editor@sikharchives.org

ਭਲਾ ਕਰਨ ਦੀ ਪ੍ਰੇਰਨਾ

ਸਿੱਖ-ਸਾਹਿਤ ਵਿਚ ਗੁਰੂ ਸਾਹਿਬਾਨ ਦੀਆਂ ਜੀਵਨ-ਸਾਖੀਆਂ ਤੇ ਯੋਧਿਆਂ-ਸੂਰਬੀਰਾਂ ਦਾ ਇਤਿਹਾਸ ਚਾਨਣ-ਮੁਨਾਰਾ ਬਣਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਆਪਣੇ ਸਿਰ ਪਰ ਧੂਪ ਸਹਿ ਬ੍ਰਿਖ ਔਰ ਸੁਖ ਦੇਤ।
ਤਿਉ ਤਨ ਪਰ ਦੁਖ ਕੋਟ ਲੈ ਸੁਜਨ ਔਰ ਸੁਖ ਹੇਤ। (ਨੀਤੀ ਪ੍ਰਕਾਸ਼)

ਸੰਸਾਰ ਭਰ ਦੇ ਭਲੇ ਪੁਰਸ਼ਾਂ ਨੇ ਮਨੁੱਖਤਾ ਨੂੰ ਸਦਾ ਹੀ ਭਲਿਆਈ ਕਰਨ ਦਾ ਉਪਦੇਸ਼ ਦਿੱਤਾ ਹੈ। ਕਾਰਨ ਵੀ ਸਪਸ਼ਟ ਹੈ ਕਿ ਮਨੁੱਖੀ ਸੁਭਾਅ ਬੁਰਿਆਈ ਵੱਲ ਜਲਦੀ ਪ੍ਰੇਰਿਤ ਹੁੰਦਾ ਹੈ ਅਤੇ ਚੰਗਿਆਈ ਲਈ ਇਸ ਨੂੰ ਪ੍ਰੇਰਨਾ ਪੈਂਦਾ ਹੈ। ਧਰਮ-ਕਰਮ, ਪੂਜਾ-ਪਾਠ, ਪੁੰਨ, ਨੇਕੀ, ਚੰਗੇ ਪ੍ਰਵਚਨ, ਧਰਮ-ਅਸਥਾਨ ਤੇ ਧਰਮ-ਗ੍ਰੰਥ ਭਲਾ ਕਰਨ ਦੀ ਭਾਵਨਾ ਪ੍ਰਪੱਕ ਕਰਨ ਵਾਲੇ ਚਾਨਣ-ਮੁਨਾਰੇ ਹਨ। ਫਿਰ ਸੁਚੇਤ ਵਰਗ ਨੇ ਮਨੁੱਖ ਨੂੰ ਆਪਣੇ ਪੂਰਵਜਾਂ ਦੇ ਇਤਿਹਾਸ ਦੀਆਂ ਕਥਾਵਾਂ, ਉਸ ਦੇ ਆਲੇ-ਦੁਆਲੇ ਤੇ ਆਮ ਜਨ-ਜੀਵਨ ਵਿੱਚੋਂ ਉਦਾਹਰਣਾਂ ਦੇ-ਦੇ ਕੇ ਸਮਝਾਉਣਾ ਚਾਹਿਆ ਕਿ ਜਿਵੇਂ ਫਲਦਾਰ ਰੁੱਖਾਂ ਨੂੰ ਕੋਈ ਵੱਟੇ ਵੀ ਮਾਰੇ ਤਾਂ ਉਹ ਵੱਟੇ ਮਾਰਨ ਵਾਲੇ ਨੂੰ ਵੀ ਅੱਗੋਂ ਮਿੱਠੇ ਫਲ ਦਿੰਦੇ ਹਨ। ਗੰਨਾ ਵੇਲਣੇ ਵਿਚ ਪੀੜਿਆ ਜਾਣ ਦੇ ਬਾਵਜੂਦ ਵੀ ਭਲਿਆਈ ਕਰਦਾ ਹੋਇਆ ਮਿੱਠਾ ਰਸ ਦਿੰਦਾ ਹੈ। ਸਰ੍ਹੋਂ ਆਪਣੇ ਆਪ ਨੂੰ ਕੋਹਲੂ ਵਿਚ ਪਿੜਾ ਕੇ ਵੀ ਤੇਲ ਬਖ਼ਸ਼ਦੀ ਹੈ ਤੇ ਤੇਲ ਹੋਰ ਨਿਆਮਤਾਂ ਦੇ ਨਾਲ-ਨਾਲ ਦੀਵੇ ਵਿਚ ਜਲ਼ ਕੇ ਪ੍ਰਕਾਸ਼ ਕਰਦਾ ਹੋਇਆ ਹਨ੍ਹੇਰਾ ਦੂਰ ਕਰਦਾ ਹੋਇਆ ਲੋਕਾਈ ਵਾਸਤੇ ਲਾਹੇਵੰਦ ਸਿੱਧ ਹੁੰਦਾ ਹੈ।

ਸਭ ਧਰਮਾਂ ਦੇ ਪੀਰਾਂ-ਪੈਗੰਬਰਾਂ ਦੀਆਂ ਭਲਾ ਕਰਨ ਦੀਆਂ ਕਥਾਵਾਂ ਲੋਕ-ਸਾਹਿਤ ਦਾ ਭਾਗ ਬਣੀਆਂ। ਇਸ ਤੋਂ ਪਹਿਲਾਂ ਮੌਖਿਕ ਸਾਹਿਤ ਵੀ ਪੀੜ੍ਹੀ-ਦਰ-ਪੀੜ੍ਹੀ ਸਮਾਜ ਦਾ ਪ੍ਰੇਰਨਾ-ਸ੍ਰੋਤ ਰਿਹਾ ਹੈ। ਸਿੱਖ-ਸਾਹਿਤ ਵਿਚ ਗੁਰੂ ਸਾਹਿਬਾਨ ਦੀਆਂ ਜੀਵਨ-ਸਾਖੀਆਂ ਤੇ ਯੋਧਿਆਂ-ਸੂਰਬੀਰਾਂ ਦਾ ਇਤਿਹਾਸ ਚਾਨਣ-ਮੁਨਾਰਾ ਬਣਿਆ। ਮਹਾਰਾਜਾ ਰਣਜੀਤ ਸਿੰਘ ਦਾ ਬੇਰੀ ਨੂੰ ਵੱਟੇ ਮਾਰਨ ਵਾਲੇ ਬੱਚਿਆਂ ਤੋਂ ਵੱਟਾ ਖਾ ਕੇ ਵੀ ਸੋਨੇ ਦੀਆਂ ਮੋਹਰਾਂ ਦੇਣੀਆਂ ਉਨ੍ਹਾਂ ਦੇ ਪਰਉਪਕਾਰੀ ਤੇ ਭਲੇ ਸੁਭਾਅ ਦਾ ਵਰਣਨ ਹੈ। ਬਾਬਾ ਫਰੀਦ ਜੀ ਵੱਲੋਂ ਬੁਰੇ ਦਾ ਭਲਾ ਕਰਨ ਦਾ ਉਪਦੇਸ਼ ਤੇ ਸਿੱਖ-ਪੰਥ ਦੀ ਅਰਦਾਸ ਵਿਚ ਸਰਬੱਤ ਦਾ ਭਲਾ ਮੰਗਣਾ ਭਲਾਈ ਕਰਨ ਦੀ ਪ੍ਰੇਰਨਾ ਹੀ ਹੈ। ਭਲਾ ਪੁਰਸ਼ ਫੁੱਲਾਂ ਵਾਂਗ, ਸੂਰਜ-ਚੰਦ੍ਰਮਾ ਅਤੇ ਹਵਾ-ਪਾਣੀ ਵਾਂਗ ਸਭਨਾਂ ਨਾਲ ਬਰਾਬਰ ਵਰਤਾਉ ਕਰਦਾ ਹੈ।

ਉਪਰੋਕਤ ਦੋਹਰਾ ਗਿਆਨੀ ਦਿੱਤ ਸਿੰਘ ਰਚਿਤ ਪੁਸਤਕ ‘ਨੀਤੀ ਪ੍ਰਕਾਸ਼’ ਵਿਚ ਹੈ। ਇਸ ਵਿਚ ਭਲੇ ਪੁਰਸ਼ ਦੀ ਭਲਿਆਈ ਕਰਨ ਦੀ ਤਸ਼ਬੀਹ ਰੁੱਖ ਨਾਲ ਦਿੱਤੀ ਹੈ, ਜੋ ਆਪਣੇ ਸਿਰ ਉੱਪਰ ਧੁੱਪ ਤੇ ਕਸ਼ਟ ਸਹਿ ਕੇ ਵੀ ਹੋਰਨਾਂ ਨੂੰ ਠੰਡੀ ਛਾਂ, ਫਲ, ਫੁੱਲ ਤੇ ਸੁਖ ਬਖਸ਼ਦਾ ਹੈ। ਇਸੇ ਤਰ੍ਹਾਂ ਭਲੇ ਪੁਰਸ਼ ਵੀ ਆਪਣੇ ਸਰੀਰ ਉੱਪਰ ਕਰੋੜਾਂ ਦੁਖ ਸਹਿ ਕੇ ਵੀ ਹੋਰਨਾਂ ਨੂੰ ਸੁਖ ਦਿੰਦੇ ਹਨ।

ਚੰਗੇ ਸਮਾਜ ਦੀ ਸਿਰਜਣਾ ਲਈ ਮਨੁੱਖਤਾ ਦਾ ਸੁਭਾਅ ਇਸ ਤਰ੍ਹਾਂ ਦਾ ਹੋਣਾ ਅਤਿ ਜ਼ਰੂਰੀ ਹੈ। ਅਜੋਕੀ ਭੱਜ-ਦੌੜ ਵਿਚ ਇਨਸਾਨ ਦਾ ਇਨਸਾਨ ਪ੍ਰਤੀ ਨਜ਼ਰੀਆ, ਧੋਖਾ-ਧੜੀ, ਮਿਲਾਵਟਖੋਰੀ, ਲੁੱਟ-ਖਸੁੱਟ ਜਿਸ ਤਰ੍ਹਾਂ ਸਿਖਰ ਵੱਲ ਜਾ ਰਹੀ ਹੈ ਤਾਂ ਅਜਿਹੀ ਨੀਤੀ-ਕਥਾ ਦੀ ਸਾਰਥਿਕਤਾ ਹੋਰ ਵੀ ਵਧੇਰੇ ਮੁੱਲਵਾਨ ਹੋ ਜਾਂਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)