editor@sikharchives.org

ਚੜ੍ਹਿਆ ਸੋਧਣਿ ਧਰਤਿ ਲੁਕਾਈ

ਗੁਰੂ ਪਾਤਸ਼ਾਹ ਜੀ ਦਾ ਮਾਰਗ ਕੋਈ ਮੰਤਰਾਂ, ਜੰਤਰਾਂ, ਤੰਤਰਾਂ, ਟੂਣੇ-ਟਾਮਣਾਂ, ਵਹਿਮਾਂ-ਭਰਮਾਂ, ਜਪਾਂ-ਤਪਾਂ, ਰਿਧੀਆਂ-ਸਿਧੀਆਂ, ਆਸਣਾਂ-ਸਮਾਧੀਆਂ, ਦਿਖਾਵੇ ਦੀਆਂ ਇਬਾਦਤਾਂ, ਕਰਮਕਾਂਡਾਂ, ਧਰਮਾਂ-ਵਰਤਾਂ, ਨੇਮਾਂ, ਕਾਇਆ-ਦਾਨਾਂ, ਤੀਰਥ ਇਸ਼ਨਾਨਾਂ ਜਾਂ ਰਸਮੀ ਸੰਜਮਾਂ ਦਾ ਬਿਲਕੁਲ ਨਹੀਂ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਭਾਗਭਰੀ ਰਾਇਭੋਇ ਦੀ ਤਲਵੰਡੀ ਦੇ ਨਿਵਾਸੀ ਮਹਿਤਾ ਕਾਲੂ ਪਟਵਾਰੀ ਦੇ ਵਿਹੜੇ ਦੀ ਇਕ ਉਦਾਸ ਸਵੇਰ…..ਮਹਿਤਾ ਜੀ ਦੀ ਨੂੰਹ, ਛੋਟੇ ਪੁੱਤਰ ਨੂੰ ਕੁੱਛੜ ਚੁੱਕੀ ਤੇ ਵੱਡੇ ਨੂੰ ਉਂਗਲ ਲਾਈ, ਧਰਤੀ ਵੱਲ ਨਿਗਾਹਾਂ ਗੱਡੀ, ਭਵਿੱਖ ਦੇ ਇਕੱਲ ਦੇ ‘ਸੱਲ’ ਦੀਆਂ ਸੋਚਾਂ ’ਚ ਡੁੱਬੀ ਖੜ੍ਹੀ ਹੈ। ਬੇਬੇ ਨਾਨਕੀ ‘ਵੀਰ ਪਿਆਰ’ ’ਚ ਬਿਹਬਲ ਹੋਈ ਆਪਣੀ ਲਾਡਲੀ ਭਰਜਾਈ ਨੂੰ ਧਰਵਾਸੇ ਵੀ ਦੇ ਰਹੀ ਹੈ ਅਤੇ ਆਪਣੇ ਨੂਰੀ ਮੁੱਖੜੇ ਵਾਲੇ ਵੀਰ ਲਈ ਦੁਆਵਾਂ ਵੀ ਕਰ ਰਹੀ ਹੈ। ਮਮਤਾ ਦੀ ਮੂਰਤ, ਤ੍ਰਿਪਤਾ ਮਾਂ, ਆਪਣੇ ਸਪੁੱਤਰ ਦੇ ਮਿਸ਼ਨ ’ਚ ਰੋੜਾ ਵੀ ਨਹੀਂ ਅਟਕਾਉਣਾ ਚਾਹੁੰਦੀ, ਪਰ ਆਪਣੀ ਨੂੰਹ ਰਾਣੀ ਸੁਲੱਖਣੀ, ਮੂਲ ਨਾਲੋਂ ਵਿਆਜ, ਫੁੱਲਾਂ ਤੋਂ ਵੱਧ ਕੋਮਲ ਨੰਨ੍ਹੇ-ਮੁੰਨ੍ਹੇ ਪੋਤਰਿਆਂ ਲਖਮੀ ਦਾਸ ਤੇ ਸ੍ਰੀ ਚੰਦ ਦੇ ਭਵਿੱਖ ਪ੍ਰਤੀ ਵੀ ਚਿੰਤਤ ਹੈ। ਆਂਢ-ਗੁਆਂਢ ਦੀਆਂ ਤ੍ਰੀਮਤਾਂ ਗ਼ਮਗੀਨ ਚਿਹਰਿਆਂ ਨਾਲ, ਮਾਹੌਲ ਨੂੰ ਹੋਰ ਉਦਾਸ ਬਣਾ ਰਹੀਆਂ ਹਨ।

…ਤੇ ਇਕ ਤਰਫ਼ ‘ਅਕਾਲ ਰੂਪ ਜਗਤ ਗੁਰੂ ਬਾਬਾ’ ਦੂਰ-ਦੁਰਾਡੇ ਦੇ ਬਿਖੜੇ ਪੈਂਡਿਆਂ ਦਾ ਰਾਹੀ ਬਣਨ ਲਈ ਤਿਆਰ-ਬਰ-ਤਿਅਰ ਖੜ੍ਹਾ ਹੈ, ਅੱਜ ਉਹ ਪਹਿਲੀ ਉਦਾਸੀ ਧਾਰਨ ਕਰਨ ਜਾ ਰਿਹਾ ਹੈ:

ਗੁਰਮੁਖਿ ਖੋਜਤ ਭਏ ਉਦਾਸੀ॥
ਦਰਸਨ ਕੈ ਤਾਈ ਭੇਖ ਨਿਵਾਸੀ॥ (ਪੰਨਾ 939)

ਇਹ ‘ਉਦਾਸੀ’ ਜਾਂ ਕੁਝ ਸਮੇਂ ਲਈ ਘਰ-ਬਾਰ ਛੱਡਣਾ, ਬੋਧੀ ਭਿਖਸ਼ੂਆਂ, ਸੰਨਿਆਸੀਆਂ, ਪਰਮਾਤਮਾ ਦੀ ਭਾਲ ’ਚ ਭਟਕਣ ਵਾਲੇ ਕਥਿਤ ਸਾਧਾਂ ਵਾਲੀ ਨਹੀਂ ਅਤੇ ਨਾ ਹੀ ਇਹ ਕੇਵਲ ਨਿੱਜ ਦੇ ਭਲੇ, ਮੁਕਤੀ ਜਾਂ ਸੁਖ-ਸ਼ਾਂਤੀ ਤਕ ਹੀ ਸੀਮਤ ਏ। ਨਾ ਹੀ ਇਹ ‘ਦੌਰਾ’ ਸੈਰ-ਸਪਾਟੇ ਜਾਂ ਭਿੰਨ-ਭਿੰਨ ਦੇਸ਼ਾਂ ਦੇ ਲੋਕਾਂ ਨੂੰ ਵੇਖਣ, ਮਿਲਣ ਦਾ ਚਾਅ ਤ੍ਰਿਪਤਾਉਣ ਲਈ ਹੈ। ਇਹ ਤਾਂ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਿਕ, ਦੀਰਘ ਸੋਚ-ਵਿਚਾਰ ਉਪਰੰਤ ਸਮੂਹ ‘ਧਰਤਿ ਲੁਕਾਈ’ ਦੀ ‘ਸੋਧ ਸੁਧਾਈ’ ਅਤੇ ਕਲਿਆਣ ਕਰਨ ਲਈ ਇਹ ਯਾਤਰਾ ਅਰੰਭੀ ਜਾਣੀ ਏ। ਕਿਉਂਕਿ ‘ਜਗਤ ਗੁਰੂ ਬਾਬਾ ਜੀ’ ਨੇ ‘ਧਿਆਨ ਧਰ ਕੇ’ ਸਗਲੀ ਧਰਤੀ ਜਲਤੀ ‘ਤੱਕ’ ਲਈ ਹੈ। ਗੁਰੂ ਬਾਬੇ ਨੇ ਹਾਕਮਾਂ ਨੂੰ ਵੱਢੀ ਲੈ ਕੇ ਹੱਕ ਗਵਾਉਂਦਿਆਂ, ਬ੍ਰਾਹਮਣ ਮੁਲਾਣਿਆਂ ਨੂੰ ਖਹਿ-ਖਹਿ ਮਰਦੇ ਦੇਖ ਲਿਆ ਹੈ। ਚੇਲਿਆਂ ਦੁਆਰਾ ਵਜਾਏ ਜਾ ਰਹੇ ਸਾਜ਼ਾਂ ਦੀ ਘਨਘੋਰ ’ਚ ‘ਗੁਰੂਆਂ’ ਦਾ ਨਾਚ ਹੁੰਦਾ ਤੱਕਿਆ ਹੈ। ਸੀਂਹ ਦਾ ਰੂਪ ਧਾਰ ਕੇ ਰਾਜੇ, ਗਿਆਨ ਬਿਨ ਅੰਧੀ ਪਰਜਾ ਨੂੰ ਨੋਚ ਰਹੇ ਅਤੇ ‘ਖਾਜੁ ਹੋਇਆ ਮੁਰਦਾਰ ਗੁਸਾਈ’ ਵਾਲਾ ਕਹਿਰ ਭਰਿਆ ਵਰਤਾਰਾ ਸਤਿਗੁਰੂ ਜੀ ਦੇ ਸਾਹਵੇਂ ਵਰਤ ਰਿਹਾ ਏ। ਚਾਰੇ ਪਾਸੇ ਪਾਪ ਦੀਆਂ ਹਨੇਰੀਆਂ ਐਸੀਆਂ ਚੜ੍ਹੀਆਂ ਪਈਆਂ ਹਨ ਕਿ ਇਸ ‘ਕੂੜ ਦੀ ਮੱਸਿਆ’ ਵਿੱਚੋਂ ‘ਸੱਚ ਚੰਦ੍ਰਮਾ’ ਕਿਸੇ ਪਾਸੇ ਵੀ ਚੜ੍ਹਿਆ ਦਿਖਾਈ ਨਹੀਂ ਦੇ ਰਿਹਾ।

ਸੋ ਵਹਿਮਾਂ-ਭਰਮਾਂ, ਕਰਮ-ਕਾਂਡਾਂ, ਨਿਗੂਣੇ ਰਸਮਾਂ-ਰਿਵਾਜਾਂ ਅਤੇ ਅੰਧ- ਵਿਸ਼ਵਾਸਾਂ ਦੇ ਜਾਲ ’ਚ ਫਸੀ, ਗਿਆਨ ਵਿਹੂਣੀ ਲੁਕਾਈ ਨੂੰ ਸੱਚ ਦਾ ਮਾਰਗ ਦਰਸਾਣ ਲਈ ਲਗਭਗ ਸਾਰਿਆਂ ਧਰਮਾਂ ਦੇ ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਕੇਂਦਰਾਂ, ਮੱਠਾਂ, ਮੰਦਰਾਂ ਤੇ ਟਿਕਾਣਿਆਂ ਵਿਚ ਆਪ ਪਹੁੰਚ ਕੇ, ਉਨ੍ਹਾਂ ਆਗੂਆਂ ਤੇ ਪ੍ਰਤੀਨਿਧਾਂ, ਵਿਦਵਾਨਾਂ ਤੇ ਵਿਚਾਰਵਾਨਾਂ ਨੂੰ ਮਿਲਣਾ ਮਿੱਥ ਲਿਆ। ਕੋਮਲ ਚਿੱਤ ਤੇ ਰੱਬ ਦੇ ਰੰਗ ’ਚ ਰੱਤੇ ਗੁਰੂ ਬਾਬਾ ਜੀ ਨੇ, ਧਰਮ ਦੇ ਠੇਕੇਦਾਰਾਂ, ਸਮਾਜ ਦੇ ਹਿਤੈਸ਼ੀਆਂ ਤੇ ਹੱਕ ਨਿਆਂ ਦੇ ਰਾਖਿਆਂ ਹੱਥੀਂ ਹੀ, ਧਰਮ ਤੇ ਸਮਾਜ ਦੀ ਹੋ ਰਹੀ ਅਜਿਹੀ ਹੇਠੀ ਤੇ ਅਧੋਗਤੀ ਨੂੰ ਨਾ ਸਹਾਰਦੇ ਹੋਏ, ਇਹ ‘ਉਦਾਸੀ ਦੀ ਰੀਤ’ ਚਲਾਈ।

….ਤੇ ਆਖ਼ਰ ਪਰਵਾਰ ਨੂੰ ਕਾਦਰ ਦੇ ਭਰੋਸੇ ਛੱਡ ਕੇ, ਘਰੋਂ ਤੁਰਨ ਦਾ ਸਮਾਂ ਆਣ ਢੁਕਿਆ… ਆਪਣੇ ਪਿਆਰੇ ਭਾਈ ਮਰਦਾਨਾ ਜੀ ਨੂੰ ਟੁਰਨ ਦਾ ਇਸ਼ਾਰਾ ਕੀਤਾ, ਭਾਈ ਮਰਦਾਨਾ ਜੀ ਨੇ ਰਬਾਬ ਸੰਭਾਲੀ ਤੇ ਬਾਹਰ ਵੱਲ ਤੁਰਦਿਆਂ ਮਾਂ ਤ੍ਰਿਪਤਾ ਨੂੰ ਨਮਸਕਾਰ ਕੀਤੀ। ਗੁਰੂ ਬਾਬਾ ਜੀ ਨੇ ਆਪਣੀ ਅੰਮੀ ਦੇ ਚਰਨ ਛੂਹੇ, ਪਿਆਰੀ ਭੈਣ ਬੇਬੇ ਨਾਨਕੀ ਨੂੰ, ‘ਜਦੋਂ ਯਾਦ ਕਰੇਂ ਤਦੇ ਆਸਾਂ’ ਦਾ ਸੁਨੇਹੜਾ ਦਿੱਤਾ… ਮਿੱਠੇ ਤੇ ਪਿਆਰੇ ਪੁੱਤਰਾਂ ਦਾ ਸਿਰ ਪਲੋਸਿਆ, ਆਪਣੀ ਧਰਮ ਸੁਪਤਨੀ ‘ਸੁਲੱਖਣੀ’ ਨੂੰ ‘ਪਰਮੇਸ਼ਰ ਕੀਏ’ ਦੇ ਮਾਣ ਪੂਰਤ ਵਾਕ ਨਾਲ ਸੰਬੋਧਨ ਕਰਦਿਆਂ, ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰਨ ਲਈ ਉਪਦੇਸ਼ ਦੇ ਕੇ ਬਾਬਾ ਜੀ ਰੁਖ਼ਸਤ ਹੋ ਗਏ…।

ਇਸੇ ਤਰ੍ਹਾਂ ਸਤਿਗੁਰੂ ਜੀ ਨੇ ਤਿੰਨ ਉਦਾਸੀਆਂ ਹੋਰ ਧਾਰਨ ਕੀਤੀਆਂ। ਇਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ ਆਪ ਜੀ ਹਰ ਜਾਤੀ, ਹਰ ਪੱਧਰ ਦੇ ਕੰਮ-ਕਿੱਤੇ ਦੇ ਲੋਕਾਂ ’ਚ ਵਿਚਰੇ, ਉਨ੍ਹਾਂ ਨਾਲ ਵਿਚਾਰ-ਵਟਾਂਦਰੇ ਕੀਤੇ, ਅਮਲਾਂ ਤੇ ਖ਼ਿਆਲਾਂ ਦੀ ਸਾਂਝ ਪਾਈ ਤੇ ਜੀਵਨ ਜਿਊਣ ਦਾ ਇਕ ਨਵਾਂ-ਨਰੋਆ ਸਿਧਾਂਤ ਬਖ਼ਸ਼ਿਆ। ਉੱਤਰ ਵੱਲ ਤਿੱਬਤ ਲੱਦਾਖ, ਦੱਖਣ ਵੱਲ ਪੁਰੀ ਤੇ ਲੰਕਾ, ਪੂਰਬ ਵੱਲ ਚੀਨ ਤੇ ਬ੍ਰਹਮਾ (ਚੀਨ ’ਚ ਵਾਕਿਆ ‘ਨਾਨਕਿੰਗਾ’ ਸ਼ਹਿਰ ਇਸ ਦਾ ਸਬੂਤ ਹੈ) ਅਤੇ ਪੱਛਮ ਵੱਲ ਅਰਬ, ਇਰਾਕ, ਈਰਾਨ ਤੇ ਅਫ਼ਗਾਨਿਸਤਾਨ ਆਦਿ ਦਾ ਸਾਲਾਂ-ਬੱਧੀ ਦੌਰਾ ਕੀਤਾ। ਸੱਤ ਪਤਾਲ ਅਤੇ ਸੱਤ ਅਕਾਸ਼ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’ ਦੱਸ ਕੇ ਉਨ੍ਹਾਂ ਨੂੰ ਬ੍ਰਹਿਮੰਡ ਨੂੰ ਦੂਰ-ਦ੍ਰਿਸ਼ਟੀ ਨਾਲ ਤੱਕਣ ਲਈ ਪ੍ਰੇਰਨਾ ਦਿੱਤੀ। ਬਾਬਰ ਨੂੰ ਸ਼ਰ੍ਹੇਆਮ ‘ਜਾਬਰ’ ਕਹਿ ਕੇ ‘ਸਚ ਸੁਣਾਇਸੀ ਸਚ ਕੀ ਬੇਲਾ’ ਦੇ ਸਿਧਾਂਤ ਨੂੰ ਅਮਲ ’ਚ ਲਿਆਂਦਾ। ਕੌਡੇ ਜਿਹੇ ਆਦਮ-ਖਾਣੇ ਭੀਲਾਂ ਨੂੰ ਸੋਝੀ ਬਖ਼ਸ਼ੀ, ਸੱਜਣ ਜਿਹੇ ਠੱਗਾਂ ਨੂੰ ਗੁਰਬਾਣੀ ਉਪਦੇਸ਼ ਰਾਹੀਂ ਨਿਹਾਲ ਕਰ ਕੇ, ਸਹੀ ਅਰਥਾਂ ਦਾ ‘ਸੱਜਣ’ ਬਣਨ ਲਈ ਕਿਹਾ। ਮੱਕਾ, ਮਦੀਨਾ, ਅਰਬ, ਮੁਲਤਾਨ ਦੀਆਂ ਗਰਮੀਆਂ ’ਚ ਠੰਢ ਵਰਤਾਈ। ਸ੍ਰੀ ਲੰਕਾ ਦੇ ਟਾਪੂਆਂ ਦੇ ‘ਸ਼ਿਵ ਨਾਭ’ ਵਰਗਿਆਂ ਨੂੰ ਆਤਮ ਉਪਦੇਸ਼ ਬਖ਼ਸ਼ਿਆ। ‘ਫਿਰਿਆ ਮੱਕਾ ਕਲਾ ਦਿਖਾਰੀ’ ਅਨੁਸਾਰ ਮੱਕੇ ਦੇ ਮਜੌਰਾਂ ਨੂੰ ਚੌਤਰਫ਼ੀਂ ਖ਼ੁਦਾ ਦੇ ਦਰਸ਼ਨ ਕਰਵਾਏ। ਜਗਨਨਾਥ ਪੁਰੀ ’ਚ ਹੋ ਰਹੀ ਨਿੱਕੀ ਜਿਹੀ ਕਰਮਕਾਂਡ ਵਾਲੀ ਆਰਤੀ ਨੂੰ ਵਿਸ਼ਾਲ ਨਵੇਂ ਅਰਥ ਦੇ ਕੇ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਉਚਾਰ ਕੇ ਪਰਿਪੂਰਨ ਪਰਮਾਤਮਾ ਦੀ ਐਸੀ ‘ਬ੍ਰਹਿਮੰਡੀ ਆਰਤੀ’ ਕੀਤੀ ਕਿ ਅੱਜ ਤੀਕ ਇਸ ਤੋਂ ਉਚੇਰੀ ਆਰਤੀ ਹੋਰ ਕੋਈ ਨਹੀਂ ‘ਉਤਾਰ’ ਸਕਿਆ। ਹਰਿਦੁਆਰ ਦੇ ਪਾਂਡਿਆਂ ਨੂੰ ਵਿਵੇਕਸ਼ੀਲ ਪ੍ਰਚਾਰ ਤਰੀਕੇ ਰਾਹੀਂ ਥੋਥੇ ਵਿਸ਼ਵਾਸ ਤਿਆਗਣ ਲਈ ਮਜਬੂਰ ਕਰ ਦਿੱਤਾ। ਬੰਗਾਲ ਦੀ ਜਾਦੂਗਰਨੀ ਨੂਰਜਹਾਂ ਦਾ ਹੰਕਾਰ ਤੋੜਿਆ, ਵਲੀ ਕੰਧਾਰੀ ਜਿਹਾਂ ਦਾ ਕ੍ਰੋਧ, ਠੰਢਾ ਕਰਦਿਆਂ, ਪੱਥਰਾਂ ਨੂੰ ਮੋਮ ਬਣਾਉਂਦਿਆਂ ਇਕ ਪੱਥਰ ’ਤੇ ਪਵਿੱਤਰ ਪਾਵਨ ਆਪਣੇ ਪੰਜੇ ਦਾ ਨਿਸ਼ਾਨ ਬਖ਼ਸ਼ਿਆ। ਦੁਨੀ ਚੰਦ ਵਰਗੇ ‘ਮਾਇਆ ਪ੍ਰੇਮੀਆਂ’ ਨੂੰ ਸੱਚ ਦਾ ਮਾਰਗ ਦੱਸਦਿਆਂ ‘ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥’ ਦਾ ਉਪਦੇਸ਼ ਬਖ਼ਸ਼ਿਸ਼ ਕੀਤਾ। ਮਾਲਕ ਭਾਗੋ ਦਾ ‘ਬ੍ਰਹਮ ਭੋਜ’ ਠੁਕਰਾ ਕੇ ਭਾਈ ਲਾਲੋ ਜੀ ਜਿਹੇ ਕਿਰਤੀ ਦੀ ਕਿਰਤ ਨੂੰ ਵਡਿਆ ਕੇ ‘ਵਡਿਆ ਸਿਉ ਕਿਆ ਰੀਸ’ ਦਾ ਮਹਾਨ ਵਾਕ ਉਚਾਰਣ ਕੀਤਾ।

ਗੁਰੂ ਪਾਤਸ਼ਾਹ ਜੀ ਦਾ ਮਾਰਗ ਕੋਈ ਮੰਤਰਾਂ, ਜੰਤਰਾਂ, ਤੰਤਰਾਂ, ਟੂਣੇ-ਟਾਮਣਾਂ, ਵਹਿਮਾਂ-ਭਰਮਾਂ, ਜਪਾਂ-ਤਪਾਂ, ਰਿਧੀਆਂ-ਸਿਧੀਆਂ, ਆਸਣਾਂ-ਸਮਾਧੀਆਂ, ਦਿਖਾਵੇ ਦੀਆਂ ਇਬਾਦਤਾਂ, ਕਰਮਕਾਂਡਾਂ, ਧਰਮਾਂ-ਵਰਤਾਂ, ਨੇਮਾਂ, ਕਾਇਆ-ਦਾਨਾਂ, ਤੀਰਥ ਇਸ਼ਨਾਨਾਂ ਜਾਂ ਰਸਮੀ ਸੰਜਮਾਂ ਦਾ ਬਿਲਕੁਲ ਨਹੀਂ ਹੈ। ਸਗੋਂ ਸਤਿਗੁਰੂ ਜੀ ਨੇ ਉੱਚੀ ਆਵਾਜ਼ ’ਚ ਐਲਾਨ ਕੀਤਾ:

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (ਪੰਨਾ 747)

ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ॥ (ਪੰਨਾ 1301)

ਸਾਹ-ਸੱਤਹੀਣ  ਹੋਏ  ਸਮਾਜ  ਨੂੰ  ਸਤਿਗੁਰੂ  ਜੀ  ਨੇ  ਅਸਲੋਂ  ਨਵੀਂ  ‘ਜੁਗਤਿ’ ਬਖ਼ਸ਼ੀ, ਜਿਸ ਰਾਹੀਂ ਹਸਦਿਆਂ, ਖੇਲਦਿਆਂ, ਪੈਨਦਿਆਂ, ਖਾਂਵਦਿਆਂ ਵੀ ‘ਮੁਕਤਿ’ ਪ੍ਰਾਪਤ ਕੀਤੀ ਜਾਣ ਲੱਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਇੰਨਾ ਮਹਾਨ, ਵਿਸ਼ਾਲ ਅਤੇ ਦਾਰਸ਼ਨਿਕ ਹੈ ਕਿ ਇਸ ਨੂੰ ਬਿਆਨ ਕਰਨਾ ਅਸੰਭਵ ਜਾਪਣ ਲੱਗ ਪੈਂਦਾ ਹੈ। ਜਿਵੇਂ ਸਿੱਧਾਂ ਨੇ ‘ਧਨੁ ਨਾਨਕ ਤੇਰੀ ਵਡੀ ਕਮਾਈ’ ਆਖ ਕੇ, ਗੁਰੂ ਬਾਬਾ ਜੀ ਨੂੰ ਸੀਸ ਝੁਕਾਇਆ ਸੀ। ਆਉ ਅਸੀਂ ਵੀ ‘ਕਲਿ ਤਾਰਣ’ ਆਏ ਮਹਾਨ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਹਿਰਦੇ ’ਚ ਵਸਾ ਕੇ ਸਿੱਖੀ ਜੀਵਨ-ਜਾਚ ਅਪਣਾਉਂਦੇ ਹੋਏ, ‘ਕਲਾ ਧਾਰ ਕੇ’ ਆਏ ‘ਆਪੁ ਨਰਾਇਣ’ ਨੂੰ ਨਮਸਕਾਰ ਕਰੀਏ!

ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥ (ਵਾਰ 1;27)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Tarlochan Singh Dupalpur
ਸਾਬਕਾ ਮੈਂਬਰ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵਾਂਸ਼ਹਿਰ-144515

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)