ਸ਼ਹੀਦ ਮਿਸਲ ਦੇ ਬਾਨੀ ਅਤੇ ਦਮਦਮੀ ਟਕਸਾਲ ਦੇ ਸੰਸਥਾਪਕ ਬਾਬਾ ਦੀਪ ਸਿੰਘ ਜੀ ਦਾ ਜਨਮ ਸੰਨ 1682 ਈ: ਵਿਚ ਪਿਤਾ ਭਾਈ ਭਗਤਾ ਜੀ ਦੇ ਘਰ ਮਾਤਾ ਜੀਉਣੀ ਜੀ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਵਿਚ ਹੋਇਆ। ਬਾਬਾ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਉੱਦਮ ਕੀਤਾ ਅਤੇ ਧਰਮ ਲਈ ਆਪਣੇ ਪ੍ਰਾਣਾਂ ਦੀ ਭੇਟ ਚੜ੍ਹਾ ਕੇ ਸਿੱਖ ਪੰਥ ਦੇ ਸ਼ਹੀਦਾਂ ਵਿਚ ਸਿਰਮੌਰ ਸਥਾਨ ਪ੍ਰਾਪਤ ਕੀਤਾ। ਸਿੱਖ ਪੰਥ ਵਿਚ ਬਾਬਾ ਦੀਪ ਸਿੰਘ ਜੀ ਪ੍ਰਤੀ ਬਹੁਤ ਸ਼ਰਧਾ ਅਤੇ ਸਤਿਕਾਰ ਹੈ। ਜਿਸ ਸਥਾਨ ਨਾਲ ਉਨ੍ਹਾਂ ਦਾ ਸੰਬੰਧ ਰਿਹਾ, ਉੱਥੇ ਦੇ ਲੋਕਾਂ ਨੇ ਉਨ੍ਹਾਂ ਦੀ ਯਾਦ ਨੂੰ ਸਦਾ ਲਈ ਤਾਜ਼ਾ ਰੱਖਣ ਲਈ ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਹੋਈਆਂ ਹਨ ਜਿੱਥੇ ਉਹ ਸਮੇਂ-ਸਮੇਂ ਇਕੱਠੇ ਹੋ ਕੇ ਆਪਣੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਉਨ੍ਹਾਂ ਦੀਆਂ ਬਣੀਆਂ ਯਾਦਗਾਰਾਂ ਵਿੱਚੋਂ ਕੁਝ ਦਾ ਵਰਣਨ ਇੱਥੇ ਕੀਤਾ ਜਾ ਰਿਹਾ ਹੈ।
ਜਨਮ ਸਥਾਨ ਬਾਬਾ ਦੀਪ ਸਿੰਘ ਜੀ:-
ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਿੰਡ ਪਹੂਵਿੰਡ ਹੈ ਜੋ ਕਿ ਅੰਮ੍ਰਿਤਸਰ ਤੋਂ 19 ਕਿਲੋਮੀਟਰ ਦੂਰ ਝਬਾਲ ਅਤੇ ਝਬਾਲ ਤੋਂ 16 ਕਿਲੋਮੀਟਰ ਦੂਰ ਅਤੇ ਭਿੱਖੀਵਿੰਡ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਪੋਹੂ ਨੇ ਇਹ ਪਿੰਡ ਵਸਾਇਆ ਸੀ। ਬਾਬਾ ਪੋਹੂ ਇਸ ਪਿੰਡ ਤੋਂ ਲੱਗਭਗ 3 ਕਿਲੋਮੀਟਰ ਦੀ ਦੂਰੀ ’ਤੇ ਭਿੱਖੀਵਿੰਡ ਵਿਚ ਰਹਿੰਦਾ ਸੀ। ਭਿੱਖੀਵਿੰਡ ਦੇ ਮੁਸਲਮਾਨ ਰੰਘੜ ਬਾਬਾ ਪੋਹੂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਜਿਸ ਕਾਰਨ ਉਹ ਭਿੱਖੀਵਿੰਡ ਛੱਡ ਕੇ ਇੱਥੇ ਆ ਗਿਆ ਜਿੱਥੇ ਉਸ ਦੇ ਨਾਂ ’ਤੇ ਇਹ ਪਿੰਡ ਪਹੂਵਿੰਡ ਸਥਾਪਿਤ ਹੋ ਗਿਆ। ਬਾਬਾ ਪੋਹੂ ਦੀ ਆਪਣੀ ਕੋਈ ਔਲਾਦ ਨਹੀਂ ਸੀ। ਉਸ ਦੇ ਭਤੀਜੇ ਦਾਨਾ, ਮਿਰਜਾ, ਵਸਾਊ ਤੇ ਬਿੰਨਾ ਸਨ। ਇਨ੍ਹਾਂ ਚੌਹਾਂ ਦੇ ਨਾਂ ’ਤੇ ਪਿੰਡ ਦੀਆਂ ਚਾਰ ਪੱਤੀਆਂ ਅਬਾਦ ਹੋਈਆਂ। ਇਸ ਸਮੇਂ ਪਿੰਡ ਪਹੂਵਿੰਡ ਵਿਚ ਬਾਬੇ ਪੋਹੂ ਦੇ ਸੰਧੂ ਖਾਨਦਾਨ ਦੇ 150 ਦੇ ਲੱਗਭਗ ਘਰ ਵੱਸਦੇ ਹਨ। ਇਸ ਪਿੰਡ ਦੀ ਅਬਾਦੀ ਵਿਚ ਦੂਸਰੇ ਥਾਂ ’ਤੇ ਖਹਿਰੇ ਜੱਟ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇੱਥੋਂ ਉੱਠ ਕੇ ਲੱਗਭਗ 20 ਕਿਲੋਮੀਟਰ ਦੂਰ ਪੱਟੀ ਦੇ ਨੇੜੇ ਜਾ ਕੇ ਵੱਸ ਗਏ ਹਨ। ਉਨ੍ਹਾਂ ਨੇ ਆਪਣੇ ਨਵੇਂ ਵਸਾਏ ਪਿੰਡ ਦਾ ਨਾਂ ਵੀ ਸ਼ਹੀਦ ਰੱਖਿਆ ਹੋਇਆ ਹੈ। ਪਹੂਵਿੰਡ ਵਿਚ ਹੁਣ 30-35 ਘਰ ਖਹਿਰੇ ਖਾਨਦਾਨ ਦੇ ਹਨ ਜੋ ਆਪਣੇ ਆਪ ਨੂੰ ਸ਼ਹੀਦ ਕਹਿੰਦੇ ਹਨ। ਪਹੂਵਿੰਡ ਵਿਚ ਉਨ੍ਹਾਂ ਦੀ ਪੱਤੀ ਦਾ ਨਾਂ ਵੀ ਸ਼ਹੀਦ ਪੱਤੀ ਹੈ। ‘ਮਾਲਵਾ ਸਿੱਖ ਇਤਿਹਾਸ’ ਦੇ ਕਰਤਾ ਭਾਈ ਵਿਸਾਖਾ ਸਿੰਘ ਅਤੇ ਸ. ਹੁਸ਼ਿਆਰ ਸਿੰਘ ਦੁਲੇਹ ਨੇ ਆਪਣੀ ਪੁਸਤਕ ‘ਜੱਟਾਂ ਦੇ ਗੋਤਾਂ ਦਾ ਇਤਿਹਾਸਕ ਵੇਰਵਾ’ ਵਿਚ ਬਾਬਾ ਦੀਪ ਸਿੰਘ ਜੀ ਦਾ ਪਿੰਡ ਜ਼ਿਲ੍ਹਾ ਲੁਧਿਆਣਾ ਵਿਚ ਗੁਰਮ ਦੱਸਿਆ ਗਿਆ ਹੈ। ਇਨ੍ਹਾਂ ਅਨੁਸਾਰ ਬਾਬਾ ਜੀ ਦੇ ਪਿਤਾ ਜੀ ਆਪਣੇ ਸਾਥੀਆਂ ਸਮੇਤ ਅਲਾ ਪੁਰ ਦੇ ਪਠਾਣਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਅਲਾ ਪੁਰ ਦਾ ਨਾਂ ਬਦਲ ਕੇ ਹੁਣ ਲਾਪੁਰ ਹੋ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਪਿੰਡ ਨਵੇਂ ਗੁਰਮ ਦੇ ਪਾਸ ਦੱਖਣ ਵੱਲ ਬਣੀਆਂ ਹੋਈਆਂ ਹਨ। ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਕੋਈ ਸਕਾ ਭਰਾ ਨਾ ਹੋਣ ਕਰਕੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੀ ਮਾਤਾ ਜੀ ਨਾਲ ਆਪਣੇ ਨਾਨਕੇ ਪਿੰਡ ਪਹੂਵਿੰਡ ਆ ਕੇ ਰਹਿਣ ਲੱਗ ਪਏ। ਜਦੋਂ ਬਾਬਾ ਜੀ ਜਵਾਨ ਹੋ ਗਏ ਤਾਂ ਵਾਪਸ ਆਪਣੀ ਮਾਤਾ ਜੀ ਨਾਲ ਗੁਰਮ ਪਿੰਡ ਚਲੇ ਗਏ। ਬਾਬਾ ਜੀ ਦੇ ਮਾਤਾ ਜੀ ਬਾਬਾ ਜੀ ਦੀ ਸ਼ਹੀਦੀ ਤੋਂ ਕਾਫ਼ੀ ਸਮਾਂ ਬਾਅਦ ਤਕ ਇਸੇ ਪਿੰਡ ਵਿਚ ਰਹਿੰਦੇ ਹੋਏ ਅਕਾਲ ਚਲਾਣਾ ਕਰ ਗਏ।
ਬਾਬਾ ਜੀ ਦਾ ਜਨਮ ਸਥਾਨ ਕਿਹੜਾ ਸੀ ਭਾਵੇਂ ਇਹ ਖੋਜ ਦਾ ਵਿਸ਼ਾ ਹੈ ਪਰ ਇਸ ਗੱਲ ਨਾਲ ਸਾਰੇ ਵਿਦਵਾਨ ਸਹਿਮਤ ਹਨ ਕਿ ਬਾਬਾ ਜੀ ਦਾ ਸੰਬੰਧ ਪਹੂਵਿੰਡ ਪਿੰਡ ਨਾਲ ਗੂੜ੍ਹਾ ਸੀ ਭਾਵੇਂ ਇਹ ਉਨ੍ਹਾਂ ਦੇ ਦਾਦਕੇ ਸਨ ਜਾਂ ਨਾਨਕੇ ਜਿੱਥੇ ਉਹ ਬਚਪਨ ਤੋਂ ਜਵਾਨ ਅਵਸਥਾ ਤਕ ਵਿਚਰਦੇ ਰਹੇ।
ਪਹੂਵਿੰਡ ਪਿੰਡ ਪਾਕਿਸਤਾਨ ਬਣਨ ਤੋਂ ਪਹਿਲਾਂ ਜ਼ਿਲ੍ਹਾ ਲਾਹੌਰ ਦੀ ਕਸੂਰ ਤਹਿਸੀਲ ਵਿਚ ਹੁੰਦਾ ਸੀ ਅੱਜਕਲ੍ਹ ਇਹ ਜ਼ਿਲ੍ਹਾ ਤਰਨਤਾਰਨ ਦੀ ਪੱਟੀ ਤਹਿਸੀਲ ਵਿਚ ਹੈ। ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਦੀ ਸ਼ਾਨਦਾਰ ਇਮਾਰਤ ਇਸ ਪਿੰਡ ਦੀ ਸ਼ਾਨ ਹੈ। ਬਾਬਾ ਜੀ ਦੀ ਯਾਦ ਵਿਚ ਪੁਰਾਣਾ ਗੁਰਦੁਆਰਾ ਮਿਰਜੇ ਦੀ ਪੱਤੀ ਵਿਚ ਬਣਿਆ ਹੋਇਆ ਹੈ। ਪਿੰਡ ਵਾਸੀਆਂ ਅਨੁਸਾਰ ਪਿੰਡ ਵਿਚ ਬਾਬਾ ਜੀ ਦੀ ਯਾਦ ਵਿਚ ਨਵੇਂ ਉਸਾਰੇ ਗੁਰਦੁਆਰਾ ਸਾਹਿਬ ਦੀ ਨੀਂਹ 1969ਈ: ਵਿਚ ਰੱਖੀ ਗਈ ਸੀ ਅਤੇ ਇਸ ਦੀ ਉਸਾਰੀ ਦਾ ਕੰਮ 1984-85 ਤਕ ਚਲਦਾ ਰਿਹਾ। 1983 ਈ: ਵਿਚ ਇਸ ’ਤੇ ਸੋਨੇ ਦਾ ਕਲਸ ਸੁਸ਼ੋਭਿਤ ਕੀਤਾ ਗਿਆ। ਇਸ ਨਵੇਂ ਸਥਾਨ ’ਤੇ ਬਣੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਹਿਲਾਂ ਮੁਸਲਮਾਨਾਂ ਦੀ ਮਲਕੀਅਤ ਸੀ। ਪਹੂਵਿੰਡ ਵਿਚ 300 ਦੇ ਲੱਗਭਗ ਮੁਸਲਮਾਨਾਂ ਦੇ ਘਰ ਸਨ ਜੋ 1947 ਈ: ਵਿਚ ਪਾਕਿਸਤਾਨ ਚਲੇ ਗਏ ਅਤੇ ਇਹ ਉਨ੍ਹਾਂ ਦੀ ਜ਼ਮੀਨ ਲਾਵਾਰਿਸ ਪਈ ਸੀ। ਇਸ ਖੁੱਲ੍ਹੀ ਥਾਂ ’ਤੇ ਪਿੰਡ ਵਾਲਿਆਂ ਨੇ ਸਲਾਹ-ਮਸ਼ਵਰਾ ਕਰ ਕੇ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਇੱਥੇ ਸੰਨ 1982 ਈ: ਵਿਚ ਬਾਬਾ ਜੀ ਦਾ 300 ਸਾਲਾ ਜਨਮ ਦਿਵਸ ਧੂਮ-ਧਾਮ ਨਾਲ ਮਨਾਇਆ ਸੀ।
ਤਲਵੰਡੀ ਸਾਬੋ ਵਿਖੇ ਬਾਬਾ ਦੀਪ ਸਿੰਘ ਜੀ:-
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਤੋਂ ਬਾਅਦ ਜੰਗਲਾਂ ਦੇ ਵਿਚ ਦੀ ਹੁੰਦੇ ਹੋਏ ਪਿੰਡਾਂ ਵਿਚ ਠਹਿਰਦੇ ਹੋਏ ਤਲਵੰਡੀ ਸਾਬੋ ਪਹੁੰਚੇ ਅਤੇ ਇਸ ਜਗ੍ਹਾ ‘ਤੇ ਆ ਕੇ ਟਿਕ ਗਏ ਅਤੇ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ, ਜਿਸ ਕਾਰਨ ਇਸ ਜਗ੍ਹਾ ਦਾ ਨਾਂ ਦਮਦਮਾ ਸਾਹਿਬ ਪੈ ਗਿਆ। ਤਲਵੰਡੀ ਸਾਬੋ ਵਿਖੇ ਅੱਜ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ, ਇਸ ਜਗ੍ਹਾ ‘ਤੇ ਗੁਰੂ ਜੀ ਦਰਬਾਰ ਸਜਾਇਆ ਕਰਦੇ ਸਨ। ਇਸੇ ਜਗ੍ਹਾ ‘ਤੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਪੁੱਛਿਆ ਸੀ। ਤਲਵੰਡੀ ਸਾਬੋ ਵਿਚ ਗੁਰੂ ਸਾਹਿਬ ਦੇ ਕਾਫ਼ੀ ਸਮਾਂ ਟਿਕੇ ਰਹਿਣ ਕਰਕੇ ਇਸ ਜਗ੍ਹਾ ਦੇ ਕਈ ਸਥਾਨ ਗੁਰੂ ਸਾਹਿਬ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ ਅਤੇ ਸਿੱਖ ਦੂਰੋਂ-ਦੂਰੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇਸ ਜਗ੍ਹਾ ‘ਤੇ ਆਉਂਦੇ ਸਨ। ਉੱਚ-ਕੋਟੀ ਦੇ ਵਿਦਵਾਨ, ਨਾਮ-ਅਭਿਆਸੀ, ਕੁਰਬਾਨੀ ਦੇ ਪੁੰਜ, ਧਰਮੀ ਸੂਰਬੀਰ, ਸਿੱਖ ਪੰਥ ਦੇ ਅਣਖੀਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਵੀ ਇਸ ਜਗ੍ਹਾ ’ਪੁਰ ਗੁਰੂ ਜੀ ਪਾਸ ਰਹਿਣ ਲੱਗੇ।
ਗੁਰਦੁਆਰਾ ਲਿਖਣਸਰ ਸਾਹਿਬ ਤਲਵੰਡੀ ਸਾਬੋ:-
ਦਮਦਮਾ ਸਹਿਬ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਰੋਵਰ ਦੇ ਕੰਢੇ ਬੈਠ ਕੇ ਭਾਈ ਮਨੀ ਸਿੰਘ ਜੀ ਤੋਂ ਬਾਣੀ ਲਿਖਵਾਉਂਦੇ ਸਨ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਹਿਲਾਂ ਦਰਜ ਬਾਣੀ ਦੇ ਨਾਲ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਇਸ ਸਥਾਨ ’ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਇਸ ਕਾਰਜ ਲਈ ਬਾਬਾ ਦੀਪ ਸਿੰਘ ਜੀ ਕਲਮਾਂ ਘੜ ਕੇ ਦੇਣ ਦੀ ਸੇਵਾ ਕਰਦੇ ਸਨ। ਲਿਖਾਈ ਦਾ ਕੰਮ ਕਠਿਨ ਕਾਰਜ ਸੀ, ਜਿਸ ਵਿਚ ਅਨੇਕਾਂ ਕਲਮਾਂ, ਕਾਗਜ਼ ਤੇ ਸਿਆਹੀ ਦੀ ਵਰਤੋਂ ਹੋਈ। ਲਿਖਾਈ ਕਰਦਿਆਂ ਜਿਸ ਕਲਮ ਦਾ ਮੂੰਹ ਘਸ ਜਾਂਦਾ ਸੀ, ਗੁਰੂ ਜੀ ਉਸ ਕਲਮ ਨੂੰ ਦੁਬਾਰਾ ਨਹੀਂ ਘੜਾਉਂਦੇ ਸਨ ਉਸ ਨੂੰ ਸੰਭਾਲ ਕੇ ਰੱਖ ਲੈਂਦੇ ਸਨ। ਲਿਖਾਈ ਦੇ ਕਾਰਜ ਦੀ ਸੰਪੂਰਨਤਾ ਉਪਰੰਤ ਇਸ ਪ੍ਰਕਾਰ ਦੀਆਂ ਘਸੀਆਂ ਕਲਮਾਂ ਅਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਲਿਖਣਸਰ ਸਰੋਵਰ ਵਿਚ ਜਲ ਪ੍ਰਵਾਹ ਕਰ ਦਿੱਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫੁਰਮਾਇਆ ਕਿ ਇਹ ਸਥਾਨ ਗੁਰੂ ਕੀ ਕਾਸ਼ੀ ਹੈ ਭਾਵ ਦਮਦਮਾ ਸਾਹਿਬ ਗੁਰਮਤਿ ਦੇ ਗਿਆਨ ਦਾ ਖੇਤਰ ਹੋਵੇਗਾ ਜਿੱਥੇ ਗੁਰਮਤਿ ਵਿਚ ਪ੍ਰਬੁੱਧ ਵਿਦਵਾਨ ਲਿਖਾਰੀ ਪੈਦਾ ਹੋਣਗੇ। ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ’ਤੇ ਸੰਪਰਦਾਈ ਗਿਆਨੀਆਂ ਦੀ ਟਕਸਾਲ ਕਾਇਮ ਕੀਤੀ। ਗੁਰੂ ਜੀ ਦੇ ਅਸ਼ੀਰਵਾਦ ਦਾ ਜ਼ਿਕਰ ਅਨੇਕਾਂ ਇਤਿਹਾਸਕ ਗ੍ਰੰਥਾਂ ਅੰਦਰ ਮਿਲਦਾ ਹੈ, ਜਿਵੇਂ:
ਇਹ ਪ੍ਰਗਟ ਹਮਾਰੀ ਕਾਸ਼ੀ।
ਪੜਹੈ ਇਹਾਂ ਢੋਰ ਮਤਿ ਰਾਸੀ।
ਲੇਖਕ ਗੁਣੀ ਕਵਿੰਦ ਗਿਆਨੀ।
ਬੁਧਿ ਸਿੰਧ ਹ੍ਵੈ ਹੈਂ ਇਤਿ ਆਨੀ।
ਤਿਨ ਕੇ ਕਾਰਨ ਕਲਮ ਘਢ ਦੇਤ ਪ੍ਰਗਟ ਹਮ ਡਾਰ।
ਸਿਖ ਸਖਾ ਇਤ ਪੜੈਂਗੇ ਹਮਰੇ ਕਈ ਹਜਾਰ। (ਭਾਈ ਸੁੱਖਾ ਸਿੰਘ ਗੁਰਬਿਲਾਸ ਪਾਤਸ਼ਾਹੀ ਦਸਵੀਂ, ਸਫ਼ਾ 361-62)
ਅੱਜਕਲ੍ਹ ਇਸ ਸਥਾਨ ’ਤੇ ਗੁਰਦੁਆਰਾ ਲਿਖਣਸਰ ਸਾਹਿਬ ਸੁਸ਼ੋਭਿਤ ਹੈ ਜਿੱਥੇ ਅਨੇਕਾਂ ਪ੍ਰਾਣੀ ਗੁਰਮੁਖੀ ਦੀ ਵਰਣਮਾਲਾ ਲਿਖ ਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕਰਦੇ ਹਨ।
ਅਕਾਲਸਰ ਸਰੋਵਰ ਤਲਵੰਡੀ ਸਾਬੋ:-
ਇਹ ਇਤਿਹਾਸਕ ਸਰੋਵਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਮਾਰਤ ਦੇ ਨਾਲ ਅੱਠ-ਕੋਨੇ ਆਕਾਰ ਵਿਚ ਹੈ। ਇਸ ਸਰੋਵਰ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇਸੀਂ ਇਸ਼ਨਾਨ ਕਰਿਆ ਕਰਦੇ ਸਨ। ਪ੍ਰਾਚੀਨ ਸਮੇਂ ਵਿਚ ਇਸ ਸਰੋਵਰ ਦੀ ਕਾਰ-ਸੇਵਾ ਬਾਬਾ ਦੀਪ ਸਿੰਘ ਜੀ ਨੇ ਕੀਤੀ ਸੀ। ਬਾਅਦ ਵਿਚ ਬਾਬਾ ਚੰਦਾ ਸਿੰਘ ਕੱਟੂ ਵਾਲਿਆਂ ਨੇ ਸਰੋਵਰ ਨੂੰ ਅੱਠ-ਕੋਨਾ ਪੱਕਾ ਬਣਵਾਇਆ ਸੀ।
ਭੋਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ:-
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਹੀ ਇਕ ਭੋਰਾ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਇਕਾਂਤ ਵਿਚ ਬੈਠ ਕੇ ਨਾਮ ਸਿਮਰਨ ਕਰਿਆ ਕਰਦੇ ਸਨ। ਇੱਥੇ ਹੀ ਬਾਬਾ ਜੀ ਆਪਣੀ ਰਿਹਾਇਸ਼ ਰੱਖਦੇ ਸਨ। ਇਹ ਭੋਰਾ ਬਾਬਾ ਦੀਪ ਸਿੰਘ ਜੀ ਨੇ ਆਪ ਬਣਾਇਆ ਹੈ। ਇਸ ਭੋਰਾ ਸਾਹਿਬ ਦੀ ਬਣਤਰ ਖਾਸ ਕਿਸਮ ਦੀ ਹੈ ਜੋ ਆਪਣੇ ਆਪ ਵਿਚ ਇਮਾਰਤ ਕਲਾ ਦਾ ਇਕ ਉੱਤਮ ਨਮੂਨਾ ਹੈ। ਸੁਰੱਖਿਆ ਦੇ ਪੱਖ ਤੋਂ ਬਹੁਤ ਹੀ ਉੱਤਮ ਹੈ। ਇਸ ਵਿਚ ਬੈਠੇ ਵਿਅਕਤੀ ਦੀਆਂ ਨਜ਼ਰਾਂ ਤੋਂ ਇਸ ਪਾਸੇ ਕਿੱਧਰੋਂ ਵੀ ਆਉਣ ਵਾਲਾ ਕੋਈ ਵਿਅਕਤੀ ਬਚ ਨਹੀਂ ਸਕਦਾ। ਇਸ ਭੋਰੇ ਦੇ ਦਰਸ਼ਨ ਕਰ ਕੇ ਬਾਬਾ ਦੀਪ ਸਿੰਘ ਜੀ ਦਾ ਨਾਮ-ਸਿਮਰਨ ਨਾਲ ਪਿਆਰ ਅਤੇ ਉਨ੍ਹਾਂ ਦੇ ਜੀਵਨ-ਢੰਗ ਬਾਰੇ ਜਾਣਿਆ ਜਾ ਸਕਦਾ ਹੈ।
ਖੂਹ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ:-
ਤਲਵੰਡੀ ਸਾਬੋ ਦੇ ਇਲਾਕੇ ਦਾ ਪਾਣੀ ਬਹੁਤ ਖਾਰਾ ਸੀ ਅਤੇ ਇਹ ਪੀਣ ਦੇ ਲਾਇਕ ਨਹੀਂ ਸੀ। ਇਲਾਕੇ ਦੇ ਲੋਕਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਇਸ ਮੁਸ਼ਕਲ ਬਾਰੇ ਬੇਨਤੀ ਕੀਤੀ। ਲੋਕਾਂ ਦੀ ਮੁਸ਼ਕਲ ਦੇ ਹੱਲ ਲਈ ਬਾਬਾ ਦੀਪ ਸਿੰਘ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰ ਕੇ ਇਕ ਖੂਹ ਖੁਦਵਾਇਆ ਜਿਸ ਦਾ ਪਾਣੀ ਬਹੁਤ ਮਿੱਠਾ ਨਿਕਲਿਆ। ਅੱਜ ਵੀ ਇਸ ਖੂਹ ਨੇ ਬਾਬਾ ਜੀ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ ਜਿਸ ਦਾ ਪਾਣੀ ਪੂਰੇ ਗੁਰਦੁਆਰਾ ਕੰਪਲੈਕਸ ਵਿਚ ਵਰਤਿਆ ਜਾਂਦਾ ਹੈ। ਇਸ ਖੂਹ ਨੂੰ ਬਾਬਾ ਦੀਪ ਸਿੰਘ ਜੀ ਵਾਲਾ ਖੂਹ ਕਿਹਾ ਜਾਂਦਾ ਹੈ। ਇਹ ਖੂਹ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਅੰਦਰ ਪ੍ਰਵੇਸ਼ ਕਰਦਿਆਂ ਹੀ ਸੱਜੇ ਪਾਸੇ ਸੁਸ਼ੋਭਿਤ ਹੈ। ਇਸ ਖੂਹ ਨੂੰ ਸ਼ਹੀਦਾਂ ਵਾਲਾ ਖੂਹ ਵੀ ਕਿਹਾ ਜਾਂਦਾ ਹੈ।
ਬੁਰਜ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ:-
ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਨਾਲ ਜੀ ਉੱਚਾ ਬੁਰਜ ਨਜ਼ਰ ਆਉਂਦਾ ਹੈ। ਇਹ ਵੀ ਬਾਬਾ ਦੀਪ ਸਿੰਘ ਜੀ ਨੇ ਬਣਵਾਇਆ ਸੀ। ਇਸ ਬੁਰਜ ਤੋਂ ਪੂਰਾ ਨਗਰ ਨਜ਼ਰ ਆਉਂਦਾ ਹੈ ਜਿਸ ਕਾਰਨ ਸੁਰੱਖਿਆ ਦੇ ਪੱਖੋਂ ਇਹ ਬੁਰਜ ਬਹੁਤ ਮਹੱਤਤਾ ਰੱਖਦਾ ਹੈ। ਗਰਮੀਆਂ ਦੇ ਦਿਨਾਂ ਵਿਚ ਇਹ ਬੁਰਜ ਠੰਡੀ ਹਵਾ ਲੈਣ ਦਾ ਸਾਧਨ ਵੀ ਹੈ। ਬਾਬਾ ਜੀ ਇਸ ਸਥਾਨ ’ਤੇ ਰਹਿ ਕੇ ਲਿਖਾਰੀਆਂ ਨੂੰ ਗੁਰਮੁਖੀ ਦੀ ਸੁੰਦਰ ਲਿਖਾਈ ਲਿਖਣੀ ਸਿਖਾਉਂਦੇ ਸਨ। ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਸਨ। ਇਹ ਬੁਰਜ ਗੜ੍ਹੀ ਦੀ ਸ਼ਕਲ ਦਾ ਬਣਿਆ ਹੋਇਆ ਹੈ ਜੋ ਕਿ ਅੱਠ-ਕੋਨੇ ਆਕਾਰ ਦਾ ਹੈ। ਇਸ ਬੁਰਜ ਦੀ ਉਚਾਈ 70 ਫੁੱਟ ਦੇ ਲੱਗਭਗ ਹੈ।
ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ (ਰੋਪੜ):-
ਪਿੰਡ ਸੋਲਖੀਆਂ ਚੰਡੀਗੜ੍ਹ-ਰੋਪੜ ਮਾਰਗ ’ਤੇ ਸਥਿਤ ਹੈ। ਇਸ ਪਿੰਡ ਵਿਚ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਪ੍ਰੋ. ਗੰਡਾ ਸਿੰਘ ਅਨੁਸਾਰ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਵਜ਼ੀਰ ਖ਼ਾਂ ਨੂੰ ਉਸ ਦੇ ਕੀਤੇ ਅੱਤਿਆਚਾਰਾਂ ਦੀ ਸਜ਼ਾ 1710 ਈ: ਵਿਚ ਸਰਹਿੰਦ ’ਤੇ ਹਮਲਾ ਕਰਕੇ ਉਸ ਨੂੰ ਪਾਰ ਬੁਲਾ ਕੇ ਦਿੱਤੀ। ਸਰਹਿੰਦ ਦੇ ਕਿਲ੍ਹੇ ਤੋਂ ਮੁਗ਼ਲਈ ਝੰਡਾ ਲਾਹ ਕੇ ਖਾਲਸਾਈ ਨਿਸ਼ਾਨ ਝੁਲਾ ਦਿੱਤੇ। ਚਪੜ-ਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਗਹਿਗੱਚ ਲੜਾਈ ਸੂਬਾ ਸਰਹਿੰਦ ਨਾਲ ਹੋਈ ਤਾਂ ਇਸ ਯੁੱਧ ਵਿਚ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੇ ਜਥੇ ਸਮੇਤ ਸ਼ਮੂਲੀਅਤ ਕਰਕੇ ਵੈਰੀਆਂ ਦੇ ਐਸੇ ਦੰਦ ਖੱਟੇ ਕੀਤੇ ਕਿ ਮੁਗ਼ਲ ਫੌਜਾਂ ਨੂੰ ਭੱਜਦੀਆਂ ਨੂੰ ਰਾਹ ਨਹੀਂ ਸੀ ਲੱਭ ਰਿਹਾ।
ਸਰਹਿੰਦ ਦੀ ਫ਼ਤਿਹ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵਾਪਿਸ ਜਾਂਦੇ ਸਮੇਂ ਆਪਣੇ ਜਥੇ ਨਾਲ ਪਿੰਡ ਸੋਲਖੀਆਂ ਵਿਚ ਠਹਿਰੇ ਸਨ ਅਤੇ ਇਕ ਦਿਨ ਵਿਸ਼ਰਾਮ ਕੀਤਾ। ਇਸ ਯਾਦ ਨੂੰ ਪਿੰਡ ਵਾਸੀਆਂ ਨੇ ਆਪਣੇ ਦਿਲ ਵਿਚ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਯਾਦ ਨੂੰ ਤਾਜ਼ਾ ਰੱਖਣ ਲਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਹੈ।
ਇਸ ਸਥਾਨ ’ਤੇ ਪਹਿਲਾਂ ਜੰਗਲ ਬੀਆਬਾਨ ਸੀ। ਸੰਨ 1968 ਈ: ਵਿਚ ਇਸ ਸਥਾਨ ’ਤੇ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦਾ ਨੀਂਹ-ਪੱਥਰ ਰੱਖਿਆ ਗਿਆ। ਅੱਜਕਲ੍ਹ ਇਸ ਸਥਾਨ ਦੀ ਸੇਵਾ ਬਾਬਾ ਨਿਹਾਲ ਸਿੰਘ ਜੀ ਨਿਹੰਗ ਸਿੰਘ ਜਥੇਦਾਰ ਹਰੀਆਂ ਵੇਲਾਂ ਵਾਲੇ ਕਰ ਰਹੇ ਹਨ। ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੁ ਹਰਿ ਰਾਇ ਸਾਹਿਬ ਗੁਰਮਤਿ ਵਿਦਿਆਲਾ ਵੀ ਚਲਾਇਆ ਜਾ ਰਿਹਾ ਹੈ। ਇਸ ਸਥਾਨ ’ਤੇ ਫਰਵਰੀ ਦੇ ਮਹੀਨੇ ਵਿਚ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੀ ਯਾਦ ਵਿਚ ਸਾਲਾਨਾ ਸਮਾਗਮ ਮਨਾਏ ਜਾਂਦੇ ਹਨ।
ਗੁਰਦੁਆਰਾ ਲਕੀਰ ਸਾਹਿਬ ਤਰਨਤਾਰਨ:-
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ’ਤੇ ਜਬਰ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ। ਸਿੰਘ ਜੰਗਲਾਂ-ਪਹਾੜਾਂ ਵਿਚ ਚਲੇ ਗਏ। ਅਹਿਮਦ ਸ਼ਾਹ ਅਬਦਾਲੀ ਨੇ 1756-57 ਈ: ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰ ਕੇ ਢਾਹ-ਢੇਰੀ ਕਰ ਦਿੱਤਾ, ਪਵਿੱਤਰ ਸਰੋਵਰ ਨੂੰ ਪੂਰ ਦਿੱਤਾ। ਇਸ ਸਥਾਨ ’ਤੇ ਮੁਸਲਮਾਨ ਸਿਪਾਹੀਆਂ ਨੇ ਕਬਜ਼ਾ ਕਰ ਕੇ ਆਮ ਜਨਤਾ ਦਾ ਆਉਣਾ-ਜਾਣਾ ਬੰਦ ਕਰ ਦਿੱਤਾ ਸੀ। ਇਸ ਗੱਲ ਦਾ ਪਤਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਜਥੇਦਾਰ ਭਾਗ ਸਿੰਘ ਤੋਂ ਲੱਗਾ ਤਾਂ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਗ਼ਲ ਸਿਪਾਹੀਆਂ ਹੱਥੋਂ ਅਜ਼ਾਦ ਕਰਵਾਉਣ ਲਈ ਅਰਦਾਸਾ ਸੋਧਿਆ ਕਿ ‘ਜੇਕਰ ਇਸ ਮੰਤਵ ਨੂੰ ਪੂਰਾ ਕਰਦਿਆਂ ਸ਼ਹੀਦੀ ਪ੍ਰਾਪਤ ਹੋਵੇ ਤਾਂ ਉਹ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿਚ ਹੀ ਹੋਵੇ।’ ਬਾਬਾ ਜੀ ਦੀ ਉਮਰ ਇਸ ਵੇਲੇ 78 ਸਾਲ ਦੀ ਸੀ। ਬਾਬਾ ਜੀ ਆਪਣੇ ਸਾਥੀ ਸਿੰਘਾਂ ਸਮੇਤ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਗਏ। ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ:
ਅੰਮ੍ਰਿਤਸਰ ਗੁਰਦੁਆਰੇ ਕੇਰੀ। ਸੁਨੀ ਬਿਅਦਬੀ ਸਿੰਘਨ ਬਥੇਰੀ।
ਪੰਥ ਨਹੀਂ ਥਾ ਸਬ ਇਕ ਠੌਰੈਂ। ਸਨ ਸਿੰਘਨ ਪਛਤਾਵੈ ਗੌਰੈਂ।
ਮਿਸਲ ਸ਼ਹੀਦਨ ਕਾ ਸਰਦਾਰੈਂ। ਦੀਪ ਸਿੰਘ ਥਾ ਬਡੋ ਉਦਾਰੈਂ।
ਰਹਿਤ ਦਮਦਮੇ ਢਿਗ ਤਲਵੰਡੀ। ਤਿਸਕੋ ਚੰਡੀ ਅਧਕ ਸੁਨ ਚੰਡੀ।
ਸਭਾ ਮਧ ਉਨ ਐਸ ਉਚਾਰਾ। ਸੂਰਬੀਰ ਸਿੰਘ ਜੋ ਗੁਰ ਪਿਆਰਾ।
ਧਰਮ ਰਖਯੋ ਚਿਹ ਜੋ ਗੁਰਦੁਆਰਾ। ਸੋ ਹਮਰੈ ਸੰਗ ਹੋਵੇ ਤਿਆਰਾ।
ਇਸ ਸੁਨ ਪੁਨ ਬਹੁ ਸਿੰਘਨ ਬਖਾਨਾ। ਹੇਤ ਧਰਮ ਹਮ ਦੈਹੈ ਜਾਨਾ।
ਸਿੰਘ ਜੀ ਖੁਸਿ ਹਵੈ ਪਾਠ ਕਰਾਯੋ। ਭੋਗ ਪਾਇ ਕੰਗਨਾ ਬੰਧਵਾਯੋ। (ਪੰਥ ਪ੍ਰਕਾਸ਼, ਸਫ਼ਾ 913)
ਆਪ ਨੇ ਆਪਣੀ ਜਗ੍ਹਾ ਭਾਈ ਨੱਥਾ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਸੌਂਪ ਕੇ ਸ਼ਹੀਦ ਹੋਣ ਦੇ ਇਰਾਦੇ ਨਾਲ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਉਸ ਸਮੇਂ ਆਪ ਜੀ ਦੇ ਨਾਲ ਸਿਰਫ਼ ਪੰਜ ਸੌ ਸਿੰਘਾਂ ਦਾ ਜਥਾ ਸੀ। ਰਸਤੇ ਵਿਚ ਲਾਗਲੇ ਪਿੰਡਾਂ ਜੋਗਾ, ਦੋਰਾਜ, ਭੁੱਚੋ, ਗੋਬਿੰਦਪੁਰਾ, ਲੱਖੀ ਜੰਗਲ, ਬਹਿਮਾਨ, ਮਾਹਨਵਾਲ, ਕੋਟ, ਪੰਜੋ ਕੇ, ਗੁਰੂ ਚੌਤਰਾਂ, ਫੂਲ, ਮਹਿਰਾਜ, ਤੋਂ ਹੋਰ ਸਿੰਘ ਜਥੇ ਵਿਚ ਰਲਦੇ ਗਏ। ਇਸ ਤਰ੍ਹਾਂ ਤਰਨਤਾਰਨ ਪਹੁੰਚਣ ਤੀਕ ਆਪ ਜੀ ਨਾਲ ਪੰਜ ਹਜ਼ਾਰ ਜੁਝਾਰੂ ਸਿੰਘਾਂ ਦਾ ਜਥਾ ਬਣ ਗਿਆ ਸੀ। ਤਰਨਤਾਰਨ ਸਾਹਿਬ ਆ ਕੇ ਬਾਬਾ ਜੀ ਨੇ ਜੁਝਾਰੂ ਸਿੰਘਾਂ ਨੂੰ ਕਿਹਾ ਕਿ ਉਹ ਧਰਮ ਲਈ ਕੁਰਬਾਨ ਹੋਣ ਲਈ ਜਾ ਰਹੇ ਹਨ, ਜੇਕਰ ਕਿਸੇ ਨੂੰ ਜਾਨ ਪਿਆਰੀ ਹੈ ਉਹ ਵਾਪਿਸ ਚਲਾ ਜਾਵੇ ਅਤੇ ਜਿਸ ਨੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ ਉਹ ਹੀ ਉਨ੍ਹਾਂ ਦੇ ਨਾਲ ਆਵੇ। ਇਸ ਦੀ ਪਰਖ ਲਈ ਬਾਬਾ ਜੀ ਨੇ ਧਰਤੀ ’ਤੇ ਇਕ ਲਕੀਰ ਖਿੱਚ ਕੇ ਕਿਹਾ ਕਿ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕਰਨੀ ਹੈ ਉਹ ਲਕੀਰ ਦੇ ਇਸ ਪਾਰ ਆ ਜਾਵੇ ਅਤੇ ਜਿਸ ਨੂੰ ਜਾਨ ਪਿਆਰੀ ਹੈ ਉਹ ਵਾਪਿਸ ਚਲਾ ਜਾਵੇ। ਤਸੱਲੀ ਵਾਲੀ ਗੱਲ ਸੀ ਕਿ ਸਾਰੇ ਸਿੰਘ ਲਕੀਰ ਟੱਪ ਗਏ। ਉਸ ਸਥਾਨ ’ਤੇ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਲਲਕਾਰ ਸਾਹਿਬ, ਗੋਹਲਵੜ:-
ਬਾਬਾ ਦੀਪ ਸਿੰਘ ਜੀ ਆਪਣੇ ਸਿਰਲੱਥ ਯੋਧਿਆਂ ਨੂੰ ਨਾਲ ਲੈ ਇਸ ਸਥਾਨ ’ਤੇ ਡਟ ਗਏ। ਉਨ੍ਹਾਂ ਨੇ ਦੁਸ਼ਮਣ ਫੌਜਾਂ ਨੂੰ ਲਲਕਾਰਿਆ ਅਤੇ ਯੁੱਧ ਕਰਨ ਲਈ ਅੱਗੇ ਆਉਣ ਲਈ ਕਿਹਾ। ਬਾਬਾ ਜੀ ਦੀ ਇਸ ਯਾਦ ਵਿਚ ਇੱਥੇ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ।
ਗੁਰਦੁਆਰਾ ਟਾਹਲਾ ਸਾਹਿਬ:-
ਉਧਰ ਲਾਹੌਰ ਦੇ ਸੂਬੇ ਨੂੰ ਵੀ ਖ਼ਬਰ ਲੱਗ ਗਈ ਕਿ ਸਿੱਖ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ। ਹਾਜੀ ਅਤਾਈ ਖਾਨ ਗਸ਼ਤੀ ਫੌਜ ਲੈ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਚੱਕਰ ਲਗਾ ਰਿਹਾ ਸੀ। ਅੰਮ੍ਰਿਤਸਰ ਪਹੁੰਚ ਕੇ ਸਿੱਖਾਂ ਨੂੰ ਦਬਾਉਣ ਦਾ ਹੁਕਮ ਹੋਇਆ। ਉਧਰੋਂ ਸੂਬੇ ਨੇ ਢੋਲ ਵਜਵਾ ਕੇ ਲਾਹੌਰ ਵਿਚ ਜਹਾਦ ਦਾ ਐਲਾਨ ਕਰਵਾ ਦਿੱਤਾ ਅਤੇ ਸਾਰੇ ਮੋਮਨਾਂ ਨੂੰ ਨਿੱਤਰਨ ਲਈ ਵੰਗਾਰਿਆ। ਲਾਹੌਰ ਦਾ ਫੌਜਦਾਰ ਜਹਾਨ ਖਾਨ ਦੋ ਹਜ਼ਾਰ ਸਵਾਰ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਿਆ। ਦੋਹਾਂ ਦਲਾਂ ਦਾ ਗੋਹਲਵੜ ਨੇੜੇ ਟਾਕਰਾ ਹੋ ਗਿਆ। ਸਿੰਘਾਂ ਨੇ ਅਜਿਹੀ ਸੂਰਬੀਰਤਾ ਵਿਖਾਈ ਕਿ ਸ਼ਾਹੀ ਫੌਜ ਵਿਚ ਭਾਜੜ ਪੈ ਗਈ। ਪਰ ਏਨੇ ਚਿਰ ਵਿਚ ਹਾਜ਼ੀ ਅਤਾਈ ਖਾਨ ਵੀ ਫੌਜ ਅਤੇ ਤੋਪਾਂ ਲੈ ਕੇ ਪਹੁੰਚ ਗਿਆ। ਬੜੇ ਘਮਸਾਣ ਦੀ ਲੜਾਈ ਹੋਈ। ਸਿੰਘਾਂ ਨੇ ਅੰਮ੍ਰਿਤਸਰ ਪੁੱਜਣ ਦੀ ਕੋਸ਼ਿਸ਼ ਵਿਚ ਅਜਿਹੀ ਤਲਵਾਰ ਚਮਕਾਈ ਅਤੇ ਬਹਾਦਰੀ ਵਿਖਾਈ ਕਿ ਛੇ ਕੋਹ ਵਿਚ ਲਾਸ਼ਾਂ ਦੇ ਢੇਰ ਲੱਗ ਗਏ। ਸਾਰੀ ਧਰਤੀ ਖੂਨੋ-ਖੂਨ ਹੋ ਗਈ। ਗੋਹਲਵੜ ਵਾਲੀ ਥਾਂ ’ਤੇ ਜਿੱਥੋਂ ਬਾਬਾ ਦੀਪ ਸਿੰਘ ਜੀ ਦੀ ਮੁਗ਼ਲਾਂ ਨਾਲ ਲੜਾਈ ਸ਼ੁਰੂ ਹੋਈ ਉਸ ਸਥਾਨ ’ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਅੰਮ੍ਰਿਤਸਰ:-
ਅੰਮ੍ਰਿਤਸਰ ਦੇ ਬਾਹਰ ਰਾਮਸਰ ਦੇ ਪਾਸ ਬਾਬਾ ਦੀਪ ਸਿੰਘ ਜੀ ਨੂੰ ਧੌਣ ’ਤੇ ਤਲਵਾਰ ਦਾ ਜ਼ਬਰਦਸਤ ਮਾਰੂ ਵਾਰ ਹੋਇਆ। ਉਨ੍ਹਾਂ ਦਾ ਸੀਸ ਡਿੱਗਣ ਹੀ ਲੱਗਾ ਸੀ ਕਿ ਪਾਸੋਂ ਇਕ ਸਿੰਘ ਨੇ ਪਿਆਰ ਨਾਲ ਕਿਹਾ, “ਬਾਬਾ ਜੀ! ਤੁਸੀਂ ਅਰਦਾਸਾ ਤਾਂ ਸੋਧਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸ਼ਹੀਦ ਹੋਈਏ ਪਰ ਆਪ ਉਰੇ ਹੀ ਫ਼ਤਹ ਗਜਾ ਚਲੇ ਹੋ!” ਇਹ ਸੁਣ ਕੇ ਬਾਬਾ ਜੀ ਨੇ ਸੀਸ ਨੂੰ ਖੱਬੇ ਹੱਥ ਨਾਲ ਸਾਂਭਿਆ ਅਤੇ ਸੱਜੇ ਹੱਥ ਨਾਲ 8 ਸੇਰ (ਕੱਚਾ) ਦਾ ਖੰਡਾ ਵਾਹੁੰਦੇ ਤੇ ਵੈਰੀਆਂ ਦੇ ਆਹੂ ਲਾਹੁੰਦੇ ਸ੍ਰੀ ਦਰਬਾਰ ਸਾਹਿਬ ਵੱਲ ਚੱਲ ਪਏ। ਇਸ ਜਗ੍ਹਾ ‘ਤੇ ਬਾਬਾ ਜੀ ਦੀ ਬੇਮਿਸਾਲ ਸੂਰਮਗਤੀ ਦੀ ਇਤਿਹਾਸਕ ਯਾਦ ਵਿਚ ਅੰਮ੍ਰਿਤਸਰ ਦੇ ਚਾਟੀਵਿੰਡ ਦਰਵਾਜ਼ੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਪਾਸ ਬਾਬਾ ਦੀਪ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਬਣਿਆ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸੁਸ਼ੋਭਿਤ ਹੈ। ਇੱਥੇ ਹੀ ਬਾਬਾ ਜੀ ਦੇ ਮ੍ਰਿਤਕ ਸਰੀਰ ਦਾ ਦਾਹ ਸੰਸਕਾਰ ਕੀਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਯਾਦ ਵਿਚ ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਸ਼ਹੀਦ ਗੰਜ ਦੀ ਸਿਰਜਣਾ ਕਰਵਾਈ ਸੀ। ਬਾਅਦ ਵਿਚ ਪੰਥ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਨੇ ਸ਼ਹੀਦ ਗੰਜ ਨੂੰ ਯਾਦਗਾਰੀ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਵਿਕਸਿਤ ਕੀਤਾ। ਇਸ ਸਥਾਨ ਦਾ ਪ੍ਰਬੰਧ ਪਹਿਲਾਂ ਸ਼ਹੀਦ ਮਿਸਲ ਦੇ ਸਰਦਾਰ ਕਰਦੇ ਸਨ। 31 ਅਕਤੂਬਰ 1924 ਈ: ਵਿਚ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ ਜਿਸ ਨੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਨੂੰ ਆਧੁਨਿਕ ਦਿਖ ਪ੍ਰਦਾਨ ਕੀਤੀ ਹੈ।
ਬੁੰਗਾ ਬਾਬਾ ਦੀਪ ਸਿੰਘ ਜੀ, ਅੰਮ੍ਰਿਤਸਰ:-
ਬਾਬਾ ਦੀਪ ਸਿੰਘ ਜੀ ਨੂੰ ਰੋਕਣ ਲਈ ਭਾਰੀ ਮੁਗ਼ਲ ਫੌਜ ਭੇਜੀ ਗਈ ਪਰੰਤੂ ਸਿੰਘਾਂ ਦੇ ਜੋਸ਼ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਪਰਕਰਮਾਂ ਵਿਚ ਪਹੁੰਚ ਕੇ ਆਪਣਾ ਸੀਸ ਗੁਰੂ ਦੇ ਚਰਨਾਂ ਵਿਚ ਭੇਟ ਕਰ ਪ੍ਰਾਣ ਤਿਆਗ ਦਿੱਤੇ। ਇਸ ਸਥਾਨ ’ਤੇ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਬੁੰਗਾ ਬਾਬਾ ਦੀਪ ਸਿੰਘ ਬਣਿਆ ਹੋਇਆ ਹੈ।
ਥੜ੍ਹਾ ਸਾਹਿਬ ਸ਼ਹੀਦਾਂ, ਅੰਮ੍ਰਿਤਸਰ:-
ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਹੀ ਜਥੇਦਾਰ ਰਾਮ ਸਿੰਘ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ, ਜਿਨ੍ਹਾਂ ਦਾ ਸ਼ਹੀਦ ਗੰਜ ਰਾਮਗੜ੍ਹੀਆਂ ਦੇ ਕੱਟੜੇ ਵਿਚ ਹੈ। ਬਾਬਾ ਸੱਜਣ ਸਿੰਘ, ਬਾਬਾ ਬਹਾਦਰ ਸਿੰਘ ਤੇ ਕਈ ਹੋਰ ਸਿੰਘ ਗੁਰੂ ਦੇ ਬਾਗ ਵਿਚ ਲੜਦੇ ਸ਼ਹੀਦ ਹੋ ਗਏ, ਉਨ੍ਹਾਂ ਦਾ ਸਥਾਨ ਬਾਗ਼ ਵਿਚ ਹੈ। ਬਾਗ਼ ਦੀ ਜਗ੍ਹਾ ਅੱਜਕਲ੍ਹ ਦੀਵਾਨ ਹਾਲ ਮੰਜੀ ਸਾਹਿਬ ਬਣ ਗਿਆ ਹੈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਮੰਜੀ ਸਾਹਿਬ ਦੇ ਨੇੜੇ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜ੍ਹੇ ਉੱਪਰ ਹੇਠ ਲਿਖੇ ਸਿੰਘਾਂ ਦੇ ਨਾਮ ਲਿਖੇ ਹੋਏ ਹਨ:
1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
2. ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
3. ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
4. ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
5. ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
7. ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
9. ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
10. ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ:-
ਜਦੋਂ ਇਸ ਲੜਾਈ ਦਾ ਹਾਲ ਬਾਬਾ ਗੁਰਬਖਸ਼ ਸਿੰਘ ਅਤੇ ਬਾਬਾ ਦਰਗਾਹ ਸਿੰਘ ਨੇ ਸੁਣਿਆ ਤਾਂ ਉਹ ਉਸੇ ਵੇਲੇ ਆਨੰਦਪੁਰ ਸਾਹਿਬ ਤੋਂ ਦੋ ਹਜ਼ਾਰ ਸਵਾਰ ਲੈ ਕੇ ਚੜ੍ਹ ਆਏ ਤੇ ਵੈਰੀਆਂ ਨਾਲ ਲੜਦੇ-ਭਿੜਦੇ ਅੰਮ੍ਰਿਤਸਰ ਪਹੁੰਚ ਗਏ। ਸਿੰਘਾਂ ਨੂੰ ਪਵਿੱਤਰ ਗੁਰ-ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਰਾਤ ਨੂੰ ਛਾਪੇ ਮਾਰ ਕੇ ਵੈਰੀਆਂ ਦੇ ਥਾਣੇ ਤਹਿਸੀਲਾਂ ਸਭ ਸਾੜ ਦਿੱਤੀਆਂ। ਸਿੰਘਾਂ ਦੇ ਮੁਕਾਬਲੇ ਲਈ ਹੋਰ ਮੁਗ਼ਲ ਫੌਜਾਂ ਬੁਲਾ ਲਈਆਂ ਗਈਆਂ ਅਤੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਦਾ ਹੁਕਮ ਦੇ ਦਿੱਤਾ। ਸ਼ਾਹ ਨਾਜ਼ਮ ਦੀਨ, ਸਰ ਬੁਲੰਦ ਖਾਨ, ਜਾਬਰ ਖਾਨ, ਜਾਲਮ ਖਾਨ ਆਦਿ ਫੌਜਦਾਰ 20 ਹਜ਼ਾਰ ਲੜਾਕੇ ਪਠਾਣਾਂ ਨੂੰ ਲੈ ਕੇ ਮੈਦਾਨ ਵਿਚ ਆ ਗਏ। ਉਧਰ 9 ਮੱਘਰ 1818 ਬਿਕ੍ਰਮੀ ਨੂੰ ਜਥੇਦਾਰ ਗੁਰਬਖਸ਼ ਸਿੰਘ ਆਦਿ ਦੁਸ਼ਮਣ ਦੀ ਚੜ੍ਹਾਈ ਸੁਣ ਕੇ ਧਰਮ-ਯੁੱਧ ਲਈ ਅਰਦਾਸ ਕਰ ਕੇ ਸ਼ਹੀਦ ਹੋਣ ਲਈ ਤਿਆਰ ਹੋ ਬੈਠੇ। ਦਿਨ ਚੜ੍ਹਦੇ ਤਕ ਪਠਾਣਾਂ ਦੀ ਵੱਡੀ ਕਾਫੀ ਫੌਜ ਅੰਮ੍ਰਿਤਸਰ ਪਹੁੰਚ ਗਈ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਪਿਛਲੇ ਪਾਸੇ ਬੜੀ ਭਿਆਨਕ ਲੜਾਈ ਹੋਈ, ਜਿਸ ਵਿਚ ਬਾਬਾ ਗੁਰਬਖਸ਼ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਬਸੰਤ ਸਿੰਘ ਆਦਿ ਵੱਡੇ ਜਥੇਦਾਰ ਸ਼ਹੀਦ ਹੋ ਗਏ। ਦੁਰਾਨੀਆਂ ਦੀ ਫੌਜ ਪਿੱਛੋਂ ਹੋਰ ਆਉਂਦੀ ਗਈ ਤਾਂ ਸਿੰਘ ਬਸਰਾ ਦੇ ਜੰਗਲਾਂ ਵਿਚ ਚਲੇ ਗਏ ਅਤੇ ਦੁਰਾਨੀ ਮੈਦਾਨ ਖ਼ਾਲੀ ਦੇਖ ਕੇ ਅੰਮ੍ਰਿਤਸਰ ਵਿਚ ਖੜਦੁੰਮ ਮਚਾ ਕੇ ਵਾਪਸ ਚਲੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਬਸੰਤ ਸਿੰਘ ਦੇ ਥੜ੍ਹੇ ਦੇ ਪਾਸ ਬਾਬਾ ਗੁਰਬਖਸ਼ ਸਿੰਘ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਬਾਬਾ ਨਿਹਾਲ ਸਿੰਘ ਚੁਰਸਤੀ ਅਟਾਰੀ ਦੇ ਪਾਸ ਸ਼ਹੀਦ ਹੋਏ ਸਨ, ਜਿਸ ਜਗ੍ਹਾ ‘ਤੇ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ। ਇਹ ਸਥਾਨ ਹੁਣ ਅੰਮ੍ਰਿਤਸਰ ਵਿਚ ਸ਼ਹੀਦ ਗੰਜ ਦੇ ਨਾਂ ਨਾਲ ਮਸ਼ਹੂਰ ਹੈ।
ਸਹਾਇਕ ਪੁਸਤਕਾਂ:-
1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ ਭਾਸ਼ਾ ਵਿਭਾਗ ਪੰਜਾਬ, ਪਟਿਆਲਾ।
2. ਭਾਈ ਵੈਸਾਖਾ ਸਿੰਘ, ਮਾਲਵਾ ਸਿੱਖ ਇਤਿਹਾਸ ਭਾਗ ਪਹਿਲਾ ਅਤੇ ਦੂਜਾ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ।
3. ਸ. ਰੂਪ ਸਿੰਘ, ਸੋ ਥਾਨੁ ਸੁਹਾਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
4. ਹੁਸ਼ਿਆਰ ਸਿੰਘ ਦੁਲੇਹ ਜੱਟਾਂ ਦੇ ਗੋਤਾਂ ਦਾ ਇਤਿਹਾਸਕ ਵੇਰਵਾ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
5. ਅਮਰਜੀਤ ਸਿੰਘ (ਡਾ.), ਇਤਿਹਾਸ ਤਖ਼ਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
6. ਗਿਆਨੀ ਸੋਹਣ ਸਿੰਘ ਸੀਤਲ, ਸਿੱਖ ਮਿਸਲਾਂ ਤੇ ਘਰਾਣੇ, ਲਾਹੌਰ ਬੁੱਕ ਸ਼ਾਪ, ਲੁਧਿਆਣਾ।
7. ਡਾ.ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼, ਭਾਗ ਪਹਿਲਾ, ਗੁਰ ਰਤਨ ਪਬਲਿਸ਼ਰ, ਪਟਿਆਲਾ।
8. ਪੰਜਾਬੀ ਵਿਸ਼ਵ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ।
9. ਪੰਜਾਬ ਕੋਸ਼, ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ।
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009