ਸਾਰੇ ਮਨੁੱਖ ਇੱਕੋ ਜਿਹੀਆਂ ਬਿਰਤੀਆਂ, ਝੁਕਾਵਾਂ ਅਤੇ ਆਦਤਾਂ ਵਾਲੇ ਨਹੀਂ ਹੁੰਦੇ। ਉਹ ਉਕਤ ਗੁਣਾਂ ਕਰਕੇ ਕੁਝ ਖਾਸ ਕਿਸਮਾਂ ਵਿਚ ਵੰਡੇ ਜਾ ਸਕਦੇ ਹਨ। ਗੁਰਮਤਿ ਅਨੁਸਾਰ ਇਹ ਦੋ ਸ਼੍ਰੇਣੀਆਂ ਹਨ- ੳ) ਗੁਰਮੁਖ ਅਤੇ ਅ) ਮਨਮੁਖ। ਇਨ੍ਹਾਂ ਦੋਹਾਂ ਸ਼੍ਰੇਣੀਆਂ ਦੇ ਲੋਕ ਇਸ ਸੰਸਾਰ ਵਿਚ ਇਕੱਠੇ ਵਿਚਰਦੇ ਹਨ, ਕਾਰ-ਵਿਹਾਰ ਕਰਦੇ ਹਨ ਤੇ ਹੋਰ ਫੁਟਕਲ ਕ੍ਰਿਆਵਾਂ ਵਿਚ ਲੱਗੇ ਰਹਿੰਦੇ ਹਨ ਪਰੰਤੂ ਦੋਹਾਂ ਦੇ ਨਜ਼ਰੀਏ, ਵਿਹਾਰ ਅਤੇ ਕਾਰਜ ਅਲਹਿਦਾ-ਅਲਹਿਦਾ ਹਨ। ਗੁਰਬਾਣੀ ਵਿਚ ਇਨ੍ਹਾਂ ਦੋਹਾਂ ਦੀ ਸਥਿਤੀ ਸਪਸ਼ਟ ਕਰਦਿਆਂ ਕਮਲ ਅਤੇ ਡੱਡੂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਗੁਰਮੁਖ’ ਨੂੰ ਕਮਲ-ਬਿਰਤੀ ਵਾਲਾ ਅਤੇ ਮਨਮੁਖ ਨੂੰ ਡੱਡੂ ਬਿਰਤੀ ਵਾਲਾ ਕਿਹਾ ਹੈ। ਉਨ੍ਹਾਂ ਦੇ ਸ਼ਬਦ ਹਨ:
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ॥
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ॥1॥
ਦਾਦਰ ਤੂ ਕਬਹਿ ਨ ਜਾਨਸਿ ਰੇ॥
ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ॥ (ਪੰਨਾ 990)
ਭਾਈ ਨੰਦ ਲਾਲ ਜੀ ‘ਗੋਯਾ’ ਨੇ ਗੁਰਮੁਖਾਂ ਲਈ ਹੱਕ-ਪ੍ਰਸਤ ਅਤੇ ਮਨਮੁਖਾਂ ਲਈ ਖ਼ੁਦ-ਪ੍ਰਸਤ ਸ਼ਬਦ ਪ੍ਰਯੋਗ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦੋਹਾਂ ਕਿਸਮਾਂ ਦੇ ਇਨਸਾਨਾਂ ਦੀ ਪਛਾਣ ਚੰਗੀ ਤਰ੍ਹਾਂ ਸਪਸ਼ਟ ਕੀਤੀ ਹੈ।
ਹੱਕਪ੍ਰਸਤ :
‘ਗੋਯਾ’ ਜੀ ਉਨ੍ਹਾਂ ਲੋਕਾਂ ਨੂੰ ਹੱਕ-ਪ੍ਰਸਤ ਅਰਥਾਤ ਗੁਰਮੁਖ ਆਖਦੇ ਹਨ ਜੋ ਈਸ਼ਵਰ ਅਤੇ ਗੁਰੂ ਪ੍ਰਤੀ ਆਤਮ-ਸਮਰਪਣ ਕਰ ਚੁੱਕੇ ਹਨ। ਉਹ ਦੁੱਖ ਅਤੇ ਸੁਖ ਨੂੰ ਸਮ ਕਰਕੇ ਜਾਣਦੇ ਹਨ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ ਅਤੇ ਈਸ਼ਵਰੀ-ਬੰਦਗੀ ਵਿਚ ਸੁਦ੍ਰਿੜ੍ਹ ਹਨ। ਆਪ ਅਜਿਹੇ ਸ਼ਖ਼ਸਾਂ ਦੇ ਰਾਹਾਂ ਤੋਂ ਕੁਰਬਾਨ ਜਾਂਦੇ ਹਨ। ਉਹ ਉਨ੍ਹਾਂ ਦੇ ਰਾਹਾਂ ਦੀ ਧੂੜ ਨੂੰ ਅੱਖਾਂ ਦਾ ਸੁਰਮਾ ਸਮਝਦੇ ਹਨ। ਉਨ੍ਹਾਂ ਦੇ ਮੁਖੜਿਆਂ ’ਤੇ ਇਲਾਹੀ ਨੂਰ ਚਮਕਦਾ ਹੈ ਜੋ ਉਨ੍ਹਾਂ ਦੇ ਸੰਪਰਕ ਵਿਚ ਆਉਂਦਾ ਹੈ ਨੂਰ-ਓ-ਨੂਰ ਹੋ ਜਾਂਦਾ ਹੈ। ਉਹ ਦੁਨੀਆਂਦਾਰਾਂ ਦੀਆਂ ਨਿਗਾਹਾਂ ਵਿਚ ਭਿਖਾਰੀ ਨਜ਼ਰ ਆਉਂਦੇ ਹਨ ਪਰ ਇਲਾਹੀ ਖਜ਼ਾਨੇ ਦੇ ਪਾਤਸ਼ਾਹ ਹਨ। ਉਨ੍ਹਾਂ ਦੇ ਮਨ ਵਿਚ ‘ਹਉਮੈ’ ਦਾ ਰੋਗ ਨਹੀਂ ਹੁੰਦਾ। ਉਹ ਜੋ ਵੀ ਆਖਦੇ ਹਨ, ਈਸ਼ਵਰ ਦੀ ਸਿਫ਼ਤ ਸੰਬੰਧੀ ਹੀ ਆਖਦੇ ਹਨ। ਅਜਿਹੇ ਲੋਕ ਭਗਤ ਅਤੇ ਸੰਤ ਹਨ। ਉਹ ਅਜਿਹੇ ਵਣਜਾਰੇ ਹਨ ਜਿਹੜੇ ਸਿਰਫ਼ ‘ਸਤਿ’ ਦਾ ਹੀ ਵਣਜ ਕਰਦੇ ਹਨ। ‘ਗੋਯਾ’ ਦਾ ਕੌਲ ਹੈ-
ਆਂ ਰਵਾ ਬਾਸ਼ਦ ਦਿਗਰ ਮਨਜ਼ੂਰ ਨੀਸਤ
ਗ਼ਰਿ ਹਰਫ਼ਿ ਰਾਸਤੀ ਦਸਤੂਰ ਨੀਸਤ॥151॥
ਬਿਲਕੁਲ ਇਸੇ ਤਰ੍ਹਾਂ ਦਾ ਹੀ ਪ੍ਰਵਚਨ ਇਕ ਹੋਰ ਦਰਵੇਸ਼ ਕਵੀ ਦਾ ਕਥਨ ਹੈ:
ਭਾਤਾ ਨਹੀਂ ਹੈ ਵਾਇਜ਼ ਜੁਜ਼ ਦੀਦੇ ਹਕ੍ ਮੁਝੇ ਕੁਛ
ਤੁਝ ਕੋ ਰਹੇ ਮਬਾਰਕ ਹੂਰ-ਓ-ਕਸੂਰ ਤੇਰਾ।
ਗੁਰਮੁਖ ਦੀ ਕੀ ਮੰਗ ਹੁੰਦੀ ਹੈ। ਇਹ ਫ਼ਾਰਸੀ ਦੇ ਇਕ ਹੋਰ ਹਿੰਦੁਸਤਾਨੀ ਕਵੀ ਇੰਦਰਜੀਤ ਮੁਨਸ਼ੀ ਦੀ ਜ਼ਬਾਨੀ ਸੁਣੋ-
ਇਲਾਹੀ, ਬਰ ਇਲਮ ਨੂਰੇ ਸ਼ਫ਼ਾ ਬਖ਼ਸ਼
ਬ ਚਸ਼ਮ ਅਜ਼ ਖ਼ਾਕਿ ਗਹਿ ਤੂਤੀਆ ਬਖ਼ਸ਼।
ਅਰਥਾਤ (ਹੇ ਮਾਲਿਕ) ਮੇਰੇ ਦਿਲ ਨੂੰ ਨੂਰ ਨਾਲ ਸਾਫ਼ ਕਰ ਦੇ, (ਚਰਣ ਧੂੜ, ਧੂੜ ਦਾ ਅੱਖਾਂ ਵਿਚ ਠੰਡ ਪਾਉਂਦਾ ਸੁਰਮਾ ਬਖ਼ਸ਼।
ਮਨਮੁਖ :
ਮਨਮੁਖ ਉਹ ਲੋਕ ਹਨ ਜੋ ਗੁਰਮੁਖਾਂ ਨਾਲ ਰਹਿੰਦੇ, ਕਾਰ-ਵਿਹਾਰ ਕਰਦੇ, ਸ਼ਾਸਤਰ ਆਦਿ ਸੁਣਦੇ ਹਨ ਪਰੰਤੂ ਬੁਰੇ ਸੁਭਾਉ ਨੂੰ ਨਹੀਂ ਤਿਆਗਦੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਤਾਬਕ ਉਨ੍ਹਾਂ ਦੇ ਅਜਿਹੇ ਸੁਭਾਉ ਦਾ ਕਾਰਨ ਪੂਰਬਲੇ ਕਰਮ ਹੁੰਦੇ ਹਨ:
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ॥
ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ॥4॥
ਇਕਿ ਪਾਖੰਡੀ ਨਾਮਿ ਨ ਰਾਚਹਿ ਇਕ ਹਰਿ ਹਰਿ ਚਰਣੀ ਰੇ॥
ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ॥ (ਪੰਨਾ 990)
‘ਗੋਯਾ’ ਜੀ ਗੁਰੂ-ਘਰ ਦੇ ਅਨਿਨ ਸਿੱਖ ਅਤੇ ਗੁਰਬਾਣੀ ਦੇ ਢਾਡੀ ਹਨ। ਇਸ ਲਈ ਮਨਮੁਖਾਂ ਨੂੰ ਉਨ੍ਹਾਂ ਨੇ ਵੀ ਗੁਰਬਾਣੀ ਵਾਂਗ ਹੀ ਚਿਤ੍ਰਿਆ ਹੈ, ਜਿਵੇਂ:
ਖ਼ੁਦ-ਪ੍ਰਸਤੀ ਕਤਰਾਇ ਨਾਪਾਕਿ ਤੂ ਆਂ ਕਿ ਜਾ ਕਰਦਾ ਬ-ਮੁਸ਼ਤਿ ਖ਼ਾਕ ਤੂ॥52॥
ਅਰਥਾਤ ‘ਹਉਮੈ’ ਦੇ ਗੰਦੇ ਤੁਪਕੇ ਨੇ ਖੁਦਾਪ੍ਰਸਤਾਂ ਦੀ ਮਿੱਟੀ (ਦੇਹ) ਵਿਚ ਥਾਂ ਬਣਾ ਲਈ ਹੋਈ ਹੈ।
ਇਹ ਹਉਮੈ ਹੀ ਉਨ੍ਹਾਂ ਦੀ ਮੂਰਖਤਾ ਦੀ ਖਾਸ ਨਿਸ਼ਾਨੀ ਹੈ। ਇਸੇ ਲਈ ਉਹ ਈਸ਼ਵਰ ਅਤੇ ਗੁਰੂ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਉਹ ਸਿਆਣੇ ਕਿਵੇਂ ਹੋ ਸਕਦੇ ਹਨ ਜਿਹੜੇ ਈਸ਼ਵਰ ਤੋਂ ਗ਼ਾਫ਼ਿਲ ਹਨ? ਉਹ ਤਾਂ ਮੂਰਖ ਜਾਂ ਉਜੱਡ ਹੀ ਹੋ ਸਕਦੇ ਹਨ। ਗੋਯਾ ਜੀ ਉਨ੍ਹਾਂ ਨੂੰ ‘ਖੋਤੇ’ ਜਾਂ ਢੱਗੇ (ਬੈਲ) ਆਖਦੇ ਹਨ। ਰੱਬ ਤੋਂ ਗ਼ਾਫ਼ਿਲ ਹੋਣਾ ਸਾਡੇ ਸ਼ਾਇਰ ਦੀਆਂ ਨਜ਼ਰਾਂ ਵਿਚ ਕੁਫ਼ਰ ਹੈ:
ਕੁਫਰ ਬਾਸ਼ਦ ਅਜ਼ ਖ਼ੁਦਾ ਗ਼ਾਫ਼ਿਲ ਸ਼ੁਦਨ ਬਰ ਲਿਬਾਸਿ ਦੁਨਯਵੀ ਮਾਇਲ ਸ਼ੁਦਨ।
ਭਾਵ ਰੱਬ ਤੋਂ ਬੇਮੁਖ ਹੋਣਾ ਅਤੇ ਸੰਸਾਰੀ ਭੇਖ ਉੱਪਰ ਮੋਹਿਤ ਹੋਣਾ ਕੁਫ਼ਰ ਦੇ ਤੁਲ ਹੈ। ਇਹੋ ਵਜ੍ਹਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਹੌਲੇ ਗਿਣਦੇ ਹਨ:
ਈਂ ਲਿਬਾਸਿ ਦੁਨਯਵੀ ਫ਼ਾਨੀ ਬਵਦ ਬਰ ਖ਼ੁਦਾ ਵੰਦੀਸ਼ ਅਰਜ਼ਾਨੀ ਬਵਦ॥40॥
ਅਰਥਾਤ ਸੰਸਾਰ ਦੇ ਰੰਗ-ਰਸ ਅਤੇ ਭੋਗਾਂ ਵਾਲਾ ਜੀਵਨ ਨਾਸ਼ਵਾਨ ਹੈ। ਇਸ ਦੀ ਮਾਲਕੀ ਅਤੇ ਪਿਆਰ ਵਾਲਾ ਬੰਦਾ ਹੌਲਾ ਹੈ।
ਜੀਵਨ-ਮੁਕਤ:
ਗੁਰਮਤਿ ਅਨੁਸਾਰ ਇਹ ਜੱਗ ਸੱਚੇ ਈਸ਼ਵਰ ਦਾ ਗ੍ਰਹਿ ਹੈ। ਇਸ ਲਈ ਗੁਰਮੁਖ-ਲੋਕ ਮੁਕਤੀ ਹਾਸਲ ਕਰਨ ਲਈ ਜੰਗਲ-ਜੰਗਲ ਨਹੀਂ ਘੁੰਮਦੇ। ਉਹ ਜਗਤ ਵਿਚ ਵਿਚਰਦੇ ਹਨ, ਹੱਸਦੇ, ਖੇਡਦੇ ਅਤੇ ਖਾਂਦੇ-ਪੀਂਦੇ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਗੁਰਮੁਖ ਦੁਨੀਆਂ ਤੋਂ ਦੌੜਦਾ ਨਹੀਂ। ਉਹ ਜਗਤ ਵਿਚ ਰਹਿੰਦਿਆਂ ਹੋਇਆਂ ਕਲਿਆਣਕਾਰੀ ਕਾਰਜਾਂ ਵਿਚ ਲੱਗਾ ਰਹਿੰਦਾ ਹੈ। ਉਹ ਮਿੱਟੀ ਦੀ ਮੁੱਠੀ ਸਰੀਰ ਨੂੰ ਹੱਡ-ਮਾਸ ਅਤੇ ਇੰਦਰੀਆਂ ਦਾ ਢਾਂਚਾ ਨਹੀਂ ਕਹਿੰਦਾ। ਜਗਤ ਦੇ ਖੇਲ-ਤਮਾਸ਼ੇ ਉਸ ਦੇ ਸਾਹਮਣੇ ਹੁੰਦੇ ਰਹਿੰਦੇ ਹਨ ਪਰੰਤੂ ਉਹ ਸੰਜਮ ਅਨੁਸਾਰ ਚੱਲਦਾ ਹੈ ਅਤੇ ਉਨ੍ਹਾਂ ਕੰਮਾਂ ਵਿਚ ਨਹੀਂ ਫਸਦਾ ਜੋ ਇਕ ਗੁਰਮੁਖ ਲਈ ਸ਼ੋਭਾ ਵਾਲੇ ਨਹੀਂ ਹੁੰਦੇ। ਨਾ ਹੀ ਉਸ ਦੇ ਮਨ ਵਿਚ ਇਨ੍ਹਾਂ ਦੁਨਿਆਵੀ ਝਮੇਲਿਆਂ ਵਿਚ ਫਸਣ ਦੀ ਕਦੀ ਖਾਹਿਸ਼ ਰਹਿੰਦੀ ਹੈ। ਉਹ ਗੁਰੂ-ਆਸ਼ੇ ਅਨੁਸਾਰ ਜੀਵਨ ਜਿਊਂਦਾ ਹੈ ਅਤੇ ਜਗਤ ਵਿਚ ਰਹਿੰਦਿਆਂ ਹੀ ਮੁਕਤੀ ਹਾਸਲ ਕਰ ਲੈਂਦਾ ਹੈ। ਗੁਰਬਾਣੀ ਵਿਚ ਅਜਿਹੇ ਵਿਅਕਤੀ ਨੂੰ ਜੀਵਨ-ਮੁਕਤ ਕਿਹਾ ਹੈ। ਉਹ ਹਉਮੈ ਦਾ ਤਿਆਗ ਕਰ ਦਿੰਦਾ ਹੈ, ਸੱਚੀ ਰਹਿਣੀ ਰਹਿੰਦਾ ਹੈ ਅਤੇ ਮਨ ਵਿਚ ਪ੍ਰਭੂ ਦੇ ਨਾਮ ਨੂੰ ਵਸਾਉਂਦਾ ਹੈ। ਉਹ ਜਲ ਵਿਚ ਰਹਿੰਦੇ ਕਮਲ ਵਾਂਗ ਨਿਰਲਿਪਤ ਹੈ। ਉਹ ਇਸ ਦੁਤਰ ਸਾਗਰ ਨੂੰ ਸਹਿਜੇ ਹੀ ਤਰ ਲੈਂਦਾ ਹੈ।
ਸਪਸ਼ਟ ਹੈ ਕਿ ਜੀਵਨ-ਮੁਕਤ ਅਜਿਹਾ ਵਿਅਕਤੀ ਹੈ ਜਿਸ ਦੇ ਦਰਮਿਆਨ ਕੂੜਿਆਰਤਾ ਦਾ ਪੜਦਾ ਦੂਰ ਹੋ ਚੁੱਕਾ ਹੈ ਅਤੇ ਜਿਸ ਨੇ ਜੀਵਨ-ਦਾਤੇ ਪ੍ਰਭੂ ਦੇ ਦਰਸ਼ਨ ਸਾਕਾਰ ਕਰ ਲਏ ਹਨ। ਉਹ ਗੁਰੂ ਅਤੇ ਈਸ਼ਵਰ ਦੀ ਸੰਗਤ ਦਾ ਰਸ ਮਾਣਦਾ ਹੈ। ਅਜਿਹਾ ਪੁਰਖ ਸਹੀ ਅਰਥਾਂ ਵਿਚ ਇਕ ਆਦਰਸ਼ ਪੁਰਖ ਹੁੰਦਾ ਹੈ।
ਗੋਯਾ ਜੀ ਨੇ ਕਈ ਜਗ੍ਹਾ ‘ਜੀਵਨ-ਮੁਕਤ’ ਵਿਅਕਤੀ ਸੰਬੰਧੀ ਸੰਕੇਤ ਦਿੱਤੇ ਹਨ:
ਫ਼ਿਰਕ-ਇ ਨਾਜ਼ੀ ਬਿਦਾਂ ਬੇ-ਇਸ਼ਤਬਾਹ ਹਸਤ ਹਫ਼ਤਾਦੋ ਦੋ ਮਿੱਲਤ ਰਾ ਪਨਾਹ॥86॥
ਅਰਥਾਤ ਨਾਜ਼ੀ (ਜੀਵਨ-ਮੁਕਤ) ਫਿਰਕੇ ਨੂੰ ਤੂੰ ਬਿਨਾਂ ਕਿਸੇ ਸ਼ੱਕ ਦੇ ਬਹੁਤ ਸਾਰੇ ਫ਼ਿਰਕਿਆਂ ਦੀ ਪਨਾਹ ਸਮਝ। ਅਜਿਹਾ ਵਿਅਕਤੀ ਅਸਲ ਖ਼ਜ਼ਾਨੇ ਨੂੰ ਹਾਸਲ ਕਰ ਲੈਂਦਾ ਹੈ। ਉਹ ਦੁਨਿਆਵੀ ਫ਼ਿਕਰਾਂ, ਚਿੰਤਾਵਾਂ ਅਤੇ ਝੋਰਿਆਂ ਦੀ ਪਰਵਾਹ ਨਹੀਂ ਸਮਝਦਾ–
ਗੰਜ ਰਾ ਚੂੰ ਯਾਫ਼ਤਾ ਜੋਯਾਇ ਗੰਜ ਗਸ਼ਤ ਫ਼ਾਰਿਗ ਅਜ਼ ਹਮਾ ਤਸ਼ਵੀਸ਼ੋ ਰੰਜ॥170॥
ਕਾਰਸ਼ ਅਜ਼ ਗਰਦੂਨਿ ਗਰਦਾਂ ਦਰ ਗੁਜ਼ਸ਼ਤ ਬਰ ਸਰਿ ਦੁਨੀਆ ਚੂ ਮਰਦਾਂ ਦਰ ਗੁਜ਼ਸ਼ਤ॥200॥
ਅਰਥਾਤ ਅਜਿਹੇ ਇਨਸਾਨਾਂ ਦਾ ਘੁੰਮਦੇ ਹੋਏ ਅਸਮਾਨ ਨਾਲੋਂ ਵਾਸਤਾ ਟੁੱਟ ਗਿਆ। ਜਗਿਆਸੂਆਂ ਵਾਂਗ ਉਹ ਇਸ ਸੰਸਾਰ ਤੋਂ ਵਿਰਕਤ ਹੋ ਗਿਆ। ਇਕ ਜਗ੍ਹਾ ਆਇਆ ਹੈ ਕਿ ਰੱਬ ਦੇ ਬੰਦਿਆਂ ਦੀ ਰਹੁ-ਰੀਤ ਇਹੋ ਹੁੰਦੀ ਹੈ ਕਿ ਉਹ ਜਨਮ-ਮਰਨ ਦੀ ਕੈਦ ਤੋਂ ਸਦਾ ਮੁਕਤ ਰਹਿੰਦੇ ਹਨ:
ਰਸਮਿ ਮਰਦਾਨਿ ਖ਼ੁਦਾ ਦਾਨੀ ਕਿ ਚੀਸਤ
ਫ਼ਾਰਿਗ਼ ਅੰਦ ਅਜ਼ ਕੈਦਹਾਇ ਮਰਜੋ ਜ਼ੀਸਤ॥268॥
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ