editor@sikharchives.org

ਅਸਹਿ ਤੇ ਅਕਹਿ ਜ਼ੁਲਮ ਸਹਿਣ ਵਾਲਿਆਂ ਦੀ ਦਾਸਤਾਨ ਮੋਰਚਾ ਗੁਰੂ ਕਾ ਬਾਗ

ਇਹ ਮੋਰਚਾ ਬਹੁਤ ਹੀ ਘੱਟ ਸਮੇਂ ਵਿਚ ਸਾਰਥਿਕ ਨਤੀਜਾ ਪ੍ਰਾਪਤ ਕਰਨ ਵਾਲਾ ਇਕ ਐਸਾ ਸ਼ਾਂਤਮਈ ਅੰਦੋਲਨ ਹੋ ਨਿਬੜਿਆ, ਜਿਸ ਨੇ ਸਮੁੱਚੇ ਹਿੰਦੁਸਤਾਨੀਆਂ ਦੇ ਮਨਾਂ ਅੰਦਰ ਰਾਸ਼ਟਰੀ ਪੱਧਰ ’ਤੇ ਚੱਲ ਰਹੇ ਅਜ਼ਾਦੀ ਦੇ ਅੰਦੋਲਨ ਪ੍ਰਤੀ ਰੁਚੀ ਪੈਦਾ ਕਰ ਦਿੱਤੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਤੇਰੀ ਕੁਰਬਾਨੀਓਂ ਕੀ ਧੂਮ ਹੈ ਆਜ਼ ਜ਼ਮਾਨੇ ਮੇਂ,
ਬਹਾਦਰ ਹੈ ਅਗਰ ਕੋਈ ਤੋ ਵੁਹ ਤੂੰ ਐ ਅਕਾਲੀ ਹੈ।
ਤੇਰਾ ਜਿਸ ਨੇ ਮੁਕੱਦਮ ਪੈਕਰ ਈਸਾਰ ਬੇਪਾਇਆਂ,
ਤੇਰਾ ਕਲਬ ਹੈ ਮੁਨੱਵਰ ਫਖ਼ਰ ਨੇ ਜ਼ਜਬਾਤ ਆਲੀ ਹੈ।
ਬੜੀ ਤਾਰੀਫ਼ ਕੇ ਕਾਬਲ ਹੈ ਤੇਰੀ ਹਿੰਮਤੋ ਜ਼ੁਰਅਤ,
ਕਿ ਜਦੋ ਜਹਿਦ ਅਜ਼ਾਦੀ ਮੈ ਤੂ ਨੇ ਜਾਨ ਡਾਲੀ ਹੈ।

ਇਹ ਸਤਰਾਂ ਕਿਸੇ ਕਵੀ ਦੀ ਮਨੋਕਲਪਨਾ ਨਹੀਂ, ਬਲਕਿ ਪ੍ਰਸਿੱਧ ਉਰਦੂ ਸ਼ਾਇਰ ਅਤੇ ‘ਬੰਦੇ ਮਾਤਰਮ’ ਅਖ਼ਬਾਰ ਦੇ ਸੰਪਾਦਕ ਪੰਡਤ ਮੇਲਾ ਰਾਮ ਵਫ਼ਾ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਆਪਣੀ ਕਲਮ ਰਾਹੀਂ ਕਾਗਜ਼ ਦੇ ਸੀਨੇ ’ਤੇ ਉਸ ਵੇਲੇ ਉੱਕਰੀਆਂ, ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ ਗੁਰਦੁਆਰਾ ਗੁਰੂ ਕਾ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਰਹਿ ਕੇ ਤਸ਼ੱਦਦ ਝੱਲ ਕੇ ਜ਼ਖ਼ਮੀ ਹੋਏ ਸਿੰਘਾਂ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋ ਚੁਕੇ ਸਿੰਘਾਂ ਦੀ ਬਹਾਦਰੀ ਦੀ ਸਾਰੇ ਪਾਸੇ ਧੁੰਮ ਪੈ ਚੁਕੀ ਸੀ। ਇਸ ਲੇਖ ਦਾ ਮੁੱਖ ਪ੍ਰਯੋਜਨ ਵੀ ਗੁਰਦੁਆਰਾ ਗੁਰੂ ਕਾ ਬਾਗ ਮੋਰਚੇ ਦਾ ਹਾਲ ਬਿਆਨ ਕਰਨਾ ਹੈ।

ਇਸ ਮੋਰਚੇ ਦਾ ਹਾਲ ਬਿਆਨ ਕਰਨ ਤੋਂ ਪਹਿਲਾਂ ਇਸ ਦੇ ਪਿਛੋਕੜ ’ਤੇ ਵੀ ਝਾਤ ਪਾਉਣੀ ਜ਼ਰੂਰੀ ਹੈ। 1920 ਈ: ਤੋਂ 1925 ਈ: ਤਕ ਪੂਰੇ ਪੰਜ ਸਾਲ ਚੱਲੀ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਦੁਆਰਾ ਸਾਹਿਬਾਨ ਦੇ ਸੁਧਾਰ ਲਈ ਕੁਰਬਾਨੀ ਦਾ ਜਜ਼ਬਾ, ਜਥੇਬੰਦਕ ਤਾਕਤ ਦਾ ਪ੍ਰਗਟਾਵਾ ਅਤੇ ਦੇਸ਼-ਭਗਤੀ ਦਾ ਪ੍ਰਭਾਵ ਪੈਦਾ ਕੀਤਾ। ਭਾਵੇਂ ਇਹ ਜਨਤਕ ਲਹਿਰ ਧਾਰਮਿਕ ਅਤੇ ਰਾਜਨੀਤਿਕ ਪੱਖਾਂ ਦਾ ਸੁਮੇਲ ਸੀ ਪਰ ਇਸ ਲਹਿਰ ਦਾ ਮੁੱਖ ਉਦੇਸ਼ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਵਿਚ ਗੁਰਮਤਿ ਦੇ ਅਸੂਲਾਂ ਅਨੁਸਾਰ ਸੁਧਾਰ ਕਰਨਾ ਸੀ।

ਅਠ੍ਹਾਰਵੀਂ ਸਦੀ ਵਿਚ ਖਾਲਸਾ ਪੰਥ ਉੱਪਰ ਸਖ਼ਤੀ ਦੇ ਦੌਰ ਦੌਰਾਨ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਦਾਸੀ, ਨਿਰਮਲੇ ਆਦਿ ਸੰਪਰਦਾਵਾਂ ਨਾਲ ਸੰਬੰਧ ਰੱਖਣ ਵਾਲੇ ਮਹੰਤਾਂ ਨੇ ਸੰਭਾਲਿਆ। ਇਹ ਮਹੰਤ ਜ਼ਿਆਦਾਤਰ ਬਨਾਰਸ (ਕਾਸ਼ੀ) ਵਰਗੇ ਵਿਦਿਆ ਦੇ ਕੇਂਦਰ ਤੋਂ ਪੜ੍ਹੇ ਹੋਏ ਸਨ, ਜਿਸ ਕਰਕੇ ਇਹ ਵੇਦਾਂਤ ਆਦਿ ਤੋਂ ਪ੍ਰਭਾਵਿਤ ਸਨ, ਇਸੇ ਕਰਕੇ ਸਿੱਖਾਂ ਦੀ ਧਾਰਮਿਕ ਮਰਯਾਦਾ ਵਿਚ ਪੌਰਾਣਿਕ ਰੰਗਤ ਭਾਰੂ ਹੁੰਦੀ ਗਈ। ਉਸ ਸਮੇਂ ਦੇ ਇਹ ਮਹੰਤ ਆਚਰਨ ਪੱਖ ਤੋਂ ਕਾਫੀ ਉਚੇਰੇ ਸਨ, ਪਰ ਸਹਿਜੇ-ਸਹਿਜੇ ਇਹ ਮਹੰਤ ਸੰਸਾਰ ਤੋਂ ਕੂਚ ਕਰਦੇ ਗਏ ਅਤੇ ਉਨ੍ਹਾਂ ਦੇ ਪੁੱਤ-ਪੋਤਰੇ ਜਾਂ ਚੇਲੇ ਪੀੜ੍ਹੀ-ਦਰ-ਪੀੜ੍ਹੀ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਕਰਦੇ ਰਹੇ। ਅਠ੍ਹਾਰਵੀਂ ਸਦੀ ਦੇ ਅਖੀਰਲਿਆਂ ਦਹਾਕਿਆਂ ਵਿਚ ਸਿੱਖ ਮਿਸਲਾਂ ਪੰਜਾਬ ’ਤੇ ਕਾਬਜ਼ ਹੋਣ ਉਪਰੰਤ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਗੁਰੂ-ਘਰ ਦੇ ਸ਼ਰਧਾਲੂ ਸਿੱਖ ਰਾਜਿਆਂ ਅਤੇ ਸਰਦਾਰਾਂ ਨੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਮ ਵੱਡੀਆਂ-ਵੱਡੀਆਂ ਜਾਗੀਰਾਂ ਲਗਵਾਈਆਂ ਤਾਂ ਕਿ ਇਨ੍ਹਾਂ ਅਸਥਾਨਾਂ ਦੀ ਉਸਾਰੀ ਅਤੇ ਦੇਖਭਾਲ, ਪ੍ਰਬੰਧ ਸਹੀ ਤਰੀਕੇ ਨਾਲ ਹੋ ਸਕੇ। ਜਦੋਂ ਦੂਜੇ ਸਿੱਖ ਐਂਗਲੋ ਯੁੱਧ ਤੋਂ ਬਾਅਦ ਪੰਜਾਬ ਉੱਪਰ ਸਥਾਈ ਰੂਪ ਵਿਚ ਅੰਗਰੇਜ਼ੀ ਰਾਜ ਸਥਾਪਿਤ ਹੋ ਗਿਆ ਤਾਂ ਉਸ ਵਿਚ ਕਬਜ਼ੇ ਦੇ ਹੱਕ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਸੀ। ਜਦ ਅੰਗਰੇਜ਼ੀ ਸਰਕਾਰ ਨੇ ਪੰਜਾਬ ਵਿਚ ਜ਼ਮੀਨ ਦਾ ਬੰਦੋਬਸਤ ਕੀਤਾ ਤਾਂ ਹੋਰ ਜ਼ਮੀਨਾਂ ਵਾਂਗ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਉੱਤੇ ਵੀ ਕਬਜ਼ੇ ਦੇ ਹੱਕ ਨੂੰ ਤਸਲੀਮ ਕਰਦਿਆਂ ਮਹੰਤਾਂ ਨੂੰ ਜ਼ਮੀਨਾਂ ਦੇ ਮਾਲਕ ਮੰਨ ਲਿਆ ਗਿਆ, ਜਿਸ ਕਰਕੇ ਮਹੰਤਾਂ ਦਾ ਵਤੀਰਾ ਆਮ ਲੋਕਾਂ ਲਈ ਸੇਵਾਦਾਰਾਂ ਵਾਲੀ ਭਾਵਨਾ ਨੂੰ ਛੱਡ ਕੇ ਹੰਕਾਰੀ ਜਗੀਰਦਾਰਾਂ ਵਰਗਾ ਹੋ ਗਿਆ। ਉਹ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਆਪਣੀ ਨਿੱਜੀ ਮਲਕੀਅਤ ਸਮਝਦੇ ਹੋਏ ਦਿਨੋ-ਦਿਨ ਆਲਸੀ, ਵਿਭਚਾਰੀ ਅਤੇ ਧਰਮ ਤੋਂ ਦੂਰ ਹੁੰਦੇ ਗਏ। ਬੇਸ਼ੱਕ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਨਾਮਧਾਰੀ, ਨਿਰੰਕਾਰੀ ਅਤੇ ਸਿੰਘ ਸਭਾ ਲਹਿਰਾਂ ਚੱਲੀਆਂ ਅਤੇ ਇਨ੍ਹਾਂ ਲਹਿਰਾਂ ਨੇ ਸਿੱਖ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ, ਪਰ ਮਹੰਤਾਂ ਦੇ ਸੁਧਾਰ ਕਰਨ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ, ਹਾਂ ਸਿੰਘ ਸਭਾ ਲਹਿਰ ਕਾਰਨ ਆਈ ਪੁਨਰ ਜਾਗ੍ਰਿਤੀ ਹੀ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿਚ ਵਿਕਸਤ ਹੋਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1922 ਈ. ਤੋਂ 1937 ਈ. ਤਕ ਬਤੌਰ ਗ੍ਰੰਥੀ ਅਤੇ ਹੈੱਡ ਗ੍ਰੰਥੀ ਰਹੇ ਗਿਆਨੀ ਕਰਤਾਰ ਸਿੰਘ ਕਲਾਸਵਾਲਿਆਂ ਨੇ ਮਹੰਤਾਂ ਵੱਲੋਂ ਉਸ ਸਮੇਂ ਗੁਰਦੁਆਰਾ ਸਾਹਿਬਾਨ ਵਿਚ ਫੈਲਾਈਆਂ ਕੁਰੀਤੀਆਂ ਦਾ ਜ਼ਿਕਰ ਕੀਤਾ ਹੈ:

ਰਿਹਾ ਪੰਥ ਦਾ ਮੂਲ ਅਧਿਕਾਰ ਨਾਹੀ, ਰਾਇ ਦੇਣ ਦਾ ਅਧਿਕਾਰ ਭਾਈ।
ਦਖਲ ਕਿਸੇ ਵੀ ਕੰਮ ਵਿਚ ਦਏ ਜਿਹੜਾ, ਉਹ ਸਜ਼ਾ ਦਾ ਹੋਇ ਹੱਕਦਾਰ ਭਾਈ।
ਹੱਟੀ ਬਣੀ ਪੁਜਾਰੀਆਂ ਗ੍ਰੰਥੀਆਂ ਦੀ, ਹੋਈ ਧਰਮ ਦੀ ਕਾਰ ਉਡਾਰ ਭਾਈ।
ਰਲ ਚੋਰ ਕੁੱਤੀ ਆਪੋ ਵਿਚ ਗਏ, ਦੂਜਾ ਕੋਈ ਨਾ ਪੁੱਛਣਹਾਰ ਭਾਈ।

ਇਸੇ ਮਹੰਤ ਜੁੰਡਲੀ ਵਿੱਚੋਂ ਹੀ ਇਕ ਮਹੰਤ ਸੁੰਦਰ ਦਾਸ ਸੀ, ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਜ਼ਿਮੀਂਦਾਰ ਹਰਸ਼ਾ ਸਿੰਘ ਦਾ ਇਕ ਮਹਿਰੀ ਔਰਤ ਦੀ ਕੁੱਖੋਂ ਜੰਮਿਆ ਪੁੱਤਰ ਸੀ। ਇਹ ਪਹਿਲਾਂ ਇਕ ਹਲਵਾਈ ਦੀ ਦੁਕਾਨ ਉੱਪਰ ਕੰਮ ਕਰਦਾ-ਕਰਦਾ ਪਹਿਲਵਾਨ ਬਣ ਗਿਆ। ਇਸ ਉਪਰੰਤ ਇਹ ਗੁਰਦੁਆਰਾ ਗੁਰੂ ਕਾ ਬਾਗ ਦੇ ਮਹੰਤ ਬਿਸ਼ਨ ਦਾਸ ਦਾ ਚੇਲਾ ਬਣਿਆ। ਉਸ ਦੀ ਮੌਤ ਪਿੱਛੋਂ ਗੁਰਦੁਆਰਾ ਗੁਰੂ ਕਾ ਬਾਗ ਦਾ ਮੁਖੀ ਮਹੰਤ ਬਣ ਗਿਆ। ਇਹ ਇਲਾਕੇ ਵਿਚ ਆਪਣੀਆਂ ਬਦਚਲਣੀਆਂ ਕਰਕੇ ਬਹੁਤ ਬਦਨਾਮ ਸੀ।

ਉਪਰੋਕਤ ਗੁਰ-ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 14-15 ਮੀਲ ਦੂਰ ਉੱਤਰ-ਪੱਛਮ ਦਿਸ਼ਾ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਘੁੱਕੇਵਾਲੀ ਦੇ ਨਜ਼ਦੀਕ ਹੈ। ਇਥੇ ਸੰਨ 1583 ਈ. ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਰਨ ਪਾਏ। ਮੰਡੀ ਦਾ ਰਾਜਾ ਹਰੀਸੇਨ ਵੀ ਇਥੇ ਹੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਪਿੰਡ ਘੁੱਕੇਵਾਲੀ ਦੇ ਮੋਢੀ ਬਾਬਾ ਘੁੱਕਾ ਜੀ ਨੇ ਇਥੇ ਗੁਰਦੁਆਰਾ ਸਾਹਿਬ ਬਣਾਇਆ। ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦੀ ਸੰਤਾਨ ਇਸ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਕਰਦੀ ਰਹੀ। ਉਸ ਸਮੇਂ ਇਸ ਗੁਰ-ਅਸਥਾਨ ਦਾ ਨਾਮ ਗੁਰੂ ਕੀ ਰੋੜ ਸੀ, ਕਿਉਂਕਿ ਉਸ ਵੇਲੇ ਇਹ ਧਰਤੀ ਬੰਜ਼ਰ ਹੁੰਦੀ ਸੀ। ਸੰਨ 1664 ਈ. ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇਥੇ ਪਧਾਰੇ। ਉਨ੍ਹਾਂ ਦੀ ਯਾਦ ਵਿਚ ਬਾਬਾ ਘੁੱਕਾ ਜੀ ਦੀ ਸੰਤਾਨ ਵਿੱਚੋਂ ਬਾਬਾ ਲਾਲ ਚੰਦ ਜੀ ਨੇ ਇਕ ਨੌਂ ਮੰਜ਼ਲਾ ਅਸਥਾਨ ਬਣਾਇਆ ਅਤੇ ਇਸ ਦੇ ਨਾਲ ਬੰਜ਼ਰ ਪਈ ਜ਼ਮੀਨ ਵਿਚ ਬਾਗ ਲਗਵਾ ਦਿੱਤਾ, ਜਿਸ ਕਰਕੇ ਇਸ ਅਸਥਾਨ ਦਾ ਨਾਮ ਗੁਰੂ ਕਾ ਬਾਗ ਪੈ ਗਿਆ। ਮੁਗ਼ਲ ਹਕੂਮਤ ਵੇਲੇ ਇਲਾਕੇ ਦੇ ਮੁਸਲਮਾਨ ਹਾਕਮਾਂ ਨੇ ਇਸ ਅਸਥਾਨ ਨੂੰ ਢਹਿ-ਢੇਰੀ ਕਰ ਦਿੱਤਾ। ਬਾਅਦ ਵਿਚ ਇਥੇ ਪਿੰਡ ਚਮਿਆਰੀ, ਤਹਿਸੀਲ ਅਜਨਾਲਾ ਦੇ ਸਰਦਾਰ ਨਾਹਰ ਸਿੰਘ (ਰੰਧਾਵਾ) ਨੇ ਇਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਬਣਵਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਨੇੜਲੇ ਪਿੰਡ ਖਤਰਾਏ ਦੇ ਸਰਦਾਰ ਪੰਜਾਬ ਸਿੰਘ ਨੇ ਕਰਵਾਈ, ਜਿਹੜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅਹਿਲਕਾਰ ਸੀ। ਇਸ ਉਪਰੰਤ ਸਿੱਖ ਸਰਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਇਕ ਉਦਾਸੀ ਸਾਧੂ ਨੂੰ ਗੁਰਦੁਆਰਾ ਗੁਰੂ ਕਾ ਬਾਗ ਦਾ ਮਹੰਤ ਨੀਯਤ ਕੀਤਾ। ਗੁਰਦੁਆਰਾ ਸੁਧਾਰ ਲਹਿਰ ਸਮੇਂ ਇਸ ਗੁਰ-ਅਸਥਾਨ ਦੀ ਸੇਵਾ ਮਹੰਤ ਸੁੰਦਰ ਦਾਸ ਕੋਲ ਸੀ।

ਜਦ ਗੁਰਦੁਆਰਾ ਸੁਧਾਰ ਲਹਿਰ ਅਰੰਭ ਹੋਈ ਤਾਂ ਅਨੇਕਾਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਾਂ ਕੋਲੋਂ ਸਿੱਖ ਪੰਥ ਨੇ ਲੈ ਲਿਆ, ਜਿਸ ਤੋਂ ਉਤਸ਼ਾਹਿਤ ਹੋ ਕੇ ਹਰੇਕ ਇਲਾਕੇ ਦੀ ਸੰਗਤ ਆਪਣੇ-ਆਪਣੇ ਇਲਾਕੇ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਾਂ ਪਾਸੋਂ ਖੋਹ ਕੇ ਸਿੱਖ ਪੰਥ ਦੇ ਪ੍ਰਬੰਧ ਅਧੀਨ ਲਿਆਉਣ ਲੱਗੀ ਅਤੇ ਉਨ੍ਹਾਂ ਦੇ ਪ੍ਰਬੰਧ ਲਈ ਸਥਾਨਿਕ ਗੁਰਸਿੱਖਾਂ ਦੀਆਂ ਪ੍ਰਬੰਧਕ ਕਮੇਟੀਆਂ ਬਣਾਈਆਂ ਜਾਣ ਲੱਗੀਆਂ। ਇਸ ਤਰ੍ਹਾਂ ਜਦ ਕਾਫੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿਚ ਆ ਗਿਆ ਤਾਂ ਲੋੜ ਮਹਿਸੂਸ ਹੋਈ ਕਿ ਇਨ੍ਹਾਂ ਦੇ ਪ੍ਰਬੰਧ ਲਈ ਇਕ ਕੇਂਦਰੀ ਕਮੇਟੀ ਬਣਾਈ ਜਾਵੇ ਅਤੇ ਇਕ ਸਿੱਖ ਜਥੇਬੰਦੀ ਉਸ ਕੇਂਦਰੀ ਕਮੇਟੀ ਦੇ ਨਾਲ ਸਹਿਯੋਗ ਦੇਣ ਲਈ ਬਣਾਈ ਜਾਵੇ। ਜਿਹੜੀ ਬਾਕੀ ਰਹਿੰਦੇ ਇਤਿਹਾਸਕ ਗੁਰ-ਅਸਥਾਨਾਂ ਦਾ ਪ੍ਰਬੰਧ ਵੀ ਇਸ ਕੇਂਦਰੀ ਕਮੇਟੀ ਅਧੀਨ ਲਿਆਉਣ ਲਈ ਸਹਿਯੋਗ ਦੇਵੇ। ਇਸੇ ਵਿਚਾਰ ਅਧੀਨ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਇਨ੍ਹਾਂ ਦੋਹਾਂ ਦਾ ਮੁਖ ਦਫ਼ਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ ਬਣਾਇਆ ਗਿਆ। ਜਦ 26 ਜਨਵਰੀ 1921 ਈ. ਨੂੰ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦਾ ਪ੍ਰਬੰਧ ਸਿੱਖ ਪੰਥ ਨੇ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਇਸ ਪ੍ਰਬੰਧ ਨੂੰ ਲੈਣ ਲਈ ਗਏ ਜਥੇ ਦੇ ਦੋ ਸਿੰਘਾਂ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਨੂੰ ਮਹੰਤ ਜੁੰਡਲੀ ਨੇ ਸ਼ਹੀਦ ਕਰ ਦਿੱਤਾ। ਜਦ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਤਾਂ ਸਿੱਖ ਸੰਗਤਾਂ ਦੂਰ-ਦੂਰ ਤੋਂ ਤਰਨਤਾਰਨ ਪੁੱਜਣ ਲੱਗੀਆਂ। ਪਿੰਡ ਘੁੱਕੇਵਾਲੀ ਅਤੇ ਤੇੜਾ ਦੇ ਸਿੰਘਾਂ ਨੇ ਉਥੇ ਮੌਜੂਦ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਹੋਰ ਮੁਖੀ ਸਿੰਘਾਂ ਨੂੰ ਮਹੰਤ ਸੁੰਦਰ ਦਾਸ ਦੀਆਂ ਭੈੜੀਆਂ ਕਰਤੂਤਾਂ ਬਾਰੇ ਦੱਸਿਆ, ਤਦ ਉਥੇ ਮੌਜੂਦ ਸਿੱਖ ਪੰਥ ਦੇ ਪ੍ਰਤੀਨਿਧ ਸਿੱਖਾਂ ਨੇ ਗੁਰਮਤਾ ਕਰਕੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਗੁਰਦੁਆਰਾ ਗੁਰੂ ਕਾ ਬਾਗ ਦਾ ਪ੍ਰਬੰਧ ਸਿੱਖ ਪੰਥ ਅਧੀਨ ਲਿਆਉਣ ਲਈ ਪੰਜਾਹ ਸਿੰਘਾਂ ਦਾ ਜਥਾ ਭੇਜਿਆ। ਇਹ ਜਥਾ 31 ਜਨਵਰੀ 1921 ਈ. ਨੂੰ ਗੁਰਦੁਆਰਾ ਗੁਰੂ ਕਾ ਬਾਗ ਲਈ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਤੋਂ ਸਵੇਰੇ ਰਵਾਨਾ ਹੋਇਆ। ਇਹ ਜਥਾ ਪਹਿਲਾਂ ਅੰਮ੍ਰਿਤਸਰ ਪੁੱਜਾ ਅਤੇ ਇਥੋਂ ਟਾਂਗਿਆਂ ਉੱਪਰ ਸਵਾਰ ਹੋ ਕੇ ਰਾਜਾਸਾਂਸੀ ਅੱਡੇ ’ਤੇ ਪੁੱਜਾ। ਇਥੋਂ ਜਥੇ ਦੇ ਨਾਲ ਆਲੇ- ਦੁਆਲੇ ਦੇ ਪਿੰਡਾਂ ਦੇ ਹੋਰ ਕਈ ਸਿੰਘਾਂ ਦੇ ਜਥੇ ਰਲ ਗਏ ਅਤੇ ਜਥੇ ਦੀ ਗਿਣਤੀ ਚਾਰ-ਪੰਜ ਸੌ ਦੇ ਕਰੀਬ ਹੋ ਗਈ। ਇਸ ਸਮੇਂ ਤਕ ਸ. ਦਾਨ ਸਿੰਘ ਵਿਛੋਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚਾਲੀ ਕੁ ਸਿੰਘਾਂ ਦਾ ਜਥਾ ਲੈ ਕੇ ਪੁੱਜ ਗਏ। ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਚੱਲਿਆ ਜਥਾ ਵੀ 31 ਜਨਵਰੀ ਚਾਰ ਕੁ ਵਜੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪੁੱਜ ਗਿਆ। ਇਸ ਜਥੇ ਦੇ ਸਿੰਘਾਂ ਨੇ ਮਹੰਤ ਅਤੇ ਉਸ ਦੇ ਆਦਮੀਆਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਕੱਢ ਕੇ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ। ਮਹੰਤ ਅਤੇ ਉਸ ਦੇ ਆਦਮੀ ਮਹੰਤ ਦੇ ਰਿਹਾਇਸ਼ੀ ਮਕਾਨ ਵਿਚ ਚਲੇ ਗਏ। ਮਹੰਤ ਨੇ ਉਸੇ ਵੇਲੇ ਹੀ ਪੰਥਕ ਆਗੂ ਸ. ਅਮਰ ਸਿੰਘ ਝਬਾਲ ਨੂੰ ਬੁਲਾ ਲਿਆ। ਸ. ਦਾਨ ਸਿੰਘ ਵੀ ਇਸ ਇਲਾਕੇ ਦੇ ਸਿਆਣੇ ਅਤੇ ਪਤਵੰਤੇ ਸੱਜਣ ਸਨ ਅਤੇ ਮਹੰਤ ਉੱਪਰ ਇਨ੍ਹਾਂ ਦਾ ਬੜਾ ਪ੍ਰਭਾਵ ਸੀ। ਇਨ੍ਹਾਂ ਦੋਹਾਂ ਸੱਜਣਾਂ ਦੀ ਪ੍ਰੇਰਨਾ ਨਾਲ ਮਹੰਤ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਕੇ ਕਮੇਟੀ ਦੇ ਅਧੀਨ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਦੀ ਗੱਲ ਮੰਨ ਲਈ। ਇਸ ਸੰਬੰਧ ਵਿਚ ਸੰਧੀ-ਪੱਤਰ ਤਿਆਰ ਕੀਤਾ ਗਿਆ, ਜਿਸ ਵਿਚ ਹੇਠ ਲਿਖੀਆਂ ਸ਼ਰਤਾਂ ਰੱਖੀਆਂ ਗਈਆਂ:

1. ਮਹੰਤ ਸੁੰਦਰ ਦਾਸ ਕਿਸੇ ਇਸਤਰੀ ਨਾਲ ਅਯੋਗ ਸੰਬੰਧ ਨਾ ਰੱਖੇ ਅਤੇ ਕਿਸੇ ਇਕ ਇਸਤਰੀ ਨਾਲ ਸ਼ਾਦੀ ਕਰ ਲਵੇ।

2. ਅੰਮ੍ਰਿਤ ਛਕ ਕੇ ਸਿੰਘ ਸਜ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਕੇ ਸੇਵਾ ਕਰੇ।

ਮਹੰਤ ਸੁੰਦਰ ਦਾਸ ਨੇ ਇਹ ਸ਼ਰਤਾਂ ਪ੍ਰਵਾਨ ਕਰਕੇ ਸੰਧੀ-ਪੱਤਰ ਉੱਪਰ ਦਸਤਖ਼ਤ ਕਰ ਦਿੱਤੇ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਇਲਾਕੇ ਦੇ ਉਥੇ ਮੌਜੂਦ ਪਤਵੰਤੇ ਗੁਰਸਿੱਖਾਂ ਭਾਈ ਦਾਨ ਸਿੰਘ ਵਿਛੋਆ, ਸ. ਅਮਰ ਸਿੰਘ ਝਬਾਲ, ਭਾਈ ਇੰਦਰ ਸਿੰਘ ਰਾਜੀਆ, ਸ. ਨਰੈਣ ਸਿੰਘ ਘੁੱਕੇਵਾਲੀ, ਸ. ਗੰਡਾ ਸਿੰਘ ਜਗਦੇਵ ਕਲਾਂ, ਭਾਈ ਆਤਮਾ ਸਿੰਘ ਸਹਿੰਸਰਾ, ਸ. ਅਰਜਨ ਸਿੰਘ ਭੋਏਵਾਲੀ, ਭਾਈ ਭਗਵਾਨ ਸਿੰਘ ਜੱਸੜਾਂ, ਮਹੰਤ ਸੁੰਦਰ ਦਾਸ, ਸ. ਅਮਰ ਸਿੰਘ ਖਤਰਾਏ ਅਤੇ ਇਕ ਹੋਰ ਗੁਰਸਿੱਖ ਸੱਜਣ ’ਤੇ ਆਧਾਰਿਤ ਇਕ ਗਿਆਰਾਂ ਮੈਂਬਰੀ ਕਮੇਟੀ ਬਣਾਈ ਗਈ। ਜਿਸ ਦੇ ਪ੍ਰਧਾਨ ਸ. ਦਾਨ ਸਿੰਘ ਵਿਛੋਆ ਅਤੇ ਸਕੱਤਰ ਭਾਈ ਇੰਦਰ ਸਿੰਘ ਰਾਜੀਆ ਬਣਾਏ ਗਏ। ਮਹੰਤ ਸੁੰਦਰ ਦਾਸ ਵੱਲੋਂ ਦਸਤਖ਼ਤ ਕੀਤਾ ਸੰਧੀ-ਪੱਤਰ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚਾ ਦਿੱਤਾ। ਮਹੰਤ ਸੁੰਦਰ ਦਾਸ ਨੇ ਪਿੰਡ ਰੱਖਾ ਦੀ ਇਕ ਈਸ਼ਰੀ ਨਾਮੀ ਇਸਤਰੀ ਨਾਲ ਸ਼ਾਦੀ ਕਰਨ ਅਤੇ ਬਾਕੀ ਇਸਤਰੀਆਂ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕੱਢ ਦੇਣ ਦਾ ਵਾਅਦਾ ਕੀਤਾ। ਇਸ ਵਾਅਦੇ ਤਹਿਤ 8 ਫਰਵਰੀ 1921 ਈ. ਨੂੰ ਮਹੰਤ ਸੁੰਦਰ ਦਾਸ ਅਤੇ ਈਸ਼ਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਅੰਮ੍ਰਿਤ ਛਕ ਲਿਆ। ਮਹੰਤ ਦਾ ਨਾਮ ਜੁਗਿੰਦਰ ਸਿੰਘ ਅਤੇ ਈਸ਼ਰੀ ਦਾ ਨਾਮ ਗਿਆਨ ਕੌਰ ਰੱਖਿਆ। ਇਨ੍ਹਾਂ ਨੇ ਅੰਮ੍ਰਿਤ ਛਕਣ ਉਪਰੰਤ ਅਨੰਦ ਕਾਰਜ ਕਰਾ ਲਿਆ। ਮਹੰਤ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਚਲੇ ਉਸ ਦੇ ਨਿਵਾਸ ਵਿਚ ਰਹਿਣ ਦੀ ਆਗਿਆ ਦੇ ਦਿੱਤੀ ਗਈ। ਇਸ ਤਰ੍ਹਾਂ ਮਹੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਲੱਗਾ। ਭਾਈ ਇੰਦਰ ਸਿੰਘ ਰਾਜੀਆ ਨੇ ਕੁਝ ਹੋਰ ਰੁਝੇਵਿਆਂ ਕਾਰਨ ਥੋੜ੍ਹੇ ਸਮੇਂ ਬਾਅਦ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਉਪਰੰਤ ਭਾਈ ਭਗਵਾਨ ਸਿੰਘ ਨੂੰ ਤਨਖਾਹਦਾਰ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਉਸ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਕੀਤਾ ਗਿਆ। ਭਾਵੇਂ ਮਹੰਤ ਸੁੰਦਰ ਦਾਸ (ਜੁਗਿੰਦਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਰਹਿ ਕੇ ਸੇਵਾ ਕਰ ਰਿਹਾ ਸੀ ਅਤੇ ਸਿੱਖ ਪੰਥ ਵੱਲੋਂ ਉਸ ਨੂੰ ਗੁਰਦੁਆਰਾ ਸਾਹਿਬ ਦੀ ਗਿਆਰਾਂ ਮੈਂਬਰੀ ਕਮੇਟੀ ਦਾ ਮੈਂਬਰ ਵੀ ਬਣਾਇਆ ਸੀ, ਪਰ ਅੰਦਰੋਂ ਉਸ ਦੀ ਨੀਅਤ ਸਾਫ ਨਹੀਂ ਸੀ। ਜਦ ਭਾਈ ਭਗਵਾਨ ਸਿੰਘ ਕਿਸੇ ਕੰਮ ਦੇ ਸਿਲਸਿਲੇ ਵਿਚ ਮਹੀਨਾ ਜੂਨ 1921 ਈ. ਨੂੰ ਅੰਮ੍ਰਿਤਸਰ ਪਹੁੰਚੇ ਹੋਏ ਸਨ ਤਾਂ ਮਹੰਤ ਸੁੰਦਰ ਦਾਸ ਨੇ ਉਨ੍ਹਾਂ ਦੇ ਕਮਰੇ ਦਾ ਤਾਲਾ ਤੋੜ ਕੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਰਿਕਾਰਡ ਸਾੜ ਦਿੱਤਾ। ਸ. ਨਰੈਣ ਸਿੰਘ ਮੈਨੇਜਰ ਸ੍ਰੀ ਨਨਕਾਣਾ ਸਾਹਿਬ ਨੇ ਆਪਣੀ ਪੁਸਤਕ ‘ਅਕਾਲੀ ਮੋਰਚੇ ਅਤੇ ਝੱਬਰ’ ਵਿਚ ਵਰਨਣ ਕੀਤਾ ਹੈ- “ਮਹੰਤ ਸੁੰਦਰ ਦਾਸ ਗੁਰੂ ਕੇ ਬਾਗ ਵਾਲੇ ਦੀ ਜਿਹੜੀ ਲਿਖਤ ਸ. ਅਮਰ ਸਿੰਘ ਝਬਾਲ ਨੇ ਕਬਜ਼ਾ ਕਰਨ ਗਿਆਂ ਝੱਬਰ ਨੂੰ ਦਿੱਤੀ ਸੀ, ਉਹ ਝੱਬਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦੇ ਦਿੱਤੀ ਸੀ। ਸੁਣਨ ਵਿਚ ਆਇਆ ਕਿ ਉਹ ਲਿਖਤ ਗੁਰੂ ਕੇ ਬਾਗ ਦੇ ਮਹੰਤ ਨੇ ਕਿਸੇ ਦੇ ਰਾਹੀਂ ਇਕ ਕਲਰਕ ਨੂੰ 500/- ਰੁਪਏ ਦੇ ਕੇ ਕਮੇਟੀ ਦੇ ਦਫ਼ਤਰ ਵਿੱਚੋਂ ਚੋਰੀ ਕਰ ਲਈ।”

ਉਸ ਦੇ ਅਜਿਹੇ ਵਿਚਾਰਾਂ ਤੋਂ ਸਿੱਖ ਸੰਗਤਾਂ ਬਹੁਤ ਦੁਖੀ ਹੋਈਆਂ ਅਤੇ ਸ. ਦਾਨ ਸਿੰਘ ਵਿਛੋਆ ਦੀ ਪ੍ਰਧਾਨਗੀ ਹੇਠ ਜਥਾ ਭੇਜ ਕੇ 23 ਅਗਸਤ 1921 ਈ. ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ। ਮਹੰਤ ਨੇ ਮਿਸਟਰ ਮੈਕਫ਼ਰਸਨ ਸੁਪ੍ਰਿੰਟੈਂਡੈਂਟ ਪੁਲਿਸ ਅੱਗੇ ਸ਼ਿਕਾਇਤ ਕੀਤੀ ਤਾਂ ਉਸ ਨੇ ਅਮਨ ਕਾਨੂੰਨ ਕਾਇਮ ਰੱਖਣ ਲਈ ਕੁਝ ਸਿਪਾਹੀ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਭੇਜ ਦਿੱਤੇ। 5 ਸਤੰਬਰ 1921 ਈ. ਨੂੰ ਮਿਸਟਰ ਮੈਕਫ਼ਰਸਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਕਿ ਜੇ ਗੁਰਦੁਆਰਾ ਸਾਹਿਬ ਲਈ ਕਮੇਟੀ ਨੂੰ ਪੁਲਿਸ ਦੀ ਲੋੜ ਹੋਵੇ ਤਾਂ ਇਸ ਦਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰਨਾ ਪਵੇਗਾ। 9 ਸਤੰਬਰ 1921 ਈ. ਨੂੰ ਗੁਰਦੁਆਰਾ ਸਾਹਿਬ ’ਚੋਂ ਪੁਲਿਸ ਹਟਾਉਣ ਬਾਰੇ ਕਮੇਟੀ ਨੇ ਐਸ.ਪੀ. ਮਿਸਟਰ ਮੈਕਫ਼ਰਸਨ ਨੂੰ ਵਾਪਸੀ ਪੱਤਰ ਲਿਖਿਆ। ਪੁਲਿਸ ਵਾਪਸ ਬੁਲਾ ਲਈ ਗਈ। ਅਖੀਰ ਜਦ ਮਹੰਤ ਸੁੰਦਰ ਦਾਸ ਦਾ ਜਦ ਕੋਈ ਚਾਰਾ ਨਾ ਚੱਲਿਆ ਤਾਂ ਉਸ ਨੇ ਸ. ਤੇਜਾ ਸਿੰਘ ਸਮੁੰਦਰੀ, ਸ. ਗੁਰਚਰਨ ਸਿੰਘ ਅਤੇ ਸ. ਬਾਲ ਸਿੰਘ ਨੂੰ ਸਾਲਸ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਕਰ ਲਿਆ ਅਤੇ ਕਮੇਟੀ ਵੱਲੋਂ ਉਸ ਨੂੰ 120 ਰੁਪਏ ਮਹੀਨਾ ਤਨਖਾਹ ਅਤੇ ਅੰਮ੍ਰਿਤਸਰ ਸ਼ਹਿਰ ਵਿਖੇ ਇਕ ਮਕਾਨ ਰਿਹਾਇਸ਼ ਲਈ ਦੇ ਦਿੱਤਾ ਗਿਆ। ਕੁਝ ਚਿਰ ਤਾਂ ਮਹੰਤ ਆਪਣੀ ਸ਼ਰਤ ’ਤੇ ਕਾਇਮ ਰਿਹਾ। ਪਰ ਮਾਰਚ-ਅਪ੍ਰੈਲ 1922 ਈ. ਨੂੰ ਸਰਕਾਰ ਦੀ ਸਿੱਖਾਂ ਵਿਰੁੱਧ ਅਪਣਾਈ ਸਖ਼ਤ ਨੀਤੀ ਨੂੰ ਵੇਖ ਕੇ ਮਹੰਤ ਦੀ ਨੀਅਤ ਵੀ ਬਦਲ ਗਈ, ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਉੱਪਰ ਕਬਜ਼ਾ ਕਰਨਾ ਚਾਹੁੰਦਾ ਸੀ। ਦੂਜੇ ਪਾਸੇ ਅੰਗਰੇਜ਼ੀ ਸਰਕਾਰ ਗੁਰਦੁਆਰਾ ਲਹਿਰ ਨੂੰ ਕੁਚਲ ਦੇਣਾ ਚਾਹੁੰਦੀ ਸੀ ਅਤੇ ਇਸ ਸੰਬੰਧ ਵਿਚ ਕੋਈ ਵੀ ਮੌਕਾ ਨਹੀਂ ਸੀ ਖੁੰਝਾਉਣਾ ਚਾਹੁੰਦੀ।

ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਆਉਣ ਕਰਕੇ ਰੋਜ਼ਾਨਾ ਲੰਗਰ ਅਰੰਭ ਹੋ ਗਿਆ। ਲੰਗਰ ਲਈ ਇਲਾਕੇ ਵਿੱਚੋਂ ਸੰਗਤਾਂ ਰਸਦਾਂ ਇਕੱਠੀਆਂ ਕਰਕੇ ਭੇਜਣ ਲੱਗੀਆਂ। ਲੰਗਰ ਤਿਆਰ ਕਰਨ ਲਈ ਬਾਲਣ ਵਾਸਤੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਖੜੀਆਂ ਸੁੱਕੀਆਂ ਕਿੱਕਰਾਂ ਨੂੰ ਵੱਢਣ ਲਈ ਸਲਾਹ ਬਣਾਈ, ਕਿਉਂਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਣ ਕਰਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਉੱਪਰ ਵੀ ਕਮੇਟੀ ਦਾ ਹੀ ਅਧਿਕਾਰ ਸੀ।

8 ਅਗਸਤ 1922 ਈ. ਨੂੰ ਗੁਰਦੁਆਰਾ ਸਾਹਿਬ ਦੇ ਪੰਜ ਸੇਵਾਦਾਰ ਭਾਈ ਸੰਤੋਖ ਸਿੰਘ ਲਸ਼ਕਰੀ ਨੰਗਲ, ਭਾਈ ਲਾਭ ਸਿੰਘ ਰਾਜਾਸਾਂਸੀ, ਭਾਈ ਲਾਭ ਸਿੰਘ ਮੱਤੇਨੰਗਲ, ਭਾਈ ਸੰਤਾ ਸਿੰਘ ਮੇਸਾ (ਨਕੋਦਰ) ਅਤੇ ਭਾਈ ਫੂਲਾ ਸਿੰਘ ਨਾਂ ਦਾ ਇਕ ਅਕਾਲੀ ਸਿੰਘ ਲੰਗਰ ਲਈ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਸੁੱਕੀਆਂ ਹੋਈਆਂ ਕਿੱਕਰਾਂ ਵੱਢ ਲਿਆਏ। ਇਸ ਸੰਬੰਧੀ ਮਹੰਤ ਨੇ ਤਾਂ ਕੋਈ ਸ਼ਿਕਾਇਤ ਨਾ ਕੀਤੀ, ਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਡਿੰਨਟ ਨੇ ਪਿੰਡ ਮਹਿਲਾਂ ਵਾਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਜ਼ੈਲਦਾਰ ਬਾਬਾ ਬ੍ਰਿਜ ਲਾਲ ਸਿੰਘ ਬੇਦੀ ਪਾਸੋਂ ਇਸ ਸੰਬੰਧੀ ਦਰਖ਼ਾਸਤ ਦਿਵਾ ਦਿੱਤੀ। ਆਪਣੇ ਵੱਲੋਂ ਤਸਦੀਕ ਕਰਕੇ ਡੀ.ਐਸ.ਪੀ. ਮਿਸਟਰ ਬੀਟੀ ਦੇ ਹੱਥ ਥਾਣਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭੇਜ ਦਿੱਤੀ, ਜਿਸ ਨੂੰ ਆਧਾਰ ਬਣਾ ਕੇ ਥਾਣੇ ਦੇ ਸਬ-ਇੰਸਪੈਕਟਰ ਆਗਾ ਆਬਾਸ ਮਿਰਜ਼ਾ ਨੇ ਹਿੰਦ ਦੰਡਾਵਲੀ ਦੀ ਧਾਰਾ 154 ਅਧੀਨ ਮਿਤੀ 9 ਅਗਸਤ 1922 ਈ. ਨੂੰ ਐਫ.ਆਈ.ਆਰ. ਨੰ: 1288 ਦਰਜ਼ ਕਰਕੇ ਮਹੰਤ ਸੁੰਦਰ ਦਾਸ ਅਤੇ ਹੋਰਨਾਂ ਦੀ ਗਵਾਹੀ ਲਈ ਉਸੇ ਦਿਨ ਹੀ ਉਸ ਨੇ ਪੁਲਿਸ ਗਾਰਦ ਸਮੇਤ ਗੁਰਦੁਆਰਾ ਗੁਰੂ ਕਾ ਬਾਗ ਪਹੁੰਚ ਕੇ ਉਕਤ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। 10 ਅਗਸਤ 1922 ਈ. ਵਿਚ ਬਿਗਾਨੀ ਜਾਇਦਾਦ ਦੀ ਲੁੱਟ ਕਰਨ ਦੇ ਦੋਸ਼ ਵਿਚ ਅੰਮ੍ਰਿਤਸਰ ਦੀ ਅਦਾਲਤ ਵਿਚ ਮੈਜਿਸਟ੍ਰੇਟ ਅੱਵਲ ਦਰਜ਼ਾ ਮਿਸਟਰ ਈਵਨ ਜਿਨਕਿਨਜ਼ ਦੇ ਸਾਹਮਣੇ ਪੇਸ਼ ਕੀਤੇ, ਜਿਥੇ ਇਨ੍ਹਾਂ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਜ਼ੁਰਮਾਨਾ ਅਤੇ ਛੇ-ਛੇ ਮਹੀਨੇ ਦੀ ਕੈਦ ਬਾ-ਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਇਸ ਗੱਲ ਦਾ ਸਿੱਖ ਪੰਥ ਵਿਚ ਬੜਾ ਭਾਰੀ ਰੋਹ ਫੈਲ ਗਿਆ।

ਇਸ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਰੋਜ਼ਾਨਾ ਹੀ ਬਾਗ ਵਿੱਚੋਂ ਲੱਕੜਾਂ ਕੱਟਣ ਲਈ ਜਾਇਆ ਜਾਵੇ। ਗੱਲ ਬਾਲਣ ਲਈ ਲੱਕੜਾਂ ਕੱਟਣ ਦੀ ਨਹੀਂ ਸੀ, ਕਿਉਂਕਿ ਬਾਲਣ ਲਈ ਲੱਕੜਾਂ ਆਦਿ ਤਾਂ ਇਲਾਕੇ ਦੀਆਂ ਸੰਗਤਾਂ ਇਕੱਠਾ ਕਰਕੇ ਢੇਰ ਲਗਾ ਸਕਦੀਆਂ ਸਨ। ਇਥੇ ਮਸਲਾ ਤਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਸਰਕਾਰੀ ਦਖ਼ਲ-ਅੰਦਾਜ਼ੀ ਖ਼ਤਮ ਕਰਨ ਦਾ ਸੀ। ਹੁਣ ਰੋਜ਼ਾਨਾ ਸਿੰਘਾਂ ਦਾ ਜਥਾ ਲੱਕੜਾਂ ਕੱਟਣ ਲਈ ਜਾਂਦਾ ਤਾਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਫਿਰ ਛੱਡ ਦਿੰਦੀ। ਪਰ 22 ਅਗਸਤ 1922 ਦੀ ਸਵੇਰ ਨੂੰ ਡੀ.ਐਸ.ਪੀ. ਮਿਸਟਰ ਬੀਟੀ ਕੁਝ ਪੁਲਿਸ ਅਫਸਰ ਅਤੇ ਭਾਰੀ ਪੁਲਿਸ ਫੋਰਸ ਲੈ ਕੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪੁੱਜ ਗਿਆ ਅਤੇ ਇਸ ਦਿਨ ਉਸ ਨੇ 66 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਸਿਲਸਿਲਾ ਅਰੰਭ ਹੋ ਗਿਆ। 23 ਅਗਸਤ 1922 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਹਿਤਾਬ ਸਿੰਘ ਅਤੇ ਹੋਰ ਅਕਾਲੀ ਆਗੂਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਬਾਗ ਅਕਾਲੀਆਂ ਵਿਚ ਰਾਤ ਸਮੇਂ ਇਕ ਜਲਸਾ ਕੀਤਾ ਅਤੇ ਫੈਸਲਾ ਕਰਕੇ 25 ਅਗਸਤ 1922 ਈ. ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਜਾਏ ਜਾ ਰਹੇ ਵਿਸ਼ੇਸ਼ ਦੀਵਾਨ ਵਿਚ ਪੁੱਜਣ ਲਈ ਸਿੱਖਾਂ ਨੂੰ ਅਪੀਲ ਕੀਤੀ।

24 ਅਗਸਤ 1922 ਈ. ਨੂੰ ਮਿਸਟਰ ਈ.ਐਮ.ਜੈਨਕਿਨਜ਼ ਏ.ਡੀ.ਸੀ.  ਅੰਮ੍ਰਿਤਸਰ ਅਤੇ ਮਿਸਟਰ ਮੈਕਫ਼ਰਸਨ ਐਸ.ਪੀ. ਅੰਮ੍ਰਿਤਸਰ ਮੌਕਾ ਵੇਖਣ ਲਈ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪੁੱਜੇ। ਇਸ ਦਿਨ ਤੋਂ ਪੁਲਿਸ ਨੇ ਬਾਗ ਵਿੱਚੋਂ ਲੱਕੜਾਂ ਕੱਟਣ ਲਈ ਜਾਣ ਵਾਲੇ ਸਿੰਘਾਂ ਦੀ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ। 25 ਅਗਸਤ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਦੀਵਾਨ ਵਿਚਲੇ ਸ਼ਾਂਤਮਈ ਸਿੰਘਾਂ ਦੀ ਮਾਰ-ਕੁਟਾਈ ਸ਼ੁਰੂ ਕਰ ਦਿੱਤੀ। ਇਸ ਸਮੇਂ ਤਕ ਪਿਛਲੇ ਦਿਨ ਦੀ ਮਾਰ-ਕੁਟਾਈ ਦੀ ਖ਼ਬਰ ਸੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ. ਭਗਵਾਨ ਸਿੰਘ, ਡਾ. ਪਰਤਾਪ ਸਿੰਘ, ਡਾ. ਸੰਤ ਰਾਮ ਅਤੇ ਡਾ. ਕਿਰਪਾ ਰਾਮ ’ਤੇ ਆਧਾਰਿਤ ਚਾਰ ਡਾਕਟਰਾਂ ਦੀ ਟੀਮ ਜ਼ਖ਼ਮੀ ਸਿੰਘਾਂ ਦੀ ਮਲ੍ਹਮ-ਪੱਟੀ ਕਰਨ ਲਈ ਭੇਜੀ ਗਈ। ਇਸੇ ਰਾਤ ਨੂੰ ਹੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਵੱਲ ਵਹੀਰਾਂ ਘੱਤ ਕੇ ਆਉਣ ਦੇ ਡਰ ਤੋਂ ਇਸ ਪਾਸੇ ਨੂੰ ਆਉਣ ਵਾਲੇ ਸਾਰੇ ਰਸਤਿਆਂ ਉੱਪਰ ਸਰਕਾਰ ਵੱਲੋਂ ਪੁਲਿਸ ਚੌਂਕੀਆਂ ਬਿਠਾ ਕੇ ਨਾਕਾਬੰਦੀ ਕਰ ਦਿੱਤੀ, ਕਿਉਂਕਿ ਸਰਕਾਰ 21 ਫਰਵਰੀ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਵਾਪਰੇ ਖੂਨੀ ਸਾਕੇ ਉਪਰੰਤ ਸਿੱਖ ਸੰਗਤ ਵੱਲੋਂ ਜਥਿਆਂ ਦੇ ਰੂਪ ਵਿਚ ਸ੍ਰੀ ਨਨਕਾਣਾ ਸਾਹਿਬ ਵੱਲ ਕੀਤੇ ਕੂਚ ਤੋਂ ਡਰੀ ਹੋਈ ਸੀ।

ਹੁਣ ਇਹ ਮੋਰਚਾ ਅਕਾਲੀ ਸਿੰਘਾਂ ਅਤੇ ਮਹੰਤ ਦੇ ਵਿਚਕਾਰ ਨਹੀਂ ਸੀ, ਸਗੋਂ ਅੰਗਰੇਜ਼ੀ ਸਰਕਾਰ ਅਤੇ ਅਕਾਲੀ ਸਿੰਘਾਂ ਵਿਚਕਾਰ ਸੀ। 26 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਚ ਪੁਲਿਸ ਗਾਰਦ ਵੱਲੋਂ ਕੀਤੀ ਜਾ ਰਹੀ ਵਧੀਕੀ ਸੰਬੰਧੀ ਸੋਚ-ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਰੱਖੀ ਹੋਈ ਸੀ। ਜਦ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਹਰਕਤ ਵਿਚ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਆਗੂਆਂ ਸ. ਮਹਿਤਾਬ ਸਿੰਘ ਬੈਰਿਸਟਰ, ਪ੍ਰਧਾਨ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਸ. ਨਰੈਣ ਸਿੰਘ ਬੈਰਿਸਟਰ ਸਕੱਤਰ, ਪ੍ਰੋ. ਸਾਹਿਬ ਸਿੰਘ ਮੀਤ ਸਕੱਤਰ,  ਸ. ਸਰਮੁਖ ਸਿੰਘ ਝਬਾਲ, ਮੈਂਬਰ ਕਾਰਜਕਾਰਨੀ ਕਮੇਟੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ. ਤੇਜਾ ਸਿੰਘ ਚੂਹੜਕਾਣਾ ਮੈਂਬਰ ਕਾਰਜਕਾਰਨੀ ਕਮੇਟੀ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਾਸਟਰ ਤਾਰਾ ਸਿੰਘ ਮੈਂਬਰ ਕਾਰਜਕਾਰਨੀ ਕਮੇਟੀ, ਸ. ਰਵੇਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ, ਜ਼ਿਲ੍ਹਾ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਨੂੰ ਗ਼ੈਰ-ਕਾਨੂੰਨੀ ਇਕੱਤਰਤਾਵਾਂ, ਫਸਾਦ, ਚੋਰੀ ਅਤੇ ਲੋਕਾਂ ਵਿਚ ਉਕਸਾਹਟ ਪੈਦਾ ਕਰਨ ਦੇ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ। ਗੁਰਦੁਆਰਾ ਗੁਰੂ ਕਾ ਬਾਗ ਵਿਖੇ 25 ਅਗਸਤ ਨੂੰ ਜਥਾ ਲੈ ਕੇ ਪਹੁੰਚੇ ਬਾਬਾ ਕਿਹਰ ਸਿੰਘ ਪੱਟੀ ਨੂੰ ਵੀ 26 ਅਗਸਤ ਨੂੰ ਨਾਟਕੀ ਢੰਗ ਨਾਲ ਵਾਪਸ ਅੰਮ੍ਰਿਤਸਰ ਲਿਜਾ ਕੇ ਗ੍ਰਿਫਤਾਰੀ ਦੇ ਵਾਰੰਟ ਕੱਢ ਦਿੱਤੇ। ਉਨ੍ਹਾਂ ਨੇ 27 ਅਗਸਤ ਨੂੰ ਅੰਮ੍ਰਿਤਸਰ ਤੋਂ ਮੂੰਹ-ਹਨੇਰੇ ਚੱਲ ਕੇ ਗੁਰਦੁਆਰਾ ਗੁਰੂ ਕਾ ਬਾਗ ਪਹੁੰਚ ਕੇ ਜਥੇ ਦੇ ਨਾਲ ਹੀ ਗ੍ਰਿਫਤਾਰੀ ਦਿੱਤੀ। ਇਨ੍ਹਾਂ 96 ਦੇ ਕਰੀਬ ਸਿੰਘਾਂ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਲਗਾਈ ਗਈ ਕੰਡਿਆਲੀ ਤਾਰ ਦੀ ਵਲਗਣ ਵਿਚ ਕੈਦ ਰੱਖਿਆ, ਇਸ ਉਪਰੰਤ ਅੰਮ੍ਰਿਤਸਰ ਵਿਖੇ ਲਿਜਾਣ ਲਈ ਤੋਰ ਲਿਆ। ਸਾਰੇ ਰਸਤੇ ਵਿਚ ਪੁਲਿਸ ਸਿੰਘਾਂ ਉੱਪਰ ਤਸ਼ੱਦਦ ਕਰਦੀ ਰਹੀ।

ਉੱਪਰ ਵਰਨਣ ਕੀਤੇ ਪੰਥਕ ਆਗੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮੋਰਚੇ ਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰਧਾਨ ਦੀ ਸੇਵਾ ਰਸਾਲਦਾਰ ਸੁੰਦਰ ਸਿੰਘ ਅਤੇ ਜਨਰਲ ਸਕੱਤਰ ਦੀ ਸੇਵਾ ਸ. ਭਾਗ ਸਿੰਘ ਨੂੰ ਸੌਂਪੀ ਗਈ। 28 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਗੁਰੂ ਕੇ ਬਾਗ ਵਿਖੇ ਪਹੁੰਚਣ ਦੀ ਇਹ ਅਪੀਲ ਕਿ

“ਇਸ ਅਜਮਾਇਸ਼ ਵੇਲੇ ਅਸੀਂ ਤੁਹਾਡੇ ਕੋਲੋਂ ਇਸ ਤੋਂ ਵੱਧ ਹੋਰ ਮੰਗ ਨਹੀਂ ਕਰਦੇ ਕਿ ਤੁਸੀਂ ਆਉ ਅਤੇ ਗੁਰੂ ਕੇ ਬਾਗ ਵਿਚ ਚੱਲ ਰਹੇ ਆਦਰਸ਼ਕ ਸ਼ਾਂਤਮਈ ਰੂਹਾਨੀ ਸੰਗਰਾਮ ਨੂੰ ਆਪਣੀਆਂ ਅੱਖਾਂ ਨਾਲ ਦੇਖੋ ਤਾਂ ਜੋ ਚਲਾਕ ਨੌਕਰਸ਼ਾਹੀ ਦੇ ਹੱਥੋਂ ਗਲਤਫਹਿਮੀਆਂ ਦੀ ਸੰਭਾਵਨਾ ਤੋਂ ਬਚਿਆ ਜਾ ਸਕੇ।”

ਪਹਿਲਾਂ ਕੇਵਲ ਪੰਜ-ਪੰਜ ਸਿੰਘਾਂ ਦੇ ਜਥੇ ਹੀ ਬਾਗ ਵਿੱਚੋਂ ਲੱਕੜਾਂ ਕੱਟਣ ਜਾਂਦੇ ਅਤੇ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਹੋ ਕੇ ਗ੍ਰਿਫਤਾਰੀ ਦਿੰਦੇ। ਪਰ 29 ਅਗਸਤ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰੋਜ਼ਾਨਾ ਸੌ-ਸੌ ਸਿੰਘਾਂ ਦਾ ਜਥਾ ਅਰਦਾਸ ਕਰਕੇ ਗੁਰਦੁਆਰਾ ਗੁਰੂ ਕਾ ਬਾਗ ਵੱਲ ਜਾਣ ਲੱਗਾ। ਗੁਰਦੁਆਰਾ ਗੁਰੂ ਕਾ ਬਾਗ ਵੱਲ ਜਾਣ ਤੋਂ ਪਹਿਲਾਂ ਜਥੇ ਦੇ ਸਿੰਘ ਸ਼ਾਂਤਮਈ ਰਹਿ ਕੇ ਤਸ਼ੱਦਦ ਝੱਲਣ ਅਤੇ ਪੁਲਿਸ ਉੱਪਰ ਅੱਗੋਂ ਹੱਥ ਨਾ ਚੁੱਕਣ ਦਾ ਪ੍ਰਣ ਕਰਕੇ ਤੁਰਦੇ। ਜਥੇ ਦੇ ਸਿੰਘਾਂ ਨੇ ਸਿਰ ਉੱਪਰ ਕਾਲੀਆਂ ਦਸਤਾਰਾਂ ਬੰਨ੍ਹ ਕੇ ਉੱਪਰ ਚਿੱਟੇ ਫੁੱਲਾਂ ਦੇ ਹਾਰ ਸਜਾਏ ਹੁੰਦੇ। ਸ਼ਹਿਰ ਦੇ ਗਲੀਆਂ, ਬਜ਼ਾਰਾਂ ਅਤੇ ਸੜਕਾਂ ਉੱਪਰ ਵੱਖ-ਵੱਖ ਥਾਵਾਂ ਉੱਪਰ ਸੰਗਤਾਂ ਜਥੇ ਦੀ ਸੇਵਾ ਅਤੇ ਸਵਾਗਤ ਕਰਨ ਲਈ ਖੜ੍ਹੀਆਂ ਹੁੰਦੀਆਂ। ਤੁਰੇ ਜਾਂਦੇ ਜਥੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ। ਰਸਤੇ ਵਿਚ ਚਲਦੇ ਸਮੇਂ ਇਹ ਜਥੇ ਚਾਰ-ਚਾਰ ਲਾਈਨਾਂ ਵਿਚ ਸੜਕ ਦੇ ਇਕ ਕਿਨਾਰੇ ਚੱਲਦੇ ਤਾਂ ਕਿ ਸੜਕੀ ਆਵਾਜਾਈ ਵਿਚ ਵੀ ਕੋਈ ਵਿਘਨ ਨਾ ਪਵੇ। ਕਈ ਵਾਰੀ ਜਥਿਆਂ ਨੂੰ ਗੁਰੂ ਕੇ ਬਾਗ ਵਿਖੇ ਪਹੁੰਚਣ ਉਪਰੰਤ ਤਸ਼ੱਦਦ ਕੀਤਾ ਜਾਂਦਾ ਅਤੇ ਕਈ ਵਾਰੀ ਇਨ੍ਹਾਂ ਨੂੰ ਰਸਤੇ ਵਿਚ ਰੋਕ ਕੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਅਤੇ ਇਹ ਤਸ਼ੱਦਦ ਦਾ ਦੌਰ ਉਤਨਾ ਚਿਰ ਚੱਲਦਾ ਰਹਿੰਦਾ, ਜਿਤਨਾ ਚਿਰ ਜਥੇ ਦੇ ਸਿੰਘ ਪੂਰੀ ਤਰ੍ਹਾਂ ਬੇਹੋਸ਼ ਹੋ ਕੇ ਨਾ ਡਿੱਗ ਪੈਂਦੇ। ਜੇਕਰ ਕੋਈ ਸਿੰਘ ਰਤਾ ਵੀ ਉੱਪਰ ਉੱਠ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਤਾਂ ਉਸ ਉੱਪਰ ਦੁਬਾਰਾ ਤਸ਼ੱਦਦ ਕੀਤਾ ਜਾਂਦਾ। ਰਾਹ ਵਿਚ ਤਸ਼ੱਦਦ ਕਰਨ ਲਈ ਕੁਝ ਮੁੱਖ ਟਿਕਾਣੇ ਸਨ, ਪਿੰਡ ਗੁੰਮਟਾਲਾ ਦੇ ਨੇੜੇ ਨਖਾਸੂ (ਡਰੇਨ) ਦਾ ਪੁਲ, ਅਪਰਬਾਰੀ ਦੋਆਬ ਨਹਿਰ ਦੀ ਲਾਹੌਰ ਬ੍ਰਾਂਚ ਉੱਪਰ ਪਿੰਡ ਛੀਨੇ ਦੇ ਨਜ਼ਦੀਕ ਵਾਲਾ ਪੁਲ ਅਤੇ ਉਸ ਤੋਂ ਚੜ੍ਹਦੇ ਪਾਸੇ ਪਿੰਡ ਰਾਣੇਵਾਲੀ ਦੇ ਨਜ਼ਦੀਕ ਦਾ ਪੁੱਲ ਘਰਾਟਾਂ ਵਾਲਾ ਅਤੇ ਪਿੰਡ ਜਗਦੇਵ ਕਲਾਂ ਦੇ ਨਜ਼ਦੀਕ ਦਾ ਪੁਲ ਆਦਿ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਦੇ ਨਾਲ ਹੀ ਇਕ ਐਂਬੂਲੈਂਸ ਅਤੇ ਇਕ ਡਾਕਟਰਾਂ ਦੀ ਟੀਮ ਭੇਜੀ ਜਾਂਦੀ। ਜਿਹੜੀ ਜ਼ਖ਼ਮੀਆਂ ਨੂੰ ਐਂਬੂਲੈਂਸ ਵਿਚ ਪਾ ਕੇ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਗੁਰੂ ਕੇ ਬਾਗ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਆਰਜ਼ੀ ਹਸਪਤਾਲ ਵਿਚ ਲਿਜਾ ਕੇ ਇਲਾਜ ਕਰਦੀ ਰਹੀ।

ਇਸ ਤਸ਼ੱਦਦ ਨੇ ਸਿੱਖ ਜਗਤ ਅੰਦਰ ਨਿਰਾਸ਼ਤਾ ਦੀ ਬਜਾਏ ਸਗੋਂ ਹੋਰ ਜੋਸ਼ ਭਰ ਦਿੱਤਾ ਅਤੇ ਹਰ ਰੋਜ਼ ਜਥੇ ਗੁਰੂ ਕਾ ਬਾਗ ਵਿਖੇ ਜਾਣ ਲਈ ਅੰਮ੍ਰਿਤਸਰ ਪੁੱਜਣੇ ਸ਼ੁਰੂ ਹੋ ਗਏ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਮਾਲਵੇ ਦੇ ਸਿੰਘਾਂ ਦਾ ਜਥਾ, ਨਿਧੜਕ ਅਕਾਲੀ ਜਥਾ ਫਿਰੋਜ਼ਪੁਰ, ਗੜਗੱਜ ਅਕਾਲੀ ਤਰਨਤਾਰਨ, ਸੈਂਟਰਲ ਖਾਲਸਾ ਦੀਵਾਨ ਦਾ ਜਥਾ, ਅਕਾਲੀ ਖਾਲਸਾ ਦੀਵਾਨ ਲਾਹੌਰ, ਅਕਾਲੀ ਜਥਾ ਅੰਮ੍ਰਿਤਸਰ, ਅਕਾਲੀ ਜਥਾ ਹੁਸ਼ਿਆਰਪੁਰ, ਅਕਾਲੀ ਜਥਾ ਲਾਇਲਪੁਰ, ਦਲਜੀਤ ਅਕਾਲੀ ਜਥਾ ਅੰਬਾਲਾ, ਸਾਬਕਾ ਫੌਜੀਆਂ ਦੇ ਜਥੇ ਆਦਿ। ਭਾਵ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਸਿੰਘਾਂ ਦੇ ਜਥੇ ਅੰਮ੍ਰਿਤਸਰ ਪੁੱਜਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਰਦਾਸ ਕਰਕੇ ਰੋਜ਼ਾਨਾ ਹੀ ਇਕ ਜਥਾ ਗੁਰਦੁਆਰਾ ਗੁਰੂ ਕਾ ਬਾਗ ਨੂੰ ਤੁਰਦਾ। ਤੁਰਨ ਵਾਲੇ ਜਥੇ ਦੇ ਸਿੰਘਾਂ ਦੇ ਮੁਖੜਿਆਂ ’ਤੇ ਕੋਈ ਮਜਬੂਰੀ ਦੀ ਝਲਕ ਨਹੀਂ ਸੀ ਹੁੰਦੀ, ਬਲਕਿ ਗੰਭੀਰਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਹੁੰਦਾ ਸੀ ਅਤੇ ਉਨ੍ਹਾਂ ਦੇ ਅੰਦਰ ‘ਮਰਉ ਤ ਹਰਿ ਕੈ ਦੁਆਰ” ਦਾ ਚਾਉ ਪੈਦਾ ਹੁੰਦਾ ਸੀ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ “ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ”। ਜਥਿਆਂ ਵਿਚ ਅਠ੍ਹਾਰਾਂ ਸਾਲ ਤੋਂ ਘੱਟ ਉਮਰ ਦੇ ਨੌਜਆਨਾਂ ਤੋਂ ਲੈ ਕੇ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸ਼ਾਮਲ ਹੁੰਦੇ ਸਨ। ਸਿੱਖ ਬੀਬੀਆਂ ਨੇ ਵੀ ਜਥੇ ਲੈ ਕੇ ਜਾਣ ਦੀ ਮੰਗ ਕੀਤੀ, ਜਿਸ ਨੂੰ ਕੌਮੀ ਆਗੂਆਂ ਨੇ ਪ੍ਰਵਾਨ ਨਹੀਂ ਸੀ ਕੀਤਾ। ਪਰ ਫਿਰ ਵੀ ਇਸ ਮੋਰਚੇ ਵਿਚ ਸਿੱਖ ਬੀਬੀਆਂ ਦਾ ਘੱਟ ਯੋਗਦਾਨ ਨਹੀਂ ਸੀ। ਉਹ ਘਰਾਂ ਤੋਂ ਖੁਸ਼ੀ-ਖੁਸ਼ੀ ਜਥੇ ਵਿਚ ਜਾਣ ਲਈ ਸਿੰਘਾਂ ਨੂੰ ਤੋਰਦੀਆਂ। ਗੁਰਦੁਆਰਾ ਗੁਰੂ ਕੇ ਬਾਗ ਦੇ ਆਸ-ਪਾਸ ਪਿੰਡਾਂ ਦੀਆਂ ਬੀਬੀਆਂ ਲੰਗਰ ਤਿਆਰ ਕਰਕੇ ਭੇਜਦੀਆਂ।

ਇਨ੍ਹਾਂ ਜਥਿਆਂ ਉੱਪਰ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਜ਼ਰੀਏ ਸਾਰੇ ਹਿੰਦੁਸਤਾਨ ਵਿਚ ਪੁੱਜ ਗਈਆਂ। ਜਿਥੇ ਇਸ ਤਸ਼ੱਦਦ ਨੂੰ ਆਮ ਹਿੰਦੂ, ਸਿੱਖ ਅਤੇ ਮੁਸਲਮਾਨ ਲੋਕਾਂ ਨੇ ਤੱਕਿਆ, ਉਥੇ ਹਿੰਦੁਸਤਾਨ ਦੇ ਨਾਮਵਰ ਲੀਡਰ, ਅਫ਼ਸਰ ਅਤੇ ਕਈ ਅਖ਼ਬਾਰਾਂ ਦੇ ਸੰਪਾਦਕ ਅਤੇ ਪੱਤਰਕਾਰ ਵੀ ਆਣ ਕੇ ਵੇਖਦੇ ਰਹੇ ਸਨ। ਇਕ ਅਮਰੀਕਨ ਫ਼ਿਲਮਸਾਜ਼ ਕੈਪਟਨ ਵਰਗੀਜ਼ ਨੇ ਇਸ ਸਾਕੇ ਦੀ ਫ਼ਿਲਮ ਵੀ ਬਣਾਈ। ਨਾਮਵਰ ਸੱਜਣਾਂ ਵਿਚ ਪ੍ਰੋ. ਜੋਧ ਸਿੰਘ ਐਮ.ਏ., ਪ੍ਰੋ. ਰੁਚੀ ਰਾਮ ਸਾਹਨੀ, ਟਰੱਸਟੀ ਟ੍ਰਿਬਿਊਨ, ਲਾਹੌਰ, ਮਿਸਟਰ ਜੀ.ਏ. ਸੁੰਦਰਮ ਸਹਾਇਕ ਸੰਪਾਦਕ ‘ਇੰਡੀਪੈਂਡਿੰਟ’ ਅਲਾਹਾਬਾਦ, ਪਾਦਰੀ ਐਫ.ਸੀ. ਐਂਡਰੀਓਜ਼, ਪੰਡਤ ਮਦਨ ਮੋਹਨ ਮਾਲਵੀਆ, ਲਾਲਾ ਦੁਨੀ ਚੰਦ ਬੈਰਿਸਟਰ, ਪੰਡਤ ਅਮਰ ਸਿੰਘ ਵਕੀਲ, ਮਲਿਕ ਲਾਲ ਖਾਨ, ਸਰ ਜੋਗਿੰਦਰ ਸਿੰਘ ਰਸੂਲਪੁਰੀਆ, ਸੁਆਮੀ ਸ਼ਰਧਾਨੰਦ, ਮੌਲਾਨਾ ਕਿਫਾਇਤਉੱਲਾ, ਸ਼ਾਰਦਾਪੀਠ ਦੇ ਸੁਆਮੀ ਸ਼ੰਕਰਾਚਾਰੀਆ, ਡਾਕਟਰ ਗੋਪੀ ਚੰਦ ਭਾਰਗੋ, ਪੰਡਤ ਮੇਲਾ ਰਾਮ ਵਫਾ ਐਡੀਟਰ ‘ਬੰਦੇ ਮਾਤਰਮ’ ਲਾਹੌਰ, ਮਹਾਸ਼ਾ ਕ੍ਰਿਸ਼ਨ, ਐਡੀਟਰ ‘ਪ੍ਰਤਾਪ’ ਲਾਹੌਰ, ਰਾਜਾ ਨਰਿੰਦਰ ਨਾਥ ਮੈਂਬਰ ਪੰਜਾਬ ਲੈਜਿਸਲੇਟਿਵ ਕੌਂਸਲ, ਲਾਲਾ ਦੀਨਾ ਨਾਥ ਐਡੀਟਰ ‘ਦੇਸ਼’, ਮਿਰਜ਼ਾ ਯਾਕੂਬ ਬੇਗ, ਐਲ.ਐਮ.ਐਸ. ਲਾਹੌਰ, ਸ੍ਰੀਮਤੀ ਲੱਜਿਆਵਤੀ, ਪ੍ਰਿੰਸੀਪਲ ਕੰਨਿਆ ਮਹਾਂ ਵਿਦਿਆਲਾ ਜਲੰਧਰ ਆਦਿ ਮੁੱਖ ਸਨ।

ਸਿੰਘਾਂ ਦੇ ਜਥਿਆਂ ਉੱਪਰ ਤਸ਼ੱਦਦ ਮਿਸਟਰ ਬੀਟੀ ਦੀ ਅਗਵਾਈ ਵਿਚ ਕੀਤਾ ਜਾਂਦਾ ਅਤੇ ਤਸ਼ੱਦਦ ਕਰਨ ਦੇ ਮੁੱਖ ਤਰੀਕੇ ਇਹ ਅਪਣਾਏ ਗਏ ਕਿ ਦੋ ਸਿਪਾਹੀ ਇਕ ਡਾਂਗ ਦੇ ਦੋਵੇਂ ਸਿਰੇ ਪਕੜ ਕੇ ਰਸਤੇ ਦੇ ਦੋਹਾਂ ਪਾਸਿਆਂ ਉੱਪਰ ਖੜ੍ਹੇ ਹੁੰਦੇ। ਜਦ ਕੋਈ ਅਕਾਲੀ ਸਿੰਘ ਡਾਂਗ ਦੇ ਹੇਠੋਂ ਲੰਘ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦਾ, ਤਾਂ ਉਹ ਸਿਪਾਹੀ ਤੇਜ਼ੀ ਨਾਲ ਡਾਂਗ ਦੇ ਦੋਵੇਂ ਸਿਰੇ ਧਰਤੀ ਨਾਲ ਲਗਾ ਕੇ ਧੌਣ ਘੁੱਟ ਦਿੰਦੇ ਤੇ ਡਾਂਗ ਨਾਲ ਗੁੱਝੀਆਂ ਸੱਟਾਂ ਮਾਰੀਆਂ ਜਾਂਦੀਆਂ। ਤਾਂਬੇ ਅਤੇ ਪਿੱਤਲ ਦੇ ਸੁੰਮਾਂ ਵਾਲੀਆਂ ਡਾਂਗਾਂ ਨਾਲ ਪੈਰਾਂ, ਗੋਡਿਆਂ ਅਤੇ ਸਰੀਰ ਦੇ ਹੋਰ ਅੰਗਾਂ ਉੱਤੇ ਚੋਟਾਂ ਮਾਰੀਆਂ ਜਾਂਦੀਆਂ। ਮੱਥੇ, ਪੇਟ, ਅੱਖਾਂ ਉੱਪਰ ਕਈ ਵਾਰ ਕੀਤੇ ਜਾਂਦੇ। ਡਿੱਗੇ ਹੋਏ ਅਕਾਲੀ ਸਿੰਘਾਂ ਉੱਪਰ ਦੀ ਘੋੜੇ ਦੌੜਾਏ ਜਾਂਦੇ, ਜਿਹੜੇ ਜ਼ਖ਼ਮੀ ਹੋਏ ਸਿੰਘਾਂ ਨੂੰ ਲਿਤਾੜਦੇ ਹੋਏ ਆਪਣੇ ਸੁੰਮਾਂ ਨਾਲ ਹੋਰ ਜ਼ਖ਼ਮੀ ਕਰਦੇ। ਪਰ ਅਕਾਲੀ ਸਿੰਘਾਂ ਦੇ ਮਨ-ਤਨ ਅਰਦਾਸ ਵਿਚ ਜੁੜੇ ਹੁੰਦੇ। ਉਨ੍ਹਾਂ ਦੇ ਮੁੱਖ ਵਿੱਚੋਂ ਕੇਵਲ ਵਾਹਿਗੁਰੂ ਸ਼ਬਦ ਹੀ ਨਿਕਲਦਾ। ਪੁਲਿਸ ਦਾ ਇਸ ਤੋਂ ਵੱਧ ਵਹਿਸ਼ੀਪੁਣਾ ਹੋਰ ਕੀ ਹੋ ਸਕਦਾ ਸੀ ਕਿ ਉਹ ਕੇਵਲ ਜਥੇ ਦੇ ਸਿੰਘਾਂ ਉੱਪਰ ਹੀ ਤਸ਼ੱਦਦ ਨਹੀਂ ਸੀ ਕਰਦੀ, ਜੇ ਕੋਈ ਹੋਰ ਵੀ ਸਿੰਘ ਗੁਰਦੁਆਰਾ ਗੁਰੂ ਕੇ ਬਾਗ ਦੇ ਨਜ਼ਦੀਕ ਆਉਂਦਾ ਤਾਂ ਉਹ ਵੀ ਇਸ ਤਸ਼ੱਦਦ ਦਾ ਸ਼ਿਕਾਰ ਹੋ ਜਾਂਦਾ।

ਇਸ ਤਸ਼ੱਦਦ ਨੂੰ ਆਪਣੀਆਂ ਅੱਖਾਂ ਸਾਹਵੇਂ ਵੇਖ ਕੇ ਦੇਸ਼ ਦੀਆਂ ਕੁਝ ਨਾਮਵਰ ਹਸਤੀਆਂ ਨੇ ਵੇਰਵੇ ਅੰਕਿਤ ਕੀਤੇ, ਜਿਨ੍ਹਾਂ ਵਿੱਚੋਂ ਕੁਝ ਦਾ ਬਿਆਨ ਵਰਨਣ ਕਰਨਾ ਕੁਥਾਂ ਨਹੀਂ ਹੋਵੇਗਾ। ਸਤੰਬਰ 1922 ਨੂੰ ਸੈਂਟਰਲ ਖਾਲਸਾ ਦੀਵਾਨ ਦੇ ਜਥੇ ਨੇ ਭਾਈ ਠਾਕੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਅਤੇ ਭਾਈ ਵਧਾਵਾ ਸਿੰਘ ਜ਼ਿਲ੍ਹਾ ਲਾਹੌਰ ਦੀ ਅਗਵਾਈ ਵਿਚ ਗ੍ਰਿਫਤਾਰੀ ਦੇਣੀ ਸੀ। ਇਸੇ ਜਥੇ ਉੱਪਰ ਮਿਸਟਰ ਜਿਨਕਿਨਜ਼ ਦੀ ਅਗਵਾਈ ਵਿਚ ਗੁੰਮਟਾਲੇ ਦੇ ਨਖਾਸੂ (ਡਰੇਨ) ਦੇ ਪੁਲ ਕੋਲ ਜੋ ਤਸ਼ੱਦਦ ਕੀਤਾ, ਉਸ ਦਾ ਵੇਰਵਾ ਭਾਈ ਜੋਧ ਸਿੰਘ ਦੀ ਸੰਪਾਦਨਾ ਹੇਠ ਛਪਦੇ ਅਖ਼ਬਾਰ ‘ਖਾਲਸਾ’ ਵਿਚ 4 ਸਤੰਬਰ ਨੂੰ ਇਸ ਤਰ੍ਹਾਂ ਛਪਿਆ, “ਲਗਭਗ ਵੀਹ ਮਿੰਟ ਦੀ ਮਾਰ-ਕੁਟਾਈ ਉਪਰੰਤ ਇਕ ਝੰਡੀ ਦੇ ਇਸ਼ਾਰੇ ਨਾਲ ਘੋੜ-ਸਵਾਰ ਪੁਲਿਸ ਨੂੰ ਅੱਗੇ ਵਧਣ ਦਾ ਹੁਕਮ ਕੀਤਾ ਗਿਆ। ਘੋੜ-ਸਵਾਰਾਂ ਦੀ ਪੂਰੀ ਲਾਈਨ ਜਥੇ ਦੇ ਨਜ਼ਦੀਕ ਆਈ ਅਤੇ ਤਿੰਨ-ਤਿੰਨ ਘੋੜ-ਸਵਾਰ ਅਕਾਲੀਆਂ ਨੂੰ ਲਿਤਾੜਦੇ ਅੱਗੇ ਲੰਘੇ, ਜਿਸ ਕਾਰਨ ਘੋੜਿਆਂ ਦੇ ਸੁੰਮਾਂ ਨਾਲ ਕੁਝ ਸਤਿਆਗ੍ਰਹੀ ਜ਼ਖ਼ਮੀ ਹੋ ਗਏ। ਇਹ ਦੇਖਦਿਆਂ ਅਨੇਕ ਦਰਸ਼ਕ ਉੱਚੀ-ਉੱਚੀ ਕੁਰਲਾਉਣ ਲੱਗੇ।

ਪ੍ਰੋ. ਰੁਚੀ ਰਾਮ ਸਾਹਨੀ, ਟਰੱਸਟੀ ਅਖ਼ਬਾਰ ਟ੍ਰਿਬਿਊਨ, ਲਾਹੌਰ ਨੇ ਇਸ ਮੋਰਚੇ ਦੇ ਅੱਖੀਂ ਦੇਖੇ ਹਾਲ ਸੰਬੰਧੀ ਆਪਣੀ ਪੁਸਤਕ ‘ਸ਼ਟਰੁਗਗਲੲ ਡੋਰ ੍ਰੲਡੋਰਮ ਨਿ ਸ਼ਕਿਹ ਸ਼ਹਰਨਿੲਸ’ ਦੀ ਭੂਮਿਕਾ ਵਿਚ ਲਿਖਿਆ ਹੈ- “ਮੈਂ ਮੰਨਦਾ ਹਾਂ ਕਿ ਜਦੋਂ ਤਕ ਇਹ ਦ੍ਰਿਸ਼ ਮੈਂ ਆਪਣੀ ਅੱਖੀਂ ਨਹੀਂ ਸਨ ਵੇਖੇ, ਮੈਂ ਸਿੱਖ ਸ਼ਹੀਦਾਂ ਅਤੇ ਗੁਰੂਆਂ ਦੀਆਂ ਸਾਖੀਆਂ ਉੱਪਰ ਯਕੀਨ ਨਹੀਂ ਲਿਆਉਂਦਾ ਸਾਂ, ਜਿਨ੍ਹਾਂ ਅੰਦਰ ਉਨ੍ਹਾਂ ਦੇ ਬਿਨਾਂ ਕਿਸੇ ਝਿਜਕ ਦੇ ਹੱਸਦੇ-ਹੱਸਦੇ ਅਤੇ ਖਿੜੇ-ਮੱਥੇ ਗ਼ੈਰ ਮਾਮੂਲੀ ਅਤੇ ਅਜ਼ਰ ਮੁਸੀਬਤਾਂ ਦੇ ਜ਼ਰਨ ਅਤੇ ਆਪਣੇ ਸਿਦਕ ਅੰਦਰ ਪੂਰੇ ਉਤਰਨ ਦਾ ਜ਼ਿਕਰ, ਜੋ ਅਸਹਿ ਕਸ਼ਟ ਸਹਾਰਦੇ ਹੋਏ ਕੇਵਲ ਇਸ ਲਈ ਸਹਿੰਦੇ ਰਹੇ ਕਿ ਉਨ੍ਹਾਂ ਅੰਦਰ ਇਕ ਟੁੰਬ ਸੀ ਕਿ ਇਹ ਸੇਵਾ ਅਕਾਲ ਪੁਰਖ ਉਨ੍ਹਾਂ ਪਾਸੋਂ ਲੈ ਰਿਹਾ ਸੀ। ਇਹ ਅੱਖਰ ਲਿਖ ਕੇ ਮੈਂ ਇਸ ਗੱਲ ਦੀ ਨਿੱਜੀ ਸ਼ਹਾਦਤ ਪੇਸ਼ ਕਰਨੀ ਚਾਹੁੰਦਾ ਹਾਂ ਕਿ ਗੁਰੂ ਕੇ ਬਾਗ ਅੰਦਰ ਸੈਂਕੜੇ ਮਨੁੱਖਾਂ ਨੇ ਰੋਜ਼ਾਨਾ ਅਡੋਲਤਾ ਦਾ ਸਬੂਤ ਦਿੱਤਾ, ਘੱਟੋ-ਘੱਟ ਇਸ ਵਰਤਮਾਨ ਸਮੇਂ ਅੰਦਰ ਕਿਸੇ ਕੌਮ ਦੇ ਬੰਦਿਆਂ ਵੱਲੋਂ ਉਸ ਦੀ ਮਿਸਾਲ ਪੇਸ਼ ਹੋਈ ਨਹੀਂ ਸੁਣੀ ਗਈ।”

ਕਾਂਗਰਸ ਵਰਕਿੰਗ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਸਾਕੇ ਦੀ ਪੜਤਾਲ ਲਈ ਸ੍ਰੀ ਐਸ. ਆਇੰਗਰ, ਸਾਬਕਾ ਐਡਵੋਕੇਟ ਜਨਰਲ ਮਦਰਾਸ ਦੀ ਪ੍ਰਧਾਨਗੀ ਹੇਠ ਬਣਾਈ ਗਈ ਪੜਤਾਲੀਆ ਕਮੇਟੀ ਅੱਗੇ ਅਲਾਹਾਬਾਦ ਤੋਂ ਛਪਦੇ ਇਕ ਅਖ਼ਬਾਰ ‘ਇੰਡੀਪੈਂਡੈਂਟ’ ਦੇ ਸਹਾਇਕ ਸੰਪਾਦਕ ਮਿਸਟਰ ਜੀ.ਏ. ਸੁੰਦਰਮ ਨੇ 14 ਅਕਤੂਬਰ 1922 ਈ. ਨੂੰ ਇਹ ਬਿਆਨ ਪੇਸ਼ ਕੀਤਾ- “ਮੈਂ ਇਸ ਨਤੀਜੇ ’ਤੇ ਪੁੱਜਾ ਹਾਂ ਕਿ ਅਕਾਲੀਆਂ ਦਾ ਵਤੀਰਾ ਸ਼ਾਂਤਮਈ ਸੀ। ਜਥਿਆਂ ਨੇ ਪੁਲਿਸ ਦਾ ਘੇਰਾ ਤੋੜ ਕੇ ਕਦੀ ਅੱਗੇ ਜਾਣ ਦਾ ਯਤਨ ਨਹੀਂ ਕੀਤਾ। ਮੈਨੂੰ ਦੱਸਿਆ ਗਿਆ ਕਿ ਅਕਾਲੀ ਜਥੇ ਸ਼ਾਂਤਮਈ ਰਹਿਣ ਦਾ ਪ੍ਰਣ ਲੈਂਦੇ ਸਨ। ਜਿਸ ਥਾਂ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਹੈ, ਉਥੇ ਝਾੜੀਆਂ ਅਤੇ ਧਰਤੀ ਬੜੀ ਰੱਕੜ ਜਿਹੀ ਸੀ। ਮੈਂ ਗੁਰੂ ਕੇ ਬਾਗ ਵਿਚ ਫਿਰ ਕੇ ਸਾਰੀ ਹਾਲਤ ਵੇਖੀ ਹੈ।”

ਸੱਯਦ ਅੱਤਾਉੱਲਾ ਸ਼ਾਹ, ਕਮਿਸ਼ਨਰ, ਮਿਊਂਸਪਲ ਕਮੇਟੀ, ਜਲੰਧਰ ਨੇ ਵੀ ਪੜਤਾਲੀਆ ਕਮੇਟੀ ਅੱਗੇ ਆਪਣੀ ਲਿਖਤੀ ਰਿਪੋਰਟ ਪੇਸ਼ ਕੀਤੀ-“ਮੈਂ ਗੁਰੂ ਕੇ ਬਾਗ ਦੇ ਜ਼ਖ਼ਮੀਆਂ ਨੂੰ ਵੇਖਣ ਲਈ ਗਿਆ। ਉਨ੍ਹਾਂ ਦੇ ਜ਼ਖ਼ਮ ਦੇਖੇ। ਕਈਆਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ। ਮੈਂ ਦੋ ਯੂਰਪੀਨ ਅਫਸਰਾਂ ਮਿਸਟਰ ਮੈਕਰਸਨ ਅਤੇ ਮਿਸਟਰ ਬੀਟੀ ਨੂੰ ਵੇਖਿਆ ਹੈ। ਮੈਂ ਉਨ੍ਹਾਂ ਨੂੰ ਜ਼ਖ਼ਮੀਆਂ ਦੇ ਜਾਂ ਉਨ੍ਹਾਂ ਨੂੰ ਲਿਜਾਣ ਸੰਬੰਧੀ ਕੁਝ ਨਹੀਂ ਕਿਹਾ। ਮਿਸਟਰ ਬੀਟੀ ਦੇ ਹੱਥ ਵਿਚ ਡਾਂਗ ਸੀ ਅਤੇ ਉਹ ਜ਼ਖ਼ਮੀਆਂ ਦੀ ਕੋਈ ਸਹਾਇਤਾ ਨਹੀਂ ਸੀ ਕਰ ਰਿਹਾ। ਉਹ ਉਨ੍ਹਾਂ ਲੋਕਾਂ ਨੂੰ ਪਰ੍ਹੇ ਹਟਾ ਰਿਹਾ ਸੀ, ਜੋ ਉਨ੍ਹਾਂ ਜ਼ਖ਼ਮੀਆਂ ਦੀ ਸਹਾਇਤਾ ਕਰਨੀ ਚਾਹੁੰਦੇ ਸਨ।

ਮੈਂ, ਪੰਡਤ ਮਾਲਵੀਆ, ਕੁਝ ਡਾਕਟਰ ਅਤੇ ਐਂਬੂਲਸ ਵਾਲੇ ਇਕ ਘੰਟਾ ਜ਼ਖ਼ਮੀਆਂ ਨੂੰ ਵੇਖਦੇ ਰਹੇ। ਮੈਂ ਮਾਰ ਪੈਂਦੀ ਨਹੀਂ ਵੇਖੀ।”

ਪਾਦਰੀ ਸੀ.ਐਫ. ਐਂਡਰੀਊਜ਼ ਨੇ 12 ਸਤੰਬਰ 1922 ਨੂੰ ਗੁਰਦੁਆਰਾ ਅੰਦਰ ਦੇਖੇ ਗਏ ਦਰਦਨਾਕ ਦ੍ਰਿਸ਼ ਦਾ ਵਰਨਣ ਕੀਤਾ ਹੈ- “ਮੈਂ ਆਪਣੀਆਂ ਅੱਖਾਂ ਨਾਲ ਇਕ ਪੁਲਸੀਏ ਨੂੰ ਆਪਣੇ ਸਾਹਮਣੇ ਖੜ੍ਹੇ ਨਿਆਸਰੇ ਸਿੱਖ ਦੇ ਢਿੱਡ ਵਿਚ ਠੁੱਡਾ ਮਾਰਦੇ ਵੇਖਿਆ। ਏਨੀ ਬੇਅਸੂਲੀ ਕਿਰਿਆ ਨੂੰ ਵੇਖ ਕੇ ਮੈਂ ਮੁਸ਼ਕਿਲ ਨਾਲ ਹੀ ਆਪਣੇ-ਆਪ ਨੂੰ ਉੱਚੀ ਚੀਕਣੋਂ ਅਤੇ ਅੱਗੇ ਵਧਣ ਤੋਂ ਰੋਕ ਸਕਿਆ। ਮੈਨੂੰ ਪਿੱਛੋਂ ਇਸ ਤੋਂ ਵਧੇਰੇ ਘਿਨਾਉਣੀ ਕਿਰਿਆ ਉਦੋਂ ਵੇਖਣੀ ਪਈ, ਜਦੋਂ ਇਕ ਪੁਲਸੀਆ ਧਰਤੀ ਉੱਤੇ ਮੂਧੇ ਮੂੰਹ ਡਿੱਗੇ ਹੋਏ ਅਕਾਲੀ ਦੇ ਉੱਪਰ ਚੜ੍ਹ ਕੇ ਉਸ ਦੇ ਮੌਢੇ ਅਤੇ ਧੌਣ ਦੇ ਵਿਚਕਾਰ ਬੂਟ ਰੱਖ ਕੇ ਪੂਰੇ ਭਾਰ ਨਾਲ ਉਸ ਨੂੰ ਲਿਤਾੜਨ ਲੱਗਾ। ਤੀਜੇ ਵਾਰ ਨਾਲ ਡਿੱਗੇ ਪਏ ਅਕਾਲੀ ਦੇ ਪਾਸ ਖੜ੍ਹੇ ਉਸ ਦੇ ਸਾਥੀ ਨੂੰ ਉਸ ਦੇ ਉੱਪਰ ਉਦੋਂ ਸੁੱਟ ਦਿੱਤਾ, ਜਦੋਂ ਦੋ ਵਲੰਟੀਅਰ ਉਸ ਦੀ ਬੇਹੋਸ਼ ਦੇਹ ਨੂੰ ਐਂਬੂਲੈਂਸ ਵਿਚ ਲੈ ਜਾਣ ਲਈ ਚੁੱਕ ਰਹੇ ਸਨ। ਸਾਰੀ ਮਾਰ-ਕੁਟਾਈ ਬਹੁਤ ਹੀ ਬੇਦਰਦ ਅਤੇ ਵਹਿਸ਼ੀਆਨਾ ਇਰਾਦੇ ਨਾਲ ਭਰਪੂਰ ਸੀ।

ਮੈਂ ਅੰਗਰੇਜ਼ ਅਫਸਰ ਵੱਲ ਝਾਕਿਆ ਕਿ ਸ਼ਾਇਦ ਉਹ ਆਪਣੇ ਸਿਪਾਹੀਆਂ ਨੂੰ ਇਸ ਕੁਕਰਮ ਲਈ ਬੁਰਾ-ਭਲਾ ਕਹੇ ਜਾਂ ਝਾੜ੍ਹਾਂ ਪਾਵੇ, ਪਰ ਅਜਿਹਾ ਕੁਝ ਵੀ ਨਹੀਂ ਵਾਪਰਿਆ। ਮੈਂ ਸਾਰੀ ਵਾਰਦਾਤ ਦਾ ਵਿਵਰਣ ਅਗਲੇ ਦਿਨ ਸਰਕਾਰ ਅਤੇ ਹਰ ਇਕ ਮਿਲਣ ਵਾਲੇ ਅਫ਼ਸਰ ਨੂੰ ਦਿੱਤਾ।”

ਉਪਰੋਕਤ ਬਿਆਨਾਂ ਨੂੰ ਘੋਖਣ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਸਿੰਘਾਂ ’ਤੇ ਇਤਨਾ ਤਸ਼ੱਦਦ ਕੀਤਾ ਕਿ ਦੇਖਣ ਵਾਲਿਆਂ ਦੇ ਦਿਲ ਤਾਂ ਪਸੀਜ ਜਾਂਦੇ ਸਨ, ਪਰ ਜ਼ਾਲਮ ਹਕੂਮਤ ਉੱਪਰ ਕੋਈ ਅਸਰ ਨਹੀਂ ਸੀ। ਮਿਸਟਰ ਬੀਟੀ ਤਾਂ ਜਥੇ ਦੇ ਸਿੰਘਾਂ ਨੂੰ ਤਸ਼ੱਦਦ ਕਰਦੇ ਸਮੇਂ ਇਹ ਮਿਹਣਾ ਮਾਰ ਕੇ ਚਿੜਾਉਣ ਦੀ ਕੋਸ਼ਿਸ਼ ਕਰਦਾ ਸੀ ਕਿ “ਕਿੱਡਰ ਹੈ ਟੁਮਾਰਾ ਕਲਗੀਆ ਵਾਲਾ?” ਤਾਂ ਸਿੱਖਾਂ ਦਾ ਵਿਸ਼ਵਾਸ ਉਸ ਸਮੇਂ ਅਕਾਸ਼ ਵਿਚ ਉੱਡ ਰਹੇ ਇਕ ਸੁਨਿਹਰੀ ਰੰਗ ਦੇ ਪੰਛੀ ਵਿਚ ਹੁੰਦਾ ਸੀ, (ਜਿਸ ਦਾ ਜ਼ਿਕਰ ਪਾਦਰੀ ਐਫ.ਸੀ. ਐਂਡਰੀਊਜ਼ ਨੇ ਵੀ ਕੀਤਾ ਹੈ)। ਇਹ ਪੰਛੀ ਸਿੰਘਾਂ ਉੱਤੇ ਕੀਤੇ ਜਾਂਦੇ ਤਸ਼ੱਦਦ ਸਮੇਂ ਅਕਾਸ਼ ਵਿਚ ਉੱਡਦਾ ਹੋਇਆ ਕਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਕਦੇ ਗੁਰਦੁਆਰਾ ਗੁਰੂ ਕਾ ਬਾਗ ਦੇ ਚੱਕਰ ਲਗਾਉਂਦਾ ਸੀ। ਇਸ ਨੂੰ ਦੇਖਣ ਲਈ ਆਮ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਇਕੱਠੇ ਹੁੰਦੇ ਸਨ। ਅਕਾਲੀ ਸਿੰਘ ਇਹ ਵਿਸ਼ਵਾਸ ਕਰਦੇ ਸਨ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਸੀ, ਜਿਹੜਾ ਸਤਿਆਗ੍ਰਹਿ ਕਰ ਰਹੇ ਸਿੰਘਾਂ ਨੂੰ ਇਸ ਭੀੜ ਦੇ ਸਮੇਂ ਗੁਰੂ ਜੀ ਦੀ ਅਸੀਸ ਪਹੁੰਚਾਉਣ ਆਉਂਦਾ ਹੈ।

ਪਾਦਰੀ ਸੀ.ਐਫ. ਐਂਡਰੀਊਜ਼ ਨੇ ਪੰਜਾਬ ਦੇ ਗਵਰਨਰ ਸਰ ਐਡਵਰਡ ਮੈਕਲੇਗਨ ਨੂੰ ਕਹਿ ਕੇ 14 ਸਤੰਬਰ 1922 ਈ. ਤੋਂ ਮਾਰ-ਕੁਟਾਈ ਬੰਦ ਕਰਵਾ ਦਿੱਤੀ। ਇਸ ਤੋਂ ਬਾਅਦ ਅਕਾਲੀ ਜਥਿਆਂ ਨੂੰ ਕੇਵਲ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਬੰਦ ਕਰਨ ਦਾ ਹੁਕਮ ਹੋਇਆ। 14 ਸਤੰਬਰ 1922 ਤੋਂ 17 ਨਵੰਬਰ 1922 ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਕਾਲੀ ਜਥਿਆਂ ਅਤੇ ਰਿਆਸਤੀ ਅਕਾਲੀ ਜਥਿਆਂ, ਸਾਬਕਾ ਫੌਜੀਆਂ ਦੇ ਜਥਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ। ਜਿਨ੍ਹਾਂ ਨੂੰ ਅਦਾਲਤ ਤੋਂ ਸਜ਼ਾ ਦਿਵਾ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲਿਜਾ ਕੇ ਨਜ਼ਰਬੰਦ ਕਰਨਾ ਅਰੰਭ ਹੋ ਗਿਆ। ਇਸ ਅਰਸੇ ਦੌਰਾਨ 5605 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿਚ 35 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਨ।

ਗ੍ਰਿਫਤਾਰੀਆਂ ਦੇਣ ਵਾਲੇ ਸਿੱਖ ਜਥਿਆਂ ਵਿਚ ਲਗਾਤਾਰ ਉਤਸ਼ਾਹ ਵਧਦਾ ਜਾ ਰਿਹਾ ਸੀ, ਪਰ ਅੰਗਰੇਜ਼ੀ ਸਰਕਾਰ ਇਸ ਮੋਰਚੇ ਤੋਂ ਤੰਗ ਆ ਚੁੱਕੀ ਸੀ। ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਉਸ ਨੇ ਇਸ ਦਾ ਕੋਈ ਹੀਲਾ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਅੰਗਰੇਜ਼ੀ ਸਰਕਾਰ ਦਾ ਧਿਆਨ ਰਾਇ ਬਹਾਦਰ ਸਰ ਗੰਗਾ ਰਾਮ ਵੱਲ ਗਿਆ, ਜਿਸ ਨੂੰ ਸਰਕਾਰ ਨੇ ਮਹੰਤ ਸੁੰਦਰ ਦਾਸ ਪਾਸੋਂ ਇਕ ਹਜ਼ਾਰ ਰੁਪਏ ਵਿਚ ਜ਼ਮੀਨ ਦਾ ਪਟਾ ਕਰਵਾ ਦਿੱਤਾ ਅਤੇ ਸਰ ਗੰਗਾ ਰਾਮ ਪਾਸੋਂ ਲਿਖਵਾ ਲਿਆ ਕਿ ਉਸ ਨੂੰ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਲੱਕੜਾਂ ਕੱਟਣ ’ਤੇ ਕੋਈ ਇਤਰਾਜ਼ ਨਹੀਂ। ਮਹੰਤ ਸੁੰਦਰ ਦਾਸ ਪਾਸੋਂ ਵੀ ਲਿਖਵਾ ਲਿਆ ਗਿਆ ਕਿ ਉਨ੍ਹਾਂ ਨੂੰ ਗੁਰੂ ਕਾ ਬਾਗ ਵਿਖੇ ਪੁਲਿਸ ਸੁਰੱਖਿਆ ਦੀ ਲੋੜ ਨਹੀਂ, ਇਸ ਲਈ ਉਥੋਂ ਪੁਲਿਸ ਵਾਪਸ ਬੁਲਾ ਲਈ ਜਾਵੇ।

ਮਿਸਟਰ ਐਚ.ਡੀ.ਕ੍ਰੇਕ ਮੁੱਖ-ਸਕੱਤਰ ਪੰਜਾਬ ਸਰਕਾਰ ਨੇ ਸਾਰੀ ਕਾਰਵਾਈ ਦੀ ਰਿਪੋਰਟ ਮਿਸਟਰ ਐਸ.ਪੀ. ਡੋਨਲ ਗ੍ਰਹਿ ਸਕੱਤਰ, ਹਿੰਦ ਸਰਕਾਰ ਨੂੰ ਭੇਜਦੇ ਹੋਏ ਲਿਖਿਆ ਕਿ ਇਸ ਮਾਮਲੇ ਦੇ ਅਜਿਹੇ ਨਿਪਟਾਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਰਾਨ-ਪ੍ਰੇਸ਼ਾਨ ਰਹਿ ਜਾਵੇਗੀ ਅਤੇ ਉਹ ਦੋ ਪ੍ਰਾਈਵੇਟ ਵਿਅਕਤੀਆਂ ਦਰਮਿਆਨ ਹੋਏ ਇਸ ਇਕਰਾਰਨਾਮੇ ਨੂੰ ਸਰਕਾਰ ਦੇ ਹਠ ਦੇ ਰੂਪ ਵਿਚ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਸਕੇਗੀ।

ਹਿੰਦੁਸਤਾਨ ਸਰਕਾਰ ਨੇ ਗੁਰਦੁਆਰਾ ਗੁਰੂ ਕਾ ਬਾਗ ਮਾਮਲੇ ਦੇ ਨਿਪਟਾਰੇ ਦੀ ਸੂਚਨਾ ਸੈਕਟਰੀ ਆਫ ਸਟੇਟ, ਲੰਡਨ ਨੂੰ ਭੇਜੀ। ਅਖੀਰ 18 ਨਵੰਬਰ ਨੂੰ ਸਰਕਾਰ ਨੇ ਗੁਰਦੁਆਰਾ ਗੁਰੂ ਕਾ ਬਾਗ ਵਿੱਚੋਂ ਪੁਲਿਸ ਉਠਾ ਲਈ ਅਤੇ ਉਸ ਦਿਨ ਗ੍ਰਿਫਤਾਰ ਕੀਤੇ 170 ਸਿੰਘ ਉਸੇ ਦਿਨ ਹੀ ਰਿਹਾਅ ਕਰ ਦਿੱਤੇ। ਅਕਾਲੀ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਲੱਕੜਾਂ ਕੱਟਣ ਦਾ ਅਧਿਕਾਰ ਮਿਲ ਗਿਆ। ਇਸ ਤਰ੍ਹਾਂ ਤਿੰਨ ਕੁ ਮਹੀਨਾ ਚੱਲੇ ਇਸ ਮੋਰਚੇ ਦਾ ਅੰਤ ਹੋ ਗਿਆ। ਅਖੀਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਥਾਈ ਰੂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆ ਗਿਆ।

ਇਸ ਮੋਰਚੇ ਦੌਰਾਨ ਤਸ਼ੱਦਦ ਕਾਰਨ ਤਕਰੀਬਨ 10 ਸਿੰਘ ਸ਼ਹੀਦੀਆਂ ਪਾ ਗਏ। 4 ਸਤੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਦੇ ਨੇੜਲੇ ਪਿੰਡ ਤੇੜਾ, ਸ. ਭਗਤ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਸ. ਭਾਗ ਸਿੰਘ ਅਤੇ ਸ. ਆਸਾ ਸਿੰਘ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ; ਜਿਹੜੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ।

ਉਨ੍ਹਾਂ ਉੱਪਰ ਦੋਸ਼ ਲਗਾਇਆ ਗਿਆ ਕਿ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਲੰਗਰ ਲਈ ਰਸਦ ਭੇਜਣ ਵਿਚ ਇਨ੍ਹਾਂ ਦਾ ਹੱਥ ਹੈ। ਇਸ ਤਸ਼ੱਦਦ ਕਾਰਨ ਤਿੰਨੇ ਜਣੇ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਵਿੱਚੋਂ ਸ. ਭਗਤ ਸਿੰਘ 4 ਸਤੰਬਰ ਨੂੰ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋ ਗਏ। ਇਸ ਤਰ੍ਹਾਂ ਇਹ ਮੋਰਚਾ ਗੁਰਦੁਆਰਾ ਗੁਰੂ ਕਾ ਬਾਗ ਦੇ ਪਹਿਲੇ ਸ਼ਹੀਦ ਬਣੇ। 6 ਸਤੰਬਰ ਨੂੰ ਜਦ ਗੁਰਦੁਆਰਾ ਸਾਹਿਬ ਵਿਖੇ ਹੀ ਇਨ੍ਹਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਨ੍ਹਾਂ ਦੇ ਪੁੱਤਰ ਸ. ਤਾਰਾ ਸਿੰਘ ਵੀ ਜ਼ਿਆਦਾ ਜ਼ਖ਼ਮੀ ਹੋਣ ਕਰਕੇ ਸ਼ਹੀਦੀ ਪਾ ਗਏ।

5 ਸਤੰਬਰ ਨੂੰ ਲਾਇਲਪੁਰ ਅਕਾਲੀ ਜਥੇ ਦੇ ਆਗੂ 28 ਸਾਲਾਂ ਦੇ ਨੌਜੁਆਨ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਵਿਦਿਆਰਥੀ ਸ. ਪ੍ਰਿਥੀਪਾਲ ਸਿੰਘ ਪੁੱਤਰ ਸੂਬੇਦਾਰ ਨਿਹਾਲ ਸਿੰਘ ਦੇ ਪੁੱਤਰ ਸਨ, ਉਨ੍ਹਾਂ ਉੱਤੇ ਵੀ ਅੰਨ੍ਹੇਵਾਹ ਤਸ਼ੱਦਦ ਢਾਹਿਆ ਗਿਆ, ਜਿਸ ਕਰਕੇ ਸਰੀਰ ਉੱਪਰ 13 ਗਹਿਰੇ ਜ਼ਖ਼ਮਾਂ ਦੇ ਨਿਸ਼ਾਨ ਸਨ, ਜਿਨ੍ਹਾਂ ਕਰਕੇ ਉਹ ਗੁਰੂ ਰਾਮਦਾਸ ਹਸਪਤਾਲ ਵਿਖੇ ਤਕਰੀਬਨ ਪੌਣੇ ਦੋ ਸਾਲ ਜ਼ਿੰਦਗੀ-ਮੌਤ ਦੀ ਲੜਾਈ ਲੜਕੇ 2 ਅਪ੍ਰੈਲ 1924 ਈ. ਨੂੰ ਸ਼ਹੀਦੀ ਪਾ ਗਏ। 30 ਅਕਤੂਬਰ ਨੂੰ ਇਸ ਮੋਰਚੇ ਦੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਅਟਕ ਜ਼ੇਲ੍ਹ ਵਿਚ ਬੰਦ ਕਰਨ ਲਈ ਲਿਜਾ ਰਹੀ ਰੇਲ ਗੱਡੀ ਨੂੰ ਸਿੰਘਾਂ ਦੀ ਸੇਵਾ ਕਰਨ ਦੇ ਆਸ਼ੇ ਨਾਲ ਰੋਕਦਿਆਂ ਹੋਇਆਂ ਭਾਈ ਕਰਮ ਸਿੰਘ ਵਾਸੀ ਸ੍ਰੀ ਅਨੰਦਪੁਰ ਸਾਹਿਬ ਅਤੇ ਭਾਈ ਪ੍ਰਤਾਪ ਸਿੰਘ ਮੈਨੇਜਰ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸ਼ਹੀਦ ਹੋ ਗਏ। ਭਾਈ ਹਰੀ ਸਿੰਘ 9 ਨਵੰਬਰ 1922 ਨੂੰ ਅੰਮ੍ਰਿਤਸਰ ਜ਼ੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਅਗਲੇ ਦਿਨ, ਭਾਈ ਹਰਦਿੱਤ ਸਿੰਘ ਅੱਡੇਵਾਲ (ਜਲੰਧਰ) 29 ਨਵੰਬਰ 1922 ਈ. ਨੂੰ ਲਾਹੌਰ ਜ਼ੇਲ੍ਹ ਵਿਚ, ਭਾਈ ਜਵਾਲਾ ਸਿੰਘ ਪੰਜੋਲਾ (ਹੁਸ਼ਿਆਰਪੁਰ) ਅਤੇ ਭਾਈ ਬਿਸ਼ਨ ਸਿੰਘ ਸੋਹਲ (ਗੁਰਦਾਸਪੁਰ) 6 ਦਸੰਬਰ 1922 ਨੂੰ ਅਟਕ ਜ਼ੇਲ੍ਹ ਵਿਚ ਬਿਮਾਰੀਆਂ ਨਾਲ ਜੂਝਦੇ ਹੋਏ ਸ਼ਹੀਦੀ ਪਾ ਗਏ।

ਇਸ ਸਮੇਂ ਸਿੱਖ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ ਉੱਪਰ ਬੜਾ ਉਤਸ਼ਾਹਜਨਕ ਹੁੰਗਾਰਾ ਦਿੱਤਾ ਗਿਆ। ਇਸ ਮੋਰਚੇ ਦੇ ਸੰਬੰਧ ਵਿਚ ਤਿੰਨ ਲੱਖ ਰੁਪਏ ਇਕੱਤਰ ਹੋਏ, ਜਿਨ੍ਹਾਂ ਵਿੱਚੋਂ ਤਿੰਨ ਹਜ਼ਾਰ ਰੁਪਏ ਰੋਜ਼ਾਨਾ ਫੱਟੜ ਸਿੰਘਾਂ ਦੀ ਸੇਵਾ ’ਤੇ ਖਰਚ ਕੀਤਾ ਜਾਂਦਾ ਸੀ ਪਰ ਨਾ ਤਾਂ ਆਦਮੀਆਂ ਦੀ ਕਮੀ ਸੀ ਅਤੇ ਨਾ ਹੀ ਰੁਪਏ ਦੀ ਤੋਟ ਆਈ।

ਇਹ ਮੋਰਚਾ ਬਹੁਤ ਹੀ ਘੱਟ ਸਮੇਂ ਵਿਚ ਸਾਰਥਿਕ ਨਤੀਜਾ ਪ੍ਰਾਪਤ ਕਰਨ ਵਾਲਾ ਇਕ ਐਸਾ ਸ਼ਾਂਤਮਈ ਅੰਦੋਲਨ ਹੋ ਨਿਬੜਿਆ, ਜਿਸ ਨੇ ਸਮੁੱਚੇ ਹਿੰਦੁਸਤਾਨੀਆਂ ਦੇ ਮਨਾਂ ਅੰਦਰ ਰਾਸ਼ਟਰੀ ਪੱਧਰ ’ਤੇ ਚੱਲ ਰਹੇ ਅਜ਼ਾਦੀ ਦੇ ਅੰਦੋਲਨ ਪ੍ਰਤੀ ਰੁਚੀ ਪੈਦਾ ਕਰ ਦਿੱਤੀ। ਇਸ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕਾਂ ਨੇ ਅਕਾਲੀ ਸਿੰਘਾਂ ਦੀ ਬਹਾਦਰੀ ਦੇ ਸੋਹਲੇ ਗਾਏ। ਇਨਕਲਾਬੀ ਲੇਖਕ ਸੱਯਦ ਹਬੀਬ, ਸੰਪਾਦਕ ‘ਸਿਆਸਤ’ ਅਖ਼ਬਾਰ ਨੇ ਲਿਖਿਆ:

ਬਹਾਦਰੀ ਮੇਂ ਵੁਹ ਯੁਕਤਾ ਹੈ ਲੇਕਿਨ, ਨਹੀਂ ਹੈ ਕੁਵੱਤੇ ਬਰਦਾਸ਼ਤ ਮੇਂ ਭੀ ਅਕਾਲੀ ਸਿੱਖ।

ਲਾਲਾ ਲਾਜਪਤ ਰਾਏ ਦੇ ਅਖ਼ਬਾਰ ‘ਬੰਦੇ ਮਾਤਰਮ’ ਦੇ ਸ਼ਬਦ ਸਨ:

ਨੁਸਰਤ ਹਮ ਰਕਾਬ ਉਠਾਓ ਜਿੱਧਰ ਕਦਮ,
ਤੁਮਕੋ ਮਿਲੇਗਾ ਫਤਹਿ ਕਾ ਤਮਗਾ ਅਕਾਲੀਓ।
ਸ੍ਵੈਰਾਜ ਕਾ ਜੋ ਰਾਜ ਹੈ ਆਪਨੇ ਦੇਸ਼ ਮੇਂ,
ਹੋਗਾ ਤੁਮ੍ਹਾਰਾ ਹਾਥ ਮੇਂ ਝੰਡਾ ਅਕਾਲੀਓ।

‘ਦਰਪਨ’ ਅਖ਼ਬਾਰ ਵਿਚ ਇਕ ਮੁਸਲਮਾਨ ਕਵੀ ਦੀ ਨਜ਼ਮ ਛਪੀ ਸੀ:

‘ਮੁਝੇ ਹੈਰਤ ਹੈ ਕਿ ਕਿਉਂ ਗਿਰ ਨਾ ਪੜਾ ਤੂੰ ਚਕਰਾ ਕਰ,
ਜ਼ੁਲਮ ਜਬ ਹੋਤੇ ਹੂਏ ਦੇਖੇ ਨਿਰਾਲਾ ਤੂ ਨੇ।
ਕੌਮ ਕੇ ਹਾਥ ਲਰਜ਼ਨੇ ਥੇ ਆਕਾਲੀ ਸ਼ਾਬਾਸ਼,
ਖੂਬ ਸ੍ਵੈਰਾਜੀਏ ਕੋ ਝੰਡੇ ਕੋ ਸੰਭਾਲਾ ਤੂ ਨੇ।’

ਇਸ ਮੋਰਚੇ ਦੀ ਦਰਦਨਾਕ ਝਾਕੀ ਨੂੰ ਬਿਆਨ ਕਰਦਿਆਂ ਸਰੀਰ ਦੇ ਲੂ- ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਅਕਾਲੀ ਸਿੰਘਾਂ ਵੱਲੋਂ ਇਹ ਅਸਹਿ ਅਤੇ ਅਕਹਿ ਤਸੀਹੇ ਸਹਿ ਕੇ ਸਮੁੱਚੇ ਸੰਸਾਰ ਅੰਦਰ ਇਕ ਮਿਸਾਲ ਪੈਦਾ ਕਰ ਦਿੱਤੀ। ਇਸ ਪਿੱਛੇ ਅਕਾਲੀ ਸਿੰਘਾਂ ਵੱਲੋਂ ਗੁਰੂ ਸਾਹਿਬ ਅੱਗੇ ਕੀਤੀ ਅਰਦਾਸ ਅਤੇ ਪ੍ਰਣ ਸੀ, ਜਿਸ ਨੂੰ ਤੋੜ ਨਿਭਾਉਣ ਵਿਚ ਉਹ ਆਪਣੀ ਸ਼ਾਨ ਸਮਝਦੇ ਸਨ। ਦੂਜਾ ਉਨ੍ਹਾਂ ਸਾਹਮਣੇ ਆਪਣੇ ਤੋਂ ਪਹਿਲਾਂ ਤੋਂ ਹੋ ਚੁੱਕੇ ਸ਼ਹੀਦਾਂ ਵੱਲੋਂ ਸਿਰਜਿਆ ਇਤਿਹਾਸ ਸੀ, ਜਿਸ ਤੋਂ ਉਨ੍ਹਾਂ ਨੂੰ ਇਹ ਪ੍ਰੇਰਨਾ ਮਿਲੀ ਕਿ ਸਿੱਖੀ ਦਾ ਮਾਰਗ ਹੀ ਸ਼ਹੀਦੀ ਦਾ ਮਾਰਗ ਹੈ, ਜਿਸ ਉੱਪਰ ਸਿੱਖ ਨੇ ਸ਼ਹੀਦੀ ਦੇ ਅੱਗੇ ਹੋ ਕੇ ਚੱਲਣਾ ਹੈ ਅਤੇ ਮੌਤ ਨੂੰ ਜਿੱਤਣ ਤੋਂ ਪਹਿਲਾਂ ਉਸ ਨੂੰ ਮਖੌਲ ਕਰਨ ਦੀ ਜਾਚ ਹਰ ਸਿੱਖ ਨੂੰ ਸਿੱਖ ਲੈਣੀ ਚਾਹੀਦੀ ਹੈ।

ਸ੍ਰੋਤ ਸਮੱਗਰੀ :

1. ਰੋਜ਼ਨਾਮਚਾ ਮੋਰਚਾ ਗੁਰੂ ਕਾ ਬਾਗ-ਸੰਪਾਦਕ, ਡਾ. ਗੁਰਦੇਵ ਸਿੰਘ ਸਿੱਧੂ
2. ਅਕਾਲੀ ਲਹਿਰ-ਗਿਆਨੀ ਪ੍ਰਤਾਪ ਸਿੰਘ
3. ਅਕਾਲੀ ਮੋਰਚੇ ਅਤੇ ਝੱਬਰ-ਸ. ਨਰੈਣ ਸਿੰਘ ਐਮ.ਏ.
4. ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ (1920-1925)-ਉਹੀ
5. ਮੋਰਚਾ ਗੁਰੂ ਕਾ ਬਾਗ-ਟ੍ਰੈਕਟ ਨੰ: 7, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪ੍ਰਚਾਰਕ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)