editor@sikharchives.org

ਭਾਈ ਗੁਰਦਾਸ ਜੀ ਤੇ ਗੁਰਮਤਿ ਪਰੰਪਰਾ

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਪ੍ਰਸਤੁਤ ਹੋਏ ਮੂਲ ਵਿਚਾਰ ਗੁਰਬਾਣੀ ਵਿਚ ਤੱਤ ਰੂਪ ਮਿਲ ਜਾਂਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਗੁਰਦਾਸ ਜੀ ਦੀ ਰਚਨਾ ਗੁਰਬਾਣੀ ਦੇ ਭਾਵ ਤੇ ਵਿਚਾਰਧਾਰਾ ’ਤੇ ਆਧਾਰਿਤ ਹੋਣ ਕਾਰਨ ਗੁਰਬਾਣੀ ਦੀ ਕੁੰਜੀ ਮੰਨੀ ਗਈ ਹੈ। ਗੁਰਮਤਿ-ਪਰੰਪਰਾ ਵਿਚ ਸਿੱਖ ਗੁਰੂ ਸਾਹਿਬਾਨ ਦੁਆਰਾ ਪ੍ਰਸਤੁਤ ਕੀਤੇ ਗਏ ਸਿਧਾਂਤਾਂ ਦੀ ਪੁਸ਼ਟੀ ਕਰਦਿਆਂ ਭਾਈ ਗੁਰਦਾਸ ਜੀ ਨੇ ਸਿੱਖ ਧਰਮ ਦੇ ਸੰਕਲਪਾਂ ਅਤੇ ਸਾਧਨਾਤਮਕ ਪੱਖਾਂ ਨੂੰ ਸੱਭਿਆਚਾਰਕ ਸਾਰਥਕਤਾ ਪ੍ਰਦਾਨ ਕੀਤੀ ਹੈ। ਗੁਰਮਤਿ ਸੱਭਿਆਚਾਰ ਦੇ ਦਾਰਸ਼ਨਿਕ ਮੰਡਲ ਤੋਂ ਬਾਹਰ, ਉਹ ਕਿਸੇ ਨਵੇਂ ਸੰਕਲਪ ਦੀ ਪੇਸ਼ਕਾਰੀ ਪ੍ਰਤੀ ਰੁਚਿਤ ਨਹੀਂ। ਉਨ੍ਹਾਂ ਦੀ ਰੁਚੀ ਗੁਰਮਤਿ-ਪਰੰਪਰਾ ਵਿਚਲੇ ਸਿਧਾਂਤਾਂ ਨੂੰ ਸਵੀਕਾਰ ਕਰਕੇ ਲੋਕ-ਮਾਨਤਾ ਹਿੱਤ ਨਵੀਨ ਵਿਆਖਿਆ ਪੱਧਤੀ ਅਨੁਸਾਰ ਪੇਸ਼ ਕਰਨਾ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿਚ ਭਾਵੇਂ ਪਰੰਪਰਾਗਤ ਤੱਤ ਵੀ ਵਿਦਮਾਨ ਹਨ ਪਰ ਇਸ ਰਚਨਾ ਦਾ ਚਿੰਤਨ-ਬਿੰਦੂ ਸਭ ਤੋਂ ਜ਼ਿਆਦਾ ਗੁਰਮਤਿ ਪਰੰਪਰਾ ਵਿਚਲੇ ਸੱਭਿਆਚਾਰਕ ਅੰਸ਼ਾਂ ਨੂੰ ਸਾਧਾਰਨ ਜਨ-ਜੀਵਨ ਦੀ ਸਮਝ ਗੋਚਰੇ ਕਰਨ ਲਈ ਕਾਰਜਸ਼ੀਲ ਹੈ।

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਪ੍ਰਸਤੁਤ ਹੋਏ ਮੂਲ ਵਿਚਾਰ ਗੁਰਬਾਣੀ ਵਿਚ ਤੱਤ ਰੂਪ ਮਿਲ ਜਾਂਦੇ ਹਨ। ਭਾਈ ਗੁਰਦਾਸ ਜੀ ਨੇ ਇਨ੍ਹਾਂ ਵਿਚਾਰਾਂ ਨੂੰ ਅਧਿਕ ਵਿਸਥਾਰ ਅਤੇ ਸਪਸ਼ਟਤਾ ਨਾਲ ਇਤਨੇ ਸੁਚੱਜੇ ਰੂਪ ਵਿਚ ਪੇਸ਼ ਕੀਤਾ ਹੈ ਕਿ ਉਹ ਆਪਣੇ ਆਪ ਵਿਚ ਮੌਲਿਕ ਬਣ ਗਏ ਹਨ। ਉਹ ਸਿੱਖ ਧਰਮ ਦੇ ਦਾਰਸ਼ਨਿਕ ਵਿਸ਼ਲੇਸ਼ਣ ਵਿਚ ਨਹੀਂ ਪਾਇਆ ਸਗੋਂ ਗੁਰਮਤਿ-ਪਰੰਪਰਾ ਦੇ ਪ੍ਰਚਾਰ ਅਤੇ ਪ੍ਰਸਾਰ ਪ੍ਰਤੀ ਰੁਚਿਤ ਹੈ।1 ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਸਤੁਤ ਹੋਏ ਗੁਰਮਤਿ-ਪਰੰਪਰਾ ਦੇ ਸਿਧਾਂਤ, ਸੰਕਲਪਾਤਮਕ ਸ਼ਬਦਾਵਲੀ ਵਿਚ ਹੋਣ ਕਰਕੇ ਜਨ-ਸਾਧਾਰਨ ਨੂੰ ਕਠਿਨ ਲੱਗਦੇ ਹਨ। ਹਰ ਸੰਸਥਾ ਨੂੰ ਸਿਧਾਂਤਾਂ ਦੇ ਸਪਸ਼ਟੀਕਰਨ ਦੀ ਜ਼ਰੂਰਤ ਪੈਂਦੀ ਹੈ। ਸਿਧਾਂਤ ਵਿਆਖਿਆ ਚਾਹੁੰਦਾ ਹੈ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਦ੍ਰਿੜ੍ਹ ਤੇ ਪਰਿਪੱਕ ਕਰਨ ਦੀ ਲੋੜ ਹੁੰਦੀ ਹੈ। ਭਾਈ ਗੁਰਦਾਸ ਜੀ ਦੀ ਰਚਨਾ ਗੁਰਮਤਿ-ਪਰੰਪਰਾ ਦੇ ਇਨ੍ਹਾਂ ਕਾਰਜਾਂ ਨੂੰ ਨਿਭਾਉਂਦੀ ਹੈ। ਭਾਈ ਗੁਰਦਾਸ ਜੀ ਗੁਰਮਤਿ-ਪਰੰਪਰਾ ਨੂੰ ਸੰਸਥਾਗਤ ਰੂਪ ਵਿਚ ਸਥਾਪਿਤ ਕਰਨ ਲਈ ਸਿੱਖ-ਇਤਿਹਾਸ, ਸਿੱਖ-ਸਮਾਜ, ਸਿੱਖ-ਰਹਿਤ ਮਰਯਾਦਾ, ਸਿੱਖ-ਵਿਸ਼ਵਾਸ ਆਦਿ ਦਾ ਤਰਕਮਈ ਵਿਸ਼ਲੇਸ਼ਣ ਕਰਕੇ ਸਿੱਖ ਧਰਮ ਨੂੰ ਇਕ ਸੰਸਥਾਗਤ ਸਰੂਪ ਵਿਚ ਉਲੀਕਣ ਦੇ ਜਤਨ ਵਿਚ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਿਕ ਅਤੇ ਧਾਰਮਿਕ ਅਨੁਭਵ ਨੂੰ ਰੀਤੀਬੱਧ ਅਤੇ ਨਿਯਮਬੱਧ ਨਿਰੰਤਰਤਾ ਪ੍ਰਦਾਨ ਕਰਨ ਲਈ ਗੁਰੂ-ਪ੍ਰਥਾ ਕਾਇਮ ਕੀਤੀ। ਗੁਰੂ-ਪ੍ਰਣਾਲੀ ਦੀ ਸਥਾਪਨਾ ਨਾਲ ਸਿੱਖ-ਸੰਪ੍ਰਦਾਇ ਦੀ ਹੋਂਦ ਸਥਾਪਿਤ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਗੁਰਮਤਿ-ਪਰੰਪਰਾ ਦੀ ਮਹੱਤਵਪੂਰਨ ਲੜੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਸਾਹਿਤ ਅਤੇ ਸਿੱਖ ਧਰਮ ਦੀ ਜਿੱਥੇ ਇਕ ਮਹੱਤਵਪੂਰਨ ਰਚਨਾ ਹੈ, ਉੱਥੇ ਇਸ ਦੀ ਬਾਣੀ ਦਾ ਸਿਧਾਂਤਮੂਲਕ ਅਤੇ ਸੰਕਲਪਮੂਲਕ ਪੱਖ ਅਧਿਕ ਮਹੱਤਤਾ ਰੱਖਦਾ ਹੈ। ਭਾਈ ਗੁਰਦਾਸ ਜੀ ਦੀ ਰਚਨਾ ਦਾ ਪ੍ਰਧਾਨ ਸੁਰ ਸਿੱਖ ਧਰਮ ਦੇ ਵਿਸ਼ਵਾਸਾਂ ਨੂੰ ਪਕੇਰਿਆਂ ਕਰਨ, ਗੁਰਮਤਿ-ਪਰੰਪਰਾ ਵਿਚਲੇ ਸਿਧਾਂਤਾਂ ਦੀ ਵਿਆਖਿਆ ਕਰਨ ਅਤੇ ਸੰਸਥਾ-ਸਥਾਪਨ ਦੀ ਭਾਵਨਾ ਵੱਲ ਰੁਚਿਤ ਹੈ।

ਸੰਸਥਾਕਰਣ ਦੀ ਪ੍ਰਕ੍ਰਿਆ ਤਿੰਨ ਅਵਸਥਾਵਾਂ ਵਿੱਚੋਂ ਦੀ ਲੰਘਦੀ ਹੈ। ਪਹਿਲੀ ਸੰਪ੍ਰਦਾਇ (Cult), ਦੂਸਰੀ ਵਿਸ਼ਵਾਸ ਤੇ ਸਿਧਾਂਤ (Belief And Dogma) ਅਤੇ ਤੀਸਰੀ ਸੰਗਠਨ (Organization)। ਸੰਸਥਾਪਿਤ ਨੇਤਾ ਨੂੰ ਮੰਨਣ ਵਾਲੇ ਸ਼ਰਧਾਲੂਆਂ ਵਿਚ ਵਿਸ਼ੇਸ਼ ਰੀਤੀਆਂ, ਪੂਜਾ-ਵਿਧੀਆਂ, ਚਿੰਨ੍ਹ ਤੇ ਸ਼ਬਦ ਆਦਿ ਹੋਂਦ ਵਿਚ ਆਉਂਦੇ ਹਨ। ਧਾਰਮਿਕ ਪੂਜਾ ਵਿਧੀਆਂ ਭਗਤੀ ਭਾਵਨਾ ਤੇ ਅਨੁਸ਼ਠਾਨ ਸੰਪ੍ਰਦਾਇ ਨੂੰ ਸਮਾਜਿਕ ਸੰਸਥਾ ਦੀ ਸਥਾਪਤੀ ਏਕਤਾ ਤੇ ਸਮਰੂਪਤਾ ਪ੍ਰਦਾਨ ਕਰਦੇ ਹਨ। 2 ਇਸ ਤਰ੍ਹਾਂ ਦੇਵ ਉਪਾਸਨਾ ਤੇ ਭਗਤੀ ਭਾਵਨਾ ਕਾਇਮ ਹੁੰਦੀ ਹੈ। ਇਸ ਉਪਰੰਤ ਸੰਸਥਾ ਦੀ ਸਥਾਪਤੀ ਹਿੱਤ ਵਿਸ਼ਵਾਸ ਤੇ ਸਿਧਾਂਤ ਦੀ ਸਿਰਜਣਾ ਹੁੰਦੀ ਹੈ। ਮੋਢੀ ਸ਼ਖ਼ਸੀਅਤ ਪ੍ਰਤਿ ਕਈ ਤਰ੍ਹਾਂ ਦੀਆਂ ਵਧਾ-ਚੜ੍ਹਾ ਕੇ ਕਹਾਣੀਆਂ ਘੜੀਆਂ ਜਾਂਦੀਆਂ ਹਨ। 3 ਤੀਸਰੀ ਪ੍ਰਕ੍ਰਿਆ ਧਾਰਮਿਕ ਸੰਗਠਨ ਦਾ ਜਨਮ ਧਾਰਮਿਕ ਅਨੁਭਵ ਆਧਾਰਿਤ ਹੁੰਦਾ ਹੈ। ਇਹ ਅਨੁਭਵ ਮੋਢੀ ਸ਼ਖ਼ਸੀਅਤ ਦਾ ਅਨੁਭਵ ਹੈ। ਨਿਯਮਬੱਧਤਾ ਦੁਆਰਾ ਮੋਢੀ ਸ਼ਖ਼ਸੀਅਤ ਦੇ ਅਨੁਭਵ ਨੂੰ ਸਥਿਰ ਤੇ ਸਥਾਪਿਤ ਕੀਤਾ ਜਾਂਦਾ ਹੈ। 4 ਇਸ ਉਪਰੰਤ ਧਾਰਮਿਕ ਤੇ ਸੰਸਥਾਗਤ ਰਸਮਾਂ ਨੂੰ ਨਿਭਾਉਣ ਵਾਸਤੇ ਪੁਜਾਰੀ ਸ਼੍ਰੇਣੀ ਹੋਂਦ ਵਿਚ ਆਉਂਦੀ ਹੈ। ਸਮੇਂ ਅਨੁਸਾਰ ਨਵੇਂ ਨਿਯਮ ਹੋਂਦ ਵਿਚ ਆਉਂਦੇ ਹਨ। ਪਰੰਤੂ ਜਿਵੇਂ-ਜਿਵੇਂ ਸੰਸਥਾਗਤ ਫੈਲਾਉ ਹੁੰਦਾ ਜਾਂਦਾ ਹੈ, ਤਿਵੇਂ-ਤਿਵੇਂ ਸਮਾਜਿਕ ਪਸਾਰਾ, ਨਵੇਂ ਮੁੱਲ, ਨਵੇਂ ਸੰਕਟ ਪੈਦਾ ਕਰਦਾ ਹੈ ਜਿਸ ਕਾਰਨ ਸੰਸਥਾ ਦੇ ਅੰਦਰੂਨੀ ਤੇ ਬੈਰੂਨੀ ਜਗਤ ਨਾਲ ਸੰਬੰਧਿਤ ਦ੍ਰਿਸ਼ਟੀਕੋਣ ਬਾਰੇ ਵਖਰੇਵਾਂ ਪੈਦਾ ਹੁੰਦਾ ਹੈ। ਸਮਾਜਿਕ ਤੇ ਰਾਜਨੀਤਿਕ ਵਿਵਸਥਾਵਾਂ ਵਿਚ ਤਨਾਉ ਤੇ ਟਕਰਾਉ ਦੀ ਸਥਿਤੀ ਉਤਪੰਨ ਹੁੰਦੀ ਹੈ। ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਅਜਿਹੀਆਂ ਕਾਲ-ਪਰਿਸਥਿਤੀਆਂ ਨੂੰ ਮੁੱਖ ਰੱਖਦੀ ਹੋਈ ਗੁਰਮਤਿ-ਪਰੰਪਰਾ ਨੂੰ ਆਪਣਾ ਰਚਨਾ ਦਾ ਆਧਾਰ ਹੀ ਨਹੀਂ ਬਣਾਉਂਦੀ ਸਗੋਂ ਉਸ ਦੀ ਸਰਲ ਵਿਆਖਿਆ ਕਰਕੇ ਅਨੇਕਾਂ ਧਰਮਾਂ ਅਤੇ ਫਿਰਕਿਆਂ ਨਾਲੋਂ ਵਿਸ਼ੇਸ਼ ਦਰਸਾਉਣ ਦਾ ਉਪਰਾਲਾ ਵੀ ਕਰਦੀ ਹੈ।

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਗੁਰਮਤਿ-ਪਰੰਪਰਾ ਦੇ ਸੰਦਰਭ ਵਿਚ ਬੜਾ ਮਹੱਤਵਪੂਰਨ ਗੁਰ-ਇਤਿਹਾਸ ਮੂਰਤੀਮਾਨ ਹੋਇਆ ਹੈ। ਇਸ ਪੱਖੋਂ ਸਭ ਤੋਂ ਅਧਿਕ ਮਹੱਤਵਪੂਰਨ ਰਚਨਾ ਪਹਿਲੀ ਵਾਰ ਹੈ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਚਰਿੱਤਰ, ਯੁੱਗ ਦੀ ਅਵਸਥਾ ਦੇ ਪ੍ਰਕਰਣ ਵਿਚ ਬੜੀ ਸੰਖੇਪਤਾ ਨਾਲ ਚਿਤਰਿਆ ਗਿਆ ਹੈ। 5 ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਰਿੱਤਰ ਚਿੱਤਰਦਿਆਂ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਉਹ ਪਰੰਪਰਾ ਵਿਚ ਅੰਧ-ਵਿਸ਼ਵਾਸੀਆਂ ਵਾਂਗ ਯਕੀਨ ਨਹੀਂ ਰੱਖਦੇ ਸਨ। ਇਸ ਲਈ ਉਨ੍ਹਾਂ ਨੇ ਪੁਰਾਣੀ ਮਰਯਾਦਾ ਦੇ ਮੁਕਾਬਲੇ ਜਿੱਥੇ ਨਵੀਆਂ ਸੱਭਿਆਚਰਕ ਕੀਮਤਾਂ ਦੀ ਉਸਾਰੀ ਕੀਤੀ ਉੱਥੇ ਗੁਰਗੱਦੀ ਦੇ ਵਾਰਸ ਚੁਣਨ ਵੇਲੇ ਆਪਣੀ ਸੰਤਾਨ ਦੀ ਥਾਂ ਅਧਿਆਮਕ ਸੰਤਾਨ ਨੂੰ ਮਹੱਤਵ ਦਿੱਤਾ। ਅਰਥਾਤ ਗੱਦੀ ’ਤੇ ਆਪਣੇ ਪਰਮ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਬਿਠਾਇਆ। 6 ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਹੋਰ ਅਨੇਕ ਪ੍ਰਕਾਰ ਦੇ ਧਰਮ ਕਰਮ ਅਤੇ ਅੰਧ ਵਿਸ਼ਵਾਸਾਂ ਦਾ ਖੰਡਨ ਕੀਤਾ, ਉੱਥੇ ਸਾਧਨਾ ਪ੍ਰਣਾਲੀ ਵਿਚ ਵੀ ਪਰਿਵਰਤਨ ਲਿਆਂਦਾ ਅਤੇ ਪੁਰਾਤਨ ਕਰਮ ਕਾਂਡ ਦੀ ਥਾਂ ’ਤੇ ਨਵੀਂ ਗੁਰਮਤਿ-ਪਰੰਪਰਾ ਦੀ ਪਿਰਤ ਚਲਾਈ। 7 ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿਮਰਤਾ, ਨਿਡਰਤਾ ਅਤੇ ਸਾਫ਼-ਗੋਈ ਆਦਿ ਗੁਣਾਂ ’ਤੇ ਵੀ ਪ੍ਰਕਾਸ਼ ਪਾਇਆ ਹੈ। ਅਸਲ ਵਿਚ ਭਾਈ ਗੁਰਦਾਸ ਜੀ ਦੀ ਰਚਨਾ ਵਿਚਲਾ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਮਹਾਨ ਯਾਤਰੀ, ਦਿਗ ਵਿਜੈਈ ਅਤੇ ਸਰਬ ਸ਼ਕਤੀਮਾਨ ਹੈ, ਜਿਸ ਨੇ ਸੰਸਾਰ ਨੂੰ ਨਵੀਂ ਸੱਭਿਆਚਾਰਕ ਅਤੇ ਅਧਿਆਤਮਕ ਜੀਵਨ-ਜਾਂਚ ਪ੍ਰਤਿ ਸੂਚਿਤ ਕੀਤਾ। ਡਾ. ਹਰਿਭਜਨ ਸਿੰਘ ਅਨੁਸਾਰ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿਰਜਨਾਤਮਕ ਵਿਜੈਈ ਦੇ ਰੂਪ ਵਿਚ ਪਛਾਣਿਆ ਸੀ। 8 ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਤੋਂ ਇਲਾਵਾ, ਵਾਰ ਨੰਬਰ ਇੱਕ, ਤਿੰਨ, ਤੇਰਾਂ, ਵੀਹ, ਚੌਵੀ, ਛੱਬੀ, ਅਠੱਤੀ ਅਤੇ ਉਨਤਾਲੀ ਵਿਚ ਸੰਖੇਪ ਪਰ ਸ਼ਰਧਾਮਈ ਸ਼ੈਲੀ ਵਿਚ ਇਸ਼ਾਰੇ ਮਾਤਰ ਵੱਖ-ਵੱਖ ਪਉੜੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਦੂਜੇ ਤੋਂ ਛੇਵੇਂ ਗੁਰੂ ਤਕ ਦਾ ਇਤਿਹਾਸਿਕ ਵਿਵਰਣ ਪੇਸ਼ ਕੀਤਾ ਹੈ। 9 ਇਸ ਤਰ੍ਹਾਂ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਚਰਿੱਤਰ ਅਤੇ ਹੋਰ ਗੁਰੂ-ਇਤਿਹਾਸ ਦੀ ਜੋ ਤਸਵੀਰ ਉਲੀਕੀ ਹੈ, ਉਹ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਭਾਈ ਗੁਰਦਾਸ ਜੀ ਦੁਆਰਾ ਪ੍ਰਸਤੁਤ ਕੀਤੀ ਇਹ ਗੁਰ-ਇਤਿਹਾਸ ਦੀ ਸਮੱਗਰੀ ਜਿੱਥੇ ਗੁਰਮਤਿ-ਪਰੰਪਰਾ ਦੇ ਅਨੁਸਾਰੀ ਹੈ, ਉੱਥੇ ਇਸ ਸਮੱਗਰੀ ਦੀ ਮੱਧਕਾਲੀਨ ਇਤਿਹਾਸਿਕ ਅਤੇ ਰਾਜਨੀਤਿਕ ਪ੍ਰਸਥਿਤੀਆਂ ਦੀ ਜਾਣਕਾਰੀ ਲਈ ਵਿਸ਼ੇਸ਼ ਅਹਿਮੀਅਤ ਹੈ।

ਭਾਈ ਗੁਰਦਾਸ ਜੀ ਗੁਰਮਤਿ-ਪਰੰਪਰਾ ਦੇ ਅੰਤਰਗਤ ਵਿਚਰਦੇ ਹੋਏ ਸਿੱਖ ਗੁਰੁ ਸਾਹਿਬਾਨ ਨੂੰ ਆਪਣੇ ਇਸ਼ਟ ਦੇਵ ਮੰਨਦੇ ਹਨ। ਉਹ ਉਨ੍ਹਾਂ ਦੇ ਜੀਵਨ-ਚਰਿੱਤਰ ਦਾ ਉਲੇਖ ਕਰਦਿਆਂ ਇਤਿਹਾਸਿਕ ਨਾਲੋਂ ਸਿਧਾਂਤਕ ਅਤੇ ਪਰਾ-ਇਤਿਹਾਸਿਕ ਦ੍ਰਿਸ਼ਟੀ ਨੂੰ ਜ਼ਿਆਦਾ ਮੁੱਖ ਰੱਖਦੇ ਹਨ। ਉਨ੍ਹਾਂ ਦੇ ਸੱਭਿਆਚਾਰਕ ਸੰਸਾਰਿਕ ਸੰਬੰਧਾਂ ਨੂੰ ਰੂਪਕੀ-ਵਿਧੀ ਦੁਆਰਾ ਪ੍ਰਸਤੁਤ ਕਰਕੇ ਅਧਿਆਤਮਕ ਸੰਬੰਧ ਸਥਾਪਿਤ ਕੀਤੇ ਹਨ। ਸਿੱਖ ਗੁਰੂ ਸਾਹਿਬਾਨ ਨੂੰ ਨਾਨਕ-ਜੋਤ, ਗੁਰ-ਏਕਤਾ ਦੇ ਸੰਬੰਧ ਵਿਚ ਉਲੀਕਦਿਆਂ ਵੀ ਇਸੇ ਰੁਚੀ ਨੂੰ ਮੁੱਖ ਰੱਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਿੱਤਰ ਚਿਤਰਣ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਇਤਿਹਾਸਿਕ ਲੜੀ ਅਨੁਸਾਰ ਵੱਖ-ਵੱਖ ਗੁਰੂ ਸਾਹਿਬਾਨ ਦੇ ਚਰਿੱਤਰ-ਚਿਤਰਣ ਸਮੇਂ ਜਿਸ ਪ੍ਰਕਾਰ ਗੁਰਮਤਿ ਪਰੰਪਰਾ ਨੂੰ ਆਪਣੇ ਚਿੰਤਨ ਦਾ ਆਧਾਰ ਬਣਾਇਆ ਹੈ, ਉਸ ਦਾ ਵਰਣਨ ਇਸ ਪ੍ਰਕਾਰ ਹੈ:

ਭਾਈ ਗੁਰਦਾਸ ਜੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਗ ਤੋਂ ਗੁਰੂ ਅੰਗਦ ਸਾਹਿਬ ਜੀ ਨੂੰ ਪੈਦਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੇਲੇ ਦੇ ਅਤੁੱਟ ਪ੍ਰੇਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੁਰੂ ਬਣਾ ਦਿੱਤਾ।

ਗੁਰੁ ਅੰਗਦੁ ਗੁਰੁ ਅੰਗੁ ਤੇ ਗੁਰੁ ਚੇਲਾ ਚੇੁਲਾ ਗੁਰੁ ਭਾਇਆ। (ਵਾਰ 26/34:9)

ਭਾਈ ਗੁਰਦਾਸ ਜੀ ਇਸ ਇਤਿਹਾਸਿਕ ਪ੍ਰਸੰਗ ਦਾ ਵਿਵਰਣ ਕਰਦੇ ਹੋਏ ਲਿਖਦੇ ਹਨ ਕਿ ਭਾਈ ਲਹਿਣਾ ਜੀ ਨੇ ਪੂਰਬਲੇ ਚੰਗੇ ਕਰਮਾਂ ਕਾਰਨ ਇਸ ਗੁਰਗੱਦੀ-ਦਾਤ ਦੀ ਪ੍ਰਾਪਤੀ ਕੀਤੀ। ਸ਼ਬਦ ਦੀ ਭਗਤੀ, ਭੈ, ਸਤਿ, ਸੰਤੋਖ, ਦਇਆ, ਧਰਮ ਤੇ ਅਰਥ ਦੇ ਵਿਚਾਰ ਦੁਆਰਾ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਨੂੰ ਤਿਆਗ ਕੇ ਭਾਈ ਲਹਿਣਾ ਜੀ ਬਾਬੇ ਨਾਨਕ ਦਾ ਸਪੁੱਤਰ ਹੋ ਨਿਬੜਿਆ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਸਿੱਧ, ਨਾਥ, ਅਵਤਾਰ ਸਭ ਹੱਥ ਜੋੜ ਕੇ ਖੜ੍ਹੇ ਦਿਖਾਏ ਹਨ। ਭਾਈ ਗੁਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਭੱਟ ਬਾਣੀ ਤੋਂ ਪ੍ਰਭਾਵਿਤ ਹੋ ਕੇ ਇਹ ਸਾਰਾ ਵਿਵਰਣ ਪੇਸ਼ ਕਰਦੇ ਹਨ।

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ॥
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ (ਪੰਨਾ 937)

ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਅਮਰਦਾਸ ਜੀ ਵਿਚ ਜੋਤ ਨੇ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਇਲਾਹੀ ਦਾਤ ਨੂੰ ਪ੍ਰਾਪਤ ਕਰਕੇ ਉਹ ਅਮਰ ਸਰੂਪ ਹੋ ਗਏ। ਸ਼ਬਦ ਦੀ ਸਾਧਨਾ ਦੁਆਰਾ, ਸੰਸਾਰਿਕ ਪਦਾਰਥਾਂ ਤੋਂ ਮਨ ਕਾਬੂ ਕਰਕੇ ਅਕਾਲ ਪੁਰਖ ਦੇ ਹੁਕਮ ਵਿਚ ਚੱਲਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਤਾਪ ਸਾਹਮਣੇ ਦੇਵੀ ਦੇਵਤੇ ਖੜੇ ਨਾ ਹੋ ਸਕੇ। ਸ੍ਰੀ ਗੁਰੂ ਅਮਰਦਾਸ ਜੀ ਅੰਮ੍ਰਿਤ ਸਰੂਪ ਸਨ। ਉਨ੍ਹਾਂ ਦਵੈਤ ਭਾਵ ਨਾਸ਼ ਕਰਕੇ ਮਾਇਆ ਵਿਚ ਉਦਾਸ ਰਹਿੰਦਿਆਂ ਹੋਇਆਂ ਸੰਸਾਰ ਨੂੰ ਅੰਮ੍ਰਿਤ-ਰੂਪੀ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਰਾ-ਇਤਿਹਾਸਿਕ ਰੰਗਣ ਦਿੰਦੇ ਹੋਏ ਲਿਖਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਕਲਿਜੁਗ ਵਿਚ ਧਰਮ ਦੇ ਇਕ ਅਧੂਰੇ ਪੱਖ ਨੂੰ ਪੂਰਿਆ ਕੀਤਾ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਸੰਸਾ ਵਿਚ ਵਿਅਕਤ ਵਿਚਾਰਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਿੱਤਰ- ਉਸਾਰੀ ਕੀਤੀ ਹੈ। ਗੁਰਮਤਿ-ਪਰੰਪਰਾ ਦੇ ਪ੍ਰਚਾਰ ਹਿੱਤ ਉਨ੍ਹਾਂ ਨੂੰ ਦੈਵੀ-ਚਰਿੱਤਰਾਂ ਦੇ ਟਾਕਰੇ ’ਤੇ ਬਲਵਾਨ ਚਰਿੱਤਰ ਦਰਸਾਇਆ ਹੈ। ਸ੍ਰੀ ਗੁਰੂ ਰਾਮਦਾਸ ਜੀ ਬਾਰੇ ਲਿਖਿਆ ਹੈ:

ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।
ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ।(ਵਾਰ 1/47)

ਅਰਥਾਤ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਅੰਮ੍ਰਿਤ ਦਾ ਸਰੋਵਰ ਖੁਦਵਾ ਕੇ ਇਲਾਹੀ ਜੋਤ ਨੂੰ ਜਗਮਗਾਉਣ ਲੱਗੇ। ਸ਼ਬਦ ਤੇ ਸੁਰਤ ਦੀ ਸੰਧੀ ਕਰਕੇ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤਿ ਵਿਚ ਸਮਾਏ ਹੋਏ ਸਨ।

ਬ੍ਰਹਮਾਸਨ ਬਿਸ੍ਰਾਮ ਗੁਰ ਭਏ ਗੁਰਮੁਖ ਸੰਧਿ ਮਿਲਿ॥
ਗੁਰਮੁਖ ਰਮਤਾ ਰਾਮ, ਰਾਮ ਨਾਮ ਗੁਰਮੁਖ ਭਏ॥ (ਸੋਰਠਾ ਨੰ. 13) (ਵਾਰ 24/14, 24/17)

ਭਾਈ ਗੁਰਦਾਸ ਜੀ ਨੇ ਇੱਥੇ ਵੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਇਹ ਪ੍ਰਾਪਤੀ ਉਨ੍ਹਾਂ ਦੇ ਪੂਰਬਲੇ ਕਰਮਾਂ ਕਰਕੇ ਹੀ ਪ੍ਰਾਪਤ ਹੋਈ ਦੱਸੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਦਿੱਬਤਾ ਅਤੇ ਰੂਹਾਨੀ ਤਾਕਤ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਸੰਕੇਤ ਮਿਲਦੇ ਹਨ। ਭਾਈ ਗੁਰਦਾਸ ਜੀ ਗੁਰਮਤਿ-ਪਰੰਪਰਾ ਵਿਚ ਪ੍ਰਸਤੁਤ ਹੋਏ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਪ੍ਰਸੰਸਾਮਈ ਸ਼ਬਦਾਂ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਕਲਿਜੁਗ ਵਿਚ ਗੁਰਮੁਖ ਲੋਕਾਂ ਨੂੰ ਜਗਾਉਣ ਵਾਲਾ ਦੀਨ ਦੁਨੀਆਂ ਦਾ ਥੰਮ, ਸੰਸਾਰ ਦੇ ਭਾਰ ਨੂੰ ਸਹਿਣ ਕਰਨ ਵਾਲਾ, ਧਰਮ ਰੂਪੀ ਬਲਦ ਅਤੇ ਬਾਬਾਣੈ ਦੀ ਕੁਲ ਵਿਚ ਇਕ ਪਵਿੱਤਰ ਅਛੁਹ ਕੰਵਲ ਸੀ।

ਦੀਨ ਦੁਨੀ ਦਾ ਥੰਮੁ ਹੋਇ ਭਾਰੁ ਅਥਰਬਣ ਥੰਮ੍ਹਿ ਖਲੋਤਾ।(ਵਾਰ 24/15)

ਸਪਸ਼ਟ ਹੈ, ਇੱਥੇ ਭਾਈ ਗੁਰਦਾਸ ਜੀ ਗੁਰੂ ਉਸਤਤ ਵਿਚ ਗੁਰਮਤਿ-ਪਰੰਪਰਾ ਦਾ ਅਨੁਸਰਣ ਕਰਦੇ ਹੋਏ ਗੁਰ-ਇਤਿਹਾਸ, ਗੁਰਬਾਣੀ-ਸੰਕਲਪ ਅਤੇ ਗੁਰਮਤਿ-ਪਰੰਪਰਾ ਵਿਚਲੀ ਜੀਵਨ-ਜਾਚ ਪ੍ਰਤੀ ਲੋਕ-ਸੱਭਿਆਚਾਰ ਨੂੰ ਸੂਚਿਤ ਕਰਨ ਵਿਚ ਰੁਚਿਤ ਹਨ।

ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਗੁਰੁ ਭਾਰੀ’ ਦਾ ਗੱਦੀ ’ਤੇ ਬੈਠਣਾ ਦੱਸਿਆ ਹੈ। ਨਿਮਨਲਿਖਤ ਉਦਾਹਰਣ ਪ੍ਰਸਤੁਤ ਹੈ:

ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਿ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
ਪੁਛਨਿ ਸਿੱਖ ਅਰਦਾਸਿ ਕਰਿ ਛਿਅ ਮਹਲਾਂ ਤਕਿ ਦਰਸੁ ਨਿਹਾਰੀ।
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ।
ਕਲਿਜੁਗੁ ਪੀੜੀ ਸੋਢੀਆਂ ਨਿਹਚਲ ਨੀਂਵ ਉਸਾਰਿ ਖਲਾਰੀ।
ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ॥48॥ (ਵਾਰ 1/48)

ਭਾਈ ਗੁਰਦਾਸ ਜੀ ਨੇ ‘ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ’ ਦੇ ਕਥਨ ਅਨੁਸਾਰ ਗੁਰਮਤਿ-ਪਰੰਪਰਾ ਵਿਚਲੀ ਭਾਵਨਾ ਨੂੰ ਹੀ ਅਭਿਵਿਅਕਤ ਕੀਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋਤਿ-ਸਰੂਪ ਹੈ। ਆਪਣੇ ਜੁਗ ਅਨੁਸਾਰ ਗੁਰੂ ਨਾਇਕ ਦੇ ਰੂਪ ਵਿਚ ਦਲਾ ਨੂੰ ਜਿੱਤਣ ਵਾਲਾ ਵੱਡਾ ਪਰਉਪਕਾਰੀ ਯੋਧਾ ਪੈਦਾ ਹੋਇਆ ਦੱਸਿਆ ਹੈ। ਭਾਈ ਗੁਰਦਾਸ ਜੀ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਨ ਦੁਨੀਆਂ ਦਾ ਪਾਤਸ਼ਾਹ ਹੁੰਦੇ ਹੋਏ ਅਚੱਲ ਮੂਰਤ ਹੈ। ਛੇ ਦਰਸ਼ਨਾਂ ਦੀਆਂ ਛੇ ਸੰਪ੍ਰਦਾਵਾਂ ਦੇ ਲੋਕ ਇੱਕੋ ਗੁਰਮਤਿ-ਪਰੰਪਰਾ ਦੇ ਦਰਸ਼ਨ ਨੂੰ ਅਪਣਾ ਕੇ ਗੁਰੂ ਦੇ ਚੇਲੇ ਬਣ ਗਏ। ਇਕ ਪ੍ਰਕਾਰ ਜਤੀ, ਸਤੀ, ਸੰਤੋਖੀ, ਸਿੱਧ, ਨਾਥ, ਅਵਤਾਰ, ਗਿਆਰਾਂ ਰੁਦਰ ਅਤੇ ਬਾਰਾਂ ਰਾਸ਼ੀ ਸੂਰਜ, ਸੋਲ੍ਹਾਂ ਕਲਾ ਸੰਪੂਰਣ ਚੰਦਰਮਾ ਆਦਿ ਸਾਰੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਾਜ਼ਰੀ ਵਿਚ ਉਪਸਥਿਤ ਦੱਸੇ ਹਨ। ਇੱਥੇ ਗੁਰੂ ਸਾਹਿਬ ਜੀ ਦੀ ਵਡਿਆਈ ਸਿਧਾਂਤਕ ਤੇ ਦਾਰਸ਼ਨਿਕ ਮੱਤਾਂ ਦੇ ਲੋਕਾਂ ਨਾਲੋਂ ਵਿਸ਼ੇਸ਼ ਦਰਸਾਈ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸਿਕ ਚਰਿੱਤਰ ਦੇ ਪਰਾ-ਇਤਿਹਾਸਿਕ ਚਿਤਰਣ ਵਿਚ ਨਾਨਕ-ਬਿੰਬ ਅਤੇ ਗੁਰੂ ਏਕਤਾ-ਬਿੰਬ ਦੇ ਸੰਕਲਪ ਨੂੰ ਗੁਰਮਤਿ-ਪਰੰਪਰਾ ਦੇ ਸੰਦਰਭ ਵਿਚ ਰੱਖ ਕੇ, ਸਿੱਖ ਧਰਮ ਦੇ ਸੱਭਿਆਚਾਰਕ ਜਗਤ ਵਿਚਲੇ, ਸੰਪਰਦਾਇਕ ਪੱਖ ਨੂੰ ਨਿਰਧਾਰਤ ਅਤੇ ਸਥਾਪਿਤ ਕਰਨ ਦਾ ਉਪਰਾਲਾ ਕੀਤਾ ਹੈ।

ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਗੁਰਸਿੱਖਾਂ ਦੀ ਨਾਮਾਵਲੀ ਦਿੱਤੀ ਹੈ। ਇਨ੍ਹਾਂ ਗੁਰਸਿੱਖਾਂ ਦਾ ਸੰਬੰਧ ਪਹਿਲੇ ਛੇ ਗੁਰੂ ਸਾਹਿਬਾਨ ਨਾਲ ਹੈ। ਗੁਰਮਤਿ-ਪਰੰਪਰਾ ਵਿਚ ਇਸ ਨਾਮਾਵਲੀ ਦਾ ਇਤਿਹਾਸਿਕ ਪੱਖੋਂ ਬੜਾ ਯੋਗਦਾਨ ਹੈ। ਭਾਈ ਗੁਰਦਾਸ ਜੀ ਇਨ੍ਹਾਂ ਗੁਰਸਿੱਖਾਂ ਨੂੰ ਬੜਾ ਨੇੜੇ ਤੋਂ ਜਾਣਦੇ ਸਨ। ਇਹ ਸੂਚਨਾ ਭਾਵੇਂ ਸੰਕੇਤ ਮਾਤਰ ਹੀ ਹੈ, ਪਰ ਫਿਰ ਵੀ ਇਸ ਦੀ ਆਪਣੀ ਅਹਿਮੀਅਤ ਹੈ। ਭਾਈ ਗੁਰਦਾਸ ਜੀ ਦੀ ਬਾਰ੍ਹਵੀਂ ਵਾਰ ਹੀ ਇਕ ਅਜਿਹਾ ਸਰੋਤ ਹੈ ਜਿਸ ਤੋਂ ਪੁਰਾਤਨ ਗੁਰਸਿੱਖਾਂ ਦੇ ਨਾਵਾਂ ਥਾਵਾਂ ਬਾਰੇ ਪਤਾ ਚੱਲਦਾ ਹੈ। ਭਾਈ ਗੁਰਦਾਸ ਜੀ ਨੇ ਜਿੱਥੇ ਵੀ ਇਤਿਹਾਸਿਕ ਘਟਨਾਵਾਂ ਨੂੰ ਲਿਆਂਦਾ ਹੈ ਉੱਥੇ, ਉਨ੍ਹਾਂ ਨੂੰ ਗੁਰਮਤਿ-ਪਰੰਪਰਾ ਦੇ ਸੰਦਰਭ ਵਿਚ ਵੀ ਉਲੀਕਿਆ ਹੈ। ਉਨ੍ਹਾਂ ਨੇ ਪੇਸ਼ਕਾਰੀ ਸਮੇਂ ਇਤਿਹਾਸਿਕ ਕਾਲ-ਕ੍ਰਮ ਤੋਂ ਇਨ੍ਹਾਂ ਘਟਨਾਵਾਂ ਨੂੰ ਮੁਕਤ ਰੱਖਿਆ ਹੈ। ਬਿਰਤਾਂਤ ਵਿਚ ਕਿਸੇ ਨਿਸ਼ਚਿਤ ਕਥਾ-ਪ੍ਰਬੰਧ ਨੂੰ ਤਰਜੀਹ ਨਹੀਂ ਦਿੱਤੀ ਗਈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਗੁਰਮਤਿ-ਪਰੰਪਰਾ ਦੇ ਸੱਭਿਆਚਾਰਕ ਤੇ ਇਤਿਹਾਸਿਕ ਪੱਖ ਨੂੰ ਉਚੇਚੇ ਤੌਰ ’ਤੇ ਸੰਭਾਲਣ ਲਈ ਕਾਰਜਸ਼ੀਲ ਹਨ।

ਭਾਈ ਗੁਰਦਾਸ ਜੀ ਦੀ ਰਚਨਾ ਦਾ ਪ੍ਰਧਾਨ ਸੁਰ ਸਿੱਖ ਧਰਮ, ਸਿੱਖ ਸੰਸਥਾ ਗੁਰਮਤਿ ਵਿਧਾਨ ਦੀ ਸਥਾਪਨਾ ਕਰਨਾ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਇਤਿਹਾਸਿਕ ਸਿੱਖ ਗੁਰੂਆਂ, ਗੁਰਸਿੱਖਾਂ ਅਤੇ ਭਗਤਾਂ ਦੇ ਚਰਿੱਤਰ-ਚਿਤਰਣ ਨੂੰ ਇਤਿਹਾਸਿਕ ਸੰਕਟ ਦੇ ਸੰਦਰਭ ਵਿਚ ਹੀ ਪੇਸ਼ ਕੀਤਾ ਹੈ। ਉਨ੍ਹਾਂ ਦਾ ਗੁਰੂ ਨਾਨਕ ਬਿੰਬ ਅਤੇ ਸਿੱਖ-ਗੁਰੂ ਏਕਤਾ ਬਿੰਬ, ਗੁਰਮਤਿ-ਪਰੰਪਰਾ ਦੀ ਸੱਭਿਆਚਾਰਕ ਵਿਧੀ ਅਧੀਨ ਪੇਸ਼ ਕਰਨ ਦਾ ਮੰਤਵ ਸੰਸਕ੍ਰਿਤਕ ਪੱਧਰ ’ਤੇ ਸਿੱਖ-ਸਮਾਜ ਦੀ ਸਥਾਪਨਾ ਅਤੇ ਸੰਗਠਨ ਨੂੰ ਕਾਇਮ ਕਰਨਾ ਹੈ। 10

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਦੋ ਮਹੱਤਵਪੂਰਨ ਧਰਮ, ਇਕ ਹਿੰਦੂ ਧਰਮ ਅਤੇ ਦੂਜਾ ਇਸਲਾਮ ਧਰਮ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਧਰਮਾਂ ਦੀਆਂ ਕਮਜ਼ੋਰੀਆਂ ਤੇ ਆਪਸੀ ਵਿਰੋਧ ਭਾਵਨਾ ਨੂੰ ਜ਼ੋਰਦਾਰ ਸ਼ਬਦਾਂ ਵਿਚ ਭੰਡਿਆ। ਭਾਈ ਗੁਰਦਾਸ ਜੀ ਨੇ ਇਸੇ ਰੁਚੀ ਅਧੀਨ ਦੋਹਾਂ ਧਰਮਾਂ ਦੀਆਂ ਵੱਖਰੀਆਂ-ਵੱਖਰੀਆਂ ਫੋਕਟ ਮਰਯਾਦਾਵਾਂ, ਰਸਮੋਂ-ਰਿਵਾਜ਼, ਰਹੁ-ਰੀਤਾਂ ਤੇ ਆਪਸੀ ਝਗੜਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਾਥਾਂ ਅਤੇ ਸੰਨਿਆਸੀਆਂ ਦੇ ਵੱਖ-ਵੱਖ ਵਿਅਰਥ ਕਰਮ-ਕਾਂਡ, ਵਿਉਹਾਰ, ਭੇਖ, ਰਿਧੀਆਂ-ਸਿਧੀਆਂ ਆਦਿ ਪਾਖੰਡਾਂ ਦੀ ਨਿਖੇਧੀ ਕਰਦਿਆਂ ਗੁਰਮਤਿ-ਪਰੰਪਰਾ ਅਤੇ ਸਿੱਖ ਸਮਾਜ ਦੀ ਸੱਭਿਆਚਾਰਕ ਵਿਸ਼ੇਸ਼ਤਾ ਨੂੰ ਦ੍ਰਿੜ੍ਹਾਇਆ। ਭਾਈ ਗੁਰਦਾਸ ਜੀ ਨੇ ਸਿੱਖ-ਧਰਮ ਦੇ ਸੱਭਿਆਚਾਰਕ ਪਹਿਲੂਆਂ ਨੂੰ ਨਿਰੂਪਿਤ ਕਰਦਿਆਂ ਇਨ੍ਹਾਂ ਦੇ ਸਦਾਚਾਰਕ, ਵਿਵਹਾਰਕ ਪੱਖ ਨੂੰ ਪ੍ਰਸਤੁਤ ਕੀਤਾ ਹੈ, ਉਹ ਸਿੱਖੀ ਮਾਰਗ ਨੂੰ ਅਸਲ ਵਿਚ ਸਹੀ ਸੱਭਿਆਚਾਰਕ ਜੀਵਨ-ਵਿਧੀ ਮੰਨਦਾ ਹੈ। ਪਰ ਭਾਈ ਗੁਰਦਾਸ ਜੀ ਗੁਰਸਿੱਖਾਂ ਦੀ ਮਾਨਸਿਕ ਸਥਿਤੀ ਨੂੰ ਪਕੇਰਿਆਂ ਕਰਨ ਲਈ ਇਸ ਸੱਭਿਆਚਾਰਕ ਜੀਵਨ-ਜਾਚ ਨੂੰ ਕਠਨ ਦੱਸਦੇ ਹੋਏ ਲਿਖਦੇ ਹਨ ਕਿ ਇਹ ਸਿਲ-ਅਲੂਣੀ ਵਾਂਗ ਫਿੱਕੀ, ਖੰਡੇ-ਧਾਰ ਵਾਂਗ ਤਿੱਖੀ ਅਤੇ ਵਾਲ ਨਾਲੋਂ ਵੀ ਸੂਖਮ ਹੈ। ਪਰ ਸੁਖ ਫਲ਼ ਇਸ ਜੀਵਨ-ਜਾਚ ਵਿਚ ਹੀ ਹੈ। ਭਾਈ ਗੁਰਦਾਸ ਜੀ ਗੁਰਮਤਿ-ਪਰੰਪਰਾ ਦੇ ਸੱਭਿਆਚਾਰਕ ਪੱਧਰ ਨੂੰ ਆਪਣੀ ਰਚਨਾ ਵਿਚ ਆਧਾਰ-ਸ਼ਿਲਾ ਦੇ ਰੂਪ ਵਿਚ ਅਪਣਾਉਂਦੇ ਹੋਏ ਗੁਰਸਿੱਖੀ ਦੀ ਅਮੋਲਕਤਾ, ਗੁਰਸਿੱਖੀ ਦੀ ਮਹਿਮਾ, ਗੁਰਸਿੱਖੀ ਦੀ ਪ੍ਰਾਪਤੀ ਦੇ ਪ੍ਰਕਾਰ ਅਤੇ ਗੁਰਸਿੱਖ ਸਮਾਜ ਵਿਚਲੀ ਸੇਵਾਭਾਵਨਾ, ਨਿਸ਼ਕਾਮਤਾ, ਪਰਉਪਕਾਰ, ਪ੍ਰੇਮਾ ਭਗਤੀ, ਨਿਮਰਤਾ, ਚਰਨ ਧੂੜ ਦੀ ਮਹਿਮਾ, ਹਉਮੈ ਦਾ ਤਿਆਗ, ਦੁਰਬ੍ਰਿਤੀ ਦਾ ਤਿਆਗ ਆਦਿ ਕੁਝ ਸੱਭਿਆਚਾਰਕ ਲੱਛਣਾਂ ਨੂੰ ਵਿਸਥਾਰ ਸਹਿਤ ਬਿਆਨ ਕਰਦੇ ਹਨ। ਸਿੱਖ ਸਮਾਜ ਨੂੰ ਆਦਰਸ਼ਕ ਤੇ ਸੱਭਿਆਚਾਰਕ ਭਾਈਚਾਰਾ ਦਰਸਾਉਂਦਿਆਂ ਭਾਈ ਗੁਰਦਾਸ ਜੀ ਨੇ ਗੁਰਮਤਿ-ਪਰੰਪਰਾ ਵਿਚਲੇ ਨਿੱਤ ਦੇ ਜੀਵਨ ਵਾਸਤੇ ਕੁਝ ਨਿਯਮਾਂ ਦਾ ਵੀ ਉਲੇਖ ਕੀਤਾ ਹੈ ਜਿਨ੍ਹਾਂ ਦੀ ਪਾਲਣਾ ਕਰਕੇ ਮਨੁੱਖ ਸੁਚੱਜਾ ਮਨੁੱਖ ਬਣ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਅਜਿਹੇ ਆਦਰਸ਼ ਅਤੇ ਸੁਚੱਜੇ ਸੱਭਿਆਚਾਰਕ ਮਨੁੱਖ ਨੂੰ ‘ਗੁਰਸਿੱਖ’ ਅਤੇ ਗੁਰਮੁਖ ਦਾ ਨਾਮ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਗੁਰਮਤਿ-ਪਰੰਪਰਾ ਦੇ ਅੰਤਰਗਤ ਹੀ ਵਾਰ 12, 28, 38 ਅਤੇ ਬਹੁਤ ਸਾਰੇ ਕਬਿੱਤ ਸਵੈਯਾਂ ਵਿਚ ਅਜਿਹੇ ਆਦਰਸ਼ਕ ਪੁਰਸ਼ਾਂ ਦੇ ਵਿਉਹਾਰ ਬੋਲ-ਚਾਲ, ਕੰਮ-ਕਾਜ, ਨਿੱਤ ਦੀ ਅਧਿਆਤਮਿਕ ਕ੍ਰਿਆ ਤੇ ਸਮਾਜਿਕ ਕਾਰਜਾਂ ਦੀ ਪੂਰੀ ਜਾਣਕਾਰੀ ਦਰਸਾਈ ਹੈ। ਗੁਰਮਤਿ-ਪਰੰਪਰਾ ਵਿਚ ਸਿੱਖ ਗੁਰੂ ਸਾਹਿਬਾਨ ਨੇ ਜ਼ਿਆਦਾਤਰ ਵਿਅਕਤੀ ਪ੍ਰਤੀ ‘ਗੁਰਸਿੱਖ’ ਤੇ ‘ਮਨਮੁਖਿ’ ਦੋ ਸ਼ਬਦਾਂ ਦਾ ਉਪਯੋਗ ਕੀਤਾ ਹੈ। ਗੁਰੂ ਸਾਹਿਬਾਨ ਤੋਂ ਪੂਰਬਲੇ ਵੱਖ-ਵੱਖ ਧਰਮਾਂ ਵਿਚਾਲੇ ਆਦਰਸ਼ਾਂ ਨੂੰ ਵਿਭਿੰਨ ਨਾਂ ਦਿੱਤੇ ਮਿਲਦੇ ਹਨ। ਹਿੰਦੂ ਧਰਮ ਵਿਚ ‘ਆਰਯਾ’, ਬੁੱਧ ਧਰਮ ਵਿਚ ‘ਬੋਧ ਸਤਵ’, ਜੈਨ ਧਰਮ ਵਿਚ ‘ਜਿੰਨ’ ਅਤੇ ਇਸਲਾਮ ਧਰਮ ਵਿਚ ਮੁਸਲਮ ਆਦਿ। ਇਸੇ ਪਰੰਪਰਾ ਦੇ ਸੰਦਰਭ ਵਿਚ ਗੁਰਮਤਿ ਸੱਭਿਆਚਾਰ ਵਿਚ ਆਦਰਸ਼ ਵਿਅਕਤੀ ਨੂੰ ‘ਗੁਰਮੁਖ’ ਦੀ ਸੰਗਿਆ ਦਿੱਤੀ ਹੈ। ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ-ਪਰੰਪਰਾ ਅੰਦਰ ਗੁਰਮੁਖ ਸ਼ਬਦ ਦੀ ਵਿਭਿੰਨ ਅਰਥਾਂ ਵਿਚ ਹੋਈ ਵਰਤੋਂ ਬਾਰੇ ਉਲੇਖ ਕਰਦੇ ਹੋਏ ਲਿਖਦੇ ਹਨ:

ਆਦਿ ਗੁਰੂ ਆਕਾਲ ਪੁਰਖ, ਗੁਰੂ, ਗੁਰ ਉਪਦੇਸ਼ ਜਾਂ ਗੁਰਬਾਣੀ ਅਤੇ ਗੁਰੂ ਅਨੁਸਾਰੀ ਪਵਿੱਤਰ ਪੁਰਸ਼। 10

‘ਗੁਰਮੁਖ’ ਸ਼ਬਦ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉੱਚ ਆਦਰਸ਼, ਅਧਿਆਤਮਕ ਤੇ ਸਦਾਚਾਰਕ ਬਲ ਵਾਲਾ ਵਿਅਕਤੀ 12 ਦੱਸ ਕੇ ਉਪਯੋਗ ਹੇਠ ਲਿਆਂਦਾ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ, ਇਹ ਇਕ ਧਰਮ ਸਮਾਜਿਕ ਪਦਵੀ ਹੈ ਅਤੇ ਇਸ ਦਾ ਅਧਿਕਾਰੀ ਉਹ ਵਿਅਕਤੀ ਹੈ ਜੋ ਆਪਣਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਬਤੀਤ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਦਾ ਸਰਬ ਪ੍ਰਮੁੱਖ ਕਰਤੱਵ ਮਨੁੱਖ ਨੂੰ ਦੈਵੀ ਗੁਣ ਪ੍ਰਦਾਨ ਕਰਨਾ ਮੰਨਿਆ ਹੈ। ਅਸਲ ਵਿਚ ਇਹ ਦੈਵੀ ਗੁਣ ਹੀ ‘ਗੁਰਮੁਖਤਾ’ ਹੈ ਅਤੇ ਇਸ ਦਾ ਅਧਿਕਾਰੀ ਵਿਅਕਤੀ ‘ਗੁਰਮੁਖ’ ਹੈ। 13 ਨਿਰਗੁਣ ਵਾਹਿਗੁਰੂ ਦੇ ਸੁਖਫਲ ਰੂਪ ਗੁਰਮੁਖ ਹਨ। 14 ਡਾ. ਮਨਮੋਹਨ ਸਹਿਗਲ ਵੀ ਦੈਵੀ ਗੁਣਾਂ ਦੇ ਧਾਰਨੀ ਸੱਭਿਆਚਾਰਕ ਮਨੁੱਖ ਨੂੰ ਗੁਰਮੁਖ ਮੰਨਦਾ ਹੈ। 15

ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੂੰ ‘ਗੁਰਮੁਖ’ ਸ਼ਬਦ ਨਾਲ ਨਿਵਾਜਿਆ ਹੈ। ਅਸਲ ਵਿਚ ਭਾਈ ਗੁਰਦਾਸ ਜੀ ਨੇ ਗੁਰਮਤਿ-ਪਰੰਪਰਾ ਵਿਚ ਸਮਾਜਿਕ ਆਸ਼ੇ ਤੋਂ ਨਿਪੁੰਨ ਸਿੱਖਾਂ ਦੇ ਸਰੂਪ ਉੱਪਰ ਪ੍ਰਕਾਸ਼ ਪਾ ਕੇ ਉਨ੍ਹਾਂ ਦੇ ਜੀਵਨ ਦਾ ਸੱਭਿਆਚਾਰਕ ਸਮਾਜਿਕ ਮਹੱਤਵ ਦਰਸਾਉਣਾ ਸੀ, ਤਾਂ ਜੋ ਲੋਕ ਉਨ੍ਹਾਂ ਦੇ ਜੀਵਨ-ਆਦਰਸ਼ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰ ਸਕਣ। 16 ਜਿਸ ਪ੍ਰਕਾਰ ਪ੍ਰੌਰਾਣਿਕ-ਪਰੰਪਰਾ ਵਿਚ ਦੇਵ-ਦੈਂਤ, ਸੁਰ-ਅਸੁਰ ਹਨ, ਇਸੇ ਪ੍ਰਕਾਰ ਗੁਰਮਤਿ ਪਰੰਪਰਾ ਵਿਚ ਗੁਰਮੁਖ-ਮਨਮੁਖ ਦੀ ਦਵੈਤ ਹੈ। ਭਾਈ ਗੁਰਦਾਸ ਨੇ ਰਚਨਾ ਵਿਚ ਦੈਵੀ ਚਰਿੱਤਰ ਨਾਲੋਂ ਗੁਰਮੁਖ ਦੀ ਵਿਸ਼ੇਸ਼ਤਾ ਦਰਸਾਈ ਹੈ। ਭਾਈ ਗੁਰਦਾਸ ਜੀ ਨੇ ਜਿੱਥੇ ਗੁਰੂ ਸਾਹਿਬਾਨ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ, ਉੱਥੇ ਵੈਸ਼ੇਸ਼ਿਕ ਦਰਸ਼ਨ ਦੇ ਕਰਤਾ ਕਨਾਦ ਰਿਸ਼ੀ, ਯੋਗ ਦਰਸ਼ਨ ਦੇ ਕਰਤਾ ਰਿਸ਼ੀ ਪਤੰਜਲੀ ਅਤੇ ਰਾਮਾਣਿਕ ਦੇ ਕਰਤਾ ਬਾਲਮੀਕ ਜੀ ਲਈ ਵੀ ਗੁਰਮੁਖ ਸ਼ਬਦ ਦੀ ਹੀ ਵਰਤੋਂ ਕੀਤੀ ਹੈ। ਗੁਰਮਤਿ-ਪਰੰਪਰਾ ਦੇ ਅੰਤਰਗਤ ਹੀ ਭਾਈ ਗੁਰਦਾਸ ਜੀ ਨੇ ਰਾਜਾ ਜਨਕ, ਧਰੂ ਪ੍ਰਹਿਲਾਦ, ਅੰਬਰੀਕ, ਨਾਮਦੇਵ ਅਤੇ ਬੇਣੀ ਆਦਿ ਭਗਤਾਂ ਨੂੰ ਵੀ ਗੁਰਮੁਖ ਹੀ ਮੰਨਿਆ ਹੈ। ਅਕਾਲ ਪੁਰਖ ਦੇ ਸਰਗੁਣ ਸਰੂਪ, ਗੁਰੂਆਂ ਰਿਸ਼ੀਆਂ ਮੁਨੀਆਂ ਅਤੇ ਸਮੂਹ ਸੰਤਾਂ ਭਗਤਾਂ ਨੂੰ ਗੁਰਮੁਖ ਕਿਹਾ ਹੈ।

ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਗੁਰਮਤਿ-ਸੰਸਕ੍ਰਿਤੀ ਵਿਚ ਆਏ ਗੁਰਮੁਖ ਪ੍ਰਤਿ ਸੱਭਿਆਚਾਰਕ ਵਿਧਾਨ ਨੂੰ ਆਪਣੇ ਚਿੰਤਨ ਦਾ ਆਧਾਰ ਬਣਾ ਕੇ ਗੁਰਮਤਿ- ਪਰੰਪਰਾ ਨੂੰ ਜਿੱਥੇ ਅੱਗੇ ਤੋਰਿਆ ਹੈ, ਉੱਥੇ ਗੁਰਮੁਖਾਂ ਦੀਆਂ ਸੱਭਿਆਚਾਰਕ ਵਿਸ਼ੇਸ਼ਤਾਈਆਂ ਨੂੰ ਵੱਡੀ ਪੱਧਰ ’ਤੇ ਦਰਸਾ ਕੇ ਸਾਧ ਸੰਗਤ ਦੇ ਪਸਾਰੇ ਨੂੰ ਸੰਗਠਿਤ ਕਰਨ ਦਾ ਉਪਰਾਲਾ ਕੀਤਾ ਹੈ। ਭਾਈ ਗੁਰਦਾਸ ਜੀ ਅਨੁਸਾਰ ਸਾਧ ਸੰਗਤ ਗੁਰਮੁਖਾਂ ਦੀ ਸੰਗਤ ਹੈ, ਜਿਸ ਵਿਚ ਮਨੁੱਖੀ ਜੀਵਨ ਨੂੰ ਆਤਮਕ ਸੁਖ ਫਲ ਪ੍ਰਾਪਤ ਕਰਨ ਦਾ ਸਹੀ ਮਾਰਗ ਦਰਸਾਇਆ ਜਾਂਦਾ ਹੈ। ਭਾਈ ਗੁਰਦਾਸ ਜੀ ਦੀ ਅੰਤਰੀਵ ਭਾਵਨਾ, ਗੁਰਮੁਖਾਂ ਦੀ ਪ੍ਰਸੰਸਾ ਕਰਕੇ ਸਿੱਖ ਧਰਮ ਪ੍ਰਤੀ ਅਵਾਮ ਨੂੰ ਆਕਰਸ਼ਕ ਕਰਨ ਪ੍ਰਤੀ ਰੁਚਿਤ ਹੈ। ਇਹ ਅਮਲ ਨਿਸ਼ਚੈ ਹੀ ਸਿੱਖ ਸੰਸਥਾ ਦੀ ਸਥਾਪਨਾ ਵਿਚ ਸਹਾਇਕ ਬਣਦਾ ਹੈ।

ਗੁਰਮਤਿ-ਪਰੰਪਰਾ ਵਿਚ ਮਨੁੱਖਾਂ ਦਾ ਦੂਸਰਾ ਵਰਗ ਪਤਿਤ ਮਨੁੱਖ ਅਰਥਾਤ ਮਨਮੁਖ ਮੰਨਿਆ ਗਿਆ ਹੈ। ਮਨਮੁਖ ਸ਼ਬਦ ਦੇ ਅਰਥ ਹਨ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲਾ ਆਪ-ਹੁਦਰਾ ਮਨੁੱਖ। 17 ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਨਮੱਤ ਦਾ ਧਾਰਨੀ ਉਹ ਮਨੁੱਖ ਹੈ ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ, ਮਨਮੁਖ ਹੈ। 18 ਗੁਰਬਾਣੀ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਮਨਮੁਖ ਉਹ ਵਿਅਕਤੀ ਹੈ ਜੋ ਮਾਇਆ ਦੇ ਅੰਧਕਾਰ ਵਿਚ ਫਸਿਆ ਹੋਣ ਕਰਕੇ ਗੁਰੂ ਅਤੇ ਗੁਰ ਉਪਦੇਸ਼ ਤੋਂ ਸਦਾ ਲਈ ਵਾਂਝਿਆ ਰਹਿ ਜਾਂਦਾ ਹੈ। ਗੁਰੂ ਤੋਂ ਬੇਮੁਖ ਤੇ ਮਨਮਤੀਆਂ ਕਰਕੇ ਗੁਰ-ਸ਼ਬਦ ਵਿਚਾਰ ਤੇ ਨਾਮ ਸਿਮਰਨ ਦੇ ਮਹੱਤਵ ਨੂੰ ਨਹੀਂ ਪਛਾਣ ਸਕਦਾ। ਉਸ ਦਾ ਹਰ ਕਰਮ ਗੁਰਮਤਿ ਦੇ ਪ੍ਰਤੀਕੂਲ ਹੀ ਹੁੰਦਾ ਹੈ। ਗੁਰਮਤਿ ਦੇ ਪਰੰਪਰਾਗਤ ਵਿਧਾਨ ਦੀ ਸੱਭਿਆਚਾਰਕ ਪੁਸ਼ਟੀ ਵਿਚ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਮਨਮੁਖ ਉਹ ਹੈ ਜੋ ਮਾਇਆਵਾਦੀ ਰੁਚੀ ਦੇ ਅਧੀਨ ਮਾਇਆਧਾਰੀਆਂ ਦੀ ਗ਼ੁਲਾਮੀ ਕਰਦਿਆਂ ਆਪਣਾ ਜੀਵਨ ਵਿਅਰਥ ਹੀ ਵਗਾਰੀਆਂ ਦੀ ਤਰ੍ਹਾਂ ਗੁਆ ਦਿੰਦਾ ਹੈ। ਦਿਨ ਰਾਤ ਉਮਰ ਭਰ ਮੁਛੰਦਗੀ ਕਰਦਾ ਦੁੱਖ ਭੋਗਦਾ ਹੈ। ਪਰ ਪਾਤਸ਼ਾਹਾਂ ਦੇ ਪਾਤਸ਼ਾਹ, ਨਿਜਪਤੀ ਸਤਿਗੁਰ ਦਾਤੇ ਦਾ ਖਿਆਲ ਨਹੀਂ ਕਰਦਾ। ਉਹ ਮੰਗਤਿਆਂ ਤੋਂ ਮੰਗਦਾ ਫਿਰਦਾ ਹੈ। ਦਾਤਾਰ ਪ੍ਰਭੂ ਨੂੰ ਭੁਲਾ ਕੇ ਦਾਤਾਂ ਵਿਚ ਲੀਨ ਮੂਰਖ ਮਨੁੱਖ ਮਨਮੁਖ ਸਦਾਉਂਦਾ ਹੈ। ਭਾਈ ਗੁਰਦਾਸ ਨੇ ਨਾਥ ਜੋਗੀਆਂ ਨੂੰ ਵੀ ਮਨਮੁਖਾਂ ਦੀ ਸ਼੍ਰੇਣੀ ਵਿਚ ਹੀ ਰੱਖਦਿਆਂ ਲਿਖਿਆ ਹੈ ਕਿ ਇਹ ਨਾਥ, ਸਤਿਗੁਰ ਜੋ ਦੋ ਜਹਾਨਾਂ ਦਾ ਸੁਖਦਾਤਾ ਹੈ। ਉਸ ਦੀ ਭਗਤੀ ਛੱਡ ਕੇ ਕੰਨ ਪੜਵਾ ਕੇ ਮੁੰਦਰਾਂ ਪਾਉਣੀਆਂ, ਪਿੰਡੇ ’ਤੇ ਸਵਾਹ ਮਲਣੀ, ਖਿੰਥਾ ਖੱਪਰ, ਝੋਲੀ ਅਤੇ ਡੰਡਾ ਆਦਿ ਅਨੇਕਾਂ ਭੇਖ ਧਾਰਨ ਉਪਰੰਤ ਵੀ ਹਰੀ ਰਸ ਤੋਂ ਖਾਲੀ ਰਹਿੰਦੇ ਹਨ। ਘਰ-ਬਾਰ ਛੱਡ ਕੇ ਅਖੌਤੀ ਤਿਆਗੀ ਬਣੇ ਪਰ ਝਾਕ ਗ੍ਰਿਹਸਤੀਆਂ ਪ੍ਰਤੀ ਟੁੱਟ ਨਾ ਸਕੀ। ਅਨੇਕਾਂ ਮਨਮੱਤੀਆਂ ਢਾਡੀ, ਨਾਈ, ਭੱਟ, ਪ੍ਰੋਹਤ ਤੇ ਛੁਰੀਮਾਰ ਆਦਿ ਦੇ ਰੂਪ ਵਿਚ ਕੂੜ ਕੁਸੱਤ ਅਲਾਪਦੇ ਫਿਰਦੇ ਹਨ। ਪਰ ਗੁਰਮੁਖ ਲੋਕ ਜੋਗ ਭੋਗ ਦੋਨਾਂ ਅਵਸਥਾਵਾਂ ਤੋਂ ਨਿਰਲੇਪ ਹੁੰਦੇ ਹਨ। ਮਨਮੱਤੀਏ ਸੁਖ-ਸਾਗਰ ਰੂਪ ਗੁਰੂ ਨੂੰ ਛੱਡ ਕੇ ਮਾਇਆ ਰੂਪੀ ਭਵ-ਸਾਗਰ ਵਿਚ ਗੋਤੇ ਖਾਂਦੇ ਫਿਰਦੇ ਹਨ। ਭਾਈ ਗੁਰਦਾਸ ਜੀ ਅਨੁਸਾਰ ਮਨਮੁਖ ਦੇ ਪਦਾਰਥਕ ਸੁਖ ਤੇ ਇੰਦ੍ਰਿਆਈ ਭੋਗ ‘ਬਲਦੀ ਅੰਦਰ ਤੇਲ ਜਿਉਂ’ ਹਨ। ਗੁਰੂ ਤੋਂ ਬੇਮੁਖਤਾ ਤੇ ਸ਼ਬਦ-ਹੀਣਤਾ ਦੇ ਸਿੱਟੇ ਵਜੋਂ ਮਨਮੁਖ ਨੂੰ ਜਨਮ-ਮਰਨ ਦੇ ਗੇੜ ਵਿਚ ਪੈ ਕੇ ਸਦੀਵੀਂ ਦੁੱਖਾਂ ਵਿਚ ਸੜਨਾ ਪੈਂਦਾ ਹੈ।

ਭਾਈ ਗੁਰਦਾਸ ਜੀ ਮਨੁੱਖਾਂ ਦੀ ਭੈੜੀ ਹਾਲਤ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਦੇ ਹਨ ਕਿ ਉਹ ਗਧੇ ਦੀ ਨਿਆਈਂ ਹਨ। ਜੋ ਦੂਜਿਆਂ ਦਾ ਭਾਰ ਰੋਜ਼ ਢੋਂਦੇ ਹਨ ਪਰ ਅਖੀਰ ਆਪ ਰੂੜੀਆਂ ਉੱਪਰ ਖੇਹ ਉਡਾਉਂਦੇ ਫਿਰਦੇ ਹਨ। ਅਕਲ ਦੇ ਖੋਤੇ ਮਨਮੁਖ ਸਾਧ ਸੰਗਤ ਵਿਚ ਬੱਧੇ-ਰੁੱਧੇ ਬੈਠੇ ਹੋਣ ਦੇ ਬਾਵਜੂਦ ਵੀ ਆਪਣੇ ਅੱਖ, ਨੱਕ ਤੇ ਕੰਨ ਮਾਇਆ ਦੀ ਝਾਕ ਵਿਚ ਹੀ ਲਗਾਏ ਰੱਖਦੇ ਹਨ। ਗੁਰਬਾਣੀ ਵਿਚ ਮਨਮੁਖ ਦਾ ਕਪਟੀ ਪੱਖ ਉਘਾੜਨ ਲਈ ਬਗਲੇ ਦਾ ਦ੍ਰਿਸ਼ਟਾਂਤ ਬੜਾ ਢੁਕਵਾਂ ਦਿੱਤਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਮਨਮੁਖ ਲਈ ਬਗਲਾ, ਸਿੰਬਲ ਤੇ ਕੈਂਹ ਦਾ ਦ੍ਰਿਸ਼ਟਾਂਤ ਵਰਤਿਆ ਹੈ। ਮਨਮੁਖ ਕਠੋਰ ਤੇ ਹੰਕਾਰੀ ਹੁੰਦਾ ਹੈ। ਉਹ ਆਪਣਾ ਜੀਵਨ ਅਸਫਲ ਹੀ ਗੁਆ ਕੇ ਚਲਾ ਜਾਂਦਾ ਹੈ। ਭਾਈ ਗੁਰਦਾਸ ਨੇ ਮਨਮੁਖਾਂ ਦੇ ਭਿੰਨ-ਭਿੰਨ ਰੂਪਾਂ ਦੀ ਬੜੀ ਆਲੋਚਨਾਤਮਕ ਅਤੇ ਵਿਸਥਾਰ ਸਹਿਤ ਆਪਣੀ ਰਚਨਾ ਵਿਚ ਚਰਚਾ ਕੀਤੀ ਹੈ ਪਰ ਇਨ੍ਹਾਂ ਸਾਰਿਆਂ ਰੂਪਾਂ ਦਾ ਮੂਲ ਆਧਾਰ ਗੁਰਮਤਿ-ਪਰੰਪਰਾ ਵਿਚਲੀ ਸੱਭਿਆਚਾਰਕ ਵਿਚਾਰਧਾਰਾ ਹੀ ਹੈ। ਸੰਸਾਰ ਭਰ ਦੇ ਸਾਰੇ ਔਗੁਣ ਮਨਮੁਖ ਵਿਚ ਵੇਖੇ ਜਾ ਸਕਦੇ ਹਨ। ਪਰ ਬੇਮੁਖਤਾ, ਨਿੰਦਾ, ਅਕ੍ਰਿਤਘਣਤਾ, ਕਪਟ-ਸਨੇਹ, ਦੋਬਾਜ਼ਰਾ ਅਤੇ ਮੀਣਾ ਆਦਿ ਨੂੰ ਮਨਮੁਖ ਦੇ ਵਿਸ਼ੇਸ਼ ਲੱਛਣ ਮੰਨਿਆ ਗਿਆ ਹੈ। ਭਾਵੇਂ ਇਨ੍ਹਾਂ ਬਾਰੇ ਗੁਰਮਤਿ-ਸੱਭਿਆਚਾਰ ਵਿਚ ਭਰਪੂਰ ਚਰਚਾ ਹੈ ਪਰ ਭਾਈ ਗੁਰਦਾਸ ਨੇ ਇਨ੍ਹਾਂ ਵਿੱਚੋਂ ਇਕ-ਇਕ ਔਗੁਣ ਨੂੰ ਲੈ ਕੇ ਅਜਿਹਾ ਆਲੋਚਨਾਤਮਕ ਤੇ ਬਿੰਬਾਤਮਕ ਵਰਣਨ ਕੀਤਾ ਹੈ ਕਿ ਬੇਮੁਖ, ਮੂਰਖ, ਨਿੰਦਕ, ਅਕ੍ਰਿਤਘਣ, ਕਪਟ ਸਨੇਹੀ, ਦੋਬਾਜ਼ਰਾ ਅਤੇ ਮੀਣਾ ਆਦਿ ਮਨਮੁਖ ਦੇ ਵਿਭਿੰਨ ਰੂਪ ਸਾਹਮਣੇ ਆਉਂਦੇ ਹਨ।

ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਵਿਚ ਗੁਰਮੁਖ ਨੂੰ ਨਾਇਕ ਅਤੇ ਮਨਮੁਖ ਨੂੰ ਖਲਨਾਇਕ ਮੰਨ ਕੇ ਦੋਹਾਂ ਦਾ ਅਨੇਕਾਂ ਥਾਈਂ ਤੁਲਨਾਤਮਕ ਸ਼ੈਲੀ ਵਿਚ ਬੜਾ ਸੁੰਦਰ ਨਿਰੂਪਣ ਹੋਇਆ ਮਿਲਦਾ ਹੈ। ਗੁਰਬਾਣੀ ਵਿਚ ਗੁਰਮੁਖ ਨੂੰ ਲਿਵ ਅਤੇ ਮਨਮੁਖ ਨੂੰ ਧਾਤ ਨਾਲ ਤੁਲਨਾਇਆ ਹੈ। ਗੁਰਮੁਖ ਲਿਵ ਦੇ ਮਾਰਗ ਉੱਪਰ ਚੱਲਣ ਵਾਲਾ ਹੁਕਮੀ ਬੰਦਾ ਹੁੰਦਾ ਹੈ ਅਤੇ ਮਨਮੁਖ ਮਨ ਹਠ ਦਾ ਗੁਲਾਮ, ਧਾਤ ਦੇ ਕੂੜੇ ਮਾਰਗ ਨੂੰ ਅਪਣਾਉਣ ਵਾਲਾ ਕੂੜਾ ਵਿਅਕਤੀ ਹੁੰਦਾ ਹੈ। ਮਨਮੁਖ ਮਾਇਆ ਦੇ ਮੋਹ ਵਿਚ ਫਸਿਆ, ਅਗਿਆਨਤਾ ਦੇ ਅੰਧੇਰੇ ਵਿਚ ਸੁੱਤਾ ਪਿਆ ਹੈ, ਪਰ ਗੁਰਮੁਖ ਜਗਤ ਅਵਸਥਾ ਵਿਚ ਗਿਆਨੀ ਹੈ। ਭਾਈ ਗੁਰਦਾਸ ਜੀ ਗੁਰਮਤਿ ਪ੍ਰਣਾਲੀ ਨੂੰ ਅਪਣਾਉਂਦਾ ਹੋਇਆ ਗੁਰਮੁਖ ਨੂੰ ਭਾਉ ਭਗਤੀ ਤੇ ਗੁਰਮਤਿ ਮਾਰਗ ’ਤੇ ਚੱਲਣ ਵਾਲਾ ਅਭਿਆਸੀ ਤੇ ਸਤਿਸੰਗੀ ਮੰਨਦੇ ਹਨ ਅਤੇ ਮਨਮੁਖ ਨੂੰ ਦੁਰਮਤ ਦਵੈਤ ਅਧੀਨ ਦੁਸ਼ਟਾਂ ਦਾ ਸੰਗੀ ਦੱਸਿਆ ਹੈ। ਸਤਿਸੰਗਤ ਵਿਚ ਆਉਣ ਵਾਲੇ ਮਨੁੱਖ ਧਰਮ, ਸੰਜਮੀ, ਸੰਤੋਖੀ ਤੇ ਪਰਮਾਰਥੀ ਅਸਰ ਕਬੂਲਦੇ ਹਨ ਪਰ ਮਨਮੁਖ ਦੀ ਸੰਗਤ ਵਿਚ ਆਉਣ ਵਾਲੇ ਮਨੁੱਖ ਕਾਮੀ, ਕ੍ਰੋਧੀ, ਲੋਭੀ ਤੇ ਹੰਕਾਰੀ ਬਣ ਜਾਂਦੇ ਹਨ। ਗੁਰਮੁਖ ਸ਼ੋਭਾਵੰਤ ਮਾਪਿਆਂ ਦੇ ਨੇਕ ਸਪੁੱਤਰ ਹੋ ਨਿਬੜਦੇ ਹਨ ਜਿਹੜੇ ਆਪਣੇ ਨਾਨਕੇ, ਦਾਦਕੇ ਅਤੇ ਕੁਲ਼ ਲਈ ਖੁਸ਼ੀਆਂ, ਖੇੜੇ ਅਤੇ ਇੱਜ਼ਤ ਦਾ ਕਾਰਣ ਬਣਦੇ ਹਨ। ਜਦੋਂ ਕਿ ਮਨਮੁਖ ਇਕ ਵੇਸਵਾ ਦੇ ਪੁੱਤਰ ਵਾਂਗ ਆਪਣੇ ਆਪ ਦੇ ਨਾਂ ਤੋਂ ਵੀ ਅਣਜਾਣ, ਆਪਣੇ ਬਾਪ ਤੇ ਆਪਣੀ ਕੁਲ਼ ਲਈ ਵੀ ਕਲੰਕ ਸਿੱਧ ਹੁੰਦੇ ਹਨ। ਨਿਮਨਲਿਖਤ ਪ੍ਰਸੰਗ ਵਿਚ ਭਾਈ ਗੁਰਦਾਸ ਜੀ ਨੇ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਗੁਰਮੁਖ ਤੇ ਮਨਮੁਖ ਦੇ ਕ੍ਰਮ ਅਨੁਸਾਰ ਗੁਣ ਦੋਸ਼ ਵਿਅਕਤ ਕੀਤੇ ਹਨ:

ਗੁਰਮੁਖ ਸੁਖ ਫਲੁ ਸਚੁ ਹੈ ਮਨਮੁਖ ਦੁਖ ਫਲੁ ਕੂੜੁ ਕੂੜਾਵਾ।
ਗੁਰਮੁਖ ਸਚੁ ਸੰਤੋਖੁ ਰੁਖੁ ਦੁਰਮਤਿ ਦੂਜਾ ਭਾਉ ਪਛਾਵਾ।
ਗੁਰਮੁਖ ਸਚੁ ਅਡੋਲੁ ਹੈ ਮਨਮੁਖ ਫੇਰਿ ਫਿਰੰਦੀ ਛਾਵਾ।
ਗੁਰਮੁਖ ਕੋਇਲ ਅੰਬ ਵਣ ਮਨਮੁਖ ਵਣਿ ਵਣਿ ਹੰਢਨਿ ਕਾਵਾਂ।

ਇਸ ਤਰ੍ਹਾਂ ਹੋਰ ਅਨੇਕ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਭਾਈ ਗੁਰਦਾਸ ਜੀ ਨੇ ਮਨਮੁਖਾਂ ਦੇ ਚਰਿੱਤਰ ਨੂੰ ਨਿਰੂਪਣ ਕੀਤਾ ਹੈ। ਉਨ੍ਹਾਂ ਨੇ ਗੁਰਮੁਖਾਂ ਦੀ ਉੱਤਮ ਪਦਵੀ ਦੇ ਟਾਕਰੇ ਮਨਮੁਖਾਂ ਦੀ ਥੋਥੀ, ਝੂਠੀ, ਸ਼ਰਮਨਾਕ ਅਤੇ ਘ੍ਰਿਣਾਯੋਗ ਸਥਿਤੀ ਨੂੰ ਅਨੇਕਾਂ ਵਿਰੋਧਤਾਈ ਉਪਮਾਨਾਂ ਦੀ ਵਰਤੋਂ ਕਰਕੇ ਬੜੇ ਕਲਾਮਈ ਢੰਗ ਨਾਲ ਪ੍ਰਸਤੁਤ ਕੀਤਾ ਹੈ।

ਸਾਰਾਂਸ਼ ਇਹ ਕਿ ਭਾਈ ਗੁਰਦਾਸ ਜੀ ਦੀ ਰਚਨਾ ਵਿਚ ਗੁਰਮਤਿ-ਪਰੰਪਰਾ ਦੇ ਸੱਭਿਆਚਾਰਕ ਲੱਛਣ ਜਿੱਥੇ ਆਧਾਰਸ਼ਿਲਾ ਦੇ ਰੂਪ ਵਿਚ ਨਿਰੂਪਿਤ ਹੋਏ ਹਨ, ਉੱਥੇ ਇਨ੍ਹਾਂ ਵਿਸ਼ੇਸ਼ਤਾਈਆਂ ਕਾਰਨ ਹੀ ਉਨ੍ਹਾਂ ਦੀ ਰਚਨਾ ਗੁਰਮਤਿ-ਪਰੰਪਰਾ ਦਾ ਇਕ ਰਹਿਤਨਾਮਾ ਹੋ ਨਿਬੜੀ ਹੈ। ਭਾਈ ਗੁਰਦਾਸ ਜੀ ਗੁਰਮਤਿ-ਪਰੰਪਰਾ ਨੂੰ ਆਪਣੇ ਚਿੰਤਨ ਦਾ ਆਧਾਰ ਹੀ ਨਹੀਂ ਬਣਾਉਂਦੇ ਸਗੋਂ ਉਸ ਦੇ ਪਸਾਰੇ ਹਿਤ ਹਰ ਭਰੋਸੇਯੋਗ ਸਾਧਨ ਨੂੰ ਵੀ ਅਪਣਾਉਂਦੇ ਹਨ। ਉਨ੍ਹਾਂ ਦੀ ਵਿਚਾਰਧਾਰਾ ਵਿਚ ਗੁਰਮਤਿ ਪਰੰਪਰਾ ਪ੍ਰਮੁੱਖ ਰੂਪ ਵਿਚ ਪ੍ਰਸਤੁਤ ਹੋਈ ਹੈ। ਇਸ ਤਰ੍ਹਾਂ ਕਰਨ ਨਾਲ ਉਹ ਗੁਰਮਤਿ ਪਰੰਪਰਾ ਨੂੰ ਜਿੱਥੇ ਆਪਣੀ ਰਚਨਾ ਵਿਚ ਬੁਨਿਆਦੀ ਤੌਰ ’ਤੇ ਉਪਯੋਗ ਹਿਤ ਲਿਆਉਂਦੇ ਹਨ, ਉੱਥੇ ਸਿੱਖ ਧਰਮ ਵਿਚਲੇ ਸੱਭਿਆਚਾਰਕ ਤੱਤਾਂ ਨੂੰ ਲੋਕਮਾਨਾਂ ਦੀ ਤਹਿ ਤਕ ਪਹੁੰਚਾਉਣ ਵਿਚ ਵੀ ਸਫਲ ਹੁੰਦੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ, ਜਲੰਧਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)