editor@sikharchives.org
ਭਾਈ ਮਰਦਾਨਾ ਜੀ

ਭਾਈ ਮਰਦਾਨਾ ਜੀ ਅਤੇ ਉਨ੍ਹਾਂ ਦਾ ਪੁੱਤਰ ਸਜਾਦਾ

ਗੁਰੂ ਜੀ ਦੇ ਹੁਕਮ ’ਤੇ ਜਦੋਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਤਾਂ ਹਰ ਸੁਣਨ ਵਾਲੇ ਜੀਵ ਮੰਤਰ ਮੁਗਧ ਹੋ ਜਾਂਦੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਾਈ ਮਰਦਾਨਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ, ਪਿੰਡ ਰਾਏਭੋਇ ਦੀ ਤਲਵੰਡੀ ਦੇ ਨਿਵਾਸੀ ਸਨ। ਉਹ ਗੁਰੂ ਜੀ ਤੋਂ ਨੌਂ ਕੁ ਸਾਲ ਵੱਡੇ ਸੀ। ਜਦੋਂ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਰੂਹਾਨੀ ਜੋਤ ਵੇਖ ਕੇ ਨਿਹਾਲ ਹੋ ਗਏ ਤੇ ਗੁਰੂ ਜੀ ਦੇ ਮੁਰੀਦ ਬਣ ਗਏ।

ਗੁਰੂ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਜਦੋਂ ਮੋਦੀਖਾਨਾ ਤਿਆਗ ਕੇ ਅਕਾਲ ਪੁਰਖ ਦਾ ਸੰਦੇਸ਼ ਧਰਤਿ ਲੋਕਾਈ ਨੂੰ ਦੇਣ ਵਾਸਤੇ ਸੋਚਿਆ ਤਾਂ ਭਾਈ ਮਰਦਾਨਾ ਜੀ ਨੂੰ ਸਾਥ ਦੇਣ ਲਈ ਕਿਹਾ। ਭਾਈ ਮਰਦਾਨਾ ਜੀ ਨੂੰ ਇਹ ਵੀ ਤਾਕੀਦ ਕੀਤੀ ਕਿ ਡੂਮਪੁਣਾ ਛੱਡਣਾ ਪੈਣਾ ਤੇ ਇਕ ਅਕਾਲ ਪੁਰਖ ’ਚ ਵਿਸ਼ਵਾਸ ਕਰਨਾ ਪੈਣਾ ਜੋ ਸਭ ਨੂੰ ਰੋਜ਼ੀ ਦਿੰਦਾ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬੇਬੇ ਨਾਨਕੀ ਕੋਲੋਂ ਪੈਸੇ ਲੈ ਕੇ ਰਬਾਬ ਖ਼੍ਰੀਦ ਕੇ ਲਿਆਉਣ ਲਈ ਕਿਹਾ। ਭਾਈ ਮਰਦਾਨਾ ਜੀ ਕਈ ਥਾਂ ਫਿਰੇ, ਅਖ਼ੀਰ ਗੁਰੂ ਕਿਰਪਾ ਨਾਲ ਇਲਾਹੀ ਰਬਾਬ ਦੀ ਪ੍ਰਾਪਤੀ ਹੋਈ। ਰਬਾਬ ਜਦੋਂ ਗੁਰੂ ਜੀ ਨੂੰ ਲਿਆ ਕੇ ਵਿਖਾਈ, ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਗੀਤ ਛੇੜਨ ਲਈ ਕਿਹਾ। ਭਾਈ ਮਰਦਾਨਾ ਜੀ ਨੇ ਥਾਟ ਬਣਾ ਕੇ ਜਦੋਂ ਰਬਾਬ ਵਜਾਈ ਤਾਂ “ਧੰਨ ਨਿਰੰਕਾਰ, ਧੰਨ ਨਿਰੰਕਾਰ, ਨਾਨਕ ਤੇਰਾ ਬੰਦਾ” ਦੀ ਆਵਾਜ਼ ਆਈ। ਭਾਈ ਮਰਦਾਨਾ ਜੀ ਰਬਾਬ ਤਾਂ ਬਚਪਨ ਤੋਂ ਹੀ ਚੰਗੀ ਤਰ੍ਹਾਂ ਵਜਾ ਲੈਂਦੇ ਸੀ ਪਰ ਗੁਰੂ ਕਿਰਪਾ ਤੇ ਅਪਾਰ ਬਖ਼ਸ਼ਸ਼ਾਂ ਸਦਕਾ ਸੰਗੀਤਕ ਸੁਰਾਂ ਤੇ ਰਾਗਾਂ ਦੇ ਮਾਹਰ ਹੋ ਗਏ। ਗੁਰੂ ਜੀ ਦੇ ਹੁਕਮ ’ਤੇ ਜਦੋਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਤਾਂ ਹਰ ਸੁਣਨ ਵਾਲੇ ਜੀਵ ਮੰਤਰ ਮੁਗਧ ਹੋ ਜਾਂਦੇ। ਗੁਰੂ ਜੀ ਦੀਆਂ ਚਾਰਾਂ ਉਦਾਸੀਆਂ ਤੇ ਹੋਰ ਦੇਸ਼ਾਂ-ਦਿਸ਼ਾਂਤਰਾਂ ਦੇ ਭ੍ਰਮਣ ’ਚ ਗੁਰੂ ਜੀ ਦਾ ਸਾਥ ਭਾਈ ਮਰਦਾਨਾ ਜੀ ਤੇ ਉਨ੍ਹਾਂ ਦੀ ਰਬਾਬ ਨੇ ਦਿੱਤਾ।

ਗੁਰੂ ਜੀ ਨੇ ਦੇਸ਼ਾਂ-ਦਿਸ਼ਾਂਤਰਾਂ ਦੇ ਭ੍ਰਮਣ ਵੇਲੇ ਭਾਈ ਮਰਦਾਨਾ ਜੀ ਦੀ ਹਰ ਬੇਨਤੀ ਨੂੰ ਸਵੀਕਾਰਿਆ ਤੇ ਜੀਵਾਂ ਦਾ ਉੱਧਾਰ ਕੀਤਾ। ਇਸੇ ਸੰਦਰਭ ’ਚ ਦੱਖਣ ਦੀ ਉਦਾਸੀ ਦਾ ਇਕ ਪ੍ਰਸੰਗ ਯਾਦ ਆਉਂਦਾ ਹੈ। ਗੁਰੂ ਜੀ ਜਦੋਂ ਬਿਦਰ ਸ਼ਹਿਰ ਪਹੁੰਚੇ ਉਸ ਵੇਲੇ ਮੱਕੇ ਦਾ ਹੱਜ ਕਰਨ ਮੁਸਲਮਾਨ ਯਾਤਰੀ ਜਾਂਦੇ ਵੇਖ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੁਸਲਮਾਨ ਨੂੰ ਜ਼ਿੰਦਗੀ ’ਚ ਇਕ ਵਾਰੀ ਮੱਕੇ ਦਾ ਹੱਜ ਕਰਨਾ ਜ਼ਰੂਰੀ ਕਹਿੰਦੇ ਹਨ, ਕਿਵੇਂ ਜੋ ਹੋਵੇ ਮੈਂ ਵੀ ਇਸ ਜ਼ਿੰਦਗੀ ’ਚ ਮੱਕੇ ਦਾ ਹੱਜ ਕਰ ਸਕਾਂ। ਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸਵੀਕਾਰਦੇ ਉਥੋਂ ਹੀ ਮੱਕੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਤੇ ਮੱਕਾ, ਮਦੀਨਾ ਅਤੇ ਬਗ਼ਦਾਦ ਸਭ ਥਾਈਂ ਭਾਈ ਮਰਦਾਨਾ ਜੀ ਨੂੰ ਵਿਖਾ ਦਿੱਤੇ ਤੇ ਉਥੋਂ ਦੇ ਲੋਕਾਂ ਨੂੰ ਇਕ ਅਕਾਲ ਪੁਰਖ ਦਾ ਸੰਦੇਸ਼ ਦੇ ਕੇ ਉਨ੍ਹਾਂ ਦਾ ਉੱਧਾਰ ਕੀਤਾ। ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਹਿੰਦੇ-ਰਹਿੰਦੇ ਉਨ੍ਹਾਂ ਦੇ ਰੰਗ ’ਚ ਰੰਗੇ ਗਏ ਤੇ ਇਕ ਮਹਾਨ ਸਥਾਨ ਨੂੰ ਪ੍ਰਾਪਤ ਹੋਏ। ਗੁਰੂ ਜੀ, ਮਰਦਾਨਾ ਜੀ ਨੂੰ ਸਤਿਕਾਰ ਨਾਲ ‘ਭਾਈ ਮਰਦਾਨਾ’ ਕਹਿੰਦੇ ਸਨ। ਇਹ ਗੁਰੂ ਨਾਨਕ ਸਾਹਿਬ ਦੀ ਹੀ ਵਡਿਆਈ ਹੈ ਕਿ ਮਰਦਾਨਾ, ਮਰਦਾਨੇ ਤੋਂ ਭਾਈ ਮਰਦਾਨਾ ਕਹਾਇਆ ਤੇ ਸਤਿਕਾਰ ਪਾਇਆ। ਭਾਈ ਗੁਰਦਾਸ ਜੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਗ਼ਦਾਦ ਯਾਤਰਾ ਦਾ ਵਰਣਨ ਆਪਣੀ ਇਕ ਵਾਰ ’ਚ ਕਰਦੇ ਹੋਏ ਗੁਰੂ ਜੀ ਦੀ ਉਸਤਤਿ ਦੇ ਨਾਲ-ਨਾਲ ਭਾਈ ਮਰਦਾਨਾ ਜੀ ਦੀ ਵਡਿਆਈ ਵੀ ਇਸ ਤਰ੍ਹਾਂ ਕੀਤੀ ਹੈ:-

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।  (ਵਾਰ 1;35)

ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਸਾਥ ਖੁੱਰਮ ਸ਼ਹਿਰ (ਅਫ਼ਗਾਨਿਸਤਾਨ) ਤਕ ਦਿੱਤਾ ਤੇ ਗੁਰੂ ਜੀ ਦੇ ਹੱਥੋਂ ਇਸ ਆਵਾਗਵਨ ਤੋਂ ਮੁਕਤੀ ਪਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਦੀ ਇੱਛਾ ਮੁਤਾਬਕ ਉਸ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਉਸ ਦਾ ਸਸਕਾਰ ਖੁੱਰਮ ਸ਼ਹਿਰ ਵਿਚ ਹੀ ਕਰ ਦਿੱਤਾ ਸੀ। ਫਿਰ ਗੁਰੂ ਜੀ ਨੇ ਭਾਈ ਬਾਲੇ ਨੂੰ ਭਾਈ ਮਰਦਾਨਾ ਜੀ ਦੇ ਘਰ ਭੇਜਿਆ। ਭਾਈ ਮਰਦਾਨਾ ਜੀ ਦਾ ਪੁੱਤਰ ਸਜਾਦਾ ਆਇਆ ਤੇ ਗੁਰੂ ਜੀ ਦੇ ਚਰਨਾਂ ’ਤੇ ਢਹਿ ਪਿਆ ਤੇ ਬੇਨਤੀ ਕੀਤੀ ਕਿ ਮੇਰਾ ਬਾਪ ਕਿੱਥੇ ਹੈ? ਗੁਰੂ ਜੀ ਨੇ ਦੱਸਿਆ ਕਿ ਉਹ ਕਾਲ-ਵਸ ਹੋ ਗਿਆ ਹੈ।

ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਨੇ ਸਾਨੂੰ ਕਿਹਾ ਸੀ ਕਿ ਮਰਨ ਮਗਰੋਂ ਮੇਰਾ ਸਸਕਾਰ ਕਰ ਦੇਣਾ ਤਾਂ ਕਿ ਇਸ ਆਉਣ-ਜਾਣ ਤੋਂ ਮੁਕਤੀ ਹੋ ਜਾਵੇ, ਕਿਧਰੇ ਜ਼ਮੀਨ ਵਿਚ ਦੱਬਿਆ ਨਾ ਰਹਿ ਜਾਵਾਂ। ਸੋ ਅਸੀਂ ਉਸ ਦਾ ਕਾਲ-ਵੱਸ ਹੋਣ ਮਗਰੋਂ ਖੁੱਰਮ ਸ਼ਹਿਰ ਵਿਚ ਹੀ ਸਸਕਾਰ ਕਰ ਦਿੱਤਾ ਹੈ। ਗੁਰੂ ਜੀ ਨੇ ਕਿਹਾ ਕਿ ਅਸੀਂ ਤੈਨੂੰ ਸਿਰੋਪਾਉ ਦੇਣਾ ਹੈ, ਅੱਗੇ ਤੂੰ ਜਿਹੜਾ ਕਹੇਂ ਉਹ ਸਿਰੋਪਾਉ ਦੇਈਏ। ਸਜਾਦਾ ਨੇ ਗੁਰੂ ਜੀ ਨੂੰ ਕਿਹਾ ਕਿ ਜਿਹੜਾ ਸਿਰੋਪਾਉ ਮੇਰੇ ਪਿਤਾ ਮਰਦਾਨਾ ਜੀ ਨੂੰ ਦਿੱਤਾ ਸੀ ਸੋਈ ਮੈਨੂੰ ਦੇਵੋ ਜੀ। ਸਜਾਦਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਮੇਰੇ ਬਾਪ ਦੇ ਅਸਥਾਨ ’ਤੇ ਲੈ ਚੱਲੋਗੇ ਤਾਂ ਮੇਰੇ ਉੱਪਰ ਕਰਤਾਰ ਵੀ ਮਿਹਰਬਾਨੀ ਕਰੇਗਾ। ਗੁਰੂ ਜੀ ਸਜਾਦਾ ਮਿਰਾਸੀ ਨੂੰ ਲੈ ਕੇ ਉੱਥੋਂ ਤੁਰ ਪਏ ਤੇ ਪਹਿਲਾਂ ਲਾਹੌਰ ਆਏ, ਉਥੇ ਕਸਾਇਪੁਰ ਦੇ ਪਾਸ ਜਾ ਖਲੋਤੇ। ਉਸ ਵੇਲੇ ਲਾਹੌਰ ਵਿਚ ਸਵਾ ਪਹਿਰ ਦਿਨ ਚੜ੍ਹੇ ਤਕ ਗਊਬਧ ਹੁੰਦਾ ਸੀ। ਇਸ ਗਊਬਧ ਨੂੰ ਵੇਖ ਕੇ ਗੁਰੂ ਜੀ ਦਾ ਮਨ ਬਹੁਤ ਪਸੀਜ ਗਿਆ ਤੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਆਪ-ਮੁਹਾਰੇ ਨਿਕਲਿਆ:

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ (ਪੰਨਾ 1412)

ਗੁਰੂ ਜੀ ਤੇ ਸਜਾਦਾ ਉਥੋਂ ਚੱਲ ਪਏ ਤੇ ਸ਼ਾਹਦਰੇ ਆ ਕੇ ਠਹਿਰੇ।

ਗੁਰੂ ਜੀ ਅੱਗੇ ਚੱਲ ਕੇ ਸਿਆਲਕੋਟ ਠਹਿਰੇ। ਉਥੋਂ ‘ਜਿਊਣਾ ਝੂਠ ਤੇ ਮਰਨਾ ਸੱਚ’ ਵਾਲੇ ਮੂਲੇ ਖੱਤਰੀ ਨੂੰ ਲੈ ਕੇ ਸੱਚ ਤੇ ਝੂਠ ਦਾ ਨਿਤਾਰਾ ਕਰਨ ਲਈ ਚੱਲਦੇ- ਚੱਲਦੇ ਤਿਲੁੰਬੇ ਸ਼ਹਿਰ ਦੇ ਬਾਹਰ ਜਾ ਬੈਠੇ। ਗੁਰੂ ਜੀ ਨੇ ਸਜਾਦੇ ਨੂੰ ਕਿਹਾ ਕਿ ਜੇਕਰ ਭੁੱਖ ਲੱਗੀ ਹੈ ਤਾਂ ਨਿੱਡਰ ਹੋ ਕੇ ਸ਼ਹਿਰ ਜਾ ਕੇ ਕੁਝ ਖਾ ਪੀ ਆ। ਸਜਾਦਾ ਘੁੰਮਦਾ- ਫਿਰਦਾ ਸੱਜਣ ਠੱਗ ਦੇ ਜਾਲ ’ਚ ਫਸ ਗਿਆ ਤੇ ਉਸ ਨੇ ਸਜਾਦੇ ਦੀਆਂ ਮੁਸ਼ਕਾਂ ਬੰਨ੍ਹ ਕੇ ਉਸ ਨੂੰ ਅੰਦਰ ਡੱਕ ਦਿੱਤਾ। ਸੱਜਣ ਠੱਗ ਦੇ ਮਨ ’ਚ ਸੀ ਕਿ ਸਜਾਦਾ ਤਾਂ ਮਰਾਸੀ ਹੈ ਇਸ ਦੇ ਜਜਮਾਨ ਵੀ ਪੈਸੇ ਵਾਲੇ ਹੋਣਗੇ, ਜਦੋਂ ਉਹ ਇਹਨੂੰ ਲੱਭਦੇ ਇਥੇ ਆਉਣਗੇ ਉਨ੍ਹਾਂ ਨੂੰ ਵੀ ਲੁੱਟ ਲਵਾਂਗਾ। ਉਧਰ ਸਜਾਦਾ ਲੱਗਾ ਗੁਰੂ ਜੀ ਨੂੰ ਯਾਦ ਕਰਨ ਕਿ ਕੁਥਾਈਂ ਫਸ ਗਿਆ ਹਾਂ, ਜਲਦੀ ਬਹੁੜੋ ਤੇ ਮੈਨੂੰ ਛੁਡਾਓ। ਜਾਣੀ-ਜਾਣ ਗੁਰੂ ਜੀ ਨੇ ਉਥੇ ਪਹੁੰਚ ਕੇ ਸਜਾਦੇ ਨੂੰ ਸੱਜਣ ਠੱਗ ਦੀ ਗ੍ਰਿਫਤ ’ਚੋਂ ਛੁਡਵਾਇਆ ਤੇ ਉਥੇ ਸੱਜਣ ਠੱਗ ਦਾ ਉੱਧਾਰ ਕੀਤਾ। ਉਸ ਨੂੰ ਸੱਜਣ ਠੱਗ ਤੋਂ ਸੱਜਣ ਬਣਾਇਆ ਤੇ ਨਾਮ-ਦਾਨ ਬਖ਼ਸ਼ਿਆ।

ਗੁਰੂ ਜੀ ਫਿਰ ਖੁੱਰਮ ਸ਼ਹਿਰ ਪਹੁੰਚੇ ਤੇ ਸਜਾਦੇ ਨੂੰ ਉਹ ਥਾਂ ਵਿਖਾਈ ਜਿਥੇ ਭਾਈ ਮਰਦਾਨਾ ਜੀ ਦਾ ਸਸਕਾਰ ਕੀਤਾ ਸੀ। ਸਜਾਦੇ ਨੇ ਆਪਣੇ ਪਿਤਾ ਦੀ ਮੜ੍ਹੀ ’ਤੇ ਮੱਥਾ ਟੇਕਿਆ। ਗੁਰੂ ਜੀ ਨੇ ਕਿਹਾ ਕਿ ਇਹ ਭਾਈ ਮਰਦਾਨਾ ਜੀ ਦਾ ਅੰਤਿਮ ਅਸਥਾਨ ਹੈ ਤੇ ਤੂੰ ਵੀ ਆਪਣਾ ਪਰਵਾਰ ਇਥੇ ਲੈ ਆ ਤੇ ਇਥੇ ਰਹਿ। ਭਾਈ ਮਰਦਾਨਾ ਜੀ ਦੀ ਥਾਂ ਤੇਰੀ ਮੰਜੀ ਇਥੇ ਹੋਵੇਗੀ। ਸਜਾਦਾ ਕਹਿਣ ਲੱਗਾ ਕਿ ਤੁਹਾਡੇ ਜਾਣ ਮਗਰੋਂ ਮੈਂ ਕਿਸ ਦੇ ਸਹਾਰੇ ਇਥੇ ਰਹਾਂਗਾ। ਗੁਰੂ ਜੀ ਨੇ ਕਿਹਾ ਕਿ ਹਮੇਸ਼ਾਂ ਸਤ ਪ੍ਰਤੀਤ ਰੱਖੀਂ, ਜਦੋਂ ਤੂੰ ਯਾਦ ਕਰੇਂਗਾ ਅਸੀਂ ਹਾਜ਼ਰ ਹੋਵਾਂਗੇ। ਸਜਾਦੇ ਨੇ ਗੁਰੂ ਜੀ ਦੇ ਚਰਨਾਂ ’ਤੇ ਮੱਥਾ ਟੇਕਿਆ ਤੇ ਉਨ੍ਹਾਂ ਨੂੰ ਸੱਚ ਕਰ ਮੰਨਿਆ ਤੇ ਉਥੇ ਰਹਿਣ ਲੱਗ ਗਿਆ।

ਭਾਈ ਮਰਦਾਨਾ ਜੀ ਵਾਂਙੂੰ ਸਜਾਦੇ ’ਤੇ ਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਉਸ ਨੂੰ ਨਿਹਾਲ ਕੀਤਾ। ਸਜਾਦਾ ਵੀ ਰਬਾਬ ਦਾ ਧਨੀ ਸੀ ਤੇ ਸੰਗੀਤਕ ਸੁਰਾਂ ਤੇ ਰਾਗਾਂ ਦਾ ਮਾਹਿਰ ਹੋਇਆ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਵਡਿਆਈ ਹੈ ਕਿ ਜਿਸ ’ਤੇ ਮਿਹਰ ਦੀ ਨਜ਼ਰ ਪਾਈ ਉਹ ਨਿਹਾਲ ਤਾਂ ਹੋਇਆ ਹੀ, ਨਾਲ ਆਵਾਗਵਨ ਦੇ ਚੱਕਰ ਤੋਂ ਵੀ ਮੁਕਤ ਹੋ ਗਿਆ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)