ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਪੰਦਰ੍ਹਾਂ ਭਗਤਾਂ ਦੀ ਬਾਣੀ ਨੂੰ ਵੀ ਗੁਰਬਾਣੀ ਦੇ ਨਾਲ ਦਰਜ ਕੀਤਾ ਗਿਆ। ਇਨ੍ਹਾਂ ਭਗਤਾਂ ਵਿੱਚੋਂ ਹੀ ਭਗਤ ਧੰਨਾ ਜੀ ਸਨ ਜਿਨ੍ਹਾਂ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ1 ਵਿਚ ਇਕ ਸ਼ਬਦ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਅਤੇ ਭਗਤ ਧੰਨਾ ਜੀ ਦੀ ਉਸਤਤਿ ਵਿਚ ਉਚਾਰਨ ਕੀਤਾ ਹੈ।
ਭਗਤ ਧੰਨਾ ਜੀ ਪ੍ਰਥਾਇ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ‘ਇਸ ਵਿਧੀ ਨੂੰ ਸੁਣ ਕੇ ਇਕ ਜੱਟ ਪਰਮਾਤਮਾ ਦੀ ਭਗਤੀ ਕਰਨ ਲੱਗਾ ਤੇ ਜਦੋਂ ਭਗਤੀ ਕਰਦਿਆਂ ਪ੍ਰਤੱਖ ਪ੍ਰਭੂ ਦਾ ਮਿਲਾਪ ਹੋ ਗਿਆ ਤਾਂ ਉਹ ਜੱਟ ਧੰਨਾ ਵਡਭਾਗੀ ਹੋ ਗਿਆ’, ਭਾਵ ਉਸ ਦਾ ਜੀਵਨ ਸਫਲ ਹੋ ਗਿਆ। ਸਵਾਲ ਉਪਜਦਾ ਹੈ ਕਿ ਉਹ ਕਿਹੜੀ ਵਿਧੀ ਹੈ ਜਿਸ ਨੂੰ ਭਗਤ ਧੰਨਾ ਜੀ ਨੇ ਅਪਣਾਇਆ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸੇ ਵਿਧੀ ਦਾ ਜ਼ਿਕਰ ਹੀ ਇਸ ਸ਼ਬਦ ਵਿਚ ਕੀਤਾ ਹੈ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਭਗਤ ਨਾਮਦੇਵ ਜੀ ਦਾ ਮਨ ਸਦਾ ਪ੍ਰਭੂ ਨਾਮ ਨਾਲ ਜੁੜਿਆ ਰਹਿੰਦਾ ਸੀ। ਇਸੇ ਕਰਕੇ ਗ਼ਰੀਬ ਨਾਮਦੇਵ (ਜਿਸ ਨੂੰ ਬ੍ਰਾਹਮਣ ਵਰਗ ਸ਼ੂਦਰ ਕਹਿ ਕੇ ਤ੍ਰਿਸਕਾਰਦਾ ਸੀ ਅਤੇ ਦੇਹਰੇ ਵਿਚ ਜਾਣ ਨਹੀਂ ਸੀ ਦਿੰਦਾ) ਬੇਸ਼ੁਮਾਰ ਕੀਮਤੀ ਹੋ ਗਿਆ। ਇਥੇ ਕੀਮਤ ਬਾਰੇ ਇਕ ਗੱਲ ਸਪੱਸ਼ਟ ਕਰਨੀ ਹੋਵੇਗੀ ਕਿ ਇਹ ਕੀਮਤ ਸਰੀਰ ਦੀ ਕੀਮਤ ਨਹੀਂ, ਕੋਈ ਸੰਸਾਰਿਕ ਧਨ-ਪਦਾਰਥਾਂ ਦੀ ਕੀਮਤ ਦੀ ਗੱਲ ਨਹੀਂ, ਬਲਕਿ ‘ਮਤਿ ਵਿਚਿ ਰਤਨ ਜਵਾਹਰ ਮਾਣਿਕ’ ਦੀ ਗੱਲ ਹੈ। ਆਤਮਿਕ ਗੁਣਾਂ ਦੀ ਗੱਲ ਹੈ ਜੋ ਅਮੁੱਲ ਹੁੰਦੇ ਹਨ। ਅਗਲੀਆਂ ਪੰਕਤੀਆਂ ਵਿਚ ਭਗਤ ਕਬੀਰ ਜੀ ਬਾਰੇ ਗੁਰੂ ਜੀ ਉਚਾਰਨ ਕਰਦੇ ਹਨ ਕਿ ਜੁਲਾਹੇ ਦਾ ਕੰਮ ਕਰਨ ਕਰਕੇ ਨੀਚ (ਸ਼ੂਦਰ) ਕਹੇ ਜਾਂਦੇ ‘ਕਬੀਰ’ ਨੇ ਵੀ ਸੰਸਾਰਿਕ ਮਾਇਕ ਪਦਾਰਥਾਂ ਦਾ ਤਾਣਾ-ਪੇਟਾ (ਬੁਣਨਾ-ਤਣਨਾ) ਤਿਆਗ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਲਿਆ ਹੈ ਅਤੇ ਆਤਮਿਕ ਗੁਣਾਂ ਦਾ ਸਮੁੰਦਰ ਬਣ ਗਿਆ ਹੈ। ਕੱਪੜਾ ਉਣਨ ਲਈ ਤਾਣਾ ਤਣਨ ਦੀ ਲਗਨ ਛੱਡਣ ਤੋਂ ਭਾਵ ਇਹ ਨਹੀਂ ਕਿ ਭਗਤ ਜੀ ਨੇ ਕਿਰਤ ਕਰਨੀ ਛੱਡ ਦਿੱਤੀ ਹੈ। ਉਹ ਕਿਰਤ ਕਰ ਰਹੇ ਹਨ ਅਤੇ ਨਾਲ-ਨਾਲ ਪ੍ਰਭੂ-ਭਗਤੀ ਵਿਚ ਲੀਨ ਹਨ। ਉਨ੍ਹਾਂ ਨੇ ਤਾਂ ਸੰਸਾਰਿਕ ਮੋਹ-ਮਾਇਆ ਦੇ ਤਾਣੇ-ਪੇਟੇ ਵਿਚ ਉਲਝਣ ਨੂੰ ਤਿਆਗਿਆ ਹੈ। ਭਗਤ ਰਵਿਦਾਸ ਜੀ ਵੀ ਜੋ ਮਰੇ ਹੋਏ ਡੰਗਰਾਂ ਨੂੰ ਸੰਭਾਲਦੇ ਸਨ ਅਤੇ ਕਿਰਤ ਕਰਦੇ ਹੋਏ ਹਰਿ ਨਾਮ ਨੂੰ ਜਪਦੇ ਸਨ ਅਤੇ ਮਾਇਆ ਤੋਂ ਪਰ੍ਹੇ ਸਨ। ਭਾਵੇਂ ਸਮਾਜ ਦੇ ਅਖੌਤੀ ਉੱਚੀ ਜਾਤ ਵਾਲਿਆਂ ਨੇ ਉਨ੍ਹਾਂ ਨੂੰ ਨੀਚ ਕਿਹਾ, ਪਰ ਉਹ ਪ੍ਰਭੂ-ਨਾਮ ਦੇ ਸੰਗ ਸਦਕਾ ਪਰਮਾਤਮਾ ਦੇ ਦਰਸ਼ਨ ਕਰਨ ਦੇ ਯੋਗ ਹੋ ਗਏ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਭਗਤ ਸੈਣ ਜੀ ਵੀ ਜੋ (ਅਖੌਤੀ) ਨਾਈ ਜਾਤੀ ਦੇ ਕਹੇ ਜਾਂਦੇ ਸਨ ਅਤੇ ਲੋਕਾਂ ਦੇ ਘਰਾਂ ਵਿਚ ਕੰਮ-ਕਾਜ ਕਰਨਾ ਉਨ੍ਹਾਂ ਦੀ ਕਿਰਤ ਸੀ, ਉਨ੍ਹਾਂ ਦੇ ਹਿਰਦੇ ਵਿਚ ਵੀ ਪਰਮਾਤਮਾ ਵੱਸ ਗਿਆ ਤੇ ਉਨ੍ਹਾਂ ਨੂੰ ਵੀ ਸ੍ਰੇਸ਼ਠ ਭਗਤਾਂ ਦੀ ਲੜੀ ਵਿਚ ਗਿਣਿਆ ਜਾਣ ਲੱਗਾ ਅਤੇ ਹਰ ਘਰ ਵਿਚ ਉਨ੍ਹਾਂ ਦੀ ਸੋਭਾ ਹੋਈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਇਨ੍ਹਾਂ ਭਗਤਾਂ ਦੀ ਕਿਰਤ ਕਰਦਿਆਂ ਨਾਮ ਜਪਣ ਦੀ ਵਿਧੀ ਨੂੰ ਭਗਤ ਧੰਨਾ ਜੀ ਨੇ ਸੁਣਿਆ ਤੇ ਉਹ ਵੀ ਕਿਰਤ ਕਰਦਾ ਹੋਇਆ ਪ੍ਰਭੂ-ਨਾਮ ਨੂੰ ਜਪਣ ਲੱਗਾ ਅਤੇ ਸਾਧਸੰਗਤ ਕਰਦਿਆਂ ਉਸ ਨੂੰ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸੈਣ ਜੀ ਆਦਿਕ ਭਗਤਾਂ ਵਾਂਗ ਪ੍ਰਤੱਖ ਗੁਸਾਈਂ ਦੀ ਪ੍ਰਾਪਤੀ ਹੋ ਗਈ। ਸੋ ਸਪੱਸ਼ਟ ਸ਼ਬਦਾਂ ਵਿਚ ਸਾਡੇ ਉਸ ਸਵਾਲ ਦਾ ਜਵਾਬ ਸਾਨੂੰ ਮਿਲ ਜਾਂਦਾ ਹੈ ਕਿ ਉਹ ਵਿਧੀ ਜੋ ਭਗਤ ਧੰਨਾ ਜੀ ਨੇ ਅਪਣਾਈ ‘ਨਾਮ ਜਪਣ’ ਦੀ ਵਿਧੀ ਸੀ। ਭਗਤ ਧੰਨਾ ਜੀ ਜੋ ਰਾਜਸਥਾਨ ਦੇ ਟਾਂਕ ਜ਼ਿਲ੍ਹੇ ਦੇ ਪਿੰਡ ਧੂਆਨ (ਜੋ ਦੇਉਲੀ ਤੋਂ 20 ਮੀਲ ਹੈ) ਦੇ ਜੱਟ ਜ਼ਿਮੀਂਦਾਰ ਪਰਵਾਰ ਨਾਲ ਸੰਬੰਧਿਤ ਸਨ ਤੇ ਉਨ੍ਹਾਂ ਦਾ ਜਨਮ 1415 ਈ. ਵਿਚ ਹੋਇਆ।2 ਆਪ ਬਚਪਨ ਤੋਂ ਹੀ ਸਾਦੇ ਸੁਭਾਅ ਤੇ ਧਾਰਮਿਕ ਬਿਰਤੀ ਦੇ ਧਾਰਨੀ ਸਨ।
ਭਗਤ ਧੰਨਾ ਜੀ ਦੇ ਤਿੰਨ ਸ਼ਬਦ ਜਿਨ੍ਹਾਂ ਵਿੱਚੋਂ ਦੋ ਆਸਾ ਰਾਗ3 ਵਿਚ ਅਤੇ ਇਕ ਧਨਾਸਰੀ ਰਾਗ4 ਵਿਚ ਦਰਜ ਹੈ, ਭਗਤ ਜੀ ਦੇ ਨਿਰਗੁਣ ਭਗਤੀ ਵਿਚਾਰਧਾਰਾ ਨਾਲ ਸੰਬੰਧਿਤ ਹੋਣ ਦਾ ਪ੍ਰਤੱਖ ਪ੍ਰਮਾਣ ਹਨ। ਭਗਤ ਜੀ ਨੇ ਪਰਮਾਤਮਾ ਵਾਸਤੇ ਦਿਆਲ, ਦਮੋਦਰ, ਕਰਤਾ, ਖਸਮ, ਪੂਰਨ, ਪਰਮਾਨੰਦ, ਮਨੋਹਰ (ਸੁੰਦਰ), ਪਰਮ ਪੁਰਖ, ਪ੍ਰਭੂ, ਅਛਲ ਅਤੇ ਗੋਪਾਲ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ। ਗੁਰੂ ਜੀ ਦੀ ਮਹਿਮਾ ਵੀ ਭਗਤ ਜੀ ਨੇ ਆਪਣੀ ਬਾਣੀ ਵਿਚ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ (ਪ੍ਰਵੇਸ਼ ਰੂਪ) ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇਕਮਿਕ ਹੋ ਗਿਆ। ਇਹ ਇਕਮਿਕਤਾ ਜੋ ਪ੍ਰਭੂ ਨਾਲ ਹੋਈ ਹੈ, ਉਸ ਦਾ ਕਾਰਨ ਗੁਰੂ ਹੈ ਤੇ ਗੁਰੂ ਹੀ ਉਹ ਹਸਤੀ ਹੈ ਜਿਸ ਰਾਹੀਂ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ।
ਭਗਤ ਜੀ ਕਥਨ ਕਰਦੇ ਹਨ ਕਿ ਗੁਰੂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ ਅਤੇ ਨਾਮ ਤੋਂ ਹੀਣਾ ਮਨੁੱਖ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਤਰ੍ਹਾਂ ਨਾਮ ਤੋਂ ਬਿਨਾਂ ਇਕ ਨਹੀਂ ਅਨੇਕਾਂ ਜੀਵਨ ਅਜਾਈਂ ਬਤੀਤ ਹੋ ਗਏ। ਤਨ ਅਤੇ ਮਨ ਨੂੰ ਟਿਕਾਅ ਨਹੀਂ ਮਿਲਿਆ। ਧਨ ਦਾ ਲਾਲਚ ਭਾਰੂ ਰਿਹਾ। ਲੋਭੀ ਜੀਵ ਪਦਾਰਥਾਂ ਦੇ ਲਾਲਚ ਵਿਚ ਅਤੇ ਕਾਮੀ ਕਾਮ-ਵਾਸ਼ਨਾ ਵਿਚ ਰੰਗਿਆ ਹੋਣ ਕਰਕੇ ਅਮੋਲਕ ਪ੍ਰਭੂ ਨੂੰ ਮਨੋ ਵਿਸਾਰ ਦਿੰਦਾ ਹੈ। ਉਸ ਨੂੰ ਵਿਸ਼ੇ-ਵਿਕਾਰਾਂ ਦੇ ਫਲ ਮਿੱਠੇ ਲੱਗਦੇ ਹਨ ਅਤੇ ਸਦਗੁਣਾਂ ਦੀ ਸੋਝੀ ਨਹੀਂ ਆਉਂਦੀ। ਸੰਸਾਰਿਕ ਪਦਾਰਥਾਂ ਵਿਚ ਖਚਿਤ ਹੋਣ ਸਦਕਾ ਇਸ ਦੇ ਆਵਾਗਵਣ ਦਾ ਤਾਣਾ ਤਣਿਆ ਜਾਂਦਾ ਹੈ। ਇਹ ਨਾ ਜੀਵਨ ਦੀ ਜੁਗਤ ਸਮਝਦਾ ਹੈ ਅਤੇ ਤ੍ਰਿਸ਼ਨਾ ਵਿਚ ਸੜਦੇ ਦੇ ਗਲ਼ ਜਮਾਂ ਦੀ ਫਾਸੀ ਆ ਪੈਂਦੀ ਹੈ। ਜਦੋਂ ਗੁਰੂ ਰਾਹੀਂ ਗਿਆਨ ਰੂਪੀ ਧਨ ਪ੍ਰਾਪਤ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦੀ ਭਗਤੀ ਚੰਗੀ ਲੱਗਦੀ ਹੈ। ਮਨ ਮਾਇਆ ਵੱਲੋਂ ਰੱਜ ਜਾਂਦਾ ਹੈ, ਸੱਚੇ ਸੁਖ ਦੀ ਸਮਝ ਆ ਕੇ ਅਨੰਦ ਨਾਲ ਸਾਂਝ ਬਣ ਜਾਂਦੀ ਹੈ ਅਤੇ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਪ੍ਰਭੂ ਦੀ ਸਰਬ-ਵਿਆਪਕ ਜੋਤਿ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ ਅਤੇ ਉਹੀ ਜੀਵ ਹੁਣ ਅਛਲ ਪ੍ਰਭੂ ਨੂੰ ਪਛਾਣਨ ਲੱਗਦਾ ਹੈ। ਭਗਤ ਜੀ ਫ਼ੁਰਮਾਉਂਦੇ ਹਨ ਕਿ ਮੈਂ ਵੀ ਉਸ ਪ੍ਰਭੂ ਦਾ ਨਾਮ-ਰੂਪੀ ਧਨ ਲੱਭ ਲਿਆ ਹੈ, ਜੋ ਸਾਰੀ ਧਰਤੀ ਦਾ ਆਸਰਾ ਹੈ ਅਤੇ ਸੰਤ-ਜਨਾਂ ਨਾਲ ਮਿਲ ਕੇ ਇਸ ਨਾਮ-ਧਨ ਦੀ ਕਮਾਈ ਕਰਨ ਸਦਕਾ ਮੈਂ ਪ੍ਰਭੂ ਵਿਚ ਲੀਨ ਹੋਇਆ ਹਾਂ।
ਇਸ ਸ਼ਬਦ ਵਿਚ ਭਗਤ ਜੀ ਵੱਲੋਂ ਪਰਮਾਤਮਾ, ਗੁਰੂ, ਨਾਮ, ਸੰਤ-ਜਨ ਆਦਿ ਸ਼ਬਦ ਵਰਤ ਕੇ ਇਹ ਪ੍ਰਮਾਣ ਦਿੱਤਾ ਹੈ ਕਿ ਉਹ ਕਿਸੇ ਮੂਰਤੀ ਦੇ ਉਪਾਸ਼ਕ ਨਹੀਂ। ਉਨ੍ਹਾਂ ਦਾ ਇਸ਼ਟ ਤਾਂ ਨਾਮ ਦਾ ਦਾਤਾ, ਸਤਿਗੁਰੂ ਪਰਮਾਤਮਾ ਹੈ ਜਿਸ ਦੀ ਪ੍ਰਾਪਤੀ ਸੰਤ-ਜਨਾਂ ਦੀ ਸੰਗਤਿ ਵਿੱਚੋਂ ਹੀ ਹੁੰਦੀ ਹੈ।
ਦੂਜੇ ਸ਼ਬਦ ਰਾਹੀਂ ਵੀ ਭਗਤ ਜੀ ਉਸ ਨਿਰਗੁਣ ਅਤੇ ਸਰਗੁਣ ਪ੍ਰਭੂ ਦੀ ਅਪਰੰਪਾਰ ਅਤੇ ਸਰਬ-ਵਿਆਪਕ ਸ਼ਕਤੀ ਦੀ ਵਿਚਾਰ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਹੇ ਮਨ! ਤੂੰ ਕਿਸੇ ਹੋਰ ’ਤੇ ਆਸ ਨਾ ਟਿਕਾ। ਜੋ ਕੁਝ ਵੀ ਸਾਰੀ ਸ੍ਰਿਸ਼ਟੀ ’ਤੇ ਹੋ ਰਿਹਾ ਹੈ, ਸਾਰਾ ਕੁਝ ਉਸ ਕਰਤਾਰ ਦਾ ਹੀ ਕੀਤਾ ਹੁੰਦਾ ਹੈ। ਉਹ ਤਾਂ ਐਸਾ ਖਸਮ ਹੈ ਜੋ ਮਾਂ ਦੇ ਪੇਟ ਦੀ ਅੱਗ ਵਿਚ ਵੀ ਸਾਡੇ ਦਸ ਸ੍ਰੋਤਾਂ (ਦਰਵਾਜ਼ਿਆਂ) ਵਾਲੇ ਸਰੀਰ ਨੂੰ ਖ਼ੁਰਾਕ ਦੇ ਕੇ ਪਾਲਦਾ ਹੈ। ਕੇਵਲ ਮਨੁੱਖ ਨੂੰ ਹੀ ਨਹੀਂ ਸਗੋਂ ਕੱਛੂ-ਕੁੰਮੀ ਦੇ ਬੱਚਿਆਂ ਨੂੰ ਵੀ ਬਿਨਾਂ ਖੰਭਾਂ ਅਤੇ ਦੁੱਧ ਤੋਂ ਬਚਾ ਕੇ ਰੱਖਦਾ ਹੈ। ਉਨ੍ਹਾਂ ਦੀ ਪਾਲਣਾ ਕਰਦਾ ਹੈ। ਉਹ ਪੱਥਰਾਂ ਵਿਚ ਲੁਕੇ ਕੀੜਿਆਂ ਨੂੰ ਵੀ ਪਾਲਦਾ ਹੈ। ਪੱਥਰਾਂ ਵਿਚ ਆਹਾਰ ਪਹੁੰਚਾਉਣ ਦਾ ਕੋਈ ਰਸਤਾ ਵੀ ਨਹੀਂ ਹੁੰਦਾ, ਫਿਰ ਵੀ ਪੱਥਰਾਂ ਵਿਚਲੇ ਜੀਵਾਂ ਦੀ ਪਾਲਣਾ ਸਹਿਜ ਹੀ ਹੋਈ ਜਾਂਦੀ ਹੈ। ਸ਼ਬਦ ਦੇ ਅੰਤ ਵਿਚ ਭਗਤ ਜੀ ਕਹਿੰਦੇ ਹਨ ਕਿ ਉਹ ਪੂਰਨ ਪ੍ਰਭੂ ਹੈ ਜੋ ਸਭ ਦੀ ਪਾਲਣਾ ਕਰਦਾ ਹੈ। ਇਸ ਲਈ ਹੇ ਜਿੰਦੇ! ਤੂੰ ਕਿਉਂ ਡਰਦੀ ਹੈਂ? ਤੇਰੀ ਪਾਲਣਾ ਵੀ ਉਹ ਆਪ ਹੀ ਕਰੇਗਾ। ਇਸ ਸ਼ਬਦ ਰਾਹੀਂ ਵੀ ਭਗਤ ਧੰਨਾ ਜੀ ਦਾ ਨਿਰਗੁਣ ਪ੍ਰਭੂ-ਭਗਤੀ ਦਾ ਧਾਰਨੀ ਹੋਣ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ।
ਧਨਾਸਰੀ ਰਾਗ ਵਿਚ ਭਗਤ ਜੀ ਅਕਾਲ ਪੁਰਖ ਨੂੰ ਗੋਪਾਲ ਦੇ ਨਾਂ ਨਾਲ ਸੰਬੋਧਿਤ ਕਰ ਕੇ ਆਪਣੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਹਿਤ ਅਰਦਾਸ ਕਰਦੇ ਹਨ। ਭਗਤ ਜੀ ਕਹਿੰਦੇ ਹਨ ਕਿ ਹੇ ਪ੍ਰਿਥਵੀ ਦੇ ਮਾਲਕ ਪ੍ਰਭੂ! ਜਿਵੇਂ ਤੁਸੀਂ ਆਪਣੇ ਭਗਤਾਂ ਦੇ ਕਾਰਜ ਸਿਰੇ ਚਾੜ੍ਹਦੇ ਹੋ ਭਾਵ ਜੋ ਤੇਰੀ ਭਗਤੀ ਕਰਦੇ ਹਨ ਤੂੰ ਉਨ੍ਹਾਂ ਦੇ ਕਾਰਜ ਸੰਵਾਰਦੇ ਹੋ, ਉਸੇ ਤਰ੍ਹਾਂ ਮੇਰੀ ਵੀ ਅਰਦਾਸ ਸੁਣੋ। ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੀਆਂ ਜੀਵਨ ਲੋੜਾਂ ਪੂਰੀਆਂ ਕਰੋ। ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦਾਲ, ਆਟਾ, ਘਿਉ, ਜੁੱਤੀ, ਕੱਪੜੇ ਤੇ ਵਧੀਆ ਅਨਾਜ ਦੀ ਮੰਗ ਭਗਤ ਜੀ ਪ੍ਰਭੂ ਤੋਂ ਕਰਦੇ ਹਨ। ਦੁੱਧ ਦੀ ਪੂਰਤੀ ਲਈ ਦੁੱਧ ਦੇਣ ਵਾਲੀ (ਲਵੇਰੀ) ਗਾਂ ਤੇ ਮੱਝ ਵੀ ਮੰਗਦੇ ਹਨ। ਸਵਾਰੀ ਕਰਨ ਵਾਸਤੇ ਇਕ ਵਧੀਆ ਅਰਬੀ ਘੋੜੀ ਮੰਗਦੇ ਹੋਏ ਅੰਤ ਵਿਚ ਇਕ ਬਤੀਹ ਸੁਲਖਣੀ ਇਸਤਰੀ ਦੀ ਵੀ ਮੰਗ ਪ੍ਰਭੂ ਦੇ ਚਰਨਾਂ ਵਿਚ ਰੱਖਦੇ ਹਨ ਤੇ ਨਾਲ ਹੀ ਇਹ ਕਹਿੰਦੇ ਹਨ ਕਿ ਮੈਂ ਸਭ ਕੁਝ ਤੇਰੇ ਤੋਂ ਹੀ ਮੰਗ ਕੇ ਲੈ ਰਿਹਾ ਹਾਂ।
ਇਸ ਸ਼ਬਦ ਵਿਚ ਭਗਤ ਜੀ ਦੇ ਸਿੱਧੇ-ਸਾਦੇ ਸੁਭਾਅ ਦੇ ਦਰਸ਼ਨ ਹੁੰਦੇ ਹਨ। ਭਗਤ ਜੀ ਨੇ ਪ੍ਰਭੂ ਕੋਲੋਂ ਰੋਜ਼ਾਨਾ ਜੀਵਨ ਲਈ ਲੋੜੀਂਦੀਆਂ ਵਸਤਾਂ ਦੀ ਮੰਗ ਕਰ ਕੇ ਪ੍ਰਭੂ ਦੀ ਵੱਖਰੀ ਤਰ੍ਹਾਂ ਨਾਲ ਆਰਾਧਨਾ ਕੀਤੀ ਹੈ। ਇਹ ਸ਼ਬਦ ਵੀ ਸਪੱਸ਼ਟ ਕਰਦਾ ਹੈ ਕਿ ਭਗਤ ਜੀ ਅਕਾਲ ਪੁਰਖ ਤੋਂ ਹੀ ਸਭ ਕੁਝ ਪ੍ਰਾਪਤ ਕਰਨ ਲਈ ਅਰਦਾਸ ਕਰ ਰਹੇ ਹਨ।
ਗੁਰੂ ਸਾਹਿਬਾਨ ਨੇ ਵੀ ਭਗਤ ਧੰਨਾ ਜੀ ਦੇ ਨਿਰਗੁਣ ਵਿਚਾਰਧਾਰਾ ਨਾਲ ਸੰਬੰਧਿਤ ਹੋਣ ਦੀ ਪ੍ਰੋੜ੍ਹਤਾ ਆਪਣੀ ਬਾਣੀ ਵਿਚ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਜੀ, ਭਗਤ ਜੀ ਦੀ ਅਕਾਲ ਪੁਰਖ ਪ੍ਰਤੀ ਦ੍ਰਿੜ੍ਹ ਭਾਵਨਾ ਦਾ ਪ੍ਰਗਟਾਉ ਕਰਦੇ ਫ਼ਰਮਾਨ ਕਰਦੇ ਹਨ ਕਿ ‘ਅਕਾਲ ਪੁਰਖ ਦਾ ਨਾਮ ਜਪਦਿਆਂ ਜਿਵੇਂ ਭਗਤ ਬਾਲਮੀਕ ਬਟਵਾਰੇ ਨੇ ਆਦਰਸ਼ ਦੀ ਪ੍ਰਾਪਤੀ ਕਰ ਲਈ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਵੀ ਨਾਮ ਜਪ ਕੇ ਇਸ ਭਵਸਾਗਰ ਨੂੰ ਪਾਰ ਕਰ ਲਿਆ।5 ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਵਿਚ ਉਚਾਰਨ ਕੀਤੇ ਸ਼ਬਦ ਵਿਚ ਵੀ ਭਗਤ ਧੰਨਾ ਜੀ ਦੇ ਪ੍ਰਭੂ ਪ੍ਰਤੀ ਪਿਆਰ ਦੀ ਪ੍ਰੋੜ੍ਹਤਾ ਕਰਦੇ ਫ਼ਰਮਾਨ ਕਰਦੇ ਹਨ ਕਿ ਪ੍ਰਭੂ ਪ੍ਰੇਮ ਦੀਆਂ ਸਾਖੀਆਂ ਸੁਣਨ ਕਰਕੇ ਭਗਤ ਧੰਨਾ ਜੀ ਨੇ ਵੀ ਬਾਲ- ਬੁੱਧੀ ਭਾਵ ਭੋਲੇ-ਭਾਅ ਨਾਲ ਪ੍ਰਭੂ ਦਾ ਨਾਮ ਸਿਮਰਿਆ ਤੇ ਸਰਬ-ਸਿੱਧ ਨੂੰ ਪ੍ਰਾਪਤ ਕਰ ਲਿਆ।’6
ਸੋ ਭਗਤ ਧੰਨਾ ਜੀ ਦੀ ਬਾਣੀ ਦੀ ਵਿਚਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਇੱਕ ਅਕਾਲ ਪੁਰਖ ਦੇ ਨਾਮ ਨੂੰ ਧਿਆਉਣ ਵਾਲੇ ਸਨ। ਨਿਰਗੁਣ ਪ੍ਰਭੂ ਦੇ ਉਪਾਸ਼ਕ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਭਗਤ ਜੀ ਨੂੰ ‘ਗੁਰਮੁਖਿ ਪਾਰਿ ਪਇਆ’ ਕਹਿ ਕੇ ਸਨਮਾਨਿਆ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਉਨ੍ਹਾਂ ਦੇ ਭੋਲੇਪਨ ਦੀ ਵਡਿਆਈ ਆਪਣੀ ਬਾਣੀ ਵਿਚ ਕਰਦੇ ਹਨ। ਸੋ ਸਪੱਸ਼ਟ ਹੈ ਕਿ ਭਗਤ ਜੀ ਨੇ ਇਸ ਭਵ-ਸਾਗਰ ਨੂੰ ਪਾਰ ਕਰਨ ਲਈ ਨਾਮ ਜਪਣ ਦੀ ਵਿਧੀ ਨੂੰ ਅਪਣਾ ਕੇ ਹੀ ਪ੍ਰਭੂ-ਪ੍ਰਾਪਤੀ ਕੀਤੀ ਹੈ ਅਤੇ ਆਪਣਾ ਜੀਵਨ ਸਫਲ ਬਣਾਇਆ ਹੈ।
ਹਵਾਲੇ :
1. ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 487 (ਮਹਲਾ 5, ਆਸਾ ਬਾਣੀ ਭਗਤ ਧੰਨਾ ਜੀ ਕੀ)।
2. ਮਹਾਨ ਕੋਸ਼, ਪੰਨਾ 673.
3. ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 487 (ਆਸਾ ਬਾਣੀ ਭਗਤ ਧੰਨਾ ਜੀ ਕੀ)।
4. ਉਹੀ, ਪੰਨਾ 488.
5. ਉਹੀ, ਪੰਨਾ 995 (ਮਾਰੂ ਮਹਲਾ 4)।
6. ਉਹੀ, ਪੰਨਾ 1192 (ਬਸੰਤ ਮਹਲਾ 5, ਘਰੁ 1, ਦੁਤੁਕੀਆ)।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ