ਰਹੱਸਵਾਦ ਕੋਈ ਸੁਤੰਤਰ ਹੋਂਦ ਵਾਲਾ ਧਰਮ ਨਹੀਂ ਮੰਨਿਆ ਜਾਂਦਾ ਪਰ ਸੰਸਾਰ ਦੇ ਹਰ ਧਰਮ ਵਿਚ ਇਸ ਦੀ ਹੋਂਦ ਕਿਸੇ ਨਾ ਕਿਸੇ ਰੂਪ ਵਿਚ ਪ੍ਰਾਪਤ ਹੋ ਜਾਂਦੀ ਹੈ। ਇਸ ਦਾ ਕਾਰਨ ਇਹ ਲੱਗਦਾ ਹੈ ਕਿ ਰਹੱਸਵਾਦ ਤੋਂ ਸੱਖਣਾ ਧਰਮ, ਕਰਮਕਾਂਡ ਦੇ ਬਾਹਰੀ ਭੇਖ ਤਕ ਸੀਮਤ ਹੋ ਕੇ ਹੀ ਰਹਿ ਜਾਂਦਾ ਹੈ। ਇਸੇ ਲਈ ਪ੍ਰਸਿੱਧ ਵਿਦਵਾਨ ਡੀ.ਡੀ. ਰੂਈਨਜ਼ ਨੇ ਰਹੱਸਵਾਦ ਨੂੰ ਧਰਮ ਦਾ ਅਤਿਅੰਤ ਤੀਬਰ ਅਤੇ ਜੀਵੰਤ ਪੜਾਅ ਦਰਸਾਇਆ ਹੈ।1 ਭਗਤ ਬੇਣੀ ਜੀ ਦੇ ਰਹੱਸਵਾਦੀ ਅਨੁਭਵ ਨੂੰ ਠੀਕ ਤਰ੍ਹਾਂ ਸਮਝਣ ਲਈ ਰਹੱਸਵਾਦ ਦੀ ਪਰਿਭਾਸ਼ਾ, ਮੰਤਵ ਅਤੇ ਰੁਚੀ ਬਾਰੇ ਸੰਕੇਤਕ ਜਾਣਕਾਰੀ ਦੇਣੀ, ਇਥੇ ਤਰਕ ਸੰਗਤ ਲੱਗਦੀ ਹੈ।
ਰਹੱਸਵਾਦ ਨੂੰ ਕਿਸੇ ਨਿਰਧਾਰਤ ਪਰਿਭਾਸ਼ਾ ਵਿਚ ਬੰਨ੍ਹ ਸਕਣਾ ਸੌਖਾ ਕੰਮ ਨਹੀਂ। ਅਜਿਹਾ ਇਸ ਲਈ ਹੈ ਕਿ ਰਹੱਸਵਾਦ ਹਮੇਸ਼ਾਂ ਅਨੁਭਵ ਆਧਾਰਿਤ ਹੁੰਦਾ ਹੈ। ਜਦੋਂ ਵੀ ਕੋਈ ਰਹੱਸਵਾਦੀ, ਆਪਣੇ ਅਨੁਭਵ ਨੂੰ ਭਾਸ਼ਾ-ਬੱਧ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦੇ ਨਿੱਜ ਵਿਸ਼ਵਾਸ ਅਤੇ ਪਹਿਲਾਂ ਤੋਂ ਬਣੀਆਂ ਹੋਈਆਂ ਧਾਰਨਾਵਾਂ ਉਸ ਦੀ ਵਿਆਖਿਆ ਵਿਚ ਸੁਤੇ-ਸਿੱਧ ਸ਼ਾਮਲ ਹੋ ਜਾਂਦੀਆਂ ਹਨ। ਇਸ ਪ੍ਰਸੰਗ ਵਿਚ ਕੁਝ ਵਿਦਵਾਨਾਂ ਦੇ ਵਿਚਾਰ ਇਸ ਸਮੱਸਿਆ ਬਾਰੇ ਪ੍ਰਾਪਤ ਤਾਂ ਹੁੰਦੇ ਹਨ ਪਰ ਉਹ ਪੂਰੀ ਤਰ੍ਹਾਂ ਇਸ ਦੀ ਵਿਆਖਿਆ ਕਰਨ ਤੋਂ ਅਸਮਰੱਥ ਹੀ ਲੱਗਦੇ ਹਨ। ਉਦਾਹਰਣ ਵਜੋਂ ਸਪੈਂਸਰ ਸਿਡਨੀ, ਰਹੱਸਵਾਦ ਨੂੰ ਸੰਕਲਪ ਵਜੋਂ ਵਿਸ਼ੇਸ਼ ਪ੍ਰਕਾਰ ਦੀ ਇਕ ਅਜਿਹੀ ਚੇਤਨਾ ਮੰਨਦਾ ਹੈ, ਜਿਸ ਦੇ ਅੰਤਰਗਤ ‘ਪਰਮ ਤੱਤ ਦਾ ਤੁਰਤ ਅਪਰੋਖ ਅਨੁਭਵ’ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।2 ਇਸੇ ਤਰ੍ਹਾਂ ਐਨਸਾਈਕਲੋਪੀਡੀਆ ਆਫ ਬਰੀਟੇਨਿਕਾ ਵਿਚ ਰਹੱਸਵਾਦ ਨੂੰ ਵਿਸ਼ੇਸ਼ ਪ੍ਰਕਾਰ ਦੀ ਮਨੋ ਅਵਸਥਾ ਦਾ ਅਜਿਹਾ ਛਿਨ ਦੱਸਿਆ ਗਿਆ ਹੈ ਜਿਸ ਵਿਚ ਆਤਮਾ ਅਨਾਤਮ, ਮੈਂ ਅਤੇ ਤੂੰ ਦਾ ਅੰਤਰ (ਪਾੜ) ਮਿਟ ਜਾਂਦਾ ਹੈ। ਇਸ ਛਿਨ ਸਮੇਂ ਜਿਸ ਅਲੌਕਿਕ ਚੇਤਨਾ ਦਾ ਲਿਸ਼ਕਾਰਾ ਪੈਂਦਾ ਹੈ, ਉਸ ਵਿਚ ਰਹੱਸਵਾਦੀ ਦੇ ਵਿਸ਼ਵ-ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੁੰਦੀ ਹੈ।3 ਜਿਸ ਮਨੋ ਅਵਸਥਾ ਦੇ ਛਿਨ ਦੀ ਗੱਲ ਐਨਸਾਈਕਲੋਪੀਡੀਆ ਆਫ ਬਰੀਟੇਨਿਕਾ ਵਿਚ ਕੀਤੀ ਗਈ ਹੈ, ਉਸ ਦੇ ਧਾਰਨੀ ਦਾਅਵਾ ਤਾਂ ਕਰਦੇ ਹਨ ਕਿ ਉਨ੍ਹਾਂ ਨੂੰ ਪਰਮ ਤੱਤ ਦਾ ਅਸਲੀ ਅਨੁਭਵ ਪ੍ਰਾਪਤ ਹੋ ਗਿਆ ਹੈ ਪਰ ਸਬੂਤ ਵਜੋਂ ਉਹ ਆਪਣੇ ਇਸ ਅਨੁਭਵ ਨੂੰ ਪ੍ਰਗਟਾ ਨਹੀਂ ਸਕਦੇ।
ਦਰਅਸਲ ਰਹੱਸਵਾਦ ਭਾਰਤੀ ਚਿੰਤਨ ਦੀ ਮੂਲ ਉਪਜ ਨਹੀਂ ਹੈ, ਸਗੋਂ ਜਰਮਨ ਦੇ ਮਿਸਟੀਸਿਜ਼ਮ ਅਤੇ ਮਿਸਟਿਕ ਤੋਂ ਰੂਪਾਂਤ੍ਰਿਤ ਹੋਇਆ ਅਨੁਵਾਦਤ ਸ਼ਬਦ ਹੈ।4 ਚਿੰਤਨ ਦੇ ਖੇਤਰ ਵਿਚ ਪਰਮਾਤਮਾ, ਸ੍ਰਿਸ਼ਟੀ-ਰਚਨਾ ਅਤੇ ਜੀਵ ਦੇ ਅੰਤਮ ਸੱਚ ਨੂੰ ਜਾਣਨ ਲਈ ਕਈ ਸਾਧਨ ਮੰਨੇ ਜਾਂਦੇ ਹਨ। ਰਹੱਸਵਾਦ ਵੀ ਇਨ੍ਹਾਂ ਸਾਧਨਾਂ ਵਿੱਚੋਂ ਅਜਿਹਾ ਰਹੱਸਮਈ ਸਾਧਨ ਹੈ, ਜਿਹੜਾ ਤਰਕ ਅਤੇ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਸ ਸਿਧਾਂਤ ਦਾ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬੁੱਧੀ ਅਤੇ ਤਰਕ ਸਰੀਰ, ਪ੍ਰਾਣ ਅਤੇ ਮਨ ਦੀ ਸਹਾਇਤਾ ਨਾਲ ਕਾਰਜ ਕਰਦਿਆਂ ਅੰਤਮ ਸੱਚ ਨੂੰ ਪਦਾਰਥਵਾਦੀ ਦ੍ਰਿਸ਼ਟੀ ਤੋਂ ਹੀ ਨਿਰਧਾਰਤ ਕਰਨ ਲਈ ਯਤਨਸ਼ੀਲ ਹੁੰਦੇ ਹਨ। ਪਰ ਰਹੱਸਵਾਦੀ ਅਨੁਭਵ, ਤਰਕਵਾਦੀ ਪਹੁੰਚ-ਵਿਧੀ ਨਾਲ ਅਭਿਵਿਅਕਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਦਾ ਮੰਤਵ ਉਸ ਪਰਮ ਤੱਤ ਦੀ ਆਪਣੇ ਰਹੱਸਵਾਦੀ ਅਨੁਭਵ ਦੁਆਰਾ ਪਹਿਚਾਣ ਕਰਾਉਣੀ ਹੁੰਦੀ ਹੈ, ਜਿਸ ਵਿਚ ਭਾਵੁਕਤਾ ਪ੍ਰਧਾਨ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਰਹੱਸਵਾਦ ਅਤੇ ਤਰਕਵਾਦ ਦੇ ਖੇਤਰ ਬਿਲਕੁਲ ਵੱਖਰੇ ਹਨ। ਜਿਸ ਦੀ ਪੁਸ਼ਟੀ ਸ੍ਰੀ ਦਾਸ ਗੁਪਤਾ ਨੇ ਕੀਤੀ ਹੈ। ਸ੍ਰੀ ਦਾਸ ਗੁਪਤਾ ਲਿਖਦੇ ਹਨ ਕਿ ਰਹੱਸਵਾਦ ਕੋਈ ਬੌਧਿਕ ਸਿਧਾਂਤ ਨਹੀਂ, ਸਗੋਂ ਬੁਨਿਆਦੀ ਤੌਰ ’ਤੇ ਜੀਵਨ ਦਾ ਇਕ ਪ੍ਰਭਾਵਸ਼ਾਲੀ ਜੀਵੰਤ, ਸਿਰਜਨਾਤਮਿਕ ਅਤੇ ਚੰਗਾ ਸਿਧਾਂਤ ਹੈ, ਜਿਸ ਨੂੰ ਬੁੱਧੀ ਦੇ ਮਾਧਿਅਮ ਰਾਹੀਂ ਨਹੀਂ ਜਾਣਿਆ ਜਾ ਸਕਦਾ।
ਡਾ. ਦੀਵਾਨ ਸਿੰਘ ਵੀ ਰਹੱਸਵਾਦ ਨੂੰ ਕੋਈ ਸਿਧਾਂਤ ਜਾਂ ਦਰਸ਼ਨ ਨਹੀਂ ਮੰਨਦੇ ਸਗੋਂ ਇਸ ਵਿਧਾ ਨੂੰ ਇਕ ਅਨੁਭਵ ਵਾਤਾਵਰਨ ਆਖਦਿਆਂ ਦੱਸਦੇ ਹਨ ਕਿ ਜੋ ਕੁਝ ਇਕ ਰਹੱਸਵਾਦੀ ਆਪਣੇ ਅੰਤਰ-ਆਤਮੇ ਅਨੁਸਾਰ ਅਨੁਭਵ ਕਰਦਾ ਹੈ, ਉਸ ਨੂੰ ਰਹੱਸਵਾਦ ਆਖਿਆ ਜਾਂਦਾ ਹੈ। ਇਹ ਅਨੁਭਵ ਜਾਂ ਪ੍ਰਾਪਤੀ ਆਤਮਿਕ ਪੱਧਰ ਦੀ ਹੋਣ ਕਰਕੇ ਅਤਿ ਸੂਖ਼ਮ ਤੇ ਅਕੱਥ ਹੋਇਆ ਕਰਦੀ ਹੈ ਅਤੇ ਇਸ ਨੂੰ ਸਹਿਜ ਗਿਆਨ ਜਾਂ ਇੰਦਰੀਆਂ ਤੋਂ ਪਰ੍ਹੇ ਦਾ ਅਨੁਭਵ ਆਖਿਆ ਜਾ ਸਕਦਾ ਹੈ।
ਇਸ ਤਰ੍ਹਾਂ ਰਹੱਸਵਾਦ ਅਤੇ ਤਰਕਵਾਦ ਵਿਚ ਬੁਨਿਆਦੀ ਅੰਤਰ ਸਪੱਸ਼ਟ ਦਿਸ ਆਉਂਦਾ ਹੈ। ਤਰਕਵਾਦੀ, ਬੁੱਧੀ ਦੇ ਜ਼ੋਰ ਨਾਲ ਪਰਮ ਤੱਤ ਦੇ ਅੰਤਮ ਸੱਚ ਦਾ ਕੇਵਲ ਸਰੂਪ ਹੀ ਨਿਰਧਾਰਤ ਕਰਦਾ ਹੈ, ਜਦੋਂ ਕਿ ਰਹੱਸਵਾਦੀ ਆਪਣੇ ਅੰਤਰੀਵ ਅਨੁਭਵ ਰਾਹੀਂ ਉਸ ਪਰਮ ਤੱਤ ਦੇ ਅੰਤਮ ਸੱਚ ਦਾ ਪ੍ਰਤੱਖ ਦਰਸ਼ਨ ਵੀ ਕਰਦਾ ਹੈ। ਇਸ ਦ੍ਰਿਸ਼ਟੀ ਤੋਂ ਤਰਕਵਾਦੀਆਂ ਅਤੇ ਦਾਰਸ਼ਨਿਕਾਂ ਦਾ ਅੰਤਮ ਸੱਚ, ਸੂਖ਼ਮ ਅਤੇ ਅਪਹੁੰਚ ਰਹਿੰਦਾ ਹੈ ਪਰ ਰਹੱਸਵਾਦੀਆਂ ਦਾ ਪਹੁੰਚ ਵਾਲਾ ਅਤੇ ਪ੍ਰਾਣਧਾਰੀ ਹੋ ਨਿੱਬੜਦਾ ਹੈ। ਇਸ ਪੜਾਅ ’ਤੇ ਰਹੱਸਵਾਦੀ ਦੀ ਪਦਵੀ, ਉੱਚੀ ਅਤੇ ਅਨੰਦਮਈ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ। ਭਾਵੇਂ ਉਸ ਵੱਲੋਂ ਅੰਤਮ ਸੱਚ ਬਾਰੇ ਪ੍ਰਾਪਤ ਕੀਤਾ ਅਨੰਦਮਈ ਅਨੁਭਵ ਇਕ ਰਹੱਸ ਹੀ ਰਹਿੰਦਾ ਹੈ, ਜਿਸ ਨੂੰ ਉਹ ਪੂਰਨ ਰੂਪ ਵਿਚ ਪ੍ਰਗਟਾ ਨਹੀਂ ਸਕਦਾ।
ਭਗਤ ਬੇਣੀ ਜੀ ਆਪਣੇ ਸਮੇਂ ਦੇ ਅਜਿਹੇ ਪ੍ਰਸਿੱਧ ਬਾਣੀਕਾਰ ਹਨ ਜਿਨ੍ਹਾਂ ਦੇ ਰਚੇ ਸਿਰੀਰਾਗੁ, ਰਾਮਕਲੀ ਤੇ ਪ੍ਰਭਾਤੀ ਰਾਗਾਂ ਵਿਚ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਹੋਏ ਹਨ। ਇਸ ਤਰ੍ਹਾਂ ਆਪ ਜੀ ਦੀ ਰਚਨਾ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਨ੍ਹਾਂ ਮਹਾਨ ਮਹਾਂਪੁਰਸ਼ਾਂ ਦੇ ਨਾਲ ਆਦਰਯੋਗ ਸਥਾਨ ਪ੍ਰਦਾਨ ਕੀਤਾ ਗਿਆ ਹੈ, ਜਿਨ੍ਹਾਂ ਦੀ ਬਾਣੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਹੈ। ਭਗਤ ਬੇਣੀ ਜੀ ਕਿਸ ਸਮੇਂ, ਕਿਸ ਸਥਾਨ ਅਤੇ ਕਿਸ ਦੇ ਘਰ ਪੈਦਾ ਹੋਏ, ਇਸ ਬਾਰੇ ਕਿਸੇ ਵੀ ਸ੍ਰੋਤ ਤੋਂ ਸਾਨੂੰ ਲੋੜੀਂਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇਸ ਪ੍ਰਸੰਗ ਵਿਚ ਨਾ ਤਾਂ ਕੋਈ ਅੰਦਰੂਨੀ ਗਵਾਹੀ ਹੀ ਸਹਾਇਤਾ ਕਰਦੀ ਹੈ ਅਤੇ ਨਾ ਹੀ ਬਾਹਰੀ ਸ੍ਰੋਤ ਸਹਾਈ ਹੋ ਰਹੇ ਹਨ। ਪਰ ਇਸ ਦੇ ਬਾਵਜੂਦ ਇਕ ਗੱਲ ਸਪੱਸ਼ਟ ਹੈ ਕਿ ਆਪ ਜੀ ਦਾ ਜੀਵਨ-ਦਰਸ਼ਨ ਆਪਣੇ ਸਮੇਂ ਬੁਲੰਦੀਆਂ ਉੱਤੇ ਸੀ, ਜਿਸ ਦੇ ਫਲਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਕਲਯ ਭੱਟ ਨੇ ਆਪਣੀ ਬਾਣੀ ਵਿਚ ਆਪ ਜੀ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਨੇ ਵੀ ਗੁਰਬਾਣੀ ਦੀ ਕੁੰਜੀ ਸਮਝੀਆਂ ਜਾਂਦੀਆਂ ਆਪਣੀਆਂ ਵਾਰਾਂ ਵਿਚ ਵੀ ਆਪ ਜੀ ਬਾਰੇ ਉਲੇਖ ਕੀਤਾ ਹੈ। ਆਪ ਜੀ ਦੇ ਜੀਵਨ ਸਬੰਧੀ ਵੱਖ-ਵੱਖ ਸ੍ਰੋਤਾਂ ਤੋਂ ਜੋ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਹ ਇਸ ਪ੍ਰਕਾਰ ਹੈ:
ਬੇਣੀ ਕਉ ਗੁਰਿ ਕੀਓ ਪ੍ਰਗਾਸੁ॥
ਰੇ ਮਨ ਤੂ ਭੀ ਹੋਹਿ ਦਾਸੁ॥ (ਪੰਨਾ 1192)
ਇਸੇ ਤਰ੍ਹਾਂ ਸੋਲ੍ਹਵੀਂ ਸਦੀ ਦੇ ‘ਭੱਟ ਕਲਯ ਭੱਟ’ ਦਾ ਇਹ ਕਥਨ ਆਪ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਉਜਾਗਰ ਕਰਦਾ ਹੈ:
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥ (ਪੰਨਾ 1390)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਨੇ ਵੀ ਆਪਣੀ 10ਵੀਂ ਵਾਰ ਵਿਚ ਆਪ ਜੀ ਬਾਰੇ ਜ਼ਿਕਰ ਕੀਤਾ ਹੈ:-
ਗੁਰਮੁਖ ਬੇਣੀ ਭਗਤਿ ਕਰ ਜਾਇ ਇਕਾਂਤ ਬਹੈ ਲਿਵ ਲਾਵੈ।
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਜਰ ਲਖਾਵੈ।
ਘਰ ਆਯਾ ਜਾਂ ਪੁਛੀਐ ਰਾਜ ਦੁਆਰ ਗਇਆ ਆਲਾਵੈ।
ਘਰ ਸਭ ਵਥੂੰ ਮੰਗੀਅਨ ਵਲ ਛਲ ਕਰਕੈ ਝਤ ਲੰਘਾਵੈ।
ਵਡਾ ਸਾਂਗ ਵਰਤਦਾ ਓਹ ਇਕ ਮਨ ਪਰਮੇਸ਼ਰ ਧ੍ਯਾਵੈ।
ਪੈਜ ਸਵਾਰੈ ਭਗਤ ਦੀ ਰਾਜਾ ਹੋਇਕੈ ਘਰ ਚਲ ਆਵੈ।
ਦੇਇ ਦਿਲਾਸਾ ਤੁਸਕੈ ਅਨਗਣਤੀ ਖਰਚੀ ਪਹੁਚਾਵੈ।
ਓਥਹੁੰ ਆਯਾ ਭਗਤ ਪਾਸ ਹੋਇ ਦਿਆਲ ਹੇਤ ਉਪਜਾਵੈ।
ਭਗਤ ਜਨਾ ਜੈਕਾਰ ਕਰਾਵੈ॥ (ਵਾਰ 10:14)
ਭਗਤ ਜੀ ਦੇ ਜੀਵਨ, ਉਨ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੇ ਜਨਮ-ਸਥਾਨ ਅਤੇ ਜੀਵਨ-ਕਿਰਿਆਵਾਂ ਬਾਰੇ ਕੋਈ ਰੋਸ਼ਨੀ ਨਹੀਂ ਪਾਈ।
ਰਹੱਸਵਾਦੀ ਅਨੁਭਵ :
ਭਗਤ ਬੇਣੀ ਜੀ ਦੀ ਪ੍ਰਾਪਤ ਰਚਨਾ ਆਕਾਰ ਪੱਖੋਂ ਭਾਵੇਂ ਬਹੁਤ ਸੀਮਿਤ ਹੈ ਪਰ ਵਿਚਾਰ ਪੱਖੋਂ ਇਹ ਬਹੁਤ ਵਿਸ਼ਾਲ ਹੈ। ਉਹ ਆਪਣੀ ਇਸ ਸੀਮਿਤ ਰਚਨਾ ਵਿਚ ਪਰਮਾਤਮਾ, ਮਾਨਵ-ਜੀਵਨ, ਮੁਕਤੀ ਅਤੇ ਪ੍ਰਭੂ-ਪ੍ਰਾਪਤੀ ਦੇ ਸਾਧਨਾਂ ਬਾਰੇ ਆਪਣੇ ਰਹੱਸਵਾਦੀ ਅਨੁਭਵ ਪ੍ਰਗਟ ਕਰਦੇ ਹਨ।
ਭਗਤ ਬੇਣੀ ਜੀ ਪਰਮਾਤਮਾ ਨਾਲ ਇਕਮਿਕਤਾ ਹਾਸਲ ਕਰਨ ਲਈ ਮਨੁੱਖ ਨੂੰ ਇਸ ਵਸਤੂ-ਸੰਸਾਰ ਦੀਆਂ ਨਾਸ਼ਵਾਨ ਵਸਤਾਂ ਅਤੇ ਮਾਇਆ ਦੇ ਪ੍ਰਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ ਲਈ ਪ੍ਰੇਰਦੇ ਹਨ। ਉਨ੍ਹਾਂ ਦੇ ਵਿਚਾਰਾਂ ਅਨੁਸਾਰ ਇਹ ਵਿਕਾਰ ਹਨ ਜੋ ਕਿ ਪ੍ਰਭੂ-ਮੇਲ ਲਈ ਬੰਧਨ ਹਨ, ਜਿਨ੍ਹਾਂ ਵਿਚ ਖੱਚਿਤ ਹੋਣ ਨਾਲ ਮਨੁੱਖ ਜਮਾਂ ਦੇ ਦੇਸ਼ ਜਾਂਦਾ ਹੈ:
ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ॥
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ॥ (ਪੰਨਾ 93)
ਭਗਤ ਬੇਣੀ ਜੀ ਮਨੁੱਖ ਨੂੰ ਇਸ ਮਾਨਵ-ਜੀਵਨ ਵਿਚ ਹੀ ਸ਼ੁਭ-ਕਰਮ ਕਰਨ ਦੀ ਪ੍ਰੇਰਨਾ ਕਰਦੇ ਹਨ। ਜੋ ਮਨੁੱਖ ਆਪਣਾ ਸਾਰਾ ਜੀਵਨ ਬਾਲ-ਪੁਣੇ ਦੀਆਂ ਖੇਡਾਂ, ਜੁਆਨੀ ਵਿਚ ਕਾਮਵਾਸ਼ਨਾ ਅਧੀਨ ਅਤੇ ਬਿਰਧ ਅਵਸਥਾ ਸਮੇਂ ਆਪਣੇ ਬਾਕੀ ਕੁਟੰਬ ਨੂੰ ਵੇਖ-ਵੇਖ ਆਪਣਾ ਉੱਤਮ ਤੇ ਸ੍ਰੇਸ਼ਟ ਜਨਮ ਗਵਾ ਲੈਂਦਾ ਹੈ, ਉਸ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ਅਤੇ ਨਾ ਹੀ ਪ੍ਰਭੂ ਨਾਲ ਮੇਲ ਹੀ ਹੋਣਾ ਸੰਭਵ ਹੈ। ਇਸੇ ਲਈ ਆਪ ਜੀ ਫ਼ਰਮਾਉਂਦੇ ਹਨ:
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ॥
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ॥
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥ (ਪੰਨਾ 93)
ਇਸ ਲਈ ਜ਼ਰੂਰੀ ਹੈ ਕਿ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰਨ ਲਈ ਮਨੁੱਖ ਆਤਮ ਤੱਤ ਦੀ ਪਹਿਚਾਣ ਕਰੇ ਅਤੇ ਇਸ ਜਗਤ ਦੀ ਮਾਇਆ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦਿਆਂ ਫੋਕਟ ਧਰਮਾਂ ਤੋਂ ਸਾਵਧਾਨ ਰਹੇ:
ਜਿਨਿ ਆਤਮ ਤਤੁ ਨ ਚੀਨ੍ਆਿ॥
ਸਭ ਫੋਕਟ ਧਰਮ ਅਬੀਨਿਆ॥ (ਪੰਨਾ 1351)
ਭਗਤ ਬੇਣੀ ਜੀ ਪਰਮਾਤਮਾ ਦਾ ਟਿਕਾਣਾ ਉਸ ਥਾਂ ਉੱਤੇ ਸਮਝਦੇ ਹਨ, ਜਿੱਥੇ ਸੁੰਨ ਅਵਸਥਾ ਹੈ ਅਤੇ ਇਸ ਥਾਂ ਉੱਤੇ ਪੁੱਜਣ ਲਈ ਉਹ ਨਾਮ-ਸਾਧਨਾ ਨੂੰ ਸਰਬੋਤਮ ਮੰਨਦੇ ਹਨ ਜੋ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਭਗਤ ਬੇਣੀ ਜੀ ਦੀ ਬਾਣੀ ਵਿਚ ਕੁਝ ਸ਼ਬਦਾਵਲੀ ਜੋਗ ਮੱਤ ਦੀ ਵੀ ਪ੍ਰਾਪਤ ਹੁੰਦੀ ਹੈ ਪਰ ਉਨ੍ਹਾਂ ਦਾ ਕੋਈ ਸ਼ਬਦ ਜੋਗ ਮੱਤ ਸਾਧਨਾ ਦਾ ਅਨੁਕਰਣ ਕਰਨ ਵਾਲਾ ਨਹੀਂ ਦਿੱਸਦਾ। ਜੋਗ ਮੱਤ ਅਨੁਸਾਰ ਪਰਮਾਤਮਾ ਦਾ ਅਨੁਭਵ ਇੜਾ, ਪਿੰਗਲਾ ਤੇ ਸੁਖਮਨਾ ਨਾੜੀਆਂ ਦੀ ਸੁਮੇਲਤਾ ਨਾਲ ਹੁੰਦਾ ਹੈ ਅਤੇ ਇਸ ਪ੍ਰਕਿਰਿਆ ਵਿਚ ਸਰੀਰ ਨੂੰ ਅਸਹਿ ਕਸ਼ਟ ਦੇਣ ਵਾਲੀਆਂ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ ਪਰ ਭਗਤ ਬੇਣੀ ਜੀ ਪਰਮਾਤਮਾ ਦੇ ਰਹੱਸਵਾਦੀ ਅਨੁਭਵ ਦੀ ਪ੍ਰਾਪਤੀ ਕਰਨ ਲਈ ਜੋਗ-ਅਭਿਆਸ ਦੀਆਂ ਇਨ੍ਹਾਂ ਕਿਰਿਆਵਾਂ ਨੂੰ ਨਿਰਾਰਥਕ ਮੰਨਦੇ ਹਨ। ਉਹ ਤੀਰਥਾਂ ਦੇ ਇਸ਼ਨਾਨ ਨੂੰ ਵੀ ਸਾਰਥਕ ਨਹੀਂ ਮੰਨਦੇ। ਇਸ ਪ੍ਰਸੰਗ ਵਿਚ ਭਗਤ ਬੇਣੀ ਜੀ ਆਪਣੇ ਰਹੱਸਵਾਦੀ ਅਨੁਭਵ ਬਿਆਨ ਕਰਦਿਆਂ ਫੁਰਮਾਉਂਦੇ ਹਨ:
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ॥
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ॥1॥
ਸੰਤਹੁ ਤਹਾ ਨਿਰੰਜਨ ਰਾਮੁ ਹੈ॥
ਗੁਰ ਗਮਿ ਚੀਨੈ ਬਿਰਲਾ ਕੋਇ॥
ਤਹਾਂ ਨਿਰੰਜਨੁ ਰਮਈਆ ਹੋਇ॥ (ਪੰਨਾ 974)
ਭਗਤ ਬੇਣੀ ਜੀ ਆਪਣੇ ਰਹੱਸਵਾਦੀ ਅਨੁਭਵ ਅਭਿਵਿਅਕਤ ਕਰਨ ਸਮੇਂ ਜਿੱਥੇ ਜੋਗ ਮੱਤ ਦੀਆਂ ਕਿਰਿਆਵਾਂ ਨੂੰ ਪ੍ਰਭੂ-ਮੇਲ ਲਈ ਅਪ੍ਰਵਾਨ ਕਰਦੇ ਹਨ, ਉਥੇ ਉਹ ਇਸ ਕਾਰਜ ਲਈ ਪ੍ਰਚੱਲਤ ਕਰਮਕਾਂਡਾਂ ਨੂੰ ਬੁਰੀ ਤਰ੍ਹਾਂ ਨਕਾਰਦੇ ਹਨ। ਉਨ੍ਹਾਂ ਦੇ ਹੇਠ ਲਿਖੇ ਸ਼ਬਦ ਵਿਚ ਪ੍ਰਭੂ-ਮੇਲ ਲਈ ਹਰ ਪ੍ਰਕਾਰ ਦੀ ਦਿਖਾਵੇ ਵਾਲੀ ਸਰੀਰਿਕ ਕਿਰਿਆ ਨੂੰ ਰੱਦ ਕੀਤਾ ਗਿਆ ਹੈ:
ਤਨਿ ਚੰਦਨੁ ਮਸਤਕਿ ਪਾਤੀ॥
ਰਿਦ ਅੰਤਰਿ ਕਰ ਤਲ ਕਾਤੀ॥
ਠਗ ਦਿਸਟਿ ਬਗਾ ਲਿਵ ਲਾਗਾ॥
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ॥
ਮ੍ਰਿਗ ਆਸਣੁ ਤੁਲਸੀ ਮਾਲਾ॥
ਕਰ ਊਜਲ ਤਿਲਕੁ ਕਪਾਲਾ॥
ਰਿਦੈ ਕੂੜੁ ਕੰਠਿ ਰੁਦ੍ਰਾਖੰ॥
ਰੇ ਲੰਪਟ ਕ੍ਰਿਸਨੁ ਅਭਾਖੰ॥ (ਪੰਨਾ 1351)
ਭਗਤ ਬੇਣੀ ਜੀ ਦੇ ਉਪਰੋਕਤ ਸ਼ਬਦ ਵਿਚ ਪ੍ਰਭੂ-ਮੇਲ ਲਈ ਹਰ ਪ੍ਰਕਾਰ ਦੇ ਕਰਮ-ਧਰਮ ਨੂੰ ਨਿਰਾਰਥਕ ਮੰਨਿਆ ਗਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਉਹ ਪਰਮਾਤਮਾ ਪ੍ਰਤੀ ਆਪਣੇ ਰਹੱਸਵਾਦੀ ਅਨੁਭਵ ਲਈ ਕਿਸੇ ਪ੍ਰਕਾਰ ਦੇ ਪਾਖੰਡ ਨੂੰ ਪ੍ਰਵਾਨ ਨਹੀਂ ਸਨ ਕਰਦੇ, ਜੇਕਰ ਧਾਰਮਿਕ ਭੇਖ ਧਾਰਨ ਕਰਦਿਆਂ ਅੰਦਰੋਂ ਛੁਰੀਆਂ ਹੀ ਚਲਾਉਣੀਆਂ ਹਨ ਤਾਂ ਇਸ ਦਾ ਕੋਈ ਲਾਭ ਨਹੀਂ ਹੁੰਦਾ:
ਰਿਦੈ ਛੁਰੀ ਸੰਧਿਆਨੀ॥
ਪਰ ਦਰਬੁ ਹਿਰਨ ਕੀ ਬਾਨੀ॥ (ਪੰਨਾ 1651)
ਉਨ੍ਹਾਂ ਦਾ ਰਹੱਸਵਾਦੀ ਅਨੁਭਵ ਵਿਚ ਦ੍ਰਿੜ੍ਹ ਵਿਸ਼ਵਾਸ ਹੈ ਕਿ ਪਰਮਾਤਮਾ ਦਾ ਮੇਲ ਪ੍ਰਾਪਤ ਕਰਨ ਲਈ ਧਾਰਮਿਕ ਭੇਖ ਫੋਕਟ ਕਰਮ ਹਨ। ਇਨ੍ਹਾਂ ਕਿਰਿਆਵਾਂ ਰਾਹੀਂ ਪ੍ਰਭੂ-ਮੇਲ ਹੋਣਾ ਸੰਭਵ ਨਹੀਂ ਹੁੰਦਾ। ਇਸ ਕਾਰਜ-ਖੇਤਰ ਲਈ ਗੁਰੂ ਦੀ ਸ਼ਰਨ ਵਧੇਰੇ ਫਲੀ-ਭੂਤ ਹੁੰਦੀ ਹੈ:
ਕਹੁ ਬੇਣੀ ਗੁਰਮੁਖਿ ਧਿਆਵੈ॥
ਬਿਨੁ ਸਤਿਗੁਰ ਬਾਟ ਨ ਪਾਵੈ॥ (ਪੰਨਾ 1351)
ਭਗਤ ਬੇਣੀ ਜੀ ਦੇ ਰਹੱਸਵਾਦੀ ਅਨੁਭਵ ਅਨੁਸਾਰ ਪ੍ਰਭੂ-ਮੇਲ ਵਾਲੀ ਅਵਸਥਾ ਵਿਚ ਮਨੁੱਖ ਦੀ ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ ਅਤੇ ਦੁਰਮਤਿ ਦਾ ਨਾਸ ਹੁੰਦਾ ਹੈ। ਅਜਿਹੇ ਪਦ ਨੂੰ ਪ੍ਰਾਪਤ ਕਰਨ ਵਾਲਾ ਮਨੁੱਖ ਨਾਮ ਰੂਪੀ ਅੰਮ੍ਰਿਤ ਦੇ ਕਟੋਰੇ ਪੀਂਦਿਆਂ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ:
ਉਪਜੈ ਗਿਆਨੁ ਦੁਰਮਤਿ ਛੀਜੈ॥
ਅੰਮ੍ਰਿਤ ਰਸਿ ਗਗਨੰਤਰਿ ਭੀਜੈ॥
ਏਸੁ ਕਲਾ ਜੋ ਜਾਣੈ ਭੇਉ॥
ਭੇਟੈ ਤਾਸੁ ਪਰਮ ਗੁਰਦੇਉ॥ (ਪੰਨਾ 974)
ਭਗਤ ਬੇਣੀ ਜੀ ਦੇ ਰਹੱਸਵਾਦੀ ਅਨੁਭਵ ਅਨੁਸਾਰ ਪ੍ਰਭੂ ਨਾਲ ਅਭੇਦ ਹੋਣ ਵਾਲੇ ਮਨੁੱਖ ਨੂੰ ਸਤਿਗੁਰ ਦਾ ਸ਼ਬਦ ਅਤੇ ਪ੍ਰਭੂ ਦੀ ਉਸਤਤਿ ਕਰਨ ਵਾਲੀ ਬਾਣੀ ਹੁਲਾਰਾ ਪੈਦਾ ਕਰ ਦਿੰਦੀ ਹੈ ਅਤੇ ਮਨੁੱਖ ਦੀ ਸੁਰਤ ਜਾਗ ਪੈਂਦੀ ਹੈ:
ਦੇਵ ਸਥਾਨੈ ਕਿਆ ਨੀਸਾਣੀ॥
ਤਹ ਬਾਜੇ ਸਬਦ ਅਨਾਹਦ ਬਾਣੀ॥ (ਪੰਨਾ 974)
ਉਪਰੋਕਤ ਅਧਿਐਨ ਤੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਭਗਤ ਬੇਣੀ ਜੀ ਆਪਣੇ ਰਹੱਸਵਾਦੀ ਅਨੁਭਵ ਅਨੁਸਾਰ ਮਨੁੱਖ ਨੂੰ ਇਸ ਜਗਤ ਰੂਪੀ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਸੰਸਾਰ ਦੀਆਂ ਵਸਤਾਂ ਵਿਚ ਖੱਚਿਤ ਹੋਣ ਤੋਂ ਰੋਕਦੇ ਹਨ ਅਤੇ ਉਸ ਨੂੰ ਪ੍ਰਾਪਤ ਮਾਨਵ-ਜੀਵਨ ਦਾ ਇਕ ਪਲ ਸੁਕ੍ਰਿਤ ਕਰਮ ਕਰਦਿਆਂ ਪ੍ਰਭੂ-ਮੇਲ ਲਈ ਪ੍ਰੇਰਨਾ ਦਿੰਦੇ ਹਨ। ਪ੍ਰਭੂ-ਮੇਲ ਲਈ ਭਗਤ ਜੀ ਦਾ ਰਹੱਸਵਾਦੀ ਅਨੁਭਵ ਹਰ ਪ੍ਰਕਾਰ ਦੇ ਕਰਮਕਾਂਡਾਂ ਨੂੰ ਫੋਕਟ ਅਤੇ ਨਿਰਾਰਥਕ ਮੰਨਦਾ ਹੈ ਅਤੇ ਇਸ ਦੀ ਥਾਂ ਗੁਰੂ ਦੀ ਸ਼ਰਨ ਅਤੇ ਨਾਮ-ਸਾਧਨਾ ਰਾਹੀਂ ਪ੍ਰਭੂ ਦੀ ਬਖਸ਼ਿਸ਼ ਨਾਲ ਉਸ ਵਿਚ ਲੀਨਤਾ ਹਾਸਲ ਕਰਨ ਲਈ ਪ੍ਰੇਰਨਾ ਕਰਦਾ ਹੈ। ਉਨ੍ਹਾਂ ਦਾ ਰਹੱਸਵਾਦੀ ਅਨੁਭਵ ਪਰੰਪਰਾਗਤ ਮੁਕਤੀ ਨਾਲੋਂ ਜੀਵਨ-ਮੁਕਤੀ ਪ੍ਰਵਾਨ ਕਰਨ ਵਾਲਾ ਸਿੱਧ ਹੁੰਦਾ ਹੈ।
ਲੇਖਕ ਬਾਰੇ
ਪਿੰਡ ਬਡਾਲਾ, ਤਹਿ. ਖਰੜ, ਰੋਪੜ
- ਹੋਰ ਲੇਖ ਉਪਲੱਭਧ ਨਹੀਂ ਹਨ