editor@sikharchives.org
Bhat Banikar

ਭੱਟ ਬਾਣੀਕਾਰ

ਜਦੋਂ ਭੱਟ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚ ਗਏ ਤਾਂ ਇਥੇ ਆ ਕੇ ਉਨ੍ਹਾਂ ਦੀ ਸਾਰੀ ਅਧਿਆਤਮਿਕ ਜਗਿਆਸਾ ਖਤਮ ਹੋ ਗਈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭੱਟ ਆਪਣੇ ਸਮੇਂ ਦੇ ਵਿਦਵਾਨ ਸਨ ਜੋ ਸੂਰਵੀਰ ਯੋਧਿਆਂ ਦੀਆਂ ਵਿਸ਼ੇਸ਼ ਗਾਥਾਵਾਂ ਲਿਖਦੇ ਅਤੇ ਮਹਾਰਾਜਿਆਂ ਦੀਆਂ ਉਪਮਾਵਾਂ ਵਿਚ ਕਵਿਤਾ ਲਿਖ ਕੇ ਸ਼ਾਹੀ ਦਰਬਾਰ ਵਿਚ ਗਾਇਨ ਕਰਿਆ ਕਰਦੇ ਸਨ। ਇਹ ਲੋਕ ਕੁਲ ਪ੍ਰੰਪਰਾ ਤੋਂ ਰਾਜਿਆਂ ਅਥਵਾ ਕੁਲੀਨ ਪੁਰਸ਼ਾਂ ਦੀ ਉਸਤਤਿ ਅਤੇ ਉਨ੍ਹਾਂ ਦੇ ਖਾਨਦਾਨ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਭੱਟਾਛਰੀ ਭਾਸ਼ਾ ਵਿਚ ਲਿਖ ਕੇ ਵਹੀਆਂ ਦੀ ਸੰਭਾਲ ਕਰਦੇ ਸਨ। ‘ਭੱਟ’ ਸ਼ਬਦ ਦੇ ਅਰਥ ਵੱਖ-ਵੱਖ ਕੋਸ਼ਾਂ ਵਿਚ ਵੱਖ-ਵੱਖ ਦਿੱਤੇ ਗਏ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ‘ਭੱਟ’ ਦੇ ਅਰਥ “ਉਸਤਤਿ ਪੜ੍ਹਨ ਵਾਲਾ ਕਵਿ” ਰਾਜ ਦਰਵਾਰ ਵਿਚ ਯੋਧਿਆਂ ਅਤੇ ਰਾਜਿਆਂ ਦਾ ਯਸ਼ ਕਹਿਣ ਵਾਲਾ ਪੰਡਤ ਆਦਿ ਕੀਤੇ ਹਨ। ਪੰਡਿਤ ਤਾਰਾ ਸਿੰਘ ਨਰੋਤਮ ਜੀ ਦੇ ‘ਗੁਰੂ ਗਿਰਾਰਥ ਕੋਸ਼’ ਅਨੁਸਾਰ “ਭੱਟ ਪੰਡਿਤ ਸਵਾਮੀਪੁਨਾ ਉਸਤਤਿ ਕਰ ਕੇ ਅਜੀਵਕਾ ਕਮਾਉਣ ਵਾਲਾ ਬੰਦੀਜਨ” ਹੈ। ਗਿਆਨੀ ਹਜਾਰਾ ਸਿੰਘ ‘ਸ੍ਰੀ ਗੁਰੂ ਗ੍ਰੰਥ ਕੋਸ਼’ ਵਿਚ ਲਿਖਦੇ ਹਨ ਕਿ ਇਹ ਸਤਿਕਾਰਤ ਖਿਤਾਬ ਪਹਿਲਾਂ ਸਾਹਿਬਜ਼ਾਦਿਆਂ ਤੇ ਫੇਰ ਬੜੇ-ਬੜੇ ਵਿਦਵਾਨਾਂ ਨੂੰ ਦਿੱਤਾ ਜਾਂਦਾ ਸੀ। ਫੇਰ ਉਨ੍ਹਾਂ ਮਹਾਂਕਵੀਆਂ ਦਾ ਨਾਮ ਹੋ ਗਿਆ ਜੋ ਕੀਰਤਨ ਉਚਾਰਦੇ ਸਨ।ਗਿਆਨੀ ਗੁਰਦਿੱਤ ਸਿੰਘ ਅਨੁਸਾਰ “ਪੰਜਾਬ ਦੇ ਭੱਟ ਸਾਸ਼ਤ ਬ੍ਰਹਮਣ ਜਾਤੀ ਦੇ ਹਨ। ਇਹ ਆਪਣੀ ਉਤਪਤੀ ਕੋਸ਼ਿਸ਼ ਰਿਸ਼ੀ ਤੋਂ ਹੋਈ ਮੰਨਦੇ ਹਨ। ਕਥਿਤ ਉੱਚੀਆਂ ਜਾਤਾਂ ਦੇ ਬ੍ਰਾਹਮਣਾਂ ਵੱਲੋਂ ਭੱਟਾਂ ਨੂੰ ਕਥਿਤ ਨੀਵੀਂ ਜਾਤੀ ਦੇ ਬ੍ਰਾਹਮਣ ਮੰਨਿਆ ਜਾਂਦਾ ਹੈ। ਕਿਸੇ ਵੇਲੇ ਇਹ ਲੋਕ ਸਰਸਵਤੀ ਨਦੀ ਦੇ ਕਿਨਾਰੇ ਵੱਸਦੇ ਸਨ, ਜੋ ਨਦੀ ਪਹਿਲਾਂ ਪਿਹੋਵਾ, ਜ਼ਿਲ੍ਹਾ ਕਰਨਾਲ ਦੇ ਲਾਗਿਓਂ ਵਗਦੀ ਸੀ। ਜਿਹੜੇ ਭੱਟ ਨਦੀ ਦੇ ਉਰਲੇ ਕਿਨਾਰੇ ਵੱਸਦੇ ਸਨ, ਉਹ  ਸਾਰਸੁਤ  ਤੇ  ਜਿਹੜੇ  ਪਰਲੇ  ਕਿਨਾਰੇ  ਵੱਸਦੇ  ਸਨ,  ਉਹ  ਗੌੜ  ਅਖਵਾਉਣ  ਲੱਗ ਪਏ।” ਅੱਜ ਵੀ ਇਨ੍ਹਾਂ ਦੇ ਬਹੁਤ ਸਾਰੇ ਖਾਨਦਾਨ ਜੀਂਦ ਅਤੇ ਪਹੇਵੇ ਦੇ ਵਿਚਲੇ ਇਲਾਕੇ ਵਿਚ ਰਹਿੰਦੇ ਹਨ। ਕੁਝ ਖਾਨਦਾਨ ਇਥੋਂ ਉੱਠ ਕੇ ਜਮੁਨਾ ਪਾਰ ਉੱਤਰ ਪ੍ਰਦੇਸ਼ ਦੀ ਪੱਛਮੀ ਸੀਮਾ ਦੇ ਨੇੜੇ ਜਾ ਵੱਸੇ ਹਨ।

ਭੱਟ ਲੋਕ ਜ਼ਿਆਦਾਤਰ ਰਾਜਪੂਤ ਜਾਤੀਆਂ ਚੌਹਾਨ, ਪਵਾਰ, ਰਾਠੌਰ, ਤਮੂਰ, ਜਾਦੋ ਆਦਿ ਦੀ ਪ੍ਰੋਹਤੀ ਦਾ ਕੰਮ ਕਰਦੇ ਸਨ। ਪ੍ਰੋਹਤੀ ਦਾ ਕਾਰਜ ਨਿਭਾਉਣ ਕਾਰਨ ਅਖੋਤੀ ਬ੍ਰਾਹਮਣ ਇਨ੍ਹਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਣ ਲੱਗ ਪਏ ਸਨ। ਭੱਟ ਪਰਵਾਰ ਰਾਜਪੂਤ ਘਰਾਣਿਆਂ ਵਿਚ ਖੁਸ਼ੀ ਗਮੀ ਦੇ ਮੌਕੇ ’ਤੇ ਜਾ ਕੇ ਉਨ੍ਹਾਂ ਦੇ ਖਾਨਦਾਨ ਵਿਚ ਕੀਤੀ ਗਈ ਕੋਈ ਸੂਰਮਗਤੀ ਦੀ ਘਟਨਾ ਨੂੰ ਪੀੜ੍ਹੀ-ਦਰ-ਪੀੜ੍ਹੀ ਕਾਵਿ ਰੂਪ ਵਿਚ ਸੁਣਾ ਕੇ ਸੰਬੰਧਿਤ ਪਰਵਾਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਸਨ। ਇਹ ਲੋਕ ਹਰ ਖੁਸ਼ੀ ਗਮੀ ਦੀ ਘਟਨਾ ਨੂੰ ਸੰਨ ਸੰਮਤ ਅਨੁਸਾਰ ਆਪਣੀਆਂ ਵਹੀਆਂ ਵਿਚ ਦਰਜ ਕਰਦੇ ਅਤੇ ਪੀੜ੍ਹੀ-ਦਰ-ਪੀੜ੍ਹੀ ਸਾਂਭ ਕੇ ਰੱਖਦੇ ਸਨ। ਅੱਜ ਵੀ ਇਨ੍ਹਾਂ ਦੁਆਰਾ ਲਿਖੀਆਂ ਵਹੀਆਂ ਤੋਂ ਕਈ ਮਹੱਤਵਪੂਰਨ ਘਟਨਾਵਾਂ ਦਾ ਪਤਾ ਲੱਗ ਜਾਂਦਾ ਹੈ।

ਭੱਟ ਵਹੀਆਂ ਦੇ ਆਧਾਰ ’ਤੇ ਇਨ੍ਹਾਂ ਦੀ ਬੰਸਾਵਲੀ ਭਗੀਰਥ ਨਾਂ ਦੇ ਭੱਟ ਤੋਂ ਸ਼ੁਰੂ ਹੁੰਦੀ ਹੈ। ਇਸੇ ਭਗੀਰਥ ਦੀ ਨੌਵੀਂ ਪੀੜ੍ਹੀ ਵਿਚ ਰਈਆ ਨਾਂ ਦਾ ਇਕ ਭੱਟ ਹੋਇਆ ਜਿਸ ਦੇ ਛੇ ਸਪੁੱਤਰ- ਭਿਖਾ ਜੀ, ਸੇਖਾ ਜੀ, ਤੋਖਾ ਜੀ, ਗੋਖਾ ਜੀ, ਚੋਖਾ ਜੀ ਅਤੇ ਠੋਡਾ ਜੀ ਸਨ। ਇਨ੍ਹਾਂ ਵਿੱਚੋਂ ਭਿਖਾ ਜੀ ਦੇ ਤਿੰਨ ਸਪੁੱਤਰ-  ਮਥਰਾ ਜੀ, ਜਾਲਪ ਜੀ ਤੇ ਕੀਰਤ ਜੀ ਸਨ। ਭੱਟ ਬਾਣੀਕਾਰਾਂ ਵਿੱਚੋਂ ਬਲ੍ਹ ਜੀ, ਹਰਿਬੰਸ ਜੀ, ਕਲਸਹਾਰ ਜੀ, ਅਤੇ ਗਯੰਦ (ਪਰਮਾਨੰਦ) ਜੀ ਭਿਖਾ ਜੀ ਦੇ ਭਤੀਜੇ ਸਨ। ਇਹ ਸਾਰੇ ਪਿੰਡ-ਪਿੰਡ ਘੁੰਮ ਕੇ ਆਤਮ ਅਨੰਦ ਦੀ ਖੋਜ ਕਰਦੇ ਸਨ। ਅਨੇਕ ਸਥਾਨਾਂ ’ਤੇ ਜਾ ਕੇ ਵੀ ਇਨ੍ਹਾਂ ਦੀ ਜਗਿਆਸਾ ਸ਼ਾਂਤ ਨਹੀਂ ਹੋਈ ਪਰੰਤੂ ਜਦੋਂ ਇਹ ਖੋਜਦੇ-ਖੋਜਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਤੱਖ ਫਲਦੇ-ਫੁਲਦੇ ਦੇਖਿਆ ਤਾਂ ਇਨ੍ਹਾਂ ਦੇ ਸਾਰੇ ਸ਼ੰਕੇ ਦੂਰ ਹੋ ਗਏ ਅਤੇ ਇਨ੍ਹਾਂ ਨੇ ਆਤਮ ਅਨੰਦ ਦੀ ਪ੍ਰਾਪਤੀ ਕੀਤੀ। ਭੱਟ ਭਿਖਾ ਜੀ ਇਸ ਅਨੁਭਵ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ:

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥ (ਪੰਨਾ 1395-96)

ਜਦੋਂ ਭੱਟ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚ ਗਏ ਤਾਂ ਇਥੇ ਆ ਕੇ ਉਨ੍ਹਾਂ ਦੀ ਸਾਰੀ ਅਧਿਆਤਮਿਕ ਜਗਿਆਸਾ ਖਤਮ ਹੋ ਗਈ। ਇਹ ਸਭ ਕੁਝ ਤਾਂ ਹੀ ਹੋ ਸਕਿਆ ਜਦੋਂ ਉਨ੍ਹਾਂ ’ਤੇ ਅਕਾਲ ਪੁਰਖ ਦੀ ਕਿਰਪਾ ਹੋਈ:

ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛਤਾਯਉ॥
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥
ਜਪ੍ਹਉ ਜਿਨ੍‍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥ (ਪੰਨਾ 1409)

ਇਕ ਅਨੁਮਾਨ ਅਨੁਸਾਰ ਇਹ ਭੱਟ ਸਾਹਿਬਾਨ ਸੰਨ 1581 ਈ. ਵਿਚ ਭੱਟ ਕਲਸਹਾਰ ਜੀ ਦੀ ਅਗਵਾਈ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਸਮੇਂ ਗੋਇੰਦਵਾਲ ਸਾਹਿਬ ਵਿਖੇ ਆਏ ਸਨ। ਇਸ ਸਮੇਂ ’ਤੇ ਦੂਰੋਂ-ਦੂਰੋਂ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਪਹੁੰਚੀਆਂ ਹੋਈਆਂ ਸਨ। ਭੱਟ ਸਾਹਿਬਾਨ ਨੇ ਇਸ ਸਮੇਂ ’ਤੇ ਪਹੁੰਚ ਕੇ ਸਵੱਈਏ ਦਾ ਉਚਾਰਨ ਕੀਤਾ ਜਿਸ ਦੀ ਪੁਸ਼ਟੀ ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਹੀ ਹੋ ਜਾਂਦੀ ਹੈ। ਆਪਣੀ ਕੁਲ-ਪ੍ਰੰਪਰਾ ਅਨੁਸਾਰ ਇਹ ਭੱਟ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਵਾਰ ਅਤੇ ਪ੍ਰਮੁੱਖ ਸਿੱਖਾਂ ਦੀਆਂ ਮੁੱਖ ਘਟਨਾਵਾਂ ਅਤੇ ਲੋੜੀਂਦੀ ਜਾਣਕਾਰੀ ਆਪਣੀਆਂ ਭੱਟ-ਵਹੀਆਂ ਵਿਚ ਦਰਜ ਕਰਦੇ ਰਹੇ ਹਨ। ਇਸ ਜਾਣਕਾਰੀ ਸਬੰਧੀ ਕੁਝ ਘਟਨਾਵਾਂ ਦੇ ਭੱਟ ਸਾਹਿਬਾਨ ਖੁਦ ਸਾਖੀ ਹੁੰਦੇ ਸਨ ਅਤੇ ਕੁਝ ਘਟਨਾਵਾਂ ਬਾਰੇ ਜਾਣਕਾਰੀ ਸੁਣੀ-ਸੁਣਾਈ ਹੁੰਦੀ ਸੀ। ਇਸ ਲਈ ਇਨ੍ਹਾਂ ਵਹੀਆਂ ਵਿਚ ਪ੍ਰਾਪਤ ਸਾਰੀ ਦੀ ਸਾਰੀ ਜਾਣਕਾਰੀ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਹੈ। ਪਰ ਜੋ ਜਾਣਕਾਰੀ ਭੱਟ ਸਾਹਿਬਾਨ ਨੇ ਖੁਦ ਦੇਖ ਕੇ ਲਿਖੀ ਹੈ ਉਹ ਇਤਿਹਾਸ ਦਾ ਇਕ ਬਹੁਤ ਪ੍ਰਮੁੱਖ ਪ੍ਰਮਾਣਿਤ ਸ੍ਰੋਤ ਹੈ। ਇਨ੍ਹਾਂ ਵਹੀਆਂ ਨੂੰ ਲੱਭਣ ਦਾ ਕਠਿਨ ਕੰਮ ਭਾਈ ਗਰਜਾ ਸਿੰਘ ਨੇ ਕੀਤਾ ਸੀ ਜਿਸ ਦੇ ਗੁਰਮੁਖੀ ਵਿਚ ਉਤਾਰੇ ਵੀ ਕੀਤੇ ਗਏ ਸਨ। ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਕਰਵਾ ਕੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗਿਆਰਾਂ ਭੱਟ ਬਾਣੀਕਾਰਾਂ ਦੇ 123 ਸਵੱਈਏ ਦਰਜ ਕੀਤੇ ਜੋ ਦਮਦਮੀ ਬੀੜ ਦੇ ਪਾਵਨ ਸਰੂਪ ਵਿਚ ਪੰਨਾ 1389 ਤੋਂ 1409 ਤੱਕ ਦਰਜ ਮਿਲਦੇ ਹਨ। ਗੁਰੂ ਸਾਹਿਬ ਜੀ ਨੇ ਭੱਟ ਸਾਹਿਬਾਨ ਦੀ ਬਾਣੀ ਦਰਜ ਕਰਕੇ ਇਨ੍ਹਾਂ ਨੂੰ ਸਦਾ-ਸਦਾ ਲਈ ਅਮਰ ਕਰ ਦਿੱਤਾ।

ਭੱਟ ਕਲਸਹਾਰ ਜੀ: ਭੱਟ ਕਲਸਹਾਰ ਜੀ ਦੇ ਪਿਤਾ ਜੀ ਦਾ ਨਾਂ ਭੱਟ ਚੋਖਾ ਜੀ ਸੀ ਜੋ ਭੱਟ ਭਿਖਾ ਜੀ ਦੇ ਛੋਟੇ ਭਰਾ ਸਨ। ਭੱਟ ਗਯੰਦ ਜੀ ਆਪ ਜੀ ਦੇ ਭਰਾ ਸਨ। ਕਈ ਸਵੱਈਆਂ ਵਿਚ ਆਪ ਜੀ ਦਾ ਨਾਂ ਕਲ੍ਹਸਹਾਰ ਦੀ ਥਾਂ ’ਤੇ ਉਪਨਾਮ ਟਲ ਜਾਂ ਕਲ੍ਹ ਵੀ ਵਰਤਿਆ ਗਿਆ ਹੈ। ਭੱਟ ਬਾਣੀਕਾਰਾਂ ਵਿੱਚੋਂ ਭੱਟ ਕਲਸਹਾਰ ਜੀ ਨੇ ਸਭ ਤੋਂ ਵੱਧ ਬਾਣੀ ਉਚਾਰਨ ਕੀਤੀ ਹੈ। ਭੱਟ ਕਲਸਹਾਰ ਜੀ ਨੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਸਵੱਈਏ ਉਚਾਰਨ ਕੀਤੇ ਹਨ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿਚ 10 ਸਵੱਈਆਂ ਦਾ ਉਚਾਰਨ ਕੀਤਾ ਹੈ ਜਿਨ੍ਹਾਂ ਵਿੱਚੋਂ 5 ਸਵੱਈਏ ਚਾਰ-ਚਾਰ ਤੁਕਾਂ ਵਾਲੇ ਅਤੇ ਪੰਜ ਛੇ-ਛੇ ਤੁਕਾਂ ਵਾਲੇ ਹਨ। ਭੱਟ ਕਲਸਹਾਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਕਰਦੇ ਹੋਏ ਬਿਆਨ ਕਰਦੇ ਹਨ:

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥ (ਪੰਨਾ 1390)

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਵੀ ਭੱਟ ਕਲਸਹਾਰ ਜੀ ਨੇ 10 ਸਵੱਈਆਂ ਦਾ ਉਚਾਰਨ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਸਵੱਈਏ ਚਾਰ-ਚਾਰ ਤੁਕਾਂ ਵਾਲੇ ਅਤੇ ਪੰਜ ਸਵੱਈਏ ਛੇ-ਛੇ ਤੁਕਾਂ ਵਾਲੇ ਅਤੇ ਇਕ ਸਵੱਈਆਂ ਸੱਤ ਤੁਕਾਂ ਵਾਲਾ ਹੈ। ਭੱਟ ਕਲਸਹਾਰ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਉਸਤਤਿ ਕਰਦੇ ਹੋਏ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਮਹਾਨ ਗੁਰੂ ਦੀ ਚਰਨ-ਛੋਹ ਪ੍ਰਾਪਤ ਕਰਨ ਨਾਲ ਜਨਮ-ਮਰਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ:

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ॥ (ਪੰਨਾ 1392)

ਭੱਟ ਕਲਸਹਾਰ  ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ  ਉਸਤਤਿ ਵਿਚ 9 ਸਵੱਈਏ ਉਚਾਰਨ ਕੀਤੇ ਹਨ। ਇਨ੍ਹਾਂ ਸਵੱਈਆਂ ਵਿਚ ਭੱਟ ਕਲਸਹਾਰ ਜੀ ਕਹਿੰਦੇ ਹਨ ਕਿ ਉਸ ਸਦਾ ਥਿਰ ਅਕਾਲ ਪੁਰਖ ਨੂੰ ਸਿਮਰੋ ਜਿਸ ਦਾ ਇਕ ਨਾਮ ਸੰਸਾਰ ਵਿਚ ਅਟੱਲ ਹੈ, ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾਇਆ ਹੈ। ਉਸੇ ਨਾਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਨੰਦ ਲੈ ਰਹੇ ਹਨ। ਉਸੇ ਨਾਮ ਦੁਆਰਾ ਲਹਿਣਾ ਜੀ ਟਿਕ ਗਏ ਜਿਸ ਕਰਕੇ ਸਾਰੀਆਂ ਰੂਹਾਨੀ ਸ਼ਕਤੀਆਂ ਉਨ੍ਹਾਂ ਨੂੰ ਪ੍ਰਾਪਤ ਹੋ ਗਈਆਂ, ਉਸੇ ਨਾਮ ਦੀ ਬਰਕਤ ਨਾਲ ਉੱਚੀ ਬੁੱਧੀ ਦੇ ਮਾਲਕ ਸ੍ਰੀ ਗੁਰੁ ਅਮਰਦਾਸ ਜੀ ਇਸ ਦੁਨੀਆਂ ਵਿਚ ਸ਼ੋਭਾ ਪਾ ਰਹੇ ਹਨ:

ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ॥
ਉਤਰਿ ਦਖਿਣਹਿ ਪੁਬਿ ਅਰੁ ਪਸçਮਿ ਜੈ ਜੈ ਕਾਰੁ ਜਪੰਥਿ ਨਰਾ॥
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸçਮਿ ਧਰੀਆ॥
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥ (ਪੰਨਾ 1392-93)

ਭੱਟ ਕਲਸਹਾਰ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 13 ਸਵੱਈਆਂ ਦਾ ਉਚਾਰਨ ਕੀਤਾ ਹੈ। ਭੱਟ ਕਲਸਹਾਰ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦੇ ਹੋਏ ਲਿਖਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਮੈਂ ਸਦਾ ਹੀ ਨਿਰਮਲ ਗੁਣ ਗਾਉਂਦਾ ਹਾਂ ਜਿਸ ਨਾਲ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਅਨੁਭਵ ਪ੍ਰਾਪਤ ਹੋਇਆ ਹੈ। ਭੱਟ ਕਲਸਹਾਰ ਜੀ ਬਿਆਨ ਕਰਦੇ ਹਨ ਕਿ ਠਾਕੁਰ ਹਰਿਦਾਸ ਜੀ ਦੇ ਸਪੁੱਤਰ ਸ੍ਰੀ ਗੁਰੂ ਰਾਮਦਾਸ ਜੀ ਹਿਰਦੇ ਰੂਪੀ ਖਾਲੀ ਸਰੋਵਰਾਂ ਨੂੰ ਨਾਮ ਜਲ ਨਾਲ ਭਰਨ ਵਾਲੇ ਹਨ ਸ੍ਰੀ ਗੁਰੂ ਰਾਮਦਾਸ ਜੀ ਅਕਾਲ ਪੁਰਖ ਦੇ ਨਾਮ ਦੇ ਰਸੀਆ, ਗੋਬਿੰਦ ਦੇ ਗੁਣਾਂ ਦੇ ਗਾਹਕ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲੇ ਅਤੇ ਸਮਦ੍ਰਿਸ਼ਟਾ ਦੇ ਸਰੋਵਰ ਹਨ:

ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ॥
ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ 1396)

ਭੱਟ ਕਲਸਹਾਰ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉਸਤਤਿ ਵਿਚ 12 ਸਵੱਈਆਂ ਦਾ ਉਚਾਰਨ ਕੀਤਾ ਹੈ।ਆਪਣੇ ਸਵੱਈਆਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੀਰਜ ਨੂੰ ਧਰਮ ਬਣਾਇਆ ਹੈ, ਗੁਰੂ ਜੀ ਗੁਰਮਤਿ ਦੀ ਬੜੀ ਡੂੰਘੀ ਜਾਣਕਾਰੀ ਰੱਖਦੇ ਹਨ, ਗੁਰੂ ਜੀ ਪਰਾਏ ਦੁੱਖ ਨੂੰ ਦੂਰ ਕਰਨ ਵਾਲੇ ਹਨ ਅਤੇ ਉਦਾਰਚਿਤ ਹਨ। ਹਰੀ ਦਾ ਨਾਮ ਅਤੇ ਨੌਂ ਨਿਧੀਆਂ ਗੁਰੂ ਜੀ ਦੇ ਭੰਡਾਰੇ ਵਿੱਚੋਂ ਕਦੀ ਵੀ ਖਤਮ ਨਹੀਂ ਹੁੰਦੀਆਂ:

ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ॥
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ॥
ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ॥
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ॥
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ॥
ਗੁਰ ਅਰਜੁਨ ਕਲ੍ਹੁਚਰੈ ਤੈ ਰਾਜ ਜੋਗ ਰਸੁ ਜਾਣਿਅਉ॥ (ਪੰਨਾ 1407-08)

ਭੱਟ ਜਾਲਪ ਜੀ: ਭੱਟ ਜਾਲਪ ਜੀ ਨੂੰ ਭੱਟ ਜਲ੍ਹ ਜੀ ਵੀ ਕਿਹਾ ਜਾਂਦਾ ਹੈ। ਆਪ ਭੱਟ ਭਿਖਾ ਜੀ ਦੇ ਸਪੁੱਤਰ ਸਨ। ਭੱਟ ਮਥੁਰਾ ਜੀ ਅਤੇ ਭੱਟ ਕੀਰਤ ਜੀ ਆਪ ਜੀ ਦੇ ਭਰਾ ਸਨ। ਆਪ ਜੀ ਦੀ ਬਾਣੀ ਅਨੁਸਾਰ ਆਪ ਜੀ ਦੇ ਮਨ ਵਿਚ ਗੁਰੂ-ਘਰ ਅਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਬੜਾ ਸਤਿਕਾਰ ਸੀ ਜਿਸ ਦੀ ਸੀਮਾ ਉਲੀਕਣੀ ਮੁਸ਼ਕਿਲ ਹੈ। ਆਪ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਵਿਚ 5 ਸਵੱਈਏ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਭੱਟ ਜਾਲਪ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰ ਕੇ, ਪ੍ਰਭੂ ਦਾ ਸਿਮਰਨ ਕਰ ਕੇ ਜੀਵਨ-ਮੁਕਤ ਹੋਏ ਅਤੇ ਜੀਵਨ-ਮੁਕਤ ਹੋਣ ਦਾ ਰਾਹ ਵੀ ਦੱਸਦੇ ਹਨ। ਗੁਰੂ ਸਾਹਿਬ ਜੀ ਨੇ ਸਰੀਰ ਦੇ ਸਾਰੇ ਅੰਗਾਂ ਨੂੰ ਗੁਰੂ ਮੱਤ ਨਾਲ ਜੋੜਨ ਦਾ ਹੀ ਉਪਦੇਸ਼ ਕੀਤਾ ਹੈ। ਭੱਟ ਜਾਲਪ ਜੀ ਲਿਖਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ ਹੈ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਦੁੱਖ ਨਹੀ ਸਤਾਉਂਦੇ ਅਤੇ ਉਹ ਹਮੇਸ਼ਾ ਪ੍ਰਸੰਨ ਰਹਿੰਦੇ ਹਨ:

ਸਫਲ ਹੋਤ ਇਹ ਦੁਰਲਭ ਦੇਹੀ॥
ਜਾ ਕਉ ਸਤਿਗੁਰੁ ਮਇਆ ਕਰੇਹੀ॥
ਅਗਿਆਨ ਭਰਮੁ ਬਿਨਸੈ ਦੁਖ ਡੇਰਾ॥
ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ॥ (ਪੰਨਾ 1298-99)

ਭੱਟ ਜਾਲਪ ਜੀ ਆਪਣੀ ਬਾਣੀ ਵਿਚ ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਕਬੀਰ ਜੀ, ਭਗਤ ਪ੍ਰਹਿਲਾਦ ਜੀ ਆਦਿ ਬਾਰੇ ਪ੍ਰਭੂ ਦੀ ਭਗਤੀ ਕਰਨ ਦਾ ਜ਼ਿਕਰ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦੇ ਹੋਏ ਦਸਦੇ ਹਨ ਕਿ ਇਨ੍ਹਾਂ ਭਗਤਾਂ ਨੇ ਅਕਾਲ ਪੁਰਖ ਦੀ ਕਿਰਪਾ ਨਾਲ ਗੁਰਮਤਿ ਦਾ ਧਾਰਨ ਕਰਕੇ ਪ੍ਰੇਮਾ ਭਗਤੀ ਨਾਲ ਬਿਬੇਕ ਬੁੱਧੀ ਦੀ ਪ੍ਰਾਪਤੀ ਕੀਤੀ ਹੈ। ਭਗਤ ਕਬੀਰ ਜੀ ਨੇ ਅਕਾਲ ਪੁਰਖ ਦੀ ਅਰਾਧਨਾ ਕਰ ਕੇ ਉਸ ਨੂੰ ਪਾ ਲਿਆ ਹੈ:

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥
ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥
ਤਿਨ ਕੌ ਅਵਤਾਰੁ ਭਯਉ ਕਲਿ ਭਿੰਤਰਿ ਜਸੁ ਜਗਤ੍ਰ ਪਰਿ ਛਾਇਯਉ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥ (ਪੰਨਾ 1405)

ਭੱਟ ਕੀਰਤ ਜੀ: ਭੱਟ ਕੀਰਤ ਜੀ ਭੱਟ ਭਿਖਾ ਜੀ ਸਪੁੱਤਰ ਸਨ। ਆਪ ਜੀ ਨੇ ਬਹੁਤ ਹੀ ਦਿਲਖਿੱਚਵੇਂ ਅੰਦਾਜ਼ ਵਿਚ ਸ਼ਰਧਾਮਈ ਬਾਣੀ ਉਚਾਰਨ ਕੀਤੀ ਹੈ। ਆਪ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉਸਤਤਿ ਵਿਚ 4 ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 4 ਕੁੱਲ 8 ਸਵੱਈਏ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਭੱਟ ਕੀਰਤ ਜੀ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤਿ ਪਰਮਜੋਤਿ ਦਾ ਰੂਪ ਹੈ ਜਿਸ ਨੇ ਸ਼ਬਦ ਦੀਪਕ ਰਾਹੀਂ ਜੀਵਨ ਨੂੰ ਨੂਰੋ ਨੂਰ ਕਰ ਦਿੱਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਵਿਅਕਤਿਤਵ ਦੀ ਉਪਮਾ ਕਰਦੇ ਹੋਏ ਭੱਟ ਕੀਰਤ ਜੀ ਕਹਿੰਦੇ ਹਨ ਕਿ ਗੁਰੂ ਜੋਤਿ ਦਾ ਚੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸੁਗੰਧੀ ਵੰਡਦਾ ਆ ਰਿਹਾ ਹੈ। ਅਸੀਂ ਇਸ ਸਾਗਰ ਦੀ ਸੋਝੀ ਗੁਰੂ ਸੰਗਤ ਵਿਚ ਜਾ ਕੇ ਪਾ ਸਕਦੇ ਹਾਂ। ਆਪ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਅੰਮ੍ਰਿਤਸਰ ਦੀ ਜੰਗ ਵਿਚ ਸ਼ਾਮਲ ਹੋ ਕੇ ਜ਼ਾਲਮਾਂ ਦਾ ਸਫਾਇਆ ਕਰਦੇ ਹੋਏ ਮੁਰਤਜਾਂ ਖਾਂ ਨਾਲ ਲੜਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ।

ਭੱਟ ਕੀਰਤ ਜੀ ਦਾ ਪੜਪੋਤਾ ਭੱਟ ਨਰਬਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਨ੍ਹਾਂ ਨਾਲ ਨੰਦੇੜ ਗਿਆ ਸੀ। ਸੰਨ 1708 ਈ. ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ-ਖੰਡ ਗਮਨ ਤੋਂ ਪਹਿਲਾਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪੀ ਤਾਂ ਉਸ ਸਮੇਂ ਦਾ ਜ਼ਿਕਰ ਭੱਟ ਨਰਬਦ ਸਿੰਘ ਜੀ ਨੇ ਆਪਣੀ ਭੱਟ ਵਹੀ ਵਿਚ ਕੀਤਾ ਹੈ।

ਜਦੋਂ ਸੰਨ 1710 ਈ. ਵਿਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੱਖਾਂ ਦੇ ਕਤਲੇਆਮ ਲਈ ‘ਨਾਨਕ ਪ੍ਰਸਤਾਂ ਰਾ ਹਰ ਜਾ ਬਯਾਬੰਦ ਬਕਤਲ ਰਸਾਨਦ’ ਦਾ ਹੁਕਮ ਜਾਰੀ ਕੀਤਾ ਤਾਂ ਵੱਖ-ਵੱਖ ਪਿੰਡਾਂ ਵਿੱਚੋਂ 40 ਸਿੰਘਾਂ ਨੂੰ ਫੜ ਕੇ ਲਾਹੌਰ ਨੇੜੇ ਆਲੋਵਾਲ ਵਿਖੇ ਜਿਉਂਦਿਆਂ ਹੀ ਧਰਤੀ ਵਿਚ ਗੱਡ ਕੇ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ 3 ਸਿੰਘ ਭਾਈ ਕੇਸੋ ਸਿੰਘ ਜੀ, ਭਾਈ ਹਰੀ ਸਿੰਘ ਜੀ, ਭਾਈ ਦੇਸਾ ਸਿੰਘ ਜੀ ਭੱਟ ਕੀਰਤ ਜੀ ਦੇ ਪੋਤਰੇ ਸਨ। ਭੱਟ ਨਰਬਦ ਸਿੰਘ ਦੀ ਚੌਥੀ ਪੀੜੀ ਦੇ ਭਾਈ ਸਰੂਪ ਸਿੰਘ ਤੇ ਭਾਈ ਸੇਵਾ ਸਿੰਘ ਨੇ ਸਿੱਖ ਇਤਿਹਾਸ ਦੇ ਵੱਡਮੁਲੇ ਗ੍ਰੰਥ ਗੁਰੂ ਕੀ ਸਾਖੀਆਂ ਤੇ ਸ਼ਹੀਦ ਬਿਲਾਸ ਦੀ ਰਚਨਾ ਕੀਤੀ ਤੇ ਸਰੂਪ ਸਿੰਘ ਦੀ ਤੀਜੀ ਪੀੜ੍ਹੀ ਵਿੱਚੋਂ ਹੋਏ ਭਾਈ ਛੱਜੂ ਸਿੰਘ ਨੇ ਇਨ੍ਹਾਂ ਗ੍ਰੰਥਾਂ ਨੂੰ ਭੱਟਾਖਰੀ ਤੋਂ ਗੁਰਮੁਖੀ ਅੱਖਰਾਂ ਵਿਚ ਕੀਤਾ ਅਤੇ ਇਨ੍ਹਾਂ ਨੂੰ ਹੀ ਗਿਆਨੀ ਗਰਜਾ ਸਿੰਘ ਜੀ ਨੇ ਸੰਪਾਦਿਤ ਕੀਤਾ ਸੀ। ਭੱਟ ਭਿਖਾ ਜੀ: ਭੱਟ ਭਿਖਾ ਜੀ ਭੱਟ ਰਈਆ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ ਸੁਲਤਾਨਪੁਰ ਵਿਖੇ ਹੋਇਆ ਸੀ। ਪੰਥ ਪ੍ਰਸਿੱਧ ਭੱਟ ਕੀਰਤ ਜੀ, ਭੱਟ ਮਥਰਾ ਜੀ ਅਤੇ ਭੱਟ ਜਾਲਪ ਜੀ ਆਪ ਜੀ ਦੇ ਸਪੁੱਤਰ ਸਨ। ਭੱਟ ਭਿਖਾ ਜੀ ਨੇ 2 ਸਵੱਈਏ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1395-96 ’ਤੇ ਦਰਜ ਹਨ। ਆਪ ਜੀ ਦੀ ਬਾਣੀ ਵਿਚ ਅਕਾਲ ਪੁਰਖ ਦੇ ਸਿਮਰਨ ਵਿਚ ਰਹਿਣ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਭੱਟ ਭਿਖਾ ਜੀ ਗੁਰੂ ਸਾਹਿਬ ਬਾਰੇ ਬਿਆਨ ਕਰਦੇ ਦੱਸਦੇ ਹਨ ਕਿ ਗੁਰੂ ਜੀ ਗਿਆਨ ਦਾ ਮੁਜੱਸਮਾ ਹਨ ਜੋ ਜੀਵਨ-ਤੱਤ ਦੀ ਸੋਝੀ ਦੇਣ ਵਾਲੇ, ਵਿਕਾਰਾਂ ਨੂੰ ਖਤਮ ਕਰ ਕੇ ਮਨ ਨੂੰ ਵੱਸ ਵਿਚ ਕਰਨ ਵਾਲੇ ਹਨ। ਅਜਿਹੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਲਯੁਗ ਵਿਚ ਕਰਤਾਪੁਰਖ ਦਾ ਸਰੂਪ ਹਨ। ਭੱਟ ਭਿਖਾ ਜੀ ਕਹਿੰਦੇ ਹਨ ਕਿ ਉਨ੍ਹਾਂ ਨੇ ਫਿਰ ਫਿਰ ਕੇ ਬਹੁਤ ਸਾਰੇ ਸਾਧ ਸੰਤ ਦੇਖੇ ਹਨ ਪਰ ਉਹ ਸਾਧ ਸੰਤ ਅਖਵਾਉਣ ਵਾਲੇ ਰਹਿਤ ਵਿਚ ਨਹੀਂ ਰਹਿੰਦੇ। ਸਾਰੇ ਹਰੀ ਦਾ ਨਾਮ ਛੱਡ ਕੇ ਮਾਇਆ ਦੇ ਮਗਰ ਲੱਗੇ ਹੋਏ ਹਨ। ਇਸ ਕਰਕੇ ਉਨ੍ਹਾਂ ਤੋਂ ਕੁਝ ਨਹੀਂ ਲੱਭਾ। ਕੇਵਲ ਸ੍ਰੀ ਗੁਰੂ ਅਮਰਦਾਸ ਜੀ ਨੂੰ ਹੀ ਮਿਲ ਕੇ ਸਾਨੂੰ ਜੀਵਨ-ਤੱਤ ਦੀ ਸੋਝੀ ਹੋਈ ਹੈ:

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍‍ ਕੇ ਗੁਣ ਹਉ ਕਿਆ ਕਹਉ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (ਪੰਨਾ 1395-96)

ਭੱਟ ਸਲ੍ਹ ਜੀ: ਭੱਟ ਸਲ੍ਹ ਜੀ ਭੱਟ ਸੇਖਾ ਜੀ ਦੇ ਸਪੁੱਤਰ ਸੀ ਅਤੇ ਭੱਟ ਸੇਖਾ ਜੀ ਭੱਟ ਭਿਖਾ ਜੀ ਦੇ ਭਰਾ ਸਨ। ਭੱਟ ਸਲ੍ਹ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਇਕ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਦੋ ਕੁੱਲ ਤਿੰਨ ਸਵੱਈਏ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਹਨ।

ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਵਿਚ ਭੱਟ ਸਲ੍ਹ ਜੀ ਦੱਸਦੇ ਹਨ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਦੈਂਤਾਂ ਦੀ ਜੰਗ ਆਪਣੀਆਂ ਅੱਖਾਂ ਨਾਲ ਵੇਖੀ ਹੋਵੇ ਤੇ ਫਿਰ ਗੁਰੂ-ਉਪਦੇਸ਼ਾਂ ਦੁਆਰਾ ਮਨ ਵਿਚ ਅਟੱਲ ਹਰਿ-ਨਾਮ ਨੂੰ ਵਸਾ ਕੇ ਵਿਸ਼ੇ-ਵਿਕਾਰਾਂ ਨਾਲ ਯੁੱਧ ਕੀਤਾ, ਆਪਣੇ ਪਵਿੱਤਰ ਹੱਥਾਂ ਨਾਲ ਈਮਾਨ ਦੀ ਕਮਾਨ ਫੜੀ ਹੋਈ ਹੈ। ਪ੍ਰਭੂ-ਸਿਮਰਨ ਦੇ ਤਿੱਖੇ ਤੀਰ ਚਲਾ ਕੇ ਮਨ ਨੂੰ ਜਿੱਤਿਆ ਹੈ ਅਤੇ ਪੰਜਾ ਦੂਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਟੋਟੇ-ਟੋਟੇ ਕਰ ਦਿੱਤੇ:

ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ॥
ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ॥
ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ॥
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ॥  (ਪੰਨਾ 1396)

ਅਗੇ ਭੱਟ ਸਲ੍ਹ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਕਰਦੇ ਹੋਏ ਲਿਖਦੇ ਹਨ ਕਿ ਹੇ ਭੱਲਿਆਂ ਦੀ ਕੁਲ ਦੇ ਸਿਰਮੌਰ ਸ੍ਰੀ ਤੇਜਭਾਨ ਜੀ ਦੇ ਸੁਯੋਗ ਸਪੁੱਤਰ ਸ੍ਰੀ ਗੁਰੂ ਅਮਰਦਾਸ ਜੀ! ਆਪ ਜੀ ਨੇ ਨਿਰੰਤਰ ਸੱਚ ਨਾਮ ਦਾ ਜਾਪ ਕਰ ਕੇ ਵਿਕਾਰੀ ਦਲ ਨਾਲ ਯੁੱਧ ਵਿਚ ਜਿੱਤ ਪ੍ਰਾਪਤ ਕੀਤੀ ਤੇ ਨਾਨਕ ਜੋਤਿ ਦੇ ਵਰਦਾਨ ਸਦਕਾ ਜਗਤ-ਗੁਰੂ ਬਣੇ।

ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ॥
ਗੁਰ ਅਮਰਦਾਸ ਸਚੁ ਸਲ੍ਹ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ॥ (ਪੰਨਾ 1396)

ਭੱਟ ਸਲ੍ਹ ਜੀ ਸ੍ਰੀ ਗੁਰ ਰਾਮਦਾਸ ਜੀ ਬਾਰੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਪੰਜਾਂ ਦੂਤਾਂ ਦਾ ਨਾਸ ਕਰ ਕੇ ਗੁਰੂ-ਪਦਵੀ ਦੇ ਹੱਕਦਾਰ ਬਣੇ ਹਨ। ਗੁਰੂ ਜੀ ਆਪਣੇ ਤੇਜ ਪ੍ਰਤਾਪ ਨਾਲ ਕ੍ਰੋਧ ਨੂੰ ਟੋਟੇ-ਟੋਟੇ ਕਰ ਕੇ ਅਤੇ ਲੋਭ ਨੂੰ ਅਪਮਾਨਿਤ ਕਰ ਕੇ ਮਗਰੋਂ ਲਾਹ ਦਿੱਤਾ ਹੈ।

ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਹਉ॥
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਹਉ॥  (ਪੰਨਾ 1406)

ਭੱਟ ਸਲ੍ਹ ਜੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਰਨ ਵਿਚ ਆ ਕੇ ਹਰ ਪ੍ਰਾਣੀ ਪਾਪਾਂ ਅਤੇ ਜਮਾਂ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਸਾਰੇ ਸਿੱਖ ਹੁਕਮ ਵਿਚ, ਅਨੰਦ ਵਿਚ ਰਹਿੰਦੇ ਹੋਏ ਭਵਸਾਗਰ ਤੋਂ ਪਾਰ ਹੋ ਜਾਂਦੇ ਹਨ:

ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ॥
ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ॥ (ਪੰਨਾ 1406)

ਭੱਟ ਸਲ੍ਹ ਜੀ ਉਸਤਤਿ ਕਰਦੇ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਸੀਸ ’ਤੇ ਗੁਰਤਾ ਦਾ ਸੱਚਾ ਛਤਰ ਝੁਲ ਰਿਹਾ ਹੈ ਜੋ ਸਦਾ ਸਥਿਰ ਹੈ। ਆਪ ਜੀ ਦਾ ਰਾਜ ਅਟਲ ਅਤੇ ਦਲ ਕਰਕੇ ਅਭੱਗ ਹੈ:

ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ॥
ਗੁਰ ਰਾਮਦਾਸ ਸਚੁ ਸਲ੍ਹ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ (ਪੰਨਾ 1406)

ਭੱਟ ਸਲ੍ਹ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਚੋਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲੇ ਹਨ:

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ॥
ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ॥ (ਪੰਨਾ 1406)

ਸ੍ਰੀ ਗੁਰੂ ਰਾਮਦਾਸ ਜੀ ਨੇ ਤਿੰਨਾਂ ਲੋਕਾਂ ਵਿਚ ਆਪਣੀ ਕਲਾ ਵਰਤਾਈ ਹੋਈ ਹੈ। ਆਪ ਲੋਕਾਈ ਨੂੰ ਸੰਸਾਰ-ਸਾਗਰ ਤੋਂ ਪਾਰ-ਉਤਾਰੇ ਵਾਲਾ ਰਾਹ ਵਿਖਾ ਰਹੇ ਹਨ। ਆਪ ਨਾਮ-ਸਿਮਰਨ ਦਾ ਸੰਦੇਸ਼ ਦੇ ਕੇ ਬੁਢਾਪੇ ਤੇ ਜਮਕਾਲ ਦੇ ਡਰ ਤੋਂ ਬਚਾਉਣ ਵਾਲੇ ਹਨ:

ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ॥
ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ॥ (ਪੰਨਾ 1406)

ਭੱਟ ਸਲ੍ਹ ਜੀ ਕਹਿੰਦੇ ਹਨ ਕਿ ਸ੍ਰੀ ਗੁਰ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਤਮਿਕ ਤੌਰ ’ਤੇ ਪੱਕਾ ਕਰ ਕੇ ਸਦਾ ਲਈ ਥਿਰ ਰਹਿਣ ਵਾਲੇ ਸੱਚੇ-ਸੁੱਚੇ ਗੁਰਤਾ ਤਖਤ ਦੀ ਪਦਵੀ ’ਤੇ ਸਥਾਪਿਤ ਕੀਤਾ ਹੈ ਤੇ ਕਿਹਾ ਹੈ ਕਿ ਆਪ ਹੀ ਜੀਵਾਂ ਨੂੰ ਭਵ-ਸਾਗਰ ਤੋਂ ਤਾਰਨ ਲਈ ਭਾਵ ਪਾਰ ਲਿਜਾਣ ਵਾਲੇ ਜਹਾਜ਼ ਰੂਪ ਹਨ। ਜੋ ਜੀਵ ਗੁਰੂ ਜੀ ਦੀ ਸ਼ਰਨ ਵਿਚ ਆਉਂਦਾ ਹੈ ਉਨ੍ਹਾਂ ਦੇ ਪਾਪਾਂ ਅਤੇ ਜਮਰਾਜ ਦਾ ਡਰ ਦੂਰ ਹੋ ਜਾਂਦਾ ਹੈ:

ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ॥
ਅਘ ਅੰਤਕ ਬਦੈ ਨ ਸਲ੍ਹ ਕਵਿ ਗੁਰ ਰਾਮਦਾਸ ਤੇਰੀ ਸਰਣ॥ (ਪੰਨਾ 1406)

ਭੱਟ ਭਲ੍ਹ ਜੀ: ਭੱਟ ਭਲ੍ਹ ਜੀ ਭੱਟ ਸਲ੍ਹ ਜੀ ਦੇ ਭਰਾ ਅਤੇ ਭੱਟ ਭਿਖਾ ਜੀ ਦੇ ਭਤੀਜੇ ਸਨ। ਆਪ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਸਵੱਈਆ ਉਚਾਰਨ ਕੀਤਾ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਹੈ:

ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ॥
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ॥
ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਹ ਉਨਹੁ ਜੋੁ ਗਾਵੈ॥
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ॥ (ਪੰਨਾ 1396)

ਭੱਟ ਭਲ੍ਹ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸੂਰਜ ਤੇ ਚੰਦਰਮਾਂ ਦੀਆਂ ਕਿਰਨਾਂ, ਸਮੁੰਦਰਾਂ ਦੀ ਡੂੰਘਾਈ, ਗੰਗਾ ਨਦੀ ਦੀਆਂ ਲਹਿਰਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਉਸ ਅਕਾਲ ਪੁਰਖ ਦੁਆਰਾ ਬਖਸ਼ੇ ਗਿਆਨ ਨਾਲ ਤਾਂ ਭਾਵੇਂ ਕੋਈ ਮਨੁੱਖ ਇਨ੍ਹਾਂ ਉਪਰੋਕਤ ਵਰਨਣ ਚੀਜ਼ਾਂ ਬਾਰੇ ਦਸ ਸਕਦਾ ਹੋਵੇ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣ ਵਰਣਨ ਕਰਨਾ ਸਾਡੀ ਸਮਰਥਾ ਤੋਂ ਬਾਹਰ ਹਨ।

ਭੱਟ ਨਲ੍ਹ ਜੀ: ਭੱਟ ਨਲ ਜੀ ਦਾ ਉਪਨਾਮ ਦਾਸ ਵੀ ਹੈ ਕਿਉਂਕਿ ਇਨ੍ਹਾਂ ਦੀ ਧਾਰਨਾ ਸੀ ਕਿ ਚਰਨ-ਛੋਹ ਪ੍ਰਾਪਤ ਕਰਨ ਨਾਲ ਜਗਿਆਸੂ ਦਾ ਉਧਾਰ ਹੋ ਜਾਂਦਾ ਹੈ। ਆਪ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 16 ਸਵੱਈਏ ਉਚਾਰਨ ਕੀਤੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1398 ਤੋਂ 1401 ਤਕ ਦਰਜ ਹਨ। ਆਪ ਨੇ ਆਪਣੀ ਬਾਣੀ ਵਿਚ ਗੋਇੰਦਵਾਲ ਸਾਹਿਬ ਨੂੰ ਬੈਕੁੰਠ ਦਾ ਦਰਜਾ ਦੇ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਭੱਟ ਨਲ੍ਹ ਜੀ ਦੱਸਦੇ ਹਨ ਕਿ ਜਦੋਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਪੂਰਨ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਜੀ ਤੋਂ ਪ੍ਰਸੰਨ ਹੋ ਗਏ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਗਮੀ ਗੁਰਤਾ ਦੇ ਤਖਤ ਦੀ ਬਖਸ਼ਿਸ਼ ਕਰ ਦਿੱਤੀ:

ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਪੰਨਾ 1399)

ਭੱਟ ਨਲ੍ਹ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਸ੍ਰੀ ਗੁਰੂ ਰਾਮਦਾਸ ਜੀ ਪਰਸਣ ਯੋਗ ਹੋ ਗਏ ਹਨ ਭਾਵ ਸਤਿਕਾਰਯੋਗ ਗੁਰੂ ਬਣ ਗਏ, ਅਕਾਲ ਪੁਰਖ ਨੇ ਉਨ੍ਹਾਂ ਦੇ ਸਿਰ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਹੈ:

ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਹਉ॥ (ਪੰਨਾ 1400)

ਭੱਟ ਨਲ੍ਹ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦੇ ਹੋਏ ਬਿਆਨ ਕਰਦੇ ਹਨ ਕਿ ਮੇਰੇ ਅੰਦਰ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਛਕਣ ਦੀ ਤੀਬਰ ਇੱਛਾ ਸੀ ਜੋ ਗੁਰੂ ਜੀ ਦੇ ਦਰਸ਼ਨ ਕਰਨ ’ਤੇ ਪੂਰੀ ਹੋ ਗਈ ਹੈ। ਮਨ ਸ਼ਾਂਤ ਹੋ ਗਿਆ ਹੈ ਅਤੇ ਸਾਰੀਆਂ ਦੁਬਿਧਾਂ ਖਤਮ ਹੋ ਗਈਆਂ ਹਨ:

ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥
ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ॥
ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ॥
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ॥
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥ (ਪੰਨਾ 1400)

ਭੱਟ ਗਯੰਦ ਜੀ: ਭੱਟ ਭਿਖਾ ਜੀ ਦੇ ਛੋਟੇ ਭਰਾ ਭੱਟ ਚੋਖਾ ਜੀ ਦੇ ਸਪੁੱਤਰ ਸਨ ਭੱਟ ਗਯੰਦ ਜੀ। ਭੱਟ ਬਲ੍ਹ ਜੀ, ਭੱਟ ਹਰਿਬੰਸ ਜੀ ਅਤੇ ਭੱਟ ਕਲਸਹਾਰ ਜੀ ਆਪ ਜੀ ਦੇ ਭਰਾ ਸਨ। ਇਨ੍ਹਾਂ ਦਾ ਅਸਲ ਨਾਮ ਭੱਟ ਪਰਮਾਨੰਦ ਜੀ ਸੀ। ਭੱਟ ਗਯੰਦ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਵਿਚ 13 ਸਵੱਈਏ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਵੱਈਆਂ ਵਿਚ ਸਿੱਖਾਂ ਦੀ ਆਪਣੇ ਗੁਰੂ ਪ੍ਰਤੀ ਆਸਥਾ ਨੂੰ ਰੂਪਮਾਨ ਕੀਤਾ ਗਿਆ ਹੈ।

ਭੱਟ ਗਯੰਦ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਕਰਦੇ ਹੋਏ ਫ਼ਰਮਾਉਂਦੇ ਹਨ ਕਿ ਗੁਰੂ ਰਾਮਦਾਸ ਜੀ ਕਿਰਪਾ ਦੇ ਖਜਾਨੇ ਹਨ। ਗੁਰੂ ਰਾਮਦਾਸ ਜੀ ਸਭ ’ਤੇ ਕਿਰਪਾ ਕਰਨ ਵਾਲੇ ਹਨ, ਇਨ੍ਹਾਂ ਦੀ ਦੁਨੀਆਂ ਦੇ ਸਭ ਜੀਵਾਂ ’ਤੇ ਮਿਹਰ ਹੈ:

ਸਿਰੀ ਗੁਰੂ ਸਾਹਿਬੁ ਸਭ ਊਪਰਿ॥
ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ॥
ਸ੍ਰੀ ਪ੍ਰਹਲਾਦ ਭਗਤ ਉਧਰੀਅੰ॥
ਹਸ੍ਤ ਕਮਲ ਮਾਥੇ ਪਰ ਧਰੀਅੰ॥ (ਪੰਨਾ 1401)

ਭੱਟ ਗਯੰਦ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਇਸ ਸੰਸਾਰ-ਸਾਗਰ ਨੂੰ ਤਾਰਨ ਵਾਲੇ ਜਹਾਜ਼ ਵੀ ਗੁਰੂ ਆਪ ਹੀ ਹਨ ਅਤੇ ਮਲਾਹ ਵੀ ਆਪ ਹੀ ਹਨ। ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ।

ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ॥
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ॥ (ਪੰਨਾ 1401)

ਭੱਟ ਗਯੰਦ ਜੀ ਸ੍ਰੀ ਗੁਰੂ ਰਾਮਦਾਸ ਜੀ ਵਿੱਚੋਂ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ ਜੋ ਪਰਮਾਤਮਾ ਦੁਨੀਆਂ ਦੇ ਸਾਰੇ ਜੀਵਾਂ ਦਾ ਮਾਲਕ ਹੈ, ਸਭ ਦਾ ਪਾਲਣਹਾਰ ਹੈ, ਉਹ ਹੁਣ ਪ੍ਰਤੱਖ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਰੀਰ ਵਿਚ ਪ੍ਰਗਟ ਹੈ, ਗੁਰੂ ਰਾਮਦਾਸ ਜੀ ਜੋ ਸਾਰੇ ਸੰਸਾਰ ਨੂੰ ਤਾਰ ਰਹੇ ਹਨ ਦੀ ਆਤਮਿਕ ਅਵਸਥਾ ਕਥਨ ਤੋਂ ਬਾਹਰ ਹੈ:

ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ॥
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ॥
ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ॥
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ॥ (ਪੰਨਾ 1401-02)

ਭੱਟ ਗਯੰਦ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਿਰੰਕਾਰ ਰੂਪ ਵਿਚ ਦੇਖਦੇ ਹੋਏ ਬਿਆਨ ਕਰਦੇ ਹਨ ਕਿ ਹੇ ਗੁਰੂ ਤੂੰ ਧੰਨ ਹੈਂ ਜੋ ਆਪਣੇ ਸੇਵਕਾਂ ਦੇ ਹਿਰਦੇ ਵਿਚ ਹਰ ਸਮੇਂ ਰਹਿੰਦਾ ਹੈ। ਤੁਸੀਂ ਹੀ ਚੌਰਾਸੀ ਲੱਖ ਕਿਸਮ ਦੇ ਜੀਵ ਪੈਦਾ ਕਰ ਕੇ ਉਨ੍ਹਾਂ ਦਾ ਪਾਲਣ-ਪੋਸ਼ਨ ਕਰਨ ਵਾਲੇ ਹੋ:

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥ (ਪੰਨਾ 1403)

ਭੱਟ ਮਥਰਾ ਜੀ: ਭੱਟ ਮਥਰਾ ਜੀ ਭੱਟ ਭਿਖਾ ਜੀ ਦੇ ਸਪੁੱਤਰ ਸਨ ਅਤੇ ਭੱਟ ਕੀਰਤ ਜੀ ਅਤੇ ਭੱਟ ਜਾਲਪ ਜੀ ਆਪ ਜੀ ਦੇ ਭਰਾ ਸਨ। ਆਪ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 7 ਸਵੱਈਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਵਿਚ 7 ਸਵੱਈਏ ਕੁਲ 14 ਸਵੱਈਏ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਵੱਈਆਂ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਧਰਮ ਧੁਜਾ ਅਤੇ ਮਾਨ ਸਰੋਵਰ ਕਿਹਾ ਹੈ ਜਿਸ ਦੇ ਕੰਢੇ ਗੁਰਮੁਖ ਹੰਸ ਕਲੋਲਾਂ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਇਕ ਜਹਾਜ਼ ਹਨ, ਜਿਸ ਵਿਚ ਬੈਠ ਕੇ ਜਗਿਆਸੂ ਦਾ ਪਾਰ-ਉਤਾਰਾ ਹੋ ਜਾਂਦਾ ਹੈ। ਪ੍ਰਮੇਸ਼ਰ ਵਾਹਿਗੁਰੂ ਹੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਪ੍ਰਕਾਸ਼ਮਾਨ ਹੈ। ਭੱਟ ਮਥਰਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਪਾਰਬ੍ਰਹਮ ਵਿਚ ਕੋਈ ਭੇਦ ਪ੍ਰਵਾਨ ਨਹੀ ਕਰਦੇ ਅਤੇ ਉਨ੍ਹਾਂ ਨੂੰ ‘ਪਰਤਖ ਹਰਿ’ ਦੇ ਰੂਪ ਵਿਚ ਸਵੀਕਾਰਦੇ ਹਨ:

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ॥ (ਪੰਨਾ 1409)

ਭੱਟ ਮਥਰਾ ਜੀ ਕਹਿੰਦੇ ਹਨ ਕਿ ਗੁਰੂ ਜੀ ਦਿਨ ਰਾਤ ਨਾਮ ਵਿਚ ਭਿੱਜੇ ਰਹਿੰਦੇ ਹਨ। ਉਨ੍ਹਾਂ ਤੋਂ ਹੀ ਸਾਨੂੰ ਆਪਣੇ ਜੀਵਨ ਲਈ ਕੁਝ ਮੰਗਣਾ ਚਾਹੀਦਾ ਹੈ। ਦੁਨੀਆਂ ਦਾ ਕੋਈ ਵੀ ਪ੍ਰਸਿੱਧ ਪੁਰਸ਼ ਗੁਰੂ ਜੀ ਦਾ ਭੇਦ ਨਹੀਂ ਪਾ ਸਕਿਆ। ਭੱਟ ਮਥੁਰਾ ਜੀ ਸਾਨੂੰ ਦੱਸਦੇ ਹਨ ਕਿ ਇਸ ਦੁਨੀਆਂ ਦੇ ਘੋਰ ਹਨੇਰੇ ਵਿੱਚੋਂ ਸਾਨੂੰ ਗੁਰੂ ਜੀ ਤੋਂ ਬਿਨਾਂ ਹੋਰ ਕੋਈ ਨਹੀਂ ਬਚਾ ਸਕਦਾ। ਜੋ ਪ੍ਰਾਣੀ ਨਾਮ ਜਪਦਾ ਹੈ ਉਹ ਦੁਬਾਰਾ ਜਨਮ- ਮਰਨ ਦੇ ਚਕਰ ਵਿਚ ਨਹੀਂ ਪੈਂਦਾ। ਭੱਟ ਮਥੁਰਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਕਰਦੇ ਹੋਏ ਫਰਮਾਉਂਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਜੋਤਿ ਰੂਪ ਵਿਚ ਖੰਡਾਂ-ਬ੍ਰਹਿਮੰਡਾਂ ਵਿਚ ਵਿਚਰ ਰਹੇ ਹਨ ਅਤੇ ਗੁਰੂ ਸਾਹਿਬ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ।

ਭੱਟ ਮਥਰਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਰੂਹੀਲਾ ਦੇ ਸਥਾਨ ’ਤੇ ਜੰਗ ਵਿਚ ਚੰਦੂ ਦੇ ਪੁੱਤਰ ਕਰਮ ਚੰਦ ਤੇ ਭਗਵਾਨ ਦਾਸ ਘੇਰੜ ਦੀ ਜਾਲਮ ਫੋਜ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਅਨੁਸਾਰ ਭੱਟ ਭਿਖਾ ਜੀ ਦਾ ਸਪੁੱਤਰ ਭੱਟ ਮਥਰਾ ਜੀ ਸੈਨਾਪਤੀ ਬੈਰਮ ਖਾਂ ਨਾਲ ਬੜੀ ਬਹਾਦਰੀ ਨਾਲ ਲੜਿਆ।

ਭਟ ਬਲ੍ਹ ਜੀ: ਭੱਟ ਬਲ੍ਹ ਜੀ ਭੱਟ ਭਿਖਾ ਜੀ ਦੇ ਭਰਾ ਸਨ ਅਤੇ ਭੱਟ ਸੇਖਾ ਜੀ ਦੇ ਸਪੁੱਤਰ ਸਨ। ਭੱਟ ਬਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 5 ਸਵੱਈਏ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਸਤਿਗੁਰੂ ਦਾ ਗੋਰਵ ਦੱਸਦੇ ਹੋਏ ਕਹਿੰਦੇ ਹਨ ਕਿ ਜੋ ਮਨੁੱਖ ਸਤਿਗੁਰੂ ਨੂੰ ਨਾਮ ਨਾਲ ਸਿਮਰਦੇ ਹਨ, ਉਨ੍ਹਾਂ ਦਾ ਕਾਮ, ਕ੍ਰੋਧ ਮਿੱਟ ਜਾਂਦਾ ਹੈ ਅਤੇ ਦੁੱਖ ਦਰਿਦ੍ਰ ਦੂਰ ਹੋ ਜਾਂਦਾ ਹੈ। ਗੁਰੂ ਪਰਮਪਦ ਪ੍ਰਾਪਤ ਪੁਰਸ਼ ਹਨ, ਜਿਨ੍ਹਾਂ ਦੇ ਦਰਸ਼ਨ ਨਾਲ ਅਗਿਆਨ ਦੀ ਤਪਸ਼ ਮਿਟ ਜਾਂਦੀ ਹੈ ਅਤੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ:

ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ॥
ਬਾਚਾ ਕਰਿ ਸਿਮਰੰਤ ਤੁਝੈ ਤਿਨ੍‍ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ॥
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਹ ਭਟ ਜਸੁ ਗਾਇਯਉ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥ (ਪੰਨਾ 1405)

ਭੱਟ ਹਰਬੰਸ ਜੀ: ਭੱਟ ਹਰਿਬੰਸ ਜੀ ਭੱਟ ਭਿਖਾ ਜੀ ਦੇ ਭਰਾ ਅਤੇ ਭੱਟ ਗੋਖਾ ਜੀ ਦੇ ਸਪੁੱਤਰ ਸਨ। ਭੱਟ ਹਰਿਬੰਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਕਰਦਿਆਂ ਕੁੱਲ 2 ਸਵੱਈਏ ਉਚਾਰਨ ਕੀਤੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਨਾ 1409 ’ਤੇ ਦਰਜ ਹਨ। ਇਨ੍ਹਾਂ ਨੇ ਆਪਣੀ ਵਿਲੱਖਣ ਸ਼ੈਲੀ ਵਿਚ ਗੁਰੂ ਸਾਹਿਬਾਨ ਦੀ ਮਹੱਤਤਾ ਦਾ ਵਰਣਨ ਕੀਤਾ ਹੈ। ਇਹ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਗੁਰੂ ਜੋਤਿ ਬੁਝਣ ਵਾਲੀ ਨਹੀਂ ਹੈ, ਇਹ ਗੰਗਾ ਦੇ ਪ੍ਰਵਾਹ ਵਾਂਗ ਸਦਾ ਗਤੀਸ਼ੀਲ ਰਹਿੰਦੀ ਹੈ। ਇਸ ਵਿਚ ਕੀਤਾ ਇਸ਼ਨਾਨ ਮਨ ਨੂੰ ਪਵਿੱਤਰ ਕਰਦਾ ਹੈ। ਗੁਰੂ ਜੀ ਦੇ ਸਿਰ ’ਤੇ ਰੱਬੀ ਚੌਰ ਝੁੱਲ ਰਿਹਾ ਹੈ। ਇਹ ਛਤਰ ਗੁਰੂ ਜੀ ਨੂੰ ਪ੍ਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ। ਭੱਟ ਹਰਿਬੰਸ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਪ੍ਰਮੇਸ਼ਰ ਦੇ ਹੁਕਮ ਨਾਲ ਸੱਚਖੰਡ ਜਾ ਬਿਰਾਜੇ ਹਨ ਅਤੇ ਸੱਚ ਖੰਡ ਪਿਆਨਾ ਕਰਨ ਸਮੇਂ ਆਪ ਜੀ ਧਰਤੀ ਦਾ ਛਤਰ, ਗੁਰਿਆਈ ਦਾ ਸਿੰਘਾਸਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ ਕੇ ਆਪਣੀ ਜੋਤਿ ਉਨ੍ਹਾਂ ਵਿਚ ਥਾਪ ਗਏ ਹਨ:

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ॥
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ॥ (ਪੰਨਾ 1409)

ਭੱਟ ਹਰਿਬੰਸ ਜੀ ਦਸਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਵਿਚ ਅਤੇ ਅੱਗੋਂ ਉਹ ਸ਼੍ਰੀ ਗੁਰੂ ਅਮਰਦਾਸ ਜੀ ਵਿਚ ਅਤੇ ਸ੍ਰੀ ਗੁਰੂ ਰਾਮਦਾਸ ਜੀ ਅਕਾਲ ਪੁਰਖ ਵਿਚ ਅਭੇਦ ਹੋ ਗਏ ਹਨ ਜਿਸ ਕਾਰਨ ਇਨ੍ਹਾਂ ਦੀ ਸੋਭਾ ਸੰਸਾਰ ਦੇ ਹਰ ਕੋਨੇ ਵਿਚ ਹੋ ਰਹੀ ਹੈ:

ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ॥
ਹਰਿਬੰਸ ਜਗਤਿ ਜਸੁ ਸੰਚਰ੍ਹਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ॥ (ਪੰਨਾ 1409)

ਭੱਟ ਹਰਿਬੰਸ ਜੀ ਆਪਣੀ ਬਾਣੀ ਵਿਚ ਸਪਸ਼ਟ ਕਰਦੇ ਹਨ ਕਿ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਜੋਤੀ-ਜੋਤਿ ਸਮਾਏ ਤਾਂ ਅਕਾਲ ਪੁਰਖ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਖਤ ’ਤੇ ਸੁਸ਼ੋਭਿਤ ਕੀਤਾ। ਪਾਪੀ ਉਥੋਂ ਭੱਜ ਗਏ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਧਰਤੀ ਦਾ ਛਤਰ ਅਤੇ ਉੱਚਾ ਸਿੰਘਾਸਣ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਦੇ ਦਿੱਤਾ:

ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ॥
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ॥
ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ॥
ਅਸੁਰ ਗਏ ਤੇ ਭਾਗਿ ਪਾਪ ਤਿਨ੍‍ ਭੀਤਰਿ ਕੰਪਹਿ॥
ਕਾਟੇ ਸੁ ਪਾਪ ਤਿਨ੍‍ ਨਰਹੁ ਕੇ ਗੁਰੁ ਰਾਮਦਾਸੁ ਜਿਨ੍‍ ਪਾਇਯਉ॥
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ (ਪੰਨਾ 1409)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)