ਕ੍ਰਾਂਤੀਕਾਰੀ ਸਮਾਜ ਸੁਧਾਰਕ, ਮਹਾਨ ਚਿੰਤਕ, ਵਿਚਾਰਕ, ਕਰਮਯੋਗੀ, ਮਹਾਂ ਗਿਆਨੀ, ਸੰਤ ਸ਼ਿਰੋਮਣੀ ਅਤੇ ਯੁੱਗ ਪੁਰਸ਼ ਭਗਤ ਰਵਿਦਾਸ ਜੀ ਦਾ ਮੱਧਕਾਲੀ ਉੱਤਰੀ ਭਾਰਤ ਦੀ ਸੰਤ ਪਰੰਪਰਾ ਵਿਚ ਮਹੱਤਵਪੂਰਨ ਸਥਾਨ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਆਪ ਜੀ ਦੀ ਬਾਣੀ ਦੇ ‘40 ਸ਼ਬਦ ਤੇ ਇਕ ਸਲੋਕ’ ਦਰਜ ਕੀਤਾ ਹੈ। ਭਗਤ ਰਵਿਦਾਸ ਜੀ ਮੂਲ ਰੂਪ ਵਿਚ ਅਨੁਭਵੀ ਸਾਧਕ ਸਨ, ਇਸ ਲਈ ਉਨ੍ਹਾਂ ਆਪਣੀ ਬਾਣੀ ਵਿਚ ਦਰਸ਼ਨ ਦੇ ਵਿਭਿੰਨ ਸੰਕਲਪਾਂ ਪਰਮਾਤਮਾ, ਜੀਵਾਤਮਾ, ਮਾਇਆ ਅਤੇ ਮੁਕਤੀ ਸੰਬੰਧੀ ਵਿਚਾਰ ਸਵੈ-ਆਤਮਿਕ ਅਨੁਭਵ ਤੋਂ ਪੇਸ਼ ਕੀਤੇ ਹਨ।
ਭਾਰਤੀ ਦਰਸ਼ਨ ਵਿਚ ਧਰਮ, ਅਰਥ, ਕਾਮ, ਮੋਕਸ਼ ਵਿੱਚੋਂ ਮੋਕਸ਼ ਨੂੰ ਉੱਤਮ ਮੰਨਿਆ ਗਿਆ ਹੈ। ਭਗਤ ਰਵਿਦਾਸ ਜੀ ਨੇ ਵੀ ਮੁਕਤੀ ਨੂੰ ਅੰਤਿਮ ਲਕਸ਼ ਦੱਸਿਆ ਹੈ। ਆਪ ਨੇ ਮੁਕਤੀ ਲਈ ‘ਬੇਗਮਪੁਰਾ, ਜੀਵਤ ਮੁਕਤ, ਪਰਮਾਨੰਦ, ਛੁਟਕਤ ਬਜਰ ਕਪਾਟ, ਕਟਹਿ ਜਮ ਫਾਸਾ ਤੇ ਤਜੀਲੇ ਸਰਬ ਜੰਜਾਲ’ ਆਦਿ ਸ਼ਬਦਾਂ ਤੇ ਵਾਕੰਸ਼ਾਂ ਦੀ ਵਰਤੋਂ ਕੀਤੀ ਹੈ। ਭਗਤ ਜੀ ਅਨੁਸਾਰ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਬ੍ਰਹਮ ਰੂਪ ਹੈ। ਜੀਵਾਤਮਾ ਤੇ ਪਰਮਾਤਮਾ ਦੀ ਦੂਰੀ ਮਾਇਆ ਕਾਰਨ ਹੈ। ਮਾਇਆ ਦੀ ਦਲਦਲ ਵਿਚ ਫਸ ਕੇ ਜੀਵਾਤਮਾ ਪਰਮਾਤਮਾ ਨੂੰ ਵਿਸਾਰ ਦਿੰਦੀ ਹੈ। ਇਸ ਤ੍ਰੈਗੁਣਾਤਮਕ ਮਾਇਆ ਦੇ ਤ੍ਰਿਵ੍ਰਿਧ ਤਾਪਾਂ ਤੋਂ ਛੁਟਕਾਰਾ ਪ੍ਰਾਪਤ ਕਰ ਕੇ ਪਰਮਾਤਮਾ ਨਾਲ ਮਿਲਾਪ ਹੀ ਮੁਕਤੀ ਹੈ। ਡਾ. ਜਸਬੀਰ ਸਿੰਘ ਸਾਬਰ ਅਨੁਸਾਰ:
“ਅਸਲ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਵਿਚ ਪਰੰਪਰਾਗਤ ‘ਮੁਕਤੀ’ ਦੀ ਲੋਚਾ ਕਰਨ ਦੀ ਬਜਾਏ ‘ਜੀਵਨ-ਮੁਕਤੀ’ ਦੀ ਇੱਛਾ ਪ੍ਰਗਟਾਈ ਗਈ ਹੈ। ਇਹ ਜੀਵਨ-ਮੁਕਤੀ ਲੌਕਿਕਤਾ ਨਾਲ ਜੁੜੀ ਹੋਈ ਅਥਵਾ ਪ੍ਰਾਪਤ ਹੋਏ ਦੁਰਲੱਭ ਜਨਮ ਨੂੰ ਸਫਲਾ ਬਣਾਉਣ ਦੀ ਇੱਛਾ ਪ੍ਰਗਟਾਉਂਦੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਵਿਚ ਮੁਕਤੀ ਦਾ ਅਰਥ ਮਾਇਆਵੀ ਸੰਸਾਰ ਦੇ ਸੁਖਾਂ, ਦੁੱਖਾਂ, ਕਲੇਸ਼ਾਂ, ਮੋਹ- ਮਮਤਾ ਅਥਵਾ ਗ੍ਰਿਹਸਤ ਜੀਵਨ ਦੇ ਸਾਰੇ ਬੰਧਨਾਂ ਵਿੱਚੋਂ ਨਿਕਲ ਕੇ ਪਰਮ ਪਿਤਾ ਪਰਮਾਤਮਾ ਵਿਚ ਹਮੇਸ਼ਾਂ ਲਈ ਇਕਮਿਕ ਤੇ ਇਕਰਸ ਹੋਣ ਦਾ ਨਾਮ ਹੈ।”1
ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ ਅਤੇ ਜੀਵਾਤਮਾ ਵਿਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਹੈ। ਜਿਸ ਤਰ੍ਹਾਂ ਸੋਨਾ ਅਤੇ ਸੋਨੇ ਤੋਂ ਬਣੇ ਗਹਿਣਿਆਂ ਅਤੇ ਪਾਣੀ ਅਤੇ ਪਾਣੀ ਵਿੱਚੋਂ ਉੱਠੀਆਂ ਤਰੰਗਾਂ ਦਾ ਸੰਬੰਧ ਹੈ, ਉਸੇ ਤਰ੍ਹਾਂ ਜੀਵਾਤਮਾ ਅਤੇ ਪਰਮਾਤਮਾ ਦਾ ਸੰਬੰਧ ਹੈ:
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥ (ਪੰਨਾ 93)
ਸਮੁੱਚਾ ਜਗਤ ਪਰਮਾਤਮਾ ਤੋਂ ਪੈਦਾ ਹੋਇਆ ਹੈ:
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ॥ (ਪੰਨਾ 658)
ਅੰਤਰ ਸਿਰਫ਼ ਮਾਇਆ ਕਾਰਨ ਹੈ। ਜੀਵ ਮਾਇਆ ਕਾਰਨ ਵਿਸ਼ੇ-ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਆਵਾਗਵਣ ਦੇ ਚੱਕਰਾਂ ਵਿਚ ਫਸਿਆ ਹੋਇਆ ਹੈ:
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ॥
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ॥ (ਪੰਨਾ 710)
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ (ਪੰਨਾ 486)
ਇਸ ਮਾਇਆ ਦੇ ਪ੍ਰਭਾਵ ਅਧੀਨ ਜੀਵ ਦੀ ਮੱਤ ਮਲੀਨ ਹੋ ਜਾਂਦੀ ਹੈ ਤੇ ਉਹ ਪਾਰਬ੍ਰਹਮ ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ:
ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ॥ (ਪੰਨਾ 346)
ਭਗਤ ਰਵਿਦਾਸ ਜੀ ‘ਖੂਹ ਦੇ ਡੱਡੂਆਂ’ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਖੂਹ ਦੇ ਵਿਚ ਰਹਿੰਦੇ ਡੱਡੂਆਂ ਨੂੰ ਬਾਹਰ ਦੇ ਦੇਸ-ਪਰਦੇਸ ਦੀ ਕੋਈ ਖ਼ਬਰ ਨਹੀਂ ਰਹਿੰਦੀ, ਇਸੇ ਤਰ੍ਹਾਂ ਵਿਸ਼ੇ-ਵਿਕਾਰਾਂ ਵਿਚ ਮੋਹੇ ਹੋਏ ਜੀਵ ਨੂੰ ਵੀ ਲੋਕ- ਪਰਲੋਕ ਦੀ ਕੋਈ ਸੋਝੀ ਨਹੀਂ ਰਹਿੰਦੀ :
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ॥ (ਪੰਨਾ 346)
ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਜੀਵਾਤਮਾ ਨੂੰ ਮਾਇਆਵੀ ਸੰਸਾਰ ਤੇ ਪਦਾਰਥਾਂ ਵਿੱਚੋਂ ਮਨ ਨੂੰ ਕੱਢ ਕੇ, ਤਨ ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਅਰਪਿਤ ਕਰ ਕੇ ਹੀ ਬੱਜਰ ਕਪਾਟ ਅਗਿਆਨਤਾ ਦੇ ਪਰਦੇ ਨੂੰ ਹਟਾਇਆ ਜਾ ਸਕਦਾ ਹੈ :
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ॥ (ਪੰਨਾ 346)
ਤਨੁ ਮਨੁ ਅਰਪਉ ਪੂਜ ਚਰਾਵਉ॥
ਗੁਰ ਪਰਸਾਦਿ ਨਿਰੰਜਨੁ ਪਾਵਉ॥ (ਪੰਨਾ 525)
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਮੁਕਤੀ ਲਈ ਤਿੰਨ ਸਾਧਨ-ਗਿਆਨ ਮਾਰਗ, ਕਰਮ ਮਾਰਗ ਅਤੇ ਭਗਤੀ ਮਾਰਗ ਦਰਸਾਏ ਗਏ ਹਨ। ਮੁਕਤੀ ਪ੍ਰਾਪਤੀ ਵਿਚ ਇਨ੍ਹਾਂ ਤਿੰਨਾਂ ਦਾ ਬਹੁਤ ਮਹੱਤਵ ਹੈ। ਜੀਵਾਤਮਾ ਨੂੰ ਆਪਣੀ ਵਾਸਤਵਿਕਤਾ ਦੀ ਸੂਝ ਹੋ ਜਾਣੀ ਹੀ ਗਿਆਨ ਹੈ। ਜਦੋਂ ਜੀਵ ਦੀ ਮੱਤ ਵਿਕਾਰਾਂ ਨਾਲ ਮਲੀਨ ਹੋ ਜਾਂਦੀ ਹੈ ਤਾਂ ਉਹ ਪਰਮਾਤਮਾ ਦੇ ਸਰੂਪ ਨੂੰ ਸਮਝਣ ਤੋਂ ਬਿਲਕੁਲ ਅਸਮਰੱਥ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਅਨੁਸਾਰ ਆਤਮਿਕ ਸੂਝ ਹੀ ਜੀਵ ਨੂੰ ਭਰਮ ਵਿੱਚੋਂ ਕੱਢ ਸਕਦੀ ਹੈ। ਵਾਸਤਵਿਕਤਾ ਦਾ ਗਿਆਨ ਹੋ ਜਾਣ ’ਤੇ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇਥੇ ਧਿਆਨ ਦੇਣ ਯੋਗ ਨੁਕਤਾ ਇਹ ਹੈ ਕਿ ਭਗਤ ਰਵਿਦਾਸ ਜੀ ਗਿਆਨ ’ਤੇ ਜ਼ੋਰ ਨਹੀਂ ਦਿੰਦੇ ਸਗੋਂ ਉਹ ਤਾਂ ਗੁਰੂ ਦੇ ਗਿਆਨ ’ਤੇ ਜ਼ੋਰ ਦਿੰਦੇ ਹਨ। ਗੁਰੂ ਦੇ ਗਿਆਨ ਨਾਲ ਹੀ ਜੀਵ ਮਾਇਆ ਦੇ ਮੋਹ ਜਾਲ ਵਿੱਚੋਂ ਨਿਕਲ ਕੇ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ:
ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ॥
ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ॥ (ਪੰਨਾ 486)
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਕਰਮ ਮਾਰਗ ਦਾ ਵੀ ਮਹੱਤਵ ਪ੍ਰਗਟਾਇਆ ਗਿਆ ਹੈ, ਉਨ੍ਹਾਂ ਅਨੁਸਾਰ ਚੰਗਿਆਂ-ਮਾੜਿਆਂ ਕਰਮਾਂ ਤੋਂ ਛੁਟਕਾਰਾ ਸਤਿਸੰਗਤ, ਨਾਮ-ਸਿਮਰਨ ਤੇ ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦਾ ਹੈ। ਗੁਰੂ ਦੀ ਮਿਹਰ ਸਦਕਾ ਕਰਮਾਂ ਦਾ ਲੇਖਾ-ਜੋਖਾ ਖ਼ਤਮ ਹੋ ਜਾਂਦਾ ਹੈ:
ਸਾਧੂ ਕੀ ਜਉ ਲੇਹਿ ਓਟ॥
ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ॥ (ਪੰਨਾ 1196)
ਭਗਤ ਰਵਿਦਾਸ ਜੀ ਅਨੁਸਾਰ ਕਰਮਕਾਂਡੀ ਪੂਜਾ ਕਰਨ ਵਾਲੇ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਕਰਮਕਾਂਡ ਤਾਂ ਹੰਕਾਰ ਦਾ ਕਾਰਨ ਬਣਦੇ ਹਨ। ਇਸ ਲਈ ਹੰਕਾਰ ਦੀ ਭਾਵਨਾ ਵਿਚ ਪ੍ਰਭੂ-ਪ੍ਰਾਪਤੀ ਕਿਵੇਂ ਹੋ ਸਕਦੀ ਹੈ :
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ॥
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ॥ (ਪੰਨਾ 974)
ਭਗਤ ਰਵਿਦਾਸ ਜੀ ਅਨੁਸਾਰ ਕਰਮਾਂ ਦੀ ਮਹੱਤਤਾ ਉਦੋਂ ਤਕ ਹੁੰਦੀ ਹੈ ਜਦੋਂ ਤਕ ਜੀਵਾਤਮਾ ਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਕਰਮਾਂ ਦਾ ਮਹੱਤਵ ਖ਼ਤਮ ਹੋ ਜਾਂਦਾ ਹੈ। ਜਿਵੇਂ ਫਲਦਾਰ ਰੁੱਖਾਂ ’ਤੇ ਪਹਿਲਾਂ ਫੁੱਲ ਖਿੜਦੇ ਹਨ, ਫਲ ਲੱਗਣ ’ਤੇ ਫੁੱਲ ਝੜ ਜਾਂਦੇ ਹਨ:
ਫਲ ਕਾਰਨ ਫੂਲੀ ਬਨਰਾਇ॥
ਫਲੁ ਲਾਗਾ ਤਬ ਫੂਲੁ ਬਿਲਾਇ॥
ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਹ ਕਰਮਹ ਨਾਸੁ॥ (ਪੰਨਾ 1167)
ਭਗਤ ਰਵਿਦਾਸ ਜੀ ਨੇ ਮੁਕਤੀ ਲਈ ਸਭ ਤੋਂ ਵੱਧ ਜ਼ੋਰ ਭਗਤੀ ਮਾਰਗ ’ਤੇ ਦਿੱਤਾ ਹੈ। ਡਾ. ਕੁਲਵੰਤ ਕੌਰ ਅਨੁਸਾਰ:
“ਭਗਤ ਰਵਿਦਾਸ ਜੀ ਲਈ ਪਰਮਪਦ ਦੀ ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਉਸ ਦੀ ਭਗਤੀ ਹੈ, ਜਿਸ ਨੂੰ ਸਹਿਜ ਭਗਤੀ, ਪ੍ਰੇਮ-ਭਗਤੀ ਜਾਂ ਭਾਉ ਭਗਤੀ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਉਨ੍ਹਾਂ ਦੀ ਭਗਤੀ ਦਾ ਮਾਰਗ ਕਿਸੇ ਕਰਮਕਾਂਡ, ਬਾਹਰੀ ਆਡੰਬਰ ਅਤੇ ਝੂਠੇ ਦਿਖਾਵੇ ਦਾ ਮੁਥਾਜ ਨਹੀਂ ਸਗੋਂ ਨਿਰੋਲ ਪ੍ਰੇਮ-ਪਿਆਰ ’ਤੇ ਆਧਾਰਿਤ ਹੈ। ਇਸ ਲਈ ਦੂਸਰੇ ਮਾਰਗਾਂ ਯੋਗ, ਕਰਮ ਅਤੇ ਗਿਆਨ ਮਾਰਗ ਦਾ ਮਹੱਤਵ ਇਸ ਕਰਕੇ ਹੀ ਹੈ ਕਿ ਇਹ ਪ੍ਰੇਮ-ਭਗਤੀ ਨੂੰ ਹੋਰ ਪ੍ਰਚੰਡ ਕਰਦੇ ਹਨ। ਸਮੁੱਚੀ ਭਗਤ ਰਵਿਦਾਸ ਜੀ ਦੀ ਬਾਣੀ ਦਾ ਕੇਂਦਰੀ ਨੁਕਤਾ ਭਗਤੀ ਨਾਲ ਸੰਬੰਧਿਤ ਦੂਸਰੇ ਪਹਿਲੂ ਹਨ। ਇੰਞ ਭਗਤ ਰਵਿਦਾਸ ਜੀ ਦੇ ਭਾਵ/ਪ੍ਰੇਮ ਭਗਤੀ ਰੂਪ ਬ੍ਰਿਛ ਨੂੰ ਗਿਆਨ ਦੀਆਂ ਟਾਹਣੀਆਂ, ਕਰਮ ਦੇ ਫਲ ਫੁੱਲ ਲੱਗਦੇ ਹਨ।”2
ਭਗਤ ਰਵਿਦਾਸ ਜੀ ਅਨੁਸਾਰ ਪ੍ਰਭੂ-ਭਗਤੀ ਸਭ ਤੋਂ ਸ੍ਰੇਸ਼ਟ ਮਾਰਗ ਹੈ। ਪ੍ਰਭੂ- ਭਗਤੀ ਕਰਨ ਨਾਲ ਜੀਵ ਵਿਸ਼ੇ-ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ। ਨਾਮ-ਸਿਮਰਨ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ:
ਕਹਿ ਰਵਿਦਾਸ ਸਭੈ ਜਗੁ ਲੂਟਿਆ॥
ਹਮ ਤਉ ਏਕ ਰਾਮੁ ਕਹਿ ਛੂਟਿਆ॥ (ਪੰਨਾ 794)
ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ॥
ਹਰਿ ਸਿਮਰਤ ਜਨ ਗਏ ਨਿਸਤਰਿ ਤਰੇ॥ (ਪੰਨਾ 487)
ਭਗਤੀ ਸਾਧਨਾਂ ਦੇ ਪ੍ਰਮੁੱਖ ਸਾਧਨ ਪ੍ਰੇਮਾ-ਭਗਤੀ, ਪ੍ਰਭੂ ਦੀ ਕਿਰਪਾ, ਗੁਰੂ ਤੇ ਗੁਰੂ-ਕਿਰਪਾ, ਨਾਮ-ਸਿਮਰਨ ਤੇ ਸਤਿਸੰਗਤ ਹਨ। ਪਰਮਾਤਮਾ ਨੂੰ ਪ੍ਰੇਮਾ-ਭਗਤੀ ਦੁਆਰਾ ਹੀ ਪਾਇਆ ਜਾ ਸਕਦਾ ਹੈ। ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ! ਤੂੰ ਸਾਨੂੰ ਸੰਸਾਰ ਦੇ ਮੋਹ ਵਿਚ ਜਕੜਿਆ ਸੀ, ਅਸੀਂ ਤੈਨੂੰ ਆਪਣੇ ਪ੍ਰੇਮ-ਜਾਲ ਵਿਚ ਜਕੜ ਲਿਆ ਹੈ, ਮੈਂ ਤਾਂ ਤੇਰੀ ਅਰਦਾਸ ਕਰ ਕੇ ਮੁਕਤ ਹੋ ਜਾਵਾਂਗਾ ਪਰ ਤੂੰ ਸਾਡੇ ਪ੍ਰੇਮ ਦੇ ਬੰਧਨ ਵਿੱਚੋਂ ਮੁਕਤ ਹੋ ਸਕੇਂਗਾ? ਭਗਤ ਜੀ ਅਨੁਸਾਰ :
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ॥ (ਪੰਨਾ 658)
ਭਗਤ ਰਵਿਦਾਸ ਜੀ ਅਨੁਸਾਰ ਮੇਰੀ ਉਸ ਪਰਮਾਤਮਾ ਨਾਲ ਪ੍ਰੀਤ ਪਹਾੜ ਤੇ ਮੋਰ, ਚੰਦ ਤੇ ਚਕੋਰ, ਦੀਵਾ ਤੇ ਬੱਤੀ ਅਤੇ ਤੀਰਥ ਤੇ ਯਾਤਰੀ ਵਰਗੀ ਹੈ। ਹੇ ਪਰਮਾਤਮਾ! ਮੈਂ ਤਾਂ ਸਾਰੇ ਸੰਸਾਰ ਨਾਲ ਪ੍ਰੀਤ ਤੋੜ ਕੇ ਤੇਰੇ ਨਾਲ ਪਾ ਲਈ ਹੈ :
ਜਉ ਤੁਮ ਗਿਰਿਵਰ ਤਉ ਹਮ ਮੋਰਾ॥
ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ॥…
ਜਉ ਤੁਮ ਦੀਵਰਾ ਤਉ ਹਮ ਬਾਤੀ॥
ਜਉ ਤੁਮ ਤੀਰਥ ਤਉ ਹਮ ਜਾਤੀ॥
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (ਪੰਨਾ 658-59)
ਆਪ ਮੱਛੀ ਤੇ ਪਾਣੀ ਦੇ ਪਿਆਰ ਦੀ ਉਦਾਹਰਣ ਦੇ ਕੇ ਸਪੱਸ਼ਟ ਕਰਦੇ ਹਨ ਕਿ ਇਹ ਪ੍ਰੀਤ ਇਹੋ ਜਿਹੀ ਹੈ ਜਿਹੋ ਜਿਹੀ ਮੱਛੀ ਦੀ ਪਾਣੀ ਨਾਲ ਹੈ। ਸ਼ਿਕਾਰੀ ਮੱਛੀ ਨੂੰ ਫੜ ਕੇ, ਟੋਟੇ-ਟੋਟੇ ਕਰ ਅੱਗ ਉੱਪਰ ਪਕਾ ਕੇ ਖਾ ਲੈਂਦਾ ਹੈ। ਮੱਛੀ ਪੇਟ ਵਿਚ ਜਾ ਕੇ ਵੀ ਫਿਰ ਪਾਣੀ ਮੰਗਦੀ ਹੈ:
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥ (ਪੰਨਾ 658)
ਇਸ ਲਈ ਭਗਤ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ! ਮੈਂ ਸਾਰੇ ਆਸਰੇ ਛੱਡ ਕੇ ਆਪ ਦੀ ਸ਼ਰਨ ਵਿਚ ਆ ਗਿਆ ਹਾਂ, ਹੁਣ ਤੂੰ ਹੀ ਮੇਰੀ ਲਾਜ ਰੱਖ:
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ॥
ਜਿਉ ਜਾਨਹੁ ਤਿਉ ਕਰੁ ਗਤਿ ਮੇਰੀ॥ (ਪੰਨਾ 793)
ਭਗਤ ਜੀ ਅਨੁਸਾਰ ਮਾਇਆ ਵਿਚ ਫਸੇ ਜੀਵਾਂ ਦੀ ਮਨ-ਬਚਨ-ਕਰਮ ਵਿਚ ਏਕਤਾ ਨਹੀਂ ਰਹਿੰਦੀ ਪਰ ਜੇਕਰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਤਾਂ ਉਸ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਆਤਮਿਕ ਸੂਝ ਦਾ ਪ੍ਰਕਾਸ਼ ਹੋ ਜਾਂਦਾ ਹੈ:
ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ॥
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ॥ (ਪੰਨਾ 658)
ਉਪਜਿਓ ਗਿਆਨੁ ਹੂਆ ਪਰਗਾਸ॥
ਕਰਿ ਕਿਰਪਾ ਲੀਨੇ ਕੀਟ ਦਾਸ॥ (ਪੰਨਾ 875)
ਭਗਤ ਜੀ ਅਨੁਸਾਰ ਜੇਕਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਉਹ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਹੈ:
ਐਸੀ ਲਾਲ ਤੁਝ ਬਿਨੁ ਕਉਨੁ ਕਰੈ॥
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥1॥ ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ॥
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ 1106)
ਜੀਵਾਤਮਾ ਦੀ ਮੁਕਤੀ ਵਿਚ ਗੁਰੂ ਦਾ ਵਿਸ਼ੇਸ਼ ਮਹੱਤਵ ਹੈ। ਗੁਰਬਾਣੀ ਵਿਚ ਤਾਂ ਗੁਰੂ ਦਾ ਦਰਜਾ ਬਹੁਤ ਹੀ ਉੱਚਾ ਮੰਨਿਆ ਗਿਆ ਹੈ:
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰਨਾ 463)
ਭਗਤ ਰਵਿਦਾਸ ਜੀ ਗੁਰੂ ਦੇ ਮਹੱਤਵ ਨੂੰ ਪ੍ਰਗਟਾਉਂਦੇ ਹੋਏ ਕਹਿੰਦੇ ਹਨ ਕਿ ਜਿਸ ਤਰ੍ਹਾਂ ਸੂਰਜ ਨਿਕਲਦਿਆਂ ਹੀ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਪਾਰਸ ਦੀ ਛੋਹ ਨਾਲ ਤਾਂਬਾ ਵੀ ਸੋਨਾ ਹੋ ਨਿਬੜਦਾ ਹੈ ਇਸੇ ਤਰ੍ਹਾਂ ਹੀ ਪੂਰਬਲੇ ਜਨਮਾਂ ਵਿਚ ਕੀਤੇ ਚੰਗੇ ਕਰਮਾਂ ਕਾਰਨ ਪਰਮ ਪਾਰਸ ਰੂਪੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਜੀਵ ਦੇ ਮਨ ਦੇ ਬੱਜਰ ਕਪਾਟ ਖੋਲ੍ਹ ਦਿੰਦਾ ਹੈ ਅਤੇ ਪਰਮਾਤਮਾ ਨਾਲ ਮਿਲਾਪ ਕਰਵਾ ਦਿੰਦਾ ਹੈ:
ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ॥
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ॥
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ॥
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ॥ (ਪੰਨਾ 346)
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਨਾਮ-ਸਿਮਰਨ ਨੂੰ ਮੁਕਤੀ ਦਾ ਵਿਸ਼ੇਸ਼ ਸਾਧਨ ਮੰਨਿਆ ਗਿਆ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਨਾਮ-ਸਿਮਰਨ ਹੈ। ਇਸ ਲਈ ਆਪ ਦੀ ਬਾਣੀ ਵਿਚ ਇਸ ਦੀ ਮਹਿਮਾ ਵਾਰ-ਵਾਰ ਗਾਈ ਗਈ ਹੈ। ਭਗਤ ਜੀ ਦਾ ਵਿਚਾਰ ਹੈ ਕਿ ਸਤਿਜੁਗ ਵਿਚ ਸੱਤ ਜਾਂ ਦਾਨ ਪੁੰਨ ਉੱਤੇ, ਤ੍ਰੇਤਾ ਵਿਚ ਹਵਨ ਯੱਗ ਕਰਨ ਉੱਤੇ ਅਤੇ ਦੁਆਪਰ ਵਿਚ ਨੇਕ ਰਹਿਣੀ ਉੱਤੇ ਬਲ ਦਿੱਤਾ ਜਾਂਦਾ ਸੀ ਪਰ ਕਲਯੁਗ ਵਿਚ ਕੇਵਲ ਨਾਮ ਹੀ ਜੀਵਾਂ ਦਾ ਇੱਕੋ-ਇੱਕ ਆਸਰਾ ਹੈ:
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ॥
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ॥ (ਪੰਨਾ 346)
ਇਸੇ ਲਈ ਭਗਤ ਜੀ ਆਪਣੇ ਆਪ ਨੂੰ ਨਾਮ ਦਾ ਵਣਜਾਰਾ ਕਹਿੰਦੇ ਹਨ ਕਿਉਂਕਿ ਜਿੱਥੇ ਸੰਸਾਰ ਦੇ ਜੀਵ ਮਾਇਆ ਰੂਪੀ ਬਿਖ (ਜ਼ਹਿਰ) ਦਾ ਵਪਾਰ ਕਰਨ ’ਤੇ ਲੱਗੇ ਹੋਏ ਹਨ ਉਥੇ ਭਗਤ ਜੀ ਆਪ ਰਾਮ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਵਿਚ ਲੱਗੇ ਹੋਏ ਹਨ:
ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਹਾਪਾਰੁ॥
ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ॥ (ਪੰਨਾ 346)
ਭਗਤ ਜੀ ਨੇ ਆਪਣੀ ਬਾਣੀ ‘ਆਰਤੀ’ ਵਿਚ ਨਾਮ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਹੇ ਪਰਮਾਤਮਾ! ਮੇਰੇ ਲਈ ਜੋ ਕੁਝ ਹੈ, ਸਿਰਫ਼ ਤੇਰਾ ਨਾਮ ਹੈ। ਤੇਰਾ ਨਾਮ ਹੀ ਮੇਰੀ ਆਰਤੀ ਹੈ। ਤੇਰੇ ਨਾਮ ਤੋਂ ਬਿਨਾਂ ਆਰਤੀ ਵਿਚ ਵਰਤੀ ਜਾਂਦੀ ਸਾਰੀ ਸਮੱਗਰੀ ਵਿਅਰਥ ਹੈ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥…
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥ (ਪੰਨਾ 694)
ਜੀਵਾਤਮਾ ਦੀ ਮੁਕਤੀ ਲਈ ਸਤਿਸੰਗ ਦਾ ਵਿਸ਼ੇਸ਼ ਮਹੱਤਵ ਹੈ। ਸਤਿਸੰਗ ਵਿਚ ਜਾ ਕੇ ਅਤੇ ਉਥੋਂ ਸ਼ੁਭ ਉਪਦੇਸ਼ ਸੁਣ ਕੇ ਮਨੁੱਖ ਦੇ ਮਨ ਵਿਚ ਪ੍ਰਭੂ ਲਈ ਪਿਆਰ ਪੈਦਾ ਹੋਣਾ ਸੁਭਾਵਿਕ ਹੈ ਜਿਹੜਾ ਭਗਤੀ ਦਾ ਅਵੱਸ਼ਕ ਤੱਤ ਹੈ।3 ਭਗਤ ਰਵਿਦਾਸ ਜੀ ਦੀ ਬਾਣੀ ਵਿਚ ਸਤਿਸੰਗਤ ਦੀ ਮਹਾਨਤਾ ਦਾ ਵਰਣਨ ਕੀਤਾ ਗਿਆ ਹੈ ਕਿ ਸਾਧ ਸੰਗਤ ਦੇ ਭਾਵ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ:
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ (ਪੰਨਾ 694)
ਭਗਤ ਰਵਿਦਾਸ ਜੀ ਸਤਿਸੰਗਤ ਨੂੰ ਸ਼ਹਿਦ ਤੇ ਸ਼ਹਿਦ ਦੀਆਂ ਮੱਖੀਆਂ ਨਾਲ ਤੁਲਨਾ ਕਰਦਿਆਂ ਕਹਿੰਦੇ ਹਨ ਕਿ ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਨਾਲ ਜੁੜੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਹੀ ਸਤਿਸੰਗੀ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਨ ਲਈ ਸਤਿਸੰਗਤ ਵਿਚ ਜੁੜਦੇ ਹਨ:
ਮਾਧਉ ਸਤਸੰਗਤਿ ਸਰਨਿ ਤੁਮਾ੍ਰੀ॥
ਹਮ ਅਉਗਨ ਤੁਮ੍ ਉਪਕਾਰੀ॥1॥ਰਹਾਉ॥
ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ॥
ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (ਪੰਨਾ 486)
ਭਗਤ ਰਵਿਦਾਸ ਜੀ ਅਨੁਸਾਰ ਮਨੁੱਖ ਦੀ ਜਿਹੋ ਜਿਹੀ ਸੰਗਤ ਹੁੰਦੀ ਹੈ ਉਹੋ ਜਿਹਾ ਹੀ ਗੁਣ ਧਾਰਨ ਕਰ ਲੈਂਦਾ ਹੈ। ਆਪ ਆਪਣੀ ਵਿਅਕਤੀਗਤ ਉਦਾਹਰਣ ਦੇ ਕੇ ਸਪੱਸ਼ਟ ਕਰਦੇ ਹਨ ਕਿ ਉਹ ਸੰਤਾਂ ਦੀ ਸੰਗਤ ਨਾਲ ਇਰੰਡ ਤੋਂ ਚੰਦਨ ਹੋ ਗਏ ਹਨ ਅਤੇ ਨੀਵੀਂ ਜਾਤੀ ਤੋਂ ਉੱਚੀ ਜਾਤੀ ਦੇ ਬਣ ਗਏ ਹਨ:
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ॥
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ॥ (ਪੰਨਾ 486)
ਉਪਰੋਕਤ ਸਮੁੱਚੀ ਚਰਚਾ ਤੋਂ ਬਾਅਦ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਭਗਤ ਰਵਿਦਾਸ ਜੀ ਦੀ ਬਾਣੀ ਵਿਚ ਮੁਕਤੀ ਦੇ ਤਿੰਨ ਸਾਧਨ-ਗਿਆਨ, ਕਰਮ ਤੇ ਭਗਤੀ ਮਾਰਗ ਦਰਸਾਏ ਹਨ। ਆਪ ਨੇ ਕਰਮ ਮਾਰਗ ਤੇ ਗਿਆਨ ਮਾਰਗ ਦੀ ਮਹੱਤਤਾ ਦਾ ਵਰਣਨ ਕਰਦਿਆਂ ਭਗਤੀ ਮਾਰਗ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਭਗਤੀ ਦ ਪ੍ਰਮੁੱਖ ਸਾਧਨ ਪ੍ਰੇਮਾ-ਭਗਤੀ, ਪਰਮਾਤਮਾ ਦੀ ਕਿਰਪਾ, ਗੁਰੂ ਤੇ ਗੁਰੂ-ਕਿਰਪਾ, ਨਾਮ-ਸਿਮਰਨ ਅਤੇ ਸਤਿਸੰਗਤ ਆਦਿ ਹਨ। ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ-ਪ੍ਰਾਪਤੀ ਦਾ ਪ੍ਰਮੁੱਖ ਸਾਧਨ ਪ੍ਰੇਮਾ-ਭਗਤੀ ਹੈ। ਜੀਵਾਤਮਾ ਗੁਰੂ ਦੀ ਬਖ਼ਸ਼ਿਸ਼ ਤੇ ਉਸ ਦੁਆਰਾ ਦਿੱਤੇ ਨਾਮ-ਸਿਮਰਨ ਰਾਹੀਂ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰ ਕੇ ‘ਬੇਗਮਪੁਰੇ’ ਦਾ ਵਾਸੀ ਬਣ ਜਾਂਦੀ ਹੈ:
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਪੰਨਾ 345)
ਹਵਾਲੇ ਅਤੇ ਟਿੱਪਣੀਆਂ:
1. ਡਾ. ਜਸਬੀਰ ਸਿੰਘ ਸਾਬਰ, ਰਵਿਦਾਸ ਬਾਣੀ: ਬਹੁਪੱਖੀ ਅਧਿਐਨ, ਪੰਨਾ 135.
2. ਡਾ. ਕੁਲਵੰਤ ਕੌਰ, ਬਾਣੀ ਭਗਤ ਰਵਿਦਾਸ-ਇਕ ਅਧਿਐਨ, ਪੰਨਾ 155-156.
3. ਉਹੀ, ਪੰਨਾ 155.
ਲੇਖਕ ਬਾਰੇ
- ਪ੍ਰੋ. ਸੀਤਲ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b8%e0%a9%80%e0%a8%a4%e0%a8%b2-%e0%a8%b8%e0%a8%bf%e0%a9%b0%e0%a8%98/September 1, 2007
- ਪ੍ਰੋ. ਸੀਤਲ ਸਿੰਘhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%b8%e0%a9%80%e0%a8%a4%e0%a8%b2-%e0%a8%b8%e0%a8%bf%e0%a9%b0%e0%a8%98/October 1, 2007