ਸਿੱਖ ਇਤਿਹਾਸ ਅਤੇ ਗੁਰਮਤਿ ਸੰਗੀਤ ਦੀ ਪਰੰਪਰਾ ਵਿਚ ਭਾਈ ਮਰਦਾਨਾ ਜੀ ਗੁਰੂ-ਘਰ ਦੇ ਪਹਿਲੇ ਕੀਰਤਨੀਏ ਅਤੇ ਉੱਘੇ ਰਬਾਬਵਾਦਕ ਹੋਏ ਹਨ। ਉਹ ਇਕ ਉੱਚਕੋਟੀ ਦੇ ਸੰਗੀਤਕਾਰ ਸਨ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਅਤੇ ਗੁਰੂ ਸਾਹਿਬ ਦੇ ਪਹਿਲੇ ਸਿੱਖਾਂ ਵਿੱਚੋਂ ਹੋਣ ਕਰਕੇ ਸਿੱਖ ਪੰਥ ਅਤੇ ਗੁਰਮਤਿ ਸੰਗੀਤ ਵਿਚ ਭਾਈ ਮਰਦਾਨਾ ਜੀ ਦਾ ਦਰਜਾ ਬਹੁਤ ਉੱਚਾ ਹੈ।
ਭਾਈ ਮਰਦਾਨਾ ਜੀ ਮਿਰਾਸੀ ਅਖਵਾਉਣ ਵਾਲੀ ਉਸ ਸਮੇਂ ਨੀਵੀਂ ਸਮਝੀ ਜਾਂਦੀ ਜਾਤੀ ਨਾਲ ਸੰਬੰਧ ਰੱਖਦੇ ਸਨ। ਇਹ ਅਰਬੀ ਸ਼ਬਦ ‘ਮਿਰਾਸ’ ਤੋਂ ਹੋਂਦ ’ਚ ਆਇਆ ਹੈ। ਜਿਸ ਦਾ ਭਾਵ ‘ਵਿਰਸਾ’ ਹੈ। ਪੰਜਾਬ ਦੇ ਵਿਚ ਇਹ ਧਰਮ ਵਜੋਂ ਮੁਸਲਮਾਨ ਹੁੰਦੇ ਸਨ। ਪਿੱਛੇ ਭੱਟ ਅਰਥਾਤ ਗਵੱਈਆ ਵੀ ਮਰਾਸੀ ਹੁੰਦਾ ਸੀ। ਰਬਾਬੀ ਵੀ ਮੂਲ ਰੂਪ ਵਿਚ ਉਹ ਮਰਾਸੀ ਸਨ ਜਿਹੜੇ ਰਬਾਬ ਵਜਾਉਂਦੇ ਸਨ। ਇਹ ਆਪਣਾ ਪਿਛੋਕੜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਭਾਈ ਮਰਦਾਨਾ ਜੀ ਨਾਲ ਜੋੜਦੇ ਹਨ। ਮਿਰਾਸੀਆਂ ਬਾਰੇ ‘ਪੰਜਾਬੀ ਲੋਕ-ਧਾਰਾ ਵਿਸ਼ਵਕੋਸ਼’ ’ਚ ਜ਼ਿਕਰ ਹੈ:
“ਗੁਣੀਆ ਕੇ ਸਾਗਰ ਹੈ, ਜਾਤ ਕੋ ਉਜਾਗਰ ਹੈ।
ਭਿਖਾਰੀ ਬਾਦਸ਼ਾਹ ਕੋ, ਪਰਭੋ ਕੋ ਮਿਰਾਸ।
ਸਿੱਖੋ ਕੋ ਰਬਾਬੀ, ਕਵਾਲ ਪੀਰ ਜਦੋਂ ਕੇ।
ਸਭ ਹਮੇ ਜਾਨਿਤ ਹੈ ਡੂਮ ਮਾਲ ਜਦੋਂ ਕੇ” (ਲੋਕਧਾਰਾ ਵਿਸ਼ਵਕੋਸ਼ ਸਫ਼ਾ 1912)
ਸਿੱਖ ਇਤਿਹਾਸ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਸੱਚੇ ਸ਼ਰਧਾਲੂ ਅਤੇ ਸੰਗੀ ਸਾਥੀ ਬਣ ਕੇ, ਜੀਵਨ ਭਰ ਉਨ੍ਹਾਂ ਦਾ ਕੀਰਤਨ ਵਿਚ ਰਬਾਬ ਵਜਾ ਕੇ ਸਾਥ ਦਿੱਤਾ। ਜਨਮ ਸਾਖੀ ‘ਭਾਈ ਪੈੜਾ ਮੋਖਾ’ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਭਾਈ ਮਰਦਾਨਾ ਜੀ ਪਿੰਡ ਰਾਇ ਭੋਇ ਦੀ ਤਲਵੰਡੀ, ਜ਼ਿਲ੍ਹਾ ਸ਼ੇਖਪੁਰਾ ਦੇ ਰਹਿਣ ਵਾਲੇ ਸਨ ਜੋ ਅੱਜਕਲ੍ਹ ਪਾਕਿਸਤਾਨ ਵਿਚ ਹੈ। ਉਹ ਗੁਰੂ ਸਾਹਿਬ ਨਾਲੋਂ ਉਮਰ ਵਿਚ 10 ਸਾਲ ਵੱਡੇ ਸਨ। ਉਨ੍ਹਾਂ ਦੇ ਪਿਤਾ ਦਾ ਨਾਂ ਬਦਰਾ ਅਤੇ ਮਾਤਾ ਦਾ ਨਾਂ ਲੱਖੋ ਸੀ। ਕਹਿੰਦੇ ਹਨ ਕਿ ਪਹਿਲਾਂ ਮਾਈ ਲੱਖੋ ਦੇ ਛੇ ਬੱਚੇ ਪੈਦਾ ਹੋ ਕੇ ਮਰ ਚੁੱਕੇ ਸਨ, ਇਸ ਲਈ ਉਸ ਨੇ ਇਸ ਸਤਵੇਂ ਬੱਚੇ ਦਾ ਨਾਂ ਰੱਖਿਆ ਸੀ ‘ਮਰ ਜਾਣਾ’। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਨੂੰ ਸੁਭਾਵਿਕ ਹੀ ‘ਮਰਦਾਨਾ’ ਕਹਿ ਕੇ ਬੁਲਾਇਆ। ਇਹ ਮਰਦਾਨਾ ਸ਼ਬਦ ਅਮਰ ਪਦਵੀ ਦਾ ਲਖਾਇਕ ਹੋ ਗਿਆ। ਇਹੀ ਸਭ ਤੋਂ ਵੱਡਾ ਰਹੱਸ ਹੈ।
ਬਚਪਨ ਤੋਂ ਹੀ ਭਾਈ ਮਰਦਾਨਾ ਜੀ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਮਿਹਨਤੀ, ਮਿਲਾਪੜੇ, ਵਿੱਦਿਆ ਤੇ ਸੰਗੀਤ ਕਲਾ ਵਿਚ ਪ੍ਰਬੀਨ ਸਨ ਅਤੇ ਰਬਾਬ ਵਜਾ ਕੇ ਭਗਤਾਂ ਦੀ ਬਾਣੀ ਗਾਉਂਦੇ ਸਨ। ਗੁਰੂ ਸਾਹਿਬ ਜੀ ਭਗਤ ਬਾਣੀ ਦਾ ਗਾਇਨ ਭਾਈ ਮਰਦਾਨਾ ਜੀ ਪਾਸੋਂ ਸੁਣਿਆ ਕਰਦੇ ਸਨ।
ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਗੁਰੂ ਦੇ ਸਿੱਖ ਬਣੇ ਤੇ ਭਾਈ ਪਦ ਦੇ ਅਧਿਕਾਰੀ ਹੋਏ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੇ ਸੰਗੀਤਕ ਗੁਣਾਂ ਨੂੰ ਦੇਖ ਕੇ ਸੰਗੀਤ ਵਿਚ ਉੱਚ ਕੋਟੀ ਦੀ ਪ੍ਰਬੀਨਤਾ ਹਾਸਲ ਕਰਨ ਲਈ ਇਨ੍ਹਾਂ ਨੂੰ ਭਾਈ ਫਿਰੰਦੇ ਕੋਲ ਭੇਜਿਆ ਜੋ ਰਿਆਸਤ ਕਪੂਰਥਲਾ ਦੇ ਇਕ ਪਿੰਡ ਭੈਰੋਆਣੇ ਦੇ ਨਿਵਾਸੀ ਸਨ, ਉਹ ਇਕ ਮਹਾਨ ਸੰਗੀਤਕਾਰ ਸਨ ਅਤੇ ਗੁਰੂ ਸਾਹਿਬ ਦੇ ਸ਼ਰਧਾਲੂ ਵੀ। ਉਨ੍ਹਾਂ ਨੇ ਗੁਰੂ ਜੀ ਨੂੰ ਇਕ ਖਾਸ ਰਬਾਬ ਬਣਾ ਕੇ ਭੇਂਟ ਕੀਤਾ ਜਿਸ ਨੂੰ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਕੀਰਤਨ ਸਮੇਂ ਵਜਾਇਆ ਕਰਦੇ ਸਨ। ਉਹ ਪਹਿਲਾ ਰਬਾਬ ਵਾਦਕ ਸੀ ਜਿਸ ਨੇ ਗੁਰਬਾਣੀ ਕੀਰਤਨ ਨੂੰ ਹੂਬਟ ਵਾਦਕ ਵਿਚ ਢਾਲਿਆ ਤਾਂ ਹੀ ਭਾਈ ਮਰਦਾਨਾ ਜੀ ਨੂੰ ਹੀ ਗੁਰੂ ਜੀ ਦਾ ਪਹਿਲਾ ਕੀਰਤਨੀਆ ਹੋਣ ਦਾ ਮਾਣ ਪ੍ਰਾਪਤ ਹੈ।
ਭਾਈ ਮਰਦਾਨਾ ਜੀ ਨੂੰ ਦੇਸ਼-ਦੇਸ਼ਾਂਤਰਾਂ ਵਿਚ ਗੁਰੂ ਜੀ ਦਾ ਪਹਿਲਾ ਕੀਰਤਨੀਆ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਮਰਦਾਨਾ ਜੀ ਦੇਸ਼-ਦੇਸ਼ਾਂਤਰਾਂ ਵਿਚ ਗੁਰੂ ਜੀ ਦੀ ਸੇਵਾ ਵਿਚ ਰਹਿ ਕੇ ਤੰਤੀ ਸਾਜ਼ ਰਬਾਬ ਵਜਾ ਕੇ ਕੀਰਤਨ ਕਰਦੇ ਸਨ। ਗੁਰੂ ਸਾਹਿਬ ਨੇ ਧਰਮ ਅਤੇ ਗੁਰਮਤਿ ਸੰਗੀਤ ਕੀਰਤਨ ਦੀ ਜੁਗਤ ਅਪਣਾਈ ਅਤੇ ਪ੍ਰਮੁੱਖ ਕੀਰਤਨੀਏ ਭਾਈ ਮਰਦਾਨਾ ਜੀ ਨੂੰ ਇਸ ਮਿਸ਼ਨ ਲਈ ਸਾਥੀ ਚੁਣਿਆ। ਜਿਸ ਦੇ ਬਾਰੇ ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:
ਤਲਵੰਡੀ ਤੈ ਪੁਨ ਮਰਦਾਨਾ।
ਆਯੋ ਗੁਰੁ ਢਿਗ ਰਹਿਓ ਮਹਾਂਨਾ।
ਤਾਂਹਿ ਰਬਾਬ ਗੁਰਹਿ ਦਿਲਵਾਯੋ।
ਤਾਰ ਸਬਦ ਕਰਤਾਰ ਅਲਾਯੋ।
ਦੇਸ ਬਿਦੇਸਨ ਕਾ ਗੁਰੁ ਸੈਲ।
ਕਰਨ ਹੇਤ ਸੋ ਲੀਨੋ ਗੈਲ।
ਇਸ ਤਰ੍ਹਾਂ ਗੁਰੂ ਸਾਹਿਬ ਦੇ ਬਗਦਾਦ ਜਾਣ ਦੀ ਸਾਖੀ ਵਿਚ ਆਉਂਦਾ ਹੈ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਸੰਕੇਤ ਕੀਤਾ ਹੈ:
ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗਿ ਨਿਵਾਜਿ ਸੁੰਨਿ ਸਮਾਨਿ ਹੋਆ ਜਹਾਨਾ। (ਪਉੜੀ 35)
ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਭਾਈ ਮਰਦਾਨਾ ਜੀ ਦੀ ਰਬਾਬ ਨੇ ਗੁਰਮਤਿ ਸੰਗੀਤ ਵਿਚ ਉਹ ਕਰਾਮਾਤ ਕਰ ਵਿਖਾਈ ਜਿਸ ਦਾ ਬਦਲ ਅਜੇ ਤਕ ਸੰਸਾਰ ਨੂੰ ਨਹੀਂ ਲੱਭਾ। ਜਦੋਂ ਗੁਰੂ ਬਾਬਾ ਜੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਸਨ ਤਾਂ ਭਾਈ ਮਰਦਾਨਾ ਜੀ ਰਬਾਬ ਦੁਆਰਾ ਉਨ੍ਹਾਂ ਦੀ ਸੰਗਤ ਕਰਦੇ ਤੇ ਕੀਰਤਨ ਵਿਚ ਉਨ੍ਹਾਂ ਦਾ ਸਾਥ ਦਿੰਦੇ ਸੀ। ਰਬਾਬ ਵਜਾਉਣ ਕਰਕੇ ਭਾਈ ਮਰਦਾਨਾ ਜੀ ਦੇ ਨਾਮ ਨਾਲ ਸ਼ਬਦ ‘ਰਬਾਬੀ’ ਜੁੜ ਗਿਆ ਅਤੇ ਉਨ੍ਹਾਂ ਦੀ ਕੁਲ ਨਾਲ ਸੰਬੰਧ ਰੱਖਣ ਵਾਲੇ ਕੀਰਤਨੀਆਂ ਨੂੰ ਰਬਾਬੀ ਕਿਹਾ ਜਾਂਦਾ ਹੈ। ਭਾਈ ਮਰਦਾਨਾ ਜੀ ਦੇ ਰਬਾਬ ਵਜਾਉਣ ਵਿਚ ਇਕ ਅਦਭੁੱਤ ਚਮਤਕਾਰ ਸੀ ਅਤੇ ਕਿਉਂਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਆਪਣਾ ਸਾਥੀ ਬਣਾਉਣ ਵੇਲੇ ਤਿੰਨ ਉਪਦੇਸ਼ ਦਿੱਤੇ-ਪਹਿਲਾ, ਕੇਸ ਨਹੀਂ ਕਟਵਾਉਣੇ; ਦੂਜਾ, ਅੰਮ੍ਰਿਤ ਵੇਲੇ ਦਾ ਨਿਤਨੇਮ; ਤੀਜਾ, ਸੰਗਤਾਂ ਦੀ ਸੇਵਾ ਕਰਨਾ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਬਚਨਾਂ ਉੱਤੇ ਪਹਿਰਾ ਦਿੱਤਾ।
ਗੁਰੂ ਸਾਹਿਬਾਨ ਦੀ ਦੋਸਤੀ ਭਾਈ ਮਰਦਾਨਾ ਜੀ ਨਾਲ ਸ਼ਬਦ ਅਤੇ ਕੀਰਤਨ ਦੀ ਸੀ। ਉਨ੍ਹਾਂ ਦੀ ਦੋਸਤੀ ਵਿਚ ਕੋਈ ਮਾਇਆ ਦਾ ਸੰਬੰਧ ਨਹੀਂ ਸੀ। ਉਨ੍ਹਾਂ ਦੋਨਾਂ ਦੀ ਦੁਨੀਆਂ ਵੱਖਰੀ ਸੀ। ਉਨ੍ਹਾਂ ਦਾ ਮਨ ਬਾਣੀ ਨਾਲ ਇਕਸੁਰ ਸੀ; ਫ਼ਰਕ ਸਿਰਫ਼ ਏਨਾ ਸੀ ਕਿ ਗੁਰੂ ਸਾਹਿਬ ਸੁਰ ਤੋਂ ਉੱਪਰ ਉੱਠ ਜਾਂਦੇ ਸਨ। ਸ਼ਬਦ ਤੋਂ ਅਨਹਤ ਸ਼ਬਦ ਵਿਚ ਚਲੇ ਜਾਂਦੇ ਹਨ। ਹੁਨਰ ਤੋਂ ਉੱਪਰ ਉੱਠ ਉੱਚੇ ਰੂਹਾਨੀ ਮੰਡਲਾਂ ਵਿਚ ਪ੍ਰਵੇਸ਼ ਕਰਦੇ ਤੇ ਪਰਮ-ਆਤਮਾ ਨਾਲ ਫਿਰ ਇਕਰੂਪ ਹੋ ਜਾਂਦੇ:
ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਸ਼ਬਦ-ਕੀਰਤਨ ਰਾਹੀਂ ਬ੍ਰਹਮ ਨਾਲ ਇਕਸੁਰ ਕਰ ਦਿੱਤਾ ਸੀ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਨੀਵੀਂ ਜਾਤ ’ਚੋਂ ਇਕ ਸਾਥੀ ਰੂਪ ਚੁਣਿਆ ਅਤੇ ਗੁਰੂ-ਘਰ ਵਿਚ ਉੱਚਾ ਸਥਾਨ ਦਿੱਤਾ। ਗੁਰੂ ਜੀ ਨੀਚੋਂ ਊਚ ਕਰਨ ਵਾਲੇ ਆਪ ਸਨ ਅਤੇ ਸਾਰਿਆਂ ਨੂੰ ਬਰਾਬਰ ਸਮਝਦੇ ਸਨ। ਉਨ੍ਹਾਂ ਨੇ ਆਪਣੀ ਬਾਣੀ ਉਚਾਰਨ ਕਰਨ ਸਮੇਂ ਵੀ ਜਾਤ-ਪਾਤ ਦਾ ਖੰਡਨ ਕੀਤਾ। ਇਨ੍ਹਾਂ ਨੇ ਹੀ ਕਲਯੁੱਗ ਵਿਚ ਗੁਰਮਤਿ ਕੀਰਤਨ ਨੂੰ ਪ੍ਰਚਾਰ ਵਿਚ ਲਿਆਂਦਾ ਅਤੇ ਲੱਖਾਂ ਸੰਗਤਾਂ ਨੂੰ ਇਸ ਬਾਣੀ ਦੇ ਮਾਧਿਅਮ ਰਾਹੀਂ ਗੁਰੂ-ਘਰ ਨਾਲ ਜੋੜਿਆ।
ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਦਾਸੀਆਂ ਵਿਚ ਉਨ੍ਹਾਂ ਦਾ ਸਾਥ ਦਿੱਤਾ। ਸਿੱਖ ਧਰਮ ਵਿਚ ‘ਉਦਾਸੀ’ ਸ਼ਬਦ ਦਾ ਅਰਥ ਪ੍ਰਚਾਰ-ਯਾਤਰਾ ਹੈ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਬਗਦਾਦ, ਮਿਸਰ, ਈਰਾਨ, ਕਾਬੁਲ, ਤੁਰਕਿਸਤਾਨ, ਤਿੱਬਤ ਆਦਿ ਥਾਵਾਂ ਦੀ ਯਾਤਰਾ ਕੀਤੀ। ਇਨ੍ਹਾਂ ਸਾਰੇ ਦੇਸ਼ਾਂ ਦੇ ਵਾਸੀਆਂ ਨੂੰ ਆਪਣੇ ਕੀਰਤਨ ਨਾਲ ਮੰਤਰ-ਮੁਗਧ ਕਰ ਦਿੱਤਾ। ਗੁਰੂ ਸਾਹਿਬ ਰੱਬੀ ਬਾਣੀ ਦਾ ਕੀਰਤਨ ਕਰਦੇ ਤੇ ਬਾਣੀ ਉਚਾਰਦੇ ਸਨ। ਗੁਰੂ ਸਾਹਿਬ ਦੀ ਅਵਾਜ਼ ਮਰਦਾਨੇ ਦੀ ਰਬਾਬ ਦੀ ਧੁਨੀ ਸੰਗ ਮਿਲ ਕੇ ਲੋਕਾਂ ਨੂੰ ਅਗੰਮੀ ਅਨੰਦ ਤੇ ਆਤਮਿਕ ਸ਼ਾਂਤੀ ਨਾਲ ਸਰਸ਼ਾਰ ਕਰ ਦਿੰਦੀ ਤੇ ਸੱਚੀ ਗੱਲ ਤਾਂ ਇਹ ਹੈ ਕਿ ਗੁਰਮਤਿ ਸੰਗੀਤ ਕੀਰਤਨ ਭਗਤੀ ਦਾ ਇਕ ਆਸਾਨ ਸਾਧਨ ਹੈ ਜਿਸ ਰਾਹੀਂ ਬਾਣੀ ਨਾਲ ਜੁੜਿਆ ਜਾ ਸਕਦਾ ਹੈ। ਭਾਈ ਮਰਦਾਨਾ ਜੀ ਨੇ ਅਖੀਰ ਦਮ ਤਕ ਗੁਰੂ ਸਾਹਿਬ ਦਾ ਕੀਰਤਨ ਵਿਚ ਸਾਥ ਦਿੱਤਾ ਅਤੇ ਇਕ ਦਿਨ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਿਹਾ,
“ਬਾਬਾ ਤੇਰਾ ਮੇਰਾ ਅੰਤਰ ਨਾਹੀ ਤੂ ਖੁਦਾਇ ਦਾ ਡੂਮ ਹਉ ਤੇਰਾ ਡੂਮ! ਤੈਂ ਖੁਦਾਇ ਪਾਇਆ ਹੈ, ਤੈਂ ਖੁਦਾਇ ਦੇਖਿਆ ਹੈ, ਤੇਰਾ ਕਿਹਾ ਖੁਦਾਇ ਪਾਇਆ ਹੈ, ਤੈ ਖੁਦਾਇ ਦੇਖਿਆ ਹੈ ਮੇਰੀ ਬੇਨਤੀ ਹੈ, ਇਕ ਮੈਨੂੰ ਵਿਛੋੜਨਾ ਨਾਹਿ ਆਪ ਨਾਲਹੁ ਨਾ ਐਥੇ ਨਾ ਉਥੇ” ਹੁਣ ਨਾਨਕ ਜੀ ਨੇ ਫ਼ਰਮਾਇਆ:
“ਮਰਦਾਨਿਆ ਤੁਧ ਉਪਰ ਮੇਰੀ ਖੁਸ਼ੀ ਹੈ, ਜਿਥੇ ਤੇਰਾ ਵਾਸਾ ਉਥੇ ਮੇਰਾ ਵਾਸਾ” (ਪੁਰਾਤਨ ਇਤਿਹਾਸਕ ਜੀਵਨੀਆਂ, ਸਫ਼ਾ 16)
ਭਾਈ ਮਰਦਾਨਾ ਜੀ ਨੇ ਸਾਰੀ ਉਮਰ ਗੁਰੂ ਸਾਹਿਬ ਦਾ ਸਾਥ ਮਾਣਿਆ। ਭਾਈ ਮਰਦਾਨਾ ਜੀ ਦੇ ਪ੍ਰਲੋਕ ਸਿਧਾਰਨ ਬਾਰੇ ਇਤਿਹਾਸਕਾਰਾਂ ਵਿਚ ਕਾਫੀ ਮਤਭੇਦ ਹਨ। ਪਰ ਇਸ ਗੱਲ ਨਾਲ ਕਿ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਪਾਰਬ੍ਰਹਮ ਨਾਲ ਅਭੇਦ ਕਰ ਦਿੱਤਾ, ਕਿਸੇ ਨੂੰ ਮਤਭੇਦ ਨਹੀਂ। ਮੈਕਾਲਿਫ ਨੇ ਆਪਣੀ ਖੋਜ ‘ਦਾ ਸਿੱਖ ਰਿਲੀਜ਼ਨ’ ਵਿਚ ਇਸ ਬਾਰੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ ਕਿ “ਬ੍ਰਾਹਮਣ ਦੀ ਦੇਹੀ-ਜਲ ਪ੍ਰਵਾਹ ਕੀਤੀ ਜਾਂਦੀ ਹੈ, ਖੱਤਰੀ ਦੀ ਅੱਗ ਵਿਚ ਸਾੜੀ ਜਾਂਦੀ ਹੈ, ਵੈਸ਼ ਦੀ ਪੌਣ ਵਿਚ ਸੁੱਟੀ ਜਾਂਦੀ ਹੈ ਅਤੇ ਸ਼ੂਦਰ ਦੀ ਦਬਾਈ ਜਾਂਦੀ ਹੈ। ਤੇਰੀ ਦੇਹੀ ਨੂੰ ਜਿੱਦਾਂ ਤੂੰ ਕਹੇਂ, ਤੇਰੀ ਇੱਛਾ ਅਨੁਸਾਰ ਕਰਾਂਗੇ।” ਭਾਈ ਮਰਦਾਨਾ ਜੀ ਨੇ ਉੱਤਰ ਦਿੱਤਾ, “ਮਹਾਰਾਜ, ਤੁਹਾਡੇ ਉਪਦੇਸ਼ ਨਾਲ ਮੇਰਾ ਦੇਹ ਅਭਿਮਾਨ ਉੱਕਾ ਹੀ ਦੂਰ ਹੋ ਗਿਆ ਹੈ। ਚੌਹਾਂ ਵਰਣਾਂ ਦੀਆਂ ਦੇਹੀਆਂ ਦੇ ਅੰਤਮ ਸੰਸਕਾਰ ਦੇ ਢੰਗ ਵੀ ਹੰਕਾਰ ਨਾਲ ਸੰਬੰਧ ਰੱਖਦੇ ਹਨ। ਮੈਂ ਤਾਂ ਆਪਣੀ ਆਤਮਾ ਨੂੰ ਕੇਵਲ ਆਪਣੇ ਸਰੀਰ ਦਾ ਸਾਥੀ ਸਮਝਦਾ ਹਾਂ ਅਤੇ ਮੈਨੂੰ ਦੇਹ ਦਾ ਖਿਆਲ ਹੀ ਨਹੀਂ। ਜਿਵੇਂ ਤੁਹਾਡੀ ਇੱਛਾ ਤਿਵੇਂ ਹੀ ਕਰੋ।” ਤਦ ਗੁਰੂ ਸਾਹਿਬ ਨੇ ਕਿਹਾ ਕਿ “ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿਚ ਮਸ਼ਹੂਰ ਕਰੀਏ?” ਭਾਈ ਮਰਦਾਨਾ ਜੀ ਨੇ ਕਿਹਾ, “ਜਦੋਂ ਮੇਰੀ ਆਤਮਾ ਸਰੀਰ ਰੂਪੀ ਸਮਾਧ ’ਚੋਂ ਨਿਕਲ ਜਾਏਗੀ ਤਾਂ ਉਸ ਨੂੰ ਫਿਰ ਪੱਥਰ ਦੀ ਸਮਾਧ ਵਿਚ ਕਿਉਂ ਪਾਂਵਦੇ ਹੋ?” ਗੁਰੂ ਜੀ ਨੇ ਕਿਹਾ, “ਤੂੰ ਬ੍ਰਹਮ ਨੂੰ ਪਛਾਣਿਆ ਹੈ ਇਸ ਲਈ ਤੂੰ ਅਸਲੀ ਬ੍ਰਾਹਮਣ ਹੈ। ਅਸੀਂ ਤੇਰੀ ਦੇਹੀ ਦਰਿਆ ਵਿਚ ਜਲ-ਪ੍ਰਵਾਹ ਕਰਾਂਗੇ।” ਭਾਈ ਮਰਦਾਨਾ ਜੀ ਦੇ ਦੇਹਾਂਤ ਦੀ ਤਾਰੀਖ ਬਾਰੇ ਵੀ ਮਤਭੇਦ ਹਨ। ਪਰ ਬਹੁਤੇ ਵਿਦਵਾਨਾਂ ਦੇ ਮੱਤ ਅਨੁਸਾਰ ਭਾਈ ਮਰਦਾਨਾ ਜੀ ਦਾ ਦੇਹਾਂਤ 1534 ਈ. ਨੂੰ ਕੁਰਮ ਦਰਿਆ ਦੇ ਕੰਢੇ ਅਫਗਾਨਿਸਤਾਨ ਵਿਚ ਹੋਇਆ ਅਤੇ ਪ੍ਰੋ. ਪਿਆਰਾ ਸਿੰਘ ਪਦਮ ਦੀ ਲਿਖਤ ਅਨੁਸਾਰ ਗੁਰੂ ਸਾਹਿਬ ਨੇ ਉਨ੍ਹਾਂ ਦੀ ਦੇਹੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ। ਭਾਈ ਮਰਦਾਨਾ ਜੀ ਦੀ ਇਹ ਸੱਚੀ ਮਿਹਨਤ ਤੇ ਲਗਨ ਸੀ ਕਿ ਗੁਰੂ ਜੀ ਪ੍ਰਤੀ ਸ਼ਰਧਾ ਤੇ ਪ੍ਰੇਮ ਸਦਕਾ ਗੁਰੂ-ਘਰ ਵਿਚ ਰਬਾਬੀਆਂ ਦੀ ਇਕ ਖਾਸ ਜਗ੍ਹਾ ਹੀ ਨਹੀਂ ਬਣੀ ਸਗੋਂ ਉਨ੍ਹਾਂ ਦਾ ਆਮ ਸੰਗਤਾਂ ਵਿਚ ਦੂਣਾ ਸਤਿਕਾਰ ਬਣਿਆ। ਭਾਈ ਮਰਦਾਨਾ ਜੀ ਤਾਂ ਜਿਵੇਂ ਰਬਾਬ ਰੂਪ ਹੀ ਹੋ ਗਏ ਸਨ। ਮਰਦਾਨਾ ਜੀ ਦੀ ਰਬਾਬ ਵਜਾਉਣ ਵਿਚ ਇਕ ਖਾਸ ਜਗ੍ਹਾ ਬਣ ਗਈ। ਜਿਹੜੀ ਧੁਨ ਉਸ ਵਿੱਚੋਂ ਨਿਕਲਦੀ ਸੀ ਇਹ ਧੁਨ ਅਨਹਦ ਦੀ ਗਤਿ ਨਾਲ ਸੁਰ ਅਭੇਦ ਹੋ ਕੇ ਵੱਜਦੀ ਸੀ।
“ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦੁ ਸਬਦ ਵਜਾਵੈ॥”
ਭਾਈ ਮਰਦਾਨਾ ਜੀ ਤੋਂ ਪਿੱਛੋਂ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇ ਦਰਬਾਰ ਵਿਚ ਭਾਈ ਮਰਦਾਨਾ ਜੀ ਦਾ ਸਪੁੱਤਰ ਭਾਈ ਸਹਿਜ਼ਾਦਾ ਜੀ ਕੀਰਤਨ ਕਰਦੇ ਰਹੇ। ਉਹ ਰਬਾਬ ਵਜਾਉਣ ਵਿਚ ਇਕ ਮਾਹਿਰ ਮਹਾਨ ਕੀਰਤਨੀਏ ਸਨ। ਉਨ੍ਹਾਂ ਤੋਂ ਪਿੱਛੋਂ ਉਨ੍ਹਾਂ ਦੇ ਖਾਨਦਾਨ ਦੇ ਦੋ ਹੋਰ ਰਬਾਬੀ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਗੁਰੂ-ਦਰਬਾਰ ਵਿਚ ਕੀਰਤਨ ਕਰਦੇ ਰਹੇ। ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਵੀ ਸਦਾ ਲਈ ਅਮਰ ਹੋ ਗਏ। ਰਬਾਬ ਅਤੇ ਗੁਰੂ ਦੀਆਂ ਸੁਰਾਂ ਦੀ ਸਾਂਝ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੇ ਵਿਚਕਾਰ ਜੀਵਨ-ਸਾਂਝ ਬਣ ਗਈ। ਗੁਰੂ ਸਾਹਿਬ ਦੇ ਸ਼ਬਦ ਦੇ ਕੀਰਤਨ ਦੀ ਗੂੰਜ ਇਸ ਸ੍ਰਿਸ਼ਟੀ ’ਤੇ ਰਹਿੰਦੀ ਦੁਨੀਆਂ ਤਕ ਗੂੰਜਦੀ ਰਹਿਣੀ ਹੈ ਤੇ ਇਸ ਦੇ ਭਾਈ ਮਰਦਾਨਾ ਜੀ ਵੀ ਸਦਾ ਅਮਰ ਰਹਿਣਗੇ। ਗੁਰੂ ਸਾਹਿਬ ਵੱਲੋਂ ਕੀਤਾ ਕੀਰਤਨ ਜੁਗ ਪਲਟਾ ਗਿਆ। ਗੁਰਮਤਿ ਸੰਗੀਤ ਦੀ ਰਬਾਬੀ ਕੀਰਤਨ ਪਰੰਪਰਾ ਵਿਚ ਜੋ ਯੋਗਦਾਨ ਭਾਈ ਮਰਦਾਨਾ ਜੀ ਨੇ ਪਾਇਆ ਉਸ ਨੂੰ ਭੁੱਲਿਆ ਨਹੀਂ ਜਾ ਸਕਦਾ। ਉਹ ਇਕ ਸ਼੍ਰੋਮਣੀ ਰਬਾਬ ਵਾਦਕ ਸਨ। ਇਸੇ ਕਰਕੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਹਮਖਿਆਲ ਅਤੇ ਹਮਸਫਰ ਬਣੇ। ਭਾਈ ਮਰਦਾਨਾ ਜੀ ਵੱਲੋਂ ਚਲਾਈ ਗੁਰਮਤਿ ਸੰਗੀਤ ਦੀ ਕੀਰਤਨ-ਪਰੰਪਰਾ ਅਨੁਸਾਰ ਅੱਜ ਵੀ ਦਰਬਾਰ ਸਾਹਿਬ ਤੋਂ ਸੰਗਤਾਂ ਰਬਾਬ, ਤਾਊਸ, ਸੁਰੰਦਾ, ਦਿਲਰੁਬਾ, ਤਾਨਪੁਰੇ ਨਾਲ ਰਾਗੀ ਰਬਾਬੀ ਕੀਰਤਨੀਆਂ ਪਾਸੋਂ ਕੀਰਤਨ ਸੁਣ ਰਹੀਆਂ ਹਨ ਅਤੇ ਇਸ ਦੇ ਨਾਲ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਗੁਰਮਤਿ ਸੰਗੀਤ ਦਾ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਅਤੇ ਤੰਤੀ ਸਾਜ਼ਾਂ ਦੀ ਵਿੱਦਿਆ ਵੀ ਦਿੱਤੀ ਜਾ ਰਹੀ ਹੈ। ‘ਘਰਿ ਘਰਿ ਅੰਦਰਿ ਧਰਮਸਾਲਾ ਹੋਵੈ ਕੀਰਤਨੁ ਸਦਾ ਵਿਸੋਆ’ ਵਾਲੀ ਬਾਤ ਗੁਰੂ-ਘਰ ਦੇ ਕੀਰਤਨੀਏ ਫਿਰ ਦੁਬਾਰਾ ਪੈਦਾ ਕਰ ਰਹੇ ਹਨ ਜਿਸ ਨਾਲ ਕੀਰਤਨ ਨਿਰਧਾਰਿਤ ਰਾਗਾਂ ਵਿਚ ਸੁਣਨਾ ਅਤੇ ਸਿਖਾਉਣਾ ਪ੍ਰਚਾਰ-ਪ੍ਰਸਾਰ ਵਿਚ ਹੈ।
ਲੇਖਕ ਬਾਰੇ
ਪ੍ਰੋਫ਼ੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ਪ੍ਰੋ. ਜਸਬੀਰ ਕੌਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%9c%e0%a8%b8%e0%a8%ac%e0%a9%80%e0%a8%b0-%e0%a8%95%e0%a9%8c%e0%a8%b0/August 1, 2008