editor@sikharchives.org
fragrant tobacco

ਪੰਜਾਬ ’ਚ ‘ਸੁਗੰਧਿਤ ਤੰਬਾਕੂ’ ਵੇਚਣ ’ਤੇ ਮੁਕੰਮਲ ਪਾਬੰਦੀ

ਤੰਬਾਕੂ ਇਕ ਅਜਿਹਾ ਨਸ਼ੀਲਾ ਪਦਾਰਥ ਹੈ ਜੋ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਖ਼ਤਰਨਾਕ ਬੀਮਾਰੀਆਂ ਨੂੰ ਜਨਮ ਦਿੰਦਾ ਹੈ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਤੰਬਾਕੂ ਇਕ ਅਜਿਹਾ ਨਸ਼ੀਲਾ ਪਦਾਰਥ ਹੈ ਜੋ ਮਨੁੱਖੀ ਸਰੀਰ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਖ਼ਤਰਨਾਕ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀ ਪਾਸੋਂ ਭੈੜੀ ਕਿਸਮ ਦੀ ਬਦਬੂ ਆਉਂਦੀ ਹੈ। ਕੈਂਸਰ ਵਰਗੀਆਂ ਘਾਤਕ ਬੀਮਾਰੀਆਂ ਵੀ ਤੰਬਾਕੂ ਤੋਂ ਹੀ ਉਪਜਦੀਆਂ ਹਨ। ਸਿਗਰਟ, ਬੀੜੀ ਅਤੇ ਹੁੱਕੇ ਦੇ ਰੂਪ ਵਿਚ ਤੰਬਾਕੂ ਨੂੰ ਅੱਗ ਲਾ ਕੇ ਉਸ ਦੇ ਧੂੰਏਂ ਦਾ ਸੇਵਨ ਸਾਹ ਰਾਹੀਂ ਕਰ ਕੇ ਫੇਰ ਤੋਂ ਧੂੰਏਂ ਨੂੰ ਨੱਕ ਅਤੇ ਮੂੰਹ ਰਾਹੀਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਤੰਬਾਕੂ ਦਾ ਘਾਤਕ ਅਸਰ ਸੇਵਨ ਕਰਨ ਵਾਲੇ ’ਤੇ ਹੁੰਦਾ ਹੈ, ਉੱਥੇ ਨਾਲ ਬੈਠੇ ਹੋਰਨਾਂ ਵਿਅਕਤੀਆਂ ’ਤੇ ਅਸਰ ਉਸ ਨਾਲੋਂ ਕਈ ਗੁਣਾ ਵੱਧ ਘਾਤਕ ਹੁੰਦਾ ਹੈ, ਕਿਉਂਕਿ ਇਸ ਨਾਲ ਸੇਵਨ ਕਰਨ ਵਾਲੇ ਵਿਅਕਤੀ ਦੇ ਸਰੀਰ ਅੰਦਰਲੇ ਘਾਤਕ ਕਿਟਾਣੂ ਵੀ ਉਸ ਨਾਲ ਰਲੇ ਹੁੰਦੇ ਹਨ। ਸਿੱਖ ਗੁਰੂ ਸਾਹਿਬਾਨ ਨੇ ਇਸ ਦੀ ਘਾਤਕਤਾ ਦਾ ਅੰਦਾਜ਼ਾ ਦੂਰ-ਅੰਦੇਸ਼ੀ ਨਾਲ ਲਗਾਉਂਦਿਆਂ ਸਿੱਖਾਂ ’ਤੇ ਤੰਬਾਕੂ ਸੇਵਨ ਕਰਨ ਦੀ ਮੁਕੰਮਲ ਪਾਬੰਦੀ ਲੱਗਾ ਦਿੱਤੀ ਸੀ। ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੇ ਇਸ ਨਿਯਮ ਨੂੰ ਸਿੱਖਾਂ ਦੇ ਦਸਤੂਰ-ਉੱਲ-ਅਮਲ (ਰਹਿਤ-ਮਰਯਾਦਾ) ਵਿਚ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਉੱਪਰ ਸਿੱਖ ਬੜੀ ਜ਼ਿੰਮੇਵਾਰੀ ਨਾਲ ਪਹਿਰਾ ਦਿੰਦੇ ਹਨ। ਇਸ ਸਭ ਕਾਸੇ ਦੇ ਬਾਵਜੂਦ ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਤੰਬਾਕੂ ਦੀ ਖਪਤ ਵਧਦੀ ਜਾ ਰਹੀ ਸੀ। ਇਸ ਦਾ ਕਾਰਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਵਿਚ ਵੱਡੀ ਮਾਤਰਾ ਵਿਚ ਆਉਣਾ, ਜੋ ਛੋਟੀ ਉਮਰ ਤੋਂ ਹੀ ਇਸ ਨਾ-ਮੁਰਾਦ ਆਦਤ ਦੇ ਆਦੀ ਹੁੰਦੇ ਹਨ ਤੋਂ ਇਲਾਵਾ ਮੰਡੀਕਰਨ ਦੇ ਦੌਰ ਵਿਚ ਪੈਸੇ ਇਕੱਠੇ ਕਰਨ ਵਾਲੀਆਂ ਕੰਪਨੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਢੰਗ-ਤਰੀਕੇ ਪ੍ਰਯੋਗ ਕਰ ਕੇ ਤੰਬਾਕੂ ਦੀ ਖਪਤ ਨੂੰ ਵਧਾਉਣਾ, ਮੀਡੀਆ ਵੱਲੋਂ ਨੌਜਵਾਨਾਂ ਨੂੰ ਤੰਬਾਕੂ ਪੀਣ ਵੱਲ ਆਕਰਸ਼ਿਤ ਕਰਨ ਵਾਲੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨਾ ਆਦਿ ਹੈ।

ਪੰਜਾਬ ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ। 27 ਨਵੰਬਰ, 2014 ਨੂੰ ਪੰਜਾਬ ਸਰਕਾਰ ਨੇ ਸੁਗੰਧਿਤ ਤੰਬਾਕੂ ਵੇਚਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਨੇ 2 ਕੁ ਸਾਲ ਪਹਿਲਾਂ ਤੰਬਾਕੂ ਦੀ ਮਿਲਾਵਟ ਵਾਲੇ ਗੁਟਖਿਆਂ ਆਦਿ ਦੀ ਵਿਕਰੀ ’ਤੇ ਵੀ ਪਾਬੰਦੀ ਲਗਾਈ ਸੀ। ਪੰਜਾਬ ਸਰਕਾਰ ਦੇ ਸਿਹਤ ਸਕੱਤਰ ਅਤੇ ਡਰੱਗ ਕਮਿਸ਼ਨਰ ਸ੍ਰੀ ਹੁਸਨ ਲਾਲ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਕੇ ਸਮੂਹ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਤੇ ਸਿਹਤ ਮਹਿਕਮੇ ਅਧੀਨ ਕੰਮ ਕਰਦੇ ਖੁਰਾਕ ਅਮਲੇ ਨੂੰ ਸੁਗੰਧਿਤ ਤੰਬਾਕੂ ਦੇ ਨਾਲ-ਨਾਲ ਸ਼ੁੱਧ ਨਿਕੋਟੀਨ ਰਸਾਇਣ ਵਾਲੀਆਂ ‘ਈ-ਸਿਗਰਟਾਂ’ ਦੀ ਵਿਕਰੀ ਨੂੰ ਰੋਕਣ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਸਰਕਾਰ ਵੱਲੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਰੋਕਥਾਮ ਲਈ ਕੋਟਪਾ ਐਕਟ ਨੂੰ ਪੂਰੇ ਸੂਬੇ ਵਿਚ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਤੰਬਾਕੂ ਤੇ ਸਿਗਰਟਨੋਸ਼ੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਲਗਾ ਦਿੱਤੀ ਗਈ ਹੈ। ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਗਏ ਹਨ। ਕੋਟਪਾ ਐਕਟ ਦੀ ਧਾਰਾ 4 ਅਨੁਸਾਰ ਜਨਤਕ ਥਾਂਵਾਂ ’ਤੇ ਤੰਬਾਕੂਨੋਸ਼ੀ ਕਰਨ ਦੇ ਦੋਸ਼ੀਆਂ ਨੂੰ 200 ਰੂਪੈ ਜੁਰਮਾਨਾ ਕੀਤਾ ਜਾ ਸਕਦਾ ਹੈ, ਜਦੋਂ ਕਿ ਜਗ੍ਹਾ ਦੇ ਮਾਲਕ ਜਾਂ ਪ੍ਰਬੰਧਕ ਨੂੰ ਗੁਨਾਹਗਾਰਾਂ ਦੀ ਗਿਣਤੀ ਦੇ ਬਰਾਬਰ ਜੁਰਮਾਨਾ ਕੀਤਾ ਜਾ ਸਕਦਾ ਹੈ। ਕੋਟਪਾ ਐਕਟ ਦੀ ਧਾਰਾ-5 ਅਨੁਸਾਰ ਤੰਬਾਕੂ ਉਤਪਾਦਾਂ ਦੇ ਇਸ਼ਤਿਹਾਰਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਅਜਿਹਾ ਜ਼ੁਰਮ ਕਰਨ ਵਾਲੇ ਦੋਸ਼ੀ ਨੂੰ 2 ਸਾਲ ਦੀ ਕੈਦ ਜਾਂ 1000 ਰੂਪੈ ਜੁਰਮਾਨਾ ਹੋਵੇਗਾ। ਕੋਟਪਾ ਐਕਟ ਦੀ ਧਾਰਾ-6 ਅਨੁਸਾਰ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਅਤੇ ਕਿਸੇ ਵਿੱਦਿਅਕ ਅਦਾਰੇ ਦੇ 100 ਗ਼ਜ ਦੀ ਦੂਰੀ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 200 ਰੂਪੈ ਜੁਰਮਾਨਾ ਹੋਵੇਗਾ। ਕੋਟਪਾ ਐਕਟ ਦੀ ਧਾਰਾ-7,8 ਤੇ 9 ਅਨੁਸਾਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਰਨ ਵਾਲਿਆਂ ਲਈ ਵੀ ਸਖਤ ਨਿਯਮ ਤੈਅ ਕੀਤੇ ਗਏ ਹਨ। ਸਰਕਾਰ ਵੱਲੋਂ ਆਪਣੀ ਕਾਰਵਾਈ ਕਰ ਦਿੱਤੀ ਗਈ ਹੈ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਰਕਾਰ ਨੂੰ ਯੋਗਦਾਨ ਦੇਈਏ ਅਤੇ ਆਪਣੀ ਜ਼ਿੰਮੇਵਾਰੀ ਨਿਭਾਈਏ ਤਾਂ ਕਿ ਪੰਜਾਬ ਨਸ਼ਾ-ਮੁਕਤ ਹੋ ਜਾਵੇ।

ਨੌਜਵਾਨਾਂ ਵਿਚ ਨਸ਼ੇ ਦੇ ਸੇਵਨ ਦੀ ਸਭ ਤੋਂ ਪਹਿਲੀ ਸ਼ੁਰੂਆਤ ਸ਼ਰਾਬ ਜਾਂ ਤੰਬਾਕੂ ਤੋਂ ਹੀ ਹੁੰਦੀ ਹੈ, ਜੋ ਵਧਦੀ-ਵਧਦੀ ਖਤਰਨਾਕ ਨਸ਼ਿਆਂ ਦੇ ਸੇਵਨ ਤਕ ਪਹੁੰਚ ਜਾਂਦੀ ਹੈ। ਬੀਬੀਆਂ ਇਸ ਰੋਕਥਾਮ ਵਿਚ ਆਪਣੀ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੀਆਂ ਹਨ। ਇਸ ਸੰਬੰਧ ਵਿਚ ਬੀਬੀ ਚਰਨ ਕੌਰ ਉਰਫ ‘ਚਰਨੋ’ ਵੱਲੋਂ ਨਿਭਾਈ ਗਈ ਭੂਮਿਕਾ ਪ੍ਰਸਿੱਧ ਹੈ।

ਮੇਰਠ ਜ਼ਿਲ੍ਹੇ ਵਿਚ ਬਢਲਾ ਸਿੰਘ ਨਾਂ ਦਾ ਪਿੰਡ ਹੈ। ਇਹ ਪਿੰਡ ਬਹੁਤ ਹੀ ਰਮਣੀਕ ਸਥਾਨ ’ਤੇ ਨਹਿਰ ਦੇ ਕੰਢੇ ਉੱਪਰ ਕਿਲ੍ਹਾ ਪ੍ਰੀਛਤ ਗੜ੍ਹ ਪਿੰਡ ਤੋਂ ਲੱਗਭਗ ਡੇਢ ਮੀਲ ਦੀ ਦੂਰੀ ’ਤੇ ਆਬਾਦ ਹੈ। 18ਵੀਂ ਸਦੀ ਵਿਚ ਕਿਲ੍ਹਾ ਪ੍ਰੀਛਤ ਗੜ੍ਹ ਦਾ ਰਾਜਾ ਸ. ਨੈਨ ਸਿੰਘ ਗੁੱਜਰ ਮਹਾਰਾਜਾ ਪਟਿਆਲਾ ਦੇ ਜਥੇ ਪਾਸੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰ ਕੇ ਸਿੰਘ ਸਜ ਗਿਆ ਸੀ। ਰਾਜਾ ਨੈਨ ਸਿੰਘ ਨੇ ਆਪਣੀ ਫੌਜ ਵਿਚ ਵੀ ਸਿੰਘਾਂ ਦੀ ਭਰਤੀ ਕਰ ਲਈ। ਰਾਜਾ ਨੈਨ ਸਿੰਘ ਨੇ ਦੋ ਸਿੰਘਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਇਨ੍ਹਾਂ ਨੂੰ ਬਢਲਾ ਸਿੰਘ ਪਿੰਡ ਵਿਚ ਜ਼ਮੀਨ ਇਨਾਮ ਵਜੋਂ ਦਿੱਤੀ। ਇਨ੍ਹਾਂ ਦੋਵੇਂ ਸਿੰਘਾਂ ਦੀ ਔਲਾਦ ਅੱਜ ਵੀ ਇਸ ਪਿੰਡ ਵਿਚ ਵੱਸਦੀ ਹੈ। ਇਹ ਸਿੰਘ ਪੁਰਾਣੇ ਸਮੇਂ ਤੋਂ ਹੀ ਜ਼ਿਲ੍ਹਾ ਮੇਰਠ ਦੀ ਪੰਜਾਬੀ ਜੱਟ ਬਰਾਦਰੀ ਨਾਲ ਰਿਸ਼ਤੇ-ਨਾਤੇ ਕਰਦੇ ਆ ਰਹੇ ਹਨ। ਇਹ ਪੰਜਾਬੀ ਜੱਟ ਇਸ ਇਲਾਕੇ ਦੇ 60 ਦੇ ਲੱਗਭਗ ਪਿੰਡਾਂ ਵਿਚ ਆਬਾਦ ਹਨ। ਇਨ੍ਹਾਂ ਉੱਪਰ ਉਦਾਸੀ ਸੰਤਾਂ ਦਾ ਕਾਫੀ ਪ੍ਰਭਾਵ ਸੀ। ਸਥਾਨਕ ਲੋਕਾਂ ਦੀ ਦੇਖਾ-ਦੇਖੀ ਇਨ੍ਹਾਂ ਵਿਚ ਵੀ ਹੁੱਕੇ ਤੰਬਾਕੂ ਦਾ ਰਿਵਾਜ਼ ਪੈ ਗਿਆ ਸੀ।

ਬਢਲਾ ਸਿੰਘ ਪਿੰਡ ਦੇ ਸਰਦਾਰ ਨਿਆਦਰ ਸਿੰਘ ਦੀ ਸਪੁੱਤਰੀ ਬੀਬੀ ਚਰਨ ਕੌਰ ਦਾ ਵਿਆਹ ਮਾਦ ਪੁਰ ਪਿੰਡ ਦੇ ਨੌਜਵਾਨ ਨਾਲ ਹੋ ਗਿਆ। ਇਸੇ ਪਿੰਡ ਵਿਚ ਬੀਬੀ ਚਰਨ ਕੌਰ ਦੀ ਮਾਸੀ ਰਹਿੰਦੀ ਸੀ, ਜਿਸ ਨੇ ਵਿਚੋਲਗਿਰੀ ਦੀ ਭੂਮਿਕਾ ਨਿਭਾਈ ਸੀ। ਬੀਬੀ ਚਰਨ ਕੌਰ ਦਾ ਸਹੁਰਾ-ਘਰ ਚੰਗਾ ਖਾਂਦਾ-ਪੀਂਦਾ ਅਤੇ ਇਲਾਕੇ ਵਿਚ ਚੰਗਾ ਰਸੂਖ ਰੱਖਦਾ ਸੀ।ਇਸ ਘਰ ਵਿਚ ਵੀ ਹੁੱਕੇ ਦਾ ਪ੍ਰਯੋਗ ਕੀਤਾ ਜਾਂਦਾ ਸੀ ਅਤੇ ਇਲਾਕੇ ਦੇ ਰਿਵਾਜ਼ ਅਨੁਸਾਰ ਆਏ ਮਹਿਮਾਨ ਦੀ ਇੱਜ਼ਤ ਹੁੱਕਾ ਪੇਸ਼ ਕਰ ਕੇ ਕੀਤੀ ਜਾਂਦੀ ਸੀ। ਬੀਬੀ ਚਰਨ ਕੌਰ ਨੇ ਆਪਣੇ ਮਾਪਿਆਂ ਤੋਂ ਸਿੱਖ ਧਰਮ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ। ਉਹ ਸਿੱਖ ਇਤਿਹਾਸ ਅਤੇ ਰਹੁ-ਰੀਤਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸੀ। ਬੀਬੀ ਚਰਨ ਕੌਰ ਨੇ ਆਪਣੇ ਧਰਮ ’ਤੇ ਪਹਿਰਾ ਦਿੰਦਿਆਂ ਘਰ ਵਿਚ ਐਲਾਨ ਕਰ ਦਿੱਤਾ ਕਿ ਕੋਈ ਵੀ ਬੰਦਾ ਉਸ ਦੇ ਘਰ ਵਿਚ ਚੌਂਕੇ ’ਤੇ ਹੁੱਕਾ ਨਹੀਂ ਚੜਾਏਗਾ। ਬੀਬੀ ਚਰਨ ਕੌਰ ਦਾ ਸਹੁਰਾ ਬੜਾ ਸੂਝਵਾਨ ਬਜ਼ੁਰਗ ਸੀ। ਉਸ ਨੇ ਬੀਬੀ ਚਰਨੋ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਸਾਰੇ ਪਰਵਾਰ ਨੂੰ ਕਹਿ ਦਿੱਤਾ ਕਿ ਕੋਈ ਵੀ ਆਦਮੀ ਹੁੱਕਾ, ਚਿਲਮ ਜਾਂ ਤੰਬਾਕੂ ਲੈ ਕੇ ਚੌਂਕੇ ’ਤੇ ਨਾ ਜਾਵੇ।

ਬੀਬੀ ਚਰਨ ਕੌਰ ਦੀ ਇਸ ਗੱਲ ਦੀ ਚਰਚਾ ਸਾਰੇ ਪਿੰਡ ਵਿਚ ਫੈਲ ਗਈ। ਉਸ ਦਿਨ ਤੋਂ ਬਾਅਦ ਕਟੁੰਭ, ਬਰਾਦਰੀ ਜਾਂ ਆਂਢ-ਗੁਆਂਢ ਦੇ ਕਿਸੇ ਸੱਜਣ ਦੀ ਬੀਬੀ ਚਰਨ ਕੌਰ ਦੇ ਘਰੋਂ ਹੁੱਕੇ ਲਈ ਅੱਗ ਮੰਗਣ ਦੀ ਹਿੰਮਤ ਨਹੀਂ ਪਈ। ਘਰ ਵਿਚ ਵੀ ਇਕ ਤਰ੍ਹਾਂ ਨਾਲ ਸਭ ਨੇ ਹੁੱਕੇ-ਤੰਬਾਕੂ ਨੂੰ ਤਿਆਗ ਦਿੱਤਾ। ਇਕ ਦਿਨ ਚੌਪਾਲ ’ਤੇ ਬੈਠਿਆਂ ਕੁਝ ਬੰਦਿਆਂ ਵਿਚ ਬੀਬੀ ਚਰਨ ਕੌਰ ਦੀ ਇਸ ਗੱਲ ਬਾਰੇ ਚਰਚਾ ਛਿੜ ਗਈ। ਇਸੇ ਸਭਾ ਵਿਚ ਬੀਬੀ ਚਰਨ ਕੌਰ ਦੀ ਮਾਸੀ ਦਾ ਪੁੱਤਰ ਵੀ ਬੈਠਾ ਸੀ ਜੋ ਚਿਲਮ ਦਾ ਪ੍ਰਯੋਗ ਕਰ ਲੈਂਦਾ ਸੀ। ਉਹ ਬੋਲ ਪਿਆ ਕਿ “ਚਰਨ ਕੌਰ ਮੇਰੀ ਭੈਣ ਹੈ। ਮੈਂ ਉਸ ਦੇ ਚੁੱਲ੍ਹੇ ’ਚੋਂ ਆਪਣੀ ਚਿਲਮ ਲਈ ਅੱਗ ਲਿਆ ਸਕਦਾ ਹਾਂ।” ਲੋਕਾਂ ਨੇ ਸਮਝਾਇਆ ਕਿ “ਚਰਨ ਕੌਰ ਤੇਰੀ ਭੈਣ ਜ਼ਰੂਰ ਹੈ ਪਰ ਉਹ ਸਿੰਘਾਂ ਦੀ ਧੀ ਹੈ। ਸਿੱਖੀ ਦੇ ਮੁਕਾਬਲੇ ਉਹ ਕਿਸੇ ਸਾਕ-ਰਿਸ਼ਤੇਦਾਰ ਦੀ ਪਰਵਾਹ ਨਹੀਂ ਕਰਦੀ। ਉਸ ਨੇ ਤਾਂ ਆਪਣੇ ਸਹੁਰੇ ਦਾ ਹੁੱਕਾ ਛੁਡਾ ਦਿੱਤਾ ਹੈ, ਤੂੰ ਕੀ ਚੀਜ਼ ਹੈਂ।” ਇਕ ਸਿਆਣੇ ਬੰਦੇ ਨੇ ਉਸ ਨੂੰ ਸਮਝਾਇਆ ਕਿ ਇਹ ਸਿੰਘ ਲੋਕ ਤੰਬਾਕੂ ਤੋਂ ਬਹੁਤ ਨਫ਼ਰਤ ਕਰਦੇ ਹਨ। ਹੁੱਕਾ ਲੈ ਕੇ ਤਾਂ ਇਨ੍ਹਾਂ ਦੇ ਨੇੜੇ ਤੋਂ ਵੀ ਨਹੀਂ ਲੰਘਣਾ ਚਾਹੀਦਾ। ਇਸ ਮਾਮਲੇ ’ਚ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਬੀਬੀ ਚਰਨ ਕੌਰ ਵੀ ਸਿੰਘਾਂ ਦੀ ਧੀ ਹੈ ਅਤੇ ਸਿੱਖ ਧਰਮ ਵਿਚ ਪੱਕੀ ਹੈ। ਬੀਬੀ ਚਰਨ ਕੌਰ ਦੇ ਭਰਾ ਨੇ ਕਿਸੇ ਦੀ ਨਾ ਮੰਨੀ। ਉਸ ਨੂੰ ਖੁਸ਼ਫਹਿਮੀ ਸੀ ਕਿ ਉਸ ਦੀ ਭੈਣ ਉਸ ਨੂੰ ਚੁੱਲ੍ਹੇ ਤੋਂ ਚਿਲਮ ਲਈ ਅੱਗ ਲੈਣ ਤੋਂ ਮਨ੍ਹਾ ਨਹੀਂ ਕਰੇਗੀ। ਜਦੋਂ ਉਹ ਬੀਬੀ ਚਰਨ ਕੌਰ ਦੇ ਘਰ ਗਿਆ ਤਾਂ ਉਹ ਘਰ ਦੇ ਕੰਮਾਂ-ਕਾਰਾਂ ਵਿਚ ਰੁੱਝੀ ਹੋਈ ਸੀ। ਚੁੱਲ੍ਹੇ ਵਿਚ ਅੱਗ ਬਲ ਰਹੀ ਸੀ। ਬੀਬੀ ਚਰਨ ਕੌਰ ਦਾ ਧਿਆਨ ਆਪਣੇ ਭਰਾ ਵੱਲ ਗਿਆ ਤਾਂ ਉਸ ਨੇ ਆਪਣੇ ਭਰਾ ਦੇ ਹੱਥ ਵਿਚ ਚਿਲਮ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਇਹ ਅੱਗ ਲੈਣ ਆਇਆ ਹੈ। ਬੀਬੀ ਨੇ ਦੂਰੋਂ ਹੀ ਉੱਚੀ ਅਵਾਜ਼ ਵਿਚ ਉਸ ਨੂੰ ਆਦੇਸ਼ ਦਿੱਤਾ ਕਿ ਵੀਰਾ! ਚੌਂਕੇ ’ਤੇ ਨਾ ਚੜ੍ਹੀਂ। ਉਸ ਨੇ ਬੀਬੀ ਦੀ ਅਵਾਜ਼ ਨੂੰ ਅਣਗੌਲਿਆਂ ਕਰ ਕੇ ਚੁੱਲ੍ਹੇ ਤੋਂ ਚਿਲਮ ਵਿਚ ਅੱਗ ਪਾਉਣੀ ਸ਼ੁਰੂ ਕਰ ਦਿੱਤੀ। ਬੀਬੀ ਚਰਨ ਕੌਰ ਗੁੱਸੇ ਨਾਲ ਭਰ ਗਈ ਅਤੇ ਕੋਠੇ ਵਿੱਚੋਂ ਲਾਠੀ ਕੱਢ ਲਿਆਈ। ਉਸ ਦੇ ਭਰਾ ਨੂੰ ਆਪਣੀ ਸਿੰਘਣੀ ਭੈਣ ਦੇ ਗੁੱਸੇ ਦੀ ਸਮਝ ਹੀ ਨਾ ਆਈ। ਬੀਬੀ ਚਰਨ ਕੌਰ ਨੇ ਜ਼ੋਰ ਦੀ ਲਾਠੀ ਮਾਰ ਕੇ ਉਸ ਦੀ ਚਿਲਮ ਚੂਰ-ਚੂਰ ਕਰ ਦਿੱਤੀ ਤੇ ਆਪਣੇ ਭਰਾ ਦੀ ਚੰਗੀ ਭੁਗਤ ਸਵਾਰੀ। ਬੀਬੀ ਚਰਨ ਕੌਰ ਤੋਂ ਲਾਠੀਆਂ ਖਾ ਕੇ ਉਹ ਲੱਕ ਮਲਦਾ ਹੋਇਆ ਬਾਹਰ ਭੱਜ ਗਿਆ। ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ। ਇਸ ਤੋਂ ਬਾਅਦ ਬੀਬੀ ਚਰਨ ਕੌਰ ਦੇ ਭਰਾ ਨੇ ਆਪਣੀ ਭੁੱਲ ਦੀ ਮਾਫੀ ਮੰਗ ਕੇ ਸਦਾ ਲਈ ਹੁੱਕਾ-ਤੰਬਾਕੂ ਤਿਆਗ ਦਿੱਤਾ।

ਅੱਜ ਸਾਨੂੰ ਲੋੜ ਹੈ ਬੀਬੀ ਚਰਨੋ ਵਰਗੀਆਂ ਸੂਝਵਾਨ ਬੀਬੀਆਂ ਦੀ, ਜੋ ਆਪਣੀ ਸੂਝ-ਬਾਝ ਨਾਲ ਨੌਜਵਾਨਾਂ ਦਾ ਨਸ਼ਾ ਛੁਡਵਾ ਸਕਣ। ਸਰਕਾਰ ਵੱਲੋਂ ਤੰਬਾਕੂ ਦੇ ਨੁਕਸਾਨਾ ਤੋਂ ਜਾਣੂ ਕਰਵਾਉਣਾ ਅਤੇ ਨਸ਼ਿਆਂ ਦੇ ਨੁਕਸਾਨ ਬਾਰੇ ਦੱਸਣਾ ਵੀ ਸਮੇਂ ਦੀ ਮੁੱਖ ਲੋੜ ਹੈ, ਤਾਂ ਕਿ ਪੰਜਾਬ ਸਾਰੇ ਭਾਰਤ ਵਿਚ ਤੰਬਾਕੂ-ਰਹਿਤ ਖੇਤਰ ਹੋਣ ਦਾ ਮਾਣ ਹਾਸਲ ਕਰ ਕੇ ਦੁਨੀਆ ਵਿਚ ਮਿਸਾਲ ਬਣ ਸਕੇ।

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)