ਕਰੀਂ ਜ਼ੁਲਮ ਨਾ ਮੇਰੀਏ ਅੰਮੀਏਂ, ਇਹ ਨਾ ਕਹਿਰ ਕਮਾਵੀਂ।
ਔਰਤ ਹੋ ਕੇ ਔਰਤ ਜਾਤ ਨੂੰ, ਨਾ ਤੂੰ ਮਾਰ ਮੁਕਾਵੀਂ।
ਡਾਕਟਰ ਬਣੇ ਕਸਾਈ ਇਥੇ, ਕੈਸੀ ਦੇਣ ਸਲਾਹ ਨੀ ਮਾਏ!
ਮੈਂ ਅਣਜੰਮੀ ਧੀ ਹਾਂ ਤੇਰੀ, ਕੁੱਖ ’ਚ ਕਤਲ ਕਰਾ ਨਾ ਮਾਏ!
ਮੈਨੂੰ ਮਾਰਨ ਦੇ ਲਈ ਅੰਮੀਏਂ, ਬੇਸ਼ੱਕ ਸਾਰੇ ਨੇ ਇਕ ਪਾਸੇ।
ਮਾਂ ਤੋਂ ਬਿਨ ਅਣਜੰਮੀ ਧੀ ਨੂੰ, ਦੇਵੇ ਕੌਣ ਦਿਲਾਸੇ?
ਔਖੀ ਬਣੀ ਜਾਨ ’ਤੇ ਮੇਰੀ, ਉਖੜੇ-ਉਖੜੇ ਸਾਹ ਨੀ ਮਾਏ!
ਮੈਂ ਅਣਜੰਮੀ ਧੀ ਹਾਂ ਤੇਰੀ, ਕੁੱਖ ’ਚ ਕਤਲ ਕਰਾ ਨਾ ਮਾਏ!
ਧੀਆਂ ਨੂੰ ਤਾਂ ਮੇਰੀਏ ਮਾਏ, ਗੁਰਬਾਣੀ ਵੀ ਸਤਿਕਾਰੇ।
ਉਹ ਨਹੀਂ ਹੁੰਦਾ ਸਿੱਖ ਗੁਰੂ ਦਾ, ਜਿਹੜਾ ਧੀ ਨੂੰ ਮਾਰੇ।
ਹਰ ਮੈਦਾਨ ਫ਼ਤਹ ਕਰੂੰਗੀ, ਬਦਲੂੰ ਰੁਖ਼ ਹਵਾ ਨੀ ਮਾਏ!
ਮੈਂ ਅਣਜੰਮੀ ਧੀ ਹਾਂ ਤੇਰੀ, ਕੁੱਖ ’ਚ ਕਤਲ ਕਰਾ ਨਾ ਮਾਏ!
ਜੇ ਤੂੰ ਚਾਹਵੇਂ ਮੈਂ ਬਚ ਸਕਦੀ, ਮਾਰ ਸਕੇ ਨਾ ਕੋਈ।
ਫਿਰ ਨਾ ਮੇਰਾ ਕੋਈ ਸਹਾਰਾ, ਜੇ ਤੂੰ ਬੇਮੁਖ ਹੋਈ।
ਮਾਂ ਦਾ ਫਰਜ਼ ਪਛਾਣ ਨੀ ਅੰਮੀਏਂ, ਜ਼ਿੰਮੇਵਾਰ ਕਹਾ ਨੀ ਮਾਏ!
ਮੈਂ ਅਣਜੰਮੀ ਧੀ ਹਾਂ ਤੇਰੀ, ਕੁੱਖ ’ਚ ਕਤਲ ਕਰਾ ਨਾ ਮਾਏ!
ਤੂੰ ਵੀ ਤਾਂ ਕਿਸੇ ਮਾਂ ਦੀ ਧੀ ਨੀ, ਮੈਂ ਵੀ ਹਾਂ ਧੀ ਤੇਰੀ।
‘ਮਰੜ੍ਹੀ’ ਕਹੇ ਜੇ ਮੁੱਕ ਜਾਣ ਧੀਆਂ, ਦੁਨੀਆਂ ਹੋ ਜਾਊ ਢੇਰੀ।
ਮਾਪਿਆਂ ਲਈ ਤਾਂ ਧੀਆਂ ਹੁੰਦੀਆਂ, ਦੁੱਖਾਂ ਦੀ ਦਵਾ ਨੀ ਮਾਏ!
ਮੈਂ ਅਣਜੰਮੀ ਧੀ ਹਾਂ ਤੇਰੀ, ਕੁੱਖ ’ਚ ਕਤਲ ਕਰਾ ਨਾ ਮਾਏ!
ਲੇਖਕ ਬਾਰੇ
ਪਿੰਡ ਤੇ ਡਾਕ: ਮਰੜ੍ਹੀ ਕਲਾਂ, ਅੰਮ੍ਰਿਤਸਰ।
- ਹੋਰ ਲੇਖ ਉਪਲੱਭਧ ਨਹੀਂ ਹਨ