ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਸਿੱਖ ਜਰਨੈਲ ਹੋਏ ਹਨ, ਜਿਨ੍ਹਾਂ ਨੇ ਦੁਖੀ ਮਨੁੱਖ ਜਾਤੀ ਦੇ ਹਿਤ ਵਿਚ ਉਚੇਚੇ ਤੌਰ ’ਤੇ ਕਾਰਜਸ਼ੀਲ ਹੋ ਕੇ ਅਤੇ ਫਿਰ ਆਪਣੀ ਸ਼ਹਾਦਤ ਦੇ ਕੇ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਪ੍ਰਤੀ ਆਪਣੀ ਸੱਚੀ ਸ਼ਰਧਾ ਪ੍ਰਗਟ ਕੀਤੀ ਸੀ। ਇਸ ਮਹਾਨ ਸਿੱਖ ਜਰਨੈਲ ਦਾ ਜਨਮ 16 ਅਕਤੂਬਰ, ਸੰਨ 1670 ਈ: ਨੂੰ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਨਗਰ ਰਾਜੌਰੀ ਵਿਚ ਹੋਇਆ। ਸੰਨ 1708 ਈ: ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ (ਮਹਾਂਰਾਸ਼ਟਰ) ਵਿਖੇ ਲਛਮਣ ਦੇਵ ਤੋਂ ਬਣੇ ਬੈਰਾਗੀ ਸਾਧੂ ਮਾਧੋਦਾਸ ਨੂੰ ਖੰਡੇ ਦੀ ਪਾਹੁਲ ਛਕਾ ਕੇ ਗੁਰੂ- ਘਰ ਦਾ ਬੰਦਾ ਭਾਵ ਬੰਦਾ ਸਿੰਘ ਬਣਾਇਆ। ਆਪਣੀ ਬਹਾਦਰੀ ਕਰਕੇ ਇਹ ਜਰਨੈਲ ਵਿਸ਼ਵ-ਭਰ ਵਿਚ ‘ਬਾਬਾ ਬੰਦਾ ਸਿੰਘ ਬਹਾਦਰ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੀ ਰਾਜਸੀ ਅਗਵਾਈ ਕਰਨ ਲਈ ਪੰਜ ਤੀਰ, ਨਗਾਰਾ ਤੇ ਨਿਸ਼ਾਨ ਸਾਹਿਬ ਬਖ਼ਸ਼ ਕੇ ਚੋਣਵੇਂ ਸਿੱਖਾਂ ਨਾਲ ਇਕ ਜਥੇਦਾਰ ਦੇ ਰੂਪ ਵਿਚ ਪੰਜਾਬ ਵੱਲ ਤੋਰਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਥਾਪੜੇ ਤੇ ਪੰਜਾਬ ਦੇ ਸਿੱਖਾਂ ਦੇ ਨਾਮ ਭੇਜੇ ਹੁਕਮਨਾਮਿਆਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਈ ਫੌਜ ਨੂੰ ਇਕੱਤਰ ਕਰ ਕੇ ਰਸਤੇ ਵਿਚ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਕਪੂਰੀ ਤੇ ਸਢੌਰੇ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਪਿੱਛੋਂ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਵਜ਼ੀਰ ਖਾਨ ਨਾਲ ਘਮਸਾਨ ਦਾ ਯੁੱਧ ਕਰ ਕੇ, ਉਸ ਨੂੰ ਮੌਤ ਦੇ ਘਾਟ ਉਤਾਰਿਆ। ਫਿਰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ’ਤੇ ਹੋਏ ਜਬਰ ਤੇ ਜ਼ੁਲਮ ਦਾ ਬਦਲਾ ਲਿਆ। ਸਰਹਿੰਦ ਨੂੰ ਫਤਹਿ ਕਰਕੇ ਖ਼ਾਲਸਾ ਰਾਜ ਦਾ ਝੰਡਾ ਲਹਿਰਾਇਆ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਚਲਾਇਆ। ਸੰਨ 1708 ਤੋਂ 1716 ਈ: ਤਕ ਆਪ ਨੇ ਸਿੱਖਾਂ ਦੀ ਅਗਵਾਈ ਕੀਤੀ ਤੇ ਜ਼ੁਲਮ, ਜਬਰ ਦਾ ਨਾਸ਼ ਕੀਤਾ। ਜਾਗੀਰਦਾਰੀ ਸਿਸਟਮ ਖ਼ਤਮ ਕਰਕੇ ਕਾਸ਼ਤਕਾਰਾਂ ਨੂੰ ਮਾਲਕੀ ਦਾ ਹੱਕ ਦੇ ਕੇ ਸਮਾਜਿਕ ਅਨਿਆਂ ਨੂੰ ਖ਼ਤਮ ਕੀਤਾ। ਸਿੱਖ ਇਤਿਹਾਸ ਦੇ ਇਸ ਮਹਾਨ ਯੋਧੇ, ਸੂਝਵਾਨ ਜਰਨੈਲ ਤੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਤੇ ਖ਼ਾਲਸਾ ਪੰਥ ਦੀ ਸਰਹਿੰਦ ਫਤਹਿ ਕਰਨ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਯਾਦ ਕਰਦੇ ਹੋਏ ਸਿੱਖ ਕੌਮ ਨੇ 12-14 ਮਈ 2010 ਈ: ਨੂੰ ਇਸ ਜਿੱਤ ਦੀ ਤੀਜੀ ਸ਼ਤਾਬਦੀ ਪੂਰੇ ਜਾਹੋ-ਜਲਾਲ ਨਾਲ ਮਨਾਈ ਹੈ। ਇਸ ਤੀਜੀ ਸ਼ਤਾਬਦੀ ਨੂੰ ਮਨਾਉਂਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿਚ ਖਾਲਸਾ ਪੰਥ ਦੇ ਮਹਾਨ ਕਾਰਨਾਮਿਆਂ ਨੂੰ ਯਾਦ ਕਰਨਾ ਹਰ ਸਿੱਖ ਦਾ ਕੌਮੀ ਫਰਜ਼ ਬਣਦਾ ਹੈ। ਇਹ ਲੇਖ ਮਲੇਰਕੋਟਲੇ ਤੇ ਗੰਗ ਦੁਆਬ ਦੀਆਂ ਜਿੱਤਾਂ ਤੇ ਖਾਲਸਾ ਰਾਜ ਦੀ ਸਥਾਪਨਾ ਦਾ ਜ਼ਿਕਰ ਇਸੇ ਪ੍ਰਸੰਗ ਵਿਚ ਕਰਦਾ ਹੈ।
ਸਿੱਖ ਇਤਿਹਾਸ ਵਿਚ ਸਪਸ਼ਟ ਜ਼ਿਕਰ ਆਉਂਦਾ ਹੈ ਕਿ ਸਰਹਿੰਦ ਨੂੰ ਫਤਹਿ ਕਰਨ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤੇ ਹੋਏ ਇਲਾਕਿਆਂ ਉੱਪਰ ਇਕ ਸੰਗਠਿਤ ਰਾਜ ਸਥਾਪਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਮੁਖਲਿਸਗੜ੍ਹ ਨਾਮੀ ਪਹਾੜੀ ਸਥਾਨ ਨੂੰ ਖਾਲਸੇ ਦੀ ਰਾਜਧਾਨੀ ਬਣਾ ਕੇ ਇਸ ਦਾ ਨਾਮ ਲੋਹਗੜ੍ਹ ਰੱਖਿਆ। ਭਾਈ ਬਾਜ ਸਿੰਘ ਜੋ ਮੀਰਪੁਰ ਪੱਟੀ ਦਾ ਰਹਿਣ ਵਾਲਾ ਸੀ ਤੇ ਜਿਸ ਨੂੰ ਦਸਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਪੰਜਾਬ ਭੇਜਿਆ ਸੀ, ਨੂੰ ਸਰਹਿੰਦ ਦਾ ਸੂਬੇਦਾਰ ਥਾਪਿਆ। ਭਾਈ ਆਲੀ ਸਿੰਘ ਨੂੰ ਉਸ ਦਾ ਸਹਾਇਕ ਬਣਾਇਆ। ਭਾਈ ਰਾਮ ਸਿੰਘ (ਜਿਸ ਦਾ ਨਾਮ ਰਣ ਸਿੰਘ ਵੀ ਲਿਖਿਆ ਮਿਲਦਾ ਹੈ) ਨੂੰ ਥਾਨੇਸਰ (ਕੁਰੂਕਸ਼ੇਤਰ) ਦੇ ਇਲਾਕੇ ਦਾ ਹਾਕਮ ਬਣਾਇਆ ਗਿਆ। ਭਾਈ ਕੋਇਰ ਸਿੰਘ ਬਾਬਾ ਜੀ ਦਾ ਅੰਗ ਰੱਖਿਅਕ ਬਣਾਇਆ। ਭਾਈ ਫਤਹਿ ਸਿੰਘ ਜੋ ਭਾਈ ਭਗਤੂ ਦੀ ਵੰਸ਼ ਵਿੱਚੋਂ ਸੀ ਨੂੰ ਨਵਾਬੀ ਦਾ ਖ਼ਿਤਾਬ ਦੇ ਕੇ ਸਮਾਣੇ ਦਾ ਫੌਜਦਾਰ ਬਣਾਇਆ ਗਿਆ। ਭਾਈ ਬਲਾਕਾ ਸਿੰਘ ਜੋ ਸਲੌਦੀ ਵਾਲੇ ਭਾਈ ਆਲੀ ਸਿੰਘ ਨਾਲ ਰਹਿੰਦਾ ਸੀ ਤੇ ਦੁਤਾਰੇ ਨਾਲ ਕੀਰਤਨ ਕਰਦਾ ਸੀ, ਉਸ ਦਾ ਘੁੜਾਣੀ ਦੇ ਰਹਿਣ ਵਾਲੇ ਰਾਮਰਾਈਏ ਮਸੰਦਾਂ ਨੇ ਨਿਰਾਦਰ ਕੀਤਾ ਤੇ ਦੁਤਾਰਾ ਤੋੜ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਨ੍ਹਾਂ ਰਾਮਰਾਈਆਂ ਨੂੰ ਸੋਧਿਆ ਤੇ ਭਾਈ ਬਲਾਕਾ ਸਿੰਘ ਨੂੰ ਪਾਇਲ (ਜ਼ਿਲ੍ਹਾ ਲੁਧਿਆਣਾ) ਦਾ ਥਾਣੇਦਾਰ ਨਿਯੁਕਤ ਕੀਤਾ। ਇਵੇਂ ਖਾਲਸਾ ਰਾਜ ਵਿਚ ਸਥਾਈ ਬੰਦੋਬਸਤ ਬਦਲਿਆ ਗਿਆ ਤੇ ਨਜ਼ਰਾਨੇ ਇਕੱਤਰ ਕੀਤੇ ਜਾਣ ਲੱਗੇ।
ਖਾਲਸਾ ਰਾਜ ਦੀ ਸਥਾਪਤੀ ਪਹਿਲਾਂ ਮਾਲਵਾ ਖੇਤਰ ਵਿਚ ਕੀਤੀ ਗਈ। ਇਸੇ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਨੇ ਮਲੇਰਕੋਟਲੇ ’ਤੇ ਚੜ੍ਹਾਈ ਕੀਤੀ। ਸ਼ੇਰ ਮੁਹੰਮਦ ਖਾਨ ਦੇ ਪੁੱਤਰ ਪਰਵਾਰ ਸਮੇਤ ਦੌੜ ਗਏ। ਟਾਕਰਾ ਕਰਨ ਵਾਲਾ ਕੋਈ ਅੱਗੇ ਨਾ ਆਇਆ। ਸ਼ਹਿਰ ਦੇ ਪਤਵੰਤੇ ਨਜ਼ਰਾਨਾ ਲੈ ਕੇ ਅੱਗੋਂ ਮਿਲੇ ਜਿਨ੍ਹਾਂ ਦਾ ਆਗੂ ਕਿਸ਼ਨ ਦਾਸ ਬਾਣੀਆ ਸੀ। ਮਾਧੋਦਾਸ ਬੈਰਾਗੀ ਦੇ ਰੂਪ ਵਿਚ ਬਾਬਾ ਬੰਦਾ ਸਿੰਘ ਬਹਾਦਰ ਚਾਰ ਮਹੀਨੇ ਇਸ ਦੇ ਘਰ ਠਹਿਰਿਆ ਸੀ। ਪੁਰਾਣੀ ਜਾਣ-ਪਛਾਣ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਦੀ ਬੇਨਤੀ ਮੰਨ ਲਈ ਤੇ ਸ਼ਹਿਰ ਨੂੰ ਲੁੱਟਿਆ-ਉਜਾੜਿਆ ਨਹੀਂ ਗਿਆ। ‘ਤਵਾਰੀਖ਼ ਗੁਰੂ ਖਾਲਸਾ’ (ਭਾਗ ਦੂਜਾ– ਸ਼ਮਸ਼ੇਰ ਖਾਲਸਾ) ਦੇ ਕਰਤਾ ਗਿਆਨੀ ਗਿਆਨ ਸਿੰਘ ਅਨੁਸਾਰ ਕਿਸ਼ਨ ਦਾਸ ਨੇ ਪੰਜ ਹਜ਼ਾਰ ਰੁਪਏ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਪੇਸ਼ ਕੀਤੇ ਸਨ। ਮਲੇਰਕੋਟਲੇ ਨੂੰ ਨਾ ਉਜਾੜੇ ਜਾਣ ਦਾ ਇਕ ਹੋਰ ਇਸ ਤੋਂ ਵੀ ਵੱਡਾ ਕਾਰਨ ਸੀ। ਜਦ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਚ ਫੜੇ ਹੋਏ ਸਨ ਤਾਂ ਸੂਬੇਦਾਰ ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਸੀ ਕਿ ਗੁਰੂ ਨੇ ਤੇਰਾ ਭਰਾ ਮਾਰਿਆ ਹੈ, ਹੁਣ ਤੂੰ ਉਸ ਦੇ ਪੁੱਤਰਾਂ ਨੂੰ ਕਤਲ ਕਰ ਕੇ ਬਦਲਾ ਲੈ ਸਕਦਾ ਹੈਂ। ਸ਼ੇਰ ਮੁਹੰਮਦ ਖਾਨ ਨੇ ਇਹ ਗੱਲ ਨਾ ਮੰਨੀ, ਸਗੋਂ ਸਾਹਿਬਜ਼ਾਦਿਆਂ ਨੂੰ ਰਿਹਾਅ ਕਰ ਦੇਣ ਦੀ ਅਪੀਲ ਕੀਤੀ, ਕਿਉਂਕਿ ਇਹ ਬਾਲਕ ਤੇ ਨਿਰਦੋਸ਼ ਸਨ। ਵਜ਼ੀਰ ਖਾਨ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦੇਣ ਦਾ ਹੁਕਮ ਦਿੱਤਾ ਤਾਂ ਸ਼ੇਰ ਮੁਹੰਮਦ ਖਾਨ ਹਾਅ ਦਾ ਨਾਅਰਾ ਮਾਰ ਕੇ ਕਚਹਿਰੀ ’ਚੋਂ ਬਾਹਰ ਆ ਗਿਆ ਸੀ। ਇਸ ਲਿਹਾਜ਼ ਕਰਕੇ ਵੀ ਸਿੰਘਾਂ ਨੇ ਮਲੇਰਕੋਟਲੇ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਇਵੇਂ ਗੁਰੂ ਕਿਰਪਾ ਸਦਕਾ ਸ਼ਹਿਰ ਦੇ ਸਿਰੋਂ ਮੁਸੀਬਤ ਟਲ ਗਈ। ਮਲੇਰਕੋਟਲੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਾਈ ਬਾਰੇ ਭਾਈ ਰਤਨ ਸਿੰਘ (ਭੰਗੂ) ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਉਂ ਲਿਖਦਾ ਹੈ:
ਚੌਪਈ :
ਬੰਦੇ ਮਲੇਰਹਿ ਚੜ੍ਹਤੀ ਕਰੀ,
ਸੋਊ ਮਲੇਰਹਿ ਧਾਕ ਤਿਮ ਪਰੀ।
ਲੂਟ ਕਤਲ ਕੀ ਉਠੀ ਅਵਾਜ਼,
ਤੁਰੇ ਲੁਟੇਰੇ ਬਹੁ ਤਿਸ ਕਾਜ।1।
ਸਤਿਗੁਰ ਵਾਕ ਉਹਾਂ ਆਇ ਅੜੋ,
ਆਵਤ ਜਮ ਦਲ ਕਰ ਦੀਓ ਖੜੋ।
ਔਰ ਚਹਿਯਤ ਗੁਰ ਔਰ ਬਣਾਈ,
ਦੇਖਹੁ ਸਤਿਗੁਰ ਉਲਟ ਬਡਾਈ॥2॥
ਦੋਹਰਾ :
ਏਕ ਸਮੇਂ ਬੰਦਾ ਤਹਾਂ ਥੋ ਰਹਯੋ ਮਹੀਨੇ ਚਾਰ।
ਕਿਸ਼ਨ ਦਾਸ ਸੇਵਾ ਕਰੀ ਬਣੀਏਂ ਵਿਚ ਬਜ਼ਾਰ॥3॥
ਚੌਪਈ :
ਸੁਨਤ ਸੁ ਬਣੀਓਂ ਆਇ ਸੁ ਮਿਲਯੋ,
ਉਸਕੋ ਬੰਦੇ ਆਦਰ ਕਰਯੋ।
ਕਹਯੋ ਮਾਂਗ ਜੋ ਮਾਂਗਨ ਜੋਗਾ,
ਉਸ ਮਾਂਗਯੋ ਦੁਖ ਦੇਹ ਨ ਲੋਗਾ॥4॥
ਕਹਰ ਕਤਲ ਤੇ ਸਭ ਰਖ ਲੇਹੋ,
ਪੈਸਾ ਚਾਹੋ ਤੇਤਾ ਲੇਹੋ।
ਪਿਛਲ ਸਯਾਣ ਉਨ ਆਨ ਸੁਨਾਈ,
ਇਮ ਗੁਰ ਬਚ ਤਬ ਅੜਯੋ ਆਈ॥5॥
ਭਾਜ ਪਠਾਣ ਗਏ ਤਹਿ ਸਾਰੇ,
ਬਚੇ ਲੜਾਈਓਂ ਜੋ ਨਹਿ ਮਾਰੇ।
ਜਾਇ ਰਲੇ ਵਹਿ ਦਿੱਲੀ ਲਹੌਰ,
ਉਰੇ ਬਚੈਂ ਨਹਿ ਕਿਸ ਹੀ ਠੌਰ॥6॥
ਪਠਾਣਨ ਮਾਲ ਸੁ ਜਪਤੀ ਕਰੀ।
ਸ਼ਹਰ ਉਗਰਾਹੀ ਪੈਸੇ ਧਰੀ।
ਲੈ ਸਿੰਘਨ ਕੋ ਦੀਨੋ ਬਾਂਟ,
ਸਿੰਘਨ ਆਛੈ ਦਿਨ ਭਏ ਕਾਟ॥7॥
ਭਾਈ ਰਤਨ ਸਿੰਘ (ਭੰਗੂ) ਦੀ ਲਿਖਤ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਮਲੇਰਕੋਟਲੇ ਦਾ ਮੋਢੀ ਪਠਾਣ ਸ਼ੇਖ ਸਦਰ-ਉ-ਦੀਨ ਸੀ। ਇਸ ਦੀ ਸ਼ਾਦੀ ਸੁਲਤਾਨ ਬਹਿਲੋਲ ਲੋਧੀ ਦੀ ਲੜਕੀ ਨਾਲ ਹੋਈ ਸੀ ਤੇ ਇਸ ਨੂੰ 58 ਪਿੰਡਾਂ ਦੀ ਜਾਗੀਰ ਤੋਹਫੇ ਵਿਚ ਮਿਲੀ ਸੀ।
ਗੁਰੂ-ਘਰ ਦੀ ਟਹਿਲਣ ਬੀਬੀ ਅਨੂਪ ਕੌਰ ਨੂੰ, ਇਥੋਂ ਦੇ ਨਵਾਬ ਸ਼ੇਰ ਮੁਹੰਮਦ ਖਾਨ ਦਸੰਬਰ 1705 ਈ: ਵਿਚ ਦਰਿਆ ਸਰਸਾ ਨੂੰ ਪਾਰ ਕਰਦੇ ਸਮੇਂ ਹੋਈ ਲੜਾਈ ਦੌਰਾਨ ਫੜ ਕੇ ਲੈ ਆਇਆ ਸੀ। ਬੀਬੀ ਨੇ ਆਪਣੀ ਇੱਜ਼ਤ ਬਚਾਉਣ ਲਈ ਆਪਣੇ ਆਪ ਨੂੰ ਖ਼ਤਮ ਕਰ ਲਿਆ ਸੀ ਤੇ ਉਸ ਦੀ ਮ੍ਰਿਤਕ ਦੇਹ ਨੂੰ ਕਬਰ ਵਿਚ ਦਫਨਾ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਤਾਂ ਮਲੇਰਕੋਟਲੇ ਦੀ ਕੋਈ ਲੁੱਟਮਾਰ ਕੀਤੀ ਤੇ ਨਾ ਹੀ ਕਿਸੇ ਮੁਸਲਮਾਨ ਦੀ ਕੋਈ ਕਬਰ ਪੁੱਟੀ ਜਾਂ ਬੇ-ਅਦਬੀ ਕੀਤੀ। ਉਨ੍ਹਾਂ ਨੇ ਕੇਵਲ ਬੀਬੀ ਅਨੂਪ ਕੌਰ ਦੀ ਕਬਰ ਖੁਦਵਾ ਕੇ, ਉਸ ਦਾ ਅੰਤਮ ਸੰਸਕਾਰ ਇਕ ਸਿੱਖ ਵਾਂਗ ਜ਼ਰੂਰ ਕਰਵਾਇਆ ਸੀ ਕਿਉਂਕਿ ਪਠਾਣਾਂ ਨੇ ਉਸ ਨੂੰ ਦਫਨਾ ਦਿੱਤਾ ਸੀ।
ਇਤਿਹਾਸਕ ਤੌਰ ’ਤੇ ਇਹ ਗੱਲ ਸਪਸ਼ਟ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮਲੇਰਕੋਟਲੇ ’ਤੇ ਕਬਜ਼ਾ ਕਰਨ ਨਾਲ ਉਥੋਂ ਦਾ ਬੰਦੋਬਸਤ ਬਦਲ ਕੇ ਆਪਣੇ ਮਲਵਈ ਸਿੰਘਾਂ ਦੇ ਹੱਥ ਦੇ ਦਿੱਤਾ। ਭਾਈ ਫਤਹਿ ਸਿੰਘ ਨੂੰ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਹਾਕਮ ਬਣਾ ਦਿੱਤਾ:
ਤੁਰਕ ਮੁਲਕ ਸਭ ਲੀਯੋ ਉਗਰਾਹਿ,
ਦਿਯੋ ਮਲਵਈਅਨ ਮਿਲੇ ਜੁ ਆਇ।
ਭਾਈ ਫਤ੍ਹੇ ਸਿੰਘ ਕੀਓ ਮਹਿਰੈਲ,
ਮਲਵਈ ਲਗਾਏ ਸਭ ਉਸ ਗੈਲ॥12॥
ਮਲਵਈਅਨ ਕੋ ਸੁ ਕੀਓ ਨਿਬਾਬ,
ਬੰਦੈ ਦੀਨੋ ਉਸੈ ਖਿਤਾਬ॥13॥ (ਸ੍ਰੀ ਗੁਰ ਪੰਥ ਪ੍ਰਕਾਸ਼)
ਮਾਲਵਾ ਫਤਹਿ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਆਬੇ ਵੱਲ ਰੁਖ਼ ਕੀਤਾ। ਸਭ ਤੋਂ ਪਹਿਲਾਂ ਰਾਹੋਂ ਉੱਪਰ ਧਾਵਾ ਬੋਲਿਆ। ਇਥੇ ਸਭ ਤੋਂ ਤਕੜਾ ਆਦਮੀ ਇਨਾਇਤ ਖਾਂ ਜ਼ਿਮੀਂਦਾਰ ਸੀ। ਉਹ ਮਸ਼ਹੂਰ ਧਾੜਵੀ ਸੀ ਜਿਸ ਦੇ ਧਾੜਿਆਂ ਤੋਂ ਇਲਾਕੇ ਦਾ ਫੌਜਦਾਰ ਵੀ ਕੰਬਦਾ ਸੀ। ਉਸ ਦਾ ਚੋਰੀ ਡਾਕੇ ਦਾ ਇਕੱਠਾ ਕੀਤਾ ਸਾਰਾ ਧਨ ਸਿੰਘਾਂ ਦੇ ਹੱਥ ਆ ਗਿਆ। ਉਥੋਂ ਸਰਕਾਰੀ ਥਾਣੇਦਾਰ ਹਟਾ ਕੇ ਸਿੱਖ ਥਾਣੇਦਾਰ ਬਿਠਾਇਆ ਗਿਆ। ਫਿਰ ਦੁਆਲੇ ਦੇ ਚੌਧਰੀਆਂ ਤੇ ਜ਼ਿਮੀਂਦਾਰਾਂ ਕੋਲੋਂ ਵੀ ਈਨ ਮਨਾਈ ਗਈ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਲੰਧਰ ਵੱਲ ਰੁਖ਼ ਕੀਤਾ।
ਜਲੰਧਰ ਦਾ ਫੌਜਦਾਰ ਸੁਲਤਾਨਪੁਰ ਰਹਿੰਦਾ ਸੀ। ਉਹ ਕਸੂਰ ਦੇ ਖ਼ਲਫਜਈ ਪਠਾਣਾਂ ਵਿੱਚੋਂ ਸੀ। ਇਸ ਘਰਾਣੇ ਦਾ ਵੱਡਾ-ਵਡੇਰਾ ਸੁਲਤਾਨ ਅਹਿਮਦ ਖਾਂ ਸ਼ਾਹਜ਼ਾਦਾ ਮੁਹੰਮਦ ਆਜ਼ਮ ਸ਼ਾਹ ਦੇ ਨੌਕਰਾਂ ਵਿੱਚੋਂ ਬੜਾ ਨਾਮਵਰ ਵਿਅਕਤੀ ਸੀ। ਉਸ ਦੇ ਅੱਗੇ ਚਾਰ ਪੁੱਤਰ ਹੁਸੈਨ ਖਾਂ, ਬਾਜ਼ੀਦ ਖਾਂ, ਪੀਰ ਖਾਂ ਤੇ ਅਲੀ ਖਾਂ ਸਨ। ਪੀਰ ਖਾਂ ਨੇ ਬਹਾਦਰ ਸ਼ਾਹ ਦੀ ਖਿਦਮਤ ਕੀਤੀ ਸੀ। ਉਸ ਦੇ ਮਰਨ ਪਿੱਛੋਂ ਉਸ ਦੇ ਪੁੱਤਰ ਨੂਰ ਖਾਂ ਨੂੰ, ਉਸ ਦੇ ਪਿਤਾ ਦੀਆਂ ਖਿਦਮਤਾਂ ਬਦਲੇ ਬਾਦਸ਼ਾਹ ਨੇ ‘ਸ਼ਮਸ ਖਾਂ’ ਦਾ ਖਿਤਾਬ ਤੇ ਜਲੰਧਰ ਦੁਆਬ ਦੀ ਫੌਜਦਾਰੀ ਦਿੱਤੀ ਸੀ। ਰਾਹੋਂ ’ਤੇ ਕਬਜ਼ਾ ਕਰਕੇ ਖਾਲਸਾ ਫੌਜ ਨੇ ਦੋ ਸਿੱਖਾਂ ਹੱਥ ਸੁਲਤਾਨਪੁਰ ਦੇ ਫੌਜਦਾਰ ਨੂੰ ਸੁਨੇਹਾ ਭੇਜਿਆ ਕਿ ਜਾਂ ਪੰਥ ਦੀ ਈਨ ਮੰਨ ਲਵੇ ਜਾਂ ਲੜਾਈ ਵਾਸਤੇ ਤਿਆਰ ਹੋ ਜਾਵੇ। ਸ਼ਮਸ ਖਾਂ ਬੜਾ ਨੀਤੀਵਾਨ ਸੀ। ਉਸ ਨੇ ਸਿੰਘਾਂ ਦਾ ਬੜਾ ਆਦਰ ਕੀਤਾ ਤੇ ਕਿਹਾ ‘ਮੈਂ ਪੰਥ ਦਾ ਦਾਸ ਹਾਂ’। ਦੂਜੇ ਪਾਸੇ ਉਸ ਨੇ ਸ਼ਹਿਰ ਦੇ ਸਾਰੇ ਅਮੀਰਾਂ, ਮਾਤਹਿਤ ਅਫ਼ਸਰਾਂ ਨੂੰ ਵੱਖਰਿਆਂ ਇਕੱਠਾ ਕਰਕੇ ਸਿੰਘਾਂ ਬਾਰੇ ਸਲਾਹ ਪੁੱਛੀ। ਸਾਰਿਆਂ ਨੇ ਅੰਤਲੇ ਦਮ ਤਕ ਉਸ ਦਾ ਸਾਥ ਦੇਣ ਦਾ ਪ੍ਰਣ ਕੀਤਾ ਤੇ ਕਸਮਾਂ ਖਾਧੀਆਂ। ਸਿੱਖਾਂ ਨਾਲ ਲੜਾਈ ਕਰਨ ਦਾ ਫੈਸਲਾ ਹੋਇਆ ਪਰ ਤਿਆਰੀ ਕਰਨ ਵਾਸਤੇ ਕੁਝ ਸਮਾਂ ਚਾਹੀਦਾ ਸੀ। ਉਸ ਨੇ ਸਿੰਘਾਂ ਨੂੰ ਕਿਹਾ ਕਿ ਮੈਨੂੰ ਆਪ ਦੀਆਂ ਸਾਰੀਆਂ ਸ਼ਰਤਾਂ ਪ੍ਰਵਾਨ ਹਨ। ਇਥੇ ਜੰਗੀ ਸਾਮਾਨ ਬੇਅੰਤ ਪਿਆ ਹੈ। ਮੈਂ ਕੁਝ ਆਪ ਜੀ ਦੇ ਨਾਲ ਹੀ ਭੇਜ ਦਿੰਦਾ ਹਾਂ ਤੇ ਬਾਕੀ ਛੇਤੀ ਹੀ ਗੱਡਿਆਂ ਦਾ ਪ੍ਰਬੰਧ ਤੇ ਨਜ਼ਰਾਨਾ ਇਕੱਠਾ ਕਰਕੇ ਆਪ ਹਾਜ਼ਰ ਹੋ ਜਾਵਾਂਗਾ।
ਸਾਮਾਨ ਦੇ ਕੁਝ ਗੱਡੇ ਲਦਵਾ ਕੇ ਸ਼ਮਸ ਖਾਂ ਨੇ ਸਿੰਘਾਂ ਦੇ ਨਾਲ ਤੋਰ ਦਿੱਤੇ। ਜਿਸ ਵੇਲੇ ਇਹ ਰਾਹੋਂ ਪਹੁੰਚੇ ਤਾਂ ਸ਼ੁਭ ਸਮਾਚਾਰ ਸੁਣ ਕੇ ਸਿੰਘਾਂ ਦੇ ਦਲ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਸਭ ਕਹਿਣ ਲੱਗੇ ਕਿ ਫੌਜਦਾਰ ਨੇ ਈਨ ਮੰਨ ਲਈ ਹੈ। ਦੂਜੇ ਪਾਸੇ ਸ਼ਮਸ ਖਾਂ ਨੂੰ ਤਿਆਰੀ ਦਾ ਸਮਾਂ ਮਿਲ ਗਿਆ। ਉਸ ਨੇ ਪਿੰਡਾਂ ਵਿਚ ਮੌਲਵੀ ਭੇਜ ਕੇ ਜਹਾਦ ਦੇ ਨਾਮ ਥੱਲੇ ਬੇਅੰਤ ਗਾਜ਼ੀ ਇਕੱਠੇ ਕਰ ਲਏ। ਪਿੰਡ-ਪਿੰਡ ਵਿਚ ਢੋਲ ਵਜਾ ਕੇ ਚੌਧਰੀ ਧਾੜਾਂ ਦੀਆਂ ਧਾੜਾਂ ਲੈ ਕੇ ਆ ਗਏ। ਸੁਲਤਾਨਪੁਰ ਦੇ ਅੰਦਰ ਤੇ ਬਾਹਰ ਗਾਜ਼ੀਆਂ ਦੀ ਭੀੜ ਲੱਗ ਗਈ। ਵਾਹਰਾਂ ਦੇ ਨਾਲ ਇਲਾਕੇ ਦੇ ਚੌਧਰੀ ਤੇ ਮੁੱਲਾਂ ਵੀ ਰਲ ਗਏ। ਸੁਲਤਾਨਪੁਰ ਦੇ ਵਪਾਰੀਆਂ ਨੇ ਦਿਲ ਖੋਲ੍ਹ ਕੇ ਗਾਜ਼ੀਆਂ ਨੂੰ ਖਰਚ ਲਈ ਰਕਮਾਂ ਦਿੱਤੀਆਂ।
ਸ਼ਮਸ ਖਾਂ ਚਾਰ-ਪੰਜ ਹਜ਼ਾਰ ਸਵਾਰ, 30 ਹਜ਼ਾਰ ਪੈਦਲ ਫੌਜ ਤੇ ਇਕ ਲੱਖ ਤੋਂ ਵਧੇਰੇ ਗਾਜ਼ੀ ਨਾਲ ਲੈ ਕੇ ਸੁਲਤਾਨਪੁਰੋਂ ਚੜ੍ਹਿਆ। ਜਿਸ ਵੇਲੇ ਸਿੰਘਾਂ ਨੂੰ ਸ਼ਮਸ ਖਾਂ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵੱਲ ਜਲਾਲਾਬਾਦ ਇਸ ਦੀ ਸੂਚਨਾ ਲਿਖ ਭੇਜੀ ਤੇ ਆਪ ਟਾਕਰੇ ਲਈ ਤਿਆਰ ਹੋ ਗਏ। ਕੁਝ ਫੌਜਾਂ ਤਾਂ ਕਿਲ੍ਹੇ ਵਿਚ ਰਹੀਆਂ ਤੇ ਬਾਕੀ ਸਿੰਘ ਅੱਗੇ ਵਧ ਕੇ ਇਕ ਪੁਰਾਣੇ ਆਵੇ ’ਤੇ ਮੋਰਚੇ ਬਣਾ ਬੈਠੇ। ਉਸ ਦੀਆਂ ਉੱਚੀਆਂ ਬਾਹੀਆਂ ਨੂੰ ਖਿੰਗਰ ਤੇ ਮਿੱਟੀ ਦੀਆਂ ਬੋਰੀਆਂ ਰੱਖ ਕੇ ਕਿਲ੍ਹੇ ਵਾਂਗ ਬਣਾ ਲਿਆ। ਜਿਸ ਵੇਲੇ ਵੈਰੀ ਆ ਗਏ, ਸਿੰਘਾਂ ਨੇ ਇੱਕੋ ਵਾਰ ਬੰਦੂਕਾਂ ਦਾ ਵਾਰ ਕੀਤਾ। ਗਾਜ਼ੀਆਂ ਦੀਆਂ ਮੋਹਰਲੀਆਂ ਪਾਲਾਂ ਢਹਿ ਪਈਆਂ।
ਸਿੰਘਾਂ ਅਜੇ ਦੂਜੀ ਪਾਲ ਹੀ ਢਾਹੀ ਸੀ ਕਿ ਪਿੱਛੋਂ ਸ਼ਮਸ ਖਾਂ ਨੇ ਹੱਲੇ ਦਾ ਹੁਕਮ ਦੇ ਦਿੱਤਾ। ਗਾਜ਼ੀਆਂ ਵਿੱਚੋਂ ਸਭ ਤੋਂ ਮੂਹਰੇ ਜੁਲਾਹੇ ਹੀ ਸਨ, ਜਿਨ੍ਹਾਂ ਨੇ ਕਈ ਜਨਮਾਂ ਵਿਚ ਤਲਵਾਰ ਨੂੰ ਹੱਥ ਨਹੀਂ ਸੀ ਲਾਇਆ। ਬਹੁਤੇ ਤਾਂ ਤਹਿਮਤਾਂ ਨਾਲ ਅੜ ਕੇ ਹੀ ਡਿੱਗ ਪਏ। ਦੋ-ਢਾਈ ਘੰਟੇ ਤਲਵਾਰ ਚੱਲੀ ਤੇ ਧਰਤੀ ਲਹੂ ਨਾਲ ਰੰਗੀ ਗਈ। ਸਿੱਖ ਮਾਰਦੇ-ਮਾਰਦੇ ਥੱਕ ਗਏ ਪਰ ਦੁਸ਼ਮਣ ਮੁੱਕਣ ਵਿਚ ਨਾ ਆਏ। ਸਿੰਘ ਲੜਦੇ-ਲੜਦੇ ਪਿੱਛੇ ਹਟੇ ਤੇ ਰਾਹੋਂ ਦੇ ਕਿਲ੍ਹੇ ਵਿਚ ਜਾ ਵੜੇ। ਸ਼ਮਸ ਖਾਂ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਸਿੱਖ ਅੰਦਰ ਤੇ ਗਾਜ਼ੀ ਬਾਹਰ ਸਾਰਾ ਦਿਨ ਲੜਾਈ ਹੁੰਦੀ ਰਹੀ। ਸਿੱਖਾਂ ਨੇ ਕਿਲ੍ਹਾ ਮੱਲੀ ਰੱਖਣ ਵਿਚ ਕੋਈ ਭਲਾਈ ਨਾ ਸਮਝੀ। ਇਸ ਵਾਸਤੇ ਅੱਧੀ ਕੁ ਰਾਤ ਨੂੰ ਦੁਸ਼ਮਣ ਦਾ ਘੇਰਾ ਇਕ ਪਾਸਿਓਂ ਤੋੜ ਕੇ ਸਹੀ-ਸਲਾਮਤ ਨਿਕਲ ਗਏ। ਸ਼ਮਸ ਖਾਂ ਨੇ ਵੀ ਖ਼ੁਦਾ ਦਾ ਸ਼ੁਕਰ ਕੀਤਾ ਕਿ ਸਿੰਘਾਂ ਦਾ ਪਿੱਛਾ ਕਰਨ ਨਾਲੋਂ ਉਨ੍ਹਾਂ ਤੋਂ ਪੱਲਾ ਛੁਡਾਉਣਾ ਹੀ ਬਿਹਤਰ ਹੈ। ਇਸ ਲਈ ਰਾਹੋਂ ਵਿਚ ਉਸ ਨੇ ਆਪਣੇ ਅਫ਼ਸਰ ਮੁਕੱਰਰ ਕਰਕੇ ਸੁਲਤਾਨਪੁਰ ਦਾ ਰਾਹ ਫੜ ਲਿਆ। ਬਚੇ ਹੋਏ ਗਾਜ਼ੀ ਵੀ ‘ਖ਼ੁਦਾ-ਖ਼ੁਦਾ’ ਕਰਦੇ ਘਰੋਂ-ਘਰੀ ਪੁੱਜੇ।
ਸਿੰਘ ਉਦਾਲੇ ਦੀਆਂ ਝਾੜੀਆਂ ਵਿਚ ਲੁਕੇ ਬੈਠੇ ਸਨ। ਜਦ ਸ਼ਮਸ ਖਾਂ ਰਾਹੋਂ ਤੋਂ ਚਲਾ ਗਿਆ ਤਾਂ ਸਿੰਘ ਲੁਕੀਆਂ ਥਾਵਾਂ ਤੋਂ ਬਾਹਰ ਆ ਗਏ ਤੇ ਫਿਰ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਸਿੰਘਾਂ ਨੇ ਸਰਕਾਰੀ ਥਾਣਾ ਤੇ ਅਫਸਰ ਉਠਾ ਕੇ ਆਪਣੇ ਬੰਦੇ ਮੁਕੱਰਰ ਕਰ ਦਿੱਤੇ। ਸ਼ਮਸ ਖਾਂ ਦਾ ਦੁਬਾਰਾ ਰਾਹੋਂ ’ਤੇ ਹਮਲਾ ਕਰਨ ਦਾ ਹੌਸਲਾ ਨਾ ਪਿਆ।
ਰਾਹੋਂ ਉੱਪਰ ਪੂਰਾ ਅਧਿਕਾਰ ਜਮਾ ਕੇ ਸਿੰਘ ਜਲੰਧਰ ਵੱਲ ਵਧੇ। ਉੱਥੋਂ ਦੇ ਪਠਾਣ ਖਾਲਸੇ ਦਾ ਨਾਮ ਸੁਣ ਕੇ ਨੱਸ ਗਏ। ਇਵੇਂ ਸਿੰਘਾਂ ਨੇ ਬਿਨਾਂ ਟਾਕਰੇ ਜਲੰਧਰ ’ਤੇ ਕਬਜ਼ਾ ਕਰ ਲਿਆ। ਕਿਧਰੇ ਵੀ ਕੋਈ ਕਤਲੇਆਮ ਨਹੀਂ ਹੋਇਆ। ਸ਼ਹਿਰ ਦੇ ਪਤਵੰਤੇ ਬੰਦਿਆਂ ਨੇ ਉਗਰਾਹੀ ਕਰਕੇ ਨਜ਼ਰਾਨਾ ਆ ਤਾਰਿਆ। ਫਿਰ ਹੁਸ਼ਿਆਰਪੁਰ ਪਰਵਾਨਾ ਭੇਜਿਆ ਗਿਆ। ਉਥੋਂ ਦੇ ਹਾਕਮ ਨੇ ਸੁਲ੍ਹਾ-ਸਫਾਈ ਨਾਲ ਪੰਥ ਦੀ ਈਨ ਮੰਨ ਕੇ ਨਜ਼ਰਾਨਾ ਭੇਜ ਦਿੱਤਾ। ਫਿਰ ਫਗਵਾੜਾ ਆਦਿ ਬਾਕੀ ਪਰਗਨਿਆਂ ਤੋਂ ਵੀ ਨਜ਼ਰਾਨੇ ਵਸੂਲ ਕੀਤੇ ਗਏ। ਇਵੇਂ ਸਾਰਾ ਗੰਗ ਦੁਆਬ ਬਾਬਾ ਬੰਦਾ ਸਿੰਘ ਬਹਾਦਰ ਨੇ ਕਬਜ਼ੇ ਵਿਚ ਲੈ ਲਿਆ। ਭਾਈ ਰਤਨ ਸਿੰਘ (ਭੰਗੂ) ਲਿਖਦਾ ਹੈ:
ਦੋਹਰਾ :
ਬੰਦਾ ਮਲੇਰੇ ਮਲ ਚੜ੍ਹਯੋ ਵੜਯੋ ਦੁਆਬੇ ਜਾਇ।
ਮੁਲਕ ਛੋਡ ਹਾਕਮ ਗਯੋ, ਲੜਾਈ ਕੋਇ ਨਾ ਖਾਇ॥1॥
ਚੌਪਈ :
ਰਾਹੋਂ ਜਲੰਧਰ ਪੁਰ ਹੁਸ਼ਿਆਰ,
ਤੁਰਕ ਛਾਡਕੈ ਹੁਇ ਗਏ ਪਾਰ।
ਬੰਦੋਬਸਤ ਤਬ ਬੰਦੈ ਕੀਓ,
ਸਿੱਖਨ ਸੌਂਪ ਮੁਲਕ ਸਭ ਦੀਓ॥2॥
ਦੁਆਬੇ ਲੋਗ ਭਏ ਬਹੁ ਸਿੱਖ,
ਬੰਦੇ ਰੀਤ ਚਲਾਈ ਵੱਖ।
ਜੋ ਭੂਖੋ ਆਯੋ ਬੰਦੈ ਪਾਹਿ,
ਬੰਦੈ ਦੀਨੋ ਸੋਊ ਰਜਾਇ॥3॥
ਫਗਵਾੜੇ ਵਾਲੇ ਮਿਲੇ ਸੁ ਆਈ,
ਉਨ ਕੋ ਦੀਨੀ ਮੁਲਕ ਉਗਰਾਹੀ।
ਔਰ ਮੁਲਕ ਕੇ ਆਇ ਮਿਲੇ ਪੈਂਚ,
ਦਯੋ ਦਿਲਾਸੇ ਲਯੋ ਪੈਸੋ ਖੈਂਚ॥4॥
ਹਿੰਦੂਅਨ ਨੋ ਤੋ ਬਡ ਸੁਖ ਪਾਯੋ,
ਮੁਸਲਮਾਨ ਨੇ ਵਖਤ ਕਟਾਯੋ।
ਹਿੰਦੂਅਨਿ ਓ ਲੈਵੈ ਭੀ ਜਾਵੈ,
ਹੁਇ ਰਈਅਤ ਸੋ ਮੁਲਕ ਬਸਾਵੈ॥5॥ (ਸ੍ਰੀ ਗੁਰ ਪੰਥ ਪ੍ਰਕਾਸ਼)
ਇਸ ਸਾਰੀ ਵਿਚਾਰ-ਚਰਚਾ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿਚ ਖਾਲਸਾ ਪੰਥ ਨੇ ਇਕ ਸੁਤੰਤਰ ਰਾਜ ਨੂੰ ਅੰਜਾਮ ਦਿੱਤਾ। ਨਵੇਂ ਬੰਦੋਬਸਤ ਰਾਹੀਂ ਪਰਜਾ ਨੂੰ ਸੁਖ-ਅਰਾਮ ਦੀਆਂ ਸਹੂਲਤਾਂ ਦਿੱਤੀਆਂ ਗਈਆਂ। ਗਰੀਬ-ਗੁਰਬੇ ਦੀ ਲੁੱਟ ਖ਼ਤਮ ਕੀਤੀ ਗਈ। ਸੋਧਿਆ ਸਿਰਫ ਉਨ੍ਹਾਂ ਨੂੰ ਹੀ ਗਿਆ ਸੀ ਜੋ ਗੁਰੂ-ਘਰ ਦੇ ਦੋਖੀ ਸਨ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਉਨ੍ਹਾਂ ਦੇ ਪਰਵਾਰ ਨਾਲ ਜ਼ਿਆਦਤੀਆਂ ਕੀਤੀਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਸਿੱਖੀ ਕਦਰਾਂ-ਕੀਮਤਾਂ ਨੂੰ ਬਹਾਲ ਤੇ ਸਥਾਪਤ ਕਰਨ ਵਾਲਾ ਸਭ ਤੋਂ ਵੱਡਾ ਜਰਨੈਲ ਸੀ ਜਿਸ ਨੇ ਗੁਰੂ-ਆਸ਼ੇ ਨੂੰ ਸਾਹਮਣੇ ਵੀ ਰੱਖਿਆ ਤੇ ਗੁਰੂ-ਘਰ ਨਾਲ ਹੋਈਆਂ ਵਧੀਕੀਆਂ ਦਾ ਬਦਲਾ ਵੀ ਲਿਆ।
ਸਹਾਇਕ ਪੁਸਤਕਾਂ
1. ਭਾਈ ਰਤਨ ਸਿੰਘ (ਭੰਗੂ), ‘ਸ੍ਰੀ ਗੁਰ ਪੰਥ ਪ੍ਰਕਾਸ਼’, ਸੰਪਾਦਕ ਡਾ. ਬਲਵੰਤ ਸਿੰਘ (ਢਿੱਲੋਂ), ਸਿੰਘ ਬ੍ਰਦਰਜ਼, ਅੰਮ੍ਰਿਤਸਰ, ਅਪ੍ਰੈਲ 2004.
2. ਡਾ. ਗੋਕਲ ਚੰਦ ਨਾਰੰਗ, ‘ਸਿੱਖ ਮਤ ਦਾ ਪਰਿਵਰਤਨ’ (ਪੰਜਾਬੀ ਅਨੁਵਾਦ), ਪੰਜਾਬੀ ਯੂਨੀ: ਪਟਿਆਲਾ, 1973.
3. ਗਿਆਨੀ ਗਿਆਨ ਸਿੰਘ, ‘ਤਵਾਰੀਖ ਗੁਰੂ ਖ਼ਾਲਸਾ’ (ਹਿੱਸਾ ਦੂਜਾ, ਸ਼ਮਸ਼ੇਰ ਖਾਲਸਾ), ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1970.
4. ਗਿਆਨੀ ਸੋਹਣ ਸਿੰਘ ਸੀਤਲ, ‘ਬੰਦਾ ਸਿੰਘ ਸ਼ਹੀਦ’, ਸੀਤਲ ਪੁਸਤਕ ਭੰਡਾਰ, ਲੁਧਿਆਣਾ, 1971.
ਲੇਖਕ ਬਾਰੇ
ਔਸਟੀ ਕਾਲੋਨੀ (ਨੇੜੇ ਐਮ.ਪੀ. ਦੀ ਕੋਠੀ), ਡਾਕ: ਪ੍ਰਤਾਪ ਨਗਰ, ਨੰਗਲ ਡੈਮ (ਰੋਪੜ)-140125
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/August 1, 2009
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/