editor@sikharchives.org
Bhai Mani Singh

ਬੰਦ-ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ

ਇਹ ਅਤਿਅੰਤ ਗੌਰਵ ਅਤੇ ਮਾਣ ਵਾਲੀ ਗੱਲ ਹੈ ਕਿ ਭਾਈ ਮਨੀ ਸਿੰਘ ਜੀ ਦਾ ਪਰਿਵਾਰਕ ਪਿਛੋਕੜ ਸ਼ਹੀਦਾਂ ਦਾ ਸੀ। ਉਨ੍ਹਾਂ ਦੇ ਦਾਦਾ ਜੀ ਸ਼ਹੀਦ, ਗਿਆਰ੍ਹਾਂ ਭਰਾ ਸ਼ਹੀਦ ਅਤੇ ਦਸਾਂ ਵਿੱਚੋਂ ਸੱਤ ਪੁੱਤਰ ਸ਼ਹੀਦ ਹੋਏ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

‘ਸ਼ਹਾਦਤ’ ਅਤਿਆਚਾਰ ਖ਼ਿਲਾਫ਼ ‘ਸਭਿਆਚਾਰ’ ਅਤੇ ‘ਸਹਿਨਸ਼ੀਲਤਾ’ ਦੀ ਜਿੱਤ ਹੈ। ਸ਼ਹੀਦੀ ਮਜਬੂਰੀ ਨਹੀਂ ਸਗੋਂ ਸਿਦਕ ਸਬੂਰੀ ਹੈ। ਇਹ ਨਿਰਭੈ ਸ਼ਕਤੀ ਹੀ ਨਹੀਂ ਬਲਕਿ ਨਿਰਵੈਰ ਬਿਰਤੀ ਵੀ ਹੈ। ਡਾ. ਜਸਬੀਰ ਸਿੰਘ ਦੇ ਸ਼ਬਦਾਂ ਵਿਚ : ਏਸੇ ਲਈ ਆਰੰਭ ਤੋਂ ਹੀ ਸਿੱਖ ਲਹਿਰ ਨੂੰ ਸ਼ਹਾਦਤ ਦੀ ਗੁੜ੍ਹਤੀ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮ-ਹਸਤੀ ਨੂੰ ਨਿਰਭਉ-ਨਿਰਵੈਰ ਦੇ ਰੂਪ ਵਿਚ ਦਰਸਾਇਆ ਹੈ ਤਾਂ ਕਿ “ਜੈਸਾ ਸੇਵੈ ਤੈਸੋ ਹੋਇ” ਦੇ ਮਹਾਂਵਾਕ ਅਨੁਸਾਰ ਮਨੁੱਖ ਅਕਾਲ ਪੁਰਖ ਨਾਲ ਲਿਵ ਲਾ ਕੇ ਨਿਰਭਉ-ਨਿਰਵੈਰ ਦੀ ਉਹ ਆਤਮਕ ਅਵਸਥਾ ਪ੍ਰਾਪਤ ਕਰ ਸਕੇ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਿਰਭੈ ਪਦ ਵੀ ਕਿਹਾ ਹੈ ਤੇ ਨਿਰਬਾਨ ਪਦ ਵੀ1 :

ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥ (ਪੰਨਾ 219)

ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ (ਪੰਨਾ 830)

ਸਿੱਖ-ਧਰਮ ਅਰੰਭ ਤੋਂ ਹੀ  ਭਗਤੀ  ਅਤੇ  ਸ਼ਕਤੀ ਦਾ ਸੁਮੇਲ ਹੈ।  ਇਹ ਗੱਲ ਵੱਖਰੀ ਹੈ ਕਿ ਪਹਿਲੀਆਂ ਪਾਤਸ਼ਾਹੀਆਂ ਨੇ ਭਗਤੀ ਅਤੇ ਨਾਮ-ਸਿਮਰਨ ਉੱਪਰ ਹੀ ਵਧੇਰੇ ਜ਼ੋਰ ਦਿੱਤਾ ਹੈ। ਲੇਕਿਨ ਅਗਲੀਆਂ ਪਾਤਸ਼ਾਹੀਆਂ ਵਿਸ਼ੇਸ਼ ਕਰਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ, ਭਗਤੀ ਅਤੇ ਸ਼ਕਤੀ ਦਾ ਸਿਧਾਂਤ ਗ੍ਰਹਿਣ ਕਰ ਕੇ ਗੁਰੂ- ਸ਼ਰਧਾਲੂ ਧਾਰਮਿਕ ਸੈਨਿਕਾਂ ਦੇ ਸਾਂਚੇ ਵਿਚ ਢਲ ਗਏ। ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਅਤੇ ਮੀਰੀ-ਪੀਰੀ ਦੀਆਂ ਤਲਵਾਰਾਂ ਦਾ ਸਿਧਾਂਤ ਜਿੱਥੇ ਸਿੱਖਾਂ ਨੂੰ ਸੱਚਾ ਸਿੱਖ (ਸ਼ਿਸ਼) ਤੇ ਧਾਰਮਿਕ ਇਨਸਾਨ ਬਣਾਉਂਦਾ ਹੈ, ਉਥੇ ਲੋੜ ਪੈਣ ’ਤੇ ਸਵੈ-ਰੱਖਿਆ ਹਿਤ ਵੀਰ ਯੋਧਾ ਵੀ। ਹੁਣ ਸਿੱਖ ਲਈ ਧਰਮ-ਰੱਖਿਆ ਲਈ ਲੜਨਾ-ਮਰਨਾ ਜਾਂ ਸ਼ਹੀਦ ਹੋਣਾ ਖਿੜੇ-ਮੱਥੇ ਸਵੀਕਾਰ ਹੈ ਪਰ ਅਤਿਆਚਾਰ ਬਰਦਾਸ਼ਤ ਕਰਨਾ ਨਹੀਂ। ਧਰਮ ਤੋਂ ਬੇਮੁਖ ਹੋਣ ਜਾਂ ਧਰਮ ਬਦਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿੱਖ ਧਾਰਮਿਕ ਯੋਧਾ ਹੈ। ਇਸ ਧਾਰਮਿਕ ਬੀਰ ਦੀ ਕਿੰਨੇ ਸੁਹਣੇ ਸ਼ਬਦਾਂ ਵਿਚ ਭਗਤ ਕਬੀਰ ਜੀ ਨੇ ਵਿਆਖਿਆ ਕੀਤੀ ਹੈ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਆਮ ਸੰਸਾਰਕ ਲੋਕ ਮਰਨ ਤੋਂ ਬਹੁਤ ਜ਼ਿਆਦਾ ਭੈਅ-ਭੀਤ ਹੁੰਦੇ ਹਨ। ਪਰੰਤੂ ਗੁਰੂ ਦੇ ਸਿੱਖ ਦੇ ਮਨ ਵਿਚ ਮੌਤ ਜਾਂ ਸ਼ਹਾਦਤ ਲਈ ਚਾਅ ਹੈ, ਅਨੰਦ ਹੈ। ਉਹ ਮਰ ਕੇ ‘ਪੂਰਨ ਪਰਮਾਨੰਦ’ ਨੂੰ ਪ੍ਰਾਪਤ ਹੁੰਦਾ ਹੈ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਪੰਨਾ 1365)

ਜੇਕਰ ਕਿਹਾ ਜਾਏ ਕਿ ਸਿੱਖ ਧਰਮ ਅਤੇ ਇਤਿਹਾਸ ਸ਼ਹੀਦਾਂ ਅਤੇ ਸ਼ਹੀਦੀ ਦਾ ਧਰਮ ਤੇ ਇਤਿਹਾਸ ਹੈ ਤਾਂ ਇਸ ਵਿਚ ਰੱਤੀ-ਭਰ ਵੀ ਅਤਿਕਥਨੀ ਨਹੀਂ ਹੋਵੇਗੀ। ਇਸ ਲਈ ਡਾ. ਹਰਿਭਜਨ ਸਿੰਘ ਨੇ ‘ਸਿੱਖੀ’ ਨੂੰ ‘ਨਿਰੰਤਰ ਯੁੱਧ’ ਦੀ ਸੰਗਿਆ ਅਤੇ ਉਪਮਾ ਦਿੱਤੀ ਹੈ।2 ਸਿੱਖਾਂ ਦੀ ਅਰਦਾਸ ਸਿੱਖ-ਸ਼ਹਾਦਤ ਅਤੇ ਸ਼ਹੀਦੀ ਦੀ ਮੂੰਹ- ਬੋਲਦੀ ਤਸਵੀਰ ਹੈ। ਇਕ ਲੰਮੀ ਅਟੁੱਟ ਦਾਸਤਾਨ ਹੈ। ਹਰ ਗੁਰੂ ਨਾਨਕ ਨਾਮ-ਲੇਵਾ ਪ੍ਰਾਣੀ ਸੁਬ੍ਹਾ-ਸ਼ਾਮ ਹਰ ਖ਼ੁਸ਼ੀ-ਗ਼ਮੀ ਮੌਕੇ ਸਰਬੱਤ ਦਾ ਭਲਾ ਮੰਗਣ ਵਾਲੀ ਆਪਣੀ ਅਰਦਾਸ ਵਿਚ ਆਪਣੇ ਸ਼ਹੀਦਾਂ ਨੂੰ ਇਸ ਤਰ੍ਹਾਂ ਸ਼ਰਧਾਂਜਲੀ ਭੇਂਟ ਕਰਦਾ ਹੈ-

“ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ਼ ਚਲਾਈ, ਤੇਗ਼ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ! ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!!”

ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਅਰਦਾਸ ਵਿਚ ਦਰਸਾਏ ਬੰਦ-ਬੰਦ ਕਟਵਾਉਣ ਵਾਲੇ ਕਿਹੜੇ ਅਦੁੱਤੀ ਸ਼ਹੀਦ ਸਨ? ਇਹ ਹਨ ਪਾਵਨ ਧਰਤੀ ਪਿੰਡ ਲੌਂਗੋਵਾਲ ਦੇ ਸ਼ਹੀਦ ਭਾਈ ਮਨੀ ਸਿੰਘ ਜੀ। ਡਾ. ਸੁਰਿੰਦਰ ਸਿੰਘ ਕੋਹਲੀ ਅਨੁਸਾਰ, “ਉਹ ਕੈਬੋਵਾਲ ਦੇ ਦੁੱਲਟ ਚੌਧਰੀ ਦੇ ਪੁੱਤਰ ਸਨ।”3 ਗਿਆਨੀ ਠਾਕੁਰ ਸਿੰਘ ਅਨੁਸਾਰ, “ਭਾਈ ਮਨੀ ਸਿੰਘ ਦਾ ਜਨਮ 24 ਮਾਘ ਮੰਗਲਵਾਰ ਨੂੰ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖੋਂ ਭਾਈ ਕਾਲੂ ਜੀ ਦੇ ਘਰ ਘੱਗਰ ਨਦੀ ਦੇ ਕੰਢੇ ਨਗਰ ਕਾਕੜੂ ਜ਼ਿਲ੍ਹਾ ਅੰਬਾਲਾ ਵਿਚ ਹੋਇਆ। ਪਿੱਛੋਂ ਮਾਤਾ-ਪਿਤਾ ਇਨ੍ਹਾਂ ਨੂੰ ਸੁਨਾਮ ਲੈ ਆਏ ਸਨ।”

ਇਹ ਅਤਿਅੰਤ ਗੌਰਵ ਅਤੇ ਮਾਣ ਵਾਲੀ ਗੱਲ ਹੈ ਕਿ ਭਾਈ ਮਨੀ ਸਿੰਘ ਜੀ ਦਾ ਪਰਿਵਾਰਕ ਪਿਛੋਕੜ ਸ਼ਹੀਦਾਂ ਦਾ ਸੀ। ਉਨ੍ਹਾਂ ਦੇ ਦਾਦਾ ਜੀ ਸ਼ਹੀਦ, ਗਿਆਰ੍ਹਾਂ ਭਰਾ ਸ਼ਹੀਦ ਅਤੇ ਦਸਾਂ ਵਿੱਚੋਂ ਸੱਤ ਪੁੱਤਰ ਸ਼ਹੀਦ ਹੋਏ।5

ਇਨ੍ਹਾਂ ਦੇ ਪਿਤਾ ਜੀ ਤੇਰ੍ਹਾਂ ਵਰ੍ਹਿਆਂ ਦੀ ਆਯੂ ਵਿਚ ਬਾਲਕ ਮਨੀ ਸਿੰਘ ਨੂੰ ਨਾਲ ਲੈ ਕੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾਂ ਹਿੱਤ ਸ੍ਰੀ ਕੀਰਤਪੁਰ ਸਾਹਿਬ ਆਏ। ‘ਹੋਣਹਾਰ ਬਿਰਵਾ ਕੇ ਹੋਤ ਚੀਕਨੇ ਪਾਤ’ ਅਨੁਸਾਰ ਜਦੋਂ ਬਾਲਕ ਮਨੀ ਸਿੰਘ ਨੇ ਸਤਿਗੁਰਾਂ ਦੇ ਚਰਨਾਂ ’ਤੇ ਸੀਸ ਝੁਕਾਇਆ ਤਾਂ ਉਨ੍ਹਾਂ ਆਪਣੇ ਮੁਖਾਰਬਿੰਦ ਤੋਂ ਫ਼ਰਮਾਇਆ : “ਇਹ ਬਾਲਕ ਗੁਣਾਂ ਨਾਲ ਭਰਪੂਰ ਸਾਰੇ ਜਗਤ ਵਿਚ ਪ੍ਰਸਿੱਧੀ ਹਾਸਲ ਕਰੇਗਾ।”6
ਆਪਣੇ ਪਿਤਾ ਜੀ ਨਾਲ ਆਪ ਜੀ ਨੇ 15 ਵਰ੍ਹਿਆਂ ਦੀ ਆਯੂ ਤਕ ਤਕਰੀਬਨ ਦੋ ਕੁ ਵਰ੍ਹੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸੇਵਾ ਵਿਚ ਬਿਤਾਏ। ਆਪ ਜੀ ਲੰਗਰ ਦੇ ਜੂਠੇ ਭਾਂਡਿਆਂ ਦੀ ਸੇਵਾ ਕਰਨ ਅਤੇ ਹਰ ਸਮੇਂ ਗੁਰਬਾਣੀ ਦਾ ਜਾਪ ਕਰਨ ਵਿਚ ਲੀਨ ਰਹਿੰਦੇ ਸਨ। 15 ਵਰ੍ਹਿਆਂ ਦੀ ਆਯੂ ਵਿਚ ਆਪ ਜੀ ਦਾ ਅਨੰਦ ਕਾਰਜ ਪਿੰਡ ਖੈਰਪੁਰ ਦੇ ਨਿਵਾਸੀ ਭਾਈ ਲੱਖੀ ਰਾਇ ਦੀ ਸਪੁੱਤਰੀ ਬੀਬੀ ਸੀਤੋ ਜੀ ਨਾਲ ਹੋਇਆ। ਕੁਝ ਸਮਾਂ ਆਪਣੇ ਪਰਵਾਰ ਨਾਲ ਬਤੀਤ ਕਰ ਕੇ ਭਾਈ ਮਨੀ ਸਿੰਘ ਜੀ ਆਪਣੇ ਵੱਡੇ ਭਰਾਵਾਂ ਭਾਈ ਜੇਠਾ ਜੀ ਅਤੇ ਭਾਈ ਦਿਆਲਾ ਜੀ ਨਾਲ ਦੁਬਾਰਾ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸੇਵਾ ਵਿਚ ਆ ਗਏ। ਜਦੋਂ ਕੁਝ ਸਮਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕਰਦਿਆਂ ਬੀਤ ਗਿਆ ਤਾਂ ਆਪ ਆਗਿਆ ਲੈ ਕੇ ਆਪਣੇ ਪਿੰਡ ਵਾਪਸ ਆ ਗਏ। ਪਰ ਕੁਝ ਸਮਾਂ ਬਿਤਾਉਣ ਮਗਰੋਂ ਫਿਰ ਵੈਸਾਖੀ ਮੌਕੇ ਅਨੰਦਪੁਰ ਸਾਹਿਬ ਆ ਗਏ। ਇਸ ਪ੍ਰਕਾਰ ਬਾਲ (ਗੁਰੂ) ਗੋਬਿੰਦ ਰਾਇ ਜੀ ਨਾਲ ਸੰਗਤ ਕਰਨ ਦਾ ਆਪ ਜੀ ਨੂੰ ਸ਼ੁਭ ਅਵਸਰ ਪ੍ਰਾਪਤ ਹੋਇਆ। ਆਪ ਜੀ ਨੇ ਉਨ੍ਹਾਂ ਤੋਂ ਨਿੱਕੀ ਉਮਰੇ ਹੀ ਵਿਦਵਤਾ, ਦ੍ਰਿੜ੍ਹਤਾ, ਸਿਦਕਦਿਲੀ, ਅਗਵਾਈ, ਕੁਰਬਾਨੀ, ਨਿਮਰਤਾ, ਸਹਿਨਸ਼ੀਲਤਾ ਆਦਿ ਗੁਣ ਸਹਿਜੇ ਹੀ ਗ੍ਰਹਿਣ ਕਰ ਲਏ। ਆਪ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਤੋਂ ਮਗਰੋਂ ਗੁਰੂ ਦਸਮੇਸ਼ ਜੀ ਤੋਂ ਅੰਮ੍ਰਿਤ ਵੀ ਛਕਿਆ। ਗੁਰਦੇਵ ਪਾਤਸ਼ਾਹ ਦੇ ਹੁਕਮ ਅਨੁਸਾਰ ਆਪ ਜੀ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਮਹਿਲਾਂ ਨਾਲ ਦਿੱਲੀ ਜਾ ਕੇ ਨਿਵਾਸ ਕਰਨ ਲੱਗੇ। ਇਸ ਉਪਰੰਤ ਜਦੋਂ ਗੁਰੂ ਜੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਪਰ ਪਹੁੰਚੇ ਤਾਂ ਭਾਈ ਮਨੀ ਸਿੰਘ ਜੀ ਵੀ ਗੁਰੂ ਦਸਮੇਸ਼ ਜੀ ਦੇ ਮਹਿਲਾਂ ਨਾਲ ਇਥੇ ਪਹੁੰਚ ਗਏ।

ਭਾਈ ਮਨੀ ਸਿੰਘ ਜੀ ਇਕ ਮਹਾਨ ਯੋਧੇ, ਸੂਰਬੀਰ, ਯੋਗ ਪ੍ਰਬੰਧਕ, ਸਫਲ ਆਗੂ ਅਤੇ ਧਾਰਮਿਕ ਵਿਦਵਾਨ ਸਨ। ਸੰਨ 1690 ਈ. ਵਿਚ ਜਦੋਂ ਨਦੌਣ ਦੀ ਜੰਗ ਵਿਚ ਭੀਮ ਚੰਦ ਨੇ ਗੁਰੂ ਜੀ ਨੂੰ ਮਦਦ ਹਿਤ ਪੁਕਾਰਿਆ ਤਾਂ ਉਸ ਦੀ ਸਹਾਇਤਾ ਲਈ ਭਾਈ ਮਨੀ ਸਿੰਘ ਜੀ ਅਤੇ ਹੋਰ ਗੁਰਸਿੱਖ ਯੋਧਿਆਂ ਨੂੰ ਲੈ ਕੇ ਗੁਰੂ ਜੀ ਪਹੁੰਚ ਗਏ। ਨਦੌਣ ਦੀ ਜੰਗ ਵਿਚ ਫਤਹਿ ਅਤੇ ਭਾਈ ਸਾਹਿਬ ਦੀ ਬਹਾਦਰੀ ਦੇ ਫਲਸਰੂਪ ਖ਼ੁਸ਼ ਹੋ ਕੇ ਗੁਰੂ ਜੀ ਨੇ ਇਨ੍ਹਾਂ ਨੂੰ ‘ਦੀਵਾਨ’ ਦੀ ਉਪਾਧੀ ਬਖ਼ਸ਼ਿਸ਼ ਕੀਤੀ। ਇਸ ਸੰਦਰਭ ਵਿਚ ਡਾ. ਹਰੀ ਸਿੰਘ ਭਾਰਤੀ ਲਿਖਦੇ ਹਨ-

 “ਆਪਣੀ ਸ਼ਸਤਰੀ ਕੁਸ਼ਲਤਾ ਕਰਕੇ ਭਾਈ ਮਨੀ ਸਿੰਘ ਜੀ ਸਮਕਾਲੀਆਂ ਵਿਚ ਇਕ ਪ੍ਰਮੁੱਖ ਯੋਧੇ ਮੰਨੇ ਜਾਂਦੇ ਸੀ। ਆਪ ਨੂੰ ਗੁਰੂ ਸਾਹਿਬ ਦਾ ਦੀਵਾਨ ਹੋਣ ਦੀ ਹੈਸੀਅਤ ਵਿਚ ਅਨੇਕ ਮਾਲੀ, ਸਿਆਸੀ ਅਤੇ ਪ੍ਰਬੰਧਕੀ ਮਾਮਲਿਆਂ ਵੱਲ ਧਿਆਨ ਦੇਣਾ ਪੈਂਦਾ ਸੀ। ਫਿਰ ਵੀ ਭਾਈ ਸਾਹਿਬ ਇਤਨਾ ਸਮਾਂ ਕੱਢ ਲੈਂਦੇ ਸਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਗਿਆਨੀ ਬਣ ਗਏ।”7

ਦਮਦਮਾ ਸਾਹਿਬ ਵਿਚ ਨਿਵਾਸ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਦਿ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਬਾਣੀ ਲਿਖਣ ਦਾ ਅਤਿਅੰਤ ਕਠਿਨ ਕੰਮ ਇਨ੍ਹਾਂ ਨੂੰ ਸੌਂਪਿਆ ਜੋ ਆਪ ਜੀ ਨੇ ਕਠਿਨ ਮਿਹਨਤ ਅਤੇ ਸਿਆਣਪ ਨਾਲ ਸੰਪੰਨ ਕੀਤਾ। ਆਪ ਪਹਿਲੇ ਗ੍ਰੰਥੀ ਹੋਏ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਦਸਮੇਸ਼ ਜੀ ਤੋਂ ਗੁਰਬਾਣੀ ਦਾ ਅਰਥ-ਬੋਧ ਪ੍ਰਾਪਤ ਕੀਤਾ ਤੇ ਅੱਗੋਂ ਲਈ ‘ਸੰਪ੍ਰਦਾ’ ਦਾ ਮੁੱਢ ਬੰਨ੍ਹਿਆ। ‘ਸਿੱਖਾਂ ਦੀ ਭਗਤ ਮਾਲਾ’ ਵਰਗੇ ਮਹਾਨ ਵਾਰਤਕ ਗ੍ਰੰਥ ਦੀ ਰਚਨਾ ਵੀ ਭਾਈ ਸਾਹਿਬ ਨੇ ਕੀਤੀ। ਭਾਈ ਸਾਹਿਬ ਨੇ ਸਾਹਿਤ-ਸੇਵਾ ਪੈਂਤੀ ਵਰ੍ਹਿਆਂ ਦੀ ਆਯੂ ਤੋਂ ਅਰੰਭ ਕੀਤੀ। ‘ਪੁਰਾਣੀਆਂ ਲਿਖਤਾਂ’ ਅਨੁਸਾਰ ਭਾਈ ਸਾਹਿਬ ਦੀ ਸਾਹਿਤਕ ਸੇਵਾ ਦੀ ਵੰਡ ਨਿਮਨ ਅਨੁਸਾਰ ਕੀਤੀ ਜਾ ਸਕਦੀ ਹੈ:

1. ਪੋਥੀਆਂ ਦੀ ਲਿਖਾਈ।
2. ਦਮਦਮਾ ਸਾਹਿਬ ਵਾਲੀ ਬੀੜ ਦਾ ਸੰਪਾਦਨ।
3. ਦਸਮ ਗ੍ਰੰਥ ਦਾ ਸੰਪਾਦਨ।
4. ਸਾਖੀਆਂ ਦੀ ਰਚਨਾ।
5. ਫੁਟਕਲ ਰਚਨਾਵਾਂ।

ਇਸ ਪ੍ਰਕਾਰ ਉਹ ਸਿੱਖ-ਪੰਥ ਦੇ ਉੱਚ ਕੋਟੀ ਦੇ ਵਿਦਵਾਨ, ਲੇਖਕ ਅਤੇ ਕਥਾ- ਵਾਚਕ ਸਨ।

ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਮਹਿਲਾਂ ਨਾਲ ਭਾਈ ਸਾਹਿਬ ਦੁਬਾਰਾ ਦਿੱਲੀ ਚਲੇ ਗਏ। ਇਸ ਸਮੇਂ ‘ਤੱਤ ਖਾਲਸਾ’ ਅਤੇ ‘ਬੰਦਈ ਖਾਲਸਾ’ ਦਾ ਗੰਭੀਰ ਸੰਕਟ ਉਤਪੰਨ ਹੋ ਗਿਆ ਸੀ। ਇਸ ਸਮੱਸਿਆ ਅਤੇ ਝਗੜੇ ਦੇ ਨਿਪਟਾਰੇ ਲਈ ਮਾਤਾ ਸੁੰਦਰੀ ਜੀ ਨੇ ਆਪ ਜੀ ਨੂੰ ਸਮਝੌਤਾ ਕਰਵਾਉਣ ਦੀ ਜ਼ਿੰਮੇਵਾਰੀ ਸੌਂਪ ਕੇ ਅਤੇ ਸਾਲਸ ਬਣਾ ਕੇ ਭੇਜਿਆ। ਭਾਈ ਮਨੀ ਸਿੰਘ ਜੀ ਨੇ ਇਕ ਪਰਚੀ ਉੱਪਰ ‘ਬੰਦਈ ਖਾਲਸੇ’ ਦਾ ਜੰਗੀ ਨਾਅਰਾ ‘ਫਤਹਿ ਦਰਸ਼ਨ’ ਅਤੇ ਦੂਜੀ ਉੱਪਰ ‘ਤੱਤ ਖਾਲਸੇ’ ਦਾ ‘ਵਾਹਿਗੁਰੂ ਜੀ ਕੀ ਫਤਹਿ’ ਲਿਖ ਕੇ ‘ਹਰਿ ਕੀ ਪਉੜੀ’ ਅੰਮ੍ਰਿਤ ਸਰੋਵਰ ਵਿਚ ਸੁੱਟ ਦਿੱਤੀਆਂ। ਫ਼ੈਸਲਾ ਹੋਇਆ ਕਿ ਜਿਸ ਦੀ ਪਰਚੀ ਪਹਿਲਾਂ ਤਰ ਕੇ ਆਵੇਗੀ, ਉਹ ਹੀ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਆਗੂ ਮਿਥਿਆ ਜਾਵੇਗਾ। ‘ਵਾਹਿਗੁਰੂ ਜੀ ਕੀ ਫਤਹਿ’ ਵਾਲੀ ਪਰਚੀ ਪਹਿਲਾਂ ਉੱਪਰ ਆ ਕੇ ਤਰਨ ਲੱਗੀ। ਜੈਕਾਰਿਆਂ ਦੀ ਗੂੰਜ ਨਾਲ ਫ਼ੈਸਲਾ ਹੋ ਗਿਆ ਕਿ ‘ਤੱਤ ਖਾਲਸਾ’ ਹੀ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਲਵੇਗਾ। ਇਸ ਤਰ੍ਹਾਂ ਆਪ ਜੀ ਨੇ ਇਹ ਝਗੜਾ ਸਹਿਜੇ ਹੀ ਨਿਪਟਾ ਦਿੱਤਾ। ਆਪ ਜੀ ਦੀ ਸਿਆਣਪ ਅਤੇ ਚੰਗੀ ਸ਼ੋਹਰਤ ਦੇ ਫਲਸਰੂਪ ਇਹ ਪੰਥਕ ਝਮੇਲਾ ਖ਼ਤਮ ਹੀ ਨਹੀਂ ਹੋਇਆ ਸਗੋਂ ਪੰਥ ਪਹਿਲਾਂ ਨਾਲੋਂ ਵੀ ਚੜ੍ਹਦੀ ਕਲਾ ਵਿਚ ਹੋ ਗਿਆ।

ਭਾਈ ਮਨੀ ਸਿੰਘ ਜੀ ਦੀ ਸ਼ਖ਼ਸੀਅਤ ਦੀ ਸਭ ਤੋਂ ਮਹਾਨ ਅਤੇ ਅਦੁੱਤੀ ਵਿਸ਼ੇਸ਼ਤਾ ਉਨ੍ਹਾਂ ਦੀ ਲਾਮਿਸਾਲ ਕੁਰਬਾਨੀ ਹੈ। ਜਨਵਰੀ 1721 ਵਿਚ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯੁਕਤ ਹੋ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ੍ਰੀ ਹਰਿਮੰਦਰ ਸਾਹਿਬ ਵਿਚ ਲਗਾਤਾਰ ਕੀਰਤਨ ਦੀ ਪਰੰਪਰਾ ਅਤੇ ਚੌਂਕੀਆਂ ਦੀ ਕਾਇਮੀ ਭਾਈ ਸਾਹਿਬ ਨੇ ਅਰੰਭ ਕੀਤੀ ਸੀ, ਜੋ ਅੱਜ ਤੀਕ ਜਾਰੀ ਹਨ ਅਤੇ ਭਾਈ ਸਾਹਿਬ ਦੇ ਯਾਦਗਾਰੀ ਉੱਦਮ ਹਨ। ਸ੍ਰੀ ਹਰਿਮੰਦਰ ਸਾਹਿਬ ਸ਼ੁਰੂ ਤੋਂ ਹੀ ਸਿੱਖਾਂ ਦਾ ਕੇਂਦਰੀ ਧਾਰਮਿਕ ਸਥਾਨ ਰਿਹਾ ਹੈ। ਜਦੋਂ ਵੀ ਮੁਗ਼ਲ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਜਾਂ ਉਨ੍ਹਾਂ ਉੱਪਰ ਅਤਿਆਚਾਰ ਕਰਦੇ ਸਨ ਤਾਂ ਉਹ ਇਥੇ ਆ ਕੇ ਇਕੱਤਰ ਹੁੰਦੇ ਅਤੇ ਅਤਿਆਚਾਰਾਂ ਖ਼ਿਲਾਫ਼ ਸਲਾਹ-ਮਸ਼ਵਰਾ ਕਰਦੇ ਸਨ। ਭਾਈ ਸਾਹਿਬ ਜੀ ਦੀ ਨਿਸ਼ਕਾਮ ਸੇਵਾ-ਭਾਵਨਾ, ਵਿਦਵਤਾ ਅਤੇ ਸੁਚੱਜੀ ਅਗਵਾਈ ਕਾਰਨ ਸਿੱਖ ਕੌਮ ਦੀ ਦਿਨ ਦੂਣੀ ਅਤੇ ਰਾਤ ਚੌਗੁਣੀ ਚੜ੍ਹਤ ਹੋਣ ਲੱਗੀ। ਸਿੱਖਾਂ ਦੀ ਨਿਰੰਤਰ ਵਧਦੀ ਹੋਈ ਸ਼ਕਤੀ ਨੂੰ ਵੇਖ ਕੇ ਮੁਗ਼ਲਾਂ ਨੂੰ ਇਨ੍ਹਾਂ ਨਾਲ ਈਰਖਾ ਹੋਣ ਲੱਗ ਪਈ। ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਸ਼ਕਤੀ ਉਨ੍ਹਾਂ ਦੇ ਸ਼ਾਸਨ ਦੀਆਂ ਜੜ੍ਹਾਂ ਹੀ ਨਾ ਹਿਲਾ ਕੇ ਰੱਖ ਦੇਵੇ। ਅਜਿਹਾ ਸੋਚ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਦਾ ਨਾਮੋ-ਨਿਸ਼ਾਨ ਖ਼ਤਮ ਕਰਨ ਦਾ ਸੰਕਲਪ ਲੈ ਲਿਆ। ਉਸ ਦਾ ਧਿਆਨ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਵੱਲ ਗਿਆ ਕਿਉਂਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕ ਸਨ ਜੋ ਸਿੱਖਾਂ ਨੂੰ ਜੀਵਨ-ਦਾਨ ਦਿੰਦਾ ਆ ਰਿਹਾ ਸੀ। ਜ਼ਕਰੀਆ ਖ਼ਾਨ ਭਾਈ ਮਨੀ ਸਿੰਘ ਜੀ ਨੂੰ ਖ਼ਤਮ ਕਰਨ ਲਈ ਮੌਕਾ ਲੱਭ ਰਿਹਾ ਸੀ।

ਉਨ੍ਹਾਂ ਦਿਨਾਂ ਵਿਚ ਵਿਸਾਖੀ ਅਤੇ ਦੀਵਾਲੀ ਦੇ ਸ਼ੁਭ ਤਿਉਹਾਰਾਂ ਉੱਪਰ ਸਿੱਖ ਸੰਗਤਾਂ ਸ੍ਰੀ ਅੰਮ੍ਰਿਤਸਰ ਏਨੀ ਜ਼ਿਆਦਾ ਸੰਖਿਆ ਵਿਚ ਆਉਂਦੀਆਂ ਸਨ ਕਿ ਉਹ ਇਕੱਠ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਸੀ। ਇਨ੍ਹਾਂ ਸ਼ੁਭ ਦਿਹਾੜਿਆਂ ਉੱਪਰ ਹਰੇਕ ਗੁਰੂ ਨਾਨਕ ਨਾਮ-ਲੇਵਾ ਪ੍ਰਾਣੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਕਰ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਸੀ। ਸੋ ਜ਼ਕਰੀਆ ਖ਼ਾਨ ਨੇ ਇਨ੍ਹਾਂ ਜੋੜ ਮੇਲਿਆਂ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਸੀ, ਤਾਂ ਜੋ ਇਨ੍ਹਾਂ ਜੋੜ ਮੇਲਿਆਂ ਕਾਰਨ ਸਿੱਖ ਇਕੱਤਰ ਹੀ ਨਾ ਹੋ ਸਕਣ।

ਸੰਨ 1738 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਵਿਚ ਇਕ ਵਿਸ਼ਾਲ ਜੋੜ ਮੇਲਾ ਲਗਾਉਣ ਦੀ ਯੋਜਨਾ ਬਣਾ ਕੇ ਦੀਵਾਲੀ ਅਤਿਅੰਤ ਧੂਮ-ਧਾਮ ਅਤੇ ਸ਼ਰਧਾ ਪੂਰਵਕ ਮਨਾਉਣ ਦਾ ਫ਼ੈਸਲਾ ਕੀਤਾ। ਲੇਕਿਨ ਸੂਬੇਦਾਰ ਜ਼ਕਰੀਆ ਖ਼ਾਨ ਨੇ ਮੇਲਾ ਲਗਵਾਉਣ ਦੀ ਆਗਿਆ ਨਹੀਂ ਦਿੱਤੀ। ਪਰ ਭਾਈ ਸਾਹਿਬ ਦੇ ਜ਼ੋਰ ਦੇਣ ’ਤੇ ਉਹ ਇਸ ਸ਼ਰਤ ’ਤੇ ਮੰਨ ਗਿਆ ਕਿ ਪੰਜ ਹਜ਼ਾਰ ਰੁਪਏ ਉਸ ਨੂੰ ਮੇਲਾ ਟੈਕਸ ਦੇ ਰੂਪ ਵਿਚ ਅਦਾ ਕੀਤੇ ਜਾਣ। ਡਾ. ਹਰੀ ਸਿੰਘ ਭਾਰਤੀ ਨੇ ਇਹ ਰਕਮ ਦਸ ਹਜ਼ਾਰ ਰੁਪਏ ਦੱਸੀ ਹੈ:

“ਜ਼ਕਰੀਆ ਖ਼ਾਨ ਨੇ 10 ਹਜ਼ਾਰ (ਟਕੇ) ਰੁਪਏ ਮੇਲੇ ਦਾ ਟੈਕਸ ਮੰਗਿਆ ਜੋ ਮੇਲੇ ਮਗਰੋਂ ਭਾਈ ਮਨੀ ਸਿੰਘ ਜੀ ਨੇ ਦੇਣਾ ਪ੍ਰਵਾਨ ਕਰ ਲਿਆ। ਮੇਲਾ 10 ਦਿਨ ਤਕ ਲਗਾਉਣ ਦੀ ਇਜ਼ਾਜ਼ਤ ਮਿਲੀ।”8

ਰਕਮ ਭਾਵੇਂ 10 ਹਜ਼ਾਰ ਹੋਵੇ ਜਾਂ 5 ਹਜ਼ਾਰ ਪਰ ਇਹ ਸਪਸ਼ਟ ਹੈ ਕਿ ਮੇਲਾ- ਟੈਕਸ ਅਦਾ ਕਰਨ ਦੀ ਸ਼ਰਤ ਉੱਪਰ ਜੋੜ ਮੇਲਾ ਲਗਾਉਣ ਦੀ ਆਗਿਆ ਦਿੱਤੀ ਗਈ ਸੀ, ਜੋ ਭਾਈ ਸਾਹਿਬ ਨੇ ਸਵੀਕਾਰ ਕਰ ਲਈ।

ਪਰ ਸੂਬੇਦਾਰ ਜ਼ਕਰੀਆ ਖ਼ਾਨ ਅਤਿਅੰਤ ਕਪਟੀ ਅਤੇ ਧੋਖੇਬਾਜ਼ ਸੀ। ਉਸ ਨੇ ਮਨ ਵਿਚ ਸੋਚਿਆ, ‘ਜਦ ਸਿੱਖ ਅੰਮ੍ਰਿਤਸਰ ਦੀਵਾਲੀ ਮਨਾਉਣ ਆਉਣ ਤਾਂ ਕਿਉਂ ਨਾ ਉਨ੍ਹਾਂ ਨੂੰ ਕਤਲ ਕਰਵਾ ਦਿੱਤਾ ਜਾਵੇ?’ ਅਜਿਹਾ ਸੋਚ, ਉਸ ਨੇ ਦੀਵਾਲੀ ’ਤੇ ਆਉਣ ਵਾਲੇ ਸਿੱਖਾਂ ਦੇ ਕਤਲੇਆਮ ਦਾ ਗੁਪਤ ਹੁਕਮ ਆਪਣੇ ਸੈਨਿਕਾਂ ਨੂੰ ਦੇ ਦਿੱਤਾ। ਉਸ ਦੇ ਸੈਨਿਕਾਂ ਨੇ ਸਿੱਖਾਂ ਦੇ ਕਤਲੇਆਮ ਦੀ ਪੂਰੀ-ਪੂਰੀ ਤਿਆਰੀ ਕਰ ਲਈ ਸੀ। ਪਰ ਜ਼ਕਰੀਆ ਖ਼ਾਨ ਦੀ ਇਸ ਕੁਚਾਲ ਦਾ ਕਿਸੇ ਤਰ੍ਹਾਂ ਭਾਈ ਸਾਹਿਬ ਨੂੰ ਪਤਾ ਲੱਗ ਗਿਆ ਸੋ ਉਨ੍ਹਾਂ ਨੇ ਸਿੱਖ ਸੰਗਤ ਨੂੰ ਸੁਨੇਹੇ ਭੇਜ ਕੇ ਦੀਵਾਲੀ ’ਤੇ ਸ੍ਰੀ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਫਲਸਰੂਪ ਦੀਵਾਲੀ ਦੇ ਮੌਕੇ ਨਾ ਤਾਂ ਸਿੱਖ ਸੰਗਤ ਸ੍ਰੀ ਅੰਮ੍ਰਿਤਸਰ ਆਈ ਅਤੇ ਨਾ ਹੀ ਟੈਕਸ ਦੇਣ ਯੋਗ ਰਕਮ ਇਕੱਤਰ ਹੋਈ। ਭਾਈ ਮਨੀ ਸਿੰਘ ਜੀ ਤੋਂ ਪੰਜ ਹਜ਼ਾਰ ਰੁਪਏ ਮੇਲਾ-ਟੈਕਸ ਮੰਗਿਆ ਗਿਆ। ਸਿੱਖਾਂ ਦੀ ਵਧਦੀ ਹੋਈ ਸ਼ਕਤੀ ਤੋਂ ਭੈਅ-ਭੀਤ ਜ਼ਕਰੀਆ ਖ਼ਾਨ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਦਬਾਉਣ ਦੇ ਬਹਾਨੇ ਹੀ ਲੱਭਦਾ ਸੀ। ਇਸ ਤੋਂ ਚੰਗਾ ਮੌਕਾ ਉਸ ਨੂੰ ਕਿਹੜਾ ਹੱਥ ਆਉਣਾ ਸੀ?

ਪਰਿਣਾਮ ਇਹ ਹੋਇਆ ਕਿ ਮੇਲਾ-ਟੈਕਸ ਅਦਾ ਨਾ ਕਰਨ ਦੇ ਜੁਰਮ ਵਿਚ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਭਾਈ ਸਾਹਿਬ ਨੂੰ ਸੂਬੇਦਾਰ ਦੇ ਸਨਮੁੱਖ ਪੇਸ਼ ਕੀਤਾ ਗਿਆ। ਭਾਈ ਸਾਹਿਬ ਨੇ ਉਸ ਦੇ ਸਾਹਮਣੇ ਜਾ ਕੇ ਆਪਣੇ ਧਰਮ ਦੇ ਨਿਯਮ ਅਨੁਸਾਰ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ’ ਗਜਾਈ। ਫ਼ਤਹ ਸੁਣ ਕੇ ਸੂਬੇਦਾਰ ਇਸ ਤਰ੍ਹਾਂ ਭੜਕ ਉੱਠਿਆ ਜਿਵੇਂ ਬਾਰੂਦ ਉੱਪਰ ਚਿੰਗਾਰੀ ਪੈ ਗਈ ਹੋਵੇ। ਉਸ ਨੇ ਕਿਹਾ-

“ਰੁਪਏ ਜਮ੍ਹਾਂ ਕਰਵਾ ਜਾਂ ਫਿਰ ਮੁਸਲਮਾਨ ਬਣ।” ਭਾਈ ਸਾਹਿਬ ਨੇ ਤਰਕਪੂਰਨ ਉੱਤਰ ਦਿੱਤਾ-

“ਜਦੋਂ ਤੁਸੀਂ ਲਾਹੌਰ ਤੋਂ ਸੈਨਾ ਭੇਜ ਕੇ ਜੋੜ ਮੇਲਾ ਲੱਗਣ ਹੀ ਨਹੀਂ ਦਿੱਤਾ ਤਾਂ ਕਿਸ ਨਿਆਂ ਨਾਲ ਮੇਲਾ-ਟੈਕਸ ਮੰਗਦੇ ਹੋ?”

ਪਰ ਉਹ ਨਿਆਂ ਜਾਂ ਅਸੂਲ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ।ਬਸ ਇਹੋ ਕਹਿੰਦਾ ਰਿਹਾ-

“ਰਕਮ ਜਮ੍ਹਾਂ ਕਰਵਾ ਜਾਂ ਫਿਰ ਮੁਸਲਮਾਨ ਬਣ।”

ਪਰ ਭਾਈ ਸਾਹਿਬ ਨੇ ਜੀਵਨ ਦਾ ਰਤਾ ਵੀ ਮੋਹ ਨਾ ਕਰਦੇ ਹੋਏ ਇਸਲਾਮ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅੰਤ ਉਨ੍ਹਾਂ ਨੂੰ ਕਾਜ਼ੀ ਅਬਦੁਲ ਰਜ਼ਾਕ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਾਜ਼ੀ ਨੇ ਫਤਵਾ ਦਿੱਤਾ-

“ਇਸ ਦੇ ਸਰੀਰ ਦੇ ਬੰਦ-ਬੰਦ (ਅੰਗ-ਅੰਗ, ਪੋਟਾ-ਪੋਟਾ) ਕੱਟ ਕੇ ਇਸ ਨੂੰ ਖ਼ਤਮ ਕਰ ਦਿੱਤਾ ਜਾਵੇ।”

ਫਤਵਾ ਸੁਣਦੇ ਸਾਰ ਹੀ ਜਲਾਦ ਭਾਈ ਸਾਹਿਬ ਨੂੰ ਨਖਾਸ ਚੌਂਕ ਵੱਲ ਲੈ ਗਏ। ਏਨੇ ਵਿਚ ਲਾਹੌਰੀ ਸਿੱਖ ਰੁਪਏ ਇਕੱਠੇ ਕਰ ਕੇ ਲੈ ਆਏ ਤਾਂ ਜੋ ਟੈਕਸ ਅਦਾ ਕਰ ਕੇ ਭਾਈ ਸਾਹਿਬ ਨੂੰ ਛੁਡਾ ਸਕਣ। ਲੇਕਿਨ ਭਾਈ ਸਾਹਿਬ ਨੇ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਸਮਝਾਇਆ-

“ਜੇਕਰ ਤੁਸੀਂ ਮੈਨੂੰ ਇਸ ਸਮੇਂ ਛੁਡਾ ਲਵੋਗੇ ਤਾਂ ਇਹ ਫਿਰ ਕਦੀ ਕਿਸੇ ਨਾ ਕਿਸੇ ਬਹਾਨੇ ਮੈਨੂੰ ਮਾਰ ਦੇਣਗੇ, ਕਿਉਂ ਜੋ ਇਨ੍ਹਾਂ ਦੀ ਨੀਅਤ ਬਦਨੀਅਤ ਹੋ ਚੁੱਕੀ ਹੈ।”

ਸੰਗਤ ਦੇ ਬੇਹੱਦ ਜ਼ੋਰ ਦੇਣ ਉੱਪਰ ਉਨ੍ਹਾਂ ਨੇ ਅੱਗੋਂ ਕਿਹਾ- “ਮੈਂ ਨਾਸ਼ਵਾਨ ਸਰੀਰ ਧਰਮ ਦੇ ਲੇਖੇ ਲਾ ਰਿਹਾ ਹਾਂ। ਇਸ ਲਈ ਸੰਗਤ ਨੂੰ ਖੁਸ਼ ਹੋਣਾ ਚਾਹੀਦਾ ਹੈ।”

ਜਲਾਦਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹ ਸਰੀਰ ਦੇ ਸਿਰਫ਼ ਚਾਰ ਟੁਕੜੇ ਕਰਨਾ ਚਾਹੁੰਦੇ ਸਨ ਪਰ ਭਾਈ ਸਾਹਿਬ ਜਲਾਦਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ:

ਤਬਹਿ ਮਨੀ ਸਿੰਘ ਉਨ ਸੋਂ ਕਹੀ,
‘ਤੁਮ ਬੰਦ ਬੰਦ ਕੋ ਜਾਨਤ ਨਹੀਂ॥45॥
ਮੈਂ ਬੰਦ ਬੰਦ ਨਿਜ ਦਿਉ ਬਤਾਈਂ, ਤਿਮੈਂ ਤਿਮੈਂ ਤੂੰ ਛੁਰੀ ਚਲਾਈਂ।
ਪਹਿਲੇ ਉਂਗਲੀਓਂ ਪੋਟੇ ਕਟਾਏ, ਫਿਰ ਮਧ ਗੰਢੋਂ ਬੰਦ ਛੁਡਾਏ॥46॥9

ਅਰਥਾਤ ਬੰਦ-ਬੰਦ ਕੱਟੋ। ਸਭ ਤੋਂ ਪਹਿਲਾਂ ਉਂਗਲਾਂ ਦੇ ਸਾਰੇ ਜੋੜ ਕੱਟੋ, ਫਿਰ ਪਹੁੰਚਾ, ਕੂਹਣੀ ਅਤੇ ਮੋਢਾ। ਇਸੇ ਤਰ੍ਹਾਂ ਦੂਜੀ ਬਾਂਹ ਅਤੇ ਦੋਵਾਂ ਟੰਗਾਂ ਨੂੰ ਕੱਟੋ। ਆਪਣੇ ਕਾਜ਼ੀ ਦੇ ਹੁਕਮ ਦੀ ਪੂਰੀ-ਪੂਰੀ ਤਾਮੀਲ ਕਰੋ।

ਜ਼ਾਲਮਾਂ ਨੇ 28 ਨਵੰਬਰ, 1739 ਈ. ਨੂੰ ਲਾਹੌਰ ਦੇ ਮਸਤੀ ਦਰਵਾਜ਼ੇ ਦੇ ਬਾਹਰ ਭਾਈ ਸਾਹਿਬ ਦੇ ਸਰੀਰ ਦੇ ਬੰਦ-ਬੰਦ ਕੱਟ ਕੇ ਉੱਜਲ-ਦੀਦਾਰ ਤੇ ਸਵੱਛ ਆਤਮਾ ਨੂੰ ਸ਼ਹੀਦ ਕਰ ਦਿੱਤਾ। ਭਾਈ ਸਾਹਿਬ ਦੀ ਪਾਵਨ ਯਾਦ ਵਿਚ ਲਾਹੌਰ ਸ਼ਹਿਰ ਦੇ ਸ਼ਾਹੀ ਕਿਲ੍ਹੇ ਕੋਲ ‘ਗੁਰਦੁਆਰਾ ਸ਼ਹੀਦ ਗੰਜ ਸਾਹਿਬ’ ਮੌਜੂਦ ਹੈ।

ਸ਼ਹੀਦ ਭਾਈ ਮਨੀ ਸਿੰਘ ਜੀ ਸਿੱਖ-ਇਤਿਹਾਸ ਦੇ ਇਕ ਅਦੁੱਤੀ ਅਤੇ ਮਹਾਨ ਸ਼ਹੀਦ ਹੀ ਨਹੀਂ ਸਗੋਂ ਪੰਜਾਬ ਦੇ ਇਤਿਹਾਸ ਵਿਚ ਉਹ ਨਿਰਾਲੇ ਬਹੁ-ਪੱਖੀ ਵਿਅਕਤਿੱਤਵ ਦੇ ਚਾਨਣ-ਮੁਨਾਰੇ ਹਨ। ਡਾ. ਹਰੀ ਸਿੰਘ ਭਾਰਤੀ ਆਪਣੇ ਇਕ ਲੇਖ ਵਿਚ ਭਾਈ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਇਉਂ ਚਾਨਣਾ ਪਾਉਂਦੇ ਹਨ: “ਭਾਈ ਮਨੀ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਦੀ ਪੰਜਾਬ ਦੇ ਇਤਿਹਾਸ ਵਿਚ ਇਕ ਨਿਵੇਕਲੀ ਤੇ ਨਿਰਾਲੀ ਥਾਂ ਹੈ। ਇਕ ਐਸੇ ਸਮੇਂ ਵਿਚ ਜਦੋਂ ਕਿ ਪੰਜਾਬ ਉੱਪਰ ਜਾਬਰ ਅਤੇ ਪਤਿਤ ਹਕੂਮਤ ਲੋਕਾਂ ਦੀ ਇਖਲਾਕੀ ਸ਼ਖ਼ਸੀਅਤ ਨੂੰ ਮਲੀਆਮੇਟ ਕਰਨ ਉੱਪਰ ਤੁਲੀ ਹੋਈ ਸੀ, ਜਦੋਂ ਇਸ ਤਰ੍ਹਾਂ ਦੇ ਸਰਕਾਰੀ ਹੁਕਮ ਜਾਰੀ ਹੋ ਚੁੱਕੇ ਸਨ ਕਿ ਕੋਈ ਬੰਦਾ ‘ਗੁੜ’ ਸ਼ਬਦ ਦੀ ਵਰਤੋਂ ਵੀ ਨਹੀਂ ਸੀ ਕਰ ਸਕਦਾ, ਕਿਉਂਕਿ ਇਹ ‘ਗੁਰ’ ਸ਼ਬਦ ਦੇ ਕਿਸੇ ਹੱਦ ਤਕ ਨੇੜੇ ਹੈ। ਜਦੋਂ ਸਿੰਘਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ ਸਨ, ਉਸ ਸਮੇਂ ਭਾਈ ਮਨੀ ਸਿੰਘ ਮਨੁੱਖੀ ਅਣਖ ਤੇ ਵਿਚਾਰਾਂ ਦੀ ਸੁਤੰਤਰਤਾ ਦੀ ਰੱਖਿਆ ਵਾਸਤੇ ਤੇ ਵਹਿਸ਼ੀ ਬਰਬਰਤਾ ਦੇ ਸਾਹਮਣੇ ਆਤਮਕ ਬਲ ਦੀ ਉੱਚਤਾ ਦਰਸਾਉਣ ਦੀ ਖ਼ਾਤਰ ਮੈਦਾਨ ਵਿਚ ਨਿਤਰੇ ਤੇ ਬੰਦ-ਬੰਦ ਕਟਵਾ ਦੇਸ਼ ਕੌਮ ਲਈ, ਧਰਮ ਦੀ ਰਖਿਆ ਲਈ ਮਹਾਨ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਖ਼ਿਆਲਾਂ ਦੀ ਆਜ਼ਾਦੀ ਅਤੇ ਧਰਮ ਦੀ ਰੱਖਿਆ ਦੇ ਇਤਿਹਾਸ ਵਿਚ ਭਾਈ ਮਨੀ ਸਿੰਘ ਦਾ ਦਰਜਾ ਦੁਨੀਆਂ ਦੇ ਮਹਾਨ ਯੋਧਿਆਂ ਵਿਚ ਮੰਨਿਆ ਜਾਣਾ ਚਾਹੀਦਾ ਹੈ। ਭਾਈ ਮਨੀ ਸਿੰਘ ਦੀ ਅਹਿਮੀਅਤ ਕੇਵਲ ਇਕ ਜੀਵਨ-ਉਸਾਰੂ ਪ੍ਰੇਰਨਾ ਕਰਕੇ ਹੀ ਨਹੀਂ ਸਗੋਂ ਸੁਚੱਜੇ ਮਰਨ ਦਾ ਢੰਗ ਦੱਸਣ ਕਰਕੇ ਵੀ ਬਹੁਤ ਹੈ। ਉਹ ਇਕ ਕਰਮਯੋਗੀ ਸਨ, ਆਪਣੇ ਸਮੇਂ ਦਾ ਨਿਰਭੈ ਯੋਧਾ, ਸਿਆਸੀ ਅਤੇ ਧਾਰਮਿਕ ਆਗੂ ਹੋਣ ਤੋਂ ਬਿਨਾਂ ਸਿੱਖ ਧਰਮ ਤੇ ਸਾਹਿਤ ਦਾ ਮਹਾਨ ਵਿਦਵਾਨ ਅਤੇ ਪੂਰਨ ਗਿਆਤਾ ਵੀ ਸਨ।”10

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਟਿਵਾਣਾ ਨਿਵਾਸ, 20- ਪ੍ਰੋਫੈਸਰ ਕਾਲੋਨੀ, ਪਿੱਛੇ ਸ਼ੀਸ਼ ਮਹਿਲ, ਡਾਕ. ਸੂਲਰ, ਪਟਿਆਲਾ

ਲੈਕਚਰਾਰ, ਪੋਸਟ ਗਰੈਜੂਏਟ -ਵਿਖੇ: ਸਰਕਾਰੀ ਕਾਲਜ (ਲੜਕੇ), ਲੁਧਿਆਣਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)