ਗੁਰਬਾਣੀ ਵਿਜੋਗੇ ਹੋਏ ਜੀਵਾਂ ਨੂੰ ਸੰਜੋਗ ਦੀ ਘੜੀ ਲਿਆਉਣ ਦੇ ਆਹਰ ਕਰਨ ਦਾ ਸੁਨੇਹਾ ਦਿੰਦੀ ਹੈ। ਵਿਜੋਗ ਅਤੇ ਸੰਜੋਗ ਸਾਰੀ ਹੀ ਬਾਣੀ ਦੇ ਪ੍ਰਮੁੱਖ ਥੀਮ ਹਨ। ਆਮ ਕਵੀਆਂ ਨੇ ਵਿਜੋਗਣ ਇਸਤਰੀ ਦੀ ਵਿਪ੍ਰਲੰਭ ਸ਼ਿੰਗਾਰ ਰਸ ਰਾਹੀਂ ਸੰਯੋਗ ਸ਼ਿੰਗਾਰ ਤਕ ਪੁੱਜਣ ਦੀ ਲਾਲਸਾ ਦਾ ਅਪਣੇ ਕਾਵਿ-ਰੂਪਾਂ ਵਿਚ ਵਰਣਨ ਕੀਤਾ ਹੈ ਪਰ ਗੁਰਬਾਣੀ ਜੀਵਾਤਮਾ ਦੇ ਪਰਮਾਤਮਾ ਨਾਲੋਂ ਹੋਏ ਵਿਜੋਗ ਨੂੰ ਮੁੱਖ ਵਿਸ਼ਾ ਬਣਾ ਕੇ ਪਹਿਲਾਂ ਤਾਂ ਵਿਜੋਗ ਦੇ ਕਾਰਨਾਂ ਨੂੰ ਧਿਆਨ ਵਿਚ ਲਿਆਉਂਦੀ ਹੈ ਅਤੇ ਫਿਰ ਉਸ ਪ੍ਰਭੂ-ਪਿਤਾ ਪਰਮਾਤਮਾ ਨਾਲ ਇਕਮਿਕ ਹੋਣ ਦਾ ਢੰਗ ਤਰੀਕਾ ਵੀ ਦੱਸਦੀ ਹੈ। ਲੌਕਿਕ ਵਿਜੋਗ ਵਿਚ ਆਮ ਤੌਰ ’ਤੇ ਨਿਰਾਸ਼ਤਾ, ਕਰੁਣਾ ਅਤੇ ਅਸਹਾਇਤਾ ਦੀ ਝਲਕ ਮਿਲਦੀ ਹੈ ਪਰ ਅਧਿਆਤਮਕ ਵਿਜੋਗ ਵਾਲੇ ਵਿਅਕਤੀ ਨੂੰ ਗੁਰਬਾਣੀ ਆਸ਼ਾਵਾਦੀ ਬਣਾ ਕੇ ਸ਼ੁਭ-ਕਰਮਾਂ ਦੇ ਮਾਰਗ ਉੱਤੇ ਅੱਗੇ ਵਧਣ ਦਾ ਰਾਹ ਦੱਸਦੀ ਹੈ। ਗੁਰਬਾਣੀ ਆਪਣੇ ਆਲੇ-ਦੁਆਲੇ ਵਿਚ ਹੀ ਨੁਕਸ ਨਾ ਵੇਖਦੇ ਰਹਿਣ ਦੀ ਚੇਤਾਵਨੀ ਦਿੰਦੀ ਹੈ ਅਤੇ ਆਪਣੇ ਕਰਮਾਂ ਅਤੇ ਉਨ੍ਹਾਂ ਤੋਂ ਪੈਦਾ ਕੀਤੇ ਸੰਸਕਾਰਾਂ ਨੂੰ ਘੋਖਣ, ਪੜਚੋਲਣ ਦੀ ਗੱਲ ਕਰਦੀ ਹੈ। ਆਸਾ ਰਾਗ ਵਿਚ ਉਚਾਰਣ ਕੀਤੀ ਹੋਈ ‘ਪਟੀ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਪੱਸ਼ਟ ਕਹਿੰਦੇ ਹਨ, ‘ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥’ ਰਾਗ ਤੁਖਾਰੀ ਦੇ ਬਾਰਹਮਾਹਾ ਦਾ ਅਰੰਭ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਿਜੋਗ ਦੇ ਕਾਰਨ ਦੀ ਸਮੱਸਿਆ ਤੋਂ ਹੀ ਕਰਦੇ ਹਨ-‘ਤੂ ਸੁਣਿ ਕਿਰਤ ਕਰੰਮਾ ਪੁਰਬ ਕਮਾਇਆ॥ ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ॥’
ਵਿਅਕਤੀ ਦੇ ਕੀਤੇ ਹੋਏ ਕਰਮ ਜੇ ਪ੍ਰੇਮ ਵਿਹੂਣੇ ਹਨ ਤਾਂ ਉਨ੍ਹਾਂ ਤੋਂ ਪੈਦਾ ਹੋਇਆ ਹਰ ਸੰਸਕਾਰ ਅਤੇ ਰਿਸ਼ਤਾ ਰੁੱਖਾ, ਚਿੜਚਿੜਾ ਅਤੇ ਖੋਖਲਾ ਹੋਵੇਗਾ। ਨਫ਼ਰਤ, ਈਰਖ਼ਾ ਅਤੇ ਸ਼ੋਸ਼ਣ ਨੂੰ ਸਾਹਮਣੇ ਰੱਖ ਕੇ ਕੀਤੇ ਸਾਰੇ ਕਰਮ ਵਿਅਕਤੀ ਨੂੰ ਕੁਝ ਸਮੇਂ ਲਈ ਬੇਸ਼ੱਕ ਮਜਬੂਰੀ ਵਸ ਦੂਜੇ ਦੇ ਲਾਗੇ ਲੈ ਆਉਣ ਪਰ ਕੁਝ ਸਮੇਂ ਬਾਅਦ ਹੀ ਸਚਾਈ ਪ੍ਰਗਟ ਹੋ ਜਾਂਦੀ ਹੈ ਅਤੇ ਦੂਰੀਆਂ ਹੋਰ ਵੀ ਵਧ ਜਾਂਦੀਆਂ ਹਨ। ਸੱਚੇ ਗਿਆਨ ਦੇ ਸੋਮੇ ਵਜੋਂ ਜਾਣੀ ਜਾਂਦੀ ਪ੍ਰੇਮ ਰੂਪੀ ਜੀਵਨ ਸ਼ਕਤੀ ਜਦੋਂ ਵਿਅਕਤੀ ਵਿਚ ਘੱਟ ਜਾਂਦੀ ਹੈ ਤਾਂ ਵਿਅਕਤੀ ਦੀ ਸ਼ਖ਼ਸੀਅਤ ਵਿਚ ਅਸਾਵਾਂਪਨ ਅਤੇ ਸਮਾਜ ਵਿਚ ਵਿਘਟਨ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ। ਪਲੈਟੋ ਦੇ ਸੰਵਾਦਾਂ ਵਿੱਚੋਂ ‘ਸਿੰਪੋਜ਼ੀਅਮ’ ਵਿਚ ਪ੍ਰੇਮ ਦੇ ਸਰੂਪ ਅਤੇ ਮਹੱਤਤਾ ਉੱਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਅਗਾਥਨ ਦੇ ਨਿਵਾਸ ਅਸਥਾਨ ਤੇ ਅਰਿਸਟੋਫੇਨੀਜ਼, ਐਲਸੀਬਾਯਡੀਜ਼ ਅਤੇ ਫੀਡਰਸ ਆਦਿ ਇਕੱਠੇ ਹੁੰਦੇ ਹਨ ਅਤੇ ਵਾਰੀ ਵਾਰੀ ‘ਪ੍ਰੇਮ’ ਉੱਤੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਸੁਕਰਾਤ ਹਮੇਸ਼ਾਂ ਦੀ ਤਰ੍ਹਾਂ ਗੱਲ ਕਰਨ ਦਾ ਤਰਕਪੂਰਨ ਢੰਗ ਅਪਨਾਉਂਦਾ ਹੈ ਅਤੇ ਬੋਲਦਾ-ਬੋਲਦਾ ਇਸ ਛਿਨ-ਭੰਗਰ ਸੰਸਾਰ ਤੋਂ ਚਲ ਕੇ ਉਸ ਅਨੰਤ ਦੇ ਚਿੰਤਨ ਵਿਚ ਲੀਨ ਹੋ ਜਾਂਦਾ ਹੈ। ਫੀਡਰਸ ਪ੍ਰੇਮ ਦਾ ਅਤਿ ਪ੍ਰਸੰਸਾਤਮਕ ਅਤੇ ਭਾਵੁਕ ਲੇਖਾ-ਜੋਖਾ ਪੇਸ਼ ਕਰਦਾ ਹੈ ਅਤੇ ਆਪਣੇ ਵਿਚਾਰਾਂ ਦੀ ਨਿਗਰਤਾ ਦੇ ਪੱਖ ਵਿਚ ਮਹਾਂਕਵੀ ਹੀਸੋਡ ਦੀਆਂ ਉਹ ਪੰਗਤੀਆਂ ਪੇਸ਼ ਕਰਦਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਧੂੰਧੂਕਾਰ ਸੀ, ਫਿਰ ਸਾਰਿਆਂ ਨੂੰ ਧਾਰਨ ਕਰਨ ਵਾਲੀ ਪ੍ਰਿਥਵੀ ਅਤੇ ਪ੍ਰੇਮ ਪੈਦਾ ਹੋਏ। ਹੋਰ ਅੱਗੇ ਫੀਡਰਸ ਪਰਮੇਨਾਈਡੀਜ਼ ਦੀਆਂ ਲਾਈਨਾਂ ਸੁਣਾਉਂਦਾ ਹੈ: ‘ਦੇਵਤਿਆਂ ਦੀ ਲੰਮੀ ਕਤਾਰ ਵਿੱਚੋਂ ਉਸ ਨੇ (ਪਰਮਾਤਮਾ ਨੇ) ਸਭ ਤੋਂ ਪਹਿਲਾਂ ਪ੍ਰੇਮ ਦੀ ਸਿਰਜਨਾ ਕੀਤੀ। ਪ੍ਰੇਮ ਦਰਅਸਲ ਮਨੁੱਖ ਦੀ ਸ਼ਖ਼ਸੀਅਤ ਦਾ ਇਕ ਅਨਿੱਖੜਵਾਂ ਅਤੇ ਧੁਰ ਅੰਦਰੂਨੀ ਹਿੱਸਾ ਹੈ। ਮਾਨ, ਅਪਮਾਨ ਬਾਰੇ ਗੱਲ ਕਰਦਿਆਂ ਫੀਡਰਸ ਕਹਿੰਦਾ ਹੈ ਕਿ ਪ੍ਰੇਮੀ ਨੂੰ ਕਿਸੇ ਮਾੜੇ ਜਾਂ ਕਾਇਰਤਾ ਪੂਰਨ ਕੰਮ ਵਿਚ ਫੜੇ ਜਾਣ ਜਾਂ ਕਿਸੇ ਹੋਰ ਕਾਰਨ ਕਰਕੇ ਅਪਮਾਨਿਤ ਹੋਣ ਸਮੇਂ ਉਸ ਦੇ ਪਿਤਾ ਜਾਂ ਮਿੱਤਰਾਂ ਆਦਿ ਦੁਆਰਾ ਦੇਖੇ ਜਾਣ ਨਾਲ ਇੰਨੀ ਤਕਲੀਫ ਨਹੀਂ ਹੁੰਦੀ ਜਿੰਨੀ ਅਜਿਹੀ ਹਾਲਤ ਵਿਚ ਪ੍ਰੇਮਿਕਾ ਦੇ ਸਾਹਮਣੇ ਹੁੰਦੀ ਹੈ। ਸੱਚਾ ਪ੍ਰੇਮ ਦਰਅਸਲ ਵਿਅਕਤੀ ਦੀ ਮੂਲ ਪਰਵਿਰਤੀ ਹੈ ਅਤੇ ਚੰਗੇ ਕੰਮਾਂ ਦਾ ਸੋਮਾ ਹੈ। ਪਹਿਲਾਂ ਜਿਵੇਂ ਕਿ ਕਿਹਾ ਜਾ ਚੁਕਿਆ ਹੈ ਕਿ ਪਰਸਪਰ ਜੋੜੀ ਰੱਖਣ ਵਾਲੀ ਸ਼ਕਤੀ ਪ੍ਰੇਮ ਹੀ ਹੋ ਸਕਦੀ ਹੈ ਅਤੇ ਵਿਰੋਧ ਦੂਰੀਆਂ ਵਧਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਏਸੇ ਸਥਿਤੀ ਨੂੰ ਸੰਜੋਗ ਅਤੇ ਵਿਜੋਗ ਰੂਪ ਕਿਹਾ ਗਿਆ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਸੇ ਨੂੰ ਹੀ ‘ਆਕਰਖਨ’ ਅਤੇ ‘ਉਦਕਰਖਨ’ ਆਖਦੇ ਹਨ ਅਤੇ 33 ਸਵੈਯਾਂ ਵਿਚ ਇਕ ਥਾਂ ਕਹਿੰਦੇ ਹਨ “ਲਾਜ ਗਈ ਕਛੁ ਕਾਜ ਸਰਯੋ ਨਹਿ ਪ੍ਰੇਮ ਬਿਨਾਂ ਪ੍ਰਭ ਪਾਨ ਆਏ॥”
ਅੱਜ ਦੇ ਸਮਾਜ ਵਿਚ ਇਕੱਲਤਾ ਜਾਂ ਵਿਜੋਗ ਦਾ ਸੰਤਾਪ ਭੋਗਣ ਵਾਲਾ ਵਿਅਕਤੀ ਇਕ ਪਾਸੇ ਤਾਂ ਦੂਜਿਆਂ ਦੇ ਲਾਗੇ ਆਉਣ ਦੀ ਬਜਾਇ ਰਾਹੋਂ ਖੁੰਝ ਜਾਂਦਾ ਹੈ ਅਤੇ ਦੂਜੇ ਪਾਸੇ ਨਾਲ ਹੀ ਨਾਲ ਉਹ ਖ਼ੁਦ ਵੀ ਸਮਾਜ ਵਿਚ ਅਤੇ ਆਪਣੇ ਪਰਵਾਰ ਵਿਚ ਵਿਦਰੋਹੀ ਬਿਰਤੀ ਦੇ ਬੀਜ ਬੀਜਣਾ ਆਰੰਭ ਕਰ ਦਿੰਦਾ ਹੈ। ਜ਼ਿੰਦਗੀ ਲਈ ਹਜ਼ਾਰਾਂ ਨਿਯਮ ਹੋ ਸਕਦੇ ਹਨ ਪਰ ਇਹ ਵੀ ਹਕੀਕਤ ਹੈ ਕਿ ਜ਼ਿੰਦਗੀ ਦਾ ਸਮਾਂ ਏਨਾ ਘੱਟ ਹੈ ਕਿ ਇਨ੍ਹਾਂ ਸਾਰੇ ਨਿਯਮਾਂ, ਕਾਨੂੰਨਾਂ ਨੂੰ ਇਕ ਜ਼ਿੰਦਗੀ ਵਿਚ ਲਾਗੂ ਕਰਨਾ ਅਸੰਭਵ ਹੈ। ਇਸ ਲਈ ਸਾਰੇ ਨਿਯਮਾਂ ਦਾ ਸਾਰ ਤੱਤ ਪ੍ਰੇਮ ਹੈ ਜਿਸ ਵਿਚ ਸਾਰੇ ਹੀ ਅਧਿਆਤਮਕ ਅਤੇ ਵਿਹਾਰਕ ਨਿਯਮ ਸਮਾ ਜਾਂਦੇ ਹਨ। ਸਪੱਸ਼ਟ ਹੈ ਕਿ ਆਪਣੇ ਕੀਤੇ ਕਰਮ ਹੀ ਸਾਡੀ ਆਪਣੇ ਆਪ ਨਾਲ, ਵਿਅਕਤੀ ਨਾਲ ਅਤੇ ਪਰਮਾਤਮਾ ਨਾਲ ਦੂਰੀ ਪੈਦਾ ਕਰਦੇ ਹਨ। ਇਨ੍ਹਾਂ ਪੂਰਬਲੇ ਅਤੇ ਇਸ ਸਮੇਂ ਦੇ ਕਮਾਏ ਕਰਮਾਂ ਵੱਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰਹਮਾਹਾ ਵਿਚ ਸੰਕੇਤ ਕਰਦੇ ਹਨ। ਇਸ ਰਚਨਾ ਦੇ ਦੂਸਰੇ ਪਦੇ ਵਿਚ ਕਿਹਾ ਗਿਆ ਹੈ-ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ॥-ਅਰਥਾਤ ਉਹੀ ਜੀਵ ਰੂਪੀ ਇਸਤਰੀ ਚੰਗੇ ਸੰਸਕਾਰਾਂ ਵਾਲੀ ਹੋ ਸਕਦੀ ਹੈ ਜਿਹੜੀ ਆਪਣੇ ਸਰੀਰ ਨੂੰ (ਸਰੀਰਕ ਇੰਦਰੀਆਂ ਨੂੰ) ਜੁਗਤੀ ਨਾਲ ਕਾਬੂ ਵਿਚ ਰੱਖ ਕੇ ਪ੍ਰਭੂ ਰੂਪੀ ਆਪਣੇ ਨਿੱਜ ਸਰੂਪ ਵਿਚ ਸਥਿਤ ਹੋ ਜਾਂਦੀ ਹੈ। ਅਧਿਆਤਮਿਕਤਾ ਦੇ ਨਾਲ-ਨਾਲ ਏਥੇ ਉੱਚੀ ਤੇ ਸੁੱਚੀ ਨੈਤਿਕਤਾ ਨੂੰ ਸ਼ਖ਼ਸੀਅਤ ਦਾ ਅੰਗ ਬਣਾਉਣ ਦੀ ਪ੍ਰੇਰਨਾ ਵੀ ਦਿੱਤੀ ਗਈ ਹੈ।
ਚੁਗਿਰਦਾ ਬੋਧ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਦੀ ਦਾਰਸ਼ਨਿਕਤਾ ਦਾ ਇਕ ਅਟੁੱਟ ਅੰਗ ਹੈ। ਗੁਰਬਾਣੀ ਆਧਾਰਿਤ ਸਿੱਖ ਧਰਮ ਪੂਰਨ ਰੂਪ ਵਿਚ ਇਕ ਅਧਿਆਤਮਕ ਅਨੁਭਵ ਹੋਣ ਦੇ ਨਾਤੇ ਅਤੇ ਕਿਰਿਆਸ਼ੀਲਤਾ ਪੂਰਨ ਹੋ ਕੇ ਸੰਸਾਰਕ ਵਿਹਾਰ ਨੂੰ ਉਚੇਰਾ ਕਰਨ ਦੇ ਆਹਰ ਵਿਚ ਲੱਗਾ ਹੋਣ ਦੇ ਨਾਤੇ ਕੁਦਰਤ ਦੀ ਗਤੀਸ਼ੀਲਤਾ ਨਾਲ ਇਕਸੁਰ ਹੋਣ ਲਈ ਸਦਾ ਹੀ ਖੁੱਲ੍ਹੇ ਮਨ ਨਾਲ ਤਿਆਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੇਸ਼ੱਕ ਕੁਦਰਤ ਦੇ ਚੱਕਰੀ ਗੋਲਾਕਾਰ ਪ੍ਰਵਾਹ ਨੂੰ ਯੁਗਾਂ, ਵਰ੍ਹਿਆਂ, ਮਹੀਨਿਆਂ ਅਤੇ ਹਫਤਿਆਂ ਵਿਚ ਵੰਡਿਆ ਹੋਇਆ ਮਹਿਸੂਸ ਕੀਤਾ ਗਿਆ ਹੈ, ਪਰੰਤੂ ਸਮੇਂ ਸਥਾਨ ਦੀ ਇਹ ਵੰਡ ਸਿੱਖ ਨੂੰ ਵਧੇਰੇ ਪ੍ਰੇਮ ਪੂਰਨ ਭਗਤੀ ਵਿਚ ਲੀਨ ਅਤੇ ਜੀਵਨ ਦੀਆਂ ਸਚਾਈਆਂ ਪ੍ਰਤੀ ਵਧੇਰੇ ਜ਼ੁੰਮੇਵਾਰ ਹੋਣ ਦੀ ਪ੍ਰੇਰਨਾ ਦਿੰਦੀ ਹੈ। ਕੁਦਰਤ ਨਾਲ ਇਕਸੁਰ ਹੋ ਕੇ ਪਰਮਾਤਮਾ ਨੂੰ ਮਿਲਣ ਦੀ ਹਿਰਦੇ ਦੀ ਬਿਹਬਲਤਾ ਦਾ ਉਭਰਵਾਂ ਚਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਹਰ ਮਾਹਾ ਤੁਖਾਰੀ ਵਿਚ ਵੇਖਣ ਨੂੰ ਮਿਲਦਾ ਹੈ। ਇਸ ਰਚਨਾ ਵਿਚ ਕੁਦਰਤ ਦਾ ਗੋਲਾਕਾਰ ਪ੍ਰਵਾਹ, ਉਸ ਦੀ ਸੁੰਦਰਤਾ, ਉਸ ਦੀ ਉਗਰਤਾ ਗੁਰੂ ਜੀ ਦੇ ਹਿਰਦੇ ਨੂੰ ਚਾਰੇ ਪਾਸੇ ਪਸਰੀ ਪਰਮ ਸੱਤਾ ਦੇ ਪ੍ਰਤੀ ਹੋਰ ਗੁੰਜਾਇਮਾਨ ਅਤੇ ਜੀਵੰਤ ਕਰ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਰਸ਼ਨਿਕ ਚੇਤਨਤਾ ਅਤੇ ਕੁਦਰਤ ਪ੍ਰਤੀ ਪਿਆਰ ਨੂੰ ਦਰਸਾਉਣ ਲਈ ਇਹ ਉਚਿਤ ਹੀ ਹੋਵੇਗਾ ਕਿ ਕੁਝ ਅਜਿਹੀਆਂ ਟੂਕਾਂ ਬਾਰਹ ਮਾਹਾ ਤੁਖਾਰੀ ਵਿੱਚੋਂ ਹੀ ਵੇਖੀਆਂ ਜਾਣ ਜਿਨ੍ਹਾਂ ਵਿਚ ਪਿਆਰ ਵਿਚ ਬਿਹਬਲ ਆਤਮਾ ਦਾ ਭੌਰੇ, ਪਪੀਹੇ, ਖਿੜੇ ਹੋਏ ਫੁੱਲਾਂ ਅਤੇ ਹਰੀਆਂ ਟਹਿਣੀਆਂ ਦੇ ਰੂਪ ਵਿਚ ਜ਼ਿਕਰ ਕੀਤਾ ਗਿਆ ਹੈ:
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ॥
ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥ (ਪੰਨਾ 1107-08)
ਉਪਰੋਕਤ ਅਤੇ ਹੋਰ ਸਾਰੇ ਪਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ‘ਬਾਰ’ (ਪਾਕਿਸਤਾਨ) ਵਿਚਲੇ ਪਿੰਡ ਦੀਆਂ ਯਾਦਾਂ ਨੂੰ ਛੁਹਣ ਵਾਲੇ ਹਨ ਅਤੇ ਇਨ੍ਹਾਂ ਵਿਚ ਇਹ ਸਪੱਸ਼ਟ ਹੀ ਹੈ ਕਿ ਕਿਵੇਂ ਗੁਰੂ ਜੀ ਦਾ ਚਿੰਤਨ ਆਪਣੇ ਚੁਗਿਰਦੇ ਪ੍ਰਤੀ ਜਾਗਰੂਕ ਅਤੇ ਉਸ ਵਿਚ ਖੁਭਿਆ ਹੋਇਆ ਹੈ। ਕਿਧਰੇ ਵਿਛੜੀ ਹੋਈ ਆਤਮਾ ਦੀ ਕੁਰਲਾਹਟ ਪਿਆਰੀ ਕੁਦਰਤ ਦੀ ਕੈਨਵਸ ਉੱਤੇ ਚਿਤਰੀ ਹੋਈ ਹੈ ਅਤੇ ਕਿਧਰੇ ਇਹ ਆਸਾੜ ਮਹੀਨੇ ਵਿਚ ਦਰਸਾਈ ਗਈ ਹੈ। ਮਨਮੁਖ ਦੀ ਅੰਦਰੂਨੀ ਤਪਸ਼ ਨੂੰ ਸੂਰਜ ਦੀ ਭਿਆਨਕ ਗਰਮੀ ਕਾਰਨ ਉਠਦੀ ਪੀੜਾ ਦੇ ਬਿੰਬ ਦੀ ਸਹਾਇਤਾ ਨਾਲ ਬਿਆਨਿਆ ਗਿਆ ਹੈ। ਵਾਰ ਸਤ, ਥਿਤੀਂ, ਪਹਰੇ ਆਦਿ ਅਜਿਹੀਆਂ ਹੀ ਹੋਰ ਬਾਣੀਆਂ ਹਨ ਜਿਨ੍ਹਾਂ ਵਿਚ ਸਮੇਂ ਸਥਾਨ ਦੇ ਗੋਲਾਕਾਰ ਪ੍ਰਵਾਹ ਨੂੰ ਅਨੁਭਵ ਕੀਤਾ ਗਿਆ ਹੈ। ਇਹ ਸਾਰੀਆਂ ਬਾਣੀਆਂ ਕੁਦਰਤ ਦੀ ਉਸ ਅਨੰਤ ਪ੍ਰਕਿਰਿਆ ਵਿਚ ਸਾਡਾ ਵਿਸ਼ਵਾਸ ਪੱਕਾ ਕਰਦੀਆਂ ਹਨ ਜਿਸ ਰਾਹੀਂ ਸਾਨੂੰ ਚੁਗਿਰਦੇ ਵਿਚ ਪਸਰੀ ਦਿੱਬਤਾ ਦੀ ਸੋਝੀ ਪੈਂਦੀ ਹੈ। ਵਿਅਕਤੀ ਦੀ ਅਜਿਹੀ ਸੂਝ ਹੀ ਉਸ ਨੂੰ ਸੰਤੋਖ ਅਤੇ ਨਿਮਰਤਾ ਨਾਲ ਭਰ ਦਿੰਦੀ ਹੈ ਅਤੇ ਇਹ ਦੋਵੇਂ ਨੈਤਿਕ ਗੁਣ ਸਿੱਖੀ ਜੀਵਨ ਵਾਸਤੇ ਬੇਹੱਦ ਜ਼ਰੂਰੀ ਹਨ।
ਭਾਈ ਗੁਰਦਾਸ ਜੀ ਆਪਣੀ ਪੰਜਵੀਂ ਵਾਰ ਦੀ ਅਠਵੀਂ ਪਉੜੀ ਵਿਚ ਇਕ ਬਹੁਤ ਹੀ ਸਪੱਸ਼ਟ ਗੱਲ ਵਹਿਮਾਂ-ਭਰਮਾਂ ਬਾਰੇ ਕਹਿੰਦੇ ਹਨ:
ਸਉਣ ਸਗੁਨ ਬੀਚਾਰਣੇ ਨਉਂ ਗ੍ਰਹ ਬਾਰਹ ਰਾਸਿ ਵੀਚਾਰਾ।
ਕਾਮਣ ਟੂਣੇ ਅਉਸੀਆਂ ਕਣ ਸੋਹੀ ਪਾਸਾਰ ਪਾਸਾਰਾ।
ਗਦਹੁ ਕੁੱਤੇ ਬਿਲੀਆਂ ਇਲ ਮਲਾਲੀ ਗਿੱਦੜ ਛਾਰਾ।
ਨਾਰਿ ਪੁਰਖ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ।
ਥਿਤ ਵਾਰ ਭਦਰਾਂ ਭਰਮ ਦਿਸ਼ਾ ਧੂਲ ਸਹਿਸਾ ਸੰਸਾਰਾ।
ਵਲ ਛਲ ਕਰ ਵਿਸਵਾਸ ਲਖ ਬਹੁ ਚੁਖੀਂ ਕਿਉਂ ਰਵੈ ਪਤਾਰਾ।
ਗੁਰਮੁਖ ਸੁਖ ਫਲ ਪਾਰ ਉਤਾਰਾ॥ (ਵਾਰ 5:8)
ਸਿੱਖ ਪਰੰਪਰਾ ਅਤੇ ਗੁਰਬਾਣੀ ਵਿਚ ਕੋਈ ਦਿਨ ਵਿਸ਼ੇਸ਼ ਜਾਂ ਸਮਾਂ ਵਿਸ਼ੇਸ਼ ਨਾ ਤਾਂ ਸ਼ੁੱਭ ਹੈ ਅਤੇ ਨਾ ਹੀ ਅਸ਼ੁੱਭ। ਭਲਾ ਸਮਾਂ ਉਹ ਹੀ ਹੈ ਜਿਸ ਵਿਚ ਪਰਮਾਤਮਾ ਦਾ ਨਿਵਾਸ ਹਿਰਦੇ ਵਿਚ ਹੋਣ ਕਰਕੇ ਉਸ ਦੀ ਨਦਰਿ ਵਿਅਕਤੀ ਉੱਤੇ ਸੁਵੱਲੀ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਉਹੋ ਘੜੀ ਮਹੂਰਤ ਭਲਾ ਮੰਨਿਆ ਹੈ ਜਿਸ ਵਿਚ ਉਸ ਪ੍ਰਭੂ ਪਿਆਰੇ ਨਾਲ ਮਿਲਾਪ ਬਣਿਆ ਰਹਿੰਦਾ ਹੈ:
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥ (ਪੰਨਾ 1109)
ਸ੍ਰੀ ਗੁਰੂ ਅਰਜਨ ਦੇਵ ਜੀ ਵੀ ਬਾਅਦ ਵਿਚ ਮਾਝ ਰਾਗ ਦੇ ਆਪਣੇ ਬਾਰਹ ਮਾਹਾ ਵਿਚ ਇਹੀ ਕਹਿੰਦੇ ਹਨ-ਮਾਹਿ ਦਿਵਸ ਮੂਰਤ ਭਲੇ ਜਿਨ ਕਉ ਨਦਰਿ ਕਰੇ।-ਉਹੀ ਘੜੀ ਸ਼ੁੱਭ ਹੈ ਜਿਸ ਵਿਚ ਉਸ ਦੀ ਬਖ਼ਸ਼ਿਸ਼ ਹੋ ਜਾਏ। ਮੱਸਿਆ, ਸੰਗਰਾਂਦ ਦੀ ਤਾਂ ਗੱਲ ਹੀ ਛੱਡੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਯੁਗਾਂ ਬਾਰੇ ਪ੍ਰਚੱਲਿਤ ਧਾਰਨਾਵਾਂ ਨੂੰ ਵੀ ਉਲਟਾ ਕੇ ਰੱਖ ਦਿੱਤਾ ਹੈ। ਰਾਗ ਆਸਾ ਵਿਚ ਕਥਨ ਹੈ:
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ॥
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥ (ਪੰਨਾ 406)
ਆਮ ਤੌਰ ’ਤੇ ਇਹ ਧਾਰਨਾ ਹੈ ਕਿ ਸਤਿਜੁਗ ਦਾ ਸਮਾਂ ਸਭ ਤੋਂ ਵਧੀਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਸਤਿਜੁਗ ਵਿਚ ਇਕ ਵਿਅਕਤੀ ਕੁਕਰਮ ਕਰਦਾ ਸੀ ਤਾਂ ਸਾਰੇ ਦੇਸ਼ ਨੂੰ ਫਲ ਭੁਗਤਣਾ ਪੈਂਦਾ ਸੀ, ਤ੍ਰੇਤੇ ਵਿਚ ਇਕ ਦੇ ਕੁਕਰਮ ਦਾ ਸਾਰੇ ਨਗਰ ਨੂੰ ਫਲ ਭੋਗਣਾ ਪੈਂਦਾ ਸੀ, ਦੁਆਪਰ ਵਿਚ ਇਕ ਵਿਅਕਤੀ ਦੇ ਪਾਪ ਕਰਮ ਦਾ ਸਾਰੇ ਪਰਵਾਰ ਨੂੰ ਫਲ ਭੋਗਣਾ ਪੈਂਦਾ ਸੀ, ਪਰ ਕਲਜੁਗ ਵਿਚ ਅਜਿਹਾ ਨਹੀਂ ਹੈ। ਜਿਹੜਾ ਵਿਅਕਤੀ ਕੁਕਰਮ ਕਰਦਾ ਹੈ ਉਸੇ ਨੂੰ ਹੀ ਉਸ ਦਾ ਫਲ ਭੋਗਣਾ ਪੈਂਦਾ ਹੈ। ਇਕ ਹੱਥ ਦੇ ਅਤੇ ਦੂਜੇ ਹੱਥ ਨਾਲ ਦਾ ਨਾਲ ਹੀ ਲੈ ਲੈ-ਇਹ ਕਲਯੁਗ ਦਾ ਵਰਤਾਰਾ ਹੈ। ਇਸ ਲਈ ਕਲਜੁਗ ਵਧੀਆ ਹੈ ਜਿਥੇ ਕਿਸੇ ਨੂੰ ਕਿਸੇ ਹੋਰ ਵਾਸਤੇ ਫਸਣਾ ਨਹੀਂ ਪੈਂਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜੁਗਾਂ ਦੀ ਕਲਪਨਾ ਨੂੰ ਵੀ ਨਹੀਂ ਮੰਨਦੇ ਅਤੇ ਅਸੀਂ ਜੁਗਾਂ ਦੇ ਛੋਟੇ-ਛੋਟੇ ਟੁਕੜਿਆਂ ਥਿਤਾਂ, ਵਾਰਾਂ, ਮੱਸਿਆ, ਸੰਗਰਾਂਦਾਂ ਦੇ ਕਰਮਕਾਂਡ ਵਿੱਚੋਂ ਹੀ ਨਹੀਂ ਨਿਕਲ ਪਾ ਰਹੇ। ਦਰਅਸਲ ਅਸੀਂ ਨਿਕਲਣਾ ਹੀ ਨਹੀਂ ਚਾਹੁੰਦੇ। ਭਗਤ ਕਬੀਰ ਜੀ ਦਾ ਕਥਨ ਸਾਡੇ ’ਤੇ ਪੂਰਾ ਢੁਕਦਾ ਹੈ:
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥ (ਪੰਨਾ 1376)
ਲੇਖਕ ਬਾਰੇ
ਡਾ. ਜੋਧ ਸਿੰਘ ਜੀ (15-05-1942 ਤੋਂ 20-06-2021) ਨੇ ਸਿੱਖ ਅਕਾਦਮਿਕ ਜਗਤ ਵਿਚ ਵੱਖਰੀ ਪਛਾਾਣ ਕਾਇਮ ਕੀਤੀ ਹੈ। ਇਹਨਾਂ ਨੇ ਸਿੱਖ ਧਰਮ ਅਧਿਐਨ ਦਾ ਮੂਲ ਆਧਾਰ ਮੰਨੇ ਜਾਂਦੇ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਜੀ ਅਤੇ ਸ੍ਰੀ ਦਸਮ ਗ੍ਰੰਥ ਦਾ ਅਨੁਵਾਦ ਕਰਕੇ ਇਸ ਨੂੰ ਹੋਰਨਾਂ ਲੋਕਾਂ ਤੱਕ ਲਿਜਾਣ ਦਾ ਕਾਰਜ ਕੀਤਾ। ਸਿੱਖ ਧਰਮ ਅਧਿਐਨ ਦੇ ਖੇਤਰ ਵਿਚ ਕਾਰਜ ਕਰਦੇ ਹੋਏ ਡਾ. ਸਾਹਿਬ ਨੇ ਗੁਰਬਾਣੀ ਅਤੇ ਗੁਰਮਤਿ ਦਰਸ਼ਨ ਨੂੰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਆਮ ਲੋਕਾਂ ਤੱਕ ਲਿਜਾਣ ਦਾ ਸਫ਼ਲ ਯਤਨ ਕੀਤਾ। ਡਾ. ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਧ ਗੋਸਟਿ 'ਤੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਪੀ-ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਅਧਿਐਨ ਨੂੰ ਬਹੁਤ ਭਾਵਪੂਰਤ ਤਰੀਕੇ ਨਾਲ ਅਕਾਦਮਿਕ ਜਗਤ ਵਿਚ ਸਥਾਪਿਤ ਕੀਤਾ। ਇਸ ਤੋਂ ਇਲਾਵਾ ਜਪੁਜੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, ਵਾਰਾਂ ਭਾਈ ਗੁਰਦਾਸ ਜੀ, ਬਚਿਤ੍ਰ ਨਾਟਕ ਆਦਿ ਇਹਨਾਂ ਦੇ ਮਨ-ਭਾਉਂਦੇ ਵਿਸ਼ੇ ਸਨ ਜਿਨ੍ਹਾਂ 'ਤੇ ਬਹੁਤ ਹੀ ਸਰਲਤਾ ਅਤੇ ਸਪਸ਼ਟਤਾ ਨਾਲ ਘੰਟਿਆਂ ਬੱਧੀ ਬੋਲ ਸਕਦੇ ਸਨ ਅਤੇ ਸੁਣਨ ਵਾਲੇ ਨੂੰ ਕਦੇ ਅਕੇਵਾਂ ਨਹੀਂ ਸੀ ਹੁੰਦਾ।
- ਡਾ. ਜੋਧ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a9%8b%e0%a8%a7-%e0%a8%b8%e0%a8%bf%e0%a9%b0%e0%a8%98/May 1, 2008
- ਡਾ. ਜੋਧ ਸਿੰਘhttps://sikharchives.org/kosh/author/%e0%a8%a1%e0%a8%be-%e0%a8%9c%e0%a9%8b%e0%a8%a7-%e0%a8%b8%e0%a8%bf%e0%a9%b0%e0%a8%98/November 1, 2008