editor@sikharchives.org

ਬਾਬਾ ਫਰੀਦ ਜੀ ਦੀ ਬਾਣੀ ਅਤੇ ਸੰਦੇਸ਼

ਬਾਬਾ ਫਰੀਦ ਜੀ ਦੀ ਬਾਣੀ ਅਸਲ ਵਿਚ ਬਾਬਾ ਫਰੀਦ ਜੀ ਦਾ ਆਪਣਾ ਜੀਵਨ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸੂਫੀ ਮੱਤ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਬਾਬਾ ਫਰੀਦ ਜੀ ਇਕ ਉੱਘੇ ਫਕੀਰ ਹੋਏ ਹਨ। ਇਸਲਾਮ ਦੇ ਸੂਫੀ ਸੰਪ੍ਰਦਾਇ ਵਿਚ ਉਨ੍ਹਾਂ ਦਾ ਨਾਮ ਸ਼੍ਰੋਮਣੀ ਸੰਤਾਂ ਵਿਚ ਗਿਣਿਆ ਜਾਂਦਾ ਹੈ। ਇਸ ਸੰਪ੍ਰਦਾਇ ਦਾ ਸ਼ਾਇਦ ਕੋਈ ‘ਤਜ਼ਕਰਾ’ ਅਜਿਹਾ ਨਹੀਂ, ਜਿਸ ਵਿਚ ਉਨ੍ਹਾਂ ਦਾ ਜ਼ਿਕਰ ਬੜੇ ਮਾਣ ਨਾਲ ਨਾ ਕੀਤਾ ਗਿਆ ਹੋਵੇ।1

ਪੰਜਾਬੀ ਦੇ ਸੂਫ਼ੀ ਫਕੀਰਾਂ ਵਿਚ ਬਾਬਾ ਫਰੀਦ ਜੀ ਦਾ ਪਹਿਲਾ ਤੇ ਪ੍ਰਮੁੱਖ ਸਥਾਨ ਹੈ। ਜਿਥੇ ਸੂਫ਼ੀ ਫਕੀਰਾਂ ਵਿਚ ਬਾਬਾ ਫਰੀਦ ਜੀ ਦੀ ਬਾਣੀ ਨੂੰ ਵਿਸ਼ੇਸ਼ ਮਾਣ ਹਾਸਲ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਇਨ੍ਹਾਂ ਦੀ ਬਾਣੀ ਨੂੰ ਸਿਧਾਂਤਾਂ ਦੇ ਅਨੁਕੂਲ ਹੋਣ ਕਰਕੇ ਇਸ ਵਿਚ ਦਰਜ ਹੋਣ ਦਾ ਮਾਣ ਹਾਸਲ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸਲੋਕ ਸੇਖ ਫਰੀਦ ਕੇ’ ਸਿਰਲੇਖ ਹੇਠ ਦਰਜ ਕੁੱਲ ਸਲੋਕਾਂ ਦੀ ਗਿਣਤੀ 130 ਹੈ ਜਿਨ੍ਹਾਂ ਵਿਚ 18 ਸਲੋਕ ਗੁਰੂ ਸਾਹਿਬਾਨ ਦੇ ਹਨ ਅਤੇ ਬਾਕੀ 112 ਬਾਬਾ ਸ਼ੇਖ ਫਰੀਦ ਜੀ ਦੇ ਹਨ ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:

ਬਾਬਾ ਫਰੀਦ ਜੀ ਦੇ ਸਲੋਕ            112
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਲੋਕ      04 (ਸਲੋਕ ਨੰ: 32, 113, 120, 124)
ਸ੍ਰੀ ਗੁਰੂ ਅਮਰਦਾਸ ਜੀ ਦੇ ਸਲੋਕ       05 (ਸਲੋਕ ਨੰ: 13, 52, 104,122, 123)
ਸ੍ਰੀ ਗੁਰੂ ਰਾਮਦਾਸ ਜੀ ਦੇ ਸਲੋਕ        01 (ਸਲੋਕ ਨੰ: 121)
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਲੋਕ     08 (ਸਲੋਕ ਨੰ: 75, 82, 83,
105, 108, 109, 110,111)

ਇਨ੍ਹਾਂ ਸਲੋਕਾਂ ਤੋਂ ਇਲਾਵਾ ਬਾਬਾ ਫਰੀਦ ਜੀ ਦੇ 4 ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਜਿਨ੍ਹਾਂ ਵਿੱਚੋਂ ਦੋ ਆਸਾ ਰਾਗ ਵਿਚ ਹਨ ਤੇ ਦੋ ਸੂਹੀ ਰਾਗ ਵਿਚ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਚਿਤ ਬਾਬਾ ਫਰੀਦ ਜੀ ਦੀ ਸਾਰੀ ਬਾਣੀ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਯਤਨ ਹੈ। ਬਾਬਾ ਫਰੀਦ ਜੀ ਦਾ ਹਰ ਸਲੋਕ ਆਪਣੇ ਆਪ ਵਿਚ ਪੂਰਨ, ਸਿੱਧਾ ਅਤੇ ਸਦੀਵੀ ਪ੍ਰਭਾਵ ਪਾਉਣ ਵਾਲਾ ਹੈ। ਬਾਬਾ ਫਰੀਦ ਜੀ ਦੀ ਬਾਣੀ ਅਸਲ ਵਿਚ ਬਾਬਾ ਫਰੀਦ ਜੀ ਦਾ ਆਪਣਾ ਜੀਵਨ ਹੈ। ਉਨ੍ਹਾਂ ਨੇ ਆਪਣੇ ਜੀਵਨ ਨੂੰ ਅਮਲੀ ਰੂਪ ਵਿਚ ਹੰਢਾਇਆ ਜੋ ਕਿ ਸੰਸਾਰ ਲਈ ਇਕ ਚਾਨਣ ਮੁਨਾਰਾ ਹੈ। ਇਹ ਕਿਸੇ ਇਕ ਕਬੀਲੇ, ਜਾਤ ਜਾਂ ਫਿਰਕੇ ਨਾਲ ਸੰਬੰਧਿਤ ਨਹੀਂ, ਸਾਰੀ ਮਨੁੱਖਤਾ ਨੂੰ ਅਮਨ ਸ਼ਾਂਤੀ ਦਾ ਪ੍ਰਚਾਰ ਕਰਦੀ ਹੋਈ ਸਾਨੂੰ ਆਪਣੇ ਝਗੜਿਆਂ ਤੇ ਵਿਰੋਧਾਭਾਵਾਂ ਨੂੰ ਮਿਟਾਉਣ ਦਾ ਰਾਹ ਦਿਖਾਉਂਦੀ ਹੈ। ਬਾਬਾ ਫਰੀਦ ਜੀ ਦੀ ਬਾਣੀ ਨੂੰ ਵਾਚਿਆਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਵਿਚ ਦਰਵੇਸ਼ੀ ਆਚਰਣ, ਨਾਸ਼ਮਾਨਤਾ (ਮੌਤ) ਤੇ ਪਰਮਾਤਮਾ ਨਾਲ ਪਿਆਰ ਤਿੰਨ ਮੁੱਖ ਵਿਸ਼ਿਆਂ ’ਤੇ ਵਿਚਾਰ ਚਰਚਾ ਹੈ।

ਖਲੀਕ ਅਹਿਮਦ ਨਿਜ਼ਾਮੀ ਨੇ ਬਾਬਾ ਜੀ ਦੀ ਬਾਣੀ ਨੂੰ ਆਪਣੇ ਸਮੇਂ ਦਾ ਸੱਚਾ-ਸੁੱਚਾ ਦਰਪਣ ਕਿਹਾ ਹੈ। ਉਨ੍ਹਾਂ ਨੇ ਇਹ ਲਿਖਿਆ ਹੈ ਕਿ ਫਰੀਦ ਬਾਣੀ ਬਾਬਾ ਫਰੀਦ ਜੀ ਦੇ ਜੀਵਨ ਦੇ ਤਤਕਾਲੀਨ ਸਮਾਜ ਦਾ ਇਕ ਖਰਾ ਤੇ ਸੱਚਾ-ਸੁੱਚਾ ਕਾਵਿ ਦਰਪਣ ਹੈ ਜਿਸ ਦੀ ਸਰਬਵਿਆਪਕਤਾ ਅਤੇ ਕਾਲਹੀਣ ਪਾਸਾਰ, ਮਿੱਠੀ ਲਰਜ਼ਾਉਂਦੀ ਝੁਣਕਾਰ, ਉਚੇਰੀ ਆਤਮਿਕ ਪ੍ਰੇਰਨਾ ਦਾ ਸਦਾਚਾਰਕ ਸੋਮਾ ਹੈ।2

ਬਾਬਾ ਫਰੀਦ ਜੀ ਨੇ ਆਪਣੀ ਰਚਨਾ ਵਿਚ ਸੰਸਾਰ ਦੀ ਨਾਸ਼ਮਾਨਤਾ, ਪਰਮਾਤਮਾ ਦੀ ਰਜ਼ਾ, ਬਿਰਹਾ, ਪਰਮਾਤਮਾ ਦੀ ਬੰਦਗੀ, ਸਵੈ-ਪਹਿਚਾਣ, ਨੈਤਿਕ ਗੁਣ (ਸਬਰ, ਸੰਤੋਖ, ਨਿਮਰਤਾ), ਮਾਨਵ ਕਲਿਆਣ ਆਦਿ ਕਈ ਵਿਸ਼ਿਆਂ ’ਤੇ ਭਰਪੂਰ ਚਰਚਾ ਕੀਤੀ ਹੈ ਜਿਨ੍ਹਾਂ ’ਚੋਂ ਕੁਝ ਇਸ ਪ੍ਰਕਾਰ ਹਨ:

1. ਸੰਸਾਰ ਦੀ ਨਾਸ਼ਮਾਨਤਾ ਅਤੇ ਪਰਮਾਤਮਾ ਦੀ ਰਜ਼ਾ

ਬਾਬਾ ਫ਼ਰੀਦ ਜੀ ਦਾ ਪਹਿਲਾ ਸਲੋਕ ਜੀਵਨ ਨੂੰ ਇਸ ਭੌਤਿਕ ਸੰਸਾਰ ਦੀ ਨਾਸ਼ਮਾਨਤਾ ਦਾ ਅਨੁਭਵ ਕਰਵਾਉਣਾ ਉਨ੍ਹਾਂ ਦੀ ਵਿਚਾਰਧਾਰਾ ਦਾ ਪਹਿਲਾ ਪੜਾਅ ਜਾਪਦਾ ਹੈ:

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥…
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥…
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ॥ (ਪੰਨਾ 1377)

ਬਾਬਾ ਫਰੀਦ ਜੀ ਅਨੁਸਾਰ ਇਹ ਸੰਸਾਰ ਸੁਹਾਵਣਾ ਬਾਗ ਹੈ। ਮਨੁੱਖ ਇਸ ਬਾਹਰੀ ਸੁੰਦਰਤਾ ਤੇ ਖੁਸ਼ਬੂ ਵਿਚ ਆਪਣੀ ਅਸਲੀਅਤ ਨੂੰ ਭੁੱਲ ਜਾਂਦਾ ਹੈ। ਇਹ ਦਿੱਸਦਾ ਸੰਸਾਰ ਜੀਵ ਲਈ ਸਾਧਨ ਨਾ ਰਹਿ ਕੇ ਅੰਤ ਜਾਂ ਉਦੇਸ਼ ਬਣ ਜਾਂਦਾ ਹੈ। ਬਾਬਾ ਫਰੀਦ ਜੀ ਦੀ ਆਪਣੀ ਬਾਣੀ ਵਿਚ ਸੰਸਾਰ ਦੀ ਨਾਸ਼ਮਾਨਤਾ ਦਾ ਬਾਰ-ਬਾਰ ਜ਼ਿਕਰ ਕਰਨ ਦਾ ਕਾਰਨ ਮਨੁੱਖ ਨੂੰ ਆਪਣੇ ਅਸਲੀ ਮਨੋਰਥ ਤੋਂ ਜਾਣੂ ਕਰਵਾਉਣਾ ਹੈ। ਬਾਬਾ ਫਰੀਦ ਜੀ ਜੀਵਨ ਦੇ ਹਰ ਪਲ ਨੂੰ ਅਹਿਮੀਅਤ ਦਿੰਦੇ ਹੋਏ ਜੀਵ ਨੂੰ ਚੇਤੰਨ ਕਰਦੇ ਹੋਏ ਕਹਿੰਦੇ ਹਨ:

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ॥ (ਪੰਨਾ 1378)

ਸੰਸਾਰ ਦੀ ਨਾਸ਼ਮਾਨਤਾ ਗਿਆਤ ਕਰਵਾਉਂਦੇ ਹੋਏ ਕਹਿੰਦੇ ਹਨ:

ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ॥
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ॥ (ਪੰਨਾ 488)

ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ (ਪੰਨਾ 794)

ਬਾਬਾ ਫ਼ਰੀਦ ਜੀ ਮੌਤ ਦੀ ਯਾਦ ਕਰਵਾ ਕੇ ਜੀਵ ਨੂੰ ਜੀਵਨ ਦਾ ਅਸਲੀ ਪ੍ਰਯੋਜਨ ਸਮਝਾਉਂਦੇ ਹਨ ਤਾਂ ਜੋ ਕਿਤੇ ਮਨੁੱਖ ਇਸ ਭੌਤਿਕ ਸੰਸਾਰ ਵਿਚ ਕੇਵਲ ਕੋਠੇ, ਮਹਿਲ ਉਸਾਰਦਾ, ਮੌਤ ਨੂੰ ਭੁੱਲ ਨਾ ਬੈਠੇ ਜਿਸ ਨੇ ਅਚਨਚੇਤ ਹੀ ਆ ਜਾਣਾ ਹੈ:

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥ (ਪੰਨਾ 1380)

ਇਹ ਮਨੁੱਖਾ ਸਰੀਰ ਕੰਧੀ ਉੱਤੇ ਰੁੱਖੜੇ ਦੀ ਨਿਆਈਂ ਹੈ ਜਿਸ ਦਾ ਕੋਈ ਭਰੋਸਾ ਨਹੀਂ ਕਿ ਇਹ ਕਦੋਂ ਰੁੜ੍ਹ ਜਾਏ। ਉਨ੍ਹਾਂ ਨੇ ਆਪਣੇ ਸਲੋਕਾਂ ਵਿਚ ਕਈ ਰੂਪਕ ਵਰਤ ਕੇ ਮੌਤ ਦੀ ਅਟੱਲਤਾ ਨੂੰ ਬਿਆਨਿਆ ਹੈ, ਜਿਵੇਂ:

ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ॥
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ॥ (ਪੰਨਾ 1381)

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ੍॥
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ॥ (ਪੰਨਾ 1382)

ਪ੍ਰੋ. ਕਾਲਾ ਸਿੰਘ (ਬੇਦੀ) ਆਪਣੀ ਪੁਸਤਕ ‘ਫਰੀਦ ਤੇ ਫਰੀਦ ਬਾਣੀ’ ਵਿਚ ਬਾਬਾ ਫਰੀਦ ਜੀ ਦੀ ਬਾਣੀ ’ਤੇ ਅਧਾਰਤਿ ਮੌਤ ਸੰਬੰਧੀ ਸਫਾ 29 ’ਤੇ ਲਿਖਦੇ ਹਨ ਕਿ ‘ਮੌਤ’ ਫਰੀਦ ਬਾਣੀ ਵਿਚ ਇਕ ਉਹ ਕੇਂਦਰ-ਬਿੰਦੂ ਹੈ ਜਿਸ ਦੇ ਇਕ ਬੰਨੇ ਸਰੀਰਕ ਅਵਸਥਾ ਹੈ ਤੇ ਦੂਜੇ ਬੰਨੇ ਪਰਲੋਕ ਹੈ, ਜਿਸ ਵਿਚ ਰੂਹ ਨੇ ਇਲਾਹੀ ਦਰਬਾਰ ਵਿਚ ਮਾਣ ਪਾਉਣਾ ਹੈ। ਬਾਬਾ ਫਰੀਦ ਜੀ ਨੇ ਮੌਤ ਨੂੰ ਆਪਣਾ ਪ੍ਰੇਰਨਾ ਸ੍ਰੋਤ ਬਣਾ ਕੇ ਆਪਣੇ ਕਾਵਿ ਦੀ ਸਿਰਜਨਾ ਕੀਤੀ ਹੈ ਤੇ ਇਸ ਵਿਚ ਸਾਹਿਤਕ ਰੰਗ ਵੀ ਭਰੇ ਹਨ। ਮੌਤ ਨੂੰ ਇਕ ਚੇਤਾਵਨੀ ਦੇ ਤੌਰ ’ਤੇ ਪ੍ਰਯੋਗ ਕਰ ਕੇ ਮਨੁੱਖ ਦੀ ਸੁੱਤੀ ਹੋਈ ਰੂਹਾਨੀ ਰੁਚੀ ਨੂੰ ਹਲੂਣਿਆ ਤੇ ਟੁੰਬਿਆ ਹੈ ਅਤੇ ਇਸ ਨੂੰ ਇਕ ਪ੍ਰਕਾਸ਼-ਬਿੰਦੂ ਬਣਾ ਕੇ ਮਨ ਦੀ ਅਗਿਆਨ-ਅਵਸਥਾ ਵਿਚ ਗਿਆਨ-ਪ੍ਰਕਾਸ਼ ਪੈਦਾ ਕੀਤਾ ਹੈ ਅਤੇ ਇਸ ਸਚਾਈ ਦੀ ਯਾਦ ਕਰਵਾਈ ਹੈ ਕਿ ਇਹ ਸੁੰਦਰ, ਸੁਨੱਖਾ ਤੇ ਕੋਮਲ ਸਰੀਰ ਸਦਾ ਨਹੀਂ ਰਹੇਗਾ। ਮੌਤ ਸਰੀਰ ਦਾ ਇਕ ਯਕੀਨੀ ਅੰਗ ਹੈ। ਇਸ ਲਈ ਸਾਰੇ ਸੰਸਾਰ ਉੱਪਰ ਇਹ ਵਿਆਪਤ ਹੈ, ਇਸ ਦੀ ਵਲਗਣ ਤੋਂ ਕੋਈ ਚੀਜ਼ ਸੁਤੰਤਰ ਨਹੀਂ ਹੈ।

ਮੌਤ ਅਤੇ ਉਸ ਦੇ ਬਲਸ਼ਾਲੀ ਤੱਥਾਂ ਤੋਂ ਕੇਵਲ ਪ੍ਰਭੂ ਦੀ ਰਜ਼ਾ ਵਿਚ ਚਲ ਕੇ ਹੀ ਵਿਅਕਤੀ ਨੂੰ ਉਸ ਨੂੰ ਸਮਝਣ ਅਤੇ ਸਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਬਾਬਾ ਫਰੀਦ ਜੀ ਦੀ ਬਾਣੀ ਜੀਵ ਨੂੰ ਪਰਮਾਤਮਾ ਦੀ ਰਜ਼ਾ ਉੱਪਰ ਤੁਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਜਦੋਂ ਮਨ ਤੋਂ ਵਿਕਾਰ ਦੂਰ ਹੋ ਜਾਂਦੇ ਹਨ ਤਾਂ ਦੁੱਖ ਸੁਖ ਇਕ ਸਮਾਨ ਹੀ ਪ੍ਰਤੀਤ ਹੋਣ ਲੱਗ ਜਾਂਦੇ ਹਨ। ਇਸ ਲਈ ਰਜ਼ਾ ਨੂੰ ਸਮਝਣ, ਰਜ਼ਾ ਵਿਚ ਚੱਲਣ ਲਈ ਅਤੇ ਅੰਤ ਵਿਚ ਹਿਰਦੇ ਵਿਚਲੇ ਪ੍ਰਭੂ ਦਰਬਾਰ ਵਿਚ ਸਥਾਨ ਹਾਸਲ ਕਰਨ ਲਈ ਜੋ ਪਰਮਾਤਮਾ ਨੂੰ ਭਾਉਂਦਾ ਹੈ, ਉਸ ਨੂੰ ਭਲਾ ਮੰਨਣਾ ਹੀ ਉੱਤਮ ਹੈ।3

ਉਸ ਦੀ ਰਜ਼ਾ ਵਿਚ ਰਹਿਣ ਨੂੰ ਹੀ ਮੁਕਤੀ ਦਾ ਸ੍ਰੋਤ ਦੱਸਿਆ ਹੈ। ਬਾਬਾ ਫਰੀਦ ਜੀ ਤਾਂ ਕਹਿੰਦੇ ਹਨ ਕਿ ਜੋ ਉਸ ਪਰਮਾਤਮਾ ਦੀ ਰਜ਼ਾ ਅੱਗੇ ਸਿਰ ਨਹੀਂ ਨਿਵਾਉਂਦਾ ਅਰਥਾਤ ਆਪਣੇ ਹੰਕਾਰ ਦਾ ਪੂਰਾ ਤਿਆਗ ਨਹੀਂ ਕਰਦਾ ਉਹ ਸਿਰ ਕਾਹਦੇ ਲਈ ਹੈ? ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਬਾਲਣ ਦੀ ਥਾਂ ਬਾਲ ਲੈਣਾ ਚਾਹੀਦਾ ਹੈ:

ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ॥ (ਪੰਨਾ 1381)

ਮਨੁੱਖ ਦੀ ਹੋਣੀ ਲਈ ਬਾਬਾ ਫਰੀਦ ਜੀ ਪੂਰੇ ਚਿੰਤਾਤੁਰ ਹਨ। ਦੁਨੀਆਂ ਦੇ ਧੰਦੇ ਵਿਚ ਲੀਨ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿ ਜੋ ਜੀਵ ਪਰਮਾਤਮਾ ਅਰਥਾਤ ਪਰਮਾਤਮਾ ਦੀ ਖਲਕਤ ਤੋਂ ਮੂੰਹ ਮੋੜ ਕੇ ਉਸ ਦੀ ਰਜ਼ਾ ਵਿਚ ਨਾ ਚੱਲ ਕੇ ਉਸ ਦੀ ਯਾਦ ਨੂੰ ਭੁਲਾ ਦਿੰਦੇ ਹਨ ਉਨ੍ਹਾਂ ਦੇ ਮੁਖ ਡਰਾਉਣੇ ਬਣ ਜਾਂਦੇ ਹਨ। ਲੋਕ ਪਰਲੋਕ ਵਿਚ ਉਨ੍ਹਾਂ ਦੀ ਕੋਈ ਥਾਂ ਨਹੀਂ ਰਹਿੰਦੀ।

2. ਨਾਮ ਸਿਮਰਨ

ਬਾਬਾ ਫ਼ਰੀਦ ਜੀ ਦੀ ਬਾਣੀ ਵਿਚ ਜਿਥੇ ਸੰਸਾਰ ਦੀ ਨਾਸ਼ਮਾਨਤਾ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ, ਉਥੇ ਨਾਲ ਹੀ ਇਸ ਭੌਤਿਕ ਸੰਸਾਰ ਵਿਚ ਖਚਿਤ ਨਾ ਹੋ ਕੇ ਜੀਵ ਨੂੰ ਬੰਦਗੀ ਕਰਨ ਦਾ ਵੀ ਸੰਦੇਸ਼ ਦਿੱਤਾ ਹੈ। ਸੰਸਾਰਿਕ ਪਰਪੰਚਾਂ ਤੋਂ ਬਚਣ ਲਈ ਬੰਦਗੀ, ਨਾਮ ਸਿਮਰਨ ਨੂੰ ਮੁੱਖ ਸਾਧਨ ਦੱਸਿਆ ਹੈ। ਬਾਬਾ ਫਰੀਦ ਜੀ ਜੀਵ ਦੀ ਅਸਲੀ ਕਮਾਈ ਪਰਮਾਤਮਾ ਦਾ ਨਾਮ ਸਿਮਰਨ ਮੰਨਦੇ ਹਨ ਪ੍ਰੰਤੂ ਵਿਅਕਤੀ ਇਸ ਵਿਚ ਆਪਣੀ ਸੁਰਤ ਨਹੀਂ ਲਾਉਂਦਾ ਅਤੇ ‘ਮੈਂ-ਮੇਰੀ’ ਕਰਦਾ ਹੋਇਆ ਬਚਪਨ ਅਤੇ ਜਵਾਨੀ ਨੂੰ ਗੁਆ ਲੈਂਦਾ ਹੈ। ਬੁਢਾਪੇ ਵਿਚ ਇੰਦਰੀਆਂ ਸਿਥਲ ਹੋ ਜਾਂਦੀਆਂ ਹਨ। ਕੀਤੇ ਹੋਏ ਕੁਕਰਮਾਂ ਦੇ ਫਲਸਰੂਪ ਕਮਾਏ ਹੋਏ ਪਾਪਾਂ ਨਾਲ ਜਦੋਂ ਜੀਵਨ ਕੰਢਿਆਂ ਤਕ ਭਰ ਜਾਂਦਾ ਹੈ ਅਰਥਾਤ ਜੀਵਨ ਦਾ ਅੰਤਮ ਸਮਾਂ ਆ ਜਾਂਦਾ ਹੈ ਤਾਂ ਫਿਰ ਸਿਮਰਨ ਵਿਹੀਨ ਵਿਅਕਤੀ ਲਈ ਸੰਸਾਰ ਸਾਗਰ ਨੂੰ ਸਫਲਤਾ ਪੂਰਵਕ ਤਰਨ ਦਾ ਕੋਈ ਢੰਗ ਨਹੀਂ ਬਚਦਾ। ਉਹ ਹਉਕੇ ਲੈਂਦਾ ਹੋਇਆ ਹੀ ਇਸ ਸੰਸਾਰ ਵਿਚ ਸੁਰਤਿ ਜੋੜੀ ਇਸੇ ਵਿਚ ਗੋਤੇ ਖਾਂਦਾ ਰਹਿੰਦਾ ਹੈ ਦਰਅਸਲ ਜੀਵ ਅਸਲੀ ਕਮਾਈ ਨੂੰ ਛੱਡ ਕੇ ਦੁਨਿਆਵੀ ਧੰਦਿਆਂ ਵਿਚ ਖਚਿਤ ਰਹਿਣ ਦਾ ਫਲ ਅੰਤਮ ਸਮੇਂ ਮਾਨਸਿਕ ਦੁੱਖ ਅਤੇ ਸਰੀਰਕ ਸੰਤਾਪ ਦੇ ਰੂਪ ਵਿਚ ਪ੍ਰਾਪਤ ਕਰਦਾ ਹੈ। ਬਾਬਾ ਫਰੀਦ ਜੀ ਬਾਰ-ਬਾਰ ਜੀਵ ਨੂੰ ਸਿਮਰਨ ਕਰਨ ਲਈ ਪ੍ਰੇਰਿਤ ਕਰਦੇ ਹਨ। ਨਾਮ-ਸਿਮਰਨ ਰਾਹੀਂ ਹੀ ਜੀਵ ਭਵਸਾਗਰ ਤੋਂ ਪਾਰ ਹੋ ਸਕਦਾ ਹੈ। ਨਾਮ ਸਿਮਰਨ ਲਈ ਮਨੁੱਖਾ ਜੀਵਨ ਹੀ ਠੀਕ ਸਮਾਂ ਦੱਸਦੇ ਹੋਏ ਬਾਬਾ ਫਰੀਦ ਜੀ ਚਿਤਾਵਨੀ ਵਜੋਂ ਉਚਾਰਨ ਕਰਦੇ ਹਨ:

ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥…
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ (ਪੰਨਾ 794)

ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜੋ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਉਸ ਦੇ ਨਾਮ ਦਾ ਜਾਪ ਨਹੀਂ ਕਰਦੇ ਉਹ ਕੱਚੇ ਅਤੇ ਝੂਠੇ ਹਨ ਅਤੇ ਧਰਤੀ ’ਤੇ ਭਾਰ ਹੀ ਬਣੇ ਰਹਿੰਦੇ ਹਨ।

ਬਾਬਾ ਫਰੀਦ ਜੀ ਇਕ ਸੱਚੇ ਭਗਤ ਦੀ ਤਰ੍ਹਾਂ ਪਰਮਾਤਮਾ ਦੀ ਓਟ ਲੈਂਦੇ ਹੋਏ ਉਸ ਤੋਂ ਨਾਮ ਸਿਮਰਨ ਦੀ ਦਾਤ ਨੂੰ ਮੰਗਦੇ ਹਨ:

ਤੇਰੀ ਪਨਹ ਖੁਦਾਇ ਤੂ ਬਖਸੰਦਗੀ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ (ਪੰਨਾ 488)

3. ਆਪੇ ਦੀ ਪਹਿਚਾਣ

ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਉਮੈ ਦੇ ਤਿਆਗ ਅਤੇ ਆਪਾ ਚੀਨਣ, ਆਪਣੇ ਮੂਲ ਸਰੂਪ ਨੂੰ ਪਛਾਨਣ ਦੀ ਗੱਲ ਬਾਰ-ਬਾਰ ਬੜੀ ਸ਼ਿੱਦਤ ਨਾਲ ਕੀਤੀ ਗਈ ਹੈ। ਬਾਬਾ ਫਰੀਦ ਜੀ ਵੀ ਰੱਬ ਦੀ ਪ੍ਰਾਪਤੀ ਲਈ ਯੋਗੀਆਂ, ਸੰਨਿਆਸੀਆਂ ਵਾਂਗ ਘਰ-ਬਾਰ ਛੱਡ ਕੇ ਜੰਗਲਾਂ ਵਿਚ ਬੈਠ ਕੇ ਸਮਾਧੀ ਲਗਾਉਣ ਲਈ ਨਹੀਂ ਕਹਿੰਦੇ ਸਗੋਂ ਆਪ ਅਮਲੀ ਜੀਵਨ ਹੰਢਾਉਂਦਿਆਂ ਅਤੇ ਕਰਤਵਾਂ ਦੀ ਪਾਲਣਾ ਕਰਦਿਆਂ, ਸੰਸਾਰ ਜੀਵਨ ਵਿਚ ਵਿਚਰਦਿਆਂ ਕਿਰਤ ਕਰਦਿਆਂ ਆਪਣੇ ਹਿਰਦੇ ਵਿੱਚੋਂ ਹੀ ਪਰਮਾਤਮਾ ਨੂੰ ਢੂੰਡਣ ਲਈ ਉਪਦੇਸ਼ ਦਿੰਦੇ ਹਨ। ਦਰਅਸਲ ਕਰਤਵਾਂ ਦਾ ਪਾਲਣ ਸੰਸਾਰ ਦੇ ਹੋ ਕੇ ਰਹਿਣਾ ਪਰ ਸੰਸਾਰੀ ਨਾ ਬਣਨਾ, ਅਲਿਪਤ ਬਣੇ ਰਹਿਣ ਦਾ ਕੰਮ ਅਤੇ ਨਾਲ ਹੀ ਨਾਲ ਹਿਰਦੇ ਵਿਚ ਝਾਤੀ ਮਾਰ ਕੇ ਪ੍ਰਭੂ ਦੀਦਾਰ ਦੀ ਚਾਹ ਰੱਖਣਾ ਹੀ ਜੀਵਣ ਦਾ ਇਕ ਚੰਗਾ ਮੁਕਾਮ ਹੈ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ (ਪੰਨਾ 1378)

ਬਾਬਾ ਫਰੀਦ ਜੀ ਨੇ ਪਰਮਾਤਮਾ ਦਾ ਨਿਵਾਸ ਹਿਰਦੇ ਵਿਚ ਦੱਸਿਆ ਹੈ ਇਸੇ ਲਈ ਜੀਵ ਨੂੰ ਕਿਸੇ ਦੂਸਰੇ ਦਾ ਦਿਲ ਨਾ ਦੁਖਾਉਣ ਲਈ ਤੇ ਆਦਰਸ਼ਕ ਮਨੁੱਖ ਬਣਨ ਲਈ ਜੋ ਸਿਧਾਂਤ ਨਿਰਧਾਰਤ ਕੀਤੇ ਹਨ ਉਨ੍ਹਾਂ ਦੀ ਝਲਕ ਉਨ੍ਹਾਂ ਦੇ ਸਲੋਕ ਵਿਚ ਸਪਸ਼ਟ ਨਜ਼ਰੀਂ ਆਉਂਦੀ ਹੈ:

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ (ਪੰਨਾ 1384)

ਬਾਬਾ ਫਰੀਦ ਜੀ ਜੀਵ ਨੂੰ ਗੁੱਸੇ ਤੋਂ ਬਚਣ ਦੀ ਗੱਲ ਕਰਦੇ ਹਨ। ਸਰੀਰ ਨੂੰ ਗਾਲ ਦੇਣ ਵਾਲਾ ਕ੍ਰੋਧ ਆਪਣੀ ਝੂਠੀ ਹਉਮੈ ਨਾਲ ਹੀ ਮੋਹ ਪੈਦਾ ਕਰ ਦਿੰਦਾ ਹੈ ਜਿਸ ਕਾਰਨ ਵਿਅਕਤੀ ਦੀ ਬਿਬੇਕ ਬੁੱਧੀ ਦਾ ਨਾਸ਼ ਹੋ ਜਾਂਦਾ ਹੈ। ਬਿਬੇਕ ਬੁੱਧੀ ਦਾ ਨਾਸ਼ ਵਿਅਕਤੀ ਅਤੇ ਸਮਾਜ ਦੋਨਾਂ ਲਈ ਹਾਨੀਕਾਰਕ ਹੋ ਜਾਂਦਾ ਹੈ। ਬਾਬਾ ਫਰੀਦ ਜੀ ਦਾ ਹੇਠ ਲਿਖਿਆ ਕਥਨ ਸਮਾਜ ਨੂੰ ਤੰਦਰੁਸਤ ਅਤੇ ਸੁਖਾਲਾ ਰੱਖਣ ਲਈ ਬਹੁਤ ਹੀ ਲਾਹੇਵੰਦ ਹੈ:

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ 1381-82)

4. ਨੈਤਿਕ ਜੀਵਨ :

ਨੈਤਿਕਤਾ ਧਰਮ ਦਾ ਮੂਲ ਧੁਰਾ ਹੈ। ਇੰਦਰੀਆਂ ਦਾ ਸੰਜਮ, ਅਧਿਆਤਮ ਦੀ ਨੀਂਹ ਜੇਕਰ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਨਹੀਂ ਹੈ ਵਿਅਕਤੀ ਧਾਰਮਿਕਤਾ ਦੇ ਪੱਥ ਤੋਂ ਛੇਤੀ ਹੀ ਭਟਕ ਜਾਂਦਾ ਹੈ। ਬਾਬਾ ਫਰੀਦ ਜੀ ਦੀ ਬਾਣੀ ਨੈਤਿਕ ਗੁਣਾਂ ਦਾ ਇਕ ਭਰਪੂਰ ਖਜ਼ਾਨਾ ਹੈ। ਮਾਨਵ ਵਿਚ ਮਾਨਵਤਾ ਦਾ ਗੁਣ ਤਾਂ ਹੀ ਪੈਦਾ ਹੋ ਸਕਦਾ ਹੈ ਜੇ ਮਾਨਵ ਦਾ ਜੀਵਨ ਸਦਾਚਾਰੀ ਹੋਵੇ, ਧਾਰਮਿਕ ਜੀਵਨ ਜੀਉਣ ਵਾਲਾ ਹੋਵੇ। ਮਨੁੱਖ ਦੀ ਇਹ ਬਹੁਤ ਵੱਡੀ ਕਮਜ਼ੋਰੀ ਰਹੀ ਹੈ ਕਿ ਉਹ ਹਮੇਸ਼ਾਂ ਹੀ ਦੂਸਰਿਆਂ ਦੇ ਔਗੁਣ ਨੂੰ ਪਹਿਲ ਦਿੰਦਾ ਹੈ ਭਾਵ ਆਪਣੇ ਔਗੁਣਾਂ ਨੂੰ ਨਾ ਦੇਖਦਾ ਹੋਇਆ ਦੂਸਰਿਆਂ ਦੇ ਕਰਮਾਂ ਦੀ ਪੜਚੋਲ ਕਰਦਾ ਰਹਿੰਦਾ ਹੈ। ਪਰ ਬਾਬਾ ਫਰੀਦ ਜੀ ਦੀ ਬਾਣੀ ਦੂਸਰਿਆਂ ਦੀਆਂ ਗਲਤੀਆਂ ਦਾ ਲੇਖਾ-ਜੋਖਾ ਕਰਨ ਦੀ ਥਾਂ ਆਪਣੇ ਅੰਦਰਲੇ ਨੂੰ ਪਹਿਚਾਣ ਕੇ ਆਪਣੀਆਂ ਕਮੀਆਂ ਨੂੰ ਸਵੀਕਾਰਨ ਅਤੇ ਫਿਰ ਉਨ੍ਹਾਂ ਨੂੰ ਦੂਰ ਕਰਨ ਦੀ ਗੱਲ ਕਰਦੀ ਹੈ। ਮਾੜੇ ਕਰਮਾਂ ਨੂੰ ਬਾਬਾ ਫਰੀਦ ਜੀ ਕਾਲੇ ਲੇਖ ਕਹਿੰਦੇ ਹਨ ਜਿਨ੍ਹਾਂ ਦਾ ਬਿਬੇਕ ਬੁੱਧੀ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਬਿਬੇਕ ਵਿਅਕਤੀ ਨੂੰ ਸਹਿਜ ਅਵਸਥਾ ਪ੍ਰਦਾਨ ਕਰਦਾ ਹੈ ਜਦੋਂ ਕਿ ਮਾੜੇ ਕਰਮ ਜੀਵ ਨੂੰ ਹਮੇਸ਼ਾਂ ਹੀ ਭਟਕਣਾ ਵਿਚ ਪਾਈ ਰੱਖਦੇ ਹਨ। ਬਾਬਾ ਫਰੀਦ ਜੀ ਇਸ ਭਟਕਣਾ ਨੂੰ ਪੈਦਾ ਕਰਨ ਵਾਲੇ ਕਰਮਾਂ ਨੂੰ ਛੱਡਣ ਦੀ ਸਲਾਹ ਦਿੰਦੇ ਹਨ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥ (ਪੰਨਾ 1378)

ਬਾਬਾ ਫਰੀਦ ਜੀ ਜੀਵ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਜਿਥੇ ਸਦਗੁਣਾਂ ਨੂੰ ਧਾਰਨ ਦਾ ਉਪਦੇਸ਼ ਦਿੰਦੇ ਹਨ ਉਥੇ ਔਗੁਣਾਂ ਦੇ ਤਿਆਗ ਦਾ ਵੀ ਉਪਦੇਸ਼ ਦਿੰਦੇ ਹਨ ਤਾਂ ਕਿ ਇਸ ਲੋਕ ਵਿਚ ਆਉਣਾ ਸਫਲ ਹੋ ਸਕੇ ਅਤੇ ਪ੍ਰਭੂ ਦੇ ਦਰਬਾਰ ਵਿਚ ਸ਼ਰਮਿੰਦਗੀ ਨ ਉਠਾਉਣੀ ਪਵੇ:

ਫਰੀਦਾ ਜਿਨੀ੍ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਪੰਨਾ 1381)

ਨੈਤਿਕਤਾ ਮਨੁੱਖ ਦੀ ਹੋਂਦ ਵਿਧੀ ਦਾ ਇਕ ਵਿਲੱਖਣ ਗੁਣ ਹੈ। ਬਾਬਾ ਫਰੀਦ ਜੀ ਦੀ ਬਾਣੀ ਜਿਥੇ ਆਤਮਿਕ ਸੁਖ ਲਈ ਪ੍ਰਭੂ ਪਿਆਰ ਦਾ ਸੰਦੇਸ਼ ਦਿੰਦੀ ਹੈ, ਉਥੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸਮਝਣ ਅਤੇ ਇਸ ਦੇ ਅਮਲੀ ਰੂਪ ’ਤੇ ਵੀ ਜ਼ੋਰ ਦਿੰਦੀ ਹੈ।

(ੳ) ਸਬਰ

ਸੁਖੀ ਸੰਸਾਰਿਕ ਜੀਵਨ ਅਤੇ ਅਧਿਆਤਮਕ ਸਾਧਨਾ ਦੀ ਮੁੱਢਲੀ ਲੋੜ ਸਬਰ ਹੈ। ਸਬਰ ਦਾ ਅਰਥ ਆਲਸੀ ਜਾਂ ਨਿਕੰਮੇ ਹੋਣਾ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਬਰ, ਸੰਤੋਖ ਨੂੰ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਨਿਆਮਤਾਂ ਦੇ ਸ਼ੁਕਰਾਨੇ ਵਜੋਂ ਲਿਆ ਗਿਆ ਹੈ। ਸਬਰ ਨੂੰ ਸਾਧਕ ਦੀ ਮੁੱਢਲੀ ਲੋੜ ਦੱਸਦੇ ਹੋਏ ਬਾਬਾ ਫਰੀਦ ਜੀ ਉਸ ਦੀ ਤੀਰ ਨਾਲ ਤੁਲਨਾ ਕਰਦੇ ਹਨ ਕਿ ਸਬਰ ਅਜਿਹਾ ਤੀਰ ਹੈ ਜਿਸ ਦਾ ਨਿਸ਼ਾਨਾ ਕਦੀ ਵੀ ਖਾਲੀ ਨਹੀਂ ਜਾਂਦਾ:

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ॥
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ॥ (ਪੰਨਾ 1384)

ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜੋ ਲੋਕ ਮੁਸੀਬਤ ਅਤੇ ਪਰੇਸ਼ਾਨੀ ਵਿਚ ਸਬਰ ਕਰਦੇ ਹਨ ਉਹ ਲੋਕ ਖੁਦਾ ਦੇ ਨਜ਼ਦੀਕ ਹੁੰਦੇ ਹਨ। ਸਬਰ ਸੂਫੀ ਰਹੱਸਵਾਦ ਦੀ ਕੁੰਜੀ ਹੈ। ਇਹ ਇਕ ਅਜਿਹਾ ਕਾਰਗਰ ਜਜ਼ਬਾ ਹੈ ਕਿ ਜਿਹੜਾ ਵੀ ਇਸ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ, ਉਹ ਵਧ ਕੇ ਦਰਿਆ ਵਾਂਗੂ ਹੋ ਜਾਂਦਾ ਹੈ ਤੇ ਫਿਰ ਕਦੀ ਵੀ ਛੋਟਾ ਰੂਪ ਧਾਰਨ ਨਹੀਂ ਕਰਦਾ:

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ (ਪੰਨਾ 1384)

ਸਬਰ ਲਈ ਜ਼ਰੂਰੀ ਹੈ ਕਿ ਜੀਵ ਨਿਮਰਤਾ ਦਾ ਧਾਰਨੀ ਹੋਵੇ।

(ਅ) ਨਿਮਰਤਾ

ਮਨੁੱਖ ਨੂੰ ਸੰਸਾਰ ਵਿਚ ਸਫਲਤਾ ਪੂਰਵਕ ਵਿਚਰਣ ਲਈ ਨਿਮਰਤਾ ਅਪਣਾਉਣੀ ਬਹੁਤ ਜ਼ਰੂਰੀ ਹੈ। ਸਨਿਮਰ ਵਿਅਕਤੀ ਕੋਈ ਹੀਣ ਵਿਅਕਤੀ ਨਹੀਂ ਹੁੰਦਾ ਸਗੋਂ ਉਸ ਦਾ ਮਨੋਬਲ ਉੱਚਾ ਹੈ। ਨਿਮਰਤਾ ਵਿਅਕਤੀ ਦਾ ਉਹ ਗਹਿਣਾ ਹੈ ਜਿਹੜਾ ਉਸ ਨੂੰ ਦਿਖਾਵੇ ਵਾਸਤੇ ਨਹੀਂ ਝੁਕਾਉਂਦਾ ਸਗੋਂ ਧਰਤੀ ’ਤੇ ਲਤਾੜੇ ਹੋਏ ਇਨਸਾਨ ਨੂੰ ਉੱਚਾ ਚੁੱਕ ਕੇ ਆਪਣੇ ਗਲੇ ਨਾਲ ਲਗਾਉਣ ਦੀ ਪ੍ਰੇਰਨਾ ਦਿੰਦਾ ਹੈ। ਨਿਮਰਤਾ ਹਉਮੈ ਦੇ ਅਮੋੜ ਵਹਾਅ ਨੂੰ ਠੱਲ੍ਹ ਪਾਉਂਦੀ ਹੈ ਅਤੇ ਜੀਵਨ ਦੀ ਨੀਰਸਤਾ ਨੂੰ ਸਮਾਪਤ ਕਰ ਕੇ ਜੀਵਨ ਦੇ ਇਕੱਲੇਪਨ ਦੇ ਖਲਾਅ ਨੂੰ ਲੋਕਾਂ ਦੇ ਪਿਆਰ ਅਤੇ ਸਨਮਾਨ ਨਾਲ ਭਰਦੀ ਹੈ। ਇਹ ਇਕ ਐਸਾ ਗੁਣ ਹੈ ਜੋ ਸਾਰੀਆਂ ਚੰਗਿਆਈਆਂ ਦਾ ਤੱਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਿਮਰਤਾ ਇਕ ਅੁਦੱਤੀ ਤੇ ਅਮੀਰ ਸ੍ਰੋਤ ਹੈ। ਇਹ ਨੈਤਿਕ ਗੁਣਾਂ ਦੀ ਉਹ ਖਾਣ ਹੈ ਜਿਸ ਨੂੰ ਸਾਰੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਅਪਣਾਇਆ ਤੇ ਪ੍ਰਚਾਰਿਆ।

ਬਾਬਾ ਫਰੀਦ ਜੀ ਨਿਮਰਤਾ, ਮਿਠਾਸ ਤੇ ਸਹਿਨਸ਼ੀਲਤਾ ਤਿੰਨ ਗੁਣ ਪਰਮਾਤਮਾ ਨੂੰ ਪਾਉਣ ਦਾ ਸਾਧਨ ਦੱਸਦੇ ਹਨ:

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (ਪੰਨਾ 1384)

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ੍ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ੍ ਦੇ ਚੁੰਮਿ॥ (ਪੰਨਾ 1378)

ਬਾਬਾ ਫਰੀਦ ਜੀ ਦੀ ਬਾਣੀ ਦੀਆਂ ਇਹ ਪੰਕਤੀਆਂ ਨਿਮਰਤਾ ਦੀ ਇਕ ਬਹੁਤ ਵੱਡੀ ਮਿਸਾਲ ਹਨ। ਨਿਮਰਤਾ ਦੀ ਇਕ ਹੋਰ ਉਦਾਹਰਣ ਦਿੰਦਿਆਂ ਹੋਇਆਂ ਮਨੁੱਖ ਨੂੰ ਦੱਭ ਦੀ ਤਰ੍ਹਾਂ ਨਿਮਰ ਹੋਣ ਲਈ ਉਪਦੇਸ਼ ਦਿੰਦੇ ਹਨ ਤੇ ਨਾਲ ਹੀ ਦੱਸਦੇ ਹਨ ਕਿ ਨਿਮਰਤਾ ਸਦਕਾ ਹੀ ਮਨੁੱਖ ਉਸ ਪ੍ਰਭੂ ਦੇ ਦਰ ਨੂੰ ਪਾ ਸਕਦਾ ਹੈ:

ਫਰੀਦਾ ਥੀਉ ਪਵਾਹੀ ਦਭੁ॥
ਜੇ ਸਾਂਈ ਲੋੜਹਿ ਸਭੁ॥
ਇਕੁ ਛਿਜਹਿ ਬਿਆ ਲਤਾੜੀਅਹਿ॥
ਤਾਂ ਸਾਈ ਦੈ ਦਰਿ ਵਾੜੀਅਹਿ॥ (ਪੰਨਾ 1378)

(ੲ) ਸੱਚ ਦਾ ਧਾਰਨੀ ਹੋਣਾ

ਪ੍ਰਾਚੀਨ ਸਮੇਂ ਤੋਂ ਲੈ ਕੇ ਅੱਜ ਵਰਤਮਾਨ ਸਮੇਂ ਵਿਚ ਮਨੁੱਖੀ ਜੀਵਨ ਦੇ ਹਰ ਖੇਤਰ ਵਿਚ ਸੱਚ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਵੱਖ-ਵੱਖ ਧਰਮਾਂ ਦੇ ਵੱਖ-ਵੱਖ ਪਾਂਧੀਆਂ ਵਿਚ ਸਿਧਾਂਤਕ ਪੱਖੋਂ ਭਾਵੇਂ ਕਈ ਮਤਭੇਦ ਹੋਣ ਪਰ ਸੱਚ ਦੀ ਹੋਂਦ ਅਤੇ ਇਸ ਦੀ ਮਹੱਤਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਅੱਜ ਵਰਤਮਾਨ ਯੁੱਗ ਵਿਚ ਸਮਾਜਿਕ ਜੀਵਨ ਵਿਚ ਕੁਰੀਤੀਆਂ ਦਾ ਕਾਰਨ, ਵਿਅਕਤੀ ਦੇ ਆਚਰਣ ਵਿਚ ਗਿਰਾਵਟ ਦਾ ਕਾਰਨ, ਸੱਚ ਦੀ ਘਾਟ ਹੀ ਹੈ। ਸਮਾਜ ਦਾ ਵਿੱਦਿਅਕ ਢਾਂਚਾ, ਧਾਰਮਿਕ ਵਿਸ਼ਵਾਸ ਸਭ ਡਾਵਾਂ-ਡੋਲ ਹਨ। ਬਾਬਾ ਫਰੀਦ ਜੀ ਆਪਣੇ ਰਚਿਤ ਸਲੋਕਾਂ ਵਿਚ ਜੀਵ ਨੂੰ ਸੱਚ ਦਾ ਧਾਰਨੀ ਹੋਣ ਤੇ ਝੂਠ ਦਾ ਤਿਆਗ ਕਰਨ ’ਤੇ ਜ਼ੋਰ ਦਿੰਦੇ ਹਨ। ਰਾਗ ਆਸਾ ਵਿਚ ਆਪ ਜੀ ਦਾ ਫ਼ਰਮਾਨ ਹੈ:

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ (ਪੰਨਾ 488)

ਬਾਬਾ ਫਰੀਦ ਜੀ ਦੀ ਬਾਣੀ ਨੂੰ ਵਾਚਿਆਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਬਾਬਾ ਫਰੀਦ ਜੀ ਦੀ ਬਾਣੀ ਨਿਮਰਤਾ, ਆਪੇ ਦੀ ਪਹਿਚਾਣ, ਸਬਰ, ਸੰਤੋਖ ਆਦਿ ਸਦਾਚਾਰਕ ਕਦਰਾਂ-ਕੀਮਤਾਂ ’ਤੇ ਆਧਾਰਿਤ ਹੈ, ਜੋ ਕਿ ਜੀਵ ਨੂੰ ਸਹੀ ਤੇ ਉਸਾਰੂ ਸੇਧ ਦਿੰਦੀ ਹੈ। ਡਾ. ਵਜ਼ੀਰ ਸਿੰਘ ਜੀ ਦੇ ਸ਼ਬਦਾਂ ਵਿਚ ਬਾਬਾ ਫਰੀਦ ਜੀ ਦੀ ਨੈਤਿਕਤਾ ਇਸ ਗੱਲ ਵਿਚ ਨਹੀਂ ਕਿ ਉਨ੍ਹਾਂ ਨੇ ਮਨੁੱਖ ਦੀ ਸਥਿਤੀ ਦਾ ਵਿਸ਼ਲੇਸ਼ਣ ਦੇ ਕੇ ਉਸ ਨੂੰ ਤਾੜਨਾ ਕਰ ਦਿੱਤੀ ਹੈ ਸਗੋਂ ਉਸ ਦੇ ਜੀਵਨ ਭਰ ਦੇ ਤਜ਼ਰਬੇ ਦਾ ਨਿਚੋੜ ਸਦਾਚਾਰਕ ਨਿਯਮਾਂ ਦੇ ਰੂਪ ਵਿਚ ਸਲੋਕਾਂ ਤੇ ਸ਼ਬਦਾਂ ਰਾਹੀਂ ਪ੍ਰਸਤੁਤ ਕੀਤਾ ਹੈ।3 ਬਾਬਾ ਫਰੀਦ ਜੀ ਦੀ ਪਾਵਨ ਬਾਣੀ ਪੜ੍ਹਨ ’ਤੇ ਇਹ ਸਹਿਜੇ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਬਾਬਾ ਫਰੀਦ ਜੀ ਦੀ ਨੈਤਿਕ ਸਿੱਖਿਆ ਬਹੁਤ ਮੁੱਲਵਾਨ ਹੈ ਜਿਸ ਨੂੰ ਅਪਣਾਉਣ ਦੀ ਅੱਜ ਬਹੁਤ ਲੋੜ ਹੈ।

ਹਵਾਲੇ ਅਤੇ ਟਿੱਪਣੀਆਂ:

1. ਡਾ. ਸੁਰਿੰਦਰ ਸਿੰਘ (ਕੋਹਲੀ), ਬਾਬਾ ਫਰੀਦ : ਜੀਵਨ, ਸਮਾਂ ਤੇ ਰਚਨਾ, ਸਫਾ 242.
2. ਡਾ. ਹਰੀ ਸਿੰਘ (ਖਹਿਰਾ), ਬਾਬਾ ਫਰੀਦ ਅਤੇ ਗੁਰੂ ਨਾਨਕ ਵਿਚਾਰਧਾਰਾ ਦਾ ਤੁਲਨਾਤਮਕ ਅਧਿਐਨ, ਸਫਾ 73.
3. ਡਾ. ਵਜ਼ੀਰ ਸਿੰਘ, ਫਰੀਦ ਦਾ ਨੈਤਿਕ ਫਲਸਫਾ, ਖੋਜ ਪੱਤ੍ਰਿਕਾ, ਸਫਾ 160.

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਲੈਕਚਰਾਰ -ਵਿਖੇ: ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
1 ਡਾ. ਸੁਰਿੰਦਰ ਸਿੰਘ (ਕੋਹਲੀ), ਬਾਬਾ ਫਰੀਦ : ਜੀਵਨ, ਸਮਾਂ ਤੇ ਰਚਨਾ, ਸਫਾ 242.
2 ਡਾ. ਹਰੀ ਸਿੰਘ (ਖਹਿਰਾ), ਬਾਬਾ ਫਰੀਦ ਅਤੇ ਗੁਰੂ ਨਾਨਕ ਵਿਚਾਰਧਾਰਾ ਦਾ ਤੁਲਨਾਤਮਕ ਅਧਿਐਨ, ਸਫਾ 73.
3 ਡਾ. ਵਜ਼ੀਰ ਸਿੰਘ, ਫਰੀਦ ਦਾ ਨੈਤਿਕ ਫਲਸਫਾ, ਖੋਜ ਪੱਤ੍ਰਿਕਾ, ਸਫਾ 160.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)