editor@sikharchives.org

ਬਾਰਹਮਾਹ ਰਾਗ ਤੁਖਾਰੀ (ਇਕ ਸਰਵੇਖਣ)

ਰਾਗ ਤੁਖਾਰੀ ਬਾਰਹਮਾਹ ਦੇ ਸਾਰ ਤੱਤ ਵਿਚ ਇਕ ਅਜੀਬ ਵਿਲੱਖਣਤਾ ਹੈ ਅਤੇ ਵੈਰਾਗਮਈ ਜੀਵਨ, ਸੰਸਾਰ ਦੀ ਅਸਲੀਅਤ ਅਤੇ ਅਸਥਿਰਤਾ ਬਿਆਨ ਕਰਦੇ ਹੋਏ ਇਕ ਅਗੰਮੀ ਰਸ ਪੇਸ਼ ਕਰਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਬਾਰਹਮਾਹ ਰਾਗ ਤੁਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਮਹਾਨ ਰਚਨਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1106 ’ਤੇ ਦਰਜ ਹੈ। ਬਾਰਹਮਾਹ ਰਾਗ ਤੁਖਾਰੀ ਦਾ ਉਚਾਰਨ ਅਤੇ ਗਾਇਨ ਇਕ ਅਗੰਮੀ ਰਸ ਪੇਸ਼ ਕਰਦਾ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਤਿਭਾ, ਭਗਤੀ, ਬਿਰਹਾ ਅਤੇ ਰਾਗ ਤੁਖਾਰੀ ਦੀ ਬਣਤਰ ਅਤੇ ਸ਼ਬਦਾਰਸ ਬਿਲਕੁਲ ਨਿਵੇਕਲਾਪਨ ਉੱਤਮ ਵਿਚਾਰ ਅਤੇ ਅਗੰਮੀ ਰਸ ਪੇਸ਼ ਕਰਦੇ ਹਨ।

ਰਾਗ ਤੁਖਾਰੀ ਬਾਰਹਮਾਹ ਦੇ ਸਾਰ ਤੱਤ ਵਿਚ ਇਕ ਅਜੀਬ ਵਿਲੱਖਣਤਾ ਹੈ ਅਤੇ ਵੈਰਾਗਮਈ ਜੀਵਨ, ਸੰਸਾਰ ਦੀ ਅਸਲੀਅਤ ਅਤੇ ਅਸਥਿਰਤਾ ਬਿਆਨ ਕਰਦੇ ਹੋਏ ਇਕ ਅਗੰਮੀ ਰਸ ਪੇਸ਼ ਕਰਦਾ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਆਤਮਾ ਨੂੰ ਸੰਬੋਧਨ ਕਰਦੇ ਹੋਏ ਇਹ ਦੱਸਣਾ ਚਾਹੁੰਦੇ ਹਨ ਕਿ ਹਰ ਵਿਅਕਤੀ ਨੂੰ ਆਪਣੇ ਪੂਰਵਲੇ ਕਰਮਾਂ ਅਨੁਸਾਰ ਇਸ ਜੀਵਨ ਵਿਚ ਦੁੱਖ ਅਤੇ ਸੁਖ ਸਹਾਰਨਾ ਪੈਂਦਾ ਹੈ ਅਤੇ ਪਰਮਾਤਮਾ ਜੋ ਕੁਝ ਵੀ ਦਿੰਦਾ ਹੈ, ਭਾਵ ਸੁਖ ਜਾਂ ਦੁੱਖ ਉਸ ਵਿਚ ਹੀ ਭਲਾ ਹੈ। ਇਹ ਸੰਸਾਰਿਕ ਰਚਨਾ ਉਸ ਵਾਹਿਗੁਰੂ ਦੀ ਹੀ ਰਚੀ ਹੋਈ ਹੈ ਅਤੇ ਇਨਸਾਨ ਦੀ ਸਮਝ ਤੋਂ ਪਰ੍ਹੇ ਹੈ। ਪਰਮਾਤਮਾ ਦੇ ਰੰਗ ਵਿਚ ਰਸੀ ਹੋਈ ਆਤਮਾ ਉਸ ਪਰਮਾਤਮਾ ਤੋਂ ਬਗੈਰ ਇਕ ਘੜੀ ਵੀ ਨਹੀਂ ਰਹਿ ਸਕਦੀ ਪਰੰਤੂ ਉਸ ਦਾ ਰਸ ਉਸ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਉਹ ਵਾਹਿਗੁਰੂ ਆਪਣੀ ਖ਼ਲਕਤ ਵਿਚ ਰੰਗਿਆ ਹੋਇਆ ਹੈ ਅਤੇ ਉਸ ਨੂੰ ਆਪਣੇ ਅੰਗ- ਸੰਗ ਸਮਝਣਾ ਹੀ ਵਿਅਕਤੀ ਦਾ ਫ਼ਰਜ ਹੈ।

ਰਾਗ ਤੁਖਾਰੀ ਵਿਚ ਬਬੀਹਾ ਨੂੰ ਇਕ ਪ੍ਰਤੀਕ ਮੰਨਦੇ ਹੋਏ ਉਸ ਦੀ ਮਿੱਠੀ ਅਤੇ ਮਨਮੋਹਕ ਆਵਾਜ਼ ਨੂੰ ਵੈਰਾਗਮਈ ਮੰਨਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਬਬੀਹਾ ਆਪਣੀ ਵੈਰਾਗਮਈ ਆਵਾਜ਼ ਵਿਚ ਪੁਕਾਰਦਾ ਹੈ, ਉਸੇ ਤਰ੍ਹਾਂ ਵੈਰਾਗਮਈ ਆਤਮਾ ਪ੍ਰਭੂ ਨੂੰ ਯਾਦ ਕਰਦੀ ਹੈ:

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ॥ (ਪੰਨਾ 1107)

ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਨੌਂ ਧਾਮਾਂ ਤੋਂ ਉਪਰ ਪ੍ਰਭੂ ਦਸਮ ਦੁਆਰ ਵਿਚ ਵਾਸਾ ਕਰਦਾ ਹੈ ਭਾਵ ਉਸ ਅਵਸਥਾ ਵਿਚ ਪਹੁੰਚ ਕੇ ਇਨਸਾਨ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ, ਜਿਸ ਤਰ੍ਹਾਂ ਕਿ ਅਨੰਦ ਸਾਹਿਬ ਵਿਚ ਵੀ ਬਿਆਨ ਕੀਤਾ ਗਿਆ ਹੈ:

ਹਰ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥ (ਪੰਨਾ 922)

ਰਾਗ ਤੁਖਾਰੀ ਵਿਚ ਬਾਰ-ਬਾਰ ਪਰਮਾਤਮਾ ਨੂੰ ਪਤੀ ਮੰਨਦੇ ਹੋਏ ਆਤਮਾ ਬਾਰ-ਬਾਰ ਉਸ ਨੂੰ ਮਿਲਣ ਲਈ ਵਿਯੋਗ ਕਰਦੀ ਹੈ, ਗੁਰੂ ਸਾਹਿਬ ਨਾਮ ਦੀ ਮਹਿਮਾ ਵਰਨਣ ਕਰਦੇ ਹੋਏ, ਉਸ ਦੇ ਵਿਸ਼ਵਾਸ ਭਾਵ ਉਸ ਨਾਲ ਜੁੜਣ ਨੂੰ ਸਦੀਵੀ ਸੁਖ ਮੰਨਦੇ ਹਨ:

ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ॥ (ਪੰਨਾ 1107)

ਵਾਹਿਗੁਰੂ ਦੇ ਨਾਮ ਨੂੰ ਅੰਮ੍ਰਿਤ ਦੀ ਧਾਰਾ ਮੰਨਿਆ ਗਿਆ ਹੈ ਅਤੇ ਉਸ ਦੀ ਸਜੀਵੀ ਯਾਦ ਅਨੰਦਮਈ ਕਣੀਆਂ ਦੇ ਰੂਪ ਵਿਚ ਉਸ ਦੀ ਆਤਮਾ ’ਤੇ ਵਹਿ ਰਹੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਭੂ ਨਾਲ ਮਿਲਾਪ ਤਾਂ ਹੀ ਹੁੰਦਾ ਹੈ ਅਗਰ ਉਸ ਦੀ ਮਿਹਰ ਹੋਵੇ:

ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ॥ (ਪੰਨਾ 1107)

ਬਾਰਹਮਾਹ ਦੀ ਵਿਆਖਿਆ ਕਰਦੇ ਹੋਏ ਗੁਰੂ ਸਾਹਿਬ ਦੱਸਦੇ ਹਨ ਕਿ ਚੇਤ ਦਾ ਮਹੀਨਾ ਜਿਹੜਾ ਕਿ ਬਸੰਤ ਰੁੱਤ ਵਾਲਾ ਮਹੀਨਾ ਹੈ ਹਰ ਪਾਸੇ ਫੁੱਲ ਖਿੜੇ ਹੋਏ ਹੁੰਦੇ ਹਨ, ਦੀ ਸਮਾਨਤਾ ਆਤਮਿਕ ਬਿਰਹਾ ਨਾਲ ਕਰਦੇ ਹੋਏ ਲਿਖਦੇ ਹਨ ਕਿ ਮੇਰੇ ਸਾਹਮਣੇ ਫੁੱਲਾਂ ਦੀ ਬਾਗਾਤ ਖਿੜੀ ਹੋਈ ਹੈ ਅਤੇ ਰੱਬ ਕਰੇ ਕਿ ਮੇਰਾ ਪ੍ਰੀਤਮ ਮੇਰੇ ਹਿਰਦੇ ਵਿਚ ਆ ਜਾਵੇ ਅਤੇ ਬਿਰਹਾ ਰੂਪੀ ਆਤਮਾ ਨੂੰ ਆਰਾਮ ਤਦ ਹੀ ਮਿਲ ਸਕਦਾ ਹੈ ਜਦ ਉਹਦਾ ਪਤੀ ਭਾਵ ਪਰਮਾਤਮਾ ਉਸ ਦੇ ਹਿਰਦੇ ਵਿਚ ਆ ਜਾਂਦਾ ਹੈ:

ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥ (ਪੰਨਾ 1108)

ਵੈਸਾਖ ਦਾ ਮਹੀਨਾ ਜਦੋਂ ਕਿ ਰੁੱਖਾਂ ਦੀਆਂ ਟਹਿਣੀਆਂ ਮੁੜ ਪ੍ਰਫੁੱਲਤ ਹੁੰਦੀਆਂ ਹਨ ਅਤੇ ਆਤਮਾ ਪ੍ਰਭੂ ਵਿਯੋਗ ਵਿਚ ਉਸ ਵਾਹਿਗੁਰੂ ਅੱਗੇ ਵਿਯੋਗ ਕਰਦੀ ਹੋਈ ਕਹਿੰਦੀ ਹੈ ਕਿ ਹੇ ਪ੍ਰਭੂ ਤੁਸੀਂ ਕਦੋਂ ਮੇਰੇ ਦੁਆਰ ਵਿਖੇ ਆਓਗੇ ਅਤੇ ਵਿਸਾਖੀ ਦੀ ਸੰਪੂਰਨਤਾ ਨੂੰ ਤਾਂ ਹੀ ਮੰਨਿਆ ਜਾ ਸਕਦਾ ਹੈ ਅਗਰ ਵਿਅਕਤੀ ਦੀ ਸੁਰਤ ਪ੍ਰਭੂ ਪਿਆਰੇ ਨਾਲ ਜੁੜ ਜਾਵੇ।

ਮਾਂਹ ਜੇਠ ਦੀ ਮਹੱਤਤਾ ਦੱਸਦੇ ਹੋਏ, ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਨ ਕਰਦੇ ਹਨ:

ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ॥ (ਪੰਨਾ 1108)

ਜੇਠ ਵਿਚ ਹੇ ਨਾਨਕ! ਜਿਹੜੀ ਆਤਮਾ ਆਪਣੇ ਸੁਆਮੀ ਨੂੰ ਅਰਾਧਦੀ ਹੈ ਉਹ ਉਸ ਵਰਗੀ ਹੋ ਜਾਂਦੀ ਹੈ ਅਤੇ ਨੇਕੀ ਨੂੰ ਗ੍ਰਹਿਣ ਕਰਕੇ ਉਸ ਵਿਚ ਲੀਨ ਹੋ ਜਾਂਦੀ ਹੈ:

ਆਸਾੜ ਮਹੀਨੇ ਦੀ ਵਿਆਖਿਆ ਕਰਦੇ ਹੋਏ ਜਿਸ ਵਿਚ ਅਸੀਮ ਗਰਮੀ ਅਤੇ ਤਪਸ਼ ਦੁਆਰਾ ਧਰਤੀ ਦੁੱਖ ਸਹਿੰਦੀ ਹੈ, ਗੁਰੂ ਜੀ ਵਰਨਣ ਕਰਦੇ ਹਨ:

ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥ (ਪੰਨਾ 1108)

ਜੋ ਵਿਅਕਤੀ ਦੀ ਆਤਮਾ ਪਾਪ ਦੀ ਪੰਡ ਨੂੰ ਬੰਨ੍ਹ ਕੇ ਤੁਰਦੀ ਹੈ, ਉਹ ਅੱਗੇ ਕਸ਼ਟ ਉਠਾਉਂਦੀ ਹੈ ਅਤੇ ਜਿਹੜੀ ਸੱਚੇ ਸੁਆਮੀ ਨੂੰ ਸਿਮਰਦੀ ਹੈ, ਉਹ ਆਰਾਮ ਪਾਉਂਦੀ ਹੈ।

ਸਾਵਣ ਮਹੀਨੇ ਦੀ ਵਿਆਖਿਆ ਕਰਦੇ ਹੋਏ ਗੁਰੂ ਸਾਹਿਬ ਫ਼ੁਰਮਾਨ ਕਰਦੇ ਹਨ ਕਿ ਇਸ ਮਹੀਨੇ ਆਤਮਾ ਦਾ ਪਰਮਾਤਮਾ ਪ੍ਰਤੀ ਵਿਯੋਗ ਹੋਰ ਵਧ ਜਾਂਦਾ ਹੈ ਅਤੇ ਉਹ ਪ੍ਰਭੂ ਪ੍ਰਤੀ ਹੋਰ ਬੇਚੈਨ ਹੋ ਜਾਂਦੀ ਹੈ:

ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ॥
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥ (ਪੰਨਾ 1108)

ਦੱਸੋ ਵਾਹਿਗੁਰੂ ਦੇ ਬਗੈਰ ਨੀਂਦ ਅਤੇ ਭੁੱਖ ਮੈਂ ਕਿਸੇ ਤਰ੍ਹਾਂ ਮਹਿਸੂਸ ਕਰ ਸਕਦੀ ਹਾਂ ਅਤੇ ਕੱਪੜਾ ਮੇਰੇ ਸਰੀਰ ਨੂੰ ਚੰਗਾ ਨਹੀਂ ਲੱਗਦਾ। ਸ੍ਰੀ ਗੁਰੂ ਨਾਨਕ ਦੇਵ ਜੀ ਬਿਆਨ ਕਰਦੇ ਹਨ ਕਿ ਕੇਵਲ ਉਹ ਹੀ ਸਤਵੰਤੀ ਪਤਨੀ ਹੈ ਜੋ ਆਪਣੇ ਪਿਆਰੇ ਪਤੀ ਦੇ ਸਰੂਪ ਵਿਚ ਲੀਨ ਹੋ ਜਾਂਦੀ ਹੈ।

ਭਾਦਉਂ ਮਹੀਨੇ ਦੀ ਵਿਆਖਿਆ ਕਰਦੇ ਹੋਏ ਗੁਰੂ ਸਾਹਿਬ ਦੇ ਕਥਨ ਅਨੁਸਾਰ ਵਿਯੋਗ ਦੀ ਭਾਵਨਾ ਹੋਰ ਵੀ ਤੀਬਰ ਹੋ ਜਾਂਦੀ ਹੈ:

ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥ (ਪੰਨਾ 1108)

ਅਸੁਨਿ ਮਹੀਨੇ ਦੇ ਆਰੰਭ ਵਿਚ ਹੀ ਗੁਰੂ ਸਾਹਿਬ ਅਰਜੋਈ ਕਰਦੇ ਹਨ:

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ॥ (ਪੰਨਾ 1108)

ਅੱਸੂ ਵਿਚ ਬਹੁੜ ਹੇ ਮੇਰੇ ਪ੍ਰੀਤਮ! ਤੇਰੀ ਪਤਨੀ (ਆਤਮਾ) ਝੁਰੇਵੇਂ ਵਿਚ ਮਰ ਰਹੀ ਹੈ।

ਕੱਤਕ ਦੀ ਵਿਆਖਿਆ ਕਰਦੇ ਹੋਏ ਬਹੁਤ ਸੋਹਣੀ ਸ਼ਬਦਾਵਲੀ ਵਰਤੀ ਗਈ ਹੈ:

ਦੀਪਕੁ ਸਹਜਿ ਬਲੈ ਤਤਿ ਜਲਾਇਆ॥ (ਪੰਨਾ 1109)

ਅਤੇ ਅਖੀਰ ਵਿਚ-

ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ॥ (ਪੰਨਾ 1109)

ਗੁਰੂ ਜੀ ਆਖਦੇ ਹਨ, ਹੇ ਸਾਹਿਬ! ਆਪਣੇ ਦਰਵਾਜ਼ੇ ਦੇ ਕਿਵਾੜ ਖੋਲ੍ਹ ਅਤੇ ਮੈਨੂੰ ਮਿਲ; ਮੇਰੇ ਲਈ ਇਕ ਮਹੁਤ ਵੀ ਛੇ ਮਹੀਨੇ ਦੇ ਸਮਾਨ ਹੈ।

ਮੰਘਰ ਮਹੀਨੇ ਨੂੰ ਹੋਰ ਵੀ ਪਵਿੱਤਰ ਮੰਨਦੇ ਹੋਏ ਇਸ ਦੀ ਪਵਿੱਤਰਤਾ ਨੂੰ ਤਾਂ ਹੀ ਸਫ਼ਲ ਮੰਨਦੇ ਹਨ ਅਗਰ ਆਤਮਾ ਉਸ ਵਿਚ ਸਮਾ ਜਾਵੇ: –

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥ (ਪੰਨਾ 1109)

ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥ (ਪੰਨਾ 1109)

ਸਤਿਗਰੂ, ਗੁਰੂ ਨਾਨਕ ਪਾਤਸ਼ਾਹ ਜੀ ਬਿਆਨ ਕਰਦੇ ਹਨ ਕਿ ਕੇਵਲ ਉਹ ਹੀ ਪਤਨੀ ਆਪਣੇ ਪਤੀ ਦੀ ਲਾਡਲੀ ਹੈ ਜੋ ਆਪਣੇ ਪ੍ਰੀਤਮ ਦੀ ਦਿਲੀ ਸੇਵਾ ਕਰਦੀ ਹੈ।

ਪੋਖਿ ਦੇ ਮਹੀਨੇ ਆਤਮਾ ਪਰਮਾਤਮਾ ਦੇ ਪ੍ਰਤੀ ਵਿਰਲਾਪ ਕਰਦੀ ਹੋਈ ਪਰਮਾਤਮਾ ਅੱਗੇ ਅਰਜੋਈ ਕਰਦੀ ਹੈ:

ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ॥
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ॥ (ਪੰਨਾ 1109)

ਹੇ ਰਹਿਮਤ ਦੇ ਸੁਆਮੀ ਵਾਹਿਗੁਰੂ! ਮੈਨੂੰ ਆਪਣਾ ਦਰਸ ਬਖਸ਼ ਅਤੇ ਸੂਝ-ਬੂਝ ਪ੍ਰਵਾਨ ਕਰ ਤਾਂ ਕਿ ਮੈਂ ਮੁਕਤੀ ਨੂੰ ਪ੍ਰਾਪਤ ਕਰ ਸਕਾਂ। ਪਰਮਾਤਮਾ ਵਾਹਿਗੁਰੂ ਪਿਆਰ ਅਤੇ ਖੁਸ਼ੀ ਨਾਲ ਉਸ ਪਤਨੀ ਨੂੰ ਮਾਣਦਾ ਹੈ ਜੋ ਉਸ ਨਾਲ ਪ੍ਰੇਮ ਅਤੇ ਮੁਹੱਬਤ ਕਰਦੀ ਹੈ। ਭਾਵ ਉਸ ਨਾਲ ਇਕ ਰਸ ਹੋ ਕੇ ਇਕ ਅਕਹਿ ਰਸ ਪ੍ਰਾਪਤ ਹੁੰਦਾ ਹੈ।

ਪਹਿਲੇ ਦਸਾਂ ਮਹੀਨਿਆਂ ਦੀ ਭਗਤੀ ਅਤੇ ਸਖ਼ਤ ਘਾਲਣਾ ਤੋਂ ਬਾਅਦ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਮਾਨੋ ਆਤਮਿਕ ਇਸ਼ਨਾਨ ਹੋ ਜਾਂਦਾ ਹੈ ਅਤੇ ਪਰਮਾਤਮਾ ਦਾ ਅਨੁਭਵ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ:

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥ (ਪੰਨਾ 1109)

ਅਜਿਹੀ ਅਵਸਥਾ ਵਿਚ ਪਹੁੰਚ ਕੇ ਇਹ ਪ੍ਰਤੀਤ ਹੋ ਗਿਆ ਹੈ ਕਿ ਉਸ ਪਰਮਾਤਮਾ ਦਾ ਵਾਸਾ ਆਤਮਾ ਵਿਚ ਹੀ ਹੈ ਅਤੇ ਆਤਮਾ ਸਹਿਜ ਅਵਸਥਾ ਵਿਚ ਪਹੁੰਚ ਗਈ ਹੈ ਜਿਥੇ ਕਿ ਆਤਮਿਕ ਰਸ ਦਾ ਅਨੁਭਵ ਆਪਣੇ ਆਪ ਹੀ ਪ੍ਰਤੀਤ ਹੋਣ ਲੱਗ ਪਿਆ ਹੈ।

ਮਾਘ ਦਾ ਮਹੀਨਾ ਜਿਹੜਾ ਕਿ ਵਾਹਿਗੁਰੂ ਦੇ ਸਿਮਰਨ ਲਈ ਅਜਿਹਾ ਸਮਾਂ ਹੈ ਜਿਸ ਵਿਚ ਉਸ ਦੇ ਉਚਾਰਨ ਵਿਚ ਜ਼ਿਆਦਾ ਮਨ ਲੱਗਦਾ ਹੈ ਅਤੇ ਆਤਮਿਕ ਇਸ਼ਨਾਨ ਤੋਂ ਬਾਅਦ ਜੋ ਅਵਸਥਾ ਪ੍ਰਾਪਤ ਹੁੰਦੀ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਉਸ ਨੂੰ 68 ਯਾਤਰਾ ਦੇ ਫਲ ਦੇ ਸਮਾਨ ਦੱਸਦੇ ਹਨ। ਆਪ ਫ਼ੁਰਮਾਨ ਕਰਦੇ ਹਨ:

ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ॥ (ਪੰਨਾ 1109)

ਫਲਗੁਨ ਵਿਚ ਮਾਨੋ ਇਨਸਾਨ ਨੇ ਪਰਮਾਤਮਾ ਦੀ ਭਗਤੀ ਦੁਆਰਾ ਪੂਰਨ ਅਵਸਥਾ ਪ੍ਰਾਪਤ ਕਰ ਲਈ ਹੈ ਅਤੇ ਮਨ ਖੜਾਅ ਵਿਚ ਆ ਗਿਆ ਹੈ ਅਤੇ ਅੱਠੇ ਪਹਿਰ ਰਾਤ ਦਿਨ ਆਤਮਿਕ ਅਨੰਦ ਅਨੁਭਵ ਹੁੰਦਾ ਹੈ:

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥
ਅਨਦਿਨੁ ਰਹਸੁ ਭਇਆ ਆਪੁ ਗਵਾਇਆ॥ (ਪੰਨਾ 1109)

ਬਾਰਹਮਾਹ ਤੁਖਾਰੀ ਪ੍ਰਭੂ ਦੇ ਮਿਲਾਪ ਵਿਚ ਉਚਾਰਨ ਕੀਤਾ ਹੋਇਆ ਇਕ ਬੇਹੱਦ ਪਿਆਰਾ ਸ਼ਬਦਾਂ ਦਾ ਸਮੂਹ ਹੈ, ਜਿਸ ਦੀ ਹਰ ਪੰਗਤੀ ਇਕ ਵਿਲੱਖਣ ਰਸ ਪੇਸ਼ ਕਰਦੀ ਹੈ ਅਤੇ ਗੁਰੂ ਸਾਹਿਬ ਦੀ ਆਤਮਿਕ ਅਤੇ ਅਧਿਆਤਮਕ ਫ਼ਿਲਾਸਫ਼ੀ ਦਾ ਇਕ ਸ਼ੀਸ਼ਾ ਪੇਸ਼ ਕਰਦੀ ਹੈ। ਬਾਰਹਮਾਹ ਤੁਖਾਰੀ ਦਾ ਸਮੁੱਚਾ ਉਚਾਰਨ ਇਕ ਸਹਿਜ ਅਵਸਥਾ ਪੇਸ਼ ਕਰਦਾ ਹੈ ਜਿਸ ਦਾ ਅੰਤਰੀਵ ਭਾਵ ਬਹੁਤ ਹੀ ਸਪੱਸ਼ਟ ਅਤੇ ਰਸਦਾਇਕ ਹੈ ਇਸ ਦਾ ਉਚਾਰਨ ਜਿਵੇਂ-ਜਿਵੇਂ ਕੀਤਾ ਜਾਂਦਾ ਹੈ, ਆਤਮਾ ਇਕ ਉੱਚ ਮੰਡਲ ਵਿਚ ਪਹੁੰਚ ਕੇ ਸੱਚਮੁਚ ਪ੍ਰਭੂ ਰਸ ਦਾ ਅਨੰਦ ਮਾਣਦੀ ਹੈ ਇਸ ਦਾ ਅੰਤਰੀਵ ਭਾਵ ਮਨ ਨੂੰ ਬੜਾ ਟੁੰਬਣ ਵਾਲਾ ਹੈ:

ਸੂਖ ਮਹਲ ਜਾ ਕੇ ਊਚ ਦੁਆਰੇ॥
ਤਾ ਮਹਿ ਵਾਸਹਿ ਭਗਤ ਪਿਆਰੇ॥ (ਪੰਨਾ 739)

ਬਾਰਹਮਾਹ ਤੁਖਾਰੀ ਦਾ ਉਚਾਰਨ ਆਤਮਿਕ ਸੁਖ ਅਤੇ ਅਧਿਆਤਮਕਤਾ ਪੇਸ਼ ਕਰਦਾ ਹੈ ਅਤੇ ਗੁਰੂ ਸਾਹਿਬ ਸਮੁੱਚੇ ਬਾਰਹਮਾਹ ਦਾ ਨਿਚੋੜ ਇਸ ਤਰ੍ਹਾਂ ਪੇਸ਼ ਕਰਦੇ ਹਨ:

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥ (ਪੰਨਾ 1109)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

# 280, ਮੈਡੀਕਲ ਇਨਕਲੇਵ, ਸਰਕੂਲਰ ਰੋਡ, ਅੰਮ੍ਰਿਤਸ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)