੇਰਾ ਇਹ ਸਰੀਰ ਨਾਸ਼ ਹੋ ਜਾਵੇਗਾ, ਜੇ ਤੂੰ ਇਸ ਨੂੰ ਨਾਸ਼ ਹੋਣ ਤੋਂ ਬਚਾ ਸਕਦਾ ਹੈਂ ਤਾਂ ਬਚਾ ਲੈ ਭਾਵ ਕੋਈ ਭੀ ਜੀਵ ਆਪਣੇ-ਆਪ ਨੂੰ ਮੌਤ ਤੋਂ ਬਚਾ ਨਹੀਂ ਸਕਦਾ, ਉਸ ਨੇ ਇੱਕ ਦਿਨ ਜ਼ਰੂਰ ਮਰਨਾ ਹੈ। ਜਿਨ੍ਹਾਂ ਲੋਕਾਂ ਕੋਲ ਲੱਖਾਂ-ਕ੍ਰੋੜ ਰੁਪਏ ਸਨ, ਉਹ ਭੀ ਇਸ ਸੰਸਾਰ ਤੋਂ ਨੰਗੀ ਪੈਰੀਂ ਹੀ ਚਲੇ ਗਏ ਹਨ। ਜੋ ਵੀ ਲੋਕ ਸਾਰੀ ਉਮਰ ਦੁਨੀਆਂ ਦੀ ਖ਼ਾਤਰ ਭਟਕਦੇ ਰਹੇ ਅਤੇ ਜਿਨ੍ਹਾਂ ਨੇ ਦੀਨ ਨੂੰ ਵਿਸਾਰ ਦਿੱਤਾ; ਆਖ਼ਰ ਇਹ ਦੁਨੀਆਂ ਤਾਂ ਇਥੇ ਰਹਿ ਗਈ ਅਤੇ ਆਤਮਕ ਜੀਵਨ ਵਿੱਚ ਉਹ ਲੋਕ ਕੰਗਾਲ ਹੀ ਚਲੇ ਗਏ।
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ॥
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ॥੨੮॥ ਪੰਨਾਂ ੧੩੬੫
ਅਰਥ: ਹੇ ਕਬੀਰ ! ਇਹ ਸਰੀਰ ਨਾਸ਼ ਹੋ ਜਾਵੇਗਾ, ਇਸ ਨੂੰ ਕਿਸੇ ਉਸ ਕੰਮ ਵਿੱਚ ਜੋੜ ਜੋ ਤੇਰੇ ਲਈ ਲਾਭਦਾਇਕ ਹੋਵੇ; ਇਸ ਲਈ ਸਾਧ ਸੰਗਤ ਵਿੱਚ ਜਾ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ। ‘ਦੁਨੀ’ ਤਾਂ ਇਥੇ ਹੀ ਰਹਿ ਜਾਂਦੀ ਹੈ, ‘ਦੀਨ’ ਹੀ ਸਾਥੀ ਬਣਦਾ ਹੈ।
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥ ਪੰਨਾਂ ੧੩੬੫
ਅਰਥ: ਹੇ ਕਬੀਰ ! ਨਿਰੀ ‘ਦੁਨੀਆ’ ਦਾ ਵਪਾਰੀ ਜੀਵ ਹਰ ਵੇਲੇ ਮੌਤ ਦੇ ਸਹਿਮ ਤੋਂ ਡਰਿਆ ਰਹਿੰਦਾ ਹੈ , ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਖਤਮ ਹੋਵੇ। ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਸਾਧ ਸੰਗਤ ਵਿੱਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰਕੇ ਜੋ ਜੀਵ ਜਿਉਂਦਾ ਹੀ ਮਰਦਾ ਹੈ ਅਤੇ ‘ਦੁਨੀਆ’ ਵਲੋਂ ਮੋਹ ਤੋੜ ਲੈਂਦਾ ਹੈ ਉਸ ਜੀਵ ਨੂੰ ਫਿਰ ਮੌਤ ਦਾ ਸਹਿਮ ਨਹੀਂ ਰਹਿੰਦਾ।
ਰਾਗ ਆਸਾ ਦੇ ਹੇਠ ਲਿਖੇ ਸ਼ਬਦ ਵਿੱਚ ਭਗਤ ਕਬੀਰ ਜੀ ਦੱਸਦੇ ਹਨ ਕਿ ਮੇਰੀ-ਮੇਰੀ ਕਰਦੇ ਪ੍ਰਾਣੀ ਦਾ ਸਾਰਾ ਜੀਵਨ ਅਜਾਈਂ ਚਲਾ ਜਾਂਦਾ ਹੈ।
ਆਸਾ॥
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ॥
ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ॥੧॥
ਮੇਰੀ ਮੇਰੀ ਕਰਤੇ ਜਨਮੁ ਗਇਓ॥
ਸਾਇਰੁ ਸੋਖਿ ਭੁਜੰ ਬਲਇਓ॥੧॥ਰਹਾਉ॥
ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ॥
ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ॥੨॥
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ॥
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ॥੩॥
ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ॥
ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ॥੪॥
ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ॥
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ॥੫॥ ਪੰਨਾਂ ੪੭੯
ਅਰਥ: ਮੈਂ-ਮੇਰੀ ਦੀ ਮਮਤਾ ਵਿੱਚ ਹੀ ਜੀਵ ਦੀ ਉਮਰ ਬੀਤ ਗਈ, ਬਚਪਨ ਤੋਂ ਜਵਾਨ ਅਤੇ ਜਵਾਨ ਤੋਂ ਬੁੱਢਾ ਹੋ ਗਿਆ ਹੈ। ਹੁਣ ਜੀਵ ਦਾ ਸਰੀਰ ਸੁੱਕ ਗਿਆ ਅਤੇ ਬਾਹਾਂ ਦੀ ਤਾਕਤ ਭੀ ਮੁੱਕ ਗਈ ਹੈ।੧। ਰਹਾਉ।
ਜੀਵ ਦੀ ਆਪਣੀ ਉਮਰ ਦੇ ਪਹਿਲੇ ਬਾਰ੍ਹਾਂ ਸਾਲ ਅਤੇ ਇਸ ਤਰ੍ਹਾਂ ਹੀ ਜੀਵਨ ਦੇ ਅਗਲੇ ਵੀਹ ਸਾਲ ਅੰਞਾਣਪੁਣੇ ਵਿੱਚ ਲੰਘ ਗਏ। ਜੀਵ ਦੀ ਉਮਰ ਹੁਣ ਤੀਹ ਸਾਲਾਂ ਤੋਂ ਟੱਪ ਗਈ ਪਰ ਅਜੇ ਤੱਕ ਭੀ ਜੀਵ ਨੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ। ਇਸ ਤੋਂ ਅੱਗੇ ਉਮਰ ਦੇ ਤੀਹ ਸਾਲ ਹੋਰ ਬੀਤ ਗਏ ਅਤੇ ਉਮਰ ਸੱਠ ਤੋਂ ਟੱਪ ਗਈ ਪਰ ਤਾਂ ਭੀ ਜੀਵ ਨੇ ਪ੍ਰਮਾਤਮਾ ਦੀ ਕੋਈ ਭਜਨ-ਬੰਦਗੀ ਨਾ ਕੀਤੀ, ਹੁਣ ਪਛਤਾਉਣ ਲੱਗ ਗਿਆ ਹੈ ਕਿਉਂਕਿ ਉਹ ਬੁੱਢਾ ਹੋ ਗਿਆ ਹੈ।੧।
ਬੁਢੇਪਾ ਆਉਣ ਤੇ ਮੌਤ ਤੋਂ ਬਚਣ ਲਈ ਜੀਵ ਯਤਨ ਕਰਦਾ ਹੈ ਪਰ ਹੁਣ ਉਸ ਦਾ ਇਹ ਬੇਅਰਥ ਯਤਨ ਇਸ ਤਰ੍ਹਾਂ ਹੈ ਜਿਵੇਂ ਪਾਣੀ ਬਾਹਰ ਜਾਣ ਤੋਂ ਰੋਕਣ ਲਈ ਕੋਈ ਬੰਦਾ ਸੁੱਕੇ ਹੋਏ ਤਲਾਅ ਦੀ ਵੱਟ ਬੰਨ੍ਹ ਰਿਹਾ ਹੋਵੇ ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਕਰ ਰਿਹਾ ਹੋਵੇ। ਭਾਵ ਹੁਣ ਸਰੀਰਕ ਮੌਤ ਤੋਂ ਬਚਣ ਲਈ ਉਸ ਜੀਵ ਦੇ ਇਹ ਯਤਨ ਬੇਅਰਥ ਹਨ। ਮੂਰਖ ਜੀਵ ਹੁਣ ਆਪਣੇ ਸਰੀਰ ਨੂੰ ਕਾਇਮ ਰੱਖਣ ਦੇ ਬੇਅਰਥ ਯਤਨ ਕਰ ਰਿਹਾ ਹੈ। ਜਦੋਂ ਜਮ ਰੂਪ ਚੋਰ ਚੁਪ-ਚਪੀਤੇ ਆਉਂਦਾ ਹੈ ਤਾਂ ਜੀਵ ਨੂੰ ਜਾਣਾ ਹੀ ਪੈਂਦਾ ਹੈ।੨।
ਬੁਢੇਪੇ ਵਿੱਚ ਜੀਵ ਦੇ ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿੱਚੋਂ ਆਪ-ਮੁਹਾਰੇ ਪਾਣੀ ਵਗਣ ਲੱਗ ਜਾਂਦਾ ਹੈ, ਜੀਭ ਵਿੱਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ ! ਕੀ ਉਸ ਵੇਲੇ ਤੂੰ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਆਸ ਕਰਦਾ ਹੈਂ? ਨਹੀਂ ਇਹ ਹੋ ਨਹੀਂ ਸਕਦਾ।੩।
ਪ੍ਰਮਾਤਮਾ ਜਿਸ ਜੀਵ ਉੱਤੇ ਮਿਹਰ ਕਰਦਾ ਹੈ, ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਅਤੇ ਉਹ ਜੀਵ ਪ੍ਰਮਾਤਮਾ ਦੇ ਨਾਮ ਦਾ ਲਾਭ ਖੱਟਦਾ ਹੈ। ਸੰਸਾਰ ਤੋਂ ਤੁਰਨ ਵੇਲੇ ਭੀ ਇਹ ਹੀ ਨਾਮ-ਧਨ ਜੀਵ ਦੇ ਨਾਲ ਜਾਂਦਾ ਹੈ। ਇਹ ਨਾਮ-ਧਨ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।੪।
ਭਗਤ ਕਬੀਰ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ ! ਸੁਣੋ, ਕੋਈ ਭੀ ਜੀਵ ਮਰਨ ਵੇਲੇ ਕੋਈ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ ਕਿਉਂਕਿ ਜਦੋਂ ਪ੍ਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਜੀਵ ਆਪਣਾ, ਧਨ, ਦੌਲਤ, ਘਰ ਅਤੇ ਸਭ ਕੁੱਝ ਇੱਥੇ ਹੀ ਛੱਡ ਕੇ ਤੁਰ ਜਾਂਦਾ ਹੈ।੫।
ਜੀਵਨ ਦਾ ਮਨੋਰਥ ਕੇਵਲ ਸ਼ੋਹਰਤ, ਧਨ,ਪੈਸਾ ਜਾਂ ਜਾਇਦਾਦ ਆਦਿ ਇੱਕਠੀ ਕਰਨਾ ਨਹੀਂ ਹੈ। ਸਾਡੇ ਜੀਵਨ ਦਾ ਮਨੋਰਥ ਇਸ ਜੀਵਨ ਵਿੱਚ ਹੀ ਪ੍ਰਭੂ ਦੀ ਪ੍ਰਾਪਤੀ ਕਰਨਾ ਹੈ। ਮਨੁੱਖਾ ਜੀਵਨ ਦੇ ਮਨੋਰਥ ਵਾਰੇ ਗੁਰਬਾਣੀ ਵਿੱਚ ਦਿੱਤੀ ਸੇਧ ਇਸ ਪ੍ਰਕਾਰ ਹੈ;
ਭੈਰਉ ਮਹਲਾ ੧॥
ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ॥
ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ॥੧॥
ਪ੍ਰਾਣੀ ਹਰਿ ਜਪਿ ਜਨਮੁ ਗਇਓ॥
ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ॥੧॥ ਰਹਾਉ ॥
ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ॥
ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ॥੨॥
ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ॥
ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ॥੩॥
ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥
ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ॥੪॥ ਪੰਨਾਂ ੧੧੨੫-੨੬
ਅਰਥ: ਹੇ ਪ੍ਰਾਣੀ! ਪ੍ਰਮਾਤਮਾ ਦਾ ਸਿਮਰਨ ਕਰ। ਜ਼ਿੰਦਗੀ ਬੀਤਦੀ ਜਾ ਰਹੀ ਹੈ। ਪ੍ਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਵਾਂਝਿਆ ਰਹਿ ਕੇ ਤੂੰ ਕਦੇ ਭੀ ਮਾਇਆ ਦੇ ਮੋਹ ਤੋਂ ਅਤੇ ਜਮ ਦੇ ਜਾਲ ਤੋਂ ਬਚ ਨਹੀਂ ਸਕੇਂਗਾ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਏਗੀ।੧। ਰਹਾਉ।
ਹੇ ਪ੍ਰਾਣੀ! ਤੇਰੀਆਂ ਅੱਖਾਂ ਵਿੱਚ ਵੇਖਣ ਦੀ ਪੂਰੀ ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ। ਤੇਰੇ ਸਿਰ ਉੱਤੇ ਹੁਣ ਮੌਤ ਕੂਕ ਰਹੀ ਹੈ। ਨਾ ਤੇਰਾ ਰੱਬੀ ਰੂਪ ਬਣਿਆ, ਨਾ ਤੈਨੂੰ ਰੱਬੀ ਰੰਗ ਚੜ੍ਹਿਆ, ਨਾ ਤੇਰੇ ਅੰਦਰ ਰੱਬੀ ਖੇੜਾ ਆਇਆ, ਇਸ ਤਰ੍ਹਾਂ ਜਮ ਦਾ ਜਾਲ ਤੈਨੂੰ ਨਹੀਂ ਛੱਡੇਗਾ।੧।
ਹੇ ਪ੍ਰਾਣੀ! ਤੇਰੇ ਸਰੀਰ ਵਿੱਚ ਕਾਮ ਜ਼ੋਰ ਪਾ ਰਿਹਾ ਹੈ, ਕ੍ਰੋਧ ਪ੍ਰਬਲ ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਨ੍ਹਾਂ ਸਭਨਾਂ ਦੀ ਵੱਡੀ-ਔਖੀ ਪੀੜ ਉਠ ਰਹੀ ਹੈ। ਇਸ ਤਰ੍ਹਾਂ ਇਨ੍ਹਾਂ ਵਿਕਾਰਾਂ ਵਿੱਚ ਡੁੱਬਣ ਤੋਂ ਤੇਰਾ ਬਚਾ ਨਹੀਂ ਹੋ ਸਕਦਾ।
ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਭਜਨ ਕਰ, ਜੀਭ ਨਾਲ ਸਿਮਰਨ ਦਾ ਸੁਆਦ ਲੈ। ਇਨ੍ਹਾਂ ਤਰੀਕਿਆਂ ਨਾਲ ਇਨ੍ਹਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ ਤਾਰੀ ਲਾ ਕੇ ਪਾਰ ਲੰਘ ਜਾ।੨।
ਹੇ ਪ੍ਰਾਣੀ! ਸਿਫ਼ਤ-ਸਾਲਾਹ ਵਲੋਂ ਤੇਰੇ ਕੰਨ ਬੋਲੇ ਹੀ ਰਹੇ, ਤੇਰੀ ਮਤ ਥੋੜ੍ਹ-ਵਿਤੀ ਹੋ ਗਈ ਹੈ ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਅ ਬਣ ਗਿਆ ਹੈ, ਸਿਫ਼ਤ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ। ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਜਨਮ ਗਵਾ ਲਿਆ ਹੈ। ਗੁਰੂ ਦੀ ਸ਼ਰਨ ਨਾ ਆਉਣ ਕਰ ਕੇ ਤੂੰ ਆਤਮਕ ਜੀਵਨ ਵਲੋਂ ਅੰਨ੍ਹਾ ਹੀ ਰਿਹਾ, ਤੈਨੂੰ ਆਤਮਕ ਜੀਵਨ ਦੀ ਸਮਝ ਨਹੀਂ ਆਈ।੩।
ਨਾਨਕ ਬੇਨਤੀ ਕਰਦਾ ਹੈ ਕੇ ਹੇ ਪ੍ਰਾਣੀ! ਅਤੇ ਤੈਨੂੰ ਸਮਝਾਉਂਦਾ ਹੈ ਕਿ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਵਿਕਾਰਾਂ ਦੀ ਫਾਹੀ ਤੋਂ ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿੱਚ ਉਸ ਦੀ ਸੁਰਤ ਟਿਕ ਜਾਂਦੀ ਹੈ, ਦੁਨੀਆਂ ਵਿੱਚ ਰਹਿੰਦਾ ਹੋਇਆ ਭੀ ਉਹ ਦੁਨੀਆਂ ਤੋਂ ਉਪਰਾਮ, ਆਸਾਂ ਤੋਂ ਨਿਰਲੇਪ ਅਤੇ ਅਡੋਲਤਾ ਦੀ ਸਮਾਧੀ ਵਿੱਚ ਟਿਕ ਕੇ ਉਹ ਦੁਨੀਆਂ ਤੋਂ ਨਿਰਮੋਹ ਰਹਿੰਦਾ ਹੈ।੪।
ਆਸਾ ਮਹਲਾ ੫॥
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥੧॥
ਸਰੰਜਾਮਿ ਲਾਗੁ ਭਵਜਲ ਤਰਨ ਕੈ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥੧॥ ਰਹਾਉ ॥
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ॥
ਕਹੁ ਨਾਨਕ ਹਮ ਨੀਚ ਕਰੰਮਾ॥
ਸਰਣਿ ਪਰੇ ਕੀ ਰਾਖਹੁ ਸਰਮਾ॥੨॥ ਪੰਨਾਂ ੧੨
ਅਰਥ: ਹੇ ਭਾਈ! ਭਵ-ਸਾਗਰ ਤੋਂ ਪਾਰ ਲੰਘਣ ਦਾ ਯਤਨ ਕਰ। ਨਿਰੀ ਮਾਇਆ ਦੇ ਪਿਆਰ ਵਿੱਚ ਤੇਰਾ ਜਨਮ ਵਿਅਰਥ ਜਾ ਰਿਹਾ ਹੈ।੧। ਰਹਾਉ।
ਹੇ ਭਾਈ! ਤੈਨੂੰ ਇਹ ਸੋਹਣਾ ਸਰੀਰ ਮਿਲਿਆ ਹੈ। ਪ੍ਰਮਾਤਮਾ ਨੂੰ ਮਿਲਣ ਲਈ ਇਹ ਹੀ ਮੌਕਾ ਹੈ। ਜੇ ਪ੍ਰਭੂ ਨੂੰ ਮਿਲਣ ਲਈ ਤੂੰ ਕੋਈ ਉੱਦਮ ਨਾ ਕੀਤਾ ਤਾਂ ਪ੍ਰਭੂ ਨੂੰ ਮਿਲਣ ਵਾਸਤੇ ਹੋਰ ਸਾਰੇ ਕ੍ਰਮ-ਕਾਂਡ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ ਅਤੇ ਇਹ ਤੇਰੀ ਜਿੰਦਗੀ ਨੂੰ ਕੋਈ ਲਾਭ ਨਹੀਂ ਪਹੁੰਚਾਉਣਗੇ। ਪ੍ਰਭੂ ਨੂੰ ਮਿਲਣ ਲਈ ਸਾਧ ਸੰਗਤ ਕਰਨੀ ਜ਼ਰੂਰੀ ਹੈ। ਸਾਧ ਸੰਗਤ ਵਿੱਚ ਬੈਠ ਕੇ ਤੂੰ ਕੇਵਲ ਪ੍ਰਮਾਤਮਾ ਦਾ ਨਾਮ ਸਿਮਰ। ਸਾਧ ਸੰਗਤ ਵਿੱਚ ਬੈਠਣ ਦਾ ਲਾਭ ਭੀ ਤਾਂ ਹੀ ਹੈ ਜੇ ਉਥੇ ਤੂੰ ਪ੍ਰਮਾਤਮਾ ਦੀ ਸਿਫ਼ਤ-ਸਾਲਹ ਵਿੱਚ ਜੁੜੇਂ।੧।
ਹੇ ਭਾਈ! ਤੂੰ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿ ਦਾ ਕੋਈ ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਭੀ ਤੂੰ ਜਤਨ ਨਹੀਂ ਕਰਦਾ ਅਤੇ ਤੂੰ ਅਜਿਹਾ ਕੋਈ ਧਰਮ ਨਹੀਂ ਕਮਾਉਂਦਾ ਜਿਸ ਨਾਲ ਵਿਕਾਰ ਦੂਰ ਹੋ ਸਕਣ। ਹੇ ਜੀਵ! ਨਾ ਤੂੰ ਗੁਰੂ ਦੀ ਸੇਵਾ ਕੀਤੀ, ਨਾ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ। ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਹੇ ਜੀਵ! ਅਰਦਾਸ ਕਰ ਅਤੇ ਆਖ ਕਿ ਹੇ ਪ੍ਰਭੂ! ਅਸੀਂ ਜੀਵ ਮੰਦ-ਕਰਮੀ ਹਾਂ, ਤੇਰੇ ਦਰ ਤੇ ਤੇਰੀ ਸ਼ਰਨ ਆਏ ਹਾਂ, ਕਿਰਪਾ ਕਰ ਅਤੇ ਸ਼ਰਨ ਪਿਆਂ ਦੀ ਲਾਜ ਰੱਖ।੨।
ਸਿਰੀਰਾਗੁ ਮਹਲਾ ੫॥
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ॥
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ॥
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ॥੧॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥੧॥ ਰਹਾਉ ॥
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥
ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥
ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥੨॥
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ॥
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ॥
ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ॥੩॥
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ॥
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ॥
ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ॥੪॥ ਪੰਨਾਂ ੪੩
ਅਰਥ: ਹੇ ਪ੍ਰਾਣੀ! ਤੂੰ ਸੰਸਾਰ ਵਿੱਚ ਪ੍ਰਮਾਤਮਾ ਦੇ ਨਾਮ ਦਾ ਲਾਭ ਖੱਟਣ ਵਾਸਤੇ ਆਇਆ ਹੈਂ। ਤੂੰ ਕਹਿੜੇ ਖ਼ੁਆਰੀ ਵਾਲੇ ਕੰਮ ਵਿੱਚ ਰੁੱਝਾ ਹੋਇਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ।੧। ਰਹਾਉ।
ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲ-ਪੋਸੀਦਾ ਹੈ, ਜ਼ਿੰਦਗੀ ਦਾ ਮਨੋਰਥ ਸਮਝਣ ਤੋਂ ਬਿਨ੍ਹਾਂ ਇਹ ਮੂਰਖ ਅਤੇ ਬੇ-ਸਮਝ ਹੀ ਰਹਿੰਦਾ ਹੈ। ਇਸ ਨੂੰ ਕਦੇ ਉਹ ਪ੍ਰਮਾਤਮਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਚੇਤੇ ਨਹੀਂ ਆਉਂਦਾ ਅਤੇ ਮਰਨ ਉਪਰੰਤ ਮਸਾਣਾਂ ਵਿੱਚ ਸੁੱਟ ਦਿੱਤਾ ਜਾਏਗਾ।
ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ ਗੁਰੂ ਨਾਲ ਚਿੱਤ ਜੋੜ ਕੇ ਪ੍ਰਮਾਤਮਾ ਦਾ ਸਿਮਰਨ ਕਰ ਅਤੇ ਸਦਾ ਰਹਿਣ ਵਾਲਾ ਆਤਮਕ ਆਨੰਦ ਮਾਣ।੧।
ਪਸ਼ੂ ਕਲੋਲ ਕਰਦਾ ਹੈ, ਪੰਛੀ ਕਲੋਲ ਕਰਦਾ ਹੈ, ਪਸ਼ੂ-ਪੰਛੀ ਨੂੰ ਮੌਤ ਨਹੀਂ ਦਿੱਸਦੀ, ਪਰ ਜੀਵ ਭੀ ਉਸ ਸਾਥ ਵਿੱਚ ਜਾ ਰਲਿਆ ਹੈ, ਪਸ਼ੂ-ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ ਅਤੇ ਇਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ। ਮਾਇਆ ਦੇ ਜਾਲ ਤੋਂ ਬਚੇ ਹੋਏ ਉਹ ਹੀ ਜੀਵ ਹਨ, ਜੋ ਪ੍ਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿੱਚ ਵਸਾਉਂਦੇ ਹਨ।੨।
ਹੇ ਪ੍ਰਾਣੀ! ਜਿਹੜਾ ਇਹ ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਅਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ ਕੋਈ ਫ਼ਿਕਰ ਨਹੀਂ। ਸਭ ਜੀਵ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ, ਇਸ ਮੋਹ ਵਿੱਚੋਂ ਉਹ ਹੀ ਨਿਕਲਦੇ ਹਨ ਜਿਹੜੇ ਗੁਰੂ ਦੀ ਚਰਨੀਂ ਲੱਗ ਜਾਂਦੇ ਹਨ।੩।
ਪਰ ਮਾਇਆ ਦਾ ਮੋਹ ਹੈ ਬਹੁਤ ਹੀ ਬਲਵਾਨ ਹੈ; ਇਸ ਵਿੱਚੋਂ ਗੁਰੂ ਤੋਂ ਬਿਨ੍ਹਾਂ ਕੋਈ ਵੀ ਬਚਾ ਨਹੀਂ ਸਕਦਾ, ਗੁਰੂ ਤੋਂ ਬਿਨ੍ਹਾਂ ਅਜਿਹੀ ਸਮਰਥਾ ਵਾਲਾ ਕੋਈ ਨਹੀਂ ਦਿੱਸਦਾ। ਮੈਂ ਤਾਂ ਸਾਰੀ ਸ੍ਰਿਸ਼ਟੀ ਭਾਲਣ ਤੋਂ ਬਾਅਦ ਗੁਰੂ ਦੀ ਸ਼ਰਨ ਆ ਗਿਆ ਹਾਂ। ਹੇ ਨਾਨਕ ! ਸੱਚੇ ਪਾਤਿਸ਼ਾਹ, ਗੁਰੂ ਨੇ ਮੈਨੂੰ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬਦੇ ਨੂੰ ਕੱਢ ਲਿਆ ਹੈ।੪।
ਸਿਰੀਰਾਗੁ ਮਹਲਾ ੫॥
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ॥
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ॥੧॥
ਅੰਧੇ ਤੂੰ ਬੈਠਾ ਕੰਧੀ ਪਾਹਿ॥
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ॥੧॥ ਰਹਾਉ ॥
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ॥
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ॥
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ॥੨॥
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ॥
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ॥
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ॥੩॥
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ॥
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ॥
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ॥੪॥ ਪੰਨਾਂ ੪੩
ਅਰਥ : ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਜੀਵ! ਜਿਵੇਂ ਨਦੀ ਦੇ ਕੰਢੇ ਤੇ ਉੱਗਿਆ ਕੋਈ ਰੁੱਖ ਕਿਸੇ ਵੇਲੇ ਵੀ ਕੰਢੇ ਨੂੰ ਢਾਹ ਲਗ ਕੇ ਨਦੀ ਵਿੱਚ ਰੁੜ੍ਹ ਸਕਦਾ ਹੈ, ਇਸੇ ਤਰ੍ਹਾਂ ਹੇ ਜੀਵ ਤੂੰ ਮੌਤ-ਨਦੀ ਦੇ ਕੰਢੇ ਉੱਤੇ ਬੈਠਾ ਹੋਇਆ ਹੈਂ; ਪਤਾ ਨਹੀਂ ਕਿਹੜੇ ਵੇਲੇ ਤੇਰੀ ਮੌਤ ਆ ਜਾਵੇ। ਜੇ ਤੇਰੇ ਮੱਥੇ ਉੱਤੇ ਭੂਤ ਕਾਲ ਦੀ ਕੀਤੀ ਕਮਾਈ ਦਾ ਚੰਗਾ ਲੇਖ ਲਿਖਿਆ ਹੋਇਆ ਹੋਵੇ ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਕੇ, ਉਸ ਅਨੁਸਾਰ ਆਪਣਾ ਜੀਵਨ ਬਣਾ ਕੇ ਆਤਮਕ ਮੌਤ ਤੋਂ ਬਚ ਸਕਦਾ ਹੈਂ।੧। ਰਹਾਉ।
ਜਿਵੇਂ ਕਿਸੇ ਦੇ ਘਰ ਘੜੀ ਦੋ ਘੜੀ ਜਾ ਕੇ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਸੰਸਾਰ ਵਿੱਚ ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਥੇ ਉਹ ਸਾਰੇ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ। ਮੂਰਖ ਜੀਵ ਜੀਵਨ ਦਾ ਸਹੀ ਰਾਹ ਨਹੀਂ ਸਮਝਦਾ, ਮਾਇਆ ਦੇ ਮੋਹ ਵਿੱਚ ਅਤੇ ਕਾਮ ਵਾਸ਼ਨਾ ਵਿੱਚ ਫਸਿਆ ਰਹਿੰਦਾ ਹੈ। ਜਦੋਂ ਮੌਤ ਨੇੜੇ ਆ ਜਾਂਦੀ ਹੈ ਤਾਂ ਪਛਤਾਉਂਦਾ ਹੈ ਪਰ ਉਸ ਵੇਲੇ ਪਛੁਤਾਇਆਂ ਕੁੱਝ ਨਹੀਂ ਬਣਦਾ ਅਤੇ ਜਮਾਂ ਦੇ ਵੱਸ ਪੈ ਜਾਂਦਾ ਹੈ।੧।
ਇਹ ਜ਼ਰੂਰੀ ਨਹੀਂ ਕਿ ਹਰੀ ਜਾਂ ਡੱਡਿਆਂ ਤੇ ਆਈ ਹੋਈ ਅੱਧ-ਪੱਕੀ ਖੇਤੀ ਨਾ ਵੱਢੀ ਜਾਏ ਅਤੇ ਸਿਰਫ਼ ਪੱਕੀ ਹੋਈ ਖੇਤੀ ਹੀ ਵੱਢੀ ਜਾਏ। ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, ਉਹ ਵਾਢੇ ਤਿਆਰ ਕਰਦਾ ਹੈ ਜੋ ਦਾਤਰੇ ਲੈ ਕੇ ਖੇਤ ਵਿੱਚ ਆ ਪਹੁੰਚਦੇ ਹਨ। ਉਹ ਵਾਢੇ ਖੇਤ ਨੂੰ ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ ਇਸ ਤਰ੍ਹਾਂ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਉਹ ਬਾਲ-ਉਮਰ ਹੋਣ, ਚਾਹੇ ਜਵਾਨ ਅਤੇ ਚਾਹੇ ਬੁੱਢੇ ਹੋ ਚੁੱਕੇ ਹੋਣ।੨।
ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿੱਚ, ਦੂਜੇ ਪਹਰ ਮੋਹ ਦੀ ਨੀਂਦ ਵਿੱਚ ਸੌਂ ਕੇ ਬੀਤ ਜਾਂਦਾ ਹੈ, ਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ ਅਤੇ ਚੌਥੇ ਪਹਰ ਆਖ਼ਰ ਉਹ ਦਿਨ ਆ ਜਾਂਦਾ ਹੈ ਜਦੋਂ ਮੌਤ ਆ ਕੂਕਦੀ ਹੈ। ਜਿਸ ਪ੍ਰਭੂ ਨੇ ਜੀਵ ਨੂੰ ਜਿੰਦ ਅਤੇ ਸਰੀਰ ਦਿੱਤਾ ਹੈ ਉਹ ਪ੍ਰਭੂ ਜੀਵ ਨੂੰ ਕਦੇ ਭੀ ਚੇਤੇ ਨਹੀਂ ਆਉਂਦਾ ਅਤੇ ਉਸ ਪ੍ਰਭੂ ਨੂੰ ਕਦੇ ਭੀ ਯਾਦ ਨਹੀਂ ਕਰਦਾ।੩।
ਹੇ ਨਾਨਕ! ਮੈਂ ਸਾਧ ਸੰਗਤ ਤੋਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ ਕੁਰਬਾਨ ਕਰਦਾ ਹਾਂ ਕਿਉਂਕਿ ਸਾਧ ਸੰਗਤ ਤੋਂ ਹੀ ਮਨ ਵਿੱਚ ਪ੍ਰਭੂ ਦੇ ਸਿਮਰਨ ਦੀ ਸਮਝ ਆਉਂਦੀ ਹੈ। ਸਾਧ ਸੰਗਤ ਦੀ ਰਾਹੀਂ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲ ਪੁਰਖ ਮਿਲਦਾ ਹੈ। ਅੰਤਰਜਾਮੀ ਸੁਜਾਣ ਪ੍ਰਭੂ ਨੂੰ ਸਾਧ ਸੰਗਤ ਦੀ ਕਿਰਪਾ ਨਾਲ ਹੀ ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ।੪।
ਭੈਰਉ ਮਹਲਾ ੧॥
ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ॥
ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ॥੧॥
ਅੰਧੁਲੇ ਕਿਆ ਪਾਇਆ ਜਗਿ ਆਇ॥
ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ॥੧॥ ਰਹਾਉ ॥
ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ॥
ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ॥੨॥
ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ॥
ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ॥੩॥
ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ॥
ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ॥੪॥ ਪੰਨਾਂ ੧੧੨੬
ਪਦ ਅਰਥ: ਭੂੰਡੀ-ਕੋਝੀ; ਖਿਸਰੇ-ਢਿੱਲੇ ਹੋ ਗਏ; ਤੁਚਾ-ਚਮੜੀ; ਦੇਹ-ਸਰੀਰ; ਨੇਤ੍ਰੀ-ਅੱਖਾਂ ਵਿੱਚ; ਕਰਨ-ਕੰਨ; ਬਹਰੇ-ਬੋਲੇ; ਰਿਦੈ-ਹਿਰਦੇ ਵਿੱਚ; ਮੂਲੁ-ਰਾਸਿ-ਪੂੰਜੀ; ਰਾਤੀ-ਰੰਗੀ ਹੋਈ; ਫੀਕੇ-ਖਰ੍ਹਵੇ; ਵਿਆਪਸਿ-ਰੁੱਝਾ ਰਹਿੰਦਾ ਹੈ; ਨੀਕੇ-ਚੰਗੇ; ਸਬਦ ਭੇਦੁ-ਸਿੱਖਿਆ ਦਾ ਰਸ; ਅਨ ਕੋ-ਪ੍ਰਭੂ ਤੋਂ ਬਿਨ੍ਹਾਂ ਕਿਸੇ ਹੋਰ ਦਾ; ਸਚਿਆਰਾ-ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ; ਪਰਮ ਪਦੁ-ਸਭ ਤੋਂ ਉੱਚਾ ਆਤਮਕ ਦਰਜ਼ਾ।
ਅਰਥ: ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਤੂੰ ਜਨਮ ਲੈ ਕੇ ਆਤਮਕ ਜੀਵਨ ਦੇ ਲਾਭ ਲਈ ਕੁੱਝ ਭੀ ਨਾ ਖੱਟਿਆ, ਸਗੋਂ ਤੂੰ ਤਾਂ ਮੂਲ ਭੀ ਗਵਾ ਲਿਆ ਹੈ, ਜਿਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਭੀ ਨਾਸ਼ ਕਰ ਲਿਆ, ਕਿਉਂਕਿ ਤੂੰ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਅਤੇ ਤੂੰ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ।੧। ਰਹਾਉ।
ਹੇ ਅੰਨ੍ਹੇ ਜੀਵ! ਹੁਣ ਬੁਢੇਪੇ ਵਿੱਚ ਤੇਰੀ ਤੋਰ ਬੇ-ਢਬੀ ਹੋ ਚੁੱਕੀ ਹੈ, ਤੇਰੇ ਪੈਰ, ਹੱਥ ਢਿਲਕ ਗਏ ਹਨ, ਤੇਰੇ ਸਰੀਰ ਦੀ ਚਮੜੀ ਉੱਤੇ ਝੁਰੜੀਆਂ ਪੈ ਰਹੀਆਂ ਹਨ, ਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਗਿਆ ਹੈ, ਤੇਰੇ ਕੰਨ ਬੋਲੇ ਹੋ ਚੁੱਕੇ ਹਨ, ਪਰ ਅਜੇ ਭੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ।੧।
ਹੇ ਅੰਨ੍ਹੇ ਜੀਵ! ਤੇਰੀ ਜੀਭ ਪ੍ਰਭੂ ਦੀ ਯਾਦ ਦੇ ਪਿਆਰ ਵਿੱਚ ਨਹੀਂ ਭਿੱਜੀ, ਜਦੋਂ ਭੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ। ਤੂੰ ਸਦਾ ਭਲੇ ਬੰਦਿਆਂ ਦੀ ਨਿੰਦਿਆ ਵਿੱਚ ਰੁੱਝਿਆ ਰਹਿੰਦਾ ਹੈਂ, ਇਸ ਤਰ੍ਹਾਂ ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹਨ। ਜੇ ਤੂੰ ਇਸੇ ਤਰ੍ਹਾਂ ਹੀ ਰਿਹਾ ਤਾਂ ਇਹ ਤੇਰੇ ਕੰਮ ਕਦੇ ਭੀ ਚੰਗੇ ਨਹੀਂ ਹੋ ਸਕਣਗੇ।੨।
ਪਰ ਇਹ ਜੀਵਾਂ ਦੇ ਵੱਸ ਦੀ ਗੱਲ ਨਹੀਂ। ਆਤਮਕ ਜੀਵਨ ਦੇਣ ਵਾਲੇ ਸ੍ਰੇਸ਼ਟ ਨਾਮ ਦੇ ਜਾਪ ਦਾ ਸੁਆਦ ਉਨ੍ਹਾਂ ਵਿਰਲੈ ਪ੍ਰਾਣੀਆਂ ਨੂੰ ਆਉਂਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਆਪ ਸਤਿਗੁਰੂ ਦੀ ਸੰਗਤ ਬਖਸ਼ਦਾ ਹੈ। ਜੀਵ ਨੂੰ ਉਸ ਵੇਲੇ ਤੱਕ ਸਿਫ਼ਤ-ਸਾਲਾਹ ਦਾ ਰਸ ਨਹੀਂ ਆਉਂਦਾ ਜਦ ਤੱਕ ਇਹ ਅਜਿਹੇ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰ ਕੇ ਇਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ।੩।
ਹੇ ਨਾਨਕ! ਵਿਚਾਰ ਦੀ ਗੱਲ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਜੋ ਜੀਵ ਸਦਾ-ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਅਤੇ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਹੋਰ ਦਾ ਦਰ-ਘਰ ਨਹੀਂ ਭਾਲਦਾ ਉਹ ਜੀਵ ਸਭ ਤੋਂ ਉੱਚਾ ਆਤਮਕ ਦਰਜ਼ਾ ਪ੍ਰਾਪਤ ਕਰ ਲੈਂਦਾ ਹੈ। ਉਸ ਦਾ ਹੀ ਇਸ ਸੰਸਾਰ ਵਿੱਚ ਆਉਣਾ ਸਫ਼ਲ ਹੈ ।੪।
ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਰੋਜ਼ੀ ਖਾਤਰ ਧਾਰਮਿਕ ਭੇਖ ਧਾਰਨ ਨਾਲ ਜੀਵਨ ਸਫ਼ਲ ਨਹੀ ਹੋ ਸਕਦਾ। ਉਨ੍ਹਾਂ ਜੀਵਾਂ ਦੀ ਜਿੰਦਗੀ ਹੀ ਸਫ਼ਲ ਹੈ ਅਤੇ ਉਨ੍ਹਾਂ ਨੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਿਆ ਹੈ ਜਿਹੜੇ ਜੀਵ ਹੱਕ-ਹਲਾਲ ਦੀ ਕਮਾਈ ਵਿੱਚੋਂ ਲੋੜ੍ਹਵੰਦਾਂ ਦੀ ਯਥਾਸ਼ਕਤ ਮਦਦ ਕਰਦੇ ਹਨ ਅਤੇ ਕੇਵਲ ਪ੍ਰਮਾਤਮਾ ਨੂੰ ਆਪਣੀ ਜ਼ਿੰਦਗੀ ਦਾ ਮੁਕਤੀ-ਦਾਤਾ ਸਮਝਦੇ ਅਤੇ ਮੰਨਦੇ ਹਨ। ਇਸ ਵਾਰੇ ਪੜ੍ਹੋ ਹੇਠਲਾ ਸ਼ਲੋਕ;
ਸਲੋਕ ਮਃ ੧॥
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥੧॥ ਪੰਨਾਂ ੧੨੪੫
ਅਰਥ: ਪੰਡਿਤ ਦਾ ਇਹ ਹਾਲ ਹੈ ਕਿ ਪ੍ਰਮਾਤਮਾ ਦੇ ਭਜਨ ਤਾਂ ਗਾਉਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ ਕਿਉਂਕਿ ਭਜਨ ਗਾਉਣ ਨੂੰ ਹੀ ਉਹ ਰੋਜ਼ੀ ਦਾ ਵਸੀਲਾ ਬਣਾਉਂਦਾ ਹੈ। ਇਸ ਤਰ੍ਹਾਂ ਉਸ ਦੀ ਸਮਝ ਉੱਚੀ ਨਹੀਂ ਹੋ ਸਕੀ। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ ਅਤੇ ਉਸ ਨੇ ਭੀ ਬਾਂਗ ਦੇਣ, ਨਮਾਜ਼ ਪੜ੍ਹਣ ਆਦਿ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ। ਜੋਗੀ, ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਕੇ ਆਪਣੀ ਕੁਲ ਦੀ ਅਣਖ ਗਵਾ ਲੈਂਦਾ ਹੈ। ਜੋਗੀ ਉਂਝ ਤਾਂ ਆਪਣੇ ਆਪ ਨੂੰ ਗੁਰੂ-ਪੀਰ ਅਖਵਾਉਂਦਾ ਹੈ ਪਰ ਰੋਟੀ ਦਰ-ਦਰ ਮੰਗਦਾ ਫਿਰਦਾ ਹੈ। ਅਜਿਹੇ ਜੋਗੀ ਦੇ ਪਿੱਛੇ ਕਦੇ ਭੀ ਨਹੀਂ ਲੱਗਣਾ ਚਾਹੀਦਾ।
ਜੋ ਜੋ ਜੀਵ ਮਿਹਨਤ ਕਰਕੇ ਆਪ ਖਾਂਦਾ ਹੈ ਅਤੇ ਉਸ ਕਮਾਈ ਵਿੱਚੋਂ ਕੁੱਝ ਲੋੜ੍ਹਵੰਦਾਂ ਦੀ ਸਹਾਇਤਾ ਭੀ ਕਰਦਾ ਹੈ, ਹੇ ਨਾਨਕ ! ਅਜਿਹੇ ਜੀਵਾਂ ਦੀ ਜਿੰਦਗੀ ਸਫ਼ਲ ਹੈ ਅਤੇ ਉਨ੍ਹਾਂ ਨੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਿਆ ਹੈ।੧।
ਗੁਰਬਾਣੀ ਵਿੱਚ ਮਰਨ ਨੂੰ ਕਿਤੇ ਵੀ ਮਾੜਾ ਨਹੀਂ ਕਿਹਾ ਗਿਆ। ਪ੍ਰਮਾਤਮਾ ਨੇ ਹਰ ਚੀਜ਼ ਚੰਗੀ ਹੀ ਪੈਦਾ ਕੀਤੀ ਹੈ। ਇਸ ਲਈ ਅਸੀਂ ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਹੈ ਅਤੇ ਇਸ ਜੀਵਨ ਦੌਰਾਨ ਹੀ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ।
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥ ਪੰਨਾਂ ੫੭੯
ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਸ ਮੋਹ ਦੇ ਤਿਆਗ-ਰੂਪ ਮੌਤ ਤੋਂ ਸੰਸਾਰ ਡਰਦਾ ਹੈ ਪਰ ਮੇਰੇ ਮਨ ਵਿੱਚ ਉਸ ਮੋਹ ਦੇ ਤਿਆਗ ਨਾਲ ਖ਼ੁਸ਼ੀ ਪੈਦਾ ਹੁੰਦੀ ਹੈ। ‘ਦੁਨੀਆਂ’ ਦੇ ਇਸ ਮੋਹ ਵਲੋਂ ਮਰਿਆਂ ਹੀ ਆਨੰਦ ਸਰੂਪ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ।
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥੨੨॥
ਅੰਤ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੁਰਬਾਣੀ ਹੀ ਮਨੁੱਖਾ ਜੀਵਨ ਲਈ ਜੀਵਨ ਜਾਂਚ ਹੈ। ਗੁਰਬਾਣੀ ਦੀ ਸਿੱਖਿਆ ਅਨੁਸਾਰ ਹੀ ਅਸੀਂ ਆਪਣਾ ਜੀਵਨ ਬਤਾਉਣਾ ਹੈ ਅਤੇ ਜਿਉਂਦੇ ਜੀਅ ਗੁਰਬਾਣੀ ਪੜ੍ਹ, ਗਾ, ਵਿਚਾਰ ਅਤੇ ਸਮਝ ਕੇ ਆਪਣਾ ਜੀਵਨ ਸਫ਼ਲਾ ਕਰਨਾ ਹੈ। ਮਰਨ ਤੋਂ ਬਾਅਦ ਪਾਠ, ਕਥਾ, ਕੀਰਤਨ ਦਾ ਲਾਭ ਕੇਵਲ ਸਾਨੂੰ ਹੀ ਹੁੰਦਾ ਹੈ। ਮਰੇ ਹੋਏ ਜੀਵ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ। ਇਸ ਲਈ ਆਓ ਆਪਣੇ ਜੀਵਨ ਨੂੰ ਸਫ਼ਲਾ ਕਰੀਏ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਲੇਖਕ ਬਾਰੇ
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/September 1, 2014
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/March 1, 2015
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/January 1, 2021
- ਬਲਬਿੰਦਰ ਸਿੰਘhttps://sikharchives.org/kosh/author/%e0%a8%ac%e0%a8%b2%e0%a8%ac%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/March 1, 2021