editor@sikharchives.org
Bhagat Ravidas Ji

ਬੇਗਮ ਪੁਰਾ ਸਹਰ ਕੋ ਨਾਉ ਵਿਸ਼ਲੇਸ਼ਣ ਅਤੇ ਅਜੋਕੀ ਪ੍ਰਾਸੰਗਿਕਤਾ

ਭਗਤ ਰਵਿਦਾਸ ਜੀ ਪ੍ਰਭੂ-ਨਾਮ ਦੇ ਮਾਧਿਅਮ ਨਾਲ ਹੀ ਆਤਮਿਕ-ਉੱਚਤਾ ‘ਬੇਗ਼ਮ ਪੁਰਾ’ ਤਕ ਦਾ ਸਫ਼ਰ ਤਹਿ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

‘ਬੇਗ਼ਮ ਪੁਰਾ ਤੋਂ ਭਾਵ ਹੈ – ਗ਼ਮ ਤੋਂ ਰਹਿਤ ਅਸਥਾਨ। ਧਰਮ-ਜਗਤ ਨਾਲ ਜੁੜ ਕੇ ਇਸ ਦੇ ਵਿਸ਼ੇਸ਼ ਪ੍ਰਸੰਗਿਤਕ ਅਰਥ ਹਨ – ਸਾਧਕ ਦੀ ਉੱਚ-ਆਤਮਿਕ ਅਵਸਥਾ ਜਦੋਂ ਉਹ ਅਲੌਕਿਕ ਸ਼ਕਤੀ ਪ੍ਰਭੂ ਨਾਲ ਇਕਸੁਰ ਹੋ ਕੇ ਹਰ ਪ੍ਰਕਾਰ ਦੇ ਲੌਕਿਕ/ਅਲੌਕਿਕ ਤੇ ਦੁਨਿਆਵੀ/ਮਾਇਆਵੀ ਗ਼ਮਾਂ ਤੋਂ ਪੂਰਨ ਤੌਰ ’ਤੇ ਮੁਕਤ ਹੋ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ (ਮਹਾਨ ਕੋਸ਼ ਦੇ ਪੰਨਾ 886 ’ਤੇ) ਵੀ ਇਸ ਸ਼ਬਦ ਨੂੰ ਤੁਰੀਯਾ ਅਵਸਥਾ-ਗਿਆਨ ਦੀ ਅਵਸਥਾ ਨਾਲ ਜੋੜਦੇ ਹੋਏ, ਇਸ ਦੇ ਅਰਥ ਕੀਤੇ ਹਨ, ‘ਜਿੱਥੇ ਗ਼ਮਾਂ ਦਾ ਅਭਾਵ ਹੋਵੇ’। ਉਸ ਨੇ ਲਾਹੌਰ ਦੇ ਨੇੜੇ ‘ਬੇਗ਼ਮ ਪੁਰਾ’ ਨਾਂ ਦੇ ਇਕ ਪਿੰਡ ਦਾ ਵੀ ਜ਼ਿਕਰ ਕੀਤਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਵਾਰ ਰਾਗ ਗਉੜੀ ਵਿਚ ਪੰਨਾ 345 ’ਤੇ ਭਗਤ ਰਵਿਦਾਸ ਜੀ ਵੱਲੋਂ ਹੋਈ ਹੈ। ਪੂਰੇ ਸ਼ਬਦ ਦਾ ਸੂਖ਼ਮ ਅਧਿਐਨ ਕੀਤਿਆਂ ਪ੍ਰਤੱਖ ਹੁੰਦਾ ਹੈ ਕਿ ਇਸ ਵਿਚ ਦਿੱਸਦੇ ਤੇ ਅਣਦਿੱਸਦੇ-ਜਗਤ ਦਾ ਨਿਵੇਕਲੀ ਕਿਸਮ ਦਾ ਸੁਮੇਲ ਹੈ ਜੋ ਦੁਨਿਆਵੀ ਸਮੱਸਿਆਵਾਂ ਨੂੰ ਅਧਿਆਤਮਕ ਸ਼ਕਤੀ ਨਾਲ ਨਜਿੱਠਣ ਦਾ ਇਕ ਅਦੁੱਤੀ ਮਾਡਲ ਰੋਲ ਹੋ ਨਿੱਬੜਦਾ ਹੈ।

‘ਬੇਗਮ ਪੁਰਾ ਸਹਰ ਕੋ ਨਾਉ’ ਸ਼ਬਦ ਦੇ ਕੁਝ ਅਹਿਮ ਪਹਿਲੂਆਂ ਨੂੰ ਵਿਚਾਰਨ ਤੋਂ ਪਹਿਲਾਂ ਉਸ ਦੇ ਮੂਲ ਲਿਖਤ ਪਾਠ ਦਾ ਅਧਿਐਨ ਕਰਨਾ ਲਾਜ਼ਮੀ ਬਣਦਾ ਹੈ। ਪਾਠਕਾਂ ਦੀ ਸਹੂਲਤ ਲਈ ਗੁਰਬਾਣੀ ਦੇ ਮੰਨੇ-ਪ੍ਰਮੰਨੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਵੱਲੋਂ ਹੋਈ ਇਸ ਸ਼ਬਦ ਦੀ ਵਿਆਖਿਆ ਵੀ ਪੇਸ਼ ਹੈ:

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥(ਪੰਨਾ 345)

ਉਪਰੋਕਤ ਸ਼ਬਦ ਨੂੰ ਇਤਿਹਾਸਕ ਪਰਿਪੇਖ ਵਿਚ ਰੱਖ ਕੇ ਵਾਚਿਆਂ ਪ੍ਰਤੱਖ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਦੇ ਜੀਵਨ-ਕਾਲ (ਭਾਵ 14ਵੀਂ-15ਵੀਂ ਸਦੀ) ਸਮੇਂ ਇਸਲਾਮੀ ਤੇ ਭਾਰਤੀ ਸੱਭਿਆਚਾਰਕ ਵਖਰੇਵਿਆਂ ਕਾਰਨ ਮਾਨਵੀ ਜੀਵਨ- ਮੁੱਲਾਂ ਦਾ ਅਮਲੀ ਰੂਪ ਦਿਨੋ-ਦਿਨ ਬੁਰੀ ਤਰ੍ਹਾਂ ਖ਼ਤਮ ਹੋ ਰਿਹਾ ਸੀ। ਇਸਲਾਮੀ ਮਤ ਦੀ ਕੱਟੜਵਾਦੀ ਮਾਰੂ ਭਾਵਨਾ ਤੇ ਰਾਜਸੀ ਸ਼ਕਤੀ ਦੀ ਹੋ ਰਹੀ ਦੁਰਵਰਤੋਂ ਨਿੱਤ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੀ ਸੀ। ਆਮ ਭਾਰਤੀ ਜਨਤਾ ਦਾ ਤਾਂ ਜਾਣੋ ਜਿਉਣਾ ਹੀ ਦੁੱਭਰ ਹੋ ਗਿਆ ਸੀ। ਮੌਕੇ ਦੀ ਹਕੂਮਤ ਵੱਲੋਂ ਦਿਨ-ਦਿਹਾੜੇ ਹੁੰਦੀ ਕਤਲੋਗਾਰਤ ਅਤੇ ਧਾਰਮਿਕ ਅਸਥਾਨਾਂ ਦੀਆਂ ਹੁੰਦੀਆਂ ਭੰਨ-ਤੋੜ ਦੀਆਂ ਘਟਨਾਵਾਂ ਨੇ ਉਨ੍ਹਾਂ ਭਾਰਤੀ ਲੋਕਾਂ ਨੂੰ ਡੂੰਘੇ ਮਾਨਸਿਕ ਸੰਕਟ ਵਿਚ ਪਾ ਦਿੱਤਾ ਸੀ। ਕਿਸੇ ਪਾਸਿਓਂ ਵੀ ਉਨ੍ਹਾਂ ਨੂੰ ਕੋਈ ਸੁਖ ਦਾ ਸਾਹ ਨਹੀਂ ਸੀ ਆ ਰਿਹਾ।

ਹੈਰਾਨੀ ਦੀ ਗੱਲ ਤਾਂ ਇਹ ਹੈ ਭਗਤ ਰਵਿਦਾਸ ਜੀ ਇਕ ਪਾਸੇ ਤਾਂ ਤਥਾ- ਕਥਿਤ ਸ਼ੂਦਰ-ਸ਼੍ਰੇਣੀ ਨਾਲ ਸੰਬੰਧਿਤ ਹੋਣ ਕਰਕੇ ਮਨੂ-ਸਿਮਰਤੀ ਦੇ ਜਾਤ-ਵਿਧਾਨ ਦੇ ਸ਼ਿਕਾਰ ਹਨ, ਦੂਜੇ ਪਾਸੇ ਉਸ ਵਕਤ ਉਹ ਆਮ ਭਾਰਤੀ ਜਨਤਾ ਦੀ ਤਰ੍ਹਾਂ ਕਾਜ਼ੀ- ਮੁਲਾਣਿਆਂ ਦੇ ਕੱਟੜਵਾਦੀ ਧਰਮ-ਵਿਧਾਨ ਦੇ ਬੇਲੋੜੇ ਝਮੇਲਿਆਂ ਦਾ ਵੀ ਸਾਹਮਣਾ ਕਰ ਰਹੇ ਹਨ। ਦੁਵੱਲੇ ਰੂਪ ਵਿਚ ਹੋ ਰਿਹਾ ਉਨ੍ਹਾਂ ਦਾ ਇਹ ਮਾਨਸਿਕ ਸੰਕਟ ਬੜਾ ਗੰਭੀਰ ਵੀ ਹੈ ਅਤੇ ਸੰਵੇਦਨਸ਼ੀਲ ਵੀ। ਅਜਿਹੇ ਅਣਸੁਖਾਵੇਂ ਮਾਹੌਲ ਵਿੱਚੋਂ ਮਾਨਸਿਕ ਸੁਤੰਤਰਤਾ ਹਾਸਲ ਕਰਨਾ ਹੀ ਉਨ੍ਹਾਂ ਦਾ ਮੁੱਖ ਪ੍ਰਯੋਜਨ ਹੈ। ਉਸ ਦੀ ਪ੍ਰਾਪਤੀ ਲਈ ਉਹ ਅਲੌਕਿਕ ਸ਼ਕਤੀ ਪ੍ਰਭੂ ਦਾ ਸਹਾਰਾ ਲੈਂਦੇ ਹਨ। ਕਾਰਨ ਪ੍ਰਤੱਖ ਹੈ, ਹਿੰਦੂ ਮਤ ਦਾ ਕੁਲੀਨ-ਵਰਗ ਭਾਵ ਅਖੌਤੀ ਉੱਚ-ਜਾਤੀਆਂ ਦੇ ਲੋਕ ਉਨ੍ਹਾਂ ਨੂੰ ਇਸ ਕਰਕੇ ਨਹੀਂ ਸਵੀਕਾਰਦੇ ਕਿਉਂਕਿ ਉਹ ਅਖੌਤੀ ਨੀਵੀਂ ਜਾਤੀ ਵਿੱਚੋਂ ਹਨ; ਮੁਸਲਮਾਨ ਪੁਜਾਰੀ ਸ਼੍ਰੇਣੀ ਧਾਰਮਿਕ ਵਖਰੇਵੇਂ ਕਾਰਨ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਦੇ ਰਹੀ। ਪੂਰੇ ਸ਼ਬਦ ਦਾ ਗੰਭੀਰ ਅਧਿਐਨ ਕੀਤਿਆਂ ਪ੍ਰਤੱਖ ਹੁੰਦਾ ਹੈ ਕਿ ਉਹ ਤਾਂ ਇਕ ਅਜਿਹੇ ਨਿਵੇਕਲੀ ਕਿਸਮ ਦੇ ਸ਼ਹਿਰੀ ਬਣਨਾ ਲੋਚਦੇ ਹਨ ਜਿੱਥੇ ਚੰਗਿਆਈ ਨੂੰ ਸਵੀਕਾਰਨ ਅਤੇ ਬੁਰਿਆਈ ਨੂੰ ਨਕਾਰਨ ਦੀ ਬਿਬੇਕਤਾ ਕਿਰਿਆਸ਼ੀਲ ਹੁੰਦੀ ਹੈ। ਵਿਚਾਰਾਧੀਨ ਸ਼ਬਦ ਵਿਚ ‘ਰਹਾਉ’ ਦੀਆਂ ਤੁਕਾਂ ਸਮੇਤ ਇਸ ਦੇ ਤਿੰਨ ਅੰਤਰ-ਸੰਬੰਧਿਤ ਪਦ ਹਨ। ਸ਼ਬਦ-ਪਦਾਂ ਦੇ ਉਹ ਵੱਖ-ਵੱਖ ਪਾਸਾਰ ਤਤਕਾਲੀਨ ਭਾਰਤੀ ਇਤਿਹਾਸ ਦੀਆਂ ਵੱਖ-ਵੱਖ ਪ੍ਰਸਥਿਤੀਆਂ ਨੂੰ ਪ੍ਰਤੀਕਾਤਮਕ ਰੂਪ ਵਿਚ ਪੇਸ਼ ਕਰਦੇ ਹਨ, ਜਿਨ੍ਹਾਂ ਵਿਚ ਸਿੱਧੇ-ਅਸਿੱਧੇ ਰੂਪ ਵਿਚ ਮਾਨਵੀ ਜੀਵਨ ਦੇ ਦੁੱਖਾਂ ਤੇ ਸੁਖਾਂ, ਆਸ਼ਾਵਾਂ ਤੇ ਨਿਰਾਸ਼ਾਵਾਂ, ਚੰਗਿਆਈਆਂ ਤੇ ਬੁਰਿਆਈਆਂ ਦੇ ਅੰਤਰ-ਵਿਰੋਧ ਨੂੰ ਸਮਾਨਾਂਤਰ ਰੂਪ ਵਿਚ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ, ਜਿਸ ਦੇ ਪ੍ਰਤੀਕਰਮ ਵਜੋਂ ਮਾਨਵੀ ਜੀਵਨ ਦੇ ਹਾਂ-ਪੱਖੀ ਗੁਣਾਂ ਨੂੰ ਹੀ ਪਹਿਲ ਦੇ ਆਧਾਰ ’ਤੇ ਸਵੀਕਾਰਿਆ ਗਿਆ ਹੈ।

ਪੂਰੇ ਸ਼ਬਦ ਦਾ ਬੁਨਿਆਦੀ ਲਫ਼ਜ਼ ‘ਬੇਗ਼ਮ ਪੁਰਾ’ ਹੈ, ਇਸ ਤੋਂ ਭਾਵ ਜੇ ਬੇਗ਼ਮ-ਪੁਰਾ ਹੈ ਤਾਂ ਕੋਈ ਗ਼ਮਪੁਰਾ ਵੀ ਹੈ : ਦੋ ਤਰ੍ਹਾਂ ਦੀ ਅਵਸਥਾ ਇਕ ਗ਼ਮ ਸਹਿਤ ਤੇ ਦੂਜੀ ਗ਼ਮ ਤੋਂ ਰਹਿਤ ਜਾਂ ਮੁਕਤ। ਭਗਤ ਰਵਿਦਾਸ ਜੀ ਪ੍ਰਭੂ-ਨਾਮ ਦੇ ਮਾਧਿਅਮ ਨਾਲ ਹੀ ਆਤਮਿਕ-ਉੱਚਤਾ ‘ਬੇਗ਼ਮ ਪੁਰਾ’ ਤਕ ਦਾ ਸਫ਼ਰ ਤਹਿ ਕਰਦੇ ਹਨ। ਜ਼ਾਹਿਰ ਹੈ ਉਨ੍ਹਾਂ ਨੂੰ ਗ਼ਮ ਦਾ ਅਹਿਸਾਸ ਵੀ ਹੈ ਤੇ ਗ਼ਮ ਤੋਂ ਮੁਕਤ ਹੋਣ ਦਾ ਵੀ। ਇਸੇ ਤਰ੍ਹਾਂ ‘ਬੇਗ਼ਮ ਪੁਰਾ’ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਲਫ਼ਜ਼ ਹਨ ਜੋ ਵਿਚਾਰਾਧੀਨ ਸ਼ਬਦ ਵਿਚ ਅੰਕਿਤ ਹਨ ਜਿਨ੍ਹਾਂ ਦਾ ਪਿਛੋਕੜ ਵੀ, ਭਗਤ ਰਵਿਦਾਸ ਜੀ ਦੀ ਜੀਵਨ- ਸ਼ੈਲੀ ਤੇ ਜੀਵਨ-ਸਿਧਾਂਤ ਹੀ ਬਣਿਆ ਪ੍ਰਤੀਤ ਹੁੰਦਾ ਹੈ। ਸਮੁੱਚੇ ਤੌਰ ’ਤੇ ਉਨ੍ਹਾਂ ਦੀ ਵਿਚਾਰਧਾਰਾ ਦੁਨਿਆਵੀ ਦੁੱਖਾਂ ਦੇ ਵੱਖ-ਵੱਖ ਪਾਸਾਰਾਂ ਨੂੰ ਮੂਰਤੀਮਾਨ ਕਰਦੀ ਹੈ।

ਉਨ੍ਹਾਂ ਦਾ ਬੇਗ਼ਮ ਪੁਰਾ ਦਾ ਇਹ ਸੰਕਲਪ ਕੋਸ਼ਿਕ ਅਰਥਾਂ ਤੋਂ ਉੱਪਰ ਉੱਠ ਕੇ ਆਤਮਿਕ ਉੱਚ-ਮੰਡਲਾਂ ਤਕ ਰਸਾਈ ਕਰਦਾ ਹੈ। ਅਮਲੀ ਰੂਪ ਵਿਚ ਅਜਿਹੀ ਅਵਸਥਾ ਵਿਰਲਿਆਂ ਦੇ ਹਿੱਸੇ ਹੀ ਆਉਂਦੀ ਹੈ। ਉਹ ਇਹੋ-ਜਿਹੀ ਅਵਸਥਾ ਹੈ ਜਿੱਥੇ ਨਾ ਹੀ ਦੁਨਿਆਵੀ ਮਾਇਆ ਦੀ ਚਿੰਤਾ ਹੈ ਤੇ ਨਾ ਹੀ ਉਸ ਉੱਪਰ ਲੱਗਣ ਵਾਲੇ ਕਿਸੇ ਕਰ ਦਾ ਖ਼ਤਰਾ। ਬੇਲੋੜੀਆਂ ਸੋਚਾਂ ਤੇ ਸਿਆਣਪਾਂ ਦਾ ਵੀ ਉਥੇ ਕੋਈ ਅਰਥ ਨਹੀਂ ਰਹਿ ਜਾਂਦਾ। ਕਿਸੇ ਵੀ ਤਰ੍ਹਾਂ ਦੀ ਭੁੱਲ ਜਾਂ ਭੁਲੇਖੇ ਦਾ ਸ਼ਿਕਾਰ ਹੋਣਾ, ਅਜਿਹੀ ਵੀ ਕੋਈ ਸਮੱਸਿਆ ਜਾਂ ਭੈਅ ਨਹੀਂ, ਕਿਉਂਕਿ ਉਥੇ ਤਾਂ ਪੂਰਨ ਤੌਰ ’ਤੇ ਆਤਮ- ਸਮਰਪਣ ਹੈ। ਉਥੇ ਤਾਂ ਹਮੇਸ਼ਾਂ ਪ੍ਰਭੂ ਦਾ ਹੀ ਸੱਚਾ ਹੁਕਮ ਵਰਤਦਾ ਹੈ। ਪ੍ਰਭੂ-ਪ੍ਰੇਮ ਵਿਚ ਰੰਗਿਆ ਸਾਧਕ ਹਮੇਸ਼ਾਂ ਉਸ ਦੀ ਰਜ਼ਾ ਵਿਚ ਹੀ ਵਿਚਰਦਾ ਹੈ। ਉਹ ਤਾਂ ਅਜਿਹਾ ਵਤਨ ਹੈ, ਜਿੱਥੇ ਸਦੀਵੀ ਸ਼ਾਂਤੀ ਹੈ। ਅਨੰਦ ਹੀ ਅਨੰਦ ਹੈ। ਉਹ ਕੋਈ ਥੋੜ੍ਹਚਿਰੀ ਦੁਨਿਆਵੀ ਪਾਤਸ਼ਾਹੀ ਨਹੀਂ ਸਗੋਂ ਸਦੀਵੀ ਹੈ- ਹਮੇਸ਼ਾਂ ਥਿਰ ਰਹਿਣ ਵਾਲੀ। ਉਹ ਅਜਿਹੀ ਥਾਂ ਹੈ ਜਿੱਥੇ ਦੂਜੇ-ਤੀਜੇ ਦਰਜੇ ਦੇ ਸ਼ਹਿਰੀ ਕਹਿਣ-ਕਹਾਉਣ ਦਾ ਵੀ ਕੋਈ ਵਿਧਾਨ ਨਹੀਂ ਸਗੋਂ ਸਮਦ੍ਰਿਸ਼ਟੀ ਵਾਲਾ ਮਾਹੌਲ ਹੈ। ਭਾਰਤੀ ਸਮਾਜਿਕ ਵਰਤਾਰੇ ਅਨੁਸਾਰ ਕਹਿਣਾ ਹੋਵੇ ਤਾਂ ਮਨੂ-ਸਿਮਰਤੀ ਦੇ ਜਾਤ ਵਿਧਾਨ ਦਾ ਮਾਨਵ- ਵਿਰੋਧੀ ਵਤੀਰਾ ਵੀ ਉਥੇ ਵਰਤਮਾਨ ਨਹੀਂ ਜਿਵੇਂ ਕਿ ਜਿਸ ਤਰ੍ਹਾਂ ਦਾ ਦੁਰ-ਵਿਵਹਾਰ ਕੁਲੀਨ-ਵਰਗ ਵੱਲੋਂ ਉਸ ਵਕਤ ਦੀਆਂ ਤਥਾਕਥਿਤ ਸ਼ੂਦਰ ਸ਼੍ਰੇਣੀਆਂ ਨਾਲ ਕੀਤਾ ਜਾਂਦਾ ਸੀ।

ਉਥੇ ਤਾਂ ਕੇਵਲ ਨਾਮ ਦੇ ਰਸੀਏ ਹੀ ਵੱਸਦੇ ਹਨ ਜੋ ਝੂਠੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ: ਕੇਵਲ ਨਾਮ-ਰਸ ਦੇ ਧਨ ਨਾਲ ਮਾਲਾ-ਮਾਲ। ਨਾਮ-ਧਨ ਵੀ ਉਹ ਜੋ ਅਖੁੱਟ ਹੈ ਭਾਵ ਨਾ ਮੁੱਕਣ ਵਾਲਾ ਸਦੀਵੀ ਧਨ ਹੈ। ਇਥੇ ਹੀ ਬਸ ਨਹੀਂ, ਉਹ ਇਕ ਅਜਿਹਾ ਸੁਹਣਾ ਵਤਨ ਹੈ ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਹੱਦਬੰਦੀ ਨਹੀਂ। ਕੋਈ ਵੀ ਰੱਬ ਦਾ ਪਿਆਰਾ ਸਾਧਕ ਜਿੱਥੇ ਜੀਅ ਚਾਹੇ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਥਾਂ ’ਤੇ ਆ ਜਾ ਸਕਦਾ ਹੈ, ਕਿਸੇ ਤਰ੍ਹਾਂ ਦਾ ਕੋਈ ਬੰਧਨ ਨਹੀਂ। ਭਗਤ ਰਵਿਦਾਸ ਜੀ ਸ਼ਬਦ ਦੀਆਂ ਅੰਤਲੀਆਂ ਸਤਰਾਂ ਵਿਚ ਸਪੱਸ਼ਟ ਕਰਦੇ ਹਨ ਕਿ ਮੈਂ ਤਾਂ ਹੁਣ ਪ੍ਰਭੂ ਦਾ ਨਾਮ ਜਪ ਕੇ ਆਤਮਿਕ ਤੌਰ ’ਤੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਬੰਧਨ-ਮੁਕਤ ਹੋ ਗਿਆ ਹਾਂ। ਜੋ ਵੀ ਸਾਧਕ ਅਜਿਹੀ ਆਤਮਿਕ ਅਵਸਥਾ ਨੂੰ ਗ੍ਰਹਿਣ ਕਰ ਲੈਂਦੇ ਹਨ, ਸਹੀ ਮਾਅਨਿਆਂ ਵਿਚ ਉਹ ਹੀ ਮੇਰੇ ਸੱਚੇ ਮਿੱਤਰ ਹਨ।

ਉਪਰੋਕਤ ਅਨੁਸਾਰ ਵਰਤੇ ਲਫ਼ਜ਼ਾਂ ਦੀ ਜੇ ਪੁਨਰ-ਵਿਚਾਰ ਕੀਤੀ ਜਾਵੇ ਜਿਵੇਂ ਕਿ ਬੇਗ਼ਮ ਪੁਰਾ, ਦੂਖ, ਅੰਦੋਹ (ਚਿੰਤਾ) ਤਸਵੀਸ (ਸੋਚ), ਖਿਰਾਜ (ਕਰ, ਟੈਕਸ), ਖਤਾ (ਭੁੱਲ, ਦੋਸ਼), ਤਰਸ, ਜਵਾਲ (ਘਾਟਾ) ਦੋਮ ਨ ਸੇਮ (ਇੱਕੋ ਜਿਹੇ) ਸੈਲ, ਖਲਾਸ ਆਦਿ ਇਨ੍ਹਾਂ ਸ਼ਬਦਾਂ ਦਾ ਵਿਰੋਧਾਰਥੀ ਰੂਪ ਵੀ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ। ਮੂਲ ਰੂਪ ਵਿਚ ਜਦੋਂ ਅਸੀਂ ਪੂਰੇ ਸ਼ਬਦ ਦਾ ਵਿਸ਼ਲੇਸ਼ਣਮਈ ਅਧਿਐਨ ਕਰਦੇ ਹਾਂ ਤਾਂ ਇਸ ਸ਼ਬਦ ਤੋਂ ਸਹਿਜ ਰੂਪ ਵਿਚ ਰੂਹਾਨੀਅਤ ਦਾ ਸਮਾਜੀਕਰਨ ਹੋਇਆ ਪ੍ਰਤੀਤ ਹੁੰਦਾ ਹੈ ਜਿਸ ਦਾ ਕੇਂਦਰੀ ਧੁਰਾ ਪ੍ਰਭੂ ਦਾ ਨਾਮ ਹੈ। ਨਾਮ-ਸ਼ਕਤੀ ਦੇ ਪ੍ਰਤੀਕਰਮ ਵਜੋਂ ਮਨੁੱਖ ਦੀ ਚੰਗੇਰੀ ਕਿਰਦਾਰੀ-ਪ੍ਰਤਿਭਾ ਹੀ ਉਸ ਨੂੰ ਇਕ ਆਦਰਸ਼ਕ ਸ਼ਹਿਰੀ ਬਣਾਉਂਦੀ ਹੈ। ਵਰਣਨਯੋਗ ਗੱਲ ਤਾਂ ਇਹ ਹੈ ਕਿ ਅਜਿਹੇ ਵਤਨ ਦੇ ਸ਼ਹਿਰੀ ਬਣਨਾ- ਜੋ ਅਲੌਕਿਕ ਹੋ ਕੇ ਵੀ ਲੌਕਿਕ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਭਾਵਨਾਤਮਕ ਪੱਧਰ ’ਤੇ ਮਨੁੱਖ ਨੂੰ ਮਨੁੱਖ ਮੰਨ ਕੇ ਤੁਰਨ ਦਾ ਸਬਕ ਸਿਖਾਉਂਦਾ ਹੈ, ਇਨ੍ਹਾਂ ਵਿਸ਼ੇਸ਼ ਗੁਣਾਂ ਦੇ ਆਧਾਰ ’ਤੇ ਉਸ ਦੀ ਅਜੋਕੀ ਪ੍ਰਾਸੰਗਿਕਤਾ ਤੋਂ ਵੀ ਮੁਖ ਨਹੀਂ ਮੋੜਿਆ ਜਾ ਸਕਦਾ ਹੈ।

ਇਹ ਠੀਕ ਹੈ ਕਿ ਸਰਕਾਰੀ, ਗ਼ੈਰ-ਸਰਕਾਰੀ ਤੌਰ ’ਤੇ ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਹਰ ਆਏ ਸਾਲ ਥਾਂ-ਥਾਂ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਪਰੰਤੂ ਇਸ ਦੇ ਨਾਲ-ਨਾਲ ਉਨ੍ਹਾਂ ਦੇ ਉਪਰੋਕਤ ਸੰਦੇਸ਼ ਨੂੰ ਵੀ ਸਾਡੇ ਅਜੋਕੇ ਜੀਵਨ ਨਾਲ ਜੋੜ ਕੇ ਹੋਰ ਵੀ ਨੇੜਿਓਂ ਹੋ ਕੇ ਦੇਖਣ ਦੀ ਲੋੜ ਹੈ। ਮੌਕੇ ਦੀਆਂ ਸਰਕਾਰਾਂ ਦੇ ਆਪਣੇ ਨਿੱਜੀ ਹਿਤ ਵੀ ਹੋ ਸਕਦੇ ਹਨ ਪਰ ਸੱਚ ਤਾਂ ਇਹ ਹੈ ਕਿ ਸਦੀਆਂ ਤੋਂ ਸਮਾਜਿਕ ਤੌਰ ’ਤੇ ਲਤਾੜੀਆਂ ਤੇ ਦੱਬੀਆਂ-ਕੁਚਲੀਆਂ ਇਨ੍ਹਾਂ ਅਖੌਤੀ ਨੀਵੀਆਂ ਜਾਤੀਆਂ ਦੀ ਬਹੁ-ਗਿਣਤੀ ਅੱਜ ਵੀ ਬੇਲੋੜੇ ਸਮਾਜਿਕ ਬੰਧਨਾਂ ਵਿਚ ਜਕੜੀ ਹੋਈ ਹੈ। ਸਾਡੇ ਗੌਰਵਸ਼ਾਲੀ ਵਿਰਸੇ ਦੀ ਲੋਅ ਵਿਚ ਉਨ੍ਹਾਂ ਦੇ ਸਵੈਮਾਣ ਨੂੰ ਬਰਕਰਾਰ ਰੱਖਣ ਦੀ ਅੱਜ ਵੀ ਲੋੜ ਹੈ। ਕੇਵਲ ਆਰਥਿਕ ਪੱਖੋਂ ਹੀ ਨਹੀਂ ਸਮਾਜਿਕ ਪੱਖੋਂ ਵੀ ਉਨ੍ਹਾਂ ਨੂੰ ਓਨੀ ਹੀ ਪ੍ਰਵਾਨਗੀ ਦੇਣ ਦੀ ਲੋੜ ਹੈ। ਅੰਕੜੇ ਦੱਸਦੇ ਹਨ ਹਿੰਦੁਸਤਾਨ ਦੇ ਬਹੁਤ ਸਾਰੇ ਸੂਬਿਆਂ ਵਿਚ ਅਜੇ ਵੀ ਜਾਤ-ਪਾਤ ਦੇ ਇਸ ਕੋਹੜ ਤੋਂ ਅਸੀਂ ਪੂਰਨ ਤੌਰ ’ਤੇ ਮੁਕਤ ਨਹੀਂ ਹੋ ਸਕੇ। ਅੱਜ ਵੀ ਅਖ਼ਬਾਰਾਂ ਦੇ ਮੁੱਢਲੇ ਪੰਨਿਆਂ ’ਤੇ ਹੀ ਜਿਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ’ਚ ਅਨੁਸੂਚਿਤ ਜਾਤੀਆਂ ਦੇ ਨਾਮ ਨਾਲ ਦਰਜ ਕੀਤਾ ਗਿਆ ਹੈ ਉਨ੍ਹਾਂ ਪਰਵਾਰਾਂ ’ਤੇ ਹੋ ਰਹੇ ਜ਼ੁਲਮਾਂ, ਅੱਤਿਆਚਾਰਾਂ ਤੇ ਅਨਿਆਂ ਦੀਆਂ ਗੂੜ੍ਹੀਆਂ ਸੁਰਖ਼ੀਆਂ ਅੰਕਿਤ ਹੁੰਦੀਆਂ ਹਨ। ਇਨ੍ਹਾਂ ਦੱਬੇ-ਘੁੱਟੇ ਲੋਕਾਂ ਦੀ ਚੇਤਨਾ ਦੇ ਅਜਿਹੇ ਸਰਗਰਮ ਮਾਹੌਲ ਵਿਚ ਸੰਵਿਧਾਨਕ ਤੌਰ ’ਤੇ ਹੀ ਨਹੀਂ ਸਗੋਂ ਇਨਸਾਨੀਅਤ ਦੇ ਤੌਰ ’ਤੇ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

# 264-ਸੀ, ਰਾਜਗੁਰੂ ਨਗਰ, ਲੁਧਿਆਣਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)