ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਮਕੌਰ ਦੀ ਕੱਚੀ ਗੜ੍ਹੀ ਵਿਚ ਉੱਚੀ ਥਾਂ ’ਤੇ ਬੈਠ ਕੇ ਆਪਣੇ ਚਾਲ੍ਹੀ ਸਿੰਘਾਂ ਅਤੇ ਦੋ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਨਾਲ ਲੈ ਕੇ ਮੁਗ਼ਲ ਸਰਕਾਰ ਦੀ ਫੌਜ ਨਾਲ ਯੁੱਧ ਕਰਨਾ ਸੰਸਾਰ ਦੇ ਇਤਿਹਾਸ ਵਿਚ ਇਕ ਅਦੁੱਤੀ/ਨਿਰਾਲਾ ਸਾਕਾ ਹੈ। ਗੁਰੂ ਸਾਹਿਬ ਜੀ ਨੇ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਦਾ ਇਤਬਾਰ ਕਰ ਕੇ 6 ਪੋਹ 1761 ਬਿਕ੍ਰਮੀ (5 ਦਸੰਬਰ, 1704 ਈਸਵੀ) ਨੂੰ ਅੱਧੀ ਰਾਤ ਵੇਲੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਗੜ੍ਹ ਖ਼ਾਲੀ ਕਰ ਦਿੱਤਾ ਸੀ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਕੁਰਾਨ ਉੱਤੇ ਆਪਣੇ ਦਸਤਖ਼ਤ ਕਰ ਕੇ ਅਤੇ ਕੁਰਾਨ ਦੀ ਕਸਮ ਖਾ ਕੇ ਅਤੇ ਇਕ ਚਿੱਠੀ ਗੁਰੂ ਸਾਹਿਬ ਜੀ ਨੂੰ ਭੇਜ ਕੇ ਕਿਹਾ ਸੀ ਕਿ ਗੁਰੂ ਸਾਹਿਬ ਜੀ ਅਨੰਦਪੁਰ ਦਾ ਕਿਲ੍ਹਾ ਛੱਡ ਦੇਣ, ਉਨ੍ਹਾਂ ਨੂੰ ਬਾਹਰ ਜਾਣ ਲਈ ਰਾਹ ਦਿੱਤਾ ਜਾਵੇਗਾ। ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਗਊ ਦੀ ਕਸਮ ਖਾ ਕੇ ਗੁਰੂ ਸਾਹਿਬ ਜੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਅਨੰਦਪੁਰ ਸਾਹਿਬ ਨੂੰ ਖ਼ਾਲੀ ਕਰ ਦੇਣ, ਉਨ੍ਹਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ। ਗੁਰੂ ਸਾਹਿਬ ਜੀ ਨੇ ਮੁਗ਼ਲਾਂ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੀਆਂ ਸੁਗੰਧਾਂ ਉੱਤੇ ਇਤਬਾਰ ਕਰ ਕੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ। ਗੁਰੂ ਸਾਹਿਬ ਜੀ ਆਪਣੇ ਪਰਵਾਰ, ਮਾਲ-ਅਸਬਾਬ, ਕੀਮਤੀ ਗ੍ਰੰਥਾਂ ਅਤੇ ਸਿੰਘਾਂ ਸਮੇਤ ਅਜੇ ਕੀਰਤਪੁਰ ਹੀ ਲੰਘੇ ਸਨ ਕਿ ਮੁਗ਼ਲ ਜਰਨੈਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਇਕੱਠਿਆਂ ਹੋ ਕੇ ਗੁਰੂ ਸਾਹਿਬ ਜੀ ਉੱਤੇ ਹਮਲਾ ਕਰ ਦਿੱਤਾ। ਮੁਗ਼ਲ ਜਰਨੈਲ ਅਤੇ ਪਹਾੜੀ ਰਾਜੇ ਆਪਣੀਆਂ ਚੁਕੀਆਂ ਕਸਮਾਂ ਘੋਲ ਕੇ ਪੀ ਗਏ, ਆਪਣੇ ਕੀਤੇ ਬਚਨਾਂ ਤੋਂ ਫਿਰ ਗਏ। ਮੁਗ਼ਲ ਫੌਜਾਂ ਦਾ ਇਹ ਹਮਲਾ ਸ਼ਾਹੀ ਟਿੱਬੀ ਦੇ ਸਥਾਨ ’ਤੇ ਹੋਇਆ। ਉੇਸ ਸਮੇਂ ਗੁਰੂ ਸਾਹਿਬ ਜੀ ਨਾਲ ਡੇਢ ਕੁ ਹਜ਼ਾਰ ਸਿੰਘ ਸਨ। ਭਾਈ ਉਦੇ ਸਿੰਘ ਜੀ ਨੇ ਵੈਰੀ ਫੌਜਾਂ ਦਾ ਡੱਟ ਕੇ ਟਾਕਰਾ ਕੀਤਾ। ਖਾਲਸੇ ਦਾ ਵਹੀਰ ਵੈਰੀਆਂ ਨਾਲ ਲੜਦਾ ਹੋਇਆ ਤੁਰਿਆ ਜਾ ਰਿਹਾ ਸੀ। ਸਿੰਘ ਵੈਰੀਆਂ ਨੂੰ ਪਾਰ ਬੁਲਾ ਕੇ ਅੱਗੇ ਟੁਰਦੇ ਗਏ।
ਗੁਰੂ ਸਾਹਿਬ ਜੀ ਜਦੋਂ ਸਰਸਾ ਨਦੀ ਦੇ ਕੰਢੇ ਉੱਤੇ ਪੁੱਜੇ, ਉਸ ਵੇਲੇ ਅੰਮ੍ਰਿਤ ਵੇਲਾ ਹੋ ਗਿਆ ਸੀ। ਪੋਹ ਦਾ ਮਹੀਨਾ, ਕੜਾਕੇ ਦੀ ਠੰਡ ਸੀ, ਵਰਖਾ ਹੋ ਰਹੀ ਸੀ, ਸਰਸੇ ਵਿਚ ਹੜ੍ਹ ਆਇਆ ਹੋਇਆ ਸੀ। ਗੁਰੂ ਸਾਹਿਬ ਜੀ ਨੇ ਸਰਸੇ ਦੇ ਕੰਢੇ ਉੱਤੇ ਸਿੰਘਾਂ ਦੇ ਪਹਿਰੇ ਅੰਦਰ ਹਰ ਰੋਜ਼ ਵਾਂਗ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕੀਤਾ ਅਤੇ ਆਸਾ ਕੀ ਵਾਰ ਦਾ ਕੀਰਤਨ ਹੋਇਆ। ਗੁਰੂ ਸਾਹਿਬ ਜੀ ਨੇ ਜੰਗ ਦੇ ਅਤਿ ਭਿਆਨਕ ਸਮੇਂ ਵੀ ਨਿਤਨੇਮ ਨੂੰ ਖੁੰਝਣ ਨਾ ਦਿੱਤਾ। ਸਰਸੇ ਉੱਤੇ ਭਿਆਨਕ ਯੁੱਧ ਹੋਇਆ। ਬਹੁਤ ਸਾਰੇ ਸਿੰਘ ਸਰਸੇ ਦੇ ਹੜ੍ਹ ਵਿਚ ਰੁੜ੍ਹ ਗਏ। ਤੇਜ਼ ਪਾਣੀ ਵਿਚ ਘੋੜਿਆਂ ਦੀ ਪੇਸ਼ ਨਹੀਂ ਜਾਂਦੀ ਸੀ। ਗੁਰੂ ਸਾਹਿਬ ਜੀ ਨੇ ਤੁਰਕਾਂ ਨੂੰ ਰੋਕਣ ਲਈ ਸਿੰਘਾਂ ਦੇ ਜਥੇ ਸਰਸੇ ਦੇ ਕੰਢੇ ਉੱਤੇ ਖੜ੍ਹੇ ਕਰ ਦਿੱਤੇ। ਸਰਸੇ ਉੱਤੇ ਗੁਰੂ ਸਾਹਿਬ ਜੀ ਦਾ ਪਰਵਾਰ ਵਿਛੜ ਗਿਆ। ਉਨ੍ਹਾਂ ਦਾ ਪਰਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ। ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਲੈ ਜਾਣ। ਭਾਈ ਮਨੀ ਸਿੰਘ ਜੀ ਗੁਰੂ ਮਹਿਲਾਂ ਸਮੇਤ ਹਰਿਦੁਆਰ ਦੇ ਰਾਹ ਦਿੱਲੀ ਪੁੱਜੇ ਅਤੇ ਭਾਈ ਜਵਾਹਰ ਸਿੰਘ ਦੇ ਘਰ ਠਹਿਰੇ ਸਨ।
ਗੁਰੂ ਸਾਹਿਬ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਸਰਸੇ ਦੇ ਕੰਢੇ ਤੁਰੇ ਜਾਂਦੇ ਸਨ ਉਨ੍ਹਾਂ ਨੂੰ ਗੁਰੂ-ਘਰ ਦਾ ਰਸੋਈਆ ਗੰਗਾ ਰਾਮ ਮਿਲ ਗਿਆ। ਉਹ ਮਾਤਾ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ (ਸਹੇੜੀ) ਜੋ ਮੋਰਿੰਡੇ ਦੇ ਨੇੜੇ ਸੀ, ਲੈ ਗਿਆ। ਸਰਸੇ ਉੱਤੇ ਖਾਲਸੇ ਅਤੇ ਮੁਗ਼ਲਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ। ਭਾਈ ਉਦੇ ਸਿੰਘ ਜੀ ਮੁਗ਼ਲ ਫੌਜਾਂ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਸਰਸੇ ਦੇ ਯੁੱਧ ਵਿਚ ਅਨੇਕਾਂ ਤੁਰਕਾਂ ਨੂੰ ਪਾਰ ਬੁਲਾ ਕੇ ਸ਼ਹੀਦ ਹੋ ਗਏ। ਭਾਈ ਉਦੇ ਸਿੰਘ ਜੀ ਦੇ ਸ਼ਹੀਦ ਹੋਣ ’ਤੇ ਵੈਰੀ ਫੌਜ ਨੇ ਸਿੰਘਾਂ ਨੂੰ ਘੇਰਾ ਪਾ ਲਿਆ। ਭਾਈ ਜੀਵਨ ਸਿੰਘ ਜੀ ਬੜੀ ਬਹਾਦਰੀ ਨਾਲ ਅੱਗੇ ਹੋ ਕੇ ਲੜੇ। ਭਾਈ ਜੀਵਨ ਸਿੰਘ ਨੇ ਵੈਰੀ ਫੌਜ ਦਾ ਘੇਰਾ ਤੋੜ ਦਿੱਤਾ ਤੇ ਇਸ ਯੁੱਧ ਵਿਚ ਸ਼ਹੀਦ ਹੋ ਗਏ।
ਗੁਰੂ ਸਾਹਿਬ ਜੀ ਸਰਸਾ ਪਾਰ ਕਰ ਕੇ ਸਿੰਘਾਂ ਸਮੇਤ ਰੋਪੜ ਆਏ, ਅੱਗੇ ਰੋਪੜ ਦੇ ਪਠਾਣ ਆਪ ਜੀ ਦਾ ਰਾਹ ਰੋਕੀ ਖੜ੍ਹੇ ਸਨ। ਸਿੰਘਾਂ ਦਾ ਰੋਪੜ ਦੇ ਪਠਾਣਾਂ ਦੇ ਨਾਲ ਘੋਰ ਯੁੱਧ ਹੋਇਆ। ਸਿੰਘਾਂ ਨੇ ਰੋਪੜ ਦੇ ਯੁੱਧ ਵਿਚ ਅਨੇਕਾਂ ਪਠਾਣਾਂ ਨੂੰ ਸੋਧਿਆ ਸੀ। ਗੁਰੂ ਸਾਹਿਬ ਜੀ ਨੇ ਇਕ ਰਾਤ ਰੋਪੜ ਵਿਖੇ ਕੱਟੀ।ਰੋਪੜ ਤੋਂ ਅਗਲੇ ਦਿਨ ਗੁਰੂ ਸਾਹਿਬ ਜੀ ਪਿੰਡ ਬਾਹਮਣ ਮਾਜਰਾ ਗਏ। ਫਿਰ ਬਾਹਮਣ ਮਾਜਰਾ ਤੋਂ ਪਿੰਡ ਬੂਰਾ ਮਾਜਰਾ ਪੁੱਜੇ। ਪਿੰਡ ਬੂਰਾ ਮਾਜਰਾ ਤੋਂ ਦੁੱਘਰੀ ਥੇਹ ’ਤੇ ਕੁਝ ਚਿਰ ਠਹਿਰੇ। ਦੁੱਘਰੀ ਤੋਂ ਗੁਰੂ ਸਾਹਿਬ ਜੀ ਲੌਢੇ ਵੇਲੇ ਚਮਕੌਰ ਦੇ ਦੱਖਣ ਵੱਲ ਇਕ ਬਾਗ਼ ਵਿਚ ਜਾ ਠਹਿਰੇ। ਗੁਰੂ ਸਾਹਿਬ ਜੀ ਨਾਲ ਇਸ ਸਮੇਂ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸਨ। ਗੁਰੂ ਸਾਹਿਬ ਜੀ ਸਿੰਘਾਂ ਨਾਲ ਇਥੇ ਚਮਕੌਰ ਦੇ ਦੱਖਣ ਵੱਲ ਜਿਸ ਬਾਗ਼ ਵਿਚ ਠਹਿਰੇ ਸਨ ਉਥੇ ਹੁਣ ‘ਗੁਰਦੁਆਰਾ ਦਮਦਮਾ ਸਾਹਿਬ’ ਸਥਿਤ ਹੈ। ਇਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਸਿੰਘਾਂ ਨਾਲ ਅਗਲੇ ਦਿਨ ਹੋਣ ਵਾਲੇ ਯੁੱਧ ਬਾਰੇ ਸਲਾਹ-ਮਸ਼ਵਰਾ ਕੀਤਾ ਸੀ। ਇਸ ਸਮੇਂ ਸੂਰਜ ਡੁੱਬ ਚੁੱਕਾ ਸੀ। ਗੁਰੂ ਸਾਹਿਬ ਜੀ ਨੇ ਚਮਕੌਰ ਦੇ ਇਕ ਚੌਧਰੀ ਬੁਧੀ ਚੰਦ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਆਪਣੀ ਹਵੇਲੀ ਦੇਣ ਲਈ ਕਿਹਾ। ਚੌਧਰੀ ਬੁਧੀ ਚੰਦ ਨੇ ਗੁਰੂ ਸਾਹਿਬ ਜੀ ਦੀ ਚੰਗੀ ਆਉ-ਭਗਤ ਕੀਤੀ ਅਤੇ ਉਸ ਨੇ ਆਪਣੀ ਹਵੇਲੀ ਗੁਰੂ ਸਾਹਿਬ ਜੀ ਨੂੰ ਸੌਂਪ ਦਿੱਤੀ। ਚੌਧਰੀ ਬੁਧੀ ਚੰਦ ਦੀ ਇਸ ਹਵੇਲੀ ਦੀਆਂ ਕੰਧਾਂ ਉੱਚੀਆਂ ਸਨ। ਇਸ ਹਵੇਲੀ ਨੂੰ ਕੱਚੀ ਗੜ੍ਹੀ ਕਿਹਾ ਜਾਂਦਾ ਸੀ। ਸਿੰਘਾਂ ਨੇ ਇਸ ਕੱਚੀ ਗੜ੍ਹੀ ਉੱਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ। ਸਿੰਘ ਕੱਚੀ ਗੜ੍ਹੀ ਵਿਚ ਮੋਰਚੇ ਮੱਲ ਕੇ ਬੈਠ ਗਏ। ਸਿੰਘਾਂ ਦੇ ਚਿਹਰੇ ਚਮਕ ਰਹੇ ਸਨ ਅਤੇ ਹੌਸਲੇ ਬੁਲੰਦ ਸਨ। ਉਹ ਮੌਕਾ ਭਾਲ ਰਹੇ ਸਨ ਕਿ ਮੁਗ਼ਲ ਫੌਜਦਾਰ ਅਤੇ ਪਹਾੜੀ ਰਾਜੇ ਜਿਨ੍ਹਾਂ ਨੇ ਖਾਲਸੇ ਨਾਲ ਧੋਖਾ ਕੀਤਾ ਹੈ ਜੇਕਰ ਉਨ੍ਹਾਂ ਦੇ ਸਾਹਮਣੇ ਆ ਜਾਣ ਤਾਂ ਉਹ ਇਨ੍ਹਾਂ ਦੁਸ਼ਟਾਂ ਨੂੰ ਮਾਰ ਕੇ ਅਗਲੀ ਦੁਨੀਆਂ ਵਿਚ ਪਹੁੰਚਾ ਦੇਣ। ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਗੜ੍ਹੀ ਦੇ ਦਰਵਾਜ਼ੇ ਅੱਗੇ ਇਸ ਢੰਗ ਨਾਲ ਖੜ੍ਹਾ ਕੀਤਾ ਸੀ ਕਿ ਵੈਰੀ ਦੇ ਲਸ਼ਕਰ ਨੂੰ ਇਹ ਪਤਾ ਨਾ ਲੱਗ ਸਕਿਆ ਕਿ ਗੜ੍ਹੀ ਅੰਦਰ ਕਿੰਨੇ ਕੁ ਸਿੰਘ ਹਨ। ਦੁਸ਼ਮਣ ਸਿੰਘਾਂ ਦੀ ਗਿਣਤੀ ਬਾਰੇ ਸਹੀ ਟੋਹ ਨਾ ਲਾ ਸਕਿਆ। ਗੁਰੂ ਸਾਹਿਬ ਜੀ ਦਾ ਗੜ੍ਹੀ ਦੇ ਦਰਵਾਜ਼ੇ ਨੂੰ ਬਚਾਉਣ ਲਈ ਸਿੰਘਾਂ ਨੂੰ ਖਾਸ ਢੰਗ ਨਾਲ ਗੜ੍ਹੀ ਦੇ ਦਰਵਾਜ਼ੇ ਅੱਗੇ ਤੈਨਾਤ ਕਰਨਾ ਅਤੇ ਉੱਚੀ ਥਾਂ ਉੱਤੇ ਜਾ ਕੇ ਗੜ੍ਹੀ ਦੀ ਮੋਰਚਾਬੰਦੀ ਕਰਨੀ ਸਿੱਧ ਕਰਦਾ ਹੈ ਕਿ ਗੁਰੂ ਸਾਹਿਬ ਸੁਯੋਗ, ਹੰਢੇ ਹੋਏ, ਪ੍ਰਬੀਨ ਅਤੇ ਸੁਲਝੇ ਹੋਏ ਮਹਾਨ ਜਰਨੈਲ ਸਨ। ਫਿਰ ਗੜ੍ਹੀ ਉੱਚੀ ਥਾਂ ਉੱਤੇ ਸੀ, ਉੱਪਰੋਂ ਚਾਰੇ ਪਾਸੇ ਦਿੱਸਦਾ ਸੀ। ਦੁਸ਼ਮਣਾਂ ਨੂੰ ਹੇਠਾਂ ਹੀ ਰੋਕਿਆ ਜਾ ਸਕਦਾ ਸੀ। ਗੁਰੂ ਸਾਹਿਬ ਜੀ ਆਪਣੇ ਦੋਵੇਂ ਸਾਹਿਬਜ਼ਾਦਿਆਂ ਸਮੇਤ ਗੜ੍ਹੀ ਦੀ ਉਪਰਲੀ ਅਟਾਰੀ ਵਿਚ ਚਲੇ ਗਏ। ਮਹਾਨ ਤਜਰਬੇਕਾਰ ਜਰਨੈਲ ਉਹ ਹੁੰਦਾ ਹੈ ਜੋ ਖ਼ਤਰੇ ਵੇਲੇ, ਯੁੱਧ ਦੇ ਔਖੇ ਮੌਕੇ ਉੱਤੇ ਸਹੀ ਫ਼ੈਸਲਾ ਕਰ ਸਕੇ। ਗੁਰੂ ਸਾਹਿਬ ਜੀ ਯੁੱਧ ਕਲਾ ਦੇ ਮਾਹਰ ਸਨ ਤੇ ਮਹਾਨ ਤਜਰਬੇਕਾਰ ਜਰਨੈਲ ਸਨ। ਉਨ੍ਹਾਂ ਨੇ ਖ਼ਤਰਨਾਕ ਮੌਕੇ ਉੱਤੇ ਸਹੀ ਫ਼ੈਸਲਾ ਕਰ ਕੇ ਵਧੀਆ ਢੰਗ ਨਾਲ ਮੋਰਚਾਬੰਦੀ ਕੀਤੀ।
ਗੁਰੂ ਸਾਹਿਬ ਜੀ ਦਾ ਬਹੁਮੁੱਲਾ ਸਾਹਿਤ, ਧਾਰਮਿਕ ਤੇ ਇਤਿਹਾਸਕ ਗ੍ਰੰਥ ਸਰਸੇ ਉੱਤੇ ਹੋਏ ਯੁੱਧ ਵਿਚ ਸਰਸਾ ਨਦੀ ਦੇ ਹੜ੍ਹ ਵਿਚ ਰੁੜ੍ਹ ਗਏ ਸਨ। ਵਿਦਿਆ ਸਾਗਰ ਗ੍ਰੰਥ ਜਿਸ ਨੂੰ ਵਿਦਿਆਧਰ ਗ੍ਰੰਥ ਵੀ ਕਿਹਾ ਜਾਂਦਾ ਹੈ, ਉਹ ਵੀ ਸਰਸੇ ਦੇ ਹੜ੍ਹ ਵਿਚ ਰੁੜ੍ਹ ਗਿਆ ਸੀ। ਅਨੰਦਪੁਰ ਸਾਹਿਬ ਵੱਲੋਂ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀ ਆ ਰਹੀ ਫੌਜ ਨੇ ਸਰਸੇ ਦਾ ਪਾਣੀ ਉਤਰ ਜਾਣ ’ਤੇ ਸਰਸਾ ਪਾਰ ਕਰ ਲਿਆ ਤੇ ਇਹ ਫੌਜ ਗੁਰੂ ਜੀ ਦੇ ਮਗਰ ਆ ਰਹੀ ਸੀ। ਦਿੱਲੀ ਤੋਂ ਚੱਲੀ ਹੋਈ ਤਾਜ਼ਾ ਮੁਗ਼ਲ ਫੌਜ ਗੁਰੂ ਸਾਹਿਬ ਜੀ ਨੂੰ ਫੜ੍ਹਨ ਲਈ ਅਨੰਦਪੁਰ ਸਾਹਿਬ ਵੱਲ ਜਾ ਰਹੀ ਸੀ। ਇਸ ਫੌਜ ਨੂੰ ਰੋਪੜ ਤੋਂ ਉਰੇ ਰਾਹ ਵਿਚ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਸਿੰਘਾਂ ਸਮੇਤ ਚਮਕੌਰ ਨੂੰ ਚਲੇ ਗਏ ਹਨ। ਇਸ ਤਰ੍ਹਾਂ ਸਾਰੀਆਂ ਫੌਜਾਂ ਨੇ ਆਪਣਾ ਰੁਖ਼ ਚਮਕੌਰ ਵੱਲ ਕਰ ਲਿਆ। ਦਿੱਲੀ ਤੋਂ ਆ ਰਹੀ ਮੁਗ਼ਲ ਫੌਜ ਵੀ ਚਮਕੌਰ ਪਹੁੰਚ ਗਈ। ਰਾਤ ਦਾ ਹਨੇਰਾ ਹੋ ਜਾਣ ’ਤੇ ਮੁਗ਼ਲ ਫੌਜ ਨੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਜਿਥੇ ਗੁਰੂ ਸਾਹਿਬ ਠਹਿਰੇ ਸਨ, ਚਾਰੇ ਪਾਸੇ ਤੋਂ ਘੇਰ ਲਿਆ।
8 ਪੋਹ, ਸੰਮਤ 1761 ਬਿਕ੍ਰਮੀ (7 ਦਸੰਬਰ, 1704 ਈ.) ਦਾ ਦਿਨ ਚੜ੍ਹਿਆ। ਸੂਰਜ ਦੀ ਟਿੱਕੀ ਬਾਹਰ ਆਈ। ਸੂਬਾ ਸਰਹਿੰਦ ਵਜ਼ੀਰ ਖ਼ਾਨ, ਸੂਬਾ ਦਿੱਲੀ ਜਾਫ਼ਰ ਬੇਗ, ਲਾਹੌਰ ਦਾ ਸੂਬਾ ਜ਼ਬਰਦਸਤ ਖ਼ਾਨ ਤੇ ਪਹਾੜੀ ਰਾਜਿਆਂ ਨੇ ਆਪਸ ਵਿਚ ਸਲਾਹ ਕੀਤੀ ਅਤੇ ਇਕ ਏਲਚੀ ਗੜ੍ਹੀ ਵਿਚ ਗੁਰੂ ਸਾਹਿਬ ਜੀ ਕੋਲ ਭੇਜਿਆ। ਇਹ ਏਲਚੀ ਕਾਜ਼ੀ ਸੀ। ਉਸ ਨੇ ਗੁਰੂ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਿਹਾ- ਗੁਰੂ ਸਾਹਿਬ ਜੀ, ਹੁਣ ਤੁਸੀਂ ਸ਼ਾਹੀ ਫੌਜ ਦੇ ਘੇਰੇ ਵਿਚ ਆ ਚੁਕੇ ਹੋ। ਕਈ ਮੀਲਾਂ ਤਕ ਚੁਫੇਰੇ ਲੰਮਾ ਘੇਰਾ ਪੈ ਗਿਆ ਹੈ। ਤੁਸੀਂ ਮੁੱਠੀ-ਭਰ, ਗਿਣਤੀ ਦੇ ਸਿੰਘਾਂ ਨਾਲ ਮੁਗ਼ਲ ਲਸ਼ਕਰ ਦਾ ਮੁਕਾਬਲਾ ਨਹੀਂ ਕਰ ਸਕੋਗੇ। ਸਾਰੇ ਮੁਗ਼ਲ ਫੌਜਦਾਰਾਂ ਦੀ ਰਾਇ ਹੈ ਕਿ ਤੁਸੀਂ ਆਪਣੇ ਸਿੰਘਾਂ ਸਮੇਤ ਹਥਿਆਰ ਸੁੱਟ ਦਿਉ ਤੇ ਆਪਣੇ ਆਪ ਨੂੰ ਸ਼ਾਹੀ ਫੌਜ ਦੇ ਹਵਾਲੇ ਕਰ ਦਿਉ। ਗੁਰੂ ਸਾਹਿਬ ਜੀ ਕਿਸੇ ਚੰਗੇ ਟਿਕਾਣੇ ’ਤੇ ਜਾ ਕੇ ਵੈਰੀਆਂ ਦੇ ਲਸ਼ਕਰ ਨਾਲ ਦੋ ਹੱਥ ਕਰਨਾ ਚਾਹੁੰਦੇ ਸਨ। ਸੋ ਉਨ੍ਹਾਂ ਨੇ ਯੁੱਧ ਕਰਨ ਲਈ ਚੰਗਾ ਟਿਕਾਣਾ ਚਮਕੌਰ ਦੀ ਕੱਚੀ ਗੜ੍ਹੀ ਨੂੰ ਬਣਾਇਆ ਸੀ।
7 ਦਸੰਬਰ, 1704 ਈ. ਨੂੰ ਚਮਕੌਰ ਦੀ ਧਰਤੀ ਉੱਤੇ ਅਜੀਬ ਕਿਸਮ ਦਾ ਯੁੱਧ ਹੋਇਆ। ਇਕ ਪਾਸੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਚਾਲ੍ਹੀ ਸਿੰਘ, ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਹਨ; ਉਹ ਵੀ ਭੁੱਖਣ-ਭਾਣੇ ਤੇ ਥੱਕੇ ਹੋਏ। ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿਚ ਮੁਗ਼ਲ ਫੌਜ, ਜਿਨ੍ਹਾਂ ਵਿਚ ਪਹਾੜੀ ਰਾਜੇ ਵੀ ਸਨ। ਵੈਰੀ ਦੀਆਂ ਇਨ੍ਹਾਂ ਫੌਜਾਂ ਕੋਲ ਆਪਣੇ ਸਮੇਂ ਦੇ ਵਧੀਆ ਹਥਿਆਰ ਸਨ। ਮੁਗ਼ਲ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਚਮਕੌਰ ਦੀ ਕੱਚੀ ਹਵੇਲੀ ਨੂੰ ਘੇਰ ਲਿਆ। 8 ਪੋਹ, ਸੰ: 1761 ਬਿ: (7 ਦਸੰਬਰ, 1704 ਈ.) ਦਾ ਸੂਰਜ ਨਿਕਲਦਿਆਂ ਹੀ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੇ ਢੰਡੋਰਾ ਪਿਟਵਾ ਦਿੱਤਾ ਕਿ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਮੁਗ਼ਲ ਫੌਜ ਦੇ ਹਵਾਲੇ ਕਰ ਦੇਣ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗ੍ਰਿਫਤਾਰ ਹੋ ਜਾਣ। ਢੰਡੋਰੇ ਦੇ ਜੁਆਬ ਵਿਚ ਗੁਰੂ ਸਾਹਿਬ ਜੀ ਨੇ ਗੜ੍ਹੀ ਉੱਪਰੋਂ ਤੀਰਾਂ ਦੀ ਬਰਖਾ ਸ਼ੁਰੂ ਕਰ ਦਿੱਤੀ। ਵੈਰੀਆਂ ਦੀਆਂ ਫੌਜਾਂ ਨੇ ਵੀ ਖੂਬ ਤੀਰ ਛੱਡੇ ਪਰ ਗੜ੍ਹੀ ਦੇ ਲਾਗੇ ਕੋਈ ਨਾ ਢੁਕੇ। ਮੁਗ਼ਲ ਜਰਨੈਲ ਨਾਹਰ ਖ਼ਾਨ ਪੌੜੀ ਲਾ ਕੇ ਗੜ੍ਹੀ ਉੱਤੇ ਚੜ੍ਹਨ ਲੱਗਾ ਸੀ। ਜਦੋਂ ਉਸ ਨੇ ਆਪਣਾ ਸਿਰ ਉੱਪਰ ਨੂੰ ਚੁੱਕਿਆ, ਗੁਰੂ ਸਾਹਿਬ ਜੀ ਦੇ ਇਕ ਤੀਰ ਨੇ ਉਸ ਦਾ ਅੰਤ ਕਰ ਦਿੱਤਾ। ਨਾਹਰ ਖ਼ਾਂ ਦੀ ਮੌਤ ਤੋਂ ਬਾਅਦ ਗਨੀ ਖ਼ਾਂ ਗੜ੍ਹੀ ਦੀ ਕੰਧ ਉੱਤੇ ਚੜ੍ਹਨ ਲੱਗਾ। ਜਦੋਂ ਉਸ ਨੇ ਆਪਣਾ ਸਿਰ ਉੱਪਰ ਨੂੰ ਚੁੱਕਿਆ ਗੁਰੂ ਸਾਹਿਬ ਨੇ ਗੁਰਜ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ। ਨਾਹਰ ਖ਼ਾਂ ਭੁੰਞੇ ਡਿੱਗ ਪਿਆ। ਇਕ ਹੋਰ ਜਰਨੈਲ ਖੁਆਜਾ ਮਹਿਮੂਦ ਅਲੀ ਨੇ ਜਦੋਂ ਆਪਣੇ ਸਾਥੀਆਂ ਨੂੰ ਮਰਦੇ ਵੇਖਿਆ, ਉਹ ਭੱਜ ਕੇ ਕੰਧ ਦੇ ਉਹਲੇ ਹੋ ਕੇ ਜਾਨ ਬਚਾ ਗਿਆ। ਗੁਰੂ ਸਾਹਿਬ ਨੇ ਉਸ ਦੇ ਡਰਪੋਕ ਹੋਣ ਕਰਕੇ ਉਸ ਨੂੰ ਖੁਆਜਾ ਮਰਦੂਦ ਕਿਹਾ ਹੈ। ਖੁਆਜਾ ਮਰਦੂਦ ਨੂੰ ਸੰਬੋਧਨ ਕਰ ਕੇ ਲਿਖਿਆ ਹੈ ਕਿ ਜੇਕਰ ਤੂੰ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਤੇਰਾ ਮੂੰਹ ਵੇਖ ਲੈਂਦਾ, ਤੂੰ ਮੇਰਾ ਮੂੰਹ ਵੇਖ ਲੈਂਦਾ, ਮੈਂ ਤੈਨੂੰ ਇਕ ਤੀਰ ਬਖ਼ਸ਼ ਦਿੰਦਾ ਤੇ ਤੇਰਾ ਜਨਮ-ਮਰਨ ਕੱਟ ਦਿੰਦਾ, ਪਰ ਤੂੰ ਕੰਧ ਉਹਲੇ ਹੋ ਕੇ ਕਾਇਰ ਬਣ ਕੇ ਜਾਨ ਬਚਾ ਗਿਆਂ। ਗੁਰੂ ਸਾਹਿਬ ਜੀ ਦੇ ਆਪਣੇ ਸ਼ਬਦ ‘ਜ਼ਫ਼ਰਨਾਮੇ’ ਵਿਚ ਇਹ ਹਨ:
ਕਿ ਆਂ ਖ੍ਵਾਜਹ ਮਰਦੂਦ ਜ਼ਿ ਸਾਯਹ ਦੀਵਾਰ॥
ਬ ਮੈਦਾਂ ਨਿਆਮਦ ਬ ਮਰਦਾਨਹ ਵਾਰ॥34॥
ਦਰੇਗਾ ਅਗਰ ਰੂਇ ਓ ਦੀਦਮੇ॥
ਬ ਯੱਕ ਤੀਰ ਲਾਚਾਰ ਬਖਸ਼ੀਦਮੇ॥35॥ (ਜ਼ਫ਼ਰਨਾਮਾ)
ਸੂਬਾ ਸਰਹਿੰਦ ਵਜ਼ੀਰ ਖ਼ਾਨ ਨੇ ਇੱਕੋ ਵਾਰ ਸ਼ਾਹੀ ਫੌਜ ਨੂੰ ਗੜ੍ਹੀ ਉੱਤੇ ਹਮਲਾ ਕਰਨ ਲਈ ਕਿਹਾ। ਗੁਰੂ ਸਾਹਿਬ ਜੀ ਨੇ ਮੁਗ਼ਲ ਫੌਜ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਜਥੇ ਗੜ੍ਹੀ ਤੋਂ ਬਾਹਰ ਵੈਰੀਆਂ ਨਾਲ ਲੜਨ ਲਈ ਭੇਜਣੇ ਸ਼ੁਰੂ ਕਰ ਦਿੱਤੇ। ਗੁਰੂ ਸਾਹਿਬ ਜੀ ਨੇ ਗੜ੍ਹੀ ਨੂੰ ਬਚਾਉਣ ਵਾਸਤੇ ਗੜ੍ਹੀ ਦੀ ਹਰ ਇਕ ਕੰਧ ਅੱਗੇ ਦੋ-ਦੋ ਸਿੰਘ ਖੜ੍ਹੇ ਕੀਤੇ ਹੋਏ ਸਨ। ਦੋ ਸਿੰਘ ਗੜ੍ਹੀ ਦੇ ਦਰਵਾਜ਼ੇ ਦੀ ਰਾਖੀ ਕਰ ਰਹੇ ਸਨ। ਗੁਰੂ ਸਾਹਿਬ ਆਪ ਗੜ੍ਹੀ ਦੀ ਉਪਰਲੀ ਛੱਤ ਉੱਤੇ ਦੋਵਾਂ ਸਾਹਿਬਜ਼ਾਦਿਆਂ ਸਮੇਤ ਬੈਠੇ ਸਨ। ਉੱਪਰੋਂ ਵੈਰੀ ਫੌਜ ਉੱਤੇ ਤੀਰ ਛੱਡ ਰਹੇ ਸਨ। ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਅੱਗੇ ਵਧ ਰਹੀ ਫੌਜ ਨੂੰ ਪਿਛਾਂਹ ਧੱਕ ਦਿੱਤਾ। ਯੁੱਧ ਦਾ ਮੈਦਾਨ ਭਖਿਆ ਹੋਇਆ ਸੀ। ਲੋਹੇ ’ਤੇ ਲੋਹਾ ਖੜਕ ਰਿਹਾ ਸੀ। ਹਜ਼ਾਰਾਂ ਜੁਆਨ ਲਹੂ-ਲੁਹਾਣ ਹੋ ਕੇ ਮੈਦਾਨ ਵਿਚ ਡਿੱਗ ਰਹੇ ਸਨ।
ਜਦੋਂ ਪੰਜ ਸਿੰਘਾਂ ਦਾ ਭੇਜਿਆ, ਜਥਾ ਵੈਰੀਆਂ ਨੂੰ ਪਾਰ ਬੁਲਾ ਕੇ ਸ਼ਹੀਦ ਹੋ ਗਿਆ। ਫਿਰ ਗੁਰੂ ਸਾਹਿਬ ਜੀ ਨੇ ਪੰਜ ਸਿੰਘਾਂ ਦਾ ਇਕ ਹੋਰ ਜਥਾ ਯੁੱਧ ਦੇ ਮੈਦਾਨ ਵਿਚ ਤੋਰਿਆ। ਉਹ ਪੰਜ ਸਿੰਘ ਵੀ ਅਨੇਕਾਂ ਵੈਰੀਆਂ ਨੂੰ ਲਤਾੜਦੇ ਹੋਏ ਸ਼ਹੀਦੀਆਂ ਪਾ ਗਏ। ਫਿਰ ਵਜ਼ੀਰ ਖ਼ਾਨ ਸੂਬਾ ਸਰਹਿੰਦ ਨੇ ਆਪਣੇ ਜਰਨੈਲਾਂ, ਫੌਜਦਾਰ ਹਦਾਇਤ ਖ਼ਾਨ, ਫੌਜਦਾਰ ਇਸਮਾਇਲ ਖ਼ਾਨ, ਫੌਜਦਾਰ ਖਲੀਲ ਖ਼ਾਨ, ਫੌਜਦਾਰ ਸੁਲਤਾਨ ਖ਼ਾਨ, ਫੌਜਦਾਰ ਫੌਲਾਦ ਖ਼ਾਨ, ਫੌਜਦਾਰ ਜਹਾਨ ਖ਼ਾਨ, ਫੌਜਦਾਰ ਭੂਰੇ ਖ਼ਾਨ ਅਤੇ ਫੌਜਦਾਰ ਅਸਮਾਨ ਖ਼ਾਨ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਇਕੱਠੇ ਹੋ ਕੇ ਗੜ੍ਹੀ ਉੱਤੇ ਜ਼ੋਰਦਾਰ ਹਮਲਾ ਕਰਨ। ਇਸ ਜ਼ੋਰਦਾਰ ਹਮਲੇ ਨੂੰ ਰੋਕਣਾ ਬਹੁਤ ਔਖਾ ਸੀ। ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ-ਸਤਿਗੁਰੂ ਜੀ! ਤੁਸੀਂ ਹੁਣ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ਤੋਂ ਬਾਹਰ ਚਲੇ ਜਾਓ। ਅਸੀਂ ਪਿੱਛੋਂ ਲੜਦੇ ਰਹਾਂਗੇ। ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ-ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ। ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਗੁਰੂ ਸਾਹਿਬ ਜੀ ਦਾ ਇਹ ਜੁਆਬ ਸੁਣ ਕੇ ਸਿੰਘ ਚੁੱਪ ਹੋ ਗਏ। ਇਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਪਿਤਾ ਜੀ ਤੋਂ ਯੁੱਧ ਵਿਚ ਜਾਣ ਦੀ ਆਗਿਆ ਮੰਗੀ। ਗੁਰੂ ਸਾਹਿਬ ਜੀ ਨੇ ਜ਼ੁਲਮ ਦਾ ਹੜ੍ਹ ਰੋਕਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੈਰੀਆਂ ਨਾਲ ਜੂਝਣ ਲਈ ਲੜਾਈ ਦੇ ਮੈਦਾਨ ਵਿਚ ਘੱਲਿਆ। ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਸ਼ਸਤਰਾਂ ਨਾਲ ਸਜਾ ਕੇ ਉਸ ਨੂੰ ਥਾਪੜਾ ਦੇ ਕੇ ਆਖ਼ਰੀ ਫ਼ਤਹਿ ਬੁਲਾਈ ਤੇ ਉਸ ਨੂੰ ਜੰਗ ਦੇ ਮੈਦਾਨ ਵੱਲ ਤੋਰਿਆ। ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿਚ ਜਾ ਕੇ ਵੈਰੀਆਂ ਨੂੰ ਲਲਕਾਰ ਕੇ ਕਿਹਾ-ਮੇਰੇ ਸਾਹਮਣੇ ਉਹ ਆਏ ਜਿਸ ਦੇ ਦਿਲ ਵਿਚ ਲੜਨ ਦੇ ਅਰਮਾਨ ਹਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜੋ ਸ਼ਬਦ ਜੰਗ ਦੇ ਮੈਦਾਨ ਵਿਚ ਆਖੇ ਉਨ੍ਹਾਂ ਸ਼ਬਦਾਂ ਨੂੰ ਮਿਰਜ਼ਾ ਮੁਹੰਮਦ ਅਬਦੁਲ ਗਨੀ ਨੇ ਆਪਣੇ ਕਿੱਸਾ ‘ਜ਼ੌਹਰਿ ਤੇਗ’ ਵਿਚ ਇਉਂ ਬਿਆਨ ਕੀਤਾ ਹੈ:
ਨਾਮ ਕਾ ਅਜੀਤ ਹੂ ਜੀਤਾ ਨਾ ਜਾਊਂਗਾ।
ਜੀਤਾ ਤੋਂ ਖ਼ੈਰ ਮੁੜ ਕੇ ਜੀਤਾ ਨ ਆਊਂਗਾ।
ਸਾਹਿਬਜ਼ਾਦਾ ਅਜੀਤ ਸਿੰਘ ਨੇ ਯੁੱਧ ਦੇ ਮੈਦਾਨ ਵਿਚ ਜਾ ਕੇ ਤਰਥੱਲੀ ਮਚਾ ਦਿੱਤੀ। ਸਾਹਿਬਜ਼ਾਦੇ ਨੇ ਤੀਰਾਂ ਨਾਲ ਵੈਰੀਆਂ ਦੀਆਂ ਛਾਤੀਆਂ ਵਿੰਨ੍ਹ ਦਿੱਤੀਆਂ। ਦਸਮੇਸ਼ ਜੀ ਗੜ੍ਹੀ ਉੱਪਰੋਂ ਸਾਹਿਬਜ਼ਾਦੇ ਨੂੰ ਲੜਦਿਆਂ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਦੇ ਭੱਥੇ ਵਿੱਚੋਂ ਤੀਰ ਮੁੱਕ ਗਏ ਫਿਰ ਉਸ ਨੇ ਨੇਜ਼ਾ ਵਾਹੁਣਾ ਸ਼ੁਰੂ ਕਰ ਦਿੱਤਾ। ਤੁਰਕ ਤੋਬਾ-ਤੋਬਾ ਕਰ ਕੇ ਭੱਜਣ ਲੱਗ ਪਏ। ਇਨ੍ਹਾਂ ਨਾਲ ਯੁੱਧ ਵਿਚ ਆਏ ਸਿੰਘਾਂ ’ਚ ਭਾਈ ਮੁਹਕਮ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਇਕ ਸਨ, ਨੇ ਦੁਸ਼ਮਣ ਦਲਾਂ ਨੂੰ ਚੀਰ ਕੇ ਰੱਖ ਦਿੱਤਾ। ਉਹ ਦੁਸ਼ਮਣ ਦਲਾਂ ਨੂੰ ਧੂਹ ਕੇ ਦੂਰ ਤਕ ਲੈ ਗਏ। ਬਾਕੀ ਸਿੰਘ ਵੈਰੀਆਂ ਨਾਲ ਜੂਝਦੇ ਸ਼ਹੀਦ ਹੋ ਗਏ ਸਨ। ਜਦੋਂ ਸਾਹਿਬਜ਼ਾਦਾ ਯੁੱਧ ਲੜ ਰਿਹਾ ਸੀ ਉਸ ਸਮੇਂ ਉਸ ਨੇ ਇਕ ਮੁਗ਼ਲ ਸਿਪਾਹੀ ਦੇ ਜ਼ੋਰ ਨਾਲ ਨੇਜ਼ਾ ਮਾਰਿਆ। ਉਸ ਮੁਗ਼ਲ ਸਿਪਾਹੀ ਨੇ ਲੋਹੇ ਦੀ ਵਰਦੀ (ਸੰਜੋਅ) ਪਾਈ ਹੋਈ ਸੀ। ਸਾਹਿਬਜ਼ਾਦੇ ਦਾ ਨੇਜ਼ਾ ਉਸ ਸਿਪਾਹੀ ਦੀ ਸੰਜੋਅ ਵਿਚ ਖੁੱਭ ਗਿਆ। ਨੇਜ਼ੇ ਦੀ ਅਣੀ ਟੁੱਟ ਗਈ। ਇਕ ਮੁਗ਼ਲ ਦੇ ਨੇਜ਼ੇ ਨਾਲ ਉਨ੍ਹਾਂ ਦਾ ਘੋੜਾ ਜ਼ਖ਼ਮੀ ਹੋ ਗਿਆ, ਫਿਰ ਆਪ ਪੈਦਲ ਹੋ ਗਏ। ਨੇਜ਼ਾ ਟੁੱਟ ਜਾਣ ’ਤੇ ਉਨ੍ਹਾਂ ਨੇ ਤਲਵਾਰ ਧੂਹ ਲਈ ਤੇ ਤਲਵਾਰ ਨਾਲ ਵੈਰੀਆਂ ਉੱਤੇ ਵਾਰ ਕਰਨ ਲੱਗ ਪਏ। ਇੱਕੋ ਵਾਰ ਵੈਰੀ ਇਕੱਠੇ ਹੋ ਕੇ ਆਪ ਉੱਤੇ ਟੁੱਟ ਕੇ ਪੈ ਗਏ। ਆਪ ਜੀ ਵੈਰੀਆਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਦੀ ਸ਼ਹੀਦੀ ਨੂੰ ਅੱਖੀਂ ਵੇਖਿਆ। ਉਨ੍ਹਾਂ ਨੇ ਪੁੱਤਰ ਦੇ ਸ਼ਹੀਦ ਹੋਣ ਉੱਤੇ ਜੈਕਾਰਾ ਛੱਡਿਆ। ਆਪ ਜੀ ਦੀ ਸ਼ਹੀਦੀ ਸੂਰਜ ਛਿਪਣ ਤੋਂ ਕੁਝ ਸਮਾਂ ਪਹਿਲਾਂ ਲੌਢੇ ਵੇਲੇ ਹੋਈ ਸੀ।
ਆਪਣੇ ਭਰਾ ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਬਾਬਾ ਜੁਝਾਰ ਸਿੰਘ ਜੀ ਨੇ ਕਲਗੀਧਰ ਪਿਤਾ ਤੋਂ ਯੁੱਧ ਵਿਚ ਜਾਣ ਦੀ ਆਗਿਆ ਮੰਗੀ। ਕਲਗੀਧਰ ਪਾਤਸ਼ਾਹ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਸਤਰ ਪਹਿਨਾਏ। ਸੀਸ ਉੱਤੇ ਕਲਗੀ ਸਜਾਈ। ਅਸ਼ੀਰਵਾਦ ਦੇ ਕੇ ਕਿਹਾ-ਬੇਟਾ, ਜੰਗ ਵਿਚ ਜਾਉ। ਦੁਸ਼ਟਾਂ ਨੂੰ ਸੋਧ ਕੇ ਧਰਮ ਯੁੱਧ ਵਿਚ ਲੜ ਕੇ ਸ਼ਹੀਦ ਹੋਵੋ। ਆਪ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਖ਼ਰੀ ਫ਼ਤਹਿ ਬੁਲਾ ਕੇ ਪੰਜ ਸਿੰਘਾਂ ਨਾਲ ਜੰਗ ਦੇ ਮੈਦਾਨ ਵਿਚ ਭੇਜਿਆ। ਪੰਜ ਸਿੰਘਾਂ ਵਿੱਚੋਂ ਦੋ ਸਿੰਘ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਸਨ। ਸਾਹਿਬਜ਼ਾਦਾ ਜੁਝਾਰ ਸਿੰਘ ਦੇ ਯੁੱਧ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਫਿਰ ਭਖ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਯੁੱਧ ਦੇ ਮੈਦਾਨ ਵਿਚ ਜਾ ਕੇ ਤੁਰਕਾਂ ਨੂੰ ਲਲਕਾਰਾ ਮਾਰਿਆ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਜੋਸ਼ ਵਿਚ ਆ ਕੇ ਤਲਵਾਰ ਨਾਲ ਤੁਰਕਾਂ ਦੇ ਟੋਟੇ ਕਰ ਕੇ ਰੱਖ ਦਿੱਤੇ। ਸਾਹਿਬਜ਼ਾਦੇ ਨਾਲ ਆਏ ਪੰਜ ਸਿੰਘ ਵੈਰੀਆਂ ਉੱਤੇ ਬਾਜਾਂ ਵਾਂਗ ਝਪਟੇ। ਸਿੰਘਾਂ ਨੇ ਤੇਗਾਂ ਨਾਲ ਵੈਰੀਆਂ ਦੇ ਸੱਥਰ ਲਾਹ ਦਿੱਤੇ। ਆਖ਼ਰ ਸਾਹਿਬਜ਼ਾਦੇ ਨਾਲ ਆਏ ਸਿੰਘ ਤੁਰਕਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਗੁਰੂ ਸਾਹਿਬ ਜੀ ਗੜ੍ਹੀ ਉੱਪਰੋਂ ਵੈਰੀ ਦਲਾਂ ਉੱਤੇ ਤੀਰ ਛੱਡ ਰਹੇ ਸਨ। ਸਾਹਿਬਜ਼ਾਦਾ ਤੀਰਾਂ ਦੀ ਓਟ ਵਿਚ ਅੱਗੇ ਵਧ ਰਿਹਾ ਸੀ। ਗੁਰੂ ਸਾਹਿਬ ਜੀ ਆਪਣੇ ਪੁੱਤਰ ਨੂੰ ਲੜਦੇ ਹੋਏ ਅੱਖੀਂ ਵੇਖ ਰਹੇ ਸਨ। ਸਾਹਿਬਜ਼ਾਦਾ ਵੀ ਦੁਸ਼ਮਣਾਂ ਦੇ ਦਲਾਂ ਨਾਲ ਜੂਝਦਾ ਹੋਇਆ ਸ਼ਹੀਦ ਹੋ ਗਿਆ। ਇਸ ਸਮੇਂ ਸੂਰਜ ਛਿਪ ਗਿਆ ਸੀ। ਗੁਰੂ ਸਾਹਿਬ ਜੀ ਨੇ ਆਪਣੇ ਬੇਟੇ ਦੇ ਸ਼ਹੀਦ ਹੋਣ ’ਤੇ ਜੈਕਾਰਾ ਛੱਡਿਆ। ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰ ਕੀਤਾ।
ਰਾਤ ਪੈ ਜਾਣ ’ਤੇ ਯੁੱਧ ਬੰਦ ਹੋ ਗਿਆ। ਗੁਰੂ ਸਾਹਿਬ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਫਿਰ ਅਰਦਾਸ ਹੋਈ। ਗੁਰੂ ਸਾਹਿਬ ਜੀ ਨੇ ਗੜ੍ਹੀ ਵਿਚ ਬਾਕੀ ਸਿੰਘਾਂ ਨੂੰ ਕਿਹਾ-ਸਾਡੇ ਕੋਲ ਸ਼ਹੀਦ ਹੋਣ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਹੈ। ਸਾਡੇ ਲਹੂ ਦਾ ਯੁੱਧ ਵਿਚ ਡੁਲ੍ਹਿਆ ਇਕ ਵੀ ਤੁਪਕਾ ਫ਼ਜ਼ੂਲ ਨਹੀਂ ਜਾਵੇਗਾ। ਜਦੋਂ ਤਕ ਧਰਤੀ ’ਤੇ ਅਸਮਾਨ ਰਹੇਗਾ, ਵੈਰੀਆਂ ਕੋਲੋਂ ਸਾਡਾ ਖੂਨ ਹਿਸਾਬ ਮੰਗਦਾ ਰਹੇਗਾ। ਗੁਰੂ ਸਾਹਿਬ ਨੇ ਸਿੰਘਾਂ ਨੂੰ ਕਿਹਾ ਕਿ ਸਵੇਰੇ ਮੈਂ ਜਥਾ ਲੈ ਕੇ ਯੁੱਧ ਦੇ ਮੈਦਾਨ ਵਿਚ ਜਾਵਾਂਗਾ। ਮੈਂ ਵੈਰੀਆਂ ਨਾਲ ਜੂਝ ਕੇ ਸ਼ਹੀਦ ਹੋਵਾਂਗਾ। ਗੁਰੂ ਸਾਹਿਬ ਜੀ ਦੇ ਇਸ ਫ਼ੈਸਲੇ ਉੱਤੇ ਸਿੰਘ ਫ਼ਿਕਰ ਕਰਨ ਲੱਗ ਪਏ। ਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ-ਇਸ ਬਿਪਤਾ ਸਮੇਂ ਤੁਹਾਡੀ ਸ਼ਹੀਦੀ ਖਾਲਸਾ ਪੰਥ ਨੂੰ ਘੋਰ ਸੰਕਟ ਵਿਚ ਪਾ ਦੇਵੇਗੀ। ਇਸ ਸਮੇਂ ਰਾਤ ਪੈ ਗਈ ਸੀ। ਗੜ੍ਹੀ ਵਿਚ ਕੇਵਲ ਅੱਠ ਸਿੰਘ ਅਤੇ ਗੁਰੂ ਸਾਹਿਬ ਰਹਿ ਗਏ ਸਨ। ਗੁਰੂ ਸਾਹਿਬ ਜੀ ਆਪਣੇ ਫ਼ੈਸਲੇ ਉੱਤੇ ਡਟੇ ਹੋਏ ਸਨ। ਸਤਿਗੁਰੂ ਜੀ ਅਨੇਕਾਂ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋਣਾ ਚਾਹੁੰਦੇ ਸਨ। ਸਿੰਘਾਂ ਨੇ ਗੁਰਮਤਾ ਕੀਤਾ। ਪੰਜ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਹਜ਼ੂਰ ਤੁਸੀਂ ਕਹਿੰਦੇ ਸੀ ਕਿ ਮੈਂ ਪੰਥ ਦਾ ਹੁਕਮ ਮੰਨਾਂਗਾ। ਹੁਣ ਖਾਲਸਾ ਪੰਥ ਦੇ ਹੁਕਮ ਨੂੰ ਮੰਨਣ ਦਾ ਵੇਲਾ ਹੈ। ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ ਪੰਜ ਪਿਆਰਿਆਂ ਦੀ ਅਗਵਾਈ ਕਰ ਰਹੇ ਸਨ, ਨੇ ਆਪ ਜੀ ਨੂੰ ਕਿਹਾ ਕਿ ਸੱਚੇ ਪਾਤਸ਼ਾਹ! ਖਾਲਸਾ ਪੰਥ ਦਾ ਹੁਕਮ ਹੈ ਕਿ ਆਪ ਜੀ ਗੜ੍ਹੀ ਨੂੰ ਛੱਡ ਕੇ ਚਮਕੌਰ ਤੋਂ ਬਾਹਰ ਕਿਸੇ ਸੁਰੱਖਿਅਤ ਟਿਕਾਣੇ ’ਤੇ ਚਲੇ ਜਾਓ ਕਿਉਂਕਿ ਤੁਸੀਂ ਹੋਰ ਬਹੁਤ ਸਾਰੇ ਕੰਮ ਕਰਨੇ ਹਨ ਜੋ ਅਜੇ ਬਾਕੀ ਹਨ। ਇਸ ਸਮੇਂ ਤੁਹਾਡੀ ਸ਼ਹੀਦੀ ਨਾਲ ਪੰਥ ਦੇ ਹੋਰ ਕਈ ਕੰਮ ਜੋ ਅਜੇ ਹੋਣੇ ਹਨ, ਰਹਿ ਜਾਣਗੇ। ਗੁਰੂ ਸਾਹਿਬ ਜੀ ਨੇ ਪੰਥ ਦਾ ਹੁਕਮ ਮੰਨ ਲਿਆ ਤੇ ਕਿਹਾ ਕਿ ਮੈਂ ਪੰਥ ਦਾ ਹੁਕਮ ਮੰਨ ਕੇ, ਗੜ੍ਹੀ ਛੱਡ ਕੇ ਬਾਹਰ ਚਲਾ ਜਾਵਾਂਗਾ ਪਰ ਮੈਂ ਲੁਕ-ਛਿਪ ਕੇ ਨਹੀਂ ਜਾਵਾਂਗਾ। ਮੈਂ ਦੁਸ਼ਮਣ ਦਲਾਂ ਨੂੰ ਲਲਕਾਰ ਕੇ ਬਾਹਰ ਜਾਵਾਂਗਾ। ਪੰਜਾਂ ਪਿਆਰਿਆਂ ਨੇ ਇਹ ਵੀ ਫ਼ੈਸਲਾ ਕੀਤਾ ਕਿ ਗੁਰੂ ਸਾਹਿਬ ਜੀ ਨਾਲ ਤਿੰਨ ਸਿੰਘ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਬਾਹਰ ਜਾਣਗੇ। ਖਾਲਸਾ ਪੰਥ ਦਾ ਸਭ ਤੋਂ ਪਹਿਲਾ ਗੁਰਮਤਾ ਚਮਕੌਰ ਸਾਹਿਬ ਦੀ ਗੜ੍ਹੀ ਵਿਚ ਹੋਇਆ ਸੀ। ਇਸ ਗੁਰਮਤੇ ਰਾਹੀਂ ਗੁਰੂ ਸਾਹਿਬ ਜੀ ਨੂੰ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡ ਕੇ ਬਾਹਰ ਜਾਣ ਲਈ ਕਿਹਾ ਗਿਆ ਸੀ।
ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁਕੇ ਸਨ। ਮੁਗ਼ਲ ਫੌਜਾਂ ਨੂੰ ਪੱਕਾ ਨਿਸ਼ਚਾ ਸੀ ਕਿ ਉਹ ਦਿਨ ਚੜ੍ਹਨ ਵੇਲੇ ਗੁਰੂ ਸਾਹਿਬ ਜੀ ਨੂੰ ਜਿਊਂਦਿਆਂ ਫੜ ਲੈਣਗੇ ਪਰ ਇਹ ਉਨ੍ਹਾਂ ਦਾ ਭੁਲੇਖਾ ਸੀ। ਗੁਰੂ ਸਾਹਿਬ ਜੀ ਵੈਰੀ ਫੌਜਾਂ ਨੂੰ ਭੁਲੇਖਾ ਪਾ ਕੇ ਬਾਹਰ ਜਾਣਾ ਚਾਹੁੰਦੇ ਸਨ। ਭਾਈ ਸੰਗਤ ਸਿੰਘ ਜੀ ਦਾ ਮੁਹਾਂਦਰਾ ਗੁਰੂ ਸਾਹਿਬ ਜੀ ਨਾਲ ਮਿਲਦਾ ਸੀ। ਗੁਰੂ ਸਾਹਿਬ ਜੀ ਨੇ ਗੁਰੂ ਪੰਥ ਦੇ ਹੁਕਮ ਨਾਲ ਆਪਣੀ ਕਲਗ਼ੀ ਲਾਹ ਕੇ ਭਾਈ ਸੰਗਤ ਸਿੰਘ ਦੇ ਸੀਸ ਉੱਤੇ ਸਜਾ ਦਿੱਤੀ ਤਾਂ ਕਿ ਦੁਸ਼ਮਣ ਫੌਜਾਂ ਨੂੰ ਜਾਪੇ ਕਿ ਗੁਰੂ ਸਾਹਿਬ ਜੀ ਅਜੇ ਗੜ੍ਹੀ ਅੰਦਰ ਹੀ ਹਨ।
ਗੁਰੂ ਸਾਹਿਬ ਜੀ ਨੇ ਤਿੰਨਾਂ ਸਿੰਘਾਂ ਨੂੰ ਸਮਝਾ ਦਿੱਤਾ ਸੀ ਕਿ ਉਨ੍ਹਾਂ ਨੇ ਰਾਤ ਸਮੇਂ ਧਰੂ ਤਾਰੇ ਦੀ ਸੇਧ ਰੱਖ ਕੇ ਮਾਛੀਵਾੜੇ ਵੱਲ ਜਾਣਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਬਾਹਰ ਜਾਣ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਸਿੰਘਾਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਗੁਪਤ ਦਰਵਾਜ਼ੇ ਰਾਹੀਂ ਗੜ੍ਹੀ ਤੋਂ ਬਾਹਰ ਭੇਜ ਦਿੱਤਾ। ਇਹ ਕਿਹੋ ਜਿਹੀ ਅਜੀਬ ਰਾਤ ਹੋਣੀ ਹੈ ਕਿ ਇਸ ਰਾਤ ਤੋਂ ਬਾਅਦ ਗੜ੍ਹੀ ਅੰਦਰ ਰਹੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਅਤੇ ਗੁਰੂ ਸਾਹਿਬ ਨੇ ਗੜ੍ਹੀ ਅੰਦਰ ਰਹੇ ਸਿੰਘਾਂ ਨੂੰ ਨਹੀਂ ਮਿਲਣਾ ਸੀ।
ਗੁਰੂ ਸਾਹਿਬ ਜੀ ਰਾਤ ਦੇ ਹਨੇਰੇ ਵਿਚ ਗੜ੍ਹੀ ਦੀ ਕੰਧ ਤੋਂ ਛਾਲ ਮਾਰ ਕੇ ਹੇਠਾਂ ਉਤਰੇ। ਮੈਦਾਨ ਵਿਚ ਆ ਕੇ ਉੱਚੇ ਟਿੱਬੇ ਉੱਤੇ ਖਲੋ ਕੇ ਜ਼ੋਰ ਨਾਲ ਆਵਾਜ਼ ਮਾਰੀ- ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕੋਈ ਸੂਰਮਾ ਫੜ ਕੇ ਵਿਖਾਵੇ। ਸਭ ਪਾਸੇ ਸ਼ੋਰ ਮੱਚ ਗਿਆ। ਆਵਾਜ਼ ਸੁਣ ਕੇ ਵੈਰੀ ਫੌਜ ਦੇ ਬੰਦੇ ਚੌਕਸ ਹੋ ਗਏ। ਮਸ਼ਾਲਚੀ ਨੇ ਮਸ਼ਾਲ ਜਗਾਈ ਤਾਂ ਕਿ ਰਾਤ ਦੇ ਘੁੱਪ ਹਨੇਰੇ ਵਿਚ ਪਛਾਣਿਆ ਜਾ ਸਕੇ ਕਿ ਜਿਧਰੋਂ ਆਵਾਜ਼ ਆਈ ਹੈ, ਉਹ ਕੌਣ ਹੈ? ਗੁਰੂ ਸਾਹਿਬ ਜੀ ਨੇ ਮਸ਼ਾਲਚੀ ਦੀ ਹਥੇਲੀ ਦੀ ਸੇਧ ਰੱਖ ਕੇ ਤੀਰ ਛੱਡਿਆ। ਮਸ਼ਾਲਚੀ ਦੇ ਹੱਥੋਂ ਮਸ਼ਾਲ ਡਿੱਗ ਪਈ ਤੇ ਬੁੱਝ ਗਈ। ਮਸ਼ਾਲਚੀ ਖੂਨ ਨਾਲ ਲੱਥਪੱਥ ਹੋ ਕੇ ਭੁੰਞੇ ਡਿੱਗ ਪਿਆ ਅਤੇ ਉਹ ਥਾਂ ’ਤੇ ਹੀ ਮਾਰਿਆ ਗਿਆ। ਗੁਰੂ ਸਾਹਿਬ ਜੀ ਨੇ ਜਿਸ ਥਾਂ ’ਤੇ ਖਲੋ ਕੇ ਆਵਾਜ਼ ਮਾਰੀ ਸੀ, ਆਪ ਜੀ ਉਹ ਥਾਂ ਛੱਡ ਕੇ ਦੂਜੀ ਦਿਸ਼ਾ ਵੱਲ ਨਿਕਲ ਗਏ। ਰਾਤ ਦਾ ਘੁੱਪ ਹਨੇਰਾ ਸੀ। ਵੈਰੀ ਫੌਜ ਦੇ ਬੰਦੇ ਜਿਧਰੋਂ ਆਵਾਜ਼ ਆਈ ਸੀ, ਉਧਰ ਨੂੰ ਭੱਜੇ। ਉਸ ਪਾਸੇ ਹਨੇਰੇ ਵਿਚ ਵੈਰੀ ਫੌਜ ਦੇ ਸਿਪਾਹੀ ਆਪਸ ਵਿਚ ਲੜ ਮਰੇ। ਫਿਰ ਗੁਰੂ ਸਾਹਿਬ ਨੇ ਦੂਜੀ ਵਾਰ ਆਵਾਜ਼ ਦਿੱਤੀ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕੋਈ ਸੂਰਮਾ ਫੜ ਕੇ ਵਿਖਾਏ। ਵੈਰੀ ਫੌਜ ਦੇ ਸਿਪਾਹੀ ਜਿਧਰੋਂ ਆਵਾਜ਼ ਆਈ ਸੀ, ਉਸ ਪਾਸੇ ਨੂੰ ਭੱਜੇ। ਭਗਦੜ ਮੱਚ ਗਈ। ਹਨੇਰੇ ਵਿਚ ਆਪਸ ਵਿਚ ਕਟਾਵੱਢੀ ਸ਼ੁਰੂ ਹੋ ਗਈ। ਗੁਰੂ ਸਾਹਿਬ ਜੀ ਪਹਿਲਾਂ ਵਾਂਗ ਹੀ ਆਪਣੀ ਥਾਂ ਛੱਡ ਕੇ ਤੀਜੀ ਦਿਸ਼ਾ ਵੱਲ ਨੂੰ ਨਿਕਲ ਗਏ। ਫਿਰ ਦੁਬਾਰਾ ਗੁਰੂ ਸਾਹਿਬ ਜੀ ਨੇ ਪਹਿਲਾਂ ਵਾਂਗ ਆਵਾਜ਼ ਮਾਰੀ, ਆਪਣੀ ਥਾਂ ਛੱਡ ਕੇ, ਤਾੜੀ ਮਾਰ ਕੇ ਦੁਸ਼ਮਣਾਂ ਨੂੰ ਭੁਲੇਖੇ ਵਿਚ ਪਾ ਕੇ ਚੌਥੀ ਦਿਸ਼ਾ ਵੱਲ ਮੁਗ਼ਲ ਫੌਜਾਂ ਵਿੱਚੋਂ ਸਾਫ਼ ਬਚ ਕੇ ਨਿਕਲ ਗਏ। ਜਿਧਰੋਂ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰੀ ਸੀ, ਵੈਰੀ ਫੌਜ ਦੇ ਸਿਪਾਹੀ ਉਸ ਪਾਸੇ ਵੱਲ ਨੂੰ ਵਧੇ। ਰਾਤ ਦੇ ਹਨੇਰੇ ਵਿਚ ਉਹ ਆਪਸ ਵਿਚ ਲੜ ਮਰੇ। ਦਿਨ ਚੜ੍ਹਦੇ ਨਾਲ ਜਦੋਂ ਉਨ੍ਹਾਂ ਨੇ ਵੇਖਿਆ ਮਰੇ ਹੋਏ ਸਭ ਬੰਦੇ ਉਨ੍ਹਾਂ ਦੇ ਸਨ। ਗੁਰੂ ਸਾਹਿਬ ਜੀ ਜਿਸ ਟਿੱਬੇ ਉੱਤੇ ਖਲੋ ਕੇ ਤਾੜੀ ਮਾਰ ਕੇ, ਵੈਰੀ ਫੌਜਾਂ ਦੇ ਘੇਰੇ ਵਿੱਚੋਂ ਨਿਕਲੇ ਸਨ, ਉਥੇ ਹੁਣ ‘ਗੁਰਦੁਆਰਾ ਤਾੜੀ ਸਾਹਿਬ’ ਸੁਸ਼ੋਭਿਤ ਹੈ। ਇਹ ਗੁਰਦੁਆਰਾ ਚਮਕੌਰ ਸਾਹਿਬ ਤੋਂ ਬਾਹਰਵਾਰ ਉੱਤਰ-ਪੱਛਮ ਵੱਲ ਹੈ।
ਗੁਰੂ ਸਾਹਿਬ ਜੀ ਦਾ ਦੁਸ਼ਮਣਾਂ ਦੇ ਦਲਾਂ ਨੂੰ ਭੁਲੇਖੇ ਵਿਚ ਪਾ ਕੇ ਦੂਰੋਂ ਤੀਰ ਛੱਡ ਕੇ, ਮਸ਼ਾਲਚੀ ਦੀ ਮਸ਼ਾਲ ਬੁਝਾ ਕੇ, ਉਸ ਨੂੰ ਚਿਤ ਕਰ ਕੇ, ਤੁਰਕਾਂ ਨੂੰ ਤੀਰਾਂ ਨਾਲ ਸੋਧ ਕੇ, ਲਲਕਾਰ ਕੇ ਮਾਛੀਵਾੜੇ ਦੇ ਜੰਗਲ ਵਿਚ ਪੁੱਜ ਜਾਣਾ, ਯੁੱਧ ਕਲਾ ਤੇ ਨਿਰਭੈਤਾ ਦਾ ਕਮਾਲ ਹੈ। ਇਤਿਹਾਸ ਦਾ ਇਹ ਇਕ ਅਦੁੱਤੀ ਕਾਂਡ ਹੈ। ਗੁਰੂ ਸਾਹਿਬ ਜੀ ਦੇ ਤਿੰਨ ਸਾਥੀ ਸਿੰਘਾਂ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦਾ ਉਨ੍ਹਾਂ ਨੂੰ ਮਾਛੀਵਾੜੇ ਦੇ ਜੰਗਲ ਵਿਚ ਜਾ ਮਿਲਣਾ ਸੂਰਬੀਰਤਾ ਦੀ ਅਨੋਖੀ ਗਾਥਾ ਹੈ। ਗੜ੍ਹੀ ਵਿਚ ਪਿੱਛੋਂ ਟਿਕੇ ਹੋਏ ਸਿੰਘਾਂ ਦਾ ਅਗਲੇ ਦਿਨ ਦੁਸ਼ਮਣਾਂ ਦੇ ਦਲਾਂ ਨਾਲ ਜੂਝ ਕੇ ਸ਼ਹੀਦ ਹੋ ਜਾਣਾ, ਤੁਰਕਾਂ ਦੇ ਕਾਬੂ ਨਾ ਆਉਣਾ, ਸਿੱਖੀ ਸਿਦਕ ਦਾ ਸਿਖ਼ਰ ਹੈ। ਜਿਸ ਫੌਜ ਦਾ ਜਰਨੈਲ ਯੁੱਧ ਦਾ ਘੇਰਾ ਤੋੜ ਕੇ ਬਚ ਕੇ ਨਿਕਲ ਜਾਵੇ, ਉਹ ਫੌਜ ਜਿੱਤੀ ਹੋਈ ਸਮਝੀ ਜਾਂਦੀ ਹੈ। ਗੁਰੂ ਸਾਹਿਬ ਜੀ ਮੁਗ਼ਲ ਫੌਜਾਂ ਦਾ ਘੇਰਾ ਤੋੜ ਕੇ ਨਿਕਲ ਗਏ ਸਨ। ਚਮਕੌਰ ਸਾਹਿਬ ਦੇ ਯੁੱਧ ਵਿਚ ਖਾਲਸੇ ਦੀ ਜਿੱਤ ਹੋਈ ਸੀ।
ਪਿੱਛੇ ਗੜ੍ਹੀ ਅੰਦਰ ਕੇਵਲ ਪੰਜ ਸਿੰਘ ਰਹਿ ਗਏ ਸਨ। ਵੈਰੀ ਫੌਜ ਨੂੰ ਪੱਕਾ ਨਿਸ਼ਚਾ ਸੀ ਕਿ ਉਹ ਦਿਨ ਚੜ੍ਹਨ ਨਾਲ ਗੁਰੂ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲੈਣਗੇ ਪਰ ਇਹ ਉਨ੍ਹਾਂ ਦਾ ਭੁਲੇਖਾ ਸੀ। ਅਗਲੀ ਸਵੇਰ ਦਿਨ ਚੜ੍ਹਦਿਆਂ ਹੀ ਗੜ੍ਹੀ ਅੰਦਰਲੇ ਸਿੰਘਾਂ ਨੇ ਉੱਚੀ ਆਵਾਜ਼ ਨਾਲ ਅਕਾਲ-ਅਕਾਲ ਦੇ ਜੈਕਾਰੇ ਗੁੰਜਾਏ ਤੇ ਤਲਵਾਰਾਂ ਸੂਤ ਕੇ ਗੜ੍ਹੀ ਦੀਆਂ ਕੰਧਾਂ ਉੱਤੇ ਖੜ੍ਹੇ ਹੋ ਗਏ। ਵੈਰੀ ਦਲ ਦੇ ਸਿਪਾਹੀ ਵਾਹੋ-ਦਾਹੀ ਭੱਜੇ ਆ ਰਹੇ ਸਨ। ਜਿਹੜਾ ਵੀ ਗੜ੍ਹੀ ਦੀਆਂ ਕੰਧਾਂ ਉੱਤੇ ਚੜ੍ਹਦਾ, ਉਸ ਦਾ ਸਿਰ ਲਾਹ ਕੇ ਹੇਠਾਂ ਸੁੱਟ ਦਿੰਦੇ। ਸਿੰਘਾਂ ਨੇ ਗੜ੍ਹੀ ਦਾ ਬੂਹਾ ਖੋਲ੍ਹ ਦਿੱਤਾ ਤੇ ਵੈਰੀਆਂ ਨੂੰ ਤਲਵਾਰਾਂ ਨਾਲ ਪਾਰ ਬੁਲਾਉਂਦੇ ਰਹੇ। ਸਿੰਘਾਂ ਨੇ ਆਖ਼ਰੀ ਸਮੇਂ ਜੋ ਬਹਾਦਰੀ ਤੇ ਦਲੇਰੀ ਵਿਖਾਈ ਉਸ ਨੇ ਸੰਸਾਰ ਦੇ ਕਈ ਮਹਾਨ ਯੋਧਿਆਂ ਨੂੰ ਮਾਤ ਕਰ ਦਿੱਤਾ। ਬਹੁਤ ਤੁਰਕਾਂ ਨੂੰ ਮਾਰ ਕੇ ਸਿੰਘ ਸ਼ਹੀਦ ਹੋ ਗਏ।
ਭਾਈ ਸੰਗਤ ਸਿੰਘ ਜੀ ਵੈਰੀਆਂ ਨਾਲ ਲੜਦੇ ਸ਼ਹੀਦ ਹੋ ਗਏ। ਤੁਰਕਾਂ ਨੇ ਭਾਈ ਸੰਗਤ ਸਿੰਘ ਜੀ ਦਾ ਸੀਸ ਕੱਟ ਲਿਆ। ਪੂਰਾ ਇਕ ਦਿਨ ਮੁਗ਼ਲ ਫੌਜਦਾਰ ਇਕ ਦੂਜੇ ਨੂੰ ਵਧਾਈਆਂ ਦਿੰਦੇ ਰਹੇ ਕਿ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਹੈ। ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਨੇ ਸਾਰੇ ਮਾਮਲੇ ਦੀ ਪੜਤਾਲ ਕਰਵਾਈ। ਕਿਸੇ ਮੁਹਤਬਰ ਬੰਦੇ ਨੇ ਭਾਈ ਸੰਗਤ ਸਿੰਘ ਜੀ ਦੇ ਸੀਸ ਨੂੰ ਪਛਾਣ ਕੇ ਦੱਸਿਆ, ਇਹ ਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ। ਇਹ ਕੋਈ ਉਨ੍ਹਾਂ ਦਾ ਸਿੰਘ ਹੈ। ਮੁਗ਼ਲਾਂ ਨੂੰ ਅਸਲ ਗੱਲ ਦਾ ਪਤਾ ਕੁਝ ਦਿਨਾਂ ਮਗਰੋਂ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਪੁਸ਼ਾਕ ਆਪਣੇ ਇਕ ਸਿੰਘ ਜਿਸ ਦੀ ਸ਼ਕਲ ਉਨ੍ਹਾਂ ਨਾਲ ਮਿਲਦੀ ਸੀ, ਨੂੰ ਪਹਿਨਾ ਕੇ ਆਪ ਗੜ੍ਹੀ ਵਿੱਚੋਂ ਕਿਧਰੇ ਬਾਹਰ ਚਲੇ ਗਏ ਸਨ। ਗੁਰੂ ਸਾਹਿਬ ਜੀ ਦਾ ਚਮਕੌਰ ਦੀ ਗੜ੍ਹੀ ਵਿੱਚੋਂ ਬਚ ਕੇ ਬਾਹਰ ਨਿਕਲ ਜਾਣ ’ਤੇ ਮੁਗ਼ਲ ਫੌਜਾਂ ਸ਼ਰਮਸਾਰ ਤੇ ਨਿਰਾਸ਼ ਹੋ ਗਈਆਂ। ਮੁਗ਼ਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਇਕੱਠਿਆਂ ਹੋ ਕੇ ਲਗਭਗ ਅੱਠ ਮਹੀਨਿਆਂ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਰੱਖਿਆ ਸੀ। ਪਰ ਮੁਗ਼ਲ ਫੌਜਾਂ ਗੁਰੂ ਸਾਹਿਬ ਜੀ ਨੂੰ ਫੜ ਨਾ ਸਕੀਆਂ। ਮੁਗ਼ਲ ਸਰਕਾਰ ਦੇ ਵੱਕਾਰ ਨੂੰ ਭਾਰੀ ਸੱਟ ਵੱਜੀ ਸੀ।
ਲੇਖਕ ਬਾਰੇ
ਮਕਾਨ ਨੰ: 67, ਸੈਕਟਰ 9, ਖਰੜ ਪੰਜਾਬ
- ਗਿਆਨੀ ਜਸਮੇਰ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%9c%e0%a8%b8%e0%a8%ae%e0%a9%87%e0%a8%b0-%e0%a8%b8%e0%a8%bf%e0%a9%b0%e0%a8%98/October 1, 2008