ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਪਤਾ ਲੱਗਦਾ ਹੈ, ਉਹ ਆਪਣੇ ਦੇਸ਼ ਦੇ ਦੀਨ ਅਤੇ ਦੁਖੀ ਭਰਾਵਾਂ ਦੇ ਦੁੱਖ ਹਰਨ ਲਈ ਸਦਾ ਤਿਆਰ-ਬਰ-ਤਿਆਰ ਰਹਿੰਦੇ ਸਨ ਅਤੇ ਗੁਰੂ ਲਈ ਸਿਦਕ ਅਤੇ ਧਰਮ ਲਈ ਸ਼ਰਧਾ-ਭਗਤੀ ਵਿਚ ਅਡੋਲ ਅਤੇ ਪ੍ਰਪੱਕ ਸਨ। ਉਨ੍ਹਾਂ ਦੇ ਜੀਵਨ ਦੇ ਇਹ ਪੱਖ ਇਤਨੇ ਉੱਜਲੇ ਹਨ ਅਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਇਤਨੇ ਮਨੋਰੰਜਕ ਹਨ ਕਿ ਅਸੀਂ ਇਨ੍ਹਾਂ ਦਾ ਵਰਣਨ ਕੀਤੇ ਬਿਨਾਂ ਇਸ ਜੀਵਨ-ਬਿਰਤਾਂਤ ਨੂੰ ਸਮਾਪਤ ਨਹੀਂ ਕਰ ਸਕਦੇ। ਗਿਆਨੀ ਗਿਆਨ ਸਿੰਘ ਆਦਿ ਕੁਝ ਪਿਛਲੇਰੇ ਲਿਖਾਰੀਆਂ ਦੀਆਂ ਦਿਮਾਗੀ ਉੱਚ-ਕਾਵਿ-ਉਡਾਰੀਆਂ ਅਤੇ ਸਫਲ ਘਾੜਤਾਂ ਨਾਲ ਬਾਬਾ ਬੰਦਾ ਸਿੰਘ ਜੀ ਦੇ ਜੀਵਨ ਸੰਬੰਧੀ ਕੁਝ ਅਜਿਹੀਆਂ ਗ਼ਲਤ ਫ਼ਹਿਮੀਆਂ ਪੈ ਗਈਆਂ ਹੋਈਆਂ ਹਨ ਜਿਨ੍ਹਾਂ ਦੇ ਭੁਲੇਖੇ ਵਿਚ ਪਾਠਕਾਂ ਨੂੰ ਪਏ ਰਹਿਣ ਦੇਣਾ ਇਤਿਹਾਸ ਨਾਲ ਅਨਿਆਇ ਹੈ। ਇਸ ਲਈ ਇਨ੍ਹਾਂ ਦਾ ਜ਼ਿਕਰ ਕਰ ਦੇਣਾ ਭੀ ਅਸੀਂ ਜ਼ਰੂਰੀ ਸਮਝਦੇ ਹਾਂ। ਵੇਲੇ ਦੇ ਮੁਸਲਮਾਨ ਲਿਖਾਰੀ ਅਤੇ ਇਤਿਹਾਸਕਾਰ ਗ਼ੈਰ-ਮੁਸਲਮਾਨਾਂ ਵਿਰੁੱਧ ਆਪਣੇ ਮਨਾਂ ਵਿਚ ਬੈਠੇ ਧਾਰਮਿਕ ਅਤੇ ਰਾਜਸੀ ਪੱਖਪਾਤ ਨਾਲ ਬਹੁਤ ਪ੍ਰਭਾਵਤ ਹੋਏ ਹੋਣ ਕਰਕੇ ਪੂਰੀ ਤਰ੍ਹਾਂ ਸੱਚ ਦੀ ਪੱਧਰ ਤਕ ਨਹੀਂ ਉਠ ਸਕੇ ਅਤੇ ਉਨ੍ਹਾਂ ਨੇ ਬਾਬਾ ਜੀ ਨੂੰ ਪੱਖਪਾਤ ਦੀ ਦ੍ਰਿਸ਼ਟੀ ਤੋਂ ਦੇਖਿਆ ਅਤੇ ਜਾਚਿਆ ਹੈ, ਇਸ ਲਈ ਉਨ੍ਹਾਂ ਵੱਲੋਂ ਇਨ੍ਹਾਂ ਨਾਲ ਪੂਰਾ ਨਿਆਇ ਨਹੀਂ ਹੋ ਸਕਿਆ। ਹਰ ਪ੍ਰਕਾਰ ਦਾ ਅਤਿਆਚਾਰ ਜੋ ਉਨ੍ਹਾਂ ਦੇ ਦਿਮਾਗ ਨੂੰ ਸੁੱਝਿਆ ਹੈ, ਉਹ ਉਨ੍ਹਾਂ ਬਾਬਾ ਬੰਦਾ ਸਿੰਘ ਜੀ ਅਤੇ ਸਿੰਘਾਂ ਦੇ ਨਾਉਂ ਮੜ੍ਹ ਦਿੱਤਾ ਹੈ। ਬਾਦਸ਼ਾਹੀ ਅਖ਼ਬਾਰ-ਨਵੀਸ ਭੀ ਇਸ ਪੱਖਪਾਤ ਤੋਂ ਨਹੀਂ ਬਚ ਸਕੇ ਅਤੇ ਉਹ ਮੁਕਾਮੀ ਹਾਕਮਾਂ ਦੇ ਵਿਰੁੱਧ ਸੱਚ ਨਾ ਲਿਖ ਸਕਣ ਕਰਕੇ ਬੀਤੇ ਵਾਕਿਆਤ ਨੂੰ ਕਈ ਵਾਰ ਮਰੋੜ-ਤਰੋੜ ਕੇ ਪੇਸ਼ ਕਰਦੇ ਰਹੇ ਹਨ। ਸਿੰਘਾਂ ਦਾ ਹੱਥ ਭਾਵੇਂ ਉੱਪਰ ਭੀ ਹੋਵੇ ਅਤੇ ਉਹ ਸ਼ਾਹੀ ਫੌਜਾਂ ਨੂੰ ਚੀਰਦੇ ਹੋਏ ਬਚ ਕੇ ਭਾਵੇਂ ਸਾਫ਼ ਹੀ ਨਿਕਲ ਜਾਣ ਜਾਂ ਜਿੱਤ ਪ੍ਰਾਪਤ ਕਰਕੇ ਬਾਦਸ਼ਾਹੀ ਇਲਾਕੇ ਭੀ ਮੱਲ ਲੈਣ ਅਤੇ ਥਾਉਂ ਥਾਈਂ ਆਪਣੇ ਠਾਣੇ ਭੀ ਬਿਠਾ ਦੇਣ, ਪਰ ਸ਼ਾਹੀ ਅਖ਼ਬਾਰ-ਨਵੀਸ ਬਹੁਤ ਕਰਕੇ ਇਹ ਹੀ ਲਿਖੀ ਜਾਣਗੇ ਕਿ ਸਿੰਘ ਹਾਰ ਖਾ ਕੇ ਭੱਜ ਗਏ ਹਨ, ਅਨਗਿਣਤ ਸਿੰਘ ਕਤਲ ਕਰ ਦਿੱਤੇ ਗਏ ਹਨ ਅਤੇ ਸ਼ਾਹੀ ਲਸ਼ਕਰ ਨੂੰ ਜਿੱਤ ਪ੍ਰਾਪਤ ਹੋਈ ਹੈ। ਲੜਾਈਆਂ ਵਿਚ ਅਜਿਹੇ ਝੂਠ ਕੁਝ ਆਮ ਹੀ ਹੋ ਜਾਂਦੇ ਹਨ ਜਿਵੇਂ ਕਿ ਪਹਿਲੇ ਸੰਨ 1914-18 ਈ: ਦੇ ਮਹਾਨ ਯੁੱਧ ਦੀਆਂ ਖ਼ਬਰਾਂ ਵੱਲ ਇਸ਼ਾਰਾ ਕਰਦੇ ਹੋਏ ਇਕ ਥਾਂ ਅਕਬਰ ਅਲਾਹਾਬਾਦੀ ਨੇ ਲਿਖਿਆ ਸੀ ਕਿ-
ਕਦਮ ਜਰਮਨ ਕਾ ਬੜ੍ਹਤਾ ਹੈ।
ਫ਼ਤਹਿ ਇੰਗਲਿਸ਼ ਕੀ ਹੋਤੀ ਹੈ।
ਅੱਜਕਲ੍ਹ ਭੀ ਅਜਿਹੀਆਂ ਨਿਰਮੂਲ ਜਾਂ ਅੱਧ-ਝੂਠੀਆਂ ਖ਼ਬਰਾਂ ਦਾ ਕੋਈ ਘਾਟਾ ਨਹੀਂ ਹੈ। ਸਰਕਾਰ ਵਿਰੁੱਧ ਜਨਤਾ ਦੇ ਮੋਰਚੇ ਤੇਜ਼ ਹੋ ਰਹੇ ਹੁੰਦੇ ਹਨ ਪਰ ਸਰਕਾਰੀ ਕਰਮਚਾਰੀ ਵਜ਼ੀਰ, ਅਫ਼ਸਰ ਅਤੇ ਅਖ਼ਬਾਰ-ਨਵੀਸ ਇਹ ਹੀ ਕਹੀ ਜਾਂਦੇ ਹਨ ਕਿ ‘ਮੋਰਚਾ ਫੇਲ੍ਹ ਹੋ ਰਿਹਾ ਹੈ, ‘ਲੋਕਾਂ ਦੀ ਇਸ ਨਾਲ ਕੋਈ ਹਮਦਰਦੀ ਨਹੀਂ ਰਹੀ,’ ‘ਥੋੜ੍ਹੇ ਦਿਨਾਂ ਵਿਚ ਹੀ ਇਹ ਖ਼ਤਮ ਹੋ ਜਾਏਗਾ’, ‘ਸਰਕਾਰ ਇਸ ਨੂੰ ਦਬਾ ਕੇ ਰੱਖ ਦੇਵੇਗੀ’, ‘ਸਰਕਾਰ ਦੀ ਜਿੱਤ ਹੋ ਰਹੀ ਹੈ’ ਆਦਿ, ਆਦਿ। ਅਸਲ ਵਿਚ ਅੰਦਰੋਂ-ਅੰਦਰ ਸਰਕਾਰ ਪੋਲੀ ਪਈ ਹੁੰਦੀ ਹੈ’, ‘ਆਮ ਜਨਤਾ ਵਿਚ ਉਸ ਦਾ ਡੱਕਾ ਭਰ ਰੋਅਬ ਅਤੇ ਇਤਬਾਰ ਨਹੀਂ ਰਹਿ ਗਿਆ ਹੁੰਦਾ ਅਤੇ ਉਹ ਆਪਣਾ ਪਿੱਛਾ ਛੁਡਾਉਣ ਲਈ ਬਹਾਨੇ ਲੱਭਦੀ ਹੁੰਦੀ ਹੈ। ਬਾਹਰ ਜਾਣ ਦੀ ਲੋੜ ਨਹੀਂ, ਪੰਜਾਬ ਵਿਚ ਹੀ ਸੰਨ 1922 ਈ: ਦਾ ਗੁਰੂ ਕੇ ਬਾਗ਼ ਦਾ ਮੋਰਚਾ ਅਤੇ ਹੋਰ ਮੋਰਚੇ ਇਸ ਸੱਚਾਈ ਦੇ ਪ੍ਰਤੱਖ ਗਵਾਹ ਹਨ।
ਸਾਰੇ ਸਿੱਖ ਲਿਖਾਰੀ ਭੀ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਨਿਆਇ ਨਹੀਂ ਕਰ ਸਕੇ। ਸਮਕਾਲੀ ਇਤਿਹਾਸਕ ਮਸਲੇ ਦੀ ਥੁੜ ਅਤੇ ਬਾਅਦ ਦੀਆਂ ਲਿਖਤਾਂ ਵਿਚ ਮਿਲਗੋਭਾ ਹੋ ਜਾਣ ਕਰਕੇ ਉਨ੍ਹਾਂ ਨੇ ਭੀ ਕਈ ਥਾਈਂ ਗ਼ਲਤੀਆਂ ਖਾਧੀਆਂ ਹਨ ਅਤੇ ਬਾਬਾ ਜੀ ਦੀ ਸ਼ਹੀਦੀ ਤੋਂ ਕਈ ਚਿਰ ਬਾਅਦ ਹੋਈਆਂ ਗੱਲਾਂ ਨੂੰ ਬਾਬਾ ਜੀ ਦੇ ਵੇਲੇ ਲਿਆ ਦਰਜ ਕੀਤਾ ਹੈ ਤੇ ਉਸ ਦੇ ਆਧਾਰ ‘ਤੇ ਉਸ ਨੂੰ ਖ਼ਾਹ-ਮਖ਼ਾਹ ਗ਼ਲਤ ਭੰਡਿਆ ਹੈ। ਖਾਲਸੇ ਵੱਲੋਂ ਅਪ੍ਰਵਾਨ ਹੋ ਜਾਣ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਨੇ ‘ਫ਼ਤਿਹ ਦਰਸ਼ਨ’ ਸੰਬੰਧੀ ਕੋਈ ਜ਼ਿੱਦ ਨਹੀਂ ਸੀ ਕੀਤੀ ਅਤੇ ਕਈ ਹੋਰ ਗੱਲਾਂ ਲਈ ਜਿਸ ਵਿਚ ਉਨ੍ਹਾਂ ਦਾ ਉੱਕਾ ਹੀ ਕੋਈ ਕਸੂਰ ਨਹੀਂ ਸੀ ਤੱਤ ਖਾਲਸੇ ਵਾਲੇ ਪੱਖਪਾਤ ਕਰਕੇ ਭਾਈ ਰਤਨ ਸਿੰਘ (ਭੰਗੂ) ਅਤੇ ਗਿਆਨੀ ਗਿਆਨ ਸਿੰਘ ਆਦਿ ਨੇ ਕਈ ਕੁਝ ਉਨ੍ਹਾਂ ਦੇ ਵਿਰੁੱਧ ਲਿਖਿਆ ਹੈ। ਇਹ ਅਨਿਆਇ ਹੈ ਜੋ ਉਨ੍ਹਾਂ ਵੱਲੋਂ ਇਤਿਹਾਸ ਨਾਲ ਹੋਇਆ ਹੈ। ਅਸਲ ਵਿਚ ਬਾਬਾ ਬੰਦਾ ਸਿੰਘ ਬਹਾਦਰ ਉਸ ਤੋਂ, ਜਿਵੇਂ ਕਿ ਉਹ ਪੇਸ਼ ਕੀਤਾ ਗਿਆ ਹੈ, ਬਿਲਕੁਲ ਵੱਖਰੇ ਅਤੇ ਬਹੁਤ ਉੱਚੇ ਸਨ।
ਚਿਹਰੇ-ਮੁਹਰੇ ਤੋਂ, ਮੁਹੰਮਦ ਸਫ਼ੀ ਵਾਰਿਕ ਦੀ ਪੁਸਤਕ ‘ਮਿਰਅਤਿ-ਵਾਰਿਦਾਤ’ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦਾ-ਜੁਲਦਾ ਸੀ। ਉਹ ਜੁੱਸੇ ਦਾ ਪਤਲਾ ਅਤੇ ਕੱਦ ਦਾ ਦਰਮਿਆਨਾ ਸੀ ਅਤੇ ਉਸ ਦਾ ਰੰਗ ਹਲਕਾ ਕਣਕ-ਵੰਨਾ ਸੀ। ਉਸ ਦੇ ਚਿਹਰੇ ਦੀ ਪ੍ਰਭਤਾ ਭਰਪੂਰ ਛਬ ਅਤੇ ਤਿੱਖੀਆਂ ਅਤੇ ਚਮਕਦਾਰ ਅੱਖਾਂ ਵੈਰੀਆਂ ਦੇ ਮਨਾਂ ਉੱਤੇ ਭੀ ਉਸ ਦੀ ਮਾਨਸਿਕ ਉੱਚਤਾ ਦਾ ਪ੍ਰਭਾਵ ਪਾਉਂਦੀਆਂ ਸਨ। ਇਹਤਮਾਦੁਦੇਲਾ ਮੁਹੰਮਦ ਅਮੀਨ ਖ਼ਾਨ ਵਰਗੇ ਆਦਮੀ ਨੂੰ, ਜੋ ਉਨ੍ਹਾਂ ਦਾ ਕੱਟੜ ਜਾਨੀ ਵੈਰੀ ਸੀ, ਜਦ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਅੰਤਮ ਸਮੇਂ ਲਾਗੇ ਹੋ ਕੇ ਦੇਖਣ ਦਾ ਅਵਸਰ ਮਿਲਿਆ, ਤਾਂ ਉਹ ਉਨ੍ਹਾਂ ਦੇ ਗਿਆਨਵਾਨ ਚਿਹਰੇ ਨੂੰ ਦੇਖ ਕੇ ਉਨ੍ਹਾਂ ਦੀ ਆਤਮਿਕ ਪ੍ਰਭਤਾ ਅਤੇ ਉਨ੍ਹਾਂ ਦੇ ਆਚਰਣ ਦੀ ਉੱਚਤਾ ਦੀ ਪ੍ਰਸੰਸਾ ਕਰਨੋਂ ਨਾ ਰਹਿ ਸਕਿਆ। ਭਾਵੇਂ ਬਾਬਾ ਬੰਦਾ ਸਿੰਘ ਜੀ ਨੂੰ ਕੱਦ-ਕਾਠ ਵੱਲੋਂ ਬਹੁਤ ਡੀਲ ਡੌਲ ਵਾਲਾ ਨਹੀਂ ਆਖਿਆ ਜਾ ਸਕਦਾ, ਪਰ ਉਹ ਬੜੇ ਚੁਸਤ ਅਤੇ ਫੁਰਤੀਲੇ ਸਨ ਅਤੇ ਜੰਗ ਦੇ ਮੈਦਾਨ ਵਿਚ ਬੜੇ-ਬੜੇ ਤਕੜਿਆਂ ਨੂੰ ਲਾਗੇ ਨਹੀਂ ਸੀ ਢੁਕਣ ਦਿੰਦੇ। ਉਹ ਬੜੇ ਚੰਗੇ ਨਿਸ਼ਾਨਚੀ ਸਨ। ਬੰਦੂਕ (ਰਾਮਜੰਗਾ) ਸਿੰਘਾਂ ਦਾ ਮਨ ਭਾਉਂਦਾ ਹਥਿਆਰ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਤਲਵਾਰ ਅਤੇ ਤੀਰ ਦੇ ਧਨੀ ਸਨ। ਉਹ ਇਕ ਬੜੇ ਚੰਗੇ ਸਵਾਰ ਸਨ ਅਤੇ ਕਈ-ਕਈ ਦਿਨਾਂ ਤਕ ਬਿਨਾਂ ਥੱਕਣ ਦੇ ਸਵਾਰੀ ਕਰ ਸਕਦੇ ਸਨ। ਸਿੰਘਾਂ ਦੇ ਆਪਣੇ ਸਮਕਾਲੀ ਕਾਗਜ਼ ਪੱਤਰ ਤਾਂ ਕੋਈ ਹੈ ਹੀ ਨਹੀਂ ਅਤੇ ਮੁਸਲਮਾਨਾਂ ਦੀਆਂ ਥੋੜ੍ਹੀਆਂ ਜਿਹੀਆਂ ਸਮਕਾਲੀ ਲਿਖਤਾਂ ਜੋ ਮਿਲਦੀਆਂ, ਉਨ੍ਹਾਂ ਤੋਂ ਬਾਬਾ ਜੀ ਦੇ ਬਹੁਪੱਖੀ ਗੁਣਾਂ ਦਾ ਪੂਰਾ-ਪੂਰਾ ਗਿਆਨ ਨਹੀਂ ਹੁੰਦਾ, ਪਰ ਫੇਰ ਭੀ ਜੋ ਕੁਝ ਪਤਾ ਲੱਗਦਾ ਹੈ, ਉਸ ਦੇ ਆਧਾਰ ‘ਤੇ ਸਾਰੇ ਹੀ ਉਨ੍ਹਾਂ ਦੀ ਉਸ ਦਲੇਰੀ, ਬਹਾਦਰੀ ਅਤੇ ਮਾਨਸਿਕ ਗੰਭੀਰਤਾ ਦੀ ਪ੍ਰਸੰਸਾ ਕਰਦੇ ਹਨ ਜੋ ਉਨ੍ਹਾਂ ਨੇ ਆਪਣੀ ਸ਼ਹੀਦੀ ਦੇ ਸਮੇਂ ਵਿਖਾਈ ਅਤੇ ਖ਼ਾਫ਼ੀ ਖ਼ਾਨ ਵਰਗਾ ਕੱਟੜ ਅਤੇ ਪੱਖਪਾਤੀ ਲਿਖਾਰੀ ਭੀ ਉਸ ਦੀ ਪ੍ਰਸੰਸਾ ਕਰਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੋਕਾਂ ਦੀ ਸੁਤੰਤਰਤਾ ਵਾਸਤੇ ਆਪਣੇ ਜਾਰੀ ਕੀਤੇ ਹੋਏ ਅੰਦੋਲਨ ਦੀ ਪੂਰਤੀ ਲਈ ਆਪ ਜੀ ਨੂੰ ਚੁਣਨ ਵਿਚ ਕਿਤਨੇ ਬੁੱਧੀਮਾਨ ਅਤੇ ਦੂਰ-ਦਰਸ਼ੀ ਸਨ, ਇਸ ਦਾ ਅੰਦਾਜ਼ਾ ਉਸ ਦੇ ਕਾਰਨਾਮਿਆਂ ਤੋਂ ਸਪਸ਼ਟ ਹੈ। ਅਸਲ ਵਿਚ ਇਕ ਸੰਸਾਰ-ਤਿਆਗੀ ਬੈਰਾਗੀ ਸਾਧੂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘਾਂ ਦੀਆਂ ਫੌਜਾਂ ਦਾ ਕਮਾਂਡਰ ਬਣਾ ਦੇਣਾ ਗੁਰੂ ਜੀ ਦਾ ਇਕ ਅਸਚਰਜ-ਜਨਕ ਕਰਿਸ਼ਮਾ ਸੀ। ਖੰਡੇ ਦਾ ਅੰਮ੍ਰਿਤ ਛਕਾ ਕੇ, ਪਵਿੱਤਰ ਸਰਬ-ਲੋਹ ਸਜਾਉਣ ਅਤੇ ਸਿੰਘਾਂ ਦੇ ਪੁਸ਼ਾਕੇ ਅਤੇ ਚਾਲ-ਢਾਲ ਧਾਰਨ ਕਰਦੇ ਸਾਰ ਹੀ ਬਾਬਾ ਬੰਦਾ ਸਿੰਘ ਬਹਾਦਰ ਇਕ ਪੂਰਨ ਅਤੇ ਸਿਦਕੀ ਸਿੰਘ ਸਜ ਗਏ ਸਨ ਅਤੇ ਜੀਵਨ ਦੇ ਅੰਤ ਤਕ ਬੜੇ ਦੁਖਦਾਈ ਅਤੇ ਭਿਆਨਕ ਤਸੀਹੇ ਸਹਿੰਦੇ ਹੋਇਆਂ ਭੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਲਈ ਡਟੇ ਰਹੇ ਅਤੇ ਖਿੜੇ-ਮੱਥੇ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਂਦਿਆਂ ਹੋਇਆਂ ਆਪਣੀ ਜਾਨ ਤਕ ਕੁਰਬਾਨ ਕਰ ਗਏ। ਡਾਕਟਰ ਵਿਲੀਅਮ ਮੈਗਰੈਗਰ ਆਪਣੀ ‘ਹਿਸਟਰੀ ਔਫ਼ ਦੀ ਸਿਖਸ’ ਵਿਚ ਲਿਖਦਾ ਹੈ ਕਿ ‘ਬੰਦਾ (ਸਿੰਘ) ਆਪਣੀ ਧੁਨ ਦਾ ਬੜਾ ਪੱਕਾ ਸੀ ਅਤੇ ਜ਼ਾਲਮਾਂ ਦੀ ਸੁਧਾਈ ਲਈ (ਗੁਰੂ) ਗੋਬਿੰਦ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਨ ਵਿਚ ਇਤਨਾ ਦ੍ਰਿੜ੍ਹ ਸੀ ਕਿ ਉਹ ਸਾਰੇ ਪੰਜਾਬ ਅਤੇ ਪੰਜਾਬ ਦੇ (ਸਤਲੁਜੋਂ) ਇਧਰਲੇ ਜ਼ਿਲ੍ਹਿਆਂ ਵਿਚ ਇਕ ਭਿਅੰਕਰ ਹਊਆ ਹੋ ਗਿਆ।’
ਉਹ ਖਾਲਸੇ ਦੇ ਕੇਵਲ ਫ਼ੌਜੀ ਕਮਾਂਡਰ ਹੀ ਨਹੀਂ ਸਨ ਸਗੋਂ ਉਹ ਸਿੱਖੀ ਦੇ ਪ੍ਰਚਾਰ ਦੀ ਧੁਨ ਵਿਚ ਭੀ ਕਿਸੇ ਨਾਲੋਂ ਪਿੱਛੇ ਨਹੀਂ ਸਨ। ਜਦੋਂ ਲੋਕ ਉਨ੍ਹਾਂ ਪਾਸ ਸਹਾਇਤਾ ਲਈ ਆਉਂਦੇ ਜਾਂ ਖਾਲਸਾ ਦਲ ਵਿਚ ਸ਼ਾਮਲ ਹੁੰਦੇ ਤਾਂ ਉਹ ਉਨ੍ਹਾਂ ਲਈ ਅਰਦਾਸਾਂ ਕਰਦੇ ਅਤੇ ਸਿਮਰਨ ਕਰਨ ਲਈ ਕਹਿੰਦੇ। ਭਾਵੇਂ ਉਨ੍ਹਾਂ ਪਾਸ ਅਥਾਹ ਤਾਕਤ ਭੀ ਸੀ, ਪਰ ਉਨ੍ਹਾਂ ਨੇ ਆਪਣੇ ਧਾਰਮਿਕ ਪ੍ਰਚਾਰ ਲਈ ਕਦੀ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ। ਅਮੀਨੁਦੌਲਾ ਦਸਤੂਰੁਲ-ਇਨਸ਼ਾ (ਰੁੱਕਾਤਿ ਅਮੀਨੁ-ਦੌਲਾ) ਦੇ ਤੀਸਰੇ ਰੁੱਕੇ ਵਿਚ ਜੂਨ 1710 ਈ: ਵਿਚ ਲਿਖਦਾ ਹੈ: “ਉਹ ਸਾਰਿਆਂ ਦੇ ਮਨ ਆਪਣੀਆਂ ਰੁਚੀਆਂ ਵੱਲ ਮੋਹ ਲੈਂਦਾ ਸੀ ਅਤੇ ਭਾਵੇਂ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ, ਜੋ ਭੀ ਉਸ ਨੂੰ ਮਿਲਦਾ, ਇਹ ਉਸ ਨੂੰ ‘ਸਿੰਘ’ ਕਰਕੇ ਬੁਲਾਉਂਦਾ (ਸਿੰਘ ਸਜਾ ਲੈਂਦਾ)। ਇਸ ਤਰ੍ਹਾਂ ਸਰਹਿੰਦ ਦੇ ਲਾਗੇ ਦਾ ਇਕ ਸਰਕਾਰੀ ਕਰਮਚਾਰੀ ਦੀਨ ਦਾਰ ਖ਼ਾਨ, ਉਥੇ ਦਾ ਅਖ਼ਬਾਰ-ਨਵੀਸ ਮੀਰ ਨਸੀਰੁੱਦੀਨ ਅਤੇ ਅੰਮ੍ਰਿਤਸਰ ਦੇ ਲਾਗੇ ਦੇ ਪੰਜਵੜ ਪਿੰਡ ਦਾ ਛੱਜੂ ਜੱਟ ਸਿੰਘ ਸਜ ਕੇ ਦੀਨ ਦਾਰ ਸਿੰਘ, ਮੀਰ ਨਸੀਰ ਸਿੰਘ ਅਤੇ ਛੱਜਾ ਸਿੰਘ ਬਣ ਗਏ। ਇਸ ਤਰ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਇਕ ਬੜੀ ਭਾਰੀ ਗਿਣਤੀ ਨੇ ਸਿੰਘਾਂ ਦਾ ਧਰਮ ਅਤੇ ਰਹਿਤ ਧਾਰਨ ਕਰ ਲਏ ਅਤੇ ਆਪ ਜੀ ਦਾ ਸਾਥ ਦੇਣ ਦੇ ਪੱਕੇ ਵਾਇਦੇ ਕੀਤੇ। ਉਸ ਨੇ ਸਰਹਿੰਦ ਅਤੇ ਸ਼ਿਵਾਲਕ ਪਹਾੜ ਦੇ ਆਪਣੇ ਕੱਟੜ ਤੋਂ ਕੱਟੜ ਵੈਰੀਆਂ ਨੂੰ ਭੀ ਮਾਫ ਕਰ ਦੇਣ ਅਤੇ ਉਨ੍ਹਾਂ ਦੀਆਂ ਜਾਨਾਂ ਅਤੇ ਇਲਾਕੇ ਛੱਡ ਦੇਣ ਦਾ ਯਕੀਨ ਦਿਲਾਇਆ ਜੇ ਉਹ ਉਸ ਦੀ ਇੱਛਾ (ਅਨੁਸਾਰ ਸਿੱਖ ਧਰਮ ਵਿਚ ਆਉਣਾ) ਪ੍ਰਵਾਨ ਕਰ ਲੈਣ।”
ਦੀਨ ਅਤੇ ਦੁਖੀ ਲੋਕਾਂ ਦੀ ਰੱਖਿਆ ਕਰਨ ਵਿਚ ਬਾਬਾ ਜੀ ਨੂੰ ਉਨ੍ਹਾਂ ਲੋਕਾਂ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਜਿਨ੍ਹਾਂ ਦੀ ਪੁਕਾਰ ਸਦੀਆਂ ਤੋਂ ਕੋਈ ਨਹੀਂ ਸੀ ਸੁਣਦਾ। ਉਨ੍ਹਾਂ ਨੇ ਆਪਣੇ ਰਾਜ ਪ੍ਰਬੰਧ ਵਿਚ ਨੀਵਿਆਂ ਤੋਂ ਨੀਵੇਂ ਲੋਕਾਂ ਨੂੰ ਉੱਚੀਆਂ ਪਦਵੀਆਂ ਤਕ ਪਹੁੰਚਾ ਦਿੱਤਾ। ਅਛੂਤਾਂ ਅਤੇ ਨੀਚਾਂ ਨੂੰ ਉਨ੍ਹਾਂ ਨੇ ਹਾਕਮ ਬਣਾ ਦਿੱਤਾ। ਇਰਵਿਨ ਲਿਖਦਾ ਹੈ ਕਿ ‘ਇਕ ਚੂਹੜੇ ਜਾਂ ਚਮਾਰ ਲਈ ਜੋ ਕਿ ਹਿੰਦੁਸਤਾਨੀਆਂ ਵਿਚ ਨੀਚਾਂ ਤੋਂ ਭੀ ਨੀਚ ਗਿਣਿਆ ਜਾਂਦਾ ਹੈ, ਕੇਵਲ ਘਰੋਂ ਆ ਕੇ ਗੁਰੂ (ਬੰਦਾ ਸਿੰਘ) ਪਾਸ ਹਾਜ਼ਰ ਹੋਣਾ ਹੀ ਹੁੰਦਾ ਸੀ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਉਹ ਆਪਣੀ ਜਨਮ ਭੂਮੀ ਦਾ ਹਾਕਮ ਬਣ ਕੇ ਆ ਜਾਂਦਾ। ਵੱਡੀਆਂ-ਵੱਡੀਆਂ ਉੱਚੀਆਂ ਜਾਤਾਂ ਵਾਲੇ ਅਤੇ ਧਨਾਢ ਲੋਕ ਉਸ ਦਾ ਸੁਆਗਤ ਕਰਦੇ ਅਤੇ ਅੱਗੇ ਹੋ ਕੇ ਲੈਣ ਜਾਂਦੇ। ਉਥੇ ਪਹੁੰਚ ਕੇ ਹੱਥ ਜੋੜੀ ਉਸ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਅਤੇ ਉਸ ਦੇ ਹੁਕਮਾਂ ਦੀ ਉਡੀਕ ਕਰਦੇ। ਕੋਈ ਆਦਮੀ ਉਸ ਦੀ ਹੁਕਮ ਅਦੂਲੀ ਕਰਨ ਦਾ ਹੌਸਲਾ ਨਾ ਕਰਦਾ ਅਤੇ ਉਹ ਲੋਕ ਜੋ ਕਈ ਵਾਰੀ ਰਣਭੂਮੀ ਵਿਚ ਨਿਕਲ ਆਉਣ ਦਾ ਖ਼ਤਰਾ ਲੈ ਲਿਆ ਕਰਦੇ ਸਨ ਅਜਿਹੇ ਸਹਿਮ ਗਏ ਕਿ ਹੁਣ ਉਹ ਅੱਗੋਂ ਕੋਈ ਉਜਰ ਕਰਨੋਂ ਭੀ ਡਰਦੇ ਸਨ।’
ਰਾਜ-ਪ੍ਰਬੰਧ ਵਿਚ ਆਪ ਜੀ ਨੇ ਦੇਸ਼ ਵਿਚ ਇਕ ਬੜੀ ਭਾਰੀ ਸੁਧਾਰ ਦੀ ਗੱਲ ਕੀਤੀ ਕਿ ਮੁਗ਼ਲ ਰਾਜ ਦਾ ਜ਼ਿਮੀਂਦਾਰਾ ਪ੍ਰਬੰਧ ਉਡਾ ਕੇ ਰੱਖ ਦਿੱਤਾ ਜਿਸ ਨਾਲ ਹਲ-ਵਾਹ ਕਿਸਾਨ ਗ਼ੁਲਾਮਾਂ ਦੀ ਹਾਲਤ ਤੋਂ ਭੀ ਬੁਰੇ ਅਤੇ ਨੀਵੇਂ ਹੋ ਗਏ ਸਨ। ਬਾਬਾ ਜੀ ਦੇ ਤਹਿਤ ਸਿੰਘਾਂ ਦਾ ਰਾਜ ਹੋ ਜਾਣ ਨਾਲ ਹਲ-ਵਾਹ ਕਿਸਾਨ ਆਪਣੇ ਹਲਾਂ ਹੇਠਲੀਆਂ ਜ਼ਮੀਨਾਂ ਦੇ ਮਾਲਕ ਬਣ ਗਏ ਅਤੇ ਪੁਰਾਣੇ ਰਿਵਾਜ਼ ਨਾਲ ਹੋ ਰਿਹਾ ਜ਼ੁਲਮ ਪੰਜਾਬ ਵਿੱਚੋਂ ਸਦਾ ਲਈ ਮਿਟ ਗਿਆ।
ਨਿੱਜੀ ਚਲਨ ਵਿਚ ਬਾਬਾ ਜੀ ਇਕ ਸਿਦਕੀ ਅੰਮ੍ਰਿਤਧਾਰੀ ਸਿੰਘ ਸਨ ਅਤੇ ਸਿੱਖ ਗੁਰੂ ਸਾਹਿਬਾਨ ਲਈ ਉਨ੍ਹਾਂ ਦਾ ਨਿਸ਼ਚਾ ਅਤੇ ਭਗਤੀ ਅਟੱਲ ਅਤੇ ਅਡੋਲ ਰਹੇ। ਆਪਣੇ ਰਾਜ ਦੇ ਸਮੇਂ ਉਨ੍ਹਾਂ ਦੀਆਂ ਜਾਰੀ ਕੀਤੀਆਂ ਮੋਹਰਾਂ ਅਤੇ ਸਿੱਕਿਆਂ ਉੱਪਰ ਦੀਆਂ ਲਿਖਤਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਲਈ ਉਨ੍ਹਾਂ ਦੀ ਅਪਾਰ ਸ਼ਰਧਾ ਦੀਆਂ ਜੀਊਂਦੀਆਂ-ਜਾਗਦੀਆਂ ਯਾਦਗਾਰਾਂ ਹਨ। ਉਹ ਗੁਰੂ ਸਾਹਿਬਾਨ ਨੂੰ ਰਾਜ-ਭਾਗ ਦੀਆਂ ਸਾਰੀਆਂ ਬਖ਼ਸ਼ਿਸ਼ਾਂ ਦਾ ਸੋਮਾ ਸਮਝਦਾ ਅਤੇ ਦੇਗ਼ ਤੇਗ਼ ਉਨ੍ਹਾਂ ਦੀ ਕ੍ਰਿਪਾ ਨਾਲ ਪ੍ਰਾਪਤ ਹੋਈ ਦੱਸਦਾ ਹੈ। ਜ਼ਿੰਦਗੀ ਦੇ ਅੰਤਲੇ ਅਤੇ ਅੱਤ ਦੇ ਦੁਖਦਾਈ ਅਤੇ ਬਿਖੜੇ ਸਮੇਂ, ਜਦ ਕਿ ਇਕ ਪਾਸੇ ਭਿਆਨਕ ਤਸੀਹੇ ਭਰੀ ਮੌਤ ਸਾਹਮਣੇ ਮੂੰਹ ਅੱਡੀ ਖੜ੍ਹੀ ਸੀ ਅਤੇ ਦੂਸਰੇ ਪਾਸੇ ਧਰਮ ਤਿਆਗ ਦੇਣ ਪਰ ਸੁਖੀ ਜੀਵਨ ਦੀਆਂ ਆਸਾਂ ਸਨ, ਇਕ ਸਮਕਾਲੀ ਲਿਖਾਰੀ ਅਨੁਸਾਰ ਬਾਬਾ ਬੰਦਾ ਸਿੰਘ ਦੀ ਧਰਮ ‘ਪਰ ਦ੍ਰਿੜ੍ਹਤਾ ਹੈਰਾਨ ਕਰ ਦੇਣ ਵਾਲੀ ਸੀ। ‘ਫ਼ਤਹਿ ਦਰਸ਼ਨ’ ਤੋਂ ਬਿਨਾਂ ਉਸ ਦੇ ਸਾਰੇ ਜੀਵਨ ਵਿਚ ਕੋਈ ਭੀ ਐਸੀ ਗੱਲ ਨਹੀਂ ਜੋ ਉਨ੍ਹਾਂ ਦੇ ਵਿਰੁੱਧ ਕਹੀ ਜਾ ਸਕੇ ਅਤੇ ‘ਫ਼ਤਹਿ ਦਰਸ਼ਨ’ ਜਦ ਖਾਲਸੇ ਨੇ ਅਪ੍ਰਵਾਨ ਕਰ ਦਿੱਤੀ ਤਾਂ ਬਾਬਾ ਬੰਦਾ ਸਿੰਘ ਜੀ ਨੇ ਕੋਈ ਜ਼ਿੱਦ ਨਹੀਂ ਕੀਤੀ ਬਲਕਿ ਖਾਲਸੇ ਦੀ ਗੱਲ ਪ੍ਰਵਾਨ ਕਰ ਲਈ।
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬੜੀ ਪਵਿੱਤਰ ਅਤੇ ਨਿਰਦੋਸ਼ ਸੀ ਅਤੇ ਖਾਲਸੇ ਦੀ ਰਹਿਤ ਦਾ ਉਹ ਪੱਕੇ ਧਾਰਨੀ ਸਨ ਜਿਸ ਲਈ ਉਹ ਆਪਣੇ ਹੁਕਮਨਾਮਿਆਂ ਵਿਚ ਜ਼ੋਰ ਦੇ ਕੇ ਕਹਿੰਦੇ ਹਨ ਕਿ ‘ਮੇਰਾ ਹੁਕਮੁ ਹੈ ਜੋ ਖਾਲਸੇ ਦੀ ਰਹਤ ਰਹੇਗਾ, ਤਿਸ ਦੀ ਗੁਰੂ ਬਾਹੁੜੀ ਕਰੇਗਾ।’ ਉਹ ਵੈਰੀ ਦੀ ਇਸਤਰੀ ਦੀ ਇੱਜ਼ਤ ਦੀ ਭੀ ਰਾਖੀ ਕਰਨ ਦੀ ਬੜੀ ਜ਼ੋਰਦਾਰ ਹਦਾਇਤ ਕਰਦਾ ਹੈ। ਇਹ ਠੀਕ ਹੈ ਕਿ ਉਸ ਨੇ ਵਿਆਹ ਕਰ ਲਿਆ ਸੀ, ਪਰ ਇਸ ਵਿਚ ਉਨ੍ਹਾਂ ਨੇ ਗੁਰੂ ਜੀ ਦੇ ਕਿਸੇ ਹੁਕਮ ਜਾਂ ਖਾਲਸੇ ਦੀ ਰਹਿਤ ਦੀ ਉਲੰਘਣਾ ਨਹੀਂ ਸੀ ਕੀਤੀ, ਉਨ੍ਹਾਂ ਨੇ ਕੋਈ ਕੁਰਹਿਤ ਨਹੀਂ ਸੀ ਕੀਤੀ। ਵਿਆਹ ਕਰਨਾ ਸਿੱਖੀ ਵਿਚ ਕੋਈ ਵਿਵਰਜਿਤ ਗੱਲ ਨਹੀਂ, ਬਲਕਿ ਸੰਸਾਰ-ਤਿਆਗੀ ਜੀਵਨ ਨੂੰ ਸਿੱਖੀ ਕੋਈ ਬਹੁਤਾ ਉੱਚਾ ਜੀਵਨ ਨਹੀਂ ਸਮਝਦੀ। ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਕੋਈ ਅਜਿਹਾ ਹੁਕਮ ਨਹੀਂ ਸੀ ਦੇ ਸਕਦੇ ਅਤੇ ਨਾ ਹੀ ਕੋਈ ਐਸੀ ਸਮਕਾਲੀ ਲਿਖਤ ਜਾਂ ਹੁਕਮਨਾਮਾ ਹੈ ਜਿਸ ਵਿਚ ਕਿਸੇ ਐਸੇ ਹੁਕਮ ਦਾ ਜ਼ਿਕਰ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਮਿਸ਼ਨ ਉਨ੍ਹਾਂ ਨੂੰ ਸੌਂਪਿਆ ਗਿਆ ਸੀ, ਉਸ ‘ਪਰ ਜ਼ਿੰਦਗੀ ਭਰ ਉਹ ਪ੍ਰਪੱਕ ਰਹੇ ਅਤੇ ਉਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਗਏ। ਖਾਲਸੇ ਵਾਸਤੇ ਜੋ ਚਾਰ ਕੁਰਹਿਤਾਂ ਹਨ, ਉਨ੍ਹਾਂ ਵਿੱਚੋਂ ਬਾਬਾ ਜੀ ਨੇ ਕੋਈ ਕੁਰਹਿਤ ਨਹੀਂ ਕੀਤੀ। ਉਸ ਨੇ ਅੰਤਮ ਸ਼ਹੀਦੀ ਸਮੇਂ ਤਕ ਸਿੱਖੀ ਕੇਸਾਂ-ਸੁਆਸਾਂ ਸਹਿਤ ਨਿਭਾਈ, ਉਨ੍ਹਾਂ ਨੇ ਕੁੱਠਾ ਮਾਸ ਨਹੀਂ ਖਾਧਾ, ਉਨ੍ਹਾਂ ਨੇ ਆਪਣੀ ਵਿਆਹੀ ਇਸਤਰੀ ਤੋਂ ਬਿਨਾਂ ਕਿਸੇ ਨਾਲ ਕੁਸੰਗ ਨਹੀਂ ਕੀਤਾ। ਤੰਬਾਕੂ ਦਾ ਸੇਵਨ ਨਹੀਂ ਕੀਤਾ। ਇਸ ਲਈ ਉਨ੍ਹਾਂ ਦੇ ਜੀਵਨ ਵਿਚ ਕੋਈ ਅਜਿਹੀ ਗੱਲ ਨਹੀਂ ਜਿਸ ਨਾਲ ਸਿੱਖੀ ਦਾ ਕੋਈ ਅਸੂਲ ਭੰਗ ਹੁੰਦਾ ਹੋਵੇ।
ਅਭੁੱਲ ਤਾਂ ਕੇਵਲ ਕਰਤਾਰ ਅਤੇ ਗੁਰੂ ਹੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਨਹੀਂ ਸੀ ਜਿਸ ਨੂੰ ਅਭੁੱਲ ਕਿਹਾ ਜਾਵੇ। ਹਰ ਮਨੁੱਖ ਭੁੱਲਣਹਾਰ ਹੈ। ਪਰ ਇਕ ਛੋਟੀ ਜਿਹੀ ਨਿਗੂਣੀ ਗੱਲ ਨੂੰ ਹੱਦੋਂ ਪਰ੍ਹੇ ਵਧਾ ਕੇ ਦੂਸਰੇ ਅਨੇਕ ਗੁਣਾਂ ਉੱਤੇ ਪਰਦਾ ਪਾ ਦੇਣਾ ਨਿਆਇ ਨਹੀਂ। ਇਹ ਠੀਕ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ‘ਫ਼ਤਹਿ ਦਰਸ਼ਨ’ ਦਾ ਜੈਕਾਰਾ ਵਰਤਣਾ ਸ਼ੁਰੂ ਕੀਤਾ ਸੀ, ਪਰ ਇਹ ਉਨ੍ਹਾਂ ਦੀ ਕਦੀ ਭੀ ਮਨਸ਼ਾ ਨਹੀਂ ਸੀ ਕਿ ਇਸ ਨੂੰ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਦੀ ਥਾਂ ਵਰਤਿਆ ਜਾਵੇਗਾ। ਪਰ ਚੂੰਕਿ ਹੌਲੀ-ਹੌਲੀ ਇਸ ਦੇ ‘ਵਾਹਿਗੁਰੂ ਜੀ ਕੀ ਫ਼ਤਹਿ’ ਦੀ ਥਾਂ ਵਰਤੇ ਜਾਣ ਦਾ ਡਰ ਪੈ ਗਿਆ ਜਾਪਦਾ ਹੈ ਇਸ ਲਈ ਖਾਲਸੇ ਨੇ ਇਸ ਨੂੰ ਅਪ੍ਰਵਾਨ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਜਾਰੀ ਰੱਖਣ ਲਈ ਕੋਈ ਅੜੀ ਨਹੀਂ ਕੀਤੀ। ਇਸ ਤੋਂ ਬਿਨਾਂ ਹੋਰ ਕੋਈ ਭੀ ਗੱਲ ਉਨ੍ਹਾਂ ਦੇ ਵਿਰੁੱਧ ਨਹੀਂ ਕਹੀ ਜਾ ਸਕਦੀ। ਉਨ੍ਹਾਂ ਨੇ ਕਦੀ ਭੀ ਆਪਣੇ ਆਪ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਦੀ ਥਾਂ ਗੁਰੂ ਨਹੀਂ ਕਹਾਇਆ ਅਤੇ ਨਾ ਹੀ ਸ੍ਰੀ ਦਰਬਾਰ ਸਾਹਿਬ ਵਿਚ ਗੁਰੂ ਦੀ ਥਾਂ ਗਦੇਲਾ ਲਾ ਕੇ ਬੈਠਣ ਦੀ ਊਜ ਵਿਚ ਕੋਈ ਸੱਚਾਈ ਹੈ। ਜਦ ਉਹ ਸ੍ਰੀ ਅੰਮ੍ਰਿਤਸਰ ਜਾ ਹੀ ਨਹੀਂ ਸਕੇ, ਤਾਂ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ। ਸਭ ਤੋਂ ਵੱਡੀ, ਵਧੀਆ ਅਤੇ ਭਰੋਸੇਯੋਗ ਗਵਾਹੀ ਇਸ ਨੁਕਤੇ ‘ਪਰ ਇਕ ਹੁਕਮਨਾਮੇ ਵਿਚ ਬਾਬਾ ਜੀ ਦੇ ਆਪਣੇ ਸ਼ਬਦ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਦਾ ਜ਼ਿਕਰ ਆਪਣੇ ਆਪ ਤੋਂ ਬਿਲਕੁਲ ਵੱਖਰਾ ਆਉਂਦਾ ਹੈ। ‘ਗੁਰੂ’ ਸ਼ਬਦ ਵੱਖਰਾ ਆਉਂਦਾ ਹੈ ਅਤੇ ਆਪਣੇ ਲਈ ਉਨ੍ਹਥ ਨੇ ‘ਮੇਰਾ’ ਸ਼ਬਦ ਵਰਤਿਆ ਹੋਇਆ ਹੈ। ਉਹ ਹੁਕਮਨਾਮਾ ਉਨ੍ਹਾਂ ਨੇ ‘ਗੁਰੂ’ ਦੇ ਨਾਂ ‘ਤੇ ਜਾਰੀ ਕੀਤਾ ਹੈ, ਗੁਰੂ ਦੀ ਹੈਸੀਅਤ ਵਿਚ ਨਹੀਂ। ਉਥੇ ਸ਼ਬਦ ਸਪਸ਼ਟ ਹਨ ਕਿ “ਸਰਬੱਤ ਖ਼ਾਲਸਾ ਜਉਨਪੁਰ ਕਾ ਗੁਰੂ ਰੱਖੇਗਾ। ਗੁਰੂ ਗੁਰੂ ਜਪਣਾ….ਤੁਸੀਂ ਅਕਾਲ ਪੁਰਖ ਕਾ ਖ਼ਾਲਸਾ ਹੋ….ਮੇਰਾ ਹੁਕਮ ਹੈ ਜੋ ਖ਼ਾਲਸੇ ਦੀ ਰਹਿਤ ਰਹੇਗਾ ਤਿਸ ਦੀ ਗੁਰੂ ਬਾਹੁੜੀ ਕਰੇਗਾ।”
ਬਾਬਾ ਬੰਦਾ ਸਿੰਘ ਦੀ ਜ਼ਿੰਦਗੀ ਵਿਚ ਕੋਈ ਵੱਖਰੀ ਸੰਪਰਦਾਇ ਭੀ ਖੜ੍ਹੀ ਨਹੀਂ ਹੋਈ ਅਤੇ ਨਾ ਹੀ ਖਾਲਸਿਆਂ ਅਤੇ ਦੂਸਰਿਆਂ ਉਨ੍ਹਾਂ ਵਿਚ ਜੋ ਬਾਬਾ ਬੰਦਾ ਸਿੰਘ ਦੀ ਹਰ ਇਕ ਗੱਲ ਨੂੰ ਸਭ-ਸੱਤ ਕਰਕੇ ਪ੍ਰਵਾਨ ਕਰਨ ਦੇ ਹੱਕ ਵਿਚ ਸਨ (ਅਤੇ ਜੋ ਬਾਅਦ ਵਿਚ ਬੰਦਈ ਸਿੱਖ ਕਰਕੇ ਪ੍ਰਸਿੱਧ ਹੋਏ) ਕੋਈ ਖੱਟ-ਪੱਟ ਹੀ ਹੋਈ। ਇਮਾਨਦਾਰ ਮੱਤ-ਭੇਦਾਂ ਦੇ ਕਾਰਨ ਥੋੜ੍ਹਾ-ਬਹੁਤ ਵਖਰੇਵਾਂ ਹੋਣਾ ਕੋਈ ਬੜੀ ਗੱਲ ਨਹੀਂ ਅਤੇ ਮੱਤ-ਭੇਦ ਕਿੱਥੇ ਨਹੀਂ ਹੁੰਦੇ? ਪਰ ਇਸ ਹਾਲਤ ਵਿਚ ਬਾਬਾ ਬੰਦਾ ਸਿੰਘ ਦੀ ਆਤਮਿਕ ਅਤੇ ਮਾਨਸਿਕ ਉੱਚਤਾ ਅਤੇ ਚੁੰਬਕੀ ਸ਼ਕਤੀ ਨੇ ਸਾਰਿਆਂ ਨੂੰ ਸ਼ਹੀਦੀਆਂ ਦੇ ਅੰਤਮ ਸਮੇਂ ਤਕ ਇਕ ਲੜੀ ਵਿਚ ਪਰੋਈ ਰੱਖਿਆ ਅਤੇ ਲੱਗਭਗ ਅੱਠ ਸੌ ਸਿੰਘਾਂ ਵਿੱਚੋਂ ਕੋਈ ਇਕ ਭੀ ਆਪਣੀ ਪਿਆਰੀ ਜਾਨ ਤਕ ਬਚਾਉਣ ਲਈ ਭੀ ਬਾਬਾ ਬੰਦਾ ਸਿੰਘ ਜੀ ਤੋਂ ਬੇਮੁੱਖ ਨਹੀਂ ਹੋਇਆ। ਕੇਵਲ ਬਾਬਾ ਬਿਨੋਦ ਸਿੰਘ ਹੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਨਿਕਲ ਆਏ ਸਨ। ਇਸ ਵਿਚ ਕਿਸੇ ਧਾਰਮਿਕ ਜਾਂ ਹੋਰ ਅਸੂਲ ਸੰਬੰਧੀ ਦੋਹਾਂ ਵਿਚ ਕੋਈ ਵਖਰੇਵਾਂ ਨਹੀਂ ਸੀ। ਕੇਵਲ ਇਹ ਹੀ ਨਹੀਂ ਬਲਕਿ ਉਨ੍ਹਾਂ ਸਿੰਘਾਂ ਵਿੱਚੋਂ ਭੀ, ਜਿਹੜੇ ਲਾਹੌਰ ਤੋਂ ਦਿੱਲੀ ਤਕ ਪਿੰਡਾਂ ਵਿੱਚੋਂ ਜਾਂ ਰਸਤੇ ਵਿੱਚੋਂ ਫੜ ਕੇ ਲਿਆਂਦੇ ਸਨ, ਕਿਸੇ ਨੇ ਆਪਣੇ ਆਗੂ ਬਾਬਾ ਬੰਦਾ ਸਿੰਘ ਜੀ ਤੋਂ ਮੂੰਹ ਨਹੀਂ ਮੋੜਿਆ। ਉਹ ਸੁਖਾਲੇ ਹੀ ਕਹਿ ਸਕਦੇ ਸਨ ਕਿ ਅਸੀਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ, ਬਾਬਾ ਬੰਦਾ ਸਿੰਘ ਨਾਲ ਸਾਡਾ ਕੋਈ ਸੰਬੰਧ ਨਹੀਂ। ਬਲਕਿ ਇਸ ਦੇ ਉਲਟ ਸਾਰਿਆਂ ਨੇ ਹੀ ਉਨ੍ਹਾਂ ਦੇ ਨਾਲ ਰਲ਼ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਮੂੰਹੋਂ ਇਕ ਅੱਖਰ ਭੀ ਬਾਬਾ ਜੀ ਵਿਰੁੱਧ ਨਹੀਂ ਉਚਰਿਆ।
ਜਿਸ ਝਗੜੇ ਦਾ ਜ਼ਿਕਰ ਭਾਈ ਰਤਨ ਸਿੰਘ (ਭੰਗੂ) ਆਪਣੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਬੰਦਈ ਅਤੇ ਤੱਤ-ਖਾਲਸੇ ਦੇ ਦਰਮਿਆਨ ਮਾਤਾ ਸੁੰਦਰੀ ਜੀ ਦੀ ਫ਼ਰੁੱਖ਼ਸੀਅਰ ਨਾਲ ਹੋਈ ਗੱਲਬਾਤ ਦੇ ਸਿੱਟੇ ਦੇ ਤੌਰ ‘ਤੇ ਕੀਤਾ ਹੈ, ਉਸ ਦੀ ਅਸਲੀਅਤ ਦੀ ਖੋਜ-ਪੜਤਾਲ ਲਈ ਅਸੀਂ ਸਾਰੇ ਸਮਕਾਲੀ ਕਾਗਜ਼-ਪੱਤਰ ਅਤੇ ਲਿਖਤਾਂ ਵੇਖੀਆਂ ਹਨ, ਪਰ ਕਿਸੇ ਵਿਚ ਭੀ ਕੋਈ ਐਸੀ ਗੱਲ ਨਹੀਂ ਲੱਭੀ ਜਿਸ ਤੋਂ ਇਸ ਦਾ ਇਸ਼ਾਰਾ ਭੀ ਮਿਲਦਾ ਹੋਵੇ ਅਤੇ ਭਾਈ ਰਤਨ ਸਿੰਘ (ਭੰਗੂ) ਦੀ ਪੁਸ਼ਟੀ ਹੁੰਦੀ ਹੋਵੇ। ਸਰਕਾਰੀ ਰੋਜ਼ਨਾਮਚੇ, ਕਾਮਵਾਰ ਖ਼ਾਨ ਦਾ ‘ਤਜ਼ਾਕਿਰਾਤੁ-ਸਲਾਤੀਨ’, ਮੁਹੰਮਦ ਅਹਿਸਨ ਈਜਾਦ ਦਾ ‘ਫ਼ਰੁੱਖਸੀਅਰ ਨਾਮਾ’ ਸ਼ਿਵ ਦਾਸ ਦੇ ‘ਮਨੁੱਵਰੁਲ ਕਲਾਮ’ ਅਤੇ ‘ਫ਼ਰੁੱਖ਼ਸੀਅਰ ਨਾਮਾ’, ਰਾਏ ਚਤਰ ਮਨ ਦਾ ‘ਚਹਾਰ ਗੁਲਸ਼ਨ’, ਖ਼ਾਫ਼ੀ ਖ਼ਾਨ ਦਾ ‘ਮੁੰਤਖ਼ਬੁਲ-ਲੁਬਾਬ’, ਮਿਰਜਾ ਮੁਹੰਮਦ ਹਾਰਿਸੀ ਦੇ ‘ਇਬਰਤਨਾਮਾ ਅਤੇ ‘ਤਾਰੀਖਿ-ਮੁਹੰਮਦੀ’, ਯਾਹੀਆ ਖ਼ਾਨ ਦਾ ‘ਤਜ਼ਕਿਰਾਤੁਲ-ਮਲੂਕ’ ਅਤੇ ਹੋਰ ਲਿਖਾਰੀਆਂ ਦੀਆਂ ਪੁਸਤਕਾਂ ਜਿਵੇਂ ਕਿ ਗ਼ੁਲਾਮ ਹੁਸੈਨ ਖ਼ਾਨ ਦੀ ‘ਸੀਅਰੁੱਲ ਮੁਤਾਖ਼ਰੀਨ’, ਸੋਹਨ ਲਾਲ ਦੀ ‘ਉਮਦਾ-ਤੁ-ਤਵਾਰੀਖ’, ਅਲੀਉ-ਦੀਨ ਦਾ ‘ਇਬਰਤ ਨਾਮਾ’, ਬੂਟੇ ਸ਼ਾਹ ਦੀ ‘ਤਾਰੀਖਿ-ਪੰਜਾਬ’, ਖੁਸ਼ਵਕਤ ਰਾਏ ਦੀ ‘ਤਵਾਰੀਖਿ-ਸਿੱਖਾਂ’ ਅਤੇ ਮੈਗਰੈਗਰ, ਥੌਰਨਟਨ, ਕਨ੍ਹਈਆ ਲਾਲ, ਮੁਹੰਮਦ ਲਤੀਫ਼ ਆਦਿ ਦੀਆਂ ਪੰਜਾਬ ਦੀਆਂ ਤਵਾਰੀਖਾਂ ਅਤੇ ਭਾਈ ਸਰੂਪ ਦਾਸ ਜੀ ਦਾ ‘ਮਹਿਮਾ ਪ੍ਰਕਾਸ਼’ ਅਤੇ ਭਾਈ ਸੰਤੋਖ ਸਿੰਘ ਜੀ ਦਾ ‘ਸੂਰਜ ਪ੍ਰਕਾਸ਼’ ਇਸ ਗੱਲ ਸੰਬੰਧੀ ਸਭ ਚੁੱਪ ਹਨ। ਇਸ ਗੱਲ ਉੱਤੇ ਯਕੀਨ ਕਰ ਸਕਣਾ ਅਸੰਭਵ ਹੈ ਕਿ ਬਾਬਾ ਬੰਦਾ ਸਿੰਘ ਵਰਗੇ ਮਹਾਨ ਵੈਰੀ ਨੂੰ ਸਰ ਕਰਨ ਲਈ ਬਾਦਸ਼ਾਹ ਫ਼ਰੁੱਖ਼ਸੀਅਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਮਾਤਾ ਸੁੰਦਰੀ ਜੀ ਦੇ ਦਰਮਿਆਨ ਹੋਈ ਗੱਲਬਾਤ ਜਾਂ ਲਿਖਾ-ਪੜ੍ਹੀ ਇਨ੍ਹਾਂ ਸਾਰੇ ਇਤਿਹਾਸਕਾਰਾਂ ਦੀ ਨਜ਼ਰੋਂ ਉਹਲੇ ਰਹਿ ਗਈ ਹੋਵੇ।
‘ਅਖ਼ਬਾਰਿ-ਦਰਬਾਰਿ-ਮੁਅੱਲਾ’ ਅਤੇ ‘ਤਜ਼ਕਿਰਾਤਿ-ਸਲਾਤੀਨ’ ਦਿਨੋ-ਦਿਨ ਬਾਬਾ ਬੰਦਾ ਸਿੰਘ ਸੰਬੰਧੀ ਖ਼ਬਰਾਂ ਅਤੇ ਬਾਦਸ਼ਾਹੀ ਹੁਕਮਾਂ ਦਾ ਚੋਖਾ ਵੇਰਵਾ ਦਿੰਦੇ ਹਨ ਪਰ ਉਹ ਇਸ ਗੱਲਬਾਤ ਜਾਂ ਲਿਖਾ-ਪੜ੍ਹੀ ਦਾ ਕਿਧਰੇ ਇਸ਼ਾਰਾ ਤਕ ਭੀ ਨਹੀਂ ਕਰਦੇ। ਦੂਸਰੇ ਪਾਸੇ ਉਨ੍ਹਾਂ ਦਿਨਾਂ ਵਿਚ ਹੀ ਜਦ ਕਿ ਇਹ ਗੱਲਬਾਤ ਹੋ ਰਹੀ ਦੱਸੀ ਜਾਂਦੀ ਹੈ, ਬਾਦਸ਼ਾਹ ਵੱਲੋਂ 10 ਮਾਰਚ ਸੰਨ 1715 ਈ: (15 ਰੱਬੀ-ਉਲ-ਅੱਵਲ 1127 ਹਿਜ਼ਰੀ) ਨੂੰ ਅਬਦੁੱਸਮਦ ਖ਼ਾਨ ਨੂੰ ਇਹ ਤਾੜਨਾ ਭਰੀ ਚਿੱਠੀ ਭਿਜਵਾਈ ਗਈ ਸੀ ਕਿ ਮੁਹੰਮਦ ਅਮੀਨ ਖ਼ਾਨ ਦੇ ਪੁੱਤਰ ਕਮਰੁੱਦੀਨ ਖ਼ਾਨ, ਅਫ਼ਰਾ ਸਿਆਬ ਖ਼ਾਨ, ਮੁਜੱਫ਼ਰ ਖ਼ਾਨ, ਰਾਜਾ ਉਦਿਤ ਸਿੰਹ ਬੁੰਦੇਲਾ, ਰਾਜਾ ਗੋਪਾਲ ਸਿੰਹ ਭਦਾੜਵੀਆ ਆਦਿ ਨੂੰ ਅਬਦੁੱਸਮਦ ਖ਼ਾਨ ਦੀ ਸਹਾਇਤਾ ਲਈ ਭੇਜਿਆ ਗਿਆ ਸੀ। ‘ਮਹਿਮਾ ਪ੍ਰਕਾਸ਼’, ‘ਸੂਰਜ ਪ੍ਰਕਾਸ਼’, ‘ਚਹਾਰ ਗੁਲਸ਼ਨ’, ਮੁਹੰਮਦ ਹਾਰਿਸੀ ਦੀ ‘ਤਾਰੀਖਿ-ਮੁਹੰਮਦੀ’ ਆਦਿ ਵਿਚ ਦਿੱਲੀ ਵਿਚ ਮਾਤਾ ਸੁੰਦਰੀ ਜੀ ਦੇ ਜੀਵਨ, ਪਾਲਕ ਪੁੱਤਰ ਅਜੀਤ ਸਿੰਘ ਦੇ ਕਾਰਨਾਮਿਆਂ, ਮਾਤਾ ਸੁੰਦਰੀ ਜੀ ਵੱਲੋਂ ਅਜੀਤ ਸਿੰਘ ਦੇ ਬੇਦਖ਼ਲੀ, ਉਸ ਦੇ ਇਕ ਬੇਨਵਾ ਫ਼ਕੀਰ ਨੂੰ ਮਾਰ ਦੇਣ ਦੇ ਕਾਰਨ ਫੜੇ ਅਤੇ ਮਾਰੇ ਜਾਣ ਅਤੇ ਉਸ ਦੇ ਪੁੱਤਰ ਹਠੀ ਸਿੰਘ ਦੇ ਮਥੁਰਾ ਲਿਜਾਏ ਜਾਣ ਸੰਬੰਧੀ ਕਾਫੀ ਵੇਰਵੇ ਸਹਿਤ ਹਾਲਾਤ ਦਿੱਤੇ ਹੋਏ ਹਨ ਪਰ ਬਾਦਸ਼ਾਹ ਫ਼ਰੁੱਖਸੀਅਰ ਨਾਲ ਲਿਖਾ-ਪੜ੍ਹੀ ਜਾਂ ਗੱਲਬਾਤ ਦਾ ਇਨ੍ਹਾਂ ਵਿਚ ਉੱਕਾ ਹੀ ਕੋਈ ਜ਼ਿਕਰ ਨਹੀਂ। ਕਿਸੇ ਭਰੋਸੇਯੋਗ ਗਵਾਹੀ ਤੋਂ ਬਗ਼ੈਰ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ ਇਕ ਮਨਘੜਤ ਕਲਪਨਾ ਤੋਂ ਬਿਨਾਂ ਇਸ ਦਾ ਕੋਈ ਮੁੱਲ ਨਹੀਂ। ਇਹੋ ਹੀ ਮੁਹੰਮਦ ਅਸਲਮ ਖ਼ਾਨ ਨਾਇਬ ਸੂਬੇਦਾਰ ਅਤੇ ਬਾਬਾ ਬੰਦਾ ਸਿੰਘ ਦੇ ਵਿਚਕਾਰ ਘੜੀ ਗਈ ਗੱਲਬਾਤ ਬਾਬਤ ਕਿਹਾ ਜਾ ਸਕਦਾ ਹੈ। ਮੁਹੰਮਦ ਅਸਲਮ ਖ਼ਾਨ ਬਾਦਸ਼ਾਹ ਬਹਾਦਰ ਸ਼ਾਹ ਦੇ ਵੇਲੇ ਹੀ ਮਰ ਗਿਆ ਸੀ। ਮਾਲੂਮ ਹੁੰਦਾ ਹੈ ਕਿ ਭਾਈ ਰਤਨ ਸਿੰਘ (ਭੰਗੂ) ਦੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਇਨ੍ਹਾਂ ਸੰਬੰਧੀ ਜ਼ਿਕਰ ਕਿਸੇ ਗ਼ਲਤ ਖ਼ਬਰ ਦੇ ਆਧਾਰ ਉੱਤੇ ਹੈ, ਸੱਚਾਈ ਉੱਤੇ ਉੱਕਾ ਹੀ ਨਹੀਂ।
ਬਾਬਾ ਬੰਦਾ ਸਿੰਘ ਬਹਾਦਰ ਨੇ ਕੇਵਲ ਲੋਕਾਂ ਦੇ ਦੁੱਖ ਦਰਦ ਅਤੇ ਉਨ੍ਹਾਂ ‘ਪਰ ਹੋ ਰਹੇ ਅਨਿਆਇ ਨੂੰ ਦੂਰ ਕਰਨ ਲਈ ਆਪਣੇ ਸਿਰ ਸੇਵਾ ਲਈ ਸੀ ਅਤੇ ਇਹ ਕੇਵਲ ਨਿਸ਼ਕਾਮ ਸੇਵਾ ਸੀ, ਕੋਈ ਹੋਰ ਮੰਤਵ ਇਸ ਦੇ ਪਿੱਛੇ ਨਹੀਂ ਸੀ। ਉਹ ਆਪ ਨਿਆਇ ਦੇ ਪੁਤਲੇ ਸਨ ਅਤੇ ਤੁਰਤ-ਫੁਰਤ ਨਿਆਇ ਦੇ ਹਾਮੀ ਸਨ। ਨਿੱਕਾ ਵੱਡਾ ਉਸ ਲਈ ਸਭ ਬਰਾਬਰ ਸਨ। ਵੱਡੇ ਤੋਂ ਵੱਡੇ ਸਰਦਾਰ ਨੂੰ ਭੀ ਉਸ ਦੇ ਜ਼ੁਰਮ ਦੇ ਬਦਲੇ ਉਹ ਤੋਪ ਨਾਲ ਉਡਾ ਦੇਣੋਂ ਨਹੀਂ ਸੀ ਝਿਜਕਦਾ ਤਾਂ ਕਿ ਦੂਸਰਿਆਂ ਨੂੰ ਕੰਨ ਹੋ ਜਾਣ। ‘ਬੰਸਾਵਲੀ ਨਾਮੇ’ ਦਾ ਕਰਤਾ ਭਾਈ ਕੇਸਰ ਸਿੰਘ (ਛਿੱਬਰ), ਸਿੰਘਾਂ ਸਰਦਾਰਾਂ ਪ੍ਰਤੀ ਬਾਬਾ ਬੰਦਾ ਸਿੰਘ ਜੀ ਦੇ ਬਚਨ ਇਉਂ ਦਿੰਦਾ ਹੈ:
‘ਰਾਜੇ ਚੁਲੀ ਨਿਆਉਂ ਕੀ’ ਇਉਂ ਗਿਰੰਥ ਵਿਚ ਲਿਖਿਆ ਲਹਿਆ।
ਨਿਆਉਂ ਨ ਕਰੇ ਤ ਨਰਕ ਜਾਏ।
ਰਾਜਾ ਹੋਇ ਕੇ ਨਿਆਉਂ ਕਮਾਏ।43।
ਪੁਰਖ ਬਚਨ ਮੁਝ ਕੋ ਐਸੇ ਹੈ ਕੀਤਾ।
ਮਾਰਿ ਪਾਪੀ, ਮੈਂ ਵੈਰ ਪੁਰਖ ਦਾ ਲੀਤਾ।
ਜੇ ਤੁਸੀਂ ਉਸ ਪੁਰਖ ਕੇ ਸਿਖ ਅਖਾਓ।
ਤਾ ਪਾਪ ਅਧਰਮ ਅਨਿਆਉ ਨ ਕਮਾਓ।44।
ਸਿਖ ਉਬਾਰਿ, ਅਸਿਖ ਸੰਘਾਰੋ।
ਪੁਰਖ ਦਾ ਕਹਿਆ ਹਿਰਦੇ ਧਾਰੋ….
ਭੇਖੀ, ਲੰਪਟ, ਪਾਪੀ ਚੁਨਿ ਮਾਰੋ।45।
ਜੰਗ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰਾਂ ਦੇ ਬਹਾਦਰ ਅਤੇ ਬੜੇ ਦਲੇਰ ਸਨ ਅਤੇ ਕਈ ਵਾਰ ਦਲੇਰੀ ਵਿਚ ਬੇਪ੍ਰਵਾਹੀ ਦੀ ਹੱਦ ਤਕ ਚਲੇ ਜਾਂਦੇ ਸਨ। ਭਾਵੇਂ ਉਨ੍ਹਾਂ ਨੇ ਵੈਰੀਆਂ ਵੱਲੋਂ ਲੋਕਾਂ ‘ਪਰ ਅਤਿਆਚਾਰਾਂ ਤੋਂ ਦੁਖੀ ਹੋ ਕੇ ਜੰਗ ਛੇੜੇ ਸਨ ਪਰ ਬਾਬਾ ਜੀ ਨੇ ਵੈਰੀਆਂ ਦੀ ਤਰ੍ਹਾਂ ਕੋਈ ਵਧੀਕੀਆਂ ਨਹੀਂ ਕੀਤੀਆਂ। ਮੁਸਲਮਾਨ ਲਿਖਾਰੀਆਂ ਨੇ ਉਨ੍ਹਾਂ ਨੂੰ ਬੜੇ ਭੈੜੇ ਰੰਗ ਵਿਚ ਪੇਸ਼ ਕੀਤਾ ਹੈ ਪਰ ਥੌਰਨਟਨ ਕਹਿੰਦਾ ਹੈ, “ਅਜਿਹੇ ਮਾਮਲੇ ਵਿਚ ਕਿਸੇ ਮੁਸਲਮਾਨ ਲਿਖਾਰੀ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ।” ਉਹ ਪਹਿਲਾਂ ਕਦੀ ਕਿਸੇ ਉੱਤੇ ਸਖ਼ਤੀ ਨਹੀਂ ਸੀ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਅਨੁਸਾਰ ਉਹ ਉਸੇ ਵੇਲੇ ਕਿਰਪਾਨ ਫੜਨਾ ਜਾਇਜ਼ ਸਮਝਦਾ ਸੀ ਜਦ ਕਿ ਕੋਈ ਹੋਰ ਵਸੀਲਾ ਰਹਿ ਹੀ ਨਾ ਜਾਏ। ਜਦ ਅਸੀਂ ਉਨ੍ਹਾਂ ਹਾਲਾਤਾਂ ਵੱਲ ਵੇਖਦੇ ਹਾਂ, ਜਿਨ੍ਹਾਂ ਵਿਚ ਕਿ ਬਾਬਾ ਬੰਦਾ ਸਿੰਘ ਨੂੰ ਕਿਰਪਾਨ ਫੜਨ ਪਰ ਮਜਬੂਰ ਹੋਣਾ ਪਿਆ ਤਾਂ ਸਾਨੂੰ ਪ੍ਰਤੱਖ ਮਾਲੂਮ ਹੁੰਦਾ ਹੈ ਕਿ ਉਹ ਅਕਾਰਨ ਹੀ ਕੋਈ ਸਖ਼ਤੀ ਨਹੀਂ ਸੀ ਕਰਦੇ ਬਲਕਿ ਅਕਾਰਨ ਜ਼ੁਲਮ ਕਰਨ ਵਾਲਿਆਂ ਦੇ ਵੈਰੀ ਸਨ ਜਿਨ੍ਹਾਂ ਨੂੰ ਕਿ ਰੱਬ ਵੱਲੋਂ ਡੰਡ ਮਿਲਣ ਵਿਚ ਦੇਰ ਹੋ ਗਈ ਜਾਪਦੀ ਸੀ। ਉਹ ਕੇਵਲ ਦੇਸ਼ ਸੇਵਾ ਦੇ ਭਾਵ ਨਾਲ ਜੰਗ ਵਿਚ ਕੁੱਦੇ ਸਨ ਜਿਸ ਦੀ ਜੋਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਮਨ ਵਿਚ ਜਗਾਈ ਸੀ ਅਤੇ ਜਦ ਇਕ ਵਾਰੀ ਜੰਗ ਛਿੜ ਪਈ ਤਾਂ ਫੇਰ ਉਹ ਪਿੱਛੇ ਰਹਿਣ ਵਾਲੇ ਨਹੀਂ ਸਨ, ਬਲਕਿ ਵੈਰੀ ਦੇ ਹੱਲੇ ਤੋਂ ਪਹਿਲਾਂ ਸੱਟ ਮਾਰਨ ਵਿਚ ਆਪਣਾ ਬਚਾਉ ਸਮਝਦੇ ਸਨ ਅਤੇ ਸਦਾ ਸਰਬ-ਲੋਹ ਦੀ ਰੱਛਿਆ ਮੰਗਦੇ ਸਨ। ਉਨ੍ਹਾਂ ਨੇ ਆਪਣੇ ਆਦਮੀਆਂ ਨੂੰ ਕਦੀ ਬੇਲੋੜੇ ਜੰਗ ਵਿਚ ਨਹੀਂ ਝੋਕਿਆ ਅਤੇ ਸਾਰੇ ਉਤਰਾਓ-ਚੜ੍ਹਾਓ ਵੇਖਣ ਤੋਂ ਬਗ਼ੈਰ ਕਦੀ ਲੜਾਈ ਵਿਚ ਨਹੀਂ ਸਨ ਕੁੱਦਦੇ ਅਤੇ ਜਿਵੇਂ ਮੌਕਾ ਹੁੰਦਾ ਸੀ, ਉਹ ਜੰਗ ਵਿਚ ਡੱਟ ਜਾਂਦਾ ਜਾਂ ਪਿੱਛੇ ਹਟ ਜਾਂਦੇ ਸਨ। ਉਹ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਸਫ਼ਲਤਾ ਪ੍ਰਾਪਤ ਕਰਨ ਦਾ ਜਤਨ ਕਰਦੇ ਸਨ। ਭਾਵੇਂ ਸਿੰਘਾਂ ਪਾਸ ਜੰਗ ਦਾ ਸਾਮਾਨ ਬੜਾ ਹੀ ਥੋੜ੍ਹਾ ਸੀ ਅਤੇ ਮੁਗ਼ਲ ਹਕੂਮਤ ਦੇ ਟਾਕਰੇ ‘ਤੇ ਆਟੇ ਵਿਚ ਲੂਣ ਬਰਾਬਰ ਭੀ ਨਹੀਂ ਸੀ, ਤਾਂ ਭੀ ਜੋ ਸਫ਼ਲਤਾ ਉਸ ਨੂੰ ਪ੍ਰਾਪਤ ਹੋਈ ਉਸ ਦਾ ਕਾਰਨ ਬਾਬਾ ਬੰਦਾ ਸਿੰਘ ਜੀ ਦੀ ਅਥਾਹ ਦਲੇਰੀ ਅਤੇ ਫੁਰਤੀ ਸੀ ਜਿਸ ਨੂੰ ਸਿੰਘਾਂ ਦੀ ਅਜਿੱਤ ਸਪਿਰਿਟ ਅਤੇ ਅਡੋਲ ਬਹਾਦੁਰੀ ਤੋਂ ਸਹਾਇਤਾ ਮਿਲਦੀ ਸੀ। ਇਨ੍ਹਾਂ ਦੇ ਪਿੱਛੇ ਉਹ ਤਾਕਤ ਅਤੇ ਦ੍ਰਿੜ੍ਹਤਾ ਕੰਮ ਕਰ ਰਹੀ ਸੀ ਜੋ ਕੇਵਲ ਧਰਮ, ਨੀਅਤ ਦੀ ਪਵਿੱਤਰਤਾ ਅਤੇ ਨਿਸ਼ਕਾਮ ਦੇਸ਼ ਸੇਵਾ ਦੇ ਜਜ਼ਬੇ ਤੋਂ ਹੀ ਪ੍ਰਾਪਤ ਹੁੰਦੀ ਅਤੇ ਟਿਕੀ ਰਹਿ ਸਕਦੀ ਹੈ। ਜਦ ਕਦੀ ਅਤਿ ਦੀ ਬਿਪਤਾ ਅਤੇ ਭੀੜ ਭੀ ਆ ਬਣੀ, ਉਸ ਨੂੰ ਸ਼ੋਕ ਅਤੇ ਨਿਰਾਸ਼ਤਾ ਨੇ ਬਲਹੀਣ ਨਹੀਂ ਕੀਤਾ ਬਲਕਿ ਉਹ ਹਰ ਹਾਲਤ ਵਿਚ ਚੜ੍ਹਦੀਆਂ ਕਲਾ ਵਿਚ ਰਿਹਾ।
ਜੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਅਜ਼ਾਦ ਕਰਾਏ ਹੋਏ ਇਲਾਕਿਆਂ ਨੂੰ ਪੱਕੀ ਤਰ੍ਹਾਂ ਕਾਇਮ ਨਹੀਂ ਰੱਖ ਸਕੇ, ਤਾਂ ਉਸ ਦਾ ਵੱਡਾ ਕਾਰਨ ਇਹ ਸੀ ਕਿ ਮੁਗ਼ਲ ਹਕੂਮਤ ਹਾਲ ਤਕ ਬਹੁਤ ਜ਼ਿਆਦਾ ਤਾਕਤਵਰ ਸੀ ਅਤੇ ਉਸ ਦੇ ਅਨੰਤ ਆਦਮੀਆਂ ਅਤੇ ਜੰਗੀ ਸਾਮਾਨ ਦੇ ਟਾਕਰੇ ਉੱਤੇ ਸਿੰਘਾਂ ਦੀ ਤਾਕਤ ਬਹੁਤ ਹੀ ਘੱਟ ਸੀ। ਸਢੌਰੇ ਅਤੇ ਗੁਰਦਾਸ ਨੰਗਲ ਵਿਚ ਸਿੰਘਾਂ ਨੂੰ ਪਹਿਲੇ ਖਾਣੇ-ਦਾਣੇ ਦੇ ਘਾਟ ਅਤੇ ਭੁੱਖ ਨੇ ਲਾਚਾਰ ਕਰ ਦਿੱਤਾ ਅਤੇ ਪਿੱਛੋਂ ਮੁਗ਼ਲ ਲਸ਼ਕਰੀਆਂ ਦੀ ਅਥਾਹ ਗਿਣਤੀ ਦੇ ਹੜ੍ਹ ਨੇ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਹਥਿਆਰਾਂ ਅਤੇ ਬਰੂਦ ਸਿੱਕੇ ਦਾ ਤਾਂ ਕਹਿਣਾ ਹੀ ਕੀ ਹੋਇਆ। ਇਹੋ ਹੀ ਨਹੀਂ ਖਾਲਸਿਆਂ ਨੂੰ ਸੁਤੰਤਰਤਾ ਦੀ ਇਸ ਲੜਾਈ ਵਿਚ ਸਾਰਾ ਭਾਰ ਇਕੱਲਿਆਂ ਹੀ ਸਹਿਣਾ ਪਿਆ। ਸਿੰਘਾਂ ਨੇ ਹਿੰਦੂਆਂ ਦੀ ਅਜ਼ਾਦੀ ਲਈ ਬੀੜਾ ਚੁੱਕਿਆ ਸੀ, ਪਰ ਕਿਸੇ ਇਕ ਭੀ ਉੱਘੇ ਹਿੰਦੂ ਨੇ ਉਨ੍ਹਾਂ ਦੀ ਸਹਾਇਤਾ ਨਾ ਕੀਤੀ, ਬਲਕਿ ਉਨ੍ਹਾਂ ਦੇ ਵੱਡੇ-ਵੱਡੇ ਸਾਰੇ ਰਾਜੇ ਮੁਗ਼ਲਾਂ ਦੀ ਸਹਾਇਤਾ ਲਈ ਸਿੰਘਾਂ ਵਿਰੁੱਧ ਆਪਣੇ ਲਾਓ ਲਸ਼ਕਰ ਸਮੇਤ ਚੜ੍ਹ ਆਏ। ਰਾਜਾ ਅਜੀਤ ਸਿੰਹ ਜੋਧਪੁਰੀਆ, ਰਾਜਾ ਜੈ ਸਿੰਹ ਜੈਪੁਰੀਆ, ਰਾਜਾ ਚਤਰ ਸਿੰਹ ਸਾਲ ਬੰਦੇਲਾ, ਚੂੜਾਮਨਿ ਜਾਟ, ਗੋਪਾਲ ਸਿੰਹ ਭਦਾਵੜੀਆ, ਉਦਿੱਤ ਸਿੰਹ ਬੁੰਦੇਲਾ, ਬਦਲ ਸਿੰਹ ਬੁੰਦੇਲਾ, ਬਚਨ ਸਿੰਹ ਕਛਵਾਹਾ, ਸ਼ਿਵਾਲਕ ਪਹਾੜ ਦੇ ਰਾਜੇ ਆਦਿ ਸਭ ਸਿੰਘਾਂ ਦੇ ਵਿਰੁੱਧ ਆ ਜੁੜੇ ਸਨ। ਬਾਬਾ ਬੰਦਾ ਸਿੰਘ ਜੀ ਦੇ ਕਾਰਨਾਮਿਆਂ ਤੋਂ ਬੜੀਆਂ ਆਸਾਂ ਸਨ ਪਰ ਸਮੇਂ ਨੇ ਸਾਥ ਨਾ ਦਿੱਤਾ ਅਤੇ ਉਨ੍ਹਾਂ ਦਾ ਜੀਵਨ ਵਿਚਕਾਰ ਹੀ ਟੁੱਟ ਗਿਆ। ਬਾਹਰੋਂ ਭਾਵੇਂ ਉਹ ਅਜ਼ਾਦੀ ਦੇ ਯੁੱਧ ਵਿਚ ਸਫਲ ਹੋਏ ਨਾ ਦਿੱਸੇ, ਪਰ ਸੁਤੰਤਰਤਾ ਦੀ ਜੋ ਚੰਗਿਆੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੁਲਗਾਈ ਸੀ ਅਤੇ ਜਿਸ ਨੂੰ ਬਾਬਾ ਬੰਦਾ ਸਿੰਘ ਜੀ ਨੇ ਹਵਾ ਝੱਲੀ ਸੀ, ਬੁਝਾਈ ਨਾ ਜਾ ਸਕੀ ਬਲਕਿ ਚਾਲੀ ਵਰ੍ਹਿਆਂ ਪਿੱਛੋਂ ਉਹ ਭਾਂਬੜ ਵਾਂਗ ਮੱਚ ਉੱਠੀ ਅਤੇ ਪੰਜਾਬ ਨੂੰ ਮੁਗ਼ਲਾਂ ਤੋਂ ਅਜ਼ਾਦ ਕਰਵਾ ਕੇ ਹੀ ਠੰਢੀ ਹੋਈ।
ਭਾਵੇਂ ਬਾਬਾ ਬੰਦਾ ਸਿੰਘ ਜੀ ਦੀ ਦਿੱਲੀ ਵਿਚ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਅੱਤ ਦੀ ਸਖ਼ਤੀ ਸ਼ੁਰੂ ਹੋ ਗਈ ਅਤੇ ਬਾਦਸ਼ਾਹ ਫ਼ਰੁੱਖਸੀਅਰ ਨੇ ਬਹਾਦਰ ਸ਼ਾਹ ਬਾਦਸ਼ਾਹ ਵਾਲਾ ਹੁਕਮ ਮੁੜ ਜਾਰੀ ਕਰ ਦਿੱਤਾ ਕਿ ਜਿਥੇ ਕਿਧਰੇ ਭੀ ਕੋਈ ਸਿੱਖ ਮਿਲੇ ਮਾਰ ਦਿੱਤਾ ਜਾਏ ਪਰ ਜੋ ਮਿਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਰਾਹੀਂ ਸਿਰੇ ਚਾੜ੍ਹਨਾ ਮਿਥਿਆ ਸੀ, ਉਸ ਨੂੰ ਅਸਫਲ ਹੋਇਆ ਨਹੀਂ ਕਿਹਾ ਜਾ ਸਕਦਾ। ‘ਹਿਸਟਰੀ ਔਫ਼ ਦੀ ਸਿਖਸ’ ਵਿਚ ਪੇਨ ਲਿਖਦਾ ਹੈ ਕਿ “ਕਿ (ਗੁਰੂ) ਗੋਬਿੰਦ ਸਿੰਘ ਦਾ ਮਿਸ਼ਨ ਨਾਕਾਮਯਾਬ ਨਹੀਂ ਸੀ ਹੋਇਆ। ਭਾਵੇਂ ਸਿੱਖਾਂ ਦਾ ਸੰਗਠਨ ਨਹੀਂ ਸੀ ਰਿਹਾ ਅਤੇ ਉਹ ਖਿੰਡ-ਪੁੰਡ ਗਏ ਸਨ, ਉਨ੍ਹਾਂ ਦਾ ਕੋਈ ਆਗੂ ਨਹੀਂ ਸੀ ਰਿਹਾ, ਇਕ ਗਜ਼ ਥਾਂ ਭੀ ਆਪਣੇ ਰਹਿਣ ਲਈ ਉਨ੍ਹਾਂ ਪਾਸ ਨਹੀਂ ਸੀ ਰਹੀ, ਪਰ ਕੌਮੀਅਤ ਦੇ ਜਿਤਨੇ ਜ਼ਿਆਦਾ ਲਾਗੇ ਉਹ ਹੁਣ ਸਨ ਇਸ ਤੋਂ ਪਹਿਲਾਂ ਕਦੀ ਭੀ ਨਹੀਂ ਸਨ। ਬਿਪਤਾ ਅਤੇ ਦੁੱਖ ਨੇ ਉਨ੍ਹਾਂ ਨੂੰ ਆਪਣੇ ਧਰਮ ਨਾਲ ਜੋੜਨ ਅਤੇ ਏਕਤਾ ਵੱਲ ਲਿਆਉਣ ਲਈ ਤਾਕਤ ਬਖ਼ਸ਼ਣ ਦਾ ਕੰਮ ਕੀਤਾ। ਹੁਣ ਉਹ ਆਪਣੇ ਆਪ ਨੂੰ ਇਕ ਵੱਖਰੀ ਕੌਮ ਸਮਝਣ ਲੱਗ ਪਏ। ਜਿਵੇਂ (ਗੁਰੂ) ਗੋਬਿੰਦ ਸਿੰਘ ਨੇ ਬਚਨ ਕੀਤਾ ਸੀ, ਉਨ੍ਹਾਂ ਨੂੰ ਆਉਣ ਵਾਲੇ ਆਪਣੇ (ਉੱਜਲੇ) ਭਵਿੱਖ ਉੱਤੇ ਪੂਰਾ ਯਕੀਨ ਸੀ ਅਤੇ ਇਕ ਦ੍ਰਿੜ੍ਹ ਨਿਸ਼ਚਾ ਜਿਸ ਤੋਂ ਉਹ ਕਦੀ ਨਹੀਂ ਥਿੜਕੇ, ਉਹ ਸੀ ਖਾਲਸੇ ਦੀ ਫ਼ਤਹਿ ਲਈ ਲਗਾਤਾਰ ਅਮੁੱਕ ਘੋਲ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਇਨਸਾਨ ਸਨ ਜਿਸ ਨੇ ਸਿੰਘਾਂ ਨੂੰ ਨਿਰੋਲ ਅਤੇ ਅਡੋਲ ਕੌਮੀਅਤ ਦਾ ਅਮਲੀ ਸਬਕ ਪੜ੍ਹਾਇਆ ਅਤੇ ਖਾਲਸੇ ਨੂੰ ਹਸੂੰ-ਹਸੂੰ ਕਰਦੇ ਆਪਾ ਵਾਰ ਦੇਣਾ ਸਿਖਾਇਆ। ਇਸ ਮਹਾਨ ਸ਼ਹੀਦ ਦੀ ਪਵਿੱਤਰ ਉਦਾਹਰਣ ਦਾ ਖਿਆਲ ਹੀ ਸਿੰਘਾਂ ਦੇ ਮਨ ਨੂੰ ਚੜ੍ਹਦੀਆਂ ਕਲਾਂ ਵੱਲ ਲੈ ਜਾਣ ਵਿਚ ਸਹਾਇਤਾ ਕਰਦਾ ਰਿਹਾ ਹੈ ਜਿਨ੍ਹਾਂ ਨੇ ਕਿ ਆਪਣੀ ਵਾਰੀ ਸਿਰ ਇਤਿਹਾਸ ਦੇ ਪੰਨਿਆਂ ਨੂੰ ਕੁਰਬਾਨੀ ਦੀਆਂ ਹੋਰ ਭੀ ਕਈ ਉੱਚੀਆਂ ਉਦਾਹਰਣਾਂ ਦਿੱਤੀਆਂ ਹਨ। ਇਹ ਬਾਬਾ ਬੰਦਾ ਸਿੰਘ ਬਹਾਦਰ ਹੀ ਸਨ ਜਿਨ੍ਹਾਂ ਦੇ ਰਾਹੀਂ ਖਾਲਸੇ ਦੀਆਂ ਜਿੱਤਾਂ ਦਾ ਰਸਤਾ ਖੁੱਲ੍ਹਾ। ਉਹ ਪਹਿਲੇ ਸੂਰਮੇ ਯੋਧੇ ਸਨ, ਜਿਨ੍ਹਾਂ ਨੇ ਪੰਜਾਬ ਵਿਚ ਮੁਗ਼ਲਾਂ ਦੇ ਅਤਿਆਚਾਰੀ ਰਾਜ ਨੂੰ ਕਰਾਰੀ ਸੱਟ ਮਾਰੀ ਅਤੇ ਇਥੇ ਸਿੱਖਾਂ ਦੀ ਜਿੱਤ ਲਈ ਪਹਿਲਾ ਸਿਆੜ ਕੱਢਿਆ। ਭਾਵੇਂ ਉਨ੍ਹਾਂ ਦੀ ਸ਼ਹੀਦੀ ਤੋਂ ਚਾਲ੍ਹੀ ਵਰ੍ਹੇ ਬਾਅਦ ਖਾਲਸੇ ਦਾ ਲਾਹੌਰ ਉੱਤੇ ਕਬਜ਼ਾ ਹੋਇਆ ਅਤੇ ਸਿੱਖ ਰਾਜ ਦਾ ਐਲਾਨ ਕੀਤਾ ਗਿਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ‘ਪਾਦਸ਼ਾਹ’ (ਸੁਲਤਾਨੁੱਲ-ਕੌਮ) ਬਣਾਇਆ ਗਿਆ ਪਰ ਇਹ ਬਾਬਾ ਬੰਦਾ ਸਿੰਘ ਬਹਾਦਰ ਹੀ ਸਨ ਜਿਨ੍ਹਾਂ ਨੇ ਸੰਨ 1710 ਈ: ਵਿਚ ਪੰਜਾਬ ਵਿਚ ਖਾਲਸੇ ਦੇ ਤਹਿਤ ਕੌਮੀ ਰਾਜ ਦੀ ਨੀਂਹ ਧਰੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਮੁਸਲਮਾਨਾਂ ਦੇ ਵੈਰੀ ਨਹੀਂ ਸਨ ਜਿਵੇਂ ਕਿ ਕਈ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਪੇਸ਼ ਕਰਨ ਦਾ ਕੋਝਾ ਜਤਨ ਕੀਤਾ ਹੈ। ਧਾਰਮਿਕ ਤੌਰ ‘ਤੇ ਇਸਲਾਮ ਨਾਲ ਕੋਈ ਵਿਰੋਧ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਇਸਲਾਮ ਦੇ ਸੰਚਾਲਕ ਹਜ਼ਰਤ ਮੁਹੰਮਦ ਸਾਹਿਬ ਜਾਂ ਕਿਸੇ ਹੋਰ ਮੁਸਲਮਾਨ ਮਹਾਂਪੁਰਖ ਦੇ ਵਿਰੁੱਧ ਕਦੀ ਕੁਝ ਆਖਿਆ ਹੈ। ਉਹ ਜ਼ੁਲਮੀ ਰਾਜ ਦੇ ਵਿਰੁੱਧ ਸਨ ਅਤੇ ਇਤਫ਼ਾਕ ਨਾਲ ਉਨ੍ਹਾਂ ਦੇ ਵੇਲੇ ਰਾਜ ਉਨ੍ਹਾਂ ਲੋਕਾਂ ਦੇ ਹੱਥ ਸੀ ਜਿਨ੍ਹਾਂ ਦਾ ਮਜ਼ਹਬ ਇਸਲਾਮ ਸੀ ਅਤੇ ਉਹ ਲੋਕਾਂ ਉੱਤੇ ਜ਼ੁਲਮ ਕਰਦੇ ਸਨ ਇਸ ਲਈ ਉਨ੍ਹਾਂ ਨਾਲ ਬਾਬਾ ਜੀ ਦੀ ਟੱਕਰ ਹੋ ਗਈ। ਜਿਵੇਂ ਪਿੱਛੇ ਜ਼ਿਕਰ ਆ ਚੁੱਕਾ ਹੈ ਅਤੇ 13 ਜੂਨ, 1710 ਈ: ਨੂੰ ਬਾਦਸ਼ਾਹ ਬਹਾਦਰ ਸ਼ਾਹ ਪਾਸ ਪੁੱਜੀ ਖ਼ਬਰ ਵਿਚ ਲਿਖਿਆ ਹੋਇਆ ਹੈ ਕਿ ਸਰਹਿੰਦ ਦੀ ਫ਼ਤਹਿ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਨੇ ਪਰਗਨਾ ਬੂੜੀਏ ਦੇ ਜ਼ਿਮੀਂਦਾਰ ਜਾਨ ਮੁਹੰਮਦ ਨੂੰ ਕਿਹਾ, “ਅਸੀਂ ਤੇਰਾ ਕਸੂਰ ਮਾਫ਼ ਕਰ ਦਿੱਤਾ ਹੈ ਅਤੇ ਤੈਨੂੰ ਸਾਰੇ ਪਰਗਣੇ ਦਾ ਜ਼ਿਮੀਂਦਾਰ ਬਣਾ ਦਿੱਤਾ ਹੈ। ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਆਦਮੀ ਲੈ ਕੇ ਜਾਵੇਂ ਅਤੇ ਚੂੰਡਲੇ ਦੇ ਜ਼ਿਮੀਂਦਾਰ ਸਰਦਾਰ ਖ਼ਾਨ ਨੂੰ ਲਿਆਵੇਂ। ਉਸ ਤੋਂ ਬਾਅਦ ਤੂੰ ਸਾਡੇ ਨਾਲ ਜਲਾਲ ਖ਼ਾਨ ਨੂੰ ਸੋਧਣ ਚੱਲੇਂਗਾ।”
10 ਦਸੰਬਰ, 1710 ਈ: ਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੰਘਾਂ ਦੇ ਵਿਰੁੱਧ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਿਥੇ ਕਿਧਰੇ ਭੀ ਕੋਈ ਸਿੱਖ ਮਿਲੇ ਕਤਲ ਕਰ ਦਿੱਤਾ ਜਾਏ। ਪਰ ਫਿਰ ਭੀ ਬਾਬਾ ਬੰਦਾ ਸਿੰਘ ਜੀ ਨੇ ਮੁਗ਼ਲ ਰਾਜ ਦੇ ਵਿਰੁੱਧ ਲੜਾਈ ਨੂੰ ਧਾਰਮਿਕ ਲੜਾਈ ਦਾ ਰੂਪ ਨਹੀਂ ਦਿੱਤਾ। ਉਸ ਦਾ ਤਾਂ ਕੇਵਲ ਰਾਜਸੀ ਅੰਦੋਲਨ ਸੀ। ਇਸ ਲਈ ਉਸ ਨੇ ਮੁਸਲਮਾਨਾਂ ਉੱਤੇ ਕੋਈ ਧਾਰਮਿਕ ਬੰਦਸ਼ਾਂ ਨਹੀਂ ਲਾਈਆਂ ਜਿਸ ਦਾ ਨਤੀਜਾ ਇਹ ਹੋਇਆ ਕਿ ਕਲਾਨੌਰ ਦੇ ਲਾਗੇ ਪੰਜ ਹਜ਼ਾਰ ਮੁਸਲਮਾਨ ਭੀ ਉਸ ਦੀ ਫੌਜ ਵਿਚ ਭਰਤੀ ਹੋਏ। ਬਾਦਸ਼ਾਹ ਪਾਸ 28 ਅਪ੍ਰੈਲ, 1711 ਈ: (21 ਰੱਬੀ-ਉਲ-ਅੱਵਲ 1123 ਹਿਜ਼ਰੀ) ਨੂੰ ਪੁੱਜੀ ਖ਼ਬਰ ਵਿਚ ਦਰਜ ਹੈ ਕਿ-ਉਸ (ਬੰਦਾ ਸਿੰਘ) ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦਿੰਦਾ। ਚੁਨਾਂਚਿ ਜਿਸ ਭੀ ਮੁਸਲਮਾਨ ਦਾ ਉਸ ਵੱਲ ਰੁਜੂ ਹੁੰਦਾ ਹੈ, ਉਹ (ਬੰਦਾ ਸਿੰਘ) ਉਸ ਦੀ ਦਿਹਾੜੀ ਅਤੇ ਤਨਖਾਹ ਨਿਯਤ ਕਰਕੇ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੇ ਆਗਿਆ ਦੇ ਦਿੱਤੀ ਹੋਈ ਹੈ ਕਿ ਨਮਾਜ਼ ਅਤੇ ਖੁਤਬਾ ਜਿਵੇਂ (ਮੁਸਲਮਾਨ) ਚਾਹੁਣ ਪੜ੍ਹਨ। ਚੁਨਾਂਚਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫ਼ੌਜ ਵਿਚ ਬਾਂਗ ਅਤੇ ਨਮਾਜ਼ ਵੱਲੋਂ ਸੁਖ ਪਾ ਰਹੇ ਹਨ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਧਾਰਮਿਕ ਉਦਾਰਤਾ ਅਤੇ ਨਿਰਪੱਖਤਾ ਦੀ ਆਪਣੇ ਮੂੰਹੋਂ ਆਪ ਬੋਲਦੀ ਤਸਵੀਰ ਹੈ ਜੋ ਕਿਸੇ ਟੀਕਾ-ਟਿੱਪਣੀ ਦੀ ਮੁਹਤਾਜ ਨਹੀਂ। ਸੁੱਤੇ-ਸਿੱਧ ਹੀ ਇਹ ਗੱਲ ਸਪਸ਼ਟ ਹੈ ਕਿ ਜੇ ਸਾਰਿਆਂ ਪਾਸਿਆਂ ਨੂੰ ਵਿਚਾਰ ਕੇ ਦੇਖਿਆ ਜਾਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਮਹਾਨ ਮਾਨਨੀਯ ਵਿਅਕਤੀਆਂ ਵਿੱਚੋਂ ਇਕ ਸਨ ਜਿਨ੍ਹਾਂ ਨੇ ਸਤਾਰ੍ਹਵੀਂ ਸਦੀ ਵਿਚ ਭਾਰਤ ਦੀ ਭੂਮੀ ‘ਤੇ ਜਨਮ ਲੈ ਕੇ ਆਪਣਾ ਨਾਂ ਉਜਾਗਰ ਕੀਤਾ ਹੈ। ਭਾਵੇਂ ਇਹ ਸਾਕਾ ਸਤਾਰ੍ਹਵੀਂ ਸਦੀ ਅੰਦਰ ਵਾਪਰਿਆ ਅਤੇ ਉਹ ਸੂਰਮਾ ਕਦੀ ਭੀ ਨਾ ਮੁੜਨ ਲਈ ਰੰਗ-ਭੂਮੀ ਤੋਂ ਸਦਾ ਲਈ ਅਲੋਪ ਹੋ ਗਿਆ ਹੈ ਪਰ ਉਨ੍ਹਾਂ ਦੀ ਮਹਾਨ ਆਤਮਾ ਦੀਨ ਅਤੇ ਦੁਖੀਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਗੁਰ-ਭਾਈਆਂ ਦੇ ਸੂਰਮਗਤੀ ਦੇ ਕਾਰਨਾਮਿਆਂ ਵਿਚ ਕਈ ਵਾਰੀ ਮੁੜ-ਮੁੜ ਆ ਚਮਕਦੀ ਹੈ। ਭਾਵੇਂ ਉਹ ਜਿਨ੍ਹਾਂ ਨੂੰ ਇਕ ਸਮੇਂ ਧਰਮ ਰੱਖਿਅਕ ਜਾਣ ਕੇ ਪ੍ਰਣਾਮ ਕੀਤਾ ਜਾਂਦਾ ਸੀ, ਜੋ ਦੁਖੀਆਂ ਦੇ ਸਹਾਰਾ ਅਤੇ ਉਨ੍ਹਾਂ ਦੀਆਂ ਆਸਾਂ ਦੇ ਭਰਪੂਰ ਸੋਮੇ ਸਨ, ਇਸ ਵੇਲੇ ਨਹੀਂ ਹਨ ਅਤੇ ਉਨ੍ਹਾਂ ਦੀ ਮਿੱਟੀ, ਮਿੱਟੀ ਵਿਚ ਰਲ਼ ਗਈ ਹੈ ਅਤੇ ਉਸ ਦੀ ਆਤਮਾ ਪਰਮ-ਆਤਮਾ ਵਿਚ ਲਿਵ-ਲੀਨ ਹੋ ਗਈ ਹੈ, ਉਨ੍ਹਾਂ ਦਾ ਨਾਉਂ ਦੀਨ-ਦੁਖੀਆਂ ਲਈ ਨਿਸ਼ਕਾਮ ਬਲੀਦਾਨ ਅਤੇ ਗੁਰੂ ਅਤੇ ਵਾਹਿਗੁਰੂ ਦੀ ਭਗਤੀ ਵਿਚ ਅਡੋਲ ਰਹਿ ਕੇ ਸ਼ਹੀਦੀ ਲਈ ਸਦਾ ਅਮਰ ਰਹੇਗਾ।
ਲੇਖਕ ਬਾਰੇ
ਸਿੱਖ ਇਤਿਹਾਸਕਾਰੀ ਦੇ ਅੰਬਰ 'ਤੇ ਚੰਦ ਵਾਂਗ ਚਮਕਦਾ ਨਾਂ ਹੈ, ਡਾ.ਗੰਡਾ ਸਿੰਘ।ਆਪ ਨੇ ਸਿੱਖ ਇਤਿਹਾਸਕਾਰੀ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕਰਨ ਦੇ ਮਨਸ਼ੇ ਨੂੰ ਲੈ ਕੇ ਸਭ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੀਆਂ ਲਾਇਬਰੇਰੀਆਂ ਵਿਚ ਘੁੰਮ ਕੇ ਪੰਜਾਬ ਦੇ ਇਤਿਹਾਸ ਸਬੰਧੀ ਸਰੋਤ ਸਮਗਰੀ ਇਕੱਤਰ ਕੀਤੀ ਅਤੇ ਫਿਰ ਪ੍ਰਾਪਤ ਸਭ ਸੋਮਿਆਂ ਤੇ ਤੱਥਾਂ ਨੂੰ ਗਹਿਰਾਈ ਨਾਲ ਘੋਖ ਕਰ ਕੇ ਪਾਠਕਾਂ ਅੱਗੇ ਪੇਸ਼ ਕੀਤਾ ਤੇ ਆਪਣਾ ਨਾਂ ਇਤਿਹਾਸਕਾਰਾਂ ਦੀ ਸੂਚੀ ਅੰਦਰ ਸਦਾ ਲਈ ਸੁਨਹਿਰੇ ਅੱਖਰਾਂ ਵਿਚ ਦਰਜ਼ ਕਰਾ ਗਏ। ਡਾ. ਗੰਡਾ ਸਿੰਘ ਜੀ ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾ ਦੇ ਚੰਗੇ ਗਿਆਤਾ ਸਨ।ਆਪ ਨੇ ਵੱਖ ਵੱਖ ਭਾਸ਼ਾਵਾਂ ਵਿਚ ਛੇ ਦਰਜਨ ਪੁਸਤਕਾਂ ਅਤੇ 350 ਤੋਂ ਉੱਪਰ ਖੋਜ ਪੱਤਰ ਪੇਸ਼ ਕੀਤੇ। ਡਾ.ਗੰਡਾ ਸਿੰਘ ਦਾ ਜਨਮ 15 ਨਵੰਬਰ 1900 ਈ. ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ 'ਹਰਿਆਣਾ' ਵਿਚ ਸ: ਜਵਾਲਾ ਸਿੰਘ ਦੇ ਘਰ ਮਾਤਾ ਹੁਕਮ ਦੇਈ ਦੀ ਕੁੱਖੋਂ ਹੋਇਆ।ਆਪ ਦੇ ਪਿਤਾ ਜੀ ਮਾਲ ਮਹਿਕਮੇ ਵਿਚ ਨੌਕਰੀ ਕਰਦੇ ਸਨ।ਆਪ ਨੇ ਆਰੰਭਿਕ ਵਿੱਦਿਆ ਪਿੰਡ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।ਆਪਣੇ ਪਿੰਡ ਤੋਂ ਮਿਡਲ ਕਰਨ ਉਪਰੰਤ ਆਪ ਨੇ ਡੀ.ਏ.ਵੀ. ਸਕੂਲ ਹੁਸ਼ਿਆਰਪੁਰ ਤੋਂ ਮੈਟ੍ਰਿਕ ਪਾਸ ਕੀਤੀ।ਫਿਰ ਉੱਚ ਵਿਦਿਆ ਲਈ 'ਫਾਰਮੈਨ ਕਾਲਜ' ਲਾਹੌਰ ਵਿਚ ਦਾਖ਼ਲਾ ਲਿਆ, ਪਰ ਤੀਸਰੇ ਅਫ਼ਗ਼ਾਨ ਯੁੱਧ ਵੇਲੇ ਅਚਾਨਕ ਪੜਾਈ ਅਧਵਾਟੇ ਛੱਡ ਕੇ 1919 ਨੂੰ ਫ਼ੌਜ ਵਿਚ ਭਰਤੀ ਹੋਏ ਅਤੇ ਫ਼ੌਜ ਨਾਲ ਰਲ਼ ਕੇ ਰਾਵਲਪਿੰਡੀ, ਪਿਸ਼ੌਰ ਤੇ ਫਿਰ ਇਰਾਕ ਵਿਚ ਬਸਰੇ ਆਦਿ ਜਾਣ ਦਾ ਮੌਕਾ ਮਿਲਿਆ।1921 ਵਿਚ ਉਹ 'ਰਾਇਲ ਆਰਮੀ ਕੋਰ ਬਸਰਾ' ਦਾ ਹਿੱਸਾ ਬਣੇ ਪਰ ਇੱਕ ਲੜਾਈ ਦੌਰਾਨ ਉਨ੍ਹਾਂ ਦੇ ਪੱਟ ਵਿਚ ਗੋਲ਼ੀ ਲੱਗ ਗਈ।ਤੰਦਰੁਸਤ ਹੋਣ ਤੋਂ ਬਾਅਦ ਆਪ ਫ਼ੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਈਰਾਨ ਦੀ 'ਐਂਗਲੋ-ਪਰਸ਼ੀਅਨ ਤੇਲ ਕੰਪਨੀ' ਵਿਚ ਅਕਾਊਂਟਸ ਅਫ਼ਸਰ ਵਜੋਂ ਨੌਕਰੀ ਕਰਨ ਲੱਗੇ।
- ਹੋਰ ਲੇਖ ਉਪਲੱਭਧ ਨਹੀਂ ਹਨ