editor@sikharchives.org
ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ – ਜੀਵਨ ਤੇ ਬਾਣੀ

ਭਾਰਤ ਦੇ ਮੱਧ ਯੁੱਗ ਵਿਚ ਵਿਆਪਕ ਭਗਤੀ ਲਹਿਰ ਦੇ ਸੰਤਾਂ-ਭਗਤਾਂ ਵਿਚ ਭਗਤ ਰਵਿਦਾਸ ਜੀ ਦਾ ਸਤਿਕਾਰਯੋਗ ਸਥਾਨ ਹੈ
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤ ਰਵਿਦਾਸ ਜੀ ਮੱਧਕਾਲੀਨ ਭਾਰਤ ਦੀ ਮਹਾਨ ਅਧਿਆਤਮਿਕ ਸ਼ਖ਼ਸੀਅਤ ਹੋਏ ਹਨ ਜੋ ਭਗਤੀ ਦੀ ਸਰਬ-ਉੱਚ ਅਵਸਥਾ ਪ੍ਰਾਪਤ ਕਰ ਚੁੱਕੇ ਪ੍ਰਭੂ ਦੇ ਸੱਚੇ ਉਪਾਸ਼ਕ, ਸਵੈ-ਪ੍ਰਕਾਸ਼ਿਤ ਆਤਮਾ, ਬ੍ਰਹਮ-ਗਿਆਨੀ, ਨਿਰਮਾਣ, ਸਮ-ਦ੍ਰਿਸ਼ਟ, ਨਿਰਲੇਪ, ਸੱਚ ਦਾ ਹੋਕਾ ਦੇਣ ਵਾਲੇ, ਦਿੱਬ-ਦ੍ਰਿਸ਼ਟੀ ਦੇ ਮਾਲਕ, ਸਮਾਜਿਕ ਚਿੰਤਕ ਤੇ ਦਾਰਸ਼ਨਿਕ ਆਗੂ, ਇਨਕਲਾਬੀ ਰਹਿਬਰ, ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤੇ ਕਰਮਯੋਗੀ ਸੰਤ ਕਹੇ ਗਏ ਹਨ। ਇਤਨਾ ਹੀ ਨਹੀਂ ਭਾਰਤ ਦੇ ਮੱਧ ਯੁੱਗ ਵਿਚ ਵਿਆਪਕ ਭਗਤੀ ਲਹਿਰ ਦੇ ਸੰਤਾਂ-ਭਗਤਾਂ ਵਿਚ ਭਗਤ ਰਵਿਦਾਸ ਜੀ ਦਾ ਸਤਿਕਾਰਯੋਗ ਸਥਾਨ ਹੈ, ਪਰ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਬਾਣੀਕਾਰ ਹੋਣ ਦਾ ਦਰਜਾ ਪ੍ਰਾਪਤ ਹੈ।

ਭਗਤ ਰਵਿਦਾਸ  ਜੀ ਦਾ ਜੀਵਨ:

ਭਗਤ ਰਵਿਦਾਸ ਜੀ ਦੇ ਜਨਮ, ਨਾਮ ਤੇ ਮਾਤਾ-ਪਿਤਾ ਬਾਰੇ ਵੱਖ-ਵੱਖ ਇਤਿਹਾਸਕਾਰਾਂ ਨੇ ਅੱਡ-ਅੱਡ ਵਿਚਾਰ ਦਿੱਤੇ ਹਨ। ਵਿਦਵਾਨਾਂ ਦੀ ਰਾਇ ਹੈ ਕਿ “ਭਗਤ ਰਵਿਦਾਸ ਜੀ ਦੇ ਜੀਵਨ ਦਾ ਸਮਾਂ ਲੱਗਭਗ ਸੰਨ 1384 ਤੋਂ ਸੰਨ 1514 ਦੇ ਵਿਚਕਾਰ ਮੰਨਿਆ ਜਾ ਸਕਦਾ ਹੈ। ਇਨ੍ਹਾਂ ਦੇ ਨਿਸਚਿਤ ਸਮੇਂ ਬਾਰੇ ਅਜੇ ਤਕ ਕੋਈ ਨਿਰਣਾ ਨਹੀਂ ਕੀਤਾ ਜਾ ਸਕਿਆ।”1 ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦਾਂ ਵਿਚ, “ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ, ਇਹ ਗਿਆਨ ਦੇ ਬਲ ਕਰਕੇ ਪਰਮਪਦ ਪਦਵੀ ਨੂੰ ਪ੍ਰਾਪਤ ਹੋਇਆ, ਰਵਿਦਾਸ ਕਬੀਰ ਦਾ ਸਮਕਾਲੀ ਸੀ, ਇਸ ਨੂੰ ਬਹੁਤ ਪੁਸਤਕਾਂ ਵਿਚ ਰੈਦਾਸ ਭੀ ਲਿਖਿਆ ਹੈ, ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ…”2 ਇਨ੍ਹਾਂ ਨੂੰ ਭਗਤ ਰਾਮਾਨੰਦ ਜੀ ਦੇ ਸ਼ਿਸ਼ ਮੰਨਿਆ ਜਾਂਦਾ ਹੈ। ਹਿੰਦੂ ਵਿਦਵਾਨ ਡਾ. ਧਰਮਪਾਲ ਸਿੰਗਲ ਨੇ ਭਵਿਸ਼ ਪੁਰਾਣ ਦੇ ਗ੍ਰੰਥ ਦੇ ਹਵਾਲੇ ਨਾਲ ਲਿਖਿਆ ਹੈ ਕਿ ਆਪ ਦੇ ਨਾਮ ਭਾਵੇਂ ਰੂਈਦਾਸ, ਰਮਾਦਾਸ, ਰੈਦਾਸ ਅਤੇ ਰਵਿਦਾਸ ਲਏ ਜਾਂਦੇ ਹਨ, ਪਰੰਤੂ ਅਸਲ ਨਾਮ ਰਵਿਦਾਸ ਹੀ ਠੀਕ ਹੈ।…ਆਪ ਦੇ ਪਿਤਾ ਸ੍ਰੀ ਰਾਘਵ (ਰਘੂ ਨਾਥ ਮੱਲ) ਅਤੇ ਮਾਤਾ ਸ੍ਰੀਮਤੀ ਕਰਮਾ ਦੇਵੀ ਸਨ।…ਇਹ ਪਰਵਾਰ ਬਨਾਰਸ ਦੇ ਨੇੜਲੇ ਪਿੰਡ ਮੰਡੂਆ ਡੀਹ (ਜਾਂ ਮਾਂਡੂਰ) ਵਿਖੇ ਨਿਵਾਸ ਕਰਦਾ ਸੀ। ਭਗਤ ਰਵਿਦਾਸ ਜੀ ਨੇ ਸੰਮਤ 1433 ਮਾਘ ਸੁਦੀ ਪੁੰਨਿਆਂ ਨੂੰ ਜਨਮ ਲਿਆ। ਇਸ ਦਿਨ ਐਤਵਾਰ ਸੀ ਇਸੇ ਕਾਰਨ ਬਾਲਕ ਦਾ ਨਾਮ ‘ਰਵਿਦਾਸ’ ਰੱਖਿਆ ਮੰਨਿਆ ਜਾਂਦਾ ਹੈ। ਇਸੇ ਮੁਤਾਬਿਕ ਹੀ ਅੱਜ ਸਾਰੇ ਸੰਸਾਰ ਵਿਚ ਆਪ ਦਾ ਜਨਮ-ਦਿਹਾੜਾ ਮਨਾਇਆ ਜਾਂਦਾ ਹੈ।3

ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਉਨ੍ਹਾਂ ਦੀ ਜਾਤੀ ਤੇ ਕਿੱਤੇ ਬਾਰੇ ਸਪੱਸ਼ਟ ਜਾਣਕਾਰੀ ਮਿਲਦੀ ਹੈ। ਆਪ ਕਥਿਤ ਚਮਾਰ ਜਾਤੀ ਵਿੱਚੋਂ ਸਨ ਅਤੇ ਆਪ ਦੇ ਵੱਡੇ-ਵਡੇਰੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਅਤੇ ਜੋੜੇ ਗੰਢਣ ਦਾ ਕਿੱਤਾ ਕਰਦੇ ਸਨ। ਇਨ੍ਹਾਂ ਨੂੰ ਨੀਂਵੀਂ ਮੰਨੀ ਜਾਂਦੀ ਜਾਤੀ ਅਤੇ ਕਿੱਤੇ ਕਾਰਨ ਉਸ ਸਮੇਂ ਦੇ ਸਮਾਜ ਤੇ ਅਖੌਤੀ ਧਰਮ ਦੇ ਠੇਕੇਦਾਰ-ਹੱਥੋਂ ਕਾਫ਼ੀ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਪਣੇ ਕਿੱਤੇ ਨੂੰ ਤਿਆਗਿਆ ਨਹੀਂ। ਆਪ ਲਿਖਦੇ ਹਨ:

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥ (ਪੰਨਾ 1293)

ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥ (ਪੰਨਾ 346)

ਉਨ੍ਹਾਂ ਨੇ ਬਾਣੀ ਵਿਚ ਆਪਣੀ ਨਿੱਤ ਦੀ ਕਿਰਤ ਨਾਲ ਸੰਬੰਧਿਤ ਆਰ, ਰਾਂਬੀ ਆਦਿ ਔਜ਼ਾਰਾਂ ਦਾ ਵੀ ਜ਼ਿਕਰ ਕੀਤਾ ਹੈ।

ਭਗਤ ਰਵਿਦਾਸ ਜੀ ਬੇਸ਼ੱਕ ਬਾਹਰੀ ਤੌਰ ’ਤੇ ਕਿਰਤ ਕਰਦੇ ਰਹੇ ਪਰ ਅੰਦਰੋਂ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ ਸਨ। ਇਸ ਦਾ ਸਿੱਟਾ ਇਹ ਹੋਇਆ ਕਿ ਆਪ ਨੇ ਮਿਸਾਲ ਕਾਇਮ ਕਰ ਦਿੱਤੀ ਕਿ ਪ੍ਰਭੂ-ਭਗਤੀ ਤੇ ਸ਼ੁਭ-ਅਮਲਾਂ ਸਦਕਾ ਮਨੁੱਖ ਪੂਜਣਯੋਗ ਬਣ ਸਕਦਾ ਹੈ। ਭਗਤ ਰਵਿਦਾਸ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ ਸੀ। ਬਹੁਤ ਸਾਰੇ ਪ੍ਰਸਿੱਧ ਵਿਦਵਾਨ ਬ੍ਰਾਹਮਣ ਵੀ ਭਗਤ ਰਵਿਦਾਸ ਜੀ ਦੀ ਸੰਗਤ ਵਿਚ ਆ ਕੇ ਆਪ ਜੀ ਨੂੰ ਸੀਸ ਝੁਕਾਉਂਦੇ ਸਨ। ਇਸ ਤੱਥ ਦੀ ਪੁਸ਼ਟੀ ਉਨ੍ਹਾਂ ਦੀ ਬਾਣੀ ਵਿੱਚੋਂ ਹੀ ਹੋ ਜਾਂਦੀ ਹੈ:

ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ॥ (ਪੰਨਾ 1293)

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥ (1293)

‘ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ’ ਇਹ ਤੁਕ ਭਗਤ ਰਵਿਦਾਸ ਜੀ ਦੇ ਜੀਵਨ ਨੂੰ ਪ੍ਰਤੀਬਿੰਬਤ ਕਰਦੀ ਹੈ ਕਿ ਉਨ੍ਹਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਸਮਾਜ ਵਿਚ ਉੱਚਾ ਸਥਾਨ ਮਿਲਿਆ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ “ਰਾਜਸਥਾਨ ਵਿਚ ਮੇੜਤਾ ਦੀ ਮਹਾਰਾਣੀ ਮੀਰਾ ਬਾਈ ਅਤੇ ਮੇਵਾੜ ਦੀ ਰਾਣੀ ਝਾਲੀ ਇਨ੍ਹਾਂ ਦੀਆਂ ਚੇਲੀਆਂ ਸਨ।”4 ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਸੰਕੇਤ ਦਿੱਤਾ ਹੈ ਕਿ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ, ਭਗਤ ਸੈਣ ਜੀ ਆਦਿ ਵੀ ਉੱਚੀਆਂ ਅਵਸਥਾਵਾਂ ’ਤੇ ਪਹੁੰਚੇ:

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ (ਪੰਨਾ 1106)

ਭਗਤ ਰਵਿਦਾਸ ਜੀ ਆਪਣੇ ਨਗਰ ਦੇ ਲੋਕਾਂ ਨੂੰ ਕਹਿੰਦੇ ਹਨ ਕਿ ਮੈਨੂੰ ਤੁਸੀਂ ਲੋਕ ਬਹੁਤ ਨੀਂਵੀਂ ਜਾਤ ਦਾ ਸਮਝਦੇ ਹੋ ਪਰ ਮੈਂ ‘ਰਿਦੈ ਰਾਮ ਗੋਬਿੰਦ ਗੁਨ ਸਾਰੰ’ (1293) ਭਾਵ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ ਇਸ ਲਈ ਮੈਂ ਨੀਚ ਨਹੀਂ ਰਹਿ ਗਿਆ। ਆਪ ਉਦਾਹਰਣ ਦੇ ਕੇ ਪ੍ਰਭੂ-ਨਾਮ ਦੀ ਮਹਿਮਾ ਦਾ ਮਹੱਤਵ ਦੱਸਦੇ ਹਨ ਕਿ ਜਿਵੇਂ ਸ਼ਰਾਬ ਗੰਗਾ ਜਲ ਦੀ ਬਣਾਈ ਭੀ ਮਾੜੀ ਹੈ ਤੇ ਸੰਤ-ਜਨ ਸ਼ਰਾਬ ਦਾ ਸੇਵਨ ਨਹੀਂ ਕਰਦੇ। ਅਗਰ ਇਹੀ ਸ਼ਰਾਬ ਗੰਗਾ ਨਦੀ ਵਿਚ ਡੋਲ੍ਹ ਦਿੱਤੀ ਜਾਵੇ ਤਾਂ ਇਹ ਭੀ ਗੰਗਾ ਹੀ ਹੋ ਜਾਂਦੀ ਹੈ। ਤਾੜ ਦੇ ਰੁੱਖ ਤੋਂ ਇਕ ਨਸ਼ੀਲਾ ਰਸ ਤਾੜੀ ਨਿਕਲਣ ਕਰਕੇ ਲੋਕੀਂ ਇਸ ਰੁੱਖ ਨੂੰ ਹੀ ਅਪਵਿੱਤਰ ਮੰਨਦੇ ਹਨ। ਜੇ ਇਸ ਰੁੱਖ ਦੀ ਲੱਕੜ ਦਾ ਕਾਗਜ਼ ਬਣਾ ਕੇ ਉੱਪਰ ਪਰਮੇਸ਼ਰ ਦੇ ਨਾਮ ਦੀ ਮਹਿਮਾ ਲਿਖੀ ਜਾਵੇ ਤਾਂ ਉਹ ਵੀ ਪੂਜਣਯੋਗ ਹੋ ਜਾਂਦਾ ਹੈ:

ਸੁਰਸਰੀ ਸਲਲ ਕਿਤ੍ਰ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ॥1॥
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥2॥ (ਪੰਨਾ 1293)

ਪ੍ਰੋ. ਕ੍ਰਿਸ਼ਨ ਸਿੰਘ ਦੇ ਲੇਖ ‘ਭਗਤ ਰਵਿਦਾਸ ਜੀ ਦੀ ਬਾਣੀ ਵਿਚ ਜਾਤ-ਪਾਤੀ ਪ੍ਰਬੰਧ ਵਿਰੁੱਧ ਵਿਦਮਾਨ ਗੁਰਮਤਿ ਚੇਤਨਾ’ ਵਿਚ ਦਿੱਤੇ ਇਹ ਵਿਚਾਰ ਪੜ੍ਹਨਯੋਗ ਹਨ: “…ਥਾਂ-ਥਾਂ ਉਨ੍ਹਾਂ ਆਪਣੀ ਜਾਤ ਬਾਰੇ ਜ਼ਿਕਰ ਕੀਤਾ ਹੈ, ਪਰ ਨੀਵੀਂ ਜਾਤੀ ਦੇ ਤੌਰ ’ਤੇ ਕਿਸੇ ਵੀ ਪੱਖੋਂ ਉਹ ਹੀਣ-ਭਾਵਨਾ ਦਾ ਸ਼ਿਕਾਰ ਹੋਏ ਪ੍ਰਤੀਤ ਨਹੀਂ ਹੁੰਦੇ। ‘ਕਹੈ ਰਵਿਦਾਸ ਚਮਾਰਾ’, ‘ਖਲਾਸ ਚਮਾਰਾ’ ਦੀਆਂ ਤੁਕਾਂ ਤੋਂ ਇਹ ਭਲੀ-ਭਾਂਤ ਪ੍ਰਤੱਖ ਹੁੰਦਾ ਹੈ। ਦੂਜੀ ਵਿਸ਼ੇਸ਼ ਗੱਲ ਇਹ ਵੀ ਹੈ ਕਿ ਭਗਤ ਕਬੀਰ ਜੀ ਦੀ ਤਰ੍ਹਾਂ ਉਨ੍ਹਾਂ ਦਾ ਮਨੁੱਖਤਾ/ਸਾਧਕ/ਸੰਤ/ਭਗਤ ਦਾ ਸਹੀ ਮਾਪ-ਦੰਡ ਤਾਂ ਪ੍ਰਭੂ ਦਾ ਨਾਮ ਹੈ। ਜੇਕਰ ਮਨੁੱਖ ਹੋ ਕੇ ਵੀ ਮਨੁੱਖ, ਪ੍ਰਭੂ ਦਾ ਸਿਮਰਨ ਅਥਵਾ ਜਾਪ ਨਹੀਂ ਕਰਦਾ ਉਹ ਭਾਵੇਂ ਕਿੰਨੀ ਵੀ ਉੱਚੀ ਸਮਝੀ ਜਾਂਦੀ ਜਾਤੀ ਦਾ ਵੀ ਕਿਉਂ ਨਾ ਹੋਵੇ ਤਾਂ ਸਮਝੋ, ਉਹ ਮਾਨਵੀ ਜੀਵਨ ਦੇ ਪ੍ਰਯੋਜਨ ਤੋਂ ਕੋਰਾ ਹੈ। ਭਗਤ ਕਬੀਰ ਜੀ ਦਾ ਤਾਂ ਕਥਨ ਹੈ ਕਿ ਮੇਰੀ ਮੱਤ ਅਨੁਸਾਰ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਦਾ ਗਿਆਤਾ ਹੈ:

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥” 5 (ਪੰਨਾ 324)

ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਊਚ-ਨੀਚ ਤੇ ਜਾਤ-ਪਾਤ ਦੇ ਭੇਦ-ਭਾਵ ਦਾ ਤਾਰਕਿਕ ਪੱਧਰ ’ਤੇ ਮੁੱਢੋਂ ਹੀ ਖੰਡਨ ਕਰਦਿਆਂ ਪ੍ਰਭੂ-ਭਗਤ ਨੂੰ ਸਾਰਿਆਂ ਨਾਲੋਂ ਸ੍ਰੇਸ਼ਟ ਦਰਜਾ ਦਿੱਤਾ ਹੈ:

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ॥ (ਪੰਨਾ 858)

ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਇਸ ਤੱਥ ਦੀ ਪ੍ਰੋੜ੍ਹਤਾ ਕੀਤੀ ਹੈ ਕਿ ਚਾਰ ਵਰਨਾਂ ਤੇ ਚਾਰ ਆਸ਼ਰਮਾਂ ਵਿਚ ਜੋ ਵੀ ਹਰਿ ਧਿਆਉਂਦਾ ਹੈ, ਉਹੀ ਸਭ ਤੋਂ ਸ੍ਰੇਸ਼ਟ ਹੁੰਦਾ ਹੈ:

ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ॥ (ਪੰਨਾ 861)

ਗੁਰੂ ਸਾਹਿਬਾਨ ਨੇ ਭਗਤ ਰਵਿਦਾਸ ਜੀ ਅਤੇ ਹੋਰ ਭਗਤਾਂ ਦੀ ਉਦਾਹਰਣ ਪੇਸ਼ ਕੀਤੀ ਹੈ ਤੇ ਸੰਦੇਸ਼ ਦਿੱਤਾ ਹੈ ਕਿ ਪਰਮਾਤਮਾ ਦੀ ਭਗਤੀ ਕਰ ਕੇ ਹਰ ਮਨੁੱਖ ਉੱਚੇ ਤੋਂ ਉੱਚਾ ਮੁਕਾਮ ਹਾਸਲ ਕਰ ਸਕਦਾ ਹੈ:

ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥ (ਪੰਨਾ 733)

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ॥ (ਪੰਨਾ 835)

ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ (ਪੰਨਾ 487)

ਰਵਿਦਾਸ ਧਿਆਏ ਪ੍ਰਭ ਅਨੂਪ॥ (ਪੰਨਾ 1192)

ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜੈਨੁ ਨਾਈ॥
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ॥ (ਪੰਨਾ 1207)

ਭੱਟ ਬਾਣੀਕਾਰਾਂ ਦੀ ਬਾਣੀ ਵਿਚ ਵੀ ਹੋਰ ਭਗਤਾਂ ਨਾਲ ਭਗਤ ਰਵਿਦਾਸ ਜੀ ਦਾ ਜ਼ਿਕਰ ਆਇਆ ਹੈ:

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ (ਪੰਨਾ 1390)

ਭਾਈ ਗੁਰਦਾਸ ਜੀ ਨੇ ਵੀ ਵਾਰਾਂ ਵਿਚ ਭਗਤ ਰਵਿਦਾਸ ਜੀ ਦੀ ਚਾਰਾਂ ਚੱਕਾਂ ਵਿਚ ਵਡਿਆਈ ਫੈਲਣ ਬਾਰੇ ਲਿਖਿਆ ਹੈ:

ਭਗਤੁ ਭਗਤੁ ਜਗਿ ਵਜਿਆ ਚਹੁ ਚਕਾਂ ਦੇ ਵਿਚਿ ਚਮਰੇਟਾ।
ਪਾਣ੍ਹਾ ਗੰਢੈ ਰਾਹ ਵਿਚਿ ਕੁਲਾ ਧਰਮ ਢੋਇ ਢੋਰ ਸਮੇਟਾ।
ਜਿਉ ਕਰਿ ਮੈਲੇ ਚੀਥੜੇ ਹੀਰਾ ਲਾਲੁ ਅਮੋਲੁ ਪਲੇਟਾ।
ਚਹੁ ਵਰਨਾ ਉਪਦੇਸਦਾ ਗਿਆਨ ਧਿਆਨੁ ਕਰਿ ਭਗਤਿ ਸਹੇਟਾ।
ਨ੍ਹਾਵਣਿ ਆਇਆ ਸੰਗੁ ਮਿਲਿ ਬਾਨਾਰਸ ਕਰਿ ਗੰਗਾ ਬੇਟਾ।
ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ।
ਲਗਾ ਪੁਰਬੁ ਅਭੀਚ ਦਾ ਡਿਠਾ ਚਲਿਤੁ ਅਚਰਜੁ ਸਮੇਟਾ।
ਲਇਆ ਕਸੀਰਾ ਹਥੁ ਕਢਿ ਸੂਤੁ ਇਕੁ ਜਿਉ ਤਾਣਾ ਪੇਟਾ।
ਭਗਤ ਜਨਾਂ ਹਰਿ ਮਾਂ ਪਿਉ ਬੇਟਾ॥ (ਵਾਰ 10:17)

ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾ ਵਿਚਿ ਕਰਿ ਵਡਿਆਈ।(ਵਾਰ 12:15)

ਭਗਤ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ।
ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ। (ਵਾਰ 23:15)

ਭਗਤੁ ਕਬੀਰ ਜੁਲਾਹੜਾ ਨਾਮਾ ਛੀਂਬਾ ਹਰਿ ਗੁਣ ਗਾਈ।
ਕੁਲਿ ਰਵਿਦਾਸੁ ਚਮਾਰੁ ਹੈ ਸੈਣੁ ਸਨਾਤੀ ਅੰਦਰਿ ਨਾਈ। (ਵਾਰ 25:5)

ਭਗਤ ਰਵਿਦਾਸ ਜੀ ਦੀ ਬਾਣੀ ਵਿਚ ਦਿੱਤੇ ਦਾਰਸ਼ਨਿਕ ਵਿਚਾਰਾਂ ਤੋਂ ਪਤਾ ਲੱਗਦਾ ਹੈ ਕਿ ਜਿੱਥੇ ਆਪ ਮਹਾਨ ਭਗਤ ਸਨ, ਉੱਥੇ ਡੂੰਘੇ ਚਿੰਤਕ ਅਤੇ ਬ੍ਰਹਮ-ਗਿਆਨੀ ਵੀ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦ ਪ੍ਰਮਾਣਿਕ ਰੂਪ ਵਿਚ ਅੰਕਿਤ ਹਨ। ਭਗਤ ਰਵਿਦਾਸ ਜੀ ਦੀ ਬਾਣੀ ਗੁਰਮਤਿ-ਆਸ਼ੇ ਅਨੁਸਾਰ ਹੋਣ ਕਰਕੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ।

ਇਸ ਬਾਣੀ ਦਾ ਰਾਗ-ਕ੍ਰਮ ਬਿਉਰਾ ਇਸ ਪ੍ਰਕਾਰ ਹੈ:

ਰਾਗਸ਼ਬਦਾਂ ਦੀ ਗਿਣਤੀ
ਸਿਰੀਰਾਗੁ1
ਗਉੜੀ5
ਆਸਾ6
ਗੂਜਰੀ1
ਸੋਰਠਿ7
ਧਨਾਸਰੀ       3
ਜੈਤਸਰੀ1
ਸੂਹੀ            3
ਬਿਲਾਵਲੁ2
ਗੌਂਡ            2
ਰਾਮਕਲੀ      1
ਮਾਰੂ           2
ਕੇਦਾਰਾ        1
ਭੈਰਉ          1
ਬਸੰਤੁ          1
ਮਲਾਰੁ         3

ਭਗਤ ਰਵਿਦਾਸ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆਂ ਪ੍ਰਤੱਖ ਦਿੱਸਦਾ ਹੈ ਕਿ ਆਪ ਜੀ ਦੇ ਵਿਚਾਰ ਗੁਰਮਤਿ ਦੇ ਆਸ਼ੇ ਅਨੁਸਾਰ ਹਨ। ਗੁਰਮਤਿ ਦੇ ਬੁਨਿਆਦੀ ਸਿਧਾਂਤਾਂ ਅਨੁਸਾਰ ਇਕ ਅਕਾਲ ਪੁਰਖ ਦੀ ਪੂਜਾ, ਗੁਰੂ ਦੀ ਲੋੜ, ਸਾਧ ਸੰਗਤ ਦੀ ਮਹਿਮਾ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ, ਪ੍ਰਭੂ ਦੀ ਪ੍ਰਾਪਤੀ ਲਈ ਵਿਵੇਕ ਗਿਆਨ, ਨਿਸ਼ਕਾਮ ਕਰਮ ਤੇ ਪ੍ਰੇਮਾ-ਭਗਤੀ ਨੂੰ ਪ੍ਰਵਾਨ ਕੀਤਾ ਹੈ ਅਤੇ ਅਵਤਾਰਵਾਦ, ਮੂਰਤੀ-ਪੂਜਾ, ਕਰਮਕਾਂਡ, ਜਾਤ-ਪਾਤ, ਊਚ-ਨੀਚ, ਨਿਸ਼ਕ੍ਰਿਅਤਾ, ਬਾਹਰੀ ਵਿਖਾਵਾ ਤੇ ਪਾਖੰਡ ਆਦਿ ਦਾ ਮੁੱਢੋਂ ਖੰਡਨ ਕੀਤਾ ਗਿਆ ਹੈ। ਭਗਤ ਰਵਿਦਾਸ ਜੀ ਦੀ ਬਾਣੀ ਵਿਚ ਅਨੇਕਾਂ ਵਿਸ਼ਿਆਂ ’ਤੇ ਵਿਚਾਰ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਪਰਮਾਤਮਾ ਦਾ ਸਰੂਪ, ਜਗਤ, ਜੀਵ, ਮਨੁੱਖਾ ਜੀਵਨ ਦੀ ਦੁਰਲੱਭਤਾ, ਪਰਮਾਤਮਾ ਤੇ ਉਸ ਦੀ ਜੀਵ ਨਾਲ ਅਭੇਦਤਾ, ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ, ਗੁਰੂ ਦੀ ਲੋੜ, ਨਾਮ-ਸਿਮਰਨ ਦੀ ਮਹਿਮਾ, ਸਾਧਸੰਗਤ, ਮਾਇਆ, ਬੇਗਮ ਪੁਰਾ, ਆਦਿ।

ਭਗਤ ਰਵਿਦਾਸ ਜੀ ਇਕ ਅਕਾਲ ਪੁਰਖ ਵਿਚ ਨਿਸ਼ਚਾ ਰੱਖਦੇ ਸਨ। ਆਪ ਨੇ ਪਰਮਾਤਮਾ ਨੂੰ ‘ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ’ ਭਾਵ ਨਿਰਗੁਣ ਤੇ ਸਰਗੁਣ ਦੋਹਾਂ ਰੂਪਾਂ ਵਾਲਾ ਮੰਨਿਆ ਹੈ ਜੋ ਪਾਰਬ੍ਰਹਮ ਤੇ ਨਿਰੰਜਨ ਹੁੰਦਾ ਹੋਇਆ ਵੀ ਸਰਬ-ਵਿਆਪਕ ਹੈ ਭਾਵ ਸਾਰਿਆਂ ਵਿਚ ਉਸ ਦੀ ਜੋਤ ਬਿਰਾਜਮਾਨ ਹੈ। ਉਹ ਸਤ ਸਰੂਪ, ਸੈਭੰ, ਸਤਿ ਨਾਮੁ, ਕਰਤਾ, ਅਨੰਤ, ਨਿਰਭਉ, ਨਾਇਕ, ਸਾਰੇ ਪਦਾਰਥਾਂ ਦਾ ਦਾਤਾ ਤੇ ਰਿਜ਼ਕ ਦੇਣ ਵਾਲਾ ਹੈ। ਭਗਤ ਜੀ ਨੇ ਪਰਮਾਤਮਾ ਨੂੰ ਪ੍ਰਭ, ਦੇਵ, ਨਰਾਇਣ, ਮਾਧਵ, ਮੁਰਾਰਿ, ਮੁਕੰਦ, ਗੋਬਿੰਦ, ਰਾਮ, ਰਾਜਾ ਰਾਮ, ਰਾਜਾ ਰਾਮ ਚੰਦ, ਰਘੁਨਾਥ, ਹਰਿ, ਆਦਿ ਅਵਤਾਰੀ ਨਾਵਾਂ ਨਾਲ ਸੰਬੋਧਨ ਕੀਤਾ ਹੈ ਪਰ ਇਹ ਨਾਮ ਅਕਾਲ ਪੁਰਖ ਲਈ ਵਰਤੇ ਹਨ।

ਭਗਤ ਰਵਿਦਾਸ ਜੀ ਅਨੁਸਾਰ ਪਰਮਾਤਮਾ ਦਾ ਕੋਈ ਵੀ ਆਦਿ-ਅੰਤ ਨਹੀਂ ਪਾ ਸਕਿਆ। ਉਹ ਗ਼ਰੀਬ-ਨਿਵਾਜ਼, ਭਗਤ-ਵਛਲ, ਸੁਆਮੀ ਹੈ ਤੇ ਨਿਮਾਣਿਆਂ, ਨਿਤਾਣਿਆਂ ਅਤੇ ਗ਼ਰੀਬਾਂ ਦੀ ਸਦਾ ਹੀ ਰਖਿਆ ਕਰਦਾ ਹੈ। ਜਾਤ-ਪਾਤ ਦੇ ਪੱਖ ਤੋਂ ਉਸ ਲਈ ਕੋਈ ਵੀ ਵੱਡਾ-ਛੋਟਾ ਨਹੀਂ। ਆਦਿ ਕਾਲ ਤੋਂ ਹੀ ਜਾਤ-ਅਭਿਮਾਨੀਆਂ ਅਤੇ ਉੱਚ ਵਰਗ ਦੇ ਲੋਕਾਂ ਵੱਲੋਂ ਜਿਨ੍ਹਾਂ ਪ੍ਰਭੂ-ਪਿਆਰਿਆਂ ਨੂੰ ‘ਸ਼ੂਦਰ-ਸ਼ੂਦਰ’ ਕਹਿ ਕੇ ਤ੍ਰਿਸਕਾਰਿਆ ਜਾਂਦਾ ਰਿਹਾ ਹੈ ਪਰਮਾਤਮਾ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ ਤੇ ਸਿਰਾਂ ਉੱਪਰ ਛਤਰ ਝੁਲਾ ਦਿੱਤੇ। ਨੀਂਵਿਆਂ ਨੂੰ ਉੱਚਿਆਂ ਕਰਨ ਦੀ ਸਮਰੱਥਾ ਕੇਵਲ ਅਕਾਲ ਪੁਰਖ ਵਿਚ ਹੀ ਹੈ:

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ॥

ਭਗਤ ਰਵਿਦਾਸ ਜੀ ਅਨੁਸਾਰ ਸਾਰਾ ਸੰਸਾਰ ਨਾਸ਼ਮਾਨ ਹੈ। ਜੋ ਵੀ ਇਸ ਸੰਸਾਰ ਵਿਚ ਪੈਦਾ ਹੋਇਆ ਹੈ, ਉਸ ਨੇ ਇਕ ਦਿਨ ਇਸ ਨੂੰ ਛੱਡ ਕੇ ਜਾਣਾ ਹੀ ਹੈ ਕਿਉਂਕਿ ਇਹ ਸਦਾ ਦੀ ਰਹਾਇਸ਼ ਨਹੀਂ ਹੈ। ਸਾਡਾ ਸਾਥ ਤੁਰਿਆ ਜਾ ਰਿਹਾ ਹੈ ਤੇ ਸਾਡੇ ਸਿਰ ’ਤੇ ਵੀ ਮੌਤ ਖਲੋਤੀ ਹੈ:

ਜੋ ਦਿਨ ਆਵਹਿ ਸੋ ਦਿਨ ਜਾਹੀ॥
ਕਰਨਾ ਕੂਚੁ ਰਹਨੁ ਥਿਰੁ ਨਾਹੀ॥
ਸੰਗੁ ਚਲਤ ਹੈ ਹਮ ਭੀ ਚਲਨਾ॥
ਦੂਰਿ ਗਵਨੁ ਸਿਰ ਊਪਰਿ ਮਰਨਾ॥ (ਪੰਨਾ 793)

ਮਨੁੱਖ ਨੂੰ ਚੇਤੰਨ ਕਰਦੇ ਹੋਏ ਕਹਿੰਦੇ ਹਨ- ਹੋਸ਼ ਕਰ! ਤੂੰ ਕਿਉਂ ਸੁੱਤਾ ਪਿਆ ਹੈਂ? ਇਸ ਜਗਤ ਵਿਚ ਆਪਣੇ ਜੀਵਨ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ। ਆਪ ਫੁਰਮਾਉਂਦੇ ਹਨ:

ਕਿਆ ਤੂ ਸੋਇਆ ਜਾਗੁ ਇਆਨਾ॥
ਤੈ ਜੀਵਨੁ ਜਗਿ ਸਚੁ ਕਰਿ ਜਾਨਾ॥. (ਪੰਨਾ 794)

ਮਨੁੱਖ ਦੀ ਅਸਲੀਅਤ ਕੀ ਹੈ? ਇਸ ਨੂੰ ਭਗਤ ਰਵਿਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ:

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ (ਪੰਨਾ 659)

ਆਪ ਨੇ ਮਨੁੱਖੀ ਜੀਵਨ ਨੂੰ ਦੁਰਲੱਭ ਆਖਿਆ ਹੈ ਜੋ (ਪਿਛਲੇ ਕੀਤੇ) ਭਲੇ ਕੰਮਾਂ ਕਾਰਨ ਮਿਲ ਗਿਆ ਹੈ ਪਰ ਅਸੀਂ ਅਬਿਬੇਕ ਭਾਵ ਅਣਜਾਣਪੁਣੇ ਵਿਚ ਵਿਅਰਥ ਹੀ ਗਵਾਈ ਜਾ ਰਹੇ ਹਾਂ। ਭਗਤੀ ਤੋਂ ਬਿਨਾਂ ਇੰਦਰ ਦੇ ਸੁਰਗ ਵਰਗੇ ਸੁਖਦਾਈ ਮਹਿਲ ਵੀ ਕਿਸੇ ਕੰਮ ਨਹੀਂ ਹਨ:

ਦੁਲਭੁ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ॥ (ਪੰਨਾ 658)

ਭਗਤ ਰਵਿਦਾਸ ਜੀ ਅਨੁਸਾਰ ਜੀਵਾਂ ਨੇ ਅਵਿੱਦਿਆ ਕਾਰਨ ਅਗਿਆਨਤਾ ਨਾਲ ਪਿਆਰ ਪਾ ਲਿਆ ਹੈ। ਇਸ ਲਈ ਇਨ੍ਹਾਂ ਦੇ ਬਿਬੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ ਭਾਵ ਭਲੇ-ਬੁਰੇ ਦੀ ਪਛਾਣ ਭੁੱਲ ਗਏ ਹਨ:

ਮਾਧੋ ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥ (ਪੰਨਾ 486)

ਆਪ ਜੀਵ ਨੂੰ ਹਉਮੈ ਦਾ ਤਿਆਗ ਕਰ ਕੇ ਹਰਿ ਭਗਤੀ ਭਾਵ ਬੰਦਗੀ ਕਰਨ ਲਈ ਪ੍ਰੇਰਨਾ ਦਿੰਦੇ ਹਨ:

ਕਰਿ ਬੰਦਿਗੀ ਛਾਡਿ ਮੈ ਮੇਰਾ॥
ਹਿਰਦੈ ਨਾਮੁ ਸਮਾ੍ਰਿ ਸਵੇਰਾ॥ (ਪੰਨਾ 794)

ਭਗਤ ਰਵਿਦਾਸ ਜੀ ਨਾਮ-ਸਿਮਰਨ ਨੂੰ ਸਰਬ-ਉੱਚ ਮੰਨਦੇ ਹਨ। ਨਾਮ-ਸਿਮਰਨ ਨਾਲ ਨੀਚ ਜਾਤ ਅਖਵਾਉਣ ਵਾਲੇ ਅਸਲ ਅਰਥਾਂ ਵਿਚ ਉੱਤਮ ਹੋ ਜਾਂਦੇ ਹਨ। ਨਾਮ-ਸਿਮਰਨ ਕਰਨ ਵਾਲਾ‘ਹਰਿ ਜਨ’ ‘ਹਰਿ’ ਵਿਚ ਅਭੇਦ ਹੋ ਜਾਂਦਾ ਹੈ। ‘ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ’ (694) ਭਾਵ ਕੋਈ ਵੀ ਦੁਨਿਆਵੀ ਪਦਾਰਥ ਨਾਮ ਦੇ ਬਰਾਬਰ ਨਹੀਂ ਹੋ ਸਕਦਾ। ਨਾਮ-ਸਿਮਰਨ ਦੀ ਬਰਕਤ ਕਰਕੇ ਹੀ ਭਗਤ ਕਬੀਰ ਜੀ ਵਿਸ਼ਵ-ਪ੍ਰਸਿੱਧ ਹੋ ਗਏ ਅਤੇ ਉਨ੍ਹਾਂ ਦੇ ਜਨਮਾਂ-ਜਨਮਾਂ ਦੇ ਸਭ ਪ੍ਰਕਾਰੀ ਬੁਰੇ ਕਰਮ ਨਸ਼ਟ ਹੋ ਗਏ:

ਹਰਿ ਕੇ ਨਾਮ ਕਬੀਰ ਉਜਾਗਰ॥
ਜਨਮ ਜਨਮ ਕੇ ਕਾਟੇ ਕਾਗਰ॥ (ਪੰਨਾ 487)

ਮਨੁੱਖਾ ਜਨਮ ਪੂਰਬਲੇ ਵਡਮੁੱਲੇ ਕਰਮਾਂ ਕਰਕੇ ਪ੍ਰਾਪਤ ਹੋਇਆ ਹੈ। ਇਸ ਨੂੰ ਸਫ਼ਲਾ ਕਰਨ ਲਈ, ਮਨ ਸਦੀਵੀ ਪ੍ਰਭੂ-ਸਿਮਰਨ ਵਿਚ, ਅੱਖਾਂ ਪ੍ਰਭੂ ਦੇ ਦਰਸ਼ਨ ਲਈ ਅਤੇ ਕੰਨ ਉਸ ਦੀ ਵਡਿਆਈ ਸੁਣਨ ਵੱਲ ਲੱਗੇ ਰਹਿਣੇ ਚਾਹੀਦੇ ਹਨ। ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਵਿਚ ਹੀ ਆਪਣਾ ਮਨ ਜੋੜ ਕੇ ਰੱਖਦੀ ਹੈ, ਇਵੇਂ ਹੀ ਜਗਿਆਸੂ ਦਾ ਮਨ ਸਦਾ ਪ੍ਰਭੂ-ਪ੍ਰੇਮ ਵਿਚ ਭਿੱਜਾ ਹੋਇਆ ਰਹੇ ਅਤੇ ਰਸਨਾ ਤੋਂ ਕੇਵਲ ਰਾਮ-ਨਾਮ ਅਤੇ ਗੁਰਬਾਣੀ ਦਾ ਹੀ ਉਚਾਰਨ ਹੁੰਦਾ ਰਹੇ:

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ॥
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ॥ (ਪੰਨਾ 694)

ਪ੍ਰਭੂ ਨਾਲ ਪ੍ਰੇਮ ਕਿਹੋ ਜਿਹਾ ਹੋਵੇ? ਉਦਾਹਰਣ ਦਿੱਤੀ ਹੈ- ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੁੰਦਾ ਹੈ:

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥ (ਪੰਨਾ 658)

ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਸਮਝਾਉਂਦੇ ਹਨ ਕਿ ਨਾਮ ਜਪਣ ਤੋਂ ਬਗ਼ੈਰ ਕੋਈ ਵੀ ਮਨੁੱਖ ਪਵਿੱਤਰ ਨਹੀਂ ਹੋ ਸਕਦਾ ਚਾਹੇ ਉਹ ਕਿਸੇ ਭੀ ਕੁਲ ਵਿਚ ਕਿਉਂ ਨਾ ਪੈਦਾ ਹੋਇਆ ਹੋਵੇ। ਪਰਮਾਤਮਾ ਦਾ ਨਾਮ ਜਪਣ ਵਾਲਾ ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਆਪਣੀਆਂ ਦੋਵੇਂ ਕੁਲਾਂ ਵੀ ਤਾਰ ਲੈਂਦਾ ਹੈ :

ਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ॥ (ਪੰਨਾ 858)

ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ, ਜਦੋਂ ਪਾਰਸ-ਪ੍ਰਭੂ ਨੂੰ ਉਹ ਛੂੰਹਦਾ ਹੈ, ਉਹ ਮਾਨੋ ਸੋਨਾ ਬਣ ਜਾਂਦਾ ਹੈ ਤੇ ਉਸ ਦੀ ਦੁਬਿਧਾ ਮੁੱਕ ਜਾਂਦੀ ਹੈ:

ਪਰਚੈ ਰਾਮ ਰਵੈ ਜਉ ਕੋਈ॥
ਪਾਰਸੁ ਪਰਸੈ ਦੁਬਿਧਾ ਨ ਹੋਈ॥ (ਪੰਨਾ 1167)

ਭਗਤ ਜੀ ਭਰੋਸਾ ਦਿੰਦੇ ਹਨ ਕਿ ਕਿਸੇ ਵੀ ਜਾਤੀ ਵਿਚ ਪੈਦਾ ਹੋਇਆ ਮਨੁੱਖ ਪ੍ਰੇਮਾ-ਭਗਤੀ ਦੁਆਰਾ ਨਾਮ ਜਪ ਕੇ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ। ਇਸ ਦੀ ਪ੍ਰੋੜ੍ਹਤਾ ਲਈ ਭਗਤ ਰਵਿਦਾਸ ਜੀ ਨੇ ਉਨ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਹਨ ਜਿਹੜੇ ਨੀਵੀਂ ਜਾਤ ਹੋਣ ਦੇ ਬਾਵਜੂਦ ਵੀ ਸੰਸਾਰ-ਸਾਗਰ ਤੋਂ ਪਾਰ ਲੰਘ ਗਏ ਹਨ:

ਸੁਆਨ ਸਤ੍ਰ ਅਜਾਤੁ ਸਭ ਤੇ ਕ੍ਰਿਸ˜ ਲਾਵੈ ਹੇਤ॥
ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ॥
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ॥
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ॥ (ਪੰਨਾ 1124)

ਭਗਤ ਰਵਿਦਾਸ ਜੀ ਅਨੁਸਾਰ ਨਾਮ ਦੀ ਪ੍ਰਾਪਤੀ ਲਈ ਸਾਧ ਸੰਗਤ ਸਭ ਤੋਂ ਉੱਤਮ ਹੈ ਕਿਉਂਕਿ ਉੱਥੇ ਪ੍ਰਭੂ ਦੀ ਵਡਿਆਈ ਕੀਤੀ ਜਾਂਦੀ ਹੈ। ਸਾਧ ਸੰਗਤ ਰਾਹੀਂ ਮਨੁੱਖ ਦੇ ਸਭ ਪ੍ਰਕਾਰ ਦੇ ਪਾਪ ਨਾਸ ਹੋ ਜਾਂਦੇ ਹਨ:

ਸਾਧੂ ਕੀ ਜਉ ਲੇਹਿ ਓਟ॥
ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ॥ (ਪੰਨਾ 1196)

ਸਾਧ ਸੰਗਤ ਵਿੱਚੋਂ ਹੀ ਪ੍ਰਭੂ-ਮਿਲਾਪ ਲਈ ਪ੍ਰੇਮ ਉਤਪੰਨ ਹੁੰਦਾ ਹੈ ਤੇ ਪ੍ਰੀਤ ਤੋਂ ਬਿਨਾਂ ਭਗਤੀ ਸੰਭਵ ਨਹੀਂ। ਇਸ ਲਈ ਸਤਿਸੰਗਤ ਕਰਨੀ ਅਤਿ ਜ਼ਰੂਰੀ ਹੈ:

ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ॥
ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ (ਪੰਨਾ 694)

ਸਤਿ ਸੰਗਤ ਵਿਚ ਕਿਵੇਂ ਜੁੜਨਾ ਹੈ ਇਹ ਵੀ ਦੱਸਿਆ ਹੈ:

ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (ਪੰਨਾ 486)

ਭਗਤ ਰਵਿਦਾਸ ਜੀ ਨੇ ‘ਬੇਗਮ ਪੁਰਾ ਸਹਰ’ ਦੇ ਰੂਪ ਵਿਚ ਦੁਨੀਆਂ ਦੇ ਲੋਕਾਂ ਦੁਆਰਾ ਮਿੱਥੇ ਸੁਰਗ ਦੇ ਮੁਕਾਬਲੇ ’ਤੇ ਪ੍ਰਭੂ ਨਾਲ ਮਿਲਾਪ ਵਾਲੀ ਸੱਚਮੁਚ ਦੀ ਸ਼ਾਂਤ ਆਤਮਿਕ ਅਵਸਥਾ ਦਾ ਵਰਣਨ ਕੀਤਾ ਹੈ, ਜਿੱਥੇ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ। ਇਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ’ਤੇ ਤੁਰਦਾ ਹੈ। ਵਿਦਵਾਨਾਂ ਨੇ ਇਸ ਨੂੰ ਜੀਵਨ-ਮੁਕਤਿ ਦੀ ਅਵਸਥਾ ਕਿਹਾ ਹੈ:

ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥ (ਪੰਨਾ 345)

ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਹੋਰ ਵੀ ਅਨੇਕਾਂ ਸਿਧਾਂਤਾਂ ’ਤੇ ਚਾਨਣਾ ਪੈਂਦਾ ਹੈ। ਉਨ੍ਹਾਂ ਵਿੱਚੋਂ ਕੁਝ ਸੰਕੇਤ-ਮਾਤ੍ਰ ਹੇਠ ਲਿਖੇ ਹਨ:

ਭਗਤ ਰਵਿਦਾਸ ਜੀ ਨੇ ਜੀਵ ਨੂੰ ਸਮਝਾਇਆ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਹਉਮੈ ਦਾ ਤਿਆਗ ਜ਼ਰੂਰੀ ਹੈ। ਜਿੰਨਾ ਚਿਰ ਜੀਵ ‘ਹਉਂ’ ਦੇ ਘੇਰੇ ਵਿਚ ਰਹਿੰਦਾ ਹੈ ਉਹ ਆਪਣੀ ਵੱਖਰੀ ਹਸਤੀ ਸਮਝਦਾ ਹੈ। ‘ਮੈਂ’ ਦੇ ਹਟਣ ਨਾਲ ਹੀ ਜੀਵ ਨੂੰ ਪਰਮਾਤਮਾ ਪ੍ਰਤੱਖ ਹੋ ਜਾਂਦਾ ਹੈ:

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ॥ (ਪੰਨਾ 657)

‘ਗਰਬਵਤੀ ਕਾ ਨਾਹੀ ਠਾਉ’ ਤੇ ‘ਤੂ ਕਾਂਇ ਗਰਬਹਿ ਬਾਵਲੀ’ ਤੁਕਾਂ ਦੁਆਰਾ ਭਗਤ ਰਵਿਦਾਸ ਜੀ ਨੇ ਝੂਠਾ ਮਾਣ ਕਰਨ ਵਾਲੀ ਜੀਵ ਰੂਪੀ ਇਸਤਰੀ ਨੂੰ ਹੰਕਾਰ-ਰਹਿਤ ਭਾਵ ਨਿਰਮਾਣਤਾ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਹੈ। ਉਸ ਨੂੰ ਯਾਦ ਕਰਵਾਇਆ ਹੈ ਕਿ ਉਸ ਨੇ ਪਰਿਵਾਰਕ ਮੈਂਬਰਾਂ ਦਾ ਮਾਣ ਕਰਦਿਆਂ ਹੋਇਆਂ ਮਾਲਕ-ਪ੍ਰਭੂ ਨੂੰ ਭੁਲਾ ਦਿੱਤਾ ਹੈ। ਇਸ ਦਾ ਲੇਖਾ ਦੇਣਾ ਪਵੇਗਾ:

ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ॥
ਠਾਕੁਰੁ ਲੇਖਾ ਮਗਨਹਾਰੁ॥ (ਪੰਨਾ 1196)

ਭਗਤ ਰਵਿਦਾਸ ਜੀ ਨੇ ਮਨੁੱਖ ਨੂੰ ਸ਼ੁਭ-ਕਰਮ ਕਰਨ ਦੀ ਪ੍ਰੇਰਨਾ ਦਿੱਤੀ ਹੈ ਕਿਉਂਕਿ ਆਪਣੇ ਮੰਦੇ-ਕਰਮਾਂ ਕਰਕੇ ਅਨੁਸਾਰ ਜੀਵ ‘ਫੇੜੇ ਕਾ ਦੁਖੁ ਸਹੈ ਜੀਉ’ (1196) ਭਾਵ ਦੁੱਖ ਸਹਾਰਦਾ ਹੈ।

‘ਪਰਹਰਿ ਕੋਪ ਕਰਹੁ ਜੀਅ ਦਇਆ’ ਅਰਥਾਤ ਜੀਵਾਂ ’ਤੇ ਦਇਆ ਕਰੋ ਅਤੇ ਗੁੱਸਾ ਨਾ ਕਰੋ। ਦੀਨ-ਦੁਖੀਆਂ ਲਈ ਹਮਦਰਦੀ ਰੱਖੋ।

ਸਾਧੂ ਤੇ ਗੁਰਮੁਖਾਂ ਦੀ ਨਿੰਦਾ ਨਾ ਕਰੋ ਕਿਉਂਕਿ ‘ਕਰੈ ਨਿੰਦ ਸਭ ਬਿਰਥਾ ਜਾਵੈ’ ਅਨੁਸਾਰ ਨਿੰਦਕ ਦਾ ਕੀਤਾ ਹੋਇਆ ਕੋਈ ਵੀ ਧਾਰਮਿਕ ਕੰਮ ਲਾਭਕਾਰੀ ਨਹੀਂ ਹੋ ਸਕਦਾ।

ਧਨ ਦੀ ਵਰਤੋਂ ਚੰਗੇ ਕੰਮਾਂ ਲਈ ਕਰੋ ਕਿਉਂਕਿ ‘ਕਵਨ ਕਾਜ ਕ੍ਰਿਪਨ ਕੀ ਮਾਇਆ’ ਭਾਵ ਕੰਜੂਸ ਦਾ ਧਨ ਕਿਸੇ ਦੇ ਕੰਮ ਨਹੀਂ ਆਉਂਦਾ।

ਮਨੁੱਖ ਨੂੰ ਵਿਸ਼ੇ-ਵਿਕਾਰਾਂ ਤੋਂ ਮੁਕਤ ਹੋਣ ਲਈ ਵੀ ਸੁਚੇਤ ਕਰਦੇ ਹਨ ਕਿ‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ’ ਦਾ ‘ਏਕ ਦੋਸ’ ਕਾਰਨ ਵਿਨਾਸ਼ ਹੈ ਤਾਂ ਮਨੁੱਖ ਦਾ ਕੀ ਹੋਵੇਗਾ ਜਿਸ ਵਿਚ ਸਾਰੇ ਭਰੇ ਹੋਏ ਹਨ!

ਮਨੁੱਖ ਆਪਣੀ ਕਿਰਤ ਕਰ ਕੇ ਜੀਵਨ ਨਿਰਬਾਹ ਕਰੇ, ਐਵੇਂ ਘਰ-ਘਰ ਮੰਗਣ ਨਾ ਜਾਵੇ।

ਜੰਗਲਾਂ ਵਿਚ ਜਾਣ ਦੀ ਲੋੜ ਨਹੀਂ, ਗ੍ਰਿਹਸਤ ਵਿਚ ਰਹਿ ਕੇ ਕਾਰ-ਵਿਹਾਰ ਕਰਦੇ ਹੋਏ ਪ੍ਰਭੂ-ਭਗਤੀ ਵਿਚ ਲੀਨ ਰਹਿਣਾ ਚਾਹੀਦਾ ਹੈ।

ਗੁਰੂ ਦੀ ਸ਼ਰਨ ਵਿਚ ਜਾਣਾ ਜ਼ਰੂਰੀ ਹੈ ਕਿਉਂਕਿ ਨਾਮ ਰੂਪੀ ਅਮੋਲਕ ਹੀਰਾ ਪੂਰੇ ਗੁਰੂ ਪਾਸੋਂ ਮਿਲਦਾ ਹੈ।

ਵਿਖਾਵੇ ਦੇ ਪ੍ਰਚੱਲਤ ਸਾਧਨ ਧਾਰਮਿਕ ‘ਖਟੁ ਕਰਮ’, ਤੀਰਥ-ਇਸ਼ਨਾਨ ਆਦਿ ਫਜ਼ੂਲ ਕਹੇ ਹਨ।

ਮੂਰਤੀਆਂ ਦੀ ਆਰਤੀ ਦਾ ਖੰਡਨ ਕੀਤਾ ਹੈ। ਨਾਮ ਹੀ ਪ੍ਰਭੂ ਦੀ ਆਰਤੀ ਕਹੀ ਹੈ। ਉਸ ਨੂੰ ਚੜ੍ਹਾਉਣ ਵਾਲੀਆਂ ਸਾਰੀਆਂ ਚੀਜ਼ਾਂ ਜੂਠੀਆਂ ਹਨ, ਇਸ ਲਈ ਮਨ ਦੀ ਭੇਟ ਹੀ ਉੱਤਮ ਹੈ।

ਪਰਮਾਤਮਾ ਦੀ ਕਿਰਪਾ ਲਈ ਅਰਦਾਸ ਕਰਨੀ ਜ਼ਰੂਰੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

1 ਡਾ. ਮਨਮੋਹਣ ਸਹਿਗਲ, ਗੁਰੂ ਗ੍ਰੰਥ ਸਾਹਿਬ ਇਕ ਸਭਿਆਚਾਰਕ ਸਰਵੇਖਣ, ਪੰਨਾ 28
2 ਮਹਾਨ ਕੋਸ਼, ਪੰਨਾ 1025.
3 ਵੇਖੋ ਹਵਾਲਾ: ਅਜੀਤ ਵਿਚ ਪ੍ਰਕਾਸ਼ਿਤ, ਗੁਰੂ ਰਵਿਦਾਸ: ਜੀਵਨ ਤੇ ਵਿਚਾਰ ਵਿੱਚੋਂ।
4 ਗੁਰੂ ਗ੍ਰੰਥ ਸਾਹਿਬ ਇਕ ਸਭਿਆਚਾਰਕ ਸਰਵੇਖਣ, ਪੰਨਾ 28.
5 ਗੁਰਮਤਿ ਪ੍ਰਕਾਸ਼, ਫਰਵਰੀ 2006.
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)