ਪੰਜਾਬ ਵਿਚ ਸਭ ਤੋਂ ਪਹਿਲਾਂ ਸਿੰਧ ਦਰਿਆ ਦੇ ਕਿਨਾਰੇ ਮਨੁੱਖੀ ਸੱਭਿਅਤਾ ਵਧੀ-ਫੁਲੀ। ਇਸ ਦਰਿਆ ਦੇ ਕਿਨਾਰੇ ਕਈ ਪੁਰਾਤਨ ਨਗਰ ਆਬਾਦ ਹੋਏ। ਇਨ੍ਹਾਂ ਵਿੱਚੋਂ ਇਕ ਨਗਰ ‘ਸਵਸਥਾਨ’ ਸੀ, ਜੋ ਹੌਲੀ-ਹੌਲੀ ਬਦਲਦਾ ‘ਸੇਹਵਾਨ’ ਹੋ ਗਿਆ। ਇਹ ਨਗਰ ਮੌਜੂਦਾ ਪਾਕਿਸਤਾਨ ਦੇ ਨਗਰ ਹੈਦਰਾਬਾਦ ਤੋਂ ਉੱਤਰ- ਪੱਛਮ ਵੱਲ ਲੱਗਭਗ 80 ਕਿਲੋਮੀਟਰ ਦੂਰ ਹੈ। ਇਸ ਨਗਰ ਵਿਚ ਇਕ ਮੁਸਲਮਾਨ ਬਕਰ ਕਸਾਈ ਪਰਵਾਰ ਰਹਿੰਦਾ ਸੀ। ਇਨ੍ਹਾਂ ਦੇ ਘਰ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਮ ‘ਸਧਨਾ’ ਰੱਖਿਆ ਗਿਆ। ਮਾਤਾ-ਪਿਤਾ ਨੇ ਬੜੇ ਲਾਡ-ਪਿਆਰ ਨਾਲ ਪਾਲਣ-ਪੋਸ਼ਣ ਕਰ ਵੱਡਾ ਕੀਤਾ, ਜਦੋਂ ਜਵਾਨ ਹੋ ਗਿਆ ਤਾਂ ਮੂਰਤ ਨਾਮ ਦੀ ਇਕ ਲੜਕੀ ਨਾਲ ਇਨ੍ਹਾਂ ਦਾ ਵਿਆਹ ਕਰ ਦਿੱਤਾ। ਫਿਰ ਸਧਨਾ ਜੀ ਨੇ ਪਿਤਾ-ਪੁਰਖੀ ਧੰਦਾ ਅਪਣਾ ਲਿਆ ਅਤੇ ਕਸਾਈ ਦਾ ਕੰਮ ਕਰਨ ਲੱਗੇ। ਭਾਈ ਦਰਬਾਰੀ ਦਾਸ ਆਪਣੀ ਰਚਨਾ ‘ਪਰਚੀਆਂ ਭਗਤਾਂ ਦੀਆਂ’ ਵਿਚ ਲਿਖਦੇ ਹਨ:
ਏਤਿ ਦੋਖ ਸਧਨੇ ਲਯਾ ਜਨਮੁ ਕਮਾਈ ਧਾਮ।
ਮਾਤਾ ਪਿਤਾ ਸਰਸੇ ਭਏ ਸਧਨਾ ਧਰਿਆ ਨਾਮ।
ਸਧਨਾ ਨਾਮ ਕਸਾਈ ਜਾਤਿ।
ਬਡਾ ਪਾਲ ਕੀਆ ਪਿਤਾ ਮਾਤ।
ਜੋਰੂ ਮੂਰਤਿ ਨਾਮ ਵਿਆਹੀ।1
ਭਾਵੇਂ ਭਗਤ ਸਧਨਾ ਜੀ ਨੇ ਪਿਤਾ-ਪੁਰਖੀ ਕਿੱਤਾ ਹੋਣ ਕਰਕੇ ਕਸਾਈ ਦਾ ਧੰਦਾ ਅਪਣਾ ਲਿਆ ਪਰ ਪਿਛਲੇ ਸੰਸਕਾਰਾਂ ਕਰਕੇ ਭਗਤ ਸਧਨਾ ਜੀ ਦਾ ਮਨ ਅਧਿਆਤਮਕ ਚਿੰਤਨ ਵਿਚ ਰਹਿੰਦਾ। ਇਸ ਲਈ ਸਾਧੂ-ਸੰਤਾਂ ਤੋਂ ਅਧਿਆਤਮਕ ਸੇਧ ਲੈਣ ਲਈ ਉਨ੍ਹਾਂ ਦੀ ਸੇਵਾ ਵਿਚ ਤੱਤਪਰ ਰਹਿੰਦੇ। ਸਾਧੂ-ਸੰਤਾਂ ਦੀ ਸੇਵਾ ਸੰਗਤ ਕਰ, ਇਹ ਨਿਰੰਕਾਰ ਪਾਰਬ੍ਰਹਮ ਦੇ ਉਪਾਸ਼ਕ ਹੋਏ। ਇਸ ਦਾ ਜ਼ਿਕਰ ‘ਪਰਚੀਆਂ ਪ੍ਰੇਮ ਭਗਤਾਂ ਕੀਆਂ’ ਜਾਂ ‘ਪ੍ਰੇਮ ਅੰਬੋਧ ਪੋਥੀ’ ਵਿਚ ਮਿਲਦਾ ਹੈ:
ਤਿਸ ਸੰਸਕਾਰ ਪੂਰਬ ਕਾ ਆਹਾ।
ਸਾਧ ਸੇਵਾ ਤੇ ਲਏ ਸੁ ਲਾਹਾ।
ਘਰ ਤੇ ਸੁਖੀ ਰਹੈ ਸੋ ਸਧਨਾ।
ਕਾਮੇ ਤਿਸ ਕੇ ਕੁਲ ਤੇ ਕ੍ਰਮ ਕਰਨਾ।
ਸਦਾ ਰਹੈ ਵਹ ਸਾਧਉ ਮਾਹੀ।
ਸਾਧ ਸੇਵਾ ਮੈ ਤਤੁ ਫੁਰ ਆਹੀ।
ਜੋ ਸਾਧਉ ਕਉ ਸੇਵਤ ਰਹੈ।
ਪਖਾਣ ਨਾਵ ਚੜਿ ਮਾਨੋ ਸਾਗਰ ਤਰੈ।
ਪਾਰਸ ਪਰਸ ਕੰਚਨ ਹੋਇ ਲੋਹਾ।
ਤਿਵ ਸਾਧ ਸੰਗ ਮਨ ਆਤਮ ਹੋਹਾ। 2
ਸਾਧੂ-ਸੰਤਾਂ ਦੀ ਸੰਗਤ ਨੇ ਤਾਂ ਭਗਤ ਸਧਨਾ ਜੀ ਉੱਪਰ ਅਸਰ ਪਾਇਆ ਹੀ ਸੀ, ਇਕ ਹੋਰ ਘਟਨਾ ਨੇ ਉਨ੍ਹਾਂ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ। ਇਕ ਦਿਨ ਮਾਸ ਬਿਲਕੁਲ ਹੀ ਖ਼ਤਮ ਹੋ ਗਿਆ। ਰਾਤ ਸਮੇਂ ਮਾਸ ਦੀ ਜ਼ਰੂਰਤ ਆਣ ਪਈ। ਜੇ ਭਗਤ ਸਧਨਾ ਜੀ ਰਾਤ ਸਮੇਂ ਬੱਕਰਾ ਮਾਰ ਕੇ ਕੱਟਦੇ ਤਾਂ ਬਾਕੀ ਦੇ ਮਾਸ ਨੇ ਸਵੇਰ ਤਕ ਬਾਸੀ ਹੋ ਜਾਣਾ ਸੀ, ਉਸ ਨੂੰ ਕਿਸੇ ਨੇ ਖ਼ਰੀਦਣਾ ਨਹੀਂ ਸੀ। ਸੋ ਭਗਤ ਸਧਨਾ ਜੀ ਨੇ ਸੋਚਿਆ ਕਿਉਂ ਨਾ ਬੱਕਰੇ ਦਾ ਇਕ ਅੰਗ ਕੱਟ ਕੇ ਮਾਸ ਲੈ ਲਵਾਂ? ਬਾਕੀ ਬੱਕਰੇ ਨੂੰ ਸਵੇਰੇ ਮਾਰ ਕੇ ਮਾਸ ਵੇਚ ਦੇਵਾਂਗਾ। ਜਿਉਂ ਹੀ ਇਹ ਕੰਮ ਕਰਨ ਲੱਗੇ ਤਾਂ ਉਨ੍ਹਾਂ ਦੇ ਮਨ ਵਿੱਚੋਂ ਆਵਾਜ਼ ਉੱਠੀ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਬੱਕਰਾ ਕਹਿ ਰਿਹਾ ਹੋਵੇ ਕਿ ਅੱਜ ਤੂੰ ਕੁਦਰਤ ਵਿਰੁੱਧ ਕਾਰਜ ਕਰ ਰਿਹਾ ਹੈਂ। ਸਧਨਾ ਜੀ ਦੀ ਆਤਮਾ ਜਾਗ੍ਰਿਤ ਹੋ ਗਈ। ‘ਪਰਚੀਆਂ ਭਗਤਾਂ ਦੀਆਂ’ ਵਿਚ ਇਸ ਬਾਰੇ ਇਸ ਤਰ੍ਹਾਂ ਲਿਖਿਆ ਹੈ:
ਕੂੜ ਗਯਾ ਕਪਟੁ ਉਠਿ ਭਾਗੁ।
ਮਨ ਮਹਿ ਦੀਪਕ ਸਹਜੈ ਜਾਸੁ।
ਕਾਮ ਕ੍ਰੋਧ ਲੋਭੁ ਅਹੰਕਾਰ।
ਮੋਹ ਮਾਯਾ ਤੇ ਭਯਾ ਨ੍ਯਾਰ।
ਜੈਸੇ ਸੁਟਿਨ ਸੋਧਯਾ ਸ਼ੋਲਾ।
ਲਾਇਕ ਹੋਵੇ ਰਤਨ ਅਮੋਲਾ।
ਐਸਾ ਸਧਨਾ ਹੋਆ ਸੁਧੁ।
ਜੈਸ ਉਜਲੁ ਗੋ ਕਾ ਦੁੱਧ।3
ਭਗਤ ਸਧਨਾ ਜੀ ਨੇ ਮਾਸ ਵੇਚਣਾ ਛੱਡ ਦਿੱਤਾ ਤੇ ਖਾਲਸ ਭਗਤੀ-ਭਾਵ ਵਿਚ ਆ ਗਏ। ਪਰਮਾਤਮਾ ਪ੍ਰਤੀ ਵੈਰਾਗ ਪੈਦਾ ਹੋ ਗਿਆ, ਹਰ ਸਮੇਂ ਪਰਮਾਤਮਾ ਦੇ ਰੰਗ ਵਿਚ ਰਹਿਣ ਲੱਗੇ। ਭਗਤ ਸਧਨਾ ਜੀ ਲਈ ਹੁਣ ਹਿੰਦੂ, ਮੁਸਲਮਾਨ ਕੁਝ ਨਹੀਂ ਸੀ, ਸਭ ਇਕ ਪਰਮਾਤਮਾ ਦੀ ਜੋਤਿ ਸਨ। ਇਲਾਕੇ ਵਿਚ ਭਗਤ ਸਧਨਾ ਜੀ ਭਗਤ ਵਜੋਂ ਮਸ਼ਹੂਰ ਹੋ ਗਏ। ‘ਪ੍ਰੇਮ ਅੰਬੋਧ’ ਵਿਚ ਲਿਖਿਆ ਹੈ ਕਿ ਭਗਤ ਸਧਨਾ ਜੀ ਹਰ ਸਮੇਂ ਉਸ ਅਗਮ-ਅਗਾਧ ਪਰਮਾਤਮਾ ਨੂੰ ਸਿਮਰਦੇ ਤੇ ਨਮਸਕਾਰ ਕਰਦੇ, ਉਸ ਦੇ ਨਾਮ ਦੇ (ਬਿਸਨਪਦੇ) ਛੰਦ ਗਾਉਂਦੇ ਰਹਿੰਦੇ:
ਭਾਉ ਭਗਤਿ ਹਿਰਦੈ ਮਹਿ ਲਿਆਵੈ।
ਜੋਰਿ ਬਿਸਨਪਦ ਪ੍ਰੇਮ ਸਿਉ ਗਾਵੈ।
ਨਾ ਵਹ ਦੁਖੈ ਨ ਕਿਸੈ ਦੁਖਾਵੈ।
ਸੁਖ ਸਰੂਪ ਹੋਇ ਅਉਧ ਬੀਤਾਵੈ।
ਭਗਤੁ ਭਗਤੁ ਤਿਸੁ ਜਗਤੁ ਬਖਾਨੈ।
ਪੂਜਾ ਅਰਚਾ ਬੰਦਨਾ ਠਾਨੈ।
ਸੁਖ ਰੂਪੀ ਸੁਖਦਾਈ ਸਾਧ।
ਤਿਸਕੋ ਮਤੋ ਹੈ ਅਗਮ ਅਗਾਧ।4
ਭਗਤ ਸਧਨਾ ਜੀ ਦਾ ਇਹ ਵਿਹਾਰ ਦੇਖ, ਕੱਟੜਪੰਥੀਆਂ ਨੂੰ ਬਹੁਤ ਤਕਲੀਫ਼ ਹੋਈ। ਇਕ ਮੁਸਲਮਾਨ ਕਾਜ਼ੀ ਨੇ ਬਾਦਸ਼ਾਹ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਸਧਨਾ ਮੁਸਲਮਾਨ ਹੋ ਕੇ ਸ਼ਰ੍ਹਾ ਵਿਰੁੱਧ ਕਾਰਜ ਕਰਦਾ ਹੈ। ਬਾਦਸ਼ਾਹ ਨੇ ਭਗਤ ਸਧਨਾ ਜੀ ਨੂੰ ਦਰਬਾਰ ਵਿਚ ਬੁਲਾ ਲਿਆ ਅਤੇ ਕਿਹਾ ਕਿ ਤੁਸੀਂ ਇਹ ਕਿਹੜਾ ਨਵਾਂ ਰਾਹ ਪਕੜਿਆ ਹੈ, ਤੁਸੀਂ ਮੁੜ ਮੁਸਲਮਾਨ ਕਸਾਈ ਬਣੋ ਜਾਂ ਫਿਰ ਭਗਤਾਂ ਵਾਲੀ ਕੋਈ ਕਰਾਮਾਤ ਦਿਖਾਓ। ਭਗਤ ਸਧਨਾ ਜੀ ਨੇ ਬਾਦਸ਼ਾਹ ਨੂੰ ਸਮਝਾਉਂਦੇ ਹੋਏ ਕਿਹਾ ਕਿ ਹਿੰਦੂ ਮੁਸਲਿਮ ਰਹੁਰੀਤਾਂ ਤੇ ਪਰਮ ਸੱਤਾ ਦੇ ਰੂਪ ਵਿਚ ਕੋਈ ਭੇਦ ਨਹੀਂ ਹੈ। ਕਰਾਮਾਤ ਕਰਕੇ ਹੀ ਤੁਸੀਂ ਬਾਦਸ਼ਾਹ ਹੋ। ਭਾਈ ਕੀਰਤ ਸਿੰਘ ਨੇ ‘ਭਗਤਿ ਪ੍ਰੇਮਾਕਰ’ ਵਿਚ ਇਸ ਨੂੰ ਇੰਞ ਵਰਣਨ ਕੀਤਾ ਹੈ:-
ਸਧਨਾ ਕਹਿ ਸੁਨਿ ਸਾਹਿ ਰਿਦੈ ਧਰਯੋ ਹਰਿ ਧਯਾਨਾ।
ਹਿੰਦੂ ਤੁਰਕ ਨ ਭੇਦੁ, ਭੇਦੁ ਨਹਿ ਬੇਦ ਪੁਰਾਨਾ।
ਭੇਦੁ ਨ ਰਾਮ ਰਹੀਮ ਭੇਦੁ ਨਹਿ ਕਿਬਲਾ ਕਾਸੀ।
ਪੂਜਾ ਨਿਵਾਜ ਨ ਭੇਦੁ ਸਬੈ ਸਾਹਿਬ ਉਪਜਾਸੀ।
ਪੁਨਿ ਭੇਦਿ ਬਾਂਗ ਦਰ ਸਬਦ ਨਹਿ ਭੇਦੁ ਨ ਰੋਜਾ ਇਕਾਦਸੀ।
ਜੋ ਬਾਦ ਕਰਤ ਹੈ ਸਾਹ ਸੁਨਿ ਮਾਨਸ ਤਨ ਜਗ ਬਾਦ ਸੀ।
ਕਹਾ ਢੂਢਹੁ ਕਰਾਮਾਤ ਨੂਰ ਸਾਹਿਬ ਸਭ ਜਾਨੋ।
ਕਰਾਮਾਤ ਤੁਮ ਸਾਹ ਆਪ ਮੈ ਪ੍ਰਗਟ ਪਛਾਨੋ।
ਤੁਮ ਸਮ ਸਭ ਨਰ ਅੰਗ ਤੇਊ ਜਗ ਭਏ ਨਰਾਜਾ।
ਪੇਖਹੁ ਰਾਮ ਪ੍ਰਭਾਵ ਕੀਨ ਤੁਮ ਸਭ ਸਿਰਤਾਜਾ।5
ਬਾਦਸ਼ਾਹ ਨੇ ਨਰਾਜ਼ ਹੋ ਕੇ ਭਗਤ ਸਧਨਾ ਜੀ ਨੂੰ ਇੱਟਾਂ ਵਿਚ ਚਿਣਨ ਦਾ ਹੁਕਮ ਦੇ ਦਿੱਤਾ। ਭਗਤ ਸਧਨਾ ਜੀ ਨੇ ਪਰਮਾਤਮਾ ਦੇ ਸਨਮੁਖ ਧਿਆਨ ਕਰ ਕੇ ਵੈਰਾਗਮਈ ਬੇਨਤੀ ਕੀਤੀ ਕਿ ਹੇ ਪਰਮਾਤਮਾ! ਆਪ ਮੁਝ ਗਰੀਬ ਦੀ ਲਾਜ ਰੱਖੋ। ਮਦਦ ਕਰੋ, ਮੇਰੇ ਪਿਛਲੇ ਕਰਮ ਨਾ ਦੇਖੋ, ਹੁਣ ਸਧਨਾ ਬੱਸ ਆਪ ਜੀ ਦਾ ਦਾਸ ਹੈ:
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥1॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥4॥1॥ (ਪੰਨਾ 858)
ਉਸ ਸਮੇਂ ਪਰਮਾਤਮਾ ਸਹਾਈ ਹੋਇਆ। ਬਾਦਸ਼ਾਹ ਉੱਪਰ ਦੀਵਾਰ ਗਿਰ ਗਈ, ਭਗਤ ਸਧਨਾ ਜੀ ਦੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਪਿਆ ਕਿ ਉਸ ਨੇ ਭਗਤ ਜੀ ਨੂੰ ਰਿਹਾਅ ਕਰ ਦਿੱਤਾ।6 ਹੁਣ ਭਗਤ ਸਧਨਾ ਜੀ ਦੇ ਮਨ ਉਦਾਸੀ ਆਈ, ਘਰ-ਬਾਰ ਤਿਆਗ ਇਕਾਂਤ ਭਗਤੀ ਲਈ ਨੀਲਗਿਰੀ ਵੱਲ ਚੱਲ ਪਏ।7
ਭਗਤ ਸਧਨਾ ਜੀ ਚੱਲਦੇ-ਚੱਲਦੇ ਅਲੌਰਾ ਦੀਆਂ ਗੁਫ਼ਾਵਾਂ ਲਾਗੇ ਸੁੰਦਰ ਅਸਥਾਨ ਦੇਖ ਭਗਤੀ ਵਿਚ ਲੱਗ ਗਏ। ਮਿਸਟਰ ਮੈਕਾਲਿਫ ਆਪਣੀ ਪੁਸਤਕ ‘ਸਿੱਖ ਰਿਲੀਜ਼ਨ’ ਭਾਗ ਛੇਵੇਂ ਵਿਚ ਲਿਖਦੇ ਹਨ ਕਿ ਅਲੌਰਾ ਦੀਆਂ ਗੁਫ਼ਾਵਾਂ ਨੇੜੇ ਭਗਤੀ ਕਰਦਿਆਂ, ਇਨ੍ਹਾਂ ਦੀ ਭੇਟ ਭਗਤ ਨਾਮਦੇਵ ਜੀ ਅਤੇ ਗਿਆਨਦੇਵ ਜੀ ਨਾਲ ਹੋਈ ਅਤੇ ਇਹ ਉਨ੍ਹਾਂ ਨਾਲ ਤੀਰਥ-ਯਾਤਰਾ ਲਈ ਚੱਲ ਪਏ। ‘ਸੈਣ ਸਾਗਰ ਗ੍ਰੰਥ’ ਅਨੁਸਾਰ ਇਨ੍ਹਾਂ ਨੂੰ ਭਗਤ ਸੈਣ ਜੀ, ਭਗਤ ਧੰਨਾ ਜੀ, ਭਗਤ ਤ੍ਰਿਲੋਚਨ ਜੀ ਵੀ ਮਿਲ ਗਏ। ਇਹ ਸਭ ਜਗਨਨਾਥ ਤੇ ਬੀਠਲ ਆਦਿ ਥਾਵਾਂ ’ਤੇ ਹੁੰਦੇ ਹੋਏ ਸ੍ਰੀਨਗਰ ਪਹੁੰਚੇ। ਇਥੋਂ ਦੇ ਰਾਜੇ ਭੀਖਣ ਨੇ ਇਕ ਮਹੀਨਾ ਸਭ ਭਗਤਾਂ ਨੂੰ ਆਪਣੇ ਪਾਸ ਰੱਖ ਕੇ ਸੇਵਾ ਕੀਤੀ। ਫਿਰ ਇਹ ਸਾਰੇ ਭਗਤ ਕਾਸ਼ੀ ਆ ਗਏ। ‘ਸੈਣ ਸਾਗਰ’ ਵਿਚ ਲਿਖਿਆ ਹੈ:
ਤਬ ਸੰਤ ਕਾਸ਼ੀ ਮੋ ਆਇ। ਆਇ ਕਰ ਕਹਾ ਭਾਈ ਏਥੇ ਅਸਥਾਨ ਬਣਾਇਐ। ਤਬ ਅਸਥਾਨਿ ਕੀ ਜਗਾ ਮਾਲੀ ਰਾਮਾਨੰਦ ਦੇ ਡੇਰੇ ਨਾਲਿ। ਤਬ ਅਸਥਾਨਿ ਲਾਗੇ ਬਣਵਾਏ ਆਪ ਆਪਿਣੇ। ਤਬ ਸਧਨੇ ਭੀ ਬੈਠਿਕ ਬਣਾਈ।… ਅਰੁ ਹੋਰੁ ਭਗਤਾਂ ਕੀਆਂ ਭੀ ਬੈਠਿਕਾ ਬਣੀਆ। ਤਬ ਭਗਤਿ ਬੈਠ ਕਰ ਲਾਗੇ ਤਪ ਕਰਨੇ।… ਤਬ ਭਗਤਿ ਪ੍ਰੇਮਿ ਸੋ ਕਰੀ। ਤਬ ਬਾਰਾਂ ਬਰਸਿ ਤਪੁ ਭਗਤਾਂ ਕੀਆ।8
ਉਸ ਸਮੇਂ ਭਾਰਤ ਦਾ ਸੁਲਤਾਨ ਫੀਰੋਜ਼ ਸ਼ਾਹ ਤੁਗਲਕ ਬਣਿਆ। ਇਸ ਨੇ ਸੁਧਾਰਾਂ ਦਾ ਮੁੱਢ ਬੰਨ੍ਹਿਆ। ਸੁਲਤਾਨ ਫੀਰੋਜ਼ ਸ਼ਾਹ ਤੁਗਲਕ ਨੂੰ ਵਿਦਵਾਨਾਂ, ਸਾਧੂ, ਸੰਤਾਂ ਤੇ ਸੂਫ਼ੀ ਫਕੀਰਾਂ ਦਾ ਉਤਸ਼ਾਹ ਵਧਾਉਣ, ਨਵੇਂ ਨਗਰ ਵਸਾਉਣ, ਨਵੀਆਂ ਕਾਢਾਂ ਕੱਢਣ ਤੇ ਉਨ੍ਹਾਂ ਦੇ ਕਾਢੂਆਂ ਨੂੰ ਸਹਾਇਤਾ ਦੇਣ ਵਿਚ ਖਾਸ ਦਿਲਚਸਪੀ ਸੀ। ਇਸ ਨੇ 1355 ਈ. ਵਿਚ ਸਰਹਿੰਦ ਸ਼ਹਿਰ ਆਬਾਦ ਕੀਤਾ। ਸ਼ਾਇਦ ਪਿਛਲੀ ਉਮਰੇ ਭਗਤ ਸਧਨਾ ਜੀ ਫੀਰੋਜ਼ ਸ਼ਾਹ ਤੁਗਲਕ ਦੇ ਸਹਿਯੋਗ ਨਾਲ ਨਵੀਂ ਆਬਾਦੀ ਸਰਹਿੰਦ ਆ ਕੇ ਰਹਿਣ ਲੱਗੇ।9 ਇਥੇ ਹੀ ਇਨ੍ਹਾਂ ਦਾ ਦੇਹਾਂਤ ਹੋਇਆ। ਭਗਤ ਸਧਨਾ ਜੀ ਦਾ ਦੇਹਰਾ ਸਰਹਿੰਦ ਪਾਸ ਵਿਦਮਾਨ ਹੈ।10
ਲੇਖਕ ਬਾਰੇ
#155, Sec-2(a), ਮੰਡੀ ਗੋਬਿੰਦਗੜ੍ਹ-147301 ਮੰਡੀ ਗੋਬਿੰਦਗੜ੍ਹ-147301
- ਹੋਰ ਲੇਖ ਉਪਲੱਭਧ ਨਹੀਂ ਹਨ