editor@sikharchives.org

ਬਾਬਾ ਹਨੂਮਾਨ ਸਿੰਘ ਜੀ ਸ਼ਹੀਦ

ਬਾਬਾ ਹਨੂਮਾਨ ਸਿੰਘ ਜੀ ਵੱਲੋਂ ਵੀ ਮੁਦਕੀ ਦੇ ਮੈਦਾਨ ਵਿਚ ਇਹ ਜੰਗ ਲੜੀ ਗਈ ਸੀ।
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਬਾ ਹਨੂਮਾਨ ਸਿੰਘ ਜੀ ਉਹ ਮਹਾਨ ਸ਼ਹੀਦ ਹਨ ਜਿਨ੍ਹਾਂ ਨੇ ਬੁੱਢਾ ਦਲ ਨਿਹੰਗ ਸਿੰਘਾਂ ਦੀ ਜਥੇਬੰਦੀ ਦੇ ਮੁਖ ਜਥੇਦਾਰ ਹੁੰਦਿਆਂ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਹੱਕ ਸੱਚ ਦੀ ਲੜਾਈ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ।

ਬੁੱਢਾ ਦਲ ਸਿੱਖ ਪੰਥ ਦਾ, ਖਾਸ ਕਰਕੇ ਨਿਹੰਗ ਸਿੰਘਾਂ ਦਾ ਅਨਿੱਖੜਵਾਂ ਅੰਗ ਹੈ। ਨਿਹੰਗ ਸਿੰਘ ਸਿੰਘਾਂ ਦੀਆਂ ਪੁਰਾਤਨ ਰਵਾਇਤਾਂ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾ ਜਾਣ ਪਿੱਛੋਂ ਸਿੱਖਾਂ ਦਾ ਸੰਘਰਸ਼ ਦਾ ਦੌਰ ਸ਼ੁਰੂ ਹੋ ਗਿਆ ਸੀ। ਅਜਿਹੇ ਸਮੇਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਹਰ ਹੀਲੇ ਕਾਇਮ ਰੱਖਦੀਆਂ ਰਹੀਆਂ, ਭਾਵੇਂ ਇਸ ਲਈ ਅਨੇਕਾਂ ਵਾਰ ਕੁਰਬਾਨੀਆਂ ਵੀ ਦੇਣੀਆਂ ਪਈਆਂ। “ਮਰਉ ਤ ਹਰਿ ਕੈ ਦੁਆਰ” ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਅਨੇਕਾਂ ਵਾਰ ਅਮਲੀ ਜਾਮਾ ਪਹਿਨਾ ਕੇ ਸਿੱਧ ਕੀਤਾ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਸਿੱਖਾਂ ਨੇ ਕਦੀ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਕਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਣ ਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗਾਂ-ਯੁੱਧਾਂ ਦੌਰਾਨ ਬੰਦੀ ਬਣਾ ਲਿਆ ਗਿਆ। ਉਨ੍ਹਾਂ ਨੂੰ ਅੱਠ ਸੌ ਸਿੰਘਾਂ ਸਮੇਤ ਦਿੱਲੀ ਵਿਖੇ ਬੜੀ ਬੇਰਹਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਦੇ ਨਾਲ ਹੀ ਸਮੇਂ ਦੀ ਮੁਗਲ ਹਕੂਮਤ ਨੇ ਸਿੱਖਾਂ ਦਾ ਕਤਲ-ਏ-ਆਮ ਸ਼ੁਰੂ ਕਰ ਦਿੱਤਾ। ਸਿੱਖ ਜੰਗਲਾਂ ਦੀਆਂ ਕੁੰਦਰਾਂ ਵਿਚ ਜਾ ਵੱਸੇ। ਇਹੋ ਜਿਹੇ ਭਿਆਨਕ ਸਮੇਂ ਵਿਚ ਸਿੱਖੀ ਦਾ ਪ੍ਰਚਾਰ ਤਾਂ ਇਕ ਪਾਸੇ ਰਿਹਾ, ਸਿੱਖ ਦਾ ਨਾਮ ਲੈਣ ਵਾਲੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜਿਹੇ ਪਵਿੱਤਰ ਅਸਥਾਨ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਪਿੰਡਾਂ-ਸ਼ਹਿਰਾਂ ਵਿਚ ਜੇਕਰ ਕੋਈ ਗੁਰਅਸਥਾਨ ਸੀ ਤਾਂ ਉਸ ਦਾ ਪ੍ਰਬੰਧ ਉਦਾਸੀ ਸਾਧੂਆਂ ਨੇ ਆਪਣੇ ਹੱਥਾਂ ਵਿਚ ਲੈ ਲਿਆ। ਇਹ ਉਦਾਸੀ ਸਾਧੂ ਵੀ ਸਿੱਖੀ ਦਾ ਪ੍ਰਚਾਰ ਨਾ ਹੋਣ ਕਰਕੇ ਗੈਰ-ਸਿੱਖ ਵਿਚਾਰਾਂ ਤੋਂ ਪ੍ਰਭਾਵਿਤ ਹੁੰਦੇ ਜਾ ਰਹੇ ਸਨ। ਹਕੂਮਤ ਦੇ ਡਰ ਕਰਕੇ ਵੀ ਇਹ ਆਪਣੇ ਆਪ ਨੂੰ ਹਿੰਦੂ ਹੀ ਦੱਸਣ ਲੱਗ ਪਏ ਸਨ। ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਇਨ੍ਹਾਂ ਅਸਥਾਨਾਂ ਵਿੱਚੋਂ ਸਿੱਖੀ ਦੀ ਰੰਗਤ ਖਤਮ ਹੁੰਦੀ ਜਾ ਰਹੀ ਸੀ। ਜੇਕਰ ਸਿੱਖ ਲੁਕ-ਛਿਪ ਕੇ ਆਪਣੇ ਇਨ੍ਹਾਂ ਅਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਵੀ ਸਨ ਤਾਂ ਸਿਰਫ ਪ੍ਰੇਮ ਭਾਵਨਾ ਅਤੇ ਸ਼ਰਧਾ-ਭਾਵ ਨਾਲ ਅਤੇ ਬਹੁਤ ਘੱਟ ਸਮੇਂ ਲਈ। ਉਨ੍ਹਾਂ ਨੂੰ ਮਸਾਂ ਇਤਨਾ ਕੁ ਸਮਾਂ ਹੀ ਮਿਲਦਾ ਸੀ। ਇਹੋ ਜਿਹੇ ਸਮੇਂ ਉਨ੍ਹਾਂ ਪਾਸ ਇਤਨਾ ਸਮਾਂ ਹੀ ਨਹੀਂ ਸੀ ਹੁੰਦਾ ਕਿ ਉਹ ਰਹੁ-ਰੀਤ ਦੀ ਜਾਂਚ-ਪੜਤਾਲ ਕਰ ਸਕਦੇ। ਜੇਕਰ ਕਿਧਰੇ ਸਿੱਖਾਂ ਨੂੰ ਇਕੱਠੇ ਹੋਣ ਦਾ ਸਮਾਂ ਪ੍ਰਾਪਤ ਵੀ ਹੁੰਦਾ ਤਾਂ ਉਹ ਆਪਣੇ ਆਪ ਨੂੰ ਬਚਾਉਣ ਅਤੇ ਵੈਰੀ ਨੂੰ ਸੋਧਣ ਲਈ ਹੀ ਵਿਚਾਰਾਂ ਕਰਦੇ।

ਬੁੱਢਾ ਦਲ ਦੇ ਸਥਾਪਿਤ ਹੋਣ ਬਾਰੇ ਵਿਚਾਰ ਹੈ ਕਿ 29 ਮਾਰਚ ਸੰਨ 1734 ਈ: ਵਿਚ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਖਾਲਸੇ ਦਾ ਇਕੱਠ ਹੋਇਆ ਜੋ 65 ਜਥਿਆਂ ਵਿਚ ਵੰਡਿਆਂ ਹੋਇਆ ਸੀ। ਇਸ ਨੂੰ ਇਕ ਦਲ ਵਿਚ ਇਕੱਠਾ ਕਰਕੇ ਦਲ ਖਾਲਸਾ ਦਾ ਨਾਂ ਦਿੱਤਾ ਗਿਆ। ਦਲ ਖਾਲਸਾ ਨੂੰ ਅੱਗੇ ਦੋ ਦਲਾਂ ਵਿਚ ਵੰਡਿਆ ਗਿਆ-ਬੁੱਢਾ ਦਲ ਤੇ ਤਰਨਾ ਦਲ। ਚਾਲੀ ਸਾਲ ਤੋਂ ਘੱਟ ਉਮਰ ਵਾਲੇ ਸਿੰਘਾਂ ਦੇ ਦਲ ਨੂੰ ਤਰਨਾ ਦਲ ਦਾ ਨਾਂ ਦਿੱਤਾ ਗਿਆ ਅਤੇ ਇਸ ਤੋਂ ਵੱਡੀ ਉਮਰ ਦੇ ਸਿੰਘਾਂ ਦੇ ਜਥੇ ਨੂੰ ਬੁੱਢਾ ਦਲ ਕਿਹਾ ਜਾਣ ਲੱਗ ਪਿਆ। ਇਨ੍ਹਾਂ ਜੱਥਿਆਂ ਦੀ ਮੁੱਖ ਸ਼ਕਤੀ ਨਵਾਬ ਕਪੂਰ ਸਿੰਘ ਪਾਸ ਰਹੀ। ਬਾਅਦ ਵਿਚ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਨਵਾਬ ਕਪੂਰ ਸਿੰਘ ਜੀ ਦੀ ਕਮਾਨ ਸੰਭਾਲੀ।

ਤਰਨਾ ਦਲ ਅੱਗੋਂ ਪੰਜ ਜਥਿਆਂ ਵਿਚ ਵੰਡ ਦਿੱਤਾ ਗਿਆ। ਇਹ ਪੰਜ ਜਥੇ ਸਨ:-

1. ਜਥਾ ਸ਼ਹੀਦਾਂ
2. ਜਥਾ ਅੰਮ੍ਰਿਤਸਰੀਆਂ
3. ਬਾਬਾ ਕਾਹਨ ਸਿੰਘ ਦਾ ਜਥਾ
4. ਜਥਾ ਡੱਲੇਵਾਲੀਆਂ
5. ਰੰਘਰੇਟੇ ਸਿੰਘਾਂ ਦਾ ਜਥਾ।


ਇਨ੍ਹਾਂ ਪੰਜ ਜਥਿਆਂ ਦੇ ਜਥੇਦਾਰਾਂ ਦੇ ਨਾਲ ਹੋਰ ਵੀ ਪ੍ਰਮੁੱਖ ਸਿੰਘ ਸਨ। 1739 ਈ: ਨਾਦਰ ਸ਼ਾਹ ਦੇ ਹਮਲੇ ਤੋਂ ਪਿੱਛੋਂ ਪੰਜਾਬ ’ਚ ਕੋਈ ਹਕੂਮਤ ਕੰਮ ਨਹੀਂ ਕਰ ਰਹੀ ਸੀ। ਇਸ ਸਮੇਂ ਸਿੰਘ ਜ਼ੋਰ ਪਕੜ ਗਏ। ਸਿੰਘਾਂ ਦਾ ਸਰਕਾਰ ਵਿਰੁੱਧ ਘੋਲ ਤਿੱਖਾ ਹੁੰਦਾ ਗਿਆ। 14 ਅਕਤੂਬਰ 1745 ਈ: ਨੂੰ ਦਲ ਖ਼ਾਲਸੇ ਦਾ ਇਕੱਠ ਹੋਇਆ। ਇੱਥੇ ਦਲ ਖਾਲਸੇ ਨੂੰ ਅੱਗੋਂ ਤੀਹ ਛੋਟੇ ਜਥਿਆਂ ਵਿਚ ਵੰਡ ਦਿੱਤਾ ਗਿਆ। ਜਨਵਰੀ 1748 ਈ: ਵਿਚ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ। ਇਸ ਸਮੇਂ ਖ਼ਾਲਸੇ ਦੇ ਛੋਟੇ-ਛੋਟੇ ਜਥਿਆਂ ਦੇ ਹੋਰ ਜਥੇ ਬਣ ਗਏ। ਇਹ ਗਿਣਤੀ 66 ਤਕ ਪਹੁੰਚ ਗਈ। 1748 ਈ: ਦੀ ਵਿਸਾਖੀ ਨੂੰ ਖ਼ਾਲਸੇ ਦਾ ਇਕੱਠ ਹੋਇਆ। ਨਵਾਬ ਕਪੂਰ ਸਿੰਘ ਨੇ ਮਤਾ ਪੇਸ਼ ਕੀਤਾ ਕਿ ਪੰਥ ਦੀ ਇਕ ਮਜ਼ਬੂਤ ਜਥੇਬੰਦੀ ਬਣਾਈ ਜਾਵੇ। ਇਹ ਮਤਾ ਸਾਰਿਆਂ ਨੇ ਪਰਵਾਨ ਕਰ ਲਿਆ ਤੇ ਸਾਰੇ ਪੰਥ ਦੀ ਸਾਂਝੀ ਜਥੇਬੰਦੀ ਦਾ ਨਾਂ ਦਲ ਖ਼ਾਲਸਾ ਰੱਖਿਆ ਗਿਆ। ਦਲ ਖ਼ਾਲਸੇ ਦਾ ਜਥੇਦਾਰ ਸਰਬਸੰਮਤੀ ਨਾਲ ਸ. ਜੱਸਾ ਸਿੰਘ ਆਹਲੂਵਾਲੀਆ ਚੁਣਿਆ ਗਿਆ। ਉਸ ਦੇ ਮਤਾਹਿਤ ਗਿਆਰਾਂ ਮਿਸਲਾਂ ਬਣਾਈਆਂ ਗਈਆਂ।

ਮਿਸਲਾਂ ਇਹ ਹਨ:

1. ਮਿਸਲ ਆਹਲੂਵਾਲੀਆ
2. ਮਿਸਲ ਫ਼ੈਜ਼ਲਾਪੁਰੀਆਂ ਜਾਂ ਸਿੰਘਪੁਰੀਆਂ
3. ਮਿਸਲ ਸ਼ੁਕਰਚੱਕੀਆਂ
4. ਮਿਸਲ ਨਿਸ਼ਾਨਾਂਵਾਲੀ
5. ਮਿਸਲ ਭੰਗੀਆਂ
6. ਮਿਸਲ ਕਨ੍ਹੱਈਆਂ
7. ਮਿਸਲ ਨਕਈਆਂ
8. ਮਿਸਲ ਡੱਲੇਵਾਲੀ
9. ਮਿਸਲ ਕਰੋੜਾ ਸਿੰਘੀਆਂ
10. ਮਿਸਲ ਸਾਂਘਣੀਆਂ
11. ਮਿਸਲ ਸ਼ਹੀਦਾਂ
12. ਮਿਸਲ ਫੂਲਕੀਆਂ ਇਨ੍ਹਾਂ ਤੋਂ ਵੱਖਰੀ ਹੈ, ਜਿਸ ਦਾ ਬਾਨੀ ਸ. ਆਲਾ ਸਿੰਘ ਪਟਿਆਲਾ ਹੈ।

5 ਫਰਵਰੀ 1762 ਈ: ਨੂੰ ਕੁੱਪ ਰਹੀੜੇ ਦੇ ਮੈਦਾਨ ਵਿਚ ਅਬਦਾਲੀ ਤੇ ਖ਼ਾਲਸਾ ਫੌਜਾਂ ਦੀ ਸਿੱਧੀ ਟੱਕਰ ਹੋਈ। ਖ਼ਾਲਸੇ ਦਾ ਭਾਰੀ ਨੁਕਸਾਨ ਹੋਇਆ। ਇਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਦਸੰਬਰ 1762 ਈ: ਨੂੰ ਅਬਦਾਲੀ ਦੇ ਵਾਪਸ ਕਾਬਲ ਜਾਣ ਪਿੱਛੋਂ ਸਿੰਘ ਫਿਰ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਦਲ ਖ਼ਾਲਸੇ ਦੀ ਜਥੇਬੰਦੀ ਨੂੰ ਫਿਰ ਨਵੇਂ ਸਿਰਿਓਂ ਕਾਇਮ ਕੀਤਾ ਗਿਆ। ਦੋ ਵੱਡੇ ਜਥੇ ਬਣਾਏ ਗਏ ਜਿਸ ਵਿਚ ਆਹਲੂਵਾਲੀਆ, ਸਿੰਘਪੁਰੀਆਂ, ਡੱਲੇਵਾਲੀਆਂ, ਕਰੋੜਾਸਿੰਘੀਆ, ਨਿਸ਼ਾਨਾਂਵਾਲੀ ਤੇ ਸ਼ਹੀਦਾਂਵਾਲੀ ਛੇ ਮਿਸਲਾਂ ਸ਼ਾਮਿਲ ਸਨ, ਜਿਨ੍ਹਾਂ ਦਾ ਪ੍ਰਮੁੱਖ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀ। ਤਰਨਾ ਦਲ- ਭੰਗੀ, ਰਾਮਗੜ੍ਹੀਆਂ, ਕਨ੍ਹਈਆਂ, ਨਕੱਈਆਂ, ਸ਼ੁਕਰਚੱਕੀਆਂ, ਪੰਜ ਮਿਸਲਾਂ ਸਨ ਤੇ ਇਨ੍ਹਾਂ ਦਾ ਜਥੇਦਾਰ ਹਰੀ ਸਿੰਘ ਭੰਗੀ ਸੀ। ਇਸ ਨੂੰ ਗੁਰਧਾਮਾਂ ਦੀ ਸੇਵਾ ਬਖਸ਼ੀ ਗਈ।

ਕੁਝ ਸਮਾਂ ਬਾਅਦ ਜਦੋਂ ਮਿਸਲਾਂ ਦਾ ਸਮਾਂ ਆਇਆ ਤਾਂ ਸਿੱਖ ਆਪੋ ਆਪਣੇ ਜਥੇ ਬਣਾ ਕੇ ਜੰਗਲਾਂ ਤੋਂ ਬਾਹਰ ਆ ਗਏ। ਇਸ ਸਮੇਂ ਵੀ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਸਮਾਂ ਬਹੁਤ ਘੱਟ ਸੀ ਅਤੇ ਉਹ ਆਪਣੇ-ਆਪਣੇ ਧੜੇ ਨੂੰ ਮਜ਼ਬੂਤ ਕਰਨ ਅਤੇ ਸਮੇਂ ਦੀ ਹਕੂਮਤ ਨੂੰ ਖਤਮ ਕਰਨ ਅਤੇ ਬਾਹਰੋਂ ਆ ਰਹੇ ਹਮਲਾਵਰਾਂ ਨੂੰ ਰੋਕਣ ਵਿਚ ਹੀ ਲੱਗੇ ਰਹੇ। ਅਜਿਹੇ ਸਮੇਂ ਵਿਚ ਗੁਰਮਤਿ ਦੇ ਅਮਲੀ ਵਿਚਾਰਾਂ ਦਾ ਪ੍ਰਚਾਰ ਕਰਨਾ ਬੜਾ ਮੁਸ਼ਕਿਲ ਸੀ। ਇਸ ਤਰ੍ਹਾਂ ਕੋਈ ਸੌ ਸਾਲ ਦਾ ਸਮਾਂ ਅਜਿਹਾ ਬੀਤਿਆ ਜਿਸ ਵਿਚ ਸਿੱਖੀ ਦੇ ਪ੍ਰਚਾਰ ਨੂੰ ਬਹੁਤ ਵੱਡੀ ਢਾਹ ਲੱਗੀ।

ਉਨ੍ਹੀਵੀਂ ਸਦੀ ਦੇ ਅਰੰਭ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਸਿੱਖ ਰਾਜ ਦੀ ਨੀਂਹ ਰੱਖੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਲ ਹੀ ਫੂਲਕੀਆ ਰਿਆਸਤਾਂ ਵੀ ਕਾਇਮ ਹੋਈਆ। ਫੂਲਕੀਆਂ ਰਿਆਸਤਾਂ ਅੰਗਰੇਜ਼ੀ ਰਾਜ ਦੇ ਪ੍ਰਭਾਵ ਹੇਠ ਸਨ। ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਸਾਰਾ ਸਮਾਂ ਆਪਣੇ ਰਾਜ ਨੂੰ ਪੱਕੇ ਪੈਰੀਂ ਕਰਨ ਅਤੇ ਫੇਰ ਪੱਛਮੀ ਸਰਹੱਦ ਦੇ ਪਠਾਣਾਂ ਨਾਲ ਜੰਗਾਂ-ਯੁੱਧਾਂ ਵਿਚ ਲੱਗ ਗਿਆ। ਜਿੱਥੋਂ ਤਕ ਹੋ ਸਕਿਆ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਵਾਲੀ ਥਾਂ ’ਤੇ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਕਰਵਾਈ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਦੇ ਸੋਮਿਆਂ ਨੂੰ ਨਰੋਆ ਕਰਨ ਲਈ ਪੂਰਾ ਜ਼ੋਰ ਲਗਾਇਆ। ਗੁਰਦੁਆਰਿਆਂ ਦੇ ਨਾਮ ਜਗੀਰਾਂ ਲਗਵਾਈਆਂ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ ਵੀ ਨਿਹੰਗ ਸਿੰਘਾਂ ਦੀ ਮਿਸਲ ਅਜ਼ਾਦ ਰਹੀ। ਮਹਾਨ ਪਵਿੱਤਰ ਜੀਵਨ ਵਾਲੇ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘਾਂ ਦੀ ਫੌਜ ਬੁੱਢਾ ਦਲ ਦੇ ਜਥੇਦਾਰ ਸਨ, ਜਿਨ੍ਹਾਂ ਦੇ ਹਰ ਹੁਕਮ ਅੱਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿਰ ਨਿਵਾ ਦਿਆ ਕਰਦੇ ਸਨ। ਨਿਹੰਗ ਸਿੰਘਾਂ ਦੀ ਫ਼ੌਜ ਨੂੰ ਅਕਾਲ ਰੈਜਮੈਂਟ ਦਾ ਨਾਂ ਦਿੱਤਾ ਗਿਆ ਸੀ। ਇਹ ਗੈਰ-ਆਇਨੀ ਫ਼ੌਜ ਸੀ। ਇਨ੍ਹਾਂ ਨੇ ਆਇਨੀ ਫ਼ੌਜ ਵਾਂਗ ਅੰਗਰੇਜ਼ ਅਫਸਰਾਂ ਤੋਂ ਕੋਈ ਸਿਖਲਾਈ ਨਹੀਂ ਸੀ ਲਈ, ਕਿਉਂਕਿ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਆਖ ਦਿੱਤਾ ਸੀ ਕਿ ਅਸੀਂ ਤੀਵੀਆਂ ਵਾਂਗ ਨੱਚਣ ਦੀ ਸਿਖਲਾਈ ਅੰਗਰੇਜ਼ਾਂ ਤੋਂ ਨਹੀਂ ਲੈਣੀ, ਸਾਨੂੰ ਜਦੋਂ ਬੇਨਤੀ ਕਰੇਂਗਾ ਯੁੱਧ ਦੇ ਮੈਦਾਨ ਵਿਚ ਭੜਥੂ ਪਾ ਦਿਆਂਗੇ। ਇਨ੍ਹਾਂ ਨੇ ਅੰਗਰੇਜ਼ ਫ਼ੌਜ ਵਾਲੀ ਵਰਦੀ ਧਾਰਨ ਨਹੀਂ ਕੀਤੀ ਅਤੇ ਨਾ ਹੀ ਅੰਗਰੇਜ਼ਾਂ ਵਾਲੀ ਯੁੱਧ-ਨੀਤੀ ਅਪਣਾਈ। ਆਪਣਾ ਨੀਲਾ ਬਾਣਾ ਅਸਤਰ-ਸ਼ਸਤਰ ਪੰਰਪਰਾਵਾਦੀ ਢੰਗ ਵਾਲੇ ਹੀ ਧਾਰਨ ਕੀਤੇ ਅਤੇ ਪੁਰਾਣੀ ਰਵਾਇਤੀ ਯੁੱਧ-ਕਲਾ ਨੂੰ ਅਪਣਾ ਕੇ ਹਰ ਮੈਦਾਨ ਵਿਚ ਲੜੇ।

ਇਹੋ ਕਾਰਨ ਹੈ ਕਿ ਅੰਗਰੇਜ਼ਾਂ ਅਤੇ ਅੰਗਰੇਜ਼ ਪੱਖੀ ਇਤਿਹਾਸਕਾਰਾਂ ਨੇ ਨਿਹੰਗ ਸਿੰਘਾਂ ਦੇ ਵਿਰੁੱਧ ਲਿਖਿਆ ਹੈ। ਉਨ੍ਹਾਂ ਨੂੰ ਹਰ ਖੇਤਰ ਵਿਚ ਨਜ਼ਰ-ਅੰਦਾਜ਼ ਕੀਤਾ ਜਾਣ ਲੱਗਾ।

ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਈ ਜੰਗਾਂ ਵਿਚ ਹਿੱਸਾ ਲਿਆ। ਇਹ ਇੰਨੀ ਦਲੇਰੀ ਨਾਲ ਜੰਗ ਦੇ ਮੈਦਾਨ ਵਿਚ ਜੂਝਦੇ ਕਿ ਦੁਸ਼ਮਣ ਦੰਗ ਰਹਿ ਜਾਂਦਾ। ਮੁਲਤਾਨ ਦੀ ਲੜਾਈ, ਪਿਸ਼ਾਵਰ ਦੀ ਜੰਗ, ਕਸ਼ਮੀਰ ਦੀ ਜੰਗ, ਸੂਬਾ ਸਰਹੱਦ ਤੇ ਪਠਾਣਾਂ ਨਾਲ ਜੰਗਾਂ ਦੌਰਾਨ ਅਕਾਲ ਰੈਜਮੈਂਟ ਦੀ ਭੂਮਿਕਾ ਅਹਿਮ ਰਹੀ। ਇਕ ਵਾਰ ਅਕਾਲੀ ਫੂਲਾ ਸਿੰਘ ਜੀ ਨੇ ਅਰਦਾਸਾ ਸੋਧ ਕੇ ਨੌਸ਼ਹਿਰੇ ਵੱਲ ਚੜ੍ਹਾਈ ਕੀਤੀ, ਪਰ ਸ਼ੇਰ-ਏ-ਪੰਜਾਬ ਨੇ ਕਿਹਾ ਕਿ ਅਜੇ ਥੋੜ੍ਹਾ ਸਮਾਂ ਠਹਿਰ ਕੇ ਚੜ੍ਹਾਈ ਕਰਨੀ ਚਾਹੀਦੀ ਹੈ, ਕਿਉਂਕਿ ਪਠਾਣੀ ਫੌਜ ਸਾਡੀ ਖਾਲਸਾਈ ਫੌਜ ਨਾਲੋਂ ਵਧੇਰੇ ਹੈ। ਇਹ ਸੁਣ ਕੇ ਅਕਾਲੀ ਜੀ ਨੇ ਜਵਾਬ ਦਿੱਤਾ ਕਿ ਮੈਂ ਅਰਦਾਸਾ ਸੋਧ ਕੇ ਤੁਰਿਆ ਹਾਂ, ਪਿੱਛੇ ਨਹੀਂ ਹਟ ਸਕਦਾ ਅਤੇ ਉਨ੍ਹਾਂ ਨੇ ਨੌਸ਼ਹਿਰੇ ਦੀ ਜੰਗ ਬੜੀ ਸੂਰਬੀਰਤਾ ਨਾਲ ਲੜੀ ਅਤੇ ਆਪ ਸ਼ਹੀਦੀ ਪਾ ਕੇ ਫ਼ਤਿਹ ਖਾਲਸੇ ਨੂੰ ਦਿਵਾਈ।

ਅਕਾਲੀ ਫੂਲਾ ਸਿੰਘ ਤੋਂ ਬਾਅਦ ਬੁੱਢਾ ਦਲ ਦੀ ਕਮਾਨ ਬਾਬਾ ਹਨੂਮਾਨ ਸਿੰਘ ਜੀ ਨੇ ਸੰਭਾਲੀ। ਪੰਜਾਬ ਪ੍ਰਦੇਸ਼ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਚ ਨੌਰੰਗ ਸਿੰਘ ਵਾਲਾ ਪਿੰਡ ਹੈ। ਇਹ ਪਿੰਡ ਜ਼ੀਰਾ-ਮੱਲਾਂਵਾਲਾ ਸੜਕ ’ਤੇ ਅਬਾਦ ਹੈ। ਰੇਲਵੇ ਸਟੇਸ਼ਨ ਮੱਲਾਂਵਾਲਾ ਇਸ ਪਿੰਡ ਤੋਂ 24 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸੇ ਪਿੰਡ ਵਿਚ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਸੰਨ 1756 ਈ: ਵਿਚ ਹੋਇਆ।

ਨਿਹੰਗ ਸਿੰਘ ਅੰਗਰੇਜ਼ਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੇ ਅਤੇ ਨਾ ਹੀ ਚਾਹੁੰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਨਾਲ ਦੋਸਤਾਨਾ ਸੰਬੰਧ ਰੱਖੇ। ਅਕਾਲੀ ਫੂਲਾ ਸਿੰਘ ਤੇ ਉਨ੍ਹਾਂ ਦੇ ਸਾਥੀ ਇਸ ਗੱਲ ਦੇ ਖ਼ਿਲਾਫ਼ ਸਨ ਕਿ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਕੋਈ ਸੰਧੀ ਕਰੇ, ਪਰੰਤੂ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਸੁਖਾਵੇਂ ਸੰਬੰਧ ਬਣਾਉਣਾ ਚਾਹੁੰਦਾ ਸੀ। ਨਿਹੰਗ ਸਿੰਘ ਅੰਗਰੇਜ਼ ਅਫਸਰ ਅਤੇ ਉਨ੍ਹਾਂ ਦੇ ਕਰਿੰਦਿਆਂ ਦੇ ਜੀਵਨ ਲਈ ਹਮੇਸ਼ਾਂ ਖ਼ਤਰਾ ਸਨ। ਜਦੋਂ ਕੋਈ ਵੱਡਾ ਅੰਗਰੇਜ਼ ਅਧਿਕਾਰੀ ਜਾਂ ਸਿਆਸਤਦਾਨ ਪੰਜਾਬ ਦਾ ਦੌਰਾ ਕਰਨ ਲਈ ਆਉਂਦਾ ਤਾਂ ਮਹਾਰਾਜੇ ਨੂੰ ਉਸ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨੇ ਪੈਂਦੇ ਸਨ। ਇਸ ਬਾਰੇ ਸ. ਖੁਸ਼ਵੰਤ ਸਿੰਘ ਨੇ ਲਿਖਿਆ ਹੈ ਕਿ ਜਦੋਂ ਮੈਟਕਾਫ ਮਹਾਰਾਜਾ ਰਣਜੀਤ ਸਿੰਘ ਨਾਲ ਖਾਲਸਾ ਰਾਜ ਦੀਆਂ ਸਰਹੱਦਾਂ ਬਾਰੇ ਵਿਚਾਰ ਕਰ ਰਿਹਾ ਸੀ ਤਾਂ ਨਿਹੰਗ ਸਿੰਘਾਂ ਤੇ ਮੈਟਕਾਫ ਦੇ ਸੁਰੱਖਿਆ ਕਰਮੀਆਂ ਵਿਚਕਾਰ ਮੁਠਭੇੜ ਹੋਈ ਸੀ। ਸਮਕਾਲੀ ਸ੍ਰੋਤਾਂ ਵਿਚ ਉਸ ਨੇ ਵਿਸਤਾਰ ਸਹਿਤ ਉਦਾਹਰਣ ਦਿੱਤੀ ਹੈ।

1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ਅਤੇ ਉਸ ਪਿੱਛੋਂ ਲਾਹੌਰ ਦਰਬਾਰ ਵਿਚ ਅਣਸੁਖਾਵੀਆਂ ਘਟਨਾਵਾਂ ਵਾਪਰਨ ਲੱਗ ਪਈਆਂ। ਇਨ੍ਹਾਂ ਘਟਨਾਵਾਂ ਦਾ ਫਾਇਦਾ ਉਠਾਉਂਦੇ ਹੋਏ ਲਾਹੌਰ ਦੇ ਉੱਚ ਅਧਿਕਾਰੀ ਪ੍ਰਧਾਨ ਮੰਤਰੀ ਰਾਜਾ ਲਾਲ ਸਿਹੁੰ ਅਤੇ ਖਾਲਸਾ ਫੌਜ ਦੇ ਕਮਾਂਡਰ ਰਾਜਾ ਤੇਜ ਸਿਹੁੰ ਨੂੰ ਅੰਗਰੇਜ਼ਾਂ ਨੇ ਮਦਦ ਕਰਨ ਤੇ ਖਾਲਸਾ ਫੌਜ ਨਾਲ ਧੋਖਾ ਕਰਨ ਲਈ ਮਨਾ ਲਿਆ ਅਤੇ ਇਸ ਸੰਬੰਧੀ ਸਾਜ਼ਸ਼ਾਂ ਤਿਆਰ ਕਰ ਲਈਆਂ ਗਈਆਂ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰਮੁੱਖ ਸਿੱਖ ਘਰਾਣਿਆਂ ਦਾ ਅਹਿਮ ਰੋਲ ਰਿਹਾ ਹੈ। ਕੁਝ ਇਕ ਸਿੱਖ ਘਰਾਣੇ ਐਸੇ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਨਾ ਕੀਤੀ ਤੇ ਉਨ੍ਹਾਂ ਦੇ ਇਸ਼ਾਰਿਆਂ ’ਤੇ ਨਾ ਚੱਲੇ। ਉਨ੍ਹਾਂ ਨੂੰ ਆਪਣੀਆਂ ਜਗੀਰਾਂ ਵੀ ਜਬਤ ਕਰਾਉਣੀਆਂ ਪਈਆਂ। ਕੁਝ ਇਕ ਘਰਾਣੇ ਪਰਵਾਰਿਕ ਗੁੱਟਬੰਦੀ ਦਾ ਸ਼ਿਕਾਰ ਵੀ ਹੋਏ।

ਪੰਜਾਬ ਪ੍ਰਦੇਸ਼ ਦੇ ਜ਼ਿਲ੍ਹਾ ਅਤੇ ਤਹਿਸੀਲ ਫਿਰੋਜ਼ਪੁਰ ਵਿਚ ਮੁਦਕੀ ਨਾਂ ਦਾ ਇਕ ਕਸਬਾ ਹੈ। ਇਹ ਕਸਬਾ ਤਲਵੰਡੀ-ਫਰੀਦਕੋਟ ਸੜਕ ’ਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਅਬਾਦ ਹੈ। ਸੰਨ 1845-46 ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਇਸੇ ਮੁਦਕੀ ਦੇ ਸਥਾਨ ’ਤੇ ਜੰਗ ਹੋਈ। ਅੰਗਰੇਜ਼ ਸਰਕਾਰ ਸਾਲਾਂ ਤੋਂ ਪੰਜਾਬ ’ਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਬਣਾ ਰਹੀ ਸੀ ਅਤੇ ਆਨੇ-ਬਹਾਨੇ ਪੰਜਾਬ ’ਤੇ ਹਮਲਾ ਕਰਨਾ ਚਾਹੁੰਦੀ ਸੀ। ਸਿੱਖ ਰਾਜ ਦੇ ਗ਼ੱਦਾਰਾਂ ਗੁਲਾਬ ਸਿਹੁੰ ਡੋਗਰਾ, ਤੇਜ ਸਿਹੁੰ, ਮਿਸਰ ਲਾਲ ਸਿਹੁੰ ਆਦਿ ਨੇ ਅੰਗਰੇਜ਼ਾਂ ਨਾਲ ਗੁਪਤ ਸੰਧੀ ਕਰਕੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਦਾ ਘਾਤਕ ਫੈਸਲਾ ਕਰਕੇ ਅੰਗਰੇਜ਼ਾਂ ਦੀ ਚਾਹਤ ’ਤੇ ਫੁੱਲ ਚੜਾਏ। ਮਹਾਰਾਣੀ ਜਿੰਦ ਕੌਰ ਨੇ ਸਿੱਖ ਰਾਜ ਨੂੰ ਬਚਾਉਣ ਲਈ ਇਕ ਚਿੱਠੀ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਇਕ ਚਿੱਠੀ ਬਾਬਾ ਹਨੂਮਾਨ ਸਿੰਘ ਜੀ ਨੂੰ ਲਿਖ ਕੇ ਸਿੱਖ ਰਾਜ ਨੂੰ ਬਚਾਉਣ ਦੀ ਬੇਨਤੀ ਕੀਤੀ।

11 ਦਸੰਬਰ 1845 ਈ: ਨੂੰ ਖਾਲਸਾ ਫੌਜ ਨੇ ਲਾਲ ਸਿਹੁੰ ਅਤੇ ਤੇਜ ਸਿਹੁੰ ਦੀ ਅਗਵਾਈ ਵਿਚ ਦਰਿਆ ਸਤਲੁਜ ਪਾਰ ਕੀਤਾ ਅਤੇ 13 ਦਸੰਬਰ 1845 ਨੂੰ ਲਾਰਡ ਹਾਰਡਿੰਗ ਗਵਰਨਰ ਜਨਰਲ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਉਸ ਸਮੇਂ ਅੰਗਰੇਜ਼ਾਂ ਪਾਸ ਫਿਰੋਜ਼ਪੁਰ ਵਿਚ ਸਿਰਫ 8000 ਸੈਨਿਕ ਸਨ। ਜੇਕਰ ਲਾਲ ਸਿਹੁੰ ਉਸ ਸਮੇਂ ਅੰਗਰੇਜ਼ਾਂ ’ਤੇ ਹਮਲਾ ਕਰ ਦਿੰਦਾ ਤਾਂ ਅੰਗਰੇਜ਼ਾਂ ਦੀ ਹਾਰ ਨਿਸ਼ਚਿਤ ਸੀ ਪਰ ਉਸ ਨੇ ਇਸ ਤਰ੍ਹਾਂ ਨਾ ਕੀਤਾ, ਸਗੋਂ ਫਿਰੋਜ਼ਪੁਰ ਦੇ ਸਹਾਇਕ ਏਜੰਟ ਨਿਕਲਸਨ ਦੀ ਸਲਾਹ ਨਾਲ ਸਿੱਖ ਸੈਨਾ ਨੂੰ ਪਹਿਲਾਂ ਹੀ ਮਿਥੀ ਵਿਉਂਤ ਅਨੁਸਾਰ ਅਲੱਗ-ਅਲੱਗ ਦਿੱਤਾ। ਇਕ ਡਿਵੀਜ਼ਨ ਨੂੰ ਲੁਧਿਆਣਾ ਭੇਜ ਦਿੱਤਾ ਗਿਆ। ਇਕ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਅਗਵਾਈ ਵਿਚ ਹਰੀਕੇ ਵਿਚ ਪੜਾਅ ਕਰ ਲਿਆ। ਦੋ ਡਿਵੀਜ਼ਨਾਂ ਦੀ ਅਗਵਾਈ ਫਿਰੋਜ਼ਪੁਰ ਦੇ ਨੇੜੇ ਤੇਜ ਸਿਹੁੰ ਕਰ ਰਿਹਾ ਸੀ ਅਤੇ ਬਾਕੀ ਦੀ ਸੈਨਾ ਫਿਰੋਜ਼ਪੁਰ ਵਿਚ ਲਾਲ ਸਿਹੁੰ ਦੇ ਅਧੀਨ ਸੀ।

ਸਿੱਖ ਸੈਨਾ ਨੂੰ ਉਦੋਂ ਤਕ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਗਈ ਜਦੋਂ ਤਕ ਸਰ ਹਿਊਂਗ ਗ੍ਰਾਫ ਦੀ ਅਗਵਾਈ ਹੇਠ ਅੰਗਰੇਜ਼ ਸੈਨਾ ਨੇ ਪੂਰੀ ਤਿਆਰੀ ਨਾ ਕਰ ਲਈ। ਅੰਗਰੇਜ਼ ਫੌਜ ਨੇ 12000 ਸੈਨਿਕ, 48 ਤੋਪਾਂ ਤੇ ਚਾਰ ਘੋੜਸਵਾਰ ਤੋਪਖਾਨੇ ਦੇ ਦਸਤੇ ਸ਼ਾਮਲ ਕਰਕੇ ਫਿਰੋਜ਼ਪੁਰ ਤੋਂ 15-16 ਕਿਲੋਮੀਟਰ ਦੀ ਦੂਰੀ ’ਤੇ ਮੁਦਕੀ ਪਿੰਡ ਆ ਪਹੁੰਚੀ। ਲਾਲ ਸਿਹੁੰ ਛੋਟੀ ਜਿਹੀ ਸਿੱਖ ਸੈਨਾ ਜਿਸ ਵਿਚ 2000 ਪੈਦਲ ਸੈਨਿਕ, 3500 ਘੋਸਵਾਰ ਤੇ 20 ਤੋਪਾਂ ਸ਼ਾਮਿਲ ਸਨ ਲੈ ਕੇ ਮੁਦਕੀ ਪਹੁੰਚ ਗਿਆ। ਇੱਥੇ ਹੀ ਪਹਿਲੀ ਲੜਾਈ ਹੋਈ ਤੇ ਲਾਲ ਸਿਹੁੰ ਲੜਾਈ ਦੇ ਸ਼ੁਰੂ ਵਿਚ ਹੀ ਸਿੱਖ ਸੈਨਾ ਨੂੰ ਛੱਡ ਕੇ ਦੌੜ ਗਿਆ। ਸਿੱਖ ਸੈਨਾ ਨੇ ਬਹੁਤ ਹੀ ਡੱਟ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਸਿੱਖ ਅੰਗਰੇਜ਼ਾਂ ਦੇ ਮੁਕਾਬਲੇ ਵਿਚ ਬਹੁਤ ਘੱਟ ਗਿਣਤੀ ਵਿਚ ਸਨ ਅਤੇ ਉਨ੍ਹਾਂ ਨੂੰ ਆਪਣੇ ਸੈਨਾਪਤੀ ਦੀ ਗ਼ੱਦਾਰੀ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ।

ਬਾਬਾ ਹਨੂਮਾਨ ਸਿੰਘ ਜੀ ਵੱਲੋਂ ਵੀ ਮੁਦਕੀ ਦੇ ਮੈਦਾਨ ਵਿਚ ਇਹ ਜੰਗ ਲੜੀ ਗਈ ਸੀ। ਉਹ ਆਪਣੀ ਖਾਲਸਾ ਫੌਜ ਸਮੇਤ ਸ਼ਾਮਲ ਹੋਏ। ਬਹੁਤ ਸਾਰੀ ਅੰਗਰੇਜ਼ ਫੌਜ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਗਰੇਜ਼ ਟੁੰਡੇ ਲਾਟ ਨੂੰ ਭਜਾਇਆ। ‘ਜੰਗਨਾਮਾ ਸਿੰਘਾ ਤੇ ਫਰੰਗੀਆਂ’ ਵਿਚ ਇਸ ਬਾਰੇ ਸ਼ਾਹ ਮੁਹੰਮਦ ਨੇ ਜ਼ਿਕਰ ਕੀਤਾ ਹੈ ਕਿ:

ਇਕ ਪਿੰਡ ਦਾ ਨਾਮ ਜੋ ਮੁਦਕੀ ਸੀ, ਉਥੇ ਭਰੀ ਸੀ ਪਾਣੀ ਦੀ ਖੱਡ ਮੀਆਂ।
ਘੋੜੇ ਚੜ੍ਹ ਤੇ ਨਵੇਂ ਅਕਾਲੀਏ ਜੀ, ਝੰਡੇ ਦੇਂਵਦੇ ਅੱਗੇ ਜਾਇ ਗੱਡ ਮੀਆਂ।
ਤੋਪਾਂ ਚੱਲੀਆਂ ਕਟਕ ਫਰੰਗੀਆਂ ਦੇ, ਗੋਲੇ ਤੋੜਦੇ ਮਾਸ ਤੇ ਹੱਡ ਮੀਆਂ’
‘ਸ਼ਾਹ ਮੁਹੰਮਦਾ’ ਪਿਛਾਂਹ ਨੂੰ ਉਠ ਨੱਸੇ, ਤੋਪਾਂ ਸਭ ਆਏ ਉਥੇ ਛੱਡ ਮੀਆਂ।
ਉਧਰੋਂ ਆਪ ਫਰੰਗੀ ਨੂੰ ਭਾਂਜ ਆਈ,ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ।
ਚੱਲੇ ਤੋਪਖਾਨੇ ਸਾਰੇ ਬੇੜੀਆਂ ਦੇ, ਮਗਰੋ ਹੋਈ ਬੰਦੂਕਾਂ ਦੀ ਫੰਡ ਮੀਆਂ।
ਕਿਸੇ ਜਾਇ ਕੇ ਲਾਟ ਨੂੰ ਖਬਰ ਦਿੱਤੀ, ਨੰਦਨ ਹੋਇ ਬੈਠੀ ਤੇਰੀ ਰੰਡ ਮੀਆਂ।
‘ਸ਼ਾਹ ਮੁਹੰਮਦਾ’ ਦੇਖ ਮੈਦਾਨ ਜਾ ਕੇ, ਰੁਲਦੀ ਗੋਰਿਆਂ ਦੀ ਉਥੇ ਝੰਡ ਮੀਆਂ।
ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰ ਸਾਲੀ।
ਪਿੱਛੋਂ ਭਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।

ਬਾਬਾ ਹਨੂਮਾਨ ਸਿੰਘ ਜੀ ਨੇ ਸਿੰਘਾਂ ਨੂੰ ਨਾਲ ਲੈ ਕੇ ਮੁਦਕੀ ਦੀ ਜੰਗ ਵਿੱਚੋਂ ਬਰਤਾਨਵੀ ਸੈਨਾ ਨੂੰ ਭਜਾਇਆ ਅਤੇ ਸਿੱਖ ਰਾਜ ਦੀ ਮਦਦ ਕੀਤੀ। ਜੇਕਰ ਉਸ ਸਮੇਂ ਪਟਿਆਲਾ, ਜੀਂਦ, ਫਰੀਦਕੋਟ, ਕੈਥਲ ਆਦਿ ਦੀਆਂ ਰਿਆਸਤਾਂ ਅੰਗਰੇਜ਼ਾਂ ਨਾਲ ਨਾ ਰਲਦੀਆਂ ਅਤੇ ਸਿੱਖ ਫੌਜ ਨਾਲ ਸੈਨਾਪਤੀ ਗ਼ੱਦਾਰੀ ਨਾ ਕਰਦੇ ਤਾਂ ਅੰਗਰੇਜ਼ਾਂ ਦਾ ਪੰਜਾਬ ’ਤੇ ਕਬਜ਼ਾ ਹੋਣਾ ਮੁਸ਼ਕਿਲ ਸੀ। ਟੁੰਡੇ ਲਾਟ ਨੇ ਵਲੈਤ ਵਿਚ ਖਬਰਾਂ ਭੇਜ ਦਿੱਤੀਆਂ ਸਨ ਅਤੇ ਫੌਜ ਨੂੰ ਹੁਕਮ ਕਰ ਦਿੱਤਾ ਸੀ, ਭੱਜ ਜਾਓ ਜੋ ਭੱਜਣਾ ਚਾਹੁੰਦਾ ਹੈ। ਅਕਾਲੀ ਆ ਗਏ ਹਨ। ਅਬ ਨਹੀਂ ਛੋੜੇਂਗੇ। ਜਦੋਂ ਇਹ ਖਬਰ ਸੁਣੀ ਤਾਂ ਸਾਰੇ ਟਾਪੂਆਂ ਵਿਚ ਹਫੜਾ-ਦਫੜੀ ਮੱਚ ਗਈ, ਜਿਸ ਦਾ ਸ਼ਾਹ ਮੁਹੰਮਦ ਨੇ ਜ਼ਿਕਰ ਕੀਤਾ ਹੈ:

ਨੰਦਨ ਟਾਪੂਆਂ ਵਿਚ ਕੁਰਲਾਟ ਹੋਇਆ, ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।

ਅੰਗਰੇਜ਼ਾਂ ਦਾ ਚਾਰ ਹਜ਼ਾਰ ਅਫਸਰ ਮਰ ਗਿਆ ਤਾਂ ਇਸ ਤਰ੍ਹਾਂ ਟੁੰਡੇ ਲਾਟ ਨੂੰ ਭਾਜ ਦੇ ਕੇ ਬਾਬਾ ਜੀ ਦਾ ਜਥਾ ਪਟਿਆਲੇ ਵੱਲ ਆ ਗਿਆ। ਉਧਰ ਪਹਾੜਾ ਸਿੰਘ ਫਰੀਦਕੋਟੀਏ ਨੇ ਟੁੰਡੇ ਲਾਟ ਦੀ ਮਦਦ ਕੀਤੀ। ਟੁੰਡਾ ਲਾਟ ਫੌਜਾਂ ਲੈ ਕੇ ਲਾਹੌਰ ਵੱਲ ਵਧਿਆ। ਬਾਬਾ ਜੀ ਆਪਣੇ ਜਥੇ ਸਮੇਤ ਪਟਿਆਲਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਆਏ ਜਿਸ ਨੂੰ ਪਹਿਲਾਂ ਨਿਹੰਗਾਂ ਸਿੰਘਾਂ ਦਾ ਟੋਭਾ ਕਿਹਾ ਜਾਂਦਾ ਸੀ। ਪਟਿਆਲੇ ਬਾਰੇ ਉਸ ਸਮੇਂ ਇਹ ਕਹਾਵਤ ਮਸ਼ਹੂਰ ਸੀ ਕਿ ‘ਤੇਰਾ ਘਰ ਸੋ ਮੇਰਾ ਘਰ’ ਸਿੰਘਾਂ ਨੇ ਸਮਝਿਆ ਕਿ ਇਹ ਗੱਲ ਹੈ ਕਿ ‘ਤੇਰਾ ਘਰ ਸੋ ਮੇਰਾ ਘਰ’ ਅਤੇ ਨਾਲੇ ਸਿੱਖ ਰਿਆਸਤ ਹੈ। ਸੋ ਬਾਬਾ ਜੀ ਨੇ ਇਸ ਗੱਲ ’ਤੇ ਇਤਬਾਰ ਕਰਕੇ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਬਗੀਚੀ ਬਾਬਾ ਰਾਜੂ ਸਿੰਘ ਜੀ ਸ਼ਹੀਦ ਇਨ੍ਹਾਂ ਦੋਨਾਂ ਥਾਵਾਂ ’ਤੇ ਆਪਣੇ ਦਲ ਦਾ ਉਤਾਰਾ ਕਰ ਲਿਆ। ਨਿਹੰਗ ਸਿੰਘਾਂ ਦਾ ਜਥਾ ਅਜੇ ਆਰਾਮ ਕਰਨ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ ਕਿ ਪਟਿਆਲੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ਼ਾਂ ਤੋਂ ਡਰਦਿਆਂ ਇਨ੍ਹਾਂ ’ਤੇ ਫੌਜਾਂ ਚਾੜ੍ਹ ਦਿੱਤੀਆਂ। ਰਾਜੇ ਦੀਆਂ ਫੌਜਾਂ ਨੇ ਤੋਪਾਂ ਨਾਲ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਨਿਹੰਗ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਬਾਬਾ ਹਨੂਮਾਨ ਸਿੰਘ ਜੀ ਨੇ ਆਪ ਹੱਲਾ ਬੋਲ ਕੇ ਆਪ ਤੋਪ ਦੇ ਮੂੰਹ ਵਿਚ ਭੂਰਾ ਦਿੱਤਾ ਅਤੇ ਤੋਪਚੀਆਂ ਨੂੰ ਝਟਕਾਇਆ। ਇੱਥੇ 1500 ਸਿੰਘ ਸ਼ਹੀਦ ਹੋਏ। ਇਨ੍ਹਾਂ ਸ਼ਹੀਦ ਨਿਹੰਗ ਸਿੰਘਾਂ ਦੀ ਯਾਦਗਾਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਨੇੜੇ ਇਤਿਹਾਸਕ ਬੋਹੜ ਥੱਲੇ ਸੀ। ਬਾਬਾ ਜੀ ਇੱਥੋਂ ਘੁੜਾਮ ਵੱਲ ਚਲੇ ਗਏ। ਇੱਥੇ ਵੀ ਫੌਜ ਨਾਲ ਟਾਕਰਾ ਹੋਇਆ। ਘੁੜਾਮ ਵਿਖੇ ਬਾਬਾ ਜੀ ਨੂੰ ਇਕ ਤੋਪ ਦਾ ਗੋਲਾ ਲੱਗਾ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀ ਹਾਲਤ ਵਿਚ ਵੀ ਬਾਬਾ ਜੀ ਦੁਸ਼ਮਣਾਂ ਦਾ ਮੁਕਾਬਲਾ ਦਲੇਰੀ ਨਾਲ ਕਰਦੇ ਰਹੇ। ਇੱਥੋਂ ਆਪ ਰਾਜਪੁਰੇ ਤੋਂ ਹੁੰਦੇ ਹੋਏ ਕੁੰਬੜਾ-ਸੋਹਾਣਾ ਪਹੁੰਚ ਗਏ। ਕੁੰਬੜਾ, ਸੋਹਾਣਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤਹਿਸੀਲ ਦਾ ਪਿੰਡ ਚੰਡੀਗੜ੍ਹ-ਸਰਹਿੰਦ ਸੜਕ ’ਤੇ ਅਬਾਦ ਹੈ। ਰੇਲਵੇ ਸਟੇਸ਼ਨ ਚੰਡੀਗੜ੍ਹ ਇੱਥੋਂ 13 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਸਥਾਨ ’ਤੇ ਵੀ ਸਖਤ ਲੜਾਈ ਹੋਈ ਅਤੇ ਬਾਬਾ ਹਨੂਮਾਨ ਸਿੰਘ ਜੀ 500 ਸਿੰਘਾਂ ਸਮੇਤ 1846 ਈ: ਨੂੰ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦ ਸਿੰਘਾਂ ਦਾ ਸਸਕਾਰ ਸੋਹਾਣਾ ਵਿਖੇ ਹੀ ਕੀਤਾ ਗਿਆ। ਇੱਥੇ ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਾਢੇ ਚਾਰ ਏਕੜ ਵਿਚ ਬਹੁਤ ਹੀ ਆਲੀਸ਼ਾਨ ਇਮਾਰਤ ਸੁਸ਼ੋਭਿਤ ਹੈ। ਬਾਬਾ ਹਨੂਮਾਨ ਸਿੰਘ ਜੀ ਨੇ 11 ਸਾਲ ਬੁੱਢਾ ਦਲ ਦੇ ਮੁੱਖ ਸੇਵਾਦਾਰ ਦੇ ਤੌਰ ’ਤੇ ਸੇਵਾ-ਸੰਭਾਲ ਕੀਤੀ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)