editor@sikharchives.org

ਭਗਤ ਨਾਮਦੇਵ ਜੀ ਦੀ ਭਗਤੀ ਦਾ ਸਰੂਪ ਅਤੇ ਪੰਜਾਬ-ਨਿਵਾਸ

ਭਗਤ ਨਾਮਦੇਵ ਜੀ ਪੰਜਾਬ ਅਤੇ ਮਹਾਰਾਸ਼ਟਰ ਦੇ ਖੇਤੀ ਕਰਨ ਵਾਲਿਆਂ ਦੇ ਸਾਂਝੇ ਪ੍ਰੇਰਕ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ ਅਤੇ ਉਸ ਦਾ ਪ੍ਰਤੀਕ ਹੈ ਪੰਜਾਬ ਪ੍ਰਦੇਸ਼ ਦਾ ਪਿੰਡ ‘ਘੁਮਾਣ’।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜੀਵਨ ਪਰਿਚੈ :

ਭਗਤ ਨਾਮਦੇਵ ਜੀ ਦਾ ਜਨਮ ‘ਨਰਸੀ ਬਾਮਨੀ’ ਨਾਂ ਦੇ ਪਿੰਡ ਵਿਚ ਹੋਇਆ ਸੀ। ਅੰਗਰੇਜ਼ਾਂ ਦੇ ਰਾਜ-ਕਾਲ ਦੌਰਾਨ ਇਹ ਪਿੰਡ ਸੋਲਾਪੁਰ ਜ਼ਿਲ੍ਹੇ ਵਿਚ ਆਉਂਦਾ ਸੀ। ਪਰ ਹੁਣ ਇਹ ਮਹਾਂਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦਾ ਇਕ ਪ੍ਰਸਿੱਧ ਕਸਬਾ ਹੈ। ਉਨ੍ਹਾਂ ਦੀ ਮਾਤਾ ਦਾ ਨਾਂ ਸ੍ਰੀਮਤੀ ਗੋਣਾਬਾਈ ਅਤੇ ਪਿਤਾ ਦਾ ਨਾਂ ਸ੍ਰੀ ਦਾਮਾਸ਼ੇਟੀ ਸੀ। ਭਗਤ ਜੀ ਦਾ ਪਰਵਾਰ ਪੁਰਖਿਆਂ ਤੋਂ ਦਰਜ਼ੀ ਦਾ ਕੰਮ ਕਰਕੇ ਗੁਜ਼ਾਰਾ ਕਰਦਾ ਸੀ। ਮਰਾਠੀ ਵਿਚ ਦਰਜ਼ੀ ਜਾਂ ਕੱਪੜੇ ਰੰਗਣ ਵਾਲੇ ਨੂੰ ‘ਸ਼ਿੰਪੀ’ ਸੱਦਿਆ ਜਾਂਦਾ ਹੈ। ਭਗਤ ਨਾਮਦੇਵ ਜੀ ਦੇ ਮਰਾਠੀ ਅਭੰਗਾਂ ਵਿਚ ਉਨ੍ਹਾਂ ਦੇ ਪੇਸ਼ੇ ਦਾ ਉਲੇਖ ਕਈ ਥਾਵਾਂ ’ਤੇ ਮਿਲਦਾ ਹੈ, ਜਿਵੇਂ:

ਸ਼ਿੰਪਿਯਾਚੇ ਕੁਲੀਂ ਜਨ੍‍ਮ ਮਜ ਝਾਲਾ।1

ਅਰਥ : ਦਰਜ਼ੀਆਂ ਦੇ ਕੁਲ ਵਿਚ ਮੇਰਾ ਜਨਮ ਹੋਇਆ ਸੀ। ਗੁਰਬਾਣੀ ਵਿਚ ਫ਼ਰਮਾਨ ਹੈ:

ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥
ਮਪਿ ਮਪਿ ਕਾਟਉ ਜਮ ਕੀ ਫਾਸੀ ॥ (ਪੰਨਾ 485)

ਅਰਥ : ਮੇਰਾ ਮਨ ਗਜ਼ (ਕੱਪੜਾ ਮਾਪਣ ਵਾਲੀ ਲੋਹੇ ਦੀ ਪੱਤਰੀ) ਅਤੇ ਜੀਭ ਕੈਂਚੀ ਵਾਂਗ ਹੈ। ਦੋਨਾਂ ਦੀ ਸਹਾਇਤਾ ਨਾਲ ਮੈਂ ਯਮਰਾਜ ਦੇ ਬੰਧਨ (ਮੌਤ ਦਾ ਡਰ) ਕੱਟਦਾ (ਦੂਰ ਕਰਦਾ) ਹਾਂ।

ਸਰਗੁਣ ਵਿੱਠਲ ਭਗਤੀ ਤੋਂ ਨਿਰਾਕਾਰ ਭਗਤੀ ਵੱਲ ਮੋੜ :

ਭਗਤ ਨਾਮਦੇਵ ਜੀ ਦੇ ਗ੍ਰਾਮ ਦੇਵਤਾ (Village god) ਨਰਸਿੰਘ (ਭਗਤ ਪ੍ਰਹਿਲਾਦ ਦੇ ਰਾਖਣਹਾਰ) ਸਨ। ਪਰ ਉਨ੍ਹਾਂ ਦੇ ਕੁਲ-ਦੇਵਤਾ (Family-god) ਪੰਢਰ ਪੁਰ (ਜ਼ਿਲ੍ਹਾ ਸੋਲਾਪੁਰ) ਦੇ ਵਿਠੁਲ ਸਨ। “ਵਾਰਕਰੀ ਸੰਪ੍ਰਦਾਇ” ਦੇ ਭਗਤ ਵਿੱਠਲ ਨੂੰ ਹੀ ਆਪਣਾ ਪੂਜਨੀਕ ਦੇਵਤਾ ਮੰਨਦੇ ਹਨ ਅਤੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਹਾੜ ਮਹੀਨੇ ਪੰਢਰਪੁਰ ਦੀ ਯਾਤਰਾ ਕਰਦੇ ਹਨ। ਖਾਨਦਾਨੀ ਸੰਸਕਾਰਾਂ ਕਾਰਨ ਇਸ ਮਰਾਠੀ ਦੇਵਤਾ ਸ੍ਰੀ ਵਿੱਠਲ ਵੱਲ ਭਗਤ ਨਾਮਦੇਵ ਜੀ ਦੀ ਪੂਜਾ-ਭਗਤੀ ਇਕ ਸੁਭਾਵਿਕ ਗੱਲ ਸੀ। ਜਿਹੜਾ ਵਿਅਕਤੀ ਦੋ ਵਰ੍ਹਿਆਂ ਦੀ ਉਮਰ ਵਿਚ ਹੀ ‘ਵਿੱਠਲ’ ਸ਼ਬਦ ਦਾ ਉਚਾਰਨ ਕਰਨ ਲੱਗ ਪਿਆ ਹੋਵੇ ਅਤੇ ਅੱਠ ਵਰ੍ਹੇ ਦਾ ਹੋਣ ’ਤੇ ਇਹ ਸੋਚਣ ਲੱਗ ਪਿਆ ਹੋਵੇ ਕਿ ਭਗਵਾਨ ਵਿੱਠਲ ਨੇ ਉਸ ਦੇ ਹੱਥੋਂ ਦੁੱਧ ਅਤੇ ਪ੍ਰਸਾਦ ਛਕ ਲਿਆ ਹੈ,3 ਉਸ ਨੂੰ ਕਿਸ਼ੋਰ ਅਵਸਥਾ ਵਿਚ ਕਿਸੇ ਮੰਦਰ ਵਿੱਚੋਂ ਸੂਦ-ਸੂਦ (ਸ਼ੂਦ੍ਰ-ਸ਼ੂਦ੍ਰ) ਆਖਦੇ ਹੋਏ ਧੱਕੇ ਮਾਰ ਕੇ ਉੱਥੋਂ ਕੱਢ ਦਿੱਤਾ ਹੋਵੇ, ਉਸ ਬੰਦੇ ਦਾ ਨਿਰਾਸ਼ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਭਗਤ ਜੀ ਦੇ ਅਜਿਹੇ ਮਾਨਸਿਕ ਕਲੇਸ਼ ਦਾ ਪ੍ਰਗਟਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਉਨ੍ਹਾਂ ਦੇ ਸ਼ਬਦ “ਮੋ ਕਉ ਤੂ ਨ ਬਿਸਾਰਿ… ਪੰਡੀਅਨ ਕਉ ਪਿਛਵਾਰਲਾ” ਤੋਂ ਹੁੰਦੀ ਹੈ। ਇਸ ਦੀ ਪ੍ਰੋੜ੍ਹਤਾ ਹਿੰਦੀ ਭਾਸ਼ੀ ਖੇਤਰਾਂ ਵਿਚ ਪ੍ਰਚੱਲਤ ਅਜਿਹੇ ਇਕ ਹੋਰ ਪਦ “ਹੀਨ ਦੀਨ ਜਾਤ ਮੇਰੀ… ਨਾਮਾ ਸਿੰਪੀ ਲਾਗਾ” ਤੋਂ ਵੀ ਹੁੰਦੀ ਹੈ।

ਉਨ੍ਹੀਂ ਦਿਨੀਂ ਸਿੱਧਾਂ ਅਤੇ ਨਾਥਾਂ ਦੀ ਗੁੱਡੀ ਚੜ੍ਹੀ ਹੋਈ ਸੀ, ਕਿਉਂਕਿ ਉਹ ਛੂਤ-ਛਾਤ ਦੇ ਵਿਰੋਧੀ ਸਨ। ਇੱਥੋਂ ਤਕ ਕਿ ਆਪਣੀ ਜਾਤ ਤੋਂ ਛੇਕੇ ਗਏ ਵਿਅਕਤੀ ਵੀ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਪੈਰੋਕਾਰ ਬਣ ਰਹੇ ਸਨ। ਇਕ ਕੁਲਕਰਣੀ ਬ੍ਰਾਹਮਣ ‘ਵਿੱਠਲ ਪੰਤ’ ਨਾਂ ਵਾਲਾ ਪਹਿਲਾਂ ਤਾਂ ਵੈਰਾਗੀ ਹੋ ਕੇ ਸੰਨਿਆਸੀ ਬਣ ਕੇ ਘਰ-ਬਾਰ ਛੱਡ ਬੈਠਾ ਸੀ। ਪਰ ਵਾਰਾਣਸੀ ਵਿਖੇ ਇਕ ਸਮਝਦਾਰ ਮਹਾਤਮਾ ਵੱਲੋਂ ਉਸ ਸਾਧੂ ਬਣੇ ਨੌਜਵਾਨ ਨੂੰ ਉਮਰ ਦੇ ਅਨੁਸਾਰ ਦੁਨਿਆਵੀ ਕਾਰਜ ਨਿਭਾਉਣ ਦੀ ਸਿੱਖਿਆ ਦੇਣ ’ਤੇ ਉਹ ਆਪਣੇ ਪਿੰਡ ਪਰਤ ਆਇਆ। ਮਾਪਿਆਂ ਦੇ ਸਮਝਾਉਣ ’ਤੇ ਉਹ ਰਖੁਮਾਈ ਨਾਂ ਦੀ ਕੁੜੀ ਨਾਲ ਵਿਆਹ ਕਰਕੇ ਆਪਣੀ ਗ੍ਰਿਹਸਤੀ ਚਲਾਉਣ ਲੱਗ ਪਿਆ। ਇਸ ਕਾਰਨ ਪਿੰਡ ਦੀ ਪੰਚਾਇਤ ਨੇ ਉਸ ਨੂੰ ਬ੍ਰਾਹਮਣ ਸਮਾਜ ਵਿੱਚੋਂ ਛੇਕ ਦਿੱਤਾ ਅਤੇ ਪਤੀ-ਪਤਨੀ ਦੋਵੇਂ ਹੀ ਨਾਥ-ਪੰਥੀ ਜੋਗੀਆਂ ਦੇ ਸ਼ਰਧਾਲੂ ਬਣ ਗਏ।

ਇਸ ਪਵਿੱਤਰ ਵਿਵਾਹਕ ਸੰਬੰਧਾਂ ਤੋਂ ਪਰਮਾਤਮਾ ਨੇ ਉਨ੍ਹਾਂ ਨੂੰ ਤਿੰਨ ਪੁੱਤਰਾਂ ਅਤੇ ਇਕ ਪੁੱਤਰੀ ਦੀ ਦਾਤ ਬਖਸ਼ੀ। ਇਨ੍ਹਾਂ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ ਸੰਤ ਨਿੱਵ੍ਰਤਿ ਨਾਥ। ਵਿਚਕਾਰਲਾ ਪੁੱਤਰ ਸੀ ਸੰਤ ਗਿਆਨ ਦੇਵ ਅਤੇ ਉਸ ਤੋਂ ਛੋਟਾ ਸੰਤ ਸੋਪਾਨ ਦੇਵ। ਤਿੰਨਾਂ ਭਰਾਵਾਂ ਦੀ ਇੱਕੋ ਭੈਣ ਮੁਕਤਾ ਬਾਈ ਸੀ। ਇਨ੍ਹਾਂ ਵਿੱਚੋਂ ਵਿਚਕਾਰਲੇ ਸੰਤ ਗਿਆਨ ਦੇਵ ਗੀਤਾ ਦਾ ਮਰਾਠੀ ਟੀਕਾ ‘ਗਿਆਨੇਸ਼੍‍ਵਰੀ’ ਕਾਰਨ ਵਿਸ਼ਵ ਪ੍ਰਸਿੱਧ ਹਨ। ਇਨ੍ਹਾਂ ਦੀ ਭੈਣ ਅਤੇ ਭਰਾ ਵੀ ਕਵੀ ਸਨ। ਇਸ ਪਰਵਾਰ ਨਾਲ ਭਗਤ ਨਾਮਦੇਵ ਜੀ ਦੀ ਪਹਿਲੀ ਮੁਲਾਕਾਤ ਸ਼ਾਲਿਵਾਹਨ ਸ਼ਕ ਸੰਨ 1291 ਈ: ਵਿਚ ਹੋਈ ਸੀ। ਕਈ ਇਤਿਹਾਸਕ ਸੋਮਿਆਂ ਤੋਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਭਗਤ ਨਾਮਦੇਵ ਜੀ ਦੇ ਮੂਰਤੀ ਪੂਜਕ ਹੋਣ ਕਾਰਨ ਸੰਤ ਗਿਆਨ ਦੇਵ ਦੀ ਛੋਟੀ ਭੈਣ ਮੁਕਤਾ ਬਾਈ ਨੇ ਭਗਤ ਜੀ ਨੂੰ ਉਲਾਂਭਾ ਦਿੱਤਾ ਕਿ ਉਹ ‘ਨਿਗੁਰਾ’ ਹੈ ਅਤੇ ਉਸ ਦੀ ਭਗਤੀ ਕੱਚੀ ਹੈ। ਇਹ ਗੱਲ ਸੰਤ ਗੋਰਾ ਕੁੰਭਾਰ (ਗੋਰੋਬਾ) ਦੇ ਸਾਹਮਣੇ ਆਖੀ ਗਈ ਸੀ।4

ਇਸ ਟਿੱਪਣੀ ਕਾਰਨ ਭਗਤ ਜੀ ਦੇ ਹਿਰਦੇ ’ਤੇ ਬੜੀ ਸੱਟ ਵੱਜੀ। ਉਹ ਸਿੱਧੇ ਹੀ ਪੰਢਰਪੁਰ ਪੁੱਜੇ ਅਤੇ ਮੁਕਤਾ ਬਾਈ ਦੀ ਪ੍ਰੇਰਨਾ ਧਾਰਨਾ ਹੈ ਤਾਂ ਸਾਡੀ ਸ਼ਿੱਸ਼-ਪਰੰਪਰਾ ਵਾਲੇ ਵਿਸੋਬਾ ਖੇਚਰ6 ਕੋਲ ਜਾ।” ਸਤਿ ਬਚਨ ਦਾ ਭਗਤ ਨਾਮਦੇਵ ਜੀ ਵਿਸੋਬਾ ਖੇਚਰ ਦੇ ਠਿਕਾਣੇ ਵੱਲ ਤੁਰ ਪਏ।

ਵਿਸੋਬਾ ਖੇਚਰ ਰਾਹੀਂ ਹੀ ਭਗਤ ਨਾਮਦੇਵ ਜੀ ਦੇ ਮਨ ਵਿਚ ਸਰਗੁਣ ਭਗਤੀ ਦੀ ਥਾਂ ’ਤੇ ਨਿਰਗੁਣ ਭਗਤੀ ਦਾ ਸੰਚਾਰ ਹੋ ਗਿਆ। ਇਸ ਸੰਬੰਧੀ ਅਨੇਕ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ। ਜਿਵੇਂ:

ਨਾਮਦੇਉ ਨਾਰਾਇਨੁ ਪਾਇਆ॥
ਗੁਰੁ ਭੇਟਤ ਅਲਖੁ ਲਖਾਇਆ॥ (ਪੰਨਾ 874)

ਨਿਰਗੁਣ ਭਗਤੀ ਪ੍ਰਤੀ ਭਗਤ ਜੀ ਦੇ ਰੁਝਾਨ ਦੀ ਖੁਸ਼ਬੂ ਹੇਠਲੀਆਂ ਤੁਕਾਂ ਵਿੱਚੋਂ ਵੀ ਆਉਂਦੀ ਹੈ:

ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ॥
ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ॥ (ਪੰਨਾ 486)

ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ॥
ਸਰਬ ਬਿਆਪਿਕ ਅੰਤਰ ਹਰੀ॥ (ਪੰਨਾ 1292)

ਭਾਰਤ ਯਾਤਰਾ, ਪੰਜਾਬ ਵਿਚ ਆਮਦ ਅਤੇ ਪਰਲੋਕ ਵਾਸ

ਭਗਤ ਨਾਮਦੇਵ ਜੀ ਨੇ ਕੇਵਲ ਇੱਕੋ ਯਾਤਰਾ ਸੰਤ ਗਿਆਨਸ਼ੇਵਰ ਨਾਲ ਸ਼ਾਲਿਵਾਹਨ ਸ਼ਕ ਸੰਮਤ 1216 (ਸੰਨ 1294) ਵਿਚ ਕੀਤੀ ਸੀ। ਉਸ ਵੇਲੇ ਦੋਵੇਂ ਮਹਾਤਮਾ ਕਾਸ਼ੀ (ਵਾਰਾਣਸੀ) ਪਹੁੰਚੇ ਸਨ। ਉੱਥੇ ਗੰਗਾ ਨਦੀ ਦੇ ਕੰਢੇ ਉੱਤੇ ਬਣੇ ਹੋਏ ‘ਦੇਸ਼ਾਸ਼੍ਵਮੇਧ ਘਾਟ’ ਦੇ ਨੇੜੇ ਜਿਸ ਥਾਂ ’ਤੇ ਠਹਿਰੇ ਸਨ, ਉਸ ਨੂੰ ਹੁਣ ‘ਗਿਆਨੇਸ਼੍ਵਰ ਮੱਠ’ ਸੱਦਿਆ ਜਾਂਦਾ ਹੈ। ਉਸ ਦੇ ਬਾਹਰਲੇ ਪਾਸੇ ਸੰਮਤ 1351 ਬਿਕ੍ਰਮੀ (ਸੰਨ 1294) ਦਾ ਬਣਿਆ ਹੋਇਆ ਇਕ ਸਿਮਰਤੀ ਸਤੰਭ ਗੱਡਿਆ ਹੋਇਆ ਹੈ। ਇਸ ’ਤੇ “ਬਾਨਾਰਸੀ ਤਪੁ ਕਰੈ… ਅੰਮ੍ਰਿਤੁ ਪੀਜੈ” ਸ਼ਬਦ ਵਿਚ ਵਰਤੇ ਗਏ “ਅਸੁਮੇਧ ਜਗੁ” ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਆਪਣੇ ਸਾਥੀ ਸੰਤ ਗਿਆਨੇਸ਼੍ਵਰ ਨਾਲ ਕਾਸ਼ੀ (ਬਨਾਰਸ/ਵਾਰਾਣਸੀ) ਯਾਤਰਾ ਲਈ ਗਏ ਸਨ। ਇਸ ਤੋਂ ਬਾਅਦ ਭਗਤ ਨਾਮਦੇਵ ਜੀ ਨੇ ਇਕੱਲਿਆਂ ਹੀ ਦੱਖਣ ਭਾਰਤ ਦੇ ਸ਼ੈਲ ਸ਼ਿਖਰ, ਮੱਲਿਕਾਰਾਜੁਨ, ਚਿਦੰਬਰੰ, ਵਿਸ਼ਣੁਕਾਂਚੀ, ਰਾਮੇਸ਼੍ਵਰੰ, ਤਾਮ੍ਰਪਰਣਿਕਾ, ਕੰਨਿਆ ਕੁਮਾਰੀ ਅਤੇ ਹਰਿਹਰੇਸ਼੍ਵਰ ਨਾਂ ਦੇ ਅਸਥਾਨਾਂ ਦੀ ਯਾਤਰਾ ਕੀਤੀ।11 ਫੇਰ ਉਹ ਦਵਾਰਕਾ (ਗੁਜਰਾਤ) ਰਾਹੀਂ ਰਾਜਸਥਾਨ ਵਿਚ ਦਾਖਲ ਹੋਏ ਅਤੇ ਉੱਥੇ ਉਹ ਜਿਹੜੀਆਂ ਥਾਵਾਂ ’ਤੇ ਗਏ, ਉਨ੍ਹਾਂ ਦਾ ਵੇਰਵਾ ਇਕ ਮਰਾਠੀ ਵਿਦਵਾਨ ਨੇ ਇੰਝ ਦਿੱਤਾ ਹੈ:

“ਭਗਤ ਨਾਮਦੇਵ ਜੀ ਨੇ ਰਾਜਸਥਾਨ ਦੀ ਯਾਤਰਾ ਕੀਤੀ। ਵੱਖ-ਵੱਖ ਟਿਕਾਣਿਆਂ ਉੱਤੇ ਰੁਕ ਕੇ ਉਨ੍ਹਾਂ ਨੇ ਭਜਨ-ਕੀਰਤਨ ਰਾਹੀਂ ਨਾਮਣਾ ਖੱਟਿਆ। ਇਸੇ ਕਾਰਨ ਰਾਜਸਥਾਨੀ ਲੋਕ ਜੀਵਨ ਉੱਤੇ ਇਹ ਸੰਸਕਾਰ ਲੰਮੇ ਸਮੇਂ ਤਕ ਜੰਮ ਗਏ। ਜੈ ਪੁਰ, ਭਰਤਪੁਰ, ਜੋਧਪੁਰ, ਬੀਕਾਨੇਰ ਅਤੇ ਅਲਵਰ ਨਾਵਾਂ ਵਾਲੇ ਨਗਰਾਂ ਵਿਚ ਭਗਤ ਨਾਮਦੇਵ ਜੀ ਦੇ ਮੰਦਰ ਅੱਜ ਵੀ ਇਸ ਦਾ ਪ੍ਰਮਾਣ ਹਨ, ਜਿਨ੍ਹਾਂ ਵਿਚ ਸਭ ਨੂੰ ਜਾਣ ਦੀ ਖੁੱਲ੍ਹ ਹੈ। ਭਗਤ ਨਾਮਦੇਵ ਜੀ ਦੀ ਪੈਦਲ ਯਾਤਰਾ ਦਾ ਦੂਜਾ ਨਤੀਜਾ ਇਹ ਨਿਕਲਿਆ ਕਿ ਇਸ ਹਿੱਸੇ ਦੇ “ਸ਼ਿੰਪੀ’ ਉਦੋਂ ਤੋਂ ਹੀ ਆਪਣੇ ਆਪ ਨੂੰ ‘ਨਾਮਦੇਵ ਵੰਸ਼ੀ ਛਿੱਪਾ ਦਰਜ਼ੀ’ ਆਖਣ ਲੱਗ ਪਏ। ਰਾਜਸਥਾਨ ਵਿਚ ਇਸ ਜਮਾਤ (ਵਰਗ) ਦੇ ਲੋਕੀ ਵੱਡੀ ਗਿਣਤੀ ਵਿਚ ਮਿਲਦੇ ਹਨ। ਖਾਨੋਲਕਰ ਜੀ ਦੇ ਉਕਤ ਕਥਨ ਦੀ ਪੁਸ਼ਟੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਦਰਜ ਭਗਤ ਨਾਮਦੇਵ ਜੀ ਦੇ ਇਸ ਸ਼ਬਦ ਤੋਂ ਵੀ ਹੁੰਦੀ ਹੈ:

ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ॥
ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ॥ (ਪੰਨਾ 693)

‘ਮਾਰਵਾੜ’ ਰਾਜਸਥਾਨ ਦੇ ਪੱਛਮੀ ਖੇਤਰ ਨੂੰ ਆਖਿਆ ਜਾਂਦਾ ਹੈ। ਉੱਥੇ ਸਾਮਾਨ ਢੋਣ ਅਤੇ ਆਵਾਜਾਈ ਦਾ ਸਾਧਨ ਪੁਰਾਣੇ ਸਮਿਆਂ ਵਿਚ ਊਠ (ਕਰਹਲਾ) ਹੀ ਹੁੰਦਾ ਸੀ। ਰੇਗਿਸਤਾਨ ਦੇ ਇਸ ਪਸ਼ੂ ਨੂੰ ‘ਰਾਜਸਥਾਨ ਦਾ ਜਹਾਜ਼’ ਆਖਿਆ ਜਾਂਦਾ ਹੈ। ਜਿਵੇਂ ਪਾਣੀ ਦੀ ਘਾਟ ਕਾਰਨ ਊਠ ਰੇਤੀਲੇ ਇਲਾਕੇ ਵਿਚ ਪਾਣੀ ਦੀ ਤਲਾਸ਼ ਕਰਦਾ ਹੈ ਅਤੇ ਬੇਲਾਂ ਖਾ ਕੇ ਹੀ ਗੁਜ਼ਾਰਾ ਕਰਦਾ ਹੈ, ਉਵੇਂ ਹੀ ਭਗਤ ਨਾਮਦੇਵ ਜੀ ਨੂੰ ਆਪਣੇ ਇਸ਼ਟ ਦੇਵ (ਨਿਰਾਕਾਰ ਈਸ਼ਵਰ ਵਾਚਕ) ‘ਵਿੱਠਲ’ (ਬੀਠੁਲਾ) ਦੇ ਨਾਮ-ਸਿਮਰਨ ਦੀ ਲਾਲਸਾ ਬਣੀ ਰਹਿੰਦੀ ਹੈ।

ਗੁਰਮਤਿ ਪੱਖੀ ਵਿਚਾਰ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਨੂੰ ਵੀ ਸਾਂਭ ਲਿਆ । ‘ਮਾਰਵਾੜ’ ਦੀ ਪ੍ਰਮੁੱਖ ਰਿਆਸ ਉਨ੍ਹੀਂ-ਦਿਨੀਂ ‘ਜੋਧਪੁਰ’ ਸੀ। ਸਾਡਾ ਵਿਚਾਰ ਹੈ ਕਿ ਜੋਧਪੁਰ ਰਾਹੀਂ ‘ਪੋਖਰਨ’ ਦੇ ਰਸਤਿਓਂ ਭਗਤ ਜੀ ਨੇ ਅਜੋਕੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ‘ਘੁਮਾਣ’ ਵਿਚ ਪ੍ਰਵੇਸ਼ ਕੀਤਾ। ਮਰਾਠੀ ਵਿਦਵਾਨਾਂ ਨੇ ਉਨ੍ਹਾਂ ਦੇ ‘ਘੁਮਾਣ’ ਵਿਖੇ ਪਧਾਰਨ ਦੇ ਕੁਝ ਹੋਰ ਕਾਰਨ ਵੀ ਦੱਸੇ ਹਨ, ਜਿਵੇਂ ਇਕ ਵਿਦਵਾਨ ਦਾ ਕਥਨ ਹੈ:

“ਆਪਣੇ ਗੁਰੂ ਵਾਂਗ ਪਰਮ ਮਿੱਤਰ (ਸੰਤ ਗਿਆਨੇਸ਼੍ਵਰ) ਦੇ ਸਮਾਧੀ ਲੈਣ ਮਗਰੋਂ ਨਾਮਦੇਵ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਮਨ ਪੰਢਰਪੁਰ ਤੋਂ ਉਚਾਟ ਹੋ ਗਿਆ। ਉਹ ਇਕੱਲੇ ਹੀ ਪੰਢਰਪੁਰੋਂ ਨਿਕਲੇ ਅਤੇ ਸਿੱਧੇ ਹੀ ਪੰਜਾਬ ਪੁੱਜੇ… ਜੇ ਉਹ ਕਿਸੇ ਉੱਘੇ ਤੀਰਥ ਸਥਾਨ ਉੱਤੇ ਟਿਕਦੇ ਤਾਂ ਉਨ੍ਹਾਂ ਨੂੰ ਡਰ ਸੀ ਕਿ ਤੀਰਥ ਯਾਤਰਾ ਲਈ ਆਉਣ ਵਾਲੇ ਮਹਾਰਾਸ਼ਟਰ ਦੇ ਹੋਰ ਸੰਤ ਉਨ੍ਹਾਂ ਨੂੰ ਘਰ ਪਰਤਣ ਲਈ ਜ਼ੋਰ ਪਾਉਣਗੇ। ਇਸ ਲਈ ਉਨ੍ਹਾਂ ਨੇ ਇਕਦਮ ਅਣਜਾਣੀ ਦੂਰ ਵਾਲੀ ਜਗ੍ਹਾ ‘ਘੁਮਾਣ’ ਨੂੰ ਪਸੰਦ ਕੀਤਾ। ਇੱਥੇ ਹੀ ਉਹ ਆਪਣੇ ਜੀਵਨ ਦੇ ਅੰਤ ਤਕ ਰਹੇ ਅਤੇ ਇੱਥੇ ਹੀ ਰਹਿੰਦਿਆਂ ਉਨ੍ਹਾਂ ਨੇ ਆਪਣੇ ਹਿੰਦੀ ਵਾਲੇ ਪਦਾਂ ਦੀ ਰਚਨਾ ਕੀਤੀ।”

ਕੁਝ ਹੋਰ ਮਰਾਠੀ ਵਿਦਵਾਨਾਂ ਨੇ ‘ਘੁਮਾਣ’ ਦੇ ਨਾਂ ਧਰੇ ਜਾਣ ਦਾ ਪਿਛੋਕੜ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਭਗਤ ਜੀ ਦੇ ਪ੍ਰਭਾਵ ਨੂੰ ਇਨ੍ਹਾਂ ਸ਼ਬਦਾਂ ਵਿਚ ਦਰਸਾਇਆ ਹੈ:

(ੳ) ਉਹ ਘੁਮਾਣ ਦੇ ਨੇੜਲੇ ਭੂਤਵਿੰਡ, ਮਰੜ ਅਤੇ ਭੱਟੀਵਾਲ ਨਾਂ ਦੇ ਪਿੰਡਾਂ ਵਿਚ ਵੀ ਗਏ। ਭੂਤਵਿੰਡ ਵਿਖੇ ਅਡੋਲੀ ਨਾਂ ਦੀ ਇਕ ਵਿਧਵਾ ਸੀ। ਉਸ ਦਾ ਇੱਕੋ-ਇਕ ਪੁੱਤਰ ਮਜ਼ਦੂਰੀ ਕਰਕੇ ਪਰਵਾਰ ਦਾ ਢਿੱਡ ਭਰਦਾ ਸੀ। ਅਚਾਨਕ ਉਹ ਬੀਮਾਰ ਹੋ ਗਿਆ। ਪਿੰਡ ਵਿਚ ਦਵਾ-ਦਾਰੂ ਦੀ ਕਮੀ ਕਾਰਨ ਉਹ ਮਰਨ ਨੇੜੇ ਹੋ ਗਿਆ। ਪਰ ਭਗਤ ਨਾਮਦੇਵ ਜੀ ਦੇ ਅਸ਼ੀਰਵਾਦ ਕਾਰਨ ਉਹ ਨੌਂ-ਬਰ-ਨੌਂ ਹੋ ਗਿਆ। ਬਾਅਦ ਵਿਚ ਇਸੇ ਵਿਅਕਤੀ ਦਾ ਪੁੱਤਰ ਬਹੋਰ ਦਾਸ ਭਗਤ ਜੀ ਦਾ ਪਰਮ ਸ਼ਿਸ਼ ਬਣਿਆ। ਹੁਣ ਬਹੋਰ ਦਾਸ ਦੀ ਸੰਤਾਨ ਹੀ ‘ਘੁਮਾਣ’ ਵਾਲੇ ਭਗਤ ਨਾਮਦੇਵ ਜੀ ਦੇ ਧਰਮ-ਸਥਾਨ ਦੀ ਸਾਂਭ-ਸੰਭਾਲ ਕਰਦੀ ਹੈ।

ਇਸੇ ਤਰ੍ਹਾਂ ਭਗਤ ਜੀ ਦੇ ਭੱਟੀਵਾਲ ਪਿੰਡ ਵਿਖੇ ਪਧਾਰਨ ਦਾ ਪ੍ਰਸੰਗ ਵੀ ਜੁੜਿਆ ਹੋਇਆ ਹੈ। ਉਸ ਵੇਲੇ ਉਹ ਪਿੰਡ ਸੋਕੇ ਦੀ ਮਾਰ ਹੇਠ ਸੀ। ਪਿੰਡ ਦੇ ਵਸਨੀਕਾਂ ਨੇ ਸਰੋਵਰ ਪੁਟਵਾਇਆ ਅਤੇ ਉਸ ਦਾ ਨਾਂ ਭਗਤ ਜੀ ਦੇ ਨਾਂ ਉੱਤੇ ‘ਨਾਮਿਆਨਾ’ ਧਰ ਦਿੱਤਾ। ਇਸੇ ਪਿੰਡ ਵਿਚ ਉਨ੍ਹਾਂ ਨੂੰ ਹੋਰ ਦੋ ਬੰਦੇ ਮਿਲੇ। ਇਕ ਦਾ ਨਾਂ ਸੀ ‘ਜੱਲੋ’ ਉਰਫ਼ ‘ਜਲ੍ਹਣ’। ਉਹ ਤਰਖਾਣ ਦਾ ਕੰਮ ਕਰਦਾ ਸੀ। ਦੂਜਾ ਵਿਅਕਤੀ ਸੀ ‘ਲੱਧਾ’। ਉਹ ਘੁਮਾਣ ਦੇ ਲਾਗਲੇ ਪਿੰਡ ਮੱਖੋਵਾਲ ਦਾ ਵਸਨੀਕ ਅਤੇ ਜਾਤ ਦਾ ਖੱਤਰੀ ਸੀ। ਇਹ ਦੋਵੇਂ ਹੀ ਭਗਤ ਨਾਮਦੇਵ ਜੀ ਦੇ ਪੈਰੋਕਾਰ ਬਣ ਗਏ। ਇਸ ਤੋਂ ਇਹੋ ਸਿੱਟਾ ਨਿਕਲਦਾ ਹੈ ਕਿ ਉਨ੍ਹਾਂ ਦੇ ਪੈਰੋਕਾਰਾਂ ਵਿਚ ਅਖੌਤੀ ਉੱਚੀ ਜਾਤ ਦੇ ਲੋਕੀਂ ਵੀ ਸਨ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵੀ। ‘ਘੁਮਾਣ’ ਵਿਚ ਹੀ ਖੱਤਰੀ ਜਾਤ ਦਾ ਇਕ ਹੋਰ ਵਿਅਕਤੀ ਭਗਤ ਜੀ ਦਾ ਚੇਲਾ ਬਣਿਆ। ਉਸ ਨੂੰ ‘ਕੇਸ਼ੋ-ਕਲੰਦਰ’ ਸੱਦਿਆ ਜਾਂਦਾ ਸੀ। ਉਹ ਆਪਣੇ ਕਿੱਤੇ ਕਾਰਨ ‘ਬਹਾਵਲਪੁਰ ਰਿਆਸਤ’ ਵਿਚ ਜਾ ਵੱਸਿਆ। ਇਸ ਤਰ੍ਹਾਂ ਨਾਮਦੇਵ ਜੀ ਦੇ ਅਧਿਆਤਮਕ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਹੁੰਦਾ ਰਿਹਾ।

ਭਗਤ ਨਾਮਦੇਵ ਜੀ ਪੰਜਾਬ ਅਤੇ ਮਹਾਰਾਸ਼ਟਰ ਦੇ ਖੇਤੀ ਕਰਨ ਵਾਲਿਆਂ ਦੇ ਸਾਂਝੇ ਪ੍ਰੇਰਕ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ ਅਤੇ ਉਸ ਦਾ ਪ੍ਰਤੀਕ ਹੈ ਪੰਜਾਬ ਪ੍ਰਦੇਸ਼ ਦਾ ਪਿੰਡ ‘ਘੁਮਾਣ’। ਵਿਸ਼ੋਬਾ ਖੇਚਰ ਨੂੰ ਮਿਲਣ ਤੋਂ ਪਹਿਲਾਂ ਭਗਤ ਨਾਮਦੇਵ ਜੀ ਮੂਰਤੀ (ਵਿੱਠਲ) ਪੂਜਕ ਸਨ। ਉਨ੍ਹਾਂ ਦੀ ਇਸ ਸਰਗੁਣ ਭਗਤੀ ਦਾ ਸੂਚਕ ਬਸੀ ਪਠਾਣਾਂ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਚ ਭਗਤ ਨਾਮਦੇਵ ਜੀ ਹਿੰਦੂ ਮੰਦਰ ਬਣਿਆ ਹੋਇਆ ਹੈ। ਪਟਿਆਲਾ ਸ਼ਹਿਰ ਦੇ ਛਪਰਬੰਧਾ ਮੁਹੱਲੇ ਇਕ ਸਿੱਖ ਗੁਰਦੁਆਰੇ ਦਾ ਨਾਂ ਹੀ ‘ਗੁਰਦੁਆਰਾ ਭਗਤ ਨਾਮਦੇਵ ਜੀ’ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਡਾ. ਨਵਰਤਨ ਕਪੂਰ ਪਟਿਆਲ਼ਾ ਸ਼ਹਿਰ ਦੇ ਜੰਮਪਲ ਸਨ। ਉਹਨਾਂ ਦਾ ਜਨਮ 17 ਅਗਸਤ, 1933 ਈ: ਨੂੰ ਮਾਤਾ ਸ੍ਵ. ਸ੍ਰੀਮਤੀ ਸੰਤੋ ਦੇਵੀ ਕਪੂਰ ਅਤੇ ਪਿਤਾ ਸ੍ਵ. ਜੀਵਨ ਲਾਲਕਪੂਰ ਦੇ ਘਰ ਹੋਇਆ। ਉਹਨਾਂ ਦੀ ਵਿਦਿਅਕ ਯੋਗਤਾ ਐਮ.ਏ. (ਹਿੰਦੀ), ਪੰਜਾਬੀ ਯੂਨੀਵਰਸਿਟੀ ਤੋਂ ਅਤੇ ਪੀ.ਐਚ.ਡੀ. ਹਿੰਦੀ, ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹੈ।
ਆਪ ਦੀਆਂ ਪ੍ਰਕਾਸ਼ਿਤ ਰਚਨਾਵਾਂ: ਪੰਜਾਬੀ- ਪੰਜਾਬ ਦੇ ਲੋਕ ਤਿਓਹਾਰ: ਇੱਕ ਸਮਾਜਿਰ ਵਿਗਿਆਨਕ ਅਧਿਐਨ (ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਇਨਾਮ ਪ੍ਰਾਪਤ)। 2. ਲਾਲਾ ਹਰਦਿਆਲ: ਇੱਕ ਪ੍ਰਯੋਗਸ਼ੀਲ ਬੁੱਧੀਜੀਵੀ ਤੇ ਰਾਜਨੀਤਿਕ। 3. ਰਸ ਸਿਧਾਂਤ: (ਕੇਂਦਰੀ ਸਾਹਿਤ ਅਕੈਡਮੀ, ਨਵੀਂ ਦਿੱਲੀ ਵੱਲੋਂ ਇਨਾਮ ਪ੍ਰਾਪਤ)। 4. ਲਾਲ ਲਾਜਪਤ ਰਾਏ। 5. ਸਾਰਨਾਥ (ਬੋਧੀ ਤੀਰਥ ਸਥਾਨ) 6. ਸਾਧੂ ਗੁਲਾਬ ਦਾਸ। 7. ਮਹਿਮਾ ਸ੍ਰੀ ਗੁਰੂ ਅੰਗਦ ਦੇਵ ਜੀ। 8. ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੇ ਮਰਾਠੀ ਭਗਤ: ਪੁਨਰ ਮੁਲਾਂਕਣ। 9. ਪੰਜਾਬੀ ਕੋਸ਼ਕਾਰੀ: ਤੁਲਨਾਤਮਕ ਵਿਸ਼ਲੇਸ਼ਣ।
Flat No. 901, Tower No. D-3, Sagar Darshan Towers, Palm Beach Road, Nerul, Navi Mumbai-400706 (M.S)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)