editor@sikharchives.org

ਭਗਤ ਕਬੀਰ ਜੀ ਦੀ ਮਹਾਨਤਾ

ਕਬੀਰ ਸਾਹਿਬ ਦਾ ਗਿਆਨ ਏਨਾ ਪ੍ਰਚੰਡ ਸੀ ਕਿ ਉਨ੍ਹਾਂ ਦੇ ਸਾਹਮਣੇ ਸਾਰੇ ਝੂਠੇ ਵਿਸ਼ਵਾਸ ਤੇ ਭਰਮ ਠਹਿਰ ਨਹੀਂ ਸਕੇ। ਉਨ੍ਹਾਂ ਦਾ ਗਿਆਨ ਇਕ ਵੱਡਾ ਇਨਕਲਾਬੀ ਗਿਆਨ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਭਗਤਾਂ ਨੇ ਆਪਣੀ ਬਾਣੀ ਰਾਹੀਂ ਭਾਰਤੀ ਫ਼ਲਸਫ਼ੇ ਨੂੰ ਇਕ ਨਵਾਂ ਰੰਗ ਦੇਣ ਦਾ ਯਤਨ ਕੀਤਾ ਹੈ। ਇਹ ਨਵਾਂ ਰੰਗ ਸੀ ਰੱਬੀ ਸਾਂਝ ਤੇ ਮਨੁੱਖੀ ਏਕਤਾ ਦਾ। ਬਹੁਤੇ ਭਗਤ ਅਖੌਤੀ ਨੀਵੀਆਂ ਸ਼੍ਰੇਣੀਆਂ ਵਿੱਚੋਂ ਆਏ ਸਨ। ਉਨ੍ਹਾਂ ਨੇ ਆਪਣੀ ਭਗਤੀ- ਸਾਧਨਾ ਤੇ ਅਨੁਭਵ ਦੀ ਵਿਸ਼ਾਲਤਾ ਨਾਲ ਬ੍ਰਾਹਮਣ ਵਰਗ ਦਾ ਇਹ ਭਰਮ ਦੂਰ ਕਰ ਦਿੱਤਾ ਸੀ ਕਿ ਰੱਬ ਦਾ ਗਿਆਨ ਸਿਰਫ਼ ਬ੍ਰਾਹਮਣ ਦੇ ਮਨ ਵਿਚ ਹੀ ਉਪਜ ਸਕਦਾ ਹੈ ਤੇ ਅਖੌਤੀ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਰੱਬੀ ਗਿਆਨ ਦੀ ਪ੍ਰਾਪਤੀ ਹੋਣੀ ਅਸੰਭਵ ਹੈ। ਭਗਤ ਕਬੀਰ ਜੀ ਤੋਂ ਪਹਿਲਾਂ ਭਗਤ ਰਵਿਦਾਸ ਜੀ ਨੇ ਇਸ ਵਿਚਾਰਧਾਰਾ ਦਾ ਆਰੰਭ ਕਰ ਦਿੱਤਾ ਸੀ। ਭਗਤ ਕਬੀਰ ਜੀ ਨੇ ਇਸ ਵਿਚ ਹੋਰ ਤੀਖਣਤਾ, ਸਪੱਸ਼ਟਤਾ ਤੇ ਵਿਸ਼ਾਲਤਾ ਦਾ ਸੰਚਾਰ ਕੀਤਾ।

ਭਗਤ ਕਬੀਰ ਜੀ ਦਾ ਜਨਮ 1398 ਈ. ਵਿਚ ਬਨਾਰਸ ਵਿਖੇ ਹੋਇਆ। ਬਨਾਰਸ ਸਦੀਆਂ ਤੋਂ ਹੀ ਬ੍ਰਾਹਮਣਵਾਦ ਦਾ ਗੜ੍ਹ ਰਿਹਾ ਹੈ। ਇਥੇ ਜਾਤ-ਪਾਤ ਦੀ ਭਾਵਨਾ ਅਤੇ ਹੋਰ ਬ੍ਰਾਹਮਣੀ ਰਸਮਾਂ ਦਾ ਬੜਾ ਜ਼ੋਰ ਸੀ। ਇਥੇ ਪਰਮਾਤਮਾ ਨੂੰ ਮੂਰਤੀਆਂ ਦੇ ਰੂਪ ਵਿਚ ਪੂਜਿਆ ਜਾਂਦਾ ਸੀ। ਇਹ ਰੱਬ ਦਾ ਰੂਪ ਸਿਰਫ਼ ਹਿੰਦੂ ਉੱਚ-ਜਾਤੀਆਂ ਤਕ ਹੀ ਸੀਮਤ ਸੀ। ਮੁਸਲਮਾਨਾਂ ਅਤੇ ਅਛੂਤਾਂ ਨੂੰ ਰੱਬ ਤੋਂ ਦੂਰ ਤੇ ਬੁਰੇ ਸਮਝਿਆ ਜਾਂਦਾ ਸੀ। ਇਸਲਾਮ ਵਾਲੇ ਹਿੰਦੂਆਂ ਨੂੰ ਕਾਫ਼ਰ ਸਮਝਦੇ ਸਨ। ਭਗਤ ਕਬੀਰ ਜੀ ਦਾ ਅਨੁਭਵ ਬ੍ਰਾਹਮਣ ਸੋਚ ਤੋਂ ਕਿਤੇ ਵਿਸ਼ਾਲ ਤੇ ਡੂੰਘਾ ਸੀ। ਉਹ ਅੱਲ੍ਹਾ ਤੇ ਰਾਮ ਵਿਚ ਕੋਈ ਅੰਤਰ ਨਹੀਂ ਕਰਦੇ ਸਨ। ਉਨ੍ਹਾਂ ਦਾ ਪਰਮਾਤਮਾ ਮੰਦਰਾਂ ਵਿਚ ਨਹੀਂ ਸਗੋਂ ਸਾਰੀ ਲੋਕਾਈ ਵਿਚ ਵੱਸਦਾ ਵਿਖਾਈ ਦਿੰਦਾ ਸੀ।ਉਸ ਪਰਮਾਤਮਾ ਨੇ ਜੋਤ ਰੂਪ ਹੋ ਕੇ ਸਭ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਇਸ ਲਈ ਉਸ ਨੂੰ ਸਾਰੇ ਮਨੁੱਖ ਬਰਾਬਰ ਹਨ, ਇਨ੍ਹਾਂ ਵਿਚ ਕੋਈ ਅੰਤਰ ਨਹੀਂ ਹੈ। ਪਰਮਾਤਮਾ ਦਾ ਇਹ ਰੂਪ ਬ੍ਰਾਹਮਣ ਵਰਗ ਤੇ ਇਸਲਾਮ ਦੇ ਪੂਜਾ-ਵਿਧਾਨ ਅਤੇ ਕਰਮ-ਕਾਂਡ ਦੇ ਤੰਗ ਦਾਇਰੇ ਦੇ ਟਾਕਰੇ ’ਤੇ ਵਿਸ਼ਾਲ ਅਤੇ ਵਿਆਪਕ ਸੀ। ਭਗਤ ਕਬੀਰ ਜੀ ਦੇ ਇਸ ਸ਼ਬਦ ਵਿੱਚੋਂ ਅੰਤਮ ਸੱਚ ਸਪੱਸ਼ਟ ਰੂਪ ਵਿਚ ਉਜਾਗਰ ਹੁੰਦਾ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥1॥ਰਹਾਉ॥ (ਪੰਨਾ 1349-50)

ਬ੍ਰਾਹਮਣਵਾਦ ਪਰਮਾਤਮਾ ਨੂੰ ਅਮਲੀ ਤੌਰ ’ਤੇ ਮਨੁੱਖ ਦੀ ਮੂਰਤੀ ਦੇ ਰੂਪ ਵਿਚ ਹੀ ਵੇਖਦਾ ਆਇਆ ਹੈ। ਇਸ ਧਾਰਨਾ ਨੇ ਭਾਰਤੀ ਸੋਚ ਨੂੰ ਸੀਮਤ ਹੀ ਰੱਖਿਆ ਹੈ। ਇਸੇ ਸੰਕੁਚਿਤ ਆਧਾਰ ਕਾਰਨ ਹੀ ਭਾਰਤੀ ਕਿਰਦਾਰ ਵਿਚ ਹਿਰਦੇ ਦੀ ਵਿਸ਼ਾਲਤਾ ਤੇ ਭਾਈਚਾਰੇ ਦੀ ਭਾਵਨਾ ਦੀ ਸਦਾ ਅਣਹੋਂਦ ਹੀ ਰਹੀ ਹੈ। ਇਸਲਾਮ ਨੇ ਇਥੇ ਰਾਜ ਸਥਾਪਤ ਕਰ ਕੇ ਦੋ ਸਦੀਆਂ ਵਿਚ ਹੀ ਲੋਕਾਂ ਨੂੰ ਵੱਡੀ ਗਿਣਤੀ ਵਿਚ ਮੁਸਲਮਾਨ ਬਣਾਇਆ ਸੀ, ਪਰ ਸਨਾਤਨ ਧਰਮ ਦੀ ਮਰਯਾਦਾ ਕਰਮ-ਕਾਂਡ ਦੀ ਭਰਮ-ਰੇਖਾ ਵਿਚ ਹੀ ਸੁੰਗੜੀ ਬੈਠੀ ਸੀ। ਭਗਤ ਕਬੀਰ ਜੀ ਬ੍ਰਾਹਮਣਾਂ ਦੇ ਕਾਇਮ ਕੀਤੇ ਭਰਮ ਨੂੰ ਤੋੜ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਮੂਰਤੀ ਪੂਜਾ ਦਾ ਖੰਡਨ ਕੀਤਾ। ਬਨਾਰਸ ਵਿਚ ਬਹਿ ਕੇ ਮੂਰਤੀ ਪੂਜਾ ਦਾ ਵਿਰੋਧ ਕਰਨਾ ਅਤੇ ਭਗਵਾਨ ਦੀ ਮੂਰਤੀ ਨੂੰ ਪੱਥਰ ਕਹਿ ਦੇਣਾ ਇਕ ਵੱਡੀ ਦਲੇਰੀ ਦਾ ਕਦਮ ਸੀ। ਉਨ੍ਹਾਂ ਨੇ ਇਸ ਵਿਚਾਰ ਨੂੰ ਬਹੁਤ ਸੁੰਦਰ ਤੇ ਰਸੀਲੇ ਢੰਗ ਨਾਲ ਬਿਆਨਿਆ ਹੈ। ਮੂਰਤੀ ਪੂਜਾ ਲਈ ਫੁੱਲ-ਪੱਤੀਆਂ ਤੋੜਦੀ ਮਾਲਣੀ ਨੂੰ ਸੰਬੋਧਨ ਕਰ ਕੇ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥1॥
ਭੂਲੀ ਮਾਲਨੀ ਹੈ ਏਉ॥
ਸਤਿਗੁਰੁ ਜਾਗਤਾ ਹੈ ਦੇਉ ॥1॥ਰਹਾਉ॥
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ॥
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥2॥
ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥3॥
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ॥
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ॥4॥
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ॥
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ॥5॥1॥14॥ (ਪੰਨਾ 479)

ਕਬੀਰ ਸਾਹਿਬ ਨੇ ਨਿਰਗੁਣ ਬ੍ਰਹਮ ਦਾ ਪ੍ਰਚਾਰ ਕੀਤਾ ਹੈ। ਜਦੋਂ ਤੁਲਸੀ ਦਾਸ ਵਰਗੇ ਕਵੀ ਰਾਮ-ਭਗਤੀ ਦਾ ਪ੍ਰਚਾਰ ਕਰ ਰਹੇ ਸਨ ਉਸ ਵੇਲੇ ਭਗਤ ਕਬੀਰ ਜੀ ਨੇ ਨਿਰਗੁਣ ਬ੍ਰਹਮ ਦੀ ਭਗਤੀ ਕੀਤੀ ਸੀ। ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਅਵਤਾਰ ਪਰਮਾਤਮਾ ਦਾ ਹੀ ਰੂਪ ਹਨ। ਪਾਰਬ੍ਰਹਮ ਮਨੁੱਖ ਰੂਪ ਧਾਰਨ ਕਰਦਾ ਹੈ; ਕਿਸੇ ਦੇ ਘਰ ਜਨਮ ਲੈਂਦਾ ਹੈ। ਕਬੀਰ ਸਾਹਿਬ ਨੇ ਅਵਤਾਰਵਾਦ ਦੇ ਇਸ ਸਿਧਾਂਤ ਨੂੰ ਗ਼ਲਤ ਕਿਹਾ ਹੈ। ਉਨ੍ਹਾਂ ਨੇ ਪਰਮਾਤਮਾ ਉਸੇ ਸ਼ਕਤੀ ਨੂੰ ਮੰਨਿਆ ਹੈ ਜੋ ਜੂਨੀ ਵਿਚ ਨਹੀਂ ਆਉਂਦਾ ਅਤੇ ਜਿਸ ਦਾ ਕੋਈ ਮਾਂ-ਬਾਪ ਨਹੀਂ ਹੈ:

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ॥2॥19॥70॥ (ਪੰਨਾ 339)

ਕਬੀਰ ਸਾਹਿਬ ਦਾ ਗਿਆਨ ਏਨਾ ਪ੍ਰਚੰਡ ਸੀ ਕਿ ਉਨ੍ਹਾਂ ਦੇ ਸਾਹਮਣੇ ਸਾਰੇ ਝੂਠੇ ਵਿਸ਼ਵਾਸ ਤੇ ਭਰਮ ਠਹਿਰ ਨਹੀਂ ਸਕੇ। ਉਨ੍ਹਾਂ ਦਾ ਗਿਆਨ ਇਕ ਵੱਡਾ ਇਨਕਲਾਬੀ ਗਿਆਨ ਸੀ। ਇਹ ਇਕ ਹਨੇਰੀ ਵਾਂਗ ਸੀ ਜਿਸ ਨੇ ਸਾਰੀਆਂ ਪੁਰਾਤਨ ਰਹੁ-ਰੀਤਾਂ, ਪੂਜਾ ਅਰਚਨਾ ਦੀਆਂ ਵਿਧੀਆਂ ਨੂੰ ਰੱਦ ਕਰ ਦਿੱਤਾ ਸੀ। ਆਪ ਫ਼ੁਰਮਾਉਂਦੇ ਹਨ:

ਦੇਖੌ ਭਾਈ ਗ੍ਹਾਨ ਕੀ ਆਈ ਆਂਧੀ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥1॥ਰਹਾਉ॥ (ਪੰਨਾ 331)

ਉਨ੍ਹਾਂ ਨੂੰ ਸੱਚ ਦਾ ਪ੍ਰਤੱਖ ਗਿਆਨ ਸੀ। ਉਨ੍ਹਾਂ ਦੇ ਸਭ ਸ਼ੰਕੇ ਦੂਰ ਹੋ ਚੁਕੇ ਸਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਬ੍ਰਾਹਮਣ, ਕਾਜ਼ੀ ਤੇ ਜੋਗੀ ਕੂੜ ਦਾ ਪ੍ਰਚਾਰ ਕਰ ਰਹੇ ਹਨ ਤੇ ਲੋਕਾਂ ਨੂੰ ਭੁਲੇਖਿਆਂ ਵਿਚ ਪਾ ਕੇ ਲੁੱਟ-ਖਸੁੱਟ ਕਰ ਰਹੇ ਹਨ, ਲੋਕਾਂ ’ਤੇ ਜ਼ੁਲਮ ਕਰ ਰਹੇ ਹਨ। ਕਬੀਰ ਸਾਹਿਬ ਨੇ ਸੱਚ ਦਾ ਢੰਡੋਰਾ ਦਿੱਤਾ ਅਤੇ ਇਨ੍ਹਾਂ ਤਿੰਨਾਂ ਵਰਗਾਂ ਦੇ ਝੂਠ ਦਾ ਪਾਜ ਉਘਾੜਿਆ ਹੈ। ਉਨ੍ਹਾਂ ਨੇ ਬ੍ਰਾਹਮਣ ਨੂੰ ਕਿਹਾ ਕਿ ਜਿਸ ਜਨੇਊ ਦਾ ਤੂੰ ਮਾਣ ਕਰਦਾ ਹੈਂ ਇਹੋ ਜਿਹੇ ਧਾਗੇ ਸਾਡੇ ਘਰ ਬਹੁਤ ਹਨ, ਕਿਉਂਕਿ ਉਨ੍ਹਾਂ ਦੇ ਮਾਂ-ਬਾਪ ਜੁਲਾਹੇ ਸਨ ਤੇ ਕੱਪੜਾ ਬੁਣਨ ਦਾ ਕੰਮ ਕਰਦੇ ਸਨ:

ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ॥
ਤੁਮ੍‍ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ॥1॥ (ਪੰਨਾ 482)

ਉਨ੍ਹਾਂ ਨੇ ਮੁਸਲਮਾਨ ਕਾਜ਼ੀ ਨੂੰ ਵੀ ਕਿਹਾ ਕਿ ਉਸ ਪਰਮਾਤਮਾ ਦਾ ਧਿਆਨ ਧਰ, ਜਿਸ ਨੇ ਹਿੰਦੂ ਮੁਸਲਮਾਨ ਦੋਵੇਂ ਬਣਾਏ ਹਨ, ਜੋ ਦੋਵਾਂ ਦਾ ਸਾਂਝਾ ਹੈ। ਜਿਹੜੇ ਪਰਮਾਤਮਾ ਦਾ ਗਿਆਨ ਨਹੀਂ ਰੱਖਦੇ, ਸਿਰਫ਼ ਕੁਰਾਨ ਆਦਿ ਪੁਸਤਕਾਂ ਦਾ ਹੀ ਵਿਖਿਆਨ ਕਰਦੇ ਹਨ ਉਨ੍ਹਾਂ ਨੂੰ ਸਹੀ ਮਾਰਗ ਉੱਪਰ ਨਹੀਂ ਕਿਹਾ ਜਾ ਸਕਦਾ। ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:

ਕਾਜੀ ਤੈ ਕਵਨ ਕਤੇਬ ਬਖਾਨੀ॥
ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ॥1॥ਰਹਾਉ॥ (ਪੰਨਾ 477)

ਉਨ੍ਹਾਂ ਨੇ ਜੋਗੀ ਨੂੰ ਆਖਿਆ ਕਿ ਨੰਗੇ ਫਿਰਨ ਨਾਲ, ਸਿਰ ਮੁਨਾਉਣ ਨਾਲ ਤੇ ਬਿੰਦ ਰੱਖਣ ਨਾਲ ਜੋਗੀ ਨਹੀਂ ਹੋਇਆ ਜਾਂਦਾ। ਜੇ ਅਜਿਹਾ ਹੁੰਦਾ ਤਾਂ ਜੰਗਲ ਦਾ ਜਾਨਵਰ, ਭੇਡ ਅਤੇ ਖੁਸਰਾ ਪਰਮਗਤੀ ਨੂੰ ਪ੍ਰਾਪਤ ਹੋ ਜਾਂਦੇ:

ਨਗਨ ਫਿਰਤ ਜੌ ਪਾਈਐ ਜੋਗੁ॥
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥1॥
ਕਿਆ ਨਾਗੇ ਕਿਆ ਬਾਧੇ ਚਾਮ॥
ਜਬ ਨਹੀ ਚੀਨਸਿ ਆਤਮ ਰਾਮ॥1॥ਰਹਾਉ॥
ਮੂਡ ਮੁੰਡਾਏ ਜੌ ਸਿਧਿ ਪਾਈ॥
ਮੁਕਤੀ ਭੇਡ ਨ ਗਈਆ ਕਾਈ॥2॥
ਬਿੰਦੁ ਰਾਖਿ ਜੌ ਤਰੀਐ ਭਾਈ॥
ਖੁਸਰੈ ਕਿਉ ਨ ਪਰਮ ਗਤਿ ਪਾਈ॥3 (ਪੰਨਾ 324)

ਉਨ੍ਹਾਂ ਨੇ ਬ੍ਰਾਹਮਣਾਂ ਦੇ ਜਾਤੀ ਅਭਿਮਾਨ ਦਾ ਖੰਡਨ ਕੀਤਾ ਹੈ। ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਉਹ ਹੀ ਸੱਚਾ ਬ੍ਰਾਹਮਣ ਹੈ। ਕਿਸੇ ਜਾਤੀ ਵਿਚ ਜਨਮ ਲੈਣ ਕਰਕੇ ਕੋਈ ਬ੍ਰਾਹਮਣ ਜਾਂ ਸ਼ੂਦਰ ਨਹੀਂ ਬਣ ਜਾਂਦਾ। ਉਨ੍ਹਾਂ ਦੇ ਬਚਨ ਹਨ:

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥4॥7॥ (ਪੰਨਾ 324)

ਉਨ੍ਹਾਂ ਨੂੰ ਬ੍ਰਾਹਮਣ ਵਰਗ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਸੱਚ ਨਜ਼ਰ ਨਹੀਂ ਆਇਆ। ਇਸ ਨੇ ਲੋਕਾਂ ਨੂੰ ਧੋਖਾ ਦੇਣ ਲਈ ਹੀ ਇਹ ਰੂਪ ਧਾਰਨ ਕੀਤਾ ਹੈ। ਪ੍ਰਭੂ ਦੇ ਗਿਆਨ ਨਾਲ ਇਸ ਵਰਗ ਉਨ੍ਹਾਂ ਦਾ ਕੋਈ ਵਾਸਤਾ ਹੀ ਨਹੀਂ ਹੈ। ਇਨ੍ਹਾਂ ਦੀ ਤਸਵੀਰ ਉਹ ਬਾਣੀ ਵਿਚ ਇੰਜ ਪੇਸ਼ ਕਰਦੇ ਹਨ:

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥1॥ (ਪੰਨਾ 476)

ਕਾਜ਼ੀ, ਬ੍ਰਾਹਮਣ ਆਦਿ ਪੁਜਾਰੀ ਵਰਗ ਨਾਲੋਂ ਉਹ ਹਰੀ ਦੀ ਭਗਤੀ ਕਰਨ ਵਾਲੇ ਸੰਤਾਂ ਮਹਾਤਮਾਂ ਨੂੰ ਬਹੁਤ ਉੱਤਮ ਮੰਨਦੇ ਸਨ। ਸੰਤਾਂ, ਭਗਤਾਂ ਦੀ ਮਹਿਮਾ ਦਾ ਉਨ੍ਹਾਂ ਨੇ ਭਰਪੂਰ ਵਰਣਨ ਕੀਤਾ ਹੈ। ਸੰਤਾਂ ਦੀ ਸੰਗਤ ਕਰਨ ਤੇ ਸੰਤਾਂ ਦੀ ਸੇਵਾ ਕਰਨ ’ਤੇ ਬਹੁਤ ਜ਼ੋਰ ਦਿੱਤਾ ਹੈ। ਸੰਤਾਂ ਨੂੰ ਸਿਰਫ਼ ਸੰਤਾਂ ਨਾਲ ਹੀ ਗੋਸ਼ਟੀ ਕਰਨੀ ਚਾਹੀਦੀ ਹੈ। ਅਸੰਤ ਵਿਅਕਤੀਆਂ, ਪਾਖੰਡੀਆਂ ਤੇ ਨਾਸਤਕਾਂ ਨਾਲ ਝੱਖ ਨਹੀਂ ਮਾਰਨੀ ਚਾਹੀਦੀ:

ਸੰਤੁ ਮਿਲੈ ਕਿਛੁ ਸੁਨੀਐ ਕਹੀਐ॥
ਮਿਲੈ ਅਸੰਤੁ ਮਸਟਿ ਕਰਿ ਰਹੀਐ॥1॥ (ਪੰਨਾ 870)

ਕਬੀਰ ਸਾਹਿਬ ਪਰਮਾਤਮਾ ਨੂੰ ਸੰਤਾਂ ਦਾ ਰਾਖਾ ਮੰਨਦੇ ਹਨ। ਪਰਮਾਤਮਾ ਸੱਚੇ ਸੰਤਾਂ ਨੂੰ ਸਦਾ ਮਾਨ ਬਖ਼ਸ਼ਦਾ ਹੈ। ਸੋ ਜੋ ਲੋਕ ਸੰਤਾਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨਾਲ ਦੁਤੀਆ-ਭਾਵ ਰੱਖਦੇ ਹਨ ਉਨ੍ਹਾਂ ਨੂੰ ਉਹ ਡੰਨ ਦਿੰਦਾ ਹੈ। ਇਸ ਲਈ ਕਬੀਰ ਸਾਹਿਬ ਸਭ ਕੁਝ ਛੱਡ ਕੇ ਪਰਮਾਤਮਾ ਦੀ ਹੀ ਸੇਵਾ ਵਿਚ ਲੀਨ ਰਹਿੰਦੇ ਹਨ। ਉਨ੍ਹਾਂ ਦਾ ਫ਼ੁਰਮਾਨ ਹੈ:

ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥
ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ॥1॥ (ਪੰਨਾ 969)

ਉਨ੍ਹਾਂ ਦੀ ਬਾਣੀ ਵਿੱਚੋਂ ਇਹ ਪ੍ਰਮਾਣ ਵੀ ਮਿਲਦਾ ਹੈ ਕਿ ਉਹ ਸਾਬਤ-ਸੂਰਤ ਸਨ। ਉਹ ਆਪ ਪੂਰਨ ਕੇਸਾਧਾਰੀ ਸਨ। ਇਸ ਲਈ ਉਨ੍ਹਾਂ ਨੇ ਉਪਰੋਕਤ ਸ਼ਬਦ ਵਿਚ ਕੇਸਾਂ ਦਾ ਚੌਰ ਬਣਾ ਕੇ ਹਰੀ ਰੂਪ ਰਾਜੇ ’ਤੇ ਫੇਰਨ ਦਾ ਭਾਵ ਪ੍ਰਗਟ ਕੀਤਾ ਹੈ। ਕਬੀਰ ਸਾਹਿਬ ਅਨੁਸਾਰ ਹਰੀ ਹੀ ਸਭ ਤੋਂ ਵੱਡਾ ਰਾਜਾ ਹੈ। ਉਹ ਪਰਜਾ ’ਤੇ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ ਕੋਈ ਮਹੱਤਵ ਨਹੀਂ ਦਿੰਦੇ। ਉਨ੍ਹਾਂ ਅਨੁਸਾਰ ਦੁਨਿਆਵੀ ਭੂਪਤਿ ਚਾਰ ਦਿਨਾਂ ਦੇ ਪ੍ਰਾਹੁਣੇ ਹਨ ਜੋ ਝੂਠੀ ਸ਼ਾਨ ਵਿਖਾਉਂਦੇ ਹਨ:

ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥1॥ਰਹਾਉ॥ (ਪੰਨਾ 856)

ਭਗਤ ਕਬੀਰ ਜੀ ਦੇ ਸਮੇਂ ਮੁਹੰਮਦ ਤੁਗ਼ਲਕ ਦਾ ਰਾਜ ਸੀ। ਉਸ ਵੇਲੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਂਦਾ ਸੀ। ਭਗਤ ਕਬੀਰ ਜੀ ਦੀ ਪ੍ਰਸਿੱਧੀ ਬਹੁਤ ਹੋ ਚੁਕੀ ਸੀ। ਕਾਜ਼ੀਆਂ ਦੇ ਚੁਗ਼ਲੀ ਕਰਨ ’ਤੇ ਭਗਤ ਕਬੀਰ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਮੁਸਲਮਾਨ ਬਣਨ ਲਈ ਕਿਹਾ ਗਿਆ। ਉਨ੍ਹਾਂ ਦੇ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਹਾਥੀ ਅੱਗੇ ਬੰਨ੍ਹ ਕੇ ਸੁਟਵਾਇਆ ਗਿਆ ਤੇ ਗੰਗਾ ਵਿਚ ਡੁਬਾਉਣ ਦਾ ਯਤਨ ਕੀਤਾ ਗਿਆ। ਭਗਤ ਨਾਮਦੇਵ ਜੀ ਵਾਂਗ ਉਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਕੀਤੀ। ਇਸ ਦਾ ਵਰਣਨ ਉਨ੍ਹਾਂ ਦੀ ਬਾਣੀ ਵਿੱਚੋਂ ਇਸ ਤਰ੍ਹਾਂ ਮਿਲਦਾ ਹੈ:

ਭੁਜਾ ਬਾਂਧਿ ਭਿਲਾ ਕਰਿ ਡਾਰਿਓ॥
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ॥
ਹਸਤਿ ਭਾਗਿ ਕੈ ਚੀਸਾ ਮਾਰੈ॥
ਇਆ ਮੂਰਤਿ ਕੈ ਹਉ ਬਲਿਹਾਰੈ॥1॥ (ਪੰਨਾ 870)

ਗੰਗ ਗੁਸਾਇਨਿ ਗਹਿਰ ਗੰਭੀਰ॥
ਜੰਜੀਰ ਬਾਂਧਿ ਕਰਿ ਖਰੇ ਕਬੀਰ॥1॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥ਰਹਾਉ॥ (ਪੰਨਾ 1162)

ਹਰੀ ਦੇ ਨਾਮ ਵਿਚ ਲੀਨ ਹੋਣ ਕਰਕੇ ਭਗਤ ਕਬੀਰ ਜੀ ਅਜਿਹੀ ਅਵਸਥਾ ਨੂੰ ਪਹੁੰਚ ਚੁੱਕੇ ਸਨ ਜਿਥੇ ਕਿ ਮੌਤ ਦਾ ਕੋਈ ਭੈ ਨਹੀਂ ਸੀ। ਉਨ੍ਹਾਂ ਨੇ ਆਪਣੇ ਆਪੇ ਨੂੰ ਛੱਡ ਕੇ ਪਰਮਾਤਮਾ ਦਾ ਪਰਮਾਨੰਦ ਪ੍ਰਾਪਤ ਕਰ ਲਿਆ ਸੀ, ਹੁਣ ਉਹ ਕਿਸੇ ਤਰ੍ਹਾਂ ਵੀ ਮਰ ਨਹੀਂ ਸਨ ਸਕਦੇ। ਉਨ੍ਹਾਂ ਨੇ ਆਪਣੀ ਹੋਂਦ ਪਰਮਾਤਮਾ ਦੀ ਹੋਂਦ ਵਿਚ ਮਿਲਾ ਦਿੱਤੀ ਸੀ। ਇਸ ਤਰ੍ਹਾਂ ਦੀ ਮਰਨੀ ਮਰਨ ਵਾਲਾ ਕਦੇ ਮਰ ਨਹੀਂ ਸੀ ਸਕਦਾ। ਭਾਰਤੀ ਲੋਕ ਮਰਨ ਤੋਂ ਸਦਾ ਡਰਦੇ ਰਹੇ ਹਨ। ਮਰਨ ਤੋਂ ਡਰਦੇ ਉਹ ਕਈ ਤਰ੍ਹਾਂ ਦੇ ਸਾਧਨ ਕਰਦੇ ਸਨ, ਜਪ-ਤਪ ਕਰਦੇ ਸਨ, ਹਵਨ ਯੱਗ ਕਰ ਕੇ ਲੰਮੀ ਉਮਰ ਦੇ ਵਰਦਾਨ ਲੈਂਦੇ ਸਨ। ਕਬੀਰ ਸਾਹਿਬ ਨੇ ਲੋਕਾਂ ਦੇ ਮਨਾਂ ਵਿੱਚੋਂ ਮਰਨ ਦਾ ਡਰ ਖ਼ਤਮ ਕੀਤਾ। ਉਨ੍ਹਾਂ ਨੇ ਫ਼ੁਰਮਾਇਆ ਹੈ ਕਿ ਪ੍ਰਭੂ ਦੇ ਪ੍ਰੇਮ ਵਿਚ ਜੋ ਆਪਣੇ ਆਪ ਨੂੰ ਰੰਗ ਦਿੰਦਾ ਹੈ ਉਸ ਨੂੰ ਮਰਨ ਦਾ ਕੋਈ ਭੈ ਨਹੀਂ ਰਹਿੰਦਾ, ਉਹਦੇ ਲਈ ਮਰਨਾ ਇਕ ਅਨੰਦਮਈ ਅਨੁਭਵ ਹੋ ਜਾਂਦਾ ਹੈ:

ਜਿਹ ਮਰਨੈ ਸਭੁ ਜਗਤੁ ਤਰਾਸਿਆ॥
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥1॥
ਅਬ ਕੈਸੇ ਮਰਉ ਮਰਨਿ ਮਨੁ ਮਾਨਿਆ॥
ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ॥1॥ਰਹਾਉ॥ (ਪੰਨਾ 327)
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥22॥ (ਪੰਨਾ 1365)

ਕਬੀਰ ਸਾਹਿਬ ਇਸ ਜੀਵਨ ਨੂੰ ਇਕ ਵੱਡਾ ਸੰਗਰਾਮ ਮੰਨਦੇ ਹਨ। ਇਸ ਨੂੰ ਵਿਸ਼ੇ-ਵਿਕਾਰਾਂ ਵਿਚ ਨਹੀਂ ਗਵਾ ਦੇਣਾ ਚਾਹੀਦਾ। ਇਹ ਜੂਝ ਮਰਨ ਦਾ ਵੇਲਾ ਹੈ। ਆਪਣੀਆਂ ਵਾਸ਼ਨਾਵਾਂ ’ਤੇ ਕਾਬੂ ਪਾਉਣ ਲਈ ਮਨੁੱਖ ਨੂੰ ਸਦਾ ਯਤਨਸ਼ੀਲ ਤੇ ਸਾਵਧਾਨ ਰਹਿਣਾ ਚਾਹੀਦਾ ਹੈ। ਅਧਿਆਤਮਕਤਾ ਦਾ ਖੇਤਰ ਇਕ ਬਿਖਮ ਕਾਰਜ ਹੈ। ਇਸ ਨੂੰ ਕੋਈ ਸੂਰਮਾ ਹੀ ਫ਼ਤਹਿ ਕਰ ਸਕਦਾ ਹੈ ਜੋ ਆਪਣੀਆਂ ਮਾਨਸਕ ਅਤੇ ਦੁਨਿਆਵੀ ਦੋਵੇਂ ਤਾਕਤਾਂ ਨਾਲ ਲੜ ਸਕੇ। ਉਨ੍ਹਾਂ ਦਾ ਫ਼ੁਰਮਾਨ ਹੈ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥ (ਪੰਨਾ 1105)

ਉਨ੍ਹਾਂ ਦਾ ਸਾਰਾ ਜੀਵਨ ਸੰਘਰਸ਼ ਕਰਦਿਆਂ ਬਤੀਤ ਹੋਇਆ। ਮਨ ਦੇ ਵਿਕਾਰਾਂ ਆਦਿ ਆਤਮਕ ਰੁਕਾਵਟਾਂ ਨਾਲ ਲੜਨ ਤੋਂ ਇਲਾਵਾ ਸਮੇਂ ਦੇ ਕਾਜ਼ੀਆਂ, ਬ੍ਰਾਹਮਣਾਂ ਤੇ ਹਾਕਮ ਵਰਗ ਦੇ ਵਿਰੋਧ ਦਾ ਸਾਹਮਣਾ ਵੀ ਉਨ੍ਹਾਂ ਨੂੰ ਕਰਨਾ ਪਿਆ। ਉਨ੍ਹਾਂ ਨੇ ਪ੍ਰੇਮਾ-ਭਗਤੀ ਤੇ ਸਤਿ-ਸੰਤੋਖ ਆਦਿ ਗੁਣਾਂ ਦੇ ਆਸਰੇ ਆਂਤਰਿਕ ਅਤੇ ਬਾਹਰੀ ਵਿਰੋਧੀਆਂ ’ਤੇ ਵਿਜੈ ਪਾਈ ਅਤੇ ਸਿਖਰ ਦੀ ਆਤਮਕ ਅਵਸਥਾ ਪ੍ਰਾਪਤ ਕੀਤੀ। ਉਨ੍ਹਾਂ ਦੀ ਬਾਣੀ ਵਿਚ ਇਸ ਜਿੱਤ ਬਾਰੇ ਇੰਜ ਵਰਣਨ ਕੀਤਾ ਗਿਆ ਹੈ:

ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ॥5॥
ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥
ਦਾਸੁ ਕਮੀਰੁ ਚੜ੍‍ਓਿ ਗੜ੍‍ ਊਪਰਿ ਰਾਜੁ ਲੀਓ ਅਬਿਨਾਸੀ॥6॥9॥17॥ (ਪੰਨਾ 1161-62)

ਭਗਤ ਕਬੀਰ ਜੀ ਨੇ ਭਾਰਤ ਦੇ ਸਮਾਜਕ, ਧਾਰਮਕ ਤੇ ਰਾਜਨੀਤਕ ਜੀਵਨ ਵਿਚ ਵੱਡੀ ਤਬਦੀਲੀ ਲਿਆਂਦੀ। ਉਨ੍ਹਾਂ ਨੇ ਧਰਮ ਨੂੰ ਵਖਰੇਵਿਆਂ ਵਿੱਚੋਂ ਕੱਢ ਕੇ ਸਾਂਝਾ ਰੂਪ ਦਿੱਤਾ। ਮੂਰਤੀ ਪੂਜਾ ਤੇ ਅਵਤਾਰਵਾਦ ਦੀ ਥਾਂ ਨਿਰਗੁਣ ਪੂਜਾ ਨਾਲ ਜੋੜਿਆ। ਕਰਮ-ਕਾਂਡੀ ਤੇ ਡਰਪੋਕ ਬਣਨ ਦੀ ਥਾਂ ਮਨੁੱਖ ਨੂੰ ਕਿਰਿਆਸ਼ੀਲ ਤੇ ਨਿਰਭੈ ਯੋਧਾ ਬਣਾਇਆ। ਮਨੁੱਖ ਦੇ ਜੀਵਨ ਵਿੱਚੋਂ ਮਰਨ ਦਾ ਡਰ ਦੂਰ ਕਰ ਕੇ ਦੁਨਿਆਵੀ ਸੁਖਾਂ ਦਾ ਜਾਚਕ ਹੋਣ ਦੀ ਥਾਂ ਪਰਮਾਨੰਦ ਦਾ ਅਭਿਲਾਸ਼ੀ ਬਣਨ ਦਾ ਮਾਰਗ ਦਿਖਾਇਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register