editor@sikharchives.org

ਬਾਰਹ ਮਾਹਾ ਮਾਂਝ ਮਹਲਾ 5 : ਇਕ ਨਜ਼ਰ

ਬਾਰਹਮਾਹ ਉਹ ਕਾਵਿ-ਰੂਪ ਹੈ ਜਿਸ ਵਿਚ ਬਾਰ੍ਹਾਂ ਮਹੀਨਿਆਂ ਦੇ ਆਸਰੇ ਕਵਿਤਾ ਰਚ ਕੇ ਜ਼ਿੰਦਗੀ ਨੂੰ ਵਿਯੋਗ ਵੱਲੋਂ ਸੰਯੋਗ ਵੱਲ ਕਦਮ ਵਧਾਉਂਦਿਆਂ ਦਰਸਾਇਆ ਜਾਂਦਾ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜ਼ਿੰਦਗੀ ਰਹੱਸ ਦਾ ਨਾਮ ਹੈ ਅਤੇ ਰਹੱਸ ਰੂਹਾਂ ਦਾ ਵਿਸ਼ਾ ਹੁੰਦਾ ਹੈ। ਕਿਸੇ ਵੀ ਗੱਲ ਨੂੰ ਸਮਝਣ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਉਸ ਦਾ ਆਤਮਿਕ ਪੱਧਰ ’ਤੇ ਮਹਾਂ-ਚਿੰਤਨ ਕੀਤਾ ਜਾਵੇ। ਜਦੋਂ ਵੀ ਇਸ ਤਰ੍ਹਾਂ ਹੁੰਦਾ ਹੈ ਤਾਂ ਕਿਸੇ ਵੀ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ ਦੀਆਂ ਸੰਭਾਵਨਾਵਾਂ ਆਮ ਪੱਧਰ ਨਾਲੋਂ ਕਈ ਗੁਣਾ ਵਧ ਜਾਂਦੀਆਂ ਹਨ। ਜਦੋਂ ਵੀ ਗੁਰਬਾਣੀ ਦੇ ਵਿਸ਼ੇ ਦੀ ਗੱਲ ਤੁਰਦੀ ਹੈ ਤਾਂ ਇਸ ਦਾ ਅਧਿਐਨ ਅਤੇ ਚਿੰਤਨ ਕਰਨ ’ਤੇ ਪਤਾ ਲੱਗਦਾ ਹੈ ਕਿ ਗੁਰਬਾਣੀ ਆਪਣੇ ਵਿਚ ਜ਼ਿੰਦਗੀ ਦੇ ਗਹਿਰ-ਗੰਭੀਰ ਰਹੱਸਾਂ ਨੂੰ ਖੋਲ੍ਹਣ ਦੀਆਂ ਅਨੇਕਾਂ ਜੁਗਤੀਆਂ ਸਮੋਈ ਬੈਠੀ ਹੈ। ‘ਅੱਖ ਦੇ 15 ਫੋਰਾਂ ਦਾ ਇਕ ਵਿਸਾ ਹੁੰਦਾ ਹੈ; 15 ਵਿਸਿਆਂ ਦਾ ਇਕ ਚਸਾ ਹੁੰਦਾ ਹੈ; 30 ਚਸਿਆਂ ਦਾ ਇਕ ਪਲ ਹੁੰਦਾ ਹੈ; 60 ਪਲਾਂ ਦੀ ਇਕ ਘੜੀ ਹੁੰਦੀ ਹੈ; ਸਾਢੇ ਸੱਤ ਘੜੀਆਂ ਦਾ ਇਕ ਪਹਰ ਹੁੰਦਾ ਹੈ; 8 ਪਹਰਾਂ ਦਾ ਇਕ ਵਾਰ ਬਣਦਾ ਹੈ; ਅਤੇ ਇਸੇ ਤਰ੍ਹਾਂ 15 ਥਿਤਾਂ, 7 ਵਾਰ, 12 ਮਹੀਨੇ, 6 ਰੁੱਤਾਂ, ਬੇਅੰਤ ਸਾਲ, ਸਦੀਆਂ ਤੇ ਯੁੱਗ ਬਣਦੇ ਆ ਰਹੇ ਹਨ। ਇਹੀ ਕਾਲ ਦੀ ਚਾਲ ਹੈ’।1 ਇਸੇ ਚਾਲ ਵਿਚ ਬ੍ਰਹਿਮੰਡ ਦੇ ਪਸਰੇ ਪਸਾਰੇ ਵਿਚਲੇ ਜੀਵ-ਅਜੀਵ ਗਤੀ ਦੀ ਪ੍ਰਕਿਰਿਆ ਵਿਚ ਵਿਚਰ ਰਹੇ ਹਨ।

ਆਦਿ-ਕਾਲ ਤੋਂ ਮਨੁੱਖੀ ਮਨ ਵਿਚ ਆਪਣੀ ਹੋਂਦ, ਜ਼ਿੰਦਗੀ, ਬ੍ਰਹਿਮੰਡੀ ਖ਼ਲਾਅ ਅਤੇ ਪ੍ਰਮਾਤਮ-ਸ਼ਕਤੀ ਬਾਰੇ ਅਣਗਿਣਤ ਸ਼ੰਕੇ ਉੱਠਦੇ ਰਹੇ ਹਨ ਜਿਨ੍ਹਾਂ ਨੂੰ ਹੱਲ ਕਰਨ ਦਾ ਸਭ ਤੋਂ ਸਰਲ ਢੰਗ ਗੁਰਬਾਣੀ ਦੇ ਡੂੰਘੇ ਸਾਗਰ ਵਿਚ ਅਣਗਿਣਤ ਮੋਤੀਆਂ ਵਾਂਗ ਖਿੱਲਰਿਆ ਪਿਆ ਹੈ। ਇਸ ਪਰਚੇ ਦਾ ਮੁੱਖ ਉਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ‘ਬਾਰਹ ਮਾਹਾ ਮਾਂਝ ਮਹਲਾ 5’ ’ਤੇ ਇਕ ਪੰਛੀ-ਝਾਤ ਮਾਰਨ ਦਾ ਨਿਮਾਣਾ ਯਤਨ ਹੈ ਜਿਸ ਵਿਚ ਪਰਚੇ ਦੇ ਘੇਰੇ ਨੂੰ ਬਾਰਹ ਮਾਹਾ ਦੀ ਆਮ ਜਾਣਕਾਰੀ, ਸਭਿਆਚਾਰਕ ਸਾਂਝ ਅਤੇ ਬਾਰਹ ਮਾਹ ਮਾਂਝ ਦੇ ਵਿਸ਼ੇ ਤੇ ਵਿਚਾਰ ਪੱਖ ਨੂੰ ਦ੍ਰਿਸ਼ਟੀਗੋਚਰ ਕਰਨ ਦੀ ਕੋਸ਼ਿਸ਼ ਹੋਵੇਗੀ।

ਸਿਰਦਾਰ ਕਪੂਰ ਸਿੰਘ ਅਨੁਸਾਰ, “ਸਰੀਰ, ਮਨ ਤੇ ਰੂਹ ਤਿੰਨ ਛਿੱਲੜ, ਜਾਂ ਤਿੰਨ ਅੰਗ, ਮੰਨੇ ਗਏ ਹਨ ਆਦਮੀ ਦੇ। ਤਿੰਨਾਂ ਅੰਗਾਂ ਦੀਆਂ ਤ੍ਰੈ ਲੋੜਾਂ, ਸਰੀਰ ਦੀ ਲੋੜ, ਮਨ ਦੀ ਲੋੜ ਤੇ ਰੂਹ ਦੀ ਲੋੜ ਹਨ। ਇਹ ਤਿੰਨੇ ਮੰਬੇ (ਝਰਨੇ) ਹਨ, ਇਨਸਾਨੀ ਜੱਦੋ-ਜਹਿਦ ਤੇ ਕੋਮਲ ਹੁਨਰਾਂ ਦੇ।”2 ਮਨੁੱਖ ਦੀਆਂ ਇਨ੍ਹਾਂ ਤਿੰਨਾਂ ਲੋੜਾਂ ਦੀ ਪੂਰਤੀ ਕਾਦਰ ਦੀ ਕੁਦਰਤ ਦੇ ਕੋਮਲ ਹੁਨਰਾਂ ਵਿਚ ਸਮੋਈ ਪਈ ਹੈ, ਜਿਸ ਨੂੰ ਬੰਦਾ ਆਪਣੀ ਕੋਸ਼ਿਸ਼ ਸਦਕਾ ਪੂਰੀ ਕਰਨ ’ਚ ਰੁੱਝਾ ਰਹਿੰਦਾ ਹੈ। ਜਦੋਂ ਉਹ ਇਸ ਵਾਸਤੇ ਬਾਣੀ ਦਾ ਓਟ-ਆਸਰਾ ਲੈਂਦਾ ਹੈ ਤਾਂ ਇਸ ਪੂਰਤੀ ਦੀ ਸੰਭਾਵਨਾ ਸਰਲ ਤੇ ਨਜ਼ਦੀਕ ਹੋ ਜਾਂਦੀ ਹੈ ਜਿਸ ਦਾ ਵਰਣਨ ‘ਬਾਰਹ ਮਾਹਾ’ ’ਚ ਸਪੱਸ਼ਟ ਨਜ਼ਰੀਂ ਥੀਂਦਾ ਹੈ।

1. ਬਾਰਹਮਾਹ ਬਾਰੇ

“ਬਾਰਹਮਾਹ ਉਹ ਕਾਵਿ-ਰੂਪ ਹੈ ਜਿਸ ਵਿਚ ਬਾਰ੍ਹਾਂ ਮਹੀਨਿਆਂ ਦੇ ਆਸਰੇ ਕਵਿਤਾ ਰਚ ਕੇ ਜ਼ਿੰਦਗੀ ਨੂੰ ਵਿਯੋਗ ਵੱਲੋਂ ਸੰਯੋਗ ਵੱਲ ਕਦਮ ਵਧਾਉਂਦਿਆਂ ਦਰਸਾਇਆ ਜਾਂਦਾ ਹੈ। ਪ੍ਰਕਿਰਤੀ ਚਿਤਰਨ ਤੇ ਭਾਵ ਚਿਤਰਨ ਇਸ ਦੇ ਦੋ ਵਿਸ਼ੇਸ਼ ਅੰਗ ਹਨ, ਇਨ੍ਹਾਂ ਬਿਨਾਂ ਬਾਰਾਂਮਾਹ ਦੀ ਰਚਨਾ ਸੰਪੂਰਨ ਨਹੀ ਹੁੰਦੀ।”3 ਬਾਰਾਂਮਾਹ ਸ਼ਬਦ ਦੋ ਸ਼ਬਦਾਂ ਬਾਰਾਂ (ਗਿਣਤੀ 12)+ਮਾਹ (ਮਹੀਨਾ) ਤੋਂ ਬਣਿਆ ਹੈ ਜਿਸ ਅਨੁਸਾਰ ਇਨ੍ਹਾਂ ਮਹੀਨਿਆਂ ਨੂੰ ਆਧਾਰ ਮੰਨ ਕੇ ਰਚਿਤ ਹੋਈ ਕਵਿਤਾ ਦੇ ਰੂਪ ਨੂੰ ਬਾਰਹਮਾਹ ਜਾਂ ਬਾਰਾਂਮਾਹ ਕਿਹਾ ਜਾਂਦਾ ਹੈ। “ਆਮ ਕਰਕੇ ਬਾਰਹਮਾਹ ਦਾ ਅਰੰਭ ਚੇਤਰ ਦੇ ਮਹੀਨੇ ਤੋਂ ਹੁੰਦਾ ਹੈ, ਅਤੇ ਤਰਤੀਬਵਾਰ ਫਿਰ ਬਾਕੀ ਮਹੀਨਿਆਂ ਦਾ ਵਰਣਨ ਚੱਲਦਾ ਹੈ, ਪਰੰਤੂ ਇਸ ਪਰੰਪਰਾ ਤੋਂ ਛੁੱਟ ਕਈ ਕਵੀਆਂ ਦੇ ਬਾਰਹਮਾਹੇ ਸਾਵਣ ਅਤੇ ਹਾੜ ਮਹੀਨਿਆਂ ਤੋਂ ਸ਼ੁਰੂ ਕੀਤੇ ਮਿਲਦੇ ਹਨ।”4 ਭਾਰਤੀ ਸਾਹਿਤ ਦੇ ਵਿਚ ਬਾਰਾਂਮਾਹ ਦਾ ਸ਼ੁਰੂ ਤੋਂ ਇਕ ਵਿਸ਼ੇਸ਼ ਸਥਾਨ ਰਿਹਾ ਹੈ।

ਡਾ. ਕੁਲਦੀਪ ਸਿੰਘ (ਧੀਰ) ਅਨੁਸਾਰ, “ਬਾਰਾਂਮਾਹ ਉਹ ਕਾਵਿ-ਰੂਪ ਹੈ ਜਿਸ ਨੇ ਲੋਕ-ਸਾਹਿਤ ਤੇ ਵਿਸ਼ਿਸ਼ਟ ਸਾਹਿਤ ਵਿਚ ਬਰਾਬਰ ਮਾਣ ਪ੍ਰਾਪਤ ਕੀਤਾ ਹੈ। ਬਾਰਾਂਮਾਹ ਕਾਵਿ-ਰੂਪ ਦਾ ਵਿਕਾਸ ਭਾਰਤੀ ਸਾਹਿਤ ਵਿਚ ਪ੍ਰਾਪਤ ਖਟ ਰਿਤੂ ਵਰਣਨ ਜਾਂ ਰੁਤੀ ਕਾਵਿ-ਰੂਪ ਵਿੱਚੋਂ ਹੋਇਆ।”5 ਬਾਰਾਂਮਾਹ ਨਾਇਕ ਅਤੇ ਨਾਇਕਾ ਦੇ ਮਨੋਭਾਵਾਂ ਦੀਆਂ ਸਥਿਤੀਆਂ ਨੂੰ ਕੁਦਰਤ ਦੇ ਅਣਗਿਣਤ, ਸੁਆਦਲੇ ਅਤੇ ਅਸਚਰਜ ਰੰਗਾਂ ਵਿਚ ਅਭੇਦ ਕਰਦਾ ਹੋਇਆ ਚਿੱਤਰ ਚਿਤਰਨ ਕਰਦਾ ਹੈ। ਬਾਰਾਂਮਾਹ ਦਾ ਕੁਦਰਤ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ ਜਿਸ ਵਿਚ ਬਿਰਹਾ ਦੇ ਮੋਤੀ ਚੁਣ-ਚੁਣ ਕੇ ਜੁੜੇ ਹੁੰਦੇ ਹਨ। ਪ੍ਰਿੰ. ਪ੍ਰੀਤਮ ਸਿੰਘ ਕਹਿੰਦੇ ਹਨ ਕਿ “ਬਿਰਹੋਂ ਤਾਂ ਭਲਾ ਹੋਣਾ ਹੀ ਸੀ-ਪਤਨੀ ਦਾ ਪਤੀ ਲਈ, ਪਰ ਸਾਡੇ ਕਵੀਆਂ ਨੇ ਤਾਂ ਭਗਤੀ, ਯੋਗ, ਵੇਦਾਂਤ ਰਹੱਸਵਾਦ, ਅਧਿਆਤਮਵਾਦ ਤੇ ਸੂਰਬੀਰਤਾ ਆਦਿ ਨੂੰ ਵੀ ਬਾਰਾਂਮਾਹਿਆਂ ਵਿਚ ਨਿਭਾ ਮਾਰਿਆ ਹੈ। ਬਲਕਿ ਭਗਤਾਂ ਪ੍ਰੇਮੀਆਂ ਦੇ ਸੰਪੂਰਨ ਕਿੱਸੇ ਇਸੇ ਰੂਪ ਵਿਚ ਮਿਲਦੇ ਹਨ।”6 ਇਸ ਕਰਕੇ ਬਾਰਾਂਮਾਹ ਲੋਕ-ਚੇਤਿਆਂ ’ਚ ਇੱਕ ਅਨਿੱਖੜਵਾਂ ਅੰਗ ਬਣ ਕੇ ਸਮਾ ਗਿਆ। ਬਾਰਾਂਮਾਹ ਕੁਦਰਤ ਦੇ ਜਲੌ ਨੂੰ, ਮਨੁੱਖੀ ਵੇਦਨਾ ਦੀ ਬਿਰਹਾ ਨੂੰ ਸਭ ਤੋਂ ਅਲੌਕਿਕ ਢੰਗ ਨਾਲ ਦਰਸਾਉਂਦੀ ਇਕ ਭਾਵਭਿੰਨੀ ਰਚਨਾ ਹੁੰਦੀ ਹੈ, ਜਿਸ ਵਿਚ ਕਵੀ ਆਪਣੀ ਸਮਝ ਅਤੇ ਰੂਹਾਨੀਅਤ ਚਿੰਤਨ ਨੂੰ ਪੁਖਤਾ ਢੰਗਾਂ ਰਾਹੀਂ ਗਹਿਰ-ਗੰਭੀਰ ਰਚਨਾ ਦੇ ਤੌਰ ’ਤੇ ਪੇਸ਼ ਕਰਨ ਦਾ ਯਤਨ ਕਰਦਾ ਹੈ, ਜਿਸ ਵਿਚ ਉਸ ਦਾ ਆਪਾ ਸਪੱਸ਼ਟ ਰੂਪ ’ਚ ਨਜ਼ਰੀਂ ਪੈਂਦਾ ਹੈ। ਸਮੇਂ-ਸਮੇਂ ’ਤੇ ਇਸ ਦੇ ਵਿਸ਼ਿਆਂ ’ਚ ਪਰਿਵਰਤਨ ਆਉਂਦਾ ਰਿਹਾ ਹੈ ਜਿਸ ਕਰਕੇ ਇਸ ਕਾਵਿ-ਰੂਪ ਦਾ ਕੋਈ ਨਿਸ਼ਚਿਤ ਵਿਸ਼ਾ ਨਹੀਂ। ਇਸ ਰਚਨਾ ਵਿਚ ਬਿਰਹਾ ਦੀ ਵੇਦਨਾ ਤੋਂ ਇਲਾਵਾ ਅਧਿਆਤਮਵਾਦੀ, ਸਮਾਜਿਕ, ਬਹਾਦਰੀ ਆਦਿਕ ਕਿੱਸੇ ਵੇਖਣ ਨੂੰ ਮਿਲਦੇ ਹਨ। ਪ੍ਰੋ. ਸਾਹਿਬ ਸਿੰਘ ਅਨੁਸਾਰ, “ਵਿਸ਼ੇ ਵਾਂਗ ਰੂਪਕ ਪੱਖ ਤੋਂ ਵੀ ਵੱਖ-ਵੱਖ ਵੰਨਗੀਆਂ ਬਾਰਹਮਾਹ ਦੀਆਂ ਵੇਖਣ ਵਿਚ ਆਈਆਂ ਹਨ। ਇਸ ਕਾਵਿ-ਰੂਪ ਲਈ ਕੋਈ ਨਿਸ਼ਚਿਤ ‘ਛੰਦ’ ਨਹੀਂ ਹੈ।”7 ਬਾਰਾਂਮਾਹ ਦਾ ਲੋਕ-ਸਾਹਿਤ ਤੋਂ ਇਲਾਵਾ ਭਗਤੀ ਸਾਹਿਤ ’ਤੇ ਪ੍ਰਭਾਵ ਕਾਫ਼ੀ ਚੋਖਾ ਵੇਖਣ ਨੂੰ ਮਿਲਦਾ ਹੈ ਜਿਸ ਕਰਕੇ ਦੱਖਣ ਭਾਰਤ ਦੀਆਂ ਰਚਨਾਵਾਂ ਵੇਖਣਯੋਗ ਹਨ। ਕ੍ਰਿਸ਼ਨ ਉਪਾਸ਼ਕ ਭਗਤ ਸੂਰਦਾਸ ਜੀ ਅਤੇ ਭਗਤਨੀ ਮੀਰਾ ਬਾਈ ਦੀਆਂ ਰਚਨਾਵਾਂ ’ਤੇ ਇਸ ਦੇ ਅੰਸ਼ ਵੇਖਣ ਨੂੰ ਮਿਲਦੇ ਹਨ।

2. ਬਾਰਹਮਾਹ ਦੀ ਪ੍ਰੰਪਰਾ

ਵਿਸ਼ਵ ਦੇ ਦਰਸ਼ਨ ਸਾਹਿਤ ਵਿਚ ਇਹ ਗੱਲ ਪ੍ਰਵਾਨ ਹੈ ਕਿ ਹਰ ਇਕ ਰਚਨਾ ਅਤੇ ਘਟਨਾ ਦੇ ਹੋਂਦ ’ਚ ਆਉਣ ਤੋਂ ਪਹਿਲਾਂ ਕੋਈ ਸੰਭਾਵੀ ਕਾਰਨ ਜ਼ਰੂਰ ਹੁੰਦੇ ਹਨ। ਇਸ ਤਰ੍ਹਾਂ ਇਸ ਕਾਵਿ-ਰੂਪ ਦੀ ਆਮਦ ਬਾਰੇ ਸ. ਸ਼ਮਸ਼ੇਰ ਸਿੰਘ ਅਸ਼ੋਕ ਲਿਖਦੇ ਹਨ ਕਿ “ਮੁੱਢ ਇਨ੍ਹਾਂ ਬਾਰਾਂਮਾਹਿਆਂ ਦਾ ਇਸ ਤਰ੍ਹਾਂ ਹੋਇਆ ਕਿ ਕੋਈ ਮਹਾਨ ਯੋਗ ਵਿਅਕਤੀ, ਜੋਧਾ ਜਾਂ ਕਰਮਵੀਰ ਕਿਸੇ ਜ਼ਰੂਰੀ ਕੰਮ ਜਾਂ ਯੁੱਧ ਵਾਸਤੇ ਚੜ੍ਹਾਈ ਕਰਦਾ ਹੈ ਜਾਂ ਕਿਸੇ ਪ੍ਰੇਮਿਕਾ ਦਾ ਪ੍ਰੇਮੀ ਪ੍ਰਦੇਸ ਜਾਂਦਾ ਹੈ ਤਾਂ ਉਸ ਦੀ ਗੈਰ-ਹਾਜ਼ਰੀ ਵਿਚ ਉਸ ਦੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਜੋ ਬਿਰਹੁ ਵੇਦਨਾ ਹੁੰਦੀ ਹੈ ਅਤੇ ਫਿਰ ਉਹ ਵੇਦਨਾ ਅਨੇਕਾਂ ਜਤਨਾਂ ਦੇ ਬਾਵਜੂਦ ਪ੍ਰਤੀ-ਦਿਨ ਜਾਂ ਹਰੇਕ ਚੜ੍ਹਦੇ ਮਹੀਨੇ ਵਧਦੀ ਜਾਂਦੀ ਹੈ। ਉਸ ਦਾ ਵਰਣਨ ਬੜੇ ਦਿਲਖਿੱਚ ਢੰਗ ਨਾਲ ਕੀਤਾ ਜਾਂਦਾ ਹੈ।”8 ਜਿੰਨੇ ਵੀ ਬਾਰਾਂਮਾਹੇ ਹੁਣ ਤਕ ਮਿਲਦੇ ਹਨ, ਉਨ੍ਹਾਂ ਵਿਚ ਇਸ ਗੱਲ ਦੀ ਹਾਜ਼ਰੀ ਜ਼ਰੂਰ ਮਿਲਦੀ ਹੈ ਕਿ ਇਹ ਕਿਸੇ ਕਸਕ ਤੋਂ ਨਿਕਲੀ ਹੋਈ ਰਚਨਾ ਹੈ।

ਭਾਰਤੀ ਸਾਹਿਤ ਵਿਚ ਬਾਰਾਂਮਾਹ ਦੀ ਪ੍ਰੰਪਰਾ ਬਾਰੇ ਪ੍ਰੋ. ਪਿਆਰਾ ਸਿੰਘ ਪਦਮ ਦੱਸਦੇ ਹਨ ਕਿ “ਹਿੰਦੀ ਵਿਚ ਸਭ ਤੋਂ ਪੁਰਾਣਾ ਬਾਰਹਮਾਹ ਜਾਇਸੀ ਦੇ ਪਦਮਾਵਤ ਵਿਚ ਹੈ। ਉਨ੍ਹਾਂ ਅਨੁਸਾਰ ਸੁਤੰਤਰ ਰੂਪ ਵਿਚ ਸ਼ਾਇਦ ਅਕਬਰ ਦੇ ਦਰਬਾਰੀ ਕਵੀ ਗੰਗ ਭਟ ਨੇ ਸਭ ਤੋਂ ਪਹਿਲਾਂ ਬਾਰਹਮਾਹ ਲਿਖਿਆ ਸੀ।”9 ਇਸ ਬਾਰੇ ਭਾਵੇਂ ਨਿਸ਼ਚਿਤਤਾ ਤਾਂ ਨਹੀਂ ਪਰ ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ “ਬਾਰਾਂਮਾਹ ਕਾਵਿ-ਰੀਤ ਬਹੁਤ ਪੁਰਾਣੀ ਹੈ, ਜਿਸ ਦੀਆਂ ਜੜ੍ਹਾਂ ਲੋਕ-ਸਾਹਿਤ ਵਿਚ ਹਨ।”10 ਭਾਰਤੀ ਸਾਹਿਤ ਤੋਂ ਬਿਨਾਂ ਜਦ ਪੰਜਾਬੀ ਸਾਹਿਤ ਵਿਚ ਬਾਰਾਂਮਾਹ ਪ੍ਰੰਪਰਾ ਦੀ ਗੱਲ ਤੁਰਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਰੂਪ ਕੋਈ ਹਜ਼ਾਰ ਸਾਲ ਪਹਿਲਾਂ ਪ੍ਰਗਟ ਹੋਇਆ। ਪੰਜਾਬੀ ਸਾਹਿਤ ਕੋਸ਼ ਅਨੁਸਾਰ, “ਪੰਜਾਬੀ ਵਿਚ ਬਾਰਾਂਮਾਹ ਦੀ ਕਾਵਿ-ਪ੍ਰੰਪਰਾ ਇਕ ਹਜ਼ਾਰ ਵਰ੍ਹਾ ਪੁਰਾਣੀ ਹੈ। ਭਾਵੇਂ ਸਾਨੂੰ ਇਤਨਾ ਪੁਰਾਣਾ ਪੰਜਾਬੀ ਬਾਰਾਂਮਾਹ ਤਾਂ ਕੋਈ ਨਹੀਂ ਮਿਲਦਾ ਪਰੰਤੂ ਫ਼ਾਰਸੀ ਕਵੀ ਮਸਊਦ (1047-1122), ਜੋ ਕਿ ਮਹਿਮੂਦ ਗਜ਼ਨਵੀ ਦੇ ਪੋਤੇ, ਲਾਹੌਰ ਦੇ ਗਵਰਨਰ ਇਬ੍ਰਾਹੀਮ ਦਾ ਦਰਬਾਰੀ ਕਵੀ ਸੀ, ਨੇ ਅਮੀਰ ਖੁਸਰੋ ਦੇ ਕਥਨ ਅਨੁਸਾਰ ਅਰਬੀ, ਫ਼ਾਰਸੀ ਤੇ ਹਿੰਦਵੀ (ਪੰਜਾਬੀ) ਵਿਚ ਤਿੰਨ ਦੀਵਾਨ ਲਿਖੇ। ਇਨ੍ਹਾਂ ਵਿੱਚੋਂ ਦੋ ਪ੍ਰਾਪਤ ਨਹੀਂ, ਕੇਵਲ ਫ਼ਾਰਸੀ ਦੀਵਾਨ ਹੀ ਮਿਲਦਾ ਹੈ। ਇਸ ਕਵੀ ਨੇ ਮਹੀਨਿਆਂ ਦੇ ਆਧਾਰ ’ਤੇ ਇਕ ਕਸੀਦੇ ਦੀ ਕਿਸਮ ਦਾ ਬਾਰਾਂਮਾਹ ਲਿਖਿਆ, ਜਿਸ ਦਾ ਸਿਰਲੇਖ ਹੈ, ਮਾਹਗਾਏ ਫ਼ਾਰਸੀ।” 11

ਅੱਗੇ ਜਾ ਕੇ ਸਾਹਿਤ ਕੋਸ਼ ਇਸ ਗੱਲ ਨੂੰ ਪ੍ਰਮਾਣਿਕਤਾ ਦੇਣ ਦਾ ਯਤਨ ਕਰ ਰਿਹਾ ਹੈ ਕਿ “ਪੰਜਾਬ ਵਿਚ ਲਿਖਿਆ ਇਹ ਸਭ ਤੋਂ ਪੁਰਾਣਾ ਬਾਰਾਂਮਾਹ ਹੈ, ਸ਼ਾਇਦ ਭਾਰਤੀ ਸਾਹਿਤ ਵਿਚ ਵੀ ਐਸਾ ਹੀ ਹੋਵੇ।” 12 ਇਸ ਤਰ੍ਹਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇੰਨਾ ਪੁਰਾਣਾ ਪੰਜਾਬੀ ’ਚ ਬਾਰਾਂਮਾਹ ਨਾ ਹੋਣ ਦੇ ਬਾਵਜੂਦ ਇਸ ਦੀ ਪ੍ਰੰਪਰਾ ਨੂੰ ਹਜ਼ਾਰ ਸਾਲ ਪੁਰਾਣੀ ਮੰਨਿਆ ਜਾਂਦਾ ਹੈ। ਜ਼ਿਆਦਾਤਰ ਵਿਦਵਾਨ ਇਸ ਮਤ ਨਾਲ ਸਹਿਮਤ ਹਨ ਕਿ ਪੰਜਾਬ ਦੀ ਧਰਤੀ ’ਤੇ ਪਹਿਲਾ ਬਾਰਾਂਮਾਹ ਮਸਊਦ ਨੇ ਹੀ ਲਿਖਿਆ ਤੇ ਲੱਗਦਾ ਹੈ ਕਿ ਸਭ ਨੇ ਆਪਣੀ ਗੱਲ ਦਾ ਆਧਾਰ ਖੁਸਰੋ ਦੀ ਲਿਖਤ ਨੂੰ ਹੀ ਮੰਨਿਆ ਹੈ। ਉਂਞ ਤਾਂ ਜਦ ਤਕ ਮਸਊਦ ਜਾਂ ਕਿਸੇ ਹੋਰ ਕਵੀ ਦੁਆਰਾ ਰਚਿਤ ਪੰਜਾਬੀ ’ਚ ਬਾਰਾਂਮਾਹ ਨਹੀਂ ਮਿਲਦਾ ਤਦ ਤਕ ਇਸ ਦੀ ਪੰਜਾਬੀ ਦੇ ਸਾਹਿਤ ’ਚ ਪ੍ਰੰਪਰਾ ਦਾ ਅਰੰਭ ਸਮਾਂ ਨਿਸ਼ਚਿਤ ਕਰਨਾ ਸ਼ਾਇਦ ਸਹੀ ਨਹੀਂ ਹੋਵੇਗਾ ਪਰ ਖੁਸਰੋ ਜਿਹੇ ਵਿਦਵਾਨ ਦੀ ਲਿਖਤ ਨੂੰ ਨਜ਼ਰਅੰਦਾਜ਼ ਕਰਨਾ ਵੀ ਜਾਇਜ਼ ਨਹੀਂ। ਇਸ ਲਈ ਮਸਊਦ ਦੀ ਪੰਜਾਬੀ ਰਚਨਾ ਦੀ ਖੋਜ ਕਰਨੀ ਹੋਰ ਵਧੇਰੇ ਮਹੱਤਵਪੂਰਨ ਹੋ ਜਾਂਦੀ ਹੈ। ਡਾ. ਕੁਲਦੀਪ ਸਿੰਘ (ਧੀਰ) ਵੀ ਪੰਜਾਬ ‘ਚ ਇਸ ਪ੍ਰੰਪਰਾ ਬਾਰੇ ਲਿਖਦੇ ਹਨ ਕਿ ‘ਪੰਜਾਬ ਵਿਚ ਬਾਰਾਂਮਾਹ ਦੀ ਪ੍ਰੰਪਰਾ ਕਾਫੀ ਪੁਰਾਣੀ ਹੈ। ਗਿਆਰ੍ਹਵੀਂ ਸਦੀ ਦੇ ਮਸਊਦ ਸਾਅਦ ਸੁਲੇਮਾਨ ਲਾਹੌਰੀ ਦਾ ਫ਼ਾਰਸੀ ਬਾਰਾਂਮਾਹ ਇਸ ਦਾ ਪ੍ਰਮਾਣ ਹੈ। ਪੰਜਾਬੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ‘ਬਾਰਹਮਾਹ ਤੁਖਾਰੀ’ ਇਸ ਕਾਵਿ-ਰੂਪ ਦੀ ਪਹਿਲੀ ਰਚਨਾ ਹੈ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਕਾਵਿ-ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਲੋਕ-ਸਾਹਿਤ ਵਿਚ ਆਪਣੀ ਵਿਸ਼ਿਸ਼ਟ ਥਾਂ ਬਣਾ ਚੁੱਕਾ ਸੀ।” 13 ਇਸ ਤਰ੍ਹਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਵਿਚ ਪਹਿਲਾ ਬਾਰਾਂਮਾਹ ਲਿਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ । ਅੱਗੇ ਜਾ ਕੇ ਡਾ. ਕੁਲਦੀਪ ਸਿੰਘ ਲਿਖਦੇ ਹਨ ਕਿ “ਸ੍ਰੀ ਗੁਰੂ ਅਰਜਨ ਦੇਵ ਜੀ ਰਚਿਤ ਬਾਰਹ ਮਾਹਾ ਇਸੇ ਪ੍ਰੰਪਰਾ ਦੀ ਅਗਲੀ ਰਚਨਾ ਹੈ। ਇਹ ਉਪਦੇਸ਼-ਪ੍ਰਧਾਨ ਰਚਨਾ ਹੈ। ਸਰਲਤਾ ਅਤੇ ਰਵਾਨੀ ਇਸ ਦਾ ਵਿਸ਼ੇਸ਼ ਗੁਣ ਹੈ।” 14

ਬਾਰਾਂਮਾਹ ਦਾ ਸ਼ੁਰੂਆਤੀ ਦੌਰ ਤਾਂ ਕਾਫੀ ਵਿਸ਼ਿਆਂ ਤੇ ਰੂਪਾਂ ਨੂੰ ਨਾਲ ਲੈ ਕੇ ਚੱਲਿਆ, ਜਿਸ ਕਰਕੇ ਇਸ ਵਿਚ ਰਸ ਤੇ ਸ਼ੈਲੀ ਦੀ ਨਵੀਨਤਾ ਬਰਕਰਾਰ ਰਹੀ ਪਰ ਹੌਲੀ-ਹੌਲੀ ਮੱਧ-ਕਾਲ ਦੌਰਾਨ ਇਹ ਕੇਵਲ ਇਕ ਰਵਾਇਤ ਜਿਹੀ ਬਣ ਕੇ ਰਹਿ ਗਿਆ। ਇਸ ਬਾਰੇ ਪ੍ਰੋ. ਸਾਹਿਬ ਸਿੰਘ ਦੱਸਦੇ ਹਨ ਕਿ “ਢੇਰ ਚਿਰ ਮਗਰੋਂ ਆਧੁਨਿਕ ਪੰਜਾਬੀ ਸਾਹਿਤਕਾਰਾਂ ਨੇ ਫਿਰ ਇਸ ਕਾਵਿ-ਰੂਪ ਦੀ ਸ਼ੈਲੀ ਨੂੰ ਅਪਣਾਇਆ। ਉਨ੍ਹਾਂ ਨੇ ਕੁਝ ਨਵੇਂ ਪ੍ਰਯੋਗਾਂ ਹੇਠ ਬਾਰਹਮਾਹ ਦੀ ਸਿਰਜਣਾ ਕੀਤੀ। ਇਨ੍ਹਾਂ ਨਵੀਨ ਸਾਹਿਤਕਾਰਾਂ ਵਿੱਚੋਂ ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੇ ਰਚੇ ਬਾਰਹਮਾਹ ਵਿਸ਼ੇਸ਼ ਪ੍ਰਸਿੱਧੀ ਦੇ ਹੱਕਦਾਰ ਹਨ।” 15 ਪੱਛਮੀ ਪੰਜਾਬ ਵਿਚ ‘ਮੋਤੀ ਰਾਮ ਦਾ ਚਿੱਠਾ’ ਮਸ਼ਹੂਰ ਰਿਹਾ ਹੈ, ਜੋ ਕਿ ਅੱਜ ਵੀ ਆਮ ਲੋਕਾਂ ਵਿਚ ਗਾਇਆ ਜਾਂਦਾ ਹੈ। ਇਸ ਚਿੱਠੇ ਵਿਚ ਕਵੀ ਆਪਣੀ ਸਾਰੀ ਗੱਲਬਾਤ ਬਾਰ੍ਹਾਂ ਮਹੀਨਿਆਂ ਨੂੰ ਆਧਾਰ ਬਣਾ ਕੇ ਹੀ ਕਰਦਾ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰੰਪਰਾਵਾਦੀ ਇਸ ਕਾਵਿ-ਰੂਪ ਨੇ ਹੁਣ ਤਕ ਸਾਹਿਤ ਤੇ ਆਮ ਲੋਕਾਂ ਵਿਚ ਆਪਣਾ ਚੋਖਾ ਪ੍ਰਭਾਵ ਛੱਡਿਆ ਹੈ।

3. ਸਭਿਆਚਾਰ ਅਤੇ ਬਾਰਹਮਾਹ ਦੀ ਆਪਸੀ ਸਾਂਝ

ਲੋਕ-ਸਾਹਿਤ ਦੀ ਹਰ ਇਕ ਵੰਨਗੀ ਦਾ ਸਭਿਆਚਾਰ ਨਾਲ ਰੂਹ ਅਤੇ ਸਰੀਰ ਵਾਲਾ ਰਿਸ਼ਤਾ ਹੁੰਦਾ ਹੈ। ਦੋਵੇਂ ਇਕ ਦੂਜੇ ਬਿਨਾਂ ਅਧੂਰੇ ਹੁੰਦੇ ਹਨ ਅਤੇ ਇਕ ਦਾ ਦੂਜੇ ਦੇ ਸਾਥ ਬਿਨਾਂ ਆਪਣੀ ਹੋਂਦ ਨੂੰ ਕਾਇਮ ਰੱਖਣਾ ਨਾ-ਮੁਮਕਿਨ ਹੁੰਦਾ ਹੈ। ਸਭਿਆਚਾਰ ਅਤੇ ਬਾਰਹਮਾਹ ਦੇ ਆਪਸੀ ਰਿਸ਼ਤੇ ਬਾਰੇ ਜਾਣਨ ਤੋਂ ਪਹਿਲਾਂ ਸਭਿਆਚਾਰ ਬਾਰੇ ਥੋੜ੍ਹੀ ਜਿਹੀ ਗੱਲ ਕਰ ਲੈਣੀ ਜ਼ਰੂਰੀ ਹੈ। ਬਾਰਹਮਾਹ ਬਾਰੇ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ।“ਭਾਰਤੀ ਸਭਿਆਚਾਰ ਬਹੁ-ਭਾਸ਼ੀ, ਬਹੁ-ਪ੍ਰਾਂਤੀ ਜਾਂ ਬਹੁ-ਕੌਮੀ ਸਭਿਆਚਾਰ ਹੈ ਜਾਂ ਇਉਂ ਕਹਿ ਲਈਏ ਇਹ ਵਿਚਿੱਤਰ ਸਭਿਆਚਾਰਾਂ ਦਾ ਇਕ ਸੰਵਾਦ ਜਾਂ ਇਕੱਠ ਹੈ।”16

ਇਸ ਤਰ੍ਹਾਂ ਇਸ ਬਹੁ ਵਿੱਚੋਂ ਪੰਜਾਬੀ ਸਭਿਆਚਾਰ ਆਪਣੀ ਵਿਸ਼ੇਸ਼ ਤੇ ਆਜ਼ਾਦ ਹਸਤੀ ਵਿਚ ਵਿਚਰਦਾ ਹੋਇਆ ਵਿਲੱਖਣਤਾ ਦਾ ਇਕ ਮੰਜ਼ਰ ਹੈ ਜਿਸ ਬਾਰੇ ਡਾ. ਕੁਲਬੀਰ ਸਿੰਘ (ਕਾਂਗ) ਲਿਖਦੇ ਹਨ, “ਸਭਿਆਚਾਰ, ਸਦੀਆਂ ਦੀ ਸਭਿਅਤਾ ਦੇ ਮੰਥਨ ਤੋਂ ਬਾਅਦ ਪੈਦਾ ਹੋਇਆ ਨਵਨੀਤ (ਮੱਖਣ) ਹੈ। ਜਿਨ੍ਹਾਂ ਤੱਤਾਂ ਨੂੰ ਅਜੋਕੀ ਦੁਨੀਆਂ ਅਪਣਾ ਚੁੱਕੀ ਹੈ ਅਤੇ ਅਪਣਾ ਰਹੀ ਹੈ, ਇਹ ਪ੍ਰਕ੍ਰਮ ਪੰਜਾਬ ਨੇ ਈਸਵੀ ਸਦੀ ਤੋਂ ਕਈ ਹਜ਼ਾਰ ਵਰ੍ਹੇ ਪਹਿਲਾਂ ਪੂਰਾ ਕਰ ਕੇ ਇਕ ਵਿਸ਼ੇਸ਼ ਪ੍ਰਕਾਰ ਦੇ ਸਭਿਆਚਾਰ ਨੂੰ ਜਨਮ ਦਿੱਤਾ ਸੀ। ਯੂਰਪ ਅਮਰੀਕਾ ਦੇ ਦੇਸ਼, ਜਿਸ ਪ੍ਰਾਪਤੀ ਦਾ ਅਭਿਮਾਨ ਕਰ ਰਹੇ ਹਨ, ਉਹ ਸਭਿਅਤਾ ਵਧੇਰੇ ਹੈ, ਸਭਿਆਚਾਰ ਘੱਟ ਹੈ।”17 ਇਸ ਕਰਕੇ ਸਭਿਆਚਾਰ ਤੇ ਸਭਿਅਤਾ ਆਪਣੀ ਵਿਸ਼ੇਸ਼ ਹਸਤੀ ਨਾਲ ਵਿਚਰਦੇ ਹਨ ਜਿਨ੍ਹਾਂ ਵਿਚ ਡਾਢਾ ਅੰਤਰ ਜਾਪਦਾ ਹੈ। ਇਸ ਬਾਰੇ ਸ. ਹਰਿਸਿਮਰਨ ਸਿੰਘ ਕਹਿੰਦੇ ਹਨ ਕਿ “ਸਭਿਆਚਾਰ ਅਤੇ ਸਭਿਅਤਾ ਆਪਣੀ-ਆਪਣੀ ਥਾਂ ਉੱਤੇ ਆਜ਼ਾਦ ਹੋਂਦ ਰੱਖਦੇ ਹੋਏ ਇਕ ਦੂਜੇ ਦੇ ਪੂਰਕ ਸੰਕਲਪ ਅਤੇ ਅਮਲ ਹਨ ਜਿਨ੍ਹਾਂ ਨੂੰ ਸਮਝਣਾ ਅਤੀ ਜ਼ਰੂਰੀ ਹੈ।”18

ਪੰਜਾਬੀ ਸਭਿਆਚਾਰ ਕਾਦਰ ਦੇ ਪਿਆਰੇ ਦਰਵੇਸ਼ਾਂ ਤੇ ਗੁਰੂਆਂ ਦੀ ਰੂਹਾਨੀ ਤਬੀਅਤ ਦੇ ਅਨੰਤ ਝਲਕਾਰਿਆਂ ਅਤੇ ਸ਼ਾਂਤ ਯੋਧਿਆਂ ਦੇ ਅਸਚਰਜ ਬਾਹੂ-ਬਲ ਦੇ ਅਸੀਮ ਰੰਗਾਂ ਨੂੰ ਆਪਣੇ ਕਲਾਵੇ ਵਿਚ ਸਮੇਟੀ ਬੈਠਾ ਹੈ ਜਿਸ ਵਿਚ ਸਮੁੰਦਰ ਦੇ ਕੁਬੇਰ ਭਾਂਤੀ ਇੰਨਾ ਖਜ਼ਾਨਾ ਖਿੱਲਰਿਆ ਹੈ, ਜੋ ਕਿ ਕਿਸੇ ਪੰਡ ’ਚ ਬੰਨ੍ਹਣਾ ਨਿਰੀ ਮੂਰਖਤਾਈ ਤੋਂ ਵਧੇਰੇ ਕੁਝ ਨਹੀਂ, ਜਿਸ ਵਿਚ ਸਾਹਿਤ ਇਕ ਸੱਜੀ ਬਾਂਹ ਦੇ ਅੰਗ ਵਾਂਗੂੰ ਬਣ ਕੇ ਵਿਚਰਦਾ ਹੈ। ਜਿੱਥੋਂ ਤਕ ਬਾਰਹਮਾਹ ਦਾ ਸਵਾਲ ਹੈ, ਉਹ ਕਾਫ਼ੀ ਮਹੱਤਵਪੂਰਨ ਹੈ। ਸਭਿਆਚਾਰ ਆਮ ਤੋਂ ਖਾਸ ਜਨ ਦੇ ਸਾਹ ਲੈਣ ਤੋਂ ਉਸ ਦੇ ਜੀਣ-ਥੀਣ ਦੇ ਸਾਰੇ ਕੰਮਾਂ ਨੂੰ ਗੋਦੀ ਚੁੱਕ ਘੁੰਮਦਾ ਹੈ ਅਤੇ ਬਾਰਹਮਾਹ ਝੋਲੀ ’ਚ ਪਾਏ ਨਿਆਣੇ ਨੂੰ ਹੁਲਾਰਾ ਦੇਣ ਵਾਂਗ ਵਿਚਰਦਾ ਨਜ਼ਰੀਂ ਪੈਂਦਾ ਹੈ। ਹਰ ਕਾਲ ਵਿਚ ਵਿਚਰਦਾ ਕਵੀ ਲੋਕ- ਸੁਭਾਵਾਂ ਤੇ ਲੋਕ-ਚੇਤਿਆਂ ਦੀ ਤਰਜਮਾਨੀ ਕਰਦਾ ਹੈ ਜਿਸ ਨੂੰ ਉਹ ਵੱਖ-ਵੱਖ ਕਾਵਿ-ਰੂਪਾਂ ਰਾਹੀਂ ਪੇਸ਼ ਕਰਨ ਦਾ ਯਤਨ ਕਰਦਾ ਹੈ ਪਰ ਫਿਰ ਵੀ ਖਾਸ ਕਾਵਿ-ਰੂਪ ਖਾਸ ਵਿਸ਼ਿਆਂ ਦੀ ਅਗਵਾਈ ਕਰਦੇ ਹਨ ਜਿਨ੍ਹਾਂ ’ਚੋਂ ਇਕ ਬਾਰਹਮਾਹ ਹੈ, ਜੋ ਕਿ ਸਭਿਆਚਾਰ ’ਚ ਖਿੱਲਰੇ ਬੇਸ਼ਕੀਮਤੀ ਮੋਤੀਆਂ ਨੂੰ ਕੁਦਰਤ ਦੇ ਨਜ਼ਾਰਿਆਂ ਦੀ ਗੋਂਦ ’ਚ ਗੁੰਦ ਕੇ ਖ਼ੂਬਸੂਰਤ ਫੁੱਲਾਂ ਦੀ ਮਾਲਾ ਦੀ ਤਰ੍ਹਾਂ ਪੇਸ਼ ਕਰਨ ਦਾ ਡਾਢਾ ਯਤਨ ਕਰਦਾ ਹੈ ਜਿਸ ਵਿਚ ਉਹ ਆਪਣੀ ਸਮਝ, ਅਨੁਭਵ ਅਤੇ ਆਪਾ ਭੇਟ ਕਰ ਦਿੰਦਾ ਹੈ। ਇਸੇ ਕਰਕੇ ਪ੍ਰੋ. ਪਿਆਰਾ ਸਿੰਘ ਪਦਮ ਕਹਿੰਦੇ ਹਨ ਕਿ “ਇਹ ਕਾਵਿ-ਰੂਪ ਵਿਸ਼ੇਸ਼ ਕਰਕੇ ਮਹੀਨਿਆਂ ਦੇ ਮੁਤਾਬਿਕ ਬਦਲਦੇ ਪ੍ਰਕਿਰਤੀ ਰੰਗਾਂ ਦੇ ਆਧਾਰ ’ਤੇ ਬਿਰਹੁੰ ਦੀਆਂ ਸੁਰਾਂ ਛੇੜਦਾ, ਅੰਤ ਮਿਲਾਪ ਦਾ ਨਗਮਾ ਗਾਉਂਦਾ ਹੈ। ਇਸ ਦਾ ਤਾਣਾ-ਪੇਟਾ ਵਧੇਰੇ ਬਿਰਹੁੰ ਵਿਯੋਗ ਦਾ ਹੁੰਦਾ ਹੈ, ਅੰਤ ਕੱਪੜਾ ਸੰਜੋਗ ਦਾ ਬੁਣਿਆ ਜਾਂਦਾ ਹੈ।”19 ਇਸ ਤਰ੍ਹਾਂ ਕੁਦਰਤ ਦੇ ਸੁਰ ਵਿਚ ਸਭਿਆਚਾਰ ਅਤੇ ਬਾਰਾਂਮਾਹ ਦੀ ਆਪਸੀ ਸਾਂਝ ਡੂੰਘੇਰੀ ਤੇ ਪਕੇਰੀ ਹੋ ਨਿੱਬੜਦੀ ਹੈ।

4. ‘ਬਾਰਹ ਮਾਹਾ ਮਾਂਝ’ ਦਾ ਸਾਹਿਤਕ ਪੱਖ

“ਪੰਜਾਬੀ ਸਾਹਿਤ ਦੇ ਹਰੇ-ਭਰੇ ਬਾਗ ਵਿਚ ਬਾਰਾਂਮਾਹ ਇਕ ਅਜਿਹਾ ਬੂਟਾ ਹੈ ਜਿਹੜਾ ਆਦਿ-ਕਾਲ ਤੋਂ ਲੈ ਕੇ ਅੱਜ ਤਕ ਨਿਰੰਤਰ ਵਧ-ਫੁਲ ਰਿਹਾ ਹੈ।”20 ਕੁਝ ਕਾਵਿ-ਰੂਪਾਂ ਦੀ ਖ਼ੁਸ਼ਕਿਸਮਤੀ ਹੁੰਦੀ ਹੈ ਕਿ ਉਨ੍ਹਾਂ ਨੂੰ ਆਮ ਸਾਹਿਤ ਤੋਂ ਲੈ ਕੇ ਅਧਿਆਤਮਕ ਸਾਹਿਤ ਵਿਚ ਵਿਸ਼ੇਸ਼ ਸਥਾਨ ਮਿਲ ਜਾਂਦਾ ਹੈ। ਅਜਿਹਾ ਹੀ ਬਾਰਾਂਮਾਹ ਨਾਲ ਹੋਇਆ ਹੈ। ਜਿੱਥੋਂ ਤਕ ਗੁਰਬਾਣੀ ਦਾ ਸੰਬੰਧ ਹੈ, ਗੁਰਬਾਣੀ ਗੂੜ੍ਹ ਰਹੱਸ ਦਾ ਵਿਸ਼ਾ ਹੈ। ਜਿਸ ਨੂੰ ਸਿਰਫ ਅਕਲ ਦੇ ਨਾਲ ਸਮਝਣਾ ਜ਼ਾਇਜ਼ ਨਹੀਂ ਕਿਉਂਕਿ ਉੱਚ ਰੂਹਾਂ ਦੁਆਰਾ ਆਤਮਿਕ ਮੰਡਲਾਂ ਦੇ ਸਿਖਰਾਂ ’ਤੇ ਜਾ ਕੇ ਲਿਖੀਆਂ ਗੱਲਾਂ ਨੂੰ ਸਹਿਜੇ ਸਮਝ ਲੈਣਾ ਸੌਖਾ ਨਹੀਂ। ਇਸੇ ਕਰਕੇ ਪ੍ਰੋ. ਪੂਰਨ ਸਿੰਘ ਆਪਣੀ ਅੰਗਰੇਜ਼ੀ ਦੀ ਇਕ ਕਵਿਤਾ ਵਿਚ ਲਿਖਦੇ ਹਨ, ਜਿਸ ਦਾ ਪੰਜਾਬੀ ਅਨੁਵਾਦ ਲਿਖ ਰਹੇ ਹਾਂ :

“ਗੁਰੂ ਦਾ ਮਾਰਗ ਪੰਛੀਆਂ ਦੇ ਮਾਰਗ ਸਮਾਨ ਹੈ। ਹਰ ਕਿਸੇ ਨੂੰ ਮਾਰਗ ਰਹਿਤ ਆਕਾਸ਼ ਵਿਚ ਆਪਣੇ ਖੰਭਾਂ ਅਨੁਸਾਰ ਆਪ ਉਡਾਰੀ ਮਾਰਨੀ ਪੈਂਦੀ ਹੈ।”21

ਸੋ, ਇਹ ਉਡਾਰੀ ਬਿਨਾਂ ਅਨੁਭਵ ਖ਼ਤਰਨਾਕ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਰਹ ਮਾਹਾ ਦੇ ਸਾਹਿਤਕ ਪੱਖ ’ਤੇ ਪੰਛੀ-ਝਾਤ ਮਾਰਨ ਤੋਂ ਪਹਿਲਾਂ ਨਿਰੋਲ ਬਾਰਹ ਮਾਹਾ ਦੇ ਸਾਹਿਤਕ ਪੱਖ ’ਤੇ ਇਕ ਉੱਡਦੀ ਨਜ਼ਰ ਮਾਰੀ ਜਾਵੇ। ਬਾਰਹ ਮਾਹਾ ਦੇ ਵਰਗੀਕਰਣ ਦੇ ਸੰਬੰਧ ਵਿਚ ਡਾ. ਅੰਮ੍ਰਿਤ ਲਾਲ ਪਾਲ ਕਹਿੰਦੇ ਹਨ ਕਿ “ਇਸ ਵਿਚ ਕੋਈ ਸੰਦੇਹ ਨਹੀਂ ਹੈ ਕਿ ਪੰਜਾਬੀ ਬਾਰਾਂਮਾਹ ਦਾ ਵਰਗੀਕਰਣ ਕਰਨਾ ਇਕ ਜਟਿਲ ਸਮੱਸਿਆ ਹੈ ਕਿਉਂਕਿ ਪੰਜਾਬੀ ਬਾਰਾਂਮਾਹ ਇਕ ਮਿਸ਼ਰਤ ਕਾਵਿ-ਰੂਪ ਹੈ। ਲਗਭਗ ਹਰ ਇਕ ਬਾਰਾਂਮਾਹ ਵਿਚ ਇਕ ਤੋਂ ਵੱਧ ਵਿਸ਼ੇ ਮਿਲ ਜਾਂਦੇ ਹਨ।”22 ਜਿੱਥੋਂ ਤਕ ਵਿਸ਼ੇ ਦੀ ਗੱਲ ਹੈ ਮੂਲ ਤੌਰ ’ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਬਾਰਾਂਮਾਹ ਦਾ ਵਿਸ਼ਾ ਬਿਰਹਾ ਦੀ ਕਸਕ ਹੈ। “ਇਹ ਬਾਰਾਂਮਾਹ ਕਾਵਿ ਦੀ ਖ਼ੁਸ਼ਕਿਸਮਤੀ ਹੈ ਕਿ ਇਸ ਨੂੰ ਪ੍ਰੀਤ-ਵੇਦਨਾ ਯਾ ਬਿਰਹਾ ਜੇਹਾ ਵਿਸ਼ਾ ਮਿਲਿਆ, ਇਸੇ ਆਸਰੇ ਇਹ ਰੋਮਾਂਟਿਕ ਕਾਵਿ-ਧਾਰਾ ਵਿਚ ਇਕ ਵਿਸ਼ੇਸ਼ ਦਰਜਾ ਰੱਖਦਾ ਹੈ।” 23

ਰੋਮਾਂਸਵਾਦ ਵਿਚ ਵੀ ਬਿਰਹਾ ਹੀ ਭਾਰੂ ਹੈ, ਜਿਸ ਕਰਕੇ ਇਸ ਬਿਨਾਂ ਸਾਹਿਤਕ ਰਚਨਾ ਦੀ ਸਫ਼ਲਤਾ ਦੇ ਆਸਾਰ ਬਦਲ ਜਾਂਦੇ ਹਨ। ਕਵਿਤਾ ਦੇ ਕਾਵਿ-ਰੂਪਾਂ ’ਚ ਵਿਛੋੜੇ ਦੀ ਤੜਪ ਤੇ ਬਿਰਹਾ ਦੀ ਕਸਕ ਬਿਨਾਂ ਖਾਲੀਪਣ ਮਹਿਸੂਸ ਹੁੰਦਾ ਹੈ। “ਕਵਿਤਾ ਰਾਣੀ ਦੀ ਕੁਦਰਤ ਅਤੇ ਮੁਹੱਬਤ ਨਾਲ ਦੋਸਤੀ ਜੁਗਾਂ-ਜੁਗਾਂ ਦੀ ਹੈ। ਕਿਤੇ ਇਸ ਦਾ ਜੀਵਨ-ਆਧਾਰ ਪ੍ਰਕਿਰਤੀ-ਚਿਤਰਨ ਬਣਦਾ ਹੈ ਤੇ ਕਿਧਰੇ ਪ੍ਰੀਤ-ਚਿਤਰਨ। ਪ੍ਰੰਤੂ ਬਾਰਾਂਮਾਹ ਕਾਵਿ-ਰੂਪ ਐਸਾ ਹੈ ਜਿੱਥੇ ਕਵਿਤਾ ਨੂੰ ਕੁਦਰਤ ਤੇ ਮੁਹੱਬਤ ਦੀ ਦੇਵੀ ਦੋਵੇਂ ਕਲਿੰਗੜੀ ਪਾ ਕੇ ਮਿਲਦੀਆਂ ਹਨ ਤੇ ਅਜਿਹਾ ਰੋਮਾਂਸ ਭਰਿਆ ਸਹਿਗਾਨ ਛੇੜਦੀਆਂ ਹਨ ਜੋ ਬਾਰਾਂ ਮਹੀਨਿਆਂ ਦੇ ਪ੍ਰਕਿਰਤੀ ਰੰਗਾਂ ਦੇ ਆਧਾਰ ’ਤੇ ਬਿਰਹੁੰ ਦੀਆਂ ਸੁਰਾਂ ਛੇੜਦਾ ਹੋਇਆ ਮਿਲਾਪ ਦਾ ਨਗ਼ਮਾ ਗਾਉਂਦਾ ਹੈ।”24 ਬਿਰਹਾ ਦੇ ਪੈਦਾ ਹੋਣ ਦਾ ਕਾਰਨ ਕਿਸੇ ਆਪਣੇ ਤੋਂ ਵਿਛੋੜਾ ਹੈ, ਜਿਸ ਦੇ ਵਾਸਤੇ ਮਨ ਉੱਡਿਆ-ਉੱਡਿਆ ਰਹਿੰਦਾ ਹੈ। ਪਰ ਬਾਰਾਂਮਾਹ ਨਿਰਾ ਵਿਛੋੜੇ ਦਾ ਵਰਣਨ ਨਹੀਂ ਕਰਦਾ ਬਲਕਿ ਵਿਛੋੜੇ ’ਚ ਤੜਪਣ ਵਾਲੀ ਰੂਹ ਨੂੰ ਮਿਲਾਪ ਦੀ ਅਵਸਥਾ ਤਕ ਲੈ ਕੇ ਜਾਂਦਾ ਹੈ। “ਮਿਲਾਪ ਬਾਰਾਂਮਾਹ ਦਾ ਇਕ ਹੋਰ ਮਹੱਤਵਪੂਰਨ ਲੱਛਣ ਹੈ ਜਿਸ ਤੋਂ ਬਿਨਾਂ ਬਾਰਾਂਮਾਹ ਹੋਂਦ ’ਚ ਨਹੀਂ ਆ ਸਕਦਾ।”25 ਜਿਸ ਤਰ੍ਹਾਂ ਹਰ ਇਕ ਸ਼ੈਅ ਦੇ ਲੱਛਣ ਉਸ ਦੀ ਮਹੱਤਤਾ ਉਜਾਗਰ ਕਰਦੇ ਹਨ, ਉਸੇ ਤਰ੍ਹਾਂ ਹੀ ਕਾਵਿ-ਰੂਪ ਹਨ ਜਿਨ੍ਹਾਂ ਦੇ ਲੱਛਣਾਂ ’ਚ ਉਨ੍ਹਾਂ ਦਾ ਪ੍ਰਭਾਵ ਹੁੰਦਾ ਹੈ। ਡਾ. ਮਹਿੰਦਰ ਕੌਰ (ਗਿੱਲ) ਬਾਰਾਂਮਾਹ ਦਾ ਵਿਸ਼ਲੇਸ਼ਣ ਕਰਦੇ ਹੋਏ ਕਹਿੰਦੇ ਹਨ ਕਿ “ਬਾਰਾਂਮਾਹ ਨੂੰ ਦੂਹਰੇ ਭਾਵ ਵਾਲੀ ਰਚਨਾ ਵੀ ਕਿਹਾ ਜਾ ਸਕਦਾ ਹੈ। ਬਾਰਾਂ ਮਹੀਨਿਆਂ ਦੇ ਬਾਹਰੀ ਵਾਤਾਵਰਣ ਨੂੰ ਇਕ ਰੂਪਕ ਦੇ ਤੌਰ ਉੱਤੇ ਵਰਤ ਕੇ ਸਾਧਕ ਦੇ ਅੰਤ੍ਰੀਵ ਮਨ ਵਿਚ ਝਾਤ ਪੁਆਈ ਗਈ ਹੈ।”26 ਅੱਗੇ ਜਾ ਕੇ ਉਹ ਵੰਨਗੀਆਂ ਬਾਰੇ ਲਿਖਦੇ ਹਨ ਕਿ “ਕਾਵਿ-ਵੰਨਗੀ ਦੇ ਤੌਰ ’ਤੇ ਬਾਰਾਂਮਾਹ ਪ੍ਰਗੀਤ ਕਰਕੇ ਸਵੀਕਾਰਿਆ ਗਿਆ ਹੈ। ਪ੍ਰਗੀਤ ਦੀ ਆਪਣੀ ਨਿੱਜੀ ਵਿਲੱਖਣਤਾ ਹੀ ਇਹ ਹੈ ਕਿ ਇਹ ਨਿੱਜ-ਪੀੜਾ ਤੋਂ ਅਰੰਭ ਹੋ ਕੇ ਨਿੱਜ-ਮੁਕਤ ਹੋ ਜਾਂਦਾ ਹੈ।”27

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰਮੁਖੀ (ਪੰਜਾਬੀ) ’ਚ ਦੂਸਰਾ ਬਾਰਹਮਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਮਿਲਦਾ ਹੈ। ਗੁਰਬਾਣੀ ਪੜ੍ਹਦਿਆਂ ਇਕ ਗੱਲ ਦਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਗੁਰਬਾਣੀ ਵਿਚਲੇ ਕਾਵਿ-ਰੂਪਾਂ ਨੂੰ ਗੁਰੂ ਸਾਹਿਬ ਨੇ ਗੁਰਮਤਿ ਦਰਸ਼ਨ ਅਤੇ ਸਿਧਾਂਤਾਂ ਦੇ ਅਨੁਰੂਪ ਵਰਤਿਆ ਹੈ ਜਿਸ ਬਾਰੇ ਡਾ. ਅੰਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ “ਗੁਰਬਾਣੀ ਵਿਚ ਲੋਕ-ਕਾਵਿ-ਰੂਪ/ਗਾਇਨ ਰੂਪ ਦੇ ਪ੍ਰਚਲਿਤ ਪ੍ਰਯੋਗ ਦਾ ਤਿਆਗ ਕਰ ਕੇ ਇਨ੍ਹਾਂ ਨੂੰ ਬਾਣੀ-ਪ੍ਰਬੰਧ ਦੇ ਅਨੁਸਾਰੀ ਬਣਾਇਆ ਗਿਆ ਹੈ। ਇਹ ਜਿੱਥੇ ਲੋਕ-ਮਾਨਸਿਕਤਾ ਨਾਲ ਜੁੜੇ ਹੋਏ ਹਨ ਉਥੇ ਗੁਰਬਾਣੀ ਦੇ ਸੰਦੇਸ਼ ਵਾਹਕ ਵੀ ਹਨ।”28 ਇਸ ਤਰ੍ਹਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਜਿੱਥੇ ਪੁਰਾਣੇ ਕਾਵਿ-ਰੂਪਾਂ ਨੂੰ ਨਵਾਂ ਵਿਸ਼ਾ, ਨਵੀਂ ਦਿਸ਼ਾ ਅਤੇ ਨਵੇਂ ਭਾਵ ਦਿੱਤੇ, ਉੱਥੇ ਬਹੁਤ ਸਾਰੇ ਨਵੇਂ ਕਾਵਿ-ਰੂਪ ਵੀ ਘੜੇ।

ਗੁਰੂ ਸਾਹਿਬ ਦੁਆਰਾ ਬਾਰਹਮਾਹ ਦੀ ਰਚਨਾ ਇਕ ਅਨਮੋਲ ਕਿਰਤ ਹੋ ਨਿੱਬੜੀ ਹੈ। ਵੱਡੀ ਗੱਲ ਗੁਰੂ ਸਾਹਿਬ ਨੇ ਬਾਰਹਮਾਹ ਦੀ ਰਚਨਾ ਮਾਝ ਜਿਹੇ ਰਾਗ ਵਿਚ ਕੀਤੀ। “ਇਸ ਰਾਗ ਨੂੰ ਦਰਦ ਅਤੇ ਵੇਦਨਾ ਦਾ ਰਾਗ ਮੰਨਿਆ ਜਾਂਦਾ ਹੈ। ਸਿਰੀਰਾਗੁ ਤੋਂ ਬਾਅਦ ਮਾਝ ਦੂਸਰਾ ਮੁੱਖ ਰਾਗ ਹੈ।”29 ਬਾਰਹ ਮਾਹਾ ਮਾਝ ਜਿੱਥੇ ਸਾਹਿਤ ਦੇ ਵਿਸ਼ੇਸ਼ ਗੁਣਾਂ ਨੂੰ ਗਲਵਕੜੀ ਪਾਈ ਬੈਠਾ ਹੈ, ਉੱਥੇ ਇਹ ਅਧਿਆਤਮਕਤਾ ਦੇ ਉੱਚੇ ਪਹਾੜਾਂ ਦੇ ਸਿਖਰ ’ਤੇ ਬੈਠਾ ਵਿਖਾਈ ਦਿੰਦਾ ਹੈ। “ਬਾਰਹ ਮਾਹਾ ਮਾਂਝ, ਦਰਸ਼ਨ ਅਤੇ ਕਾਵਿ, ਰਹੱਸ ਅਤੇ ਕੁਦਰਤ ਦਾ ਇਕ ਬਿਹਤਰੀਨ ਨਮੂਨਾ ਹੈ।”30 ਬਾਰਹ ਮਾਹਾ ਮਾਂਝ ਬੋਲੀ, ਸ਼ੈਲੀ, ਅਲੰਕਾਰ, ਰਸ, ਚਿੰਨ੍ਹ-ਵਿਧਾਨ ਅਤੇ ਬਿੰਬ-ਵਿਧਾਨ ਦੀ ਇਕ ਸੁਹਜ ਕ੍ਰਿਤ ਹੈ। ਬਾਰਹ ਮਾਹਾ ਮਾਂਝ ਕੁੱਲ ਚੌਦਾਂ ਪਦਿਆਂ ਦੀ ਬਾਣੀ ਹੈ। “ਇਸ ਦੇ ਪਹਿਲੇ ਅਤੇ ਤੇਰ੍ਹਵੇਂ ਪਦਿਆਂ ਦੀਆਂ ਦਸ-ਦਸ ਤੁਕਾਂ ਹਨ, ਚੌਦ੍ਹਵੇਂ ਪਦੇ ਦੀਆਂ ਅੱਠ ਤੁਕਾਂ ਹਨ ਅਤੇ ਬਾਕੀ ਸਾਰੇ ਨੌਂ-ਨੌਂ ਤੁਕਾਂ ਦੇ ਹਨ।”31 ਭਾਸ਼ਾ ਦੇ ਪੱਖੋਂ ਕਿਤੇ-ਕਿਤੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਗੂੜ੍ਹ ਗਿਆਨ ਦੀਆਂ ਗੱਲਾਂ ਕਰ ਕੇ ਕੁਝ ਸ਼ਬਦ ਆਮ ਸਮਝ ਤੋਂ ਉੱਚੇ ਹੋ ਜਾਂਦੇ ਹਨ ਜਿਸ ਕਰਕੇ ‘ਇਸ ਦੀ ਭਾਸ਼ਾ ਸਾਧ-ਭਾਖਾਈ ਪ੍ਰਭਾਵ ਵਾਲੀ ਪੂਰਬੀ ਪੰਜਾਬੀ ਹੈ। ਅਰਬੀ-ਫ਼ਾਰਸੀ ਸ਼ਬਦਾਵਲੀ ਦੀ ਵਰਤੋਂ ਬਹੁਤ ਘੱਟ ਹੈ। ਚੰਗੇ ਕਰਮਾਂ ਲਈ ਪ੍ਰੇਰਨਾ ਦੇਣਾ ਇਸ ਬਾਣੀ ਦਾ ਮੂਲ ਆਸ਼ਾ ਹੈ।”32 ਸ੍ਰੀ ਗੁਰੂ ਅਰਜਨ ਦੇਵ ਜੀ ਆਮ ਪੱਧਰ ਤੋਂ ਭਲੀ-ਭਾਂਤ ਜਾਣੂ ਸਨ। ਇਸੇ ਕਰਕੇ ਉਨ੍ਹਾਂ ਨੇ ਜਿਹੜੀਆਂ ਬਾਣੀਆਂ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ, ਉਹ ਅੱਜ ਲੋਕ-ਚੇਤਿਆਂ ’ਚ ਵਸ ਗਈਆਂ ਹਨ। ਇਸੇ ਕਰਕੇ “ਗੁਰੂ ਅਰਜਨ ਦੇਵ ਜੀ ਦੀਆਂ ਕਈ ਪੰਗਤੀਆਂ ਅਖੌਤਾਂ ਦਾ ਰੂਪ ਧਾਰਨ ਕਰ ਗਈਆਂ ਹਨ। ਜਿਵੇਂ ‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ’, ‘ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ’, ‘ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ’, ‘ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ’।”33 ਧਰਮ ਜਿਹੇ ਗੂੜ੍ਹ-ਰਹੱਸ ਵਿਸ਼ੇ ਨੂੰ ਆਮ ਭਾਸ਼ਾ ’ਚ ਸਮਝਾਉਣਾ ਸੌਖਾ ਨਹੀਂ ਹੁੰਦਾ, ਇਸ ਲਈ ਕਿਤੇ ਧਰਮ ਗੁਰੂਆਂ ਨੂੰ ਕੁਝ ਸ਼ਬਦ ਜੋ ਕਿ ਆਮ ਤੌਰ ’ਤੇ ਨਹੀਂ ਵਰਤੇ ਜਾਂਦੇ ਵਰਤਣੇ ਪੈਂਦੇ ਹਨ। ਇਸੇ ਕਰਕੇ ਬਾਰਹ ਮਾਹਾ ਮਾਂਝ ਦੀ ਭਾਸ਼ਾ ਪ੍ਰਤੀ ਡਾ. ਗੁਰਸ਼ਰਨ ਕੌਰ (ਜੱਗੀ) ਕਹਿੰਦੇ ਹਨ ਕਿ “ਜੀਵਨ-ਦਰਸ਼ਨ ਨੂੰ ਉਘਾੜਨ ਕਾਰਣ ਭਾਸ਼ਾ ਜਨ ਸਾਧਾਰਨ ਤੋਂ ਥੋੜ੍ਹੀ ਉੱਚੀ ਹੋ ਗਈ ਹੈ। ਉਪਦੇਸ਼ ਦੀ ਪ੍ਰਧਾਨਤਾ ਹੋਣ ਕਾਰਣ ਚੰਗੇ ਕਰਮਾਂ ਉਤੇ ਬਲ ਦਿੱਤਾ ਗਿਆ ਹੈ। ਪੰਜਾਬੀ ਬਾਰਹਮਾਹ ਦੀ ਪਰੰਪਰਾ ਵਿਚ ਇਹ ਇਕ ਮਹੱਤਵਪੂਰਨ ਉਪਦੇਸ਼ਾਤਮਕ ਰਚਨਾ ਹੈ।”34

ਬਾਰਹਮਾਹ ਨੂੰ ਆਮ ਤੌਰ ’ਤੇ ਭਾਰਤੀ ਸਾਹਿਤ ਵਿਚ ਪ੍ਰਚਲਿਤ ਖਟ-ਰਿਤੂ ਵਰਣਨ ਨੂੰ ਆਧਾਰ ਮੰਨਿਆ ਜਾਂਦਾ ਹੈ ਜਿਸ ਕਰਕੇ ਕਾਵਿ-ਰਚਨਾ ਦੇ ਵਿਸ਼ੇ ਵੱਲ ਧਿਆਨ ਦੇਣਾ ਜ਼ਰੂਰੀ ਬਣਦਾ ਹੈ। “ਭਾਵੇਂ ਛੇ ਰੁਤਾਂ ਵਾਂਗ ਹੀ ਬਾਰਾਂ ਮਹੀਨਿਆਂ ਦਾ ਅੱਡੋ-ਅੱਡ ਵਰਣਨ ਬਾਰਾਂਮਾਹ ਦਾ ਆਧਾਰ ਬਣਿਆ ਪਰ ਇਕ ਅੰਤਰ ਹੋਰ ਵਾਪਰਿਆ। ਉਹ ਸੀ ਵਿਸ਼ੇ ਪੱਖ ਦਾ। ਵਿਸ਼ੇ ਪੱਖੋਂ ਖਟ-ਰਿਤੂ ਵਰਣਨ ਵਿਚ ਖੁਸ਼ੀ/ ਮੰਗਲ ਦੀ ਵਧੇਰੇ ਚਰਚਾ ਹੁੰਦੀ ਸੀ, ਜਦ ਕਿ ਬਾਰਾਂਮਾਹ ਵਿਚ ਬਿਰਹੋਂ ਦੀ। ਇਹ ਵੱਖਰੀ ਗੱਲ ਹੈ ਕਿ ਬਿਰਹੋਂ ਦੇ ਦੁੱਖਾਂ ਤੇ ਤੜਪ ਦਾ 11 ਮਹੀਨੇ ਵਿਚ ਚਿਤਰਨ ਕਰਨ ਉਪਰੰਤ ਅੰਤਲੇ ਮਹੀਨੇ ਵਿਚ ਖੁਸ਼ੀਆਂ ਦਾ ਚੰਨ ਚੜ੍ਹਦਾ ਦਿਸਦਾ ਹੈ।”35 ਗੁਰਬਾਣੀ ਵਿਚ ਸਮੁੱਚੇ ਤੌਰ ’ਤੇ ਇਹੀ ਜ਼ੋਰ ਹੈ ਕਿ ਆਮ ਜਨ ਨੂੰ ਸੰਕੇਤਾਂ ਰਾਹੀਂ ਇਲਾਹੀ ਜੁਗਤ ਸਮਝਾਈ ਜਾਵੇ ਅਤੇ ਇਹੀ ਯਤਨ ਬਾਰਹ ਮਾਹਾ ਮਾਂਝ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ। ਇਸੇ ਕਰਕੇ ਡਾ. ਰਤਨ ਸਿੰਘ (ਜੱਗੀ) ਕਹਿੰਦੇ ਹਨ ਕਿ “ਮਾਝ ਰਾਗ ਵਿਚ ਦਰਜ ਚੌਦਾਂ ਪਦਿਆਂ ਦੀ ਇਸ ਰਚਨਾ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਰਤ-ਕਰਮਾਂ ਕਰਕੇ ਪਰਮਾਤਮਾ ਤੋਂ ਵਿਛੜੇ ਹੋਏ ਵਿਅਕਤੀ ਦੀ ਅਵਸਥਾ 12 ਮਹੀਨਿਆਂ ਦੇ ਸੰਦਰਭ ਵਿਚ ਦੱਸੀ ਹੈ ਅਤੇ ਅੰਤਿਮ ਮਹੀਨੇ ਵਿਚ ਸੰਜੋਗ-ਸੁਖ ਦੀ ਅਵਸਥਾ ਵੱਲ ਸੰਕੇਤ ਕੀਤਾ ਹੈ।”37 ਇਸੇ ਕਰਕੇ “ਪੰਜਾਬ ਕੀ, ਭਾਰਤ ਤੋਂ ਵੀ ਪਰ੍ਹੇ, ਸਾਰੇ ਸੰਸਾਰ ਦੇ ਗੁਰਦੁਆਰਿਆਂ ਵਿਚ, ਹਰ ਸੰਗਰਾਂਦ ਦੇ ਅਵਸਰ ’ਤੇ ਇਹੀ ਬਾਣੀ ਪੜ੍ਹੀ ਜਾਂਦੀ ਹੈ।”38

‘ਬਾਰਹ ਮਾਹਾ ਮਾਂਝ’ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਇਲਾਹੀ ਰੰਗਾਂ ਨੂੰ ਕੁਦਰਤ ਵਿਚ ਸਿਮਟੇ ਹੋਏ ਦਿਖਾਉਂਦੇ ਹਨ ਜਿਨ੍ਹਾਂ ਬਾਰੇ ਲੋਕ ਅਣਜਾਣ ਹੋਏ ਬੈਠੇ ਹਨ। ਗੁਰੂ ਸਾਹਿਬ ਨੇ ਮਹੀਨੇ ਵਾਰ ਮਹੀਨੇ ਵਿਚਲੇ ਦਿਨਾਂ ’ਤੇ ਕੁਦਰਤ ਦੇ ਪ੍ਰਭਾਵ ਨੂੰ ਪ੍ਰਭੂ-ਪ੍ਰਾਪਤੀ ਦੇ ਆਸ਼ੇ ਵਾਸਤੇ ਵਰਤਣ ’ਤੇ ਜ਼ੋਰ ਦਿੱਤਾ ਹੈ। ਭਾਵੇਂ ਸਮੁੱਚੀ ਗੁਰਬਾਣੀ ਦਾ ਮੂਲ ਆਸ਼ਾ ਇੱਕੋ ਹੀ ਹੈ ਪਰ ਇਹ ਕੋਸ਼ਿਸ਼ ਹੈ ਕਿ ਹਰ ਤਰ੍ਹਾਂ ਦੀ ਬੁੱਧੀ ਵਾਲੇ ਜੀਵ ਨੂੰ ਸਮਝਾਉਣ ਵਾਸਤੇ ਸਹਿਜ ਤੋਂ ਸਹਿਜ ਢੰਗ ਵਰਤੇ ਗਏ ਹਨ। ‘ਪ੍ਰੇਮਾਤਮਕ ਅਤੇ ਉਪਦੇਸ਼ਾਤਮਕ ਗੁਰੂ ਨਾਨਕ ਸਾਹਿਬ ਰਚਿਤ ਤੁਖਾਰੀ ਬਾਰਹ ਮਾਹਾ ਜਿੱਥੇ ਅਧਿਆਤਮਕ ਪ੍ਰੇਮ, ਕਲਾਤਮਕ ਸੁਹਜ ਤੇ “ਪ੍ਰਕਿਰਤਕ ਸੁੰਦਰਤਾ ਦਾ ਸੰਗਮ ਹੈ, ਉਥੇ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ‘ਮਾਂਝ’ ਬਾਰਹ ਮਾਹਾ ਉਪਦੇਸ਼ ਪ੍ਰਧਾਨ ਹੈ।”39 ਇਸ ਲਈ ਜੀਵ-ਆਤਮਾ ਲਈ ਜ਼ਰੂਰੀ ਹੈ ਕਿ ਗੁਰੂ ਦੇ ਉਪਦੇਸ਼ ਨੂੰ ਮੰਨੇ ਅਤੇ ਆਪਣੇ ਜੀਵਨ ਵਿਚਲੇ ਚੀਕ-ਚਿਹਾੜੇ ਨੂੰ ਦੂਰ ਕਰੇ। ਬਾਣੀ ਨੂੰ ਸਤਿ ਕਰ ਮੰਨੇ ਅਤੇ ਆਪਣਾ ਜੀਵਨ ਗੁਰਬਾਣੀ-ਅਨੁਸਾਰੀ ਬਣਾਵੇ। ਇਸੇ ਕਰਕੇ ਪੰਜਾਬ ਦੇ ਛੇਵੇਂ ਦਰਿਆ ਕਰਕੇ ਜਾਣੇ ਜਾਣ ਵਾਲੇ ਪ੍ਰੋ. ਪੂਰਨ ਸਿੰਘ ਇਲਾਹੀ ਰੰਗਾਂ ਵਿਚ ਭਿੱਜਦੇ ਹੋਏ ਹੀ ਕਹਿ ਰਹੇ ਹਨ ਕਿ “ਜਦ ਮਨ ਆਕਾਸ਼ ਵਿਚ ਉਡਾਰੀ ਵਿਚ ਹੋਵੇ ਸਾਨੂੰ ਹਰ ਲਾਈਨ ਅਤੇ ਸ਼ਬਦ ਨੂੰ ਘੜਨ ਵਾਲੇ ਸ਼ਹਿਨਸ਼ਾਹ ਦੇ ਪਵਿੱਤਰ ਹੱਥਾਂ ਨੂੰ ਚੁੰਮਣਾ ਚਾਹੀਦਾ ਹੈ। ਇਸ ਤਰ੍ਹਾਂ ਹੁਣ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਸ਼ਵ-ਵਿਆਪੀ ਗੀਤ ਨਾਲ ਨਿੱਜੀ ਅਤੇ ਤੀਬਰ ਅਹਿਸਾਸ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਇਥੇ ਕਿਸੇ ਕੌਮ ਜਾਂ ਸਲਤਨਤ ਦੇ ਜਾਂ ਜੰਗ ਦੇ ਰੁਦਨ ਜਾਂ ਜੇਤੂਆਂ ਦੇ ਚੀਕ-ਚਿਹਾੜੇ ਨੂੰ ਨਹੀ ਗਾ ਰਹੇ। ਇਹ ਉਹ ਸ਼ਬਦ ਹਨ, ਜੋ ਸਾਰੀ ਮਨੁੱਖਤਾ ਦੀਆਂ ਢਿੱਲੀਆਂ ਚੂਲਾਂ ਕੱਸ ਸਕਦੇ ਹਨ।”40

ਪੰਜਾਬ ਦੀ ਧਰਤੀ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਐਸੇ ਦਰਵੇਸ਼ਾਂ ਅਤੇ ਇਲਾਹੀ ਆਤਮਾਵਾਂ ਦੀ ਚਰਨ-ਛੁਹ ਦਾ ਸੁਭਾਗ ਪ੍ਰਾਪਤ ਹੋਇਆ, ਜਿਹੜੇ ਕਿ ਸਾਰੀ ਉਮਰ ਵਿਸ਼ਵ-ਜਨ ਦੀ ਭਲਾਈ ਤੇ ਉਨ੍ਹਾਂ ਦੇ ਅੰਤਿਮ ਟੀਚੇ ਦੀ ਪ੍ਰਾਪਤੀ ਦੀ ਸਰਲਤਾ ਦਾ ਯਤਨ ਕਰਦੇ ਰਹੇ। ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਜਿਹੜਾ ਧਰਮ ਅਤੇ ਫ਼ਲਸਫ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੈਦਾ ਹੋਇਆ, ਉਹ ਬੇਮਿਸਾਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਆਮ ਜਨ ਨੂੰ ਸਮਝਾਉਣ ਵਾਸਤੇ ਕਿ ਉਹ ਬਹਾਨੇਬਾਜ਼ੀ ’ਚ ਨਾ ਪੈ ਕੇ ਅਸਲ ਗੱਲ ਵੱਲ ਤੁਰਨ ਦਾ ਯਤਨ ਕਰੇ ਤਾਂ ਕਿ ਕਿਰਤ ਕਰਮਾਂ ਕਰਕੇ ਇਲਾਹੀ ਜੋਤ ਨਾਲੋਂ ਟੁੱਟੇ ਹੋਏ ’ਤੇ ਕਿਤੇ ਅਕਾਲ-ਪੁਰਖ ਦੀ ਮਿਹਰ ਹੋ ਜਾਵੇ, ਜਿਸ ਸਦਕਾ ਉਸ ਦਾ ਆਉਣ-ਜਾਣ ਕੱਟਿਆ ਜਾਵੇ।

ਪਉੜੀਆਂ ਵਿਚਲੇ ਕੁਝ ਭਾਵ

ਗੁਰਬਾਣੀ ਵਿਚ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਿਸੇ ਵੀ ਵਿਸ਼ੇ ਦੌਰਾਨ ਪਹਿਲਾਂ ਮਸਲਾ ਉਠਾਇਆ ਜਾਂਦਾ ਹੈ, ਫਿਰ ਕਾਰਨ ਦੱਸੇ ਜਾਂਦੇ ਹਨ ਅਤੇ ਫਿਰ ਹੱਲ ਦੱਸਿਆ ਜਾਂਦਾ ਹੈ। ਇਸੇ ਹੀ ਤਰ੍ਹਾਂ ਦਾ ਕੁਝ ਬਾਰਹ ਮਾਹਾ ’ਚ ਵੇਖਣ ਨੂੰ ਮਿਲਦਾ ਹੈ। ਪਉੜੀ ਦੀ ਆਖ਼ਰੀ ਪੰਕਤੀ ’ਚ ਗੁਰੂ ਸਾਹਿਬ ਹੱਲ ਦੀ ਗੱਲ ਕਰਦੇ ਹਨ ਅਤੇ ਮੰਜ਼ਿਲ ਦੀ ਗੱਲ ਕਰਦੇ ਹਨ।

ਪਉੜੀ 1.

ਮਨੁੱਖੀ ਜੀਵ ਆਪਣੇ ਪਿਛਲੇ ਕਰਮਾਂ ਦੇ ਨਤੀਜਿਆਂ ਦੇ ਕਾਰਨ ਪ੍ਰਭੂ-ਪ੍ਰੀਤਮ ਦੀ ਯਾਦ ਨੂੰ ਵਿਸਾਰ ਦੇਂਦਾ ਹੈ ਅਤੇ ਸਾਰਾ ਜੀਵਨ ਵਿਕਾਰੀ ਲਪਟਾਂ ’ਚ ਸਾੜੀ ਜਾਂਦਾ ਹੈ। ਪ੍ਰਭੂ-ਪਤੀ ਦੀ ਹੋਂਦ ਬਿਨਾਂ ਜੀਵ-ਇਸਤਰੀ ਲਈ ਹਰ ਤਰ੍ਹਾਂ ਦੇ ਚਾਅ ਤੇ ਸ਼ੈਆਂ ਵਿਅਰਥ ਹਨ। ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਵਾਹਿਗੁਰੂ! ਨਾਮ ਬਖਸ਼, ਇਸ ਬਿਨਾਂ ਮੇਰਾ ਕੋਈ ਟਿਕਾਣਾ ਨਹੀ :

ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥ (ਪੰਨਾ 133)

ਪਉੜੀ 2.

ਵਾਹਿਗੁਰੂ-ਸਿਮਰਨ ਅਨੰਦ ਤੇ ਖੇੜਾ ਬਖਸ਼ਦਾ ਹੈ ਜੋ ਕਿ ਸਿਰਫ਼ ਸਾਧੂ-ਸੰਤਾਂ ਦੀ ਸੰਗਤ ਸਦਕਾ ਹੀ ਮਿਲਦਾ ਹੈ ਅਤੇ ਇਹ ਜਨਮ ਸਿਮਰਨ ਬਿਨਾਂ ਵਿਅਰਥ ਹੈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਜਿਹੜਾ ਮੈਨੂੰ ਹਰਿ ਦਰਸ਼ਨ ਕਰਾ ਦੇਵੇ, ਮੈਂ ਉਸ ਦੇ ਪੈਰੀਂ ਢਹਿ ਪਵਾਂ :

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥ (ਪੰਨਾ 133)

ਪਉੜੀ 3.

ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਰੇ ਕੀਤੇ ਕੰਮ ਉਚੇਰੇ ਆਤਮਿਕ ਜੀਵਨ ਲਈ ਵਿਅਰਥ ਸਿੱਧ ਹੁੰਦੇ ਹਨ। ਹਰਿ ਦੀ ਯਾਦ ਬਿਨਾਂ ਸਭ ਬੇਕਾਰ ਹੈ। ਵੈਸਾਖ ਦਾ ਮਹੀਨਾ ਤਾਂ ਹੀ ਸੁਹਣਾ ਹੈ, ਜੇ ਕਿਤੇ ਸੰਤ ਰੂਪੀ ਵਾਹਿਗੁਰੂ ਦਾ ਮਿਲਾਪ ਹੋ ਜਾਵੇ:

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥ (ਪੰਨਾ 134)

ਪਉੜੀ 4.

ਜਿਹੜੇ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਨਾਮ-ਸਿਮਰਨ ਦੀ ਕੀਤੀ ਕਮਾਈ ਨੂੰ ਕੋਈ ਖੋਹ ਨਹੀਂ ਸਕਦਾ। ਸਿਮਰਨ ਵਾਲਿਆਂ ਨੂੰ ਲੋਕ-ਪਰਲੋਕ ਵਿਚ ਸੁਖ ਮਿਲਦਾ ਹੈ। ਉਸ ਨੂੰ ਜੇਠ ਮਹੀਨਾ ਸੁੰਦਰ ਲੱਗਦਾ ਹੈ, ਜਿਸ ਦੇ ਮੱਥੇ ਦੇ ਭਾਗ ਜਾਗ ਜਾਵਣ ਅਤੇ ਉਸ ਨੂੰ ਹਰਿ ਦਾ ਦੀਦਾਰ ਹੁੰਦਾ ਹੈ:

ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ॥ (ਪੰਨਾ 134)

ਪਉੜੀ 5.

ਜਿਸ ਦੇ ਮਨ ’ਚ ਹਰਿ ਪਿਆਰ ਨਹੀਂ, ਉਹ ਹਿਰਦੇ ਹਾੜ ਦੇ ਮਹੀਨੇ ਵਾਂਗ ਸੜਦੇ ਰਹਿੰਦੇ ਹਨ। ਜੋ ਪ੍ਰਭੂ ਦਾ ਆਸਰਾ ਛੱਡ ਕੇ ਬੰਦਿਆਂ ’ਤੇ ਆਸਰੇ ਰੱਖਦੇ ਹਨ ਉਹ ਦੁਖੀ ਹੁੰਦੇ ਹਨ। ਜਿਨ੍ਹਾਂ ਦੇ ਮਨ ਵਿਚ ਹਰਿ ਵੱਸ ਜਾਂਦਾ ਹੈ, ਉਨ੍ਹਾਂ ਨੂੰ ਹਾੜ ਵਰਗਾ ਮਹੀਨਾ ਵੀ ਸੁਹਣਾ ਲੱਗਦਾ ਹੈ:

ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ (ਪੰਨਾ 134)

ਪਉੜੀ 6.

ਪਰਮਾਤਮਾ ਦੇ ਨਾਮ-ਸਿਮਰਨ ਸਦਕਾ ਜੀਵ-ਇਸਤਰੀ ਸਾਵਣ ਦੇ ਮਹੀਨੇ ਵਿਚ ਬਨਸਪਤੀ ਦੀ ਤਰ੍ਹਾਂ ਹਰਿਆਵਲੀ ਹੋ ਜਾਂਦੀ ਹੈ। ਉਸ ਨੂੰ ਨਾਮ ਤੋਂ ਬਿਨਾਂ ਸਭ ਵਿਅਰਥ ਜਾਪਦਾ ਹੈ। ਜਿਹੜੀਆਂ ਸੁਹਾਗਣੀਆਂ (ਜੀਵ-ਇਸਤਰੀਆਂ) ਨੇ ਗਲ ’ਚ ਨਾਮ ਦਾ ਹਾਰ ਪਾਇਆ ਹੈ ਸਾਵਣ ਉਨ੍ਹਾਂ ਦੇ ਹਿਰਦਿਆਂ ’ਚ ਠੰਡ ਵਰਸਾਉਂਦਾ ਹੈ:

ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ॥ (ਪੰਨਾ 134)

ਪਉੜੀ 7.

ਮਨੁੱਖ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਜੋ ਕਰੇਗਾ ਸੋ ਭਰੇਗਾ। ਸਾਰੀ ਉਮਰ ਸੰਸਾਰ ਦੀਆਂ ਗੱਲਾਂ ’ਚ ਖੁਆਰ ਹੁੰਦਾ ਅਤੇ ਫਿਰ ਪਛਤਾਉਂਦਾ ਹੈ। ਇਸ ਸਭ ਤੋਂ ਸਿਰਫ ਗੁਰੂ ਹੀ ਬਚਾ ਸਕਦਾ ਹੈ:

ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ॥ (ਪੰਨਾ 134)

ਪਉੜੀ 8.

ਵਾਹਿਗੁਰੂ ਦੇ ਨਾਮ ਅਤੇ ਉਸ ਦੀ ਯਾਦ ਤੋਂ ਬਿਨਾਂ ਸਭ ਵਿਅਰਥ ਹੈ। ਜਿਨ੍ਹਾਂ ਨੇ ਹਰਿ-ਨਾਮ ਦਾ ਸਵਾਦ ਇਕ ਵਾਰੀ ਚੱਖ ਲਿਆ ਹੈ, ਉਨ੍ਹਾਂ ਨੂੰ ਬਾਕੀ ਸਾਰੇ ਸਵਾਦ ਭੁੱਲ ਗਏ ਹਨ। ਸੰਤਾਂ ਦੀ ਸੰਗਤ ਸਦਕਾ ਹਰਿ ਪ੍ਰੇਮ ਰਸ ਹੋਰ ਜ਼ਿਆਦਾ ਵਧਦਾ ਹੈ। ਅੱਸੂ ਦੇ ਮਹੀਨੇ ਉਹ ਵਡਭਾਗਣਾਂ ਸੁਖੀ ਵੱਸਦੀਆਂ ਹਨ, ਜਿਨ੍ਹਾਂ ’ਤੇ ਵਾਹਿਗੁਰੂ ਦੀ ਮਿਹਰ ਹੋਵੇ:

ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ॥ (ਪੰਨਾ 135)

ਪਉੜੀ 9.

ਮਾਇਆ ਦੇ ਰੰਗਾਂ ’ਚ ਡੁੱਬ ਕੇ ਮਨੁੱਖ ਜਦ ਹਰਿ ਨੂੰ ਵਿਸਾਰਦਾ ਹੈ ਤਾਂ ਫਿਰ ਦੁਖੀ ਹੁੰਦਾ ਹੈ। ਪ੍ਰਭੂ ਦੇ ਵਿਛੋੜੇ ’ਚ ਉਹ ਕਿਸੇ ਪਾਸੇ ਦਾ ਨਹੀਂ ਰਹਿੰਦਾ ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ। ਜੇਕਰ ਕਿਤੇ ਚੰਗੇ ਭਾਗੀਂ ਪ੍ਰਭੂ ਦੀ ਕਿਰਪਾ ਹੋ ਜਾਵੇ ਤਾਂ ਸਾਧ-ਸੰਗਤ ਸਦਕਾ ਸਭ ਚਿੰਤਾਵਾਂ ਦਾ ਨਾਸ ਹੋ ਜਾਂਦਾ ਹੈ:

ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥  (ਪੰਨਾ 135)

ਪਉੜੀ 10.

ਮੱਘਰ ਦੇ ਮਹੀਨੇ ਵਿਚ ਵਾਹਿਗੁਰੂ ਦੀ ਯਾਦ ਵਿਚ ਰਮੀਆਂ ਸਰਬ ਸੁਖ ਪਾਉਂਦੀਆਂ ਹਨ ਅਤੇ ਜੋ ਪ੍ਰਭੂ-ਕੰਤ ਤੋਂ ਵਿੱਛੜੀਆਂ ਆਤਮਾਵਾਂ ਹਨ, ਉਨ੍ਹਾਂ ਨੂੰ ਛੁੱਟੜ ਹੋਣ ਦਾ ਸੰਤਾਪ ਭੋਗਣਾ ਪੈਂਦਾ ਹੈ। ਇਸ ਮਹੀਨੇ ਦੇ ਸਿਮਰਨ ਸਦਕਾ ਜਨਮ-ਮਰਨ ਮੁੱਕ ਜਾਂਦਾ ਹੈ:

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥ (ਪੰਨਾ 135)

ਪਉੜੀ 11.

ਜਿਸ ਜੀਵ-ਆਤਮਾ ਨੇ ਹਰਿ ਦੀ ਯਾਦ ਨੂੰ ਚਿੱਤ ’ਚ ਵਸਾ ਲਿਆ ਹੈ, ਉਸ ਨੂੰ ਪੋਹ ਮਹੀਨੇ ਦਾ ਕੱਕਰ ਪੋਂਹਦਾ ਵੀ ਨਹੀਂ। ਜਦੋਂ ਉਹ ਬੇਪਰਵਾਹ ਹਰਿ ਬਖਸ਼ਦਾ ਹੈ ਤਾਂ ਇਹ ਮਹੀਨਾ ਵੀ ਆਤਮਿਕ ਸ਼ਾਂਤੀ ਵਾਲਾ ਬਣ ਜਾਂਦਾ ਹੈ:

ਪੋਖੁ ਸੁੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥ (ਪੰਨਾ 135)

ਪਉੜੀ 12.

ਪਰਮਾਤਮਾ ਦੀ ਸਿਫਤ-ਸਾਲਾਹ ਤੋਂ ਬਿਨਾਂ ਸਭ ਤੀਰਥ-ਇਸ਼ਨਾਨ ਵਿਅਰਥ ਹਨ। ਸਿਮਰਨ ਦੀ ਬਰਕਤ ਸਦਕਾ ਜੀਵ ਸਭ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਜਿਨ੍ਹਾਂ ’ਤੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਉਨ੍ਹਾਂ ਨੂੰ ਗੁਰੂ ਮਿਲ ਜਾਵੇ, ਉਹੀ ਬੰਦੇ ਸੁੱਚੇ ਆਖੇ ਜਾ ਸਕਦੇ ਹਨ:

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥ (ਪੰਨਾ 136)

ਪਉੜੀ 13.

ਇਸ ਮਹੀਨੇ ਉਨ੍ਹਾਂ ਜੀਵ-ਇਸਤਰੀਆਂ ਦੇ ਹਿਰਦੇ ਵਿਚ ਹੀ ਅਨੰਦ ਤੇ ਖੇੜੇ ਦੀ ਅਵਸਥਾ ਪੈਦਾ ਹੋ ਸਕਦੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦੀ ਯਾਦ ਨੂੰ ਚਿੱਤ ’ਚ ਵਸਾਇਆ ਹੈ। ਉਹ ਲੋਕ-ਪਰਲੋਕ ਤੋਂ ਬਖਸ਼ੀਆਂ ਜਾਂਦੀਆਂ ਹਨ। ਇਸ ਲਈ ਉਸ ਦੀ ਸਿਫ਼ਤ-ਸਾਲਾਹ ਹੋਣੀ ਚਾਹੀਦੀ ਹੈ, ਜਿਸ ਨੂੰ ਰੱਤੀ ਭਰ ਵੀ ਲਾਲਚ ਨਹੀਂ ਹੈ:

ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥ (ਪੰਨਾ 136)

ਪਉੜੀ 14.

ਜੋ ਜੀਵ ਵਾਹਿਗੁਰੂ ਦਾ ਨਾਮ ਜਪਦਾ ਹੈ, ਉਸ ਵਾਸਤੇ ਹਰ ਇਕ ਦਿਨ, ਮਹੀਨਾ ਸ਼ੁਭ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਨਹੀਂ ਰਹਿੰਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ’ਤੇ ਉਸ ਦੀ ਕਿਰਪਾ ਹੋ ਜਾਵੇ ਉਸ ਵਾਸਤੇ ਸਾਰੇ ਦਿਨ, ਮਹੀਨੇ ਭਲੇ ਹੋ ਜਾਂਦੇ ਹਨ:

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਪੰਨਾ 136)

ਇਸ ਤਰ੍ਹਾਂ ‘ਬਾਰਹ ਮਾਹਾ ਮਾਂਝ’ ਦੀ ਸਮੁੱਚੀ ਕਿਰਤ ਇਕ ਅਧਿਆਤਮਕ ਉਪਦੇਸ਼ ਵਾਲੀ ਸਿਖਰੀ ਰਚਨਾ ਹੈ ਜਿਸ ਵਿਚ ਗੁਰੂ ਸਾਹਿਬ ਨੇ ਜੀਵਾਂ ਦੇ ਭਲੇ ਹਿੱਤ ਮਹੀਨਿਆਂ ਦੇ ਸੰਦਰਭ ਵਿਚ ਉਨ੍ਹਾਂ ਨੂੰ ਇਲਾਹੀ ਜੋਤ ਤੇ ਜੁਗਤ ਦੀਆਂ ਗੱਲਾਂ ਸਮਝਾਈਆਂ ਹਨ ਜੋ ਕਿ ਗੁਰੂ ਸਾਹਿਬ ਦੀ ਦੂਰ-ਅੰਦੇਸ਼ੀ ਅਤੇ ਉਨ੍ਹਾਂ ਦੇ ਰੂਹਾਨੀ ਤਜਰਬੇ ਦਾ ਪ੍ਰਤੱਖ ਪ੍ਰਮਾਣ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਖੋਜਾਰਥੀ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ
1 ਸ. ਤਾਰਨ ਸਿੰਘ, ਬਾਰਹਮਾਹ ਦਰਪਣ, ਪੰਨਾ 1.
2 ਸਿਰਦਾਰ ਕਪੂਰ ਸਿੰਘ, ਪੁੰਦ੍ਰੀਕ, ਪੰਨਾ 211.
3 ਸੰਪਾ. ਸ. ਕੇਸਰ ਸਿੰਘ ਕੇਸਰ, ਪੰਜਾਬੀ ਸਾਹਿਤ ਕੋਸ਼ (ਭਾਗ ਤੀਜਾ), ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 165.
4 ਪ੍ਰੋ. ਸਾਹਿਬ ਸਿੰਘ ਅਤੇ ਪ੍ਰੋ. ਕੁਲਵੰਤ ਸਿੰਘ, ਬਾਰਹਮਾਹ ਤੁਖਾਰੀ ਤੇ ਮਾਝ (ਬਹੁਪੱਖੀ ਵਿਚਾਰ), ਪੰਨਾ 8.
5 ਡਾ. ਕੁਲਦੀਪ ਸਿੰਘ (ਧੀਰ), ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ, ਪੰਨਾ 92.
6 ਪ੍ਰਿੰ. ਪ੍ਰੀਤਮ ਸਿੰਘ, ਆਲੋਚਨਾ, ਜੂਨ 1955, ਪੰਨਾ 77.
7 ਪ੍ਰੋ. ਸਾਹਿਬ ਸਿੰਘ ਅਤੇ ਪ੍ਰੋ. ਕੁਲਵੰਤ ਸਿੰਘ, ਬਾਰਹਮਾਹ ਤੁਖਾਰੀ ਤੇ ਮਾਝ (ਬਹੁਪੱਖੀ ਵਿਚਾਰ), ਪੰਨਾ 8.
8 ਸ. ਸ਼ਮਸ਼ੇਰ ਸਿੰਘ ਅਸ਼ੋਕ, ਆਲੋਚਨਾ, ਮਈ 1959, ਪੰਨਾ 143.
9 ਪ੍ਰੋ. ਪਿਆਰਾ ਸਿੰਘ ਪਦਮ, ਪੰਜਾਬੀ ਬਾਰਾਂਮਾਹੇ, ਪੰਨਾ 38.
10 ਪ੍ਰੋ. ਪਿਆਰਾ ਸਿੰਘ ਪਦਮ, ਪੰਜਾਬੀ ਬਾਰਾਂਮਾਹੇ, ਪੰਨਾ 12.
11 ਸੰਪਾ. ਸ. ਕੇਸਰ ਸਿੰਘ ਕੇਸਰ, ਪੰਜਾਬੀ ਸਾਹਿਤ ਕੋਸ਼ (ਭਾਗ ਤੀਜਾ), ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 166.
12 ਸੰਪਾ. ਸ. ਕੇਸਰ ਸਿੰਘ ਕੇਸਰ, ਪੰਜਾਬੀ ਸਾਹਿਤ ਕੋਸ਼ (ਭਾਗ ਤੀਜਾ), ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 166.
13 ਡਾ. ਕੁਲਦੀਪ ਸਿੰਘ (ਧੀਰ), ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ, ਪੰਨਾ 92.
14 ਡਾ. ਕੁਲਦੀਪ ਸਿੰਘ (ਧੀਰ), ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ, ਪੰਨਾ 93.
15 ਪ੍ਰੋ. ਸਾਹਿਬ ਸਿੰਘ ਅਤੇ ਪ੍ਰੋ. ਕੁਲਵੰਤ ਸਿੰਘ, ਬਾਰਹਮਾਹ ਤੁਖਾਰੀ ਤੇ ਮਾਝ (ਬਹੁਪੱਖੀ ਵਿਚਾਰ), ਪੰਨਾ 11.
16 ਗੁਰਭਗਤ ਸਿੰਘ, ਕੌਮੀ ਆਜ਼ਾਦੀ ਵੱਲ ਪੰਜਾਬ ਅਤੇ ਪੰਜਾਬੀ ਸਭਿਆਚਾਰ ਦਾ ਭਵਿੱਖ, ਪੰਨਾ 52.
17 ਡਾ. ਕੁਲਬੀਰ ਸਿੰਘ (ਕਾਂਗ), ਪੰਜਾਬੀ ਸਾਹਿਤ ਚੇਤਨਾ, ਪੰਨਾ 84.
18 ਸ. ਹਰਿਸਿਮਰਨ ਸਿੰਘ, ਸਿੱਖ ਵਿਯਨ-2025, ਪੰਨਾ 165.
19 ਪ੍ਰੋ. ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼ , ਪੰਨਾ 255-56.
20 ਡਾ. ਅੰਮ੍ਰਿਤਲਾਲ ਪਾਲ, ਗੁਰੂ ਅਰਜਨ ਦੇਵ ਜੀਵਨ ਤੇ ਬਾਣੀ, ਪੰਨਾ 56.
21 ਪ੍ਰੋ. ਪੂਰਨ ਸਿੰਘ, ਚਰਨ ਛੁਹ, ਪੰਨਾ 31.
22 ਡਾ. ਅੰਮ੍ਰਿਤਲਾਲ ਪਾਲ ਤੇ ਡਾ. ਸ਼੍ਰੀਮਤੀ ਵਿਦਿਆਵਤੀ, ਗੁਰਮਤਿ ਕਾਵਿ, ਪੰਨਾ 10.
23 ਪ੍ਰੋ. ਪਿਆਰਾ ਸਿੰਘ ਪਦਮ, ਪੰਜਾਬੀ ਸਾਹਿਤ ਦੀ ਰੂਪ-ਰੇਖਾ, ਪੰਨਾ 165.
24 ਪ੍ਰੋ. ਪਿਆਰਾ ਸਿੰਘ ਪਦਮ, ਪੰਜਾਬੀ ਸਾਹਿਤ ਦੀ ਰੂਪ-ਰੇਖਾ, ਪੰਨਾ 177.
25 ਡਾ. ਅੰਮ੍ਰਿਤਲਾਲ ਪਾਲ ਤੇ ਡਾ. ਸ਼੍ਰੀਮਤੀ ਵਿਦਿਆਵਤੀ, ਗੁਰਮਤਿ ਕਾਵਿ, ਪੰਨਾ 3.
26 ਡਾ. ਮਹਿੰਦਰ ਕੌਰ (ਗਿੱਲ), ਆਦਿ ਗ੍ਰੰਥ ਲੋਕ ਰੂਪ, ਪੰਨਾ 122.
27 ਡਾ. ਮਹਿੰਦਰ ਕੌਰ (ਗਿੱਲ), ਆਦਿ ਗ੍ਰੰਥ ਲੋਕ ਰੂਪ, ਪੰਨਾ 122.
28 ਡਾ. ਅੰਮ੍ਰਿਤਪਾਲ ਕੌਰ, ਗੁਰਬਾਣੀ ਅਧਿਐਨ : ਨਵ ਪਰਿਪੇਖ, ਪੰਨਾ 57.
29 ਡਾ. ਕੁਲਦੀਪ ਸਿੰਘ (ਧੀਰ), ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ, ਪੰਨਾ 96.
30 ਡਾ. ਅੰਮ੍ਰਿਤਲਾਲ ਪਾਲ, ਗੁਰੂ ਅਰਜਨ ਦੇਵ ਜੀਵਨ ਤੇ ਬਾਣੀ, ਪੰਨਾ 54.
31 ਸ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਕੋਸ਼, ਪੰਨਾ 256.
32 ਸ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਕੋਸ਼, ਪੰਨਾ 286.
33 ਸ. ਗੁਰਮੁਖ ਸਿੰਘ, ਬਾਰਾਮਾਹ ਤੁਖਾਰੀ : ਪ੍ਰਵਚਨ ਤੇ ਪਾਠ ਵਿਚਾਰ, ਪੰਨਾ 65.
34 ਡਾ. ਗੁਰਸ਼ਰਨ ਕੌਰ ਜੱਗੀ, ਗੁਰੂ ਅਰਜਨ ਦੇਵ-ਜੀਵਨ ਤੇ ਰਚਨਾ, ਪੰਨਾ 38.
35 ਡਾ. ਕੁਲਦੀਪ ਸਿੰਘ (ਧੀਰ), ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ, ਪੰਨਾ 92.
37 ਸ. ਗੁਰਮੁਖ ਸਿੰਘ, ਬਾਰਾਮਾਹ ਤੁਖਾਰੀ : ਪ੍ਰਵਚਨ ਤੇ ਪਾਠ ਵਿਚਾਰ, ਪੰਨਾ 63.
38 ਸ. ਗੁਰਚਰਨ ਸਿੰਘ (ਮੋਹੇ), ਬਾਰਾਮਾਹਾ ਮਾਝ ਸੰਦੇਸ਼, ਪੰਨਾ 9.
39 ਡਾ. ਅੰਮ੍ਰਿਤਲਾਲ ਪਾਲ, ਗੁਰੂ ਅਰਜਨ ਦੇਵ ਜੀਵਨ ਤੇ ਬਾਣੀ, ਪੰਨਾ 54.
40 ਪ੍ਰੋ. ਪੂਰਨ ਸਿੰਘ, ਜਿਨ ਕੇ ਚੋਲੇ ਰੱਤੜੇ, ਪੰਨਾ 62.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)