editor@sikharchives.org
Bhatt Banikara Di Bani

ਭੱਟ ਬਾਣੀਕਾਰਾਂ ਦੀ ਬਾਣੀ ਵਿਚ ਨਾਵਾਂ ਥਾਵਾਂ ਦਾ ਬਿਉਰਾ

ਇਹ ਮਿਥਿਹਾਸਕ ਕਥਾਵਾਂ ਸਮਾਜ ’ਚ ਆਮ ਪ੍ਰਚੱਲਤ ਸਨ, ਭੱਟ ਬਾਣੀਕਾਰਾਂ ਨੇ ਅਲੰਕਾਰਕ ਤੌਰ ’ਤੇ ਆਪਣੀ ਬਾਣੀ ਵਿਚ ਇਨ੍ਹਾਂ ਨਾਵਾਂ ਥਾਵਾਂ ਦਾ ਪ੍ਰਯੋਗ ਕਰ ਕੇ ਗੁਰੂ ਉਪਮਾ ਕੀਤੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਮੁਖਬਾਕ੍ਹ ਸਵਯੇ ਅਤੇ ਭੱਟਾਂ ਦੇ ਸਵੱਈਆਂ ਵਿਚ ਹੇਠ ਲਿਖੇ ਇਤਿਹਾਸਕ ਮਿਥਿਹਾਸਕ ਨਾਵਾਂ ਥਾਵਾਂ ਦਾ ਵਰਣਨ ਮਿਲਦਾ ਹੈ। ਇਹ ਮਿਥਿਹਾਸਕ ਕਥਾਵਾਂ ਸਮਾਜ ’ਚ ਆਮ ਪ੍ਰਚੱਲਤ ਸਨ, ਭੱਟ ਬਾਣੀਕਾਰਾਂ ਨੇ ਅਲੰਕਾਰਕ ਤੌਰ ’ਤੇ ਆਪਣੀ ਬਾਣੀ ਵਿਚ ਇਨ੍ਹਾਂ ਨਾਵਾਂ ਥਾਵਾਂ ਦਾ ਪ੍ਰਯੋਗ ਕਰ ਕੇ ਗੁਰੂ ਉਪਮਾ ਕੀਤੀ ਹੈ। ਉਂਞ ਗੁਰਮਤਿ ਦਾ ਇਨ੍ਹਾਂ ਮਿਥਿਹਾਸਕ ਪਾਤਰਾਂ ਵਿਚ ਮੂਲ ਨਿਸ਼ਚਾ ਨਹੀਂ ਹੈ। ਭੱਟ ਸਾਹਿਬਾਨ ਦੀ ਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਇਨ੍ਹਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ (ਚੌਥੀ ਛਾਪ, 1981) ਵਿਚ ਜੋ ਬਿਉਰਾ ਦਿੱਤਾ ਹੋਇਆ ਹੈ, ਉਹ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦਿੱਤਾ ਜਾ ਰਿਹਾ ਹੈ:

1. ਉਗ੍ਰਸੈਣ

ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥ (ਪੰਨਾ 1390)

ਉਗ੍ਰਸੈਣ- ਉਗ੍ਰ (ਜ਼ੋਰਾਵਰ) ਹੈ ਜਿਸ ਦੀ ਸੈਨਾ (ਫ਼ੌਜ)। ਪਵਨ ਰੇਖਾ (ਅਥਵਾ ਕਾਸ਼੍ਯਾ) ਦੇ ਪੇਟ ਤੋਂ ਆਹੁਕ ਦਾ ਪੁਤ੍ਰ, ਜੋ ਕਰਣੀ ਦਾ ਪਤੀ, ਕੰਸ ਦਾ ਪਿਤਾ, ਕ੍ਰਿਸ਼ਨ ਜੀ ਦੇ ਨਾਨਾ, ਦੇਵਕ ਦਾ ਵੱਡਾ ਭਾਈ ਅਤੇ ਦੇਵਕੀ ਦਾ ਤਾਇਆ ਸੀ। ਉਗ੍ਰਸੇਨ ਨੇ ਆਪਣੀ ਭਤੀਜੀ ਪੁਤ੍ਰੀ ਕਰਕੇ ਪਾਲੀ ਸੀ, ਇਸ ਲਈ ਦੇਵਕੀ ਉਗ੍ਰਸੇਨ ਦੀ ਪੁਤ੍ਰੀ ਪ੍ਰਸਿੱਧ ਹੋਈ।

ਉਗ੍ਰਸੇਨ ਨੇ ਮਥੁਰਾ ਦਾ ਰਾਜ ਬਹੁਤ ਉੱਤਮ ਰੀਤਿ ਨਾਲ ਕੀਤਾ, ਪਰ ਇਸ ਦੇ ਦੁਸ਼ਟ ਪੁਤ੍ਰ ਕੰਸ ਨੇ ਪਿਤਾ ਨੂੰ ਗੱਦੀਓਂ ਲਾਹ ਕੇ ਆਪ ਰਾਜ ਸੰਭਾਲ ਲਿਆ। ਕ੍ਰਿਸ਼ਨ ਜੀ ਨੇ ਆਪਣੇ ਮਾਮਾ ਕੰਸ ਨੂੰ ਮਾਰ ਕੇ ਨਾਨਾ ਉਗ੍ਰੇਸਨ ਨੂੰ ਮੁੜ ਮਥੁਰਾ ਦੀ ਗੱਦੀ ’ਤੇ ਬੈਠਾਇਆ। ਇਹ ਕਰਤਾਰ ਦਾ ਭਗਤ ਅਤੇ ਉਪਕਾਰੀ ਸੱਜਨ ਸੀ। (ਮਹਾਨ ਕੋਸ਼, ਸਫ਼ਾ 3)

2. ਉਧੌ

ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ॥ (ਪੰਨਾ 1389)

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ (ਪੰਨਾ 1393)

ਉਧੌ-ਦੇਖੋ:  ਉਧਉ  ਅਤੇ  ਉਧਵ।

ਊਧਵ-ਦੇਵਭਾਗ ਯਾਦਵ ਦਾ ਪੁਤ੍ਰ, ਜੋ ਕ੍ਰਿਸ਼ਨ ਜੀ ਦਾ ਚਾਚਾ ਅਤੇ ਮਿਤ੍ਰ ਸੀ। ਇਹ ਦ੍ਵਾਰਿਕਾ (ਦ੍ਵਾਰਾਵਤੀ) ਤੋਂ ਕ੍ਰਿਸ਼ਨ ਜੀ ਦੇ ਸੁਨੇਹੇ ਲੈ ਕੇ ਵ੍ਰਿੰਦਾਵਨ (ਬਿੰਦ੍ਰਾਬਨ) ਦੀਆਂ ਗੋਪੀਆਂ ਪਾਸ ਗਿਆ ਸੀ। (ਮਹਾਨ ਕੋਸ਼, ਸਫ਼ਾ 20)

3. ਅਕ੍ਰੂਰ

ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ॥ (ਪੰਨਾ 1389)

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ (ਪੰਨਾ 1393)

ਅਕ੍ਰੂਰ- ਯਾਦਵਵੰਸ਼ੀ ਕ੍ਰਿਸ਼ਨ ਜੀ ਦਾ ਚਾਚਾ, ਜੋ ਸ਼੍ਵਫਲਕ ਦਾ ਪੁਤ੍ਰ ਗਾਂਦਿਨੀ ਦੇ ਉਦਰੋਂ ਸੀ। ਏਹ ਕਿਸ਼ਨ ਜੀ ਅਤੇ ਬਲਰਾਮ ਨੂੰ ਕੰਸ ਵੱਲੋਂ ਜੱਗ ਦਾ ਨਿਉਂਦਾ ਦੇ ਕੇ ਗੋਕੁਲ ਤੋਂ ਮਥੁਰਾ ਲੈ ਗਿਆ ਸੀ, ਜਿੱਥੇ ਕ੍ਰਿਸ਼ਨ ਜੀ ਨੇ ਆਪਣੀ ਵੀਰਤਾ ਨਾਲ ਕੰਸ ਨੂੰ ਮਾਰ ਕੇ ਆਪਣੇ ਨਾਨਾ ਉਗ੍ਰਸੇਨ ਨੂੰ ਰਾਜ ਸਿੰਘਾਸਨ ਪੁਰ ਬੈਠਾਇਆ। (ਮਹਾਨ ਕੋਸ਼, ਸਫ਼ਾ 37)

4. ਅੰਗਰੈ

ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ॥ (ਪੰਨਾ 1390)

ਅੰਗਰੈ- ਅੰਗਿਰਾ ਰਿਖੀ। ਦੇਖੋ, ਅੰਗਿਰਾ।

ਅੰਗਿਰਾ-ਅੰਗਿਰਸੁ। ਰਿਗ ਵੇਦ ਦੇ ਕਈ ਮੰਤ੍ਰਾਂ ਦਾ ਕਰਤਾ, ਜੋ ਸੱਤ ਵਡੇ ਰਿਖੀਆਂ ਅਤੇ ਦਸ ਪ੍ਰਜਾਪਤੀਆਂ ਵਿੱਚੋਂ ਹੈ। ਇਸ ਨੂੰ ਦੇਵਤਿਆਂ ਦਾ ਪੁਰੋਹਿਤ ਅਤੇ ਆਹੁਤਿ ਦਾ ਦੇਵਤਾ ਭੀ ਮੰਨਦੇ ਹਨ। ਕਈ ਕਹਿੰਦੇ ਹਨ ਕਿ ਅੰਗਿਰਾ ਉਰੂ ਅਤੇ ਆਗਨੇਯੀ ਦੀ ਸੰਤਾਨ ਹੈ। ਇੱਕ ਥਾਂ ’ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਇਆ ਸੀ।

ਮਹਾਂਭਾਰਤ ਦੇ ਵਨ-ਪਰਵ ਵਿੱਚ ਲਿਖਿਆ ਹੈ ਕਿ ਅੰਗਿਰਾ ਅਗਨਿ ਦਾ ਪੁਤ੍ਰ ਹੋਇਆ। (ਮਹਾਨ ਕੋਸ਼, ਸਫ਼ਾ 112)

5. ਅਟਲ ਮੰਡਲਵੈ

ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ॥ (ਪੰਨਾ 1389)

ਅਚਲ ਮੰਡਲ ਵਾਲਾ ਧ੍ਰੁਵ ਭਗਤ। ਦੇਖੋ ਧ੍ਰੂ। (ਮਹਾਨ ਕੋਸ਼, ਸਫ਼ਾ 49)

6. ਅੰਬਰੀਕ

ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ॥ (ਪੰਨਾ 1393)

ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ॥ (ਪੰਨਾ 1394)

ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥ (ਪੰਨਾ 1405)

ਅੰਬਰੀਕ- ਵਾਲਮੀਕਿ ਰਾਮਾਇਣ ਅਨੁਸਾਰ ਪ੍ਰਸ਼ੁਸ੍ਰੁਕ ਦਾ ਪੁਤ੍ਰ ਅਯੋਧ੍ਯਾਪਤਿ ਸੂਰਯ ਵੰਸ਼ੀ ਰਾਜਾ ਜੋ ਇਕਾਕ ਤੋਂ 28ਵੀਂ ਪੀੜ੍ਹੀ ਸੀ। ਇਸ ਦੀ ਰਖ੍ਯਾ ਕਰਨ ਲਈ ਵਿਸ਼ਨੁ ਦੇ ਸੁਦਰਸ਼ਨ ਚਕ੍ਰ ਨੇ ਦੁਰਵਾਸਾ ਰਿਖੀ ਦਾ ਪਿੱਛਾ ਕੀਤਾ ਸੀ, ਜਿਸ ਦੀ ਕਥਾ ਇਉਂ ਹੈ-

ਕੱਤਕ ਦੀ ਦ੍ਵਾਦਸੀ ਨੂੰ ਰਾਜਾ ਅੰਬਰੀਕ ਏਕਾਦਸ਼ੀ ਦਾ ਵ੍ਰਤ ਉਪਾਰਣ ਨੂੰ ਤਿਆਰ ਸੀ, ਇਤਨੇ ਵਿਚ ਦੁਰਵਾਸਾ ਰਿਖੀ ਆਇਆ। ਰਾਜਾ ਨੇ ਕਿਹਾ, ਆਪ ਮੇਰੇ ਘਰ ਭੋਜਨ ਕਰੋ। ਰਿਖੀ ਨੇ ਆਖਿਆ ਮੈਂ ਇਸਨਾਨ ਕਰਕੇ ਆਉਂਨਾ ਹਾਂ। ਰਿਖੀ ਬਹੁਤ ਚਿਰ ਤੀਕ ਨਾ ਮੁੜਿਆ, ਰਾਜਾ ਨੇ ਪੁਰੋਹਿਤ ਦੇ ਕਹਿਣ ਤੋਂ ਵ੍ਰਤ ਤੋੜ ਲਿਆ। ਜਦ ਦੁਰਵਾਸਾ ਨੂੰ ਮਲੂਮ ਹੋਇਆ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਭੋਜਨ ਕਰ ਲਿਆ ਹੈ, ਤਦ ਆਪਣੀ ਜਟਾ ਪੱਟ ਕੇ ਇੱਕ ਤੇਜ-ਪੁੰਜ ਪੁਰਖ ਪੈਦਾ ਕੀਤਾ, ਜੋ ਅੰਬਰੀਕ ਨੂੰ ਮਾਰਨ ਲੱਗਾ। ਵਿਸ਼ਨੁ ਨੇ ਸੁਦਰਸ਼ਨ ਚਕ੍ਰ ਰਾਜੇ ਦੀ ਰਖ੍ਯਾ ਲਈ ਭੇਜਿਆ, ਜਿਸ ਨੇ ਤੇਜ-ਪੁੰਜ ਪੁਰਖ ਨੂੰ ਨਾਸ਼ ਕਰਕੇ ਦੁਰਵਾਸਾ ਦਾ ਪਿੱਛਾ ਕੀਤਾ। ਜਦ ਕਿਸੇ ਲੋਕ ਵਿੱਚ ਦੁਰਵਾਸਾ ਦਾ ਬਚਾਉ ਨਾ ਹੋਇਆ, ਤਦ ਹਾਰ ਕੇ ਅੰਬਰੀਕ ਦੀ ਸ਼ਰਣ ਲਈ, ਜਿਸ ਪੁਰ ਰਾਜੇ ਨੇ ਸੁਦਰਸ਼ਨ ਚਕ੍ਰ ਤੋਂ ਰਿਖੀ ਨੂੰ ਬਚਾਇਆ।

ਲਿੰਗ ਪੁਰਾਣ ਵਿੱਚ ਕਥਾ ਹੈ ਕਿ ਅੰਬਰੀਸ਼ ਦੀ ਪੁਤ੍ਰੀ “ਸੁੰਦਰੀ” ਦਾ ਰੂਪ ਦੇਖ ਕੇ ਨਾਰਦ ਅਤੇ ਪਰਵਤ ਰਿਖੀ ਮੋਹਿਤ ਹੋ ਗਏ, ਉਨ੍ਹਾਂ ਨੇ ਰਾਜਾ ਨੂੰ ਕੰਨ੍ਯਾ ਦੇਣ ਲਈ ਆਖਿਆ, ਤਦ ਉਸ ਨੇ ਆਖਿਆ ਕਿ ਆਪ ਦੋਹਾਂ ਵਿੱਚੋਂ ਜਿਸ ਨੂੰ ਮੇਰੀ ਪੁਤ੍ਰੀ ਪਸੰਦ ਕਰੇ ਮੈਂ ਉਸ ਨੂੰ ਦੇਵਾਂਗਾ। ਦੋਵੇਂ ਰਿਖੀ ਜੁਦੇ ਜੁਦੇ ਸਮੇਂ ਤੇ ਵਿਸ਼ਨੁ ਪਾਸ ਗਏ ਅਤੇ ਹਰ ਇੱਕ ਨੇ ਇੱਕ ਦੂਜੇ ਦੀ ਸ਼ਕਲ ਬਾਂਦਰ ਦੀ ਹੋ ਜਾਣੀ ਚਾਹੀ, ਤਾਂ ਕਿ ਕੁਰੂਪ ਨੂੰ ਸੁੰਦਰੀ ਨਾ ਵਰੇ। ਇਸ ਪੁਰ ਦੋਵੇਂ ਬਾਂਦਰ ਮੂੰਹੇਂ ਹੋ ਗਏ, ਅਤੇ ਸੁੰਦਰੀ ਨੂੰ ਵਿਆਹ ਨਾ ਸਕੇ। ਦੋਹਾਂ ਰਿਖੀਆਂ ਨੇ ਗੁੱਸੇ ਵਿੱਚ ਆ ਕੇ ਅੰਬਰੀਸ਼ ਨੂੰ ਸ੍ਰਾਪ ਦਿੱਤਾ ਕਿ ਤੂੰ ਅੰਧੇਰੇ ਵਿੱਚ ਘਿਰਿਆ ਰਹੇਂਗਾ। ਵਿਸ਼ਨੁਭਗਤ ਅੰਬਰੀਸ਼ ਦੀ ਰਖ੍ਯਾ ਲਈ ਸੁਦਰਸ਼ਨ ਚਕ੍ਰ ਆਇਆ, ਜਿਸ ਨੇ ਸੂਰਜ ਜੇਹਾ ਪ੍ਰਕਾਸ਼ ਕਰਕੇ ਅੰਧੇਰਾ ਦੂਰ ਕੀਤਾ ਅਤੇ ਦੋਹਾਂ ਰਿਖੀਆਂ ਦਾ ਅਜੇਹਾ ਪਿੱਛਾ ਕੀਤਾ ਕਿ ਜਦ ਤੀਕ ਉਨ੍ਹਾਂ ਨੇ ਆ ਕੇ ਅੰਬਰੀਸ਼ ਤੋਂ ਮੁਆਫ਼ੀ ਨਾ ਮੰਗੀ, ਤਦ ਤੀਕ ਟਿਕਣੇ ਨ ਪਾਏ। “ਅੰਬਰੀਕ ਕਉ ਦੀਓ ਅਭੈ ਪਦੁ।” (ਮਾਰੂ ਨਾਮਦੇਵ) (ਮਹਾਨ ਕੋਸ਼, ਸਫ਼ਾ 116)

7.  ਈਸੁ

ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ॥ (ਪੰਨਾ 1402)

ਈਸ-ਸ਼ਿਵ। ਦੇਖੋ: ਸ਼ਿਵ।

8. ਇੰਦ੍ਰ

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ॥ (ਪੰਨਾ 1388)

ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ (ਪੰਨਾ 1408)

ਇੰਦ੍ਰ-ਦੇਵਰਾਜ। ਦੇਖੋ, ਇੰਦਰ।

ਇੰਦਰ- ਸੋ, ਇੰਦ੍ਰ, ਦੇਵਰਾਜ। ਅਮਰਾਵਤੀ ਦਾ ਸ੍ਵਾਮੀ, ਜੋ ਵਰਖਾ ਦਾ ਦੇਵਤਾ ਮੰਨਿਆ ਹੈ, ਅਤੇ ਜਿਸ ਦਾ ਜੰਗ ਵ੍ਰਿਤ੍ਰ ਨਾਮਕ ਦੁਰਭਿੱਖ ਦੇ ਸ੍ਵਾਮੀ ਦੈਤ ਨਾਲ ਹੁੰਦਾ ਰਹਿੰਦਾ ਹੈ। ਰਿਗਵੇਦ ਵਿੱਚ ਇਸ ਦੀ ਵਡੀ ਮਹਿਮਾ ਗਾਈ ਹੈ। ਪੁਰਾਣਾਂ ਅਨੁਸਾਰ ਇਹ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਹੈ। ਵਾਮਨ ਇਸ ਦਾ ਛੋਟਾ ਭਾਈ ਲਿਖਿਆ ਹੈ। ਇੰਦ੍ਰ ਦੀ ਇਸਤ੍ਰੀ ਦਾ ਨਾਉਂ ਸ਼ਚੀ ਅਤੇ ਪੁਤ੍ਰ ਜਯੰਤ ਹੈ। ਇਸ ਦਾ ਸ਼ਸਤ੍ਰ ਵਜ੍ਰ ਹੈ। ਸਵਾਰੀ ਏਰਾਵਤ ਹਾਥੀ ਹੈ। ਸਭਾ ਦਾ ਨਾਉਂ ਸੁਧਰਮਾ ਹੈ। ਰਥਵਾਹੀ ਮਾਤਲਿ ਹੈ। ਸਵਾਰੀ ਦਾ ਘੋੜਾ ਉੱਚੈਃ ਸ਼੍ਰਵਾ ਹੈ। (ਮਹਾਨ ਕੋਸ਼, ਸਫ਼ਾ 124)

9. ਇੰਦ੍ਰਾਦਿ

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ (ਪੰਨਾ 1389)

ਇੰਦ੍ਰਾਦਿ, ਵਿ- ਇੰਦ੍ਰਾਦਿਕ। ਇੰਦ੍ਰ ਅਤੇ ਹੋਰ ਦੇਵਤੇ। ਇੰਦ੍ਰ ਤੋਂ ਲੈ ਕੇ। (ਮਹਾਨ ਕੋਸ਼, ਸਫ਼ਾ 125)

10. ਸ਼ੇਸ

ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ॥  (ਪੰਨਾ 1390)

ਸੇਸ-ਸ਼ੇਸ਼ਨਾਗ। ਦੇਖੋ : ਸੇਸਨਾਗ।

ਸੇਸਨਾਗ- ਨਾਗਵੰਸ਼ ਅਤੇ ਪਾਤਾਲ ਦਾ ਰਾਜਾ। ਪੁਰਾਣਾਂ ਵਿੱਚ ਕਥਾ ਹੈ ਕਿ ਇਸ ਦੇ 1000 ਸਿਰ ਹਨ, ਜੋ ਵਿਸ਼ਨੁ ਭਗਵਾਨ ਉੱਤੇ ਛਾਇਆ ਕਰਦੇ ਹਨ। ਕਈ ਕਹਿੰਦੇ ਹਨ ਕਿ ਸੱਤ ਪਾਤਾਲ ਇਸ ਦੇ ਸਿਰ ਤੇ ਹਨ। ਵਿਸ਼ਨੁ ਪੁਰਾਣ ਲਿਖਦਾ ਹੈ ਕਿ ਜਦ ਕਦੀ ਏਹ ਉਬਾਸੀ ਲੈਂਦਾ ਹੈ ਤਾਂ ਭੂਚਾਲ ਆ ਜਾਂਦਾ ਹੈ। ਹਰ ਇੱਕ ਕਲਪ (ਅਥਵਾ 4320000000 ਵਰ੍ਹਿਆਂ) ਦੇ ਅੰਤ ਵਿੱਚ ਇਹ ਮੂੰਹ ਵਿੱਚੋਂ ਅਗਨਿ ਕਢਦਾ ਹੈ, ਜਿਸ ਨਾਲ ਸਾਰੇ ਲੋਕ ਭਸਮ ਹੋ ਜਾਂਦੇ ਹਨ। ਇਸ ਦਾ ਰੂਪ ਇਉਂ ਦੱਸਿਆ ਹੈ- “ਊਦਾ ਰੰਗ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਤੇ ਦੂਸਰੇ ਵਿੱਚ ਚੱਟੂ।” ਇਸ ਨੂੰ ਅਨੰਤ ਭੀ ਆਖਦੇ ਹਨ। ਇਸ ਦੀ ਇਸਤ੍ਰੀ ਦਾ ਨਾਉਂ “ਅਨੰਤ ਸ਼ੀਰਸ਼ਾ” ਹੈ। ਕਈ ਇਸ ਨੂੰ ਵਾਸੁਕਿ ਹੀ ਮੰਨਦੇ ਹਨ, ਪਰ ਕਈ ਉਸ ਤੋਂ ਵੱਖਰਾ ਸਮਝਦੇ ਹਨ। ਪੁਰਾਣਾਂ ਵਿੱਚ ਇਸ ਨੂੰ ਕਸ਼੍ਯਪ ਅਤੇ ਕਦ੍ਰ ਦਾ ਪੁਤ੍ਰ ਕਰਕੇ ਮੰਨਿਆ ਹੈ ਅਤੇ ਬਲਰਾਮ ਨੂੰ ਇਸ ਦਾ ਅਵਤਾਰ ਦੱਸਿਆ ਹੈ। ਇਸ ਦੀ ਕੁੰਜ ਨੂੰ ਮਣਿਦ੍ਵੀਪ ਅਤੇ ਇਸ ਦੇ ਘਰ ਨੂੰ ਮਣਿਭਿੱਤਿ ਜਾਂ ਮਣਿਮੰਡਪ ਆਖਦੇ ਹਨ। (ਮਹਾਨ ਕੋਸ਼, ਸਫ਼ਾ 226)

11. ਸੇਖ

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ॥  (ਪੰਨਾ 1386)

ਸੇਖ-ਦੇਖੋ: ਸੇਸ (ਸੇਸਨਾਗ)

12. ਸੁਖਦੇਉ

ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥ (ਪੰਨਾ 1390)

ਸੁਖਦੇਉ-ਸ਼ੁਕਦੇਵ। ਦੇਖੋ ਸੁਕ

ਵ੍ਯਾਸ ਮੁਨੀ ਦਾ ਪੁਤ੍ਰ ਇੱਕ ਰਿਖੀ, ਜਿਸ ਦਾ ਪ੍ਰਸਿੱਧ ਨਾਉਂ ਸ਼ੁਕਦੇਵ ਹੈ। ਮਹਾਭਾਰਤ ਵਿੱਚ ਲਿਖਿਆ ਹੈ ਕਿ ਵ੍ਯਾਸ ਹਵਨ ਕਰਨ ਲਈ ਅਰਣੀ ਲੱਕੜ ਘਸਾ ਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ, ਇਤਨੇ ਵਿੱਚ ਘ੍ਰਿਤਾਚੀ ਅਪਸਰਾ ਆਈ, ਜਿਸ ਨੂੰ ਦੇਖ ਕੇ ਰਿਖੀ ਦਾ ਵੀਰਯ ਅਰਣੀ ਵਿੱਚ ਡਿਗ ਪਿਆ, ਘ੍ਰਿਤਾਚੀ ਰਿਖੀ ਤੋਂ ਡਰਦੀ ਕਿ ਕਿਤੇ ਸ੍ਰਾਪ ਨਾ ਦੇ ਦੇਵੇ, ਤੋਤੀ ਦਾ ਰੂਪ ਧਾਰ ਕੇ ਉਥੋਂ ਉਡ ਗਈ। ਵ੍ਯਾਸ ਦੇ ਵੀਰਯ ਤੋਂ ਸੁਕ ਅਰਣੀ ਵਿਚੋਂ ਹੀ ਪੈਦਾ ਹੋ ਗਿਆ। ਪਿਤਾ ਨੇ ਨਾਉਂ ਸ਼ੁਕ ਇਸ ਲਈ ਰੱਖਿਆ ਕਿ ਘ੍ਰਿਤਾਚੀ ਨੇ ਤੋਤੀ ਦੀ ਸ਼ਕਲ ਬਣਾ ਲਈ ਸੀ। ਸੁਕਦੇਵ ਨੂੰ ਵਯਾਸ ਨੇ ਬ੍ਰਹਮਵਿਦ੍ਯਾ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭੇਜਿਆ। ਸ਼ੁਕ ਵਡਾ ਪ੍ਰਸਿੱਧ ਗ੍ਯਾਨੀ ਹੋਇਆ ਹੈ। “ਸੁਕ ਜਨਕ ਪਗੀ ਲਗਿ ਧਿਆਵੈਗੋ।” (ਕਾਨੜਾ ਅਃ ਮਃ 4)  (ਮਹਾਨ ਕੋਸ਼, ਸਫ਼ਾ 207)

13.  ਸੁਤੁ ਭਾਨ

ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਹਉ॥ (ਪੰਨਾ 1400)

ਸੁਤੁ ਭਾਨ – ਯਮ। ਧਰਮਰਾਜ, ਜੋ ਸੂਰਜ ਦਾ ਪੁਤ੍ਰ ਲਿਖਿਆ ਹੈ। (ਮਹਾਨ ਕੋਸ਼, ਸਫ਼ਾ 211)

14. ਸੁਦਾਮਾ

ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ॥ (ਪੰਨਾ 1400)

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥ (ਪੰਨਾ 1405)

ਸੁਦਾਮਾ, ਇੱਕ ਕੰਗਾਲ ਬ੍ਰਾਹਮਣ, ਜੋ ਕ੍ਰਿਸ਼ਨ ਜੀ ਦਾ ਹਮਜਮਾਤੀ ਅਤੇ ਮਿਤ੍ਰ ਸੀ। ਇਹ ਇਸਤ੍ਰੀ ਦਾ ਪ੍ਰੇਰਿਆ ਹੋਇਆ ਕ੍ਰਿਸ਼ਨ ਜੀ ਪਾਸ ਦ੍ਵਾਰਿਕਾ ਪਹੁਚਿਆ। “ਦਾਲਦ ਭੰਜ ਸੁਦਾਮੇ ਮਿਲਿਓ॥” (ਮਾਰੂ ਮਃ 5) (ਮਹਾਨ ਕੋਸ਼, ਸਫ਼ਾ 213)

15. ਸਨਕਾਦਿ

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ॥    (ਪੰਨਾ 1386)

ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ॥ (ਪੰਨਾ 1389)

ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ॥ (ਪੰਨਾ 1390)

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ॥ (ਪੰਨਾ 1393)

ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ॥(ਪੰਨਾ 1401)

ਸਨਕਾਦਿ : ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ। “ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ ਕਉ ਮਹਲੁ ਦੁਲਭਾਵਉ॥” (ਆਸਾ ਮਃ 5)  (ਮਹਾਨ ਕੋਸ਼, ਸਫ਼ਾ 152)

16. ਸਪਤ ਸਮੁਦ੍ਰ

ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ॥ (ਪੰਨਾ 1389)

ਸਪਤ ਸਮੁਦ੍ਰ – ਦੇਖੋ : ਸਪਤ ਸਾਗਰ

ਸਪਤ ਸਾਗਰ-ਸੱਤ ਸਮੁੰਦਰ। ਪੁਰਾਣਾਂ ਵਿੱਚ ਇਹ ਸੱਤ ਸਾਗਰ ਲਿਖੇ ਹਨ- ਦੁੱਧ ਦਾ, ਦਹੀਂ ਦਾ, ਘੀ ਦਾ, ਇੱਖ ਦੇ ਰਸ ਦਾ, ਸ਼ਹਿਦ ਦਾ, ਮਿੱਠੇ ਪਾਣੀ ਦਾ, ਖਾਰੇ ਪਾਣੀ ਦਾ ਅਤੇ ਇਹ ਭੀ ਦੱਸਿਆ ਹੈ ਕਿ ਇਹ ਇੱਕ ਇੱਕ ਦ੍ਵੀਪ ਨੂੰ ਘੇਰੇ ਹੋਏ ਹਨ। “ਸਪਤ ਦੀਪ ਸਪਤ ਸਾਗਰਾ॥” (ਵਾਰ ਸ੍ਰੀ ਮਃ 4) (ਮਹਾਨ ਕੋਸ਼, ਸਫ਼ਾ 154)

17. ਸ੍ਰੀ ਨਿਵਾਸੁ

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥2॥7॥ (ਪੰਨਾ 1402)

ਸ੍ਰੀ-ਲੱਛਮੀ। ਸ੍ਰੀ ਨਿਵਾਸੁ-ਮਾਇਆ ਨੂੰ ਚਰਨਾਂ ਵਿਚ ਵਾਸਾ ਦੇਣ ਵਾਲਾ ਵਾਹਿਗੁਰੂ। (ਮਹਾਨ ਕੋਸ਼, ਸਫ਼ਾ 252)

18. ਸਿਵ

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ॥ (ਪੰਨਾ 1388)

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ॥ (ਪੰਨਾ 1393)

ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ॥(ਪੰਨਾ 1401)

ਸਿਵ ਬਿਰੰਚਿ ਧਰਿ ਧ੍ਹਾਨੁ ਨਿਤਹਿ ਜਿਸੁ ਬੇਦੁ ਬਖਾਣੈ॥ (ਪੰਨਾ 1404)

ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ॥ (ਪੰਨਾ 1404)

ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ॥ (ਪੰਨਾ 1408)

ਸਿਵ-ਮਹਾਦੇਵ। ਪਾਰਵਤੀ ਦਾ ਪਤਿ। “ਸਿਵ ਸਿਵ ਕਰਤੇ ਜੋ ਨਰ ਧਿਆਵੈ॥” (ਗੋਂਡ ਨਾਮਦੇਵ) (ਮਹਾਨ ਕੋਸ਼, ਸਫ਼ਾ 201)

19. ਹਰਨਾਖਸ

ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ॥ (ਪੰਨਾ 1400)

ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ॥ (ਪੰਨਾ 1402) ਹਰਣਾਖਸ- ਦੇਖੋ, ਹਰਣਖ ਅਤੇ ਪ੍ਰਹਿਲਾਦ। “ਹਰਣਾਖਸੁ ਲੇ ਨਖਹੁ ਬਿਧਾਸਾ।” (ਗਉ ਅਃ ਮਃ 1) ਦੇਖੋ, ਬਿਧਾਸਾ। “ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦ ਤਰਾਇਆ।”(ਆਸਾ ਛੰਤ ਮਃ 4)

ਹਰਣਖ-ਸੰ. ਰਿਹਣਾਯਾਕ ਹਿਰਣ੍ਯ (ਸੋਨੇ ਜੇਹੀਆਂ ਪੀਲੀਆਂ ਅੱਖਾਂ ਵਾਲਾ ਇੱਕ ਦੈਤ) “ਤੁਮ ਦੁਸਟ ਤਾਰੇ ਹਰਣਖੇ॥” (ਨਟ ਮਃ 4) (ਮਹਾਨ ਕੋਸ਼, ਸਫ਼ਾ 262)

20. ਕੰਸੁ

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥  (ਪੰਨਾ 1390)

ਕੰਸੁ-ਰਾਜਾ ਉਗ੍ਰਸੇਨ ਦੀ ਇਸਤਰੀ ਦੇ ਉਦਰੋਂ ਦ੍ਰੁਮਿਲ ਦੈਂਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਸ਼ਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਣ ਸੀ। ਕੰਸ ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ। ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹ ਕੇ ਆਪ ਰਾਜਾ ਬਣ ਗਿਆ। ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ। ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ। ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ। ਅੱਠਵੇਂ ਗਰਭ ਵਿੱਚ ਕ੍ਰਿਸ਼ਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁੰਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾ ਕੇ ਮਾਰੀ ਗਈ। ਕੰਸ ਨੇ ਕ੍ਰਿਸ਼ਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਸ਼ਫਲ ਹੋਏ। ਅੰਤ ਨੂੰ ਕ੍ਰਿਸ਼ਨ ਜੀ ਨੇ ਧਨੁਖਯਗ੍ਯ ਵਿੱਚ ਪਹੁੰਚ ਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜ ਕੇ ਪਛਾੜ ਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ। “ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ॥ ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ॥” (ਸਵੈਯੇ ਮਃ 1 ਕੇ) (ਮਹਾਨ ਕੋਸ਼, ਸਫ਼ਾ 354)

21. ਕਛ

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ॥ (ਪੰਨਾ 1403)

ਕਛ: ਦੇਖੋ: ਕਛੁਕ।

ਕਛਪ ਅਵਤਾਰ: “ਆਪੇ ਮਛੁ ਕਛੁ ਕਰਣੀਕਰੁ…॥”

ਕਛਪ ਅਵਤਾਰ-ਭਾਗਵਤ ਵਿੱਚ ਕਥਾ ਹੈ ਕਿ ਜਦ ਦੇਵਤਾ ਅਤੇ ਦੈਂਤ ਖੀਰਸਮੁੰਦਰ ਰਿੜਕਣ ਲਗੇ, ਤਦ ਮੰਦਰਾਚਲ ਮਧਾਣੀ ਦੀ ਥਾਂ ਕੀਤਾ, ਪਰ ਮਧਾਣੀ ਇਤਨੀ ਭਾਰੀ ਸੀ ਜੋ ਥੱਲੇ ਧਸਦੀ ਜਾਂਦੀ ਸੀ। ਵਿਸ਼ਨੁ ਨੇ ਕੱਛੂ ਦਾ ਰੂਪ ਧਾਰ ਕੇ ਮੰਦਰ ਦੇ ਹੇਠ ਪਿੱਠ ਦਿੱਤੀ, ਜਿਸ ਤੋਂ ਆਸਾਨੀ ਨਾਲ ਰਿੜਕਣ ਦਾ ਕੰਮ ਆਰੰਭ ਹੋਇਆ। ਵ੍ਯਾਸ ਜੀ ਨੇ ਲਿਖਿਆ ਹੈ ਕਿ ਕੱਛੂ ਦੀ ਪਿੱਠ ਲੱਖ ਯੋਜਨ (ਚਾਰ ਲੱਖ ਕੋਹ) ਦੀ ਸੀ। (ਮਹਾਨ ਕੋਸ਼, ਸਫ਼ਾ 290)

22. ਕਾਨ੍ਹ ਕੁਅਰ

ਬਲਿਹਿ ਛਲਨ ਸਬਲ ਮਲਨ ਭਗਿœ ਫਲਨ ਕਾਨ੍‍ ਕੁਅਰ ਨਿਹਕਲੰਕ ਬਜੀ ਡੰਕ ਚੜ§ ਦਲ ਰਵਿੰਦ ਜੀਉ॥ (ਪੰਨਾ 1403)

ਕਾਨ੍ਯਕੁਅਰ ਕਾਨ੍ਹ (ਕ੍ਰਿਸ਼ਨ) ਕੁਮਾਰ, ਕ੍ਰਿਸ਼ਨ ਦੇਵ। (ਮਹਾਨ ਕੋਸ਼, ਸਫ਼ਾ 319)

23. ਕਿੰਨਰ

ਸਿਮਰਹਿ ਸੋਈ ਨਾਮੁ ਜਖ੍ਹ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ॥(ਪੰਨਾ 1393)

ਕਿੰਨਰ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ। ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ। ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ। ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ। ਇਨ੍ਹਾਂ ਦਾ ਨਾਉਂ ਕਿੰਪੁਰੁਸ਼ ਭੀ ਹੈ। (ਮਹਾਨ ਕੋਸ਼, ਸਫ਼ਾ 329)

24. ਕਪਿਲਾਦਿ

ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ॥ (ਪੰਨਾ 1389)

ਕਪਿਲਾਦਿ-ਕਪਿਲ ਆਦਿਕ ਮੁਨਿ। ਦੇਖੋ: ਕਪਿਲ।

ਕਪਿਲ- ਸਾਂਖ੍ਯ ਸ਼ਾਸਤ੍ਰ ਦਾ ਕਰਤਾ ਇੱਕ ਪ੍ਰਸਿੱਧ ਰਿਸ਼ੀ, ਜੋ ਦੇਵਹੂਤਿ ਦੇ ਉਦਰ ਤੋਂ ਕਰਦਮ ਦਾ ਪੁਤ੍ਰ ਸੀ। ਭਾਗਵਤ ਵਿੱਚ ਕਪਿਲ ਨੂੰ ਵਿਸ਼ਨੁ ਦਾ ਪੰਜਵਾਂ ਅਵਤਾਰ ਮੰਨਿਆਂ ਹੈ। ਗੀਤਾ ਵਿੱਚ ਕ੍ਰਿਸ਼ਨ ਜੀ ਨੇ “ਸਿੱਧਾਨਾਂ ਕਪਿਲੋ ਮੁਨਿਃ” ਕਥਨ ਕੀਤਾ ਹੈ। ਪੁਰਾਣਾ ਵਿੱਚ ਪ੍ਰਸੰਗ ਹੈ ਕਿ ਇਸ ਨੇ ਰਾਜਾ ਸਗਰ ਦੇ 60000 ਪੁਤ੍ਰ, ਜਦ ਕਿ ਉਹ ਇਦ੍ਰ ਕਰਕੇ ਚੁਰਾਏ ਹੋਏ ਘੋੜੇ ਦੀ ਤਲਾਸ਼ ਕਰ ਰਹੇ ਸਨ, ਇੱਕ ਵਾਰ ਦੇਖਣ ਨਾਲ ਹੀ ਭਸਮ ਕਰ ਦਿੱਤੇ ਸਨ। “ਗਾਵਹਿ ਕਪਿਲਾਦਿ ਆਦਿ ਜੋਗੇਸੁਰ।” (ਸਵੈਯੇ ਮਃ 1 ਕੇ) । ਆਦਿਜੋਗੇਸ਼੍ਵਰ-ਭਾਵ-ਜਨਮਸਿੱਧ ਕਪਿਲ। (ਮਹਾਨ ਕੋਸ਼, ਸਫ਼ਾ 295)

25. ਕਬੀਰ

ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥  (ਪੰਨਾ 1390)

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ (ਪੰਨਾ 1393)

ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥ (ਪੰਨਾ 1405)

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1406)

ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ॥ (ਪੰਨਾ 1394)

ਕਬੀਰ : ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15। ਸੰਮਤ 1455 ਨੂੰ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ-ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨ ਕੇ ਪਾਲਿਆ। (ਮਹਾਨ ਕੋਸ਼, ਸਫ਼ਾ 298)

26. ਕਬਿਲਾਸ

ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ॥ (ਪੰਨਾ 1404)

ਕਬਿਲਾਸ-ਸੰ। ਕੈਲਾਸ। ਸੰਗ੍ਯਾ- ਕ (ਪਾਣੀ) ਵਿੱਚ ਲਸ (ਚਮਕ) ਰਹੇ ਬਿੱਲੌਰ ਸਮਾਨ ਜੋ ਚਿੱਟਾ ਹੋਵੇ, ਸੋ ਕੈਲਾਸ। ਇਹ ਮਾਨਸਰਵੋਰ ਤੋਂ 25 ਮੀਲ ਉੱਤਰ ਹੈ। ਪੁਰਾਣਾਂ ਅਨੁਸਾਰ ਇਹ ਚਾਂਦੀ ਦਾ ਪਹਾੜ ਸੁਮੇਰੁ ਦੇ ਪੱਛਮ ਹੈ। ਇਸ ਪੁਰ ਸ਼ਿਵ ਦਾ ਨਿਵਾਸ ਹੈ। “ਕੋਟਿ ਮਹਾਦੇਵ ਅਰੁ ਕਬਿਲਾਸ।” (ਭੈਰਉ ਅਃ ਕਬੀਰ) (ਮਹਾਨ ਕੋਸ਼, ਸਫ਼ਾ 298)

27. ਕ੍ਰਿਸ਼ਨ

ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥ (ਪੰਨਾ 1390)

ਕ੍ਰਿਸ਼ਨ : ਵਿਸ਼ਨੁ ਦਾ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ਼ਨ, ਜੋ ਭੋਜਵੰਸ਼ੀ ਦੇਵਕ ਦੀ ਪੁਤ੍ਰੀ ਦੇਵਕੀ ਦੇ ਗਰਭ ਤੋਂ ਯਦੁਵੰਸ਼ੀ ਵਸੁਦੇਵ ਦੇ ਪੁਤ੍ਰ ਸਨ। ਇਨ੍ਹਾਂ ਦਾ ਜਨਮ ਮਥੁਰਾ ਦੇ ਜੇਲ ਵਿੱਚ ਹੋਇਆ ਅਤੇ ਪਰਵਰਿਸ਼ ਗੋਕਲ ਪਿੰਡ ਵਿੱਚ ਨੰਦ ਗੋਪ ਦੇ ਘਰ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ। (ਮਹਾਨ ਕੋਸ਼, ਸਫ਼ਾ 357)

28. ਗੰਗਾ

ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸçਮਿ ਧਰੀਆ॥ (ਪੰਨਾ 1392)

ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ॥ (ਪੰਨਾ 1401)

ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ॥ (ਪੰਨਾ 1409)

ਗੰਗਾ: ਭਾਰਤ ਦੀ ਪ੍ਰਸਿੱਧ ਨਦੀ, ਜੋ ਹਿੰਦੂਮਤ ਵਿੱਚ ਅਤਿਪਵਿਤ੍ਰ ਮੰਨੀ ਗਈ ਹੈ। ਇਹ ਗੋਮੁਖ ਚਸ਼ਮੇ ਤੋਂ ਨਿਕਲਦੀ ਹੈ। ਰਸਤੇ ਵਿੱਚ ਅਨੇਕ ਜਲਧਾਰਾਂ ਨੂੰ ਆਪਣੇ ਨਾਲ ਮਿਲਾਉਂਦੀ ਹੋਈ ਹਰਿਦ੍ਵਾਰ ਦੇ ਮਕਾਮ ਭਾਰੀ ਨਦੀ ਬਣ ਜਾਂਦੀ ਹੈ। ਅਨੇਕ ਅਸਥਾਨਾਂ ਵਿੱਚਦੀਂ 1550 ਮੀਲ ਵਹਿੰਦੀ ਹੋਈ ਗੰਗਾਸਾਗਰ ਦੇ ਸੰਗਮ ਪੁਰ ਸਮੁੰਦਰ ਨਾਲ ਜਾ ਮਿਲਦੀ ਹੈ। “ਜਨ ਕੇ ਚਰਨ ਤੀਰਥ ਕੋਟਿ ਗੰਗਾ॥” (ਬਿਲਾਵਲੁ ਮਃ 5) (ਮਹਾਨ ਕੋਸ਼, ਸਫ਼ਾ 432)

29. ਗੰਗੇਵ ਪਿਤਾਮਹ

ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ॥ (ਪੰਨਾ 1393)

ਗੰਗੇਵ ਪਿਤਾਮਹ : ਸੰ: ਗਾਂਗੇਯ। ਗੰਗਾ ਦਾ ਪੁਤ੍ਰ ਭੀਸ਼ਮ, ਜੋ ਕੌਰਵ ਪਾਂਡਵਾਂ ਦਾ ਪਿਤਾਮਹ (ਦਾਦਾ) ਸੀ। (ਮਹਾਨ ਕੋਸ਼, ਸਫ਼ਾ 433)

30. ਘਣ

ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ॥ (ਪੰਨਾ 1393)

ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ॥ (ਪੰਨਾ 1405)

ਗਣ-ਦੇਵਤਿਆਂ ਦੇ ਦਾਸ਼, ਜਿਵੇਂ- ਯਮਗਣ, ਸ਼ਿਵਗਣ, ਆਦਿ “ਗਣ ਗੰਧਰਬ ਸਿਧ ਅਰੁ ਸਾਧਿਕ॥” (ਦੇਵ. ਮਃ 5) (ਮਹਾਨ ਕੋਸ਼, ਸਫ਼ਾ 394)

31. ਗੌਤਮ

ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥ (ਪੰਨਾ 1390)

ਗੌਤਮ-ਗੋਤਮ ਵੰਸ਼ ਵਿੱਚ ਹੋਣ ਵਾਲਾ “ਸ਼ਰਦਵਤ” ਜਿਸ ਦੀ ਕਥਾ ਰਾਮਾਯਣ ਵਿੱਚ ਹੈ। ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ। ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ। ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ। ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ। ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ। (ਮਹਾਨ ਕੋਸ਼, ਸਫ਼ਾ 428)

32. ਗੰਧਰਬ

ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ॥ (ਪੰਨਾ 1393)

ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ॥ (ਪੰਨਾ 1405)

ਗੰਧਰਬ-ਦੇਵਲੋਕ ਦਾ ਗਵੈਯਾ। ਅਥਰਵਵੇਦ ਵਿੱਚ ਗੰਧਰਵਾਂ ਦੀ ਗਿਣਤੀ 6333 ਹੈ। (ਮਹਾਨ ਕੋਸ਼, ਸਫ਼ਾ 434)

33. ਗਨਿਕਾ

ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ॥ (ਪੰਨਾ 1400)

ਗਨਿਕਾ-ਦੇਖੋ, ਗਣਿਕਾ ਅਤੇ ਗਨਕਾ। “ਤਾਰੀਲੇ ਗਨਿਕਾ  ਬਿਨ  ਰੂਪ ਕੁਬਿਜਾ॥” (ਗਉ ਨਾਮਦੇਵ)

ਗਨਕਾ-ਸੰ। ਗਣਿਕਾ। ਸੰਗ੍ਯਾ- ਵੇਸ਼੍ਯਾ। ਕੰਚਨੀ। ਦੇਖੋ, ਗਣਿਕਾ। ਗੁਰਬਾਣੀ ਵਿੱਚ ਦੋ ਗਨਿਕਾ ਦਾ ਪ੍ਰਸੰਗ ਆਉਂਦਾ ਹੈ। ਇੱਕ ਪਿੰਗਲਾ, ਜੋ ਰਾਜਾ ਜਨਕ ਦੀ ਪੁਰੀ ਵਿੱਚ ਰਹਿੰਦੀ ਸੀ। ਇੱਕ ਰਾਤ ਇਸ ਨੂੰ ਕੋਈ ਕਾਮੀ ਪੁਰਖ ਨਾ ਮਿਲਿਆ। ਅੱਧੀ ਰਾਤ ਵੀਤਣ ਪੁਰ ਮਨ ਨੂੰ ਪਛਤਾਵਾ ਹੋਇਆ ਅਤੇ ਖਿਆਲ ਉਪਜਿਆ ਕਿ ਜੇ ਇਤਨਾ ਧ੍ਯਾਨ ਅਤੇ ਪਿਆਰ ਕਰਤਾਰ ਵੱਲ ਜੋੜਦੀ, ਤਦ ਕੇਹਾ ਉੱਤਮ ਫਲ ਹੁੰਦਾ।ਉਸੇ ਵੇਲੇ ਸਭ ਕੁਕਰਮ ਛੱਡਕੇ ਕਰਤਾਰ ਪਰਾਇਣ ਹੋਈ ਅਤੇ ਪਵਿਤ੍ਰ ਜੀਵਨ ਵਿਤਾਇਆ। ਇਸੇ ਗਨਿਕਾ ਨੂੰ ਦੱਤਾਤ੍ਰੇਯ ਜੀ ਨੇ ਗੁਰੂ ਕਲਪਿਆ ਸੀ। “ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ।” (ਕੇਦਾ ਰਵਿਦਾਸ)

ਦੂਜੀ ਗਨਿਕਾ ਉਹ ਸੀ, ਜਿਸ ਨੂੰ ਕਿਸੇ ਸਾਧੂ ਨੇ ਤੋਤਾ ਦੇ ਕੇ ਹਰਿਨਾਮ ਸਿਖਾਉਣ ਦਾ ਉਪਦੇਸ਼ ਦਿੱਤਾ ਅਤੇ ਉਹ ਨਾਮਅਭ੍ਯਾਸ ਵਿੱਚ ਲੱਗ ਕੇ ਪਵਿਤ੍ਰਾਤਮਾ ਹੋ ਗਈ। “ਗਨਿਕਾ ਉਧਰੀ ਹਰਿ ਕਹੈ ਤੋਤ।” (ਬਸੰਤ ਅਃ ਮਃ 5) “ਜਿਹ ਸਿਮਰਤ ਗਨਕਾ ਸੀ ਉਧਰੀ।” (ਸੋਰਠਿ ਮਃ 9) ਦੇਖੋ ਗਨਿਕਾ। (ਮਹਾਨ ਕੋਸ਼, ਸਫ਼ਾ 396)

34. ਗੋਰਖ

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ॥ (ਪੰਨਾ 1388)

ਗੋਰਖ-ਜੋਗੀਆਂ ਦਾ ਆਚਾਰਯ ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਨਗਰ ਵਿੱਚ ਹੋਇਆ। ਬਹੁਤਿਆਂ ਨੇ ਗੋਰਖ ਨੂੰ ਮਛੇਂਦ੍ਰ (ਮਤਸਯੇਂਦ੍ਰ) ਨਾਥ ਦਾ ਚੇਲਾ ਅਤੇ ਪੁਤ੍ਰ ਲਿਖਿਆ ਹੈ। ਗੋਰਖਨਾਥ ਦੀ ਨੌ ਨਾਥਾਂ ਵਿੱਚ ਗਿਣਤੀ ਹੈ। ਜੋਗੀਆਂ ਦਾ ਕਨਪਟਾ ਪੰਥ ਇਸੇ ਮਹਾਤਮਾ ਤੋਂ ਚੱਲਿਆ ਹੈ। “ਜੋਗੀ ਗੋਰਖ ਗੋਰਖ ਕਰਿਆ।” (ਗਉੜੀ ਮਃ 4) (ਮਹਾਨ ਕੋਸ਼, ਸਫ਼ਾ 431)

35. ਚਵਰਾਸੀਹ ਸਿਧ

ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ॥ (ਪੰਨਾ 1393)

ਵੇਖੋ: ਚੌਰਾਸੀ ਸਿੱਧ।

ਚੌਰਾਸੀ ਸਿੱਧ-ਯੋਗੀਆਂ (ਗੋਰਖਪੰਥੀਆਂ) ਦੇ ਮੰਨੇ ਹੋਏ ਸ਼ਿਰੋਮਣੀ ਯੋਗੀ, ਜਿਨ੍ਹਾਂ ਦੀ ਗਿਣਤੀ ਚੌਰਾਸੀ ਹੈ। (ਮਹਾਨ ਕੋਸ਼, ਸਫ਼ਾ 479)

36. ਛਿਅ ਦਰਸ਼ਨ

ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ॥ (ਪੰਨਾ 1393)

ਵੇਖੋ: ਖਟ ਸ਼ਾਸਤ੍ਰ।

ਖਟ ਸ਼ਾਸਤ੍ਰ-ਹਿੰਦੂਮਤ ਦੇ ਛੀ ਮੁੱਖ ਸ਼ਾਸਤ੍ਰ। “ਖਟੁ ਸਾਸਤ ਵਿਚਰਤ ਮੁਖਿ ਗਿਆਨਾ॥” (ਮਾਝ ਮਃ 5) “ਖਟ ਸਾਸਤ੍ਰ ਸਿਮ੍ਰਿਤਿ ਵਖਿਆਨ॥” (ਸੁਖਮਨੀ) ਹਿਤ ਦੀ ਸਿਖ੍ਯਾ ਦੇਣ ਵਾਲੇ ਪੁਸਤਕ ਦਾ ਨਾਉਂ ਸ਼ਾਸਤ੍ਰ ਹੈ, ਪਰ ਖਾਸ ਕਰਕੇ ਖਟ ਸ਼ਾਸਤ੍ਰਾਂ ਵਾਸਤੇ ਏਹ ਪਦ ਵਰਤਿਆ ਜਾਂਦਾ ਹੈ। ਖਟ ਸ਼ਾਸਤ੍ਰ ਇਹ ਹਨ-ਵੈਸ਼ੇਸ਼ਿਕ, ਨ੍ਯਾਯ, ਸਾਂਖ, ਪਾਤੰਜਲ ਅਥਵਾ ਯੋਗ ਦਰਸ਼ਨ, ਮੀਮਾਂਸਾ, ਵੇਦਾਂਤ। (ਮਹਾਨ ਕੋਸ਼, ਸਫ਼ਾ 363)

37. ਛੰਦ ਮੁਨੀਸੁਰ

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ॥ (ਪੰਨਾ 1388)

ਛੰਦ ਮੁਨੀਸੁਰ : ਵੇਦਮੰਤ੍ਰਾਂ ਦੇ ਰਚਣ ਵਾਲੇ ਪ੍ਰਧਾਨ ਮੁਨਿ। ਵੈਦਿਕ। ਰਿਸ਼ੀ। “ਬ੍ਰਹਮਾਦਿਕ ਸਿਵ ਛੰਦ ਮੁਨੀਸੁਰ॥” (ਮਹਾਨ ਕੋਸ਼, ਸਫ਼ਾ 495)

38. ਜਸੋਦ

ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥ (ਪੰਨਾ 1402)

ਜਸੋਦਾ-ਯਸ਼ੋਦਾ। ਦੇਖੋ, ਜਸੁਦਾ। ਜਸੁਦਾ, ਨੰਦ ਗੋਪ ਦੀ ਇਸਤ੍ਰੀ। ਜਿਸ ਨੇ ਕ੍ਰਿਸ਼ਨ ਜੀ ਨੂੰ ਪਾਲਿਆ। “ਜਿਉ ਜਸੁਦਾ ਘਰਿ ਕਾਨੁ।” (ਸ੍ਰੀ ਮਃ 1 ਪਹਿਰੇ) (ਮਹਾਨ ਕੋਸ਼, ਸਫ਼ਾ 497)

39. ਜਖ

ਸਿਮਰਹਿ ਸੋਈ ਨਾਮੁ ਜਖ੍ਹ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ॥ (ਪੰਨਾ 1383)

ਜਖ੍ਯ, ਦੇਖੋ ਯਕਸ਼।

ਯਕਸ਼, ਦੇਵਤਿਆਂ ਦੀ ਇੱਕ ਖਾਸ ਜਾਤਿ। ਗੁਹ੍ਯਕ। ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ।(ਮਹਾਨ ਕੋਸ਼, ਸਫ਼ਾ 1005)

40.  ਜੈਦੇਵ

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ (ਪੰਨਾ 1390)

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ॥ (ਪੰਨਾ 1394)

ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥ (ਪੰਨਾ 1405)

ਜੈਦੇਵ-ਸੰ। ਜਯਦੇਵ। ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ। ਜਯਦੇਵ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ। ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ। ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ। ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲ ਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ। ਇਸੇ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸ਼ਾ ਦੇ ਪਾਏ ਜਾਂਦੇ ਹਨ। “ਜੈਦੇਵ ਤਿਆਗਿਓ ਅਹੰਮੇਵ।” (ਬਸੰਤ ਅਃ ਮਃ 5) (ਮਹਾਨ ਕੋਸ਼, ਸਫ਼ਾ 534)

41. ਜਨਕਾਦਿ

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ॥ (ਪੰਨਾ 1389)

ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ॥ (ਪੰਨਾ 1390)

ਜਨਕ : ਰਾਮਚੰਦ੍ਰ ਜੀ ਦਾ ਸਹੁਰਾ, ਸੀਤਾ ਦਾ ਪਿਤਾ ਸੀਰਧ੍ਵਜ, ਜੋ ਆਤਮਤਤ੍ਵ ਦਾ ਵੇੱਤਾ ਅਤੇ ਨੀਤਿ ਦਾ ਪੁੰਜ ਸੀ। ਇਹ ਰਾਜ ਕਰਦਾ ਹੋਇਆ ਭੀ ਸੰਨ੍ਯਾਸੀ ਸੀ। ਜਨਕ ਦੀ ਸਭਾ ਵਿਦ੍ਵਾਨਾਂ ਅਤੇ ਰਿਖੀਆਂ ਨਾਲ ਭਰਪੂਰ ਰਹਿੰਦੀ ਸੀ। (ਮਹਾਨ ਕੋਸ਼, ਸਫ਼ਾ 503)

42. ਜਮਦਗਨਿ

ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ॥ (ਪੰਨਾ 1389)

ਜਮਦਗਿਨ: ਸੰ. ਭ੍ਰਿਗੁਵੰਸ਼ ਵਿੱਚੋਂ ਇੱਕ ਬ੍ਰਾਹਮਣ, ਜੋ ਰਿਚੀਕ ਅਤੇ ਸਤ੍ਯਵਤੀ ਦਾ ਪੁਤ੍ਰ ਸੀ। ਜਮਦਗਨਿ ਦੀ ਮਾਤਾ ਸਤ੍ਯਵਤੀ ਛਤ੍ਰੀ ਵੰਸ਼ ਦੇ ਗਾਧਿ ਨਾਮੇਂ ਰਾਜੇ ਦੀ ਪੁਤ੍ਰੀ ਸੀ। ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਸਮੇਂ ਰਿਚੀਕ ਰਿਖੀ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਇੱਕ ਦਿਵ੍ਯ ਭੋਜਨ ਤਿਆਰ ਕੀਤਾ, ਜਿਸ ਦੇ ਖਾਣ ਤੋਂ ਬ੍ਰਾਹਮਣ ਦੀਆਂ ਸਿਫਤਾਂ ਵਾਲਾ ਪੁਤ੍ਰ ਹੋਵੇ। ਉਸ ਨੇ ਉਸੇ ਵੇਲੇ ਇੱਕ ਹੋਰ ਆਹਾਰ ਤਿਆਰ ਕਰਕੇ ਸਤ੍ਯਵਤੀ ਦੀ ਮਾਤਾ ਨੂੰ ਭੀ ਦਿੱਤਾ, ਜਿਸ ਦੇ ਅਸਰ ਨਾਲ ਯੋੱਧਾ ਪੁਤ੍ਰ ਜਨਮੇ। ਇਨ੍ਹਾਂ ਮਾਵਾਂ ਧੀਆਂ ਨੇ ਉਹ ਆਹਾਰ ਆਪਸ ਵਿੱਚ ਬਦਲ ਲਏ, ਇਸ ਲਈ ਰਿਚੀਕ ਦਾ ਪੁਤ੍ਰ ਜਮਦਗਨਿ ਤਾਂ ਯੋੱਧਾ ਹੋਇਆ ਤੇ ਗਾਧਿ ਛਤ੍ਰੀ ਦਾ ਪੁਤ੍ਰ ਵਿਸ਼੍ਵਾਮਿਤ੍ਰ ਬ੍ਰਾਹਮਣ ਹੋਇਆ। (ਮਹਾਨ ਕੋਸ਼, ਸਫ਼ਾ 507)

43. ਜਮੁਨਾ

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ॥ (ਪੰਨਾ 1403)

ਜਮੁਨਾ, ਦੇਖੋ ਜਮਨਾ।

ਜਮਨਾ, ਭਾਰਤ ਦੀ ਇੱਕ ਪ੍ਰਸਿੱਧ ਨਦੀ, ਜਿਸ ਦੀ ਗਿਣਤੀ ਤ੍ਰਿਵੇਣੀ ਵਿੱਚ ਹੈ। ਪੁਰਾਣਾਂ ਨੇ ਇਸ ਨੂੰ ਸੂਰਜ ਦੀ ਪੁਤ੍ਰੀ ਦੱਸਿਆ ਹੈ। ਹਿੰਦੂਆਂ ਦਾ ਵਿਸ਼੍ਵਾਸ ਹੈ ਕਿ ਯਮੁਨਾ ਵਿੱਚ ਇਸ਼ਨਾਨ ਕਰਨ ਤੋਂ ਯਮ ਦੰਡ ਨਹੀਂ ਦਿੰਦਾ। (ਮਹਾਨ ਕੋਸ਼, ਸਫ਼ਾ 507)

44. ਤੇਤੀਸ ਕੋਰਿ

ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ॥ (ਪੰਨਾ 1386)

ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ॥ (ਪੰਨਾ 1393)

ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ॥ (ਪੰਨਾ 1393)

ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ॥ (ਪੰਨਾ 1401)

ਤੇਤੀਸ, ਤੇਤੀ ਕੋਟਿ (ਕ੍ਰੋੜਿ) ਦੇਵਤਾ।

“ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ॥” (ਸਵੈਯੇ ਮ: 3 ਕੇ)  (ਮਹਾਨ ਕੋਸ਼, ਸਫ਼ਾ 601)

45. ਤ੍ਰਿਲੋਚਨ

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ (ਪੰਨਾ 1390)

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ (ਪੰਨਾ 1393)

ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ॥ (ਪੰਨਾ 1394)

ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥ (ਪੰਨਾ 1405)

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1406)

ਤ੍ਰਿਲੋਚਨ-ਇੱਕ ਭਗਤ, ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਹ ਮਹਾਤਮਾ ਵੈਸ਼੍ਯ ਜਾਤਿ ਦਾ ਬਾਰਸੀ (ਜ਼ਿਲ੍ਹਾ ਸ਼ੋਲਾਪੁਰ) ਦਾ ਵਸਨੀਕ ਸੀ। ਇਸ ਦਾ ਜਨਮ ਸੰਮਤ 1325 ਵਿੱਚ ਹੋਇਆ ਸੀ। “ਤ੍ਰਿਲੋਚਨ ਗੁਰੁ ਮਿਲਿ ਭਈ ਸੁਧ॥” (ਬਸੰ ਅਃ ਮਃ 5) (ਮਹਾਨ ਕੋਸ਼, ਸਫ਼ਾ 609)

46. ਦਸਰਥ

ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ॥  (ਪੰਨਾ 1401)

ਦਸ਼ਰਥ-ਅਯੋਧ੍ਯਾ ਦਾ ਪਤੀ ਰਘੁਵੰਸ਼ੀ ਅਜ ਦਾ ਪੁਤ੍ਰ, ਅਤੇ ਰਾਮਚੰਦ੍ਰ ਜੀ ਦਾ ਪਿਤਾ, ਜਿਸ ਦਾ ਰਥ ਦਸੋਂ-ਦਿਸ਼ਾ ਵਿੱਚ ਬਿਨਾ ਰੋਕ ਫਿਰਦਾ ਸੀ। ਰਾਮਾਇਣ ਵਿੱਚ ਇਸ ਦੀਆਂ ਇਸਤ੍ਰੀਆਂ ਤਿੰਨ ਸੌ ਤ੍ਰਿਵੰਜਾ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਸ਼ਿਰੋਮਣਿ ਕੌਸ਼ਲ੍ਯਾ, ਕੈਕੇਯੀ ਅਤੇ ਸੁਮਿਤ੍ਰਾ ਸਨ। ਕੌਸ਼ਲ੍ਯਾ ਤੋਂ ਰਾਮ, ਕੈਕੇਯੀ ਤੋਂ ਭਰਤ ਅਤੇ ਸੁਮਿਤ੍ਰਾ ਤੋਂ ਲਛਮਣ ਅਤੇ ਸ਼ਤ੍ਰੁਘਨ ਜਨਮੇ।

ਇੱਕ ਵੇਰ ਯੁੱਧ ਵਿੱਚ ਕੈਕੇਯੀ ਨੇ ਦਸ਼ਰਥ ਦੀ ਸਹਾਇਤਾ ਕੀਤੀ ਸੀ। ਉਸ ਤੋਂ ਪ੍ਰਸੰਨ ਹੋ ਕੇ ਦੋ ਵਰ ਦਿੱਤੇ ਸਨ ਉਨ੍ਹਾਂ ਨੂੰ ਚੇਤੇ ਕਰਾ ਕੇ ਕੈਕੇਯੀ ਨੇ ਆਖਿਆ ਕਿ ਮੇਰੇ ਪੁਤ੍ਰ ਭਰਤ ਨੂੰ ਯੁਵਰਾਜ ਅਤੇ ਰਾਮ ਨੂੰ 14 ਵਰ੍ਹੇ ਵਨਵਾਸ ਦਿਓ। ਰਾਜੇ ਨੂੰ ਇਹ ਗੱਲ ਮਜਬੂਰਨ ਮੰਨਣੀ ਪਈ, ਪਰ ਰਾਮ ਨੂੰ ਵਨਵਾਸ ਦੇਕੇ ਅਜਿਹਾ ਦੁਖੀ ਹੋਇਆ ਕਿ ਵਿਯੋਗ ਵਿੱਚ ਪ੍ਰਾਣ ਤ੍ਯਾਗ ਦਿੱਤੇ। (ਮਹਾਨ ਕੋਸ਼, ਸਫ਼ਾ 616)

47. ਦ੍ਰੋਪਤੀ

ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ॥ (ਪੰਨਾ 1400)

ਦ੍ਰੋਪਤੀ-ਦ੍ਰੁਪਦ ਰਾਜਾ ਦੀ ਪੁੱਤਰੀ ਕ੍ਰਿਸ਼ਨਾ, ਜੋ ਪੰਜਾਂ ਪਾਂਡਵਾਂ ਦੀ ਪਤਨੀ (ਵਹੁਟੀ) ਸੀ। ਮਹਾਂਭਾਰਤ ਵਿਚ ਕਥਾ ਹੈ ਕਿ ਰਾਜਾ ਦ੍ਰੁਪਦ ਨੇ ਇਕ ਮੱਛਯੰਤ੍ਰ ਰਚ ਕੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਤੀਰ ਨਾਲ ਮੱਛੀ ਦੀ ਅੱਖ ਵਿੰਨ੍ਹੇਗਾ ਉਹ ਕ੍ਰਿਸ਼ਨਾ ਨੂੰ ਵਰੇਗਾ। ਅਰਜੁਨ ਨੇ ਪਹਿਲੇ ਤੀਰ ਨਾਲ ਨਿਸ਼ਾਨਾ ਫੁੰਡਿਆ ਅਤੇ ਦ੍ਰੋਪਤੀ ਨੂੰ ਲੈ ਕੇ ਘਰ ਪਹੁੰਚਿਆ। ਮਾਤਾ ਦੇ ਵਚਨ ਅਨੁਸਾਰ ਪੰਜਾਂ ਭਾਈਆਂ ਨੇ ਦ੍ਰੋਪਤੀ ਨੂੰ ਸਾਂਝੀ ਪਤਨੀ ਕਰਕੇ ਰੱਖਿਆ ਅਤੇ ਪੰਜਾਂ ਤੋਂ ਪੰਜ ਪੁੱਤਰ ਹੋਏ।

ਜਦ ਯੁਧਿਸ਼ਟਰ ਨੇ ਜੂਏ ਵਿਚ ਰਾਜ ਹਾਰ ਦਿੱਤਾ, ਤਦ ਦ੍ਰੋਪਤੀ ਭੀ ਦਾਉ ਵਿਚ ਲਾ ਕੇ ਹਾਰੀ ਗਈ। ਦੁਰਯੋਧਨ ਨੇ ਦੁਹਸਾਸਨ ਦੀ ਮਾਰਫ਼ਤ ਮਹਿਲਾਂ ਤੋਂ ਦ੍ਰੋਪਤੀ ਸਭਾ ਵਿਚ ਮੰਗਵਾਈ ਅਰ ਨੰਗੀ ਕਰਨ ਲਈ ਹੁਕਮ ਦਿੱਤਾ। ਉਸ ਵੇਲੇ ਦੀਨਮਨਾ ਦ੍ਰੋਪਤੀ ਨੇ ਕਰਤਾਰ ਦਾ ਅਰਾਧਨ ਕੀਤਾ, ਜਿਸ ਤੋਂ ਨੰਗੀ ਨਾ ਹੋ ਸਕੀ। (ਮਹਾਨ ਕੋਸ਼, ਸਫ਼ਾ 658)

48.  ਦੂਰਬਾ

ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ॥  (ਪੰਨਾ 1390)

ਦੂਰਬਾ- ਦੇਖੋ, ਦੁਰਬਾਸਾ ਰਿਖੀ।

ਦੁਰਬਾਸਾ-ਇੱਕ ਰਿਖੀ, ਜੋ ਅਤ੍ਰਿ ਅਤੇ ਅਨਸੂਯਾ ਦਾ ਪੁਤ੍ਰ ਸੀ। ਕਈ ਕਹਿˆਦੇ ਹਨ ਕਿ ਇਹ ਸ਼ਿਵ ਤੋਂ ਉਤਪੰਨ ਹੋਇਆ ਹੈ। ਇਹ ਵਡਾ ਹੀ ਕ੍ਰੋਧੀ ਸੀ, ਇਸ ਨੇ ਕਈਆਂ ਨੂੰ ਸਰਾਪ ਦਿੱਤੇ। ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਇਸ ਨੇ ਇੰਦ੍ਰ ਨੂੰ ਇੱਕ ਮਾਲਾ ਦਿੱਤੀ, ਜਿਸ ਦੀ ਇੰਦ੍ਰ ਦੇ ਹਾਥੀ ਐਰਾਵਤ ਨੇ ਨਿਰਾਦਰੀ ਕੀਤੀ, ਇਸ ਪੁਰ ਦੁਰਵਾਸਾ ਨੇ ਇੰਦ੍ਰ ਨੂੰ ਸਰਾਪ ਦੇ ਦਿੱਤਾ ਕਿ ਤੇਰਾ ਰਾਜ ਤ੍ਰੈਲੋਕਾਂ ਤੋਂ ਟਲ ਜਾਵੇ। ਸਰਾਪ ਦੇ ਕਾਰਣ ਇੰਦ੍ਰ ਅਤੇ ਦੇਵਤੇ ਨਿਰਬਲ ਹੋ ਗਏ ਅਰ ਦੈਂਤਾਂ ਕੋਲੋਂ ਹਾਰਨ ਲੱਗ ਪਏ। ਅੰਤ ਵਿਚ ਦੇਵਤੇ ਵਿਸ਼ਨੁ ਦੀ ਸ਼ਰਣ ਜਾਪਏ ਅਤੇ ਉਸ ਦੀ ਆਗ੍ਯਾ ਅਨੁਸਾਰ ਦੇਵਤਿਆਂ ਨੇ ਸਮੁੰਦਰ ਰਿੜਕਕੇ ਅੰਮ੍ਰਿਤ ਅਤੇ ਹੋਰ ਕਈ ਰਤਨ ਕੱਢੇ, ਜਿਸ ਤੋਂ ਮੁੜ ਬਲਵਾਨ ਹੋਏ। (ਮਹਾਨ ਕੋਸ਼, ਸਫ਼ਾ 645)

49. ਧੋਮੁ

ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ॥ (ਪੰਨਾ 1389)

ਧੋਮੁ-ਸੰ। ਧੌਮਯ। ਸੰਗ੍ਯਾ- ਧੂਮ ਰਿਖੀ ਦਾ ਪੁਤ੍ਰ, ਉੱਦਾਲਕ ਦਾ ਗੁਰੂ ਅਤੇ ਦੇਵਲ ਰਿਖੀ ਦਾ ਛੋਟਾ ਭਾਈ, ਜੋ ਪਾਂਡਵਾਂ ਦਾ ਪੁਰੋਹਿਤ ਸੀ। “ਗਾਵੈ ਗੁਣ ਧੋਮੁ।” (ਸਵੈਯੇ ਮਃ 1। ਕੇ) (ਮਹਾਨ ਕੋਸ਼, ਸਫ਼ਾ 673)

50. ਧ੍ਰੂ

ਸਿਮਰਹਿ ਨਖ੍ਹਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ॥ (ਪੰਨਾ 1393)

ਸਿਰੀ ਗੁਰੂ ਸਾਹਿਬੁ ਸਭ ਊਪਰਿ॥
ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ॥ (ਪੰਨਾ 1401)

ਜਿਨਹੁ ਬਾਤ ਨਿਸçਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ॥ (ਪੰਨਾ 1402)

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥ (ਪੰਨਾ 1405)

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1406)

ਧ੍ਰੁਵ – ਭਾਗਵਤ ਅਤੇ ਵਿਸ਼ਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ। ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ। ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ। ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ। ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖ ਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ। ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ। ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ। ਧ੍ਰੁਵ ਇਹ ਸੁਣ ਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ। ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਂਕਣ ਸੱਚ ਆਖਦੀ ਹੈ। ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮ ਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ। ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ। ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ। ਧ੍ਰੁਵ ਨੇ ਮਧੁਵਨ ਵਿੱਚ ਜਾ ਕੇ ਅਜੇਹਾ ਘੋਰ ਤਪ ਕੀਤਾ ਕਿ ਵਿਸ਼ਨੁ ਨੇ ਸ਼ਾਖਸ਼ਾਤ ਦਰਸ਼ਨ ਦੇ ਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ। ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ। ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕਸ਼ਾਂ ਨੇ ਮਾਰ ਦਿੱਤਾ। (ਮਹਾਨ ਕੋਸ਼, ਸਫ਼ਾ 674)

51. ਨਾਮਾ

ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ॥  (ਪੰਨਾ 1390)

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ (ਪੰਨਾ 1393)

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ॥ (ਪੰਨਾ 1394)

ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ਅਵਰੁ ਕਬੀਰੁ ਭਣੰ॥ (ਪੰਨਾ 1405)

ਨਾਮਦੇਵ-ਬੰਬਈ ਦੇ ਇਲਾਕੇ ਜ਼ਿਲ੍ਹਾ ਸਤਾਰਾ ਵਿੱਚ ਨਰਸੀ ਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ 1328 ਵਿੱਚ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ।

ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸ਼ਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਵਿੱਚ ਜੋ ਜ਼ਿਲ੍ਹਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ 1408 ਵਿੱਚ ਦੇਹਾਂਤ ਹੋਇਆ (ਮਹਾਨ ਕੋਸ਼, ਸਫ਼ਾ 697)

52. ਨਾਰਦ

ਸਿਮਰਹਿ ਨਖ੍ਹਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ॥ (ਪੰਨਾ 1393)

ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ॥(ਪੰਨਾ 1401)

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥ (ਪੰਨਾ 1405)

ਨਾਰਦੁ-ਇੱਕ ਰਿਖੀ। ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ। ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ। ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ। ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ। ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਨੇ ਦਕਸ਼ ਦੀ ਸ੍ਰਿਸ਼ਿਟ ਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕਸ਼ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ। ਇਸ ਪੁਰ ਬ੍ਰਹਮਾ ਨੇ ਦਕਸ਼ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕਸ਼ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕਸ਼ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ। ਏਸ ਲਈ ਏਸ ਨੂੰ “ਬ੍ਰਾਮ੍ਹ“ ਅਤੇ “ਦੇਵਬ੍ਰਹਮਾ“ ਆਖਦੇ ਹਨ। ਨਾਰਦ ਗੰਧਰਵ ਅਥਵਾ ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ। (ਮਹਾਨ ਕੋਸ਼, ਸਫ਼ਾ 698)

53. ਨਵ ਨਾਥ

ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ॥ (ਪੰਨਾ 1390)

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ॥  (ਪੰਨਾ 1393)

ਯੋਗੀਆਂ ਦੇ ਨੌ ਪ੍ਰਧਾਨ ਜੋਗੀ:- ਆਦਨਾਥ, ਮਛੇਂਦ੍ਰਨਾਥ, ਉਦਯਨਾਥ, ਸੰਤੋਖਨਾਥ, ਕੰਥੜਨਾਥ, ਸਤ੍ਯਨਾਥ, ਅਚੰਭਨਾਥ, ਚੌਰੰਗੀਨਾਥ ਅਤੇ ਗੋਰਖਨਾਥ। (ਮਹਾਨ ਕੋਸ਼, ਸਫ਼ਾ 686)

54. ਪਰਸਰਾਮੇਸੁਰ

ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ॥ (ਪੰਨਾ 1389)

ਪਰਸਰਾਮੇਸੁਰ-ਪਰਸ਼ੁ (ਕੁਹਾੜਾਧਾਰੀ) ਰਾਮ ਅਵਤਾਰ। ਪਰਸ਼ੁਰਾਮ। ਕੁਹਾੜਾਧਾਰੀ ਰਾਮ। ਪੁਰਾਣਾਂ ਵਿੱਚ ਇਸ ਨੂੰ ਵਿਸ਼ਨੁ ਦਾ ਅਵਤਾਰ ਮੰਨਿਆ ਹੈ। ਇਹ ਜਮਦਗਨਿ ਬ੍ਰਾਹਮਣ ਅਤੇ ਰੇਣੁਕਾ ਦਾ ਪੰਜਵਾਂ ਪੁਤ੍ਰ ਸੀ। ਤ੍ਰੇਤਾ ਯੁਗ ਦੇ ਆਰੰਭ ਵਿੱਚ ਇਸ ਨੇ ਛਤ੍ਰੀਆਂ ਦਾ ਨਾਸ਼ ਕੀਤਾ। ਇਸ ਦੀ ਕਥਾ ਮਹਾਭਾਰਤ ਅਤੇ ਪੁਰਾਣਾਂ ਤਥਾ ਰਾਮਾਯਣ ਵਿੱਚ ਵਿਸਤਾਰ ਨਾਲ ਹੈ।   (ਮਹਾਨ ਕੋਸ਼, ਸਫ਼ਾ 743-44)

55. ਪ੍ਰਹਲਾਦਿ

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ (ਪੰਨਾ 1389)

ਸਿਮਰਹਿ ਨਖ੍ਹਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ॥ (ਪੰਨਾ 1393)

ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ॥ (ਪੰਨਾ 1394)

ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ॥ (ਪੰਨਾ 1400)

ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ॥(ਪੰਨਾ 1401)

ਸ੍ਰੀ ਪ੍ਰਹਲਾਦ ਭਗਤ ਉਧਰੀਅੰ॥ ਹਸœ ਕਮਲ ਮਾਥੇ ਪਰ ਧਰੀਅੰ॥(ਪੰਨਾ 1401)

ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ॥  (ਪੰਨਾ 1405)

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜ੍ਹੋ ਜੁ ਪ੍ਰਗਾਸੁ॥ (ਪੰਨਾ 1406)

ਪ੍ਰਹਲਾਦ-ਪ੍ਰਹਲਾਦ ਇਹ ਸ਼ਬਦ ਪੁਹ੍ਰਾਦ ਭੀ ਹੈ। ਹਿਰਨ੍ਯਕਸ਼ਿਪ ਦਾ ਪੁਤ੍ਰ ਅਤੇ ਬਲਿ ਦਾ ਪਿਤਾ। ਪੁਰਾਣਕਥਾ ਹੈ ਕਿ ਹਿਰਨ੍ਯਕਸ਼ਿਪ ਨੇ ਦੇਵਤਿਆਂ ਨਾਲ ਯੁੱਧ ਕਰਕੇ ਸ੍ਵਰਗਲੋਕ ਇੰਦ੍ਰ ਕੋਲੋਂ ਲੈਲਿਆ ਸੀ। ਇਸ ਦਾ ਪੁਤ੍ਰ ਪ੍ਰਹਲਾਦ ਛੋਟੀ ਅਵਸਥਾ ਵਿੱਚ ਹੀ ਵਿਸ਼ਨੁ ਦਾ ਉਪਾਸਕ ਬਣ ਗਿਆ। ਉਸ ਦਾ ਪਿਤਾ ਬਹੁਤ ਗੁੱਸੇ ਹੋਇਆ ਅਤੇ ਪ੍ਰਹਲਾਦ ਨੂੰ ਮਾਰਨ ਦਾ ਹੁਕਮ ਦਿੱਤਾ, ਪਰ ਦੈਤਾਂ ਦੇ ਅਸਤ੍ਰ ਸਰਪਾਂ  ਦੇ ਡੰਗ, ਹਾਥੀਆਂ ਦੇ ਦੰਦ, ਅੱਗ ਦੀਆਂ ਲਾਟਾਂ ਆਦਿਕ ਦਾ ਪ੍ਰਹਲਾਦ ਪੁਰ ਕੁਝ ਅਸਰ ਨਾ ਹੋਇਆ, ਪਰ ਹਿਰਨ੍ਯਕਸ਼ਿਪੁ ਨੂੰ ਦੰਡ ਦੇਣ ਲਈ ਵਿਸ਼ਨੁ ਨੇ ਨਰਸਿੰਹ ਅਵਤਾਰ ਧਾਰਿਆ।

ਪਿਤਾ ਦੇ ਪਰਲੋਕ ਜਾਣ ਪਿੱਛੋਂ ਪ੍ਰਹਲਾਦ ਦੈਤਾਂ ਦਾ ਰਾਜਾ ਬਣਿਆ ਅਤੇ ਪਾਤਾਲ ਵਿੱਚ ਰਹਿਣ ਲੱਗਾ। (ਮਹਾਨ ਕੋਸ਼, ਸਫ਼ਾ 795-96)

56. ਪਰੀਖ੍ਹਤੁ

ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ॥ (ਪੰਨਾ 1390)

ਪਰੀਖ੍ਹਤੁ-ਦੇਖੋ ਪਰਿਕਿਸ਼ਤ।

ਪਰਿਕਿਸ਼ਤ-ਸੰਗ੍ਯਾ- ਇੱਕ ਚੰਦ੍ਰਵੰਸ਼ੀ ਰਾਜਾ, ਜੋ ਉੱਤਰਾ ਦੇ ਉਦਰ ਤੋਂ ਅਭਿਮਨ੍ਯੁ ਦਾ ਪੁਤ੍ਰ, ਅਰਜੁਨ ਦਾ ਪੋਤਾ ਅਤੇ ਜਨਮੇਜਯ ਦਾ ਪਿਤਾ ਸੀ। ਅਸ਼੍ਵੱਥਾਮਾ ਨੇ ਇਸ ਨੂੰ ਗਰਭ ਵਿੱਚ ਹੀ ਮਾਰ ਦਿੱਤਾ ਸੀ, ਪਰ ਕ੍ਰਿਸ਼ਨ ਜੀ ਨੇ ਇਸ ਨੂੰ ਜੀਵਨ ਬਖਸ਼ਿਆ, ਇਸੇ ਕਾਰਣ ਨਾਮ ਪਰਿਕਿਸ਼ਤ ਹੋਇਆ।

ਜਦ ਯੁਧਿਸ਼ਿਟਰ ਰਾਜ ਤ੍ਯਾਗ ਕੇ ਹਿਮਾਲਯ ਨੂੰ ਗਿਆ, ਤਦ ਹਸ੍ਤਿਨਾਪੁਰ ਅਤੇ ਇੰਦ੍ਰਪਸਥ ਦਾ ਰਾਜਾ ਪਰਿਕਿਸ਼ਤ ਹੋਇਆ।(ਮਹਾਨ ਕੋਸ਼, ਸਫ਼ਾ 752)


57. ਪੁਰਾਣ

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ॥ (ਪੰਨਾ 1409)

ਪੁਰਾਣ, ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ। ਵ੍ਯਾਸ ਅਤੇ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ। (ਮਹਾਨ ਕੋਸ਼, ਸਫ਼ਾ 778)

58. ਪਾਰਥਉ

ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ॥ (ਪੰਨਾ 1408)

ਪਾਰਥਉ, ਪ੍ਰਿਥਾ (ਕੁੰਤੀ) ਦਾ ਪੁਤ੍ਰ ਅਰਜੁਨ। (ਮਹਾਨ ਕੋਸ਼, ਸਫ਼ਾ 765)

59. ਪਰੂਰਉ

ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ॥  (ਪੰਨਾ 1390)

ਪਰੂਰਉ-ਬੁਧ ਦਾ ਪੁਤ੍ਰ ਅਤੇ ਚੰਦ੍ਰਮਾ ਦਾ ਪੋਤਾ, ਜੋ ਇਲਾ ਦੇ ਗਰਭ ਤੋਂ ਪੈਦਾ ਹੋਇਆ। ਇਹ ਪਹਿਲਾ ਚੰਦ੍ਰਵੰਸ਼ੀ ਰਾਜਾ ਸੀ। ਇਸ ਦੀ ਰਾਜਧਾਨੀ ਪ੍ਰਯਾਗ ਪਾਸ ਪ੍ਰਤਿਸ਼੍ਨਾਨਪੁਰ (ਝੂਸੀ) ਸੀ। ਇਹ ਸਦਾਚਾਰੀ ਅਤੇ ਈਸ਼੍ਵਰ ਦਾ ਉਪਾਸਕ ਹੋਇਆ ਹੈ।(ਮਹਾਨ ਕੋਸ਼, ਸਫ਼ਾ 753)

60. ਫਨਿੰਦ

ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ
ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ॥ (ਪੰਨਾ 1403)

ਫਨਿੰਦ-ਦੇਖੋ ਫਣੀਂਦ੍ਰ।

ਫਣੀਂਦ੍ਰ-ਸੰਗ੍ਯਾ- ਸੱਪਾਂ ਦਾ ਰਾਜਾ ਸ਼ੇਸ਼ਨਾਗ।(ਮਹਾਨ ਕੋਸ਼, ਸਫ਼ਾ 908-09)

61. ਬਿਸਨੁ

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥ (ਪੰਨਾ 1403)

ਬਿਸਨੁ, ਹਿੰਦੂਆਂ ਦੇ ਤਿੰਨ ਦੇਵਤਿਆਂ ਵਿੱਚੋਂ ਚਤੁਰਭੁਜ ਜਗਤ ਪਾਲਕ ਦੇਵਤਾ “ਬਿਸਨ ਮਹੇਸ ਸਿਧ ਮੁਨਿ ਇੰਦ੍ਰਾ” (ਕਲਿ ਮਃ 5) (ਮਹਾਨ ਕੋਸ਼, ਸਫ਼ਾ 861)

62.ਬੇਣਿ

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥  (ਪੰਨਾ 1390)

ਬੇਣਿ- ਇੱਕ ਭਗਤ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੀ ਜਾਂਦੀ ਹੈ। ਇਸ ਦੇ ਜੀਵਨ ਦਾ ਹਾਲ ਕੁਝ ਮਾਲੂਮ ਨਹੀਂ। “ਭਗਤ ਬੇਣਿ ਗੁਣ ਰਵੈ॥” (ਸਵੈਯੇ ਮਃ 1 ਕੇ)

ਭਾਈ ਗੁਰਦਾਸ ਜੀ ਨੇ ਬੇਣੀ ਭਗਤ ਦੀ ਕਥਾ ਦਸਵੀਂ ਵਾਰ ਵਿੱਚ ਲਿਖੀ ਹੈ ਕਿ ਉਸ ਦੀ ਲੋੜਾਂ ਪੂਰੀਆਂ ਕਰਨ ਲਈ ਕਰਤਾਰ ਨੇ ਰਾਜਾ ਰੂਪ ਹੋ ਕੇ ਸਾਰੇ ਪਦਾਰਥ ਦਿੱਤੇ।(ਮਹਾਨ ਕੋਸ਼, ਸਫ਼ਾ 886)

63. ਬਿਦਰੁ

ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ॥ (ਪੰਨਾ 1390)

ਬਿਦਰੁ- ਦੇਖੋ ਵਿਦੁਰ।

ਵਿਦੁਰ-ਰਾਜਾ ਵਿਚਿਤ੍ਰਵੀਰਯ ਦੀ ਦਾਸੀ ਸੁਦੇਸ਼ਨਾ ਦੇ ਉਦਰ ਤੋਂ ਵ੍ਯਾਸ ਦਾ ਪੁਤ੍ਰ। ਇਹ ਵਡਾ ਗੁਣੀ, ਨੀਤਿਵੇੱਤਾ, ਈਸ਼੍ਵਰਭਗਤ ਅਤੇ ਸਤ੍ਯਵਕਤਾ ਸੀ। ਇਹ ਕੌਰਵ ਅਤੇ ਪਾਂਡਵਾਂ ਨੂੰ ਸਦਾ ਸੁਭ ਸਿਖ੍ਯਾ ਦਿੰਦਾ ਰਿਹਾ। ਮਹਾਭਾਰਤ ਦੇ ਜੰਗ ਸਮੇਂ ਇਹ ਕੌਰਵਾਂ ਵੱਲ ਸੀ, ਇਸ ਦੇ ਸਦਾਚਾਰ ਪੁਰ ਮੋਹਿਤ ਹੋ ਕੇ ਕ੍ਰਿਸ਼ਨ ਜੀ ਰਾਜਾ ਦੁਰਯੋਧਨ ਦਾ ਘਰ ਛੱਡ ਕੇ ਇਸ ਦੇ ਘਰ ਰਹੇ ਸਨ।

ਮਹਾਭਾਰਤ ਵਿੱਚ ਕਥਾ ਹੈ ਕਿ ਅਣੀਮਾਂਡਵ੍ਯ ਧਰਮਾਤਮਾ ਰਿਖੀ ਸੀ। ਇੱਕ ਬਾਰ ਚੋਰਾਂ ਦਾ ਟੋਲਾ ਚੋਰੀ ਕਰਕੇ ਰਿਖੀ ਦੇ ਆਸ਼੍ਰਮ ਆ ਲੁਕਿਆ। ਜਦ ਪੈੜੂ ਆਏ, ਤਦ ਚੋਰ ਸਾਮਾਨ ਛੱਡ ਕੇ ਨੱਠ ਗਏ। ਸਿਪਾਹੀਆਂ ਨੇ ਰਿਖੀ ਨੂੰ ਚੋਰ ਜਾਣ ਕੇ ਰਾਜੇ ਦੇ ਪੇਸ਼ ਕੀਤਾ, ਜਿਸ ਪੁਰ ਸੂਲੀ ਚਾੜ੍ਹਨ ਦੀ ਆਗ੍ਯਾ ਹੋਈ। ਸੂਲੀ ਨਾਲ ਵਿੰਨ੍ਹਿਆ ਹੋਇਆ ਰਿਖੀ ਧਰਮਰਾਜ ਪਾਸ ਗਿਆ ਅਤੇ ਕਾਰਣ ਪੁੱਛਿਆ ਕਿ ਮੈਨੂੰ ਇਹ ਦੁੱਖ ਕਿਉਂ ਮਿਲਿਆ। ਧਰਮਰਾਜ ਨੇ ਆਖਿਆ ਕਿ ਤੈਂ ਬਾਲ ਅਵਸਥਾ ਵਿੱਚ ਇੱਕ ਟਿੱਡੇ ਨੂੰ ਸੂਲ ਨਾਲ ਵਿੰਨ੍ਹਿਆ ਸੀ। ਮਾਂਡਵਯ ਨੇ ਤਦ ਤੋਂ ਇਹ ਰੀਤਿ ਥਾਪੀ ਕਿ ਚੌਦਾਂ ਵਰ੍ਹੇ ਤੋਂ ਹੇਠਲੀ ਉਮਰ ਦਾ ਕੀਤਾ ਕਰਮ ਫਲਦਾਇਕ ਨਾ ਹੋਵੇ, ਅਰ ਧਰਮਰਾਜ ਨੂੰ ਸ੍ਰਾਪ ਦਿੱਤਾ ਕਿ ਤੂੰ ਸ਼ੂਦ੍ਰ ਹੋ ਕੇ ਜਨਮ ਲੈ। ਇਸ ਪੁਰ ਧਰਮਰਾਜ ਵਿਦੁਰ ਹੋ ਕੇ ਜਨਮਿਆ। (ਮਹਾਨ ਕੋਸ਼, ਸਫ਼ਾ 1100)

64. ਭੇਦ

ਸਿਵ ਬਿਰੰਚਿ ਧਰਿ ਧ੍ਹਾਨੁ ਨਿਤਹਿ ਜਿਸੁ ਬੇਦੁ ਬਖਾਣੈ॥ (ਪੰਨਾ 1404)

ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਹਿਉ ਏਕ ਘਰੀ॥ (ਪੰਨਾ 1408)

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ॥ (ਪੰਨਾ 1409)

ਬੇਦ, ਹਿੰਦੂ ਧਰਮ ਦੇ ਪ੍ਰਧਾਨ ਧਰਮ ਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ। “ਬੇਦ ਸਿੰਮ੍ਰਿਤਿ ਕਥੈ ਸਾਸਤ॥” (ਧਨਾ. ਮਃ 5)   (ਮਹਾਨ ਕੋਸ਼, ਸਫ਼ਾ 886)

65. ਬਿਪਾਸ

ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਹਨ ਤੀਰਿ ਬਿਪਾਸ ਬਨਾਯਉ॥ (ਪੰਨਾ 1400)

ਬਿਪਾਸ-ਦੇਖੋ, ਬਿਆਸ।

ਪੰਜਾਬ ਦੇ ਪੰਜ ਨਦਾਂ ਵਿੱਚੋਂ ਇੱਕ ਦਰਿਆ, ਜੋ ਰੋਹਤੰਗ ਪਾਸੋਂ (ਇਲਾਕਾ ਕੁੱਲੂ ਤੋਂ) ਨਿਕਲ ਕੇ ਜ਼ਿਲਾ ਕਾਂਗੜਾ ਅਤੇ ਹੁਸ਼ਿਆਰਪੁਰ ਵਿੱਚ 290 ਮੀਲ ਵਹਿਂਦਾ ਹੋਇਆ ਕਪੂਰਥਲੇ ਦੀ ਸਰਹੱਦ ਪੁਰ ਸ਼ਤਦ੍ਰਵ (ਸਤਲੁਜ) ਨੂੰ ਜਾ ਮਿਲਦਾ ਹੈ, ਜਿੱਥੇ ਇਹ ਸੰਗਮ ਹੋਇਆ ਹੈ ਉਸ ਦਾ ਨਾਮ “ਹਰੀ ਕਾ ਪੱਤਨ ਹੈ।” (ਮਹਾਨ ਕੋਸ਼, ਸਫ਼ਾ 872)

66. ਬ੍ਹਾਸੁ

ਗੁਣ ਗਾਵੈ ਮੁਨਿ ਬ੍ਹਾਸੁ ਜਿਨਿ ਬੇਦ ਬ੍ਹਾਕਰਣ ਬੀਚਾਰਿਅ॥ (ਪੰਨਾ 1390)

ਬਯਾਸੁ-ਦੇਖੋ, ਬਿਆਸ।

ਬਿਆਸ-ਇਕ ਰਿਖੀ ਜੋ ਮਤਸ੍ਯੋਦਰੀ ਦੇ ਉਦਰੋਂ ਪਰਾਸਰ ਦਾ ਪੁੱਤਰ ਸੀ। ਇਸ ਦਾ ਕਾਲਾ ਰੰਗ ਹੋਣ ਕਰਕੇ ਪਹਿਲਾ ਨਾਮ ਕ੍ਰਿਸ਼ਨ ਹੈ। ਜਮਨਾ (ਯਮੁਨਾ) ਦੇ ਟਾਪੂ (ਦੀਪ) ਵਿਚ ਜੰਮਣ ਤੋਂ ਦ੍ਵੈਪਾਯਨ ਹੈ। ਵੇਦਾਂ ਦੀ ਵੰਡ ਅਤੇ ਪੁਰਾਣ ਕਥਾ ਦਾ ਵਿਸਥਾਰ ਕਰਨ ਕਰਕੇ ਵ੍ਯਾਸ ਹੈ ਅਰ ਇਹੀ ਵੇਦ-ਵ੍ਯਾਸ ਕਰਕੇ ਸਦੀਦਾ ਹੈ। ਇਸ ਨੇ ਨਿਯੋਗ ਵਿਧੀ ਨਾਲ ਧ੍ਰਿਤਰਾਸ਼ਟਰ ਪਾਂਡੂ ਅਤੇ ਵਿਦੁਰ ਪੈਦਾ ਕੀਤੇ ਸਨ। ਇਹ ਵੱਡਾ ਕਵੀ ਅਤੇ ਚਤੁਰ ਹੋਇਆ ਹੈ। ਇਸ ਨੇ ਵੇਦਾਂਤ-ਸੂਤ੍ਰ ਰਚ ਕੇ ਛੇਵਾਂ ਦਰਸ਼ਨ ਕਾਯਮ ਕੀਤਾ। (ਮਹਾਨ ਕੋਸ਼, ਸਫ਼ਾ 860)

67. ਬੰਮ੍ਹੁ

ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ॥ (ਪੰਨਾ 1402)

1.  ਬ੍ਰਹਮਾ। ਚਤੁਰਾਨਨ। “ਈਸੁ ਬੰਮੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ॥” (ਸਵੈਯੇ ਮਃ 4 ਕੇ)
2. ਪ੍ਰਾ ਅਤੇ ਮਰਾ- ਬ੍ਰਹਮ ਦਾ ਸੰਖੇਪ।(ਮਹਾਨ ਕੋਸ਼, ਸਫ਼ਾ 895)

68. ਬ੍ਰਹਮਾ

ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ॥ (ਪੰਨਾ 1390)

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥ (ਪੰਨਾ 1403)

ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ॥ (ਪੰਨਾ 1409)

ਬ੍ਰਹਮਾ। ਚਤੁਰਾਨਨ। ਪਿਤਾਮਹ। ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ। “ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ॥” (ਗਉ. ਅਃ ਮਃ 1) (ਮਹਾਨ ਕੋਸ਼, ਸਫ਼ਾ 897)

69. ਬ੍ਰਹਮਾਦਿਕ

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ॥ (ਪੰਨਾ 1386)

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ॥ (ਪੰਨਾ 1388)

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ॥ (ਪੰਨਾ 1390)

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥ (ਪੰਨਾ 1403)

ਬ੍ਰਹਮਾ ਤੋਂ ਲੈ ਕੇ ਸਭ ਦੇਵਤੇ। “ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ॥” (ਸਵੈਯੇ ਸ੍ਰੀ ਮੁਖਵਾਕ ਮਃ 5) (ਮਹਾਨ ਕੋਸ਼, ਸਫ਼ਾ 897)

70. ਬਿਰੰਚਿ

ਸਿਵ ਬਿਰੰਚਿ ਧਰਿ ਧ੍ਹਾਨੁ ਨਿਤਹਿ ਜਿਸੁ ਬੇਦੁ ਬਖਾਣੈ॥ (ਪੰਨਾ 1404)

ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ॥ (ਪੰਨਾ 1404)

ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਹਿਉ ਏਕ ਘਰੀ॥ (ਪੰਨਾ 1408)

ਬਿਰੰਚ, ਰਚਣ ਵਾਲਾ। ਬ੍ਰਹਮਾ। ਵਿਰੰਚਿ ਭੀ ਸਹੀ ਸੰਸਕ੍ਰਿਤ ਸ਼ਬਦ ਹੈ। “ਸਿਵ ਬਿਰੰਚਿ ਧਰਿ ਧ੍ਯਾਨ।” (ਸਵੈਯੇ ਮਃ 4 ਕੇ) “ਸਿਵ ਬਿਰੰਚਿ ਅਰੁ ਸਗਲ ਮੋਨਿ ਜਨ॥” (ਗੂਜਰੀ ਮਃ 5) (ਮਹਾਨ ਕੋਸ਼, ਸਫ਼ਾ 875)

71. ਬਰਾਹ

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ॥ (ਪੰਨਾ 1403)

ਬਰਾਹ-ਵਰਾਹ, ਸੂਰ।

ਵਰਾਹ, ਸੂਰ ਦੀ ਸ਼ਕਲ ਦਾ ਵਿਸ਼ਨੁ ਦਾ ਅਵਤਾਰ। ਪੁਰਾਣਕਥਾ ਹੈ ਕਿ ਹਿਰਨ੍ਯਾਕਸ਼ ਅਸੁਰ ਪ੍ਰਿਥਿਵੀ ਨੂੰ ਡੋਬ ਕੇ ਪਾਤਾਲ ਲੈ ਗਿਆ। ਵਰਾਹ ਨੇ ਇੱਕ ਹਜ਼ਾਰ ਵਰ੍ਹਾ ਲੜਾਈ ਕਰਕੇ ਅਸੁਰ ਨੂੰ ਮਾਰਿਆ ਅਤੇ ਜ਼ਮੀਨ ਆਪਣੇ ਟਿਕਾਣੇ ਠਹਿਰਾਈ। (ਮਹਾਨ ਕੋਸ਼, ਸਫ਼ਾ 1085)

72. ਬਲਿ

ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ॥ (ਪੰਨਾ 1390)

ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ॥ (ਪੰਨਾ 1390)

ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍‍ ਕੁਅਰ
ਨਿਹਕਲੰਕ ਬਜੀ ਡੰਕ ਚੜ੍ਹੁ ਦਲ ਰਵਿੰਦ ਜੀਉ॥ (ਪੰਨਾ 1403)

ਬਲਿ-ਪ੍ਰਹਲਾਦ ਦਾ ਪੋਤਾ ਵਿਰੋਚਨ ਦਾ ਪੁਤ੍ਰ, ਜੋ ਵਿੰਧ੍ਯਾ ਵਲੀ ਦੇ ਉਦਰ ਤੋਂ ਪੈਦਾ ਹੋਇਆ। ਇਹ ਐਸਾ ਪ੍ਰਤਾਪੀ ਸੀ ਕਿ ਇੰਦ੍ਰ ਨੂੰ ਜਿੱਤ ਕੇ ਤਿੰਨ ਲੋਕਾਂ ਵਿੱਚ ਇਸ ਨੇ ਆਪਣਾ ਰਾਜਾ ਥਾਪਿਆ। ਦੇਵਤਿਆਂ ਦੇ ਆਖੇ ਵਿਸ਼ਨੁ ਨੇ ਬਲਿ ਨੂੰ ਛਲਣ ਲਈ ਵਾਮਨ ਅਵਤਾਰ ਧਾਰਿਆ ਅਰ ਬਲਿ ਤੋਂ ਢਾਈ ਅਥਵਾ ਤਿੰਨ ਕਦਮ ਜ਼ਮੀਨ ਮੰਗੀ। ਬਲਿ ਨੇ ਦੈਂਤਗੁਰੁ ਸ਼ੁਕ੍ਰ ਦੇ ਵਰਜਣ ਪੁਰ ਭੀ ਜ਼ਮੀਨ ਦਾ ਸੰਕਲਪ ਵਾਮਨ ਨੂੰ ਦੇ ਦਿੱਤਾ। ਵਾਮਨ ਨੇ ਆਪਣਾ ਸ਼ਰੀਰ ਵਧਾ ਕੇ ਦੋ ਕਦਮ ਨਾਲ ਪ੍ਰਿਥਿਵੀ ਅਤੇ ਆਕਾਸ਼ ਮਿਣ ਲਏ, ਤੀਜੇ ਕਦਮ ਵਿੱਚ ਬਲਿ ਦਾ ਸ਼ਰੀਰ ਲੈ ਲਿਆ। ਵਿਸ਼ਨੁ ਨੇ ਇਸ ਦੀ ਭਗਤੀ ਦੇਖ ਕੇ ਬਲਿ ਨੂੰ ਪਾਤਾਲ ਦਾ ਰਾਜਾ ਥਾਪਿਆ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਦਾ ਦ੍ਵਾਰਪਾਲ ਹੋ ਕੇ ਰਹਿਣਾ ਅੰਗੀਕਾਰ ਕੀਤਾ। (ਮਹਾਨ ਕੋਸ਼, ਸਫ਼ਾ 844)

73. ਭਰਥਰਿ

ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ॥ (ਪੰਨਾ 1390)

ਭਰਥਰਿ-ਸੰ: ਭਰਤਰਹਰਿ। ਧਾਰਾ ਨਗਰੀ ਦਾ ਰਾਜਾ, ਮਹਾਰਾਜਾ ਵਿਕ੍ਰਮਾਦਿਤ੍ਯ ਉੱਜਯਨਪਤਿ ਦਾ ਭਾਈ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ। ਇਹ ਆਪਣੀ ਇਸਤ੍ਰੀ ਦਾ ਵ੍ਯਭਿਚਾਰ ਦੇਖ ਕੇ ਅਜਿਹਾ ਉਪਰਾਮ ਹੋਇਆ ਕਿ ਰਾਜ ਤਿਆਗ ਕੇ ਯੋਗੀ ਬਣ ਗਿਆ। ਇਸ ਦੇ ਰਚੇ ਸ਼ਿੰਰਗਾਰਸ਼ੱਤਕ, ਨੀਤਿਸ਼ੱਤਕ ਅਤੇ ਵੈਰਾਗ੍ਯਸ਼ੱਤਕ ਮਨੋਹਰ ਗ੍ਰੰਥ ਹਨ।(ਮਹਾਨ ਕੋਸ਼, ਸਫ਼ਾ 906)

74. ਮਹਾਦੇਉ

ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ॥ (ਪੰਨਾ 1390)

ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ॥ (ਪੰਨਾ 1390)

ਮਹਾਦੇਉ-ਸ਼ਿਵ। “ਮਹਾਦੇਉ ਗੁਣ ਰਵੈ ਸਦਾ ਜੋਗੀ॥” (ਸਵੈਯੇ ਮਃ 1 ਕੇ) (ਮਹਾਨ ਕੋਸ਼, ਸਫ਼ਾ 935)

75. ਮਛ

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ॥ (ਪੰਨਾ 1403)

ਮਛ, ਮਤਸ੍ਯ (ਮੱਛ) ਅਵਤਾਰ। “ਦੈ ਕੋਟਿਕ ਦਛਨਾ ਕ੍ਰੋਰ ਪ੍ਰਦਛਨਾ ਆਨ ਸੁ ਮਛ ਕੇ ਪਾਇ ਪਰੇ॥” (ਮੱਛਾਵਤਾਰ) (ਮਹਾਨ ਕੋਸ਼, ਸਫ਼ਾ 941)

76. ਮਾਂਧਾਤਾ

ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ॥ (ਪੰਨਾ 1390)

ਮਾਧਾਤਾ-ਸੰ.। ਮਾਂਧਾਤ੍ਰਿ। ਇਹ ਇਕ੍ਵਾਕੁਵੰਸ਼ੀ ਰਾਜਾ ਯੁਵਨਾਸ਼੍ਵ ਦਾ ਪੁਤ੍ਰ ਸੀ। ਹਰਿਵੰਸ਼ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਕੁਦਰਤ ਦੇ ਨਿਯਮ ਅਨੁਸਾਰ ਅਪਣੀ ਮਾਤਾ ਗੌਰੀ ਦੇ ਉਦਰੋਂ ਉਤਪੰਨ ਹੋਇਆ ਸੀ, ਪਰ ਵਿਸ਼ਨੁਪੁਰਾਣ ਅਤੇ ਭਾਗਵਤ ਵਿੱਚ ਇੱਕ ਵਿਚਿਤ੍ਰ ਕਥਾ ਲਿਖੀ ਹੈ ਕਿ ਯੁਵਨਾਸ਼੍ਵ ਦੇ ਕੋਈ ਪੁਤ੍ਰ ਨਹੀਂ ਸੀ, ਇਸ ਲਈ ਉਸ ਨੂੰ ਵੱਡਾ ਫਿਕਰ ਹੋਇਆ। ਕਈ ਰਿਖੀਆਂ ਨੇ ਹਵਨ ਆਦਿ ਕੀਤੇ ਕਿ ਰਾਜੇ ਦੇ ਘਰ ਪੁੱਤ ਹੋਵੇ। ਇੱਕ ਦਿਨ ਉਨ੍ਹਾਂ ਨੇ ਇੱਕ ਪਵਿਤ੍ਰ ਜਲ ਦਾ ਘੜਾ ਇੱਕ ਉØੱਚੀ ਜੇਹੀ ਥਾਂ ’ਤੇ ਪੂਜਾ ਲਈ ਰੱਖਿਆ, ਤਾਂ ਉਸ ਜਲ ਵਿੱਚ ਬੱਚਾ ਪੈਦਾ ਕਰਨ ਦੀ ਸ਼ਕਤਿ ਆ ਗਈ। ਰਾਤ ਨੂੰ ਯੁਵਨਾਸ਼੍ਵ ਨੂੰ ਪਿਆਸ ਲੱਗੀ। ਤਾਂ ਉਸ ਨੇ ਓਹ ਜਲ ਪੀ ਲਿਆ। ਜਲ ਦੇ ਪੀਣ ਨਾਲ ਉਸ ਨੂੰ ਗਰਭ ਹੋ ਗਿਆ, ਅਤੇ ਠੀਕ ਸਮੇਂ ਪੁਰ ਸੱਜੀ ਵੱਖੀ ਵਿੱਚੋਂ ਬਾਲਕ ਜਨਮਿਆ, ਜਦ ਰਿਖੀਆਂ ਨੇ ਪੁੱਛਿਆ ਕਿ ਇਸ ਬਾਲਕ ਨੂੰ ਦੁੱਧ ਕੌਣ ਪਿਆਵੇਗਾ, ਤਦ ਇੰਦ੍ਰ ਨੇ ਮੰਮੇ ਦੀ ਥਾਂ ਆਪਣੀ ਇੱਕ ਉਂਗਲ ਦੇ ਕੇ ਆਖਿਆ ਕਿ ਮੈਂ ਇਸ ਨੂੰ ਧਾਰਨ (ਪਾਲਨ) ਕਰਾਂਗਾ। ਇਸ ਲਈ ਬਾਲਕ ਦਾ ਨਾਮ “ਮਾਂਧਾਤ੍ਰਿ” ਰੱਖਿਆ ਗਿਆ। “ਮਾਂਧਾਤਾ ਗੁਣ ਰਵੈ॥” (ਸਵੈਯੇ ਮਃ 1 ਕੇ) (ਮਹਾਨ ਕੋਸ਼, ਸਫ਼ਾ 964)

77. ਰੁਕਮਾਂਗਦ

ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ॥     (ਪੰਨਾ 1394)

ਰੁਕਮਾਂਗਦ-ਇੱਕ ਧਰਮਾਤਮਾ ਰਾਜਾ। ਜੋ ਮੋਹਿਨੀ ਦਾ ਪਤਿ ਅਤੇ ਧਰਮਾਂਗਦ ਦਾ ਪਿਤਾ ਸੀ। ਦੇਖੋ, ਇਸ ਦੀ ਕਥਾ ਨਾਰਦਪੁਰਾਣ, ਉੱਤਰ ਭਾਗ, ਅਧ੍ਯਾਯ 9 ਤੋਂ 38 ਤੀਕ। “ਰੁਕਮਾਂਗਦ ਕਰਤੂਤਿ॥” (ਸਵੈਯੇ ਮਃ 3 ਕੇ) (ਮਹਾਨ ਕੋਸ਼, ਸਫ਼ਾ 1041)

78. ਰਘੁਬੰਸਿ

ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ॥ (ਪੰਨਾ 1389)

ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ॥ (ਪੰਨਾ 1401)

ਰਘੁ, ਰਘੁ ਦੀ ਕੁਲ ਦੇ ਲੋਕ, ਰਘੁਵੰਸ਼।(ਮਹਾਨ ਕੋਸ਼, ਸਫ਼ਾ 1027)

79. ਰੁਦ੍ਰਾਦਿਕ

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥ (ਪੰਨਾ 1403)

ਰੁਦ੍ਰਾਦਿਕ-(ਰੁਦ੍ਰ ਆਦਿਕ) ਰੁਦ੍ਰ, ਰੋਣ ਵਾਲਾ, ਸ਼ਿਵ। ਦੇਖੋ, ਰੁਦ ਧਾ ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁਤ੍ਰ ਹੋਵੇ, ਝਟ ਉਸ ਦੇ ਮੱਥੇ ਵਿਚੋਂ ਬਾਲਕ ਪੈਦਾ ਹੋ ਗਿਆ, ਜੋ ਜੰਮਦਾ ਹੀ ਰੋਣ ਲੱਗਾ। ਬ੍ਰਹਮਾ ਨੇ ਉਸ ਦਾ ਨਾਮ ਰੁਦ੍ਰ (ਰੋਂਦੂ) ਰੱਖਿਆ। ਇਸ ਪੁਰ ਭੀ ਸੱਤ ਵਾਰ ਰੋ ਕੇ ਰੁਦ੍ਰ ਨੇ ਆਖਿਆ ਕਿ ਮੇਰੇ ਹੋਰ ਨਾਮ ਥਾਪੋ, ਤਦ ਬ੍ਰਹਮਾ ਨੇ ਉਸ ਦੇ ਭਵ, ਸ਼ਰਵ, ਈਸ਼ਾਨ, ਪਸ਼ੁਪਤਿ, ਭੀਮ, ਉਗ੍ਰ ਅਤੇ ਮਹਾਦੇਵ ਇਹ ਸੱਤ ਨਾਮ ਰੱਖੇ। “ਬ੍ਰਹਮਾ ਬਿਸਨ ਰੁਦ੍ਰ ਤਿਸ ਕੀ ਸੇਵਾ॥” (ਮਾਰੂ ਸੋਲਹੇ ਮਃ 3) (ਮਹਾਨ ਕੋਸ਼, ਸਫ਼ਾ 1042)

80. ਰਵਿ-ਸੁਤ

ਰਵਿ ਕੇ ਸੁਤ ਕੋ ਤਿਨ੍‍ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ॥3॥ (ਪੰਨਾ 1404)

ਰਵਿ ਸੁਤ-ਸੂਰਜ ਦਾ ਪੁਤ੍ਰ ਯਮ। “ਰਵਿ ਕੇ ਸੁਤ ਕੋ ਤਿਨ ਤ੍ਰਾਸੁ ਕਹਾਂ?” (ਸਵੈਯੇ ਮਃ 4 ਕੇ) (ਮਹਾਨ ਕੋਸ਼, ਸਫ਼ਾ 1025)

81. ਰਵਿਦਾਸੁ

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ (ਪੰਨਾ 1390)

ਰਵਿਦਾਸੁ-ਕਾਸ਼ੀ ਦਾ ਵਸਨੀਕ, ਜੋ ਰਾਮਾਨੰਦ ਦਾ ਚੇਲਾ ਸੀ। ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ। ਰਵਿਦਾਸ ਕਬੀਰ ਦਾ ਸਮਕਾਲੀ ਸੀ। ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ। ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। “ਕਹਿ ਰਵਿਦਾਸ ਖਲਾਸ ਚਮਾਰਾ।” (ਗਉੜੀ) (ਮਹਾਨ ਕੋਸ਼, ਸਫ਼ਾ 1025)

82. ਰਾਮ

ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥ (ਪੰਨਾ 1390)

ਰਾਮ- ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ 9। ਨੂੰ ਜਨਮੇ। ਆਪ ਨੇ ਵਸ਼ਿਸ਼ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ। ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇ ਕੇ ਜਨਕਪੁਰੀ ਜਾ ਕੇ ਸ਼ਿਵ ਦੇ ਧਨੁਖ ਨੂੰ ਤੋੜ ਕੇ ਸੀਤਾ ਨੂੰ ਵਰਿਆ। ਪਿਤਾ ਦੀ ਆਗ੍ਯਾ ਨਾਲ 14 ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇ ਕੇ ਸ਼ਾਂਤਿ ਅਸਥਾਪਨ ਕੀਤੀ। ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰ ਕੇ ਸੀਤਾ ਸਹਿਤ ਅਯੋਧ੍ਯਾ ਆ ਕੇ ਰਾਜਸਿੰਘਸਨ ਤੇ ਵਿਰਾਜੇ। (ਮਹਾਨ ਕੋਸ਼, ਸਫ਼ਾ 1032)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Joginder Singh Talwara
(ਗੁਰਪੁਰਵਾਸੀ)

ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਇੱਕ ਸੇਵਾਮੁਕਤ ਸਿਵਲ ਅਧਿਕਾਰੀ, ਸਿੱਖ ਪੰਥ ਦੇ ਵਿਦਵਾਨ ਖੋਜੀ ਪੁਰਖ ਸਨ। ਜਿਨ੍ਹਾਂ ਨੇ ਇੱਕ ਸਮੇਂ ਮਸ਼ਹੂਰ ਭਾਖੜਾ ਨਗਲ ਪ੍ਰੋਜੈਕਟ ਤੇ ਕੰਮ ਕੀਤਾ ਸੀ। ਆਪ ਨੇ ਆਪਣੀ ਜ਼ਿੰਦਗੀ ਦੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਗੁਰਬਾਣੀ ਦੀ ਖੋਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਣੀਆਂ ਜਿਲਦਾਂ ਦੀ ਲਿਖਤੀ ਬਣਤਰ ਦਾ ਅਧਿਐਨ ਕਰਨ ਲਈ ਸਮਰਪਿਤ ਕੀਤਾ ਸੀ। ਆਪ ਨੇ ਗੁਰਬਾਣੀ ਵਿਆਕਰਨ ਤੇ ਡੂੰਘਾ ਅਧਿਐਨ ਕੀਤਾ ਅਤੇ ਅਨੇਕਾਂ ਪੁਸਤਕਾਂ ਲਿਖੀਆ। ਆਪ ਗੁਰਬਾਣੀ ਦੇ ਕੀਰਤਨੀਏ ਵੀ ਸਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)