ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਉਹ ਚਮਕਦਾ ਸਿਤਾਰਾ ਹੈ, ਜੋ ਜ਼ਿਲ੍ਹਾ ਪੁਣਛ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਚ ਇਕ ਮਾਮੂਲੀ ਕਿਸਾਨ ਦੇ ਘਰ ਪੈਦਾ ਹੋਇਆ ਅਤੇ ਜਿਸ ਦੀ ਚਮਕ ਨੇ ਦੇਸ਼ ਦੇ ਇਤਿਹਾਸ ਵਿਚ ਮੋੜ ਲਿਆਉਣ ਲਈ ਇਕ ਮੀਲ ਪੱਥਰ ਦਾ ਕੰਮ ਕੀਤਾ। ਬਾਬਾ ਜੀ ਦੇ ਵਿਅਕਤਿੱਤਵ ਨੂੰ ਪਹਿਚਾਣਨ ਵਾਸਤੇ ਸਾਨੂੰ ਉਨ੍ਹਾਂ ਦੇ ਵਿਚਾਰ, ਭਾਵਨਾਵਾਂ ਅਤੇ ਕਾਰਜਾਂ ਬਾਰੇ ਜਾਣਨਾ ਪਵੇਗਾ। ਉਨ੍ਹਾਂ ਸੰਬੰਧੀ ਇਤਿਹਾਸ ਦੀ ਸੰਖੇਪ ਜਾਣਕਾਰੀ ਹੋਣੀ ਉਨ੍ਹਾਂ ਦੇ ਵਿਅਕਤਿੱਤਵ ਨੂੰ ਸਮਝਣ ਵਾਸਤੇ ਅਤਿ ਜ਼ਰੂਰੀ ਹੈ। ਕਸ਼ਮੀਰ ਦੇ ਰਾਜੌਰੀ ਸ਼ਹਿਰ ਵਿਚ ਕਿਸਾਨ ਰਾਮਦੇਵ ਦੇ ਘਰ ਜਨਮੇ ਲਛਮਣ ਦੇਵ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਉਜਾਗਰ ਹੋਏ। ਉਨ੍ਹਾਂ ਨੂੰ ਘੋੜ ਸਵਾਰੀ ਅਤੇ ਸ਼ਿਕਾਰ ਦਾ ਸ਼ੌਕ ਬਚਪਨ ਤੋਂ ਹੀ ਸੀ ਪਰ ਉਹ ਮਨ ਦੇ ਬਹੁਤ ਕੋਮਲ ਅਤੇ ਜਜ਼ਬਾਤੀ ਸਨ। ਦੂਜੇ ਦੇ ਦੁੱਖ ਨੂੰ ਦੇਖ ਕੇ ਉਨ੍ਹਾਂ ਦਾ ਦਿਲ ਤੜਫਣ ਲੱਗ ਜਾਂਦਾ ਸੀ।
ਇੱਕ ਵਾਰ ਸ਼ਿਕਾਰ ਕਰਦਿਆਂ ਗਰਭਵਤੀ ਹਿਰਨੀ ਦੇ ਪੇਟ ਵਿੱਚੋਂ ਨਿਕਲੇ ਬੱਚੇ ਉਨ੍ਹਾਂ ਦੇ ਸਾਹਮਣੇ ਤੜਪ ਕੇ ਮਰ ਗਏ। ਇਸ ਘਟਨਾ ਨੇ ਉਨ੍ਹਾਂ ਵਿਚ ਜਬਰਦਸਤ ਤਬਦੀਲੀ ਲਿਆਂਦੀ। ਉਹ ਜਗ ਤੋਂ ਉਚਾਟ ਹੋ ਗਏ ਅਤੇ 16 ਸਾਲ ਦੀ ਉਮਰ ਵਿਚ ਹੀ ਮਨ ਦੀ ਸ਼ਾਂਤੀ ਦੀ ਭਾਲ ਵਾਸਤੇ ਉਨ੍ਹਾਂ ਨੇ ਘਰ-ਬਾਰ ਤਿਆਗ ਦਿੱਤਾ। ਉਹ ਕਈ ਜਗ੍ਹਾ ਭਟਕੇ। ਉਨ੍ਹਾਂ ਦਾ ਨਾਮ ਹੁਣ ਮਾਧੋਦਾਸ ਸੀ। ਅੰਤ ਨਾਸਿਕ ਵਿਚ ਔਘੜਨਾਥ ਜੋਗੀ ਨੂੰ ਗੁਰੂ ਧਾਰ ਕੇ ਜੰਤਰ-ਮੰਤਰ ਸਿਖ ਲਏ। ਮਾਧੋਦਾਸ ਨੇ ਨਾਂਦੇੜ ਵਿਚ ਆਪਣਾ ਸੁਤੰਤਰ ਮੱਠ ਬਣਾ ਕੇ ਉਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਰਿਧੀਆਂ-ਸਿਧੀਆਂ ਪ੍ਰਾਪਤ ਕਰਨ ਵਾਲੇ ਪ੍ਰਾਣੀ ਵਿਚ ਹਉਮੈ ਆਉਣੀ ਸੁਭਾਵਿਕ ਹੁੰਦੀ ਹੈ। ਮਾਧੋਦਾਸ ਨਾਲ ਵੀ ਅਜਿਹਾ ਹੀ ਹੋਇਆ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਫੇਰੀ ਪਾਈ ਤਾਂ ਉਹ ਮਾਧੋਦਾਸ ਨੂੰ ਮਿਲੇ ਅਤੇ ਉਸ ਦੇ ਅੰਦਰਲੇ ਗੁਣਾਂ ਨੂੰ ਪਹਿਚਾਣਿਆ। ਜਦੋਂ ਮਾਧੋਦਾਸ ਦੇ ਜੰਤ੍ਰ-ਮੰਤ੍ਰ ਗੁਰੂ ਸਾਹਿਬ ਉਤੇ ਅਸਰ ਨਾ ਕਰ ਸਕੇ ਤਾਂ ਉਸ ਦੀ ਹਉਮੈ ਤੁਰੰਤ ਖ਼ਤਮ ਹੋ ਗਈ। ਉਸ ਦੀ ਅੰਦਰਲੀ ਦੱਬੀ ਪਈ ਨਿਮਰਤਾ ਪ੍ਰਗਟ ਹੋ ਗਈ ਅਤੇ ਉਹ ਗੁਰੂ ਜੀ ਦੇ ਚਰਨਾਂ ਉਤੇ ਢਹਿ ਪਿਆ। ਉਸ ਨੇ ਆਪਣੇ ਆਪ ਨੂੰ ਗੁਰੂ ਜੀ ਦਾ ਬੰਦਾ ਭਾਵ ਦਾਸ ਕਿਹਾ। ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮਨ ਦੀ ਭਟਕਣਾ ਦੂਰ ਕਰਨ ਵਾਸਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਮਾਧੋਦਾਸ ਜੰਤਰਾਂ-ਮੰਤਰਾਂ ਕਰਕੇ ਆਪਣੀ ਮਹਾਨਤਾ ਜਤਾ ਰਿਹਾ ਸੀ। ਗੁਰੂ ਸਾਹਿਬ ਨੇ ਜੰਤਰਾਂ-ਮੰਤਰਾਂ ਦੀ ਮੈਲ ਨੂੰ ਉਤਾਰ ਦਿੱਤਾ ਅਤੇ ਉਸ ਦੀ ਸ਼ਖ਼ਸੀਅਤ ਨੂੰ ਉਘਾੜਿਆ। ਮਾਧੋਦਾਸ ਦਾ ਹਿਰਦਾ ਪਵਿੱਤਰ ਸੀ। ਉਹ ਬਹੁਤ ਕਾਬਲ ਵੀ ਸੀ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ, ਉਨ੍ਹਾਂ ਦੇ ਛੁਪੇ ਗੁਣਾਂ ਨੂੰ ਪ੍ਰਤੱਖ ਕੀਤਾ ਅਤੇ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ। ਗੁਰਬਖਸ਼ ਸਿੰਘ ਨੇ ਥੋੜ੍ਹੇ ਹੀ ਸਮੇਂ ਵਿਚ ਖਾਲਸੇ ਦੀ ਰਹਿਤ ਪੂਰੀ ਤਰ੍ਹਾਂ ਦ੍ਰਿੜ੍ਹ ਕਰ ਲਈ ਅਤੇ ਜੰਤਰ-ਮੰਤਰ ਹਮੇਸ਼ਾਂ ਵਾਸਤੇ ਤਿਆਗ ਦਿੱਤੇ। ਜਦੋਂ ਉਸ ਨੂੰ ਗੁਰੂ ਜੀ ਕੋਲੋਂ ਪੰਜਾਬ ਦੇ ਹਾਲਾਤ ਦਾ ਪਤਾ ਚੱਲਿਆ ਤਾਂ ਉਸ ਦਾ ਮਨ ਤੜਪ ਉਠਿਆ। ਵਜ਼ੀਰ ਖਾਨ ਦੇ ਨੀਚ ਕਾਰਿਆਂ ਦਾ ਪਤਾ ਲੱਗਿਆ ਤਾਂ ਉਸ ਦਾ ਖ਼ੂਨ ਗੁੱਸੇ ਨਾਲ ਉਬਲਣ ਲੱਗਾ ਅਤੇ ਉਸ ਨੇ ਗੁਰੂ ਸਾਹਿਬ ਕੋਲੋਂ ਪੰਜਾਬ ਵਿਚ ਜਾ ਕੇ ਜ਼ਾਲਮਾਂ ਨੂੰ ਸੋਧਣ ਦੀ ਆਗਿਆ ਮੰਗੀ। ਗੁਰੂ ਜੀ ਨੇ ਇਜ਼ਾਜਤ ਦੇ ਦਿੱਤੀ। ਉਨ੍ਹਾਂ ਦੇ ਨਾਲ ਪੰਜ ਸਿੰਘਾਂ ਦੀ ਸਲਾਹਕਾਰ ਕਮੇਟੀ ਵੀ ਭੇਜੀ। 20 ਹੋਰ ਸਿੰਘਾਂ ਨੂੰ ਵੀ ਨਾਲ ਭੇਜਿਆ। ਗੁਰੂ ਸਾਹਿਬ ਨੇ ਇਕ ਹੁਕਮਨਾਮਾ ਸਿੱਖਾਂ ਦੇ ਨਾਮ ਜਾਰੀ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਾਲਮਾਂ ਨੂੰ ਸੋਧਣ ਦੇ ਯਤਨਾਂ ਵਿਚ ਸਾਥ ਦਿੱਤਾ ਜਾਵੇ। ਆਪਣੀ ਬਖ਼ਸ਼ਿਸ਼ ਨਾਲ ਸਰਸ਼ਾਰ ਕਰਕੇ ਬਾਬਾ ਜੀ ਨੂੰ ਪੰਜ ਤੀਰ, ਇਕ ਨਗਾਰਾ ਅਤੇ ਇਕ ਨਿਸ਼ਾਨ ਸਾਹਿਬ ਦੇ ਕੇ ਪੰਜਾਬ ਵੱਲ ਆਪਣੇ ਹੱਥੀਂ ਤੋਰਿਆ। ਅਜੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚੇ ਵੀ ਨਹੀਂ ਸਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਦੀ ਖ਼ਬਰ ਮਿਲ ਗਈ ਜਿਸ ਨੇ ਉਨ੍ਹਾਂ ਦੇ ਮਨ ਵਿਚ ਜ਼ਾਲਮਾਂ ਵਿਰੁੱਧ ਲੜਨ ਦੇ ਜੋਸ਼ ਨੂੰ ਦੁੱਗਣਾ ਕਰ ਦਿੱਤਾ। ਨਾਰਨੌਲ ਪਹੁੰਚ ਕੇ ਉਨ੍ਹਾਂ ਨੇ ਆਪਣੇ ਅੱਖੀਂ ਸਤਿਨਾਮੀਆਂ ਉਤੇ ਹੁੰਦੇ ਤਸ਼ੱਦਦਾਂ ਨੂੰ ਦੇਖਿਆ, ਜਿਸ ਨੇ ਉਨ੍ਹਾਂ ਦੇ ਗੁੱਸੇ ਦੀ ਬਲਦੀ ਅੱਗ ਉਤੇ ਤੇਲ ਪਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਡਾਕੂਆਂ ਨੂੰ ਮਾਰ ਮੁਕਾਇਆ। ਇਸ ਬਹਾਦਰੀ ਦੀ ਘਟਨਾ ਨੇ ਉਨ੍ਹਾਂ ਨੂੰ ਇਲਾਕੇ ਦੇ ਹਿੰਦੂ ਅਤੇ ਸਿੱਖਾਂ ਦਾ ਆਗੂ ਬਣਾ ਦਿੱਤਾ। ਜਨਤਾ ਨੇ ਦਿਲ ਖੋਲ੍ਹ ਕੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਕੋਲ ਕਾਫ਼ੀ ਮਾਇਆ ਇਕੱਤਰ ਹੋ ਗਈ। ਇਹ ਮਾਇਆ ਉਨ੍ਹਾਂ ਨੇ ਗਰੀਬਾਂ ਅਤੇ ਜ਼ਰੂਰਤਮੰਦਾਂ ਵਿਚ ਵੰਡ ਦਿੱਤੀ। ਉਹ ਹੌਲੀ-ਹੌਲੀ ਸਰਹਿੰਦ ਵੱਲ ਵਧ ਰਹੇ ਸਨ। ਉਨ੍ਹਾਂ ਦਾ ਅੰਤਿਮ ਨਿਸ਼ਾਨਾ ਸਰਹਿੰਦ ਸੀ।
ਸੋਨੀਪਤ ਅਤੇ ਕੈਥਲ ਵਿਚ ਉਨ੍ਹਾਂ ਨੇ ਸਰਕਾਰੀ ਖਜ਼ਾਨੇ ਦੀ ਮਾਰ ਕੀਤੀ ਅਤੇ ਜੋ ਕੁਝ ਵੀ ਪ੍ਰਾਪਤ ਹੋਇਆ ਆਪਣੇ ਸਾਥੀਆਂ ਵਿਚ ਵੰਡ ਦਿੱਤਾ। ਫਿਰ ਉਹ ਸਮਾਣੇ ਪਹੁੰਚੇ। ਸਮਾਣਾ ਅਜਿਹਾ ਸ਼ਹਿਰ ਹੈ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਰਹਿੰਦਾ ਸੀ। ਉਸੇ ਦੇ ਪੁੱਤਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਮੁਗ਼ਲਾਂ ਨੇ ਘੇਰਾ ਪਾਇਆ ਹੋਇਆ ਸੀ ਤਾਂ ਮੁਗ਼ਲ ਅਲੀ ਹੁਸੈਨ ਨੇ ਗੁਰੂ ਸਾਹਿਬ ਨੂੰ ਝੂਠੇ ਵਾਅਦੇ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਵਾਸਤੇ ਉਕਸਾਇਆ ਸੀ। ਇਹ ਅਲੀ ਹੁਸੈਨ ਵੀ ਸਮਾਣੇ ਦਾ ਸੀ। ਇਸ ਲਈ ਸਿੱਖਾਂ ਵਾਸਤੇ ਸਮਾਣਾ ਇਕ ਸਰਾਪੀ ਹੋਈ ਜਗ੍ਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲੀ ਪ੍ਰਸ਼ਾਸਨਿਕ ਇਕਾਈ ਸਮਾਣਾ ਬਣ ਗਈ। ਸਮਾਣੇ ਦੇ ਨੇੜੇ ਦਮਲਾ ਪਿੰਡ ਉਨ੍ਹਾਂ ਪਠਾਣਾਂ ਦਾ ਪਿੰਡ ਸੀ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਨੌਕਰੀ ਲਈ ਸੀ ਪਰ ਭੰਗਾਣੀ ਦੇ ਯੁੱਧ ਸਮੇਂ ਉਨ੍ਹਾਂ ਨੂੰ ਧੋਖਾ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਦਮਲਾ ਪਿੰਡ ਨੂੰ ਵੀ ਸੋਧਿਆ। ਇੱਥੋਂ ਲੱਗਭਗ 25 ਕਿਲੋਮੀਟਰ ਦੂਰ ਹੀ ਉਸਮਾਨ ਖਾਨ ਦਾ ਪਿੰਡ ਸਢੌਰਾ ਸੀ। ਉਸਮਾਨ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਪੀਰ ਬੁੱਧੂ ਸ਼ਾਹ ਦੇ ਪਰਵਾਰ ਉਤੇ ਜ਼ੁਲਮ ਕਮਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਉਤੇ ਵੀ ਹਮਲਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਹਮਲੇ ਨਾਲ ਸਢੌਰਾ ਇਕ ਖੰਡਰ ਬਣ ਗਿਆ। ਜਿਸ ਇਮਾਰਤ ਵਿਚ ਪਿੰਡ ਦੇ ਆਗੂ ਮੁਸਲਮਾਨਾਂ ਨੇ ਸਹਾਰਾ ਲਿਆ ਸੀ, ਉਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਨੇ ਕਤਲਗੜ੍ਹ ਰੱਖ ਦਿੱਤਾ।
ਖਾਫੀ ਖਾਨ ਲਿਖਦਾ ਹੈ ਕਿ ਦੋ-ਤਿੰਨ ਮਹੀਨਿਆਂ ਵਿਚ ਹੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਚਾਰ-ਪੰਜ ਹਜ਼ਾਰ ਘੋੜ ਸਵਾਰ ਅਤੇ ਸੱਤ-ਅੱਠ ਹਜ਼ਾਰ ਪੈਦਲ ਫੌਜ ਇਕੱਠੀ ਹੋ ਗਈ ਸੀ। ਦਿਨ-ਪ੍ਰਤੀ-ਦਿਨ ਇਨ੍ਹਾਂ ਦਾ ਨੰਬਰ ਵਧਦਾ ਜਾ ਰਿਹਾ ਸੀ ਅਤੇ ਬੇਇੰਤਹਾ ਪੈਸਾ ਅਤੇ ਵਸਤਾਂ ਉਨ੍ਹਾਂ ਨੂੰ ਪ੍ਰਾਪਤ ਹੋ ਰਹੀਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਥਾਣੇਦਾਰ ਅਤੇ ਤਹਿਸੀਲਦਾਰ ਵੀ ਨਿਯੁਕਤ ਕਰ ਦਿੱਤੇ ਸਨ। ਉਨ੍ਹਾਂ ਨੇ ਸ਼ਿਵਾਲਿਕ ਪਹਾੜੀਆਂ ਵਿਚ ਸਥਿਤ ਮੁਖਲਿਸਗੜ੍ਹ ਨੂੰ ਸਦਰਮੁਕਾਮ ਬਣਾਇਆ। ਮੁਖਲਿਸਗੜ੍ਹ ਨਾਹਨ ਦੇ ਦੱਖਣ ਵੱਲ ਸਢੌਰੇ ਤੋਂ ਲੱਗਭਗ 20 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਆਪਣਾ ਸਾਰਾ ਪੈਸਾ, ਸੋਨਾ ਅਤੇ ਕੀਮਤੀ ਵਸਤਾਂ ਇੱਥੇ ਸਾਂਭੀਆਂ ਅਤੇ ਮੁਖਲਿਸਗੜ੍ਹ ਦਾ ਨਾਮ ਬਦਲ ਕੇ ਲੋਹਗੜ੍ਹ ਰੱਖ ਦਿੱਤਾ। ਲੋਹਗੜ੍ਹ ਸਿੱਖਾਂ ਦੀ ਸਭ ਤੋਂ ਪਹਿਲੀ ਰਾਜਧਾਨੀ ਬਣੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਦਾ ਅੰਤਿਮ ਨਿਸ਼ਾਨਾ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਸੋਧਣ ਦਾ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਉਨ੍ਹਾਂ ਕੋਲ ਕੋਈ ਹਾਥੀ, ਵਧੀਆ ਘੋੜੇ ਜਾਂ ਬੰਦੂਕਾਂ ਆਦਿ ਨਹੀਂ ਸਨ। ਉਨ੍ਹਾਂ ਦੇ ਸਿਪਾਹੀ ਅਣਸਿਖਿਅਤ ਸਨ ਅਤੇ ਨਾ ਹੀ ਉਨ੍ਹਾਂ ਕੋਲ ਅਸਲਾ ਜਾਂ ਹਥਿਆਰ ਸਨ। ਉਨ੍ਹਾਂ ਕੋਲ ਕ੍ਰਿਪਾਨਾਂ, ਤੀਰ, ਨੇਜ਼ੇ ਆਦਿ ਹੀ ਸਨ, ਜਿਸ ਦੇ ਸਾਹਮਣੇ ਉਦੇਸ਼, ਜ਼ੁਲਮਾਂ ਦੀ ਸਮਾਪਤੀ ਕਰਕੇ ਜਨਤਾ ਨੂੰ ਸੁਤੰਤਰਤਾ ਪ੍ਰਾਪਤ ਕਰਵਾਉਣਾ ਸੀ। ਬਾਬਾ ਜੀ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਰੱਖਦੇ ਸਨ। ਹਿੰਦੂ, ਸਿੱਖ ਅਤੇ ਇਨਸਾਫ ਪਸੰਦ ਮੁਸਲਮਾਨ ਸਭ ਉਨ੍ਹਾਂ ਦੇ ਨਾਲ ਸਨ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਲੱਗਭਗ 5000 ਮੁਸਲਮਾਨ ਵੀ ਜ਼ੁਲਮਾਂ ਵਿਰੁੱਧ ਲੜਾਈ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅੰਮ੍ਰਿਤ ਛਕ ਕੇ ਬਾਬਾ ਜੀ ਦੀ ਫੌਜ ਵਿਚ ਸ਼ਾਮਲ ਹੋ ਗਏ ਸਨ। ਬਾਬਾ ਜੀ ਨੇ ਅਖੌਤੀ ਨੀਵੀਂਆਂ ਜਾਤੀਆਂ ਦੇ ਲੋਕਾਂ ਨੂੰ ਵੀ ਆਪਣੇ ਨਾਲ ਰਲਾਇਆ। ਮਾਇਆ ਦੀ ਲੋੜ ਪੂਰੀ ਕਰਨ ਲਈ ਵਪਾਰੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਖੁੱਲ੍ਹ ਕੇ ਮਦਦ ਕੀਤੀ। ਵਜ਼ੀਰ ਖਾਨ ਕੋਲ ਸਾਰਾ ਆਧੁਨਿਕ ਸਾਜੋ-ਸਾਮਾਨ ਅਤੇ ਸਿੱਖਿਅਤ ਫੌਜਾਂ ਸਨ। ਬਾਬਾ ਬੰਦਾ ਸਿੰਘ ਬਹਾਦਰ ਕੋਲ ਵਸੀਲੇ ਘੱਟ ਸਨ ਪਰ ਗੁਰੂ ਦੀ ਬਖ਼ਸ਼ਿਸ਼ ਅਤੇ ਗੁਰੂ ਦੀ ਦਿੱਤੀ ਤਾਕਤ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਦਾ ਮਨ ਵਜ਼ੀਰ ਖਾਨ ਨੂੰ ਸੋਧਣ ਵਾਸਤੇ ਬੇਚੈਨ ਸੀ। ਸਿੱਖਾਂ ਦਾ ਹਿਰਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਵਲੂੰਧਰਿਆ ਗਿਆ ਸੀ। ਉਹ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਉਤਾਵਲੇ ਸਨ, ਜੋਸ਼ ਠਾਠਾਂ ਮਾਰ ਰਿਹਾ ਸੀ। ਉਧਰ ਵਜ਼ੀਰ ਖਾਨ ਦਾ ਦਿਲ ਆਪਣੇ ਜ਼ੁਲਮਾਂ ਅਤੇ ਪਾਪਾਂ ਨੂੰ ਯਾਦ ਕਰਕੇ ਕੰਬ ਰਿਹਾ ਸੀ। ਉਸ ਨੂੰ ਆਪਣਾ ਅੰਤ ਨੇੜੇ ਨਜ਼ਰ ਆ ਰਿਹਾ ਸੀ। ਅਜਿਹੇ ਹਾਲਾਤ ਵਿਚ ਦੋਨਾਂ ਪਾਸਿਆਂ ਦੀ ਪਿੰਡ ਚੱਪੜਚਿੜੀ ਵਿਚ ਲੜਾਈ ਅਰੰਭ ਹੋਈ। ਇਸ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ ਅਤੇ ਸਿੰਘਾਂ ਦੀ ਜਿੱਤ ਹੋਈ। ਸਰਹਿੰਦ ਦਾ ਇਲਾਕਾ ਸਿੰਘਾਂ ਦੇ ਹੱਥ ਆ ਗਿਆ। ਭਾਈ ਬਾਜ ਸਿੰਘ ਸਰਹਿੰਦ ਦੇ ਗਵਰਨਰ ਨਿਯੁਕਤ ਹੋਏ ਅਤੇ ਭਾਈ ਆਲੀ ਸਿੰਘ ਜੀ ਡਿਪਟੀ ਬਣਾਏ ਗਏ। ਭਾਈ ਫਤਹਿ ਸਿੰਘ ਜੀ ਨੂੰ ਸਮਾਣੇ ਦਾ ਚਾਰਜ ਮਿਲਿਆ ਅਤੇ ਭਾਈ ਰਾਮ ਸਿੰਘ ਜੀ ਨੂੰ ਥਾਨੇਸਰ ਦਾ ਸਰਦਾਰ ਬਣਾਇਆ ਗਿਆ। ਭਾਈ ਬਿਨੋਦ ਸਿੰਘ ਜੀ ਨੂੰ ਮਾਲ ਮੰਤਰੀ ਬਣਾਇਆ ਗਿਆ ਅਤੇ ਕਰਨਾਲ-ਪਾਣੀਪਤ ਦੀ ਪ੍ਰਬੰਧਕੀ ਜ਼ਿੰਮੇਵਾਰੀ ਸੌਂਪੀ ਗਈ। ਭਾਰਤ ਦੇ ਇਤਿਹਾਸ ਵਿਚ 700 ਸਾਲਾ ਗ਼ੁਲਾਮੀ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਜਨਤਾ ਨੇ ਅਜ਼ਾਦੀ ਦਾ ਮੂੰਹ ਦੇਖਿਆ।
ਬਾਬਾ ਜੀ ਨੇ ਸਰਕਾਰੀ ਦਸਤਾਵੇਜ਼ਾਂ ਉਤੇ ਲਗਾਉਣ ਵਾਸਤੇ ਸਿੱਖ ਰਾਜ ਦੀ ਜੋ ਮੋਹਰ ਬਣਵਾਈ ਉਸ ਦੇ ਸ਼ਬਦ ਇਸ ਤਰ੍ਹਾਂ ਹਨ “ਦੇਗੋ ਤੇਗੋ ਫਤਹਿ ਓ ਨੁਸਰਤਿ ਬੇ-ਦਿਰੰਗ, ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ” ਇਸ ਦੇ ਅਰਥ ਹਨ – ਦੇਗ ਤੇਗ ਜਿੱਤ ਅਤੇ ਨਿਰਾਲਮ ਸੇਵਾ ਗੁਰੂ ਨਾਨਕ-ਗੋਬਿੰਦ ਸਿੰਘ ਜੀ ਤੋਂ ਪਾਈ। ਇਹੀ ਮੋਹਰ ਬਾਅਦ ਵਿਚ ਸਿੱਖ ਮਿਸਲ ਦੇ ਸਰਦਾਰਾਂ ਨੇ ਵਰਤੋਂ ਵਿਚ ਲਿਆਂਦੀ। ਸਰਹਿੰਦ ਦੀ ਫਤਹਿ ਤੋਂ ਇੱਕ ਨਵਾਂ ਸੰਮਤ ਆਰੰਭ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਨਾਮ ਉਤੇ ਕੁਝ ਨਹੀਂ ਕਰਦੇ ਸਨ। ਬਾਬਾ ਜੀ ਨੇ ਸਿੱਕੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਤੇ ਜਾਰੀ ਕੀਤੇ। ਸਿੱਕੇ ਉਤੇ ਫ਼ਾਰਸੀ ਭਾਸ਼ਾ ਵਿਚ ਇਸ ਤਰ੍ਹਾਂ ਅੰਕਿਤ ਸੀ “ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗਿ-ਨਾਨਕ ਵਾਹਿਬ ਅਸਤ, ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫਜ਼ਲਿ ਸੱਚਾ ਸਾਹਿਬ ਅਸਤ” ਅਰਥਾਤ “ਸਿੱਕਾ ਮਾਰਿਆ ਦੋ ਜਹਾਨ ਉਤੇ, ਬਖਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।” ਸਿੱਕੇ ਦੇ ਦੂਜੇ ਪਾਸੇ ਦਰਜ ਸੀ “ਜ਼ਰਬ ਬਾ ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜ਼ੀਨਤੁ-ਤਖੁਤ-ਮੁਬਾਰਕ-ਬਖਤ’’ ਅਰਥਾਤ “ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ’’।
ਸਿੰਘਾਂ ਦੀ ਸਰਹਿੰਦ ਉਤੇ ਜਿੱਤ ਤੋਂ ਬਾਅਦ ਬਾਦਸ਼ਾਹ ਬਹਾਦਰਸ਼ਾਹ ਨੇ ਹੁਕਮ ਕੱਢ ਦਿੱਤਾ ਕਿ ਨਾਨਕ ਪੁਜਾਰੀਆਂ ਭਾਵ ਸਿੱਖਾਂ ਨੂੰ ਜਿੱਥੇ ਵੀ ਨਜ਼ਰ ਆਉਣ ਮਾਰ ਦਿੱਤਾ ਜਾਵੇ। ਇਸ ਹੁਕਮ ਨਾਲ ਸਿੱਖਾਂ ਉਤੇ ਜ਼ੁਲਮ ਸ਼ੁਰੂ ਹੋ ਗਏ ਅਤੇ ਸਿੱਖਾਂ ਨੂੰ ਆਪਣਾ ਰਾਜ-ਭਾਗ ਛੱਡ ਕੇ ਫਿਰ ਪਹਾੜਾਂ ਵਿਚ ਪਨਾਹ ਲੈਣੀ ਪਈ। ਸੰਨ 1712 ਵਿਚ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਫਰੁੱਖਸੀਅਰ ਬਣਿਆ। ਸਿੰਘਾਂ ਨੇ ਮੌਕਾ ਦੇਖ ਕੇ ਦੁਬਾਰਾ ਸਰਹਿੰਦ ਅਤੇ ਲੋਹਗੜ੍ਹ ਜਿੱਤ ਲਏ। ਪਰ ਅੰਤ ਵਿਚ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗ਼ਲਾਂ ਨੇ ਘੇਰਾ ਪਾ ਲਿਆ। ਲੱਗਭਗ 8 ਮਹੀਨੇ ਘੇਰਾ ਪਾਈ ਰੱਖਿਆ। ਘੇਰਾ ਲੰਬਾ ਹੋਣ ਕਰਕੇ ਬਾਬਾ ਬਿਨੋਦ ਸਿੰਘ ਜੀ ਨੇ ਕਿਲ੍ਹਾ ਛੱਡਣ ਦੀ ਸਲਾਹ ਦਿੱਤੀ ਪਰ ਬਾਬਾ ਬੰਦਾ ਸਿੰਘ ਬਹਾਦਰ ਅਜਿਹਾ ਕਰਨਾ ਨਹੀਂ ਚਾਹੁੰਦੇ ਸਨ। ਬਾਬਾ ਬਿਨੋਦ ਸਿੰਘ ਕੁਝ ਸਿੰਘਾਂ ਨਾਲ ਕਿਲ੍ਹੇ ਵਿੱਚੋਂ ਨਿਕਲ ਗਏ। ਅੰਤ 17 ਦਸੰਬਰ 1715 ਨੂੰ ਮੁਗ਼ਲ ਕਮਾਂਡਰ ਸਮਦ ਖਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਲ੍ਹਾ ਛੱਡਣ ਲਈ ਕਿਹਾ ਕਿ ਉਨ੍ਹਾਂ ਦੇ ਬੰਦੇ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਨੂੰ ਕੁਝ ਨਹੀਂ ਕਹਿਣਗੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਲ੍ਹੇ ਦੇ ਗੇਟ ਖੋਲ੍ਹ ਦਿੱਤੇ ਤਾਂ ਮੁਗ਼ਲ ਆਪਣੇ ਕੀਤੇ ਵਾਅਦੇ ਭੁੱਲ ਕੇ ਸਿੰਘਾਂ ਉਤੇ ਟੁੱਟ ਪਏ। ਲੱਗਭਗ 700 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਫੜ ਲਏ ਗਏ ਅਤੇ ਦਿੱਲੀ ਵਿਚ ਲਿਜਾ ਕੇ ਬਹੁਤ ਹੀ ਜ਼ਾਲਮਾਨਾ ਢੰਗ ਨਾਲ ਸ਼ਹੀਦ ਕਰ ਦਿੱਤੇ ਗਏ। ਇਤਿਹਾਸ ਗਵਾਹ ਹੈ ਕਿ ਜਿਸ ਢੰਗ ਨਾਲ ਸਿੰਘਾਂ ਨੇ ਆਪਣੇ ਧਰਮ ਉਤੇ ਪਹਿਰਾ ਦਿੱਤਾ ਅਤੇ ਧਰਮ ਤਿਆਗਣ ਨਾਲੋਂ ਸ਼ਹੀਦ ਹੋਣ ਨੂੰ ਤਰਜ਼ੀਹ ਦਿੱਤੀ, ਆਪਣੇ ਆਪ ਵਿਚ ਅਜਿਹੀ ਮਿਸਾਲ ਹੈ ਜੋ ਸੰਸਾਰ ਦੇ ਇਤਿਹਾਸ ਵਿਚ ਹੋਰ ਕਿਤੇ ਮਿਲਣੀ ਅਸੰਭਵ ਹੈ। ਉਨ੍ਹਾਂ ਦੇ ਸਬਰ ਦੀ ਪੂਰੀ ਪ੍ਰੀਖਿਆ ਹੋਈ ਜਿਸ ਵਿੱਚੋਂ ਉਹ ਪੂਰੇ ਨੰਬਰ ਲੈ ਕੇ ਪਾਸ ਹੋਏ। ਬੰਦਾ ਸਿੰਘ ਬਹਾਦਰ ਕੋਲ ਮੁਹੰਮਦ ਅਮੀਨ ਖਾਨ ਖੜ੍ਹਾ ਸੀ। ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ‘‘ਤੁਹਾਡੇ ਤੌਰ-ਤਰੀਕਿਆਂ ਤੋਂ ਭਲੀਭਾਂਤ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇਕ ਕੀਮਤੀ ਇਨਸਾਨ ਹੋ ਜਿਸ ਦਾ ਵਿਸ਼ਵਾਸ ਪਰਮਾਤਮਾ ਵਿਚ ਅਟੱਲ ਦਿੱਸਦਾ ਹੈ। ਤੁਸੀਂ ਚੰਗੇ ਕੰਮ ਕਰਨ ਵਾਲੇ ਅਤੇ ਬਹੁਤ ਯੋਗ ਵੀ ਹੋ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਇੰਨਾ ਦੁੱਖ ਕਿਉਂ ਮਿਲ ਰਿਹਾ ਹੈ?” ਬਾਬਾ ਬੰਦਾ ਸਿੰਘ ਬਹਾਦਰ ਦਾ ਉੱਤਰ ਜਾਣ ਕੇ ਸਾਨੂੰ ਉਨ੍ਹਾਂ ਦੇ ਵਿਅਕਤਿੱਤਵ ਦਾ ਪਤਾ ਪੂਰੀ ਤਰ੍ਹਾਂ ਲੱਗ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤਰ ਦਿੱਤਾ “ਜਦੋਂ ਜ਼ਾਲਮ ਜਨਤਾ ਉਤੇ ਅਤਿ ਦਾ ਜ਼ੁਲਮ ਕਮਾਉਂਦੇ ਹਨ ਤਾਂ ਪਰਮਾਤਮਾ ਮੇਰੇ ਵਰਗੇ ਬੰਦਿਆਂ ਨੂੰ ਜ਼ਾਲਮਾਂ ਨੂੰ ਸੋਧਣ ਵਾਸਤੇ ਧਰਤੀ ਉਤੇ ਭੇਜਦਾ ਹੈ। ਕਿਉਂਕਿ ਅਸੀਂ ਮਨੁੱਖ ਹੀ ਹਾਂ ਇਸ ਲਈ ਕਈ ਵਾਰੀ ਅਸੀਂ ਇਨਸਾਫ ਦੇ ਕਾਨੂੰਨਾਂ ਨੂੰ ਟਪ ਜਾਂਦੇ ਹਾਂ ਅਤੇ ਜ਼ਰੂਰਤ ਤੋਂ ਜ਼ਿਆਦਾ ਕਦਮ ਉਠਾ ਲੈˆਦੇ ਹਾਂ। ਇਸ ਦੀ ਕੀਮਤ ਸਾਨੂੰ ਦੁਨੀਆਂ ਵਿਚ ਰਹਿੰਦਿਆਂ ਹੋਇਆਂ ਹੀ ਚੁਕਾਉਣੀ ਪੈਂਦੀ ਹੈ। ਪਰਮਾਤਮਾ ਅਜਿਹਾ ਕਰਦੇ ਹੋਏ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਨਹੀਂ ਕਰ ਰਿਹਾ।” ਕੋਲ ਖੜ੍ਹੇ ਸਭ ਤਰਾਹ-ਤਰਾਹ ਕਰ ਉਠੇ ਪਰ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਸ਼ਾਂਤ ਰਹੇ ਜਿਵੇਂ ਕਿ ਉਨ੍ਹਾਂ ਨੂੰ ਕਿਸੇ ਨਾਲ ਕੋਈ ਗਿਲ਼ਾ ਹੀ ਨਾ ਹੋਵੇ। ਉਹ ਪਰਮਾਤਮਾ ਦੇ ਭਾਣੇ ਵਿਚ ਰਹੇ। ਆਪ ਜੀ ਨੇ ਜੀਵਨ ਦੇ ਅੰਤ ਤਕ ਭਿਆਨਕ ਤਸੀਹੇ ਸਹਿੰਦੇ ਹੋਏ ਵੀ ਸਿੱਖੀ ਤੋਂ ਮੂੰਹ ਨਹੀਂ ਮੋੜਿਆ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਲਈ ਹਮੇਸ਼ਾਂ ਡਟੇ ਰਹੇ। ਆਪ ਧੁਨ ਦੇ ਪੱਕੇ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਦ੍ਰਿੜ੍ਹ ਸਨ। ਉਨ੍ਹਾਂ ਦੀ ਦਲੇਰੀ, ਬਹਾਦਰੀ ਅਤੇ ਮਾਨਸਿਕ ਗੰਭੀਰਤਾ ਦੀ ਪ੍ਰਸੰਸਾ ਉਨ੍ਹਾਂ ਦੇ ਸ਼ਹੀਦੀ ਦੇ ਸਮੇਂ ਕੱਟੜ ਅਤੇ ਪੱਖਪਾਤੀ ਲਿਖਾਰੀ ਵੀ ਕਰਨੋਂ ਨਾ ਰਹਿ ਸਕੇ। ਬਾਬਾ ਜੀ ਦੀ ਸ਼ਹੀਦੀ ਨੇ ਜ਼ਾਲਮ ਰਾਜ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿੱਤੀਆਂ ਅਤੇ ਨਵੇਂ ਯੁੱਗ ਦੀ ਅਰੰਭਤਾ ਹੋਈ।
ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਭਾਵੇਂ ਕੁਝ ਸਾਲਾਂ ਵਾਸਤੇ ਹੀ ਰਿਹਾ ਪਰ ਇਸ ਦਾ ਪੰਜਾਬ ਦੇ ਇਤਿਹਾਸ ਉਤੇ ਲੰਬੇ ਸਮੇਂ ਲਈ ਰਹਿਣ ਵਾਲਾ ਅਸਰ ਪਿਆ। ਇਸ ਦੇ ਨਾਲ ਮੁਗ਼ਲਾਂ ਦੇ ਰਾਜ ਦਾ ਖਾਤਮਾ ਸ਼ੁਰੂ ਹੋਇਆ। ਜ਼ਿਮੀਂਦਾਰੀ ਪ੍ਰਣਾਲੀ ਦਾ ਖਾਤਮਾ ਹੋਇਆ ਅਤੇ ਕਿਸਾਨਾਂ ਨੂੰ ਆਪਣੇ ਹੱਕ ਪ੍ਰਾਪਤ ਹੋਏ। ਉਹ ਜ਼ਮੀਨਾਂ ਦੇ ਮਾਲਕ ਬਣ ਗਏ। ਵੱਡੇ-ਵੱਡੇ ਜਾਗੀਰਦਾਰਾਂ ਨੂੰ ਆਪਣਾ ਕਾਰੋਬਾਰ ਤਿਆਗਣਾ ਪਿਆ। ਇਹ ਪ੍ਰਬੰਧ ਅੱਗੋਂ ਵੀ ਇੰਞ ਹੀ ਚੱਲਦਾ ਰਿਹਾ। ਇਸ ਪੱਖ ਤੋਂ ਪੰਜਾਬ ਨੂੰ ਬਾਬਾ ਬੰਦਾ ਬਹਾਦਰ ਦੀ ਡੂੰਘੀ ਸੋਚ ਦਾ ਹਮੇਸ਼ਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਬਾਬਾ ਜੀ ਨੇ ਅਜ਼ਾਦ ਲੋਕ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਪ੍ਰਬੰਧਕ ਦੱਬੇ-ਕੁਚਲੇ ਲੋਕਾਂ ਵਿੱਚੋਂ ਚੁਣੇ ਗਏ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਿੰਘਾਂ ਨੇ ਪੰਜਾਬ ਵਿਚ ਅਜਿਹਾ ਦਬ-ਦਬਾ ਪੈਦਾ ਕੀਤਾ ਕਿ ਜ਼ਾਲਮ ਸੂਬੇਦਾਰ ਅਤੇ ਵੱਡੇ-ਵੱਡੇ ਫੌਜਦਾਰ ਵੀ ਡਰ ਨਾਲ ਕੰਬਣ ਲੱਗ ਪਏ। ਆਪ ਨੇ ਸਿੱਖ ਕੌਮ ਅੰਦਰ ਅਜ਼ਾਦੀ ਦੀ ਚਿਣਗ ਲੱਗਾ ਦਿੱਤੀ ਜੋ ਪਿੱਛੋਂ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਸਿੱਖ ਰਾਜ ਵਿਚ ਤਬਦੀਲ ਹੋਈ। ਬਾਬਾ ਜੀ ਦੇ ਰਾਜ ਵਿਚ ਕਿਸੇ ਵੀ ਧਾਰਮਿਕ ਅਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਨਾ ਹੀ ਕਿਸੇ ਧਾਰਮਿਕ ਚਿੰਨ੍ਹ ਨੂੰ ਛੇੜਿਆ ਗਿਆ। ਸਹੀ ਅਰਥਾਂ ਵਿਚ ਉਨ੍ਹਾਂ ਨੇ ਆਰਥਿਕ ਖੁਸ਼ਹਾਲੀ, ਸਮਾਜਿਕ ਅਤੇ ਧਾਰਮਿਕ ਬਰਾਬਰੀ ਲਿਆਉਣ ਲਈ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸਾਹਮਣੇ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਦਿਆਂ ਹੀ ਸ਼ਰਾਰਤੀ ਲੋਕਾਂ ਦੇ ਮਨ ਭੈਅਭੀਤ ਹੋ ਜਾਂਦੇ ਸਨ। ਚੋਰੀ-ਡਾਕਾ ਤਾਂ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ ਸੀ। ਇਤਿਹਾਸ ਵਿਚ ਬਹੁਤ ਜਗ੍ਹਾ ’ਤੇ ਜ਼ਿਕਰ ਆਉਂਦਾ ਹੈ ਕਿ ਉਨ੍ਹਾਂ ਨੇ ਰਾਜ ਪ੍ਰਾਪਤੀ ਤੋਂ ਬਾਅਦ ਕਿਸੇ ਵੀ ਮੁਸਲਮਾਨ ਉਤੇ ਕੋਈ ਜ਼ੁਲਮ ਨਹੀਂ ਕੀਤਾ। ਉਨ੍ਹਾਂ ਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੀ ਖੁਲ੍ਹ ਦਿੱਤੀ ਹੋਈ ਸੀ।
ਉਹ ਸਿਰਫ਼ ਫੌਜੀ ਕਮਾਂਡਰ ਹੀ ਨਹੀਂ ਸਨ, ਸਗੋਂ ਸਿੱਖੀ ਦੇ ਪ੍ਰਚਾਰ ਵਿਚ ਵੀ ਹਮੇਸ਼ਾਂ ਤਤਪਰ ਰਹਿੰਦੇ ਸਨ। ਉਹ ਲੋਕਾਂ ਨੂੰ ਹਮੇਸ਼ਾਂ ਸਿਮਰਨ ਕਰਨ ਲਈ ਉਤਸ਼ਾਹਿਤ ਕਰਦੇ ਅਤੇ ਉਨ੍ਹਾਂ ਨੇ ਧਰਮ ਪ੍ਰਚਾਰ ਲਈ ਕਦੇ ਜ਼ੋਰ ਜਬਰ ਜਾਂ ਤਾਕਤ ਦੀ ਵਰਤੋਂ ਨਹੀਂ ਕੀਤੀ। ਅਮੀਨੁ ਦੌਲਾ ਲਿਖਦਾ ਹੈ ਕਿ ਭਾਵੇਂ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ, ਜੋ ਵੀ ਉਨ੍ਹਾਂ ਨੂੰ ਮਿਲਦਾ ਬਾਬਾ ਜੀ ਉਸ ਨੂੰ ਸਿੰਘ ਕਹਿ ਕੇ ਬੁਲਾਉਂਦੇ। ਉਨ੍ਹਾਂ ਦਾ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਕਾਸ ਦੀ ਪ੍ਰਫੁਲਤਾ ਲਈ ਉਤਸ਼ਾਹ ਬੇਅੰਤ ਸੀ। ਬਹੁਤ ਸਾਰੇ ਹਿੰਦੂ ਤਾਂ ਉਨ੍ਹਾਂ ਦੀ ਪ੍ਰੇਰਨਾ ਨਾਲ ਸਿੰਘ ਸਜੇ ਹੀ ਸਨ, ਸਗੋਂ ਕਈ ਉੱਘੇ ਮੁਸਲਮਾਨ ਵੀ ਸਿੱਖ ਧਰਮ ਵਿਚ ਪ੍ਰਵੇਸ਼ ਕਰ ਗਏ। ਮੀਰ ਨਾਜ਼ਿਰ ਉਦੀਨ ਅਤੇ ਦੀਨਦਾਰ ਖਾਨ ਸਿੱਖ ਬਣ ਗਏ। ਉਨ੍ਹਾਂ ਦਾ ਨਾਮ ਬਦਲ ਕੇ ਮੀਰ ਨਾਸਿਰ ਸਿੰਘ ਅਤੇ ਦੀਨਦਾਰ ਸਿੰਘ ਰੱਖਿਆ ਗਿਆ। ਆਪਣੇ ਕੱਟੜ ਤੋਂ ਕੱਟੜ ਵੈਰੀਆਂ ਨੂੰ ਮੁਆਫੀ ਮੰਗਣ ਉਤੇ ਮੁਆਫ ਕਰ ਦਿੰਦੇ ਅਤੇ ਜੇ ਉਹ ਆਪਣੀ ਇੱਛਾ ਅਨੁਸਾਰ ਸਿੱਖ ਧਰਮ ਵਿਚ ਆਉਣਾ ਪ੍ਰਵਾਨ ਕਰ ਲੈਂਦੇ ਤਾਂ ਉਨ੍ਹਾਂ ਦੇ ਜਿੱਤੇ ਹੋਏ ਇਲਾਕੇ ਵੀ ਛੱਡ ਦਿੰਦੇ। ਸਰਹਿੰਦ ਫਤਹਿ ਕਰਨ ਦੇ ਲੱਗਭਗ ਇੱਕ ਮਹੀਨੇ ਵਿਚ ਹੀ ਉਨ੍ਹਾਂ ਨੇ ਗੁਲਾਬ ਨਗਰ ਦਾ ਜ਼ਮੀਨਦਾਰ ਜਨਮੁਹੰਮਦ ਨੂੰ ਥਾਪਿਆ। ਇਸ ਤੋਂ ਉਨ੍ਹਾਂ ਦੀ ਧਾਰਮਿਕ ਖੁਲ੍ਹਦਿਲੀ ਦਾ ਪਤਾ ਲੱਗਦਾ ਹੈ। ਦੀਨ ਅਤੇ ਦੁਖੀ ਲੋਕਾਂ ਦੀ ਰੱਖਿਆ ਕਰਨ ਵਿਚ ਉਹ ਹਮੇਸ਼ਾਂ ਤਤਪਰ ਰਹਿੰਦੇ। ਅਛੂਤ ਅਖਵਾਉਣ ਵਾਲੀਆਂ, ਹਿੰਦੋਸਤਾਨੀਆਂ ਵਿਚ ਅਤਿ ਨੀਵੀਆਂ ਗਿਣੀਆਂ ਜਾਣ ਵਾਲੀਆਂ ਜਾਤੀਆਂ ਦੇ ਲੋਕਾਂ ਨੂੰ ਵੀ ਬਾਬਾ ਜੀ ਨੇ ਹਾਕਮ ਬਣਾ ਦਿੱਤਾ। ਫਿਰ ਉਚੀਆਂ ਜਾਤਾਂ ਵਾਲੇ ਅਤੇ ਧਨਾਢ ਲੋਕ ਵੀ ਉਨ੍ਹਾਂ ਨੀਚਾਂ ਦਾ ਸਵਾਗਤ ਕਰਨ ਲੱਗ ਪੈਂਦੇ।
ਆਪ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਲੋਹਗੜ੍ਹ ਨੂੰ ਛੱਡਣ ਦੇ ਬਾਅਦ ਬਾਬਾ ਜੀ ਨੇ ਸਿੱਖਾਂ ਦੇ ਨਾਮ ਇਕ ਹੁਕਮਨਾਮਾ ਜਾਰੀ ਕੀਤਾ ਜਿੱਥੋਂ ਉਨ੍ਹਾਂ ਦੀ ਚੜ੍ਹਦੀ ਕਲਾ ਦਾ ਪਤਾ ਲੱਗਦਾ ਹੈ। ਉਨ੍ਹਾਂ ਨੇ ਹੁਕਮਨਾਮੇ ਵਿਚ ਲਿਖਿਆ ਕਿ ਖਾਲਸਾ ਜੀ, ਗੁਰੂ ਤੁਹਾਡੀ ਰੱਖਿਆ ਕਰੇਗਾ। ਗੁਰੂ ਦਾ ਨਾਮ ਜਪੋ, ਤੁਸੀਂ ਅਕਾਲ ਪੁਰਖ ਦੇ ਖਾਲਸਾ ਹੋ, ਗੁਰੂ ਤੁਹਾਡੀਆਂ ਜ਼ਿੰਦਗੀਆਂ ਲੇਖੇ ਲਾਏਗਾ। ਪੰਜ ਕਕਾਰ ਹਮੇਸ਼ਾਂ ਪਹਿਨ ਕੇ ਰੱਖੋ, ਆਚਰਨ ਠੀਕ ਰੱਖੋ, ਭੰਗ, ਤੰਬਾਕੂ, ਸ਼ਰਾਬ ਜਾਂ ਹੋਰ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ, ਚੋਰੀ ਡਕੈਤੀ ਨਹੀਂ ਕਰਨੀ ਕਿਉਂਕਿ ਅਸੀਂ ਸਤਯੁਗ ਲੈ ਆਂਦਾ ਹੈ। ਆਪਸ ਵਿਚ ਪਿਆਰ ਨਾਲ ਰਹਿਣਾ ਹੈ। ਇਸ ਹੁਕਮਨਾਮੇ ਤੋਂ ਭਲੀਭਾਂਤ ਬਾਬਾ ਜੀ ਦੇ ਵਿਅਕਤਿਤਵ ਉਤੇ ਰੋਸ਼ਨੀ ਪੈˆਦੀ ਹੈ।
ਬਾਬਾ ਜੀ ਇਕ ਲਾਸਾਨੀ ਫੌਜੀ ਜਰਨੈਲ ਸਨ। ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਸੀ ਜਦੋਂ ਕਿ ਬਾਬਾ ਬੰਦਾ ਸਿੰਘ ਜੀ ਨੇ ਉਨ੍ਹਾਂ ਨੂੰ ਪੰਜਾਬ ਦੀ ਧਰਤੀ ਉਤੇ ਹੀ ਮਾਰ ਮੁਕਾਇਆ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਗੁਰੂ ਸਾਹਿਬ ਨੇ ਮਨੁੱਖਤਾ ਵਿਚ ਸੂਰਬੀਰਤਾ, ਆਤਮ-ਸਨਮਾਨ ਅਤੇ ਚੜ੍ਹਦੀ ਕਲਾ ਭਰਨ ਵਾਸਤੇ ਆਪਣਾ ਸਾਰਾ ਸਰਬੰਸ ਸ਼ਹੀਦ ਕਰਵਾ ਲਿਆ। ਮੁਗ਼ਲ ਹਕੂਮਤ ਦੇ ਜ਼ੁਲਮਾਂ ਤੋਂ ਸਤਾਈ ਜਨਤਾ ਨੂੰ ਅਜ਼ਾਦ ਕਰਨ ਵਾਸਤੇ ਇੱਕ ਇਨਕਲਾਬ ਲਿਆਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਉਪਰੰਤ ਪੰਜਾਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਬਿਲਕੁਲ ਨਵਾਂ ਦੌਰ ਸ਼ੁਰੂ ਕਰ ਦਿੱਤਾ। ਇਸ ਕਾਰਨਾਮੇ ਨੂੰ ਸਰਕਾਰੀ ਮੁਸਲਮਾਨ ਲੇਖਕ ਅਜਬ ਬਲਾ ਕਹਿੰਦੇ ਸਨ। ਮੁਗ਼ਲਾਂ ਨੂੰ ਬਹੁਤ ਹੈਰਾਨੀ ਹੋ ਰਹੀ ਸੀ ਕਿ ਇਹ ਅਣਹੋਣੀ ਇਕ ਦਮ ਹੋਣੀ ਵਿਚ ਬਦਲ ਗਈ ਹੈ। ਮੁਗ਼ਲ ਕਮਾਂਡਰ ਵੀ ਬਾਬਾ ਜੀ ਨਾਲ ਆਹਮੋ-ਸਾਹਮਣੇ ਹੋ ਕੇ ਜੰਗ ਕਰਨ ਤੋਂ ਡਰਦੇ ਸਨ। ਉਹ ਕਾਜ਼ੀਆਂ ਅਤੇ ਮੌਲਾਣਿਆਂ ਨੂੰ ਅੱਗੇ ਧੱਕਦੇ ਸਨ ਤਾਂ ਕਿ ਉਹ ਉਨ੍ਹਾਂ ਵਾਸਤੇ ਪ੍ਰਾਰਥਨਾ ਕਰਨ। ਸਮਦ ਖਾਨ ਤਾਂ ਖੁਲਮ-ਖੁਲ੍ਹਾ ਆਪਣੇ ਅੱਲਾਹ ਕੋਲ ਇਹ ਦੁਆ ਕਰਦਾ ਸੀ ਕਿ ਬੰਦਾ ਸਿੰਘ ਉਥੋਂ ਆਪ ਹੀ ਚਲਾ ਜਾਵੇ ਤਾਂ ਕਿ ਉਸ ਨੂੰ ਮੈਦਾਨ ਛੱਡਣ ਦਾ ਬਹਾਨਾ ਮਿਲ ਜਾਵੇ। ਸੁਤੰਤਰਤਾ ਦੀ ਜੋ ਚਿਣਗ ਗੁਰੂ ਸਾਹਿਬਾਨ ਨੇ ਸੁਲਗਾਈ ਸੀ, ਉਸ ਨੂੰ ਬਾਬਾ ਬੰਦਾ ਸਿੰਘ ਜੀ ਨੇ ਹਵਾ ਦਿੱਤੀ ਜਿਸ ਨਾਲ ਉਹ ਭਾਂਬੜ ਬਣ ਕੇ ਮੱਚ ਉਠੀ ਅਤੇ ਪੰਜਾਬ ਨੂੰ ਅਜ਼ਾਦ ਕਰਵਾ ਕੇ ਹੀ ਠੰਢੀ ਹੋਈ।
ਲੇਖਕ ਬਾਰੇ
ਡਾ ਦਰਸ਼ਨਜੋਤ ਕੌਰ, ਦਰਸ਼ਨਜੋਤ ਮੈਡੀਕਲ ਐਂਡ ਹੈਲਥ ਸੈਂਟਰ, ਸੈਕਟਰ 64, ਮੁਹਾਲੀ ਵਿੱਚ ਗਾਇਨੋਕੋਲੋਜਿਸਟ ਹਨ ਅਤੇ ਇਸ ਖੇਤਰ ਵਿੱਚ 43 ਸਾਲ ਦਾ ਤਜਰਬਾ ਹੈ। ਉਨ੍ਹਾਂ ਨੇ 1983 ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮਡੀ - ਪ੍ਰਸੂਤੀ ਅਤੇ ਗਾਇਨੀਕੋਲੋਜੀ ਅਤੇ 1976 ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮਬੀਬੀਐਸ ਪੂਰਾ ਕੀਤਾ। ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਅਤੇ ਮੈਡੀਕਲ ਕੌਂਸਲ ਆਫ ਇੰਡੀਆ (ਐਮਸੀਆਈ) ਦੀ ਮੈਂਬਰ ਹਨ। ਡਾਕਟਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਕੁਝ ਸੇਵਾਵਾਂ ਬਾਂਝਪਣ ਮੁਲਾਂਕਣ/ਇਲਾਜ, ਡਿਸਮੇਨੋਰੀਆ ਇਲਾਜ, ਸਰਵਾਈਕਲ ਸਰਕਲੇਵ, ਗਰਭਅਵਸਥਾ ਵਿੱਚ ਬਿਮਾਰੀਆਂ ਅਤੇ ਵੈੱਲ ਵੂਮੈਨ ਹੈਲਥਚੈੱਕ ਆਦਿ ਹਨ।
- ਡਾ. ਦਰਸ਼ਨਜੋਤ ਕੌਰhttps://sikharchives.org/kosh/author/%e0%a8%a1%e0%a8%be-%e0%a8%a6%e0%a8%b0%e0%a8%b6%e0%a8%a8%e0%a8%9c%e0%a9%8b%e0%a8%a4-%e0%a8%95%e0%a9%8c%e0%a8%b0/April 1, 2008