ਭੱਟ ਕੀਰਤ ਜੀ ਅਨੁਸਾਰ ਜਿਨ੍ਹਾਂ ਮਨੁੱਖਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ ਉਨ੍ਹਾਂ ਦਾ ਦੁੱਖ ਤੇ ਦਲਿੱਦਰ ਦੂਰ ਹੋ ਜਾਂਦਾ ਹੈ:
ਗੁਰੁ ਅਮਰਦਾਸੁ ਜਿਨ੍ ਸੇਵਿਅਉ ਤਿਨ੍ ਦੁਖੁ ਦਰਿਦ੍ਰੁ ਪਰਹਰਿ ਪਰੈ॥ (ਪੰਨਾ 1395)
‘ਗੰਜਨਾਮਾ’ ਵਿਚ ਭਾਈ ਨੰਦ ਲਾਲ ਜੀ ਨੇ ਬਿਆਨ ਕੀਤਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਤੇ ਮਿਹਰ ਗਿਣਤੀ ਤੋਂ ਬਾਹਰ ਹੈ:
ਫ਼ਜ਼ਾਲੋ ਕਰਾਮਸ਼ ਫਜ਼ੂੰ ਅਜ਼ ਸ਼ੁਮਾਰ॥67॥
ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਭਾਈ ਤੇਜ ਮੱਲ ਜੀ (ਤੇਜ ਭਾਨ ਜੀ) ਦੇ ਘਰ ਮਾਤਾ ਲੱਛਮੀ (ਸੁਲੱਖਣੀ ਜੀ) ਦੀ ਕੁੱਖੋਂ 9 ਜੇਠ ਸੰਮਤ 1536 ਬਿ. ਮੁਤਾਬਕ 5 ਮਈ, ਸੰਨ 1479, 9 ਜੇਠ ਸੰਮਤ ਨਾਨਕਸ਼ਾਹੀ 11 ਨੂੰ ਪਿੰਡ ਬਾਸਰਕੇ ਦੇ ਸਥਾਨ ਵਿਖੇ ਹੋਇਆ। ਲੱਗਭਗ 23 ਸਾਲ ਦੀ ਉਮਰ ਵਿਚ 11 ਮਾਘ ਸੰਮਤ 1559 ਬਿ. ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਾਦੀ ਸ੍ਰੀ ਦੇਵੀ ਚੰਦ ਜੀ ਦੀ ਸਪੁੱਤਰੀ ਬੀਬੀ ਰਾਮ ਕੌਰ ਜੀ ਦੇ ਨਾਲ ਹੋਈ। ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਦੋ ਸਪੁੱਤਰੀਆਂ ਬੀਬੀ ਦਾਨੀ ਜੀ ਅਤੇ ਭਾਈ ਭਾਨੀ ਜੀ ਅਤੇ ਦੋ ਸਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਪੈਦਾ ਹੋਏ।
ਸ੍ਰੀ ਗੁਰੂ ਅਮਰਦਾਸ ਜੀ ਨੂੰ ਇਕ ਵਾਰ ਵੈਸ਼ਨਵ ਸਾਧੂ ਮਿਲਿਆ। ਆਪ ਜੀ ਉਸ ਨੂੰ ਆਪਣੇ ਨਾਲ ਬਾਸਰਕੇ ਲੈ ਆਏ। ਕੁਝ ਦਿਨਾਂ ਬਾਅਦ ਉਸ ਨੇ ਆਪ ਜੀ ਨੂੰ ਪੁੱਛਿਆ ਕਿ ਆਪ ਦਾ ਗੁਰੂ ਕੌਣ ਹੈ? ਆਪ ਨੇ ਉੱਤਰ ਦਿੱਤਾ ਕਿ ਅਜੇ ਤਕ ਕੋਈ ਗੁਰੂ ਧਾਰਨ ਨਹੀਂ ਕੀਤਾ। ਇਹ ਸੁਣ ਕੇ ਉਸ ਨੇ ਕਿਹਾ, “ਮੈਂ ਤੇਰੇ ਨਿਗੁਰੇ ਦੇ ਹੱਥੋਂ ਖਾਂਦਾ-ਪੀਂਦਾ ਰਿਹਾ ਹਾਂ, ਮੇਰੇ ਸਾਰੇ ਸ਼ੁਭ ਕਰਮ ਨਸ਼ਟ ਹੋ ਗਏ ਹਨ। ਨਿਗੁਰੇ ਦਾ ਤਾਂ ਦਰਸ਼ਨ ਭੀ ਬੁਰਾ ਹੈ।” ਇਹ ਕਹਿ ਕੇ ਉਹ ਸਾਧੂ ਚਲਾ ਗਿਆ ਪਰ ਆਪ ਉੱਤੇ ਇਸ ਘਟਨਾ ਦਾ ਬਹੁਤ ਡੂੰਘਾ ਅਸਰ ਹੋਇਆ।
ਬੀਬੀ ਅਮਰੋ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਬੜੀ ਸ਼ਰਧਾ ਨਾਲ ਉੱਚੀ ਸੁਰ ਨਾਲ ਕਰਿਆ ਕਰਦੇ ਸਨ। ਇਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਜੀ ਦੇ ਮੂੰਹੋਂ ਗੁਰਬਾਣੀ ਦਾ ਪਾਠ ਸੁਣਿਆ ਤਾਂ ਮਨ ਨੂੰ ਚੰਗਾ ਲੱਗਿਆ ਤੇ ਉਨ੍ਹਾਂ ਨੂੰ ਗੁਰੂ-ਦਰਸ਼ਨਾਂ ਦੀ ਖਿੱਚ ਪਈ ਜਿਸ ਕਾਰਨ ਕੁਝ ਸਮੇਂ ਬਾਅਦ ਇਕ ਦਿਨ ਖਡੂਰ ਪਹੁੰਚ ਕੇ ਗੁਰ-ਦਰਬਾਰ ਵਿਚ ਹਾਜ਼ਰ ਹੋਏ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ। ਮਨ ਨੂੰ ਸ਼ਾਂਤੀ ਹੋਈ। ਆਪ ਜੀ ਦੀ ਉਮਰ ਉਸ ਵੇਲੇ 62 ਸਾਲਾਂ ਦੀ ਸੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ 36 ਵਰ੍ਹੇ ਦੀ। ਗੁਰ-ਦਰਬਾਰ ਵਿਚ ਸਤਿਸੰਗਤ ਦੀ ਭੀੜ ਤੇ ਨਾਮ-ਬਾਣੀ ਦਾ ਅਖੰਡ ਪ੍ਰਵਾਹ ਚੱਲਦਾ ਦੇਖ ਕੇ ਫਿਰ ਵਾਪਸ ਨਾ ਗਏ ਤੇ ਉਥੇ ਹੀ ਗੁਰੂ ਜੀ ਤੇ ਸੰਗਤਾਂ ਦੀ ਸੇਵਾ ਕਰਨ ਲੱਗ ਪਏ। ਹਰ ਰੋਜ਼ ਸਵੇਰੇ ਉੱਠ ਕੇ ਦਰਿਆ ਬਿਆਸ ਵਿੱਚੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਆਪਣੇ ਹੱਥੀਂ ਬੜੀ ਸ਼ਰਧਾ-ਭਾਵ ਨਾਲ ਗੁਰੂ ਜੀ ਨੂੰ ਇਸ਼ਨਾਨ ਕਰਵਾਉਣਾ ਉਨ੍ਹਾਂ ਦਾ ਨਿੱਤ-ਕਰਮ ਸੀ। ਇਸ਼ਨਾਨ ਕਰਵਾਉਣ ਦੀ ਸੇਵਾ ਤੋਂ ਵਿਹਲੇ ਹੋ ਕੇ ਆਪ ਦਿਨ-ਰਾਤ ਲੰਗਰ ਦੀ ਸੇਵਾ ਵਿਚ ਲੱਗੇ ਰਹਿੰਦੇ। ਇਸ ਤਰ੍ਹਾਂ ਗੁਰੂ ਜੀ ਦੀ ਤੇ ਸੰਗਤ ਦੀ ਸੇਵਾ ਕਰਦਿਆਂ ਬਾਰ੍ਹਾਂ ਕੁ ਸਾਲ ਹੋ ਗਏ। ਜਨਵਰੀ ਸੰਨ 1552 ਵਿਚ ਸਰਦੀ ਪੂਰੇ ਜ਼ੋਰਾਂ ’ਤੇ ਸੀ। ਇਕ ਰਾਤ ਹਨੇਰੇ ਵਿਚ ਦਰਿਆ ਬਿਆਸ ਵਿੱਚੋਂ ਪਾਣੀ ਲੈ ਕੇ ਆਉਂਦੇ ਹੋਏ ਰਸਤੇ ਵਿਚ ਜੁਲਾਹਿਆਂ ਦੀ ਖੱਡੀ ਵਾਲੀ ਕਿੱਲੀ ਨਾਲ ਅੜ ਕੇ ਡਿੱਗ ਪਏ ਤੇ ਸੱਟ ਲੱਗਣ ਦੇ ਬਾਵਜੂਦ ਵੀ ਗਾਗਰ ਵਿੱਚੋਂ ਪਾਣੀ ਨਾ ਡੁੱਲ੍ਹਣ ਦਿੱਤਾ। ਖੜਾਕ ਸੁਣ ਕੇ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਬਾਹਰ ਨਿਕਲ ਕੇ ਵੇਖਣ ਵਾਸਤੇ ਕਿਹਾ। ਜੁਲਾਹੀ ਸਰਦੀ ਵਿਚ ਬਾਹਰ ਨਿਕਲੀ ਤੇ ਦੇਖ ਕੇ ਉਸ ਨੇ ਖਰ੍ਹਵੀ ਆਵਾਜ਼ ਵਿਚ ਗੁੱਸਾ ਕੱਢਦਿਆਂ ਕਿਹਾ, “ਅਮਰੂ ਨਿਥਾਵਾਂ ਹੈਗਾ ਏ, ਜਿਸ ਨੂੰ ਨਾ ਦਿਨੇ ਚੈਨ ਤੇ ਨਾ ਰਾਤ ਨੂੰ ਆਰਾਮ। ਰੋਟੀ ਬਦਲੇ ਕੁੜਮਾਂ ਦੇ ਬੂਹੇ ’ਤੇ ਰੁਲਦਾ ਪਿਆ ਏ।”
ਸ੍ਰੀ ਗੁਰੂ ਅਮਰਦਾਸ ਜੀ ਦੇ ਮੂੰਹੋਂ ਨਿਕਲਿਆ, “ਓ ਝੱਲੀਏ! ਅਮਰੂ ਨਿਥਾਵਾਂ ਕਿਵੇਂ ਹੋਇਆ? ਮੇਰੇ ਸਿਰ ਉੱਤੇ ਮੇਰਾ ਗੁਰੂ ਹੈ। ਗੁਰੂ ਵਾਲੇ ਨਿਥਾਵੇਂ ਨਹੀਂ ਹੁੰਦੇ।” ਸ੍ਰੀ (ਗੁਰੂ) ਅਮਰਦਾਸ ਜੀ ਨੂੰ ਆਪਣੇ ਗੁਰੂ (ਸ੍ਰੀ ਗੁਰੂ ਅੰਗਦ ਦੇਵ ਜੀ) ’ਤੇ ਬਹੁਤ ਮਾਣ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਸ੍ਰੀ (ਗੁਰੂ) ਅਮਰਦਾਸ ਜੀ ਨੂੰ ਛਾਤੀ ਨਾਲ ਲਾ ਲਿਆ ਤੇ ਸੰਗਤ ਨੂੰ ਸੰਬੋਧਨ ਕਰ ਕੇ ਕਿਹਾ, “ਅਮਰੂ ਨਿਥਾਵਾਂ ਨਹੀਂ, ਇਹ ਨਿਥਾਵਿਆਂ ਦੀ ਥਾਂ, ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ ਹਨ। ਹੁਣ ਤੋਂ (ਗੁਰੂ) ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹੋਏ। ਉਨ੍ਹਾਂ ਨੇ ਸੇਵਾ ਕਰ ਕੇ ਸਾਥੋਂ ਪ੍ਰਾਪਤ ਕਰ ਲਈ ਹੈ।” ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਆਪ ਗੁਰਗੱਦੀ ਉੱਤੇ 3 ਵੈਸਾਖ 1609 ਬਿ., ਨਾਨਕਸ਼ਾਹੀ ਸੰਮਤ 84 ਵਾਲੇ ਦਿਨ ਬੈਠੇ।“
ਗੋਇੰਦਵਾਲ ਵਸਾਉਣਾ :
ਭਾਈ ਗੋਂਦਾ ਮੱਲ ਜੀ ਦੇ ਅਰਜ਼ ਕਰਨ ’ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ (ਗੁਰੂ) ਅਮਰਦਾਸ ਜੀ ਨੂੰ ਗੋਇੰਦਵਾਲ ਜਾਣ ਦਾ ਹੁਕਮ ਦਿੱਤਾ। ਉਸ ਸਮੇਂ ਗੋਇੰਦਵਾਲ ਟਿੱਬਾ ਸੀ ਤੇ ਉਜਾੜ ਪਿਆ ਸੀ। ਸ੍ਰੀ ਗੁਰੂ ਅਮਰਦਾਸ ਜੀ ਭਾਈ ਗੋਂਦੇ ਨਾਲ ਉੱਥੇ ਗਏ ਤੇ ਨਾਮ-ਬਾਣੀ ਦੇ ਪ੍ਰਤਾਪ ਨਾਲ ਨਵਾਂ ਨਗਰ ਵਸਾ ਕੇ ਉਸ ਦਾ ਨਾਮ ਗੋਂਦਵਾਲ (ਗੋਇੰਦਵਾਲ) ਰੱਖ ਦਿੱਤਾ। ਥੋੜ੍ਹੇ ਚਿਰ ਵਿਚ ਹੀ ਗੋਇੰਦਵਾਲ ਘੁੱਗ ਵੱਸਣ ਲੱਗਾ ਤੇ ਉਥੋਂ ਦੀ ਰੌਣਕ ਵਧ ਗਈ। ਸ੍ਰੀ ਗੁਰੂ ਅੰਗਦ ਦੇਵ ਜੀ ਖ਼ੁਦ ਖਡੂਰੋਂ ਚੱਲ ਕੇ ਉੱਥੇ ਅਸ਼ੀਰਵਾਦ ਦੇਣ ਲਈ ਆਏ।
ਜਾਤ-ਪਾਤ ਨਾ ਮੰਨਣਾ:
ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਜਾਤ-ਪਾਤ ਨਹੀਂ ਸਨ ਮੰਨਦੇ। ਆਪ ਕੁਰੂਕਸ਼ੇਤਰ ਨੂੰ ਜਾਣ ਸਮੇਂ ਪਿੰਡ ਡੱਲੇ (ਦੁਆਬ ਜਲੰਧਰ) ਵਿਚ ਠਹਿਰੇ ਹੋਏ ਸਨ। ਭਾਈ ਪ੍ਰਿਥੀ ਚੰਦ ਤੇ ਭਾਈ ਤੁਲਸਾ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਆਏ। ਉਨ੍ਹਾਂ ਕਿਹਾ-ਮਹਾਰਾਜ! ਆਪ ਵੀ ਭੱਲੇ ਖੱਤਰੀ ਤੇ ਅਸੀਂ ਵੀ ਭੱਲੇ ਖੱਤਰੀ ਹਾਂ। ਅਸੀਂ ਇਕ ਗੋਤ ਦੇ ਹਾਂ, ਸੋ ਸਾਨੂੰ ਤੁਹਾਡੇ ਉੱਤੇ ਮਾਣ ਹੈ ਤੇ ਤੁਹਾਡੇ ’ਤੇ ਸਾਡਾ ਵਧੇਰੇ ਹੱਕ ਹੈ। ਗੁਰੂ ਸਾਹਿਬ ਨੇ ਕਿਹਾ- ਸਾਡੀ ਤਾਂ ਕੋਈ ਜਾਤ-ਗੋਤ ਨਹੀਂ, ਅਸੀਂ ਕੇਵਲ ਇਨਸਾਨ ਹਾਂ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਹਾਂ। ਕੋਲ ਹੀ ਇਕ ਪੰਡਿਤ ਸੀ ਜਿਸ ਨੇ ਕਿਹਾ- ਮਹਾਰਾਜ! ਫਿਰ ਵੀ ਜਨਮ ਕਰਕੇ ਕੋਈ ਜਾਤ ਤਾਂ ਹੁੰਦੀ ਹੈ ਤੇ ਉੱਚੀ ਜਾਤ ਵਾਲੇ ਨੂੰ ਉਸ ’ਤੇ ਮਾਣ ਵੀ ਹੋਣਾ ਹੋਇਆ। ਗੁਰੂ ਸਾਹਿਬ ਨੇ ਕਿਹਾ ਕਿ ਜਦ ਇੱਕ ਈਸ਼ਵਰ ਦੀ ਰਚਨਾ ਰਾਹੀਂ ਸਾਰੇ ਪ੍ਰਾਣੀ ਪੰਜਾਂ ਤੱਤਾਂ ਦੇ ਬਣੇ ਹਨ ਤਾਂ ਫਿਰ ਉਨ੍ਹਾਂ ਵਿੱਚੋਂ ਕੋਈ ਉੱਚਾ ਜਾਂ ਨੀਵਾਂ ਕਿਵੇਂ ਹੋਇਆ?
ਬਾਉਲੀ ਸਾਹਿਬ ਦੀ ਰਚਨਾ :
ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1616 ਬਿ. ਵਿਚ ਬਾਉਲੀ ਸਾਹਿਬ ਦਾ ਪਾੜ ਪੁਟਾਉਣਾ ਸ਼ੁਰੂ ਕੀਤਾ ਤੇ ਲੱਗਭਗ ਛੇ ਸਾਲ ਇਹ ਕੰਮ ਚੱਲਦਾ ਰਿਹਾ। ਸੰਮਤ 1621 ਵਿਚ ਇਹ ਕੰਮ ਸਿਰੇ ਚੜ੍ਹਿਆ। ਬਾਉਲੀ ਬਣਨ ਸਾਰ ਹੀ ਇਸ ਅਸਥਾਨ ਦੀ ਰੌਣਕ ਹੋਰ ਵੀ ਵਧ ਗਈ।
ਗੁਰਦੁਆਰਾ ਹਵੇਲੀ ਸਾਹਿਬ :
ਇਸ ਅਸਥਾਨ ’ਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਰਿਹਾਇਸ਼ ਸੀ। ਗੁਰੂ ਸਾਹਿਬ ਇਸ ਸਥਾਨ ’ਤੇ ਰੋਜ਼ ਦੀਵਾਨ ਲਗਾਉਂਦੇ ਸਨ ਤੇ ਮਕਾਨ ਦੀ ਕੰਧ ਵਿਚ ਗੱਡੀ ਹੋਈ ਕਿੱਲੀ ਨੂੰ ਫੜ ਕੇ ਤਪੱਸਿਆ ਕਰਦੇ ਸਨ।
ਸਤੀ ਦੀ ਰਸਮ ਦਾ ਵਿਰੋਧ:
ਸਤੀ ਦੀ ਰਸਮ ਅਨੁਸਾਰ ਇਸਤਰੀ ਨੂੰ ਆਪਣੇ ਮਰ ਗਏ ਪਤੀ ਦੀ ਚਿਖਾ ਵਿਚ ਪੈ ਕੇ ਜਿਊਂਦੇ ਸੜਨਾ ਪੈਂਦਾ ਸੀ। ਗੁਰੂ ਜੀ ਨੇ ਡੱਟ ਕੇ ਇਸ ਦਾ ਵਿਰੋਧ ਕੀਤਾ।
ਲੰਗਰ ਵਿਚ ਪੰਗਤ :
ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਂਝੇ ਲੰਗਰ ਦੀ ਮਰਯਾਦਾ ਚਲਾਈ। ਸ੍ਰੀ ਗੁਰੂ ਅੰਗਦ ਦੇਵ ਜੀ ਵੀ ਗੁਰੂ ਕਾ ਲੰਗਰ ਉਨ੍ਹਾਂ ਲੀਹਾਂ ਉੱਤੇ ਚਲਾਉਂਦੇ ਰਹੇ। ਸ੍ਰੀ ਗੁਰੂ ਅਮਰਦਾਸ ਜੀ ਨੇ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਣਾ ਹਰ ਇਕ ਵਾਸਤੇ ਲਾਜ਼ਮੀ ਕਰਾਰ ਦੇ ਦਿੱਤਾ। ਉੱਚੀ ਜਾਤੀ ਦੇ ਅਭਿਮਾਨੀ ਕੀਰਤਨ ਸੁਣਦੇ, ਗੁਰੂ ਜੀ ਦੇ ਵਿਚਾਰ ਸੁਣਦੇ ਪਰ ਜਦੋਂ ਲੰਗਰ ਛਕਣ ਦਾ ਸਮਾਂ ਆਉਂਦਾ, ਉੱਠ ਕੇ ਚਲੇ ਜਾਂਦੇ। ਗੁਰਦੇਵ ਨੇ ਇਹ ਵੇਖ ਕੇ ਹੁਕਮ ਦਿੱਤਾ ਕਿ ਸਾਡਾ ਦਰਸ਼ਨ ਉਹੀ ਕਰ ਸਕੇਗਾ, ਜਿਹੜਾ ਪਹਿਲੇ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕੇਗਾ। ਸੰਨ 1565 ਈ. ਵਿਚ ਬਾਦਸ਼ਾਹ ਅਕਬਰ ਗੋਇੰਦਵਾਲ ਸਾਹਿਬ ਆਇਆ ਤਾਂ ਉਸ ਨੇ ਵੀ ਪੰਗਤ ਵਿਚ ਬੈਠ ਕੇ ਬਾਕੀਆਂ ਵਾਂਗ ਲੰਗਰ ਛਕਿਆ। ਬਾਦਸ਼ਾਹ ਅਕਬਰ ਇਹ ਦੇਖ ਕੇ ਬਹੁਤ ਪ੍ਰਸੰਨ ਹੋਇਆ ਕਿ ਗੁਰੂ ਕੇ ਲੰਗਰ ਵਿਚ ਬਾਦਸ਼ਾਹ ਜਾਂ ਫ਼ਕੀਰ ਤੇ ਊਚ-ਨੀਚ ਵਾਸਤੇ ਕੋਈ ਵਿਤਕਰਾ ਨਹੀਂ। ਲੰਗਰ ਛਕਣ ਪਿੱਛੋਂ ਬਾਦਸ਼ਾਹ ਅਕਬਰ ਗੁਰੂ ਜੀ ਦੇ ਦਰਸ਼ਨ ਕਰਨ ਗਿਆ। ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਕਹਿਣ ’ਤੇ ਜਜ਼ੀਆ ਮਾਫ਼ ਕਰ ਦਿੱਤਾ ਤੇ ਕਿਸੇ ਨੂੰ ਵੀ ਸਤੀ ਕਰਨਾ ਕਾਨੂੰਨ ਵਿਰੁੱਧ ਕਰਾਰ ਦਿੱਤਾ।
ਗੁਰਸਿੱਖੀ ਦਾ ਪ੍ਰਚਾਰ :
ਗੁਰਸਿੱਖੀ ਦੇ ਪ੍ਰਚਾਰ ਦਾ ਪੱਕਾ ਪ੍ਰਬੰਧ ਕਰਨ ਲਈ ਆਪ ਜੀ ਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿਚ ਵੰਡਿਆ। ਹਰੇਕ ਹਿੱਸੇ ਲਈ ਇਕ ਮੁਖੀ ਸਿੱਖ ਪ੍ਰਚਾਰਕ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਜੀ ਨੇ ਪ੍ਰਚਾਰ ਦੇ 52 ਉੱਪ-ਕੇਂਦਰ ਵੀ ਬਣਾਏ, ਜਿਨ੍ਹਾਂ ਨੂੰ ਪੀਹੜੇ ਕਿਹਾ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਸਭ ਜਾਤਾਂ-ਬਰਾਦਰੀਆਂ ਦੇ ਲੋਕ ਧੜਾ-ਧੜ ਸਿੱਖ ਬਣ ਗਏ। ਆਪ ਜੀ ਨੇ ਬੀਬੀਆਂ ਨੂੰ ਵੀ ਪ੍ਰਚਾਰ ਦੀ ਸੇਵਾ ਵਿਚ ਲਾ ਦਿੱਤਾ ਤੇ ਸਿੱਖ ਬੀਬੀਆਂ ਲਈ ਘੁੰਡ ਕੱਢ ਕੇ ਸੰਗਤ ਵਿਚ ਆਉਣ ਦੀ ਮਨਾਹੀ ਕਰ ਦਿੱਤੀ।
ਆਪ ਜੀ ਨੇ ਆਪਣੀ ਸਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਨਾਮ ਦੇ ਸਾਧਾਰਨ ਸਿੱਖ ਨਾਲ ਕੀਤਾ ਅਤੇ ਬੀਬੀ ਭਾਨੀ ਜੀ ਦਾ ਵਿਆਹ ਸ੍ਰੀ ਜੇਠਾ ਜੀ ਨਾਲ ਕੀਤਾ। ਸ੍ਰੀ ਜੇਠਾ ਜੀ ਨੇ ਵੀ ਬਹੁਤ ਸੇਵਾ ਕੀਤੀ ਤੇ ਹਰ ਪ੍ਰੀਖਿਆ ਵਿਚ ਪੂਰੇ ਉਤਰੇ ਤੇ ਗੁਰਿਆਈ ਲਈ ਯੋਗ ਸਾਬਤ ਹੋਏ। ਆਪ ਜੀ ਨੇ ਸੰਨ 1570 ਵਿਚ ਅੰਮ੍ਰਿਤਸਰ ਵਸਾਉਣ ਦਾ ਹੁਕਮ ਸ੍ਰੀ (ਗੁਰੂ) ਰਾਮਦਾਸ ਜੀ (ਸ੍ਰੀ ਜੇਠਾ ਜੀ) ਨੂੰ ਦਿੱਤਾ।
ਪਹਿਲੀ ਸਤੰਬਰ ਸੰਨ 1574 ਨੂੰ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ (ਭਾਈ ਜੇਠਾ ਜੀ) ਨੂੰ ਗੱਦੀ ਸੌਂਪ ਕੇ ਗੋਇੰਦਵਾਲ ਵਿਖੇ ਜੋਤੀ ਜੋਤਿ ਸਮਾ ਗਏ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦੀ ਰਚਨਾ ਵੀ ਕੀਤੀ। ਆਪ ਜੀ ਆਪਣੀ ਬਾਣੀ ਵਿਚ ਫ਼ੁਰਮਾਉਂਦੇ ਹਨ ਕਿ ਜਿਸ ਮਨੁੱਖ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ। ਕੋਈ ਦੁੱਖ-ਵਿਕਾਰ, ਕੋਈ ਕਲੇਸ਼ ਉਸ ਉੱਤੇ ਜ਼ੋਰ ਨਹੀਂ ਪਾ ਸਕਦਾ। ਅਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਉਣ ਵਾਲਿਆਂ ਤੇ ਸੁਣਨ ਵਾਲਿਆਂ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿਚ ਉਨ੍ਹਾਂ ਨੂੰ ਸਤਿਗੁਰੂ ਪ੍ਰਤੱਖ ਦਿੱਸਦਾ ਹੈ:
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥ (ਪੰਨਾ 922)
ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨਾਂ ਅਨੁਸਾਰ ਗੁਰੂ ਦੀ ਸਿੱਖਿਆ ਮੰਨਣ ਵਾਲਾ ਮਨੁੱਖ ਹੀ ਗੁਰੂ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੁੰਦਾ ਹੈ। ਗੁਰੂ ਦੀ ਸੇਵਾ ਤੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਤੀਰਥ-ਇਸ਼ਨਾਨ ਮਨੁੱਖ ਨੂੰ ਸ਼ਾਂਤੀ ਤੇ ਖੁਸ਼ੀ ਨਹੀਂ ਦੇ ਸਕਦੇ। ਸੇਵਾ ਕਰਨ ਸਮੇਂ ਹੰਕਾਰ ਨੂੰ ਦਿਲੋਂ ਕੱਢ ਦੇਣਾ ਚਾਹੀਦਾ ਹੈ। ਜਾਤ-ਪਾਤ ਦੀ ਸਿੱਖ ਧਰਮ ਵਿਚ ਮਨਾਹੀ ਹੈ ਤੇ ਸਿੱਖ ਬੀਬੀਆਂ ਲਈ ਘੁੰਡ ਕੱਢ ਕੇ ਸੰਗਤ ਵਿਚ ਆਉਣਾ ਮਨਮੱਤ ਹੈ। ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਅ ਕੇ ਗੁਰੂ ਦੀਆਂ ਖੁਸ਼ੀਆਂ ਤੇ ਗੁਰੂ ਦੀ ਬਾਣੀ ਰਾਹੀਂ ਹੀ ਅਨੰਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹਾਂ ਤੇ ਜੀਵਨ ਉੱਚਾ ਹੁੰਦਾ ਹੈ।
ਅੰਤ ਵਿਚ ਆਪਣੇ ਵੱਲੋਂ ਕੁਝ ਕਹਿਣ ਦੀ ਬਜਾਏ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਬਦ ਰਾਹੀਂ ਬੇਨਤੀ ਕਰੀਏ ਕਿ (ਹੇ ਪਰਮਾਤਮਾ!) ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ। ਸਾਡੀਆਂ ਭੁੱਲਾਂ ਦਾ ਅੰਤ ਨਹੀਂ ਪੈ ਸਕਦਾ। ਅਸੀਂ ਪਾਪੀ ਹਾਂ, ਗੁਨਹਗਾਰ ਹਾਂ; ਵਾਹਿਗੁਰੂ! ਆਪ ਜੀ ਮਿਹਰ ਕਰ ਕੇ ਸਾਨੂੰ ਬਖਸ਼ ਲਵੋ:
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ॥ (ਪੰਨਾ 416)
ਲੇਖਕ ਬਾਰੇ
# 302, ਕਿਦਵਾਈ ਨਗਰ, ਲੁਧਿਆਣਾ
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/August 1, 2007
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/June 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/July 1, 2008
- ਸ. ਗੁਰਦੀਪ ਸਿੰਘhttps://sikharchives.org/kosh/author/%e0%a8%b8-%e0%a8%97%e0%a9%81%e0%a8%b0%e0%a8%a6%e0%a9%80%e0%a8%aa-%e0%a8%b8%e0%a8%bf%e0%a9%b0%e0%a8%98/September 1, 2010