editor@sikharchives.org
Chota Ghallughara

ਛੋਟਾ ਘੱਲੂਘਾਰਾ

ਲਖਪਤ ਰਾਏ ਨੇ ਸਿੰਘਾਂ ਦੇ ਬਚ ਕੇ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਉਸ ਨੇ ਗੁਫਾਵਾਂ ਤੇ ਹੋਰ ਲੁਕਵੀਆਂ ਥਾਵਾਂ ਤੋਂ ਸਿੰਘਾਂ ਨੂੰ ਪਕੜ ਕੇ ਸ਼ਹੀਦ ਕਰ ਦਿੱਤਾ ਜਾਂ ਕੈਦ ਕਰ ਲਿਆ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦੇ ਤਿੰਨਾਂ ਪੁੱਤਰਾਂ ਦੇ ਝਗੜੇ ਕਾਰਨ ਹਕੂਮਤ ਵਿਚ ਆਈ ਕਮਜ਼ੋਰੀ ਨੂੰ ਸਿੱਖਾਂ ਨੇ ਭਾਂਪਿਆ ਅਤੇ ਉਨ੍ਹਾਂ ਨੇ ਫਿਰ ਲਾਹੌਰ ਵੱਲ ਮੂੰਹ ਕੀਤਾ। ਇਤਿਹਾਸਕਾਰ ਹਰੀ ਰਾਮ ਗੁਪਤਾ ਅਨੁਸਾਰ ਸਿੱਖਾਂ ਨੇ ਨੁਸ਼ਹਿਰਾ, ਮਜੀਠਾ ਅਤੇ ਕੁਝ ਹੋਰ ਅਸਥਾਨਾਂ ‘ਤੇ ਹਮਲੇ ਕਰ ਕੇ ਸਾਹਿਬ ਰਾਏ, ਰਾਮਾ ਰੰਧਾਵਾ, ਕਰਮਾਂ ਛੀਨਾ, ਹਰ ਭਗਤ ਨਿਰੰਜਨੀਆਂ, ਕਾਜ਼ੀ ਫਜ਼ਲ ਅਹਿਮਦ ਖਾਨ, ਖੋਖਰ, ਸ਼ਮਸ਼ੀਰ ਖਾਨ ਅਤੇ ਕੁਝ ਹੋਰ ਚੌਧਰੀਆਂ-ਮੁਕੱਦਮਾਂ ਨੂੰ, ਜੋ ਸਰਕਾਰ ਦੀ ਮਦਦ ਤੇ ਮੁਖਬਰੀ ਕਰਦੇ ਸਨ, ਇਸ ਸਮੇਂ ਸੋਧਿਆ। ਸਿੱਖਾਂ ਦੇ ਜਥੇ ਰੋੜੀ ਸਾਹਿਬ (ਐਮਨਾਬਾਦ) ਪਹੁੰਚ ਚੁਕੇ ਸਨ। ਜਦ ਇਹ ਖ਼ਬਰ ਲਾਹੌਰ ਪਹੁੰਚੀ ਤਾਂ ਯਹੀਆ ਖਾਨ ਦੇ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ, ਐਮਨਾਬਾਦ ਦੇ ਫੌਜਦਾਰ, ਜਸਪਤ ਰਾਏ ਵੱਲ ਖਾਸ ਹਦਾਇਤਾਂ ਭੇਜੀਆਂ। ਜਸਪਤ ਰਾਏ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖ ਵੀ ਟਾਕਰੇ ਵਿਚ ਡਟ ਗਏ। ਇਸ ਲੜਾਈ ਵਿਚ ਭਾਈ ਨਿਬਾਹੂ ਸਿੰਘ ਨੇ ਹਾਥੀ ਦੀ ਪੂਛ ਪਕੜ ਉਸ ਉੱਪਰ ਚੜ੍ਹ ਕੇ ਫ਼ੌਜਦਾਰ ਜਸਪਤ ਰਾਏ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ ਅਤੇ ਇਉਂ ਉਹ ਮਾਰਿਆ ਗਿਆ।

ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਲਖਪਤ ਰਾਏ ਬਹੁਤ ਗੁੱਸੇ ਵਿਚ ਆਇਆ। ਉਸ ਨੇ ਭਰੇ-ਦਰਬਾਰ ਵਿਚ ਕਸਮ ਉਠਾਈ ਕਿ ਉਹ ਉਸ ਦਿਨ ਤਕ ਸਿਰ ਉੱਪਰ ਪਗੜੀ ਨਹੀਂ ਰੱਖੇਗਾ, ਜਦ ਤਕ ਉਹ ਸਿੱਖਾਂ ਨੂੰ ਖ਼ਤਮ ਨਹੀਂ ਕਰ ਲੈਂਦਾ:-

ਜਬ ਸਿੰਘੋਂ ਨੇ ਜਸਪਤ ਮਾਰਾ।
ਲੁਟਿਓ ਏਮਨਾਬਾਦ ਨਿਹਾਰਾ।
ਲਖਪਤ ਜਾਇ ਬਿਜੇ ਖਾਂ ਪਾਸ।
ਪਗੜੀ ਸਿਰੋਂ ਉਤਾਰੀ ਖਾਸ।
ਕਸਮ ਉਠਾਇ ਕਹਯੋ ਇਮ ਖੀਜ।
“ਮੈ ਜਬ ਲੌ ਸਿੰਘਹਿ ਨਿਰਬੀਜ।
ਨਹਿ ਕਰ ਲੈਹੋ, ਤਬ ਲੌ ਜਾਣ।
ਪਗੜੀ ਧਰਨੀ ਸਿਰ ਮੁਹਿ ਆਣ।” (ਪੰਥ ਪ੍ਰਕਾਸ਼, ਗਿ. ਗਿਆਨ ਸਿੰਘ)

ਯਹੀਆ ਖਾਂ ਨੂੰ ਤਾਂ ਪਹਿਲਾਂ ਹੀ ਐਸੇ ਵਿਅਕਤੀ ਦੀ ਜ਼ਰੂਰਤ ਸੀ, ਜੋ ਸਿੰਘਾਂ ਉੱਪਰ ਜ਼ੁਲਮ ਢਾਹ ਸਕੇ। ਉਹ ਲਖਪਤ ਰਾਏ ਦੇ ਇਸ਼ਾਰਿਆਂ ‘ਤੇ ਤੁਰਨ ਲੱਗਾ।

ਲਖਪਤ ਰਾਏ ਨੇ ਲਾਹੌਰ ਦੇ ਸਾਰੇ ਸਿੱਖ ਪਕੜ ਕੇ ਸ਼ਹੀਦ ਕਰ ਦਿੱਤੇ। ਲਾਹੌਰ ਦੇ ਸਿੱਖਾਂ ਨੂੰ ਸ਼ਹੀਦ ਕਰਨ ਉਪਰੰਤ ਉਹ ਅੰਮ੍ਰਿਤਸਰ ਵੱਲ ਵਧਿਆ। ਅੰਮ੍ਰਿਤਸਰ ਉੱਪਰ ਇਹ ਅਚਾਨਕ ਹੱਲਾ ਹੋ ਜਾਣ ਕਾਰਨ ਸਿੱਖਾਂ ਨੇ ਇਹ ਸੋਚ ਬਣਾਈ ਕਿ ਬਚਾਅ ਲਈ ਕਾਹਨੂੰਵਾਨ ਦੇ ਛੰਭ ਵੱਲ ਚੱਲਿਆ ਜਾਵੇ। ਲਖਪਤ ਰਾਏ ਨੇ ਸਿੱਖਾਂ ਦਾ ਪਿੱਛਾ ਕੀਤਾ, ਉਸ ਨੇ ਸੰਘਣੇ ਜੰਗਲ ਨੂੰ ਕਟਵਾਉਣਾ ਵੀ ਸ਼ੁਰੂ ਕਰ ਦਿੱਤਾ। ਸਿੰਘ ਵੇਲੇ-ਕੁ-ਵੇਲੇ ਵਸਾਹ ਕੇ ਦੁਸ਼ਮਣ ਉੱਪਰ ਟੁੱਟ ਪੈਂਦੇ ਅਤੇ ਉਸ ਨੂੰ ਕਰੜੇ ਹੱਥ ਦਿਖਾਉਂਦੇ। ਪਰੰਤੂ ਕੁਝ ਦਿਨਾਂ ਬਾਅਦ ਉਨ੍ਹਾਂ ਪਾਸ ਅਸਲੇ ਅਤੇ ਹੋਰ ਜ਼ਰੂਰੀ ਸਮੱਗਰੀ ਦੀ ਘਾਟ ਹੋ ਗਈ। ਬਹੁਤ ਸਾਰੇ ਸਿੰਘ ਭੁੱਖ ਅਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋਣ ਲੱਗੇ। ਸਿੱਖਾਂ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ।

ਅਖੀਰ ਵਿਚ ਸਿੰਘਾਂ ਫੈਸਲਾ ਕਰ ਲਿਆ ਕਿ ਝੱਲਾਂ ਵਿਚ ਲੁਕਿਆਂ ਸ਼ਹੀਦੀਆਂ ਪਾਉਣੀਆਂ ਠੀਕ ਨਹੀਂ। ਉਹ ਝੱਲਾਂ ਤੋਂ ਬਾਹਰ ਆ ਗਏ। ਕੁਝ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਲਖਪਤ ਰਾਏ ਦੀਆਂ ਫੌਜਾਂ ਦਾ ਧਿਆਨ ਆਪਣੇ ਵੱਲ ਖਿੱਚੀ ਰੱਖਿਆ ਅਤੇ ਉਹ ਫੌਜਾਂ ਦਾ ਮੁਕਾਬਲਾ ਕਰਦੇ ਰਹੇ ਜਦ ਕਿ ਦੂਸਰੇ ਸਿੰਘਾਂ ਨੇ ਕਠੂਆ ਵਾਲੇ ਪਾਸੇ ਨੂੰ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ। ਇਨ੍ਹਾਂ ਸਿੰਘਾਂ ਦੀ ਬਸੌਲੀ ਦੀਆਂ ਪਹਾੜੀਆਂ ਵਿਚ ਪਨਾਹ ਲੈਣ ਦੀ ਸਕੀਮ ਸੀ। ਪਰ ਪਹਾੜੀ ਲੋਕਾਂ ਨੂੰ ਲਾਹੌਰ ਤੋਂ ਸਿੱਖਾਂ ਦੀ ਮਦਦ ਨਾ ਕਰਨ ਦਾ ਸ਼ਾਹੀ ਫ਼ੁਰਮਾਨ ਪਹਿਲਾਂ ਹੀ ਪਹੁੰਚ ਚੁਕਾ ਸੀ। ਸੋ ਇਨ੍ਹਾਂ ਲੋਕਾਂ ਨੇ ਸਾਹਮਣਿਓਂ ਸਿੱਖਾਂ ਉੱਪਰ ਪੱਥਰ ਅਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਖ ਫਿਰ ਚੁਫੇਰਿਓਂ ਘਿਰ ਚੁਕੇ ਸਨ। ਸੱਜੇ ਰਾਵੀ, ਪਿੱਛੇ ਫੌਜ, ਸਾਹਮਣੇ ਪਹਾੜੀ ਉੱਪਰੋਂ ਪੱਥਰਾਂ, ਗੋਲੀਆਂ ਦੀ ਵਰਖਾ। ਨਾ ਰਸਦ, ਨਾ ਪਾਣੀ, ਨਾ ਤੋਪਾਂ, ਨਾ ਬਰੂਦ, ਅਤਿ ਦੀ ਥਕਾਵਟ ਅਤੇ ਪਹਾੜ ਦੀਆਂ ਚੜ੍ਹਾਈਆਂ। ਸਿੰਘਾਂ ਨੇ ਸੋਚ-ਵਿਚਾਰ ਦੇ ਬਾਅਦ ਇਹ ਸਕੀਮ ਬਣਾਈ ਕਿ ਜਥੇ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾਵੇ। ਇਕ ਜਥਾ ਪਹਾੜੀ ਚੜ੍ਹੇ, ਦੂਜਾ ਰਾਵੀ ਪਾਰ ਕਰੇ ਅਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਦੀ ਅਗਵਾਈ ਹੇਠ ਦੁਸ਼ਮਣ ਦਾ ਟਾਕਰਾ ਕਰੇ।

ਰਾਵੀ ਦਾ ਵਹਾਓ ਇਤਨਾ ਤੇਜ਼ ਸੀ ਕਿ ਡੱਲੇਵਾਲੀਆ ਦੋਵਾਂ ਭਰਾਵਾਂ ਨੇ ਸਭ ਤੋਂ ਪਹਿਲਾਂ ਘੋੜੇ ਠੇਲ੍ਹੇ ਹੀ ਸਨ ਕਿ ਉਨ੍ਹਾਂ ਦਾ ਪਾਣੀ ਵਿਚ ਕੋਈ ਥਹੁ-ਪਤਾ ਹੀ ਨਾ ਲੱਗ ਸਕਿਆ। ਰਾਵੀ ਲੰਘਣੀ ਬਹੁਤ ਮੁਸ਼ਕਲ ਗੱਲ ਸੀ। ਸੋ ਇਹ ਵਿਚਾਰ ਬਣੀ ਕਿ ਪੈਦਲ ਜਥੇ ਪਹਾੜੀਆਂ ਟੱਪ ਕੇ ਕੁੱਲੂ ਤੇ ਮੰਡੀ ਵੱਲ ਨਿਕਲ ਜਾਣ ਅਤੇ ਜੋ ਘੋੜਿਆਂ ਉੱਪਰ ਹਨ, ਉਹ ਪਿੱਛੇ ਮੁੜ ਕੇ ਟਾਕਰਾ ਕਰਨ। ਸੋ ਇਸ ਤਰ੍ਹਾਂ ਕੁਝ ਸਿੰਘ ਤਾਂ ਪਹਾੜੀਆਂ ਉੱਪਰ ਚੜ੍ਹ ਗਏ ਤੇ ਮੁਸੀਬਤਾਂ ਝਾਗ ਕੇ ਛੇ-ਸੱਤ ਮਹੀਨੇ ਬਾਅਦ ਕੀਰਤਪੁਰ ਵਿਖੇ ਸਿੱਖਾਂ ਨੂੰ ਆਣ ਮਿਲੇ। ਜੋ ਸਿੰਘ ਬਾਕੀ ਬਚੇ, ਉਨ੍ਹਾਂ ਨੇ ਦੁਸ਼ਮਣ ਦੀਆਂ ਫੌਜਾਂ ਉੱਪਰ ਸਿੱਧਾ ਹੱਲਾ ਬੋਲ ਦਿੱਤਾ ਅਤੇ ਭਖਵੀਂ ਲੜਾਈ ਕੀਤੀ।

ਨਵਾਬ ਕਪੂਰ ਸਿੰਘ ਜੀ ਜਥੇ ਦੀ ਅਗਵਾਈ ਕਰ ਰਹੇ ਸਨ। ਸ. ਜੱਸਾ ਸਿੰਘ ਇਕ ਸਿਰੇ ਨੂੰ ਸੰਭਾਲ ਰਹੇ ਸਨ ਅਤੇ ਸਰਦਾਰ ਸੁੱਖਾ ਸਿੰਘ ਮੂਹਰਲਾ ਪੱਖ ਤੋੜ ਰਹੇ ਸਨ। ਸਰਦਾਰ ਸੁੱਖਾ ਸਿੰਘ, ਲਖਪਤ ਰਾਏ ਦੇ ਸਿਰ ਹੋ ਗਏ, ਪਰ ਉਨ੍ਹਾਂ ਦਾ ਘੋੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸ. ਜੱਸਾ ਸਿੰਘ ਦੇ ਪੱਟ ਵਿਚ ਗੋਲੀ ਲੱਗ ਗਈ ਪਰੰਤੂ ਬਹਾਦਰ ਜਰਨੈਲ ਯੋਧਾ ਪੱਟ ਨੂੰ ਹੰਨੇ ਨਾਲ ਬੰਨ੍ਹ ਕੇ ਉਸੇ ਤਰ੍ਹਾਂ ਲੜਦਾ ਰਿਹਾ ਜਿਵੇਂ ਸੱਟ ਲੱਗੀ ਹੀ ਨਹੀਂ ਹੁੰਦੀ। ਨਵਾਬ ਕਪੂਰ ਸਿੰਘ ਜੀ ਉੱਪਰ ਵੀ ਕਿਧਰੋਂ ਵਾਰ ਹੋਇਆ ਪਰ ਉਹ ਹੁਸ਼ਿਆਰੀ ਨਾਲ ਬਚ ਗਏ। ਇਸ ਤਰ੍ਹਾਂ ਸਿੰਘ ਜੂਝਦੇ, ਕੱਟਦੇ- ਕਟੀਂਦੇ ਰਾਵੀ ਪਾਰ ਕਰ ਗਏ।

ਖੁਸ਼ਵੰਤ ਰਾਏ ਸਿੱਖਾਂ ਉੱਪਰ ਟੁੱਟੇ ਇਸ ਮੁਸੀਬਤਾਂ ਦੇ ਪਹਾੜ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ-

“ਲਖਪਤ ਰਾਏ ਨੇ ਸਿੰਘਾਂ ਦੇ ਬਚ ਕੇ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਉਸ ਨੇ ਗੁਫਾਵਾਂ ਤੇ ਹੋਰ ਲੁਕਵੀਆਂ ਥਾਵਾਂ ਤੋਂ ਸਿੰਘਾਂ ਨੂੰ ਪਕੜ ਕੇ ਸ਼ਹੀਦ ਕਰ ਦਿੱਤਾ ਜਾਂ ਕੈਦ ਕਰ ਲਿਆ। ਉਸ ਨੇ ਕੈਦ ਕੀਤੇ ਸਿੰਘਾਂ ਦੀਆਂ ਕੇਸਾਂ ਸਣੇ ਖੋਪੜੀਆਂ ਉਤਰਵਾਈਆਂ ਅਤੇ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ। ਮਿਲਟਰੀ ਦੇ ਦਸਤੇ ਸਿੰਘਾਂ ਦੀ ਭਾਲ ਵਿਚ ਇਧਰ-ਉਧਰ ਨਿਕਲਦੇ ਅਤੇ ਜਿੱਥੇ ਵੀ ਕੋਈ ਸਿੱਖ ਦਿੱਸਦਾ, ਉਸ ਨੂੰ ਖ਼ਤਮ ਕਰ ਦਿੱਤਾ ਗਿਆ। ਲਖਪਤ ਰਾਏ ਨੇ ਇਕ ਸਿੰਘ ਦੇ ਸਿਰ ਦੀ ਪੰਜ ਰੁਪੈ ਕੀਮਤ ਰੱਖੀ।”

ਇਸ ਕਤਲੇਆਮ ਤੋਂ ਜੋ ਸਿੰਘ ਬਚੇ, ਉਨ੍ਹਾਂ ਬਿਆਸ ਵੱਲ ਚਾਲੇ ਪਾ ਦਿੱਤੇ। ਜੇਠ ਦਾ ਮਹੀਨਾ, ਰੇਤਲੇ ਮੈਦਾਨ, ਬਿਆਸ ਤਕ ਪੁੱਜਣਾ ਬਹੁਤ ਮੁਸ਼ਕਲ ਕੰਮ ਸੀ। ਸਿੱਖਾਂ ਕੱਪੜੇ ਉਤਾਰ ਪੈਰਾਂ ਨਾਲ ਬੱਧੇ ਅਤੇ ਹੌਂਸਲਾ ਧਾਰ ਕੇ ਵਾਹੋ-ਦਾਹੀ ਅੱਗੇ ਹੀ ਅੱਗੇ ਤੁਰੇ ਗਏ। ਸ੍ਰੀ ਹਰਿਗੋਬਿੰਦਪੁਰ ਦੇ ਪਾਸੋਂ ਬਿਆਸਾ ਪਾਰ ਕੀਤੀ। ਕਈ ਦਿਨਾਂ ਤੋਂ ਭੁੱਖੇ ਸਿੰਘਾਂ ਨੇ ਤੱਤੀ ਰੇਤ ਉੱਪਰ ਢਾਲਾਂ ਰੱਖ ਕੇ ਰੋਟੀ ਪਕਾਉਣੀ ਅਰੰਭੀ ਹੀ ਸੀ ਕਿ ਅਦੀਨਾ ਬੇਗ ਨੇ ਆਣ ਹਮਲਾ ਕੀਤਾ। ਇਸ ਦੇ ਨਾਲ ਹੀ ਸੂਹ ਮਿਲ ਗਈ ਕਿ ਲਖਪਤ ਰਾਏ ਦੀ ਫੌਜ ਵੀ ਪਿੱਛੇ ਆ ਰਹੀ ਹੈ। ਸੋ ਸਿੱਖ ਸਤਲੁਜ ਪਾਰ ਕਰਨ ਲਈ ਅਲੀਵਾਲ ਦੀ ਤਰਫ਼ ਭੱਜ ਉੱਠੇ ਅਤੇ ਸਤਲੁਜ ਪਾਰ ਕਰ ਕੇ ਮਾਲਵਾ ਦੀ ਧਰਤੀ ਜਾ ਪੁੱਜੇ। ਲਖਪਤ ਰਾਏ ਇਥੋਂ ਵਾਪਸ ਪਰਤ ਗਿਆ, ਕਿਉਂਕਿ ਉਹ ਸਮਝਦਾ ਸੀ ਕਿ ਸਿੱਖਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਹ ਘੱਲੂਘਾਰਾ 30 ਜੂਨ 1764 ਈ. ਤਕ ਹੁੰਦਾ ਰਿਹਾ ਅਤੇ ਤਕਰੀਬਨ ਦਸ ਹਜ਼ਾਰ ਸਿੰਘ ਇਸ ਵਿਚ ਸ਼ਹੀਦ ਹੋਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Waryam Singh
ਸਕੱਤਰ, ਧਰਮ ਪ੍ਰਚਾਰ ਕਮੇਟੀ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)