editor@sikharchives.org

ਚਿੰਤਾ ਛਡਿ ਅਚਿੰਤੁ ਰਹੁ

ਚਿੰਤਾ ਇਕ ਐਸੀ ਡਾਇਣ ਹੈ ਜੋ ਆਪਣੇ ਸ਼ਿਕਾਰ (ਮਨੁੱਖ) ਨੂੰ ਕਦੇ ਕਿਸੇ ਨਾਲ ਲੜਾ ਕੇ ਕਤਲ ਕਰਾ ਦਿੰਦੀ ਹੈ, ਕਦੇ ਕਿਸੇ ਨੂੰ ਕਾਤਲ ਬਣਾ ਕੇ ਜੇਲ੍ਹ ਭੇਜ ਦਿੰਦੀ ਹੈ, ਇਥੋਂ ਤਕ ਕਿ ਕਈਆਂ ਨੂੰ ਨਸ਼ਿਆਂ ਤੇ ਕਈਆਂ ਨੂੰ ਖੁਦਕੁਸ਼ੀ ਕਰਨ ਦੇ ਪੰਧ ਉੱਪਰ ਤੋਰ ਦਿੰਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਚਿੰਤਾ ਨੂੰ ਅੰਗਰੇਜ਼ੀ ਵਿਚ ਟੈਨਸ਼ਨ ਅਤੇ ਹਿੰਦੀ ਵਿਚ ਤਨਾਵ ਕਿਹਾ ਜਾਂਦਾ ਹੈ। ਆਸ਼ਾ ਵਾਂਗ ਚਿੰਤਾ ਵੀ ਮਨੁੱਖੀ ਮਨ ਦਾ ਅਟੁੱਟ ਅੰਗ ਹੈ। ਇਥੋਂ ਤਕ ਕਿ ਮਨੁੱਖ ਅਜੇ ਵਰਤਮਾਨ ਵਿਚ ਹੀ ਹੁੰਦਾ ਹੈ, ਲੇਕਿਨ ਚਿੰਤਾ ਭਵਿੱਖ ਵਿਚ ਚੱਕਰ ਲਗਾ ਰਹੀ ਹੁੰਦੀ ਹੈ। ਬੇਸ਼ੱਕ ਵਿਗਿਆਨੀਆਂ ਨੇ ਅਨੇਕਾਂ ਕਾਢਾਂ ਕੱਢ ਕੇ ਮਨੁੱਖ ਦੀ ਜ਼ਿੰਦਗੀ ਸੁਖਾਵੀਂ ਬਣਾਉਣ ਤੇ ਮਨੁੱਖ ਨੂੰ ਧਰਤੀ ਤੋਂ ਅਸਮਾਨ ਤਕ ਲੈ ਕੇ ਜਾਣ ਆਦਿ ਵਰਗੇ ਕਾਰਜ ਅਰੰਭੇ ਜਿਨ੍ਹਾਂ ਵਿਚ ਉਹ ਕਾਫੀ ਹੱਦ ਤਕ ਸਫ਼ਲ ਵੀ ਹੋ ਰਹੇ ਹਨ, ਲੇਕਿਨ ਹਉਮੈ ਦੇ ਰੋਗ ਵਰਗੇ ਭਿਆਨਕ ਚਿੰਤਾ ਦੇ ਰੋਗ ਤੋਂ ਮਨੁੱਖ ਨੂੰ ਮੁਕਤ ਕਰਨ ਲਈ ਅਜੇ ਤਕ ਕੋਈ ਵੀ ਵਿਗਿਆਨਕ ਖੋਜ ਨਹੀਂ ਕਰ ਸਕੇ। ਇੰਨਾ ਜ਼ਰੂਰ ਹੈ ਕਿ ਕੁਝ ਦਵਾਈਆਂ ਜ਼ਰੂਰ ਤਿਆਰ ਕੀਤੀਆਂ ਹਨ ਜੋ ਕਿਸੇ ਵਿਅਕਤੀ ਨੂੰ ਮਿੱਥੇ ਸਮੇਂ ਤਕ ਬੇਹੋਸ਼ ਤਾਂ ਜ਼ਰੂਰ ਕਰ ਸਕਦੀਆਂ ਹਨ ਪਰ ਚਿੰਤਾਮੁਕਤ ਨਹੀਂ। ਵਰਤਮਾਨ ਸਮੇਂ ਵਿਚ ਮਨੁੱਖ ਦੇ ਸਰੀਰਿਕ ਰੋਗਾਂ ਦਾ ਮੂਲ ਕਾਰਨ ਜ਼ਿਆਦਾਤਰ ਚਿੰਤਾ ਹੀ ਹੁੰਦੀ ਹੈ। ਮਨੋ-ਰੋਗ ਨੂੰ ਵੀ ਅਸਲ ਵਿਚ ਚਿੰਤਾ ਹੀ ਜਨਮ ਦਿੰਦੀ ਹੈ। ਇਥੇ ਹੀ ਬਸ ਨਹੀਂ, ਸਗੋਂ ਚਿੰਤਾ ਇਕ ਐਸੀ ਡਾਇਣ ਹੈ ਜੋ ਆਪਣੇ ਸ਼ਿਕਾਰ (ਮਨੁੱਖ) ਨੂੰ ਕਦੇ ਕਿਸੇ ਨਾਲ ਲੜਾ ਕੇ ਕਤਲ ਕਰਾ ਦਿੰਦੀ ਹੈ, ਕਦੇ ਕਿਸੇ ਨੂੰ ਕਾਤਲ ਬਣਾ ਕੇ ਜੇਲ੍ਹ ਭੇਜ ਦਿੰਦੀ ਹੈ, ਇਥੋਂ ਤਕ ਕਿ ਕਈਆਂ ਨੂੰ ਨਸ਼ਿਆਂ ਤੇ ਕਈਆਂ ਨੂੰ ਖੁਦਕੁਸ਼ੀ ਕਰਨ ਦੇ ਪੰਧ ਉੱਪਰ ਤੋਰ ਦਿੰਦੀ ਹੈ:

ਆਸਾ ਤ੍ਰਿਸਨਾ ਚਿੰਤ ਬਹੁ ਏ ਡਾਇਣ ਘਰ ਮਾਹਿ। (ਵਿਚਾਰ ਮਾਲਾ, ਬਿਸ੍ਰਾਮ 1)

ਵਧੇਰੇ ਕਰਕੇ ਮਨੁੱਖ ਨੂੰ ਰੋਜ਼ੀ/ਰੋਟੀ ਦੀ ਹੀ ਚਿੰਤਾ ਸਤਾਈ ਜਾਂਦੀ ਹੈ। ਰੋਜ਼ੀ/ਰੋਟੀ ਦੀ ਖ਼ਾਤਰ ਹੀ ਮਨੁੱਖ ਨੂੰ ਦਾਤਾ ਸਮਝ ਕੇ ਉਸ ਦੀ ਚਾਪਲੂਸੀ (ਖੁਸ਼ਾਮਦ) ਕਰਦੇ ਆਮ ਲੋਕ ਵੇਖੇ-ਸੁਣੇ ਜਾ ਸਕਦੇ ਹਨ। ਇਸ ਤਰ੍ਹਾਂ ਉਹ ਇਕ ਤਾਂ ਲੋਭ-ਲਾਲਚ ਵੱਸ ਹੋਏ ਮਿੱਠੀ ਕੈਦ ਭੁਗਤਦੇ ਹਨ ਤੇ ਦੂਸਰਾ, ਸਮਰੱਥ ਦਾਤੇ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ। ਗੁਰੂ-ਘਰ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਮਝਾਉਂਦੇ ਹਨ:

ਬਰਾਏ ਗਿਰਦਾ ਇ ਨਾਂ ਗਿਰਦ ਹਰ ਦੂਨਾ ਚਿ ਮੇ ਗਰਦੀ
ਤਮਾਅ ਦੀਦੀ ਕਿ ਆਦਮ ਰਾ ਅਸੀਰੇ ਦਾਨਾ ਮੇ ਸਾਜ਼ਦ।

ਭਾਵ ਹੇ ਬੰਦੇ! ਤੂੰ ਕਮੀਨੇ ਬੰਦੇ ਦੇ ਆਲੇ-ਦੁਆਲੇ ਰੋਟੀ ਵਾਸਤੇ ਚੱਕਰ ਕੱਟਦਾ ਹੈਂ, ਤੂੰ ਵੇਖਿਆ ਹੀ ਹੈ ਕਿ ਆਦਮ ਨੂੰ ਰੋਟੀ ਦੇ ਲੋਭ ਨੇ ਹੀ ਦਾਣੇ ਦਾ ਕੈਦੀ ਬਣਾ ਦਿੱਤਾ ਸੀ।

ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਖ਼ਸ਼ਿਸ਼ ਕਰਦੇ ਹਨ :

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ (ਪੰਨਾ 955)

ਮਨਮਤਿ ਦੇ ਪਾਂਧੀ (ਮਨੁੱਖ) ਨੂੰ ਆਪਣੇ ਜਾਂ ਆਪਣੇ ਬੱਚਿਆਂ ਵਾਸਤੇ ਵਧੀਆ-ਵਧੀਆ ਸੂਟ-ਬੂਟ ਖ੍ਰੀਦਣ/ਪਹਿਨਣ ਦੀ ਚਿੰਤਾ, ਜੀਭ ਦੇ ਸੁਆਦ ਜਾਂ ਘਰ-ਪਰਵਾਰ ਦੀ ਲੋੜ ਨੂੰ ਮੁੱਖ ਰੱਖ ਕੇ ਭੋਜਨ/ਪਦਾਰਥ ਲਿਆਉਣ ਤੇ ਬਣਾਉਣ ਦੀ ਚਿੰਤਾ ਹਰ ਵੇਲੇ ਦੁਖੀ ਕਰਦੀ ਰਹਿੰਦੀ ਹੈ। ਪੰਡਤ ਹਰਦਿਆਲ ਜੀ ਕਹਿੰਦੇ ਹਨ:

ਕਛੁ ਘ੍ਰਿਤ ਸਨੇਹ ਨ ਲਵਣ ਤੰਦੁਲ ਤੱਕ੍ਰ ਧਾਮ ਨ ਦਾਸ।
ਯਾ ਸੰਚਰੀ ਜਿਹ ਚਿੱਤ ਚਿੰਤਾ ਧਾਮ ਕੀ ਦੁਖ ਧਾਮ। (ਸਾਰੁਕਤਾਵਾਲੀ, ਅਧਿ. 3)

ਆਰਥਕ ਮੰਦਹਾਲੀ ਦਾ ਸ਼ਿਕਾਰ ਮਨੁੱਖ ਆਪਣੇ ਪਰਵਾਰਿਕ ਮੈਂਬਰਾਂ, ਸਾਕ-ਸਨਬੰਧੀਆਂ, ਸ਼ਾਹੂਕਾਰਾਂ ਆਦਿ ਨੂੰ ਦਾਤੇ ਸਮਝ ਕੇ ਉਨ੍ਹਾਂ ਪਾਸੋਂ ਉਧਾਰ ਜਾਂ ਭੀਖ ਮੰਗਦਾ ਹੈ ਅਤੇ ਕਦੇ ਉਨ੍ਹਾਂ ਦੀ ਖੁਸ਼ਾਮਦ ਜਾਂ ਨੌਕਰੀ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ, ਪਰ ਇਸ ਹਾਲਤ ਵਿਚ ਜਦੋਂ ਕੋਈ ਵੀ ਹੌਸਲਾ/ਸਹਾਰਾ ਦੇਣ ਲਈ ਉਸ ਦੀ ਬਾਂਹ ਨਹੀਂ ਫੜਦਾ ਤਾਂ ਉਹ ਮਨੁੱਖ ਵਧੇਰੇ ਚਿੰਤਤ ਤੇ ਦੁਖੀ ਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਿਆਰ/ਅਸੀਸ ਦਿੰਦਿਆਂ ਸਮਝਾਉਂਦੇ ਹਨ:

ਨਾ ਕਰਿ ਚਿੰਤ ਚਿੰਤਾ ਹੈ ਕਰਤੇ॥
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ॥
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ॥6॥
ਨਾ ਕਰਿ ਆਸ ਮੀਤ ਸੁਤ ਭਾਈ॥
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ॥
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ॥7॥
ਅਨਦਿਨੁ ਨਾਮੁ ਜਪਹੁ ਬਨਵਾਰੀ॥
ਸਭ ਆਸਾ ਮਨਸਾ ਪੂਰੈ ਥਾਰੀ॥
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ॥(ਪੰਨਾ 1070)

ਕਿਸੇ ਨੂੰ ਚਿੰਤਾ ਹੈ ਕਿ ਕਿਤੇ ਮੇਰਾ ਅਹੁਦਾ ਨਾ ਖੁੱਸ ਜਾਵੇ, ਕਿਤੇ ਕੋਈ ਮੇਰੀ ਵਧ ਰਹੀ ਤਰੱਕੀ ਜਾਂ ਮਾਣ-ਸਨਮਾਨ ਨੂੰ ਠੇਸ ਨਾ ਪਹੁੰਚਾ ਦੇਵੇ ਭਾਵ ਕਿ ਬਹੁਤਿਆਂ ਨੂੰ ਆਪਣੀ ਰੋਜ਼ੀ/ਰੋਟੀ ਵਿਚ ਕਿਸੇ ਦੇ ਲੱਤ ਮਾਰਨ ਦੀ ਚਿੰਤਾ ਹੀ ਹਰ ਵੇਲੇ ਸਤਾਈ ਜਾਂਦੀ ਹੈ। ਕਹਿੰਦੇ ਹਨ ਕਿ ਇਕ ਵਾਰ ਦੋ ਸਾਧੂ ਸਨ ਜੋ ਪਰਮਾਤਮਾ ਦੀ ਸਿਫ਼ਤ-ਸਲਾਹ ਕਰਦੇ ਹਰ ਪਿੰਡ ਹਰ ਘਰ ਜਾਂਦੇ ਅਤੇ ਰੱਬ ਨਾਲੋਂ ਟੁੱਟੇ ਮਨੁੱਖਾਂ ਨੂੰ ਵੀ ਪ੍ਰਭੂ-ਬੰਦਗੀ ਕਰਨ ਅਤੇ ਉਸ ਦੀ ਯਾਦ ਹਿਰਦੇ ਵਿਚ ਦ੍ਰਿੜ੍ਹ ਕਰਨ ਦਾ ਉਪਦੇਸ਼ ਦਿੰਦੇ ਅਤੇ ਪੇਟ ਪੂਰਤੀ ਲਈ ਰੋਟੀ ਮੰਗ ਕੇ ਛਕ ਲੈਂਦੇ। ਇਕ ਦਿਨ ਐਸਾ ਭਾਣਾ ਵਰਤਿਆ ਕਿ ਇਕ ਤਾਂ ਕਾਫ਼ੀ ਹਨੇਰਾ ਹੋ ਗਿਆ, ਦੂਸਰਾ ਹਨੇਰੀ/ਝੱਖੜ ਵਗ ਰਿਹਾ ਸੀ, ਤੀਜਾ ਅਜੇ ਕਿਸੇ ਪਿੰਡ ਦੇ ਕੋਲ ਪਹੁੰਚੇ ਹੀ ਸੀ ਕਿ ਕਾਫ਼ੀ ਕੁੱਤਿਆਂ ਨੇ ਘੇਰ ਲਿਆ।

ਨੌਜਵਾਨ ਸਾਧੂ ਨੇ ਕਾਫ਼ੀ ਚਿੰਤਤ ਹੋ ਕੇ ਕਿਹਾ, “ਮਹਾਤਮਾ ਜੀ! ਮੈਨੂੰ ਇੰਞ ਲੱਗਦਾ ਹੈ ਕਿ ਇਹ ਕੁੱਤੇ ਅੱਜ ਸਾਨੂੰ ਭੁੱਖਿਆਂ ਹੀ ਰੱਖਣਗੇ।” ਬਜ਼ੁਰਗ ਸਾਧੂ ਨੇ ਕਿਹਾ,

“ਅਵਾਜ਼ੇ ਸਗਾਂ ਰਿਜ਼ਕੇ ਦਰਵੇਸ਼ਾਂ ਕੱਮ ਕਰਦ।”

ਪੁੱਤਰ! ਕੁੱਤਿਆਂ ਦੇ ਭੌਂਕਣ ਨਾਲ ਦਰਵੇਸ਼ਾਂ ਦਾ ਰਿਜ਼ਕ ਘੱਟ ਨਹੀਂ ਹੁੰਦਾ। ਇਸ ਵਾਸਤੇ ਤੂੰ :

ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ॥ (ਪੰਨਾ 517)

ਜਦੋਂ ਇਕ ਮਾਈ ਨੇ ਕੁੱਤੇ ਭੌਂਕਣ ਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਦੇਖਿਆ ਤਾਂ ਉਸ ਨੂੰ ਦੋ ਰੱਬ ਦੇ ਪਿਆਰਿਆਂ (ਫਕੀਰਾਂ) ਨੂੰ ਕੁੱਤੇ ਪੈਂਦੇ ਨਜ਼ਰ ਆਏ। ਉਸ ਨੇ ਝੱਟ ਸੋਟੀ ਫੜੀ ਤੇ ਜਾ ਕੇ ਇਕ-ਦੋਂਹ ਕੁੱਤਿਆਂ ਦੇ ਸਿਰ ਵਿਚ ਮਾਰੀ, ਬਾਕੀ ਕੁੱਤੇ ਡਰਦੇ ਭੱਜ ਗਏ। ਮਾਈ ਨੇ ਉਨ੍ਹਾਂ ਰੱਬ ਦੇ ਪਿਆਰਿਆਂ ਨੂੰ ਆਪਣੇ ਘਰ ਲਿਜਾ ਕੇ ਬੜੇ ਹੀ ਅਦਬ-ਸਤਿਕਾਰ ਨਾਲ ਦੁੱਧ-ਪਰਸ਼ਾਦੇ ਛਕਾ ਕੇ ਸੇਵਾ ਕੀਤੀ।

ਗੁਰ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਉਸ ਦੇ ਪਿਆਰੇ/ਸਿੱਖ ਦੇ ਰਸਤੇ ਵਿਚ ਕੋਈ ਰੁਕਾਵਟ ਖੜ੍ਹੀ ਕਰਨ ਦੀ ਕੋਸ਼ਿਸ਼ ਕਰੇ ਤਾਂ ਪਰਮਾਤਮਾ ਆਪ ਸਹਾਈ ਹੋ ਕੇ ਉਸ ਦੀ ਰੁਕਾਵਟ ਨੂੰ ਦੂਰ ਕਰ ਦਿੰਦਾ ਹੈ।

ਇਕ ਲੋਕੋਕਤੀ ਹੈ, ‘ਚਿੰਤਾ ਚਿਖਾ ਬਰਾਬਰੀ’। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਚਿੰਤਾ ਚਿਖਾ ਨਾਲੋਂ ਵੀ ਭੈੜੀ ਹੈ, ਕਿਉਂਕਿ ਚਿਖਾ ਤਾਂ ਕੇਵਲ ਮਨੁੱਖ ਦੇ ਸਰੀਰ ਨੂੰ ਹੀ ਸਾੜਦੀ ਹੈ ਪਰ ਚਿੰਤਾ ਤਾਂ ਮਨੁੱਖ ਦੇ ਤਨ ਤੇ ਮਨ ਦੋਹਾਂ ਦਾ ਹੀ ਧੂੰਆਂ ਕੱਢ ਦਿੰਦੀ ਹੈ। ਚਿੰਤਾ-ਗ੍ਰਸੇ ਮਨੁੱਖ ਨੂੰ ਨਾ ਸੁਖ ਨਸੀਬ ਹੁੰਦਾ ਹੈ ਤੇ ਨਾ ਹੀ ਨੀਂਦ:

ਅਤਿ ਆਤੁਰ ਚਿੰਤਹਿ ਜੋ ਨਰਾ।
ਸੁਖ ਦੀਨ ਉ ਭੈ ਤਿਨ ਕੋ ਨ ਜਰਾ॥6॥ (ਸਾਰੁਕਤਾਵਲੀ, ਅਧਿ: 10)

ਵਰਤਮਾਨ ਸਮੇਂ ਵਿਚ ਕੋਈ ਗ਼ਰੀਬ ਹੀ ਨਹੀਂ ਸਗੋਂ ਵੱਡੇ-ਵੱਡੇ ਧਨਾਢ ਵੀ ਚਿੰਤਾ ਦੇ ਇਸ ਭਿਆਨਕ ਰੋਗ ਦੀ ਭੇਟ ਚੜ੍ਹੇ ਹੋਏ ਹਨ। ਕਿਸੇ ਕੋਲ ਪੈਸਾ ਵਧੇਰੇ ਹੈ ਪਰ ਔਲਾਦ ਨਹੀਂ, ਕਿਸੇ ਦੀ ਔਲਾਦ ਅਪੰਗ, ਮੰਦਬੁੱਧੀ ਜਾਂ ਨਲਾਇਕ ਹੁੰਦੀ ਹੈ ਜੋ ਹੋਰ ਵੀ ਚਿੰਤਾਵਾਂ ਨੂੰ ਵਧਾਉਂਦੀ ਹੈ। ਕਿਸੇ ਨੂੰ ਛਲ-ਕਪਟ, ਠੱਗੀ-ਠੋਰੀ, ਚੋਰੀ-ਡਾਕੇ ਨਾਲ ਜਾਂ ਕਿਸੇ ਦਾ ਕਤਲ ਕਰ/ਕਰਵਾ ਕੇ ਇਕੱਠੇ ਕੀਤੇ ਪੈਸੇ ਨੂੰ ਸੰਭਾਲਣ ਦੀ ਚਿੰਤਾ ਹੈ। ਕਿਸੇ ਨੂੰ ਟੈਕਸ ਤਾਰਨ ਤੇ ਆਪਣੀ ਜਾਇਦਾਦ ਸਰਕਾਰ ਵੱਲੋਂ ਹੜੱਪ ਕਰ ਜਾਣ ਦਾ ਡਰ/ਸਹਿਮ ਬਣਿਆ ਰਹਿੰਦਾ ਹੈ। ਕਿਸੇ ਨੂੰ ਆਪਣੇ ਲੁੱਟੇ ਜਾਣ ਦਾ ਫ਼ਿਕਰ, ਕਿਸੇ ਨੂੰ ਆਪਣੇ ਪਰਵਾਰ ਵਿਚ ਬਰਾਬਰ ਦੀ ਜਾਇਦਾਦ ਵੰਡਣ ਦੀ ਚਿੰਤਾ ਤੇ ਕਿਸੇ ਨੂੰ ਆਪਣੀਆਂ ਦਸ ਪੀੜ੍ਹੀਆਂ ਤਕ ਧਨ-ਦੌਲਤ ਜੋੜਨ ਦੀ ਚਿੰਤਾ ਘੁਣ ਵਾਂਙ ਖਾਂਦੀ ਰਹਿੰਦੀ ਹੈ। ਸੁਣਿਆ ਹੈ ਕਿ ਕਿਸੇ ਸਮੇਂ ਇਕ ਬਹੁਤ ਧਨਾਢ ਸ਼ਾਹੂਕਾਰ ਸੀ। ਸੁਭਾਵਕ ਉਸ ਦੇ ਮਨ ਵਿਚ ਚਿੰਤਾ ਉਭਰੀ ਕਿ ਮੈਂ ਕਿੰਨੇ ਭੋਲੇ-ਭਾਲੇ ਲੋਕਾਂ ਨਾਲ ਛਲ-ਕਪਟ ਕਰ ਕੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ਹੜੱਪ ਕੀਤੀ ਹੈ, ਮੇਰੇ ਵਹੀ-ਖਾਤਿਆਂ ਵਿਚ ਬੇਅੰਤ ਪੈਸੇ ਜਮ੍ਹਾਂ ਹਨ ਤੇ ਕਰੋੜਾਂ ਰੁਪਏ ਮੈਂ ਲੋਕਾਂ ਨੂੰ ਵਿਆਜੀ ਦਿੱਤੇ ਹੋਏ ਹਨ, ਪਰ ਮੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਹਰਾਮ ਦੇ ਪੈਸੇ ਨਾਲ ਮੇਰਾ ਕਿੰਨਾ ਕੁ ਚਿਰ ਵਧੀਆ ਖਾਣ-ਪੀਣ ਤੇ ਐਸ਼-ਆਰਾਮ ਕਰਨ ਦਾ ਸਮਾਂ ਬਤੀਤ ਹੋ ਸਕਦਾ ਹੈ।

ਕਈ ਦਿਨ ਸ਼ਾਹੂਕਾਰ ਇਸ ਚਿੰਤਾ ਦੀ ਅੱਗ ਵਿਚ ਤੜਫਦਾ ਰਿਹਾ। ਇਕ ਰਾਤ ਤਾਂ ਉਸ ਵਾਸਤੇ ਚਿੰਤਾ ਸੂਲਾਂ ਦੀ ਸੇਜ ਬਣੀ ਪਈ ਸੀ, ਅੱਧੀ ਕੁ ਰਾਤ ਸਮੇਂ ਆਪਣੇ ਮੁਨੀਮ ਨੂੰ ਉਠਾ ਲਿਆਇਆ ਤੇ ਕਹਿਣ ਲੱਗਾ ਕਿ ਭਾਵੇਂ ਔਖਾ ਹੋ ਤੇ ਭਾਵੇਂ ਸੌਖਾ ਪਰ ਮੈਨੂੰ ਇਹ ਹਿਸਾਬ-ਕਿਤਾਬ ਲਗਾ ਕੇ ਦੱਸ ਕਿ ਜਿੰਨੀ ਮੇਰੇ ਕੋਲ ਜਾਇਦਾਦ ਹੈ, ਜੇਕਰ ਮੈਂ ਇਸ ਨੂੰ ਖੂਬ ਐਸ਼ੋ-ਇਸ਼ਰਤ ਲਈ ਵਰਤਾਂ-ਖਰਚਾਂ ਤਾਂ ਇਹ ਕਿੰਨੇ ਚਿਰ ਵਿਚ ਮੁੱਕੇਗੀ? ਉਨੀਂਦਰੇ ਦੇ ਮਾਰੇ ਤੇ ਥੱਕੇ-ਟੁੱਟੇ ਮੁਨੀਮ ਨੇ ਸਾਰਾ ਲੇਖਾ-ਜੋਖਾ ਕਰ ਕੇ ਜਦੋਂ ਦੂਸਰੇ ਦਿਨ ਦੱਸਿਆ ਕਿ ਲਾਲਾ ਜੀ! ਤੁਹਾਡੀ ਸਾਰੀ ਜਾਇਦਾਦ ਨਾਲ ਤੁਹਾਡੀਆਂ ਨੌਂ ਪੀੜ੍ਹੀਆਂ ਐਸ਼-ਆਰਾਮ ਕਰ ਸਕਦੀਆਂ ਹਨ। ਇਹ ਸੁਣ ਕੇ ਸ਼ਾਹੂਕਾਰ ਖੁਸ਼ ਹੋਣ ਦੀ ਬਜਾਇ ਉੱਚੀ-ਉੱਚੀ ਰੋਣ-ਕਲਪਣ ਲੱਗ ਪਿਆ। ਇਹ ਵੇਖ ਕੇ ਮੁਨੀਮ ਨੇ ਕਿਹਾ, “ਲਾਲਾ ਜੀ! ਕੀ ਗੱਲ ਤੁਸੀਂ ਰੋਣ ਲੱਗ ਪਏ ਹੋ?” ਅੱਗੋਂ ਸ਼ਾਹੂਕਾਰ ਨੇ ਗੁੱਸੇ ਵਿਚ ਡੁਸਕਦਿਆਂ ਕਿਹਾ, “ਹੋਰ ਮੈਂ ਰੋਵਾਂ ਨਾ ਤਾਂ ਕੀ ਕਰਾਂ? ਮੈਨੂੰ ਤਾਂ ਇਹ ਚਿੰਤਾ ਲੱਗ ਗਈ ਹੈ ਕਿ ਮੇਰੀ ਦਸਵੀਂ ਪੀੜ੍ਹੀ ਕੀ ਖਾਵੇਗੀ?” ਸੋ ਸਤਿਗੁਰਾਂ ਦੇ ਬਚਨ ਸੱਚ ਹਨ ਕਿ:

ਵਡੇ ਵਡੇ ਜੋ ਦੀਸਹਿ ਲੋਗ॥
ਤਿਨ ਕਉ ਬਿਆਪੈ ਚਿੰਤਾ ਰੋਗ॥ (ਪੰਨਾ 188)

ਜੋ ਮਨੁੱਖ ਦਾਤਾਰ ਪਾਤਸ਼ਾਹ ਨੂੰ ਵਿਸਾਰ ਕੇ ਕੇਵਲ ਉਸ ਦੁਆਰਾ ਬਖਸ਼ੀਆਂ ਦਾਤਾਂ ਨਾਲ ਪਿਆਰ ਕਰਦੇ ਹਨ ਤੇ ਉਨ੍ਹਾਂ ਉੱਪਰ ਆਪਣਾ ਹੱਕ ਜਤਾਉਂਦੇ ਹਨ, ਉਹ ਹਮੇਸ਼ਾਂ ਗੁਰੂ ਤੋਂ ਬੇਮੁਖ ਹੋ ਕੇ ਚਿੰਤਾ-ਝੋਰਿਆਂ ਦਾ ਸ਼ਿਕਾਰ ਬਣਦੇ ਹਨ, ਇਥੋਂ ਤਕ ਕਿ ਉਨ੍ਹਾਂ ਵਿਅਕਤੀਆਂ ਨੂੰ ਸੁਪਨੇ ਵਿਚ ਵੀ ਸੁਖ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ:

ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ॥
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ॥
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ॥ (ਪੰਨਾ 30)

ਅਸਲ ਵਿਚ ਚਿੰਤਾ ਦਾ ਮੂਲ ‘ਵਾਸ਼ਨਾ’ ਹੈ, ਜੇਕਰ ਵਾਸ਼ਨਾ ਦਾ ਸੁਭਾਅ ਅੱਗ ਦੀਆਂ ਲਾਟਾਂ ਵਾਂਗ ਉੱਪਰ ਉੱਠਣਾ ਹੈ ਤਾਂ ਚਿੰਤਾ ਨੂੰ ਵਧਾਵਾ ਮਿਲਣਾ ਸੁਭਾਵਕ ਹੈ। ਕਈ ਵਾਰ ਤਾਂ ਚਿੰਤਾ ਇੰਨੇ ਹੱਦ-ਬੰਨੇ ਟੱਪ ਜਾਂਦੀ ਹੈ ਕਿ ਇਸ ਦਾ ਸ਼ਿਕਾਰ ਮਨੁੱਖ ਆਪਣਾ ਦਿਮਾਗ਼ੀ ਸੰਤੁਲਨ ਹੀ ਗਵਾ ਬੈਠਦਾ ਹੈ। ਜਦੋਂ ਯੋਗੀ ਰਾਜ ਭਰਥਰੀ ਨੂੰ ਇਸ ਗੱਲ ਦੀ ਸਮਝ ਪਈ ਕਿ ਮੈਂ ਬੀਤੇ ਸਮੇਂ ਦੀਆਂ ਯਾਦਾਂ ਤੇ ਭਵਿੱਖ ਦੀਆਂ ਆਸਾਂ ਦੀ ਖੱਡ ਵਿਚ ਡਿੱਗ ਕੇ ਵਰਤਮਾਨ ਦੀਆਂ ਸਿਖਰਾਂ ਨੂੰ ਕਿਉਂ ਛੂਹ ਨਹੀਂ ਸਕਿਆ ਤਾਂ ਉਸ ਨੇ ਬੜੇ ਦੁੱਖ ਨਾਲ ਲਿਖਿਆ-

ਅਹੋ ਮੈ ਨ ਜਾਨੋ ਭੋਰਾ ਦੇਵ ਮੋ ਤੇ ਮੁਖ ਮੋਰਾ,
ਚਿੰਤਾ ਬਿਖੇ ਮੋਰਾ ਚਿਤ ਨਿਤ ਜਰੇ ਹੈ॥2॥ (ਵੈਰਾਗ ਸ਼ੱਤਕ, ਅਧਿ: ਪੰਜਵਾਂ)

ਚਿੰਤਾਵਾਂ ਦੇ ਘੇਰੇ ਵਿਚ ਘਿਰੇ ਮਨੁੱਖ ਦੀ ਦਸ਼ਾ ਇਵੇਂ ਹੈ ਜਿਵੇਂ ਕਿਸੇ ਵਿਅਕਤੀ ਨੂੰ ਚਾਰ-ਚੁਫੇਰਿਓਂ ਬੰਦ ਡੱਬੇ ਵਿਚ ਕੈਦ ਕੀਤਾ ਹੋਵੇ ਤਾਂ ਉਸ ਨੂੰ ਘੁੱਪ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਸਰਾ ਉਸ ਦਾ ਦਮ ਘੁੱਟਦਾ ਹੈ। ਜੇਕਰ ਉਹ ਡੱਬੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੇ ਤਾਂ ਇਕ ਦਿਨ ਉਹ ਤੜਫਦਾ-ਤੜਫਦਾ ਮੌਤ ਨੂੰ ਪਿਆਰਾ ਹੋ ਜਾਂਦਾ ਹੈ। ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਦੇ ਬੋਲ ਹਨ:

ਚਿੰਤਾ ਦੇ ਚੱਕਰ ਵਿਚ ਆ ਕੇ ਫਿਰਦੀ ਗੁੱਝੀ ਆਰੀ,
ਘੋਲ-ਘੋਲ ਕੇ ਜਿੰਦ ਮੁਕਾਵੇ, ਚਿੰਤਾ ਦੀ ਬਿਮਾਰੀ।
ਸੂਰੇ ਹੂੰਝਣ ਹਿੰਮਤ ਕਰਕੇ, ਉਖਿਆਈ ਦੇ ਕੰਡੇ,
ਚਿੰਤਾ ਦੇ ਵਿਚ ਡੁੱਬਣ ਨਾਲੋਂ, ਲਾ ਹਿੰਮਤ ਦੀ ਤਾਰੀ।

ਪੰਚਮ ਪਾਤਸ਼ਾਹ ਫ਼ਰਮਾਨ ਕਰਦੇ ਹਨ ਕਿ ਇਕ ਜਾਂ ਦੋ ਮਨੁੱਖ ਨਹੀਂ, ਬਲਕਿ:

ਚਿੰਤਤ ਹੀ ਦੀਸੈ ਸਭੁ ਕੋਇ॥
ਚੇਤਹਿ ਏਕੁ ਤਹੀ ਸੁਖੁ ਹੋਇ॥ (ਪੰਨਾ 932)

ਇਸ ਵਾਸਤੇ ਭਾਈ ਸਾਨੂੰ ਸਭ ਨੂੰ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿਚ ਜਾ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ:

ਸਤਿਗੁਰ ਆਇਓ ਸਰਣਿ ਤੁਹਾਰੀ॥
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ॥ (ਪੰਨਾ 713)

ਗੁਰੂ ਦੇ ਦੱਸੇ ਰਾਹ ’ਤੇ ਤੁਰਿਆਂ ਸੁਖ ਮਿਲਦਾ ਹੈ, ਇਕ ਤਾਂ ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ, ਦੂਜਾ ਚਿੰਤਾ ਤੋਂ ਮੁਕਤੀ ਮਿਲਦੀ ਹੈ ਕਿਉਂਕਿ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਵੱਸ ਜਾਂਦਾ ਹੈ:

ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ॥
ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ॥ (ਪੰਨਾ 587)

ਕਿਉਂਕਿ ਪਰਮਾਤਮਾ :

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ॥
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ॥ (ਪੰਨਾ 1376)

ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਮਨੁੱਖ ਨੂੰ ਕਿਸੇ ਬੱਚੇ ਦੇ ਜਨਮ ਲੈਣ ਨਾਲ ਵੀ ਖੁਸ਼ੀ ਨਾਲੋਂ ਵਧੇਰੇ ਚਿੰਤਾ ਵਧ ਜਾਂਦੀ ਹੈ ਕਿ ਇਸ ਦਾ ਪਾਲਣ-ਪੋਸ਼ਣ ਕਿਵੇਂ ਕਰਨਾ ਹੈ? ਇਸ ਦਾ ਭਵਿੱਖ ਸੁਚਾਰੂ ਕਿਵੇਂ ਬਣਾਉਣਾ ਹੈ? ਕੀ ਇਹ ਸਾਨੂੰ ਸੁਖ ਦੇਵੇਗਾ?

ਜੇਕਰ ਕਿਸੇ ਮਨੁੱਖ ਨੂੰ ਹਰ ਵੇਲੇ ਚਿੰਤਾ ਬਣੀ ਰਹੇ, ਕੋਈ ਨਾ ਕੋਈ ਚਿੰਤਾ ਝੋਰਿਆਂ ’ਚ ਪਿਆ ਦੁੱਖ ਲੱਗ ਜਾਵੇ, ਪਰਵਾਰਿਕ ਖੁਸ਼ੀ-ਗ਼ਮੀ ਬਣੀ ਰਹੇ, ਹਰ ਵੇਲੇ ਇਸ ਜੰਜਾਲ ਤੋਂ ਮੁਕਤ ਹੋਣ ਲਈ ਸਾਰੀ ਦੁਨੀਆਂ ’ਤੇ ਭਟਕਦਾ ਰਹੇ ਤਾਂ ਉਸ ਦੀ ਇਹ ਮੁਰਾਦ ਕੇਵਲ ਸਤਿਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਦੀ ਸ਼ਰਨ ਵਿਚ ਜਾ ਕੇ ਇਕ ਪਾਰਬ੍ਰਹਮ-ਪਰਮੇਸ਼ਰ ਨੂੰ ਹਿਰਦੇ ਵਿਚ ਵਸਾਉਣ ਨਾਲ ਪੂਰੀ ਹੋ ਸਕਦੀ ਹੈ। ਪਾਤਸ਼ਾਹਾਂ ਦੇ ਪਾਤਸ਼ਾਹ ਦੇ ਬਚਨ ਹਨ:

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ॥
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ॥
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ॥ (ਪੰਨਾ 70)

ਇਸ ਵਾਸਤੇ ਹੇ ਭਾਈ! ਤੂੰ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਬਜਾਏ ਚਿੰਤਨ ਕਰ, ਉਹ ਵੀ ਉਸਾਰੂ, ਤਾਂ ਕਿ ਤੂੰ ਸੁਖ-ਅਨੰਦ ਦੇ ਖੇੜੇ ਵਿਚ ਵਰਤਮਾਨ ਦੀਆਂ ਸਿਖਰਾਂ ਨੂੰ ਛੂਹ ਸਕੇਂ। ਛੇਤੀ ਕਰ, ਤੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰ:

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ॥
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ॥ (ਪੰਨਾ 459)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)