editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਦੀ ਧਾਰਮਿਕ ਦ੍ਰਿਸ਼ਟੀ

ਨਿਰਸੰਦੇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਬਹੁਪੱਖੀ ਹੈ ਅਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੇ ਬੇਅੰਤ ਪੱਖਾਂ ਨੂੰ ਕਾਨੀਬਧ ਵੀ ਕੀਤਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸਿੱਖ ਧਰਮ ਵਿਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਨਾਇਕ ਹੋਏ ਹਨ, ਜਿਨ੍ਹਾਂ ਨੇ ਨਾ ਕੇਵਲ ਆਪਣੇ ਧਰਮ ਨੂੰ ਹੀ ਪ੍ਰਫੁਲਤ ਕਰਨ ਹਿਤ ਆਪਣਾ ਜੀਵਨ ਸਮਰਪਿਤ ਕੀਤਾ ਸਗੋਂ ਜਨ, ਜਨ ਦੇ ਕਲਿਆਣ ਲਈ ਤਤਕਾਲੀ ਹਾਕਮਾਂ ਦੇ ਜਬਰ ਜ਼ੁਲਮ ਦੇ ਖ਼ਿਲਾਫ ਧਰਮ ਯੁੱਧ ਕਰਦਿਆਂ ਆਮ ਆਦਮੀ ਨੂੰ

“ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥”

ਦੀ ਭਾਵਨਾ ਅਨੁਸਾਰ ਸਿਰ ਉੱਚਾ ਕਰ ਕੇ ਸ੍ਵੈਮਾਨ ਨਾਲ ਜੀਵਨ ਜਿਊਣ ਦਾ ਅਮਲੀ ਮਾਰਗ ਦਰਸ਼ਨ ਵੀ ਕੀਤਾ। ਲਛਮਣ ਦੇਵ ਤੋਂ ਮਾਧੋਦਾਸ ਬੈਰਾਗੀ ਅਤੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਮਾਧੋਦਾਸ ਤੋਂ ਬਣੇ ਬੰਦਾ ਸਿੰਘ ਬਹਾਦਰ ਅਜਿਹੇ ਪਰਉਪਕਾਰੀ ਨਾਇਕਾਂ ਵਿੱਚੋਂ ਇਕ ਸਨ।

ਨਿਰਸੰਦੇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਬਹੁਪੱਖੀ ਹੈ ਅਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੇ ਬੇਅੰਤ ਪੱਖਾਂ ਨੂੰ ਕਾਨੀਬਧ ਵੀ ਕੀਤਾ ਹੈ। ਪਰ ਮੁਢਲੇ ਇਤਿਹਾਸਕਾਰ (ਫ਼ਾਰਸੀ ਸ੍ਰੋਤ) ਬਹੁਗਿਣਤੀ ਵਿਚ ਇਸਲਾਮਿਕ ਧਾਰਾ ਨਾਲ ਜੁੜੇ ਹੋਣ ਕਾਰਨ ਬਾਬਾ ਜੀ ਦੀ ਜੀਵਨ ਉਸਾਰੀ ਠੀਕ ਪ੍ਰਸੰਗ ਵਿਚ ਪੇਸ਼ ਕਰਨ ਤੋਂ ਅਸਮਰੱਥ ਹੀ ਰਹੇ ਲੱਗਦੇ ਹਨ। ਇੰਞ ਲੱਗਦੈ ਜਿਵੇਂ ਉਹ ਇਕ ਇਤਿਹਾਸਕਾਰ ਵਾਂਗ ਤੱਥਮੂਲਕ ਘਟਨਾਵਾਂ ਫੋਟੋ ਕੈਮਰੇ ਦੀ ਅੱਖ ਵਾਂਗ ਹੂ-ਬ-ਹੂ ਪ੍ਰਸਤੁਤ ਕਰਨ ਦੀ ਥਾਂ ਇਸਲਾਮ ਦਾ ਪੱਖ ਪੂਰ ਰਹੇ ਹੋਣ। ਇਹੋ ਕਾਰਨ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਅਨੁਸਾਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਇਸਲਾਮ ਵਿਰੋਧੀ ਅਤੇ ਖੂੰਖਾਰ ਬਿਰਤੀ ਵਾਲਾ ਨਿਰਦਈ ਪੁਰਸ਼ ਸੀ। ਪਰ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਾਂਦੇੜ ਤੋਂ ਸਰਹਿੰਦ ਫਤਹਿ ਕਰਨ ਵਾਲੀਆਂ ਸਮੁੱਚੀਆਂ ਗਤੀਵਿਧੀਆਂ ਦਾ ਇਮਾਨਦਾਰੀ ਨਾਲ ਨਿਰਪੱਖ ਦ੍ਰਿਸ਼ਟੀ ਤੋਂ ਮੁਲਾਂਕਣ ਕਰਦੇ ਹਾਂ ਤਾਂ ਇਸਲਾਮਿਕ ਰੰਗਤ ਵਾਲੇ ਇਤਿਹਾਸਕਾਰਾਂ ਦਾ ਮਤ ਤੱਥਮੂਲਕ ਨਾ ਹੋ ਕੇ ਉਨ੍ਹਾਂ ਦੀ ਇਸਲਾਮੀ ਰੰਗਤ ਵਾਲੀ ਸੋਚ ਕਾਰਨ ਸੱਚ ਦੀ ਪਰਖ ਕਸਵੱਟੀ ’ਤੇ ਪੂਰਾ ਨਹੀਂ ਉਤਰਦਾ।

ਬਾਬਾ ਜੀ ਦੀ ਪੂਰਨ ਜੀਵਨ-ਉਸਾਰੀ ਨੂੰ ਪ੍ਰਸਤੁਤ ਕਰਨ ਦੀ ਇਸ ਲਘੂ-ਲੇਖ ਵਿਚ ਗੁੰਜ਼ਾਇਸ਼ ਨਹੀਂ ਹੈ ਜਿਸ ਕਰਕੇ ਉਨ੍ਹਾਂ ਦੇ ਬੇਅੰਤ ਵਡਮੁੱਲੇ ਪੱਖਾਂ ਵਿੱਚੋਂ ਉਨ੍ਹਾਂ ਦੀ ਧਾਰਮਿਕ ਦ੍ਰਿਸ਼ਟੀ ਵਾਲੇ ਇਕ ਹੀ ਪੱਖ ਨੂੰ ਇਸ ਲੇਖ ਦਾ ਕੇਂਦਰ-ਬਿੰਦੂ ਬਣਾਇਆ ਗਿਆ ਹੈ।

ਸਚਾਈ ਇਹ ਹੈ ਕਿ ਜਦੋਂ ਅਸੀਂ ਇਸਲਾਮਿਕ ਧਾਰਾ ਦੀ ਐਨਕ ਉਤਾਰ ਕੇ ਤਤਕਾਲੀਨ ਪ੍ਰਸਥਿਤੀਆਂ ਦਾ ਅਧਿਐਨ ਕਰਦੇ ਹਾਂ ਤਾਂ ਇਹ ਤੱਥ ਸਾਡੇ ਸਾਹਮਣੇ ਉਭਰ ਕੇ ਆਉਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸੰਘਰਸ਼ ਨਾ ਤਾਂ ਮੁਸਲਮਾਨਾਂ ਦੇ ਵਿਰੁੱਧ ਸੀ ਅਤੇ ਨਾ ਹੀ ਇਸਲਾਮ ਦੇ ਪ੍ਰਚਾਰ-ਪ੍ਰਸਾਰ ਦੇ ਖ਼ਿਲਾਫ ਸੀ। ਉਨ੍ਹਾਂ ਦਾ ਸੰਘਰਸ਼ ਸੀ ਹਾਕਮਾਂ ਵੱਲੋਂ ਕੀਤੇ ਜਾ ਰਹੇ ਬੇਕਸੂਰ ਲੋਕਾਂ ਉੱਪਰ ਜਬਰ ਜ਼ੁਲਮ ਦੇ ਖ਼ਿਲਾਫ। ਉਨ੍ਹਾਂ ਨੇ ਤਤਕਾਲੀਨ ਹਾਕਮ ਵਰਗ ਦੀਆਂ ਲੋਕ-ਵਿਰੋਧੀ ਆਪਹੁਦਰੀਆਂ ਵਿਰੁੱਧ ਸਖ਼ਤ ਰਵੱਈਆ ਅਪਣਾਇਆ ਅਤੇ ਉਨ੍ਹਾਂ ਦਾ ਇਹ ਰਵੱਈਆ ਕੇਵਲ ਮੁਸਲਮਾਨ ਸ਼ਾਸਕਾਂ ਵਿਰੁੱਧ ਹੀ ਨਹੀਂ ਸੀ, ਸਗੋਂ ਉਨ੍ਹਾਂ ਨੇ ਅਜਿਹੀਆਂ ਆਪਹੁਦਰੀਆਂ ਕਰਨ ਵਾਲੇ ਹਿੰਦੂ ਤੇ ਪਹਾੜੀ ਹਾਕਮਾਂ ਨੂੰ ਵੀ ਆੜੇ ਹੱਥੀਂ ਲਿਆ।

ਸ. ਕਰਮ ਸਿੰਘ ਹਿਸਟੋਰੀਅਨ ਇਸ ਪ੍ਰਸੰਗ ਵਿਚ ਠੀਕ ਹੀ ਲਿਖਦੇ ਹਨ ਕਿ

“ਬੰਦਾ (ਬਾਬਾ ਬੰਦਾ ਸਿੰਘ ਬਹਾਦਰ) ਲੋਕਾਂ ਨਾਲ ਹੋ ਕੇ ਜ਼ਾਲਮਾਂ ਨਾਲ ਲੜਨ ਲੱਗਾ ਸੀ। ਉਨ੍ਹਾਂ ਦਾ ਇਹ ਕੰਮ ਲੋਕਾਂ ਦਾ ਹੀ ਕੰਮ ਸੀ, ਇਹ ਬਾਦਸ਼ਾਹ ਨਾਲ ਲੜਾਈ ਨਹੀਂ ਸੀ, ਬਲਕਿ ਲੋਕਾਂ ਦਾ ਜ਼ਾਲਮ ਦੇ ਮੁਕਾਬਲੇ ਉਤੇ ਉਠ ਖੜੋਣਾ ਜਾਂ ਰਾਜਾ ਤੇ ਪਰਜਾ ਦੀ ਲੜਾਈ ਸੀ।”1

ਮੁੱਖ ਰੂਪ ਵਿਚ ਬਾਬਾ ਬੰਦਾ ਸਿੰਘ ਜਨ-ਸਾਧਾਰਨ ਲੋਕਾਂ ਦੇ ਮਿੱਤਰ ਸਨ ਜੋ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਬੜੇ ਧਿਆਨ ਨਾਲ ਸੁਣਦੇ ਅਤੇ ਉਨ੍ਹਾਂ ਦਾ ਸਮਾਧਾਨ ਕਰਨ ਲਈ ਕਈ ਵਾਰ ਤਾਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਲੈਂਦੇ। ਡਾ. ਗੰਡਾ ਸਿੰਘ ਦਾ ਮਤ ਬਿਲਕੁਲ ਠੀਕ ਹੈ ਕਿ “ਉਨ੍ਹਾਂ ਨੇ ਉਨ੍ਹਾਂ ਗਰੀਬਾਂ ਤੇ ਮੁਥਾਜਾਂ ਦੀਆਂ ਅਸੀਸਾਂ ਪ੍ਰਾਪਤ ਕਰ ਲਈਆਂ ਜਿਨ੍ਹਾਂ ਦੇ ਦੁੱਖੜੇ ਸਦੀਆਂ ਤੋਂ ਕਿਸੇ ਨੇ ਨਹੀਂ ਸਨ ਸੁਣੇ।”2

ਬਾਬਾ ਬੰਦਾ ਸਿੰਘ ਬਹਾਦਰ ਦੀ ਧਾਰਮਿਕ ਦ੍ਰਿਸ਼ਟੀ ਦਾ ਗਿਆਨ, ਇਸ ਤੱਥ ਤੋਂ ਹੀ ਭਲੀ-ਭਾਂਤ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਸਾਰੇ ਸੰਘਰਸ਼ ਵਿਚ ਕਿਸੇ ਵੀ ਗ਼ੈਰ-ਸਿੱਖ ਧਰਮ ਨਾਲ ਸੰਬੰਧਿਤ ਸਮੇਤ ਇਸਲਾਮ ਧਰਮ ਦੇ ਧਾਰਮਿਕ ਸਥਾਨ ਜਾਂ ਧਰਮ ਗ੍ਰੰਥ ਦੀ ਨਾ ਤਾਂ ਬੇਹੁਰਮਤੀ ਕੀਤੀ, ਨਾ ਹੀ ਉਨ੍ਹਾਂ ਉਪਰ ਹਮਲਾ ਕੀਤਾ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੀ ਜ਼ਿੰਦਾ ਮਿਸਾਲ ਹੈ ਸਰਹਿੰਦ ਵਿਚ ਸਿੱਖ ਧਰਮ ਦੇ ਕੱਟੜ ਵਿਰੋਧੀ ਸ਼ੇਖ ਅਹਿਮਦ ਸਰਹਿੰਦੀ ਦੇ ਮਜ਼ਾਰ ਤੇ ਡੇਰੇ ਦਾ 300 ਸਾਲ ਬੀਤਣ ਉਪਰੰਤ ਵੀ ਜਿਉਂ ਦਾ ਤਿਉਂ ਕਾਇਮ ਰਹਿਣਾ। ਇਸੇ ਤਰ੍ਹਾਂ ਸਰਹਿੰਦ ਦੀ ਲਾਲ ਮਸਜਿਦ, ਮੀਰੇ ਮੀਰਾਂ ਦੇ ਮੀਜ਼ਾਰ ਦੀ ਸਲਾਮਤੀ ਅਤੇ ਉਹੋ ਪੁਰਾਣੀ ਦਿੱਖ ਦਾ ਨਜ਼ਾਰਾ ਆਦਿ ਅਜਿਹੇ ਤੱਥ ਹਨ ਜੋ ਮੁਸਲਾਮਾਨੀ ਲਿਖਤਾਂ ਦੇ ਵਿਪਰੀਤ ਬਾਬਾ ਬੰਦਾ ਸਿੰਘ ਬਹਾਦਰ ਦੀ ਸਮਦਰਸ਼ੀ ਧਾਰਮਿਕ ਦ੍ਰਿਸ਼ਟੀ ਨੂੰ ਪ੍ਰਗਟਾਉਂਦੇ ਹਨ।

ਦਰਅਸਲ ਧਰਮ-ਖੇਤਰ ਵਿਚ ਵਿਚਰਨ ਵਾਲੇ ਨਾਨਕ ਨਾਮ-ਲੇਵਾ ਸਿੱਖ ਨੂੰ ਜੋ ਗੁੜ੍ਹਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ਤੋਂ ਪ੍ਰਾਪਤ ਹੋਈ ਸੀ, ਉਸ ਅਨੁਸਾਰ ਉਹ ਕਿਸੇ ਵੀ ਧਰਮ ਅਤੇ ਉਸ ਧਰਮ ਦੇ ਗ੍ਰੰਥ ਦਾ ਨਿਰਾਦਰ ਜਾਂ ਹੇਠੀ ਕਰਨ ਬਾਰੇ ਸੋਚ ਹੀ ਨਹੀਂ ਸਕਦਾ। ਇਹੋ ਕਾਰਨ ਹੈ ਕਿ ਗੁਰਬਾਣੀ ਵਿਚ ਹਰੇਕ ਧਰਮ ਵਰਗ ਨੂੰ ਆਪਣੀ ਪਹਿਚਾਣ ਆਪੋ ਆਪਣੇ ਧਰਮ ਦੀ ਭਾਵਨਾ ਕਾਇਮ ਰੱਖਣ ਦੀ ਪੂਰੀ- ਪੂਰੀ ਅਜ਼ਾਦੀ ਹੈ। ਮਿਸਾਲ ਵਜੋਂ ਗੁਰਮਤਿ ਗਾਡੀ ਰਾਹ ਦੇ ਬਾਣੀਕਾਰਾਂ ਨੂੰ ਕਿਸੇ ਵਿਅਕਤੀ ਦੇ ਮੁਸਲਮਾਨ ਹੋਣ ’ਤੇ ਕੋਈ ਪ੍ਰੇਸ਼ਾਨੀ ਨਹੀਂ। ਉਨ੍ਹਾਂ ਦਾ ਮਤ ਹੈ ਕਿ ਕੋਈ ਵਿਅਕਤੀ ਸੱਚਾ ਮੁਸਲਾਮਾਨ ਤਦ ਹੁੰਦਾ ਹੈ ਜੇਕਰ ਉਹ ਮੋਮਦਿਲ ਹੋਵੇ। ਬੇਗੁਨਾਹਾਂ ਨੂੰ ਦੁੱਖ ਤਕਲੀਫ ਦੇਣ ਵਾਲਾ, ਬੇਈਮਾਨੀ ਦੀ ਕਮਾਈ ਕਰਨ ਵਾਲਾ ਮੁਸਲਮਾਨ ਹੋ ਹੀ ਨਹੀਂ ਸਕਦਾ:

ਮੁਸਲਮਾਣੁ ਮੋਮ ਦਿਲਿ ਹੋਵੈ॥ (ਪੰਨਾ 1084)

ਇਸੇ ਤਰ੍ਹਾਂ ਮੁਲਾਂ:

ਸੋ ਮੁਲਾ ਜੋ ਮਨ ਸਿਉ ਲਰੈ॥
ਗੁਰ ਉਪਦੇਸ ਕਾਲ ਸਿਉ ਜੁਰੈ॥ (ਪੰਨਾ 1159)

ਇਸੇ ਤਰ੍ਹਾਂ ਕਾਜੀ:

ਸਚੁ ਕੁਮਾਵੈ ਸੋਈ ਕਾਜੀ॥ (ਪੰਨਾ 1084)

ਇਸੇ ਤਰ੍ਹਾਂ ਹਾਜੀ:

ਜੋ ਦਿਲ ਸੋਧੈ ਸੋਈ ਹਾਜੀ॥ (ਪੰਨਾ 1084)

ਇਹੋ ਦ੍ਰਿਸ਼ਟੀਕੋਨ ਗੁਰਮਤਿ ਦਾ ਹਿੰਦੂ ਧਰਮ ਨਾਲ ਸੰਬੰਧਿਤ ਵਿਅਕਤੀਆਂ ਬਾਰੇ ਹੈ। ਇਹ ਬਾਣੀਕਾਰ ‘ਬ੍ਰਾਹਮਣ’ ਤੇ ‘ਪੰਡਤ’ ਵਰਗ ਦੇ ਵਿਰੋਧੀ ਨਹੀਂ ਹਨ, ਇਨ੍ਹਾਂ ਦਾ ਵਿਰੋਧ ਉਨ੍ਹਾਂ ਦੇ ਉਸ ਕਰਮ-ਕਾਂਡ, ਕੱਟੜਵਾਦ ਤੇ ਨਫ਼ਰਤਵਾਦ ਨਾਲ ਹੈ ਜੋ ਜਨ-ਸਾਧਾਰਨ ਨੂੰ ਦੁਖੀ ਕਰਨ ਵਾਲਾ ਅਤੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਹੜੱਪਣ ਵਾਲਾ ਹੈ। ਇਸੇ ਲਈ ਗੁਰਮਤਿ ਗਾਡੀ ਰਾਹ ਅਨੁਸਾਰ ਸੱਚਾ ਤੇ ਸਹੀ ਪੰਡਤ ਉਹੋ ਹੋ ਸਕਦਾ ਹੈ, ਜੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਨ ਕਰਕੇ ਗਿਆਨਵਾਨ ਬਣਾ ਕੇ ਆਪਣੀ ਆਤਮਾ ਨੂੰ ਸੰਸਾਰ ਦੇ ਕਣ-ਕਣ ਵਿਚ ਰਮੇ ਹੋਏ ਰਾਮ ਨਾਮ ਨਾਲ ਸੋਧ ਲੈਂਦਾ ਹੈ:

ਸੋ ਪੰਡਿਤੁ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥ (ਪੰਨਾ 274)

ਇਹੋ ਰੁਖ਼ ਬ੍ਰਾਹਮਣ ਵਰਗ ਬਾਰੇ ਹੈ ਭਾਵ ਬ੍ਰਾਹਮਣ ਅਖਵਾਉਣ ਦਾ ਹੱਕ ਕੇਵਲ ਉਸ ਵਿਅਕਤੀ ਨੂੰ ਹੀ ਹੈ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ:

ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ (ਪੰਨਾ 662)

ਜੇਕਰ ਇਹ ਦੋਵੇਂ ਵਰਗ ਇਨ੍ਹਾਂ ਗੁਣਾਂ ਤੋਂ ਸੱਖਣੇ ਹਨ ਤਾਂ ਇਨ੍ਹਾਂ ਨੂੰ ਪੰਡਤ ਜਾਂ ਬ੍ਰਾਹਮਣ ਨਹੀਂ ਆਖਿਆ ਜਾ ਸਕਦਾ।

ਦਸਮੇਸ਼ ਗੁਰੂ ਜੀ ਦੇ ਆਦੇਸ਼ ਅਨੁਸਾਰ ਨਾਂਦੇੜ ਤੋਂ ਰਵਾਨਾ ਹੋਏ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੇ ਤੇ ਉਦੇਸ਼ਾਂ ਦੇ ਵਿਪਰੀਤ ਕਾਰਜ ਕਰਨ ਬਾਰੇ ਸੋਚ ਵੀ ਨਹੀਂ ਸਨ ਸਕਦੇ। ਉਨ੍ਹਾਂ ਨੇ ਰਗ-ਰਗ ਵਿਚ ਸਿੱਖੀ ਸਪਿਰਟ ਸਮਾਈ ਹੋਈ ਸੀ ਜਿਸ ਦੇ ਸਨਮੁਖ ਹੀ ਉਨ੍ਹਾਂ ਜਬਰ ਤੇ ਜ਼ੁਲਮ ਦੇ ਖ਼ਿਲਾਫ਼ ਲਾਸਾਨੀ ਸੰਘਰਸ਼ ਕੀਤਾ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸਮਦਰਸ਼ੀ ਧਾਰਮਿਕ ਦ੍ਰਿਸ਼ਟੀ ਦਾ ਹੀ ਕ੍ਰਿਸ਼ਮਾ ਸੀ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਜੰਗ ਯੁੱਧ ਲੜਨ ਵਾਲੀ ਸਿਖਲਾਈ ਪ੍ਰਾਪਤ ਫੌਜ ਸੀ, ਨਾ ਹੀ ਵਧੀਆ ਹਥਿਆਰ, ਨਾ ਦੁਸ਼ਮਣ ਫੌਜਾਂ ਵਾਂਗ ਤੋਪਖਾਨਾ ਤੇ ਗੋਲੀ ਸਿੱਕਾ ਅਤੇ ਬਰੂਦ ਪਰ ਫੇਰ ਵੀ ਉਨ੍ਹਾਂ ਦੀ ਹਰ ਜੰਗ ਵਿਚ ਜਿੱਤ ਨੇ ਪੈਰ ਚੁੰਮੇ। ਇਸ ਦਾ ਸਪਸ਼ਟ ਕਾਰਨ ਸੀ, ਉਨ੍ਹਾਂ ਨੂੰ ਪ੍ਰਾਪਤ ਹੋਇਆ ਲੋਕ-ਸ਼ਕਤੀ ਦਾ ਅਥਾਹ ਪ੍ਰੇਮ ਨਾਲ ਭਰਪੂਰ ਸਾਥ। ਆਪ ਜੀ ਨੂੰ ਪ੍ਰਾਪਤ ਹੋਏ ਇਸ ਲੋਕ-ਸ਼ਕਤੀ ਦੇ ਸਾਥ ਵਿਚ ਬੇਅੰਤ ਐਸੇ ਸਿਰਲੱਥ ਸੂਰਮੇ ਸਨ ਜੋ ਧਰਮ-ਯੁੱਧ ਦੀ ਭਾਵਨਾ ਦੇ ਅੰਤਰਗਤ ਸਿਰ-ਧੜ ਦੀ ਬਾਜ਼ੀ ਲਗਾਉਣ ਵਾਲੇ ਸਨ। ਇਹੋ ਕਾਰਨ ਹੈ ਕਿ ਉਨ੍ਹਾਂ ਦੇ ਪਰੰਪਰਾਗਤ ਹਥਿਆਰਾਂ ਨੇ ਦੁਸ਼ਮਣ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹ ਆਪਣੇ ਹਜ਼ਾਰਾਂ ਸਾਥੀ ਮਰਵਾ ਕੇ ਮੈਦਾਨ-ਏ-ਜੰਗ ਵਿੱਚੋਂ ਤਿੱਤਰ ਹੋ ਗਏ ਅਤੇ ‘ਫਤਹਿ’ ਦਾ ਸਿਹਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰਲੱਥ ਸੂਰਮਿਆਂ ਦੇ ਸਿਰ ’ਤੇ ਬੱਝਾ। ਇਹ ਇਕ ਅਟੱਲ ਸਚਾਈ ਹੈ ਕਿ ਲੋਕ-ਸ਼ਕਤੀ ਇਕ ਅਜਿਹਾ ‘ਬ੍ਰਹਮ ਅਸਤਰ’ ਹੁੰਦਾ ਹੈ ਜੋ ਵੱਡੀ ਤੋਂ ਵੱਡੀ ਹਕੂਮਤ ਨੂੰ ਤਬਾਹ ਕਰਨ ਦੇ ਸਮਰੱਥ ਹੁੰਦਾ ਹੈ। ਵਿਸ਼ੇਸ਼ਤਾ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਲੋਕ-ਸ਼ਕਤੀ ਵਿਚ ਹਰ ਧਰਮ-ਵਰਗ ਦੇ ਬੱਚੇ, ਜੁਆਨ, ਬਜ਼ੁਰਗ, ਔਰਤਾਂ ਸਮੇਤ ਸ਼ਾਮਲ ਸਨ। ਉਨ੍ਹਾਂ ਦੇ ਮਨਾਂ ਵਿਚ ਧਰਮ-ਯੁੱਧ ਦਾ ਚਾਉ ਐਨਾ ਪਰਚੰਡ ਸੀ ਕਿ ਉਹ ਘਰਾਂ ਵਿਚ ਪਏ ਹਥਿਆਰ ਚੁਕ ਕੇ ਇਸ ਲੋਕ-ਸ਼ਕਤੀ ਵਿਚ ਸ਼ਾਮਲ ਹੋ ਗਏ।

ਨਿਰਸੰਦੇਹ ਇਸ ਲੋਕ-ਸ਼ਕਤੀ ਦੀ ਮਾਨਸਿਕਤਾ, ਜ਼ਾਲਮ ਹਕੂਮਤ ਵੱਲੋਂ ਆਪਣੇ ਉੱਪਰ ਹੋਏ ਅਤਿਆਚਾਰਾਂ ਕਾਰਨ ਵਲੂੰਧਰੀ ਹੋਈ ਸੀ। ਜ਼ਾਲਮ ਹਕੂਮਤ ਨੇ ਇਨ੍ਹਾਂ ਗਰੀਬਾਂ ਦੇ ਘਰ ਉਜਾੜੇ ਅਤੇ ਆਪਣੇ ਖਜ਼ਾਨੇ ਭਰਨ ਲਈ ਨਾ ਕੇਵਲ ਧਨ ਲੁੱਟਿਆ ਸਗੋਂ ਹਕੂਮਤ ਦੇ ਨਸ਼ੇ ਵਿਚ ਗ਼ਲਤਾਨ ਇਨ੍ਹਾਂ ਨੇ ਆਪਣੀ ਕਾਮ-ਵਾਸ਼ਨਾ ਦੀ ਪੂਰਤੀ ਲਈ ਔਰਤਾਂ ਦੇ ਜਬਰਨ ਸਤ ਵੀ ਭੰਗ ਕੀਤੇ ਅਤੇ ਵਿਰੋਧ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਨੇ ਜਿੱਥੇ ਵਜ਼ੀਰ ਖਾਨ ਦੇ ਦਰਬਾਰ ਵਿਚ ਮਾਸੂਮ ਸਾਹਿਬਜ਼ਾਦਿਆਂ ’ਤੇ ਜ਼ੁਲਮ ਢਾਹੁਣ ਦਾ ਵਿਰੋਧ ਕਰਕੇ ਸਿੱਖਾਂ ਦਾ ਵਿਸ਼ਵਾਸ ਹਾਸਲ ਕੀਤਾ, ਉਥੇ ਉਸ ਨੇ ਬਤੌਰ ਇਕ ਮੁਗ਼ਲ ਸੂਬੇਦਾਰ ਦੇ ਆਪਣਾ ਕਿਰਦਾਰ ਦਾਗ਼ਦਾਰ ਵੀ ਸਿੱਧ ਕੀਤਾ ਹੈ। ਸ਼ੇਰ ਮੁਹੰਮਦ ਨੇ ਇਕ ਸਿੱਖ ਬੀਬੀ ਅਨੂਪ ਕੌਰ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਯਤਨ ਕੀਤਾ ਤੇ ਜਦੋਂ ਇਸ ਸਿੱਖ ਬੀਬੀ ਨੇ ਇਸ ਸਥਿਤੀ ਵਿਚ ਆਪਣੀ ਜਾਨ ’ਤੇ ਖੇਡ ਕੇ ਆਪਣੀ ਜੀਵਨ-ਲੀਲ੍ਹਾ ਨੂੰ ਖ਼ਤਮ ਕਰ ਲਿਆ ਤਾਂ ਇਸ ਨੇ ਉਸ ਬੀਬੀ ਨੂੰ ਆਪਣੀ ਹੀ ਹਵੇਲੀ ਵਿਚ ਕਬਰ ਖੋਦ ਕੇ ਦਫ਼ਨ ਕਰ ਦਿੱਤਾ ਸੀ।

ਸਿੰਘਾਂ ਨੇ ਇਸ ਸਿੱਖ ਬੀਬੀ ਦੀ ਲਾਸ਼ ਨੂੰ ਕਬਰ ਪੁੱਟ ਕੇ ਜ਼ਰੂਰ ਬਾਹਰ ਕੱਢਿਆ ਅਤੇ ਉਸ ਦਾ ਸਿੱਖ ਰਹੁ-ਰੀਤਾਂ ਅਨੁਸਾਰ ਅੰਤਮ ਸੰਸਕਾਰ ਵੀ ਕੀਤਾ ਪਰ ਹੋਰ ਕਿਸੇ ਕਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।

ਬਾਬਾ ਬੰਦਾ ਸਿੰਘ ਬਹਾਦਰ ਦੀ ਧਾਰਮਿਕ ਦ੍ਰਿਸ਼ਟੀ ਦੀ ਪਰਖ ਇਸ ਗੱਲ ਤੋਂ ਵੀ ਹੋ ਜਾਂਦੀ ਹੈ ਕਿ ਉਸ ਦੀ ਸ਼ਰਨ ਵਿਚ ਜੋ ਵੀ ਆਇਆ ਉਨ੍ਹਾਂ ਨੇ ਉਸ ਦਾ ਨਾਮ ਸਿੰਘ ਰੱਖਦਿਆਂ ਉਸ ਨੂੰ ਪੂਰਨ ਮਾਣ ਸਤਿਕਾਰ ਦਿੱਤਾ। ਇਸ ਨੀਤੀ ਦੇ ਅੰਤਰਗਤ ਹੀ ਸਰਹਿੰਦ ਦੇ ਗਵਾਂਢੀ ਇਲਾਕੇ ਦੇ ਇਕ ਹਾਕਮ ਦੀਨਦਾਰ ਖਾਨ ਦਾ ਨਾਮ ਦੀਨਦਾਰ ਸਿੰਘ ਰਖਿਆ ਗਿਆ ਅਤੇ ਸਰਹਿੰਦ ਦੇ ਖ਼ਬਰ-ਨਵੀਸ ਮੀਰ ਨਸੀਰੁਦੀਨ ਨੂੰ ਮੀਰ ਨਸੀਰ ਸਿੰਘ ਦਾ ਨਾਮ ਮਿਲ ਗਿਆ ਅਤੇ ਇਹ ਸਾਰੇ ਸਿੱਖ ਪਰਵਾਰ ਦਾ ਹਿੱਸਾ ਬਣ ਗਏ।3

ਬਾਬਾ ਬੰਦਾ ਸਿੰਘ ਬਹਾਦਰ ਇਕ ਸਿਦਕੀ ਅੰਮ੍ਰਿਤਧਾਰੀ ਸਿੰਘ ਸੀ ਜਿਸ ਦੇ ਰੋਮ-ਰੋਮ ਵਿਚ ਗੁਰੂ-ਪ੍ਰੇਮ ਸਮੋਇਆ ਹੋਇਆ ਸੀ। ਨਾਂਦੇੜ ਤੋਂ ਅਰੰਭ ਹੋਇਆ ਉਸ ਦਾ ਗੁਰੂ-ਪ੍ਰੇਮ ਅਤੇ ਨਿਸ਼ਚਾ ਨਿਰੰਤਰ ਅਟੱਲ ਤੇ ਅਡੋਲ ਰਿਹਾ। ਇਸ ਦਾ ਪ੍ਰਮਾਣ ਹੈ ਆਪਣੇ ਰਾਜ ਦੀ ਸਥਾਪਤੀ ਸਮੇਂ ਉਸ ਵੱਲੋਂ ਜਾਰੀ ਕੀਤੇ ਸਿੱਕੇ ਤੇ ਮੋਹਰਾਂ ਉਪਰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀਆਂ ਉਕਰੀਆਂ ਯਾਦਗਾਰੀ ਲਿਖਤਾਂ। ਬਾਬਾ ਜੀ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਇਹ ਸਾਰੀਆਂ ਸਫਲਤਾਵਾਂ ਅਤੇ ਬਖਸ਼ਿਸ਼ਾਂ ਗੁਰੂ ਦੀ ਅਪਾਰ ਕਿਰਪਾ ਦ੍ਰਿਸ਼ਟੀ ਸਦਕਾ ਹੀ ਪ੍ਰਾਪਤ ਹੋਈਆਂ ਹਨ। ਜਿਥੇ ਉਹ ਖੁਦ ਖਾਲਸਾ ਰਹਿਤ ਦੇ ਪੱਕੇ ਧਾਰਨੀ ਸਨ ਓਥੇ ਉਹ ਆਪਣੇ ਸਾਥੀਆਂ ਨੂੰ ਖਾਲਸਾ ਰਹਿਤ ਵਿਚ ਪਰਪੱਕ ਰਹਿਣ ਲਈ ਜ਼ੋਰ ਦੇ ਕੇ ਕਹਿੰਦੇ ਜਿਸ ਦਾ ਪ੍ਰਮਾਣ ਉਨ੍ਹਾਂ ਵੱਲੋਂ ਜਾਰੀ ਕੀਤੇ ਹੁਕਮਨਾਮਿਆਂ ਤੋਂ ਭਲੀ-ਭਾਂਤ ਮਿਲ ਜਾਂਦਾ ਹੈ ਜੋ ਇਸ ਪ੍ਰਕਾਰ ਹੈ” ਮੇਰਾ ਹੁਕਮ ਹੈ ਜੋ ਖਾਲਸੇ ਦੀ ਰਹਿਤ ਰਹੇਗਾ ਤਿਸਦੀ ਗੁਰੂ ਬਹੁੜੀ ਕਰੇਗਾ।4

ਬਾਬਾ ਬੰਦਾ ਸਿੰਘ ਬਹਾਦਰ ਦੀ ਸਮਦਰਸ਼ੀ ਧਾਰਮਿਕ ਦ੍ਰਿਸ਼ਟੀ ਦਾ ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਜਿਥੇ ਇਕ ਪਾਸੇ ਜ਼ਾਲਮ ਹਾਕਮ ਵਜ਼ੀਰ ਖਾਨ ਨੇ ਜਹਾਦ ਦੇ ਨਾਂ ਤੇ ਸਿੱਖ ਗੁਰੂ ਸਾਹਿਬਾਨ ਤੇ ਸਿੱਖਾਂ ਵਿਰੁੱਧ ਮੁਸਲਮਾਨਾਂ ਨੂੰ ਲਾਮਬੰਦ ਹੋਣ ਲਈ ਭੜਕਾਇਆ, ਓਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸਲਾਮ ਧਰਮ ਤੇ ਉਸ ਦੇ ਸੰਚਾਲਕ ਹਜ਼ਰਤ ਮੁਹੰਮਦ ਸਾਹਿਬ ਜਾਂ ਕਿਸੇ ਹੋਰ ਇਸਲਾਮ ਦੇ ਮਹਾਂਪੁਰਖ ਵਿਰੁੱਧ ਇਕ ਸ਼ਬਦ ਵੀ ਨਹੀਂ ਵਰਤਿਆ।5 ਉਨ੍ਹਾਂ ਦਾ ਸੰਘਰਸ਼ ਜ਼ਾਲਮ ਹਾਕਮਾਂ ਦੇ ਅਤਿਆਚਾਰਾਂ ਵਿਰੁੱਧ ਸੀ। ਇਥੋਂ ਤਕ ਕਿ ਅਤਿਆਚਾਰੀ ਹਿੰਦੂ ਰਾਜੇ, ਸੁੱਚਾ ਨੰਦ ਵਰਗੇ ਚਾਪਲੂਸ ਅਤੇ ਹੰਕਾਰੀ ਮਸੰਦ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਗੁੱਸੇ ਤੋਂ ਨਹੀਂ ਬਚ ਸਕੇ।6 ਉਨ੍ਹਾਂ ਦੀਆਂ ਨਜ਼ਰਾਂ ਵਿਚ ਹਰ ਅਮੀਰ ਗਰੀਬ, ਸਿੱਖ, ਗ਼ੈਰ ਸਿੱਖ ਇਕ ਸਮਾਨ ਸੀ। ਉਹ ਗੁਰਮਤਿ ਗਾਡੀ ਰਾਹ ਦੇ ਇਸ ਸਿਧਾਂਤ ਦੇ ਧਾਰਨੀ ਸਨ:

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਏਹਿ ਭੂਪਤਿ ਰਾਜੇ ਨਾ ਆਖੀਅਹਿ ਦੂਜੈ ਭਾਇ ਦੁਖੁ ਹੋਈ॥ (ਪੰਨਾ 1088)

ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ (ਪੰਨਾ 992)

ਇਸੇ ਲਈ ਉਹ ਜ਼ੁਰਮ ਕਰਨ ਵਾਲੇ ਨੂੰ ਮਿਸਾਲੀ ਸਜਾ ਦੇਣ ਸਮੇਂ ਉਸ ਦੇ ਰੁਤਬੇ, ਜਾਤ, ਧਰਮ ਦੀ ਪ੍ਰਵਾਹ ਨਹੀਂ ਸਨ ਕਰਦੇ। ਇਸ ਸੰਦਰਭ ਵਿਚ ਭਾਈ ਕੇਸਰ ਸਿੰਘ ਛਿਬਰ ਆਪਣੇ ਬੰਸਾਵਲੀਨਾਮੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਧਾਰਮਿਕ ਦ੍ਰਿਸ਼ਟੀ ਦਾ ਕਿਰਦਾਰ ਇਸ ਪ੍ਰਕਾਰ ਚਿਤਰਦੇ ਹਨ:

ਰਾਜੇ ਚੁਲੀ ਨਿਆਉਂ ਕੀ ਇਉਂ ਗਿਰੰਥ ਵਿਚ ਲਿਖਿਆ ਲਹਿਆ।
ਨਿਆਉਂ ਨ ਕਰੇ ਤ ਨਰਕ ਜਾਏ।
ਰਾਜਾ ਹੋਇ ਕੈ ਨਿਆਉਂ ਕਮਾਏ।
ਪੁਰਖ ਬਚਨ ਮੁਝ ਕੋ ਐਸੇ ਹੈ ਕੀਤਾ।
ਮਾਰਿ ਪਾਪੀ ਮੈ ਵੈਰ ਪੁਰਖ ਦਾ ਲੀਤਾ।
ਜੇ ਤੁਸੀ ਉਸ ਪੁਰਖ ਕੇ ਸਿਖ ਅਖਾਓ।
ਤਾ ਪਾਪ ਅਧਰਮ ਅਨਿਆਉ ਨ ਕਮਾਓ।
ਸਿਖ ਉਬਾਰਿ ਅਸਿਖ ਸੰਘਾਰੋ।
ਪੁਰਖ ਦਾ ਕਹਿਆ ਹਿਰਦੇ ਧਾਰੋ।
ਭੇਖੀ, ਲੰਪਟ, ਪਾਪੀ ਚੁਨਿ ਚਾਰੋ॥6

ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਸਮਦਰਸ਼ੀ ਧਾਰਮਿਕ ਦ੍ਰਿਸ਼ਟੀ ਦਾ ਧਾਰਨੀ ਸੀ। ਉਹ ਜ਼ੁਲਮੀ ਰਾਜ ਦੇ ਖਿਲਾਫ਼ ਜ਼ਰੂਰ ਸੀ, ਜ਼ੁਲਮੀਆਂ ਦਾ ਨਾਸ਼ ਕਰਨ ਦੀ ਬਿਰਤੀ ਵਾਲਾ ਵੀ ਸੀ ਪਰ ਉਨ੍ਹਾਂ ਦੇ ਧਰਮ, ਧਰਮ ਗ੍ਰੰਥਾਂ, ਧਰਮ ਸਥਾਨਾਂ, ਧਰਮ-ਮੁਖੀਆਂ ਦੇ ਵਿਰੁੱਧ ਨਹੀਂ ਸੀ ਜੋ ਸੰਜੋਗ-ਵਸ ਮੁਸਲਮਾਨ ਤੇ ਇਸਲਾਮ ਦੇ ਪੈਰੋਕਾਰ ਸਨ। ਜੇ ਅਜਿਹਾ ਨਾ ਹੁੰਦਾ ਤਾਂ ਉਹ ਪਰਗਨਾ ਬੂੜੀਏ ਦੇ ਜ਼ਿਮੀਂਦਾਰ ਜਾਨ ਮੁਹੰਮਦ ਖਾਨ ਨੂੰ ਸੋਧਣ ਨਾ ਜਾਂਦੇ। ਏਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਦਲ ਵਿਚ ਸ਼ਾਮਲ ਹੋਏ ਮੁਸਲਮਾਨਾਂ ਉਪਰੋਂ ਹਰ ਪ੍ਰਕਾਰ ਦੀਆਂ ਧਾਰਮਿਕ ਬੰਦਸ਼ਾਂ ਖ਼ਤਮ ਕਰ ਦਿੱਤੀਆਂ ਜਿਸ ਦੇ ਸਿਟੇ ਵਜੋਂ ਕਲਾਨੌਰ ਦੇ ਇਲਾਕੇ ਵਿੱਚੋਂ ਪੰਜ ਹਜ਼ਾਰ ਮੁਸਲਮਾਨ ਉਨ੍ਹਾਂ ਦੇ ਦਲ ਵਿਚ ਸ਼ਾਮਲ ਹੋ ਗਏ। ਹਾਲਾਂਕਿ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੰਘਾਂ ਵਿਰੁੱਧ ਹੁਕਮ ਜਾਰੀ ਕਰ ਦਿਤੇ ਸਨ ਕਿ ਉਹ ਜਿਥੇ ਵੀ ਕਿਤੇ ਨਜ਼ਰ ਆਉਣ ਕਤਲ ਕਰ ਦਿੱਤੇ ਜਾਣ। ਇਸ ਦਾ ਪ੍ਰਮਾਣ ਰਬੀ-ਉਲ-ਅਵਲ 1123 ਹਿਜ਼ਰੀ ਨੂੰ ਉਸ ਪਾਸ ਉਸ ਦੇ ਸੂਹੀਆਂ ਦੀ ਰਿਪੋਰਟ ਤੋਂ ਵੀ ਮਿਲਦਾ ਹੈ ਜੋ ਇਸ ਪ੍ਰਕਾਰ ਹੈ: ਉਸ ਨੇ ਬਚਨ ਦਿੱਤਾ ਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦੇਵਾਂਗਾ। ਚੁਨਾਂਚਿ ਜੋ ਭੀ ਮੁਸਲਮਾਨ ਉਸ ਵੱਲ ਰੁਜ਼ੂ ਹੁੰਦਾ ਹੈ, ਉਹ ਉਸ ਦੀ ਦਿਹਾੜੀ ਅਤੇ ਤਨਖਾਹ ਨਿਯੁਕਤ ਕਰਕੇ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੇ ਇਹ ਆਗਿਆ ਭੀ ਦਿੱਤੀ ਹੋਈ ਹੈ ਕਿ ਮੁਸਲਮਾਨ ਨਮਾਜ਼ ਤੇ ਖੁਤਬਾ ਆਪਣੇ ਮਤ ਅਨੁਸਾਰ ਜਿਵੇਂ ਚਾਹੁਣ ਪੜ੍ਹਨ। ਚੁਨਾਂਚਿ ਪੰਜ ਹਜ਼ਾਰ ਮੁਸਲਾਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫੌਜ ਵਿਚ ਬਾਂਗ ਅਤੇ ਨਮਾਜ਼ ਵਲੋਂ ਸੁਖ ਪਾ ਰਹੇ ਹਨ।7 ਉਪਰੋਕਤ ਹਵਾਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਉਦਾਰਵਾਦੀ ਅਤੇ ਸਮਦਰਸ਼ੀ ਧਾਰਮਿਕ ਦ੍ਰਿਸ਼ਟੀ ਦੀ ਇਤਿਹਾਸਕ ਤੇ ਕਿੰਤੂ-ਰਹਿਤ ਮਿਸਾਲ ਹੈ। ਉਹ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ ਸਗੋਂ ਦੀਨ ਤੇ ਦੁਖੀਆਂ ਦਾ ਸਹਾਰਾ ਅਤੇ ਬੇਗਾਨਾਹਾਂ ਤੇ ਜ਼ੁਲਮ ਕਰਨ ਵਾਲਿਆਂ ਦਾ ਨਾਸ਼ ਕਰਨ ਵਾਲਾ, ਸਹੀ ਅਰਥਾਂ ਵਿਚ ਸਿੰਘ ਸੂਰਮਾ, ਵਿਸ਼ਵ ਦਾ ਪ੍ਰਸਿੱਧ ਫੌਜੀ ਜਰਨੈਲ ਅਤੇ ਹਰੇਕ ਧਰਮ, ਧਰਮ ਗ੍ਰੰਥ, ਸੱਚੇ ਧਾਰਮਿਕ ਆਗੂਆਂ ਅਤੇ ਧਰਮ ਅਸਥਾਨਾਂ ਦਾ ਸਤਿਕਾਰ ਕਰਨ ਵਾਲਾ ਮਹਾਂਨਾਇਕ ਸੀ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Jasbir Singh Sabar
ਰੀਟਾ. ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ
1 ਸ. ਕਰਮ ਸਿੰਘ ਹਿਸਟੋਰੀਅਨ, ‘ਬੰਦਾ ਬਹਾਦਰ’, ਸ਼੍ਰੋ. ਗੁ. ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, 1982, ਸਫਾ 58.
2 ਡਾ. ਗੰਡਾ ਸਿੰਘ, ‘ਬੰਦਾ ਸਿੰਘ ਬਹਾਦਰ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1990, ਸਫਾ 144.
3 ਡਾ. ਗੰਡਾ ਸਿੰਘ, ਉਕਤ
4 ਡਾ. ਗੰਡਾ ਸਿੰਘ, ਉਕਤ
5 ਐਮ. ਏ. ਮੈਕਾਲਫ, ‘ਦਾ ਸਿੱਖ ਰਿਲੀਜ਼ਨ ਐਂਡ ਇਟਸ ਗੁਰੂਜ਼’, ਐਸ. ਚਾਂਦ ਐਂਡ ਕੰਪਨੀ, ਦਿੱਲੀ, 1950, ਸਫਾ 248.
6 ਬੰਸਾਵਲੀ ਨਾਮਾ, ਬੰਦ-43-45
7 ਡਾ. ਗੰਡਾ ਸਿੰਘ, ਉਕਤ, ਸਫਾ 154.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)