editor@sikharchives.org
Nankana Sahib

…ਬਾਬਾ ਤੇਰਾ ਨਨਕਾਣਾ

ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਬੜੀਆਂ ਮਜ਼ਬੂਤ ਤੇ ਸੁੰਦਰ ਬਣੀਆਂ ਹੋਈਆਂ ਹਨ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਨ ਕਾਰਨ ਸਿੱਖਾਂ ਦੀ ਅਰਦਾਸ ਵਿਚ ਸ਼ਾਮਲ ਲੱਖਾਂ-ਕਰੋੜਾਂ ਦਿਲਾਂ ਦੀ ਇਹ ਵੇਦਨਾ, “ਸੱਚੇ ਪਾਤਸ਼ਾਹ ਜੀਓ! ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਬਖ਼ਸ਼ੋ” ਹਮੇਸ਼ਾਂ ਮਨ ਨੂੰ ਟੁੰਬਦੀ ਰਹੀ ਹੈ। ਇਸੇ ਵੇਦਨਾ ਨੂੰ ਤ੍ਰਿਪਤ ਕਰਨ ਲਈ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਬੰਧੀ ਗੁਰਪੁਰਬ ’ਤੇ ਆਪਣੇ ਸਾਥੀ ਸ. ਇੰਦਰਜੀਤ ਸਿੰਘ ਤੇ ਸ. ਅਜੀਤ ਸਿੰਘ ਜਿਨ੍ਹਾਂ ਦੇ ਬਜ਼ੁਰਗ 1947 ਵਿਚ ਪਾਕਿਸਤਾਨ ਵਿੱਚੋਂ ਸ਼ਰਨਾਰਥੀਆਂ ਵਜੋਂ ਇਧਰ ਆ ਵੱਸੇ ਸਨ, ਨਾਲ ਸਿੱਖ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਲੈਣ ਦਾ ਯਤਨ ਕੀਤਾ ਪਰ ਵੀਜ਼ਾ ਨਾ ਲੱਗ ਸਕਿਆ ਤੇ ਮੈਨੂੰ ਆਪਣੇ ਸਾਥੀਆਂ ਨੂੰ ਅੰਮ੍ਰਿਤਸਰ ਤੋਂ ਅਟਾਰੀ ਲਈ ਰਵਾਨਾ ਕਰਦਿਆਂ ਭਰੇ ਮਨ ਨਾਲ ਵਾਪਸ ਮੁੜਨਾ ਪਿਆ ਸੀ। ਉਨ੍ਹਾਂ ਵੱਲੋਂ ਪਾਕਿਸਤਾਨ ਤੋਂ ਵਾਪਸ ਆ ਕੇ ਦੱਸੇ ਵੇਰਵਿਆਂ ਨੇ ਵੈਰਾਗ ਤੇ ਤੜਪ ਨੂੰ ਹੋਰ ਵੀ ਵਧਾ ਦਿੱਤਾ ਤੇ ਵਿਸਾਖੀ ਸਮੇਂ ਜਾਣ ਵਾਲੇ ਜਥੇ ਨਾਲ ਜਾਣ ਲਈ ਦੁਬਾਰਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ। ਸਾਰੀ ਲੋੜੀਂਦੀ ਕਾਰਵਾਈ ਮੁਕੰਮਲ ਕਰਵਾਉਣ ਦੇ ਬਾਵਜੂਦ ਵੀ ਯਕੀਨ ਨਹੀਂ ਸੀ ਕਿ ਵੀਜ਼ਾ ਮਿਲੇਗਾ ਪਰ 7 ਅਪ੍ਰੈਲ ਦੇ ਅਖ਼ਬਾਰਾਂ ਰਾਹੀਂ ਮਿਲੀ ਸੂਚਨਾ ਦੇ ਆਧਾਰ ’ਤੇ ਵੀਜ਼ਾ ਮਿਲ ਚੁੱਕਾ ਸੀ ਤੇ ਜਥਾ 8 ਅਪ੍ਰੈਲ ਨੂੰ ਹੀ ਰਵਾਨਾ ਹੋ ਰਿਹਾ ਸੀ। ਛੇਤੀ ਤੇ ਕਾਹਲੀ ਵਿਚ ਤਿਆਰੀ ਕਰਨ ਦੇ ਬਾਵਜੂਦ ਵੀ 7 ਅਪ੍ਰੈਲ ਨੂੰ ਰਾਤ ਦੇ 8 ਵਜੇ ਸ੍ਰੀ ਦਰਬਾਰ ਸਾਹਿਬ ਪੁੱਜਿਆ ਪਰ ਕਿਸੇ ਸਾਥੀ ਦਾ ਸਾਥ ਨਾ ਹੋਣ ਕਾਰਨ ਇਕੱਲਤਾ ਦੇ ਸਹਿਮ ਕਾਰਨ ਸ੍ਰੀ ਦਰਬਾਰ ਸਾਹਿਬ ਵਿਚ ਰਾਤ ਕੱਟੀ ਤੇ ਅਗਲੀ ਸਵੇਰ ਆਪਣੇ ਗੁਆਂਢੀ ਪਿੰਡ ਬਰ੍ਹਮੀ ਦੇ ਸ. ਦਿਲਬਾਗ ਸਿੰਘ ਅਤੇ ਉਸ ਦੇ ਕੁਝ ਰਿਸ਼ਤੇਦਾਰਾਂ ਦੇ ਮਿਲ ਜਾਣ ਕਾਰਨ ਬੜੀ ਖ਼ੁਸ਼ੀ ਹੋਈ।

ਆਪਣੇ ਨਵੇਂ ਬਣੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਪਾਸਪੋਰਟ ਲੈ ਕੇ ਸਿੱਧੇ ਹੀ ਅਟਾਰੀ ਸਟੇਸ਼ਨ ’ਤੇ ਪਹੁੰਚ ਗਏ। ਇੱਥੋਂ ਇਮੀਗ੍ਰੇਸ਼ਨ ਤੇ ਕਰੰਸੀ ਲੈ ਕੇ ਪਹਿਲੀ ਗੱਡੀ ਵਿਚ ਰਵਾਨਾ ਹੋ ਕੇ ਅਸੀਂ ਜੱਥੇ ਦੀ ਅਗਵਾਈ ਕਰ ਰਹੇ ਸ. ਮਨਜੀਤ ਸਿੰਘ ਬੱਪੀਆਣਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੀਬੀ ਅਜੈਬ ਕੌਰ ਭੋਤਨਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਲੱਗਭਗ ਇਕ ਵਜੇ ਦੁਪਹਿਰ ਆਪਣੀ ਸਰਹੱਦ ਪਾਰ ਕਰ ਕੇ ਵਾਹਗਾ ਸਟੇਸ਼ਨ ਵਿਖੇ ਪਹੁੰਚ ਗਏ। ਗੱਡੀ ਦੇ ਸਟੇਸ਼ਨ ’ਤੇ ਪਹੁੰਚਦਿਆਂ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਬਿਸ਼ਨ ਸਿੰਘ ਤੇ ਸਾਬਕਾ ਪ੍ਰਧਾਨ ਸ. ਸ਼ਾਮ ਸਿੰਘ ਸਮੇਤ ਬਹੁਤ ਸਾਰੀ ਸਿੱਖ ਸੰਗਤ ਤੇ ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਜਨਰਲ ਜੁਲਫ਼ਕਾਰ ਅਲੀ ਤੇ ਬੋਰਡ ਦੇ ਅਧਿਕਾਰੀਆਂ ਤੋਂ ਬਿਨਾਂ ਕਸਟਮ ਵਿਭਾਗ ਤੇ ਪਾਕਿਸਤਾਨ ਰੇਲਵੇ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਿੱਖ ਜਥੇ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਰੇ ਹੀ ਸਟੇਸ਼ਨ ’ਤੇ ਜਥੇ ਦੇ ਸਵਾਗਤ ਲਈ ਥਾਂ-ਥਾਂ ’ਤੇ ਲਿਖੇ ਬੈਨਰਾਂ ਰਾਹੀਂ ‘ਜੀ ਆਇਆਂ ਨੂੰ’ ਕਿਹਾ ਗਿਆ ਤੇ ਜਥੇ ਦੇ ਆਗੂਆਂ ਤੇ ਯਾਤਰੀਆਂ ਨੂੰ ਗੁਲਾਬ ਦੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ। ਇਥੇ ਪਹਿਲੀ ਸਪੈਸ਼ਲ ਟ੍ਰੇਨ ਦੇ ਲੱਗਭਗ ਇਕ ਹਜ਼ਾਰ ਯਾਤਰੀਆਂ ਦੇ ਵੀਜ਼ੇ ਚੈੱਕ ਕਰ ਕੇ ਪਾਸਪੋਰਟਾਂ ’ਤੇ ਐਂਟਰੀ ਕਰਨ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਹੌਰ ਤੋਂ ਤਿਆਰ ਕਰ ਕੇ ਲਿਆਂਦਾ ਖੁੱਲ੍ਹਾ ਲੰਗਰ ਤੇ ਚਾਹ ਪਾਣੀ ਵਰਤਾਉਣ ਉਪਰੰਤ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਗੱਡੀ ਲਗਭਗ 3-30 ਵਜੇ ਰਵਾਨਾ ਕੀਤੀ ਗਈ ਜੋ ਸਿਰਫ਼ ਅੱਧੇ ਕੁ ਘੰਟੇ ਦੇ ਸਫ਼ਰ ਤੋਂ ਬਾਅਦ ਵਾਹਗੇ ਤੋਂ ਸਿਰਫ਼ 22 ਕਿਲੋਮੀਟਰ ਦੂਰ ਲਾਹੌਰ ਦੇ ਸਟੇਸ਼ਨ ’ਤੇ ਪਹੁੰਚ ਗਈ। ਧਰਤੀ, ਫ਼ਸਲਾਂ, ਜੀਵ-ਜੰਤੂਆਂ, ਪਸ਼ੂਆਂ, ਰੁੱਖਾਂ, ਪਿੰਡਾਂ ਤੇ ਲੋਕਾਂ ਦੇ ਜੀਵਨ ਵਿਚ ਭਾਰਤ ਤੇ ਪਾਕਿਸਤਾਨ ਵਿਚ ਕੋਈ ਫ਼ਰਕ ਨਹੀਂ ਜਾਪਿਆ। ਸਿਰਫ਼ ਲਿੱਪੀ ਦੇ ਫ਼ਰਕ ਤੋਂ ਪਿੰਡਾਂ, ਸ਼ਹਿਰਾਂ, ਸਕੂਲਾਂ ਤੇ ਵਪਾਰਕ ਅਦਾਰਿਆਂ, ਦੁਕਾਨਾਂ ਦੇ ਨਾਂ ਸ਼ਾਹਮੁਖੀ ਵਿਚ ਹੋਣ ਤੋਂ ਹੀ ਪਤਾ ਲੱਗਦਾ ਹੈ ਕਿ ਅਸੀਂ ਪਾਕਿਸਤਾਨ ਵਿਚ ਫਿਰ ਰਹੇ ਹਾਂ। ਵਾਹਗੇ ਤੋਂ ਅੱਗੇ ਇੱਛੋਗਿਲ ਨਹਿਰ ਦੇ ਨੇੜੇ ਵਸਿਆ ਕਸਬਾ ਜਾਲੋ, ਹਰਬੰਸਪੁਰਾ ਛਾਉਣੀ ਤੇ ਮੁਗ਼ਲਪੁਰਾ ਦੇ ਸਟੇਸ਼ਨਾਂ ਤੋਂ ਲੰਘਦੀ ਗੱਡੀ ਲਾਹੌਰ ਪਹੁੰਚ ਕੇ ਲਾਈਨਾਂ ਕਲੀਅਰ ਹੋਣ ਤਕ ਕਰੀਬ ਅੱਧਾ ਘੰਟਾ ਸਟੇਸ਼ਨ ’ਤੇ ਹੀ ਰੁਕੀ ਰਹੀ ਤੇ ਸਿੱਖ ਯਾਤਰੀ 1947 ਤੋਂ ਪਹਿਲਾਂ ਵਾਲੀ ਮਟਕ ਤੇ ਬੇਫ਼ਿਕਰੀ ਵਿਚ ਸਟੇਸ਼ਨ ’ਤੇ ਘੁੰਮਦੇ ਰਹੇ। ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਾਂਗ ਹੀ ਲਾਹੌਰ ਵਾਸੀ ਵੀ ਸਿੱਖ ਯਾਤਰੀਆਂ ਨੂੰ ਬੜੇ ਪਿਆਰ ਨਾਲ ਦੁਆ ਸਲਾਮ ਕਰਦੇ ਹੋਏ ਆਪਣਾ ਸਤਿਕਾਰ ਪ੍ਰਗਟ ਕਰ ਰਹੇ ਸਨ ਪਰ ਜਥੇ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਵਿਅਕਤੀ ਨੂੰ ਜਥੇ ਦੇ ਨੇੜੇ ਨਹੀਂ ਸੀ ਆਉਣ ਦਿੱਤਾ ਜਾ ਰਿਹਾ।

ਸ਼ਾਮ ਦੇ 4-25 ’ਤੇ ਸਾਡੀ ਗੱਡੀ ਲਾਹੌਰ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਈ। ਲਾਹੌਰ ਦੇ ਗਲੀਆਂ-ਮੁਹੱਲਿਆਂ ਵਿਚ ਖੇਡਦੇ ਬੱਚਿਆਂ ਤੇ ਲੋਕਾਂ ਦੇ ਅਭਿਵਾਦਨ ਕਬੂਲਦੇ ਹੋਏ ਯਾਤਰੀ ਅੱਗੇ ਵਧ ਰਹੇ ਸਨ। ਪੁਰਾਤਨ ਇਮਾਰਤਾਂ, ਮਸਜਿਦਾਂ, ਮਕਬਰੇ, ਮਦਰੱਸੇ, ਕਬਰਸਤਾਨ, ਖਜੂਰਾਂ, ਤੂਤਾਂ ਤੇ ਰਵਾਇਤੀ ਰੁੱਖਾਂ ਨੂੰ ਪਿੱਛੇ ਛੱਡਦੀ ਗੱਡੀ ਰਾਵੀ ਨੂੰ ਪਾਰ ਕਰ ਕੇ ਸ਼ਾਹਦਰੇ ਪਹੁੰਚ ਗਈ। ਇਸ ਤੋਂ ਅੱਗੇ ਦੂਰ-ਦੂਰ ਤਕ ਖਿਲਰੇ ਕਣਕ ਦੇ ਖੇਤਾਂ ਵਿੱਚੋਂ ਦੀ ਭੱਜਦੀ ਹੋਈ ਗੱਡੀ ਕਿਲ੍ਹਾ ਸ਼ੇਖੂਪੁਰਾ ਹੁੰਦੀ ਹੋਈ ਵਾਰਬਰਟਨ ਮੰਡੀ ਹੁੰਦੀ ਹੋਈ ਵਕੀਲ ਵਾਲਾ ਸਟੇਸ਼ਨਾਂ ਨੂੰ ਪਿੱਛੇ ਛੱਡਦੀ ਹੋਈ 6-25 ਮਿੰਟ ’ਤੇ ਸ੍ਰੀ ਨਨਕਾਣਾ ਸਾਹਿਬ ਦੇ ਸਟੇਸ਼ਨ ’ਤੇ ਆ ਪਹੁੰਚੀ। ਵਾਹਗੇ ਤੋਂ ਸ੍ਰੀ ਨਨਕਾਣਾ ਸਾਹਿਬ ਤਕ ਸਾਰੀ ਹੀ ਧਰਤੀ ਬੜੀ ਉਪਜਾਊ ਹੈ ਜਿਹੜੀ ਨਹਿਰੀ ਪਾਣੀ ਤੇ ਟਿਊਬਵੈਲਾਂ ਨਾਲ ਸਿੰਜੀ ਜਾਂਦੀ ਹੈ। ਕਣਕ ਦੀ ਪੱਕੀ ਹੋਈ ਫ਼ਸਲ ਪੰਜਾਬ ਵਾਂਗ ਹੀ ਕਟਾਈ ਲਈ ਤਿਆਰ ਖੜ੍ਹੀ ਸੀ ਪਰ ਸਾਡੇ ਪੰਜਾਬ ਵਾਂਙੂੰ ਖੇਤੀ ਮਸ਼ੀਨਰੀ, ਮੋਟਰਾਂ ਤੇ ਟਰੈਕਟਰ ਆਦਿ ਕਾਫ਼ੀ ਘੱਟ ਦਿਖਾਈ ਦਿੰਦੇ ਹਨ। ਸ੍ਰੀ ਨਨਕਾਣਾ ਸਾਹਿਬ ਸਟੇਸ਼ਨ ’ਤੇ ਵੀ ਸਿੱਖ ਜਥੇ ਦਾ ਬੜਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਜਥੇ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸ੍ਰੀ ਨਨਕਾਣਾ ਸਾਹਿਬ ਦੇ ਵਾਸੀ ਜਥੇ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਸਟੇਸ਼ਨ ’ਤੇ ਇਕੱਠੇ ਹੋਏ ਸਨ ਪਰ ਸੁਰੱਖਿਆ ਕਾਰਨ ਕਿਸੇ ਨੂੰ ਵੀ ਜਥੇ ਦੇ ਨੇੜੇ ਜਾਣ ਦੀ ਮਨਾਹੀ ਸੀ। ਇਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਥੇ ਦੇ ਸਵਾਗਤ ਦੇ ਨਾਲ-ਨਾਲ ਗੁਰਦੁਆਰਾ ਜਨਮ ਅਸਥਾਨ ਤਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਪ੍ਰਸ਼ਾਸਨ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸਿੱਖ ਸੰਗਤ ਦੀ ਸਹੂਲਤ ਲਈ ਵਾਹਗਾ ਸਟੇਸ਼ਨ ’ਤੇ ਹੀ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨਾਂ ਸਬੰਧੀ ਵੱਖ-ਵੱਖ ਥਾਵਾਂ ’ਤੇ ਕਮਰੇ ਅਲਾਟ ਕਰ ਦਿੱਤੇ ਸਨ। ਆਪੋ-ਆਪਣੇ ਅਲਾਟ ਕਮਰਿਆਂ ਵਿਚ ਅਸੀਂ ਆਪਣਾ ਸਾਮਾਨ ਰੱਖ ਕੇ ਤੇ ਇਸ਼ਨਾਨ ਕਰ ਕੇ ਲੜੀਆਂ ਤੇ ਦੀਪਮਾਲਾਵਾਂ ਨਾਲ ਸਜੇ ਤੇ ਚਾਨਣ ਵਿਚ ਝਮ-ਝਮ ਕਰਦੇ ਗੁਰਦੁਆਰਾ ਜਨਮ ਅਸਥਾਨ ਵਿਖੇ ਜਦੋਂ ਮੱਥਾ ਟੇਕਿਆ ਤਾਂ ਬਚਪਨ ਤੋਂ ਬੁਢਾਪੇ ਦੀ ਅਵਸਥਾ ਤਕ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਦੇ ਤ੍ਰਿਪਤ ਹੋਣ ਕਾਰਨ ਮਨ ਖ਼ੁਸ਼ੀ ਤੇ ਵੈਰਾਗ ਦੇ ਵਹਿਣਾਂ ਵਿਚ ਵਹਿ ਤੁਰਿਆ। ਗੁਰਦੁਆਰਾ ਜਨਮ ਅਸਥਾਨ ਦੀ ਵਿਸ਼ਾਲ ਤੇ ਖੁੱਲ੍ਹੀ ਇਮਾਰਤ ਦੇ ਅੰਦਰ ਐਨ ਵਿਚਕਾਰ ਛੋਟਾ ਜਿਹਾ ਕਮਰਾ ਗੁਰੂ- ਘਰ ਹੈ ਜਿੱਥੇ ਗੁਰੂ ਸਾਹਿਬ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪ੍ਰਗਟ ਹੋਏ ਸਨ। ਉਸ ਥਾਂ ’ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿੱਥੇ ਮੱਥਾ ਟੇਕਦਿਆਂ ਤੇ ਪ੍ਰਕਰਮਾ ਕਰ ਕੇ ਬਾਹਰ ਆਉਂਦਿਆਂ ਆਪਣੇ ਆਪ ਨੂੰ ਵਡਭਾਗੀ ਸਮਝ ਰਿਹਾ ਸਾਂ। ਵਿਸਾਖੀ ਦੇ ਪੁਰਬ ਸਬੰਧੀ ਦੀਵਾਨਾਂ ਨੂੰ ਸਜਾਉਣ ਲਈ ਗੁਰਦੁਆਰਾ ਸਾਹਿਬ ਦੇ ਵਿਸ਼ਾਲ ਵਿਹੜੇ ਵਿਚ ਨਰਮ ਗਲੀਚੇ ਵਿਛਾਏ ਹੋਏ ਸਨ ਤੇ ਸੁੰਦਰ ਸ਼ਾਮਿਆਨੇ ਦੀਵਾਨਾਂ ਦੀ ਰੌਣਕ ਨੂੰ ਚਾਰ-ਚੰਨ ਲਾ ਰਹੇ ਸਨ। ਦੀਵਾਨ ਵਿਚ ਕੀਰਤਨ ਦਾ ਆਨੰਦ ਮਾਣਦਿਆਂ ਮਹਿਸੂਸ ਹੋ ਰਿਹਾ ਸੀ ਕਿ ਬਾਬਾ ਕਾਲੂ ਜੀ ਦੇ ਵਿਹੜੇ ਵਿਚ ਇਸੇ ਥਾਂ ਬਾਬਾ ਨਾਨਕ ਨਿੱਕੇ- ਨਿੱਕੇ ਚਰਨਾਂ ਨਾਲ ਖੇਡਦੇ ਹੋਏ ਵਿਹੜੇ ਦੀ ਰੌਣਕ ਬਣਦੇ ਹੋਣਗੇ। ਇਥੇ ਹੀ ਉਹ ਆਪਣੀ ਮਾਤਾ ਤ੍ਰਿਪਤਾ, ਭੈਣ ਨਾਨਕੀ ਤੇ ਬਚਪਨ ਦੇ ਸਾਥੀਆਂ ਨਾਲ ਵਿਚਰਦੇ ਹੋਏ ਨਨਕਾਣੇ ਦੀ ਧਰਤੀ ਨੂੰ ਨਿਹਾਲ ਕਰਦੇ ਹੋਣਗੇ। ਨਨਕਾਣੇ ਦੀ ਧਰਤੀ ਦੇ ਚੱਪੇ-ਚੱਪੇ ’ਤੇ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਹੋਣ ਕਰਕੇ ਹੀ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਨਨਕਾਣੇ ਦੀ ਮਿੱਟੀ ਨੂੰ ਮੱਥੇ ’ਤੇ ਲਾਉਣ ਨੂੰ ਤਰਸਦੀਆਂ ਹਨ। ਭਾਈ ਗੁਰਦਾਸ ਜੀ ਅਨੁਸਾਰ ਹੋਰ ਸਾਰੀ ਧਰਤੀ ਵਰਗੀ ਹੁੰਦੀ ਹੋਈ ਵੀ ਨਨਕਾਣੇ ਦੀ ਧਰਤੀ ਗੁਰੂ ਜੀ ਦੀ ਚਰਨ-ਛੋਹ ਕਰਕੇ ਲੱਖਾਂ-ਕਰੋੜਾਂ ਦੀ ਕੀਮਤ ਨਾਲੋਂ ਵੀ ਵੱਧ ਕੀਮਤੀ ਤੇ ਪਵਿੱਤਰ ਹੋ ਗਈ ਹੈ। ਉਨ੍ਹਾਂ ਦੇ ਸ਼ਬਦਾਂ ਵਿਚ- :

ਸਾਧ ਜਨਾਂ ਦੇ ਚਰਣ ਛੁਹਿ ਆਢੀਣੀ ਹੋਈ ਲਾਖੀਣੀ। (ਵਾਰ 4;2)

ਇਸ ਧਰਤੀ ਨੂੰ ਵਾਰ-ਵਾਰ ਮੱਥੇ ’ਤੇ ਲਾਉਂਦਿਆਂ ਤੇ ਦਰਸ਼ਨਾਂ ਰਾਹੀਂ ਵੱਧ ਤੋਂ ਵੱਧ ਨਜ਼ਰਾਂ ਵਿਚ ਸਮੋਣ ਲਈ ਅਸੀਂ ਤਿੰਨ ਦਿਨ ਸਵੇਰੇ ਤੇ ਸ਼ਾਮ ਦੇ ਦੀਵਾਨਾਂ ਵਿਚ ਹਾਜ਼ਰੀਆਂ ਭਰਦੇ ਰਹੇ। ਨਨਕਾਣੇ ਵਿਚ ਰਹਿੰਦੇ 80 ਕੁ ਸਿੱਖ ਪਰਿਵਾਰਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤਿੰਨ ਦਿਨ ਗੁਰੂ ਕੇ ਅਤੁੱਟ ਲੰਗਰਾਂ ਦੇ ਨਾਲ-ਨਾਲ ਪਕੌੜਿਆਂ, ਜਲੇਬੀਆਂ ਦੇ ਅਤੁੱਟ ਲੰਗਰ ਵੀ ਤਿੰਨੇ ਦਿਨ ਲਗਾਤਾਰ ਵਰਤਾਏ ਜਾਂਦੇ ਰਹੇ।

ਅਗਲੇ ਦਿਨ ਸੰਗਤਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ‘ਬਾਲ ਲੀਲ੍ਹਾ’ ਜਿੱਥੇ ਬਾਬਾ ਨਾਨਕ ਜੀ ਆਪਣੇ ਹਾਣੀਆਂ ਨਾਲ ਖੇਡਾਂ ਖੇਡਦੇ ਸਨ, ਗੁਰਦੁਆਰਾ ‘ਪੱਟੀ ਸਾਹਿਬ’ ਜਿੱਥੇ ਬਾਬਾ ਨਾਨਕ ਪਾਂਧੇ ਪਾਸ ਪੜ੍ਹਦੇ ਸਨ, ਗੁਰਦੁਆਰਾ ‘ਸੱਪ ਦੀ ਛਾਂ’ ਜਿੱਥੇ ਬਾਬਾ ਨਾਨਕ ਮੱਝਾਂ ਚਾਰਨ ਸਮੇਂ ਵਣ ਦੇ ਰੁੱਖ ਦੇ ਹੇਠ ਸੁੱਤੇ ਸਨ, ਗੁਰਦੁਆਰਾ ‘ਕਿਆਰਾ ਸਾਹਿਬ’ ਜਿਥੇ ਗੁਰੂ ਜੀ ਦੀਆਂ ਮੱਝਾਂ ਨੇ ਖੇਤ ਉਜਾੜ ਦਿੱਤਾ ਸੀ ਤੇ ਗੁਰਦੁਆਰਾ ‘ਤੰਬੂ ਸਾਹਿਬ’ ਜਿੱਥੇ ਸੱਚਾ-ਸੌਦਾ ਕਰ ਕੇ ਵਾਪਸ ਆਏ ਗੁਰੂ ਜੀ ਤੰਬੂ ਵਾਂਗ ਫੈਲੇ ਹੋਏ ਵਣਾਂ ਦੇ ਰੁੱਖਾਂ ਹੇਠ ਆ ਬੈਠੇ ਸਨ ਹੁਣ ਵੀ ਇਹ ਵਣਾਂ ਦੇ ਰੁੱਖ ਤੰਬੂ ਵਾਂਗ ਫੈਲੇ ਹੋਏ ਹਰੇ-ਭਰੇ ਹਨ, ਦੇ ਦਰਸ਼ਨ ਕੀਤੇ। ਗੁਰਦੁਆਰਾ ਸੱਪ ਦੀ ਛਾਂ ਦੇ ਵਿਹੜੇ ਵਿਚ ਉਸੇ ਅਵਸਥਾ ਵਿਚ ਵਣ ਦਾ ਪੁਰਾਣਾ ਰੁੱਖ ਡਿੱਗਿਆ ਪਿਆ ਹੈ ਪਰ ਅੱਜ ਵੀ ਹਰਾ-ਭਰਾ ਹੈ। ਇਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਦੀਆਂ ਗਲੀਆਂ ਤੇ ਬਜ਼ਾਰਾਂ ਵਿਚ ਘੁੰਮਦਿਆਂ ਪਾਕਿਸਤਾਨੀ ਭਰਾਵਾਂ ਨਾਲ ਪਿਆਰ ਮਿਲਣੀਆਂ ਕਰਦਿਆਂ ਉਨ੍ਹਾਂ ਵੱਲੋਂ ਪਿਆਰ ਨਾਲ ਠੰਡੇ-ਤੱਤੇ ਚਾਹ-ਪਾਣੀ ਪੀਂਦਿਆਂ ਸਾਰਾ ਦਿਨ ਗੁਜ਼ਾਰਿਆ। ਰਾਹਾਂ ਵਿਚ ਖੜ੍ਹਾ-ਖੜ੍ਹਾ ਕੇ ਲੋਕ ਹਾਲ-ਚਾਲ ਪੁੱਛਦੇ ਤੇ ਇਲਾਕਾ, ਪਿੰਡ, ਸ਼ਹਿਰ, ਜ਼ਿਲ੍ਹੇ ਬਾਰੇ ਪੁੱਛਦੇ ਤੇ ਜੇਕਰ ਆਪਣੇ ਇਧਰਲੇ ਪੰਜਾਬ ਵਿੱਚੋਂ ਗਏ ਆਪਣੇ ਬਜ਼ੁਰਗਾਂ ਦੇ ਇਲਾਕੇ ਨਾਲ ਸਬੰਧਤ ਕੋਈ ਯਾਤਰੀ ਮਿਲਦਾ ਤਾਂ ਉਸ ਦੀ ਵਿਸ਼ੇਸ਼ ਖ਼ਾਤਰਦਾਰੀ ਕਰਦੇ।

ਸਾਨੂੰ ਵੀ ਮੁਹੰਮਦ ਅਨਵਰ ਵਾਸੀ ਚੱਕ ਨੰ: 29 ਮੁਰੀਦਕੇ ਵੱਲੋਂ ਧੱਕੇ ਨਾਲ ਠੰਡੇ ਪਿਆ ਕੇ ਆਪਣੇ ਬਜ਼ੁਰਗਾਂ ਦੇ ਪਿੰਡ ਜਾਤੀਵਾਲ-ਸੁਲਤਾਨਪੁਰ (ਭਾਦਸੋਂ) ਤੇ ਆਪਣੇ ਨਾਨਕੇ ਪਿੰਡ ਖੁਰਦ-ਮਾਣਕੀ (ਮਲੇਰਕੋਟਲਾ) ਬਾਰੇ ਦੱਸਿਆ। ਇਸੇ ਤਰ੍ਹਾਂ ਜਮੀਲ ਮਲਿਕ, ਰਾਣਾ ਇਫ਼ਤਿਖ਼ਾਰ, ਮੁਹੰਮਦ ਕਾਸਿਫ਼, ਸ਼ਾਹੀਨ ਗੁਜ਼ਰ ਪੱਤਰਕਾਰ, ਹਾਫ਼ਿਜ਼ ਅਬਦੁਲ ਰਸ਼ੀਦ, ਮੌਲਵੀ ਸਾਹਿਬ ਮਦੀਨਾ ਮਸਜਿਦ ਆਦਿ ਨੇ ਬੜਾ ਪਿਆਰ ਦਿੱਤਾ। ਮੌਲਵੀ ਸਾਹਿਬ ਨੇ ਪਹਿਲਾਂ ਮਦੀਨਾ ਮਸਜਿਦ ਵਿਚ ਸਤਿਕਾਰ ਸਹਿਤ ਸੇਵਾ ਕੀਤੀ ਤੇ ਬਾਅਦ ਵਿਚ ਆਪਣੇ ਘਰ ਲਿਜਾ ਕੇ ਆਪਣੇ ਅੱਬਾ ਮੁਹੰਮਦ ਯੂਨਸ ਸਮੇਤ ਹੋਰ ਬਜ਼ੁਰਗਾਂ ਤੇ ਆਪਣੇ ਮਿੱਤਰਾਂ ਨਾਲ ਮਹਿਫ਼ਲ ਸਜਾਈ ਤੇ ਖ਼ੂਬ ਸੇਵਾ ਕੀਤੀ।

ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਮਹਾਰਾਜਾ ਰਣਜੀਤ ਸਿੰਘ ਕਾਲ ਦੀਆਂ ਬੜੀਆਂ ਮਜ਼ਬੂਤ ਤੇ ਸੁੰਦਰ ਬਣੀਆਂ ਹੋਈਆਂ ਹਨ। ਗੁਰਦੁਆਰਾ ਜਨਮ ਅਸਥਾਨ ਦੇ ਨਾਂ 750 ਮੁਰੱਬਾ ਜ਼ਮੀਨ ਅੱਜ ਵੀ ਲੱਗੀ ਹੋਈ ਹੈ ਜਿਸ ਨੂੰ ਪੀੜ੍ਹੀ-ਦਰ-ਪੀੜ੍ਹੀ ਪੱਕੇ ਮੁਜਾਰੇ ਵਾਹੁੰਦੇ ਹਨ ਤੇ ਇਹ ਔਕਾਫ ਬੋਰਡ ਦੀ ਮਾਲਕੀ ਅਧੀਨ ਹੈ। ਇਹ ਬੋਰਡ ਮੁਜਾਰਿਆਂ ਤੋਂ 1400/-ਰੁਪਏ ਪ੍ਰਤੀ ਏਕੜ ਠੇਕਾ ਵਸੂਲਦਾ ਹੈ। ਇਥੇ ਪੁਰਾਣੀ ਸਰ੍ਹਾਂ ਬਹੁਤ ਖੁੱਲ੍ਹੀ-ਡੁੱਲ੍ਹੀ ਬਣੀ ਹੋਈ ਹੈ ਜਿਸ ਦੇ ਚਾਰੇ ਪਾਸੇ ਰਿਹਾਇਸ਼ੀ ਕਮਰੇ ਹਨ ਤੇ ਐਨ ਵਿਚਕਾਰ ਬਹੁਤ ਵੱਡਾ ਖੂਹ ਹੁੰਦਾ ਸੀ ਜੋ ਅੱਜਕਲ੍ਹ ਬੰਦ ਹੈ ਤੇ ਇਸੇ ਖੂਹ ਵਿੱਚੋਂ ਮੋਟਰਾਂ ਲਗਾ ਕੇ ਯਾਤਰੀਆਂ ਦੀ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਇਥੇ ਵੀ ਬਾਥਰੂਮ ਅਤੇ ਟਾਇਲਟਸ ਯਾਤਰੀਆਂ ਦੀ ਲੋੜ ਅਨੁਸਾਰ ਬਣੇ ਹੋਏ ਹਨ। ਹੁਣ ਵਿਦੇਸ਼ੀ ਸਿੱਖ ਸੰਗਤਾਂ ਵੱਲੋਂ ਨਵੀਆਂ ਸਰ੍ਹਾਵਾਂ ਤੇ ਲੰਗਰ ਹਾਲ ਦੀ ਵਧੀਆ ਇਮਾਰਤ ਬਣਾਈ ਗਈ ਹੈ। ਦੇਸ਼ ਵੰਡ ਤੋਂ ਬਾਅਦ ਅੱਧੀ ਸਦੀ ਤਕ ਸਿੱਖ ਗੁਰਧਾਮਾਂ ਵੱਲ ਧਾਰਮਿਕ ਕੱਟੜਤਾ ਤੇ ਭਾਰਤ-ਪਾਕਿਸਤਾਨ ਦੀ ਸਿਆਸੀ ਸਥਿਤੀ ਕਾਰਨ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਹੁਣ ਸਿੱਖ ਧਾਰਮਿਕ ਘੱਟ-ਗਿਣਤੀ ਦੇ ਗੁਰਧਾਮਾਂ ਦੇ ਨਾਲ-ਨਾਲ ਇਨ੍ਹਾਂ ਦੀ ਵਿਦਿਆ, ਸਭਿਆਚਾਰ ਤੇ ਆਰਥਿਕਤਾ ਨੂੰ ਸੁਧਾਰਨ ਵੱਲ ਕਾਫ਼ੀ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਨਨਕਾਣਾ ਸਾਹਿਬ ਵਿਚ ‘ਗੁਰੂ ਨਾਨਕ ਪਬਲਿਕ ਸਕੂਲ’ ਚੱਲ ਰਿਹਾ ਹੈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਯਤਨ ਜਾਰੀ ਹਨ। ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਸਿੱਖ ਪਰਵਾਰ ਗੁਰਸਿੱਖੀ ਵਿਚ ਪਰਪੱਕ ਤੇ ਖੁਸ਼ਹਾਲੀ ਭਰਿਆ ਜੀਵਨ ਜੀਅ ਰਹੇ ਹਨ। ਇਥੋਂ ਦੇ ਭਾਈ ਮਸਤਾਨ ਸਿੰਘ ਪਾਕਿਸਤਾਨੀ ਪੰਜਾਬ ਦੇ ਐਮ.ਐਲ.ਏ. ਰਹਿ ਚੁਕੇ ਹਨ। ਸ. ਹਰਵਿੰਦਰ ਸਿੰਘ ਪਹਿਲਾ ਸਿੱਖ ਹੈ ਜਿਸ ਨੇ ਪਾਕਿਸਤਾਨੀ ਸੈਨਾ ਵਿਚ ਕਮਿਸ਼ਨ ਪ੍ਰਾਪਤ ਕੀਤਾ ਹੈ। ਸ. ਗੁਲਾਬ ਸਿੰਘ ਲਾਹੌਰ ਵਿਚ ਪੁਲੀਸ ਇੰਸਪੈਕਟਰ ਹੈ, ਸ. ਕਲਿਆਣ ਸਿੰਘ ਕਲਿਆਣ ਲਾਹੌਰ ਯੂਨੀਵਰਸਿਟੀ ਵਿਚ ਗੁਰਮੁਖੀ ਪੜ੍ਹਾ ਰਹੇ ਹਨ, ਜਿਨ੍ਹਾਂ ਨੇ ਕਈ ਨਾਵਲ ਤੇ ਪੁਸਤਕਾਂ ਲਿਖ ਕੇ ਚੰਗਾ ਨਾਂ ਕਮਾਇਆ ਹੈ। ਡਾ. ਮਿਮਪਾਲ ਸਿੰਘ ਨੌਜਵਾਨ ਡਾਕਟਰ ਹਨ। ਇਸੇ ਤਰ੍ਹਾਂ ਨਵੀਂ ਪੀੜ੍ਹੀ ਪੜ੍ਹ-ਲਿਖ ਕੇ ਅੱਗੇ ਵੱਧ ਰਹੀ ਹੈ। ਸਿੰਧੀ, ਬਲੋਚੀ, ਪਿਸ਼ਾਵਰੀ ਤੇ ਪੰਜਾਬੀ ਸਿੱਖ ਆਪਣੀ ਧਾਰਮਿਕ ਪਛਾਣ ਪ੍ਰਤੀ ਬੜੇ ਸੁਚੇਤ ਹਨ ਤੇ ਪਾਕਿਸਤਾਨੀ ਸਮਾਜ ਇਨ੍ਹਾਂ ਦੀ ਨਿਵੇਕਲੀ ਪਛਾਣ ਦੀ ਇੱਜ਼ਤ ਕਰਦਾ ਹੈ। ਇਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਮੇਰੇ ਲਈ ਅਭੁੱਲ ਯਾਦ ਹੋ ਨਿਬੜੇ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਜਲਾਲਦੀਵਾਲ, ਤਹਿ. ਰਾਏਕੋਟ ਲੁਧਿਆਣਾ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)