ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਦਾ ਅਜਿਹਾ ਸੂਰਜ ਹੈ ਜਿਸ ਦਾ ਪ੍ਰਕਾਸ਼ ਸਦੀਆਂ ਦੇ ਹਨੇਰਿਆਂ ਨੂੰ ਰੋਸ਼ਨੀ ਬਖ਼ਸ਼ਦਾ, ਸਦਾ ਹੀ ਪ੍ਰਕਾਸ਼ਮਾਨੀ ਜਲੌਅ ਪ੍ਰਦਾਨ ਕਰਦਾ ਆ ਰਿਹਾ ਹੈ। ਇਹ ਸਰਬੱਤ ਦੇ ਭਲੇ ਦਾ ਪੈਗ਼ਾਮ ਦੇਸ਼-ਵਿਦੇਸ਼ਾਂ ਵਿਚ ਵੰਡ ਰਿਹਾ ਹੈ, ਮਨੁੱਖਤਾ ਦਾ ਸਾਂਝਾ ਗ੍ਰੰਥ ਜੋ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਨਸਪਤੀ, ਬਿਰਛ-ਬੂਟਿਆਂ, ਪੇੜ-ਪੌਦਿਆਂ ਦਾ ਵਰਣਨ ਅਕਸਰ ਆਇਆ ਹੈ। ਬਨਸਪਤੀ ਦਾ ਵਿਗਸਣਾ, ਰੂਹਾਨੀਅਤ, ਪਿੱਠ- ਭੂਮੀ ਅਤੇ ਆਮ ਪ੍ਰਕਿਰਤੀ ਉੱਤੇ ਨਿਰਭਰ ਕਰਦਾ ਹੈ। ਸਮੁੱਚੀ ਬਨਸਪਤੀ ਦਾ ਵਰਣਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਮ ਆਇਆ ਹੈ। ਚੰਦਨ ਨੂੰ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ ਜਿਸ ਦੀ ਸੁਗੰਧ ਨਾਲ ਸਾਰਾ ਵਾਤਾਵਰਣ ਹੀ ਸੁਗੰਧਤ ਹੋ ਜਾਂਦਾ ਹੈ। ਸ੍ਰੀ ਗੁਰੂ ਗੰਥ ਸਾਹਿਬ ਵਿਚ ਅਨੇਕਾਂ ਵਿਗਿਆਨ ਦੀਆਂ ਨਿਧੀਆਂ ਸਾਂਭੀਆਂ ਹੋਈਆਂ ਹਨ। ਇਸ ਗ੍ਰੰਥ ਵਿਚ ਪੇੜ-ਪੌਦੇ, ਫਲ-ਫੁੱਲ ਅਤੇ ਜੜ੍ਹੀ-ਬੂਟੀਆਂ ਨੂੰ ਅਜਿਹੇ ਢੁਕਵੇਂ ਮਾਨਵੀ ਭਾਵਾਂ ਤੇ ਸਦਾਚਾਰ ਨਾਲ ਸਰਸ਼ਾਰ ਕੀਤਾ ਗਿਆ ਹੈ ਜੋ ਅਸਲੋਂ ਜੀਵੰਤ ਸਰੂਪ ਧਾਰ ਗਏ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ਪੇੜ-ਪੌਦਿਆਂ ਦਾ ਵਰਣਨ ਆਇਆ ਹੈ:
ਅੱਕ: ਇਕ ਪੌਦਾ ਜਿਸ ਦੇ ਫੁੱਲ ਤੇ ਦੁੱਧ ਨੂੰ ਔਸ਼ਧੀ ਰੂਪ ਵਿਚ ਵਰਤਿਆ ਜਾਂਦਾ ਹੈ। ਅੱਕ ਦੀਆਂ ਕੱਕੜੀਆਂ ਬੂਟੇ ਨਾਲ ਬੜੀਆਂ ਸੁਹਣੀਆਂ ਲੱਗਦੀਆਂ ਹਨ। ਇਸ ਨੂੰ ਅੰਗਰੇਜ਼ੀ ਵਿਚ Calotropis procera (Calotropis gigantea L)ਆਖਦੇ ਹਨ:
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ॥ (ਪੰਨਾ 319)
ਅਗਰ: ਇਹ ਇਕ ਸੁਗੰਧ ਵਾਲੀ ਲੱਕੜ ਦਾ ਦਰੱਖ਼ਤ ਹੈ। ਇਹ ਉਸੇ ਤਰ੍ਹਾਂ ਸੁਗੰਧ ਨਾਲ ਭਰਪੂਰ ਹੈ, ਜਿਵੇਂ ਚੰਦਨ ਦੀ ਲੱਕੜ। ਇਸ ਨੂੰ ਅਗਰ, ਅਗਰਿ ਆਦਿ ਕਰ ਕੇ ਵੀ ਲਿਖਿਆ ਗਿਆ ਹੈ। ਇਸ ਨੂੰ ਅੰਗਰੇਜ਼ੀ ਵਿਚ Gularia tree (Gularia agallocha L) ਆਖਦੇ ਹਨ:
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ॥ (ਪੰਨਾ 1018)
ਅੰਬ: ਇਹ ਗਰਮੀ ਦੀ ਰੁੱਤ ਦਾ ਇਕ ਫਲ ਹੈ ਜੋ ਸਦਾਬਹਾਰ ਹੈ। ਦੱਖਣ-ਪੂਰਬ ਏਸ਼ੀਆ ਦਾ ਜਮਾਂਦਰੂ ਹੈ। ਇਹ ਗਰਮ ਇਲਾਕੇ ਵਿਚ ਉੱਗਦਾ ਹੈ। ਪੱਤੇ ਲੰਮੇ ਅਤੇ ਫੁੱਲ ਹਲਕੇ ਗੁਲਾਬੀ ਚਿੱਟੇ ਗੁੱਛਿਆਂ ਵਿਚ ਹੁੰਦੇ ਹਨ। ਇਸ ਦਾ ਪੀਲਾ-ਲਾਲ ਫਲ ਪਕਾ ਕੇ ਖਾਧਾ ਜਾਂਦਾ ਹੈ ਅਤੇ ਸਬਜ਼ ਫਲ ਦਾ ਅਚਾਰ ਬਣਦਾ ਹੈ। ਇਸ ਦਾ ਦਰੱਖ਼ਤ 59 ਫੁੱਟ ਤਕ ਲੰਮਾ ਹੁੰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Mango (Magnifera indica L) ਆਖਦੇ ਹਨ:
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ॥ (ਪੰਨਾ 455)
ਇੱਖ: ਇੱਖ ਨੂੰ ਕਮਾਦ, ਗੰਨਾ ਵੀ ਆਖਿਆ ਜਾਂਦਾ ਹੈ। ਕਮਾਦ ਸੰਸਾਰ ਦੀ ਪ੍ਰਮੁੱਖ ਫ਼ਸਲ ਹੈ। ਭਾਰਤ ਵਿਚ ਮੁੱਢ ਕਦੀਮ ਤੋਂ ਉਗਾਇਆ ਜਾਂਦਾ ਹੈ। ਮਹਾਨ ਅਲੈਗਜ਼ੈਂਡਰ ਦੇ ਹਮਲੇ ਤੋਂ ਪਹਿਲਾਂ ਇਸ ਦੀ ਬਿਜਾਈ ਕੀਤੀ ਜਾਂਦੀ ਸੀ ਜੋ ਇਸ ਨੂੰ 320 ਬੀ.ਸੀ. ਯੂਰਪ ਆਦਿ ਦੇਸਾਂ ਵਿਚ ਲੈ ਗਿਆ। ਇਸ ਨੂੰ ਅੰਗਰੇਜ਼ੀ ਵਿਚ Sugar- cane (Saccharum officinarum) ਆਖਦੇ ਹਨ:
ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ॥ (ਪੰਨਾ 1098)
ਇਰੰਡ: ਇਸ ਬੂਟੇ ਵਿੱਚੋਂ ਨਿਕਲੇ ਬੀਜਾਂ ਤੋਂ ਕੱਢਿਆ ਤੇਲ ਬਾਲਣ ਤੇ ਪੁਰਜ਼ਿਆਂ ਨੂੰ ਦੇਣ ਲਈ ਵਰਤਿਆ ਜਾਂਦਾ ਹੈ। ਇਹ ਤੇਲ ਦਵਾਈਆਂ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਤਾਸੀਰ ਗਰਮ ਹੋਣ ਕਾਰਨ ਇਹ ਸੂਲ, ਜੋੜਾਂ ਦਾ ਦਰਦ ਅਤੇ ਕਫ਼ ਨਾਸ ਕਰਨ ਵਾਲਾ ਹੈ। ਇਸ ਦੇ ਪੱਤੇ ਸੋਜ ਅਤੇ ਫੋੜੇ ’ਤੇ ਬੱਧੇ ਗੁਣਕਾਰੀ ਹਨ। ਇਸ ਨੂੰ ਹਰਿੰਡ, ਅਰਿੰਡ, ਰਿੰਡ ਜਾਂ ਰਿੰਡੀ ਵੀ ਆਖਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Castor plant (Ricinus dichotoma L) ਆਖਦੇ ਹਨ:
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ॥ (ਪੰਨਾ 486)
ਸਰਸੋਂ: ਇਸ ਨੂੰ ਸਰ੍ਹੋਂ ਜਾਂ ਸਰਸਉਂ ਵੀ ਆਖਦੇ ਹਨ। ਇਸ ਦੇ ਛੋਟੇ ਪੌਦੇ ਦੇ ਬੀਜਾਂ ਦਾ ਤੇਲ ਕੱਢ ਕੇ ਇਸਤੇਮਾਲ ਕੀਤਾ ਜਾਂਦਾ ਹੈ। ਖੱਲ ਆਦਿ ਪਸ਼ੂ ਖਾਂਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Mustard (Brassica compestris L) ਆਖਦੇ ਹਨ:
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ॥ (ਪੰਨਾ 1377)
ਸਿੰਮਲ: ਇਹ ਬਹੁਤ ਉੱਚਾ ਦਰੱਖ਼ਤ ਹੈ ਜਿਸ ਦੇ ਫੁੱਲ ਸ਼ੋਖ ਰੰਗ ਦੇ, ਆਕਰਸ਼ਕ ਪਰ ਫਲ ਬੇਸੁਆਦੇ (ਬਕਬਕੇ) ਹੁੰਦੇ ਹਨ। ਫੁੱਲ ਜਾਮਨੂੰ ਰੰਗ ਦੇ ਹੁੰਦੇ ਹਨ। ਇਸ ਦੇ ਕਈ ਨਾਮ ਪ੍ਰਸਿੱਧ ਹਨ ਜਿਵੇਂ ਸਾਲਮਲੀ, ਸੇਮਰ, ਬਾਂਸ, ਭੈਵੜਾ, ਕੇਤਕੀ ਆਦਿ। ਅੰਗਰੇਜ਼ੀ ਵਿਚ ਇਸ ਨੂੰ Bombax, Silk tree (Bombax haptaphyllum L) ਆਖਦੇ ਹਨ:
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ (ਪੰਨਾ 470)
ਹਿੰਙ: ਇਕ ਪੌਦਾ ਜਿਸ ਵਿੱਚੋਂ ਹੀਂਗ, ਤੀਵਰਗੰਧਾ ਰਸ ਰੂਪ ਵਿਚ ਨਿਕਲਦਾ ਹੈ। ਇਹ ਗੰਧਦਾਰ ਪਦਾਰਥ ਜੋ ਔਸ਼ਧੀ ਵੀ ਹੈ ਦਾਲ-ਸਬਜ਼ੀ ਵਿਚ ਤੜਕਾ ਲਾ ਕੇ ਵਰਤਿਆ ਜਾਂਦਾ ਹੈ। ਹਿੰਗ ਦੀ ਤਾਸੀਰ ਗਰਮ, ਹਾਜ਼ਮਾ ਠੀਕ ਕਰਨ ਵਾਲੀ, ਕਫ਼ ਅਤੇ ਵਾਈ ਨਾਸ਼ਕ, ਵਾਉਗੋਲਾ, ਪੇਟ ਦੇ ਕੀੜੇ ਆਦਿਕ ਰੋਗ ਦੂਰ ਕਰਦੀ ਹੈ। ਇਹ ਮਸਾਲਿਆਂ ਵਿਚ ਸ਼ੁਮਾਰ ਹੁੰਦੀ ਹੈ। ਇਹ ਇਰਾਨ ਅਤੇ ਅਫ਼ਗਾਨਿਸਤਾਨ ਦੀ ਸਦਾਬਹਾਰ ਜੜ੍ਹੀ-ਬੂਟੀ ਹੈ। ਅੰਗਰੇਜ਼ੀ ਵਿਚ ਇਸ ਨੂੰ Asafoetida (Ferula asafoetida L) ਆਖਦੇ ਹਨ:
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ॥ (ਪੰਨਾ 1379)
ਕਸੁੰਭ: ਇਕ ਗੂੜ੍ਹੇ ਸ਼ੋਖ ਲਾਲ ਰੰਗ ਦਾ ਫੁੱਲ ਜੋ ਛੇਤੀ ਫਿੱਕਾ ਪੈ ਜਾਂਦਾ ਹੈ। ਕਈਆਂ ਨੇ ਇਸ ਨੂੰ ਜੰਗਲੀ ਕੇਸਰ ਕਰਕੇ ਵੀ ਲਿਖਿਆ ਹੈ। ਅੰਗਰੇਜ਼ੀ ਵਿਚ ਇਸ ਨੂੰ Safflower (Carthamus tinctorius L) ਆਖਦੇ ਹਨ:
ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ॥ (ਪੰਨਾ 777)
ਕਣਕ: ਕਣਕ ਇਕ ਪ੍ਰਸਿੱਧ ਅਨਾਜ ਹੈ ਜਿਸ ਨੂੰ ਗੰਦਮ, ਗੇਹੂੰ ਭੀ ਆਖਦੇ ਹਨ। ਇਤਿਹਾਸਕ ਨੁਕਤੇ-ਨਿਗਾਹ ਤੋਂ ਇਹ ਆਖਣਾ ਬੜਾ ਕਠਨ ਹੈ ਕਿ ਕਣਕ ਕਦੋਂ ਹੋਂਦ ਵਿਚ ਆਈ। ਪੱਥਰ ਯੁੱਗ ਵਿਚ ਕਣਕ ਦੇ ਦਾਣੇ ਸਵਿਟਜ਼ਰਲੈਂਡ ਦੇ ਖੰਡਰਾਤਾਂ ’ਚੋਂ ਮਿਲੇ ਸਨ। ਚੀਨ ਵਿਚ 2700 ਬੀ.ਸੀ. ’ਚ ਇਹ ਪ੍ਰਮੁੱਖ ਫ਼ਸਲ ਸੀ। ਜੰਗਲੀ ਘਾਹ ਵਰਗੀਆਂ ਕਿਸਮਾਂ ਮੁੱਢ ਕਦੀਮ ਯੂਰਪ ਵਿਚ ਮੌਜੂਦ ਸਨ। ਅੰਗਰੇਜ਼ੀ ਵਿਚ ਇਸ ਨੂੰ Wheat (Triticum aestivum L) ਆਖਦੇ ਹਨ:
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥ (ਪੰਨਾ 1329)
ਕਦਲੀ: ਇਹ ਕੇਲੇ ਦਾ ਬ੍ਰਿਛ ਕਰਕੇ ਪ੍ਰਸਿੱਧ ਹੈ। ਫਲਦਾਰ ਬੂਟਾ ਜਿਸ ਨੂੰ ਕੇਲ ਜਾਂ ਰੰਭਾ ਭੀ ਆਖਦੇ ਹਨ। ਕੇਲੇ 75-100 ਦਿਨਾਂ ਵਿਚ ਦਰੱਖ਼ਤ ’ਤੇ ਫਲ ਬਣ ਜਾਂਦੇ ਹਨ। ਇਹ ਦਰੱਖ਼ਤਾਂ ਤੋਂ ਕੱਚੇ ਹੀ ਉਤਾਰੇ ਜਾਂਦੇ ਹਨ। ਇਕ ਦਰੱਖ਼ਤ ’ਤੇ 50-150 ਫਲ ਹੁੰਦੇ ਹਨ। ਇਹ ਬਹੁਤ ਪ੍ਰਸਿੱਧ ਫਲ ਹੈ, ਪੂਰੇ ਸੰਸਾਰ ਵਿਚ ਤਕਰੀਬਨ 100 ਤੋਂ ਵੱਧ ਕਿਸਮਾਂ ਉਗਾਈਆਂ ਜਾਂਦੀਆਂ ਹਨ। ਅੰਗਰੇਜ਼ੀ ਵਿਚ ਇਸ ਦਾ ਨਾਂ Banana (Musa paradisiaca L) ਹੈ। ਇਸ ਦੇ ਦਰੱਖ਼ਤ ਦੀ ਉਚਾਈ 10-30 ਫੁੱਟ ਤਕ ਹੁੰਦੀ ਹੈ:
ਕਦਲੀ ਪੁਹਪ ਧੂਪ ਪਰਗਾਸ॥ (ਪੰਨਾ 1162)
ਕਪਾਸ: ਇਕ ਪੌਦੇ ਦਾ ਫੁੱਲ ਜਿਸ ਤੋਂ ਰੂੰ ਬਣਦਾ ਹੈ। ਇਸ ਦੇ ਬਿਰਛ ਤੋਂ ਧਾਗਾ ਤੇ ਕੱਪੜਾ ਬਣਦਾ ਹੈ। ਬੀਜ ਲੰਮੇ-ਲੰਮੇ ਵਾਲਾਂ ਨਾਲ ਘਿਰਿਆ ਹੁੰਦਾ ਹੈ। ਭਾਰਤ ਵਿਚ ਇਸ ਦਾ ਜ਼ਿਕਰ ਰਿਗਵੇਦ ਵਿਚ ਵੀ ਆਇਆ ਹੈ ਜੋ 1500 ਬੀ.ਸੀ. ਦੀ ਰਚਨਾ ਹੈ। ‘ਮੰਨੂ ਸਿਮਰਤੀ’ ਵਿਚ ਵਰਣਨ ਆਇਆ ਹੈ ਕਿ ਬ੍ਰਾਹਮਣ ਦੇ ਪਵਿੱਤਰ ਜੰਝੂ ਦਾ ਧਾਗਾ ਕਪਾਹ ਦਾ ਹੋਵੇ। ਬਹੁਤੇ ਵਿਗਿਆਨੀਆਂ ਨੇ ਇਸ ਪੌਦੇ ਦਾ ਮੁੱਢ ਭਾਰਤ ਵਿਚ ਮੰਨਿਆ ਹੈ। ਅੰਗਰੇਜ਼ੀ ਵਿਚ ਇਸ ਨੂੰ Cotton (gossyplum herbaceum L) ਆਖਦੇ ਹਨ:
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ॥ (ਪੰਨਾ 143)
ਕਮਲ: ਇਕ ਸਫ਼ੈਦ ਰੰਗ ਦਾ ਕੋਮਲ ਫੁੱਲ ਹੈ ਜੋ ਪਾਣੀ ਵਿਚ ਹੁੰਦਾ ਹੈ। ਕੰਵਲ ਦੀਆਂ ਅਨੇਕਾਂ ਕਿਸਮਾਂ ਮਿਸਰ, ਭਾਰਤ ਤੇ ਕਸ਼ਮੀਰ ਵਿਚ ਮਿਲਦੀਆਂ ਹਨ। ਇਸ ਦੇ ਫੁੱਲਾਂ ਦੀ ਉਮਰ ਸਾਰੇ ਫੁੱਲਾਂ ਤੋਂ ਵਧੀਕ ਮੰਨੀ ਜਾਂਦੀ ਹੈ। ਵਿਗਿਆਨੀਆਂ ਨੇ ਇਕ ਪ੍ਰਯੋਗ ਰਾਹੀਂ ਸਾਬਤ ਕੀਤਾ ਹੈ ਕਿ 1843 ਤੋਂ ਲੈ ਕੇ 1885 ਈ. ਤਕ ਇਸ ਦੇ ਫੁੱਲ ਉਗਾਏ ਗਏ ਸਨ। ਰਾਬਰਟ ਬਰੂਨ ਨੇ 150 ਸਾਲ ਦੇ ਫੁੱਲ ਬਾਰੇ ਨਵੀਂ ਖੋਜ ਸਾਹਮਣੇ ਲਿਆਂਦੀ ਹੈ। ਕੰਵਲ ਦਾ ਚਿੰਨ੍ਹ ‘ਗਰਮੀ ਤੇ ਸੱਚ’ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Lotus (Nelumbium speciosum L) ਆਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਫੁੱਲਾਂ ਤੋਂ ਵਧੀਕ ਇਸੇ ਫੁੱਲ ਦਾ ਜ਼ਿਕਰ ਆਇਆ ਹੈ:
ਚਰਣ ਕਮਲ ਆਤਮ ਆਧਾਰ॥ (ਪੰਨਾ 181)
ਕਾਹ: ਕਾਹਸਿ, ਕਾਹੀ, ਘਾਹ, ਸਰਕੜਾ, ਸਰਕੰਡਾ, ਸਰ, ਸਰਕੜ੍ਹਾ, ਨੜਾ, ਕਾਨਾ ਆਦਿ। ਅੰਗਰੇਜ਼ੀ ਵਿਚ ਇਸ ਨੂੰ Reed (Willow sacchrum munja L, S. arundinaceum) ਆਖਦੇ ਹਨ:
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ (ਪੰਨਾ 1108)
ਕਿੱਕਰ: ਇਕ ਕੰਡੇਦਾਰ ਦਰੱਖ਼ਤ ਜਿਸ ਨੂੰ ਬਬੂਲ ਵੀ ਆਖਦੇ ਹਨ। ਇਹ ਸਦਾਬਹਾਰ ਦਰੱਖ਼ਤ ਹੈ ਜੋ ਗਰਮ ਅਤੇ ਨੀਮ ਗਰਮ ਖਿੱਤਿਆਂ ਵਿਚ ਆਮ ਹੁੰਦਾ ਹੈ। ਇਸ ਦੇ ਚਿੱਟੇ ਜਾਂ ਪੀਲੇ ਫੁੱਲ ਹੁੰਦੇ ਹਨ। ਇਸ ਦਰੱਖ਼ਤ ਦੀ ਲੰਬਾਈ 4-59 ਫੁੱਟ ਤਕ ਹੁੰਦੀ ਹੈ। ਅੰਗਰੇਜ਼ੀ ਵਿਚ ਇਸ ਨੂੰ Acacia tree (Acacia arabica; A. Jaoquemonti) ਆਖਦੇ ਹਨ:
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ (ਪੰਨਾ 1379)
ਕੁਕਹ: ਇਹ ਪਿਲਛੀ ਦਾ ਪੌਦਾ ਹੈ ਜੋ ਨਦੀ ਕਿਨਾਰੇ ਹੋਣ ਵਾਲਾ ਹੈ ਅਤੇ ਇਕ ਲੰਮੇ ਘਾਹ ਵਾਂਗ ਦਿੱਸਦਾ ਹੈ। ਇਸ ਦੀਆਂ ਟੋਕਰੀਆਂ ਆਦਿ ਬਣਦੀਆਂ ਹਨ। ਫੁੱਲਾਂ ਦਾ ਰੰਗ ਚਿੱਟਾ ਹੁੰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Tamarix diocia L ਆਖਦੇ ਹਨ:
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ (ਪੰਨਾ 1108)
ਕੁੰਗੂ: ਇਸ ਨੂੰ ਕੇਸਰ, ਜ਼ੈਫਰਾਨ ਆਦਿ ਵੀ ਆਖਦੇ ਹਨ। ਇਸ ਦੇ ਫੁੱਲ ਨਾਰੰਗੀ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਬੂਟੇ ਕਸ਼ਮੀਰ ਵਿਚ ਆਮ ਹੁੰਦੇ ਹਨ। ਇਸ ਦੀਆਂ ਤੁਰੀਆਂ ਉੱਤਮ ਸੁਗੰਧੀ ਵਾਲੀਆਂ ਹੁੰਦੀਆਂ ਹਨ। ਅੰਗਰੇਜ਼ੀ ਵਿਚ ਇਸ ਨੂੰ Saffron (Crocus sativus) ਆਖਦੇ ਹਨ। ਇਸ ਨੂੰ ਰੰਗ ਅਤੇ ਸੁਗੰਧ ਲਈ ਵਰਤਿਆ ਜਾਂਦਾ ਹੈ:
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ (ਪੰਨਾ 14)
ਕੁੰਦ: ਇਹ ਚਿੱਟੇ ਫੁੱਲਾਂ ਵਾਲਾ ਇਕ ਪਿਆਰਾ ਬੂਟਾ ਹੈ ਜਿਸ ਨੂੰ ਕੁੰਦੂ ਆਖਦੇ ਹਨ। ਇਸ ਨੂੰ ਚਾਂਦਨੀ ਵੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Coccinia indica L ਆਖਦੇ ਹਨ:
ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ॥ (ਪੰਨਾ 1402)
ਕੁਮੁਦਨੀ: ਰਾਤ ਨੂੰ ਖਿੜਨ ਵਾਲਾ ਇਕ ਫੁੱਲ ਜਿਸ ਨੂੰ ਨੀਲੋਫਰ ਵੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ The blue lotus, water-lily (Nymphaea edulis; N. lotus) ਵੀ ਆਖਦੇ ਹਨ:
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ॥ (ਪੰਨਾ 990)
ਕੋਦਉ: ਕੋਦਾ, ਕੋਦੋ, ਕੋਧਰਾ- ਇਹ ਸਾਰੇ ਨਾਂ ਇਸੇ ਝਾੜੀ ਦੇ ਹਨ। ਇਹ ਬਾਥੂ ਜਿਹੀ ਇਕ ਝਾੜੀ ਹੈ ਜਿਸ ਦਾ ਦਾਣਾ ਗਰੀਬ ਲੋਕ ਰਿੰਨ ਕੇ ਅਥਵਾ ਪੀਹ ਕੇ ਆਟੇ ਦੀ ਰੋਟੀ ਪਕਾ ਕੇ ਖਾਂਦੇ ਹਨ। ਅੰਗਰੇਜ਼ੀ ਵਿਚ ਇਸ ਨੂੰ A Coarse grain (Paspalum scrobia-culatum) ਆਖਦੇ ਹਨ:
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ॥ (ਪੰਨਾ 524)
ਖਜੂਰ: ਇਕ ਦਰੱਖ਼ਤ ਜਿਸ ਦਾ ਫਲ ਛੁਹਾਰਾ ਹੁੰਦਾ ਹੈ। ਇਸ ਦਾ ਬਿਰਛ ਲੱਗਭਗ 33 ਫੁੱਟ ਉੱਚਾ ਹੁੰਦਾ ਹੈ। ਖਜੂਰ ਨੂੰ ਸੁਕਾ ਕੇ ਖੰਡ ਦੀ ਮਾਤਰਾ 50 ਫ਼ੀਸਦੀ ਰਹਿ ਜਾਂਦੀ ਹੈ। ਖਜੂਰ ਦਾ ਮੁੱਢ ਚੀਨ ਮੰਨਿਆ ਜਾਂਦਾ ਹੈ। ਇਹ 4000 ਵਰ੍ਹੇ ਤੋਂ ਉਗਾਈ ਜਾਂਦੀ ਹੈ। ਇਕ ਪੌਦੇ ’ਤੇ ਤਕਰੀਬਨ 1000 ਖਜੂਰ ਲੱਗਦੇ ਹਨ। ਪੱਤੇ ਪਤਲੇ, ਗੂੜ੍ਹੇ ਸਬਜ਼ ਘੰਟੀ ਵਰਗੇ ਦਿੱਸਦੇ ਹਨ। ਖਜੂਰ ਦੇ ਦਰੱਖ਼ਤ ਨੂੰ ਅੰਗਰੇਜ਼ੀ ਵਿਚ Palm tree (Phoenix sylvestris) ਆਖਦੇ ਹਨ:
ਜਲ ਕੀ ਮਾਛੁਲੀ ਚਰੈ ਖਜੂਰਿ॥ (ਪੰਨਾ 718)
ਗਰੀ: ਖੋਪਾ, ਨਾਰੀਅਲ ਦਾ ਮਗਜ਼, ਨਰੇਲ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਤੇਲ ਵੀ ਕੱਢਿਆ ਜਾਂਦਾ ਹੈ ਜੋ ਕੇਸਾਂ ਲਈ ਬੜਾ ਲਾਭਦਾਇਕ ਹੈ। ਅੰਗਰੇਜ਼ੀ ਵਿਚ ਇਸ ਨੂੰ Coconut (Cocos nucifera L) ਆਖਦੇ ਹਨ:
ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ॥ (ਪੰਨਾ 417)
ਗੁਲਾਲ: ਇਸ ਲਾਲ ਫੁੱਲ ਨੂੰ ਗੁਲੇਲਾਲਾ ਵੀ ਆਖਦੇ ਹਨ। ਜਿਸ ਦੇ ਫੁੱਲਾਂ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ। ਇਸ ਨੂੰ ਪੋਸਤ ਦਾ ਫੁੱਲ ਭੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Tulip crimson, Poppy flower (Papaver somnifer) ਆਖਦੇ ਹਨ:
ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ॥ (ਪੰਨਾ 384)
ਚੰਦਨ: ਚੰਦਨ ਦਾ ਬ੍ਰਿਛ, ਜਿਸ ਦੀ ਸੁਗੰਧ ਨਾਲ ਭਿੰਨੀ-ਭਿੰਨੀ ਖੁਸ਼ਬੋਈ ਆਉਂਦੀ ਹੈ। ਇਕ ਖ਼ੂਬਸੂਰਤ ਲੱਕੜੀ ਦਾ ਬ੍ਰਿਛ, ਜਿਸ ਨੂੰ ਅੰਗਰੇਜ਼ੀ ਵਿਚ Sandal wood ਆਖਦੇ ਹਨ:
ਚੋਆ ਚੰਦਨ ਦੇਹ ਫੂਲਿਆ॥ (ਪੰਨਾ 210)
ਚਨਨ: ਛੋਲਿਆਂ ਦਾ ਇਕ ਛੋਟਾ ਪੌਦਾ ਜਿਸ ਨਾਲ ਚਣੇ ਲੱਗਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Gram beans, Chicu pea (Cicer arietinum L) ਆਖਦੇ ਹਨ। ਗੁਰਬਾਣੀ ਵਿਚ ‘ਚਨੇ’ ਸ਼ਬਦ ਵੀ ਆਇਆ ਹੈ:
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ॥ (ਪੰਨਾ 336)
ਚਾਵਲ: ਇਸ ਨੂੰ ਚੌਲ, ਧਾਨ ਦਾ ਬੀਜ, ਮੁੰਜ਼ੀ, ਝੋਨਾ, ਤੰਡੁਲ, ਚਾਉਲ ਭੀ ਆਖਦੇ ਹਨ। ਇਹ ਪ੍ਰਸਿੱਧ ਅਨਾਜ ਜੋ ਆਮ ਤੌਰ ’ਤੇ ਸਫੈਦ ਰੰਗ ਦਾ ਹੁੰਦਾ ਹੈ ਜਿਸ ਦੀ ਉਤਪਤੀ ਦੱਖਣ-ਪੂਰਬ ਏਸ਼ੀਆ ਮੰਨੀ ਜਾਂਦੀ ਹੈ। 5000 ਵਰ੍ਹੇ ਪਹਿਲਾਂ ਚੌਲ ਬੀਜਣ ਦੀ ਕ੍ਰਿਆ ਧਾਰਮਿਕ ਨੁਕਤੇ-ਨਿਗਾਹ ਤੋਂ ਕੀਤੀ ਜਾਂਦੀ ਸੀ। ਸੰਸਾਰ ਦੇ 50 ਫ਼ੀਸਦੀ ਲੋਕ ਇਸੇ ਅਨਾਜ ’ਤੇ ਨਿਰਭਰ ਹਨ। ਵੈਦਕ ਸਾਹਿੱਤ ਵਿਚ ਜੰਗਲੀ ਚਾਵਲ ‘ਨੀਵਾਰਾ’ ਅਤੇ ਅਥਾਰਵੈਦਾ ਵਿਚ ‘ਵੀਰਹੀ’ ਦਾ ਜ਼ਿਕਰ ਆਉਂਦਾ ਹੈ:
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ॥ (ਪੰਨਾ 965)
ਢਾਕ: ਇਹ ਇਕ ਲੱਕੜੀ ਦਾ ਬ੍ਰਿਛ ਹੈ ਜਿਸ ਨੂੰ ਢੱਕ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Butea tree (Butea frondosa L) ਆਖਦੇ ਹਨ:
ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਓਿ ਢਾਕ ਪਲਾਸ॥ (ਪੰਨਾ 1365)
ਤਰਵਰ: ਇਹ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਧਰਵਰ’ (ਵਧੀਆ ਰੁੱਖ) ਤੋਂ ਨਿਕਲਿਆ ਹੈ। ਇਹ ਦਰੱਖ਼ਤ, ਬ੍ਰਿਛ, ਰੁੱਖ ਆਦਿ ਨਾਵਾਂ ਨਾਲ ਵੀ ਪ੍ਰਸਿੱਧ ਹੈ। ਅੰਗਰੇਜ਼ੀ ਵਿਚ ਇਸ ਨੂੰ Plant ਆਖਦੇ ਹਨ:
ਤਰਵਰ ਪੰਖੀ ਬਹੁ ਨਿਸਿ ਬਾਸੁ॥ (ਪੰਨਾ 152)
ਤਾਰ: ਇਕ ਰੁੱਖ ਜਿਸ ਤੋਂ ਨਸ਼ੀਲਾ ਪਦਾਰਥ ਨਿਕਲਦਾ ਹੈ। ਇਹ ਫ਼ਾਰਸੀ ਦੇ ਸ਼ਬਦ ‘ਤਾਰ’ ਤੋਂ ਨਿਕਲਿਆ ਹੈ, ਜਿਸ ਨੂੰ ਤਾੜ ਦਾ ਦਰੱਖ਼ਤ ਵੀ ਆਖਦੇ ਹਨ। ਅਸਲ ਵਿਚ ਇਹ ਖਜੂਰ ਦੀ ਜਾਤੀ ਦਾ ਦਰੱਖ਼ਤ ਹੈ ਜਿਸ ਦੇ ਰਸ ਨੂੰ ਤਾੜੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Palm Tree (Palmyra tree, Toddy tree, Borassus flabelliferra L jW Sabal palmetta L) ਆਖਦੇ ਹਨ:
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥ (ਪੰਨਾ 1293)
ਤਿਲ: ਇਕ ਨਿੱਕਾ ਜਿਹਾ ਪੌਦਾ ਜਿਸ ਦੇ ਬੀਜ ’ਚੋਂ ਤੇਲ ਕੱਢਿਆ ਜਾਂਦਾ ਹੈ। ਤਿਲ ਦੇ ਬੀਜ ਦੀ ਤਾਸੀਰ ਗਰਮ ਹੁੰਦੀ ਹੈ। ਤਿਲ ਦਾ ਪ੍ਰਮੁੱਖ ਕੇਂਦਰੀ ਮੁੱਢ ਅਫ਼ਰੀਕਾ ਮੰਨਿਆ ਜਾਂਦਾ ਹੈ। ਇਸ ਦੀਆਂ ਵਧੀਕ ਜੰਗਲੀ ਕਿਸਮਾਂ ਭਾਰਤ ਅਤੇ ਜਾਪਾਨ ਵਿਚ ਹੁੰਦੀਆਂ ਹਨ। ਅੰਗਰੇਜ਼ੀ ਵਿਚ ਇਸ ਨੂੰ Sesame (Sesamum indicum L) ਆਖਦੇ ਹਨ:
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥ (ਪੰਨਾ 315)
ਤੁਮਾ: ਇਹ ਖਰਬੂਜੇ ਵਰਗੇ ਇਕ ਫਲ ਦੀ ਝਾੜੀ ਹੈ, ਜਿਸ ਨੂੰ ਕੌੜਮ, ਕੌੜਾ ਤੁੰਮਾ ਵੀ ਆਖਦੇ ਹਨ। ਇਹ ਬਾਦੀ ਰੋਗ ਨੂੰ ਦੂਰ ਕਰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Colocynth ਆਖਦੇ ਹਨ:
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥ (ਪੰਨਾ 147)
ਤੁਲਸੀ: ਇਕ ਪੌਦਾ ਜਿਸ ਦੇ ਪੱਤੇ ਦਵਾਈ ਵਜੋਂ ਵੀ ਵਰਤੇ ਜਾਂਦੇ ਹਨ। ਹਿੰਦੂ ਇਸ ਨੂੰ ਪਵਿੱਤਰ ਸਮਝ ਕੇ ਪੂਜਦੇ ਹਨ। ਅੰਗਰੇਜ਼ੀ ਵਿਚ ਇਸ ਨੂੰ An aromatic plant, Holy basil plant (Ocimum sanctum) ਆਖਦੇ ਹਨ:
ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ॥ (ਪੰਨਾ 973)
ਦੱਭ: ਇਹ ਘਾਹ ਦੀ ਇਕ ਕਿਸਮ ਹੈ, ਜਿਸ ਦੇ ਪੱਤੇ ਚੌੜੇ ਅਤੇ ਤਿੱਖੇ ਹੁੰਦੇ ਹਨ, ਜੋ ਖਲੋਤੇ ਪਾਣੀ ਵਿਚ ਵੀ ਹੁੰਦਾ ਹੈ। ਇਸ ਦੀਆਂ ਸਫਾਂ ਆਦਿ ਬਣਦੀਆਂ ਹਨ। ਪੱਤੇ ਛੋਟੇ ਤੇ ਨਰਮ ਹੁੰਦੇ ਹਨ। ਸੰਸਾਰ ਵਿਚ ਇਸ ਦੇ ਜੋ ਹੋਰ ਨਾਂ ਪ੍ਰਚੱਲਤ ਹਨ ਉਹ ਪਵਿੱਤਰ ਘਾਹ, ਹਰਿਆਲੀ, ਬਾਗਾ ਘਾਹ, ਤਾਰਾ ਘਾਹ, ਲਾਨ ਘਾਹ, ਸ਼ਾਤਾਨੀ ਘਾਹ, ਕੱਚ ਘਾਹ ਆਦਿ ਹਨ। ਇਹ ਸਦਾ ਬਹਾਰ ਹੈ। ਅੰਗਰੇਜ਼ੀ ਵਿਚ ਇਸ ਨੂੰ Doub (Cynodon dactylon L) ਆਖਦੇ ਹਨ:
ਫਰੀਦਾ ਥੀਉ ਪਵਾਹੀ ਦਭੁ॥ (ਪੰਨਾ 1378)
ਦਾਖ: ਸੁੱਕੇ ਹੋਏ ਅੰਗੂਰਾਂ ਨੂੰ ਦਾਖ ਆਖਦੇ ਹਨ। ਇਸ ਦਾ ਪੌਦਾ ਸਰਦ ਅਤੇ ਅੱਧ- ਸਰਦ ਵਾਤਾਵਰਣ ਵਿਚ ਉੱਗਦਾ ਹੈ। ਏਸ਼ੀਆ ਇਸ ਦਾ ਮੁੱਢ ਮੰਨਿਆ ਜਾਂਦਾ ਹੈ। ਇਸ ਦੀ ਪੈਦਾਵਾਰ ’ਤੇ ਮੌਸਮ, ਜ਼ਮੀਨ, ਵਾਤਾਵਰਣ ਅਤੇ ਸਿੰਜਾਈ ਢੰਗ ਦਾ ਬਹੁਤ ਅਸਰ ਹੁੰਦਾ ਹੈ। ਇਸ ਨੂੰ ਕਿਸ਼ਮਿਸ਼ ਵੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Grapes, Curranot (Vitis vinifera L) ਆਖਦੇ ਹਨ:
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ (ਪੰਨਾ 1379)
ਧਤੂਰਾ: ਇਹ ਇਕ ਜ਼ਹਿਰੀਲਾ ਨਸ਼ੀਲਾ ਪਦਾਰਥ ਹੈ, ਜਿਸ ਦੇ ਵਿਸ਼ੈਲੇ ਗੋਲ ਫਲ ਕੰਡੇਦਾਰ ਹੁੰਦੇ ਹਨ। ਵੈਦ ਧਤੂਰੇ ਨੂੰ ਦਮੇ ਆਦਿ ਰੋਗਾਂ ਲਈ ਵਰਤਦੇ ਹਨ। ਇਹ ਗਰਮ, ਖੁਸ਼ਕ ਅਤੇ ਦਿਲ-ਦਿਮਾਗ਼ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਇਹ ਇਕ ਵਰਸ਼ੀ ਪੌਦਾ ਹੈ ਜਿਸ ਦੇ ਫਲ ਚਿੱਟੇ ਜਾਂ ਜਾਮਣੀ ਰੰਗ ਦੇ ਹੁੰਦੇ ਹਨ। ਅੰਗਰੇਜ਼ੀ ਵਿਚ Thorn-apple, Datura (Datiura alba L) ਆਖਦੇ ਹਨ:
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥ (ਪੰਨਾ 147)
ਨਿੰਮ: ਨਿੰਮ, ਨੀਮ ਸੰਘਣੀ ਛਾਂ ਵਾਲਾ ਇਕ ਦਰੱਖ਼ਤ ਹੈ ਜਿਸ ਦਾ ਫਲ ਕੌੜਾ ਹੁੰਦਾ ਹੈ। ਲੱਕੜ ਇਮਾਰਤ ਵਿਚ ਵਰਤੀ ਜਾਂਦੀ ਹੈ। ਇਸ ਦੀ ਛਿੱਲ, ਫਲ, ਪੱਤੇ ਆਦਿ ਅਨੇਕ ਦਵਾਈਆਂ ਵਿਚ ਵਰਤੇ ਜਾਂਦੇ ਹਨ। ਨਿੰਮ ਦੀਆਂ ਪੰਜਾਂ ਚੀਜ਼ਾਂ ਦਾ ਇਕੱਠ ਜਿਵੇਂ ਪੱਤੇ, ਛਿੱਲ, ਫੁੱਲ, ਫਲ ਅਤੇ ਜੜ੍ਹ ਨੂੰ ਵੈਦਯਕ ਗ੍ਰੰਥਾਂ ਵਿਚ ‘ਨਿੰਬ ਪੰਚਕ’ ਆਖਦੇ ਹਨ ਜੋ ਲਹੂ ਅਤੇ ਕਫ਼ ਦੇ ਵਿਕਾਰ ਨਾਸ਼ ਕਰਨ ਲਈ ਪ੍ਰਸਿੱਧ ਹੈ। ਅੰਗਰੇਜ਼ੀ ਵਿਚ ਇਸ ਨੂੰ Margosa tree (Azadirachta indica L) ਆਖਦੇ ਹਨ:
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲ॥ (ਪੰਨਾ 147)
ਨਿੰਬੂ: ਇਸ ਨੂੰ ਨੇਂਬੂ ਵੀ ਲਿਖਿਆ ਜਾਂਦਾ ਹੈ। ਇਸ ਦਾ ਦਰੱਖ਼ਤ ਬਹੁਤ ਵੱਡਾ ਨਹੀਂ ਹੁੰਦਾ। ਕਾਗਜ਼ੀ ਨਿੰਬੂ ਸਭ ਤੋਂ ਉੱਤਮ ਹੈ। ਨਿੰਬੂ ਜਿਗਰ ਅਤੇ ਮਿਹਦੇ ਦੇ ਰੋਗ ਦੂਰ ਕਰਦਾ ਹੈ, ਭੁੱਖ ਲਾਉਂਦਾ ਹੈ। ਤ੍ਰਿਪਾ, ਸਿਰ ਪੀੜ ਲਈ ਲਾਭਕਾਰੀ ਹੈ। ਇਸ ਦਾ ਆਚਾਰ ਵੀ ਬਣਾਉਂਦੇ ਹਨ:
ਨੀੰਬੁ ਭਇਓ ਆਂਬੁ ਆਂਬੁ ਭਇਓ ਨੀੰਬਾ ਕੇਲਾ ਪਾਕਾ ਝਾਰਿ॥ (ਪੰਨਾ 972)
ਪਲਾਸ: ਇਸ ਨੂੰ ਪਲਾਹ, ਢੱਕ ਦਾ ਬੂਟਾ ਜਾਂ ਇਕ ਨਿਕੰਮਾ ਰੁੱਖ ਵੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Butea frondosa, B. monosperma jW Ficus infectoria) ਵੀ ਆਖਦੇ ਹਨ:
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬਹੁੀਆ॥ (ਪੰਨਾ 834)
ਪਿੱਪਲ: ਇਸ ਨੂੰ ਪੀਪ ਵੀ ਆਖਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Boucerosia edulsis L ਵੀ ਆਖਦੇ ਹਨ:
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ॥ (ਪੰਨਾ 1325)
ਬਟਕ: ਇਹ ਬਹੁਤ ਵੱਡੇ ਆਕਾਰ ਦਾ ਦਰੱਖ਼ਤ ਹੈ ਜਿਸ ਨੂੰ ਬੋਹੜ ਵੀ ਆਖਦੇ ਹਨ। ਇਸ ਦੀ ਉਮਰ ਸੈਂਕੜੇ ਸਾਲ ਤਕ ਅਨੁਮਾਨ ਕੀਤੀ ਜਾਂਦੀ ਹੈ। ਅੰਗਰੇਜ਼ੀ ਵਿਚ Banyan tree (Ficus benghalensis) ਆਖਦੇ ਹਨ:
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ॥ (ਪੰਨਾ 340)
ਬਾਂਸ: ਤ੍ਰਿਣ ਜਾਤੀ ਦਾ ਇਕ ਪੌਦਾ, ਜਿਸ ਦੀ ਲੰਮੀ ਛਟੀ ਗੱਠਦਾਰ ਹੁੰਦੀ ਹੈ। ਘਾਹ ਦੀ ਜਾਤ ਦਾ ਇਕ ਪਤਲਾ ਲੰਮਾ ਬੂਟਾ ਜੋ ਪੋਰੀਆਂ ਵਾਲੇ ਲੰਮੇ ਤਣੇ ਵਾਲਾ ਬੂਟਾ ਜੋ ਵਿੱਚੋਂ ਪੋਲਾ ਹੁੰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Bamboo (Adhatoda varica L) ਆਖਦੇ ਹਨ। ਬਾਂਸ ਦੀਆਂ ਪੌੜੀਆਂ ਵੀ ਬਣਾਈਆਂ ਜਾਂਦੀਆਂ ਹਨ:
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ (ਪੰਨਾ 1365)
ਬੇਰ: ਇਕ ਫਲਦਾਰ ਦਰੱਖ਼ਤ ਜਿਸ ’ਤੇ ਲੱਗੇ ਬੇਰ ਬਹੁਤ ਹੀ ਮਿੱਠੇ ਅਤੇ ਸੁਗੰਧ ਭਰੇ ਹੁੰਦੇ ਹਨ। ਅੰਗਰੇਜ਼ੀ ਵਿਚ ਇਸ ਨੂੰ Ber tree (Ziziphus Jujuba) ਆਖਦੇ ਹਨ:
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥ (ਪੰਨਾ 1369)
ਮਹੂਆ: ਇਕ ਦਰੱਖ਼ਤ ਜਿਸ ਦੇ ਫੁੱਲਾਂ ਤੋਂ ਸ਼ਰਾਬ ਨਿਕਲਦੀ ਹੈ। ਅੰਗਰੇਜ਼ੀ ਵਿਚ A flowering tree (Bassia latifolia Madhuka indica L) ਆਖਦੇ ਹਨ:
ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ॥ (ਪੰਨਾ 969)
ਮਜੀਠ: ਇਕ ਵੇਲਦਾਰ ਝਾੜੀ ਜਿਸ ਦੀ ਡੰਡੀ ਵਿਚ ਪੱਕਾ ਲਾਲ ਰੰਗ ਹੁੰਦਾ ਹੈ। ਜਦੋਂ ਇਸ ਦੀਆਂ ਜੜ੍ਹਾਂ ਨੂੰ ਉਬਾਲਦੇ ਹਾਂ ਤਾਂ ਰੰਗ ਚੰਗਾ ਗੂੜ੍ਹਾ ਹੋ ਜਾਂਦਾ ਹੈ। ਇਹ ਸਦਾਬਹਾਰ ਵੇਲ ਯੂਰਪ ਅਤੇ ਏਸ਼ੀਆ ਦੀ ਮੁੱਢ ਮੰਨੀ ਜਾਂਦੀ ਹੈ। ਇਸ ਦੇ ਫੁੱਲ ਸਬਜ਼ ਪੀਲੇ ਰੰਗ ਦੇ ਹੁੰਦੇ ਹਨ। ਇਸ ਦਾ ਬ੍ਰਿਛ 3.9 ਫੁੱਟ ਤਕ ਲੰਮਾ ਹੁੰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Madder (Rubia tinctorum L) ਆਖਦੇ ਹਨ:
ਆਪੇ ਹੀਰਾ ਨਿਰਮਲ ਆਪੇ ਰੰਗੁ ਮਜੀਠ॥ (ਪੰਨਾ 54)
ਲੌਂਗ: ਇਹ ਇਕ ਛੋਟਾ ਪੌਦਾ ਹੈ ਜਿਸ ਦੀਆਂ ਕਲੀਆਂ ਦੀ ਤਾਸੀਰ ਗਰਮ ਤਰ ਹੈ। ਇਹ ਮੂੰਹ ਅਤੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਦਿਲ-ਦਿਮਾਗ਼ ਨੂੰ ਤਾਕਤ ਦਿੰਦਾ ਹੈ। ਅਧਰੰਗ, ਲਕਵਾ, ਸਕਤਾ ਆਦਿ ਰੋਗਾਂ ਲਈ ਗੁਣਕਾਰੀ ਹੈ। ਸੁਰਮੇ ਵਿਚ ਮਿਲਾ ਕੇ ਅੱਖੀਂ ਪਾਇਆਂ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦਾ ਹੈ। ਇਹ ਗਰਮ ਮਸਾਲਿਆਂ ਵਿਚ ਵੀ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Cloves (Caryophyllus aromaticus L) ਆਖਦੇ ਹਨ:
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ॥ (ਪੰਨਾ 1123)
ਲਸਣ: ਲਸਣ ਦਾ ਪੌਦਾ ਛੋਟਾ ਹੁੰਦਾ ਹੈ। ਲਸਣ ਗੰਢੇ ਹੁੰਦਾ ਹੈ ਜੋ ਮਸਾਲੇ ਤੇ ਦਵਾਈ ਲਈ ਵਰਤਿਆ ਜਾਂਦਾ ਹੈ। ਇਸ ਦੀ ਤਾਸੀਰ ਗਰਮ ਤਰ ਹੁੰਦੀ ਹੈ ਅਤੇ ਇਹ ਪੇਟ ਦੇ ਕੀੜੇ, ਬਦਹਜ਼ਮੀ, ਗਠੀਆ, ਵਾਉਗੋਲਾ, ਕਫ਼ ਆਦਿਕ ਨਾਸ਼ ਕਰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Garlic (Allium sativum L) ਆਖਦੇ ਹਨ:
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ॥ (ਪੰਨਾ 1365)
ਸਹਾਇਕ ਪੁਸਤਕ ਸੂਚੀ:
1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਚਾਰ ਭਾਗ
2. ਨਾਭਾ, ਕਾਨ੍ਹ ਸਿੰਘ, ਭਾਈ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਦਿੱਲੀ, 1990.
3. ਭਾਸ਼ਾ ਵਿਭਾਗ, ਪੰਜਾਬ, ਪੰਜਾਬੀ ਕੋਸ਼, ਪੰਜ ਜਿਲਦਾਂ, 1960.
4. ਸਰਨਾ, ਜਸਬੀਰ ਸਿੰਘ, ਡਾ., ਕਸ਼ਮੀਰ ਦੇ ਜੰਗਲੀ ਫੁੱਲ, ਕਸ਼ਮੀਰ, 1998.
5. ਗੁਰਚਰਨ ਸਿੰਘ, ਡਾ., ਸ੍ਰੀ ਗੁਰੂ ਗ੍ਰੰਥ ਕੋਸ਼, ਦੋ ਜਿਲਦਾਂ, ਪਟਿਆਲਾ, 2002.
6. ਉਹੀ, ਆਦਿ ਗ੍ਰੰਥ ਸ਼ਬਦ ਅਨੁਕ੍ਰਮਣਿਕਾ, ਦੋ ਭਾਗ, ਪਟਿਆਲਾ, 1994, 1999.
7. ਸਰਨਾ, ਜਸਬੀਰ ਸਿੰਘ, ਡਾ., ਸ੍ਰੀ ਗੁਰੂ ਗ੍ਰੰਥ ਸਾਹਿਬ, ਬਨਸਪਤੀ ਕੋਸ਼ (ਲਿਖਤੀ)।
8. Manmohan Singh, Advocate- Hymns of Guru Nanak, Patiala, 1982.
9. Sarna, Jasbir Singh, Dr., Flora and Faunain Guru Nanak’s Bani, Jammu, 1992.
10. Francis Rose, The New Observers Books of Wild Flowers, London, 1983
11. David Conway, The Magic of Herbs, Great Britain, 1977.
ਲੇਖਕ ਬਾਰੇ
ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ।
Sant Niwas,R-11, Swarn Colony, Gole Gujral, Jammu Tawi 180002
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/May 1, 2008
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/March 1, 2009
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/June 1, 2010
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/
- ਡਾ. ਜਸਬੀਰ ਸਿੰਘ ਸਰਨਾhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%b0%e0%a8%a8%e0%a8%be/August 30, 2021