editor@sikharchives.org

ਅਰਦਾਸ

ਆਪਣੇ ਦਿਲ ਦੀ ਗੱਲ ਨੂੰ ਬਿਨਾਂ ਕਿਸੇ ਲੁਕਾਅ ਦੇ ਪਰਮਾਤਮਾ ਨੂੰ ਦੱਸਣਾ ਹੀ ਅਰਦਾਸ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਅਰਦਾਸ ਪਰਮਾਤਮਾ ਤਕ ਪੁੱਜਣ ਦਾ ਅਤੇ ਉਸ ਨਾਲ ਸਿੱਧੀ ਗੱਲਬਾਤ ਕਰਨ ਦਾ ਵਧੀਆ ਤੇ ਸੌਖਾ ਰਸਤਾ ਹੈ। ਇਹ ਇਕ ਅਜਿਹਾ ਰਸਤਾ ਹੈ ਜੋ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਾਉਂਦਾ ਹੈ। ਆਪਣੇ ਦਿਲ ਦੀ ਗੱਲ ਨੂੰ ਬਿਨਾਂ ਕਿਸੇ ਲੁਕਾਅ ਦੇ ਪਰਮਾਤਮਾ ਨੂੰ ਦੱਸਣਾ ਹੀ ਅਰਦਾਸ ਹੈ। ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ, ਮਨ ਦੀ ਸ਼ਾਂਤੀ ਲਈ, ਅਪਰਾਧਾਂ ਲਈ ਖਿਮਾ-ਜਾਚਨਾ ਅਤੇ ਹਰ ਕੰਮ ਦੀ ਸਫਲਤਾ ਲਈ ਕੀਤੀ ਗਈ ਬੇਨਤੀ ਹੀ ਅਰਦਾਸ ਹੈ।”1

ਅਰਦਾਸ ਹਰ ਵਿਅਕਤੀ ਕਰਦਾ ਹੈ ਕਿਉਂਕਿ ਹਰ ਵਿਅਕਤੀ ਚੰਗੀਆਂ-ਚੰਗੀਆਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਕਿਸੇ ਅਦ੍ਰਿਸ਼ਟ ਸੋਮੇ ਤੋਂ ਉਨ੍ਹਾਂ ਦੀ ਪ੍ਰਾਪਤੀ ਲਈ ਕਹਿਣਾ ਆਪਣੇ ਆਪ ਵਿਚ ਅਰਦਾਸ ਹੈ:

ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ॥ (ਪੰਨਾ 1428)

ਕਈ ਵਾਰ ਤਾਂ ਅਰਦਾਸ ਕਰਨ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਅਰਦਾਸ ਕਰ ਰਿਹਾ ਹੈ। “ਅਰਦਾਸ ਵਿਚ ਕਿਤੇ ਆਤਮ ਨਿਵੇਦਨ ਹੁੰਦਾ ਹੈ, ਕਿਤੇ ਬੇਨਤੀ, ਕਿਤੇ ਬਿਰਹੁੰ ਦੀ ਪੀੜਾ, ਕਿਤੇ ਦਰ ਘਰ ਪਹੁੰਚਣ ਦੀ ਅਭਿਲਾਖਾ, ਕਿਤੇ ਆਪਣੀ ਦੀਨਤਾ, ਹੀਨਤਾ ਜਾਂ ਅਲਪ ਸਾਧਨਾ ਦੀ ਗੱਲ, ਕਿਤੇ ਵਿਆਕੁਲਤਾ, ਕਿਤੇ ਪਸ਼ਚਾਤਾਪ, ਕਿਤੇ ਪ੍ਰਭੂ ਦੀ ਉਦਾਰਤਾ, ਸਮਰੱਥਾ ਤੇ ਸੁੰਦਰਤਾ, ਕਿਤੇ ਆਪਣੇ ਪਾਪਾਂ ਦੀ ਵਿਆਖਿਆ ਅਤੇ ਆਤਮ ਸਮਰਪਣ।”2

ਅਰਦਾਸ ਦੇ ਕਈ ਹੋਰ ਨਾਮ ਵੀ ਹਨ ਜਿਵੇਂ ਅਰਜ਼, ਗੁਜ਼ਾਰਿਸ਼, ਬੇਨਤੀ, ਪ੍ਰਾਰਥਨਾ, ਅਰਜੋਈ, ਬੰਦਨਾ, ਬਿਨੈ ਆਦਿ। ਅਰਦਾਸ ਇਕ ਅਜਿਹੀ ਕ੍ਰਿਆ ਹੈ ਜਿਸ ਦੇ ਕਰਨ ਤੋਂ ਬਾਅਦ ਮਨ, ਤਨ, ਆਤਮਾ ਸਭ ਹਲਕਾ-ਫੁਲਕਾ ਹੋ ਜਾਂਦਾ ਹੈ। ਇਕ ਰੂਹਾਨੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ ਤੇ ਹਰ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਕਰਨ ਦੀ ਸ਼ਕਤੀ ਮਹਿਸੂਸ ਹੁੰਦੀ ਹੈ। ਅੰਗ-ਸੰਗ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਮਹਾਨ ਅਮਰੀਕਨ ਸਰਜਨ ਜਾਰਜ ਡੇਵਿਡ ਸਟੀਵਰਟ ਨੇ ਨਿਊਯਾਰਕ ਯੂਨੀਵਰਸਿਟੀ ਵਿਖੇ ਦਿੱਤੇ ਇਕ ਲੈਕਚਰ ਵਿਚ ਕਿਹਾ ਕਿ “ਅਰਦਾਸ ਵਿਚ ਬਿਤਾਇਆ ਸਮਾਂ ਦਿਲ ਅਤੇ ਦਿਮਾਗ ਉੱਤੇ ਪਏ ਬੋਝ ਨੂੰ ਹਲਕਾ ਕਰਨ ਵਿਚ ਸਭ ਤੋਂ ਚੰਗਾ ਉਪਚਾਰ ਹੈ।”3 ਅਰਦਾਸ ਨਾਲ ਆਤਮਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ।

ਆਦਿ ਮਾਨਵ ਕਾਲ ਤੋਂ ਹੀ ਅਰਦਾਸ ਕਿਸੇ ਨਾ ਕਿਸੇ ਰੂਪ ਵਿਚ ਹੁੰਦੀ ਰਹੀ ਹੈ। ਮਾਨਵ ਨੇ ਜਦ ਹੋਸ਼ ਸੰਭਾਲੀ ਤਾਂ ਉਸ ਨੇ ਇਹ ਮਹਿਸੂਸ ਕੀਤਾ ਕਿ ਕੋਈ ਗੈਬੀ ਸ਼ਕਤੀ ਜ਼ਰੂਰ ਹੈ ਜੋ ਉਸ ਨੂੰ ਜਨਮ ਅਤੇ ਮੌਤ ਦਿੰਦੀ ਹੈ, ਜੋ ਕਿ ਉਸ ਨੂੰ ਸੁੱਖ ਤੇ ਦੁੱਖ ਦਿੰਦੀ ਹੈ। ਉਹ ਇਹ ਮੰਨਣ ਲੱਗ ਪਿਆ ਕਿ ਪ੍ਰਕ੍ਰਿਰਤੀ ਵਿਚ ਪਵਿੱਤਰ ਤੇ ਅਪਵਿੱਤਰ ਸ਼ਕਤੀਆਂ ਹਨ; ਕੁਝ ਉਸ ਦੀਆਂ ਦੋਸਤ ਹਨ ਤੇ ਕੁਝ ਉਸ ਦੀਆਂ ਦੁਸ਼ਮਣ। ਆਪਣੀ ਸੁਰੱਖਿਆ ਲਈ ਮਾਨਵ ਨੇ ਬੇਨਤੀਆਂ ਕੀਤੀਆਂ। ਇਹ ਹੀ ਅਰਦਾਸ ਦਾ ਅਰੰਭ ਸੀ।

ਵੈਦਿਕ ਕਾਲ ਵਿਚ ਆਰੀਆ ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਇਹ ਉਹ ਦੇਵਤੇ ਸਨ ਜਿਹੜੇ ਉਨ੍ਹਾਂ ਨੂੰ ਫਾਇਦਾ ਜਾਂ ਨੁਕਸਾਨ ਪਹੁੰਚਾ ਸਕਦੇ ਸਨ ਜਿਵੇਂ ਸੂਰਜ, ਚੰਦਰਮਾ, ਇੰਦਰ, ਵਰਨ, ਅਗਨੀ ਆਦਿ।

ਹਰ ਧਰਮ ਵਿਚ ਅਰਦਾਸ ਇਕ ਉਤਮ ਦਰਜਾ ਰੱਖਦੀ ਹੈ। ਅਰਦਾਸ ਨਾਲ ਆਤਮਾ ਸ਼ਕਤੀਸ਼ਾਲੀ ਬਣਦੀ ਹੈ ਜਿਵੇਂ ਸਭ ਧਰਮਾਂ ਦੇ ਇਸ਼ਟ, ਪੂਜਾ-ਸਥਾਨ, ਧਰਮ-ਗ੍ਰੰਥ ਵੱਖਰੇ-ਵੱਖਰੇ ਹਨ ਪਰ ਹਰ ਧਰਮ ਵਿਚ ਅਰਦਾਸ ਦੀ ਸ਼ਬਦਾਵਲੀ ਸਤਿਕਾਰ ਭਰੀ ਹੈ।

ਸਿੱਖ ਧਰਮ ਵਿਚ ਅਰਦਾਸ ਦੀ ਬਹੁਤ ਮਹੱਤਤਾ ਹੈ। ਇਹ ਸਿਮਰਨ ਦੀ ਸਿਖਰ ਹੈ, ਸੰਕਟ ਮੋਚਨ ਹੈ। ਵੈਸੇ ਤਾਂ ‘ਗੁਰਬਾਣੀ ਸਾਰੀ ਇਕ ਅਰਦਾਸ ਹੈ। ਅਸੀਂ ਜੋ ਕੁਝ ਵੀ ਕਹਿਣਾ ਚਾਹੀਏ, ਇਸ ਅੰਦਰ ਉਚਿਤ ਤੋਂ ਉਚਿਤ ਸ਼ਬਦ ਉਸ ਲਈ ਮੌਜੂਦ ਹਨ। ਸਿੱਖ ਧਰਮ ਵਿਚ ਅਰਦਾਸ ਦਾ ਸੰਕਲਪ ਬਹੁਤ ਉੱਚਾ ਤੇ ਸੁੱਚਾ ਹੈ।”4 ‘ਅਰਦਾਸ’ ਸ਼ਬਦ ਫ਼ਾਰਸੀ ਦੇ ਸ਼ਬਦ ‘ਅਰਜ਼ਦਾਸਤ’ ਦਾ ਸੰਖੇਪਿਆ ਰੂਪ ਹੈ। ਇਹ ਦੋ ਅੱਖਰਾਂ ਦੇ ਮੇਲ ਤੋਂ ਬਣਿਆ ਹੈ ‘ਅਰਜ਼’ ਤੇ ‘ਦਾਸ਼ਤ’। ‘ਅਰਜ਼’ ਦੇ ਅਰਥ ਹਨ ਬੇਨਤੀ ਤੇ ‘ਦਾਸ਼ਤ’ ਦੇ ਅਰਥ ਹਨ ਰੱਖਣਾ ਜਾਂ ਪੇਸ਼ ਕਰਨਾ। ਇਉਂ ‘ਅਰਦਾਸ’ ਦਾ ਅਰਥ ਹੋਇਆ ਕਿਸੇ ਅੱਗੇ ਆਪਣੀ ਬੇਨਤੀ ਨੂੰ ਰੱਖਣਾ।

ਕੁਝ ਵਿਦਵਾਨਾਂ ਨੇ ‘ਅਰਦਾਸ’ ਸ਼ਬਦ ਦਾ ਮੂਲ ਸੰਸਕ੍ਰਿਤ ਤੋਂ ਮੰਨਿਆ ਹੈ। ਉਨ੍ਹਾਂ ਅਨੁਸਾਰ ਅਰਦਾਸ ਅੱਖਰ ‘ਆਰੰਦ’ ਤੇ ‘ਆਸ’ ਤੋਂ ਬਣਿਆ ਹੈ। ‘ਆਰੰਦ’ ਦਾ ਭਾਵ ਹੈ ਮੰਗਣਾ ਤੇ ‘ਆਸ’ ਦਾ ਭਾਵ ਹੈ ਮੁਰਾਦ। ਇਸ ਤਰ੍ਹਾਂ ਇਸ ਦਾ ਅਰਥ ਹੈ ‘ਮੁਰਾਦ ਮੰਗਣਾ’।

ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਅਰਦਾਸ ਦਾ ਅੱਖਰਗਤ ਵਿਵੇਚਨ ਵੀ ਕੀਤਾ ਹੈ ਉਹ ਇਸ ਪ੍ਰਕਾਰ ਹੈ:

ਅ = ਅੰਤਰਜਾਮੀ
ਰ = ਰਖਵਾਲਾ
ਦਾ = ਦਾਤਾਰ
ਸ = ਸਹਾਰਾ

ਇਸ ਵਿਵੇਚਨ ਅਨੁਸਾਰ ‘ਅਰਦਾਸ’ ਅੰਤਰਜਾਮੀ ਪਰਮਾਤਮਾ ਜੋ ਸਭ ਦਾ ਰਖਵਾਲਾ ਹੈ, ਦਾਤਾਰ ਹੈ, ਉਸ ਦਾ ਸਹਾਰਾ ਲੱਭਣ ਦੀ ਪ੍ਰਕਿਰਿਆ ਹੈ।

ਸਿੱਖ ਧਰਮ ਵਿਚ ਅਰਦਾਸ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਹੋ ਗਿਆ ਸੀ। ਪ੍ਰਚਲਤ ਰਵਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ (ਨਨਕਾਣਾ ਸਾਹਿਬ) ਤੋਂ ਸੁਲਤਾਨਪੁਰ ਲੋਧੀ ਨੂੰ ਚੱਲਣ ਵੇਲੇ ਰਾਇ ਬੁਲਾਰ ਵੱਲੋਂ ਬੇਨਤੀ ਦੇ ਉੱਤਰ ਵਿਚ ਉਪਦੇਸ਼ ਕੀਤਾ। “ਰਾਏ ਜੀ ਸਾਡੀ ਸਿਖਿਆ ਇਹੀ ਜੇ ਜਦ ਤੁਹਾਡਾ ਆਪਣਾ ਬਲ ਕੰਮ ਨਾ ਕਰੇ ਤਾਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਦੀ ਚਰਨੀਂ ਪੈ ਜਾਣਾ ਅਤੇ ਅਰਦਾਸ ਕਰਨੀ।”5 ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਅਰਦਾਸ ਕੀਤੀ ਜਾਂਦੀ ਸੀ ਤੇ ਅਰਦਾਸੀਏ ਨੂੰ ‘ਮੇਵੜਾ’ ਕਿਹਾ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਉਸ ਵਕਤ ਆਦਿ ਗ੍ਰੰਥ ਸਾਹਿਬ ਅੱਗੇ ਗੁਰੂ ਜੀ ਨੇ ਅਰਦਾਸ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਨੇਮ ਨਾਲ ਅਰਦਾਸ ਅਰੰਭ ਹੋਈ:

ਸਿਖ ਅਨੰਨ ਪੰਡਿਤ ਦਿਖ ਐਸੇ ਗ੍ਰਹਿ ਤਿਥਿ ਵਾਰ ਨ ਮਾਨੇ ਕੈਸੇ ਏਕ ਭਰੋਸਾ ਪ੍ਰਬ ਕਾ ਪਾਏ।
ਤਯਾਗਿ ਲਗਨ ਅਰਦਾਸ ਕਰਾਏ। -ਗੁਰ ਬਿਲਾਸ ਪਾਤਸ਼ਾਹੀ 6ਵੀਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਹੁੰਦੀ ਸੀ। ਇਤਿਹਾਸ ਗਵਾਹ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਚੜ੍ਹਾਈ ਕੀਤੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, “ਜਦ ਵੀ ਕੋਈ ਭੀੜ ਬਣੇ, ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਕਰਨੀ।”

ਅਰਦਾਸ ਬਿਨਾ ਜੇ ਕਾਜ ਸਿਧਾਵੈ॥
ਗੋਬਿੰਦ ਸਿੰਘ ਵਹ ਸਿਖ ਨ ਭਾਵੈ॥ (ਤਨਖਾਹਨਾਮਾ ਭਾਈ ਨੰਦ ਲਾਲ)

ਇਨ੍ਹਾਂ ਲਾਈਨਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਰਦਾਸ ਦੀ ਮਰਯਾਦਾ ਪੱਕੀ ਹੋ ਚੁੱਕੀ ਸੀ।

ਅਰਦਾਸ ਸਿੱਖ ਧਰਮ ਦੀ ਰੀੜ੍ਹ ਦੀ ਹੱਡੀ ਹੈ। ‘ਅਰਦਾਸ’ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ 26 ਵਾਰ, ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿਚ 7 ਵਾਰ, ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿਚ 9 ਵਾਰ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ 53 ਵਾਰ, ਭਗਤ ਕਬੀਰ ਜੀ ਦੀ ਬਾਣੀ ਵਿਚ 1 ਵਾਰ, ਭੱਟ ਸਾਹਿਬਾਨ ਦੀ ਬਾਣੀ ਵਿਚ 2 ਵਾਰ ਅਤੇ ਸਦ (ਰਾਮਕਲੀ) ਵਿਚ 1 ਵਾਰ, ਇਸ ਤਰ੍ਹਾਂ ਕੁੱਲ 99 ਵਾਰ ਆਇਆ ਹੈ। ਇਸ ਤੋਂ ਇਲਾਵਾ ਬੇਨਤੀ, ਅਰਜ਼, ਦੁਆ, ਅਰਦਾਸਿਓ, ਅਰਦਾਸੇ, ਬੇਨੰਤੀਆ ਆਦਿ ਸ਼ਬਦ ਅਣਗਿਣਤ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ ਜੋ ਕਿ ਅਰਦਾਸ ਦੇ ਸਮਾਨ ਅਰਥਕ ਸ਼ਬਦ ਹਨ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਕਬਿਯੋ ਬਾਚ ਬੇਨਤੀ ਚੌਪਈ’ ਸਾਹਿਬ ਦੀ ਰਚਨਾ ਵੀ ਕੀਤੀ ਹੈ:

ਹਮਰੀ ਕਰੋ ਹਾਥ ਦੈ ਰੱਛਾ॥
ਪੂਰਨ ਹੋਇ ਚਿਤ ਕੀ ਇੱਛਾ॥ (ਚੌਪਈ ਸਾਹਿਬ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਰਦਾਸ ਕਰਨ ਬਾਰੇ ਇੰਞ ਕਿਹਾ ਗਿਆ ਹੈ:

ਦੁਇ ਕਰ ਜੋੜਿ ਕਰਉ ਅਰਦਾਸਿ॥
ਤੁਧੁ ਭਾਵੈ ਤਾ ਆਣਹਿ ਰਾਸਿ॥ (ਪੰਨਾ 737)

ਅਰਦਾਸ ਸਿੱਖ ਧਰਮ ਵਿਚ ਨਿਤਨੇਮ ਦਾ ਅੰਗ ਬਣ ਚੁੱਕੀ ਹੈ। ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ’ਤੇ ਭਰੋਸਾ ਰੱਖ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣ ਤਾਂ ਉਨ੍ਹਾਂ ਵੱਲ ਮੂੰਹ ਕਰ ਕੇ ਸੱਚੇ ਦਿਲੋਂ ਅਰਦਾਸ ਕਰਨੀ ਚਾਹੀਦੀ ਹੈ।

ਅਜੋਕੀ ਅਰਦਾਸ ਦੀ ਸ਼ੁਰੂਆਤ ‘ੴ ਵਾਹਿਗੁਰੂ ਜੀ ਕੀ ਫ਼ਤਹ’ ਨਾਲ ਹੁੰਦੀ ਹੈ ਅਤੇ ਇਸ ਦੀ ਸਮਾਪਤੀ ਵੀ ‘ਵਾਹਿਗੁਰੂ ਜੀ ਕੀ ਫ਼ਤਹ’ ਨਾਲ ਹੁੰਦੀ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਕੀ ਫ਼ਤਹ ਹੀ ਅਰਦਾਸ ਦਾ ਪਹਿਲਾ ਤੇ ਆਖ਼ਰੀ ਮਕਸਦ ਹੈ। ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ

ਤੂ ਠਾਕੁਰੁ ਤੁਮ ਪਹਿ ਅਰਦਾਸਿ॥
ਜੀਉ ਪਿੰਡੁ ਸਭੁ ਤੇਰੀ ਰਾਸਿ॥ (ਪੰਨਾ 268)

ਪੜ੍ਹਿਆ ਜਾਂਦਾ ਹੈ ਤਾਂ ਬੈਠੀ ਸੰਗਤ ਅਰਦਾਸ ਕਰਨ ਲਈ ਖੜ੍ਹੀ ਹੋ ਜਾਂਦੀ ਹੈ। ਅਜੋਕੀ ਅਰਦਾਸ ਜੋ ਪੰਥ ਵੱਲੋਂ ਪ੍ਰਵਾਨ ਕੀਤੀ ਹੋਈ ਹੈ ਉਸ ਦੇ 9 ਜ਼ਰੂਰੀ ਭਾਗ ਹਨ ਜੋ ਇਸ ਤਰ੍ਹਾਂ ਹਨ:

1. ਪ੍ਰਿਥਮ ਭਗੌਤੀ ਸਿਮਰਿ ਕੈ
2. ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ
3. ਜਿਨ੍ਹਾਂ ਸਿੰਘਾਂ ਸਿੰਘਣੀਆਂ
4. ਪੰਜਾਂ ਤਖ਼ਤਾਂ
5. ਪ੍ਰਿਥਮੇ ਸਰਬੱਤ ਖਾਲਸਾ
6. ਸਿੱਖਾਂ ਨੂੰ ਸਿੱਖੀ ਦਾਨ
7. ਸਿੱਖਾਂ ਦਾ ਮਨ ਨੀਵਾਂ
8. ਹੇ ਅਕਾਲ ਪੁਰਖ!
9. ਹੇ ਨਿਮਾਣਿਆਂ ਦੇ ਮਾਣ


ਸਿਰਫ ਸੱਤਾਂ ਕੁ ਮਿੰਟਾਂ ਦੀ ਇਹ ਅਰਦਾਸ ਸਿੱਖੀ ਦੇ 500 ਸਾਲਾਂ ਦਾ ਅਧਿਆਤਮਕ ਵਿਕਾਸ ਤੇ ਇਤਿਹਾਸ ਦਰਸਾਉਂਦੀ ਹੈ। ਇਹ ਅਧਿਆਤਮਿਕਤਾ ਤੇ ਇਤਿਹਾਸਕਤਾ ਦਾ ਏਕੀਕਰਣ ਹੈ। ਇਹ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵੱਡੇ-ਵਡੇਰਿਆਂ ਦੀ ਧਰਮ ਖਾਤਰ ਦਿੱਤੀ ਕੁਰਬਾਨੀ ਯਾਦ ਕਰਾਉਂਦੀ ਹੈ ਤੇ ਨਾਲ ਹੀ ਮਨ ਵਿਚ ਬਦਲਾ ਲੈਣ ਦੀ ਭਾਵਨਾ ਨੂੰ ਛੱਡ ਕੇ ਸਹਿਨਸ਼ੀਲਤਾ ਤੇ ਸਰਬੱਤ ਦੇ ਭਲੇ ਨੂੰ ਦ੍ਰਿੜ੍ਹ ਕਰਾਉਂਦੀ ਹੈ। ਸਿੱਖ ਧਰਮ ਦੀ ਅਰਦਾਸ ਪਿੱਛੇ ਕੌਮੀ-ਆਚਰਣ ਦੇ ਇਤਿਹਾਸ ਨੂੰ ਵੇਖਿਆ ਜਾ ਸਕਦਾ ਹੈ ਜਿਸ ਦੇ ਅਨੁਕੂਲ ਜੀਵਨ ਨੂੰ ਅਮਲੀ ਤੇ ਆਦਰਸ਼ਕ ਪੱਧਰ ਉੱਤੇ ਜੀਵਿਆ ਗਿਆ ਹੈ।

‘ੴ ਵਾਹਿਗੁਰੂ ਜੀ ਕੀ ਫ਼ਤਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10 ਪ੍ਰਿਥਮ ਭਗੌਤੀ ਸਿਮਰਿ ਕੈ’ ਤੋਂ ਲੈ ਕੇ ‘ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ’ ਤਕ ਦੇ ਲਫ਼ਜ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਪ੍ਰਚਲਤ ਕੀਤੇ ਗਏ ਸਨ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਹਿੱਸਾ ਭਾਈ ਮਨੀ ਸਿੰਘ ਜੀ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਹੌਲੀ-ਹੌਲੀ ਅਰਦਾਸ ਦਾ ਵਿਕਾਸ ਹੁੰਦਾ ਗਿਆ। ਸੰਨ 1931-32 ਈ. ਵਿਚ ਵੀ ਅਰਦਾਸ ਦੀ ਸ਼ਬਦਾਵਲੀ ਅੱਜ ਵਾਲੀ ਸੀ ਸਿਵਾਏ ਨਨਕਾਣਾ ਸਾਹਿਬ ਵਾਲੀਆਂ ਲਾਈਨਾਂ ਦੇ। ਇਹ ਲਾਈਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਸੰਬਰ 1950 ਈ. ਵਿਚ ਸ਼ਾਮਲ ਕੀਤੀਆਂ ਗਈਆਂ। ਇਸ ਤਰ੍ਹਾਂ ਅੱਜ ਦੀ ਅਜੋਕੀ ਅਰਦਾਸ ਵਿਚ ਪਿਛਲੇ 500 ਸਾਲਾਂ ਦੀ ਪੰਥਕ ਕਮਾਈ ਸ਼ਾਮਲ ਹੈ।

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ….-ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ

ਦਾ ਸਲੋਕ ਅਰਦਾਸ ਦੇ ਬਾਅਦ ਵਿਚ ਪੜ੍ਹਨ ਦੀ ਰਵਾਇਤ ਹੈ ਪਰ ਇਹ ਅਰਦਾਸ ਦਾ ਜ਼ਰੂਰੀ ਭਾਗ ਨਹੀਂ। ਇਹ ਤੁਕਾਂ ਬੁੱਢਾ ਦਲ ਤੇ ਤਰਨਾ ਦਲ ਵੱਲੋਂ ਮੁਹਿੰਮਾਂ ’ਤੇ ਚੜ੍ਹਨ ਵੇਲੇ ਪੜ੍ਹੀਆਂ ਜਾਂਦੀਆਂ ਸਨ।

“ਅਰਦਾਸ ਜਿਥੇ ਨਿਮਰਤਾ ਦਾ ਪ੍ਰਤੀਕ ਹੈ ਉਥੇ ਸ਼ਰਧਾ ਦਾ ਸੂਚਕ ਵੀ ਹੈ ਅਤੇ ਨਾਲ ਹੀ ਇਸ ਲਈ ਸਭ ਤੋਂ ਜ਼ਰੂਰੀ ਤੱਤ ਇਹ ਹੈ ਕਿ ਆਪਣੇ-ਆਪ ਨੂੰ ਪਰਮਾਤਮਾ ਦੇ ਹਵਾਲੇ ਕਰ ਦੇਣਾ।”6 ਅਰਦਾਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-ਨਿੱਜੀ ਅਰਦਾਸ ਤੇ ਸੰਗਤੀ ਅਰਦਾਸ। ਨਿੱਜੀ ਅਰਦਾਸ ਸਿੱਖ ਹਰ ਵੇਲੇ, ਹਰ ਥਾਂ ਕਰ ਸਕਦਾ ਹੈ। ਇਸ ਵਿਚ ਕਿਸੇ ਹੋਰ ਵਿਅਕਤੀ ਦੀ ਲੋੜ ਨਹੀਂ ਹੁੰਦੀ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜ੍ਹੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ। ਕਈ ਵਾਰ ਨਿੱਜੀ ਅਰਦਾਸ ਅਰਦਾਸੀਏ ਕੋਲੋਂ ਵੀ ਕਰਵਾਈ ਜਾਂਦੀ ਹੈ। ਅਜਿਹੀ ਅਰਦਾਸ ਵਿਚ ਉਨ੍ਹਾਂ ਵਿਅਕਤੀਆਂ ਦਾ ਖੜ੍ਹੇ ਹੋਣਾ ਲਾਜ਼ਮੀ ਹੈ ਜਿਨ੍ਹਾਂ ਵੱਲੋਂ ਅਰਦਾਸ ਕਰਵਾਈ ਜਾ ਰਹੀ ਹੋਵੇ, ਬਾਕੀ ਸੰਗਤ ਬੈਠੀ ਰਹਿੰਦੀ ਹੈ ਜਿਵੇਂ ਨਾਮਕਰਣ, ਕੁੜਮਾਈ, ਵਿਆਹ ਜਾਂ ਤਨਖਾਹ ਬਖ਼ਸ਼ਾਉਣ ਦੀ ਅਰਦਾਸ।

ਸੰਗਤੀ ਅਰਦਾਸ ਸਮੂਹ ਸੰਗਤ ਵੱਲੋਂ ਹੁੰਦੀ ਹੈ। ਅਜਿਹੀ ਅਰਦਾਸ ਸੰਗਤ ਦੀ ਆਗਿਆ ਨਾਲ ਕੋਈ ਵੀ ਸਿੱਖ ਕਰ ਸਕਦਾ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਵੇ ਤਾਂ ਅਰਦਾਸੀਏ ਸਮੇਤ ਸਮੂਹ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਦੀ ਹੈ। ਸਿਰਫ ਅਰਦਾਸੀਆ ਹੀ ਉੱਚੀ ਅਵਾਜ਼ ਵਿਚ ਅਰਦਾਸ ਕਰਦਾ ਹੈ, ਸਮੂਹ ਸੰਗਤ ਚੁੱਪ-ਚਾਪ ਹੱਥ ਜੋੜ ਅੱਖਾਂ ਬੰਦ ਕਰ ਕੇ ਖੜ੍ਹੀ ਹੁੰਦੀ ਹੈ। ਅਰਦਾਸ ਦੇ ਹਰ ਪਹਿਰੇ ਬਾਅਦ ਅਰਦਾਸੀਆ ਉੱਚੀ ਆਵਾਜ਼ ਵਿਚ ਹੋਕਾ ਮਾਰਦਾ ਹੈ “…ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ” ਉਸ ਦੇ ਪਿੱਛੇ ਸਮੂਹ ਸੰਗਤ ਹੁੰਗਾਰਾ ਭਰਦੀ ਹੋਈ “ਵਾਹਿਗੁਰੂ” ਬੋਲਦੀ ਹੈ। ਅਜਿਹਾ ਅਰਦਾਸ ਵਿਚ ਬਾਰ-ਬਾਰ ਕੀਤਾ ਜਾਂਦਾ ਹੈ। ਅਰਦਾਸ ਖ਼ਤਮ ਹੋਣ ’ਤੇ ਸਮੂਹ ਸੰਗਤ ਮੱਥਾ ਟੇਕਦੀ ਹੈ ਤੇ “ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥” ਬੋਲਦੀ ਹੈ। ਉਪਰੰਤ ਅਰਦਾਸੀਏ ਦੁਆਰਾ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਉੱਚੀ ਆਵਾਜ਼ ਵਿਚ ਲਗਾਇਆ ਜਾਂਦਾ ਹੈ ਤੇ ਸਾਰੀ ਸੰਗਤ ‘ਸਤਿ ਸ੍ਰੀ ਅਕਾਲ’ ਨਾਲ ਹੁੰਗਾਰਾ ਭਰਦੀ ਹੈ।

ਸੰਗਤ ਵਿਚ ਕੀਤੀ ਅਰਦਾਸ ਤਾਂ ਬਹੁਤ ਹੀ ਸ਼ਕਤੀਸ਼ਾਲੀ ਹੁੰਦੀ ਹੈ। ਕਿਉਂਕਿ ਸੰਗਤ ਵਿਚ ਤਾਂ ਰੱਬ ਆਪ ਵੱਸਦਾ ਹੈ। ਸੰਗਤ ਦੀ ਕੀਤੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਅਰਦਾਸ ਸੰਪੂਰਨ ਹੋਣ ਤੋਂ ਬਾਅਦ ਕੜਾਹ ਪ੍ਰਸ਼ਾਦਿ ਨੂੰ ਕਿਰਪਾਨ ਭੇਟ ਕਰ ਕੇ ਸੰਗਤ ਵਿਚ ਵੰਡਿਆ ਜਾਂਦਾ ਹੈ। ਅਰਦਾਸ ਦੀ ਉੱਚਤਾ ਤੇ ਸਿਦਕ ਦੀ ਪ੍ਰਪੱਕਤਾ ਸਾਹਮਣੇ ਹਰ ਇਨਸਾਨ ਦਾ ਸਿਰ ਆਪਣੇ-ਆਪ ਝੁਕ ਜਾਂਦਾ ਹੈ। ਸਿੱਖ ਧਰਮ ਦੀ ਅਰਦਾਸ ਸਿਦਕ ਦੀ ਬੋਲੀ ਹੈ।

“ਅਰਦਾਸ ਆਤਮਾ ਦਾ ਸ਼ਿੰਗਾਰ ਹੈ। ਅਰਦਾਸ ਕਰਨਾ ਆਪਣੇ ਆਪ ਨੂੰ ਦਿਲ ਦੇ ਸ਼ੀਸ਼ੇ ਵਿਚ ਵੇਖਣਾ ਹੈ, ਆਪਣੇ ਆਪ ਨੂੰ ਅੰਦਰ ਦੀ ਕਸਵੱਟੀ ’ਤੇ ਪਰਖਣਾ ਹੈ।”7 ਕੁਝ ਮਨੁੱਖ ਦੂਜੇ ਮਨੁੱਖ ਤੋਂ ਮੰਗਦੇ ਹਨ ਕੁਝ ਦੇਵੀ-ਦੇਵਤਿਆਂ ਕੋਲੋਂ ਮੰਗਦੇ ਹਨ ਪਰ ਸਿੱਖੀ ਵਿਚ ਇਹ ਬੇਮੁਖਤਾ ਦਾ ਪ੍ਰਤੀਕ ਹੈ। ਗੁਰਬਾਣੀ ਹਰ ਮਨੁੱਖ ਨੂੰ ਕੇਵਲ ਤੇ ਕੇਵਲ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਪ੍ਰੇਰਨਾ ਦਿੰਦੀ ਹੈ। ਸੁਖਮਨੀ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਕੋਲੋਂ ਮੰਗਣਾ ਵਿਅਰਥ ਹੈ, ਕੇਵਲ ਭਗਵਾਨ ਕੋਲੋਂ ਹੀ ਮੰਗਣਾ ਚਾਹੀਦਾ ਹੈ:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥
ਦੇਵਨ ਕਉ ਏਕੈ ਭਗਵਾਨੁ॥ (ਪੰਨਾ 281)

ਪਰਮਾਤਮਾ ਅੱਗੇ ਆਪਾ ਪੇਸ਼ ਕਰ ਕੇ, ਨਿਮਾਣੇ ਹੋ ਕੇ ਭੋਲੇਪਨ ਵਿਚ ਆਪਣੀ ਅਰਦਾਸ ਕਰਨੀ ਚਾਹੀਦੀ ਹੈ ਤਾਂ ਹੀ ਪ੍ਰਭੂ ਆਪਣੇ ਭਗਤਾਂ ’ਤੇ ਮਿਹਰ ਭਰਿਆ ਹੱਥ ਰੱਖਦਾ ਹੈ। ਸਿੱਖਾਂ ਨੂੰ ਕੋਈ ਭੀੜ ਬਣੇ, ਕੋਈ ਮੁਸ਼ਕਲ ਹੋਵੇ ਕੇਵਲ ਤੇ ਕੇਵਲ ਵਾਹਿਗੁਰੂ ਦਾ ਆਸਰਾ ਲੈਣ ਦਾ ਹੁਕਮ ਹੈ। ਦੁੱਖ ਵੇਲੇ, ਸੁੱਖ ਵੇਲੇ, ਲੋੜ ਥੁੜ੍ਹ ਹੋਵੇ ਜ਼ਿੰਦਗੀ ਦੇ ਹਰ ਰੂਪ ਵਿਚ ਅਰਦਾਸ ਜ਼ਰੂਰ ਕਹੀ ਗਈ ਹੈ। ਸ਼ੁਕਰਾਨਾ ਵੀ ਅਰਦਾਸ ਦਾ ਹੀ ਇਕ ਰੂਪ ਹੈ। ‘ਆਸਾ ਦੀ ਵਾਰ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ (ਪੰਨਾ 474)

ਸਿੱਖੀ ਵਿਚ ਜਨਮ, ਵਿਆਹ, ਮ੍ਰਿਤੂ, ਸਫਰ ਤੇ ਕਿਸੇ ਜੰਗ ਵਿਚ ਚੜ੍ਹਾਈ ਕਰਨ ਸਮੇਂ ਵੀ ਅਰਦਾਸ ਕਰਨੀ ਮੁੱਖ ਮੰਨੀ ਜਾਂਦੀ ਹੈ। “ਕਈ ਵਾਰ ਅਰਦਾਸ ਪ੍ਰਣ ਦੀ ਪੁਸ਼ਟੀ ਲਈ ਵੀ ਕੀਤੀ ਜਾਂਦੀ ਹੈ। ਸਿੱਖ ਸਮਾਜ ਵਿਚ ਅਰਦਾਸ ਦੁਆਰਾ ਲਿਆ ਪ੍ਰਣ ਅਲੰਘ ਹੈ। ਇਥੇ ਆ ਕੇ ਅਰਦਾਸ ਸਿੱਖੀ ਵਿਚ ਇਕ ਪ੍ਰਬਲ ਸੰਸਥਾ ਦਾ ਰੂਪ ਧਾਰਨ ਕਰ ਜਾਂਦੀ ਹੈ। ਇਸ ਦੀ ਉਲੰਘਣਾ ਕਰਨਾ ਸਿੱਖ ਧਰਮ ਵਿਚ ਬੱਜਰ ਪਾਪ ਮੰਨਿਆ ਜਾਂਦਾ ਹੈ। ਪ੍ਰਣ ਕਰਨ ਤੋਂ ਬਾਅਦ ਪਿੱਛੇ ਹਟਣਾ ਗੁਰੂ ਦਾ ਨਿਰਾਦਰ ਹੈ, ਉਸ ਉੱਪਰ ਬੇਭਰੋਸਗੀ ਹੈ, ਭਾਵ ਗੁਰੂ ਤੋਂ ਬੇਮੁਖ ਹੋਣਾ ਹੈ।”8 ਸਿੱਖ ਧਰਮ ਵਿਚ ਅਜਿਹੀਆਂ ਕਈ ਗੌਰਵਸ਼ਾਲੀ ਉਦਾਹਰਣਾਂ ਮਿਲ ਜਾਂਦੀਆਂ ਹਨ ਜਦ ਅਰਦਾਸਾ ਸੋਧ ਕੇ ਪਿੱਛੇ ਹਟਣ ਦੀ ਬਜਾਏ ਸਿੱਖਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਅਰਦਾਸ ਕਰ ਕੇ ਸ਼ਹਾਦਤ ਪ੍ਰਾਪਤ ਕੀਤੀ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਅਰਦਾਸ ਕਰ ਕੇ ਹੀ ਪਰਮ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਘੋਰ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਵੱਢਿਆ। ਸਿੱਖ ਇਤਿਹਾਸ ਵਿਚ ਅਣਗਿਣਤ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਜਦ ਮਹਾਂਪੁਰਖਾਂ ਨੇ ਅਰਦਾਸ ਕਰਨ ਉਪਰੰਤ ਸ਼ਹੀਦੀਆਂ ਪਾ ਕੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ। ਭਾਈ ਸੰਤੋਖ ਸਿੰਘ ਜੀ ਨੇ ਗ੍ਰਿਹਸਥੀ ਜੀਵਨ ਦੀਆਂ ਆਸ਼ਾਵਾਂ ਦੀ ਪੂਰਤੀ ਲਈ 101 ਤਰ੍ਹਾਂ ਦੀਆਂ ਅਰਦਾਸਾਂ ਦਾ ਜ਼ਿਕਰ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪਰਮਾਤਮਾ ਕੋਲੋਂ ਦੁਨੀਆਂ ਦੀ ਹਰ ਚੀਜ਼ ਮਿਲ ਸਕਦੀ ਹੈ:

ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ॥ (ਪੰਨਾ 52)

ਅਰਦਾਸ ਵਿਚ ਸਭ ਤੋਂ ਜ਼ਰੂਰੀ ਮਨ ਦੀ ਹਾਜ਼ਰੀ ਹੈ। ਜੇ ਮਨ ਹੀ ਗੈਰਹਾਜ਼ਰ ਰਿਹਾ ਤਾਂ ਅੱਖਰੀ ਅਰਦਾਸ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਮੂੰਹ ਨਾਲ ਬੋਲੀ ਅਰਦਾਸ ਤਾਂ ਛੱਤ ਤਕ ਵੀ ਨਹੀਂ ਅੱਪੜਦੀ। ਮਨ ਨਾਲ ਕੀਤੀ ਅਰਦਾਸ ਵਾਹਿਗੁਰੂ ਦੇ ਘਰ ਦਸਤਕ ਦੇ ਦਿੰਦੀ ਹੈ ਪਰ ਇਸ ਵਿਚ ਦ੍ਰਿੜ੍ਹ ਇਰਾਦੇ ਦੀ ਲੋੜ ਪੈਂਦੀ ਹੈ। ਇਕ ਸ਼ਾਇਰ ਨੇ ਬਹੁਤ ਵਧੀਆ ਕਿਹਾ ਹੈ:

ਖ਼ੁਦਾ ਮਨਜ਼ੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ।
ਲੇਕਿਨ ਮੁਸ਼ਕਿਲ ਯਹ ਹੈ ਕਿ ਯਹ ਬੜੀ ਮੁਸ਼ਕਿਲ ਸੇ ਹੋਤੀ ਹੈ।

ਪਰਮਾਤਮਾ ਅਰਦਾਸ ਵੇਲੇ ਲਫਜ਼ਾਂ ਨੂੰ ਨਹੀਂ ਸੁਣਦਾ, ਮਨ ਦੀਆਂ ਭਾਵਨਾਵਾਂ ਨੂੰ ਸੁਣਦਾ ਹੈ। ਅਰਦਾਸ ਮਨ ਦੀ, ਆਤਮਾ ਦੀ ਮਿੰਨਤ ਹੈ, ਤਰਲਾ ਹੈ; ਜਿਸ ਤਰ੍ਹਾਂ ਇਕ ਚਿਣਗ ਵੀ ਹਨੇਰੀ ਰਾਤ ਵਿਚ ਰੋਸ਼ਨੀ ਪੈਦਾ ਕਰ ਦਿੰਦੀ ਹੈ। ਅਰਦਾਸ ਵਿਚ ਪਰਮਾਤਮਾ ਅੱਗੇ ਬੇਨਤੀ ਹੋਵੇ, ਤਰਲਾ ਹੋਵੇ, ਮਿੰਨਤ ਹੋਵੇ। ਅਰਦਾਸ ਨਿਮਾਣਿਆਂ ਦੀ ਮਾਣ ਹੈ, ਨਿਤਾਣਿਆਂ ਦੀ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ। ਹਾਥੀ ਦੀ ਅਰਦਾਸ ਨਾਲੋਂ ਕੀੜੀ ਦੀ ਅਰਦਾਸ ਪਹਿਲਾਂ ਪ੍ਰਭੂ ਨੂੰ ਸੁਣਾਈ ਦੇ ਜਾਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਵਿਚ ਫ਼ਰਮਾਉਂਦੇ ਹਨ:

ਹਾਥੀ ਕੀ ਚੰਗਾਰ ਪੁਲ, ਪੀਛੇ ਪਹੁੰਚਤ ਤਾਹਿ।
ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ।

ਜਿਨ੍ਹਾਂ ਆਤਮਾਵਾਂ ਦੀਆਂ ਅਰਦਾਸਾਂ ਪ੍ਰਭੂ ਦੇ ਦਰਬਾਰ ਵਿਚ ਸੁਣੀਆਂ ਗਈਆਂ ਹਨ ਉਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ। ਸਤਿਯੁਗ, ਤ੍ਰੇਤਾ, ਦੁਆਪਰਿ ਤੇ ਕਲਿਯੁਗ ਵਿਚ ਹੋਏ ਭਗਤ ਜਨਾਂ ਦੀਆਂ ਬੇਨਤੀਆਂ ਦਾ ਵੇਰਵਾ ਦੇਣਾ ਬਹੁਤ ਮੁਸ਼ਕਲ ਹੈ। ਸੱਚੀ ਅਰਦਾਸ ‘ਅਰਦਾਸ’ ਤੋਂ ਸਿਵਾ ਕੁਝ ਨਹੀਂ ਹੁੰਦੀ, ਇਹ ਪੂਰਨ ਆਤਮ-ਸਮਰਪਣ ਹੈ। ਇਹ ਸੁਰਤ ਨੂੰ ਫਰਸ਼ ਤੋਂ ਅਰਸ਼ ਤਕ ਜੋੜਦੀ ਹੈ।

ਅਰਦਾਸ ਭਾਵੇਂ ਦੁਨਿਆਵੀ ਲੋੜਾਂ ਲਈ ਕੀਤੀ ਜਾਵੇ ਤੇ ਭਾਵੇਂ ਰੂਹਾਨੀ ਲੋੜਾਂ ਲਈ ਇਹ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਕਰਾਉਂਦੀ ਹੈ। ਅਕਸਰ ਕਈ ਵਾਰ ਬਹੁਤੇ ਲੋਕ ਇਹ ਕਹਿੰਦੇ ਸੁਣੇ ਹਨ ਕਿ ਪਰਮਾਤਮਾ ਸਾਡੀ ਅਰਦਾਸ ਨੂੰ ਸੁਣਦਾ ਨਹੀਂ। ਅਸਲ ਵਿਚ ਪਰਮਾਤਮਾ ਤਾਂ ਹਰ ਵੇਲੇ ਸੁਣਦਾ ਹੈ। ਅਫ਼ਸੋਸ! ਸਾਨੂੰ ਕਹਿਣਾ ਹੀ ਨਹੀਂ ਆਉਂਦਾ, ਸਾਨੂੰ ਅਰਦਾਸ ਕਰਨੀ ਹੀ ਨਹੀਂ ਆਉਂਦੀ, ਸਾਨੂੰ ਆਪਣੀ ਅਰਦਾਸ ਵਿਚ ਖੁਦ ਨੂੰ ਹੀ ਵਿਸ਼ਵਾਸ ਨਹੀਂ ਹੁੰਦਾ, ਪ੍ਰਭੂ ’ਤੇ ਭਰੋਸਾ ਹੀ ਨਹੀਂ ਆਉਂਦਾ। ਅਸੀਂ ਭਾਵੇਂ ਚੇਤਨ ਮਨ ਨਾਲ ਤਾਂ ਅਰਦਾਸ ਕਰ ਰਹੇ ਹੁੰਦੇ ਹਾਂ ਪਰ ਅਚੇਤ ਮਨ ਦੂਜੇ ਪਾਸੇ ਸਾਨੂੰ ਸਮਝਾ ਰਿਹਾ ਹੁੰਦਾ ਹੈ ਕਿ ਇੰਞ ਨਹੀਂ ਹੋ ਸਕਦਾ, ਇਹ ਅਸੰਭਵ ਹੈ।

ਮਹੋਤਾਜ ਹੈ ਯੇਹ ਸਾਰਾ ਜ਼ਮਾਨਾ ਉਸ ਕਾ, ਕਤਰੇ ਉਸਕੇ ਹੈ ਦਾਨਾ ਦਾਨਾ ਉਸ ਕਾ।
ਅਫਸੋਸ ਕਿ ਮਾਗਨਾ ਨ ਆਯਾ ਤੁਝ ਕੋ, ਜਾਰੀ ਹੈ ਹਰ ਵਕਤ ਖ਼ਜ਼ਾਨਾ ਉਸ ਕਾ।

ਬਿਨਾਂ ਵਿਸ਼ਵਾਸ ਦੇ ਅਰਦਾਸ ਦਾ ਕੋਈ ਅਰਥ ਹੀ ਨਹੀਂ। ਮਾਰਟਨ ਲੂਥਰ ਦਾ ਕਹਿਣਾ ਹੈ ਕਿ ਈਸ਼ਵਰ ਵਿਚ ਵਿਸ਼ਵਾਸ ਹੀ ਅਰਦਾਸ ਹੈ।

ਸਾਨੂੰ ਪ੍ਰਭੂ ਪਰਮਾਤਮਾ ’ਤੇ ਇੰਞ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਇਕ ਬੱਚਾ ਆਪਣੇ ਪਿਤਾ ’ਤੇ ਕਰਦਾ ਹੈ। ਛੋਟੇ ਬੱਚੇ ਨੂੰ ਜਦ ਉਸ ਦਾ ਪਿਤਾ ਹਵਾ ਵਿਚ ਉਛਾਲਦਾ ਹੈ ਤਾਂ ਉਹ ਬੱਚਾ ਰੋਂਦਾ ਨਹੀਂ। ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹਦਾ ਪਿਤਾ ਡਿੱਗਣ ਤੋਂ ਪਹਿਲਾਂ ਹੀ ਉਸ ਨੂੰ ਫੜ ਲਵੇਗਾ। ਇਸ ਲਈ ਬੱਚਾ ਖੁਸ਼ੀ ਵਿਚ ਹੱਸਦਾ ਹੋਇਆ ਕਿਲਕਾਰੀਆਂ ਮਾਰਦਾ ਹੈ। ਪਰ ਅਫਸੋਸ! ਅਸੀਂ ਦੁਨਿਆਵੀ ਲੋਕ ਮਾਇਆ ਵਿਚ ਫਸੇ ਹੋਏ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ ਕਿ ਵਾਹਿਗੁਰੂ ਹੀ ਸਾਡਾ ਮਾਤਾ-ਪਿਤਾ, ਭਰਾ, ਦੋਸਤ ਹਰ ਚੀਜ਼ ਹੈ, ਉਹ ਸਾਡੀ ਹਰ ਵਕਤ ਰੱਖਿਆ ਕਰਦਾ ਹੈ। “ਕਈ ਵਾਰ ਤਾਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜੋ ਅਸੀਂ ਚਾਹੁੰਦੇ ਹਾਂ ਤੁਰੰਤ ਹੋ ਜਾਵੇ; ਅਰਦਾਸ ਮੁੱਕੇ ਪਿੱਛੋਂ ਤੇ ਉਸ ਦਾ ਅਸਰ ਪਹਿਲਾਂ ਸ਼ੁਰੂ ਹੋ ਜਾਵੇ। ਪਰ ਵਾਹਿਗੁਰੂ ਸਾਡੀ ਮਰਜ਼ੀ ਦਾ ਗ਼ੁਲਾਮ ਥੋੜ੍ਹਾ ਹੀ ਹੈ? ਸਾਡੀਆਂ ਅਰਦਾਸਾਂ ਦਾ ਉਸ ਨੇ ਕੀ ਉੱਤਰ ਦੇਣਾ ਹੈ; ਕਦੋਂ ਦੇਣਾ ਹੈ; ਕਿਵੇਂ ਦੇਣਾ ਹੈ, ਇਹ ਹੱਕ ਤਾਂ ਉਸ ਦੇ ਆਪਣੇ ਪਾਸ ਹਨ।”9

ਆਮ ਤੌਰ ’ਤੇ ਇੰਞ ਹੁੰਦਾ ਹੈ ਕਿ ਅਰਦਾਸ ਪੂਰੀ ਹੋਣ ਤੋਂ ਬਾਅਦ ਵਿਅਕਤੀ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:

ਦਾਤਿ ਪਿਆਰੀ ਵਿਸਰਿਆ ਦਾਤਾਰਾ॥ (ਪੰਨਾ 676)

ਪਰ ਅਜਿਹਾ ਕਰਨਾ ਗ਼ਲਤ ਹੈ। ਪਰਮਾਤਮਾ ਦਾ ਸਵਾਸ-ਸਵਾਸ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਅਕਾਲ ਪੁਰਖ ਤੋਂ ਸਿਵਾ ਹੋਰ ਕੋਈ ਨਹੀਂ ਜੋ ਕਿਸੇ ਨੂੰ ਕੁਝ ਦੇ ਸਕੇ। ਦਾਤਾ ਕੇਵਲ ਇੱਕੋ ਹੈ। ਹੋਰ ਸਾਰੀ ਦੁਨੀਆਂ ਤਾਂ ਉਸ ਦੇ ਘਰ ਦੇ ਮੰਗਤੇ ਹਨ। ਰਾਜੇ ਮਹਾਰਾਜੇ ਵੀ ਉਸ ਕੋਲੋਂ ਮੰਗਦੇ ਹਨ:

ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ (ਪੰਨਾ 257)

ਰੂਹਾਨੀ ਮਾਰਗ ਦੇ ਪਾਂਧੀ ਅਰਦਾਸ ਵਿਚ ਦੁਨਿਆਵੀ ਚੀਜ਼ਾਂ ਨਹੀਂ ਮੰਗਦੇ। ਉਹ ਵਾਹਿਗੁਰੂ ਕੋਲੋਂ ਵਾਹਿਗੁਰੂ ਨੂੰ ਹੀ ਮੰਗਦੇ ਹਨ ਜਿਸ ਤੋਂ ਬਾਅਦ ਕੁਝ ਹੋਰ ਮੰਗਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿਉਂਕਿ ਸਿਵਾਏ ਉਸ ਦੇ ਸਭ ਕੁਝ ਨਾਸ਼ਵਾਨ ਹੈ।

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ॥ (ਪੰਨਾ 44)

ਅੰਤ ਵਿਚ ਅਸੀਂ ਇੰਞ ਆਖ ਸਕਦੇ ਹਾਂ ਕਿ ਸਿੱਖ ਕੌਮ ਦੀ ਅਰਦਾਸ ਵਿਚ ਅਕਾਲ ਪੁਰਖ ਤੋਂ ਲੈ ਕੇ ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸਮੂਹ ਸ਼ਹੀਦ ਸਿੰਘ ਤੇ ਸਿੰਘਣੀਆਂ, ਤਖ਼ਤਾਂ, ਬੁੰਗਿਆਂ, ਗੁਰਦੁਆਰਿਆਂ ਨੂੰ ਸਿਜਦਾ ਵੀ ਕੀਤਾ ਹੈ ਤੇ ਨਾਲ ਹੀ ਨਾਲ, ਦੇਗ ਤੇਗ ਦੀ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ ਦੀ ਮੰਗ ਵੀ ਹੈ; ਇਹ ਹੀ ਨਹੀਂ ਹਰ ਪ੍ਰਕਾਰ ਦਾ ਦਾਨ (ਨਾਮ ਦਾਨ, ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ) ਦੀ ਉਮੀਦ ਕਰਦੇ ਹੋਏ ਮਨ ਨੀਵਾਂ ਤੇ ਮਤ ਉੱਚੀ ਲਈ ਵਾਹਿਗੁਰੂ ਅੱਗੇ ਬੇਨਤੀ ਵੀ ਕੀਤੀ ਹੈ ਅਤੇ ਅਰਦਾਸ ਦੇ ਅੰਤ ਵਿਚ ਜਾਚਨਾ ਕਰਦੇ ਹੋਏ ਗੁਰਸਿੱਖ ਜਨ ਗੁਰਮੁਖ ਪਿਆਰਿਆਂ ਦਾ ਮੇਲ ਮੰਗਦੇ ਹੋਏ ਸਰਬੱਤ ਦਾ ਭਲਾ ਵੀ ਮੰਗ ਲੈਂਦੇ ਹਨ। ਅਰਦਾਸ ਵਿਚ ਕੀ ਦੁਨਿਆਵੀ ਕੀ ਆਤਮਿਕ ਹਰ ਮੰਗ ਨੂੰ ਮਣਕਿਆਂ ਦੀ ਪਰੋਈ ਹੋਈ ਮਾਲਾ ਵਾਂਗ ਇਕ ਤੋਂ ਬਾਅਦ ਇਕ ਸਜਾ ਕੇ ਪੇਸ਼ ਕੀਤਾ ਹੈ। ਧੰਨ ਹਨ ਉਹ ਮਹਾਂਪੁਰਖ ਜਿਨ੍ਹਾਂ ਦੀ ਘਾਲਣਾ ਸਦਕਾ ਅਜਿਹੀ ਬੇਮਿਸਾਲ ਅਰਦਾਸ ਸਿੱਖ ਕੌਮ ਨੂੰ ਮਿਲੀ!

ਟਿੱਪਣੀਆਂ ਤੇ ਹਵਾਲੇ

1. ਅਰਦਾਸ ਦਾ ਸੰਕਲਪ ਤੇ ਸਰੂਪ, ਬੀਬੀ ਰਾਜਬੀਰ ਕੌਰ, ਗੁਰਮਤਿ ਪ੍ਰਕਾਸ਼, ਅਪ੍ਰੈਲ 2007.
2. ਅਰਦਾਸ : ਸੰਕਲਪ ਤੇ ਸਰੂਪ, ਸ. ਨਿਰਵੈਰ ਸਿੰਘ ਅਰਸ਼ੀ, ਨਾਨਕ ਪ੍ਰਕਾਸ਼ ਪਤ੍ਰਿਕਾ, ਜੂਨ 1987.
3. George David Stewart, as quoted in Steverson’s book of Quo- tations, London 1934, p. 1583.
4. ਅਰਦਾਸ ਦਰਸ਼ਨ ਰੂਪ ਅਤੇ ਅਭਿਆਸ, ਡਾ. ਜਸਵੰਤ ਸਿੰਘ ਨੇਕੀ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਸਫ਼ਾ 298.
5. ਬਾਲੇ ਵਾਲੀ ਜਨਮ ਸਾਖੀ, ਸਫ਼ਾ 94.
6. ਸਿੱਖ ਧਰਮ ਵਿਚ ਅਰਦਾਸ ਦਾ ਸੰਕਲਪ, ਡਾ. ਸ਼ਮਸ਼ੇਰ ਸਿੰਘ, ਅਰਦਾਸ ਵਿਸ਼ੇਸ਼ ਅੰਕ, ਨਾਨਕ ਪ੍ਰਕਾਸ਼ ਪਤ੍ਰਿਕਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਫ਼ਾ 181.
7. ਅਰਦਾਸ ਦੀ ਸਫਲਤਾ ਦੇ ਭੇਦ, ਸ. ਨਿਰਵੈਰ ਸਿੰਘ ਅਰਸ਼ੀ, ਅਰਦਾਸ ਦਾ ਸਿੱਖ ਪ੍ਰਸੰਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
8. ਅਰਦਾਸ : ਭਾਵਨਾ ਤੇ ਵਿਵਹਾਰ, ਪਿਆਰ ਸਿੰਘ, ਅਰਦਾਸ ਵਿਸ਼ੇਸ਼ ਅੰਕ, ਨਾਨਕ ਪ੍ਰਕਾਸ਼ ਪੱਤ੍ਰਿਕਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸਫ਼ਾ 136.
9. ਅਰਦਾਸ ਦਰਸ਼ਨ ਰੂਪ ਅਭਿਆਸ, ਸ. ਜਸਵੰਤ ਸਿੰਘ ਨੇਕੀ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਸਫ਼ਾ 138.

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰੈਸ ਅਤੇ ਪ੍ਰਕਾਸ਼ਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਪ੍ਰੈਸ ਅਤੇ ਪ੍ਰਕਾਸ਼ਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)