ਦੁਨੀਆਂ ਵਿਚ ਕਈ ਕੌਮਾਂ ਅਤੇ ਉਨ੍ਹਾਂ ਦੇ ਧਰਮ ਹਨ। ਉਨ੍ਹਾਂ ਦੇ ਧਾਰਮਿਕ ਗ੍ਰੰਥ ਹਨ ਅਤੇ ਧਾਰਮਿਕ ਸਥਾਨ ਹਨ, ਪਰੰਤੂ ਉਸ ਵੱਲੋਂ ਕੀਤਾ ਇਹ ਪਸਾਰਾ ਬਹੁਰੰਗੀ ਹੈ:
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥ (ਪੰਨਾ 1350)
ਹਰ ਧਰਮ ਦੇ ਰਹਿਬਰਾਂ ਨੇ ਆਪਣੇ-ਆਪਣੇ ਸਮੇਂ ਆਪਣੇ ਇਲਾਕਿਆਂ ਦੇ ਲੋਕਾਂ ਦੀ ਅਧਿਆਤਮਕ ਤੌਰ ਉੱਤੇ ਅਗਵਾਈ ਕੀਤੀ। ਬਹੁਤ ਸਾਰੇ ਵਿਚਾਰਕ/ਫ਼ਿਲਾਸਫ਼ਰ ਹੋਏ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰਾਂ ਰਾਹੀਂ ਮਨੁੱਖ ਦੀ ਜ਼ਿੰਦਗੀ ਨੂੰ ਆਰਥਿਕ ਤੌਰ ਉੱਤੇ ਖੁਸ਼ਹਾਲ ਕਰਨ ਲਈ ਸੇਧ ਦਿੱਤੀ। ਅਨੇਕਾਂ ਹੀ ਯੋਧੇ ਅਤੇ ਜਰਨੈਲ ਹੋਏ ਜਿਨ੍ਹਾਂ ਨੇ ਆਪਣੀ ਯੁੱਧ ਵਿੱਦਿਆ, ਯੁੱਧ ਨਿਪੁੰਨਤਾ ਅਤੇ ਬਹਾਦਰੀ ਦੇ ਕਾਰਨਾਮਿਆਂ ਰਾਹੀਂ ਜੰਗਾਂ-ਯੁੱਧਾਂ ਦੇ ਖੇਤਰ ਵਿਚ ਨਵੇਂ ਆਯਾਮ ਕਾਇਮ ਕੀਤੇ। ਵੱਡੇ-ਵੱਡੇ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਆਪਣੀ ਵਿਦਵਤਾ ਦੁਆਰਾ ਦੁਨੀਆਂ ਦੇ ਲੋਕਾਂ ਨੂੰ ਪ੍ਰਭਾਵਿਤ ਅਤੇ ਪੱਥ-ਪ੍ਰਦਰਸ਼ਿਤ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸੰਪੂਰਨ ਕ੍ਰਾਂਤੀਕਾਰੀ ਵਿਚਾਰਧਾਰਾ ਦਿੱਤੀ ਜਿਸ ਦਾ ਆਧਾਰ ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ, ਸੇਵਾ ਅਤੇ ਸਿਮਰਨ ਸੀ। ਇਹ ਮਨੁੱਖ ਦੀ ਸਰਬਪੱਖੀ ਸ਼ਖ਼ਸੀਅਤ ਦੀ ਉਸਾਰੀ ਦਾ ਸਿਧਾਂਤ ਸੀ। ਗੁਰਵਾਕ ਹਨ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਪੰਨਾ 522)
ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥
ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ (ਪੰਨਾ 785)
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ॥ (ਪੰਨਾ 822)
ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ॥
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ॥ (ਪੰਨਾ 83)
ਇਹ ਸਰੀਰਕ ਅਤੇ ਆਤਮਿਕ ਸਾਧਨਾ ਦਾ ਸਿਧਾਂਤ ਹੈ। ਜਿਸ ਤਰ੍ਹਾਂ ਇਕ ਅੰਗਰੇਜ਼ ਲਿਖਾਰੀ ਨੇ ਲਿਖਿਆ ਹੈ, “God has created man in His ownimage.” ਭਾਵ ਰੱਬ ਨੇ ਆਪਣੀ ਹੀ ਸ਼ਕਲ-ਸੂਰਤ ਵਾਲਾ ਮਨੁੱਖ ਪੈਦਾ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਉਸੇ ਨੂੰ “ਸਾਬਤ ਸੂਰਤਿ ਦਸਤਾਰ ਸਿਰਾ”, ਗੁਰਮੁਖ ਅਤੇ ਬ੍ਰਹਮ ਗਿਆਨੀ ਆਖਦੇ ਹਨ। ਦਸਮੇਸ਼ ਪਿਤਾ ਜੀ ਨੇ 1699 ਈ. ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਾ ਕੇ ਅਤੇ ਖੰਡੇ-ਬਾਟੇ ਦੀ ਪਾਹੁਲ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਿਤਵੇ ‘ਸਚਿਆਰ’ ਮਨੁੱਖ ਨੂੰ ਸੀਸ ਭੇਟ ਕਰ ਦੇਣ ਉਪਰੰਤ ਖਾਲਸੇ ਦੀ ਸਾਜਨਾ ਕੀਤੀ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਅਤੇ ਉਨ੍ਹਾਂ ਨੇ ਭਾਈ ਜੇਠਾ ਜੀ ਨੂੰ ਆਪਣਾ ਸਰੂਪ, ਸਿਧਾਂਤ ਬਖਸ਼ ਕੇ ਅਤੇ ਉਨ੍ਹਾਂ ਅੰਦਰ ਅਕਾਲ ਜੋਤਿ ਪ੍ਰਵੇਸ਼ ਕਰਵਾ ਕੇ ਗੁਰੂ ਥਾਪ ਦਿੱਤਾ ਇਸ ਬਾਰੇ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਨੇ ਇਉਂ ਉਚਾਰਨ ਕੀਤਾ ਹੈ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966)
ਇਸ ਤਰ੍ਹਾਂ ਦਸ ਗੁਰੂ ਸਾਹਿਬਾਨ ਭਾਵੇਂ ਸਰੀਰਕ ਤੌਰ ਉੱਤੇ ਵੱਖ-ਵੱਖ ਸਨ ਪਰੰਤੂ ਸਿਧਾਂਤ ਕਰਕੇ ਇਕ ਹੀ ਸਨ ਅਤੇ ਉਨ੍ਹਾਂ ਅੰਦਰ ਇਕ ਅਕਾਲ ਜੋਤਿ ਪ੍ਰਵਰਤਿਤ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੀ ਇਸ ਅਦੁੱਤੀ ਪ੍ਰੇਮ ਖੇਡ ਖੇਡਣ ਵਾਲਿਆਂ ਲਈ ਫ਼ਰਮਾਇਆ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦ ਸਾਹਿਬ’ ਵਿਚ ਇਸ ਬਾਰੇ ਇਉਂ ਫ਼ਰਮਾਇਆ ਹੈ:
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਪੰਨਾ 918)
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫ਼ਰਮਾਇਆ ਹੈ:
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)
ਇਸੇ ਸਿਧਾਂਤ ਅਨੁਸਾਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਨੇ ਸੀਸ ਭੇਟ ਕਰ ਕੇ ਸਿੱਖੀ ਪ੍ਰਾਪਤ ਕੀਤੀ ਅਤੇ ਇਨ੍ਹਾਂ ਗੁਰੂ ਰੂਪ ਹੋਏ ‘ਖਾਲਸਾ ਜੀ’ ਪਾਸੋਂ ਸਰਬੰਸ ਹੀ ਭੇਟ ਕਰਨ ਦੀ ਪੇਸ਼ਕਸ਼ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਉਹ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਸਜ ਗਏ। ਜਿਸ ਤਰ੍ਹਾਂ ਇਹ ਖਾਲਸਾ ਗੁਰੂ ਅੰਦਰ ਸੀ ਅਤੇ ਗੁਰੂ ਖਾਲਸੇ ਅੰਦਰ ਸੀ, ਦੋਵੇਂ ਹੀ ਇਕ ਰੂਪ ਅਤੇ ਇਕ ਦੂਜੇ ਨਾਲ ਓਤ-ਪੋਤ ਸਨ। ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਹ ਖਾਲਸਾ ਸਾਬਤ ਸੂਰਤ ਮਰਦਾਨਾ ਅਤੇ ਸਰਬ ਗੁਣਾਂ ਭਰਪੂਰ ਅਤੇ ਸ਼ੁਭ ਕਰਮਨ ਲਈ ਜੂਝਣ ਵਾਲਾ ਹੈ। ਇਸ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਉਂ ਫ਼ਰਮਾਇਆ ਹੈ:
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥ (ਪੰਨਾ 1084)
ਖਾਲਸੇ ਬਾਰੇ ਇਉਂ ਫ਼ਰਮਾਇਆ ਹੈ:
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮਹਿ ਹਉ ਕਰਉ ਨਿਵਾਸ।
ਖਾਲਸਾ ਮੇਰੋ ਪਿੰਡ ਪ੍ਰਾਨ।
ਖਾਲਸਾ ਮੇਰੀ ਜਾਨ ਕੀ ਜਾਨ।
ਖਾਲਸਾ ਮੇਰੋ ਸਤਿਗੁਰ ਪੂਰਾ।
ਖਾਲਸਾ ਮੇਰੋ ਸੱਜਨ ਸੂਰਾ।(ਸਰਬ ਲੋਹ ਗ੍ਰੰਥ)
ਇਸ ਖਾਲਸੇ ਲਈ ਸਤਿਗੁਰਾਂ ਨੇ ਪੂਰੀ ਜੀਵਨ-ਮਰਯਾਦਾ (ਜੀਵਨ-ਜੁਗਤ) ਨੀਯਤ ਕਰ ਦਿੱਤੀ ਜਿਸ ਨੂੰ ਗੁਰਮਤਿ (ਸਿੱਖ) ਰਹਿਤ ਮਰਯਾਦਾ ਵੀ ਕਿਹਾ ਜਾਂਦਾ ਹੈ। ਸਤਿਗੁਰਾਂ ਨੇ ਸਿੱਖ ਰਹਿਤ ਮਰਯਾਦਾ ਵਿਚ ਕੋਈ ਢਿਲਮੱਠ ਨਹੀਂ ਦਿੱਤੀ ਸਗੋਂ ਆਪ ਨੇ ਸਖ਼ਤੀ ਨਾਲ ਕਿਹਾ ਹੈ ਕਿ:
ਰਹਿਣੀ ਰਹਹਿ ਸੋਈ ਸਿਖ ਮੇਰਾ।
ਉਹ ਸਾਹਿਬ ਮੈਂ ਉਸਕਾ ਚੇਰਾ।
ਦਸਮੇਸ਼ ਪਾਤਸ਼ਾਹ ਨੇ ਖਾਲਸੇ ਨੂੰ ਸੁਚੇਤ ਕਰਦਿਆਂ ਇਹ ਵੀ ਫ਼ਰਮਾਇਆ: –
ਜਬ ਇਹ ਗਹੈ ਬਿਪਰਨ ਕੀ ਰੀਤ।
ਮੈ ਨ ਕਰੋਂ ਇਨ ਕੀ ਪਰਤੀਤ। (ਸਰਬ ਲੋਹ ਗ੍ਰੰਥ)
ਖਾਲਸ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ।(ਗੁਰੂ ਸੋਭਾ)
ਇਸ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਹੀ ਦੇਣ ਸੀ ਕਿ ਭਾਈ ਜੈਤਾ (ਭਾਈ ਜੀਵਨ ਸਿੰਘ) ਰੰਘਰੇਟਾ ਗੁਰੂ ਕਾ ਬੇਟਾ ਹੋ ਨਿਬੜਿਆ। ਭਾਈ ਮੱਖਣ ਸ਼ਾਹ ਲੁਬਾਣੇ ਨੂੰ ਸਤਿਗੁਰਾਂ ਦੀ ਪਛਾਣ ਕਰਨ ਦਾ ਮਾਣ ਮਿਲਿਆ। ਭਾਈ ਲੱਖੀ ਸ਼ਾਹ ਵਣਜਾਰੇ ਨੂੰ ਸਤਿਗੁਰਾਂ ਦੀ ਪਵਿੱਤਰ ਦੇਹ ਦਾ ਸਸਕਾਰ ਕਰਨ ਦਾ ਮਾਣ ਪ੍ਰਾਪਤ ਹੋਇਆ।
ਭਾਈ ਸੰਗਤ ਸਿੰਘ ਜੀ ਨੂੰ ਸਤਿਗੁਰਾਂ ਨੇ ਆਪਣੀ ਜਿਗ੍ਹਾ, ਕਲਗੀ, ਪੁਸ਼ਾਕ, ਸ਼ਸਤਰ ਦੀ ਬਖਸ਼ਿਸ਼ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਸਾਰੀ ਲੋਕਾਈ ਨੂੰ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਸਮਝਦਾ ਹੈ। ਇਹ ਜਾਤ-ਪਾਤ, ਊਚ-ਨੀਚ, ਵਰਣ-ਵੰਡ ਵਿਚ ਵਿਸ਼ਵਾਸ ਨਹੀਂ ਰੱਖਦਾ। ਹਰ ਮਨੁੱਖ ਨੂੰ ਆਪਣੇ-ਆਪਣੇ ਧਰਮ ਦੇ ਪੈਰੋਕਾਰ ਅਤੇ ਆਪਣੇ ਧਾਰਮਿਕ ਅਸੂਲਾਂ ਵਿਚ ਪਰਪੱਕ ਹੋਣ ਲਈ ਪ੍ਰੇਰਦਾ ਹੈ। ਇਹ ਫ਼ਲਸਫ਼ਾ ਰੱਬ ਦੀ ਸਾਂਝੀਵਾਲਤਾ, ਸਹਿਹੋਂਦ, ਮਨੁੱਖੀ ਬਰਾਬਰੀ ਅਤੇ ਧਾਰਮਿਕ ਸਹਿਣਸ਼ੀਲਤਾ ਵਿਚ ਵਿਸ਼ਵਾਸ ਰੱਖਦਾ ਹੈ। ਜਬਰੀ ਧਰਮ-ਤਬਦੀਲੀ ਦੇ ਸਖ਼ਤ ਵਿਰੁੱਧ ਹੈ। ਕੇਵਲ ਜਾਬਰ, ਜ਼ਾਲਮ, ਅਨਿਆਇ, ਧੱਕੇ ਅਤੇ ਨਾ-ਬਰਾਬਰੀ ਦਾ ਕੱਟੜ ਵਿਰੋਧੀ ਹੈ। ਇਹ ਅਤਿਆਚਾਰ ਵਿਰੁੱਧ ਸਤਿਆਚਾਰ, ਬਦੀ ਵਿਰੁੱਧ ਨੇਕੀ ਦੇ ਸੰਘਰਸ਼ ਦਾ ਫ਼ਲਸਫ਼ਾ ਹੈ। ਭਗਤ ਕਬੀਰ ਜੀ ਨੇ ਇਉਂ ਫ਼ਰਮਾਇਆ ਹੈ:
ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥ (ਪੰਨਾ 969)
ਦਸਮੇਸ਼ ਪਿਤਾ ਜੀ ਨੇ ਆਪਣੇ ਜੀਵਨ-ਮਨੋਰਥ (ਜੋ ਸਿੱਖਾਂ ਲਈ ਵੀ ਉਤਨਾ ਹੀ ਮਹੱਤਵਪੂਰਨ ਹੈ) ਬਾਰੇ ਇਉਂ ਦੱਸਿਆ ਹੈ:
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿੱਤ੍ਰ ਨਾਟਕ)
ਗੁਰਮਤਿ ਦੁਨੀਆਂ ਉੱਤੇ ਜਬਰ, ਜ਼ੁਲਮ ਅਤੇ ਅਨਿਆਇ ਕਰਨ ਵਾਲੇ ਜੇਤੂ ਨੂੰ ਸੂਰਾ (ਸੂਰਮਾ) ਨਹੀਂ ਸਮਝਦੀ ਸਗੋਂ ਅੰਦਰੂਨੀ ਵਿਸ਼ੇ-ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕਰਨ ਵਾਲੇ ਅਤੇ ਅਤਿਆਚਾਰ ਅਤੇ ਜ਼ੁਲਮ ਕਰਨ ਵਾਲੇ ਉੱਤੇ ਫ਼ਤਹਿ ਪਾਉਣ ਵਾਲੇ ਨੂੰ ਹੀ ਸੂਰਾ, ਵਰਿਆਮ ਅਤੇ ਸੂਰਮਾ ਸਮਝਦੀ ਹੈ। ਗੁਰਵਾਕ ਹੈ:
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥ (ਪੰਨਾ 679-80)
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ (ਪੰਨਾ 86)
ਇਨ੍ਹਾਂ ਸਿਧਾਂਤਾਂ ਵਿਚ ਪੂਰੇ ਤੌਰ ਉੱਤੇ ਪਰਪੱਕ ਅਤੇ “ਗੁਰੁ ਮੇਰੈ ਸੰਗਿ ਸਦਾ ਹੈ ਨਾਲੇ” ਦੇ ਦ੍ਰਿੜ੍ਹ ਵਿਸ਼ਵਾਸੀ ਅਮਰ ਸ਼ਹੀਦ ਭਾਈ ਸੰਗਤ ਸਿੰਘ ਜੀ ਬਾਰੇ ਸੰਖੇਪ ਵਿਚ ਵਿਚਾਰ ਕਰਨ ਦਾ ਉਪਰਾਲਾ ਕੀਤਾ ਜਾ ਰਿਹੈ।
ਭਾਈ ਸੰਗਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਤੋਂ ਹੀ ਸਾਥੀ ਰਹੇ ਸਨ। ਉਹ ਗੁਰੂ ਜੀ ਤੋਂ ਉਮਰ ਵਿਚ ਤਕਰੀਬਨ ਚਾਰ ਮਹੀਨੇ ਛੋਟੇ ਸਨ ਅਤੇ ਉਨ੍ਹਾਂ ਦਾ ਜਨਮ ਵੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਈ ਰਣੀਆ ਜੀ ਅਤੇ ਮਾਤਾ ਬੀਬੀ ਅਮਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਸਨ। ਉਨ੍ਹਾਂ ਦਾ ਪਿੰਡ ਜਲੰਧਰ ਕੋਲ ਚਹੇੜੂ ਪੁਲ ਦੇ ਲਾਗੇ ਸਪਰੌੜ ਖੇੜੀ ਸੀ। ਇਸ ਪਿੰਡ ਦਾ ਹੁਣ ਥੇਹ ਹੀ ਬਾਕੀ ਹੈ। 1699 ਈ. ਵਿਚ ਮੁਗ਼ਲਾਂ ਦੇ ਸਮੇਂ ਇਸ ਪਿੰਡ ਨੂੰ ਢਾਹ ਦਿੱਤਾ ਗਿਆ ਸੀ। ਇਸ ਦਾ ਕਾਰਨ ਭਾਈ ਰਣੀਆ ਦੇ ਸਾਰੇ ਪਰਵਾਰ, ਭਾਈ, ਭਤੀਜਿਆਂ ਅਤੇ ਸਪੁੱਤਰਾਂ ਦਾ ਅੰਮ੍ਰਿਤ ਪਾਨ ਕਰਨਾ ਸੀ। ਭਾਈ ਰਣੀਆ ਜੀ ਦੇ ਪਿਤਾ ਅਤੇ ਭਾਈ ਸੰਗਤ ਸਿੰਘ ਜੀ ਦੇ ਦਾਦਾ ਭਾਈ ਕਾਨੂ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ। ਉਹ ਮਹਾਨ ਯੋਧੇ ਸਨ। ਉਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਲੜੀਆਂ ਗਈਆਂ ਚਾਰੇ ਲੜਾਈਆਂ ਵਿਚ ਭਾਗ ਲਿਆ ਸੀ।
ਭਾਈ ਮੱਖਣ ਸ਼ਾਹ ਦੇ ਯਤਨਾਂ ਨਾਲ ਜਦੋਂ ਬਕਾਲੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਏ ਤਾਂ ਭਾਈ ਰਣੀਆ ਜੀ ਉਨ੍ਹਾਂ ਦੇ ਦਰਸ਼ਨ ਕਰਨ ਗਏ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਨਗਰ ਵਸਾਇਆ ਤਾਂ ਭਾਈ ਰਣੀਆ ਜੀ ਆਪਣੀ ਪਤਨੀ ਬੀਬੀ ਅਮਰੋ ਜੀ ਸਮੇਤ ਅਤੇ ਆਪਣੇ ਭਰਾ ਭਾਈ ਜੋਧ ਸਮੇਤ ਗੁਰੂ ਜੀ ਦੀ ਸੇਵਾ ਵਿਚ ਉਥੇ ਹੀ ਰਹਿਣ ਲੱਗੇ। 1665 ਈ. ਵਿਚ ਗੁਰੂ ਜੀ ਸੰਸਾਰ ਦੇ ਕਲਿਆਣ ਹਿਤ ਨਾਮ ਦਾ ਪ੍ਰਚਾਰ ਕਰਨ ਲਈ ਯਾਤਰਾ ਉੱਤੇ ਨਿਕਲੇ ਤਾਂ ਭਾਈ ਰਣੀਆ ਜੀ, ਬੀਬੀ ਅਮਰੋ ਜੀ ਅਤੇ ਭਾਈ ਜੋਧ ਜੀ ਵੀ ਉਨ੍ਹਾਂ ਦੇ ਨਾਲ ਹੀ ਉਥੋਂ ਚੱਲ ਪਏ।
ਸ੍ਰੀ ਗੁਰੂ ਤੇਗ ਬਹਾਦਰ ਜੀ ਪਟਿਆਲਾ, ਕੈਂਥਲ, ਪਿਹੋਵਾ, ਕੁਰੂਕਸ਼ੇਤਰ, ਧਮਤਾਨ, ਦਿੱਲੀ, ਮਥਰਾ, ਆਗਰਾ, ਪ੍ਰਾਗਰਾਜ, ਗਯਾ ਤੋਂ ਹੁੰਦੇ ਹੋਏ ਪਟਨੇ ਪਹੁੰਚੇ। ਇਥੇ ਗੁਰੂ ਜੀ ਭਾਈ ਜੈਤੋ ਲਾਲ ਦੀ ਹਵੇਲੀ ਵਿਚ ਕੁਝ ਦੇਰ ਰਹਿ ਕੇ ਪ੍ਰਚਾਰ ਕਰਦੇ ਰਹੇ। ਪਰਵਾਰ ਨੂੰ ਇਥੇ ਹੀ ਛੱਡ ਕੇ ਆਪ ਰਾਜਾ ਜੈ ਚੰਦ ਦੇ ਨਾਲ ਅਸਾਮ, ਢਾਕਾ ਅਤੇ ਬੰਗਾਲ ਵੱਲ ਸਿੱਖੀ ਦੇ ਪ੍ਰਸਾਰ ਲਈ ਨਿਕਲ ਪਏ। ਭਾਈ ਰਣੀਆ ਜੀ ਅਤੇ ਬੀਬੀ ਅਮਰੋ ਜੀ ਗੁਰੂ ਜੀ ਦੇ ਪਰਵਾਰ ਦੀ ਸੇਵਾ ਵਿਚ ਪਟਨਾ ਸਾਹਿਬ ਹੀ ਟਿਕੇ ਰਹੇ। ਬੀਬੀ ਅਮਰੋ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੀ ਸੇਵਾ ਕਰਦੀ ਰਹੀ। 25 ਅਪ੍ਰੈਲ 1667 ਈ. ਨੂੰ ਉਨ੍ਹਾਂ ਦੇ ਘਰ ਭਾਈ ਸੰਗਤ ਸਿੰਘ ਜੀ ਦਾ ਜਨਮ ਹੋਇਆ। ਇਸੇ ਪਵਿੱਤਰ ਅਸਥਾਨ ਉੱਤੇ ਚਾਰ ਮਹੀਨੇ ਪਹਿਲਾਂ 22 ਦਸੰਬਰ, 1666 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ। ਇਸ ਬਾਰੇ ‘ਬਚਿੱਤ੍ਰ ਨਾਟਕ’ ਵਿਚ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ:
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥
ਬਾਲ ਗੋਬਿੰਦ ਰਾਏ ਜੀ ਨੇ ਪਟਨੇ ਸ਼ਹਿਰ ਵਿਚ ਅਨੇਕਾਂ ਚੋਜ ਕੀਤੇ। ਆਪਣੇ ਸਾਥੀਆਂ ਨਾਲ ਕਈ ਪ੍ਰਕਾਰ ਨਾਲ ਖੇਡਦੇ ਸਨ। ਮਨਸੂਈ ਜੰਗ-ਯੁੱਧ ਕਰਦੇ ਸਨ। ਭਾਈ ਸੰਗਤ ਜੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਛੇ ਸਾਲ ਦੇ ਹੋਏ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾ ਲਿਆ। ਉਨ੍ਹਾਂ ਦੇ ਨਾਲ ਸਾਰੀ ਸੰਗਤ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਉੱਤੇ ਬਿਠਾਇਆ ਗਿਆ। ਗੁਰੂ ਜੀ ਨੇ ਸਿੱਖਾਂ ਨੂੰ ਘੋੜਸਵਾਰੀ ਅਤੇ ਸ਼ਸਤਰ-ਵਿੱਦਿਆ ਵਿਚ ਨਿਪੁੰਨ ਹੋਣ ਲਈ ਕਿਹਾ ਅਤੇ ਸੰਗਤਾਂ ਤੋਂ ਘੋੜੇ ਅਤੇ ਸ਼ਸਤਰ ਮੰਗਵਾਉਣੇ ਸ਼ੁਰੂ ਕਰ ਦਿੱਤੇ। ਭਾਈ ਸੰਗਤ ਸਿੰਘ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸ਼ਸਤਰ-ਵਿੱਦਿਆ ਅਤੇ ਯੁੱਧ-ਵਿੱਦਿਆ ਵਿਚ ਪ੍ਰਬੀਨਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਉਨ੍ਹਾਂ ਮਾਲਵੇ ਦੇ ਇਲਾਕੇ ਵਿਚ ਜਾ ਕੇ ਸਿੱਖੀ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਗੁਰੂ ਜੀ ਦੇ ਦਰਸਾਏ ਵੀਰਤਾ ਭਰੇ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ। ਗੁਰੂ ਜੀ ਦੇ ਉਦੇਸ਼ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਗੁਰੂ ਜੀ ਦਾ ਮਨੋਰਥ ਇਸ ਜਗਤ ਵਿਚ ਸੱਚ-ਧਰਮ ਦੀ ਸਥਾਪਨਾ ਕਰਨੀ ਅਤੇ ਜ਼ੁਲਮ ਦਾ ਨਾਸ਼ ਕਰਨਾ ਹੈ, ਜਿਵੇਂ ਕਿ ਇਸ ਬਾਰੇ ਦਸਮ ਪਾਤਸ਼ਾਹ ਦਾ ਫ਼ੁਰਮਾਨ ਹੈ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵਿ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖਯਨਿ ਪਕਰਿ ਪਛਾਰੋ॥ (ਬਚਿੱਤ੍ਰ ਨਾਟਕ)
ਸ੍ਰੀ ਅਨੰਦਪੁਰ ਸਾਹਿਬ ਹੁਣ ਸਿੰਘਾਂ ਦੇ ਨਾਮ ਜਪਣ ਅਤੇ ਜੰਗੀ ਕਰਤਬਾਂ ਦਾ ਕੇਂਦਰ ਬਣ ਗਿਆ ਸੀ। ਰਣਜੀਤ ਨਗਾਰਾ ਸਵੇਰੇ-ਸ਼ਾਮ ਵੱਜਦਾ ਸੀ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਸਾਰੇ ਸਿੱਖ ਜੰਗੀ ਅਭਿਆਸ ਜਾਂ ਲੰਗਰ ਦੀ ਸੇਵਾ ਵਿਚ ਜੁੱਟ ਜਾਂਦੇ ਸਨ। ਭਾਈ ਸੰਗਤ ਸਿੰਘ ਜੀ ਦਾ ਤਾਂ ਸਾਰਾ ਪਰਵਾਰ ਹੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਦੀ ਹਜ਼ੂਰੀ ਵਿਚ ਰਹਿੰਦਾ ਸੀ। ਉਨ੍ਹਾਂ ਦੇ ਪਿਤਾ ਭਾਈ ਰਣੀਆ ਜੀ, ਉਨ੍ਹਾਂ ਦੇ ਚਾਚਾ ਭਾਈ ਜੋਧ ਜੀ, ਉਨ੍ਹਾਂ ਦੇ ਭਰਾ ਭਾਈ ਸੰਤਾ ਜੀ, ਉਨ੍ਹਾਂ ਦੇ ਚਚੇਰੇ ਭਰਾ ਭਾਈ ਲੱਖਾ ਜੀ ਅਤੇ ਭਾਈ ਹਜ਼ਾਰਾ ਜੀ ਸ਼ਸਤਰ-ਵਿੱਦਿਆ ਲੈ ਕੇ ਜੋਧੇ ਬਣ ਗਏ ਸਨ। ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਇਹ ਸਾਰੇ ਅੱਗੇ ਹੋ ਕੇ ਲੜੇ। ਭੰਗਾਣੀ ਦਾ ਯੁੱਧ ਦਸਮੇਸ਼ ਗੁਰੂ ਜੀ ਦਾ ਪਹਿਲਾ ਯੁੱਧ ਸੀ। ਇਸ ਵਿਚ ਜਿੱਤ ਪ੍ਰਾਪਤ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਖੁਸ਼ੀਆਂ ਮਨਾਈਆਂ ਗਈਆਂ। ਸਾਰੇ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਸਨ ਅਤੇ ਗੁਰੂ ਸਾਹਿਬ ਦੀ ਅਗਵਾਈ ਵਿਚ ਉਨ੍ਹਾਂ ਦੀ ਸ਼ਰਧਾ ਅਤੇ ਵਿਸ਼ਵਾਸ ਹੋਰ ਪਰਪੱਕ ਹੋ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਕਰੀਬਨ 14 ਲੜਾਈਆਂ ਲੜੀਆਂ। ਭਾਈ ਸੰਗਤ ਸਿੰਘ ਜੀ ਕੇਵਲ ਖਿਦਰਾਣੇ ਦੀ ਢਾਬ (ਮੁਕਤਸਰ) ਦੀ ਲੜਾਈ ਵਿਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋ ਗਏ ਸਨ। ਬਾਕੀ ਸਾਰੀਆਂ ਲੜਾਈਆਂ ਵਿਚ ਭਾਈ ਸੰਗਤ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਹੀ ਰਹੇ। ਇਸ ਯੁੱਧ ਬਾਰੇ ‘ਬਚਿੱਤ੍ਰ ਨਾਟਕ’ ਵਿਚ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ:
ਰਣੰ ਜੀਤਿ ਆਏ॥
ਜਯੰ ਗੀਤ ਗਾਏ॥
ਧਨੰਧਾਰ ਬਰਖੇ॥
ਸਬੈ ਸੂਰ ਹਰਖੇ॥ (ਬਚਿੱਤ੍ਰ ਨਾਟਕ)
ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੇ ਗੁਰੂ ਜੀ ਦੇ ਉਦੇਸ਼ ਨੂੰ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਉਨ੍ਹਾਂ ਨੇ ਜਾਣ ਲਿਆ ਸੀ ਕਿ ਗੁਰੂ ਜੀ ਸਿੱਖਾਂ ਨੂੰ ਇਕ ਵੱਡੇ ਸੰਘਰਸ਼ ਲਈ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਮਨ ਹੀ ਮਨ ਵਿਚ ਆਪਣਾ ਸਾਰਾ ਕੁਝ ਗੁਰੂ ਜੀ ਨੂੰ ਅਰਪਣ ਕਰ ਦਿੱਤਾ ਸੀ। ਇਕ ਵਾਰ ਜਦੋਂ ਸਾਰਾ ਪਰਵਾਰ ਆਪਣੇ ਜੱਦੀ ਪਿੰਡ ਸਪਰੌੜ ਆਇਆ ਤਾਂ ਭਾਈ ਰਣੀਆ ਜੀ ਅਤੇ ਬੀਬੀ ਅਮਰੋ ਜੀ ਨੇ ਉਨ੍ਹਾਂ ਦੀ ਸ਼ਾਦੀ ਕਰਨ ਦੀ ਇੱਛਾ ਪ੍ਰਗਟ ਕੀਤੀ। ਪਰੰਤੂ ਇਹ ਦੋਵੇਂ ਭਰਾ ਗੁਰੂ ਜੀ ਦੇ ਚਰਨਾਂ ਦੇ ਭੌਰੇ ਸਨ। ਉਨ੍ਹਾਂ ਦੋਹਾਂ ਨੇ ਹੀ ਸ਼ਾਦੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਉਂ ਫ਼ਰਮਾਇਆ ਹੈ:
ਪੂਰਨ ਭਾਗ ਭਏ ਜਿਸੁ ਪ੍ਰਾਣੀ॥
ਸਾਧਸੰਗਿ ਮਿਲੇ ਸਾਰੰਗਪਾਣੀ॥
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ॥ (ਪੰਨਾ 108)
ਮਾਤਾ-ਪਿਤਾ ਨੇ ਉਨ੍ਹਾਂ ਦੀ ਥਾਂ ਆਪਣੇ ਭਤੀਜਿਆਂ ਦੀ ਸ਼ਾਦੀ ਕਰ ਕੇ ਚਾਅ ਪੂਰਾ ਕਰ ਲਿਆ। ਆਪਣੇ ਚਚੇਰੇ ਭਰਾਵਾਂ ਦੀ ਸ਼ਾਦੀ ਤੋਂ ਬਾਅਦ ਦੋਵੇਂ ਭਰਾ ਫਿਰ ਸ੍ਰੀ ਅਨੰਦਪੁਰ ਸਾਹਿਬ ਪਰਤ ਆਏ। ਇਹੋ ਜਿਹੇ ਜੀਵ ਜਗਤ ਵਿਚ ਬਹੁਤ ਘੱਟ ਹੁੰਦੇ ਹਨ ਜਿਨ੍ਹਾਂ ਨੇ ਜਗਤ ਦੇ ਥੋੜ੍ਹਚਿਰੇ ਸੁਖਾਂ ਨੂੰ ਛੱਡ ਕੇ ਆਪਣਾ ਜੀਵਨ ਕਿਸੇ ਮਹਾਨ ਉਦੇਸ਼ ਦੀ ਪੂਰਤੀ ਲਈ ਸਮਰਪਿਤ ਕੀਤਾ ਹੁੰਦਾ ਹੈ। ਅਜਿਹੇ ਮਨੁੱਖ ਸੰਸਾਰ ਵਿਚ “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ” ਹੀ ਹੁੰਦੇ ਹਨ। ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੇ ਆਪਣਾ ਤਨ-ਮਨ-ਧਨ ਹੀ ਸਭ ਗੁਰੂ ਨੂੰ ਸੌਂਪਿਆ ਹੋਇਆ ਸੀ। ਗੁਰਬਾਣੀ ਦਾ ਮਹਾਂਵਾਕ ਹੈ:
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥ (ਪੰਨਾ 517)
ਸ੍ਰੀ ਅਨੰਦਪੁਰ ਸਾਹਿਬ ਦੀ ਨਗਰੀ ਵਿਚ ਕਈ ਕਿਲ੍ਹੇ ਬਣਾਏ ਜਾ ਚੁਕੇ ਸਨ। ਸਿੱਖ ਸ਼ਸਤਰਬੱਧ ਹੋ ਕੇ ਵਿਚਰਦੇ ਸਨ। ਘੋੜਸਵਾਰੀ ਅਤੇ ਹੋਰ ਕਈ ਤਰ੍ਹਾਂ ਦੇ ਕਰਤੱਬ ਕਰਦੇ ਸਨ। ਦੂਰੋਂ-ਦੂਰੋਂ ਸੰਗਤਾਂ ਘੋੜੇ ਅਤੇ ਸ਼ਸਤਰ-ਬਸਤਰ ਲੈ ਕੇ ਪਹੁੰਚ ਰਹੀਆਂ ਸਨ। ਸਵੇਰੇ ਦੀਵਾਨ ਸੱਜਦੇ ਸਨ। ਥਾਂ-ਥਾਂ ਸ਼ਰਧਾਲੂਆਂ ਵੱਲੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ। ਗੁਰੂ ਜੀ ਨੌਜਵਾਨਾਂ/ਯੋਧਿਆਂ ਦੀ ਬੜੀ ਕਦਰ ਕਰਦੇ ਸਨ। ਇਸ ਤਰ੍ਹਾਂ ਦੀਆਂ ਖ਼ਬਰਾਂ ਜਦੋਂ ਪੰਜਾਬ ਦੇ ਪਿੰਡਾਂ ਵਿਚ ਪਹੁੰਚੀਆਂ ਤਾਂ ਤਕੜੇ-ਤਕੜੇ ਬਲਵਾਨ ਗੱਭਰੂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ। ਸ੍ਰੀ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਵੇਖ ਕੇ ਉਥੇ ਹੀ ਟਿਕ ਜਾਂਦੇ ਸਨ। ਇਨ੍ਹਾਂ ਨੌਜਵਾਨਾਂ ਨੂੰ ਫੌਜੀ ਟ੍ਰੇਨਿੰਗ ਦੇਣੀ ਜ਼ਰੂਰੀ ਸੀ। ਇਸ ਕਾਰਜ ਦੀ ਜ਼ਿੰਮੇਵਾਰੀ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਸੌਂਪ ਦਿੱਤੀ। ਭਾਈ ਸੰਗਤ ਸਿੰਘ ਜੀ ਦੀ ਸੰਗਤ ਵਿਚ ਰਹਿ ਕੇ ਇਹ ਉੱਚੇ-ਲੰਮੇ ਕੱਦਾਂ ਵਾਲੇ ਨੌਜਵਾਨ ਯੁੱਧ-ਵਿੱਦਿਆ ਵਿਚ ਪ੍ਰਬੀਨ ਹੋ ਕੇ ਬਲਵਾਨ ਯੋਧੇ ਬਣ ਗਏ ਸਨ। ਇਸ ਤਰ੍ਹਾਂ ਗੁਰੂ ਜੀ ਕੋਲ ਇਕ ਵੱਡੀ ਫੌਜ ਕਾਇਮ ਹੋ ਗਈ ਸੀ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਰਾਖੀ ਕਰਦੀ ਸੀ। ਇਥੇ ਲੋਕ ਹੁਣ ਸੁਖ-ਚੈਨ ਦੀ ਜ਼ਿੰਦਗੀ ਬਸਰ ਕਰਦੇ ਸਨ। ਗੁਰੂ ਜੀ ਨੇ ਆਪਣੇ ਸਿੰਘਾਂ ਨਾਲ ਕਈ ਵਾਰੀ ਪਹਾੜੀ ਰਾਜਿਆਂ ਦੀ ਸਹਾਇਤਾ ਕੀਤੀ ਅਤੇ ਮੁਗ਼ਲ ਫੌਜਦਾਰਾਂ ਤੋਂ ਉਨ੍ਹਾਂ ਦੀ ਰਾਖੀ ਕੀਤੀ। ਇਸ ਨਾਲ ਗੁਰੂ ਜੀ ਦੀ ਪ੍ਰਸਿੱਧੀ ਤੇ ਸੋਭਾ ਸਾਰੇ ਮੁਲਕ ਵਿਚ ਫੈਲ ਗਈ। ਉਨ੍ਹਾਂ ਦੇ ਕਿਲ੍ਹੇ ਅਨੇਕ ਤਰ੍ਹਾਂ ਦੇ ਪਦਾਰਥਾਂ ਅਤੇ ਸ਼ਸਤਰਾਂ ਨਾਲ ਭਰੇ ਹੋਏ ਸਨ। ਘੋੜੇ, ਹਾਥੀ ਅਤੇ ਰੱਥ ਉਨ੍ਹਾਂ ਦੇ ਦੁਆਰ ’ਤੇ ਖੜ੍ਹੇ ਰਹਿੰਦੇ ਸਨ। ਦੂਰੋਂ-ਨੇੜਿਓਂ ਸੰਗਤਾਂ ਅਤੇ ਸ਼ਰਧਾਲੂ ਉਨ੍ਹਾਂ ਲਈ ਨਿੱਤ ਨਵੀਆਂ ਭੇਟਾਵਾਂ ਲਿਆਉਂਦੇ ਸਨ। ਸ੍ਰੀ ਅਨੰਦਪੁਰ ਸਾਹਿਬ ਦੀ ਇਹ ਸੋਭਾ ਵੇਖ ਕੇ ਮੁਗ਼ਲ ਹਕੂਮਤ ਚੁਕੰਨੀ ਹੋ ਗਈ ਸੀ ਅਤੇ ਪਹਾੜੀ ਰਾਜੇ ਵੀ ਉਨ੍ਹਾਂ ਨਾਲ ਅੰਦਰੋਂ-ਅੰਦਰੀ ਈਰਖਾ ਕਰਨ ਲੱਗ ਪਏ ਸਨ। ਪਰ ਭਾਈ ਸੰਗਤ ਸਿੰਘ ਵਰਗੇ ਸ਼ਰਧਾਲੂ ਸਿੱਖਾਂ ਦੀ ਸੰਗਤ ਉੱਤੇ ਗੁਰੂ ਜੀ ਨੂੰ ਬਹੁਤ ਮਾਣ ਸੀ। ਉਨ੍ਹਾਂ ਨੇ ਸਿੱਖਾਂ ਦੀ ਪ੍ਰਸ਼ੰਸਾ ਵਿਚ ਫ਼ਰਮਾਇਆ ਹੈ:
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ,
ਨਹੀਂ ਮੋ ਸੇ ਗਰੀਬ ਕਰੋਰ ਪਰੇ॥ (ਸਵੈਯੇ ਪਾਤਸ਼ਾਹੀ 10)
ਵਿਸਾਖੀ ਦਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਚ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ। ਇਸ ਦਿਨ ਦੂਰੋਂ-ਦੂਰੋਂ ਹਜ਼ਾਰਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਪੁੱਜਦੀਆਂ ਸਨ। 1699 ਈ. ਨੂੰ ਗੁਰੂ ਜੀ ਨੇ ਇਕ ਅਜੀਬ ਕੌਤਕ ਵਰਤਾਇਆ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ‘ਸਚਿਆਰ’ ਮਨੁੱਖ ਨੂੰ ਪ੍ਰਗਟ ਕਰਨ ਅਤੇ ਉਨ੍ਹਾਂ ਦੀ ਕਸਵੱਟੀ
“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ”
ਨੂੰ ਅਮਲੀ ਰੂਪ ਦੇਣ ਦਾ ਸਮਾਂ ਆ ਗਿਆ ਸੀ। ਉਨ੍ਹਾਂ ਨੇ ਭਰੇ ਦੀਵਾਨ ਵਿਚ ਸੰਗਤ ਵਿੱਚੋਂ ਪੰਜ ਸਿਰਾਂ ਦੀ ਮੰਗ ਕੀਤੀ। ਸੰਗਤ ਵਿੱਚੋਂ ਪੰਜ ਸਿੰਘਾਂ ਨੇ ਵਾਰੀ-ਵਾਰੀ ਉੱਠ ਕੇ ਗੁਰੂ ਜੀ ਨੂੰ ਆਪਣੇ ਸੀਸ ਭੇਟ ਕੀਤੇ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸੁਤੇਸਿੱਧ ਹੀ ਇਹ ਨਾਅਰਾ ਬੁਲੰਦ ਹੋ ਗਿਆ,
“ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ।
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥”
ਇਹ ‘ਆਪੇ ਗੁਰੁ ਚੇਲਾ’ ਦਾ ਸਿਧਾਂਤ ਸ੍ਰੀ ਗੁਰੂ ਰਾਮਦਾਸ ਜੀ ਨੇ ਇਉਂ ਦ੍ਰਿੜ੍ਹ ਕਰਵਾਇਆ ਸੀ
“ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ॥”
ਤਥਾ
“ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ॥”
ਉਸ ਪਿੱਛੋਂ ਹਜ਼ਾਰਾਂ ਹੋਰ ਪ੍ਰਾਣੀ ਅੰਮ੍ਰਿਤ ਛਕ ਕੇ ਖਾਲਸਾ ਸੱਜ ਗਏ। ਇਸ ਤਰ੍ਹਾਂ ਇਸ ਸਮੇਂ ਭਾਈ ਸੰਗਤ ਜੀ ਦੇ ਸਾਰੇ ਪਰਵਾਰ ਨੇ ਅੰਮ੍ਰਿਤ ਛਕਿਆ। ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਭਾਈ ਰਣਧੀਰ ਸਿੰਘ, ਭਾਈ ਰਣਜੋਧ ਸਿੰਘ, ਭਾਈ ਲੱਖਾ ਸਿੰਘ ਅਤੇ ਭਾਈ ਹਜ਼ਾਰਾ ਸਿੰਘ ਬਣ ਗਏ। ਗੁਰੂ ਜੀ ਨੇ ਖਾਲਸੇ ਦੀ ਉਪਮਾ ਵਿਚ ਉਚਾਰਨ ਕੀਤਾ ਹੈ:
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮਹਿ ਹਉ ਕਰਉ ਨਿਵਾਸ।
ਤਥਾ
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਨੁਸਾਰ ਦਸਮੇਸ਼ ਪਿਤਾ ਜੀ ਨੇ ਖਾਲਸੇ ਦੀ ਸਾਜਨਾ ਸਮੇਂ ਜਾਤ-ਪਾਤ ਦੇ ਸਾਰੇ ਭਿੰਨ-ਭੇਦ ਦੂਰ ਕਰ ਦਿੱਤੇ ਸਨ। ਭਾਈਚਾਰਕ ਏਕਤਾ ਦਾ ਸਿਧਾਂਤ ਪਹਾੜੀ ਰਾਜਿਆਂ ਨੂੰ ਪਸੰਦ ਨਹੀਂ ਸੀ। ਉਹ ਸਾਧਾਰਨ ਲੋਕਾਂ ਦੀ ਜਮਾਤ ਵਿਚ ਸ਼ਾਮਲ ਹੋਣ ਲਈ ਤਿਆਰ ਨਹੀਂ ਸਨ। ਆਪਣੇ ਜਾਤੀ ਅਤੇ ਰਾਜਕੀ ਅਭਿਮਾਨ ਕਾਰਨ ਉਹ ਖਾਲਸਾ ਪੰਥ ਤੋਂ ਦੂਰ ਹੀ ਰਹੇ, ਸਗੋਂ ਖਾਲਸੇ ਦੇ ਦੋਖੀ ਬਣ ਬੈਠੇ।
ਖਾਲਸਾ ਪੰਥ ਦੀ ਸਾਜਨਾ ਨੇ ਸਿੱਖਾਂ ਵਿਚ ਨਵੀਂ ਰੂਹ ਫੂਕ ਦਿੱਤੀ। ਸ੍ਰੀ ਅਨੰਦਪੁਰ ਸਾਹਿਬ ਦੀ ਸੋਭਾ ਹੁਣ ਚੌਗੁਣੀ ਹੋ ਗਈ ਸੀ। ਪਹਾੜੀ ਰਾਜੇ ਈਰਖਾ ਵਿਚ ਸੜਨ ਲੱਗੇ। ਉਹ ਗੁਰੂ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਛਡਵਾਉਣ ਦੀਆਂ ਵਿਉਂਤਾਂ ਬਣਾਉਣ ਲੱਗੇ। ਇਸ ਉਦੇਸ਼ ਵਿਚ ਮੁਗ਼ਲ ਹਕੂਮਤ ਵੀ ਉਨ੍ਹਾਂ ਦੀ ਸਹਾਇਤਾ ਕਰਦੀ ਸੀ। ਦੋਹਾਂ ਦੀ ਰਾਜ ਸ਼ਕਤੀ ਨੂੰ ਖਾਲਸੇ ਤੋਂ ਖ਼ਤਰਾ ਮਹਿਸੂਸ ਹੋਣ ਲੱਗ ਪਿਆ ਸੀ। ਉਨ੍ਹਾਂ ਨੇ ਕਈ ਵਾਰ ਸ੍ਰੀ ਅਨੰਦਪੁਰ ਸਾਹਿਬ ਉੱਤੇ ਹਮਲਾ ਕੀਤਾ ਪਰ ਹਰ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਭਾਈ ਸੰਗਤ ਸਿੰਘ, ਭਾਈ ਸੰਤ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ ਅਤੇ ਭਾਈ ਦਇਆ ਸਿੰਘ ਵਰਗੇ ਯੋਧਿਆਂ ਦੇ ਅੱਗੇ ਪਹਾੜੀ ਰਾਜੇ ਟਿਕ ਨਹੀਂ ਸਕਦੇ ਸਨ। 1704 ਈ. ਵਿਚ ਪਹਾੜੀ ਰਾਜਿਆਂ ਅਤੇ ਸੂਬਾ ਸਰਹਿੰਦ ਦੀਆਂ ਫੌਜਾਂ ਨੇ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਉੱਤੇ ਹਮਲਾ ਕਰ ਦਿੱਤਾ। ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਗੁਰੂ ਜੀ ਦੇ ਸਿੰਘ ਕਿਲ੍ਹੇ ਦੇ ਅੰਦਰੋਂ ਉਨ੍ਹਾਂ ਦੇ ਹਮਲੇ ਦਾ ਜਵਾਬ ਦੇਣ ਲੱਗੇ। ਉਨ੍ਹਾਂ ਨੇ ਦੁਸ਼ਮਣ ਨੂੰ ਕਿਲ੍ਹੇ ਦੇ ਨੇੜੇ ਨਾ ਲੱਗਣ ਦਿੱਤਾ। ਅਖ਼ੀਰ ਉਨ੍ਹਾਂ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਇਹ ਘੇਰਾ ਬਹੁਤ ਲੰਮਾ ਹੋ ਜਾਣ ਕਾਰਨ ਕਿਲ੍ਹੇ ਦੇ ਅੰਦਰ ਸਿੰਘਾਂ ਨੂੰ ਰਸਦ-ਪਾਣੀ ਦੀ ਤੰਗੀ ਹੋ ਗਈ। ਕਈ ਭੁੱਖ ਦੇ ਸਤਾਏ ਸਿੰਘ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲ੍ਹੇ ਵਿੱਚੋਂ ਨਿਕਲ ਕੇ ਘਰਾਂ ਨੂੰ ਚਲੇ ਗਏ। ਮੁਗ਼ਲ ਹਾਕਮਾਂ ਨੇ ਗੁਰੂ ਜੀ ਨੂੰ ਕਿਲ੍ਹਾ ਖ਼ਾਲੀ ਕਰਨ ਲਈ ਬੇਨਤੀ ਕੀਤੀ ਅਤੇ ਕੁਰਾਨ ਦੀਆਂ ਸੁਗੰਧਾਂ ਖਾਧੀਆਂ ਕਿ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਪਰਵਾਰ ਵੱਲੋਂ ਅਤੇ ਕੁਝ ਸਿੰਘਾਂ ਦੇ ਜ਼ੋਰ ਪਾਉਣ ’ਤੇ ਆਖ਼ਿਰ ਗੁਰੂ ਜੀ 6 ਪੋਹ ਮੁਤਾਬਕ 5 ਦਸੰਬਰ, 1704 ਈ. ਨੂੰ ਕਿਲ੍ਹਾ ਖ਼ਾਲੀ ਕਰ ਕੇ ਤੁਰ ਪਏ। ਗੁਰੂ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਮਾਤਾ ਜੀ, ਗੁਰੂ ਕੇ ਮਹਿਲ ਅਤੇ ਉਨ੍ਹਾਂ ਤੋਂ ਜਾਨਾਂ ਵਾਰ ਦੇਣ ਵਾਲੇ ਬਹੁਤ ਸਾਰੇ ਸਿੱਖ ਉਨ੍ਹਾਂ ਦੇ ਨਾਲ ਸਨ। ਇਹ ਸਾਰਾ ਦਲ ਅਜੇ ਸਰਸਾ ਨਦੀ ਦੇ ਕੰਢੇ ਤਕ ਹੀ ਪਹੁੰਚਿਆ ਸੀ ਕਿ ਮੁਗ਼ਲਾਂ ਨੇ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ। ਸਰਸਾ ਦੇ ਕਿਨਾਰੇ ਘਮਸਾਣ ਦਾ ਯੁੱਧ ਹੋਇਆ। ਇਸ ਸਮੇਂ ਸਰਸਾ ਪਾਰ ਕਰਨ ਵੇਲੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਵੱਖ ਹੋ ਗਏ। ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਕਾਫਲੇ ਤੋਂ ਵੱਖਰੇ ਹੋਣ ਜਾਣ ਕਾਰਨ ਵੱਖਰੀ ਦਿਸ਼ਾ ਵੱਲ ਚਲੇ ਗਏ ਅਤੇ ਤੀਸਰਾ ਜਥਾ ਦਸਮੇਸ਼ ਜੀ ਨਾਲ ਹੋ ਤੁਰਿਆ। ਇਸ ਸਮੇਂ ਗੁਰੂ ਜੀ ਦੇ ਨਾਲ 40 ਕੁ ਸਿੰਘ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਸਰਸਾ ਨਦੀ ਪਾਰ ਕਰ ਕੇ ਰੋਪੜ ਪਹੁੰਚ ਗਏ ਅਤੇ ਉਥੋਂ ਉਨ੍ਹਾਂ ਨੇ ਚੱਲ ਕੇ ਦੂਜੇ ਦਿਨ ਚਮਕੌਰ ਦੀ ਗੜ੍ਹੀ ਵਿਚ ਟਿਕਾਣਾ ਕੀਤਾ। ਮੁਗ਼ਲ ਫੌਜ ਅਤੇ ਪਹਾੜੀ ਰਾਜਿਆਂ ਦੀ ਫੌਜ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਆ ਰਹੇ ਸਨ। ਸਰਸਾ ਨਦੀ ਪਾਰ ਕਰ ਕੇ ਆਉਣ ਵਾਲੇ ਸਿੱਖਾਂ ਵਿਚ ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਵੀ ਸ਼ਾਮਲ ਸਨ।
6 ਦਸੰਬਰ, 1704 ਈ. ਦੀ ਰਾਤ ਨੂੰ ਗੁਰੂ ਜੀ ਚਮਕੌਰ ਦੀ ਗੜ੍ਹੀ ਵਿਚ ਦਾਖ਼ਲ ਹੋਏ ਸਨ। 7 ਦਸੰਬਰ, 1704 ਈ. ਨੂੰ ਸਵੇਰੇ ਹੀ ਜੰਗ ਸ਼ੁਰੂ ਹੋ ਗਈ। ਇਕ ਪਾਸੇ ਸਿਰਫ਼ ਚਾਲ੍ਹੀ ਸਿੰਘ ਸਨ ਅਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਫੌਜ ਅਤੇ ਮੁਲਖਈਆ ਸੀ। ਇਸ ਦੀ ਪੁਸ਼ਟੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ‘ਜ਼ਫ਼ਰਨਾਮਾ’ ਵਿਚ ਇਉਂ ਕੀਤੀ ਹੈ:
ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥
ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥
ਇਹ ਜੰਗ ਸਾਰਾ ਦਿਨ ਹੁੰਦੀ ਰਹੀ। ਇਸ ਵਿਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਅਤੇ ਹੋਰ ਕਈ ਸਾਰੇ ਸਿੰਘ ਸ਼ਾਮ ਤਕ ਗੜ੍ਹੀ ’ਚੋਂ ਬਾਹਰ ਆ ਕੇ ਰਾਖੀ ਕਰਦੇ ਹੋਏ ਮੁਗ਼ਲਾਂ ਨਾਲ ਲੜਦੇ ਸ਼ਹੀਦ ਹੋ ਗਏ। ਰਾਤ ਪੈਣ ਤਕ ਗੜ੍ਹੀ ਦੇ ਅੰਦਰ ਗਿਣਤੀ ਦੇ ਸਿੰਘ ਹੀ ਰਹਿ ਗਏ ਸਨ। ਇਨ੍ਹਾਂ ਵਿਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਸ਼ਾਮਲ ਸਨ। ਸਿੰਘਾਂ ਦੇ ਬੇਨਤੀ ਕਰਨ ਉੱਤੇ ਗੁਰੂ ਜੀ ਗੜ੍ਹੀ ਵਿੱਚੋਂ ਨਿਕਲ ਜਾਣ ਲਈ ਰਜ਼ਾਮੰਦ ਹੋ ਗਏ। ਇਸ ਵੇਲੇ ਉਨ੍ਹਾਂ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ, ਸ਼ਸਤਰ, ਬਸਤਰ ਅਤੇ ਜਿਗ੍ਹਾ ਬਖਸ਼ੀ। ਇਹ ਮੁਗ਼ਲ ਫੌਜ ਨੂੰ ਭੁਲੇਖਾ ਦੇਣ ਲਈ ਕੀਤਾ ਗਿਆ ਸੀ। ਭਾਈ ਸੰਗਤ ਸਿੰਘ ਜੀ ਦੀ ਸੂਰਤ ਗੁਰੂ ਜੀ ਨਾਲ ਕਾਫ਼ੀ ਮਿਲਦੀ-ਜੁਲਦੀ ਸੀ। ਗੁਰੂ ਜੀ ਨੇ ਖ਼ੁਦ ਭਾਈ ਸੰਗਤ ਸਿੰਘ ਜੀ ਦੇ ਸੀਸ ਉੱਤੇ ਕਲਗੀ ਸਜਾਈ ਅਤੇ ਭਾਈ ਸਾਹਿਬ ਤੀਰ- ਕਮਾਨ ਤੇ ਹੋਰ ਸ਼ਸਤਰ ਲੈ ਕੇ ਗੜ੍ਹੀ ਦੇ ਉੱਪਰ ਚੜ੍ਹ ਗਏ। ਰਾਤ ਦੇ ਹਨੇਰੇ ਵਿਚ ਗੁਰੂ ਜੀ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੇ ਨਾਲ ਗੜ੍ਹੀ ਵਿੱਚੋਂ ਨਿਕਲ ਕੇ ਮਾਛੀਵਾੜੇ ਪਹੁੰਚ ਗਏ। ਇਧਰ ਅਗਲੇ ਦਿਨ ਪਿੱਛੇ ਗੜ੍ਹੀ ਵਿਚ ਬਾਕੀ ਰਹੇ ਸਿੰਘ ਭਾਈ ਸੰਗਤ ਸਿੰਘ ਜੀ ਦੀ ਅਗਵਾਈ ਵਿਚ ਬੜੀ ਸੂਰਮਗਤੀ ਅਤੇ ਸਿਦਕ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ। ਮੁਗ਼ਲ ਫੌਜਾਂ ਦੇ ਕਮਾਂਡਰ ਨੇ ਭਾਈ ਸੰਗਤ ਸਿੰਘ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਮਝ ਕੇ ਸੂਬਾ ਸਰਹਿੰਦ ਪਾਸੋਂ ਵੱਡੇ ਇਨਾਮ ਪ੍ਰਾਪਤ ਕਰਨ ਲਈ ਭਾਈ ਸਾਹਿਬ ਦੇ ਸੀਸ ਨੂੰ ਧੜ ਨਾਲੋਂ ਵੱਖਰਾ ਕਰ ਕੇ ਸੂਬੇਦਾਰ ਵਜ਼ੀਰ ਖਾਨ ਦੇ ਪੇਸ਼ ਕਰ ਦਿੱਤਾ। ਪਰੰਤੂ ਵਜ਼ੀਰ ਖਾਨ ਅਤੇ ਉਸ ਦੇ ਅਹਿਲਕਾਰਾਂ ਨੇ ਸੀਸ ਨੂੰ ਵੇਖ ਕੇ ਕਹਿ ਦਿੱਤਾ ਕਿ ਉਹ ਸੀਸ ਗੁਰੂ ਸਾਹਿਬ ਦਾ ਨਹੀਂ ਸੀ। ਇਸ ਨਾਲ ਉਨ੍ਹਾਂ ਸਾਰੇ ਕਮਾਂਡਰਾਂ ਅਤੇ ਵਜ਼ੀਰ ਖਾਨ ਸੂਬੇਦਾਰ ਨੂੰ ਭਾਰੀ ਨਮੋਸ਼ੀ ਹੋਈ। ਚਮਕੌਰ ਦੀ ਗੜ੍ਹੀ ਅਤੇ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ਦੀਆਂ ਦੋਵੇਂ ਜੰਗਾਂ ਦੁਨੀਆਂ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਬਹੁਤ ਅਸਾਵੀਆਂ ਸਨ। ਅਜਿਹੀ ਮਿਸਾਲ ਵਿਸ਼ਵ-ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ। ਭਾਈ ਸੰਗਤ ਸਿੰਘ ਜੀ ਜਨਮ ਤੋਂ ਲੈ ਕੇ ਸ਼ਹੀਦੀ ਪਾਉਣ ਤਕ ਗੁਰੂ ਜੀ ਦੀ ਹਜ਼ੂਰੀ ਵਿਚ ਰਹੇ। ਉਨ੍ਹਾਂ ਦੇ ਪਿਤਾ ਭਾਈ ਰਣਧੀਰ ਸਿੰਘ ਜੀ ਅਤੇ ਚਾਚਾ ਭਾਈ ਰਣਜੋਧ ਸਿੰਘ ਜੀ ਸਰਸਾ ਦੀ ਜੰਗ ਵਿਚ ਸ਼ਹੀਦ ਹੋ ਗਏ ਸਨ। ਉਹ ਸਿੱਖ ਧੰਨਤਾ ਦੇ ਯੋਗ ਹਨ ਜੋ ਗੁਰੂ ਜੀ ਦੇ ਪ੍ਰੇਮ ਕਰਕੇ ਸ੍ਰੀ ਅਨੰਦਪੁਰ ਸਾਹਿਬ ਰਹੇ ਅਤੇ ਆਪਣਾ ਸਾਰਾ ਜੀਵਨ ਗੁਰੂ ਜੀ ਦੇ ਮਹਾਨ ਉਦੇਸ਼ ਲਈ ਅਰਪਣ ਕਰ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਇਉਂ ਲਿਖਿਆ ਹੈ:
ਧਨਯ ਅਨੰਦਪੁਰ ਨਗਰ ਹੈ ਜਹਿˆ ਵਿਚਰੇ ਦਸ਼ਮੇਸੁ,
ਧਨਯ ਸਿੰਘ ਜੋ ਪ੍ਰੇਮ ਕਰ ਹਾਜਿਰ ਰਹੇ ਹਮੇਸ਼।
ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਸਿੱਖ ਇਤਿਹਾਸ ਵਿਚ ਸਤਿਗੁਰਾਂ ਦੇ ਸੱਚੇ ਸਪੂਤ ਸਮਰਪਿਤ ਸਿੰਘ ਸੂਰਮੇ ਅਤੇ ਵਿਲੱਖਣ ਅਮਰ ਸ਼ਹੀਦ ਹੋ ਨਿੱਬੜੇ। ਭਾਈ ਸਾਹਿਬ ਹਮੇਸ਼ਾਂ ਲਈ ਸਿੱਖ ਕੌਮ ਦੇ ਚਮਕਦੇ ਸਿਤਾਰੇ ਬਣੇ ਰਹਿਣਗੇ। ਅਜਿਹੇ ਸਮਰਪਿਤ ਸਿੱਖਾਂ ਅਤੇ ਸਿੰਘ-ਸ਼ਹੀਦਾਂ ਬਾਰੇ ਸਤਿਗੁਰਾਂ ਦਾ ਫ਼ੁਰਮਾਨ ਹੈ:
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ॥ (ਕ੍ਰਿਸ਼ਨਾਵਤਾਰ)
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥ (ਪੰਨਾ 1000)
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ (ਪੰਨਾ 579-80)
ਜਦੋਂ ਸਿੱਖ ਫ਼ਲਸਫ਼ੇ ਨੂੰ ਪਰਨਾਏ ਸਿੰਘਾਂ-ਸ਼ਹੀਦਾਂ-ਮਰਜੀਵੜਿਆਂ, ਗੁਰੂ-ਘਰ ਦੇ ਅਨਿੰਨ ਸੇਵਕਾਂ ਦੀਆਂ ਘਾਲਨਾਵਾਂ ਅਤੇ ਕੁਰਬਾਨੀਆਂ ਬਾਰੇ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਝਾਤੀ ਮਾਰਦੇ ਹਾਂ ਤਾਂ ਮਨੁੱਖ ਦਾ ਮਨ ਅਤੇ ਬੁੱਧੀ ਹੈਰਾਨ-ਪ੍ਰੇਸ਼ਾਨ ਅਤੇ ਦੰਗ ਹੋ ਜਾਂਦੀ ਹੈ। ਪਰੰਤੂ ਅੰਦਰੋ-ਅੰਦਰੀ ਹਰ ਇਕ ਮਾਣ, ਸਵੈਮਾਣ ਅਤੇ ਗੌਰਵ ਮਹਿਸੂਸ ਜ਼ਰੂਰ ਕਰਦਾ ਹੈ ਕਿਉਂਕਿ ਸਿੱਖ ਵਿਰਸਾ ਸਾਰੀ ਦੁਨੀਆਂ ਤੋਂ ਨਿਵੇਕਲਾ ਅਤੇ ਸ਼ਾਨਾਂਮੱਤਾ ਹੈ। ਪਰੰਤੂ ਜਦ ਅਜੋਕੇ ਭਾਰਤੀ ਅਤੇ ਖਾਸ ਕਰਕੇ ਸਿੱਖ ਸਮਾਜ ਵੱਲ ਝਾਤੀ ਮਾਰਦੇ ਹਾਂ ਤਾਂ ਡਾਢਾ ਦੁੱਖ ਹੁੰਦਾ ਹੈ। ਅੱਜ ਇੱਕ੍ਹੀਵੀਂ ਸਦੀ, ਜਿਸ ਨੂੰ ਵਿਗਿਆਨ ਦਾ ਯੁੱਗ ਕਿਹਾ ਜਾ ਰਿਹੈ, ਮਨੁੱਖ ਕੁਦਰਤ ਦੇ ਰਹੱਸਾਂ ਨੂੰ ਜਾਣਨ ਲਈ ਜੀਅ-ਤੋੜ ਕੋਸ਼ਿਸ਼ਾਂ ਕਰ ਰਿਹਾ ਹੈ, ਚੰਦ-ਸੂਰਜ ਦੀਆਂ ਹੋਂਦ-ਹਸਤੀਆਂ ਅਤੇ ਸ਼ਕਤੀਆਂ ਨੂੰ ਜਾਣਨ ਦਾ ਯਤਨ ਕਰ ਰਿਹੈ, ਐਨ ਉਸ ਸਮੇਂ ਅਸੀਂ ਕਿਵੇਂ ਪਿਛਾਖੜੀ ਦਾ ਸ਼ਿਕਾਰ ਹੋ ਰਹੇ ਹਾਂ। ਸਿੱਖ ਸਮਾਜ ਅੰਦਰ ਜਿਸ ਤਰ੍ਹਾਂ ਮੁੜ ਤੋਂ ਗ਼ਰੀਬ-ਅਮੀਰ, ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਨਾ-ਬਰਾਬਰੀ ਦਾ ਬੋਲਬਾਲਾ ਹੋ ਰਿਹਾ ਹੈ ਅਤੇ ਔਰਤ ਦਾ ਘਰਾਂ-ਦਰਾਂ ਵਿਚ ਤਾਂ ਅਪਮਾਨ ਹੋ ਹੀ ਰਿਹੈ ਪਰੰਤੂ ਉਸ ਤੋਂ ਤਾਂ ਮਾਦਾ ਭਰੂਣ ਹੱਤਿਆ ਰਾਹੀਂ ਜੰਮਣ ਦਾ ਵੀ ਅਧਿਕਾਰ ਖੋਹਿਆ ਜਾ ਰਿਹੈ। ਨਸ਼ਿਆਂ ਦਾ ਤਾਂ ਮਾਨੋ ਦਰਿਆ ਹੀ ਵਗ ਰਿਹਾ ਹੈ ਜਿਸ ਨੇ ਸਾਡੀ ਨੌਜੁਆਨ ਪੀੜ੍ਹੀ ਦਾ ਸਤਿਆਨਾਸ ਕਰ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੀ ਡਾਢੀ ਸੱਟ ਮਾਰੀ ਹੈ। ਇਹ ਰੰਗਲੇ ਪੰਜਾਬ ਤੋਂ ਕੰਗਲਾ ਪੰਜਾਬ ਬਣਦਾ ਜਾ ਰਿਹਾ ਹੈ। ਪਰੰਤੂ ਅਸੀਂ ਪੂਰੀ ਤਰ੍ਹਾਂ ਅਵੇਸਲੇ ਰਹੇ ਹਾਂ ਇਸ ਗ਼ਲਤ ਫ਼ਹਿਮੀ ਵਿਚ ਕਿ ਸ਼ਾਇਦ ਇਹ ਨੁਕਸਾਨ ਗੁਆਂਢੀਆਂ ਦਾ ਹੀ ਹੋ ਰਿਹੈ। ਪਰੰਤੂ ਇਹ “ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ” ਵਾਲੀ ਗੱਲ ਹੈ। ਸਾਰੇ ਹੀ ਇਸ ਅੱਗ ਦੇ ਸੇਕ ਦੇ ਸ਼ਿਕਾਰ ਹੋ ਰਹੇ ਹਾਂ ਅਤੇ ਅੱਜ ਪੰਜਾਬ ਤਬਾਹੀ ਦੇ ਕੰਢੇ ਉੱਤੇ ਖੜ੍ਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀਆਂ ਦੀ ਸਰਬਪੱਖੀ ਨਿਰਾਦਰੀ, ਕਮੀਆਂ, ਕਮਜ਼ੋਰੀਆਂ, ਧਾਰਮਿਕ ਕਚਿਆਈ, ਅਖੌਤੀ ਕਰਮਕਾਂਡ ਕਾਰਨ ਦੁਸ਼ਮਣਾਂ ਅੱਗੇ ਕੇਵਲ ਈਨ ਮੰਨਦਿਆਂ ਨੂੰ ਹੀ ਨਹੀਂ ਸੀ ਵੇਖਿਆ, ਸਗੋਂ ਆਪਣਾ ਧਰਮ, ਕਰਮ, ਸਭਿਆਚਾਰ ਅਤੇ ਬੋਲੀ ਤੱਜ ਕੇ ਵਿਦੇਸ਼ੀ ਹਮਲਾਵਰਾਂ ਦਾ ਧਰਮ, ਭਾਸ਼ਾ ਅਤੇ ਮਰਯਾਦਾ ਅਪਣਾਉਂਦਿਆਂ ਵੇਖਿਆ ਸੀ। ਗੁਰੂ ਸਾਹਿਬ ਨੇ ਉਨ੍ਹਾਂ ਹਾਲਾਤ ਨੂੰ ਆਪਣੀ ਬਾਣੀ ਵਿਚ ਇਉਂ ਬਿਆਨ ਕੀਤਾ ਹੈ,
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥ (ਪੰਨਾ 663)
ਉਨ੍ਹਾਂ ਨੇ ਬੁਲੰਦ ਆਵਾਜ਼ ਵਿਚ ਨਵਾਂ ਸਿਧਾਂਤ, ਨਵਾਂ ਪੈਂਤੜਾ ਅਤੇ ਨਵੀਂ ਸੇਧ ਅਤੇ ਨਵਾਂ ਮਾਰਗ ਵਿਖਾਇਆ ਸੀ ਪਰੰਤੂ ਅੱਜ ਉਹ ਸਾਰੀਆਂ ਕਮੀਆਂ, ਕਮਜ਼ੋਰੀਆਂ, ਧਾਰਮਿਕ ਕਚਿਆਈ, ਪਾਖੰਡ, ਮਾਦਾ ਭਰੂਣ ਹੱਤਿਆ, ਨਸ਼ੇ, ਅਸ਼ਲੀਲਤਾ, ਨੰਗੇਜ਼ਵਾਦ, ਕਰਮਕਾਂਡ, ਜਾਤ-ਪਾਤ, ਊਚ-ਨੀਚ ਤਥਾ ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਦਾ ਸਿੱਖ ਕੌਮ ਵਿਚ ਪੂਰਾ ਬੋਲਬਾਲਾ ਹੈ, ਜਿਸ ਕਾਰਨ ਹਰ ਰੋਜ਼ ਸਿੱਖ ਕੌਮ ਨੂੰ ਨਵੀਂ ਨਮੋਸ਼ੀ ਦਾ ਮੂੰਹ ਵੇਖਣਾ ਪੈ ਰਿਹਾ ਹੈ। ਇਹ ਸਾਡੀ ਕੌਮੀ ਚਿੰਤਾ ਦਾ ਵਿਸ਼ਾ ਹੈ। ਇਉਂ ਜਾਪਦਾ ਹੈ ਕਿ ਜਿਵੇਂ ਸਾਡਾ ਜੀਵਨ “ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ” ਵਾਲਾ ਹੀ ਹੋ ਗਿਆ ਹੈ। ਅਜਿਹਾ ਜੀਵਨ ਆਤਮਘਾਤੀ ਹੀ ਹੋ ਸਕਦੈ। ਇਸ ਵਰਤਾਰੇ ਵਿਚ ਅੰਦਰੂਨੀ ਅਤੇ ਬਹਿਰੂਨੀ ਦੋਵੇਂ ਸ਼ਕਤੀਆਂ ਸਰਗਰਮ ਹਨ। ਇਸ ਲਈ ਸਾਨੂੰ ਆਪਣੀ ਹੋਂਦ-ਹਸਤੀ, ਸਭਿਆਚਾਰ, ਸਿਧਾਂਤ, ਧਰਮ, ਮਰਯਾਦਾ, ਬੋਲੀ, ਇਤਿਹਾਸ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਅਵੇਸਲਾਪਣ ਛੱਡ ਕੇ ਕੌਮੀ ਜਾਗ੍ਰਿਤੀ ਲਿਆਉਣੀ ਹੋਵੇਗੀ ਅਤੇ ਇਸ ਸਮੇਂ ਦੀਆਂ ਕੌਮੀ ਚੁਣੌਤੀਆਂ ਦਾ ਹਾਣੀ ਹੋਣਾ ਹੋਵੇਗਾ। ਅਜਿਹਾ ਹੰਭਲਾ ਕਿਸੇ ਇਕ ਸੰਸਥਾ ਵੱਲੋਂ ਸਾਰਥਕ ਰੂਪ ਵਿਚ ਨਹੀਂ ਮਾਰਿਆ ਜਾ ਸਕਦਾ ਸਗੋਂ ਸਾਰੀਆਂ ਸੰਸਥਾਵਾਂ, ਸੰਪਰਦਾਵਾਂ, ਵਿਦਵਾਨਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਖਾਸ ਕਰਕੇ ਮਾਪਿਆਂ ਨੂੰ ਇਸ ਮੁਹਿੰਮ ਵਿਚ ਸਰਗਰਮ ਕਰਨਾ ਹੋਵੇਗਾ। ਇਕ ਕੌਮੀ ਸੁਧਾਰਕ ਲਹਿਰ ਖੜ੍ਹੀ ਕਰਨੀ ਹੋਵੇਗੀ। ਆਓ! ਆਪਣੇ ਨਿੱਜੀ ਹਿੱਤਾਂ ਨੂੰ ਪਿਛਾਂਹ ਕਰ ਕੇ ਕੌਮੀ ਹਿੱਤਾਂ ਲਈ ਜੂਝੀਏ ਅਤੇ ਪੁਰਾਤਨ ਕੌਮੀ ਸ਼ਾਨ, ਸਵੈਮਾਣ ਅਤੇ ਪਹਿਚਾਨ ਮੁੜ ਬਹਾਲ ਕਰੀਏ। ਇਸ ਵਿਚ ਹੀ ਸਿੱਖ ਕੌਮ ਦਾ ਭਲਾ ਹੈ ਅਤੇ ਇਹੋ ਹੀ ਸਾਡੀ ਉਸ ਮਹਾਨ ਅਤੇ ਵਿਰਲੇ ਸ਼ਹੀਦ ਭਾਈ ਸੰਗਤ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008