editor@sikharchives.org

ਬੇਦਾਵਾ

ਸਿੰਘਾਂ ਨੂੰ ਗੁਰੂ ਬੜਾ ਪਿਆਰਾ ਹੈ, ਗੁਰੂ ਹੀ ਸਿੰਘਾਂ ਦੇ ਪ੍ਰਾਣ ਹਨ, ਗੁਰੂ ਹੀ ਸਿੰਘਾਂ ਦੀ ਜਿੰਦ-ਜਾਨ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪਹਾੜੀ ਰਾਜਿਆਂ ਨੇ ਸਾਲਾਂ ਤੋਂ ਵਿਰੋਧ ਕਰ ਕੇ ਅਤੇ ਕਈ ਵਾਰ ਲੜਾਈਆਂ ਲੜ ਕੇ ਵੇਖ ਲਿਆ ਸੀ ਕਿ ਸਿੰਘ ਅਜਿੱਤ ਹਨ, ਕਿਰਪਾਨ ਦੇ ਧਨੀ ਹਨ, ਅਣਖੀਲੇ ਹਨ, ਸਵੈ-ਵਿਸ਼ਵਾਸੀ ਹਨ। ਮਿਆਨ ਵਿੱਚੋਂ ਕਿਰਪਾਨ ਕੱਢਦੇ ਹਨ ਤਾਂ ਸਿਰ-ਧੜ ਦੀ ਬਾਜ਼ੀ ਲਗਾ ਦਿੰਦੇ ਹਨ। ਇਨ੍ਹਾਂ ਦਾ ਵਾਰ ਕੀਤਾ ਕਦੇ ਖਾਲੀ ਨਹੀਂ ਜਾਂਦਾ। ਉਨ੍ਹਾਂ ਨੇ ਇਹ ਭੀ ਵੇਖ ਲਿਆ ਸੀ ਕਿ ਆਰਥਿਕ ਪੱਖ ਤੋਂ ਪਹਾੜੀ ਰਿਆਸਤਾਂ ਖੋਖਲੀਆਂ ਹੋ ਚੁਕੀਆਂ ਸਨ। ਸਿੰਘਾਂ ਨਾਲੋਂ ਵਜ਼ੀਰ ਖਾਂ ਦੀਆਂ ਫੌਜਾਂ ਨੇ ਬਹੁਤ ਨੁਕਸਾਨ ਕੀਤਾ ਸੀ।

ਪਹਾੜੀ ਰਾਜਿਆਂ ਨੇ ਵਜ਼ੀਰ ਖਾਂ ਨੂੰ ਕਿਹਾ, “ਅਸੀਂ ਇਕੱਲੇ ਬੇਇਤਬਾਰੇ ਹੋ ਚੁਕੇ ਹਾਂ। ਤੁਸੀਂ ਉੱਪਰੋਂ ਸ਼ਾਹੀ ਫ਼ੁਰਮਾਨ ਮੰਗਵਾ ਲਵੋ, ਉਸ ਉੱਪਰ ਗੁਰੂ ਜੀ ਭਰੋਸਾ ਕਰ ਲੈਣਗੇ। ‘ਅੰਨ੍ਹਾ ਕੀ ਭਾਲੇ, ਦੋ ਅੱਖਾਂ?’ ਵਜ਼ੀਰ ਖਾਂ ਤਾਂ ਅੱਗੇ ਹੀ ਇਹ ਕੁਝ ਚਾਹੁੰਦਾ ਸੀ। ਸੂਬਾ ਸਰਹਿੰਦ, ਸੂਬਾ ਲਾਹੌਰ ਅਤੇ ਸੂਬਾ ਕਸ਼ਮੀਰ ਦੀਆਂ ਦਸ ਲੱਖ ਫੌਜਾਂ ਰਲ ਕੇ ਭੀ ਕਿਲ੍ਹੇ ਉੱਪਰ ਕਬਜ਼ਾ ਨਹੀਂ ਸੀ ਕਰ ਸਕੀਆਂ ਅਤੇ ਨਾ ਗੁਰੂ ਜੀ ਨੂੰ ਫੜਨ ਵਿਚ ਸਫਲ ਹੋਈਆਂ ਸਨ। ਉੱਪਰੋਂ ਸ਼ਾਹੀ ਫ਼ੁਰਮਾਨ ਆ ਗਿਆ।

ਗੁਰੂ-ਦਰਬਾਰ ਵਿਚ ਆ ਕੇ ਦੋਹਾਂ ਧਿਰਾਂ ਨੇ ਦੋਵੇਂ ਪੱਤਰ ਗੁਰੂ ਜੀ ਅੱਗੇ ਰੱਖ ਦਿੱਤੇ। ਸ਼ਾਹੀ ਪੱਤਰ ਵਿਚ ਕੁਰਾਨ ਦੀ ਕਸਮ ਖਾਧੀ ਹੋਈ ਸੀ ਅਤੇ ਉਸ ਵਿਚ ਪੈਗ਼ੰਬਰ ਨੂੰ ਜ਼ਾਮਨ ਲਿਆ ਹੋਇਆ ਸੀ। ਪਹਾੜੀ ਰਾਜਿਆਂ ਵੱਲੋਂ ਗਊ ਅਤੇ ਸਾਲਗਰਾਮ ਦੀ ਸਹੁੰ ਖਾਧੀ ਹੋਈ ਸੀ ਅਤੇ ਇਹ ਭੀ ਲਿਖਿਆ ਹੋਇਆ ਸੀ ਕਿ ਤੁਸੀਂ ਇਕ ਵਾਰ ਅਨੰਦਪੁਰ ਖਾਲੀ ਕਰ ਜਾਵੋ। ਸਾਡੇ ਵੱਲੋਂ ਬੇਫ਼ਿਕਰ ਹੋ ਕੇ ਆਪਣਾ ਸਾਰਾ ਸਾਮਾਨ ਭੀ ਲੈ ਜਾਵੋ।

ਗੁਰੂ ਜੀ ਚੁੱਪ ਕਰ ਕੇ ਸੁਣਦੇ ਰਹੇ। ਦੋਹਾਂ ਪੱਤਰਾਂ ਦਾ ਕੋਈ ਉੱਤਰ ਨਹੀਂ ਦਿੱਤਾ। ਸਾਰੇ ਸਿੰਘ ਗੁਰੂ ਜੀ ਵੱਲ ਵੇਖ ਰਹੇ ਸਨ।

ਉਨ੍ਹਾਂ ਦੇ ਜਾਣ ਪਿੱਛੋਂ ਗੁਰੂ ਜੀ ਨੇ ਕਿਹਾ, “ਸਿੰਘੋ! ਇਹ ਦੁਸ਼ਮਣ ਦੀ ਇਕ ਡੂੰਘੀ ਚਾਲ ਹੈ। ਉਹ ਚਾਹੁੰਦੇ ਹਨ ਕਿ ਇਹ ਸਿੰਘ ਕੇਵਲ ਸਾਮਾਨ ਲੈ ਕੇ ਤੁਰਨ ਤੇ ਹੋਰ ਸਾਰੇ ਹਥਿਆਰ ਛੱਡ ਜਾਣ। ਇਸ ਤਰ੍ਹਾਂ ਉਹ ਸਾਨੂੰ ਬਿਨਾਂ ਹਥਿਆਰਾਂ ਤੋਂ ਧੋਖੇ ਨਾਲ ਮਾਰ ਲਏਗਾ ਅਤੇ ਸਾਡਾ ਸਾਮਾਨ ਲੁੱਟਣ ਵਿਚ ਭੀ ਸੌਖ ਰਹੇਗੀ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਤੋਂ ਪਹਿਲਾਂ ਭੀ ਵੈਰੀ ਨੇ ਇਹੋ ਜਿਹੀ ਚਾਲ ਚੱਲੀ ਸੀ। ਇਹ ਲੋਕ, ਲੜਾਈ ਵਿਚ ਹਰ ਦਾਅ ਲਾ ਸਕਦੇ ਹਨ। ਇਹ ਲੋਕ, ਲੜਾਈ ਵਿਚ ਦੂਜੇ ਨੂੰ ਧੋਖਾ ਦੇਣ ਲਈ ਸਭ ਕੁਝ ਕਰ ਸਕਦੇ ਹਨ। ਜਿਹੜੇ ਪਹਿਲਾਂ ਝੂਠੀਆਂ ਸਹੁੰਆਂ ਚੁਕ ਕੇ ਮੁੱਕਰ ਜਾਂਦੇ ਰਹੇ, ਹੁਣ ਭੀ ਮੁੱਕਰ ਜਾਣਗੇ।”

ਗੁਰੂ ਜੀ ਤੋਂ ਨਿਰਾਸ਼ ਹੋ ਕੇ ਸਿੰਘ ਮਾਤਾ ਜੀ ਕੋਲ ਚਲੇ ਗਏ ਅਤੇ ਕਹਿਣ ਲੱਗੇ, “ਮਾਤਾ ਜੀ, ਤੁਹਾਨੂੰ ਤਾਂ ਹਰ ਇਕ ਗੱਲ ਦਾ ਪਤਾ ਹੈ, ਸਿੰਘ ਭੁੱਖੇ ਮਰ ਰਹੇ ਹਨ। ਦਸ ਕੋਹਾਂ ਤਕ ਦੁਸ਼ਮਣ ਦੀ ਬੇਅੰਤ ਫੌਜ ਘੇਰਾ ਪਾ ਕੇ ਖੜੋਤੀ ਹੋਈ ਹੈ। ਹੁਣ ਤੇ ਵੈਰੀ ਨੇ ਆਪ ਆ ਕੇ ਕਿਹਾ ਹੈ ਕਿ ਚਲੇ ਜਾਓ। ਸਾਡੇ ਲਈ ਇਹ ਸੁਨਹਿਰੀ ਮੌਕਾ ਹੈ। ਮਾਤਾ ਜੀ, ਤੁਸੀਂ ਬੇਨਤੀ ਮੰਨੋ ਅਤੇ ਗੁਰੂ ਜੀ ਨੂੰ ਸਮਝਾਓ।”

ਕੁਝ ਦਿਨਾਂ ਪਿੱਛੋਂ ਸਿੰਘਾਂ ਨੇ ਗੁਰੂ ਜੀ ਨਾਲ ਆਪ ਸਿੱਧੀ ਗੱਲ ਕਰਨ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਵਿੱਚੋਂ ਇਕ ਮੁਖੀ ਨੇ ਕਿਹਾ, “ਗੁਰੂ ਜੀ, ਤੁਸੀਂ ਜਾਣਦੇ ਹੋ, ਅਸੀਂ ਆਪ ਜੀ ਦੀ ਚਰਨ-ਛੁਹ ਕਿਤਨੇ ਚਿਰ ਤੋਂ ਪ੍ਰਾਪਤ ਕਰ ਰਹੇ ਹਾਂ। ਕਿਵੇਂ ਪਾਉਂਟਾ ਸਾਹਿਬ ਤੋਂ ਤੁਹਾਡੇ ਕੋਲੋਂ ਸਾਰੇ ਸਿੰਘਾਂ ਨੇ ਹਥਿਆਰਾਂ ਦੀ ਸਿੱਖਿਆ ਲਈ ਤੇ ਇਕ ਤਰ੍ਹਾਂ ਹਰ ਮੈਦਾਨ ਵਿਚ ਉਨ੍ਹਾਂ ਦੀ ਜੁਗਤੀ ਨਾਲ ਵਰਤੋਂ ਕਰ ਕੇ ਆਪਣੇ ਨਾਲੋਂ ਚਾਰ ਗੁਣਾ ਵੱਧ ਵੈਰੀਆਂ ਨਾਲ ਲੜਦੇ ਰਹੇ ਹਾਂ। ਹੁਣ ਸਾਡੇ ਲਈ ਦੋ ਰਾਹ ਰਹਿ ਗਏ ਹਨ। ਪਹਿਲਾ ਰਾਹ ਇਹ ਹੈ ਕਿ ਸਾਨੂੰ ਬਾਹਰ ਜਾ ਕੇ ਵੈਰੀਆਂ ਨਾਲ ਲੜਨ-ਮਰਨ ਦੀ ਆਗਿਆ ਦਿਉ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਭੁੱਖੇ ਹੋਣ ਦੀ ਹਾਲਤ ਵਿਚ ਭੀ ਅਸੀਂ ਵੈਰੀ ਦੇ ਦੂਣੇ ਬੰਦੇ ਮਾਰ ਕੇ ਸ਼ਹੀਦੀਆਂ ਪਾਵਾਂਗੇ। ਜਾਂ ਸਾਡੇ ਉੱਪਰ ਇਤਨੀ ਕਿਰਪਾ ਕਰੋ ਕਿ ਸਾਨੂੰ ਭੁੱਖ ਨਾਲ ਮਰਨ ਤੋਂ ਬਚਾ ਲਵੋ।”

ਗੁਰੂ ਜੀ ਚੁੱਪ ਕਰ ਕੇ ਸੁਣਦੇ ਰਹੇ, ਸਿੰਘਾਂ ਵੱਲ ਟਿਕਟਿਕੀ ਲਾ ਕੇ ਵੇਖਦੇ ਰਹੇ। ਉਨ੍ਹਾਂ ਦੀ ਇੱਕ-ਇੱਕ ਗੱਲ ਨੂੰ ਸੁਣਦੇ ਰਹੇ। ਮਨਾਂ ਦੀ ਅਵਸਥਾ ਉੱਪਰ ਤੱਕਦੇ ਰਹੇ। ਉਨ੍ਹਾਂ ਦੇ ਮਨ ਦੀ ਹਾਲਤ ਨੂੰ ਜਾਂਚਦੇ ਰਹੇ। ਕੁਝ ਚਿਰ ਪਿੱਛੋਂ ਗੁਰੂ ਜੀ ਨੇ ਕਿਹਾ, “ਸਿੰਘੋ! ਸਾਰੀ ਖੇਡ ਹੁਕਮ ਦੀ ਹੈ। ਮੈਂ ਭੀ ਅਕਾਲ ਪੁਰਖ ਦੇ ਹੁਕਮ ਅਧੀਨ ਹਾਂ। ਜੇ ਜਾਣਾ ਹੈ ਤਾਂ ਲਿਖ ਕੇ ਦੇ ਦਿਉ ਕਿ ਨਾ ਤੁਸੀਂ ਸਾਡੇ ਗੁਰੂ, ਨਾ ਅਸੀਂ ਤੁਹਾਡੇ ਸਿੱਖ।” ‘ਨਾ ਤੁਸੀਂ ਸਾਡੇ ਗੁਰੂ, ਨਾ ਅਸੀਂ ਤੁਹਾਡੇ ਸਿੱਖ’ ਲਿਖ ਕੇ ਕਾਗਜ਼ ਗੁਰੂ ਜੀ ਦੇ ਹੱਥ ਫੜਾ ਕੇ ਕੁਝ ਸਿੰਘਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਭਰੇ ਹੋਏ ਮਨ ਨਾਲ ਅਨੰਦਪੁਰ ਸਾਹਿਬ ਤੋਂ ਬਾਹਰ ਆ ਗਏ।

ਹਰ ਇਕ ਸਿੰਘ ਇਸ ਤਰ੍ਹਾਂ ਅਨੁਭਵ ਕਰਦਾ ਸੀ ਜਿਵੇਂ ਉਹ ਆਪਣੀ ਲਾਸ਼ ਆਪਣਿਆਂ ਹੀ ਮੋਢਿਆਂ ਉੱਪਰ ਰੱਖ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਹਰ ਇਕ ਸਿੱਖ ਦੇ ਪੈਰ ਮਣ-ਮਣ ਦੇ ਹੋਏ ਹੋਏ ਸਨ।

ਗੁਰੂ ਜੀ ਸਿੰਘਾਂ ਦੇ ਚਿਹਰੇ ਪੜ੍ਹ ਰਹੇ ਸਨ, ਉਨ੍ਹਾਂ ਨੇ ਬੈਠੇ ਹੋਏ ਸਿੰਘਾਂ ਨੂੰ ਉੱਚੀ ਆਵਾਜ਼ ਵਿਚ ਕਿਹਾ, “ਜਿਸ ਨੇ ਜਾਣਾ ਹੈ, ਇਨ੍ਹਾਂ ਨਾਲ ਚਲੇ ਜਾਓ, ਪਿੱਛੋਂ ਪਛਤਾਵਾ ਨਾ ਕਰਿਓ!”

ਇਕ ਸਿੰਘ ਨੇ ਸਾਰੇ ਮੌਜੂਦ ਸਿੰਘਾਂ ਵੱਲੋਂ ਕਿਹਾ, “ਤੁਹਾਡੇ ਬਿਨਾਂ ਸਾਡੇ ਕੋਲ ਹੋਰ ਕੋਈ ਥਾਂ ਨਹੀਂ। ਤੁਹਾਨੂੰ ਛੱਡ ਕੇ ਜਾਵਾਂਗੇ ਕਿੱਥੇ? ਸਾਡਾ ਜੀਉਣਾ ਤੇ ਮਰਨਾ ਤੁਹਾਡੇ ਚਰਨਾਂ ਵਿਚ ਹੈ।”

ਬੇਦਾਵਾ ਲਿਖ ਕੇ ਸਿੰਘ ਆਪੋ-ਆਪਣੀ ਘਰੀਂ ਪਹੁੰਚ ਗਏ। ਹਰ ਪਿੰਡ ਦੇ ਲੋਕਾਂ ਨੇ ਗੁਰੂ ਜੀ ਸੰਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਅਨੰਦਪੁਰ ਸਾਹਿਬ ਹਨ। ਅਸੀਂ ਭੁੱਖ ਦੇ ਦੁੱਖ ਕਰਕੇ ਬੇਦਾਵਾ ਲਿਖ ਦਿੱਤਾ ਹੈ। ਲੋਕਾਂ ਨੇ ਉਨ੍ਹਾਂ ਨੂੰ ਬੁਜ਼ਦਿਲ ਹੋਣ ਦੇ ਤਾਅਨੇ ਮਾਰੇ।

ਉਧਰ ਅਨੰਦਪੁਰ ਸਾਹਿਬ ਅੰਦਰ ਫੌਜ ਨੇ ਘੇਰਾ ਹੋਰ ਕਰੜਾ ਕਰ ਦਿੱਤਾ ਪਰ ਆਪਣੇ ਅਨਾਜ ਦੇ ਭੰਡਾਰ ਪਿੱਛੇ ਲੈ ਗਏ ਅਤੇ ਉਨ੍ਹਾਂ ਉੱਪਰ ਪਹਿਰਾ ਹੋਰ ਮਜ਼ਬੂਤ ਕਰ ਦਿੱਤਾ। ਇਲਾਕੇ ਵਿਚ ਢੰਡੋਰਾ ਪਿਟਵਾ ਦਿੱਤਾ ਗਿਆ ਕਿ ਜੇ ਕਿਸੇ ਨੇ ਸਿੱਖਾਂ ਨੂੰ ਅਨਾਜ ਵੇਚਿਆ ਤਾਂ ਉਸ ਦੀ ਸਜ਼ਾ ਸਾਰੇ ਪਰਵਾਰ ਨੂੰ ਭੁਗਤਣੀ ਪਵੇਗੀ। ਇਹ ਭੀ ਘੋਸ਼ਣਾ ਕਰ ਦਿੱਤੀ ਕਿ ਜਿਹੜੇ ਨਗਰ ਵਾਸੀ ਬਾਹਰ ਆਉਣਾ ਚਾਹੁਣ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਏਗਾ। ਇਸ ਨਾਲ ਬਹੁਤ ਸਾਰੇ ਪਰਵਾਰ ਇਸ ਲੰਮੀ ਲੜਾਈ ਕਰਕੇ ਬਾਹਰ ਆ ਗਏ।

ਬਹਾਦਰ ਸਿੰਘ, ਇਹ ਸੋਚ ਕੇ ਕਿ ਖੁਰਾਕ ਖੁਣੋਂ ਉਨ੍ਹਾਂ ਦੇ ਫੌਜੀ ਭਰਾ ਕਿਸ ਤਰ੍ਹਾਂ ਰੋਜ਼ ਸ਼ਹੀਦ ਹੋ ਰਹੇ ਹਨ, ਰਸਦ ਲੁੱਟਣ ਲਈ ਸੁੱਤੀ ਹੋਈ ਫੌਜ ਨੂੰ ਚੀਰ ਕੇ ਲੰਘ ਜਾਂਦੇ। ਗਰਦਨ ਤੋੜ ਭਾਰੀਆਂ ਪੰਡਾਂ ਲੁੱਟ ਕੇ ਲੈ ਆਉਂਦੇ। ਕਈ ਸਿੰਘ ਪੰਡਾਂ ਵਾਲੇ ਸ਼ਹੀਦ ਹੋ ਜਾਂਦੇ ਅਤੇ ਕਈ ਜ਼ਖਮੀ ਹੋ ਜਾਂਦੇ। ਇਹ ਖੁਰਾਕ ਖੂਨ ਡੋਲ੍ਹ ਕੇ ਪ੍ਰਾਪਤ ਹੁੰਦੀ ਸੀ ਪਰ ਸਿੰਘ ਇਸ ਨੂੰ ਸਸਤੀ ਜਾਣਦੇ ਸਨ। ਕਾਰਨ? ਇਸ ਨਾਲ ਭੁੱਖ ਨਾਲ ਮਰਨ ਵਾਲੇ ਸਿੰਘਾਂ ਦੀ ਗਿਣਤੀ ਘਟ ਜਾਂਦੀ ਸੀ।

ਦੁਸ਼ਮਣ ਫੌਜ ਦਾ ਭੀ ਨੁਕਸਾਨ ਹੋ ਰਿਹਾ ਸੀ ਪਰ ਉਨ੍ਹਾਂ ਦੇ ਦਿਲ ਵਿਚ ਭਰੋਸਾ ਬੱਝਦਾ ਜਾ ਰਿਹਾ ਸੀ ਕਿ ਹੁਣ ਉਨ੍ਹਾਂ ਦੀ ਜਿੱਤ ਦੂਰ ਨਹੀਂ। ਇਧਰ ਕਿਲ੍ਹੇ ਅੰਦਰ ਅਨਾਜ ਦੀ ਥੁੜ੍ਹ ਕਰਕੇ ਪਹਿਲਾਂ ਦਿਨ ਵਿਚ ਇਕ ਵਾਰ ਖਾਣਾ ਮਿਲਦਾ, ਫਿਰ ਦੂਜੇ ਦਿਨ ਰੋਟੀ ਖਾਣ ਨੂੰ ਦਿੱਤੀ ਜਾਂਦੀ, ਫਿਰ ਤਿੰਨ ਦਿਨਾਂ ਪਿੱਛੋਂ ਮਿਲਣ ਲੱਗ ਪਈ।

ਸਿੰਘਾਂ ਨੂੰ ਗੁਰੂ ਬੜਾ ਪਿਆਰਾ ਹੈ। ਗੁਰੂ ਹੀ ਸਿੰਘਾਂ ਦੇ ਪ੍ਰਾਣ ਹਨ, ਗੁਰੂ ਹੀ ਸਿੰਘਾਂ ਦੀ ਜਿੰਦ-ਜਾਨ ਹੈ। ਬਚਨਾਂ ਦੇ ਸਹਾਰੇ ਤੁਰ-ਫਿਰ ਰਹੇ ਸਨ। ਸਿੰਘਾਂ ਦੀਆਂ ਹੱਡੀਆਂ ਮਾਸ ਵਿੱਚੋਂ ਬਾਹਰ ਆ ਗਈਆਂ ਸਨ ਪਰ ਗੁਰੂ ਸਿਦਕ ਵਿਚ ਕੋਈ ਤੋਟ ਨਹੀਂ ਆਈ। ਇਹ ਘਿਰੇ ਹੋਏ ਬੇਵੱਸ ਸਿੰਘ ਕੇਵਲ ਸਿਪਾਹੀ ਹੀ ਨਹੀਂ ਸਨ, ਸਗੋਂ ਜਰਨੈਲ ਸਨ। ਜੰਗਾਂ ਲੜ-ਲੜ ਕੇ ਜਰਨੈਲੀ ਉਨ੍ਹਾਂ ਦੇ ਖੂਨ ਵਿੱਚੋਂ ਪੈਦਾ ਹੋ ਗਈ ਸੀ। ਇਹ ਗੁਣ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਤੋਂ ਸਿੱਖ ਦਾ ਵਿਰਸਾ ਬਣ ਚੁਕਾ ਸੀ। ਸਿੱਖਾਂ ਨੇ ਕਦੇ ਭੀ ਇਸ ਹੁਨਰ ਤੇ ਕਲਾ ਤੋਂ ਮੂੰਹ ਨਹੀਂ ਸੀ ਮੋੜਿਆ। ਹਰ ਕੌਮ ਕੋਲ ਆਪਣਾ ਕੋਈ ਨਾ ਕੋਈ ਵਿਸ਼ੇਸ਼ ਵਿਰਸਾ ਹੁੰਦਾ ਹੈ। ਸਿੱਖ ਬਾਣੀ ਰਾਹੀਂ ਬਹਾਦਰੀ ਪ੍ਰਾਪਤ ਕਰਦਾ ਹੈ, ਪਹਿਲਾਂ ਉਹ ਆਪਣੀ ਅੰਦਰਲੀ ਜੰਗ ਜਿੱਤਦਾ ਹੈ ਫਿਰ ਬਾਹਰਲੇ ਮੈਦਾਨ ਵਿਚ ਪੈਰ ਧਰਦਾ ਹੈ।

ਦੋਹਾਂ ਧਿਰਾਂ ਲਈ ਲਗਾਤਾਰ ਘੇਰਾ ਪਾਈ ਰੱਖਣਾ ਸੌਖਾ ਨਹੀਂ ਸੀ। ਸ਼ਾਹੀ ਸੈਨਾ ਤੇ ਪਹਾੜੀ ਸੈਨਾ ਨੂੰ ਹਰ ਵੇਲੇ ਖ਼ਤਰਾ ਰਹਿੰਦਾ ਸੀ ਕਿ ਪਤਾ ਨਹੀਂ ਸਿੰਘਾਂ ਦੀ ਬਿਜਲੀ ਕਿਸ ਵੇਲੇ ਸਿਰ ਉੱਪਰ ਕੜਕ ਪੈਣੀ ਹੈ। ਜਦੋਂ ਉਹ ਕਿਲ੍ਹੇ ਉੱਪਰ ਪੌੜੀ ਲਾ ਕੇ ਕਬਜ਼ਾ ਕਰਨ ਗਏ, ਉਥੇ ਹੀ ਢਹਿ-ਢੇਰੀ ਹੋ ਗਏ ਸਨ। ਹਮਲਾ ਕਰਨ ਦਾ ਖ਼ਿਆਲ ਉਨ੍ਹਾਂ ਨੇ ਮਨ ਵਿੱਚੋਂ ਕੱਢ ਦਿੱਤਾ ਸੀ। ਸਿੰਘਾਂ ਦਾ ਡਰ ਇਤਨਾ ਸੀ ਕਿ ਜਾਗਦੇ ਭੀ ਡਰਦੇ ਸਨ, ਸੁਪਨੇ ਵੀ ਉਨ੍ਹਾਂ ਨੂੰ ਸਿੰਘਾਂ ਦੇ ਹਮਲਿਆਂ ਦੇ ਹੀ ਆਉਂਦੇ।

ਪਹਾੜੀ ਰਾਜਿਆਂ ਵੱਲੋਂ ਗਊ ਅਤੇ ਠਾਕਰਾਂ ਦੀ ਕਸਮ ਖਾਧੀ ਹੋਈ ਸੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਦੋਵੇਂ ਪੱਤਰ ਸੁਣ ਕੇ ਸਿੰਘ ਬੜੀ ਉਤਸੁਕਤਾ ਨਾਲ ਗੁਰੂ ਜੀ ਵੱਲ ਤੱਕ ਰਹੇ ਸਨ। ਗੁਰੂ ਜੀ ਦੋਹਾਂ ਵੱਲ ਵੇਖ ਰਹੇ ਸਨ। ਕੁਝ ਚਿਰ ਪਿੱਛੋਂ ਬੋਲੇ, “ਪਹਿਲੇ ਭੀ ਤਾਂ ਕੁਰਾਨ ਅਤੇ ਖ਼ੁਦਾ ਜ਼ਾਮਨ ਸੀ। ਜਿਹੜਾ ਇਕ ਵਾਰ ਝੂਠੀ ਕਸਮ ਖਾ ਲਵੇ, ਦੂਜੀ ਵਾਰ ਝੂਠੀ ਕਸਮ ਖਾਣੀ, ਉਸ ਲਈ ਹੋਰ ਸੌਖੀ ਹੋ ਜਾਂਦੀ ਹੈ।”

ਅਰਦਾਸ ਪਿੱਛੋਂ ਜ਼ਰੂਰੀ ਸਾਮਾਨ ਗੱਡਿਆਂ ਉੱਪਰ ਲੱਦ ਲਿਆ। ਗੁਰੂ-ਮਹਿਲਾਂ ਲਈ ਅਤੇ ਮਾਤਾ ਜੀ ਦੀ ਰੱਖਿਆ ਲਈ ਵੱਖ-ਵੱਖ ਸਿੰਘਾਂ ਨੂੰ ਸੇਵਾ ਸੌਂਪੀ। ਸਾਰੇ ਕਾਫਲੇ ਨੂੰ ਤਿਆਰ-ਬਰ-ਤਿਆਰ ਕਰ ਕੇ ਤੋਰਿਆ ਕਿ ਮੌਕਾ ਪੈਣ ’ਤੇ ਉਹ ਮੌਕਾ ਸੰਭਾਲ ਲੈਣ। ਜਦੋਂ ਕਾਫਲਾ ਤੁਰਿਆ ਤਾਂ ਛੋਟੇ ਸਾਹਿਬਜ਼ਾਦੇ ਦੂਰ ਹੁੰਦੇ ਜਾਂਦੇ ਸ੍ਰੀ ਅਨੰਦਪੁਰ ਸਾਹਿਬ ਵੱਲ ਮੁੜ-ਮੁੜ ਕੇ ਤੱਕਣ। ਖਿਡਾਵੇ ਭਾਈ ਚੌਪਾ ਸਿੰਘ ਜੀ ਨੇ ਕਿਹਾ, “ਬਾਬਾ ਜੀ! ਮੁੜ-ਮੁੜ ਕੇ ਪਿੱਛੇ ਵੱਲ ਕੀ ਵੇਖ ਰਹੇ ਹੋ?” ਬਾਬਾ ਫ਼ਤਹਿ ਸਿੰਘ ਜੀ ਬੋਲੇ, “ਆਪਣੇ ਬਚਪਨ ਨੂੰ ਵੇਖ ਰਹੇ ਹਾਂ, ਅਨੰਦਪੁਰ ਦੀਆਂ ਗਲੀਆਂ ਵਿਚ ਅਸੀਂ ਘੁੰਮਦੇ ਰਹੇ ਹਾਂ। ਜਿਤਨਾ ਚਿਰ ਅਨੰਦਪੁਰ ਦਿੱਸਦਾ ਹੈ, ਇਸ ਨੂੰ ਰੱਜ-ਰੱਜ ਕੇ ਵੇਖ ਲਈਏ, ਫਿਰ ਤਾਂ ਇਸ ਨੂੰ ਵੇਖਣਾ ਨਹੀਂ ਮਿਲਣਾ!”

ਅਜੇ ਕਾਫਲਾ ਨਿਰਮੋਹਗੜ੍ਹ ਲਾਗੇ ਪਹੁੰਚਾ ਸੀ ਕਿ ਪਿੱਛੋਂ ਬੰਦੂਕਾਂ ਚੱਲਣ ਦੀਆਂ ਅਤੇ ਮਾਰੋ-ਮਾਰੋ ਦੀਆਂ ਆਵਾਜ਼ਾਂ ਆਉਣ ਲੱਗੀਆਂ। ਦੇਖਦਿਆਂ-ਦੇਖਦਿਆਂ ਪਹਾੜੀ ਤੇ ਸ਼ਾਹੀ ਫੌਜਾਂ ਆ ਗਈਆਂ ਅਤੇ ਘਮਸਾਣ ਦਾ ਜੰਗ ਹੋਣ ਲੱਗ ਪਿਆ। ਕਾਫਲਾ ਚੱਲਦਾ ਜਾ ਰਿਹਾ ਸੀ। ਬਾਬਾ ਅਜੀਤ ਸਿੰਘ ਜੀ ਨੇ ਵੈਰੀ ਨੂੰ ਆਪਣੇ ਪੈਰ ਗੱਡ ਕੇ ਰੋਕੀ ਰੱਖਿਆ ਸੀ। ਇਕ ਕਦਮ ਵੀ ਅੱਗੇ ਵਧਣ ਨਹੀਂ ਸੀ ਦਿੱਤਾ। ਭੁੱਖੇ ਸਿੰਘ ਦੁਸ਼ਮਣ ਉੱਪਰ ਬੱਬਰ ਸ਼ੇਰਾਂ ਵਾਂਗ ਝਪਟ ਰਹੇ ਸਨ। ਹਮਲਾਵਰਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਸਨ।

ਸਰਸਾ ਨਦੀ ਵਿਚ ਹੜ੍ਹ ਬੜਾ ਚੜ੍ਹ ਕੇ ਆਇਆ ਹੋਇਆ ਸੀ। ਸਿੰਘ ਭਾਵੇਂ ਪੰਜਾਂ ਦਰਿਆਵਾਂ ਦੇ ਤਾਰੂ ਸਨ, ਪਰ ਇਹ ਅਤਿਅੰਤ ਤੇਜ਼ ਧਾਰ ਅੱਜ ਜਿਵੇਂ ਬੇਜ਼ੋਰ ਹੋ ਗਈ। ਬਹੁਤ ਸਾਰੇ ਸਿੰਘ ਰੁੜ੍ਹ ਗਏ। ਭਾਈ ਉਦੈ ਸਿੰਘ ਨੇ ਵੇਖਿਆ ਕਿ ਜੇ ਵੈਰੀ ਨੂੰ ਇਥੇ ਨਾ ਰੋਕਿਆ ਤਾਂ ਉਹ ਕਾਫਲੇ ਵਿਚ ਵਿਘਨ ਪਾਏਗਾ, ਉਹ ਉਥੇ ਹੀ ਲੜਦਾ-ਲੜਦਾ ਸ਼ਹੀਦ ਹੋ ਗਿਆ। ਇਸ ਜੰਗ ਦੀ ਹਨੇਰੀ ਨੇ ਸਿੰਘਾਂ ਨੂੰ ਤੇ ਪਰਵਾਰ ਨੂੰ ਪੱਤਿਆਂ ਵਾਂਗ ਨਿਖੇੜ ਦਿੱਤਾ। ਕੁਝ ਕੁ ਸਿੰਘ ਹੀ ਸਰਸਾ ਨਦੀ ਪਾਰ ਕਰ ਕੇ ਚਮਕੌਰ ਸਾਹਿਬ ਪਹੁੰਚੇ।

ਚਮਕੌਰ ਸਾਹਿਬ ਵੇਲੇ ਸਿੰਘਾਂ ਦੇ ਕਹਿਣ ’ਤੇ ਗੁਰੂ ਜੀ ਕੁਝ ਸਿੰਘਾਂ ਨਾਲ ਚਮਕੌਰ ਸਾਹਿਬ ਵਿੱਚੋਂ ਰਾਤ ਵੇਲੇ ਨਿਕਲ ਗਏ।

ਸ਼ਾਹੀ ਫੌਜ ਤੇ ਪਹਾੜੀ ਸੈਨਾ ਨੂੰ ਦੋ ਵਾਰ ਭੁਲੇਖਾ ਪਿਆ ਕਿ ਉਨ੍ਹਾਂ ਨੇ ਗੁਰੂ ਜੀ ਦਾ ਸੀਸ ਪ੍ਰਾਪਤ ਕਰ ਲਿਆ। ਸਰਸਾ ਨਦੀ ਦੀ ਜੰਗ ਵੇਲੇ ਦਾ ਸੀਸ ਭਾਈ ਉਦੈ ਸਿੰਘ ਜੀ ਦਾ ਸੀਸ ਸੀ ਅਤੇ ਚਮਕੌਰ ਸਾਹਿਬ ਵੇਲੇ ਦਾ ਸੀਸ ਭਾਈ ਸੰਗਤ ਸਿੰਘ ਜੀ ਦਾ ਸੀ। ਉਨ੍ਹਾਂ ਨੂੰ ਇਹ ਗਿਆਨ ਹੋ ਗਿਆ ਕਿ ਗੁਰੂ ਜੀ ਦੇ ਸਿੰਘ ਭੀ ਗੁਰੂ ਜੀ ਵਾਂਗ ਪਹਿਰਿਆਂ ਬੱਧੀ ਤੀਰ ਚਲਾ ਸਕਦੇ ਹਨ, ਖੰਡਾ ਵਾਹ ਸਕਦੇ ਹਨ।

ਸੂਬਾ ਸਰਹਿੰਦ ਦਾ ਵਜ਼ੀਰ ਖਾਂ ਬੜਾ ਪ੍ਰੇਸ਼ਾਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਥੋੜ੍ਹੇ ਸਮੇਂ ਵਿਚ ਫਿਰ ਫੌਜ ਤਿਆਰ ਕਰ ਲਈ ਹੈ। ਗੁਰੂ ਜੀ ਉਸ ਨੂੰ ਅੱਖ ਵਿਚ ਪਈ ਕੰਕਰ ਵਾਂਗ ਰੜਕਦੇ ਸਨ। ਉਸ ਨੇ ਮਨ ਵਿਚ ਫ਼ੈਸਲਾ ਕਰ ਲਿਆ ਕਿ ਐਤਕੀਂ ਸਿੱਖਾਂ ਦੇ ਗੁਰੂ ਨੂੰ ਜਿਊਂਦਾ ਫੜ ਕੇ ਲਿਆਉਣਾ ਹੈ, ਜਾਂ ਉਨ੍ਹਾਂ ਦਾ ਸਿਰ ਲੈ ਕੇ ਆਉਣਾ ਹੈ। ਉਸ ਨੇ ਆਪਣੀ ਚੋਣਵੀਂ ਤੇ ਤਜਰਬੇਕਾਰ ਫੌਜ ਵਿੱਚੋਂ ਹਜ਼ਾਰਾਂ ਫੌਜੀ ਚੁਣੇ ਤੇ ਉਨ੍ਹਾਂ ਨੂੰ ਚੰਗੇ ਹਥਿਆਰ ਦੇ ਕੇ ਆਪ ਭੀ ਨਾਲ ਤੁਰ ਪਿਆ।

ਘੋੜਸਵਾਰ ਭਾਈ ਬਖਸ਼ਾ ਸਿੰਘ ਜੀ ਨੇ ਗੁਰੂ ਜੀ ਨੂੰ ਦੱਸਿਆ ਕਿ ਵਜ਼ੀਰ ਖਾਂ ਭਾਰੀ ਫੌਜ ਲੈ ਕੇ ਆ ਰਿਹਾ ਹੈ, ਪੰਜਾਂ ਦਿਨਾਂ ਵਿਚ ਇਥੇ ਪਹੁੰਚ ਜਾਵੇਗਾ। ਗੁਰੂ ਜੀ ਹੱਸ ਕੇ ਬੋਲੇ, “ਉਹ ਤੇ ਤਿਆਰ ਹੋ ਕੇ ਫੌਜਾਂ ਨੂੰ ਤਿਆਰ ਕਰ ਕੇ ਲਿਆ ਰਿਹਾ ਹੈ, ਪਰ ਅਸੀਂ ਤਾਂ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੇ ਹਾਂ। ਅਸੀਂ ਕਿਸੇ ਉੱਪਰ ਹਮਲਾ ਨਹੀਂ ਕਰਦੇ। ਪਰ ਜਿਹੜਾ ਮਰਦਾਂ ਵਾਂਗ ਹਮਲਾ ਕਰਦਾ ਹੈ, ਅਸੀਂ ਉਸ ਨੂੰ ਖਾਲੀ ਹੱਥੀਂ ਨਹੀਂ ਮੋੜਦੇ। ਵਜ਼ੀਰ ਖਾਂ ਅਤੇ ਉਸ ਦੀਆਂ ਫੌਜਾਂ ਸਾਡੇ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ।”

ਟਾਂਗੂ ਨੇ ਕਿਹਾ, “ਮਹਾਰਾਜ ਜੀ, ਛੇਤੀ ਕਰੋ, ਵੈਰੀ ਦੀ ਵੱਡੀ ਫੌਜ ਦੀ ਧੂੜ ਉੱਡਦੀ ਦਿੱਸ ਰਹੀ ਹੈ।”

ਗੁਰੂ ਜੀ ਕਹਿਣ ਲੱਗੇ, “ਚਿੰਤਾ ਨਾ ਕਰੋ, ਰੋਕਣ ਵਾਲੇ ਭੀ ਉਨ੍ਹਾਂ ਦੇ ਅੱਗੇ-ਅੱਗੇ ਹਨ।”

ਜਦੋਂ ਮਝੈਲ ਸਿੰਘਾਂ ਨੇ ਸੁਣਿਆ ਕਿ ਵਜ਼ੀਰ ਖਾਂ ਪ੍ਰਣ ਕਰ ਕੇ ਸਰਹਿੰਦ ਤੋਂ ਤੁਰਿਆ ਹੈ ਕਿ ਐਤਕੀਂ ਸਿੱਖਾਂ ਦੇ ਗੁਰੂ ਨੂੰ ਜਿਊਂਦਾ ਫੜ ਕੇ ਲਿਆਉਣਾ ਹੈ, ਜੇ ਉਹ ਲੜਾਈ ਵਿਚ ਸ਼ਹੀਦ ਹੋ ਗਿਆ ਤਾਂ ਉਸ ਦਾ ਸਿਰ ਕੱਟ ਕੇ ਲਿਆਉਣਾ ਹੈ, ਖਾਲੀ ਹੱਥ ਨਹੀਂ ਮੁੜਨਾ। ਸੈਨਾਪਤੀ ਭੂਗੋਲ ਵਿਚ ਵਿਸ਼ੇਸ਼ ਕਰਕੇ ਜਾਣੂ ਹੁੰਦੇ ਹਨ। ਵਜ਼ੀਰ ਖਾਂ ਨੂੰ ਭੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੀ ਜਾਣਦੇ ਸਨ ਕਿ ਜਿੱਤ ਉਸ ਦੀ ਹੁੰਦੀ ਹੈ, ਜਿਸ ਦਾ ਕਬਜ਼ਾ ਚੰਗੇ ਟਿਕਾਣੇ ’ਤੇ ਹੋ ਜਾਵੇ। ਖਿਦਰਾਣੇ ਦੀ ਢਾਬ ਤੋਂ ਸਾਰਾ ਮਾਲਵਾ ਜਾਣੂ ਸੀ। ਉਥੇ ਚਾਰ-ਚੁਫੇਰੇ ਸੰਘਣੀਆਂ ਫਸਵੀਆਂ ਤੇ ਕੰਡਿਆਲੀਆਂ ਝਾੜੀਆਂ ਭੀ ਸਨ ਅਤੇ ਨੇੜੇ ਉੱਚਾ ਟਿੱਬਾ ਭੀ ਸੀ, ਜਿੱਥੋਂ ਦੂਰ ਤਕ ਵੇਖਿਆ ਜਾ ਸਕਦਾ ਸੀ।

ਸਿੰਘ, ਸ਼ਾਹੀ ਸੈਨਾ ਤੋਂ ਪਹਿਲਾਂ ਢਾਬ ’ਤੇ ਪਹੁੰਚ ਗਏ ਸਨ। ਉਥੇ ਉਨ੍ਹਾਂ ਨੇ ਆਪਣਾ ਜਲ-ਪਾਣੀ ਛਕਿਆ ਅਤੇ ਅੰਤ ਸ਼ਹੀਦੀ ਇਸ਼ਨਾਨ ਕਰ ਕੇ ਮੋਰਚੇ ਮੱਲ ਕੇ ਵੈਰੀ ਦੀ ਉਡੀਕ ਕਰਨ ਲੱਗ ਪਏ। ਜਦੋਂ ਨਗਾਰੇ ਦੀ ਆਵਾਜ਼ ਮਝੈਲ ਸਿੰਘਾਂ ਨੇ ਸੁਣੀ ਤਾਂ ਉਨ੍ਹਾਂ ਨੇ ਢਾਬ ਦੇ ਪੂਰਬਲੇ ਪਾਸੇ ਢਾਬ ਤੋਂ ਸੰਘਣੀਆਂ ਝਾੜੀਆਂ ਵਿਚ ਮੋਰਚੇ ਕਾਇਮ ਕਰ ਲਏ। ਵੈਰੀ ਨੂੰ ਧੋਖਾ ਦੇਣ ਲਈ ਆਪਣੇ ਕੱਪੜੇ ਝਾੜੀਆਂ ਦੇ ਉੱਪਰ ਪਾ ਦਿੱਤੇ ਜਿਸ ਨਾਲ ਵੈਰੀ ਨੂੰ ਫੌਜੀ ਤੰਬੂਆਂ ਦਾ ਭੁਲੇਖਾ ਪਏ। ਗੁਰੂ ਜੀ ਨੇ ਢਾਬ ਦੇ ਪੱਛਮ ਵਾਲੇ ਪਾਸੇ ਉੱਚੀ ਟਿੱਬੀ ’ਤੇ ਡੇਰੇ ਲਾ ਲਏ।

ਜਦੋਂ ਵਜ਼ੀਰ ਖਾਂ ਦੀ ਫੌਜ ਪੂਰੀ ਦੀ ਪੂਰੀ ਮਾਰ ਹੇਠਾਂ ਆਈ ਤਾਂ ਸਿੰਘਾਂ ਨੇ ਚਾਲ੍ਹੀ ਦੇ ਚਾਲ੍ਹੀ ਤੋੜੇ ਇਕੱਠੇ ਦਾਗ ਦਿੱਤੇ। ਫੌਜ ਦਾ ਖੱਪਾ ਲਹਿ ਗਿਆ। ਅਜੇ ਵੈਰੀ ਸੰਭਲਿਆ ਹੀ ਨਹੀਂ ਸੀ ਕਿ ਚਾਰ-ਚੁਫੇਰਿਓਂ ਗੋਲੀਆਂ ਦੀ ਬਾਰਸ਼ ਹੋਣ ਲੱਗ ਪਈ। ਸਿੰਘ ਨੀਵੇਂ ਥਾਂ ’ਤੇ ਝਾੜੀਆਂ ਹੇਠ ਲੁਕੇ ਹੋਏ ਸਨ। ਉਨ੍ਹਾਂ ਦੀਆਂ ਗੋਲੀਆਂ ਚੋਣਵੇਂ ਜਵਾਨਾਂ ਦੀਆਂ ਛਾਤੀਆਂ ਵਿੰਨ੍ਹ-ਵਿੰਨ੍ਹ ਜਾਂਦੀਆਂ ਸਨ। ਪਰ ਉਹ ਵੈਰੀ ਦੇ ਨਿਸ਼ਾਨੇ ਹੇਠ ਨਹੀਂ ਸੀ ਆ ਰਹੇ। ਜਦੋਂ ਵੈਰੀ ਉਨ੍ਹਾਂ ਉੱਪਰ ਟੁੱਟ ਪਿਆ ਤਾਂ ਸਿੰਘਾਂ ਨੇ ਆਪਣਾ ਪਿਆਰਾ ਹਥਿਆਰ ਤੇਗਾ ਹੱਥ ਵਿਚ ਫੜ ਕੇ ਦੁਸ਼ਮਣ ਨੂੰ ਤਹਿ-ਤੇਗ ਕਰ ਦਿੱਤਾ। ਗੁਰੂ ਜੀ ਦੀ ਫੌਜ ਹੈਰਾਨ ਸੀ ਕਿ ਦੁਸ਼ਮਣ ਦੀ ਫੌਜ ਰਾਹ ਵਿਚ ਕਿਸ ਨਾਲ ਲੜ ਰਹੀ ਹੈ। ਜਦੋਂ ਸਾਰੇ ਮਝੈਲ ਸਿੰਘ ਲੜਦੇ-ਲੜਦੇ ਸ਼ਹੀਦ ਹੋਏ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਿੱਬੀ ’ਤੇ ਬੈਠ ਕੇ ਚੋਣਵੇਂ ਸ਼ਾਹੀ ਫੌਜੀ ਜਰਨੈਲਾਂ ਦੇ ਸੀਨੇ ਵਿੰਨ੍ਹਣ ਲੱਗ ਪਏ। ਵਜ਼ੀਰ ਖਾਂ ਦੀ ਫੌਜ ਇਕਦਮ ਘਬਰਾ ਗਈ। ਉਨ੍ਹਾਂ ਦੇ ਹੱਥ-ਪੱਲੇ ਕੁਝ ਪੈ ਨਹੀਂ ਸੀ ਰਿਹਾ। ਮੁਗ਼ਲ ਫੌਜ ਦੇ ਜਰਨੈਲ ਤੀਰਾਂ ਦਾ ਸ਼ਿਕਾਰ ਹੋ ਰਹੇ ਸਨ।

ਵਜ਼ੀਰ ਖਾਂ ਦੇ ਪੁੱਛਣ ’ਤੇ ਕਪੂਰੇ ਦੇ ਆਦਮੀ ਨੇ ਦੱਸਿਆ ਕਿ ਇਥੇ ਬਾਰ੍ਹਾਂ-ਬਾਰ੍ਹਾਂ ਕੋਹ ਤਕ ਪਾਣੀ ਦੀ ਬੂੰਦ ਨਹੀਂ ਹੈ। ਜੇ ਤੁਸੀਂ ਵੇਲੇ ਨੂੰ ਸੰਭਾਲ ਕੇ ਮੁੜਦੀ ਪੈਰੀਂ ਵਾਪਸ ਨਾ ਗਏ ਤਾਂ ਇਥੇ ਤੁਹਾਡੀ ਫੌਜ ਦਾ ਕਰਬਲਾ ਬਣ ਜਾਵੇਗਾ। ਵਜ਼ੀਰ ਖਾਂ ਦੇ ਜਰਨੈਲਾਂ ਨੇ ਭੀ ਇਸ ਗੱਲ ਦੀ ਪੁਸ਼ਟੀ ਕੀਤੀ।

ਪਾਣੀ ਦੀ ਢਾਬ ਨੇੜੇ ਸੀ ਪਰ ਉਸ ਉੱਪਰ ਗੁਰੂ ਅਤੇ ਗੁਰੂ ਦੇ ਸਿੰਘਾਂ ਦਾ ਕਬਜ਼ਾ ਸੀ। ਗੁਰੂ ਜੀ ਟਿੱਬੀ ਤੋਂ ਹੇਠਾਂ ਆਏ ਅਤੇ ਸਿੰਘਾਂ ਨੂੰ ਨਾਲ ਲੈ ਕੇ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਤੇ ਜ਼ਖਮੀਆਂ ਦੀ ਮਲ੍ਹਮ-ਪੱਟੀ ਕਰਨ ਲਈ ਰਣਭੂਮੀ ਵਿਚ ਆ ਗਏ। ਮਾਤਾ ਭਾਗੋ ਜੀ ਆਪਣੇ ਜ਼ਖ਼ਮ ਸਾਫ਼ ਕਰ ਰਹੀ ਸੀ। ਉਹ ਉੱਠ ਗੁਰੂ ਜੀ ਨੂੰ ਕਹਿਣ ਲੱਗੀ, “ਗੁਰਦੇਵ, ਅੱਜ ਮੈਂ ਤੇਰੇ ਸਿੰਘ ਪੁੱਤਰਾਂ ਨੂੰ ਹੱਥਾਂ ਵਿਚ ਬਿਜਲੀਆਂ ਲੈ ਕੇ ਲੜਦਿਆਂ ਵੇਖਿਆ ਹੈ। ਉਹ ਤੁਰਕਾਂ ਨੂੰ ਇਸ ਤਰ੍ਹਾਂ ਪਾੜ-ਪਾੜ ਕੇ ਸੁੱਟ ਰਹੇ ਸਨ ਜਿਵੇਂ ਚੀਤੇ ਭੇਡਾਂ ਦੇ ਵਾੜੇ ਵਿਚ ਵੜ ਕੇ ਭੇਡਾਂ ਨੂੰ ਮਧੋਲ ਰਹੇ ਹੋਣ। ਉਨ੍ਹਾਂ ਤੁਹਾਥੋਂ ਸਿੱਖੀ, ਜੰਗੀ ਵਿਉਂਤ ਬਣਾਈ ਅਤੇ ਤੁਹਾਥੋਂ ਸਿੱਖੀ ਸ਼ਸਤਰ-ਵਿੱਦਿਆ ਨੂੰ ਸਫਲ ਕੀਤਾ। ਵੈਰੀ ਨੂੰ ਅਖੀਰ ਤਕ ਪਤਾ ਨਹੀਂ ਲੱਗਾ ਕਿ ਕਿੱਧਰੋਂ ਗੋਲੀ ਆ ਰਹੀ ਸੀ, ਹਰ ਇਕ ਸਿੰਘ ਸਵਾ ਲੱਖ ਬਣਿਆ ਹੋਇਆ ਸੀ। ਅੱਜ ਮੈਨੂੰ ਪਤਾ ਲੱਗਾ ਹੈ ਕਿ ਰਣ ਵਿਚ ਜੂਝ ਮਰਨ ਵਾਲਿਆਂ ਦੇ ਮਨ ਵਿਚ ਕਿਤਨਾ ਚਾਅ ਅਤੇ ਸਰੀਰ ਵਿਚ ਕਿਤਨਾ ਬਲ ਹੁੰਦਾ ਹੈ!” “ਮੈਂ ਦੱਸ ਨਹੀਂ ਸਕਦੀ ਕਿ ਇਸ ਝਾੜੀਆਂ ਵਾਲੇ ਮੈਦਾਨ ਵਿਚ ਕਿਹੜਾ ਸਿੰਘ ਕਿੱਥੇ ਆਪਣੇ ਸੀਸ ਦੀ ਭੇਟਾ ਲੈ ਕੇ ਤੁਹਾਡੀ ਉਡੀਕ ਕਰ ਰਿਹਾ ਹੈ! ਤੁਸੀਂ ਆਪ ਹੀ ਵੇਖੋਗੇ, ਸਿੰਘਾਂ ਨੇ ਕਿਤਨਾ ਮੈਦਾਨ ਮੱਲਿਆ ਹੋਇਆ ਸੀ!”

ਗੁਰੂ ਜੀ ਹਰ ਇਕ ਸਿੰਘ ਦੇ ਸਿਰਹਾਣੇ ਬੈਠ ਕੇ ਉਸ ਦਾ ਸ਼ਹੀਦ ਸਿਰ ਆਪਣੀ ਗੋਦ ਵਿਚ ਲੈਂਦੇ ਤੇ ਚਿਹਰਾ ਆਪਣੇ ਗਲ਼ ਪਏ ਪਰਨੇ ਨਾਲ ਸਾਫ਼ ਕਰਦੇ ਤੇ ‘ਪੰਜ ਹਜ਼ਾਰੀ’, ‘ਅੱਠ ਹਜ਼ਾਰੀ’ ਆਦਿ ਪਦਵੀਆਂ ਦੀ ਮਾਨੋ ਬਾਰਸ਼ ਕਰ ਰਹੇ ਸਨ।

ਇਧਰ-ਉਧਰ ਝਾੜੀਆਂ ਵਿਚ ਲਹੂ ਦੇ ਨਿਸ਼ਾਨ ਵੇਖਦਿਆਂ ਹੋਇਆਂ ਭਾਈ ਮਹਾਂ ਸਿੰਘ ਜੀ ਲੱਭ ਪਏ। ਉਨ੍ਹਾਂ ਦੇ ਬੁੱਲ੍ਹ ਸਿਮਰਨ ਨਾਲ ਫਰਕ ਰਹੇ ਸਨ ਪਰ ਆਪ ਬੇਹੋਸ਼ ਪਏ ਸਨ। ਗੁਰੂ ਜੀ ਨੇ ਪਾਣੀ ਉਨ੍ਹਾਂ ਦੇ ਮੂੰਹ ਵਿਚ ਪਾਇਆ। ਉਨ੍ਹਾਂ ਦਾ ਚਿਹਰਾ ਸਾਫ਼ ਕੀਤਾ। ਭਾਈ ਮਹਾਂ ਸਿੰਘ ਦੇ ਜ਼ਖ਼ਮਾਂ ਵਿੱਚੋਂ ਲਹੂ ਵਗ-ਵਗ ਕੇ ਉਸ ਦੇ ਸਾਰੇ ਕੱਪੜੇ ਰੰਗੇ ਗਏ ਸਨ। ਭਾਈ ਮਹਾਂ ਸਿੰਘ ਜੀ ਦੀ ਸੁਰਤ ਪਰਤੀ, ਅੱਖਾਂ ਖੁੱਲ੍ਹੀਆਂ ਤੇ ਉਸ ਨੇ ਆਪਣੇ ਆਪ ਨੂੰ ਗੁਰੂ-ਗੋਦੀ ਵਿਚ ਵੇਖਿਆ। ਅੱਖਾਂ ਭਰ ਆਈਆਂ। ਖੁਸ਼ੀ ਨਾਲ ਗਲ਼ਾ ਰੁਕ ਗਿਆ। ਗੁਰੂ-ਨੇਤਰਾਂ ਨੇ ਸਿੱਖ-ਨੇਤਰਾਂ ਦਾ ਜਵਾਬ ਦਿੱਤਾ ਤੇ ਫਿਰ ਗੁਰੂ ਜੀ ਬੋਲੇ, “ਮਹਾਂ ਸਿੰਘ ਜੀ, ਕੁਝ ਮੰਗੋ?”

ਭਾਈ ਮਹਾਂ ਸਿੰਘ ਜੀ ਬੋਲੇ, “ਅਣਮੰਗੇ ਦਾਨ ਦੇਣ ਵਾਲਿਓ, ਜੋ ਕੁਝ ਦੇ ਚੁਕੇ ਹੋ, ਉਸ ਨਾਲੋਂ ਹੋਰ ਕੋਈ ਵੱਡੀ ਚੀਜ਼ ਨਹੀਂ।”

ਗੁਰੂਦੇਵ ਜੀ ਬੋਲੇ, “ਮਹਾਂ ਸਿੰਘ ਜੀ! ਜਿਊਣਾ ਚਾਹੁੰਦੇ ਹੋ?”

ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਕਿਹਾ, “ਪਾਤਸ਼ਾਹ! ਸ਼ਹੀਦੀ ਦਾ ਜਿਊਣਾ ਛੱਡ ਕੇ ਮਰਨੇ ਵਾਲੇ ਜੀਵਨ ਦੀ ਲੋੜ ਨਹੀਂ।”

“ਮਹਾਂ ਸਿੰਘ ਜੀ, ਤੈਨੂੰ ਰਾਜ ਦੇ ਦਿਆਂ?”

ਭਾਈ ਮਹਾਂ ਸਿੰਘ ਬੋਲਿਆ, “ਬਖਸ਼ਣ ਹਾਰਿਓ! ਕੇਵਲ ਇਕ ਕੰਡਾ ਦਿਲ ਵਿਚ ਰੜਕਦਾ ਹੈ, ਖੰਡਾ ਫੜਨ ਵਾਲੇ ਹੱਥਾਂ ਨੇ ਕਾਲੇ ਮੂੰਹ ਵਾਲੀ ਕਲਮ ਨਾਲ ਬੇਦਾਵੇ ਦੇ ਸ਼ਬਦ ਕਿਉਂ ਲਿਖ ਦਿੱਤੇ?”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਤੀ ਨਾਲ ਆਪਣੇ ਖੀਸੇ ਵਿੱਚੋਂ ਬੇਦਾਵੇ ਦਾ ਕਾਗਜ਼ ਕੱਢਿਆ ਤੇ ਪੁਰਜ਼ਾ-ਪੁਰਜ਼ਾ ਕਰ ਕੇ ਸੁੱਟ ਦਿੱਤਾ ਤੇ ਕਿਹਾ, “ਧੰਨ ਸਿੱਖੀ, ਧੰਨ ਸਿੱਖੀ!”

ਗੁਰੂ ਜੀ ਨੇ ਆਪਣੇ ਹੱਥਾਂ ਨਾਲ ਭਾਈ ਮਹਾਂ ਸਿੰਘ ਦੀਆਂ ਅੱਖਾਂ ਬੰਦ ਕਰ ਦਿੱਤੀਆਂ।

ਗੁਰੂ ਜੀ ਨੇ ਇਕ ਵੱਡਾ ਅੰਗੀਠਾ ਬਣਾਇਆ ਅਤੇ ਉਸ ਉੱਪਰ ਸ਼ਹੀਦ ਸਿੰਘਾਂ ਦੇ ਪਾਵਨ ਸਰੀਰ ਬਿਰਾਜਮਾਨ ਕਰ ਕੇ ਅਰਦਾਸ ਕੀਤੀ ਅਤੇ ਫਿਰ ਉਨ੍ਹਾਂ ‘ਗੁਰੂ ਪਿਤਾ’ ਦਾ ਫਰਜ਼ ਨਿਭਾਉਂਦਿਆਂ ਹੋਇਆਂ ਆਪ ਅਗਨੀ ਪ੍ਰਜ੍ਵਲਤ ਕੀਤੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਾਬਕਾ ਚੀਫ ਐਡੀਟਰ -ਵਿਖੇ: ਰੋਜ਼ਾਨਾ ਵਰਤਮਾਨ, ਰੋਜ਼ਾਨਾ ਕੌਮੀ ਦਰਦ, ਮਾਸਕ ਗੁਰਮਤਿ ਪ੍ਰਕਾਸ਼, ਮਾਸਕ ਗੁਰ ਸੰਦੇਸ਼।

ਪ੍ਰਿੰ. ਨਰਿੰਦਰ ਸਿੰਘ ਸੋਚ ਨੂੰ ਕਿਸੇ ਰਸਮੀ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸਨੇ ਪੱਤਰਕਾਰੀ ਦੇ ਖੇਤਰ ਵਿੱਚ ਨਵੀਆਂ ਨਿਸ਼ਾਨੀਆਂ ਬਣਾਈਆਂ। ਉਨ੍ਹਾਂ ਨੇ ਅਧਿਆਤਮਕ ਸ਼ਖਸੀਅਤਾਂ ਦੀਆਂ ਜੀਵਨੀਆਂ ਲਿਖ ਕੇ ਧਾਰਮਿਕ ਸਾਹਿਤ ਦੇ ਪ੍ਰਚਾਰ ਲਈ ਬਹੁਤ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਪੁਸਤਕ 'ਸੁਧਾਸਰ ਦੇ ਹੰਸ' ਇਤਿਹਾਸ, ਗੁਰਮਤ ਵਿਚਾਰਧਾਰਾ ਅਤੇ ਭਾਰਤੀ ਫ਼ਲਸਫ਼ੇ ਦੇ ਨਜ਼ਰੀਏ ਤੋਂ ਮੀਲ ਪੱਥਰ ਹੈ। ਉਸ ਦੀ ਲਿਖਤ ਸ਼ਖਸੀਅਤ ਦੇ ਵਿਕਾਸ ਵਿੱਚ ਕਿਸੇ ਤੋਂ ਘੱਟ ਨਹੀਂ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)