ਗੁਰਮਤਿ ਵਿਚਾਰਧਾਰਾ ਨੂੰ ਭਾਈ ਗੁਰਦਾਸ ਜੀ ਦੀ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਵੀ ਆਪਣੀਆਂ ਰਚਨਾਵਾਂ ਗਿਆਨ ਰਤਨਾਵਲੀ ਅਤੇ ਭਗਤ ਰਤਨਾਵਲੀ ਰਾਹੀਂ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਰਚਨਾਵਾਂ ਵਿਚ ਆਪ ਜੀ ਨੇ ਗੁਰਬਾਣੀ ਦੇ ਮੂਲ ਸਿਧਾਂਤਾਂ ਨੂੰ ਸੁਗਮ ਵਿਧੀ ਰਾਹੀਂ ਆਮ ਪਾਠਕਾਂ ਦੀ ਸਮਝ ਦੇ ਯੋਗ ਕੀਤਾ ਹੈ। ਪਰਮਾਤਮਾ ਦਾ ਸਰੂਪ, ਸ੍ਰਿਸ਼ਟੀ ਰਚਨਾ, ਆਤਮਾ, ਮਨੁੱਖ ਆਦਿ ਕੁਝ ਅਜਿਹੇ ਦਾਰਸ਼ਨਿਕ ਵਿਚਾਰ ਹਨ ਜਿਨ੍ਹਾਂ ਨੂੰ ਸਿੱਖ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ। ਇਨ੍ਹਾਂ ਸਿਧਾਂਤਾਂ ਨੂੰ ਭਾਈ ਮਨੀ ਸਿੰਘ ਨੇ ਆਪਣੀਆਂ ਰਚਨਾਵਾਂ ਦਾ ਅੰਗ ਬਣਾ ਕੇ ਪਾਠਕਾਂ ਅਤੇ ਸਿੱਖ ਸੰਗਤਾਂ ਨੂੰ ਆਦਰਸ਼ਕ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਹੈ। ਦਾਰਸ਼ਨਿਕ ਪੱਖ ਤੋਂ ਵਰਣਿਤ ਪਰਮਾਤਮਾ ਦੇ ਸਰੂਪ ਨੂੰ ਸਾਖੀ, ਗੋਸ਼ਟਿ, ਸ਼ਬਦ ਪ੍ਰਮਾਣ, ਟੀਕਾ ਅਤੇ ਪ੍ਰਤੀਕਾਤਮਕ ਵਿਆਖਿਆ ਵਿਧੀ ਰਾਹੀਂ ਜਿਸ ਪ੍ਰਕਾਰ ਪੇਸ਼ ਕੀਤਾ ਹੈ ਉਹ ਸਿੱਖ ਧਰਮ ਦਾ ਇਕ ਵਡਮੁੱਲਾ ਸ੍ਰੋਤ ਹੋ ਨਿੱਬੜੀਆਂ ਹਨ। ਦਾਰਸ਼ਨਿਕ ਸਿਧਾਂਤਾਂ ਵਿਚ ਪਰਮਾਤਮਾ ਦਾ ਸਰੂਪ ਮਹੱਤਵਪੂਰਨ ਸਥਾਨ ਰੱਖਦਾ ਹੈ।
ਸਿੱਖ ਧਰਮ ਦੇ ਬਾਕੀ ਸਿਧਾਂਤਾਂ ਨੂੰ ਸਮਝਣ ਲਈ ਪਰਮਾਤਮਾ ਦੇ ਸਰੂਪ ਨੂੰ ਜਾਣਨਾ ਅਤਿ ਮਹੱਤਵਪੂਰਨ ਹੈ ਕਿਉਂਕਿ ਪਰਮਾਤਮਾ ਸਮੁੱਚੀ ਮਨੁੱਖਤਾ ਦੇ ਜੀਵਨ ਦਾ ਆਧਾਰ ਹੈ। ਸਿੱਖ ਧਰਮ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਦੇ ਸਰੂਪ ਨੂੰ ਸਾਰ ਰੂਪ ਵਿਚ ਮੂਲ ਮੰਤਰ ਵਿਚ ਬਿਆਨ ਕੀਤਾ ਗਿਆ ਹੈ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਪੰਨਾ 1)
ਅਰਥਾਤ ਪਰਮਾਤਮਾ ਕੇਵਲ ਇੱਕ ਹੈ, ਸੱਚ ਹੈ, ਕਰਤਾ ਪੁਰਖ ਹੈ, ਸ੍ਰਿਸ਼ਟੀ ਦਾ ਸਿਰਜਨਹਾਰ ਤੇ ਸਰਬ-ਵਿਆਪਕ ਹੈ, ਉਸ ਨੂੰ ਨਾ ਹੀ ਕਿਸੇ ਦਾ ਭੈਅ ਹੈ ਅਤੇ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ, ਉਹ ਕਾਲ ਤੋਂ ਰਹਿਤ ਹੈ, ਜਨਮ-ਮਰਨ ਤੋਂ ਮੁਕਤ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਸੇ ਸਿਧਾਂਤ ਨੂੰ ਭਾਈ ਮਨੀ ਸਿੰਘ ਜੀ ਨੇ ਇਕ ਰਚਨਾ ਦੀ ਸਾਖੀ ਨੰ. 57 ਵਿਚ ਇਸ ਤਰ੍ਹਾਂ ਬਿਆਨ ਕੀਤਾ ਹੈ।
“ਭਾਈ ਫਿਰਣਾ ਬਹਿਲੁ ਤੇ ਭਾਈ ਜੇਠਾ ਤੇ ਭਾਈ ਚੰਗਾ ਹਜੂਰ ਗੁਰੂ ਅਰਜਨ ਜੀ ਦੇ ਆਏ ਤੇ ਅਰਦਾਸ ਕੀਤੀ; ਜੀ ਗਰੀਬ ਨਿਵਾਜ! ਕਈ ਰਾਮ ਦਾ ਨਾਮ ਜਪਦੇ ਹੈਨ, ਕਈ ਕ੍ਰਿਸ਼ਨ ਨੂੰ ਜਪਦੇ ਹੈਨ, ਕਈ ਓਅੰ ਜਪਦੇ ਹੈਨ, ਕੋਈ ਸੋਹੰ ਜਪਦੇ ਹੈਨਿ ਤੇ ਅਸਾਨੂੰ ਬਚਨ ਹੈ ਜੋ ਵਾਹਿਗੁਰੂ ਦਾ ਜਾਪੁ ਜਪਣਾ, ਕ੍ਰਿਪਾ ਕਰਕੈ ਬਚਨ ਹੋਵੈ ਸਭੇ ਪਾਰ ਉਤਾਰਨ ਵਾਲਆਂ ਹੈਨਿ, ਪਰੁ ਜੋ ਕਿਸੇ ਬੇੜੀ ਤੇ ਚੜਦਾ ਹੈ ਉਸਨੂੰ ਉਸੇ ਨਾਲਿ ਪਰੋਜਨ ਹੈ, ਤੈਸੇ ਮਹਾਰਾਜ ਦੇ ਨਾਮ ਸਭੇ ਉਧਾਰਨਿ ਜੋਗ ਹੈਨਿ।1
‘ਗਿਆਨ ਰਤਨਾਵਲੀ’2 ਵਿਚ ਪਰਮਾਤਮਾ ਨੂੰ ਜਗਤ ਦਾ ਕਰਤਾ ਸਵੀਕਾਰ ਕਰਦਿਆਂ ਉਸੇ ਦਾ ਨਾਮ ਜਪਣ ਦੀ ਤਾਕੀਦ ਕੀਤੀ ਗਈ।
ਉਅੰਕਾਰ ਦਾ ਭਜਨ ਕਰੋ॥ ਉਹ ਨਿਰੰਕਾਰ ਅਪਰ ਅਪਾਰ ਹੈ। ਜਹਾਨ ਦੇ ਰਖਣ ਵਾਲਾ ਹੈ (ਗਿਆਨ ਰਤਨਾਵਲੀ, ਸਫ਼ਾ 197)
ਇਸੇ ਸਿਧਾਂਤ ਨੂੰ ਸਪਸ਼ਟ ਕਰਦਿਆਂ ਭਾਈ ਮਨੀ ਸਿੰਘ ਜੀ ਨੇ ਪਰਮਾਤਮਾ ਦੇ ਸਰੂਪ ਨੂੰ ਰੂਪ ਰੇਖਾ ਤੋਂ ਨਿਆਰਾ ਅਤੇ ਜਨਮ-ਮਰਨ ਤੋਂ ਪਾਕ ਮੰਨਿਆ ਹੈ :
“ਹਿੰਦੂ ਕਹਦੇ ਹੈ ਖੁਦਾ ਜਨਮ ਲੈਂਦਾ ਹੈ ਮਰਦਾ ਹੈ ਤੁਸੀਂ ਕਹੋ ਕੈਸਾ ਹੈ॥
ਬਾਬੇ ਕਹਿਆ, ਰੂਪ ਰੇਖ ਤੋਂ ਨਿਆਰਾ ਜਾਨ ਜਨਮ ਮਰਨ ਤੇ ਪਾਕ॥
ਹਿੰਦੂ (ਭੀ ਤੇ) ਮੁਸਲਮਾਨ (ਭੀ ਦੋਨੋ) ਗੁਮਰਾਇ ਹੈਨ ਖੁਦਾਇ ਨੂ ਰੰਗ ਤੇ ਸੂਰਤ ਕਹਿਦੇ ਹੈ।4 (ਉਹੀ, ਸਫ਼ਾ 542-43)
ਸਿੱਖ ਧਰਮ ਜੋ ਕਿ ਨਿਰਗੁਣ ਪਰਮਾਤਮਾ ਦੇ ਸੰਕਲਪ ਨੂੰ ਪ੍ਰਵਾਨ ਕਰਨ ਦੇ ਨਾਲ-ਨਾਲ ਸਰਗੁਣ ਸਰੂਪ ਜੋ ਕਿ ਅਵਤਾਰਵਾਦ ਤੋਂ ਮੁਕਤ ਹੈ, ਨੂੰ ਵੀ ਪ੍ਰਵਾਨ ਕਰਦਾ ਹੈ। ਗੁਰਮਤਿ ਅਨੁਸਾਰ ਪਰਮਾਤਮਾ ਨਿਰ-ਆਕਾਰ ਨਿਰਗੁਣ ਹੁੰਦੇ ਹੋਏ ਵੀ ਪੂਰੇ ਸੰਸਾਰ ਦਾ ਕਰਤਾ, ਧਰਤਾ ਤੇ ਹਰਤਾ ਹੈ, ਪਰ ਆਪ ਉਹ ਸੈਭੰ ਹੈ ਇਸ ਤਰ੍ਹਾਂ ਸਿੱਖ ਧਰਮ ਨੇ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਨੂੰ ਇਕ ਹੀ ਪ੍ਰਵਾਨ ਕੀਤਾ ਹੈ। ਭਾਈ ਮਨੀ ਸਿੰਘ ਜੀ ਨੇ ਨਿਰਗੁਣ ਸਰਗੁਣ ਸਰੂਪ ਨੂੰ ਬਿਆਨਦਿਆਂ ਹੋਇਆਂ ਸਿੱਖਾਂ ਦੀ ਭਗਤਮਾਲਾ ਵਿਚ ਇਸ ਪ੍ਰਕਾਰ ਦੱਸਿਆ ਹੈ:
ਭਾਈ ਡਲਾ ਤੇ ਭਗੀਰਥ ਤੇ ਜਾਪੂ ਤੇ ਨਿਵਲਾ ਗੁਰੂ ਅਰਜਨ ਦੇਵ ਜੀ ਦੀ ਸਰਣਿ ਆਇ ਤੇ ਅਰਦਾਸ ਕੀਤੀ: ਗੁਰੂ ਨਾਨਕ ਜੀ ਜੋ ਹੋਏ ਹੈਨਿ ਸਰਗੁਣ ਦੇ ਉਪਾਸਕੀ ਹੋਏ ਹੈਨਿ ਤਾਂ ਬਚਨ ਹੋਇਆ ਸਰਗੁਣ ਨਿਰਗੁਣ ਤਾਂ ਕਹੀਅਨਿ ਜੋ ਦੋ ਹੋਵਨਿ॥ ਉਹੀ ਨਿਰਗੁਣ ਰੂਪ ਮਹਾਰਾਜ ਇਛਿਆ ਕਰਕੇ ਸਰਗੁਣ ਸਰੂਪ ਧਾਰਦੇ ਹੈ। ਦੁਸ਼ਟਾ ਦਾ ਨਾਸ਼ ਕਰਕੇ ਨਿਰਇਛਤ ਹੋ ਕੇ ਆਪਣੇ ਨਿਰਗੁਣ ਸਰੂਪ ਵਿਚਿ ਸਮਾਇ ਜਾਂਦੇ ਹੈਨਿ। ਜੈਸੇ ਰਾਜਾ ਏਕ ਹੋਤਾ ਹੈ ਤੇ ਜਿਸ ਸਮੇਂ ਇਛਾ ਕਰਤਾ ਹੈ ਸਸਤ੍ਰ ਬਸਤ੍ਰ ਪਹਿਰ ਕੈ ਦੀਵਾਨ ਵਿਚ ਆਇ ਬੈਠਦਾ ਹੈ ਜੇ ਇਛਾ ਤਿਆਗਤਾ ਹੈ ਤਾਂ ਇਕੇਲਾ ਸਸਤ੍ਰਾਂ ਬਸਤ੍ਰਾਂ ਕੋ ਭੀ ਤਿਆਗ ਕਰ ਸਿਹਜਾ ਵਿਖੇ ਸੈਨ ਕਰਦਾ ਹੈ ਤਾਂ ਜੋ ਉਸਕਾ ਨਾਮ ਲੈ ਕੇ ਪੁਕਾਰਦਾ ਹੈ ਤਾਂ ਦੀਵਾਨ ਸਮੇਂ ਭੀ ਉਸਕੀ ਸਹਾਇਤਾ ਕਰਦਾ ਹੈ ਅਰ ਸੈਣ ਸਮੇਂ ਭੀ ਉਸਕੀ ਸਹਾਇਤਾ ਕਰਦਾ ਹੈ। ਤੇ ਜੋ ਉਸਕੇ ਸੇਵਕ ਹੈਨਿ ਸੋ ਸਦਾ ਉਸਕੀ ਟਹਿਲ ਕਰਦੇ ਹੈਨਿ॥ (ਸਫ਼ਾ 83)
ਉਪਰੋਕਤ ਹਵਾਲਾ ਸਪਸ਼ਟ ਕਰਦਾ ਹੈ ਕਿ ਪਰਮਾਤਮਾ ਅਪਰ ਅਪਾਰ, ਅਗੰਮ, ਅਗਾਧ ਤੇ ਅਗੋਚਰ ਹੁੰਦਿਆਂ ਮਨ ਦੀਆਂ ਹੱਦਾਂ ਤੋਂ ਪਰ੍ਹੇ ਹੋਣ ਕਾਰਨ ਹੈ ਜੋ ਸਰਬ ਵਿਆਪਕ ਤੇ ਅਪਰੰਪਰ ਹੁੰਦਿਆਂ, ਸਰਗੁਣ ਤੇ ਨਿਰਗੁਣ ਦੋਹਾਂ ਰੂਪਾਂ ਵਿਚ ਵਿਚਰਦਾ ਹੈ। ਇਸੇ ਵਿਚਾਰ ਨੂੰ ਗਿਆਨ ਰਤਨਾਵਲੀ ਵਿਚ ਇਸ ਪ੍ਰਕਾਰ ਬਿਆਨ ਕੀਤਾ ਗਿਆ ਹੈ:
ਗੁਰੂ ਨਾਨਕ ਜੀ ਕਹਿਦੇ ਹੈਨ ਜਿਸ ਈਸਰ ਨੇ ਜਗਤ ਕੋ ਕੀਤਾ ਹੈ॥ ਸੋਈ ਗੁਰ ਅਰ ਸੰਤ ਰੂਪ ਹੋਇ ਕੇ ਜੀਆ ਕੀ ਸਾਰ ਲੇਤਾ ਹੈ॥ ਗਿਆਨ ਅਰ ਨਾਮ ਦੇਤਾ ਹੈ॥ ਵਾਹਿਗੁਰੂ ਦਾ ਹੁਕਮ ਨਹੀਂ ਜਾਤਾ ਜਾਂਦਾ। ਜੋ ਕਿਸੇ ਨੂ ਨਾਮ ਦੀ ਵਡਿਆਈ ਦੇਇ॥ ਤਾਂ ਏਹ ਵਚਨ ਸੁਣ ਕੇ ਰਾਜੇ ਹੱਥ ਜੋੜ ਕੇ ਅਰਦਾਸ ਕੀਤੀ ਜੀ ਮਨ ਦਾ ਤਾ ਵਿਸਾਹ ਕੁਛ ਨਹੀ॥ ਇਕਦੂ ਵਚਨ ਸੁਣਦਾ ਇਕਦੂ ਭੁਲਾ ਦੇਦਾ ਹੈ॥ ਜੇ ਤੁਸਾਡਾ ਹੋਆਂ ਅਸਾਡੇ ਹੋਇ ਰੂਪ ਹੈਨਿ। ਸਰਗੁਣ ਰੂਪ ਸਰੀਰ ਹੈ ਅਰ ਨਿਰਗੁਣ ਰੂਪ ਸ਼ਬਦ ਹੈ॥ ਅਰ ਸਰੀਰ ਦਾ ਦਰਸ਼ਨ ਸਦੀਵ ਨਹੀ ਹੋਦਾ॥ ਅਰ ਸ਼ਬਦ ਦਾ ਦਰਸ਼ਨ ਸਦੀਵ ਹੋਤਾ ਹੈ॥ (ਸਫ਼ਾ 408)
ਪਰਮਾਤਮਾ ਨੂੰ ਸਰਬ ਕਲਾ ਸਮਰੱਥ ਮੰਨਦਿਆਂ ਸਿੱਖ ਵਿਚਾਰਧਾਰਾ ਅਨੁਸਾਰ ਪਰਮਾਤਮਾ ਪੂਰੀ ਸ੍ਰਿਸ਼ਟੀ ਦਾ ਕਰਤਾ, ਧਰਤਾ ਤੇ ਹਰਤਾ ਮੰਨਿਆ ਜਾਂਦਾ ਹੈ। ਉਸ ਦੇ ਹੁਕਮ ਤੋਂ ਬਿਨਾਂ ਦੁਨੀਆਂ ਦੀ ਕੋਈ ਵੀ ਗਤੀਵਿਧੀ ਸੰਪੂਰਨ ਨਹੀਂ ਹੋ ਸਕਦੀ। ਪਰਮਾਤਮਾ ਦੀ ਇਸੇ ਸਮਰੱਥਾ ਨੂੰ ‘ਸਿੱਖਾਂ ਦੀ ਭਗਤ ਮਾਲਾ’ ਦੀ ਸਾਖੀ ਨੰ: 64 ਵਿਚ ਇਉਂ ਬਿਆਨ ਕੀਤਾ ਗਿਆ ਹੈ:
ਤੁਸੀਂ ਕਿਰਪਾ ਕਰਿਕੈ ਕਹੋ ਜੋ ਬਿਨਾਂ ਸਾਸਾਂ ਥੀਂ ਕੌਣ ਜੀਂਵਦਾ ਹੈ? ਤਾਂ ਬਚਨ ਹੋਇਆ: ਏ ਸਮਰੱਥਾ ਈਸ਼ਰ ਦੀ ਵਰਨੀ ਹੈ। ਜੈਸੇ ਪਰਬਤ ਤੇ ਬ੍ਰਿਛ ਸਾਸਾਂ ਬਿਨਾ ਹੀ ਵਰਧਮਾਨ ਹੋਤੇ ਹੈਨਿ ਤੇ ਬਾਲਕ ਮਾਤਾ ਦੇ ਗਰਭ ਵਿਚ ਛੇ ਮਹੀਨੇ ਵਰਧਦਾ ਜਾਤਾ ਹੈ ਤੇ ਛਿਵੇਂ ਮਹੀਨੇ ਉਸਦੇ ਵਿਚ ਸੁਆਸ ਪੈਂਦੇ ਹੈਨਿ ਤਾਂ ਈਸ਼ਰ ਐਸਾ ਸਮਰਥੁ ਹੈ। ਤੇ ਦੂਜਾ ਅਰਥ ਹੈ ਸਵਾਸ ਓਹੋ ਸਫਲ ਹੈਨਿ ਜੋ ਵਾਹਿਗੁਰੂ ਦੇ ਗੁਣ ਗਾਂਵਦੇ ਹੈਨਿ। (ਸਫ਼ਾ 98)
ਸਿੱਖ ਧਰਮ ਫਿਲਾਸਫੀ ਅਨੁਸਾਰ ਪਰਮਾਤਮਾ ਦਾ ਕਿਸੇ ਵੀ ਪੱਖੋਂ ਪਾਰ ਨਾ ਪਾਇਆ ਜਾਣ ਕਾਰਨ ਉਹ ਬੇਅੰਤ ਹੈ, ਉਸ ਦੀ ਬੇਅੰਤਤਾ ਦਾ ਪ੍ਰਮਾਣ ਉਸ ਦੁਆਰਾ ਪੈਦਾ ਕੀਤੀ ਗਈ ਸ੍ਰਿਸ਼ਟੀ ਦੇ ਅੰਤ ਨਾ ਹੋਣ ਕਾਰਨ ਅਤੇ ਉਸ ਦੁਆਰਾ ਮਨੁੱਖ ਨੂੰ ਦਿੱਤੀਆਂ ਜਾਣ ਵਾਲੀਆਂ ਦਾਤਾਂ ਤੋਂ ਸਿੱਧ ਹੁੰਦਾ ਹੈ। ਪਰਮਾਤਮਾ ਦੀ ਬੇਅੰਤਤਾ ਦਾ ਜ਼ਿਕਰ ਭਾਈ ਮਨੀ ਸਿੰਘ ਜੀ ਨੇ ‘ਸਿੱਖਾਂ ਦੀ ਭਗਤਮਾਲਾ’ ਵਿਚ ਇਸ ਪ੍ਰਕਾਰ ਕੀਤਾ ਹੈ:
“ਗੰਗੂ ਤੇ ਨਾਊ ਸਰਗਲੁ ਰਾਮਾ ਤੇ ਧਰਮਾ ਤੇ ਉਦਾ ਗੁਰੂ ਅਰਜਨ ਜੀ ਦੀ ਸ਼ਰਨਿ ਆਏ ਤੇ ਉਨਾਂ ਪ੍ਰਸ਼ਨ ਕੀਤਾ: ਜੀ ਬੇਦਾਂ ਕਤੇਬਾਂ ਤੇ ਅਉਤਾਰਾਂ ਸਭਨਾਂ ਬ੍ਰਹਮ ਨੂੰ ਬੇਅੰਤ ਕਹਿਆ ਹੈ, ਤੇ ਗੁਰੂ ਨਾਨਕ ਜੀ ਤਾਂ ਸਾਖਿਆਤਕਾਰ ਬ੍ਰਹਮ ਕਾ ਰੂਪ ਹੋਏ ਹੈਨ ਤਾਂ ਏਨਾ ਨੇ ਕਛੁ ਬ੍ਰਹਮ ਕਾ ਅੰਤ ਕਹਿਆ ਹੋਇਗਾ। ਕਿਉ ਜੋ ਆਪਣਾ ਅੰਤ ਤਾਂ ਸਭ ਕੋਈ ਜਾਣਦਾ ਹੈ? ਤਾਂ ਬਚਨ ਹੋਇਆ: ਜੇ ਤਾਂ ਕਛੁ ਬ੍ਰਹਮ ਕਾ ਅੰਤ ਹੋਵੈ ਤਾਂ ਕਹੀਐ: ਬਿਅੰਤ ਨੂੰ ਬਿਅੰਤ ਕਹਿਣਾ ਏਹੋ ਉਸਦਾ ਅੰਤ ਪਾਵਣਾ ਹੈ। ਤੇ ਜੋ ਹੋਰ ਕਛੁ ਅੰਤ ਕਹਿੰਦੇ ਤਾਂ ਸਭ ਸਾਸਤ੍ਰਾਂ ਨਾਲਿ ਵਿਰੋਧ ਹੁੰਦਾ ਹੈਸੀ ਤਾਂ ਤੇ ਗੁਰੂ ਨਾਨਕ ਜੀ ਭੀ ਕਹਿਆ ਹੈ ਬ੍ਰਹਮ ਬਿਅੰਤ ਹੈ, ਤਾਂ ਤੇ ਤੁਸੀਂ ਭੀ ਬ੍ਰਹਮ ਨੂੰ ਬਿਅੰਤ ਜਾਣ ਕੇ ਸਭ ਕਿਸੇ ਨਾਲਿ ਭਾਉ ਭਗਤਿ ਕਰਨੀ।” (ਸਫ਼ਾ 82)
ਪਰਮਾਤਮਾ ਦੀ ਬੇਅੰਤਤਾ ਨੂੰ ਪਾਉਣਾ ਮੁਸ਼ਕਿਲ ਹੈ ਕਿਉਂਕਿ ਇਹ ਵਿਸ਼ਾ ਮਨੁੱਖੀ ਸੋਚ ਤੋਂ ਪਰ੍ਹੇ ਹੈ। ਕਰਾਮਾਤੀ ਵਿਧੀ ਨੂੰ ਅਪਣਾਉਂਦਿਆਂ ‘ਗਿਆਨ ਰਤਨਾਵਲੀ’ ਵਿਚ ਪਰਮਾਤਮਾ ਦੀ ਬੇਅੰਤਤਾ ਨੂੰ ਇਉਂ ਬਿਆਨ ਕੀਤਾ ਹੈ:
“ਪੀਰ ਕਹਿਆ ਜੈਸੇ ਲਖਿ ਅਕਾਸ/ਪਾਤਾਲ ਨੂੰ ਡਿਠੇ ਹੈ ਅਸਾਂ ਨੂੰ ਭੀ ਦਿਖਾਇ। ਬਾਬੇ ਪੀਰ ਦੇ ਬੇਟੇ ਦਾ ਹਥਿ ਪਕੜ ਲਇਆ ਬਚਨ ਕੀਤਾ ਅਖੀ ਮੀਟ। ਅਖੀ ਮੀਟਿ ਤਾ ਦੋਨੋ ਗਾਇਬ ਹੋ ਗਏ॥ ਪਹਿਲਾ ਲਖਿ ਫਲਕ ਦਿਖਾਏ। ਜਾ ਫਲਕਾ ਨੂੰ ਦੇਖਦਾ ਥਕਾ ਤਾ ਲਖ ਪਤਾਲ ਦਿਖਾਏ। ਉਹ ਥਕਾ ਅਰਜ ਕੀਤੀ ਉਸ ਜੀ ਹੁਣ ਚਲੀਏ। ਬਾਬੇ ਕਹਿਆ ਤੇਰਾ ਪੀਰ ਮੰਨੇਗਾ ਨਹੀਂ। ਇਥੋਂ ਕੜਾ ਦਾ ਕਚਕੋਲ ਭਰਿਲੈ। ਉਥੇ ਪਤਾਲ ਵਿਚ ਧਰਮਪਾਲ ਸੀ ਬਾਬੇ ਦੇ ਗਿਆ ਉਨਾਂ ਕੜਾਹ ਕੀਤਾ। ਧੁਰੋ ਪਤਾਲੋ ਕੜਾਹ ਦਾ ਕਚਕੋਲ ਭਰ ਲੀਤਾ। ਪੀਰ ਦੇ ਅੱਗੇ ਆਣ ਰਖਾਇਆ। ਬਾਬੇ ਕਹਿਆ ਆਪਣੇ ਪੁਤ੍ਰ ਸੋ ਪੁਛੋ। ਉਸਦੇ ਪੁਤ੍ਰ ਕਹਿਆ ਮੈ ਅਕਾਸ ਪਤਾਲ ਦੇਖਣਾ ਥਕਿ ਪਇਆ। ਮੈ ਅਰਜ ਕਰਿ ਫੇਰਿ ਲਿਆਇਆ ਹਾਂ।” (ਸਫ਼ਾ 541)
ਘਟਿ ਘਟਿ ਦੀ ਜਾਨਣ ਵਾਲੇ ਨੂੰ ਸਿੱਖ ਧਰਮ ਵਿਚ ਅੰਤਰਜਾਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਿੱਖਾਂ ਦੀ ਭਗਤਮਾਲਾ ਵਿਚ ਜ਼ਿਕਰ ਹੈ:
“ਭਾਈ ਜੱਟੂ ਤੇ ਭੱਟੂ ਵੇਤੇ ਤੇ ਫਿਰਾ ਸੂਦ ਤੇ ਭੋਲੂ ਤੇ ਭੋਟੂ ਤਿਵਾੜੀ ਗੁਰੂ ਅਰਜਨ ਦੇਵ ਜੀ ਦੀ ਸ਼ਰਨੀ ਆਏ ਤੇ ਅਰਦਾਸ ਕੀਤੀ ਜੀ ਗਰੀਬ ਨਿਵਾਜਾ ਅਸੀਂ ਗੰਗਾ ਜੀ ਗਏ ਸਾਂ ਪੰਡਤਾਂ ਅਸੀਂ ਥੀਂ ਪੁਛਿਆ ਸੀ ਜੋ ਜਿਸਨੇ ਸਰੀਰ ਧਾਰਿ ਕੈ ਔਤਾਰ ਧਾਰਿਆ ਹੈ ਏਨ੍ਹਾਂ ਨੇ ਗੁਰੂ ਕੋਨ ਕੀਤਾ ਹੈ? ਤਾਂ ਉਨਾਂ ਨੂੰ ਅਸਾਂ ਕਹਿਆ ਜੁ ਅਸੀਂ ਪੁਛ ਕੇ ਆਣ ਕਹਾਂਗੇ। ਤਾਂ ਬਚਨ ਹੋਇਆ ਗੁਰੂ ਨਾਨਕ ਜੀ ਦਾ ਗੁਰੂ ਨਿਰੰਕਾਰ ਅੰਤਰਜਾਮੀ ਹੈ।” (ਸਫ਼ਾ 82)
ਪਰਮਾਤਮਾ ਸਰਬ ਵਿਆਪਕ ਹੈ। ਸੰਸਾਰ ਦੀ ਕੋਈ ਵੀ ਵਸਤੂ ਜਾਂ ਦਿਸ਼ਾ ਦਿਖਾਈ ਨਹੀਂ ਦਿੰਦੀ ਜਿਸ ਵਿਚ ਕਾਦਰ ਨੇ ਆਪਣੀ ਸਰਬ ਵਿਆਪਕਤਾ ਦਾ ਜਲਵਾ ਨਾ ਵਿਖਾਇਆ ਹੋਵੇ। ‘ਗਿਆਨ ਰਤਨਾਵਲੀ’ ਵਿਚ ਪਰਮਾਤਮਾ ਦੀ ਸਰਬ ਵਿਆਪਕਤਾ ਨੂੰ ਸਵੀਕਾਰ ਕਰਦਿਆਂ ਵਾਹਿਗੁਰੂ ਨੂੰ ਗੁਰਮੁਖਾਂ ਵਿਚ ਪ੍ਰਤੱਖ ਤੌਰ ’ਤੇ ਨਜ਼ਰ ਆਉਂਦਾ ਦੱਸਿਆ ਹੈ।
ਤਾਂ ਭਾਈ ਮਨੀ ਸਿੰਘ ਜੀ ਕਹਿਆ ਜੋ ਬੀਜ ਕਾਠਿ ਵਿਚ ਭੀ ਪਤ੍ਰਾ ਫੁਲਾਂ ਵਿਚ ਭੀ ਵਿਆਪਿਆ ਹੋਇਆ ਹੈ ਪਰ ਫਲਾਂ ਵਿਚੋਂ ਹੀ ਦ੍ਰਿਸਟਿ ਆਵਦਾ ਹੈ॥ ਤੈਸੇ ਵਾਹਿਗੁਰੂ ਤਾਮਸੀ ਸਾਤਕੀ ਸਰਬਤ੍ਰਾ ਵਿਚ ਵਿਰਾਜਿਆ ਹੋਇਆ ਹੈ॥ ਪਰ ਗੁਰਮੁਖਾਂ ਵਿਚ ਪ੍ਰਤਖ ਦ੍ਰਿਸ਼ਟਿ ਆਵਦਾ ਹੈ। (ਸਫ਼ਾ 96)
ਪਰਮਾਤਮਾ ਦਾ ਨਿਰਭਉ ਅਤੇ ਨਿਰਵੈਰ ਇਕ ਅਜਿਹਾ ਸਰੂਪ ਹੈ ਜੋ ਕਿਸੇ ਹੋਰ ਦੇ ਹਿੱਸੇ ਨਹੀਂ ਆਉਂਦਾ। ਜੋ ਮਨੁੱਖ ਉਸ ਨਿਰਭਉ ਅਤੇ ਨਿਰਵੈਰ ਦਾ ਉਪਾਸਕ ਹੈ ਉਨ੍ਹਾਂ ਦਾ ਵੀ ਕਿਸੇ ਹੋਰ ਨਾਲ ਵੈਰ-ਵਿਰੋਧ ਨਹੀਂ ਹੁੰਦਾ। ਪਰਮਾਤਮਾ ਦੇ ਨਿਰਭਉ ਅਤੇ ਨਿਰਵੈਰ ਸਰੂਪ ਬਾਰੇ ਵਿਚਾਰ ਪੇਸ਼ ਕਰਦਿਆਂ ‘ਭਗਤ ਰਤਨਾਵਲੀ’ ਵਿਚ ਲਿਖਿਆ ਮਿਲਦਾ ਹੈ:
ਬਹੁੜੋ ਪੰਡਤ ਲੋਕ ਜੋ ਗਿਆਨ ਥੀਂ ਰਹਿਤ ਹੈਨਿ ਤੇ ਸਰਗੁਣ ਦੀ ਪੂਜਾ ਕਰਦੇ ਹੈਨਿ ਤੇ ਸਾਧਾਂ ਸੰਤਾਂ ਦੇ ਨਾਲਿ ਦਵੈਖ ਕਰਦੇ ਹੈਨਿ, ਤਾਂ ਉਨਾਂ ਦੇ ਪਰਥਾਇ ਕਰਕੇ ਕਹਿਆ ਹੈ ਜੋ ਦੇਹ ਧਾਰੇ ਦਾ ਧਰਮੁ ਹੈ ਸੋ ਦੁਖ ਸੁਖ ਹੁੰਦਾ ਹੈ ਪਰ ਗਿਆਨੀ ਜੇਹਾ ਸਰੀਰ ਨੂੰ ਝੂਠ ਕਰਕੇ ਜਾਣਦੇ ਹੈਨਿ ਤੇਹਾ ਦੁਖ ਸੁਖ ਨੂੰ ਝੂਠ ਜਾਣਦੇ ਹੈਨਿ। ਏਕ ਲੱਖਯ ਦੇ ਉਪਾਸਕ ਹੈਨ, ਏਕ ਵਾਚ ਕੇ ਉਪਾਸਕ ਹੈਨਿ॥ ਲੱਖਯਾ ਦੇ ਉਪਾਸਕ ਸਭਸ ਵਿਚ ਅਕਾਲ ਪੁਰਖ ਦੀ ਸਤਾ ਜਾਣਦੇ ਹੈਨਿ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ ਤੇ ਵਾਚ ਦੇ ਉਪਾਸਕ ਕ੍ਰਿਸ਼ਨ ਦੇ ਉਪਾਸਕ ਰਾਮ ਨਾਲ ਦਵੈਖ ਕਰਦੇ ਹੈਨ ਤੇ ਰਾਮ ਦੇ ਉਪਾਸਕ ਕ੍ਰਿਸ਼ਨ ਨਾਲਿ ਦਵੈਖ ਕਰਦੇ ਹੈਨ। ਤੁਸਾਂ ਲੱਖਯ ਦੇ ਉਪਾਸਕ ਹੋਣਾ ਤੇ ਨਿਰਵੈਰ ਹੋਵਣਾ॥ ਤਾਂ ਉਨ੍ਹਾਂ ਦਾ ਉਧਾਰ ਏਸੇ ਕਰ ਹੋਯਾ॥ (ਸਫ਼ਾ 94)
ਪਰਮਾਤਮਾ ਅਤੇ ਆਤਮਾ ਦੀ ਅਭੇਦਤਾ ਪ੍ਰਗਟ ਕਰਦਿਆਂ ਆਤਮਾ ਨੂੰ ਪਰਮਾਤਮਾ ਸਰੂਪ ਉਸ ਵੇਲੇ ਮੰਨਿਆ ਹੈ ਜਦ ਆਤਮਾ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰ ਲੈਂਦੀ ਹੈ। ਆਤਮਾ ਸਰੀਰ ਕਰਕ ਹਿੰਦੂ ਮੁਸਲਮਾਨ ਜਾਂ ਸਿੱਖ ਹੈ ਪਰ ਸਰੀਰ ਤੋਂ ਮੁਕਤ ਪਰਮਾਤਮਾ ਹੀ ਹੈ। ਆਤਮਾ ਅਤੇ ਪਰਮਾਤਮਾ ਦੀ ਅਭੇਦਤਾ ਬਾਰੇ ਭਗਤ ਰਤਨਾਵਲੀ ਵਿਚ ਇਸ ਪ੍ਰਕਾਰ ਵਰਣਿਤ ਹੈ:
ਆਗੇ ਆਤਮਾ ਤੇ ਪਰਮਾਤਮਾ ਵਿਚ ਭੇਦੁ ਕੋਈ ਨਹੀਂ। ਜੈਸੇ ਤਲੰਗ ਸੇ ਜਲੁ ਇਕੁ ਹੈ, ਤੈਸੇ ਸਰੀਰਾਂ ਮੇਂ ਸੱਤਿਆ ਪਰਮਾਤਮਾ ਦੀ ਇਕੁ ਹੀ ਹੈ। ਜਦ ਦਾ ਮੈਂ ਗੁਰਾਂ ਥੀ’ ਇਹ ਗਿਆਨ ਦ੍ਰਿੜ ਕੀਤਾ ਹੈ: ਤਾਂ ਮੈਂ ਵਾਹਿਗੁਰੂ ਬਿਨਾ ਦੂਜਾ ਕੁਝ ਨਹੀਂ ਜਾਣਦਾ। ਦੇਹ ਹੀ ਹਿੰਦੂ ਹੈ, ਦੇਹ ਹੀ ਮੁਸਲਮਾਨ ਹੈ, ਮੈਂ ਦੇਹ ਦਾ ਸਾਥੀ ਨਿਆਰਾ ਹਾਂ। (ਸਫ਼ਾ 44)
ਉਪਰੋਕਤ ਵਰਣਨ ਤੋਂ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਦੇ ਉਸੇ ਸਰੂਪ ਨੂੰ ਭਾਈ ਸਾਹਿਬ ਜੀ ਨੇ ਆਪਣੀ ਰਚਨਾਵਾਂ ਵਿਚ ਵਰਣਿਤ ਕੀਤਾ ਹੈ ਜਿਸ ਦਾ ਵਰਨਣ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਵਿਚ ਕੀਤਾ ਸੀ। ਆਪ ਜੀ ਨੇ ਵਿਆਖਿਆ ਵਿਧੀ ਅਧੀਨ ਇਸ ਸਰੂਪ ਨੂੰ ਵਾਰਤਕ ਰੂਪ ਵਿਚ ਪੇਸ਼ ਕਰਕੇ ਆਮ ਪਾਠਕਾਂ ਦੀ ਸੂਝ ਦੇ ਸਮਝਣ ਯੋਗ ਬਣਾਇਆ ਹੈ।
ਲੇਖਕ ਬਾਰੇ
ਸੁਪਤਨੀ ਸ. ਗੁਰਜੀਤ ਸਿੰਘ, ਸੰਧੂ ਫਾਰਮ ਹਾਊਸ, ਰਾਮਾਂ ਰੋਡ, ਪਿੰਡ ਤੇ ਡਾਕ: ਤਲਵੰਡੀ ਸਾਬੋ (ਬਠਿੰਡਾ)
- ਬੀਬਾ ਰਜਿੰਦਰ ਕੌਰhttps://sikharchives.org/kosh/author/%e0%a8%ac%e0%a9%80%e0%a8%ac%e0%a8%be-%e0%a8%b0%e0%a8%9c%e0%a8%bf%e0%a9%b0%e0%a8%a6%e0%a8%b0-%e0%a8%95%e0%a9%8c%e0%a8%b0/August 1, 2010