ਸਰਹਿੰਦ ਦੀ ਸਥਾਪਨਾ ਕਦੋਂ, ਕਿਸ ਸਮੇਂ ਅਤੇ ਕਿਸ ਨੇ ਕੀਤੀ ਇਸ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। Alexander Cunningham ਅਨੁਸਾਰ ਸਰਹਿੰਦ ਈਸਵੀ ਸਦੀ ਦੇ ਆਰੰਭ ਵਿਚ ਇਕ ਛੋਟੀ ਜਿਹੀ ਵਸੋਂ ਵਾਲਾ ਪਿੰਡ ਸੀ 1 । ਇਕ ਵਿਚਾਰ ਅਨੁਸਾਰ ਸੈਰਇਨਦ੍ਹਾਸ (Sairindhas) ਨਾਂ ਦਾ ਕਬੀਲਾ ਇਸ ਜਗ੍ਹਾ ’ਤੇ ਵੱਸਦਾ ਸੀ ਜਿਸ ਕਰਕੇ ਇਸ ਜਗ੍ਹਾ ਦਾ ਨਾਂ ਸਰਹਿੰਦ ਪ੍ਰਚੱਲਤ ਹੋ ਗਿਆ 2 । ਇਕ ਹੋਰ ਵਿਚਾਰਧਾਰਾ ਅਨੁਸਾਰ ਸਰਹਿੰਦ ਦਾ ਅਰਥ ਸ਼ੀਂਹ ਰਿੰਡ ਸੀ, ਸ਼ੀਂਹ ਦਾ ਮਤਲਬ ਸ਼ੇਰ ਅਤੇ ਰਿੰਡ ਦਾ ਅਰਥ ਜੰਗਲ ਸੀ। ਕਿਉਂਕਿ ਇਸ ਜੰਗਲ ਵਿਚ ਸ਼ੇਰ ਫਿਰਦੇ ਸਨ ਜਿਸ ਕਰਕੇ ਇਸ ਜਗ੍ਹਾ ਦਾ ਨਾਂ ਸਰਹਿੰਦ ਪੈ ਗਿਆ। ਸਰਹਿੰਦ ਦੀ ਪੁਰਾਤਨਤਾ ਬਾਰੇ ਚੀਨੀ ਯਾਤਰੂ ਹਿਊਨਸਾਂਗ ਨੇ ਜ਼ਿਕਰ ਕੀਤਾ ਹੈ ਕਿ ਉਸ ਦੇ ਸਮੇਂ ਇਹ ਸ਼ਹਿਰ ਕਾਫੀ ਵੱਡਾ ਹੋ ਚੁੱਕਾ ਸੀ3। ਪਰ Archeological Survey of India, ਪੁਰਾਤਤਵ ਵਿਭਾਗ ਅਨੁਸਾਰ ਇਥੋਂ ਪ੍ਰਾਪਤ ਹੋਏ ਸਿੱਕੇ ਮਹਾਰਾਜਾ ਕਨਿਸ਼ਕ ਅਤੇ ਹੋਰ ਰਾਜਿਆਂ ਨਾਲ ਸਬੰਧਤ ਹਨ 4 । ਸਲਤਨਤ ਅਤੇ ਮੁਗ਼ਲ ਸਾਮਰਾਜ ਵਕਤ ਇਹ ਸ਼ਹਿਰ ਬਹੁਤ ਹੀ ਵੱਡੀ ਵੱਸੋਂ ਵਾਲਾ ਸਰਕਾਰੀ ਅਦਾਰਿਆਂ, ਮਸਜਿਦਾਂ ਅਤੇ ਬਾਗਾਂ ਵਾਲਾ ਸ਼ਹਿਰ ਬਣ ਗਿਆ। ਮੁਗ਼ਲ ਹਾਕਮ ਇਸ ਸ਼ਹਿਰ ਵਿਚ ਸ਼ਿਕਾਰ ਕਰਨਾ ਆਪਣਾ ਮਾਣ ਸਮਝਦੇ ਸਨ। ਸਰਹਿੰਦ ਸ਼ਹਿਰ ਨੂੰ ਮੁਗ਼ਲਾਂ ਦੀ ਰਾਜਧਾਨੀ ਅਤੇ ਦਿੱਲੀ ਦਾ ਦਰਵਾਜ਼ਾ ਸਮਝਿਆ ਜਾਂਦਾ ਸੀ। 16ਵੀਂ ਸਦੀ ਦੇ ਆਰੰਭ ਵਿਚ ਮੁਗ਼ਲ ਸਰਕਾਰ ਨੂੰ ਸਰਹਿੰਦ ਦੇ ਸੂਬੇ ਤੋਂ ਤਕਰੀਬਨ ਇਕ ਕਰੋੜ, ਤੀਹ ਲੱਖ ਰੁਪੈ ਦੀ ਸਾਲਾਨਾ ਆਮਦਨ (revenue) ਪ੍ਰਾਪਤ ਹੁੰਦੀ ਸੀ 5 ।
ਮੁਗ਼ਲ ਸਾਮਰਾਜ ਦੇ ਸਮੇਂ ਸਰਹਿੰਦ ਸੂਬੇ ਵਿਚ 360 ਮਸਜਿਦਾਂ ਸਨ ਅਤੇ ਇਸ ਦੇ ਵਿਚ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਈ ਜਾਂਦੀ ਸੀ 6 । ਅਕਬਰ ਅਤੇ ਜਹਾਂਗੀਰ ਵੱਲੋਂ ਸਰਹਿੰਦ ਵਿਖੇ ਨਵੀਆਂ ਇਮਾਰਤਾਂ, ਬਾਗ ਅਤੇ ਸਰੋਵਰ ਬਣਾਏ ਗਏ। ਖ਼ਾਫੀ ਖਾਨ ਅਨੁਸਾਰ ਸਰਹਿੰਦ ਇਕ ਅਮੀਰਾਂ ਦਾ ਸ਼ਹਿਰ ਗਿਣਿਆ ਜਾਂਦਾ ਸੀ ਜਿਸ ਵਿਚ ਵਪਾਰੀ, ਸ਼ਾਹੂਕਾਰ, ਦੀਵਾਨ ਅਤੇ ਧਾਰਮਿਕ ਵਿਅਕਤੀ ਵੱਡੀ ਗਿਣਤੀ ਵਿਚ ਰਹਿੰਦੇ ਸਨ। ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਹਿੰਦੂਆਂ ਦੀ ਵਸੋਂ ਸੀ, ਜਿਨ੍ਹਾਂ ਵਿੱਚੋਂ (ਅਖੌਤੀ) ਸੂਦਰ ਜਾਤ ਦੇ ਬਹੁਤ ਪਰਵਾਰ ਸਨ 7 । ਇਤਿਹਾਸਕ ਤੌਰ ’ਤੇ ਸਰਹਿੰਦ ਸਤਲੁਜ ਦਰਿਆ ਤੋਂ ਪਾਰ ਇਕ ਮਜ਼ਬੂਤ ਫੌਜੀ ਟਿਕਾਣਾ ਸੀ। ਸਰਹਿੰਦ ਸ਼ਹਿਰ ਦੀ ਵਸੋਂ ਮੁਗ਼ਲ ਹਕੂਮਤ ਵੇਲੇ ਬਹੁਤ ਤੇਜ਼ੀ ਨਾਲ ਵਧੀ ਜਿਸ ਕਰਕੇ ਸ਼ਹਿਰ ਦੇ ਆਲੇ-ਦੁਆਲੇ ਦੀ ਦੀਵਾਰ ਦਾ ਕੁਝ ਹਿੱਸਾ ਢਾਹ ਕੇ ਵਸੋਂ ਵੀ ਕੀਤੀ ਗਈ ਸੀ 8 । ਮੁਗ਼ਲ ਸਾਮਰਾਜ ਵੇਲੇ ਚੀਨੀ ਵਪਾਰੀਆਂ ਵੱਲੋਂ ਕਾਫੀ ਵਸਤੂਆਂ ਦੀ ਵਿਕਰੀ ਸਰਹਿੰਦ ਵਿਖੇ ਕੀਤੀ ਜਾਂਦੀ ਸੀ 9 ।
ਨਕਸ਼ਬੰਦੀ ਸਿਲਸਿਲਾਹ ਕਾਫੀ ਪੁਰਾਤਨ ਹੈ ਪਰੰਤੂ ਹਿੰਦੁਸਤਾਨ ਵਿਚ ਇਸ ਦਾ ਆਰੰਭ ਸੋਲ੍ਹਵੀਂ ਸਦੀ ਵਿਚ ਹੋਇਆ। ਇਹ ਸ਼ਹਿਰ ਉਸ ਸਮੇਂ ਨਕਸ਼ਬੰਦੀ ਸੂਫੀਆਂ ਦਾ ਬਹੁਤ ਵੱਡਾ ਕੇਂਦਰ ਸੀ। ਰੋਜ਼ਾ ਜਾਂ ਦਰਗਾਹ ਮੁਸਲਮ ਭਾਈਚਾਰੇ ਵਾਸਤੇ ਇਹ ਬਹੁਤ ਪਵਿੱਤਰ ਸਥਾਨ ਹੈ। ਵੱਡੀ ਗਿਣਤੀ ਵਿਚ ਮੁਸਲਮ ਸ਼ਰਧਾਲੂ ਹਿੰਦੁਸਤਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਰੋਜ਼ਾ ਸ਼ਰੀਫ ਦੀ ਦਰਗਾਹ ’ਤੇ ਅਜ ਤਕ ਹਰ ਸਾਲ ਆਉਂਦੇ ਹਨ। ਸਾਂਈਂ ਮੀਆਂ ਮੀਰ ਜੀ ਨੇ ਕੁਝ ਸਮਾਂ ਸਰਹਿੰਦ ਵਿਚ ਵੀ ਬਿਤਾਇਆ ਸੀ 11 ।
ਅਠਾਰ੍ਹਵੀਂ ਸਦੀ ਵਿਚ ਸਿੱਖਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋ ਚੁੱਕਾ ਸੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ’ਤੇ ਹੋਏ ਅਕਹਿ ਜ਼ੁਲਮ ਕਰਨ ਵਾਲੇ ਜ਼ਾਲਮ ਸ਼ਾਸਕਾਂ ਨੂੰ ਸਿੱਖਾਂ ਉੱਪਰ ਜ਼ੁਲਮ ਕਰਨ ਕਰਕੇ ਸਬਕ ਸਿਖਾਉਣਾ ਉਚਿਤ ਸਮਝਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋਦਾਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਇਕ ਬੈਰਾਗੀ ਸਾਧੂ ਸੀ ਅਤੇ ਉਸ ਨੇ ਨਾਂਦੇੜ ਦੇ ਨਜ਼ਦੀਕ ਗੋਦਾਵਰੀ ਦਰਿਆ ‘ਤੇ ਆਪਣਾ ਮੱਠ ਬਣਾਇਆ ਹੋਇਆ ਸੀ। ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦਿੱਤੇ ਅਤੇ ਭਾਈ ਬਾਜ਼ ਸਿੰਘ, ਭਾਈ ਦਇਆ ਸਿੰਘ, ਭਾਈ ਕਾਹਨ ਸਿੰਘ, ਭਾਈ ਬਿਨੋਦ ਸਿੰਘ ਅਤੇ ਭਾਈ ਰਣ ਸਿੰਘ ਜੀ ਨੂੰ ਨਾਲ ਭੇਜਿਆ। ਇਸ ਤੋਂ ਇਲਾਵਾ 20 ਕੁ ਸਿੰਘ ਹੋਰ ਸਨ, ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਦੀ ਮਦਦ ਕਰਨ ਵਾਸਤੇ ਨਾਲ ਤੋਰਿਆ ਗਿਆ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਸੰਗਤਾਂ ਨੂੰ ਭੇਜੇ ਜਾਣ ਵਾਲੇ ਹੁਕਮਨਾਮੇ ਵੀ ਲਿਖ ਕੇ ਦਿੱਤੇ ਤਾਂ ਕਿ ਵੱਖ-ਵੱਖ ਥਾਵਾਂ ਦੇ ਮਹੱਤਵਪੂਰਨ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰਨ। ਕੁਝ ਹੀ ਮਹੀਨਿਆਂ ਵਿਚ ਬਾਬਾ ਜੀ ਦੇ ਪਾਸ ਲੜਾਕੂ ਸਿੱਖਾਂ ਦੀ ਵੱਡੀ ਗਿਣਤੀ ਹੋ ਗਈ। ਬਾਬਾ ਜੀ ਨੇ ਨਾਂਦੇੜ ਤੋਂ ਬੜੀ ਸਿਆਣਪ ਦੇ ਨਾਲ ਪੰਜਾਬ ਆਉਣ ਦਾ ਰਸਤਾ ਚੁਣਿਆ। ਉਹ ਕੁਝ ਸਮਾਂ ਖਰਖੋਦੇ ਪਰਗਨਾਂ ਦੇ ਪਿੰਡ ਸਿਹਰੀ ਅਤੇ ਖੰਡਾ ਵਿਚ ਟਿਕੇ ਰਹੇ। ਉਨ੍ਹਾਂ ਨੇ ਨਾਂਦੇੜ ਤੋਂ ਮੰਡਸੌਰ, ਅਜਮੇਰ, ਫੁਲੇਰਾ, ਸਿਕਰ, ਚੁਰੂ, ਸਦੂਲਪੁਰ ਅਤੇ ਹਿਸਾਰ ਤਕ ਦਾ 1600 ਕਿਲੋਮੀਟਰ ਦਾ ਸਫਰ ਲਗਭਗ 365 ਦਿਨਾਂ ਵਿਚ ਭੇਸ ਬਦਲ ਕੇ ਅਤੇ ਉਨ੍ਹਾਂ ਰਸਤਿਆਂ ਨੂੰ ਤਹਿ ਕਰਕੇ ਕੀਤਾ ਤਾਂ ਕਿ ਕੋਈ ਉਨ੍ਹਾਂ ਨੂੰ ਪਛਾਣ ਨਾ ਸਕੇ। ਜ਼ਿਆਦਾ ਸਫਰ ਉਨ੍ਹਾਂ ਨੇ ਮਹਾਰਾਸ਼ਟਰ ਅਤੇ ਰਾਜਸਥਾਨ ਵਿਚ ਕੀਤਾ ਜਿਥੋਂ ਦੇ ਲੋਕ ਅਤੇ ਹਾਕਮ ਮੁਗ਼ਲ ਸਾਮਰਾਜ ਦੇ ਵਿਰੁੱਧ ਸਨ। ਨਾਰਨੌਲ ਵਿਚ ਪਹੁੰਚ ਕੇ ਉਨ੍ਹਾਂ ਨੇ ਮੁਸਲਮਾਨਾਂ ਅਤੇ ਚੋਰ-ਡਾਕੂਆਂ ਨੂੰ ਚੰਗਾ ਸਬਕ ਸਿਖਾਇਆ। ਭਵਾਨੀ ਵਿਚ ਮੁਗ਼ਲ ਸਰਕਾਰ ਦਾ ਖ਼ਜ਼ਾਨਾ ਲੁੱਟ ਕੇ ਆਪਣੀ ਫੌਜ ਵਿਚ ਵੰਡ ਦਿੱਤਾ। ਹਿਸਾਰ ਵਿਖੇ ਉਸ ਦਾ ਹਿੰਦੂ ਅਤੇ ਸਿੱਖਾਂ ਵੱਲੋਂ ਜੀ ਆਇਆਂ ਹੋਇਆ ਅਤੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੀ ਫੌਜ ਵਿਚ ਸ਼ਾਮਲ ਹੋਏ 11 । ਟੋਹਾਣਾ ਵਿਚ ਪਹੁੰਚ ਕੇ ਉਨ੍ਹਾਂ ਨੇ ਮਾਲਵੇ ਦੇ ਸਿੱਖਾਂ ਨੂੰ ਵਜ਼ੀਰ ਖਾਨ ਦੇ ਵਿਰੁੱਧ ਇਕੱਠੇ ਹੋਣ ਲਈ ਕਿਹਾ। ਕੈਥਲ ਵਿਚ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਖ਼ਜਾਨੇ ਨੂੰ ਚੰਗੀ ਤਰ੍ਹਾਂ ਲੁੱਟਿਆ ਪਰੰਤੂ ਆਪਣੇ ਪਾਸ ਕੋਈ ਵੀ ਪੈਸਾ ਨਹੀਂ ਰੱਖਿਆ। ਬਾਬਾ ਜੀ ਨੇ ਇਥੇ ਹੀ ਵੱਖ-ਵੱਖ ਥਾਵਾਂ ਵਾਸਤੇ ਗੁਰੂ ਸਾਹਿਬ ਦੇ ਲਿਖੇ ਹੁਕਮਨਾਮੇ ਜਾਰੀ ਕੀਤੇ 13 ।
ਸਮੁੱਚੇ ਪੰਜਾਬ ਵਿਚ ਅਤੇ ਸਿੱਖਾਂ ਦੇ ਮਨਾਂ ਵਿਚ ਵਜ਼ੀਰ ਖਾਨ ਫੌਜਦਾਰ ਜੋ ਕਿ ਕੁੰਜਪੁਰਾ ਕਰਨਾਲ ਦਾ ਵਸਨੀਕ ਸੀ, ਪ੍ਰਤੀ ਅਤ ਦੀ ਨਫ਼ਰਤ ਪੈਦਾ ਹੋ ਚੁੱਕੀ ਸੀ ਕਿਉਂਕਿ ਵਜ਼ੀਰ ਖਾਨ ਨੇ ਹੀ ਸਮਾਣਾ ਦੇ ਜਲਾਦ ਜਲਾਲ-ਉਦ-ਦੀਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੱਟਣ ਵਾਸਤੇ ਭੇਜਿਆ ਸੀ ਅਤੇ ਉਸ ਦੇ ਪੁੱਤਰ ਬਾਸ਼ਲ ਬੇਗ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਵਾਸਤੇ ਆਪਣੇ ਆਪ ਨੂੰ ਪੇਸ਼ ਕੀਤਾ 14 । ਨਵੰਬਰ, 1709 ਈ: ਨੂੰ ਬੰਦਾ ਸਿੰਘ ਬਹਾਦਰ ਨੇ ਸਮਾਣਾ ’ਤੇ ਹਮਲਾ ਕਰਕੇ ਸਾਰੇ ਸ਼ਹਿਰ ਨੂੰ ਖੰਡਰਾਂ ਦੇ ਢੇਰ ਵਿਚ ਤਬਦੀਲ ਕਰ ਦਿੱਤਾ। ਇਤਿਹਾਸਕਾਰਾਂ ਅਨੁਸਾਰ 10,000 ਤੋਂ ਵਧੀਕ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ 15 । ਬਾਬਾ ਬੰਦਾ ਸਿੰਘ ਬਹਾਦਰ ਨੇ ਘੁੜਾਮ, ਠਸਕਾ, ਸ਼ਾਹਬਾਦ ਅਤੇ ਮੁਸਤਫਾਬਾਦ ਬਗੈਰ ਕਿਸੇ ਵੱਡੀ ਲੜਾਈ ਤੋਂ ਕਬਜ਼ੇ ਵਿਚ ਲੈ ਲਏ।
Muzaffar Alam ਅਨੁਸਾਰ ਬੰਦਾ ਸਿੰਘ ਬਹਾਦਰ ਦੀ ਜਦੋਜਹਿਦ ਵਿਚ ਜ਼ਮੀਨਦਾਰ, ਵਾਹੀਕਾਰ ਅਤੇ ਅਖੌਤੀ ਛੋਟੀਆਂ ਜਾਤਾਂ ਦੇ ਲੋਕਾਂ ਦਾ ਬਹੁਤ ਯੋਗਦਾਨ ਸੀ 16 । ਭਾਈ ਰਤਨ ਸਿੰਘ (ਭੰਗੂ) ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਅਧਾਰ ਉਸ ਸਮੇਂ ਦੀਆਂ ਛੋਟੀਆਂ ਜਾਤਾਂ ਉੱਪਰ ਹੀ ਸੀ। ਉਨ੍ਹਾਂ ਗਰੀਬ ਲੋਕਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪੂਰਾ ਸਤਿਕਾਰ ਕੀਤਾ ਗਿਆ :
“ਜੋ ਆਇ ਮਿਲੈ ਖਾਲਸੈ ਉਹ ਸੁਖ ਸਾਰਾ ਲੇਹਿ।
ਜੋ ਆਇ ਰਲੈ ਨਾ ਖ਼ਾਲਸੇ ਰਯੱਤ ਤਿਸੈ ਬਣੇਹ। 17
ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਜਲਦੀ ਵਾਧੇ ਦੇ ਕਈ ਕਾਰਨ ਸਨ। ਸਿੱਖਾਂ ਦੇ ਮਨਾਂ ਵਿਚ ਜ਼ਾਲਮ ਸਾਮਰਾਜ ਅਤੇ ਉਨ੍ਹਾਂ ਦੇ ਕਰਿੰਦਿਆਂ ਵਿਰੁੱਧ ਬਹੁਤ ਨਫ਼ਰਤ ਸੀ। ਉਨ੍ਹਾਂ ਦੇ ਮਨਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਭਾਰੀ ਰੋਸ ਸੀ। 18 ਜਿਸ ਕਰਕੇ ਵੱਡੀ ਗਿਣਤੀ ਵਿਚ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਸ਼ਾਮਲ ਹੋਏ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਇਕ ਸਾਲ ਵਿਚ ਪੰਜ ਹਜ਼ਾਰ ਘੋੜਸਵਾਰ ਅਤੇ 40,000 ਪੈਦਲ ਸਵਾਰ ਹੋ ਗਈ ਸੀ।
ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਹਕੂਮਤ ਨੂੰ ਉਚ ਅਹੁਦੇਦਾਰਾਂ (Nobles) ਦੀ ਅਸੰਤੁਸ਼ਟਤਾ ਦਾ ਸਾਹਮਣਾ ਕਰਨਾ ਪਿਆ। Intermediaries ਦੇ ਹੋਣ ਨਾਲ ਜਾਗੀਰਦਾਰਾਂ ਦੀ ਆਮਦਨ ਘਟ ਗਈ ਸੀ 19 । ਬਹਾਦਰ ਸ਼ਾਹ ਵੱਲੋਂ ਹਿੰਦੂ ਅਹੁਦੇਦਾਰਾਂ ਅਤੇ ਕਰਮਚਾਰੀਆਂ ਨੂੰ ਦਾੜ੍ਹੀਆਂ ਮੁਨਾਉਣ ਵਾਸਤੇ ਕਿਹਾ ਗਿਆ 20 । ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਹੋ ਰਹੇ ਸਨ। ਗੁਜਰਾਤ ਦੇ ਗਵਰਨਰ ਵੱਲੋਂ ਅਤੇ ਹੋਰ ਅਹੁਦੇਦਾਰਾਂ ਵੱਲੋਂ ਵਾਅਦਾ ਕੀਤੇ ਭੱਤੇ ਨਾ ਮਿਲਣ ਦੀ ਸ਼ਿਕਾਇਤ ਹੋਈ 21 । ਫਰੁੱਖ਼ਸੀਅਰ ਬਾਦਸ਼ਾਹ ਦੇ ਸਮੇਂ ਦੋ ਵਾਰ ਕਾਲ ਪੈ ਗਿਆ ਜਿਸ ਕਰਕੇ ਫੌਜ ਅਤੇ ਲੋਕਾਂ ਲਈ ਬਹੁਤ ਮੁਸ਼ਕਲ ਹੋ ਗਈ। ਖਾਣ-ਪੀਣ ਦੀਆਂ ਚੀਜ਼ਾਂ ਦੂਣੀਆਂ ਮਹਿੰਗੀਆਂ ਹੋਣ ਕਰਕੇ ਲੋਕ ਮੁਗ਼ਲ ਹਕੂਮਤ ਤੋਂ ਤੰਗ ਆ ਗਏ ਸਨ। ਕਾਲ ਤੋਂ ਬਾਅਦ ਮਹਾਂਮਾਰੀ ਫੈਲ ਗਈ ਜਿਸ ਕਰਕੇ ਹਜ਼ਾਰਾਂ ਲੋਕ ਅਤੇ ਪਸ਼ੂ ਮਰ ਗਏ 22 । ਇਨ੍ਹਾਂ ਘਟਨਾਵਾਂ ਨੇ ਸਿੱਖ ਜਦੋ-ਜਹਿਦ ਦੀ ਬਹੁਤ ਮਦਦ ਕੀਤੀ।
ਕਈ ਪਹਾੜੀ ਰਾਜਿਆਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਮੇਂ-ਸਮੇਂ ਸਿਰ ਮਦਦ ਕੀਤੀ ਗਈ।… ਸ਼ਾਹੀ ਫ਼ਰਮਾਨ ਅਤੇ ਖ਼ਿਲਤਾਂ ਦਾ ਜਸਰੋਟਾ, ਨੂਰਪੂਰ, ਬਿਲੌਰ ਅਤੇ ਸਾਂਭਾ ਦੇ ਰਾਜਿਆਂ ਤੇ ਸਿੱਖਾਂ ਵਿਰੁੱਧ ਮੁਹਿੰਮ ਛੇੜਨ ਦਾ ਕੋਈ ਅਸਰ ਨਹੀਂ ਹੋਇਆ। ਪਰੰਤੂ… ਰਾਜਿਆਂ ਨੇ ਸਿੱਖਾਂ ਵਿਰੁੱਧ ਹਕੂਮਤ ਦੀ ਮਦਦ ਕੀਤੀ 23 ।
ਵਜ਼ੀਰ ਖਾਨ ਜੋ ਕਿ ਸਰਹਿੰਦ ਦਾ ਫੌਜਦਾਰ ਸੀ, ਉਸ ਦੀ ਉਮਰ ਬੰਦਾ ਸਿੰਘ ਬਹਾਦਰ ਦੇ ਹਮਲੇ ਵੇਲੇ ਤਕਰੀਬਨ 80 ਸਾਲ ਦੀ ਸੀ 24 । ਬੰਦਾ ਸਿੰਘ ਬਹਾਦਰ ਦਾ ਅਸਲੀ ਮੰਤਵ ਵਜ਼ੀਰ ਖਾਨ ਨੂੰ ਸਬਕ ਸਿਖਾਉਣਾ ਅਤੇ ਸਰਹਿੰਦ ’ਤੇ ਕਬਜ਼ਾ ਕਰਨਾ ਸੀ। ਉਸ ਹਮਲੇ ਲਈ ਉਸ ਨੂੰ ਕੁਝ ਸਮਾਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਥਿਤ ਮੁਖਲਿਸਪੁਰ ਵਿਚ ਗੁਜ਼ਾਰਨਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਇਕ ਸ਼੍ਰੇਣੀ ਬਜ਼ੁਰਗ ਸਿੱਖਾਂ ਦੀ ਸੀ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਈਆਂ ਲੜਾਈਆਂ ਵਿਚ ਹਿੱਸਾ ਲਿਆ ਸੀ ਅਤੇ ਇਨ੍ਹਾਂ ਦੀ ਗਿਣਤੀ ਤਕਰੀਬਨ ਪੰਜ ਹਜ਼ਾਰ ਸੀ। ਦੂਸਰੀ ਸ਼੍ਰੇਣੀ ਨੌਜਵਾਨ ਸਿੱਖਾਂ ਦੀ ਸੀ ਜਿਹੜੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਅਤੇ ਉਨ੍ਹਾਂ ਦੋਸ਼ੀ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਤਤਪਰ ਸਨ। ਇਸ ਤੋਂ ਇਲਾਵਾ ਤੀਸਰੀ ਸ਼੍ਰੇਣੀ ਹਿੰਦੂ, ਜਾਟ, ਗੁੱਜਰ ਅਤੇ ਰਾਜਪੂਤਾਂ ਦੀ ਸੀ ਜਿਨ੍ਹਾਂ ਦੀ ਗਿਣਤੀ ਤਕਰੀਬਨ 10,000 ਸੀ 25 । ਇਸ ਤੋਂ ਇਲਾਵਾ ਬਹੁਤ ਸਾਰੇ ਉਹ ਲੋਕ ਸਨ, ਜਿਨ੍ਹਾਂ ਦਾ ਕੰਮ ਮੌਕੇ ਦਾ ਫਾਇਦਾ ਉਠਾਉਣਾ ਸੀ 26 । ਖ਼ਾਫੀ ਖ਼ਾਨ ਅਨੁਸਾਰ ਸਿੱਖਾਂ ਦੀ ਫੌਜ ਦੀ ਗਿਣਤੀ 40,000 ਤੋਂ ਵੱਧ ਸੀ। ਵਜ਼ੀਰ ਖਾਨ ਨੇ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਨ ਵਾਸਤੇ ਜਹਾਦ ਦਾ ਨਾਅਰਾ ਦਿੱਤਾ ਜਿਸ ਕਰਕੇ ਉਸ ਨਾਲ ਮਲੇਰਕੋਟਲੇ ਦਾ ਨਵਾਬ, ਕਈ ਮੁਸਲਮਾਨ ਚੌਧਰੀ ਅਤੇ ਜਾਗੀਰਦਾਰ ਰਲ ਗਏ। ਉਸ ਦੀ ਫੌਜ ਵੱਡੀ ਗਿਣਤੀ ਵਿਚ ਸਿਖਿਅਤ ਸੀ। ਵਜ਼ੀਰ ਖਾਨ ਪਾਸ ਪੰਜ ਤੋਂ ਛੇ ਹਜ਼ਾਰ ਘੋੜੇ, 8000 ਤੋਪਚੀ, ਤੀਰ ਅੰਦਾਜ਼, ਕੁਝ ਹਾਥੀ ਅਤੇ ਤੋਪਖ਼ਾਨਾ ਸੀ। ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ ਵਿਚ, ਜੋ ਸਰਹਿੰਦ ਤੋਂ ਲੱਗਭਗ 10-12 ਕੋਹ ਦੂਰ ਹੈ, ਆਪਣੀ ਫੌਜ ਸਮੇਤ ਪਹੁੰਚ ਗਿਆ। ਮੁਗ਼ਲਾਂ ਵਾਲੇ ਪਾਸੇ ਸ਼ੇਰ ਮੁਹਮੰਦ ਖਾਨ ਨਵਾਬ ਮਲੇਰਕੋਟਲਾ ਨੇ ਸੱਜੇ ਪਾਸੇ ਦੀ ਕਮਾਂਡ ਸਾਂਭੀ, ਵਜ਼ੀਰ ਖਾਨ ਦਰਮਿਆਨ ਦੀ ਅਤੇ ਸੁੱਚਾ ਨੰਦ ਨੂੰ ਖੱਬੇ ਪਾਸੇ ਦੀ ਕਮਾਂਡ ਦਿੱਤੀ ਗਈ। ਇਸ ਤਰ੍ਹਾਂ ਸਿੱਖ ਫੌਜ ਵਿਚ ਭਾਈ ਬਾਜ ਸਿੰਘ ਨੂੰ ਸੱਜੇ ਪਾਸੇ, ਭਾਈ ਬਿਨੋਦ ਸਿੰਘ ਨੂੰ ਖੱਬੇ ਪਾਸੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਦਰਮਿਆਨ ਦੀ ਅਗਵਾਈ ਕੀਤੀ। ਇਸ ਲੜਾਈ ਵਿਚ ਮੁਗ਼ਲਾਂ ਵੱਲੋਂ ਤੋਪਾਂ ਦੀ ਗੋਲਾਬਾਰੀ ਨਾਲ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ। ਨਵਾਬ ਮਲੇਰਕੋਟਲਾ ਕਾਫੀ ਤਾਕਤ ਨਾਲ ਲੜਿਆ ਪਰੰਤੂ ਅਚਾਨਕ ਇਕ ਗੋਲੀ ਵੱਜਣ ਨਾਲ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਫੌਜ ਖਿੰਡਰ-ਪੁੰਡਰ ਗਈ 27 । ਵਜ਼ੀਰ ਖਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ ਬਹੁਤ ਘਮਸਾਨ ਦੀ ਜੰਗ ਚਲ ਰਹੀ ਸੀ। ਭਾਈ ਬਾਜ ਸਿੰਘ ਅਤੇ ਭਾਈ ਬਿਨੋਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕੀਤੀ ਅਤੇ ਵਜ਼ੀਰ ਖਾਨ ਨੂੰ ਘੇਰ ਕੇ ਕਤਲ ਕਰ ਦਿੱਤਾ। ਵੱਖ-ਵੱਖ ਇਤਿਹਾਸਕਾਰ ਵਜ਼ੀਰ ਖਾਨ ਦੇ ਕਤਲ ਹੋਣ ਦਾ ਵੱਖਰਾ ਤਰੀਕਾ ਦੱਸਦੇ ਹਨ। ਇਕ ਇਤਿਹਾਸਕਾਰ ਅਨੁਸਾਰ ਵਜ਼ੀਰ ਖਾਨ ਦੀ ਲਾਸ਼ ਨੂੰ ਦਰਖ਼ਤ ਨਾਲ ਟੰਗ ਦਿੱਤਾ ਗਿਆ ਸੀ 28 । ਅਖਬਾਰਾਤੇ ਦਰਬਾਰ-ਏ ਮੌਲਾ 12 ਮਈ 1710 ਈ: ਨੂੰ ਇਹ ਲਿਖਦਾ ਹੈ ਕਿ ਲੜਾਈ ਸਵੇਰ ਵਕਤ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ ਤਕ ਚਲਦੀ ਰਹੀ 29 । ਵਜ਼ੀਰ ਖਾਨ ਦੇ ਨਾਲ ਹੀ ਉਸ ਦਾ ਪੁੱਤਰ ਅਤੇ ਉਸ ਦਾ ਜਵਾਈ ਵੀ ਲੜਾਈ ਵਿਚ ਮਾਰੇ ਗਏ।ਵੱਡਾ ਲੜਕਾ ਆਪਣੇ ਪਰਵਾਰ ਸਮੇਤ ਪਹਿਲਾਂ ਹੀ ਦਿੱਲੀ ਭੱਜ ਗਿਆ। ਸੁੱਚਾ ਨੰਦ ਵਜ਼ੀਰ ਖਾਨ ਦਾ ਖ਼ਜਾਨਚੀ ਸੀ ਅਤੇ ਉਸੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਸ਼ਹੀਦ ਕਰਨ ਬਾਰੇ ਵਜ਼ੀਰ ਖਾਨ ਨੂੰ ਜ਼ੋਰ ਪਾ ਕੇ ਕਿਹਾ ਸੀ। ਕਿਸੇ ਵੀ ਉਸ ਵਕਤ ਦੇ ਲਿਖਾਰੀ ਨੇ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਹਮਦਰਦੀ ਪ੍ਰਗਟ ਕੀਤੀ ਹੈ। ਉਸ ਦਾ ਵੱਡਾ ਕਾਰਨ ਇਹ ਸੀ ਕਿ ਇਹ ਆਪਣੇ ਸਮੇਂ ਵਿਚ ਬਹੁਤ ਹੀ ਘਮੰਡੀ ਅਤੇ ਆਪਣੇ ਰੁਤਬੇ ਦਾ ਪੂਰਾ ਫਾਇਦਾ ਲੈਂਦਾ ਰਿਹਾ 30 ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਆਲੇ-ਦੁਆਲੇ ਦੇ ਇਲਾਕਿਆਂ ’ਤੇ ਬਹੁਤ ਤੇਜ਼ੀ ਨਾਲ ਕਬਜ਼ਾ ਕਰ ਲਿਆ ਜਿਸ ਵਿਚ ਸਮਾਣਾ, ਸੁਨਾਮ, ਮੁਸਤਫਾਬਾਦ, ਕੈਥਲ, ਘੁੜਾਮ, ਛੱਤ, ਅੰਬਾਲਾ, ਥਾਨੇਸਰ, ਮਾਛੀਵਾੜਾ, ਟੋਹਾਣਾ, ਸਢੌਰਾ, ਕੁੰਜਪੁਰਾ, ਠਸਕਾ, ਸ਼ਾਹਬਾਦ ਮਾਰਕੰਡਾ, ਦਾਮਲਾ, ਹਿਸਾਰ, ਸੋਨੀਪਤ, ਮਲੇਰਕੋਟਲਾ ਆਦਿ ਇਲਾਕੇ ਸਨ 31 । ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਫੌਜਦਾਰ ਬਣਾ ਦਿੱਤਾ। ਸਰਹਿੰਦ ਕਿਉਂਕਿ ਮੁਗ਼ਲਾਂ ਦੇ ਸਮੇਂ ਕੌਮੀ ਰਾਹ ਉਪਰ ਸੀ ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਹੈਡਕੁਆਟਰ ਮੁਖਲਿਸਪੁਰ ਵਿਖੇ ਬਣਾਇਆ ਅਤੇ ਇਸ ਦਾ ਨਾਮ ਬਦਲ ਕੇ ‘ਲੋਹਗੜ੍ਹ’ ਰੱਖ ਦਿੱਤਾ। ਇਥੋਂ ਹੀ ਉਸ ਨੇ ਪਹਿਲਾ ਸਿੱਖ ਸਿੱਕਾ ਜਾਰੀ ਕੀਤਾ ਸੀ। ਸਰਕਾਰ ਵਾਸਤੇ ਸਰਹਿੰਦ ਦਾ ਸਿੱਖਾਂ ਦੇ ਕਬਜ਼ੇ ਵਿਚ ਆਉਣਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ। ਲਾਹੌਰ ਤੋਂ ਬਾਅਦ ਸਰਹਿੰਦ ਹੀ ਵੱਡਾ ਸ਼ਹਿਰ ਸੀ। ਸਰਹਿੰਦ ਤੇ ਹੋਰ ਇਲਾਕਿਆਂ ’ਤੇ ਸਿੱਖਾਂ ਦੇ ਕਬਜ਼ੇ ਕਰਕੇ ਦਿੱਲੀ ਲਈ ਕੌਮੀ ਰਾਹ ਬੰਦ ਹੋ ਗਿਆ ਸੀ। ਮੁਗ਼ਲ ਬਾਦਸ਼ਾਹ ਵੱਲੋਂ ਸਿੱਖਾਂ ਨੂੰ ਸਖ਼ਤੀ ਨਾਲ ਕੁਚਲਣ ਦਾ ਫੈਸਲਾ ਲਿਆ ਗਿਆ। ਸਰਹਿੰਦ ਦੀ ਲੜਾਈ 12 ਮਈ, 1710 ਈ: ਨੂੰ ਹੋਈ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ 14 ਮਈ, 1710 ਈ: ਨੂੰ ਸਰਹਿੰਦ ’ਤੇ ਪੂਰਨ ਕਬਜ਼ਾ ਕਰ ਲਿਆ ਸੀ, ਜਿਸ ਕਰਕੇ ਸਰਹਿੰਦ (ਵਿਜੈ) ਫਤਹਿ ਦਿਵਸ ਮਨਾਇਆ ਜਾਂਦਾ ਹੈ 32 ।
ਇਹ ਕਦਮ ਮੁਗ਼ਲ ਸਾਮਰਾਜ ਨੂੰ ਇਕ ਵੱਡੀ ਚੁਨੌਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਉਤੇ ਮੁੜ ਅੱਤਿਆਚਾਰ ਹੋਣੇ ਸ਼ੁਰੂ ਹੋ ਗਏ ਪਰੰਤੂ ਸਮੇਂ-ਸਮੇਂ ਸਿੱਖ ਮੁਗ਼ਲਾਂ ਦਾ ਸਾਹਮਣਾ ਵੀ ਕਰਦੇ ਰਹੇ ਅਤੇ ਆਪਣੀ ਤਾਕਤ ਨੂੰ ਮਜ਼ਬੂਤ ਕਰਦੇ ਰਹੇ। ਟੋਡਰਮੱਲ ਵੱਲੋਂ ਲੋਕਲ ਚੌਧਰੀ ਤੋਂ ਬਹੁਤ ਜ਼ਿਆਦਾ ਕੀਮਤ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜਗ੍ਹਾ ਦਾ ਪ੍ਰਬੰਧ ਕੀਤਾ 33 । ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਜਹਾਂਦਰ ਸ਼ਾਹ ਨੇ ਸਾਲ ਤੋਂ ਵੀ ਘੱਟ ਸਮਾਂ ਰਾਜ ਕੀਤਾ ਅਤੇ ਉਸ ਤੋਂ ਬਾਅਦ ਫਰੁੱਖਸੀਅਰ (ਸੰਨ 1713-19 ਈ:) ਦੇ ਸਮੇਂ ਸੰਨ 1713-1715 ਈ: ਤਕ ਸਿੱਖ ਜਦੋਜਹਿਦ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸੇ ਵੀ ਜਦੋਜਹਿਦ ਦਾ ਮੁਲਾਂਕਣ ਉਸ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਮੁਗ਼ਲ ਹਕੂਮਤ ਦਾ ਸਾਰੇ ਹਿੰਦੋਸਤਾਨ ’ਤੇ ਰਾਜ ਸੀ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਨਾ ਅਜੇ ਬਹੁਤ ਮੁਸ਼ਕਲ ਸੀ।ਜਦੋਂ ਸਾਰੇ ਹਿੰਦੁਸਤਾਨ ਦੇ ਹਾਕਮਾਂ, ਰਾਜਿਆਂ, ਮਹਾਰਾਜਿਆਂ ਦੀ ਫੌਜੀ ਤਾਕਤ ਨੇ ਇਕੱਠੇ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੁਨੌਤੀ ਦਿੱਤੀ ਤਾਂ ਇਹ ਸੁਭਾਵਕ ਸੀ ਕਿ ਇਤਨੀ ਵੱਡੀ ਫੌਜ, ਅਸਲੇ, ਤੋਪਾਂ ਆਦਿ ਦਾ ਸਾਹਮਣਾ ਬਹੁਤਾ ਸਮਾਂ ਨਹੀਂ ਹੋ ਸਕਦਾ ਸੀ। ਅੰਤ ਬਾਬਾ ਬੰਦਾ ਸਿੰਘ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਆਪਣੇ ਸਾਥੀਆਂ ਨਾਲ ਪਕੜਿਆ ਗਿਆ। ਉਸ ਸਮੇਂ ਦੇ ਅੰਗਰੇਜ਼ ਲਿਖਾਰੀਆਂ ਵੱਲੋਂ ਸਿੱਖਾਂ ਦੀ ਕੁਰਬਾਨੀ ਅਤੇ ਗ਼ੈਰਤ ਨਾਲ ਪ੍ਰਾਣ ਤਿਆਗਣ ਦਾ ਜ਼ਿਕਰ ਕੀਤਾ ਗਿਆ।ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਬੇਮਿਸਾਲ ਹੈ।
ਤਕਰੀਬਨ 32 ਸਾਲ ਸੰਨ 1716 ਈ: ਤੋਂ ਸੰਨ 1747 ਈ: ਤਕ ਸਰਹਿੰਦ ਵਿਖੇ ਕੋਈ ਖ਼ਾਸ ਘਟਨਾ ਨਹੀਂ ਵਾਪਰੀ। ਸੰਨ 1739 ਈ: ਨੂੰ ਸਰਹਿੰਦ ਵਿਖੇ ਨਾਦਰਸ਼ਾਹ ਨੇ ਆਪਣਾ ਥੋੜ੍ਹੇ ਸਮੇਂ ਲਈ ਡੇਰਾ ਲਾਇਆ। ਸੰਨ 1739 ਈ: ਤੋਂ ਬਾਅਦ ਨਾਦਰਸ਼ਾਹ ਦੀ ਨਸੀਅਤ ’ਤੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਵੱਡੀ ਗਿਣਤੀ ਵਿਚ ਸਿੱਖ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਚਲੇ ਗਏ। ਯਹੀਆ ਖਾਨ ਅਤੇ ਸ਼ਾਹ ਨਵਾਜ਼ (ਸੰਨ 1745 ਈ: ਤੋਂ 1748 ਈ: ਤਕ) ਅਤੇ ਮੀਓਨ-ਉਲ-ਮੁਲਕ (ਮੀਰ ਮੰਨੂ) (ਸੰਨ 1748 ਈ: ਤੋਂ ਸੰਨ 1753 ਈ: ਤਕ) ਦਾ ਸਮਾਂ ਸਿੱਖਾਂ ਲਈ ਬੇਹੱਦ ਮੁਸ਼ਕਲਾਂ ਵਾਲਾ ਸੀ। ਸੰਨ 1747 ਈ: ਵਿਚ ਅਲੀ ਮੁਹੰਮਦ ਖਾਨ ਰੁਹੇਲਾ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦੀ ਖ਼ਬਰ ਸੁਣ ਕੇ ਅਲੀ ਮੁਹੰਮਦ ਖਾਨ ਆਪਣੇ ਨਗਰ ਨੂੰ ਭੱਜ ਗਿਆ। ਸੰਨ 1748 ਈ: ਵਿਚ ਅਹਿਮਦ ਸ਼ਾਹ ਅਬਦਾਲੀ ਨੇ ਸਤਲੁਜ ਦਰਿਆ ਪਾਰ ਕਰਕੇ ਸਰਹਿੰਦ ’ਤੇ ਕਬਜ਼ਾ ਕਰ ਲਿਆ। 11 ਮਾਰਚ, 1748 ਈ: ਨੂੰ ਮੁਗ਼ਲਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੀ ਲੜਾਈ ਹੋਈ ਜਿਸ ਵਿਚ ਮੁਗ਼ਲ ਪ੍ਰਧਾਨ ਮੰਤਰੀ ਕਮਰ-ਉਦ-ਦੀਨ ਮਾਰਿਆ ਗਿਆ। ਅਹਿਮਦ ਸ਼ਾਹ ਅਬਦਾਲੀ ਦੂਸਰੇ ਅਤੇ ਤੀਸਰੇ ਹਮਲੇ ਵੇਲੇ ਸਰਹਿੰਦ ਤੋਂ ਪਰ੍ਹਾਂ ਹੀ ਰਿਹਾ। ਚੌਥੇ ਹਮਲੇ ਵਕਤ ਸਰਹਿੰਦ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸਾਦਿਕ ਬੇਗ ਸਰਹਿੰਦ ਦਾ ਫੌਜਦਾਰ ਬਣਾਇਆ ਗਿਆ। ਸਾਦਿਕ ਬੇਗ ਤੋਂ ਬਾਅਦ ਅਬਦੁੱਸਮਦ ਖਾਨ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਰਹਿੰਦ ਦਾ ਫੌਜਦਾਰ ਬਣਾਇਆ। ਉਸ ਸਮੇਂ ਜਲੰਧਰ ਦੇ ਨਵਾਬ ਅਦੀਨਾ ਬੇਗ ਦੀ ਕਾਫੀ ਤਾਕਤ ਸੀ, ਪਰੰਤੂ ਸ਼ਹਿਜ਼ਾਦਾ ਤੈਮੂਰ ਉਸ ਨੂੰ ਘੱਟ ਕਰਨਾ ਚਾਹੁੰਦਾ ਸੀ। ਅਦੀਨਾ ਬੇਗ ਨੇ ਦਲ ਖ਼ਾਲਸਾ ਅਤੇ ਮਰਾਠਿਆਂ ਦੀ ਮਦਦ ਮੰਗੀ। ਸਿੱਖਾਂ ਦੀ ਅਗਵਾਈ ਸ. ਜੱਸਾ ਸਿੰਘ ਅਤੇ ਮਰਾਠਿਆਂ ਦੀ ਅਗਵਾਈ ਰਘੂਨਾਥ ਰਾਓ ਨੇ ਕਰਕੇ ਸਰਹਿੰਦ ’ਤੇ ਦੁਬਾਰਾ ਕਬਜ਼ਾ ਕਰ ਲਿਆ। ਅਬਦੁੱਸਮਦ ਖਾਨ ਅਤੇ ਉਸ ਦੇ ਡਿਪਟੀ ਜੰਗਬਾਜ਼ ਖਾਨ ਨੂੰ ਕੈਦੀ ਬਣਾ ਲਿਆ ਗਿਆ। ਪਰੰਤੂ ਸ਼ਹਿਜਾਦਾ ਤੈਮੂਰ ਖਾਨ ਬਚ ਨਿਕਲਿਆ।
ਸ਼ਹਿਜ਼ਾਦਾ ਤੈਮੂਰ ਖਾਨ ਨੇ ਇਸ ਗੱਲ ਦੀ ਕਿ ਸਿੱਖਾਂ ਨੇ ਉਸ ਨੂੰ ਇਕ ਵਾਰੀ ਹਰਾ ਦਿੱਤਾ ਹੈ, ਇਸ ਲਈ ਉਸ ਨੇ ਸਿੱਖਾਂ ਨੂੰ ਕੁਚਲਣ ਅਤੇ ਬਦਲਾ ਲੈਣ ਲਈ ਵੱਡੀ ਤਿਆਰੀ ਕੀਤੀ। ਅਹਿਮਦ ਸ਼ਾਹ ਅਬਦਾਲੀ ਨੇ ਕੁੱਪ ਅਤੇ ਰੋਹੀੜਾ ਦੇ ਪਿੰਡਾਂ ਦੇ ਨਜ਼ਦੀਕ ਸਿੱਖਾਂ ਉਤੇ ਵੱਡਾ ਹਮਲਾ ਕੀਤਾ ਜਿਸ ਵਿਚ ਅੰਦਾਜ਼ਨ 20000 ਤੋਂ ਵੱਧ ਸਿੱਖ ਜਿਨ੍ਹਾਂ ਵਿਚ ਬਜ਼ੁਰਗ ਔਰਤਾਂ ਅਤੇ ਬੱਚੇ ਸ਼ਾਮਲ ਸਨ, ਉਹ ਸ਼ਹੀਦ ਕਰ ਦਿੱਤੇ ਗਏ 34 । ਅਬਦਾਲੀ ਨੇ ਬਰਨਾਲਾ ਦਾ ਸਿੱਖ ਕਿਲ੍ਹਾ ਢਾਹ ਦਿੱਤਾ ਅਤੇ ਅੰਮ੍ਰਿਤਸਰ ਪਹੁੰਚਣ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਅਤੇ ਆਲੇ-ਦੁਆਲੇ ਦੇ ਬੁੰਗਿਆਂ ਨੂੰ ਤੋਪਾਂ ਦੇ ਗੋਲਿਆਂ ਨਾਲ ਤਬਾਹ ਕਰ ਦਿੱਤਾ। ਪਵਿੱਤਰ ਸਰੋਵਰ ਨੂੰ ਆਦਮੀਆਂ ਅਤੇ ਗਾਵਾਂ ਦੇ ਖੂਨ ਅਤੇ ਹੱਡੀਆਂ ਨਾਲ ਭਰ ਦਿੱਤਾ ਗਿਆ। ਜਿਸ ਵਕਤ ਸ੍ਰੀ ਹਰਿਮੰਦਰ ਸਾਹਿਬ ਨੂੰ ਅਤੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਢਾਹਿਆ ਜਾ ਰਿਹਾ ਸੀ, ਉਸ ਸਮੇਂ ਇੱਟ ਦਾ ਇਕ ਟੁਕੜਾ ਉੱਡਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਦੇ ਨੱਕ ‘ਤੇ ਵੱਜਿਆ ਅਤੇ ਵੱਡਾ ਜ਼ਖਮ ਕਰ ਦਿੱਤਾ। ਸੰਨ 1772 ਈ: ਵਿਚ ਉਸੇ ਨੱਕ ਦੀ ਤਕਲੀਫ ਕਰਕੇ ਉਸ ਦੀ ਮੌਤ ਹੋ ਗਈ। ਇਸ ਵੱਡੇ ਘੱਲੂਘਾਰੇ ਦਾ ਸਿੱਖਾਂ ’ਤੇ ਬਹੁਤਾ ਚਿਰ ਅਸਰ ਨਹੀਂ ਹੋਇਆ ਅਤੇ ਤਿੰਨ ਮਹੀਨਿਆਂ ਵਿਚ ਹੀ ਜਦੋਂ ਅਬਦਾਲੀ ਲਾਹੌਰ ਵਿਚ ਸੀ ਤਾਂ ਸਿੱਖਾਂ ਦੀ ਫੌਜ ਨੇ ਜੈਨ ਖਾਨ ’ਤੇ ਹਮਲਾ ਕੀਤਾ ਤੇ ਉਸ ਨੂੰ ਕਰਾਰੀ ਹਾਰ ਦਿੱਤੀ। ਜਿਵੇਂ ਹੀ ਅਹਿਮਦ ਸ਼ਾਹ ਅਬਦਾਲੀ ਨੇ ਸੰਨ 1762 ਈ: ਵਿਚ ਪੰਜਾਬ ਨੂੰ ਛੱਡਿਆ ਸਿੱਖ ਸਰਦਾਰਾਂ ਨੇ ਵੱਖ-ਵੱਖ ਇਲਾਕਿਆਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਭੀਖਨ ਖਾਨ ਜਿਸ ਨੇ ਵੱਡੇ ਘੱਲੂਘਾਰੇ ਵਿਚ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਕੀਤੀ ਸੀ, ਉਸ ਨੂੰ ਸਿੱਖਾਂ ਨੇ ਲੜਾਈ ਵਿਚ ਕਤਲ ਕਰ ਦਿੱਤਾ 35 । ਸਿੱਖਾਂ ਦੀ ਫੌਜ ਉਸ ਤੋਂ ਬਾਅਦ ਮੋਰਿੰਡਾ ਵਿਚ ਪਹੁੰਚੀ ਅਤੇ ਉਨ੍ਹਾਂ ਨੇ ਜਾਨੀ ਖਾਨ ਅਤੇ ਮਾਨੀ ਖਾਨ ਦੀ ਔਲਾਦ ਨੂੰ ਕਤਲ ਕਰ ਦਿੱਤਾ ਕਿਉਂਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਕੈਦ ਕਰਕੇ ਵਜ਼ੀਰ ਖਾਨ ਕੋਲ ਲੈ ਕੇ ਗਏ ਸਨ। ਸੰਨ 1764 ਈ: ਵਿਚ ਦਲ ਖ਼ਾਲਸਾ ਦੀਆਂ ਫੌਜਾਂ ਨੇ ਸਰਹਿੰਦ ਉਤੇ ਹਮਲਾ ਕਰਕੇ ਜਾਨੀ ਖਾਨ ਨੂੰ ਕਤਲ ਕਰ ਦਿੱਤਾ। ਸਿੱਖਾਂ ਸਰਦਾਰਾਂ ਨੇ ਸਰਹਿੰਦ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਤੇ ਜ਼ਾਲਮਾਂ ਨਾਲ ਸੰਬੰਧਿਤ ਥਾਵਾਂ ਨੂੰ ਢਾਹ ਦਿੱਤਾ ਅਤੇ ਖ਼ੋਤਿਆਂ ਕੋਲੋਂ ਸਰਹਿੰਦ ਦੀ ਜ਼ਮੀਨ ’ਤੇ ਹਲ ਚਲਵਾਇਆ। ਸਰਹਿੰਦ ਦੀ ਜਿੱਤ ਨਾਲ ਸਿੱਖਾਂ ਕੋਲ ਇਕ ਵੱਡਾ ਇਲਾਕਾ ਕਬਜ਼ੇ ਵਿਚ ਆ ਗਿਆ ਜਿਹੜਾ 220 ਮੀਲ ਲੰਬਾਈ ਵਿਚ ਅਤੇ 160 ਮੀਲ ਚੌੜਾਈ ਵਿਚ ਸੀ। ਉਸ ਸਮੇਂ ਭਾਈ ਭਗਤੂ ਜੀ ਦੀ ਅੰਸ਼ ਵਿੱਚੋਂ ਭਾਈ ਬੁੱਢਾ ਸਿੰਘ ਜੀ ਨੂੰ ਸਰਹਿੰਦ ਦਾ ਮੁਖੀ ਬਣਾ ਦਿੱਤਾ ਗਿਆ 36 । ਕੋਈ ਵੀ ਇਤਿਹਾਸਕਾਰ ਸਰਹਿੰਦ ਦਾ ਜ਼ਿਕਰ ਕਰਨ ਤੋਂ ਬਗੈਰ ਪੰਜਾਬ ਦਾ ਇਤਿਹਾਸ, ਮੁਗ਼ਲਾਂ ਦਾ ਇਤਿਹਾਸ, ਭਾਰਤ ਦਾ ਇਤਿਹਾਸ ਜਾਂ ਸਿੱਖਾਂ ਦਾ ਇਤਿਹਾਸ ਨਹੀਂ ਲਿਖ ਸਕਦਾ ਹੈ। ਜ਼ੁਲਮ ਕਰਨ ਵਾਲੇ ਹਾਕਮਾਂ ਅਤੇ ਹੋਰ ਦੁਸ਼ਟਾਂ ਦਾ ਅੱਜ ਦੀ ਸਰਹਿੰਦ ਵਿਚ ਕੋਈ ਥਹੁ-ਪਤਾ ਜਾਂ ਯਾਦਗਾਰ ਨਹੀਂ ਹੈ।
ਲੇਖਕ ਬਾਰੇ
Ph.d(His);Ph.D(Lib. Inf.Sc)
- ਹੋਰ ਲੇਖ ਉਪਲੱਭਧ ਨਹੀਂ ਹਨ